Punjabi Poetry : Gurwinder Chaak
ਪੰਜਾਬੀ ਕਵਿਤਾਵਾਂ : ਗੁਰਵਿੰਦਰ ਚਾਕ
ਸ਼ਾਲਾ ! ਸ਼ਾਨਾਂ ਉੱਚੀਆਂ ਰਹਿਣ ਪੰਜਾਬ ਦੀਆਂ
ਚੁੱਲ੍ਹਿਆਂ ਦੇ ਵਿੱਚ ਬਲ਼ਦੀਆਂ ਅੱਗਾਂ ਰਹਿਣ ਸਦਾ ਸਿਰੀਂ ਸਲਾਮਤ ਸਭ ਦੇ ਪੱਗਾਂ ਰਹਿਣ ਸਦਾ ਦੂਰ-ਦੂਰ ਤੱਕ ਮਹਿਕਾਂ ਜਾਣ ਗੁਲਾਬ ਦੀਆਂ ਸ਼ਾਲਾ ! ਸ਼ਾਨਾਂ ਉੱਚੀਆਂ ਰਹਿਣ ਪੰਜਾਬ ਦੀਆਂ ਰਾਵੀ ਘੁੱਟ ਗਲ਼ਵਕੜੀਆਂ ਪਾਵੇ ਸਤਲੁਜ ਨੂੰ ਜਿਹਲਮ 'ਵਾਜਾਂ ਮਾਰ ਬੁਲਾਵੇ ਸਤਲੁਜ ਨੂੰ ਨਾਲ਼ ਠਾਠ ਦੇ ਠਾਠਾਂ ਵੱਜਣ ਚਨਾਬ ਦੀਆਂ ਸ਼ਾਲਾ ! ਸ਼ਾਨਾਂ ਉੱਚੀਆਂ ਰਹਿਣ ਪੰਜਾਬ ਦੀਆਂ ਵਾਰਿਸ, ਬਾਹੂ, ਬੁੱਲ੍ਹੇ ਜੰਮਣ ਮੁੜ੍ਹ-ਮੁੜ੍ਹ ਕੇ ਭਗਤ, ਸਰਾਭੇ, ਦੁੱਲ੍ਹੇ ਜੰਮਣ ਮੁੜ੍ਹ-ਮੁੜ੍ਹ ਕੇ ਸਹਿਣ ਨਾ ਜਿਹੜੇ ਤੜੀਆਂ ਕਿਸੇ ਨਵਾਬ ਦੀਆਂ ਸ਼ਾਲਾ ! ਸ਼ਾਨਾਂ ਉੱਚੀਆਂ ਰਹਿਣ ਪੰਜਾਬ ਦੀਆਂ ਅੰਮ੍ਰਿਤ ਵੇਲ਼ੇ ਗੂੰਜੇ ਬਾਣੀ ਨਾਨਕ ਦੀ ਸਭ ਦੇ ਹੰਝੂ ਪੂੰਝੇ ਬਾਣੀ ਨਾਨਕ ਦੀ ਕੰਨਾਂ ਵਿੱਚ ਰਸ ਘੋਲਣ ਸੁਰਾਂ ਰਬਾਬ ਦੀਆਂ ਸ਼ਾਲਾ ! ਸ਼ਾਨਾਂ ਉੱਚੀਆਂ ਰਹਿਣ ਪੰਜਾਬ ਦੀਆਂ ਕਰੀਏ ਸਿਰ ਤੋਂ ਦੂਰ ਬਲ਼ਾਵਾਂ ਰਲ਼ਮਿਲ਼ ਕੇ ਆਓ ਸਾਰੇ ਕਰੋ ਦੁਆਵਾਂ ਰਲ਼ਮਿਲ਼ ਕੇ ਕਿ ਜਾਣ ਉਡਾਣਾਂ ਅੰਬਰਾਂ ਤਾਈਂ ਉਕਾਬ ਦੀਆਂ ਸ਼ਾਲਾ ! ਸ਼ਾਨਾਂ ਉੱਚੀਆਂ ਰਹਿਣ ਪੰਜਾਬ ਦੀਆਂ
ਨਾ ਮੈਂ ਖਾਣ ਜੋਗਾ, ਨਾ ਕੁਝ ਪੀਣ ਜੋਗਾ
ਨਾ ਮੈਂ ਖਾਣ ਜੋਗਾ, ਨਾ ਕੁਝ ਪੀਣ ਜੋਗਾ ਜੀਣ ਜੋਗੇ ਨਾ ਛੱਡਿਆ ਜੀਣ ਜੋਗਾ ਦਾਣੇ ਸੋਚ ਦੇ ਜ਼ਿਹਨ ਦੇ ਛੱਜ ਪਾ ਕੇ ਦਿਲ ਰਹਿ ਗਿਆ ਬਸ ਹੁਣ ਪੀਣ੍ਹ ਜੋਗਾ ਫਤੂਹੀ ਜਿੰਦ ਦੀ ਉੱਧੜ੍ਹੀ ਥਾਂ ਥਾਂ ਤੋਂ ਨਾ ਮੈਂ ਲਾੳ੍ਹੁਣ ਜੋਗਾ, ਨਾ ਮੈਂ ਸੀਣ ਜੋਗਾ ਅੱਖਾਂ ਗਲ਼ ਗਈਆਂ ਰੋ ਰੋ ਯਾਰ ਤਾਈਂ ਫਿਰ ਕਦੇ ਨਹੀਂ ਥੀਵਿਆ, ਥੀਣ ਜੋਗਾ
ਚੁਬਾਰੇ ਚੜ੍ਹ ਕੇ ਤੱਕਦਾ ਏਂ
ਚੁਬਾਰੇ ਚੜ੍ਹ ਕੇ ਤੱਕਦਾ ਏਂ ਕਿ ਢਾਰੇ ਕਿਸ ਤਰ੍ਹਾਂ ਦੇ ਨੇ ਤੂੰ ਭੁੰਜੇ ਆਣ ਕੇ ਵੇਖੀ ਵਿਚਾਰੇ ਕਿਸ ਤਰ੍ਹਾਂ ਦੇ ਨੇ ਬਰਾਬਰ ਫਸਲ ਨਾ ਉੱਗੀ ਤੇਰੇ ਖੇਤੀਂ ਮੇਰੇ ਮੌਲਾ ਤੂੰ ਇਸ ਧਰਤੀ ‘ਤੇ ਆਦਮ-ਬੀਅ ਖਿਲਾਰੇ ਕਿਸ ਤਰ੍ਹਾਂ ਦੇ ਨੇ ਨਹੀਂ ਹੈ ਨੂਰ ਇਹਨਾਂ ਵਿੱਚ ਬੜੇ ਖਾਮੋਸ਼ ਥੀਂਦੇ ਹਨ ਮੇਰੀ ਕਿਸਮਤ ਦੇ ਪੰਡਿਤ ਜੀ ਸਿਤਾਰੇ ਕਿਸ ਤਰ੍ਹਾਂ ਦੇ ਨੇ ਪਰਾਤੋਂ ਬੁੜ੍ਹਕਦਾ ਆਟਾ ਤੇ ਛਿੱਕਾਂ ਆਉਂਦੀਆਂ ਮੁੜ੍ਹ ਮੁੜ੍ਹ ਇਹ ਤੇਰੀ ਯਾਦ ਦੇ ਸੱਜਣਾ ਇਸ਼ਾਰੇ ਕਿਸ ਤਰ੍ਹਾਂ ਦੇ ਨੇ ਮੇਰੀ ਝੋਲੀ ‘ਚ ਪਾਏ ਨੇ ਤੁਸਾਂ ਜੋ ਸ਼ਗਨ ਕਹਿ ਕਹਿ ਕੇ ਇਹ ਠੂਠੀ ਕਿਸ ਤਰ੍ਹਾਂ ਦੀ ਹੈ, ਛੁਹਾਰੇ ਕਿਸ ਤਰ੍ਹਾਂ ਦੇ ਨੇ ਭਰੋਸਾ ਕਰਕੇ ਜੋ ਤੇਰੇ ਹਵਾਲੇ ਕੀਤੇ ਸਨ ਬੂਟੇ ਜ਼ਰਾ ਦੱਸੀਂ ਇਨ੍ਹਾਂ ਬਾਰੇ, ਬਹਾਰੇ, ਕਿਸ ਤਰ੍ਹਾਂ ਦੇ ਨੇ
ਨਿਕਲ਼ੋ ਜ਼ਰਾ ਘਰਾਂ ‘ਚੋਂ, ਮਾਰੋ ਨਜ਼ਰ ਚੁਫੇਰੇ
ਨਿਕਲ਼ੋ ਜ਼ਰਾ ਘਰਾਂ ‘ਚੋਂ, ਮਾਰੋ ਨਜ਼ਰ ਚੁਫੇਰੇ ਮਹਿਲਾਂ ‘ਚ ਦਿਨ ਹੈ ਰਾਤੀਂ, ਛੰਨਾਂ ‘ਚ ਦਿਨ ਹਨੇਰੇ ਦੰਗੇ-ਫ਼ਸਾਦ, ਨਫ਼ਰਤ, ਜੰਗਾਂ, ਲੜਾਈ, ਝਗੜੇ ਕਰ ਗਏ ਨੇ ਨਾਮ ਸਾਡੇ ਇਹ ਸੰਪਤੀ ਵਡੇਰੇ ਸੋਚੇ! ਉਡਾਰੀ ਉੱਚੀ, ਮਾਰੀ ਜੇ ਭੁੱਲ ਕੇ ਤੂੰ ਇਹ ਤੰਗ ਸੋਚ ਮਜ਼ਹਬ ਕੱਟਣਗੇ ਖੰਭ ਤੇਰੇ ਪਾ ਕੇ ਪੁਸ਼ਾਕ ਚਿੱਟੀ, ਕਰਦੇ ਨੇ ਕੰਮ ਕਾਲ਼ੇ ਸਾਧਾਂ ਦਾ ਭੇਸ ਧਾਰੀ ਫਿਰਦੇ ਨੇ ਹੁਣ ਲੁਟੇਰੇ ਬੱਦਲਾ ਵਰ੍ਹੀਂ ਥਲਾਂ ‘ਤੇ, ਵਰ੍ਹ ਨਾ ਤੂੰ ਦਲਦਲਾਂ ‘ਤੇ ਜਿੱਥੇ ਜ਼ਰੂਰਤਾਂ ਨੇ ਉੱਥੇ ਹੀ ਕਰ ਵਸੇਰੇ ਸਾਨੂੰ ਪਤਾ ਏ ਰੁਕਿਆਂ ਪੱਕੀ ਹੈ ਮੌਤ ਸਭ ਦੀ ਚੰਗਾ ਹੈ ਕਾਫ਼ਲਾ ਜੇ ਵਧਦਾ ਰਹੇ ਅਗੇਰੇ ਤੋਕੜ ਹੈ ਜ਼ਿੰਦਗੀ ਜੇ ਖਿਝਿਆ ਨਾ ਕਰ ਤੂੰ ਐਵੇਂ ਨਾ ‘ਚਾਕ’ ਹਾਰ ਹਿੰਮਤ ਦਿਨ ਆਉਣਗੇ ਲਵੇਰੇ
ਮਹਿਫ਼ਿਲ ‘ਚ ਕਹੇ ਜੋ ਤੂੰ ਲੋਕਾਂ ਤੋਂ ਸੁਣੇ ਹੋਏ
ਮਹਿਫ਼ਿਲ ‘ਚ ਕਹੇ ਜੋ ਤੂੰ ਲੋਕਾਂ ਤੋਂ ਸੁਣੇ ਹੋਏ ਉਹ ਬੋਲ ਤੇਰੇ ਹੁਣ ਵੀ ਸੀਨੇ ‘ਤੇ ਖੁਣੇ ਹੋਏ ਰਾਤਾਂ ਨੂੰ ਉਹ ਲੋਕਾਂ ਦਾ ਪੀਂਦੇ ਨੇ ਲਹੂ ਬੰਦੇ ਦਿਨ ਵਕਤ ਜੋ ਪਾਣੀ ਵੀ ਪੀਂਦੇ ਨੇ ਪੁਣੇ ਹੋਏ ‘ਵਾ ਹਾਂ, ਨਾ ਹਾਂ ਪੰਛੀ, ਮੈਂਨੂੰ ਕੈਦ ਕਰਨ ਵਾਲੀ ਨਾ ਜੇਲ੍ਹ ਬਣੀ ਹਾਲੇ, ਨਾ ਜਾਲ ਉਣੇ ਹੋਏ ਐ ਮੌਤ ਤੇਰੇ ਅੱਗੇ ਮੈਂ ਝੁਕਣ ਨਹੀਂ ਲੱਗਾ ਜੋ ਨਾਲ਼ ਮੇਰੇ ਹੋਣਾ, ਚਾਹਵਾਂ ਕਿ ਹੁਣੇ ਹੋਏ ਸਭ ਖ਼ਾਬ ਅਸਾਡੇ ਉਹ ਨੀਹਾਂ ‘ਚ ਨੇ ਚਿਣ ਦੇਂਦੇ ਖ਼ੁਦ ‘ਚਾਕ’ ਅਸਾਂ ਜਿਹੜੇ ਨੇਤਾ ਨੇ ਚੁਣੇ ਹੋਏ
ਚੰਨ, ਸੂਰਜ, ਚਿਰਾਗ਼ ਹੁੰਦੇ ਨੇ
ਚੰਨ, ਸੂਰਜ, ਚਿਰਾਗ਼ ਹੁੰਦੇ ਨੇ ਉਹ, ਜੋ ਰੌਸ਼ਨ ਦਿਮਾਗ਼ ਹੁੰਦੇ ਨੇ ਜੋ ਸਿਆਸੀ ਦਿਮਾਗ਼ ਹੁੰਦੇ ਨੇ ਸਭ ਦੇ ਦਾਮਨ ‘ਤੇ ਦਾਗ਼ ਹੁੰਦੇ ਨੇ ਬਾਗ਼ ਦਿਲ ਦਾ ਉਜਾੜ ਕੇ ਲੋਕੀਂ ਕਿਉਂ ਭਲਾ ਬਾਗ਼ ਬਾਗ਼ ਹੁੰਦੇ ਨੇ ਜ਼ਿੰਦਗੀ ਦੇ ਸਫ਼ਰ ਦਾ ਹਾਸਿਲ ਹਨ ਜੋ ਵੀ ਇਸ ਦਿਲ ਦੇ ਦਾਗ਼ ਹੁੰਦੇ ਨੇ ਕੌਣ ਕਰਦੈ ਕਤਲ ਚਿੜੀਆਂ ਨੂੰ ਮਾਲੀਆਂ ਨੂੰ ਸੁਰਾਗ਼ ਹੁੰਦੇ ਨੇ ਸਾਰੇ ਚਿਹਰੇ ਤੇ ਉਭਰ ਆਉਂਦੇ ਹਨ ਦਿਲ ‘ਤੇ ਜਿੰਨੇ ਵੀ ਦਾਗ਼ ਹੁੰਦੇ ਨੇ ਨੂਰ ਵੰਡਣ ਉਹ ‘ਚਾਕ’ ਲੋਕਾਂ ਨੂੰ ਦਿਲ ਜਿਨ੍ਹਾਂ ਦੇ ਚਿਰਾਗ਼ ਹੁੰਦੇ ਨੇ
ਘਰਾਂ ਦੇ ਹਰ ਬਨੇਰੇ ਤੋਂ
ਘਰਾਂ ਦੇ ਹਰ ਬਨੇਰੇ ਤੋਂ ਬੜਾ ਹੀ ਨੂਰ ਆਉਣਾ ਸੀ ਸਿਰਾਂ ਦੇ ਦੀਵਿਆਂ ਅੰਦਰ ਇਲਮ ਦਾ ਤੇਲ ਪਾਉਣਾ ਸੀ ਕਿਵੇਂ ਨਾ ਪਿੱਘਲਦੇ ਪੱਥਰ, ਅਰਸ਼ ਤੋਂ ਬਰਸਦਾ ਪਾਣੀ ਸਮੇਂ ਦੇ ਰਾਗ ਨੂੰ ਗਾਇਕੋ, ਸਮੇਂ ਦੇ ਨਾਲ਼ ਗਾਉਣਾ ਸੀ ਧਰਮ, ਮਜ਼ਹਬ, ਜਮਾਤਾਂ, ਜ਼ਾਤ, ਨਸਲਾਂ ਹੋਰ ਕੀ ਕੀ ਕੁਝ ਪਛਾਣਾਂ ਵਾਸਤੇ ਬੰਦੇ ਨੇ ਨਾਂ ਦੇ ਨਾਲ਼ ਲਾਉਣਾ ਸੀ ਏਦੋਂ ਪਹਿਲਾਂ ਕਿ ਸਾਡੇ ਚੁੱਲ੍ਹਿਆਂ ਵਿੱਚ ਘਾਹ ਉੱਗ ਆਉਂਦਾ ਭਲੇ ਲੋਕੋ ਗਲ਼ੀ ਵਿੱਚ ਸਾਂਝ ਦਾ ਤੰਦੂਰ ਤਾਉਣਾ ਸੀ ਨੀ ਹੀਰੇ ਕਿਸ ਤਰ੍ਹਾਂ ਲੈ ’ਦਾਂ ਮੈਂ ਤੈਨੂੰ ਬਾਗ਼, ਫੁਲਕਾਰੀ ਬਜ਼ਾਰੋਂ ਭੈਣ ਦੀ ਖ਼ਾਤਰ ਅਜੇ ਸਾਲੂ ਲਿਆਉਣਾ ਸੀ ਤੂੰ ਅਪਣਾ ਢਾਅ ਲਿਆ ਢਾਰਾ ਕਿਸਾਨਾਂ ਖ਼ੁਦਕੁਸ਼ੀ ਕਰਕੇ ਕਿਸੇ ਜ਼ਰਦਾਰ ਦਾ ਜਾ ਕੇ ਤੂੰ ਪਹਿਲਾਂ ਮਹਿਲ ਢਾਉਣਾ ਸੀ ਅਜੇ ਤੱਕ ‘ਚਾਕ’ ਦੇ ਬੰਨ੍ਹੀ ਤੜਾਗੀ ਵੀ ਨਹੀਂ ਲੱਥੀ ਤੁਸੀਂ ਕਿਉਂ ਅਕਲ ਦਾ ਊਂਣਾ ਮੁਸ਼ਾਇਰੇ ਵਿੱਚ ਬਿਠਾਉਣਾ ਸੀ
ਵੇ ਪ੍ਰਦੇਸੀਆ
