Punjabi Ghazals : Harbhajan Singh Bains
ਪੰਜਾਬੀ ਗ਼ਜ਼ਲਾਂ : ਹਰਭਜਨ ਸਿੰਘ ਬੈਂਸ
ਅੱਜ ਦੇ ਯੁੱਗ ‘ਚ ਰਿਸ਼ਤੇਦਾਰੀ
ਅੱਜ ਦੇ ਯੁੱਗ ‘ਚ ਰਿਸ਼ਤੇਦਾਰੀ ਘਰ ਵਿਚ ਹੀ ਬਾਜ਼ਾਰੀ ਜਾਪੇ। ਦਿਨ ਭਰ ਕੌਲ ਕਰਾਰਨ ਵਾਲੇ ਸ਼ਾਮ ਢਲੇ ਇਨਕਾਰੀ ਜਾਪੇ। ਰੰਗ ਬਖੇਰਨ ਵਾਲੇ ਮੌਸਮ ਸਾਰਾ ਸਾਲ ਹੀ ਔਣ ਉਦਾਸੇ, ਗੋਦ ਖਿਡਾਇਆਂ ਹੱਥੋਂ ਜ਼ਖਮੀ ਕਰਤੇ ਦੀ ਕਰਤਾਰੀ ਜਾਪੇ। ਕਿਹੜਾ ਅਜ ਦਸਤੂਰ ਮੁਤਾਬਿਕ ਰਹਿ ਗਿਆ ਹੈ ਦਸਤੂਰ ਅਜੋਕਾ, ਧਰਮ ਸਥਾਨਾਂ ਦੀ ਮਰਿਯਾਦਾ ਅਖਬਾਰੀ ਸਰਕਾਰੀ ਜਾਪੇ। ਅੰਬਰ ਨੇ ਉਪਕਾਰੀ ਚਲਨੋ ਜਦ ਤੋਂ ਅਪਣਾ ਪਾਸਾ ਵੱਟਿਆ, ਅਜ-ਕਲ ਅਜ-ਕਲ ਕਰਦੀ ਸੁਰ ਵੀ ਧਰਤੀ ਨੂੰ ਸਵਿਕਾਰੀ ਜਾਪੇ। ਉਸ ਆਜ਼ਾਦੀ ਬਾਰੇ ਲੋਕੀਂ ਕੀ ਸਮਝਣ ਕੀ ਸੋਚ ਉਸਾਰਨ, ਯਾਰੋ! ਜਿਸਦੀ ਰੱਖਿਆ-ਧਿਰ ਦੀ ਹਮਦਰਦੀ ਹਤਿਆਰੀ ਜਾਪੇ। ਅਪਣੇ ਅਪਣੇ ਅਨੁਭਵ ਮੂਜਬ ਦੁਨੀਆਂ ਜੱਗ ਦੇ ਅਰਥ ਉਲੀਕੇ, ਇਕ ਨੂੰ ਜੱਗ ਭਖੜਾਲੀ ਚਾਦਰ, ਇਕ ਨੂੰ ਇਹ ਫੁਲਕਾਰੀ ਜਾਪੇ। ਅਚਨਚੇਤ ਹੀ ਇਕ ਅਖ਼ਬਾਰ ‘ਚ ਕਵੀਆਂ ਦਾ ਕੀ ਪੰਨਾ ਪੜ੍ਹਿਆ, ਕਲਮਾਂ ਦੇ ਸਨ ਰੱਤ ਦੇ ਹੰਝੂ ਜਗ ਨੂੰ ਕਾਵਿ-ਕਿਆਰੀ ਜਾਪੇ।
ਮੌਲਾ ਮੋੜ ਬਹਾਰਾਂ ਟਹਿਕਣ ਫੁੱਲ-ਕਲੀਆਂ
ਮੌਲਾ ਮੋੜ ਬਹਾਰਾਂ ਟਹਿਕਣ ਫੁੱਲ-ਕਲੀਆਂ। ਰੁਮਕਣ ਸੰਦਲੀ ਸੁਬਕ ਅਦਾਵਾਂ ਰਾਂਗਲੀਆਂ। ਰਾਹਜ਼ਨੀਆਂ ਦੇ ਜ਼ਿੰਮੇ ਲਾਈਆਂ ਰਾਹਬਰੀਆਂ, ਅਮਨ-ਅਮਾਨ ਲਿਔਣ ਬਿਠਾਈਆਂ ਧਾਂਦਲੀਆਂ। ਸੱਭਿਆਚਾਰ ਬਿਚਾਰਾ ਪੁਛਦਾ ਫਿਰਦਾ ਏ, ਕਿੱਥੇ ਗਏ ਦਿਲਦਾਰ ਤੇ ਉਹ ਦਰਿਆ ਦਿਲੀਆਂ। ਰਾਹਜ਼ਨੀਆਂ ਦੇ ਜ਼ਿੰਮੇ ਅਜਕਲ ਰਹਿਬਰੀਆਂ, ਅਮਨ-ਅਮਾਨ ਕਰੌਣ ਬਿਠਾਈਆਂ ਧਾਂਦਲੀਆਂ। ਸਾਂਝਾਂ ਦਾ ਮਾਹੌਲ ਉਸਾਰਨ ਵਾਲੇ ਵੀ, ਨਫ਼ਰਤ ਭਰੀਆਂ ਵਰਤ ਰਹੇ ਸ਼ਬਦਾਵਲੀਆਂ। ਅਪਣੇ ਖਾਸੇ ਵਿਰਸੇ ਬਾਰੇ ਚਿੰਤਤ ਨੇ, ਭੈਰਵੀਆਂ, ਸਿ਼ਵਰੰਜਣੀਆਂ ਕੀ ਗੁਣਕਲੀਆਂ। ਜ਼ਖ਼ਮੀ ਮੰਜਰ ਬਾਰੇ ਜਦ ਵੀ ਬੁਲ੍ਹ ਖੋਲ੍ਹਾਂ, ਤੜਪਣ ਵਿਆਕੁਲ ਸ਼ਬਦ ਸਣੇ ਅਰਥਾਵਲੀਆਂ। ਨਵੇਂ ਸਵੇਰੇ ਨਵੇਂ ਭੁਲੇਖੇ ਪਾ ਰਹੀਆਂ, ਸੰਗਤ-ਦਰਸ਼ਨ ਜੋਦੜੀਆਂ ਸ਼ਰਧਾਂਜਲੀਆਂ। ਗਾਫਿ਼ਲ ਨੂੰ ਅਸਲੀਅਤ ਦਾ ਦਸਤੂਰ ਕਹੇ, ਖ਼ਾਬੀਂ ਸਫ਼ਰ ਮੁਕਾਇਆ ਮੰਜ਼ਲਾਂ ਕਦ ਮਿਲੀਆਂ।
ਆ ਬੈਠੇ ਹਾਂ ਦੂਰ ਭਲੇ ਹੀ ਅਪਣੇ ਘਰ ਤੋਂ
ਆ ਬੈਠੇ ਹਾਂ ਦੂਰ ਭਲੇ ਹੀ ਅਪਣੇ ਘਰ ਤੋਂ, ਪਰ ਨ੍ਹਈਂ ਉਠਦੀ ਯਾਦ ਨਿਮਾਣੀ ਘਰ ਦੇ ਦਰ ਤੋਂ। ਅੰਮ੍ਰਿਤਸਰੀਏ ਵਸਦੇ ਨੇ ਲਾਹੌਰ ਦੇ ਦਿਲ ਵਿਚ, ਦੂਰ ਨਹੀਂ ਲਾਹੌਰ ਨਿਵਾਸੀ ਅੰਮ੍ਰਿਤਸਰ ਤੋਂ। ਅਸਲੀਅਤ ਨੂੰ ਅਪਣੀ ਮੰਜਿ਼ਲ ਮਿਲ ਤਾਂ ਜਾਂਦੀ, ਜੇ ਨਾ ਠੇਡਾ ਲਗਦਾ ਸਿਆਸੀ ਬਾਜ਼ੀਗਰ ਤੋਂ। ਦੂਸਿ਼ਤ ਕਰ ਕਰ ਕਿਹੜੀ ਸ਼ਰਧਾ ਪਾਲ ਰਿਹਾ ਏਂ? ਗੰਗਾ ਮਈਆ ਪੁਛਦੀ ਅਜ ਦੇ ਗੰਗਾਧਰ ਤੋਂ। ਬਾਹਰ ਤੋਂ ਨਈਂ ਹੁੰਦਾ ਏਨਾ ਖ਼ਤਰਾ ਖ਼ਦਸ਼ਾ, ਜਿੰਨਾ ਖ਼ਦਸ਼ਾ ਹੁੰਦਾ ਅੰਦਰ ਪਲਦੇ ਡਰ ਤੋਂ। ਮੂਰਖ ਕੋਲੋਂ ਮਿੱਤਰ ਨੂੰ ਵੀ ਖ਼ਦਸ਼ਾ ਰਹਿੰਦਾ, ਡਰ ਨਾ ਕੋਈ ਦੁਸ਼ਮਣ ਨੂੰ ਵੀ ਦਾਨਸ਼ਵਰ ਤੋਂ। ਘਰ ਨੂੰ ਕਦ ਤੱਕ ਸ਼ਰਤੀਂ ਬੰਨ੍ਹ ਕੇ ਰੱਖੂ ਆਗੂ, ਆਪ ਫਿਰੇ ਜੋ ਬਾਗ਼ੀ ਹੋਇਆ ਹਰ ਇਕ ਸ਼ਰਤੋਂ। ਮੂਰਖ ਕੋਲੋਂ ਮਿੱਤਰ ਨੂੰ ਵੀ ਖ਼ਦਸ਼ਾ ਰਹਿੰਦਾ, ਡਰ ਨਾ ਕੋਈ ਦੁਸ਼ਮਨ ਨੂੰ ਵੀ ਦਾਨਿਸ਼ਵਰ ਤੋਂ। ਅਸਲੀਅਤ ਨੂੰ ਅਪਣੀ ਮੰਜਿ਼ਲ ਮਿਲ ਤਾਂ ਜਾਂਦੀ, ਜੇ ਨਾ ਠੇਡਾ ਲਗਦਾ ਸਿਆਸੀ ਬਾਜ਼ੀਗਰ ਤੋਂ। ਮਹਿਕਾਂ ਪਵਨ ਸੰਗੀਤ ਲਈ ਨਈਂ, ਹੱਦਾਂ ਜੇਕਰ, ਸ਼ਾਇਰ ਨੇ ਕੀ ਲੈਣਾ ਵਲਗਣਹਾਰੇ ਘਰ ਤੋਂ।
ਸ਼ਾਇਰ ਝੀਲ ਕਿਨਾਰੇ ਆਇਆ ਸ਼ਾਮ ਢਲੇ
ਸ਼ਾਇਰ ਝੀਲ ਕਿਨਾਰੇ ਆਇਆ ਸ਼ਾਮ ਢਲੇ। ਲਹਿਰਾਂ ਲਹਿਰੀ ਯਾਦ ਕਰਾਇਆ ਸ਼ਾਮ ਢਲੇ। ਸਰਘੀ, ਸੁਬ੍ਹਾ, ਦੁਪਹਿਰਾਂ ਦਾ ਜੋ ਰਾਜ਼ ਕਹੇ, ਜੇ ਕੁਝ ਸਮਝ ‘ਚ ਆਇਆ, ਆਇਆ ਸ਼ਾਮ ਢਲੇ। ਮਨ ਦੇ ਅੰਬਰੋਂ ਅਥਰੇ ਅਥਰੂ ਬਰਸ ਪਏ, ਬਿਰਹਾ ਨੇ ਜਾਂ ਸੋਰਠ ਗਾਇਆ ਸ਼ਾਮ ਢਲੇ। ਕਾਦ੍ਹਾ ਸਿ਼ਕਵਾ ਰਿਸ਼ਤਿਆਂ ਨੇ ਜੇ ਮੂੰਹ ਮੋੜ ਲਏ, ਕਿਰ ਕਿਰ ਆਖੇ ਅਪਣੀ ਕਾਇਆ ਸ਼ਾਮ ਢਲੇ। ਜ਼ਖਮੀ ਮਮਤਾ ਤਾਂਈਂ ਰੋਜ਼ ਕਚਹਿਰੀ ਨੇ, ਲਾਰਾ ਵੀ ਜੇ ਲਾਇਆ, ਲਾਇਆ ਸ਼ਾਮ ਢਲੇ। ਖੁਦ ਨੂੰ ਜੋ ਲਾਸਾਨੀ ਸਮਝਣ ਸਿਖਰ ਸਮੇਂ, ਕਹਿੰਦੇ ਸੁਣਿਆਂ, ‘ਰੱਬ ਦੀ ਮਾਇਆ’ ਸ਼ਾਮ ਢਲੇ। ਤੌਬਾ ਧਰੀ ਧਰਾਈ ਰਹਿ ਗਈ ਸ਼ਾਇਰ ਦੀ, ਲਹਿਰਾਂ ਨੇ ਉਹ ਜਾਮ ਬਣਾਇਆ ਸ਼ਾਮ ਢਲੇ। ਬਰਖਾ ਜ਼ੋਰੀਂ, ਬਿਖਮ ਡਗਰ, ਤਨ ਤਾਣ ਨਹੀਂ, ਉਪਰੋਂ ਤਾਂਘਾਂ ਜ਼ੋਰ ਵਧਾਇਆ ਸ਼ਾਮ ਢਲੇ। ਐ ਸ਼ਾਇਰ! ਤੂੰ ਕਿਹੜੇ ਬਾਗ਼ ਦੀ ਮੂਲੀ ਏਂ, ਸੂਰਜ ਨੇ ਵੀ ਸੀਸ ਨਿਵਾਇਆ ਸ਼ਾਮ ਢਲੇ। ਕਾਦ੍ਹਾ ਕਿਸੇ ‘ਤੇ ਸਿ਼ਕਵਾ ਜੇ ਖੁਦ ਸੂਰਜ ਨੇ, ਕਿਰਨਾਂ ਹੱਥ ਕਸ਼ਕੋਲ ਫੜਾਇਆ ਸ਼ਾਮ ਢਲੇ।
ਤੇਰੇ ਜਾਣ ਮਗਰੋਂ
ਕਈ ਚੇਤ ਗੁਜ਼ਰੇ ਤੇ ਸਾਵਣ ਵੀ ਆਏ ਇਹ ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ। ਤੂੰ ਆਵੇਂ ਤਾਂ ਨਹਿਰਾਂ, ਚੁਰਾਹਿਆਂ ਨੇ ਦੱਸਣੈ ਕਿ ਕੀ ਕੀ ਹੈ ਹੋਇਆ ਤੇਰੇ ਜਾਣ ਮਗਰੋਂ। ਇਹ ਗਲ਼ੀਆਂ ਨੇ ਰੋਈਆਂ, ਇਹ ਕੰਧਾਂ ਵੀ ਰੋਈਆਂ, ਤੇ ਥੜ੍ਹਿਆਂ ਦੀ ਰੌਣਕ ਨੂੰ ਡੱਸ ਗਈ ਉਦਾਸੀ, ਇਹ ਦਿਲ ਜੋ ਰਿਹਾ ਏ ਸਦਾ ਗੁਣਗੁਣਾਉਂਦਾ ਸੁਭਾ ਸ਼ਾਮ ਰੋਇਆ ਤੇਰੇ ਜਾਣ ਮਗਰੋਂ। ਉਹ ਰੁੱਤਾਂ ਨਾ ਮੁੜੀਆਂ, ਉਹ ਮੌਸਮ ਨਾ ਪਰਤੇ, ਤੇ ਬਾਗਾਂ 'ਚ ਸੁਣਦੇ ਨੇ ਨਗਮੇ ਉਦਾਸੇ, ਸੁਰਾਂ ਨੇ ਵੀ ਮੇਰੇ ਨਾ ਪੋਟੇ ਪਛਾਣੇ, ਜਦੋਂ ਸਾਜ਼ ਛੋਹਿਆ ਤੇਰੇ ਜਾਣ ਮਗਰੋਂ। ਤੇਰੀ ਪੈੜ ਸੁੰਘਦੇ ਨੇ ਗਦਰੇ ਤੇ ਸਾਵੇ, ਤੇ ਸੁੱਕਗੇ ਬਰੋਟੇ ਤੇਰੀ ਦੀਦ ਬਾਝੋਂ; ਹੈ ਨੱਚਦੀ ਚੁਫੇਰੇ ਸਦਾ ਮੌਤ ਅੱਜਕੱਲ੍ਹ, ਹੈ ਜੀਵਨ ਖਲੋਇਆ ਤੇਰੇ ਜਾਣ ਮਗਰੋਂ। ਇਹ ਅਮਨਾਂ ਦੇ ਰਾਖੇ, ਇਹ ਲੋਕਾਂ ਦੇ ਮੋਢੀ, ਬੜਾ ਨਾਜ਼ ਕਰਦੇ ਨੇ ਦੇ ਦੇ ਤਸੀਹੇ, ਹੈ ਚੁਣ ਚੁਣ ਕੇ ਮਾਰੀ ਬੇਦੋਸ਼ੀ ਜਵਾਨੀ, ਤੇ ਕੰਜਕਾਂ ਨੂੰ ਕੋਹਿਆ ਤੇਰੇ ਜਾਣ ਮਗਰੋਂ। ਹੈ ਮਾਤਾ ਵਿਚਾਰੀ ਤਾਂ ਮੰਜੀ ਨੂੰ ਲੱਗ ਗਈ, ਤੇ ਭੈਣਾਂ ਭਰਾਵਾਂ ਨੇ ਲਏ ਨੇ ਹੌਕੇ, ਮੈਂ ਬਾਪੂ ਵਿਚਾਰੇ ਦਾ ਕੀ ਹਾਲ ਆਖਾਂ, ਨਾ ਜਿਉਂਦਾ ਨਾ ਮੋਇਆ ਤੇਰੇ ਜਾਣ ਮਗਰੋਂ। ਖੁਸ਼ੀ ਏ ਤੇਰਾ ਲਾਲ ਤੇਰੇ ਹੀ ਵਾਂਗੂੰ ਹੈ ਹੱਕ ਤੇ ਨਿਆਂ ਲਈ ਬੇਚੈਨ ਹੋਇਆ, ਇਹ ਕੌਮੀ ਅਮਾਨਤ ਤੁਰੀ ਕੌਮ ਖਾਤਰ, ਮੈਂ ਘਰ ਨਹੀਂ ਲਕੋਇਆ ਤੇਰੇ ਜਾਣ ਮਗਰੋਂ।
ਅਲਵਿਦਾਈ ਸੰਦੇਸ਼
ਕਰ ਸਫਰ ਤੈਅ ਆਪਣਾ, ਮੈਂ ਜਾ ਰਿਹਾ ਹਾਂ। ਕਲਮ ਦੀ ਸੁਰ ਸਾਂਭਣਾ, ਮੈਂ ਜਾ ਰਿਹਾ ਹਾਂ। ਕੁਲ ਮਿਲਾ ਕੇ ਬੋਲ ਮੇਰੇ ਮਿਹਰਬਾਨੋਂ। ਅਦਬ ਦਾ ਕਣ ਜਾਚਣਾ, ਮੈਂ ਜਾ ਰਿਹਾ ਹਾਂ। ਸਫਰ ਰੂਪੀ ਖਰੜਿਆਂ 'ਤੇ ਨਜ਼ਰ ਪਾ ਪਾ, ਜੋ ਜਚੇ ਉਨਵਾਨਣਾ, ਮੈਂ ਜਾ ਰਿਹਾ ਹਾਂ। ਆ ਰਿਹਾ ਤਾਂ ਸਮਝਣਾ ਮੰਜ਼ਿਲ ਮਿਰੀ ਨੇ, ਠਹਿਰਿਆਂ ਨੂੰ ਜਾਪਣਾ, ਮੈਂ ਜਾ ਰਿਹਾ ਹਾਂ। ਗੁਜ਼ਰ ਗਏ ਦੇ ਸ਼ਿਕਵਿਆਂ 'ਤੇ ਗੌਰ ਕਰ ਕਰ, ਆ ਰਹੇ ਨੂੰ ਸਾਂਭਣਾ, ਮੈਂ ਜਾ ਰਿਹਾ ਹਾਂ। ਸ਼ਸਤਰਾਂ ਸੱਭ ਅਸਤਰਾਂ ਦੇ ਜ਼ਖਮ ਕਹਿੰਦੇ, ਕਲਮ ਹੀ ਵਿਸ਼ਵਾਸਣਾ, ਮੈਂ ਜਾ ਰਿਹਾ ਹਾਂ। ਜਫਾ ਕਹਿੰਦੀ ਅੱਜ ਦੇ ਇਨਸਾਨ ਵਿਚਲੀ, 'ਓਨਸ' ਨੂੰ ਪਹਿਚਾਨਣਾ, ਮੈਂ ਜਾ ਰਿਹਾ ਹਾਂ। ਐ ਅਦੀਬੋ! ਅਦਬ ਦੇ ਦਸਤੂਰ ਮੂਜਬ, ਮਾਨਣਾ, ਸਨਮਾਨਣਾ, ਮੈਂ ਜਾ ਰਿਹਾ ਹਾਂ। ਕਲਮ ਦੇ ਪਰਵਾਰੀਓ ਇੱਕ ਪੁੰਨ ਕਰਿਓ, ਰਿਸ਼ਤਿਆਂ ਨੂੰ ਆਖਣਾ ਮੈਂ ਜਾ ਰਿਹਾ ਹਾਂ। ਨੀਂਦ ਨਾ ਹੁਣ ਤੋੜਨੀ ਚਾਹਾਂ ਕਿਸੇ ਦੀ, ਜਾਣ ਮਗਰੋਂ ਜਾਗਣਾ ਮੈਂ ਜਾ ਰਿਹਾ ਹਾਂ। ਅੱਜ ਦੇ ਇਸ ਦੌਰ ਅੰਦਰ ਲੋਕਤਾ ਲਈ, ਸਹਿਜ ਹੀ ਅਰਮਾਨਣਾ, ਮੈਂ ਜਾ ਰਿਹਾ ਹਾਂ। ਕਲਮਕਾਰੋ! ਕਦਰਦਾਨੋਂ! ਮਿਹਰਬਾਨੋਂ! ਅਲਵਿਦਾਅ ਪ੍ਰਵਾਨਣਾ, ਮੈਂ ਜਾ ਰਿਹਾ ਹਾਂ। (ਕੁਝ ਵਰ੍ਹੇ ਪਹਿਲਾਂ ਚੜ੍ਹਦੀ ਕਲਾ ਦੇ ਸਰੀ ਦਫਤਰ ਮਿਲਣ ਆਏ ਸ. ਹਰਭਜਨ ਸਿੰਘ ਬੈਂਸ ਇਹ ਕਵਿਤਾ ਕੋਲ ਬਹਿ ਕੇ ਟਾਈਪ ਕਰਵਾ ਕੇ ਗਏ ਸਨ ਕਿ ਜਾਣ ਮਗਰੋਂ ਸੱਜਣਾਂ ਪਿਆਰਿਆਂ ਨਾਲ ਸਾਂਝੀ ਕਰ ਦੇਈਂ। ਸੋ ਬਜ਼ੁਰਗਾਂ ਨਾਲ ਕੀਤਾ ਵਾਅਦਾ ਨਿਭਾਅ ਰਿਹਾਂ। -ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ)