Punjabi Poetry : Harbhajan Singh Hundal

ਪੰਜਾਬੀ ਕਵਿਤਾਵਾਂ : ਹਰਭਜਨ ਸਿੰਘ ਹੁੰਦਲ


1. ਸਾਨੂੰ ਸਰਘੀ ਦੀ ਜਾਣ ਕੇ ਤਰੀਕ ਪੁੱਛਦੀ (ਗੀਤ)

ਸਾਨੂੰ ਸਰਘੀ ਦੀ ਜਾਣ ਕੇ ਤਰੀਕ ਪੁੱਛਦੀ ਗੱਲ ਤੂੰ ਵੀ ਬੜੀ ਗੋਰੀਏ ਬਰੀਕ ਪੁੱਛਦੀ ਅਸੀਂ ਮੰਨਿਆਂ ਹਨ੍ਹੇਰਿਆਂ ਮਧੋਲ ਸੁਟਿਆ ਪਰ ਰੌਸ਼ਨੀ ਦੇ ਨਾਲੋਂ ਨਾ ਸਬੰਧ ਟੁੱਟਿਆ ਅੜੀ ਸੰਘ ’ਚ ਨਿਦੋਸ਼ਿਆਂ ਦੀ ਚੀਕ ਪੁੱਛਦੀ….. ਅਸੀਂ ਕੀਤੀਆਂ ਨਾ ਕਦੇ ਵੀ ਭਵਿੱਖ ਬਾਣੀਆਂ ਪਰ ਸਮੇਂ ਦੀਆਂ ਨਬਜ਼ਾਂ ਜ਼ਰੂਰ ਜਾਣੀਆਂ ਸਾਨੂੰ ਵਾਰ ਵਾਰ ਨੈਣਾਂ ਦੀ ਉਡੀਕ ਪੁੱਛਦੀ….. ਗੱਲਾਂ ਕਰਦੇ ਹਾਂ ਸੱਚੀਆਂ ਨਿਰੋਲ ਕੋਰੀਆਂ ਅਸੀਂ ਡੋਲਦੇ ਨਾ, ਭਾਵੇਂ ਕੱਟ ਦੇਣ ਪੋਰੀਆਂ ਸਾਡੇ ਹੌਂਸਲੇ ਅਡੋਲ ਬਾਰੇ, ਠੀਕ ਪੁੱਛਦੀ….. ਅਸੀਂ ਆਸ ਤੇ ਉਮੀਦ ਦੇ ਹਾਂ ਰਾਹ ਚੱਲਦੇ ਤਾਂ ਹੀ ਸਭ ਨਾਲੋਂ ਵੱਧ ਹਾਂ ਤਸੀਹੇ ਝੱਲਦੇ ਗੱਲ ਲੋੜ ਨਾਲੋਂ ਲਗਦਾ ਵਧੀਕ ਪੁੱਛਦੀ……. ਹਰ ਗੱਲ ਹਾਂ ਪਿਆਰ ਨਾਲ ਰਹੇ ਦੱਸਦੇ ਕਦੇ ਤੇਰੇ ਤੇ ਵਿਅੰਗ ਦੇ ਨਾ ਤੀਰ ਕਸਦੇ ਤੂੰ ਤੇ ਜਾਣ ਜਾਣ ਗੱਲ ਨੂੰ ਧਰੀਕ ਪੁੱਛਦੀ…….

2. ਸ਼ੁਰੂ ਤੋਂ ਅਹਿਦ ਕੀਤਾ ਸੀ ਕਿ ਸਭੇ ਨਾਲ ਰੱਖਾਂਗੇ (ਗ਼ਜ਼ਲ)

ਸ਼ੁਰੂ ਤੋਂ ਅਹਿਦ ਕੀਤਾ ਸੀ ਕਿ ਸਭੇ ਨਾਲ ਰੱਖਾਂਗੇ ਹਨੇਰੀ, ਧੁੱਪ, ਛਾਂ ਅੰਦਰ, ਹਮੇਸ਼ਾਂ ਖਿਆਲ ਰੱਖਾਂਗੇ । ਕਦੇ ਜੇ ਆਣ ਪਈ ਬਿਪਤਾ, ਇਕੱਠੇ ਸਹਾਂਗੇ ਸਿਰ 'ਤੇ ਮਾੜੇ ਵੇਲਿਆਂ ਲਈ, ਹੋਸ਼ ਨੂੰ ਸੰਭਾਲ ਰੱਖਾਂਗੇ । ਬੜੀ ਹੀ ਦੂਰ ਹੈ ਮੰਜ਼ਿਲ, ਤੇ ਰਸਤੇ ਬਹੁਤ ਨੇ ਬਿੱਖੜੇ ਜਾਰੀ ਹੁਸਨ ਦੀ ਪਰ, ਆਪਣੀ ਇਹ ਭਾਲ ਰੱਖਾਂਗੇ । ਹੋਇਆ ਕੁਫ਼ਰ ਹੈ ਆਕੀ, ਅਜੇ ਨਾ ਰੌਸ਼ਨੀ ਲੱਭੇ ਅਸਾਂ ਪਰ ਕੌਲ ਕੀਤੇ ਸੀ, ਕਿ ਦੀਵੇ ਬਾਲ ਰੱਖਾਂਗੇ । ਬੂਹੇ ਬਾਰੀਆਂ ਖੁੱਲੇ, ਤੇ ਆਵਣ ਪੌਣ ਦੇ ਬੁੱਲੇ ਉਨ੍ਹਾਂ ਲਈ ਫੁੱਲ ਹੋਵਣਗੇ, ਕਬੂਤਰ ਪਾਲ ਰੱਖਾਂਗੇ । ਮਿੱਤਰ ਸਾਥ ਦੇਵਣ ਤਾਂ, ਅਸਾਡੀ ਤੋਰ ਵਧੇਗੀ ਤੁਰਦੇ, ਝੂਮਦੇ ਹੋਏ ਵੀ, ਪੈਰੀਂ ਤਾਲ ਰੱਖਾਂਗੇ । ਅਸਾਡਾ ਦੋਸ਼ ਹੈ ਇੱਕੋ, ਅਸੀਂ ਖਾਮੋਸ਼ ਨਹੀਂ ਰਹਿੰਦੇ ਸ਼ਬਦ ਦੀ ਓਟ ਹੁੰਦੀ ਹੈ, ਗਜ਼ਲ ਦੀ ਢਾਲ ਰੱਖਾਂਗੇ ।

3. ਜਾਦੂਗਰਾਂ ਸਾਨੂੰ ਚੱਕਰਾਂ ‘ਚ ਪਾਈ ਰੱਖਿਆ (ਗੀਤ)

ਜਾਦੂਗਰਾਂ ਸਾਨੂੰ ਚੱਕਰਾਂ ‘ਚ ਪਾਈ ਰੱਖਿਆ, ਜੂਠੇ ਸ਼ਬਦਾਂ ਨੂੰ ਸੁੱਚੇ ਸੀ ਬਣਾਈ ਰੱਖਿਆ। ਕਦੇ ਆਖਦੇ, ‘ਸੁਲੱਖਣੀ’ ਬਹਾਰ ਆਏਗੀ, ਲੈ ਕੇ ਰੁੱਤ ਨਵੀਂ, ਸੁਪਨੇ ਹਜ਼ਾਰ ਆਏਗੀ।’ ਗੱਲਾਂ ਕਰ ਕਰ ਦੁਬਿਧਾ ‘ਚ ਪਾਈ ਰੱਖਿਆ। ਕਦੇ ਕਹਿਣ ਵਿਹੜੇ-ਵਿਹੜੇ ਗੁਲਜ਼ਾਰ ਹੋਣਗੇ, ਫੁੱਲ ਹੱਥਾਂ ਵਿੱਚ ਫੜੀ, ਦਿਲਦਾਰ ਹੋਣਗੇ, ਟੂਣੇਹਾਰਾਂ ਦਿਨ ਰਾਤ ਭਰਮਾਈ ਰੱਖਿਆ। ਕਦੇ ਦੱਸਿਆ ਕਿ ਤਾਰਿਆਂ ਦੇ ਥਾਲ ਆਉਣਗੇ, ਸਾਡੇ ਦੁੱਖ ਸੁੱਖ ਵਿੱਚ ਹੋ ਭਿਆਲ ਆਉਣਗੇ, ਵੰਡ ਲਾਰਿਆਂ ਦੇ ਤੋਹਫੇ ਉਲਝਾਈ ਰੱਖਿਆ। ਗੱਲਾਂ ਸੁਣ-ਸੁਣ ਅਸੀਂ ਤਾਂ ਨਿਹਾਲ ਹੋ ਗਏ, ਸਾਨੂੰ ਜਾਪੇ ਰਾਤੋ ਰਾਤ ਖੁਸ਼ਹਾਲ ਹੋ ਗਏ, ਬੈਂਕਾਂ ਵਾਲਿਆਂ ਨੇ ਜਾਲ ਸੀ ਵਿਛਾਈ ਰੱਖਿਆ। ਸਾਨੂੰ ਲਿਮਟਾਂ ਨੇ ਮਾਰਿਆ ਤੇ ਰੋਲ ਸੁੱਟਿਆ, ਰਹਿੰਦਾ ਕਿਸ਼ਤਾਂ ਤੇ ਸੂਦ ਨੇ ਮਧੋਲ ਸੁੱਟਿਆ, ਪੁੱਠਾ ਵਾਂਗ ਤ੍ਰਿਸ਼ੰਕੂ ਲਟਕਾਈ ਰੱਖਿਆ।

4. ਵੰਡ-ਡਬਲਯੂ. ਐੱਚ. ਆਡਨ

ਜਦੋਂ ਉਹ ਆਪਣੇ ਮਿਸ਼ਨ ਤੇ ਆਇਆ ਉਹ ਪੱਖਪਾਤੀ ਨਹੀਂ ਸੀ ਉਸਨੇ ਜਿਸ ਦੇਸ਼ ਦੀ ਵੰਡ ਕਰਨੀ ਸੀ ਕਦੇ ਉਹਨੇ ਉਸਦੇ ਦਰਸ਼ਨ ਤੀਕ ਵੀ ਨਹੀਂ ਸੀ ਕੀਤੇ। ਉਸਨੇ ਉਸ ਦੇਸ਼ ਦੀ ਵੰਡ ਕਰਨੀ ਸੀ ਜਿੱਥੇ ਦੋਵਾਂ ਧਿਰਾਂ ਦਾ ਸਿਰ-ਵੱਢਵਾਂ ਵੈਰ ਸੀ। ਜਿੱਥੇ ਭੋਜਨ ਵੱਖਰਾ ਸੀ ਤੇ ਦੇਵਤੇ ਅੱਡੋ-ਅੱਡ। ਲੰਡਨ ਵਿਚ ਉਹਨਾਂ ਨੇ ਉਸਨੂੰ ਹਦਾਇਤ ਦਿੱਤੀ ‘‘ਸਮਾਂ ਥੋੜ੍ਹਾ ਹੈ ਤੇ ਆਪਸੀ ਸਮਝੌਤੇ ਤੇ ਤਰਕ-ਸੰਗਤ ਵਿਚਾਰ-ਵਟਾਂਦਰੇ ਲਈ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਹੁਣ ਅੱਡ ਹੋਣ ਤੋਂ ਬਿਨਾਂ ਕੋਈ ਚਾਰਾ ਨਹੀਂ। ‘ਵਾਇਸਰਾਏ ਸੋਚਦਾ ਹੈ ਤੇ ਤੂੰ ਉਸਦੀ ਚਿੱਠੀ ਪੜ੍ਹਕੇ ਖ਼ੁਦ ਵੇਖ ਲਵੇਂਗਾ ਜਿੰਨਾ ਘੱਟ ਤੂੰ ਉਸਦੇ ਗੋਡੇ ਮੁੱਢ ਬਹੇਂਗਾ ਓਨਾ ਹੀ ਬਿਹਤਰ ਇਸ ਕਾਰਜ ਲਈ ਤੇਰੀ ਕੋਠੀ ਵੱਖਰੀ ਹੋਵੇਗੀ ਤੈਨੂੰ ਚਾਰ ਜੱਜ ਦੇਵਾਂਗੇ, ਸਲਾਹ ਮਸ਼ਵਰੇ ਲਈ ਦੋ ਮੁਸਲਮਾਨ ਤੇ ਦੋ ਹਿੰਦੂ ਪਰ ਅੰਤਮ ਫੈਸਲਾ ਤੇਰਾ ਹੋਵੇਗਾ।’’ ਵੱਖਰੀ ਕੋਠੀ ਵਿਚ ਕੈਦ ਤੇ ਬਾਗਾਂ ਵਿਚ ਰਾਤ-ਦਿਨ ਪੁਲਸ ਦੀ ਗਸ਼ਤ ਹੇਠਾਂ ਕਾਤਲਾਂ ਦੀ ਮਾਰ ਤੋਂ ਬਚਦਾ ਲੱਖਾਂ ਲੋਕਾਂ ਦੀ ਕਿਸਮਤ ਦਾ ਫੈਸਲਾ ਕਰਨ ਲਈ ਉਹ ਸਿਰ-ਸੁੱਟ ਕੇ ਕੰਮ ਵਿਚ ਖੁੱਭ ਗਿਆ। ਉਸਦੇ ਨਕਸ਼ੇ ਪੁਰਾਣੇ ਸਨ ਤੇ ਜਨਸੰਖਿਆ ਦੀਆਂ ਰਿਪੋਰਟਾਂ ਗਲਤ ਪਰ ਇਹਨਾਂ ਨੂੰ ਚੈੱਕ ਕਰਨ ਲਈ ਨਾ ਸਮਾਂ ਸੀ ਤੇ ਨਾ ਝਗੜੇ ਵਾਲੇ ਇਲਾਕਿਆਂ ਨੂੰ ਵੇਖਣ-ਪਰਖਣ ਦਾ ਵੇਲਾ। ਮੌਸਮ ਅਤਿ ਦਾ ਗਰਮ ਸੀ ਤੇ ਪੇਚਸ, ਉਸਨੂੰ ਦੁੜਕੀ ਲਾਈ ਰੱਖਦੀ ਪੂਰੇ ਸੱਤ ਹਫ਼ਤਿਆਂ ਵਿਚ ਉਸਨੇ ਕੰਮ ਕਰਕੇ ਔਹ ਮਾਰਿਆ ਸਰਹੱਦਾਂ ਵੰਡ ਦਿੱਤੀਆਂ ਤੇ ਮਹਾਂ-ਦੀਪ ਨੂੰ ਚੰਗਾ ਜਾਂ ਬੁਰਾ ਪਾੜ ਸੁੱਟਿਆ ਵਿਹਲਾ ਹੋ ਕੇ ਅਗਲੇ ਦਿਨ ਜਹਾਜ਼ ਵਿਚ ਬੈਠਕੇ ਉਹ ਇੰਗਲਿਸਤਾਨ ਨੂੰ ਤੁਰ ਗਿਆ ਉੱਥੇ ਪਹੁੰਚ ਚੰਗੇ ਵਕੀਲ ਵਾਂਗੂ ਉਹ ਸਭ ਕੁਝ ਭੁੱਲ ਭੁਲਾ ਗਿਆ ਡਰੇ ਹੋਏ ਨੇ, ਵਾਪਸ ਆ ਕੇ ਉਸਨੇ ਕਿੱਥੇ ਵੇਖਣਾ ਸੀ ਉਹਨੇ ਆਪਣੇ ਕਲੱਬ ਨੂੰ ਦੱਸਿਆ ਕਿ ਕੋਈ ਉਸਨੂੰ ਗੋਲੀ ਵੀ ਮਾਰ ਸਕਦਾ ਸੀ। (ਇਹ ਕਵਿਤਾ ਬਰਤਾਨਵੀ ਵਕੀਲ ਸਰ ਰੈਡਕਲਿਫ ਬਾਰੇ ਹੈ ਜਿਸਨੂੰ ਭਾਰਤ-ਪਾਕਿ ਸਰਹੱਦ ਮਿਥਣ ਲਈ ਭੇਜਿਆ ਗਿਆ ਸੀ ।)

5. ਸੋਗ ਗੀਤ-ਮਹਿਮੂਦ ਦਰਵੇਸ਼(ਫਲਸਤੀਨੀ ਕਵਿਤਾ)

ਸਾਡੇ ਦੇਸ਼ ਵਿਚ ਲੋਕ ਦੁੱਖਾਂ ਦੀ ਕਹਾਣੀ ਸੁਣਾਉਂਦੇ ਨੇ ਮੇਰੇ ਮਿੱਤਰ ਦੀ ਜੋ ਚਲਾ ਗਿਆ ਤੇ ਫਿਰ ਨਹੀਂ ਪਰਤਿਆ । ਉਸ ਦਾ ਨਾਂ ....... ਨਹੀਂ, ਉਸਦਾ ਨਾਮ ਮੱਤ ਲਵੋ ਉਸ ਨੂੰ ਸਾਡੇ ਦਿਲਾਂ ਵਿਚ ਹੀ ਰਹਿਣ ਦਿਓ ਰਾਖ਼ ਦੀ ਤਰ੍ਹਾਂ, ਹਵਾ ਉਸਨੂੰ ਖਿੰਡਾ ਨਾ ਦੇਵੇ ਉਸਨੂੰ ਸਾਡੇ ਦਿਲਾਂ ਵਿਚ ਹੀ ਰਹਿਣ ਦਿਓ ਇਹ ਇੱਕ ਐਸਾ ਜ਼ਖ਼ਮ ਹੈ ਜੋ ਕਦੇ ਭਰ ਨਹੀਂ ਸਕਦਾ । ਮੇਰੇ ਪਿਆਰੇ! ਮੇਰੇ ਪਿਆਰੇ ਯਤੀਮੋ ਮੈਨੂੰ ਚਿੰਤਾ ਹੈ ਕਿ ਕਿਤੇ ਉਸਦਾ ਨਾਮ ਅਸੀਂ ਭੁੱਲ ਨਾ ਜਾਈਏ ਨਾਵਾਂ ਦੀ ਇਸ ਭੀੜ ਵਿਚ ਮੈਨੂੰ ਭੈਅ ਹੈ ਕਿ ਕਿਤੇ ਅਸੀਂ ਭੁੱਲ ਨਾ ਜਾਈਏ ਸਿਆਲ ਦੀ ਇਸ ਬਰਸਾਤ ਤੇ ਹਨ੍ਹੇਰੀ ਵਿਚ ਸਾਡੇ ਦਿਲ ਦੇ ਜ਼ਖ਼ਮ ਕਿਤੇ ਸੌਂ ਨਾ ਜਾਣ ਮੈਨੂੰ ਭੈਅ ਹੈ ਕਿ ਉਸਦੀ ਉਮਰ ....... ਇੱਕ ਕਲੀ ਜਿਸਨੂੰ ਬਰਸਾਤ ਦੀ ਯਾਦ ਤੱਕ ਨਹੀਂ ਚਾਂਦਨੀ ਰਾਤ ਵਿਚ ਕਿਸੇ ਪ੍ਰੇਰਕਾ ਨੂੰ ਪ੍ਰੇਮ ਦਾ ਗੀਤ ਵੀ ਨਹੀਂ ਸੁਣਾਇਆ ਉਸਦੀ ਪ੍ਰੇਮਿਕਾ ਦੀ ਉਡੀਕ ਵਿਚ ਘੜੀ ਦੀਆਂ ਸੂਈਆਂ ਤੀਕ ਵੀ ਨਹੀਂ ਰੁਕੀਆਂ ਅਸਫਲ ਰਹੇ ਉਸਦੇ ਹੱਥ, ਦੀਵਾਰਾਂ ਦੇ ਕੋਲ ਉਹਨਾਂ ਲਈ ਉਸ ਦੀਆਂ ਅੱਖਾਂ ਉਦਾਸ ਇੱਛਾਵਾਂ ਵਿਚ ਕਦੇ ਨਹੀਂ ਡੁੱਬੀਆਂ ਉਸਨੇ ਕਦੇ ਕਿਸੇ ਲੜਕੀ ਨੂੰ ਨਹੀਂ ਚੁੰਮਿਆ ਉਹ ਕਿਸੇ ਲੜਕੀ ਨਾਲ ਨਹੀਂ ਕਰ ਸਕਿਆ ਇਸ਼ਕਬਾਜ਼ੀ । ਆਪਣੀ ਜ਼ਿੰਦਗੀ ਵਿਚ ਸਿਰਫ਼ ਦੋ ਵਾਰ ਹਉਂਕੇ ਭਰੇ ਇੱਕ ਲੜਕੀ ਲਈ ਪਰ ਉਸਨੇ ਕਦੇ ਕੋਈ ਖ਼ਾਸ ਧਿਆਨ ਹੀ ਨਹੀਂ ਦਿੱਤਾ ਉਸ ਉੱਤੇ ਉਹ ਬਹੁਤ ਛੋਟਾ ਸੀ ਉਸਨੇ ਉਸਦਾ ਰਾਹ ਛੱਡ ਦਿੱਤਾ ਜਿਵੇਂ ਆਸ ਦਾ । ਸਾਡੇ ਦੇਸ਼ ਵਿਚ ਲੋਕ ਉਸਦੀ ਕਹਾਣੀ ਸੁਣਾਉਂਦੇ ਨੇ ਜਦੋਂ ਉਹ ਦੂਰ ਚਲਾ ਗਿਆ ਉਸਨੇ ਮਾਂ ਤੋਂ ਵਿਦਾਇਗੀ ਨਹੀਂ ਲਈ ਆਪਣੇ ਦੋਸਤਾਂ ਨੂੰ ਵੀ ਨਹੀਂ ਮਿਲਿਆ ਕਿਸੇ ਨੂੰ ਕੁਝ ਕਹਿ ਕੇ ਨਹੀਂ ਗਿਆ ਇੱਕ ਸ਼ਬਦ ਤੱਕ ਨਹੀਂ ਬੋਲਿਆ ਤਾਂਕਿ ਕੋਈ ਭੈਅ ਭੀਤ ਨਾ ਹੋਵੇ ਤਾਂਕਿ ਉਸਦੀ ਉਡੀਕਵਾਨ ਮਾਂ ਦੀਆਂ ਲੰਮੀਆਂ ਰਾਤਾਂ ਕੁਝ ਸੌਖੀਆਂ ਲੰਘਣ ਜੋ ਅੱਜ ਕੱਲ ਅਸਮਾਨ ਨਾਲ ਗੱਲਾਂ ਕਰਦੀ ਰਹਿੰਦੀ ਹੈ ਅਤੇ ਉਸ ਦੀਆਂ ਚੀਜ਼ਾਂ ਨਾਲ ਉਸਦੇ ਤਕੀਏ ਉਸਦੇ ਸੂਟਕੇਸ ਨਾਲ ਬੇਚੈਨ ਹੋ ਕੇ ਉਹ ਆਖਦੀ ਕਹਿੰਦੀ ਹੈ, ਐ ਰਾਤ! ਐ ਸਿਤਾਰਿਓ! ਐ ਖ਼ੁਦਾ! ਐ ਬੱਦਲ! ਕੀ ਤੂੰ ਮੇਰੀ ਉੱਡਦੀ ਚਿੜੀ ਨੂੰ ਵੇਖਿਆ ਹੈ ਉਸ ਦੀਆਂ ਅੱਖਾਂ ਚਮਕਦੇ ਸਿਤਾਰਿਆਂ ਵਰਗੀਆਂ ਨੇ ਉਸਦੇ ਹੱਥ, ਫੁੱਲਾਂ ਦੀਆਂ ਟਹਿਣੀਆਂ ਵਰਗੇ ਹਨ ਉਸਦੇ ਦਿਲ ਵਿਚ ਚੰਦ ਤੇ ਸਿਤਾਰੇ ਭਰੇ ਹੋਏ ਨੇ ਉਸਦੇ ਵਾਲ ਹਵਾਵਾਂ ਤੇ ਫੁੱਲਾਂ ਦੇ ਝੂਲਣੇ ਹਨ ਕੀ ਤੂੰ ਉਸ ਮੁਸਾਫ਼ਰ ਨੂੰ ਵੇਖਿਆ ਹੈ ਜੋ ਅਜੇ ਸਫ਼ਰ ਲਈ ਤਿਆਰ ਹੀ ਨਹੀਂ ਸੀ ਉਹ ਆਪਣਾ ਖਾਣਾ ਲੈਣ ਤੋਂ ਬਿਨਾਂ ਚਲੇ ਗਿਆ ਕੌਣ ਖਵਾਵੇਗਾ ਉਸਨੂੰ ਜਦੋਂ ਉਸਨੂੰ ਭੁੱਖ ਲੱਗੇਗੀ? ਕੌਣ ਉਸਦਾ ਸਾਥ ਦੇਵੇਗਾ ਰਸਤੇ ਵਿਚ ਬੇਗਾਨਿਆਂ ਤੇ ਖ਼ਤਰਿਆਂ ਵਿਚਕਾਰ ਮੇਰੇ ਲਾਲ! ਮੇਰੇ ਲਾਲ! ਐ ਰਾਤ! ਐ ਸਿਤਾਰਿਓ! ਐ ਹਾਲੀਓ! ਐ ਬੱਦਲੋ! ਕੋਈ ਤਾਂ ਉਸਨੂੰ ਆਖੋ ਸਾਡੇ ਕੋਲ ਕੋਈ ਜਵਾਬ ਨਹੀਂ ਹੈ ਬੜਾ ਵੱਡਾ ਹੈ ਇਹ ਜਖ਼ਮ ਅੱਥਰੂਆਂ ਨਾਲ ਦੁੱਖਾਂ ਨਾਲ ਤਸੀਹਿਆਂ ਨਾਲ ਨਹੀਂ ਬਰਦਾਸ਼ਤ ਕਰ ਸਕੇਂਗੀ ਤੂੰ ਉਹ ਸੱਚਾਈ ਕਿਉਂਕਿ ਤੇਰਾ ਬੱਚਾ ਮਰ ਚੁੱਕਾ ਹੈ ਮਾਂ! ਅਜਿਹੇ ਅੱਥਰੂ ਮੱਤ ਵਗਾ ਕਿਉਂਕਿ ਅੱਥਰੂਆਂ ਦਾ ਇੱਕ ਸੋਮਾ ਹੁੰਦਾ ਹੈ ਉਹਨਾਂ ਨੂੰ ਬਚਾ ਕੇ ਰੱਖ ਸ਼ਾਮ ਲਈ ਜਦ ਸੜਕਾਂ ਉੱਤੇ ਮੌਤ ਹੀ ਮੌਤ ਹੋਵੇਗੀ ਜਦੋਂ ਇਹ ਭਰ ਜਾਣਗੀਆਂ ਤੇਰੇ ਪੁੱਤਰ ਵਰਗੇ ਮੁਸਾਫਰਾਂ ਨਾਲ । ਤੂੰ ਆਪਣੇ ਅੱਥਰੂ ਪੂੰਝ ਲੈ ਤੇ ਨਿਸ਼ਾਨੀ ਵਜੋਂ ਸੰਭਾਲ ਕੇ ਰੱਖ ਕੁਝ ਅੱਥਰੂਆਂ ਨੂੰ ਆਪਣੇ ਪਿਆਰਿਆਂ ਦੇ ਸਿਮ੍ਰਿਤੀ-ਚਿੰਨ ਵਾਂਗੂੰ ਉਹਨਾਂ ਸ਼ਰਨਾਰਥੀਆਂ ਦੇ ਸਿਮ੍ਰਿਤੀ-ਚਿੰਨ ਦੀ ਤਰ੍ਹਾਂ ਜੋ ਪਹਿਲਾਂ ਹੀ ਮਰ ਚੁੱਕੇ ਹਨ ਮਾਂ ਆਪਣੇ ਅੱਥਰੂ ਮਤ ਵਹਾ ਕੁਝ ਅੱਥਰੂ ਬਚਾ ਕੇ ਰੱਖ ਕੱਲ੍ਹ ਲਈ ਸ਼ਾਇਦ ਉਸਦੇ ਪਿਤਾ ਦੇ ਲਈ ਸ਼ਾਇਦ ਉਸਦੇ ਭਾਈ ਲਈ ਸ਼ਾਇਦ ਮੇਰੇ ਲਈ, ਜੋ ਉਸਦਾ ਦੋਸਤ ਹੈ ਅੱਥਰੂਆਂ ਦੀਆਂ ਦੋ ਬੂੰਦਾਂ ਬਚਾ ਕੇ ਰੱਖ ਕੱਲ ਵਾਸਤੇ, ਸਾਡੇ ਵਾਸਤੇ ਸਾਡੇ ਦੇਸ਼ ਵਿਚ ਲੋਕੀਂ ਮੇਰੇ ਦੋਸਤ ਬਾਰੇ ਬਹੁਤ ਗੱਲਾਂ ਕਰਦੇ ਨੇ ਉਂਝ ਉਹ ਗਿਆ ਸੀ ਤੇ ਫਿਰ ਨਹੀਂ ਪਰਤਿਆ ਵੈਸੇ ਉਸ ਨੇ ਆਪਣੀ ਜਵਾਨੀ ਲਾ ਦਿੱਤੀ । ਗੋਲੀਆਂ ਦੀਆਂ ਬੁਛਾੜਾਂ ਨੇ ਉਸਦੇ ਚਿਹਰੇ ਤੇ ਛਾਤੀ ਨੂੰ ਵਿੰਨ ਸੁੱਟਿਆ ਸੀ ਬੱਸ ਹੋਰ ਮੱਤ ਆਖਣਾ ਮੈਂ ਉਸ ਘਾਓ ਨੂੰ ਵੇਖਿਆ ਹੈ ਮੈਂ ਉਸਦਾ ਅਸਰ ਵੇਖਿਆ ਹੈ ਕਿੰਨਾ ਵੱਡਾ ਸੀ ਉਹ ਘਾਓ ਮੈਂ ਆਪਣੇ ਦੂਸਰੇ ਬੱਚਿਆਂ ਬਾਰੇ ਸੋਚ ਰਿਹਾ ਹਾਂ ਤੇ ਹਰ ਉਸ ਔਰਤ ਬਾਰੇ ਜੋ ਬੱਚਾ-ਗੱਡੀ ਲਈ ਚੱਲ ਰਹੀ ਹੈ । ਦੋਸਤੋ ਇਹ ਮੱਤ ਪੁੱਛੋ ਉਹ ਕਦੋਂ ਆਵੇਗਾ ਬਸ ਇਹੋ ਪੁੱਛੋ ਕਿ ਲੋਕ ਕਦੋਂ ਉੱਠਣਗੇ ।

6. ਗ਼ਦਰੀ ਬਾਬਿਆਂ ਦੇ ਨਾਂ (ਗ਼ਜ਼ਲ)

ਪਲ ਪਲ, ਗਿਣ ਗਿਣ, ਕਦੇ ਗੁਜ਼ਾਰੇ, ਜੇਲ੍ਹੀਂ, ਸੂਲੀਂ-ਟੰਗੇ ਦਿਨ । ਵਰ੍ਹਿਆਂ ਪਿੱਛੋਂ, ਅੱਜ ਕਿਉਂ ਲੱਗਣ, ਸਾਨੂੰ ਚੰਗੇ ਚੰਗੇ ਦਿਨ । ਰਾਤਾਂ ਭਾਵੇਂ ਸੱਤ-ਰੰਗੀਆਂ ਸਨ, ਰੌਸ਼ਨੀਆਂ ਦੀ ਝਿਲਮਿਲ ਵੀ, ਆਖਣ, 'ਮੰਗ ਲੈ, ਜੋ ਵੀ ਚਾਹੇਂ’, ਅਸਾਂ ਹਮੇਸ਼ਾ ਮੰਗੇ, ਦਿਨ । ਦਿਨਾਂ ਦਿਨਾਂ ਦਾ ਚੱਕਰ ਹੁੰਦੈ, ਉਹ ਲੰਘੇ, ਇਹ ਲੰਘ ਜਾਣੇ, ਕੀ ਹੋਇਆ ਜੇ ਅੱਜ ਧੁਆਂਖੇ, ਕੌੜੇ, ਕਾਲਖ਼-ਰੰਗੇ ਦਿਨ । ਗੱਲ ਹਮੇਸ਼ਾ ਕੋਰੀ ਕਰੀਏ, ਕੌੜੀ ਲੱਗੇ ਜਾਂ ਮਿੱਠੀ, ਅੱਗ ਦੀ ਰੁੱਤੇ, ਧਮਕੀ ਵਾਂਗੂੰ ਸਾਡੇ ਸਿਰ ਤੋਂ ਲੰਘੇ ਦਿਨ । ਐਵੇਂ ਪੱਤੇ ਵਾਂਗ ਨਾ ਕੰਬੀਂ, ਸਦੀਆਂ ਦਾ ਇਤਿਹਾਸ ਬਣਨ, ਫਾਂਸੀ ਚੜ੍ਹਦੇ, ਜੋ ਮੁਸਕਾਏ, ਹੱਸੇ, ਸੂਲੀ ਟੰਗੇ ਦਿਨ । ਬੁਜ਼ਦਿਲ ਦਾ ਕੀ ਜੀਣਾ ਹੁੰਦਾ, ਕੀ ਜੀਣਾ ਕਮਜ਼ੋਰਾਂ ਦਾ, ਤਰਲੇ ਲੈ ਲੈ ਕਾਤਲ ਕੋਲੋਂ, ਜਿਨ੍ਹਾਂ ਹੁਧਾਰੇ ਮੰਗੇ ਦਿਨ । ਉਹ ਦਿਨ ਸਦਾ ਸਲਾਮਤ ਰਹਿੰਦੇ, ਅਣਖ ਜਿਨ੍ਹਾਂ ਦੇ ਹੈ ਪੱਲੇ, ਸੰਗੀਨਾਂ ਨੂੰ ਕਰਨ ਮਖ਼ੌਲਾਂ ਕਾਤਲ ਬੂਹੇ ਖੰਘੇ ਦਿਨ ।

7. ਸੰਨ-ਸੰਤਾਲੀ(ਲਾਲ-ਲਕੀਰ ਦੇ ਆਰ-ਪਾਰ)

1. ਕਾਲੀ-ਬੋਲੀ ਹਨ੍ਹੇਰੀ ਵਾਂਗ ਆ ਰਿਹਾ ਸੀ ਨੇੜੇ ਨੇੜੇ ਪੰਦਰਾਂ-ਅਗਸਤ ਤੇ ਪਤਾ ਨਹੀਂ ਸੀ ਕਿ ਕਿਹੜਾ ਚੰਦ ਚੜ੍ਹਨਾ ਸੀ ਉਸ ਦਿਹਾੜੇ । ਸਕੂਲ ਬੰਦ ਸਨ ਤੇ ਅਸੀਂ ਵਿਹਲੇ ਮਾਸਟਰਾਂ ਦੀ ਡੰਡਾ-ਪ੍ਰੇਡ ਤੋਂ ਮੁਕਤ । ਪਤਾ ਉਦੋਂ ਲੱਗਾ, ਜਦੋਂ ਪਿੰਡੋਂ ਇੱਕ ਜਣਾ ਘੋੜੀ ਭਜਾਉਂਦਾ ਆਇਆ ਤੇ ਆਖਣ ਲੱਗਾ, ''ਖੋਲ੍ਹ ਦਿਓ ਰੱਸੇ ਸੰਗਲ ਸਭ ਡੰਗਰਾਂ ਦੇ ਤੇ ਭੱਜ ਆਓ ਪਿੰਡ ਨੂੰ ਪਿੰਡ ਉੱਠ ਚੱਲਿਆ ਜੇ!'' ਬੰਬ ਵਾਂਗ ਫਟੀ ਇਹ ਖ਼ਬਰ ਸਾਡੇ ਲਈ ਸੁਣ ਕੇ ਹੈਰਾਨ, ਪ੍ਰੇਸ਼ਾਨ ਹੋਏ ਬੌਾਦਲੇ, ਹੌਾਕਦੇ, ਹਫ਼ਦੇ ਅਸੀਂ ਮਰ ਕੇ ਪਿੰਡ ਪਹੁੰਚੇ ਸਾਹ ਵਿਚ ਸਾਹ ਨਹੀਂ ਸੀ ਰਲਦਾ ਪਿਆ ਸਾਡਾ ਸਭਨਾਂ ਦਾ । 2. ਬੂਹੇ ਅੱਗੇ ਗੱਡਾ ਖਲੋਤਾ ਸੀ ਤੇ ਲੱਦੀ ਜਾ ਰਹੇ ਸਨ ਸਾਰੇ ਬੰਨ੍ਹ ਬੰਨ੍ਹ ਪੰਡਾਂ ਚੀਜ਼ਾਂ ਵਸਤਾਂ ਦੀਆਂ ਹਫਲ਼ੇ ਹੋਏ ਨੇ ਮਾਂ ਨੂੰ ਪੁੱਛਿਆ ''ਮਾਂ, ਗੱਲ ਕੀ ਹੋਈ?'' ਆਖਣ ਲੱਗੀ, ''ਪੁੱਤਰ, ਆਹ ਲੀੜਿਆਂ ਦੀ ਪੰਡ ਸੁੱਟ ਕੇ ਆ, ਗੱਡੇ ਤੇ ਪਹਿਲਾਂ ਫਿਰ ਦੱਸਦੀ ਹਾਂ ਸਾਰੀ ਗੱਲ ।'' ਪ੍ਰਸ਼ਨਾਂ ਦਾ ਝੁਰਮਟ ਸੀ ਤੇ ਉੱਤਰ? ਉੱਤਰ ਕਿਸੇ ਕੋਲ ਵੀ ਨਹੀਂ ਸੀ ਵਿਹੜਾ ਇੰਝ ਸੀ ਜਿਵੇਂ ਹਨ੍ਹੇਰੀ ਵਗ ਕੇ ਹਟੀ ਹੋਵੇ ਹੁਣੇ ਹੁਣੇ । ਮਾਂ ਕਾਹਲੀ ਕਾਹਲੀ ਖੁਰਪਾ ਮਾਰਦੀ ਪਈ ਸੀ, ਕੜਾਹੀ ਵਿਚ ''ਇਹ ਕੀ ਕਰਦੀ ਪਈ ਏ ਅੰਮਾ? ਕਹਿਣ ਲੱਗੀ, ''ਰਾਹ ਵਿਚ ਖਾਵਾਂਗੇ ਕੀ? ਮੈਂ ਸੋਚਿਆ ਸਭ ਕੁਝ ਇਥੇ ਹੀ ਰਹਿ ਜਾਣਾ ਹੈ ਕਿਉਂ ਨਾ ਘਰ ਦੇ ਘਿਉ ਦੀ ਪੰਜੀਰੀ ਹੀ ਬਣਾ ਲਵਾਂ ।'' ''ਮਾਂ, ਪਿੰਡ ਤੇ ਸਾਰਾ ਨਿਕਲ ਤੁਰਿਆ ਹੈ, ਘਰਾਂ ਵਿਚੋਂ ਤੇ ਤੂੰ ਪੰਜੀਰੀ ਬਣਾ ਰਹੀ ਹੈਂ?'' ਆਖਣ ਲੱਗੀ, ਪੁੱਤਰ, ਕਹੋ ਆਪਣੇ ਪਿਉ ਨੂੰ ਗੱਡਾ ਤੋਰੇ ਪੰਜੀਰੀ ਦੀ ਕੋਈ ਦੇਰੀ ਨਹੀਂ ਹੈ । 3. ਰਾਹ ਵਿਚ ਪਹਿਲਾਂ ਪਿੰਡ ਆਦਿ-ਵਾਸੀ ਜਾਂਗਲ਼ੀਆਂ ਦਾ ਸੀ ਸਿੱਧੇ-ਸਾਦੇ, ਨਿਰਛਲ ਲੋਕ ਵੇਖ ਕੇ ਆਖਣ ਲੱਗੇ, ''ਹੇ, ਸਰਦਾਰੋ! ਕਿਦ੍ਹੇ ਚੱਲੇ ਜੇ?'' ਜੇ ਕਿਤੇ ਲੀਗੀਆਂ ਦੇ ਭੜਕਾਏ ਹੁੰਦੇ ਤਾਂ ਭਾਵੇਂ ਸਾਨੂੰ ਏਥੇ ਹੀ ਵੱਢ-ਟੁੱਕ ਸੁੱਟਦੇ । ਆਖਣ ਲੱਗੇ, ''ਸਾਡੇ ਲਾਇਕ ਕੋਈ ਸੇਵਾ?'' ਸੋਚਿਆ ਇਹ ਸੇਵਾ ਕੋਈ ਛੋਟੀ ਨਹੀਂ ਸੀ ਕਿ ਉਹਨਾਂ ਸਾਡਾ ਰਾਹ ਨਹੀਂ ਸੀ ਰੋਕਿਆ । 4. ਗੱਡਿਆਂ ਦੀ ਇਹ ਲਾਮ-ਡੋਰੀ ਚਾਰ ਕੋਹ ਉੱਤੇ ਸ਼ੁਭਚਿੰਤਕਾਂ ਦੇ ਪਿੰਡ ਜਾ ਕੇ ਰੁਕੀ ਗੱਡੇ ਅਟਕੇ, ਤੇ ਲੋਕਾਂ ਸੁੱਖ ਦਾ ਸਾਹ ਲਿਆ । ਪਰ ਨਾ ਹੁਣ ਸਿਰ ਤੇ ਛੱਤ ਸੀ ਆਪਣੀ ਤੇ ਨਾ ਪੈਰਾਂ ਹੇਠਾਂ ਆਪਣੀ ਮਿੱਟੀ ਸੰਧਿਆ ਦਾ ਵੇਲਾ ਸੀ ਰੱਬ ਦਾ ਨਾਂ ਲੈਣ ਦੀ ਘੜੀ ਪਰ ਸਭ ਨੂੰ ਕੀਰਤਨ ਸੋਹਲਾ ਭੁੱਲ-ਭੁਲਾ ਗਿਆ ਸੀ ਅੱਜ । ਲੱਖ ਸ਼ੁਕਰ ਕਿ ਰਾਹ ਵਿਚ ਕਿਸੇ ਭੜਕੀ ਭੀੜ ਨੇ ਸਾਡਾ ਕੀਰਤਨ ਸੋਹਲਾ ਨਹੀਂ ਸੀ ਪੜ੍ਹਿਆ । ਚਾਰ-ਚੁਫੇਰਾ ਵੇਖ ਲੋਕਾਂ ਨੇ ਗਲ੍ਹੀਆਂ ਵਿਚ ਹੀ ਚੁੱਲ੍ਹੇ ਪੁੱਟੇ, ਅੱਗ ਧੁਖ਼ਾਈ ਦਾਲ਼ਾਂ ਰਿੱਝਣ ਲੱਗੀਆਂ ਮੱਠੀ ਮੱਠੀ ਅੱਗ ਉੱਤੇ ਤੇ ਆਟੇ ਦੀ ਸੁਗੰਧ ਘੁਲਣ ਲੱਗੀ ਵਾਤਾਵਰਣ ਵਿਚ ਅੱਜ ਸਾਡੇ ਉਜਾੜੇ ਦਾ ਪਹਿਲਾ ਦਿਨ ਸੀ ਦਰਦ-ਭਰੀ ਲੰਮੀ ਕਥਾ ਦਾ ਪਹਿਲਾ ਪੰਨਾ । 5. ਕਈ ਪਿੰਡਾਂ ਦੇ ਉਜੜੇ ਲੋਕ ਇਕੱਠੇ ਹੁੰਦੇ ਗਏ ਹੌਲੀ ਹੌਲੀ ਸਾਰਾ ਦਿਨ ਗੱਲਾਂ ਖਹਿਬੜਦੀਆਂ ਆਪੋ ਵਿਚ ਪਰ ਕਿਸੇ ਤਣ-ਪੱਤਣ ਨਾ ਲੱਗਦੀਆਂ । ਹਰ ਕਿਸੇ ਦੇ ਪੱਲੇ ਆਪਣਾ ਆਪਣਾ ਤਰਕਸ਼ ਆਪਣੀਆਂ ਆਪਣੀਆਂ ਅਫ਼ਵਾਹਾਂ ਤੇ ਕਿਆਸ-ਆਰਾਈਆਂ । ਕੋਈ ਕਹਿੰਦਾ, ''ਹੱਲਾ ਹੋਇਆ ਭੁਲੇਰ ਪਿੰਡ ਉੱਤੇ ਮਸ਼ੀਨ-ਗੰਨਾਂ ਨਾਲ ਤੇ ਸਭ ਕੁਝ ਖ਼ਤਮ ਕੋਈ ਰਾਤ-ਬਰਾਤੇ ਭੱਜ ਕੇ ਹੀ ਬਚਿਆ ਹੋਊ ।'' ਕੋਈ ਹੋਰ ਛੁਰਲੀ ਛੱਡਦਾ, ''ਮੁੜ ਚੱਲਾਂਗੇ ਘਰਾਂ ਨੂੰ ਠੰਡ-ਠੰਡੌਰਾ ਹੋਣ ਉੱਤੇ ।'' ਉਸਦੇ ਮੂੰਹ ਵੱਲ ਵੇਖਦੇ ''ਪਿੱਛੇ ਦੀ ਨਹੀਂ ਅੱਗੇ ਦੀ ਸੋਚੋ ਹੁਣ ।'' ਕਿਸੇ ਦੀ ਟਿੱਪਣੀ ਹੁੰਦੀ । ਜਿੰਨੇ ਮੂੰਹ ਓਨੀਆਂ ਗੱਲਾਂ ਸਨ ਤੇ ਗੱਲਾਂ ਰੋਜ਼ ਭਿੜਦੀਆਂ ਟਕਰਾਉਂਦੀਆਂ ਸਨ ਆਪੋ ਵਿਚ ਤੇ ਸਿਰਾ ਕੋਈ ਨਹੀਂ ਸੀ ਲੱਭਦਾ । 6. ਅੱਖਾਂ ਪੱਕ ਗਈਆਂ ਸਨ ਉਡੀਕ ਕਰਦਿਆਂ ਤੇ ਸਿਰ ਤੇ ਸਿਆਲ ਖਲੋਤਾ ਸੀ ਮੂੰਹ ਅੱਡੀ ਸਰਾਲ਼ੇ ਵਾਂਗ ਕਦੋਂ ਲੱਗੇਗੀ ਗੱਲ ਕਿਸੇ ਤਣ-ਪੱਤਣ । ਅੱਕਿਆ ਪਿਆ ਸੀ ਹਰ ਕੋਈ ਸੋਚਦੇ, ਸੋਚਦੇ ਉਡੀਕਦੇ, ਉਡੀਕਦੇ । ਅਖ਼ੀਰ ਇੱਕ ਦਿਨ ਚੁੱਪ ਟੁੱਟੀ ਫੌਜ ਦੀ ਆਈ ਟੁਕੜੀ ਨੇ ਆਖਿਆ ''ਕੱਲ੍ਹ ਨੂੰ ਤੁਰੇਗਾ ਕਾਫ਼ਲਾ ਦੱਸ ਦਿਓ ਸਾਰਿਆਂ ਨੂੰ ।'' ਖ਼ਬਰ ਇੰਝ ਫੈਲੀ ਜਿਵੇਂ ਕਮਾਦ ਦੀ ਲੱਗੀ ਅੱਗ ਫੈਲਦੀ ਹੈ । ਸਭ ਨੇ ਸੁੱਖ ਦਾ ਸਾਹ ਲਿਆ ਤੇ ਲੱਗੀ ਹੋਣ ਤੁਰਨ ਦੀ ਤਿਆਰੀ । ਦਿਨ ਚੜ੍ਹਦੇ ਤੁਰੀ ਗੱਡਿਆਂ ਦੀ ਲਾਮ ਡੋਰੀ ਤੇ ਨਾਲ ਨਾਲ ਗੰਢੜੀਆਂ ਚੁੱਕੀ ਕੁਝ ਪ੍ਰਛਾਵੇਂ, ਕੁਝ ਪੀੜਾਂ ਤੇ ਹਿਰਦਿਆਂ ਵਿਚ ਘਰਾਂ ਤੋਂ ਉੱਜੜ ਜਾਣ ਦਾ ਸਲ੍ਹ ਕਿਹੜਾ ਵਤਨ ਸੀ ਤੇ ਕਿਸ ਦੀ ਮਿੱਟੀ? ਕਿੱਥੇ ਕੁ ਸੀ ਸਾਡੀ ਮੰਜ਼ਿਲ ਤੇ ਕਿੱਥੇ ਕੁ ਸੁਪਨਿਆਂ ਦੀ ਸੀਮਾ? 7. ਕਦੇ ਅੱਗੇ ਹੁੰਦੀਆਂ ਫੌਜੀ ਜੀਪਾਂ ਤੇ ਕਦੇ ਪਿੱਛੇ ਕਿਸੇ ਦਾ ਗੱਡਾ ਟੁੱਟਦਾ ਤੇ ਕਿਸੇ ਦਾ ਬੈਲ ਅੜ ਖਲੋਂਦਾ ਪਰ ਗੱਡਿਆਂ ਦੀ ਹੌਲੀ ਹੌਲੀ ਰੀਂਗਦੀ ਲੰਮੀ ਕਤਾਰ ਜੂੰ ਤੋਰੇ ਤੁਰਦੀ ਅੱਗੇ ਨੂੰ ਸਰਕਦੀ ਜਾਂਦੀ ਹਰ ਕਦਮ ਤੇ ਇੰਝ ਪ੍ਰਤੀਤ ਹੁੰਦਾ ਜਿਵੇਂ ਆਪਣੇ ਹਿੱਸੇ ਦੀ ਧਰਤੀ ਵਲ ਦਾ ਫ਼ਾਸਲਾ ਪਲ ਪਲ ਘੱਟਦਾ ਜਾ ਰਿਹਾ ਹੋਵੇ । ਪਿੱਛਲ-ਝਾਕ ਘੱਟਦੀ ਜਾਂਦੀ ਤੇ ਅੱਗੇ ਦੇ ਸੰਸੇ ਵਧਦੇ ਜਾਂਦੇ । ਅਖ਼ੀਰ ਇਕ ਦਿਨ ਰਾਵੀ ਦੇ ਕਿਨਾਰੇ ਬੱਲੋ-ਕੀ-ਹੈੱਡ ਉੱਤੇ ਰੇੜਕਾ ਪਿਆ ਕਾਫ਼ਲਾ ਰੁਕਿਆ ਸਭ ਨੂੰ ਚਿੰਤਾ ਹੋਈ ਪੁਲ ਦੇ ਪਹਿਰੇਦਾਰ ਕਹਿਣ ਲੱਗੇ, ''ਤਲਾਸ਼ੀ ਲੈ ਕੇ ਲੰਘਣ ਦੇਵਾਂਗੇ ਅਸੀਂ ਪੁਲ ਤੋਂ ਪਾਰ । ਰੱਖੀ ਜਾਓ ਐਥੇ ਜੋ ਕੁਝ ਹੈ ਅੰਦਰ-ਬਾਹਰ ।'' ਕਿਸ ਦਾ ਹੁਕਮ ਸੀ ਤੇ ਕਿਸਦੀ ਸਰਕਾਰ? ਆਰ ਪਾਰ । ਪਰ ਛੇਤੀ ਹੀ ਪਰਤ ਆਈ ਹੋਸ਼ ਤੇ ਖੁੱਲ੍ਹ ਗਏ ਪੁਲ ਦੇ ਦਵਾਰ ਬੰਦ ਹੋ ਗਈ ਨਾਦਰ-ਸ਼ਾਹ ਦੀ ਲੁੱਟ ਸਰੇ-ਬਜ਼ਾਰ ਮੁੜ ਤੋਂ ਸਰਕਣ ਲੱਗੀ ਖਲੋਤੀ ਜ਼ਿੰਦਗੀ ਰਾਵੀ ਦੇ ਆਰ-ਪਾਰ 8. ਕਦੇ ਤੁਰਦੇ, ਕਦੇ ਅਟਕਦੇ ਰਾਤ-ਭਰ ਲਈ ਸਸਤਾਉਂਦੇ ਤੁਰੀ ਗਈ ਗੱਡੇ ਤੇ ਮਨੁੱਖ ਢੀਚਕ ਢੀਚਕ ਕਰਦੇ ਹਫ਼ਤਾ-ਭਰ । ਸਦ ਸ਼ੁਕਰ ਕੋਈ ਹਾਦਸਾ ਨਹੀਂ ਹੋਇਆ ਰਾਹ ਵਿਚ, ਵੱਢਣ ਟੁੱਕਣ ਵਾਲ਼ਾ ਸ਼ੱਕ ਨਹੀਂ ਕਿ ਮੁੱਠ ਵਿਚ ਆਈ ਰਹਿੰਦੀ ਸੀ ਜਾਨ ਤੇ ਸਾਹ ਹਰ ਪਲ ਸੁੱਕਦੇ ਰਹਿੰਦੇ ਸੀ ਗੱਡਿਆਂ ਦੇ ਨਾਲ-ਨਾਲ ਪ੍ਰਛਾਵੇਂ ਦੇ ਵਾਂਗ ਤੁਰਦਾ ਜਾਂਦਾ ਸੀ ਇਕ ਧਰਵਾਸ ਤੇ ਹਰ ਪਲ ਵੱਧਦੀ ਜਾਂਦੀ ਸੀ ਆਸ । ਇੰਝ ਲੱਗਦਾ ਹਰ ਛਿਣ, ਹਰ ਪਲ ਸਰਹੱਦ ਸਰਕਦੀ ਆਉਂਦੀ ਸੀ ਕੋਲ ਕੋਲ । ਸਿਆਣੇ ਹੌਾਸਲਾ ਦਿੰਦੇ ਆਖਦੇ 'ਬੱਸ ਹੁਣ, ਦਿਹਾੜੀ ਡੰਗ ਦੀ ਗੱਲ ਹੈ ਸਾਰੀ । ਟੱਪ ਜਾਣੀ ਹੈ ਆਪਾਂ ਲਾਲ-ਲਕੀਰ ਤੇ ਲਹੂ ਦੀ ਨਦੀ । ਪਤਾ ਨਹੀਂ ਇਹ ਲਾਲ-ਲਕੀਰ ਕਿਹੜੀ ਐਵਰਿਸਟ ਦੀ ਚੋਟੀ ਸੀ ਜਿਹੜੀ ਅਸਾਂ ਟੱਪਣੀ ਸੀ । 9. ਥੱਕਿਆਂ ਟੁੱਟਿਆਂ ਨੂੰ ਬਾਲਾਂ ਵਾਂਗ ਵਰਚਾਉਂਦੇ ਦਾਨਸ਼-ਮੰਦ ਆਖਦੇ । 'ਗੱਲ ਤਾਂ ਹੁਣ ਕੰਢੇ ਉੱਤੇ ਆਈ ਪਈ ਹੈ ।'' ਸ਼ਾਇਦ ਇਕ ਆਸ ਉੱਤੇ ਹੀ ਤੁਰੀ ਜਾ ਰਹੇ ਸਨ ਥੱਕੇ ਟੁੱਟੇ, ਹਾਰੇ ਹੰਭੇ ਕਦਮ । 'ਕਦੋਂ ਆਏਗੀ ਲਾਲ ਲਕੀਰ?'' ਲੋਕ ਪੁੱਛਦੇ ''ਬੱਸ ਹੁਣ ਦੂਰ ਨਹੀਂ ਹੈ ਸੁਧਰਨ ਵਾਲੀ ਹੈ ਸਭ ਦੀ ਤਕਦੀਰ ।'' 10. ਇੱਕ ਦਿਨ ਇੱਕ ਕਸਬੇ ਕੋਲ ਦੀ ਲੰਘਦਿਆਂ ਇੱਕ ਬਜ਼ੁਰਗ ਆਖਣ ਲੱਗਾ 'ਪਤਾ ਜੇ ਇਹ ਕਿਸ ਦਾ ਸ਼ਹਿਰ ਹੈ? ਇਹ ਬੁੱਲ੍ਹੇ-ਸ਼ਾਹ ਦਾ ਵਤਨ ਕਸੂਰ ਹੈ ਔਹ ਵੇਖੋ, ਖਜੂਰਾਂ ਦੇ ਉੱਚੇ-ਉੱਚੇ ਬਿਰਖ'' ਕਾਸ਼! ਜੇ ਅੱਜ ਬੁੱਲ੍ਹਾ ਜਿਊਾਦਾ ਹੁੰਦਾ ਤਾਂ ਅਸੀਂ ਵੀ ਉਸਦੀ ਖੂਹੀ ਦਾ ਠੰਢਾ ਪਾਣੀ ਪੀਂਦੇ ਤੇ ਖਜੂਰਾਂ ਖਾਂਦੇ । ਸ਼ਹਿਰੋਂ ਬਾਹਰ ਨਿਕਲੇ ਤਾਂ ਉਹੀ ਸੱਜਣ ਆਖਣ ਲੱਗਾ ''ਬੱਸ, ਅੱਜ ਸ਼ਾਮ ਤੀਕਰ ਆਪਾਂ ਖੇਮਕਰਨ ਪਹੁੰਚ ਜਾਣਾ ਲਾਲ-ਲਕੀਰ ਤੋਂ ਪਾਰ ।'' ਸੁਣਕੇ ਚਾਅ ਜਿਹਾ ਚੜ੍ਹ ਗਿਆ ਤੇ ਅਸੀਂ ਬਾਲ ਅੱਡੀਆਂ ਚੁੱਕ ਚੁੱਕ ਉੱਚੇ ਬਿਰਖਾਂ ਦੀਆਂ ਟੀਸੀਆਂ ਨੂੰ ਵੇਖਣ ਲੱਗੇ । ਸਰਹੱਦ ਦਾ ਨਾਂ ਸੁਣਕੇ ਇੱਕ ਝਰਨਾਹਟ ਜਿਹੀ ਉੱਠਦੀ ਸੀ ਸਾਰੇ ਜਿਸਮ ਵਿਚ ਦੂਰ ਦੁਮੇਲਾਂ ਤੀਕ ਧੁੱਪ ਨਾਲ ਰੰਗੀਆਂ ਬਿਰਖਾਂ ਦੀਆਂ ਪਰੂੰਬਲਾਂ ਦਿਸਦੀਆਂ ਅਖ਼ੀਰ ਸੰਧਿਆ ਉਤਰ ਆਈ ਸੀ ਚਾਰੇ ਪਾਸੇ ਤੇ ਕਿਸੇ ਦੀ ਮਿੱਠੀ ਸੁਰੀਲੀ ਆਵਾਜ਼ ਹਵਾ ਵਿਚ ਲਰਜ਼ੀ । ''ਆਹ ਹੈ, ਉਹ ਲਾਲ-ਲਕੀਰ ਸਾਡੀ ਮਾੜੀ-ਚੰਗੀ ਤਕਦੀਰ ।'' ਜੀ ਕੀਤਾ, ਮਿੱਟੀ ਨੂੰ ਚੁੱਕ ਕੇ ਮਸਤਕ ਤੇ ਲਾਈਏ । ਪਰ ਉੱਜੜੇ ਘਰਾਂ ਦੀ ਪੀੜ ਨੇ ਸਾਨੂੰ ਇਹ ਕੁਝ ਵੀ ਨਾ ਕਰਨ ਦਿੱਤਾ । ਫਿਰ ਵੀ ਸ਼ੁਕਰ ਕਰਦੇ ਸੀ, ਕਿ ਘੱਲੂਘਾਰੇ ਵਿਚੋਂ ਸਾਬਤ-ਸਬੂਤੇ ਨਿਕਲ ਆਏ ਸੀ ਬਚਾ ਬਚਾ ਕੇ । 11. ਜੀਵਨ ਦਾ ਇੱਕ ਕਾਂਡ ਖ਼ਤਮ ਹੋ ਗਿਆ ਸੀ ਤੇ ਅੱਗੇ? ਅੱਗੇ ਪਤਾ ਨਹੀਂ ਸੀ ਕਿ ਕਿੰਨੇ ਟੋਏ ਤੇ ਖੱਡਾਂ ਸਨ ਵੱਢ ਖਾਣੇ ਹਾਦਸੇ ਤੇ ਲਹੂ-ਚੂਸਣੇ ਇਮਤਿਹਾਨ ਪਰ ਕੁਝ ਸੁਪਨੇ ਵੀ ਸਨ ਤੇ ਸੱਧਰਾਂ ਵੀ ਪਿਤਾ ਜੀ ਨੇ ਠੰਡ-ਠੰਢੋਰਾ ਹੁੰਦੇ ਹੀ ਸਾਨੂੰ ਸਕੂਲੇ ਦਾਖਲ ਕਰਵਾ ਦਿੱਤਾ ਅਸਾਂ ਸੋਚਿਆ, ਮਸਾਂ ਮਸਾਂ ਜਾਨ ਛੁੱਟੀ ਸੀ ਇਹਨਾਂ ਪੋਥੀਆਂ ਤੋਂ ਮਾਸਟਰਾਂ ਦੇ ਡੰਡਿਆਂ ਤੋਂ ਤੇ ਰੱਤ-ਪੀਣੇ ਇਮਤਿਹਾਨਾਂ ਤੋਂ ਪਰ ਪਿਤਾ ਜੀ ਨੇ ਫਿਰ ਉਹੀ ਗਲ ਫਾਹਾ ਪਾ ਦਿੱਤਾ ਸੀ । ਹਰ ਮਹੀਨੇ ਜਦੋਂ ਫੀਸ ਵਾਲੀ ਦਸ ਤਾਰੀਖ ਆਉਂਦੀ ਤਾਂ ਪਿਤਾ ਜੀ ਆਖਦੇ, ''ਬੇਟਾ, ਦਿਹਾੜੀ ਪਹਿਲਾਂ ਦੱਸਿਆ ਕਰੋ ਕਿਤਿਉਂ ਚਾਰ ਛਿੱਲੜ ਹੱਥ-ਹੁਧਾਰ ਹੀ ਲਿਆਉਣੇ ਹੁੰਦੇ ਹਨ । ਫੜ-ਫੜਾ ਕੇ ਕਿਸੇ ਕੋਲੋਂ । 12. ਕੇਹਾ ਬਿਖੜਾ ਸਫ਼ਰ ਸੀ ਇਹ ਅੱਖਰਾਂ ਦੀ ਪਛਾਣ ਦਾ ਅਰਥਾਂ ਦੀ ਤਲਾਸ਼ ਦਾ ਕਿ ਜਿਸ ਦਾ ਆਖ਼ਰੀ ਸਿਰਾ ਨਹੀਂ ਸੀ ਲੱਭਦਾ ਕੋਈ । ਅੱਖਰਾਂ ਤੋਂ ਮਨੋ-ਭਾਵਾਂ ਤੀਕ ਦਾ ਪੰਧ ਇਸ ਤੋਂ ਵੀ ਔਖੇਰਾ ਸੀ । ਸ਼ਾਇਦ ਇਸ ਮੋੜ ਤੇ ਪਹੁੰਚ ਕੇ ਹੀ ਸ਼ਬਦਾਂ ਦੇ ਅਰਥ ਤੇ ਰੰਗ ਸਮਝ ਆਉਣ ਲੱਗਦੇ ਨੇ । ਖ਼ਬਰੇ ਏਥੇ ਅੱਪੜ ਕੇ ਹੀ ਪਤਾ ਲੱਗਦਾ ਹੈ ਕਿ ਜ਼ਿੰਦਗੀ ਕਿਸ ਭਾਅ ਵਿਕਦੀ ਹੈ? ਤੇ ਘਰੋਂ ਪੁੱਟੇ ਜਾਣ ਤੋਂ ਬਾਅਦ ਦੁਬਾਰਾ ਪੈਰ ਕਿਵੇਂ ਲਾਉਣੇ ਹੁੰਦੇ ਹਨ । ਲਾਲ-ਲਕੀਰ ਦੇ ਆਰ-ਪਾਰ ਖਲੋ ਕੇ ਹੀ ਪਤਾ ਲੱਗਦਾ ਹੈ ਕਿ ਜੰਮਣ-ਭੋਂ ਤੋਂ ਵਿਛੁੰਨੇ ਜਾਣ ਦਾ ਕੀ ਹੁੰਦਾ ਹੈ ਸੰਤਾਪ? ਤੇ ਸਾਵੇਂ ਖਲੋਤੇ ਧੁਆਂਖੇ ਭਵਿੱਖ ਦਾ ਤੌਖਲਾ ਕੀ ਹੁੰਦਾ ਹੈ । ਸ਼ਾਇਦ ਏਥੇ ਪਹੁੰਚ ਕੇ ਹੀ ਬੰਦੇ ਦਾ ਤੀਜਾ ਨੇਤਰ ਖੁੱਲ੍ਹਦਾ ਹੈ ।

8. ਤਲਾਸ਼ ਇੱਕ ਰਿਸ਼ੀ ਦੀ

(1) ਮੈਂ ਹੀ ਭੋਲਾ ਸੀ ਅਸਲੋਂ ਅਣਜਾਣ ਬੱਚੇ ਜੇਹਾ ਨਿਰਛਲ! ਕੀ ਪਤਾ ਸੀ ਕੌਣ ਹੁੰਦੇ ਨੇ ਧਨੰਤਰ ਵਿਦਵਾਨ ਤੇ ਕੌਣ ਹੁੰਦੇ ਨੇ ਅਕਲ ਦੇ ਕੋਟ? ਕਿ ਜਿਨ੍ਹਾਂ ਦੇ ਸਿਰਾਂ ਉੱਤੇ ਸਰਸਵਤੀ ਦਾ ਮਿਹਰ-ਭਰਿਆ ਹੱਥ ਹੁੰਦਾ ਹੈ, ਤੇ ਸਿਰਜਣ-ਦੇਵਤੇ ਦਾ ਵਰਦਾਨ! ਨਿਰਸੰਦੇਹ ਅਜੇਹੇ ਪੁਰਸ਼ਾਂ ਦੇ ਰਾਹਾਂ ਵਿਚ ਕੰਡੇ ਵੀ ਬਹੁਤ ਹੁੰਦੇ ਨੇ । ਪਰ ਪਲਕਾਂ ਨਾਲ ਕੰਡਿਆਂ ਨੂੰ ਚੁਗਣ ਵਾਲਿਆਂ ਦੀ ਕੋਈ ਘਾਟ ਨਹੀਂ ਹੁੰਦੀ । (2) ਬੜਾ ਸੋਚਿਆ, ਵਿਚਾਰਿਆ, ਪਰ ਮੇਰਾ ਸਾਥ ਦੇਣ ਜੋਗੀ ਨਹੀਂ ਸੀ ਮੇਰੀ ਅਕਲ ਅਧੂਰਾ, ਅੱਧ-ਵਰਿਤਾ ਮੈਂ ਕਦੇ ਕੁਝ ਲਿਖਣ ਨੂੰ ਮੂੰਹ ਮਾਰਦਾ ਪਰ ਅਫਸੋਸ ਅੱਖਰ ਡੋਲਦੇ, ਥਿੜਕਦੇ ਕੰਬਦੇ ਤੇ ਅਲੋਪ ਹੋ ਜਾਂਦੇ । ਬਹੁਤ ਵਾਰ ਤੁਰਿਆ ਜਾਂਦਾ ਮੈਂ ਰਾਹ ਭੁੱਲ ਜਾਂਦਾ, ਤੇ ਖ਼ਵਾਰ ਹੋ ਕੇ ਵਾਪਸ ਘਰ ਪਰਤਦਾ । ਮੈਨੂੰ ਲੱਭਦੇ ਲੱਭਦੇ ਘਰਵਾਲੇ ਵੱਖ ਪ੍ਰੇਸ਼ਾਨ ਹੁੰਦੇ ਕਲਪਦੇ, ਝਿੜਕਦੇ । ਪਛਤਾਉਂਦੇ, ਕੁਰਲਾਉਂਦੇ । (3) ਕਈ ਵਾਰ ਸੋਚਿਆ ਮੈਂ ਕਿਸੇ ਸਿਆਣੇ ਨੂੰ ਹੱਥ ਵਿਖਾਵਾਂ ਜੋਤਸ਼ੀ ਨੂੰ ਮਿਲਾਂ ਪਰ ਦੁਬਿਧਾ ਦਾ ਮਾਰਿਆ ਮੈਂ ਕਿਸੇ ਤਣ-ਪੱਤਣ ਨਾ ਲੱਗਦਾ । ਬੜੀ ਖੱਜਲ-ਖ਼ਵਾਰੀ ਤੋਂ ਬਾਅਦ ਕਿਸੇ ਭਲੇ ਨੇ ਮੇਰਾ ਹੱਥ ਫੜਿਆ ਤੇ ਇੱਕ ਰਿਸ਼ੀ ਦੀ ਦੱਸ ਪਾਈ । ਆਖਿਆ ''ਕਾਰਖਾਨਿਆਂ ਦੇ ਇੱਕ ਸ਼ਹਿਰ ਵਿਚ ਜਲਾਵਤਨ ਹੋਇਆ ਇੱਕ ਰਿਸ਼ੀ ਰਹਿੰਦਾ ਹੈ । ਬਣਬਾਸ ਕੱਟਦਾ, ਜਫਰ ਜਾਲਦਾ, ਆਪਣੇ ਲਹੂ ਨੂੰ ਤੇਲ ਦੀ ਥਾਂ ਬਾਲਦਾ, ਰਾਤ ਦਿਨ ਸੱਚ ਦੀਆਂ ਪੈੜਾਂ ਭਾਲਦਾ ।'' ਪੁੱਛ ਪੁੱਛਾ ਕੇ ਮੈਂ ਜਾ ਉਸ ਦਾ ਬੂਹਾ ਖੜਕਾਇਆ ਉਹ ਬਾਹਰ ਆਇਆ ਤੇ ਆਖਣ ਲੱਗਾ, ''ਮੇਰੇ ਲਾਇਕ ਕੋਈ ਸੇਵਾ?'' ਮੈਨੂੰ ਲੱਗਾ ਇਹ ਤਾਂ ਕੋਈ ਘਰ ਦਾ ਜੀਅ ਹੀ ਪ੍ਰਤੀਤ ਹੁੰਦਾ ਹੈ!! ਗੱਲਾਂ ਤੁਰੀਆਂ ਤਾਂ ਆਖਣ ਲੱਗਾ, ''ਤੇਰੇ ਇਹ ਦੁੱਖ, ਇਹ ਕਲੇਸ਼ ਕੇਵਲ ਤੇਰੇ ਹੀ ਨਹੀਂ ਏਥੇ ਤਾਂ ਆਵਾ ਹੀ ਊਤਿਆ ਹੋਇਆ ਹੈ । ਸਾਰੇ ਸ਼ਹਿਰਾਂ ਨੂੰ ਇੱਕੋ ਹੀ ਰੋਗ ਖੋਰੀ ਜਾਂਦਾ ਹੈ ਰਾਤ-ਦਿਨ ਲੁੱਟ-ਖਸੁੱਟ ਦਾ ਮਾਰੂ ਰੋਗ ।'' ''ਤੇ ਇਸ ਦਾ ਇਲਾਜ ਹੈ?'' ਮੈਂ ਪੁੱਛਿਆ ਆਖਣ ਲੱਗਾ, ''ਇਹ ਕੰਮ ਕਿਸੇ ਇਕੱਲੇ-ਕਾਰੇ ਦਾ ਨਹੀਂ ਏਥੇ ਤਾਂ ਰਲ ਮਿਲ ਕੇ, ਸਿਰ ਜੋੜ ਕੇ, ਹੀ ਪੂਰੀ ਪੈਂਦੀ ਹੈ ।'' ਸੁਣ ਕੇ ਮੈਂ ਸੋਚੀਂ ਪੈ ਗਿਆ, ਤੇ ਪੁੱਛਿਆ, ''ਕੋਈ ਸਿੱਧਾ ਤੇ ਸੌਖਾ ਰਸਤਾ?'' ਆਖਣ ਲੱਗਾ, ''ਇਸ ਰੋਗ ਦਾ ਕੇਵਲ ਇਕੋ ਹੀ ਦਾਰੂ ਹੈ । ਸੰਘਰਸ਼ ਬਿਨਾਂ ਤਾਂ ਪੱਤਾ ਨਹੀਂ ਹਿੱਲਦਾ ਤਖਤ ਕਿਵੇਂ ਡੋਲਣਗੇ? ਤੇ ਸੁੱਖ ਦਾ ਸਾਹ ਕਿਵੇਂ ਆਵੇਗਾ?'' ਸੁਣ ਕੇ ਮੈਂ ਸੋਚੀਂ ਪੈ ਗਿਆ ਤੇ ਸੋਚਦਾ ਸੋਚਦਾ, ਘਰ ਪਰਤ ਆਇਆ । (4) ਘਰ ਆ ਕੇ ਮੈਂ ਸੋਚਿਆ, ''ਮੂਰਖ਼ ਮਨਾ! ਬਗਾਨਿਆਂ ਧਨਾ! ਉੱਠ ਤੇ ਬਲ ਧਾਰ! ਸੋਚਾਂ ਉੱਤੋਂ ਧੰੁਦ ਦੇ ਪਰਦੇ ਉਤਾਰ ਫੋਲ ਆਪਣਾ ਅੰਦਰ ਤੇ ਆਪਣਾ ਬਾਹਰ ਕਿੱਥੇ ਨੇ ਤੇਰੇ ਮਿੱਤਰ-ਯਾਰ? ਬਹਿ ਕੇ ਸਾਰੀ ਗੱਲ ਵਿਚਾਰ!'' ਸੱਚ ਤੇ ਕੁਫ਼ਰ ਨੂੰ ਨਿਤਾਰ!! (ਕਾਰਲ ਮਾਰਕਸ ਦੇ ਨਾਂ) (1-10-2014)

9. ਗੁਰਮੁਖ ਕੌਣ?

ਗੱਲ, ਸੰਤਾਲੀ ਦੇ ਉਜਾੜੇ ਪਿੱਛੋਂ ਦੀ ਹੈ । ਸੰਧਿਆ ਉੱਤਰਦੀ ਤਾਂ ਹੱਥ-ਮੂੰਹ ਧੋ, ਪਿਤਾ ਜੀ ਰਹਿਰਾਸ ਦਾ ਪਾਠ ਕਰਨ ਬਹਿ ਜਾਂਦੇ । ਸਾਨੂੰ ਆਖਦੇ ਤੁਸੀਂ ਵੀ ਸੁਣੋ ਬੈਠ ਕੇ ਮਜਬੂਰੀ ਵੱਸ ਬੈਠ ਜਾਂਦੇ ਹੱਥ ਜੋੜ ਅਸੀਂ ਵੀ ਪਰ, ਧਿਆਨ ਇਕਾਗਰ ਨਾ ਹੁੰਦਾ ਕਿਤੇ ਵੀ ਸਾਡਾ । ਦੇਰ ਬਾਅਦ ਪਾਠ ਖਤਮ ਹੋਣ ਉੱਤੇ ਡਰਦੇ ਡਰਦੇ ਇੱਕ ਦਿਨ ਮੈਂ ਪੁੱਛਿਆ ''ਪਿਤਾ ਜੀ, ਇਹ ਗੁਰਮੁੱਖ ਕੌਣ ਹੁੰਦਾ ਹੈ?'' ਗੱਲ ਸੁਣ ਕੇ ਹੈਰਾਨ ਹੋਏ ਉਹ ਤੇ ਮੇਰੇ ਮੂੰਹ ਵੱਲ ਗਹੁ ਨਾਲ ਵੇਖਣ ਲੱਗੇ, ਮੈਨੂੰ ਲੱਗਾ ਮੈਂ ਕੋਈ ਪੁੱਠਾ-ਸਿੱਧਾ ਪੁੱਛ ਲਿਆ ਹੋਣਾ ਸਵਾਲ! ਕੁਝ ਪਲ ਸੋਚ ਕੇ ਆਖਣ ਲੱਗੇ ''ਦੱਸਾਂਗੇ ਕਿਸੇ ਵੇਲੇ ਤੇਰੇ ਸਵਾਲ ਦਾ ਜਵਾਬ ।'' ਉੱਤਰ ਸੁਣ ਕੇ ਚੁੱਪ ਕਰ ਗਿਆ ਮੈਂ ਪਰ ਇਕ ਦਿਨ ਫਿਰ ਪੁੱਛਿਆ ਉਹੀ ਸਵਾਲ । ਕਹਿਣ ਲੱਗੇ- ''ਪਾਰ-ਦਰਸ਼ੀ ਹੁੰਦਾ ਹੈ ਗੁਰਮੁੱਖ ਅੰਦਰੋਂ ਬਾਹਰੋਂ ਸੱਚਾ-ਸੁੱਚਾ । ਝੂਠ ਤੇ ਫਰੇਬਾਂ ਤੋਂ ਕੋਹਾਂ ਦੂਰ । ਪਰ ਹੁੰਦਾ ਵਿਰਲਾ-ਟਾਵਾਂ ਹੈ ਹਜ਼ਾਰਾਂ-ਲੱਖਾਂ ਵਿੱਚੋਂ ਕੋਈ ਇੱਕ ।'' ਇੰਝ ਸੋਚਦੇ ਸੋਚਦੇ ਲੰਘ ਗਏ ਕਈ ਸਾਲ । ਤੇ ਫਿਰ ਅਚਾਨਕ ਇੱਕ 'ਗੁਰਮੁੱਖ' ਦੇ ਦਰਸ਼ਣ ਹੋ ਗਏ ਮੈਨੂੰ ਉਹ ਜਦੋਂ ਵੀ ਘਰ ਆਉਂਦਾ ਉਸ ਦੇ ਇੱਕ ਮੋਢੇ ਤੇ ਗਾਤਰਾ ਲਟਕਦਾ ਹੁੰਦਾ ਤੇ ਦੂਸਰੇ ਉੱਤੇ ਬੱਤੀ ਬੋਰ ਦਾ ਰੀਵਾਲਵਰ । ਆਉਣ ਸਾਰ ਆਖਦਾ ''ਕੱਢੋ ਕੋਈ ਰੱਖੀ-ਰਖਾਈ'' ਜੜੀ ਬੂਟੀ ਕੋਈ ''ਦਵਾ-ਦਾਰੂ'' ਗੁਰਮੁਖ ਆਏ ਨੇ । ਸੁਣ ਕੇ ਮੈਂ ਉਸ ਦੇ ਮੂੰਹ ਵੱਲ ਵੇਖਦਾ ਹੈਰਾਨ ਹੁੰਦਾ ਤੇ ਜੀਭ ਨੂੰ ਦੰਦਾਂ ਹੇਠ ਲੈ ਟੁੱਕਦਾ । ਹੌਲੀ ਹੌਲੀ ਸਾਨੂੰ ਗੁਰਮੁੱਖ ਦੇ ਅਰਥ ਸਪੱਸ਼ਟ ਹੋਣ ਲੱਗਦਾ । ਸੋਚਦਾ ਪਾਖੰਡੀ ਤੇ ਗੁਰਮੁੱਖ ਵਿਚ ਬਹੁਤ ਅੰਤਰ ਹੁੰਦਾ ਹੈ ਦਿਨ ਤੇ ਰਾਤ ਜਿੰਨਾ ਸੱਚ ਤੇ ਕੁਫ਼ਰ ਜਿੰਨਾ ਹਰਿਆਵਲ ਤੇ ਸੋਕੇ ਜਿੰਨਾ! ਤੇ ਉਹ ਬਣੇ-ਬਣਾਏ ਨਹੀਂ ਉਤਰਦੇ ਧਰਤੀ ਉੱਤੇ ਸਗੋਂ ਹੌਲੀ ਹੌਲੀ ਆਪਣੇ ਕਰਤੱਵਾਂ ਨਾਲ ਪ੍ਰਕਾਸ਼ਮਾਨ ਹੁੰਦੇ ਨੇ । (17 ਅਪ੍ਰੈਲ 2015)

10. ਅਮਨ-ਯਾਨਿਸ ਰਿਤਸੋਸ(ਯੂਨਾਨੀ ਕਵਿਤਾ)

ਬੱਚੇ ਦੇ ਸੁਪਨੇ ਅਮਨ ਹਨ ਮਾਂ ਦੇ ਸੁਪਨੇ ਅਮਨ ਹਨ ਬਿਰਖ ਦੀ ਛਾਂ ਹੇਠ ਪਿਆਰ ਦੇ ਬੋਲ ਅਮਨ ਹਨ । ਪਿਤਾ ਜੋ ਸੰਧਿਆ ਨੂੰ ਆਪਣੀਆਂ ਅੱਖਾਂ ਵਿਚ ਮੁਸਕਾਣ ਤੇ ਆਪਣੇ ਹੱਥਾਂ ਵਿਚ ਫਲਾਂ ਨਾਲ ਭਰਿਆ ਟੋਕਰਾ ਲਈ ਪਰਤਦਾ ਹੈ ਉਸਦੇ ਮੱਥੇ ਉਤਲੇ ਮੁੜ੍ਹਕੇ ਦੇ ਤੁਪਕੇ ਉਸ ਜੱਗ ਉਤਲੀਆਂ ਬੂੰਦਾਂ ਵਰਗੇ ਹਨ ਜੋ ਖਿੜਕੀ ਦੀ ਸਿਲ ਉੱਤੇ ਪਿਆ, ਠੰਡਾ ਹੋ ਰਿਹਾ ਹੈ ਇਹ ਅਮਨ ਹੈ । ਜਦ ਧਰਤੀ ਦੇ ਚਿਹਰੇ ਉਤਲੇ ਜਖ਼ਮ ਠੀਕ ਹੁੰਦੇ ਹਨ ਤੇ ਅਸੀਂ ਗੋਲੀਆਂ ਦੀ ਅੱਗ ਨਾਲ ਪੁੱਟੇ ਟੋਇਆਂ ਵਿਚ ਦਰੱਖਤ ਲਾ ਦਿੰਦੇ ਹਾਂ ਤੇ ਲਾਟਾਂ ਦੇ ਸੇਕ ਨਾਲ ਭੁੱਜੇ ਹਿਰਦਿਆਂ ਵਿਚ ਆਸ ਦੀਆਂ ਪਹਿਲੀਆਂ ਡੋਡੀਆਂ ਫੁੱਟ ਨਿਕਲਦੀਆਂ ਹਨ ਤੇ ਮੁਰਦੇ ਬਿਨਾਂ ਪਾਸਾ ਪਰਤਿਆਂ ਬਿਨਾਂ ਸ਼ਿਕਾਇਤ ਕਰੇ ਸੌਾ ਸਕਦੇ ਹਨ ਇਹ ਜਾਣਦੇ ਹੋਏ ਕਿ ਉਹਨਾਂ ਦਾ ਲਹੂ ਅਜਾਈਂ ਨਹੀਂ ਸੀ ਡੁੱਲ੍ਹਾ ਇਹ ਅਮਨ ਹੈ ਅਮਨ ਸੰਧਿਆ ਵੇਲੇ ਖੁਰਾਕ ਵਿਚੋਂ ਆਉਂਦੀ ਮਹਿਕ ਹੈ ਜਦੋਂ ਗਲੀ ਵਿਚ ਆ ਕੇ ਖਲੋਂਦੀ ਕਾਰ ਦਾ ਅਰਥ ਖੌਫ਼ ਨਹੀਂ ਹੁੰਦਾ ਜਦੋਂ ਦਰਵਾਜ਼ੇ ਤੇ ਦਿੱਤੀ ਦਸਤਕ ਦਾ ਅਰਥ ਮਿੱਤਰ ਹੁੰਦਾ ਹੈ ਤੇ ਹਰ ਘੜੀ ਖੁੱਲ੍ਹਦੀ ਤਾਕੀ ਦਾ ਅਰਥ ਦੂਰ-ਦੁਰਾਡੀਆਂ ਘੰਟੀਆਂ ਦੇ ਰੰਗਾਂ ਦਾ ਆਨੰਦ ਲੈਣਾ ਹੁੰਦਾ ਹੈ ਇਹ ਅਮਨ ਹੈ । ਅਮਨ ਦਾ ਅਰਥ ਜਾਗਦੇ ਬੱਚੇ ਲਈ ਕਿਤਾਬ ਤੇ ਗਰਮ ਦੁੱਧ ਦਾ ਗਿਲਾਸ ਹੁੰਦਾ ਹੈ ਜਦੋਂ ਕਣਕ ਦੇ ਸਿੱਟੇ ਇਹ ਕਹਿੰਦਿਆਂ ਇੱਕ ਦੂਜੇ ਵੱਲ ਝੂੰਮਦੇ ਹਨ 'ਰੌਸ਼ਨੀ', 'ਰੌਸ਼ਨੀ, ਜੋ ਦੁਮੇਲ ਦੇ ਫੁੱਲਾਂ ਦੇ ਚਾਨਣ ਨਾਲ ਡਲ੍ਹਕਦੀ ਹੈ ਇਹ ਅਮਨ ਹੈ । ਜਦੋਂ ਜੇਲ੍ਹਾਂ ਨੂੰ ਲਾਇਬ੍ਰੇਰੀਆਂ ਬਣਾ ਦਿੱਤਾ ਜਾਂਦਾ ਹੈ ਜਦੋਂ ਮੌਤ ਨੂੰ ਗੀਤ ਇੱਕ ਸਰਦਲ ਤੋਂ ਦੂਸਰੀ ਤੀਕ ਉਭਰਦਾ ਹੈ ਜਦੋਂ ਬਹਾਰ ਦਾ ਚੰਨ ਬੱਦਲ ਓਹਲਿਉਂ ਇੰਝ ਝਾਕਦਾ ਹੈ ਜਿਵੇਂ ਕੋਈ ਮਜ਼ਦੂਰ ਨਾਈ ਦੀ ਦੁਕਾਨ ਤੋਂ ਹਫ਼ਤੇ ਬਾਅਦ ਤਾਜ਼ੀ ਹਜਾਮਤ ਕਰਵਾ ਕੇ ਨਿਕਲਦਾ ਹੈ ਇਹ ਅਮਨ ਹੈ । ਜਦੋਂ ਬੀਤਿਆ ਦਿਨ ਅਜਾਈਂ ਗਿਆ ਨਹੀਂ ਸਮਝਿਆ ਜਾਂਦਾ ਸਗੋਂ ਇੱਕ ਜੜ੍ਹ ਹੈ ਜਿਸਨੂੰ ਰਾਤ ਨੂੰ ਖੁਸ਼ੀ ਦੇ ਪੱਤੇ ਪੁੰਗਰਦੇ ਹਨ ਜਿੱਤਿਆ ਹੋਇਆ ਦਿਨ ਤੇ ਗੂੜ੍ਹੀ ਨੀਂਦ ਜਦੋਂ ਤੁਸੀਂ ਦੁਬਾਰਾ ਅਨੁਭਵ ਕਰਦੇ ਹੋ ਕਿ ਸੂਰਜ ਕਾਹਲੀ ਕਾਹਲੀ ਵਕਤ ਦੇ ਕੋਨਿਆਂ ਤੋਂ ਦੁੱਖ ਨੂੰ ਭਜਾਉਣ ਤੇ ਪਿੱਛਾ ਕਰਨ ਲਈ ਆਪਣੀਆਂ ਵਾਗਾਂ ਨੂੰ ਖਿੱਚਦਾ ਹੈ ਇਹ ਅਮਨ ਹੈ । ਅਮਨ, ਗਰਮੀਆਂ ਵਿਚ ਖੇਤਾਂ ਵਿਚ ਖਿੱਲਰੀਆਂ ਸੂਰਜ ਦੀਆਂ ਕਿਰਨਾਂ ਦੇ ਪੂਲੇ ਹਨ ਇਹ ਸਰਘੀ ਦੇ ਗੋਡਿਆਂ ਉੱਤੇ ਰੱਖੀ ਮਿਹਰਬਾਨੀ ਦੀ ਪੁਸਤਕ ਦੀ ਵਰਨਮਾਲਾ ਹੈ ਜਦੋਂ ਤੁਸੀਂ ਆਖਦੇ ਹੋ ''ਮੇਰੇ ਵੀਰ!'' ਜਦੋਂ ਕਹਿੰਦੇ ਹੋ, ''ਕੱਲ੍ਹ ਆਪਾਂ ਉਸਾਰੀ ਕਰਾਂਗੇ ।'' ਤੇ ਜਦੋਂ ਅਸੀਂ ਉਸਾਰੀ ਕਰਦੇ ਤੇ ਗਾਉਂਦੇ ਹਾਂ ਇਹ ਅਮਨ ਹੈ । ਜਦੋਂ ਮੌਤ ਦਿਲ ਦੀ ਥੋੜ੍ਹੀ ਥਾਂ ਘੇਰਦੀ ਹੈ ਜਦੋਂ ਚਿਮਨੀਆਂ ਮਜ਼ਬੂਤੀ ਨਾਲ ਖੁਸ਼ੀ ਵੱਲ ਉਂਗਲਾਂ ਕਰਦੀਆਂ ਨੇ ਜਦੋਂ ਡੁੱਬਦੇ ਸੂਰਜ ਦੀਆਂ ਲੰਮੀਆਂ ਗੁਲਾਬੀ ਕਿਰਨਾਂ ਕਵੀ ਤੇ ਕਾਮੇ ਦੋਵਾਂ ਵੱਲੋਂ ਬਰਾਬਰ ਦੀਆਂ ਸੁੰਘੀਆਂ ਜਾ ਸਕਦੀਆਂ ਹਨ ਤਾਂ ਇਹ ਅਮਨ ਹੈ । ਅਮਨ ਬੰਦਿਆਂ ਦੀਆਂ ਮੀਟੀਆਂ ਮੁੱਕੇ ਹਨ ਇਹ ਦੁਨੀਆਂ ਦੇ ਮੇਜ਼ ਉਤਲੀ ਗਰਮ ਰੋਟੀ ਹੈ ਇਹ ਮਾਂ ਦੀ ਮੁਸਕਾਨ ਹੈ ਸਿਰਫ਼ ਇਹੋ ਹੀ ਅਮਨ ਹੈ, ਹੋਰ ਕੁਝ ਨਹੀਂ ਹੈ ਤੇ ਜਿਹੜੇ ਹਲ ਸਾਰੀ ਧਰਤ ਉੱਤੇ ਡੂੰਘੇ ਸਿਆੜ ਕੱਢਦੇ ਹੋਏ ਇਕੋ ਹੀ ਨਾਂ ਲਿਖਦੇ ਹਨ ਅਮਨ ਹੈ, ਹੋਰ ਕੁਝ ਨਹੀਂ ਕੇਵਲ ਅਮਨ । ਮੇਰੀ ਕਵਿਤਾ ਦੀ ਰੀੜ ਦੀ ਹੱਡੀ ਉੱਤੇ ਕਣਕ ਦੇ ਗੁਲਾਬਾਂ ਦੀ ਲੱਦੀ ਭਵਿੱਖ ਵੱਲ ਵੱਧਦੀ ਰੇਲ-ਗੱਡੀ ਅਮਨ ਹੈ । ਮੇਰੇ ਵੀਰੋ ਸਾਰੀ ਧਰਤੀ ਆਪਣੇ ਸਾਰੇ ਸੁਪਨਿਆਂ ਸਮੇਤ ਅਮਨ ਵਿਚ ਡੂੰਘੇ ਸਾਹ ਲੈਂਦੀ ਹੈ ਆਪਣੇ ਹੱਥ ਮੈਨੂੰ ਫੜਾਓ ਭਰਾਵੋ ਇਹ ਅਮਨ ਹੈ!! ਜਨਵਰੀ 1953

11. ਚੁਣ ਚੁਣ ਕੇ ਮੈਂ ਰੰਗ ਅਨੋਖੇ-ਗ਼ਜ਼ਲ

ਚੁਣ ਚੁਣ ਕੇ ਮੈਂ ਰੰਗ ਅਨੋਖੇ ਇੱਕ ਤਸਵੀਰ ਬਣਾਉਂਦਾ ਹਾਂ। ਧੁੰਦਲੇ ਜਹੇ ਇੱਕ ਸੁਪਨੇ ਦਾ ਮੈਂ ਮੂੰਹ-ਮੱਥਾ ਰੁਸ਼ਨਾਉਂਦਾ ਹਾਂ। ਰੁੱਤਾਂ ਕੋਲ ਗਿਲੇ ਕੀ ਕਰੀਏ ਯਾਰਾਂ ਨਾਲ ਨਾਰਾਜ਼ ਨਹੀਂ, ਬੀਤ ਗਈਆਂ ਘੜੀਆਂ ਦਾ ਕਿਸ ਨੂੰ ਫਿਰ ਮੈਂ ਦਰਦ ਸੁਣਾਉਂਦਾ ਹਾਂ। ਤੁਰ ਗਏ ਯਾਰ ਹਿਲਾ ਹੱਥਾਂ ਨੂੰ ਛੱਡ ਵਿਚਾਲੇ ਮੰਜ਼ਿਲ ਨੂੰ, ਹਾਲੀ ਵੀ ਕਿਉਂ ਓਸ ਸਫ਼ਰ ਦੇ ਨਕਸ਼ੇ ਨਿੱਤ ਬਣਾਉਂਦਾ ਹਾਂ। ਪੁੱਛਦੇ ਨੇ, ‘‘ਕੀ ਕਰਦਾ ਹਾਂ ਮੈਂ?’’ ਕੀ ਦੱਸਾਂ, ਕੀ ਸਮਝਾਵਾਂ? ਪਾਈਆਂ ਵਿੱਥਾਂ, ਦਾਗ਼ ਦਿਲਾਂ ਦੇ ਨਿਸਦਿਨ ਪਿਆ ਮਿਟਾਉਂਦਾ ਹਾਂ। ਮੰਜ਼ਿਲ ਸੀ ਜਦ ਇੱਕੋ ਸਾਡੀ ਤੇ ਸੁਪਨੇ ਵੀ ਸਾਂਝੇ ਸਨ ਕਿੰਝ ਵਧ ਗਈਆਂ ਤਰੇੜਾਂ, ਪਾੜੇ, ਇਹ ਗੁੱਥੀ ਸੁਲਝਾਉਂਦਾ ਹਾਂ। ਆ ਬਹੀਏ ਹੋ ਨੇੜੇ ਨੇੜੇ ਰਲ ਸੁਲਝਾਈਏ ਤੰਦਾਂ ਨੂੰ ਤੇਰਾ ਰਾਹ ਤੱਕਦਾ ਮੈਂ ਅਕਸਰ ਕਾਲੇ ਕਾਗ ਉਡਾਉਂਦਾ ਹਾਂ। ਕਦੇ ਕਦੇ ਜਦ ਬਹਾਂ ਇਕੱਲਾ ਬਹੁਤ ਉਦਾਸੀ ਹੁੰਦੀ ਹੈ, ਜਾਂ ਭੀੜਾਂ ਜੁੜ ਜਾਣ ਚੁਫ਼ੇਰੇ ਫਿਰ ਗਾਉਂਦਾ, ਮੁਸਕਰਾਉਂਦਾ ਹਾਂ। ਜਦ ਪੈ ਜਾਵੇ ਘੇਰਾ ਮੈਨੂੰ ਚਾਰ ਚੁਫ਼ੇਰਿਓਂ ਦੁਸ਼ਮਣ ਦਾ, ਐਸੇ ਸੰਕਟ, ਕਵਿਤਾ ਦਾ ਮੈਂ ਜਾ ਬੂਹਾ ਖੜਕਾਉਂਦਾ ਹਾਂ। ਉਸ ਦੇ ਕੋਲ ਬੜੀ ਹੈ ਸ਼ਕਤੀ ਉਹ ਬਲ ਦਿੰਦੀ ਨਿੱਤ ਨਵਾਂ, ਉਸ ਨੂੰ ਮਿਲ, ਰਾਹ ਰੌਸ਼ਨ ਹੁੰਦੇ ਧੂੜ ਮੱਥੇ ’ਤੇ ਲਾਉਂਦਾ ਹਾਂ।

12. ਅੱਜ ਫੁੱਲ ਦੀ ਗੱਲ ਕਰਨ 'ਤੇ-ਗ਼ਜ਼ਲ

ਅੱਜ ਫੁੱਲ ਦੀ ਗੱਲ ਕਰਨ 'ਤੇ, ਜਾਂਦੇ ਨੇ ਦੁਰਕਾਰੇ ਲੋਕ। ਇਕ ਦਿਨ ਐਸੀ ਰੁੱਤ ਆਏਗੀ, ਜਾਵਣਗੇ ਸਤਿਕਾਰੇ ਲੋਕ । ਕੀ ਹੋਇਆ ਬਦਨਾਮ ਹੋਈ ਜੇ, ਬਸਤੀ ਦੇ ਬਾਸ਼ਿੰਦੇ ਹਾਂ, ਇਸ ਬਸਤੀ ਵਿਚ ਵਸਦੇ ਭੈੜੇ, ਹੋ ਨਹੀਂ ਸਕਦੇ ਸਾਰੇ ਲੋਕ । ਧਰਤੀ ਤੋਂ ਚੰਨ ਤੀਕਰ ਫੈਲੀ, ਸੰਘਰਸ਼ਾਂ ਦੀ ਸੁਰਖੀ ਹੈ, ਕਦੇ ਨਹੀਂ ਘਬਰਾਏ, ਭਾਵੇਂ ਕਿੰਨੀ ਵਾਰੀ ਹਾਰੇ ਲੋਕ । ਧੁੱਪਾਂ ਵੰਡਦਾ ਜੇਕਰ ਕੋਈ, ਸੂਰਜ ਸੂਲੀ ਚੜ੍ਹ ਜਾਂਦੈ, ਉਹਦੇ ਨਾ ਤੋਂ ਸੌ ਸੌ ਵਾਰੀ, ਜਾਂਦੇ ਨੇ ਬਲਿਹਾਰੇ ਲੋਕ । ਕਲ੍ਹ ਸੀ ਜਿਹੜੇ ਚੋਰ ਉਚੱਕੇ, ਮਹਿਫ਼ਲ ਦਾ ਸ਼ਿੰਗਾਰ ਬਣੇ, ਅੱਜ ਵੀ ਫਿਰਦੇ ਅੱਗੇ ਅੱਗੇ, ਸਰਕਾਰੇ ਦਰਬਾਰੇ ਲੋਕ । ਅੰਬਰ ਉੱਤੇ ਲੱਖਾਂ ਭਾਵੇਂ, ਸੂਰਜ ਚੰਦ ਸਿਤਾਰੇ ਨੇ, ਪਰ ਸਾਡੇ ਲਈ ਧਰਤੀ ਉੱਤੇ ਸੂਰਜ, ਚੰਦ, ਸਿਤਾਰੇ ਲੋਕ । ਗ਼ਜ਼ਲਾਂ ਰਾਹੀਂ ਸੱਚ ਪਕੜਨਾ, ਅੱਗ ਤੇ ਤੁਰਨ ਬਰਾਬਰ ਹੈ, ਪਰ ਲਾਟਾਂ ਨੂੰ ਫੁੱਲ ਸਮਝਦੇ, ਗ਼ਜ਼ਲਾਂ ਦੇ ਵਣਜਾਰੇ ਲੋਕ ।

13. ਬੇੜੀ ਕੋਲ ਗਿਲਾ ਕੀ ਕਰੀਏ-ਗ਼ਜ਼ਲ

ਬੇੜੀ ਕੋਲ ਗਿਲਾ ਕੀ ਕਰੀਏ, ਸ਼ੂਕਦਿਆਂ ਦਰਿਆਵਾਂ ਦਾ । ਚੰਗਾ ਹੈ ਕਿ ਕਰੀਏ ਨਿਰਣਾ, ਵਾਪਰੀਆਂ ਘਟਨਾਵਾਂ ਦਾ । ਸੋਨੇ ਦੀ ਸਰਦਾਰੀ ਸਾਡੇ ਹਰ ਇਕ ਰਿਸ਼ਤੇ ਤੇ ਭਾਰੂ, ਕਿੰਨਾ ਪਾੜਾ ਪੈਂਦਾ ਜਾਂਦਾ, ਸਕਿਆਂ ਭੈਣ ਭਰਾਵਾਂ ਦਾ। 'ਚੱਤੋ ਪਹਿਰ ਦੀ ਮਗਜ਼ ਖਪਾਈ,' ਪੁੱਛੇ ਮੈਨੂੰ ਮਾਂ ਬੁੱਢੀ, "ਦੱਸ ਪੁੱਤ ਕੀ ਮਿਲਦਾ ਤੈਨੂੰ,'' ਛਪ ਗਈਆਂ ਕਵਿਤਾਵਾਂ ਦਾ। ਹੱਕਾਂ ਖਾਤਰ ਲੋਕੀਂ ਤਾਂ ਨੇ, ਸੂਲੀ ਉੱਤੇ ਝੂਲ ਗਏ, ਰੋਜ਼ ਕਥਾ ਕੀ ਕਰਦਾ ਰਹਿਨਾ, ਕੱਟੀਆਂ ਕੈਦ ਸਜ਼ਾਵਾਂ ਦਾ। ਝੋਲੀ ਵਿਚ ਜਿਗਰ ਦੇ ਟੋਟੇ, ਹਿਰਦੇ ਸੂਲੀ ਲਾਟ ਬਲੇ, ਏਸ ਤਰ੍ਹਾਂ ਦਾ ਹੈ ਕੁਝ ਰਿਸ਼ਤਾ, ਸਾਡੀਆਂ ਭੈਣਾਂ ਮਾਵਾਂ ਦਾ । ਥੱਕ ਗਏ ਨੇ ਨੈਣ ਅਸਾਡੇ, ਨਜ਼ਰ ਵਿਛਾਈ ਰਾਹਾਂ 'ਤੇ, ਆਉ ਉੱਡ ਸੁਆਗਤ ਕਰੀਏ, ਆਈਆਂ ਘੋਰ ਘਟਾਵਾਂ ਦਾ । ਉਹਨੇ ਗੀਤ ਸੁਰੀਲੇ ਗਾਉਣੇ, ਇਹਨਾਂ ਕਰਨੀ ਕਾਂ ਕਾਂ ਹੀ, ਨਾਲ ਕੋਇਲ ਕੀ ਕਰੂ, ਸ਼ਰੀਕਾ, ਇਹਨਾਂ ਕਾਲੇ ਕਾਵਾਂ ਦਾ । ਹੁੰਦਲ ਉੱਤੇ ਬੜੀਆਂ ਊਜਾਂ, ਮੁੱਢੋਂ ਆਈਆਂ ਲਗਦੀਆਂ, ਉਹਨੂੰ ਭੇਤ ਬੜਾ ਹੋ ਚੁੱਕਾ ਇਹਨਾਂ ਬੱਦ ਬਲਾਵਾਂ ਦਾ ।

14. ਅੱਗ ਦਾ ਬੂਟਾ

ਮੈਂ ਕਿ ਜਿਹੜਾ ‘ਉਹਨਾਂ’ ਨੂੰ ਭਟਕੇ ਮੁਸਾਫ਼ਰ ਆਖਦਾ ਸੀ ਇਕ ਨਵੀਂ ਦੁਬਿਧਾ ਦੇ ਜੰਗਲ ਭਟਕਦਾ । ਕਿਸ ਤਰ੍ਹਾਂ ਦਾ ਨਹਿਸ਼ ਪਲ ਸੀ ਜਦੋਂ ਘਰ ਦੇ ਛੋਟੇ ਜਹੇ ਅਸਮਾਨ ਉੱਤੇ ਬੋਦੀ ਵਾਲਾ ਇਕ ਸਿਤਾਰਾ ਚਮਕਿਆ ਵੇਖਦੇ ਹੀ ਵੇਖਦੇ ਘਰ ਦੇ ਬੂਹੇ ਬਾਰੀਆਂ ਦੇ ਰੰਗ ਓਪਰੇ ਜਹੇ ਹੋ ਗਏ। ਮਾਂ ਜਦੋਂ ਹੁਣ ਬਾਤ ਕਰਦੀ ਸ਼ਾਂਤ ਹਉਕਾ ਨਾਲ ਭਰਦੀ ਪਿਤਾ ਦੀ ਦਾੜ੍ਹੀ 'ਚੋਂ ਤਿਲਕਦੇ ਅੱਥਰੂ ਜ਼ਿੰਦਗੀ ਵਿਚ ਮੈਂ ਤਾਂ ਪਹਿਲੀ ਵਾਰ ਤੱਕੇ ਮੈਂ ਤਾਂ ਏਹੋ ਸਮਝਦਾ ਸੀ ਪਿਤਾ ਜੀ ਰੋਂਦੇ ਨਹੀਂ ਰੋਂਦਿਆਂ ਨੂੰ ਚੁੱਪ ਕਰਾਉਂਦੇ ਨੇ ਮੇਰੇ ਛੋਟੇ ਵੀਰ ਦੋਹਵੇਂ ਗੱਭਰੂ ਮੈਂ ਕਦੇ ਜਿਹਨਾਂ ਦੇ ਮੂੰਹੋਂ ਨਿੰਮ ਵਰਗੇ ਬੋਲ ਕੌੜੇ ਨਾ ਸੁਣੇ ਸੀ ਗੱਲ ਗੱਲ ਤੇ ਕਾਨਿਆਂ ਦੀ ਅੱਗ ਵਾਂਗੂੰ ਮੱਚ ਪੈਂਦੇ ਤੇ ਉਹਨਾਂ ਦੇ ਬੋਲ ਮੈਨੂੰ ਪੁੱਛਦੇ "ਦੱਸ ਹੁਣ ਕਿੱਧਰ ਨੂੰ ਜਾਈਏ ? ਕਿਹੜੀ ਹੱਟੀ ਤੋਂ ਪੁੜੀ ਮਹੁਰਾ ਮੰਗਾ ਕੇ ਅਸੀਂ ਖਾਈਏ।” ਨੀਲ-ਤਾਰੇ ਦਾ ਕਿਹਾ ਪ੍ਰਛਾਵਾਂ ਪਿਆ ਭਰੇ ਘਰ 'ਚ ਮੈਂ ਇਕੱਲਾ ਰਹਿ ਗਿਆ ਮੈਂ ਕਿ ਜਿਹੜਾ ਉਹਨਾਂ ਨੂੰ ਭਟਕੇ ਮੁਸਾਫ਼ਰ ਆਖਦਾ ਸੀ। ਏਸ ਤਾਰੇ ਦੀ ਕੁਲਹਿਣੀ ਟਿਮਟਿਮਾਂਦੀ ਰੌਸ਼ਨੀ ਵਲ ਪਿੱਠ ਕਰਕੇ ਸਿਸਕੀਆਂ ਲੈਂਦੀ ਹਵਾ ਨੂੰ ਪੁੱਛਦਾ; "ਕੌਣ ਸੀ ਉਹ ਸੰਧਿਆ ਵੇਲੇ, ਸਵੇਰੇ ਰਾਤ ਦੇ ਸਉਲੇ ਹਨੇਰੇ ਦੀਨ ਦੀ ਰਾਖੀ ਦੇ ਨਾਂ ਤੇ ਹਿਰਦਿਆਂ ਵਿਚ ਕੌੜ-ਤੁੰਮੇਂ ਬੀਜਦਾ ਸੀ ਕਿਸਦੀਆਂ ਹੁਸ਼ਿਆਰੀਆਂ ਨੇ ਚੁਸਤੀਆਂ ਮੱਕਾਰੀਆਂ ਨੇ ਕੱਲ ਦੇ ਹਤਿਆਰਿਆਂ ਨੂੰ ਅੱਜ ਦੇ ਗਾਜ਼ੀ ਬਣਾਇਆ ? ਕੌਣ ਸੀ ਜਿਹਨੇ ਬਹਾਕੇ, ਵੰਨ ਸਵੰਨੇ ਪੱਜ ਪਾ ਕੇ ਕੂੜ ਕਹਿ ਕੇ ਮੇਰੇ ਦਿਲ ਦੇ ਸੁਹਜ-ਮੰਦਰ ਖੂਨ ਦਾ ਸਤਲੁਜ ਵਗਾਇਆ ? ਕਿਸਦਿਆਂ ਹੱਥਾਂ ਨੇ ਵਿਹੜੇ ਆਣ ਮੇਰੇ ਅੱਗ ਦਾ ਬੂਟਾ ਲਗਾਇਆ ? ਕੋਲ ਹੀ ਬਾਰੂਦ ਧਰ ਕੇ ਮੁਸਕਰਾਇਆ । (੨੪. ੯. ੮੪., ਹਰਿਮੰਦਰ ਸਾਹਿਬ 'ਤੇ ਆਰਮੀ ਬਲਿਊ ਸਟਾਰ ਉਪਰੇਸ਼ਨ ਤੋਂ ਬਾਦ ਦੇ ਭਾਵ)

15. ਅੰਨ੍ਹੀ ਗਲੀ ਦੇ ਯਾਤਰੀ

ਇਕ ਦਿਨ ਅਖੀਰ ਇੰਜ ਹੋਣਾ ਸੀ ਜਿਸ ਗਲੀ ਵਿਚ ਘਿਰ ਗਏ ਸੀ ਆਪਾਂ ਉਹ ਆਖਰੀ ਸਿਰੇ ਤੋਂ ਬੰਦ ਸੀ । ਗਲੀ ਤੋਂ ਵਾਕਫ਼ ਸਿਆਣੇ ਸਮਝਾਉਂਦੇ ਰਹੇ ਵਾਸਤੇ ਪਾਉਂਦੇ ਰਹੇ । ਪਰ ਜਦੋਂ ਬਾਂਕੇ ਸਜੀਲੇ ਗੱਭਰੂ ਖੜੇ ਹੋਣ ਸ਼ਸਤਰ ਸੰਭਾਲੀ ਹੁਕਮ ਦੀ ਤਾਮੀਲ ਖਾਤਰ ਤਾਂ ਗੱਲ ਸੁਣਨੀ ਤੇ ਸਮਝ ਆਉਣੀ ਹਟ ਜਾਂਦੀ ਹੈ । ਕੇਹੇ ਦਿਨ ਸਨ ਕਿ ਹਰ ਸੁਣੀ ਨੂੰ ਅਣ-ਸੁਣੀ ਕਰ ਮਨ ਆਈਆਂ ਕਰਦੇ ਹਾਂ ਟੋਕਣ ਵਾਲਿਆਂ ਸਿਰ ਗੱਦਾਰੀ ਦੇ ਇਲਜ਼ਾਮ ਧਰਦੇ ਹਾਂ ਤੇ ਹੁਣ ਜਦੋਂ ਕੁਝ ਵੀ ਬਚਿਆ ਨਹੀਂ ਹੈ ਬਾਕੀ ਘਰ ਥੇਹ ਬਣਿਆ ਪਿਆ ਹੈ ਵਿਹੜੇ ਵਿਚ ਲਾਸ਼ਾ ਹੀ ਲਾਸ਼ਾਂ ਨੇ ਸੁਹਣੇ ਸਜੀਲੇ ਗੱਭਰੂਆਂ ਦੀਆਂ ਤੇ ਜਾਂ ਫਿਰ ਬਚਿਆ ਹੈ ਹਰ ਔਖੀ ਘੜੀ ਲਈ ਸਾਂਭ ਕੇ ਰੱਖਿਆ ਆਖਰੀ ਹਥਿਆਰ, ਭਾਣਾ ਮੰਨਣ ਦਾ ਸਿਧਾਂਤ ।

16. ਗਲੀਆਂ ਵਿਚ ਉੱਡਦੇ ਪ੍ਰਸ਼ਨ

ਇਹ ਅਲੀ ਬਾਬਾ ਤੇ ਚਾਲੀ ਚੋਰ ਕੌਣ ਸਨ ? ਭਰੇ ਦਰਬਾਰ ਵਿਚ ਭਲਾ ਕਿਸੇ ਨੇ ਵੀ ਰਾਣੀ ਨੂੰ ਅੱਗਾ ਢੱਕਣ ਲਈ ਨਾ ਕਿਹਾ ? ਕੰਧਾਂ 'ਤੇ ਲੱਗੇ ਸੂਹੇ ਅੱਖਰਾਂ ਦੇ ਇਸ਼ਤਿਹਾਰ ਦਿਲ ਦੇ ਲਹੂ ਵਿਚ ਕਦੋਂ ਰਚਣਗੇ ? ਕਰਾਮਾਤਾਂ ਦੇ ਦੇਸ ਵਿਚ ਇਕ ਵੀ ਕਰਾਮਾਤ ਨਹੀਂ ਹੁੰਦੀ ? ਨਾ ਕੋਈ ਕੁੱਜੇ ਵਿਚ ਹਾਥੀ ਪਾਉਂਦਾ ਹੈ ਤੇ ਨਾ ਕੋਈ ਤਲੀ 'ਤੇ ਸਰੋਂਹ ਜਮਾਉਂਦਾ ਹੈ। ਇਹ ਸਾਂਝੀਵਾਲਤਾ ਦਾ ਸੂਹਾ ਫੁੱਲ ਕਿਸ ਮਿੱਟੀ 'ਚੋਂ ਖਿੜਦਾ ਤੇ ਕਿਹੜੀ ਰੁੱਤੇ ਮਹਿਕਦਾ ਹੈ ? ਭਲਾ ਸੋਨੇ ਦੀ ਚਿੜੀ ਕਿਹੜੇ ਭਾਰਤੀ ਟਾਪੂ ਦਾ ਨਾਮ ਸੀ ? ਇਹ ਫੱਫੇ ਕੁਟਣੀ ਦੀ ਕਥਾ ਕਦੋਂ ਮੁਕੇਗੀ ? ਜੇ ਭਾਰਤ ਵਿਚ ਛੱਤੀ ਕਰੋੜ ਦੇਵਤੇ ਸਨ ਤਾਂ ਫਿਰ ਆਮ ਆਦਮੀ ਕਿੰਨੇ ਸੀ ? ਹੈਰਾਨੀ ਹੈ ਕਿ ਤੁਹਾਨੂੰ ਅੱਖਾਂ 'ਚ ਕਾਲਾ-ਮੋਤੀਆ ਉਤਰਨ ਦਾ ਪਤਾ ਹੀ ਨਹੀਂ ਲੱਗਾ ! ਸੱਪ ਦਾ ਜ਼ਹਿਰ ਤਾਂ ਸਿਰ ਨੂੰ ਚੜ੍ਹਨ ਲੱਗਾ ਹੈ ਤੇ ਤੁਸੀਂ ਡੌਲੇ 'ਤੇ ਦੁਪੱਟਾ ਬੰਨੀ ਬੈਠੇ ਹੋ ਭਲਾ ਉਸ ਜਾਦੂਗਰਨੀ ਨੇ ਤ੍ਰੀਆ ਜਾਲ ਦਾ ਕੋਰਸ ਕਿਥੋਂ ਕੀਤਾ ਸੀ ? ਗੁਰਦੁਆਰੇ ਦੇ ਭਾਈ ਦਾ ਰਾਜ ਸਭਾ ਵਿਚ ਕੀ ਕੰਮ ? ਗੰਦੇ ਤਵੇ ਲਾਉਣ ਵਾਲਾ ਆਪਣੀ ਭੈਣ ਦੇ ਕੰਨਾਂ ਵਿਚ ਰੂੰ ਕਿਉਂ ਨਹੀਂ ਦਿੰਦਾ ? ਤੁਸਾਂ ਲਾਲ ਕਿਲਾ ਕੀ ਫ਼ਤਿਹ ਕਰਨਾ ਹੈ ਤੁਹਾਥੋਂ ਪਿੰਡ ਦਾ ਪਟਵਾਰੀ ਹੀ ਸੂਤ ਨਹੀਂ ਹੁੰਦਾ ? ਫਸਲ ਸੁੱਕਣ ਲੱਗੇ ਤਾਂ ਮੂੰਹ ਚੁੱਕੀ ਅਸਮਾਨ ਵਲ ਤੱਕਣ ਲੱਗਦੇ ਹੋ ? ਇਹਨਾਂ ਪੁਲਸ ਵਾਲਿਆਂ ਨੂੰ ਰੂੜੀ ਮਾਰਕਾ ਦੀ ਸਹੁੰ ਕਿਹਨੇ ਪਾਈ ਹੈ ? ਉਸ ਅੱਥਰੇ ਬੱਚੇ ਨੂੰ ਪੰਗੇ ਲੈਣ ਤੋਂ ਮਾਂ ਵੀ ਨਹੀਂ ਸੀ ਵਰਜਦੀ ? ਜੇ ਰੋਗੀ ਠੀਕ ਨਹੀਂ ਸੀ ਹੁੰਦਾ ਤਾਂ ਡਾਕਟਰ ਹੀ ਬਦਲ ਲੈਂਦੇ । ਦੁਕਾਨਾਂ ਦੀ ਹਰ ਵਸਤੂ ਵਿਚ ਬਿਜਲੀ ਦਾ ਕਰੰਟ ਕਿਹਨੇ ਛੱਡਿਆ ਹੈ ? ਸੋਚਦਾ ਹਾਂ ਗਲੀਆਂ ਵਿਚ ਉੱਡਦੇ ਇਹਨਾਂ ਪੁੱਠੇ ਸਿੱਧੇ ਪ੍ਰਸ਼ਨਾਂ ਦਾ ਕੀ ਉੱਤਰ ਦਿਆਂ ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