ਮਾਵਾਂ ਦੇ, ਭਰਾਵਾਂ ਦੇ, ਗਰਾਵਾਂ ਦੇ ਤੇਰੇ ਸਿਰ ਕਰਜ਼ ਬਾਕੀ ਨੇ ਤੇਰੇ ਕੁਝ ਫ਼ਰਜ਼ ਬਾਕੀ ਨੇ ਵੇ ਪ੍ਰਦੇਸੀਆ, ਵੇ ਪ੍ਰਦੇਸੀਆ ਤੈਨੂੰ ਭੈਣਾਂ ਦੀ ਸਹੁੰ ਆ ਜਾ, ਤੈਨੂੰ ਧੀਆਂ ਦੀ ਸਹੁੰ ਆ ਜਾ ਤੈਨੂੰ ਪਰਿਵਾਰ ਦੇ ਤੇਰੇ ਸਾਰੇ ਜੀਆਂ ਦੀ ਸਹੁੰ ਆ ਜਾ ਵੇ ਘਰ ਵਿੱਚ ਨਾਰ ਹੈ ਤੇਰੀ, ਵੇ ਜਿਸ ਨੂੰ ਸਾਰ ਹੈ ਤੇਰੀ ਮੇਰੇ ਸਾਈਂ, ਨਾ ਚਿਰ ਲਾਈਂ, ਤੂੰ ਮੁੜੵ ਆਈਂ, ਉਹ ਨਿੱਤ ਫ਼ਰਿਆਦ ਕਰਦੀ ਹੈ ਬੜਾ ਹੀ ਯਾਦ ਕਰਦੀ ਹੈ ਵੇ ਪ੍ਰਦੇਸੀਆ, ਵੇ ਪ੍ਰਦੇਸੀਆ ਤੈਨੂੰ ਸਾਉਣ ਸੱਦਦੇ ਨੇ, ਵੇ ਤੈਨੂੰ ਚੇਤ ਸੱਦਦੇ ਨੇ 'ਵਾਜਾਂ ਮਾਰਦਾ ਹੈ ਪਿੰਡ, ਤੈਨੂੰ ਖੇਤ ਸੱਦਦੇ ਨੇ ਤੂੰ ਜਿੱਥੇ ਲਾ ਲਿਆ ਡੇਰਾ, ਵੇ ਉਥੇ ਦੱਸ ਕੀ ਤੇਰਾ ਨਾ ਲਾ ਦੇਰੀ, ਤੂੰ ਪਾ ਫੇਰੀ, ਅਜੇ ਤੇਰੀ ਬੜੀ ਹੀ ਲੋੜ ਹੈ ਸਾਨੂੰ, ਵੇ ਤੇਰੀ ਥੋੜ੍ਹ ਹੈ ਸਾਨੂੰ ਵੇ ਪ੍ਰਦੇਸੀਆ, ਵੇ ਪ੍ਰਦੇਸੀਆ ਕੋਠੇ ਜਿੱਡੀਆਂ ਹੋਈਆਂ ਵਿਆਹਵਣਹਾਰ ਨੇ ਭੈਣਾਂ ਕਿੰਨਾ ਚਿਰ ਬਾਬਲੇ ਦੇ ਘਰ ਇਨ੍ਹਾਂ ਨੇ ਬੈਠੀਆਂ ਰਹਿਣਾ ਵੇ ਪੁੱਟੀਂ ਪੈਰ ਤੂੰ ਛੋਹਲ਼ੇ, ਤੇ ਆ ਕੇ ਤੋਰ ਦੇ ਡੋਲ਼ੇ ਉਹ ਸਾਰੀ ਰੈਣ, ਭਰ ਭਰ ਨੈਣ, ਰੋਂਦੀਆਂ ਰਹਿਣ ਤੈਨੂੰ ਯਾਦ ਕਰ ਕਰ ਕੇ, ਤੇਰੀ ਤਸਵੀਰ ਫੜ੍ਹ ਫੜ੍ਹ ਕੇ ਵੇ ਪ੍ਰਦੇਸੀਆ, ਵੇ ਪ੍ਰਦੇਸੀਆ ਤੈਨੂੰ 'ਗੁਰਵਿੰਦਰਾ' ਸਭ ਤੇਰੇ ਹਾਣੀ ਯਾਦ ਕਰਦੇ ਨੇ ਵੇ ਕੱਚੇ ਦੁੱਧ ਤੋਂ ਵੱਧ ਮਿੱਠੇ ਪਾਣੀ ਯਾਦ ਕਰਦੇ ਨੇ ਮੁਹਾਰਾਂ ਮੋੜ ਵਤਨਾਂ ਨੂੰ, ਵੇ ਤੇਰੀ ਲੋੜ ਵਤਨਾਂ ਨੂੰ ਮੇਰੇ ਪਿਆਰੇ, ਸਦਾ ਸਾਰੇ, ਤੇਰੇ ਬਾਰੇ, ਇਹ ਸਾਨੂੰ ਪੁੱਛ ਦੇ ਰਹਿੰਦੇ, ਕਦੋਂ ਆਉਣਾ ਏਂ ਉਹ ਕਹਿੰਦੇ ਵੇ ਪ੍ਰਦੇਸੀਆ, ਵੇ ਪ੍ਰਦੇਸੀਆ
ਲਹਿੰਦੇ ਵੱਲੋਂ ਚੜ੍ਹਦਾ ਸੂਰਜ ਵੇਖੋਗੇ
ਲਹਿੰਦੇ ਵੱਲੋਂ ਚੜ੍ਹਦਾ ਸੂਰਜ ਵੇਖੋਗੇ ਨਾਲ਼ ਹਨੇਰੇ ਲੜਦਾ ਸੂਰਜ ਵੇਖੋਗੇ ਕਾਲ਼ੀਆਂ ਬੋਲ਼ੀਆਂ ਰਾਤਾਂ, ਧੁੰਦ, ਤੁਫ਼ਾਨਾਂ ਤੇ ਬੱਦਲ਼ਾਂ ਅੱਗੇ ਅੜਦਾ ਸੂਰਜ ਵੇਖੋਗੇ ਹੋ ਜਾਣਾ ਹੈ ਚਾਨਣ ਵਿਹੜੇ ਵਿਹੜੇ ਵਿੱਚ ਠੱਠੀਆਂ ਦੇ ਵਿੱਚ ਵੜਦਾ ਸੂਰਜ ਵੇਖੋਗੇ ਜਦ ਜੁਗਨੂੰਆਂ ਰੌਸ਼ਨ ਕੀਤਾ ਰਾਹਾਂ ਨੂੰ ਸਾੜੇ ਦੇ ਵਿੱਚ ਸੜਦਾ ਸੂਰਜ ਵੇਖੋਗੇ ਹਾਲਾਤਾਂ ਦੇ ਚੁੰਭੇ ਉੱਤੇ, ਅਕਲਾਂ ਦਾ ਗੁੜ੍ਹ ਦੇ ਵਾਂਙੂੰ ਕੜ੍ਹਦਾ, ਸੂਰਜ ਵੇਖੋਗੇ ਠਰਿਆਂ ਹੋਇਆਂ ਜੁੱਸਿਆਂ ਨੂੰ ਨਿੱਘ ਦੇਣ ਲਈ ਬੁੱਕਲ਼ਾਂ ਦੇ ਵਿੱਚ ਵੜਦਾ ਸੂਰਜ ਵੇਖੋਗੇ ‘ਚਾਕ’ ਦੇ ਅੱਗੇ ਜੁਗਨੂੰ, ਚੰਨ, ਸਿਤਾਰੇ ਕੀ ਊਂਧੀ ਪਾ ਕੇ ਖੜਦਾ ਸੂਰਜ ਵੇਖੋਗੇ
ਵਗ ਰਹੀ ਹੈ ‘ਵਾ ਨਖੱਤੀ ਦੇਰ ਤੋਂ
