Harbhajan Singh Bains ਹਰਭਜਨ ਸਿੰਘ ਬੈਂਸ

ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਰਪ੍ਰਸਤ ਤੇ (ਸਿਆਟਲ) ਅਮਰੀਕਾ ਵੱਸਦੇ ਪੰਜਾਬੀ ਕਵੀ ਹਰਭਜਨ ਸਿੰਘ ਬੈਂਸ 15 ਜੁਲਾਈ 2020 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਬੈਂਸ ਪੰਜਾਬੀ ਮਾਂ-ਬੋਲੀ ਦੇ ਅਲੰਬਰਦਾਰ, ਉਸਤਾਦ ਗ਼ਜ਼ਲਗੋ, ਕਈ ਕਿਤਾਬਾਂ ਦੇ ਰਚਇਤਾ, ਕਈ ਭਾਸ਼ਾਵਾਂ ਦੇ ਜਾਣਕਾਰ ਤੇ ਮਹਾਨ ਵਿਦਵਾਨ ਸਨ। ਉਹ ਕੈਨੇਡਾ ’ਚ ਛਪਦੇ ਹਫਤਾਵਾਰੀ ਅਖ਼ਬਾਰ ਚੜ੍ਹਦੀ ਕਲਾ ਦੇ ਵੀ ਮੁੱਖ ਸੰਪਾਦਕ ਰਹੇ। ਸਰਦਾਰ ਬੈਂਸ ਨੂੰ ਭਾਰਤ, ਪਾਕਿਸਤਾਨ, ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਹੋਰ ਕਈ ਦੇਸ਼ਾਂ ਵਿੱਚ ਅਨੇਕਾਂ ਮਾਣ-ਸਨਮਾਣ ਮਿਲੇ। ਉਹ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਮੋਢੀਆਂ ਵਿਚੋਂ ਪ੍ਰਮੁੱਖ ਸਨ ਅਤੇ ਲੰਮਾ ਸਮਾਂ ਇਸ ਦੇ ਪ੍ਰਧਾਨ ਵੀ ਰਹੇ।
ਸਰਦਾਰ ਹਰਭਜਨ ਸਿੰਘ ਬੈਂਸ ਆਪਣੇ ਪਿੱਛੇ ਤਿੰਨ ਸਪੁੱਤਰ ਹਰਿੰਦਰਪਾਲ ਸਿੰਘ ਬੈਂਸ, ਗਗਨਦੀਪ ਸਿੰਘ ਬੈਂਸ, ਗੁਰਿੰਦਰ ਸਿੰਘ ਬੈਂਸ, ਬੇਟੀ ਰਵਿੰਦਰ ਕੌਰ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਹੱਸਦਾ-ਵੱਸਦਾ ਪਰਿਵਾਰ ਛੱਡ ਗਏ।
ਪ੍ਰੋਢ ਕਾਵਿਕ ਸੂਝ, ਗੂੜ੍ਹੇ ਚਿੰਤਨ ਅਤੇ ਮਾਨਵੀ ਕਦਰਾਂ ਕੀਮਤਾਂ ਦੇ ਧਾਰਨੀ ਸ: ਹਰਭਜਨ ਸਿੰਘ ਬੈਂਸ ਇੱਕ ਉਸਤਾਦ ਗ਼ਜ਼ਲ-ਗੋਅ ਸਨ। ਉਹ ਪੰਜਾਬੀ ਜਗਤ ਦੀ ਝੋਲੀ ਵਿੱਚ ਕੱਲ੍ਹੀ ਨਾ ਕਲਮ ਸਮਝੋ, ਜ਼ਿੰਦਗੀ ਵਿਲਪ ਕਰੇ, ਮਹਿਕ ਜਹੀ ਮੁਸਕਾਨ, ਮਕਤਲ ਅੰਦਰ ਰਹਿਣ ਵਿਚਾਰ, ਤਜੀ ਮੇਘਲੇ ਤਾਸੀਰ,ਅੰਤਰ ਨਾਦ ਤੇ ਮਿੱਟੀ ਦੀ ਡਲੀ ਨਾਮ ਹੇਠ ਸੱਤ ਗ਼ਜ਼ਲ ਸੰਗ੍ਰਹਿ ਪਾ ਗਏ ਹਨ।
-ਗੁਰਭਜਨ ਗਿੱਲ