ਵਗ ਰਹੀ ਹੈ ‘ਵਾ ਨਖੱਤੀ ਦੇਰ ਤੋਂ ਜਗ ਰਹੀ ਹੈ ਮੋਮਬੱਤੀ ਦੇਰ ਤੋਂ ਜ਼ਿੰਦਗੀ ਵੱਤੀ - ਕੁਪੱਤੀ, ਦੇਰ ਤੋਂ ਹੋ ਰਹੀ ਹੈ ਔਖੀ-ਤੱਤੀ ਦੇਰ ਤੋਂ ਦੇਰ ਤੋਂ ਗੱਲਾਂ ਕਰੇਂਦੀਏ ਗੋਰੀਏ ਤੂੰ ਕੋਈ ਪੂਣੀ ਨਾ ਕੱਤੀ ਦੇਰ ਤੋਂ ਵਸਲ ਦੀ ਬਾਰਿਸ਼ ਦੀ ਕਰਦੀ ਹੈ ਉਡੀਕ ਔੜ ਮਾਰੀ ਦਿਲ ਦੀ ਖੱਤੀ ਦੇਰ ਤੋਂ ਦਿਲ ਦੀ ਦਰਗਾਹੇ ਕਿਸੇ ਦੀ ਯਾਦ ਦੀ ਧੁਖ ਰਹੀ ਹੈ ਅਗਰਬੱਤੀ ਦੇਰ ਤੋਂ ਇੱਕ ਜਨਮ ਦੀ ਗੱਲ ਨਈਂ ਵੇ ਬਾਬਲਾ ‘ਚਾਕ’ ਦੇ ਹਾਂ ਰੰਗ ਰੱਤੀ ਦੇਰ ਤੋਂ
ਦੀਵੇ ਜਗਾਈਏ ਦੋਸਤੋ
ਵੇਖਾਂ ਹਟਕੋਰੇ ਭਰਦੀਆਂ ਤੇ ਪੋਹਾਂ ਦੇ ਵਿੱਚ ਠਰਦੀਆਂ ਸਿਰੋਂ ਪੈਰੋਂ ਜੋ ਨੰਗੀਆਂ ਨਾ ਵਾਲ਼ਾਂ ਦੇ ਵਿੱਚ ਕੰਘੀਆਂ ਹਿੱਕੜੀ ‘ਚ ਲੱਖਾਂ ਦਰਦ ਨੇ ਏਸੇ ਲਈ ਚਿਹਰੇ ਜ਼ਰਦ ਨੇ ਇਹ ਝੁੱਗੀਆਂ ਦੀ ਬਾਤ ਹੈ ਜਿੱਥੇ ਹਮੇਸ਼ਾ ਰਾਤ ਹੈ ਆਓ ਹਨੇਰੀ ਰਾਤ ਵਿੱਚ ਦੀਵੇ ਜਗਾਈਏ ਦੋਸਤੋ ਸੂਰਜ ਚੜ੍ਹਾਈਏ ਦੋਸਤੋ ਪੁੰਨਿਆਂ ‘ਚ, ਮੱਸਿਆ ਬਦਲੀਏ ਹਟ ਚੰਨ ਅੱਗਿਉਂ ਬਦਲ਼ੀਏ ਚੰਨੇ ਦੀ ਡੋਡੀ ਖਿੜਨ ਦੇ ਖੂਹ ਚਾਨਣੀ ਦਾ ਗਿੜਨ ਦੇ ਚਿਰ ਤੋਂ ਤਿਹਾਏ ਲੋਕ ਨੇ ਛੰਨਾਂ ਦੇ ਜਾਏ ਲੋਕ ਨੇ ਜਿੱਥੇ ਹੈ ਝੁਰਮਟ ਬੋਲਦਾ ਨਾ ਨੂਰ ਹੈ ਪਰ ਤੋਲਦਾ ਆਓ ਪਰਿੰਦਾ ਨੂਰ ਦਾ ਅੰਬਰੀਂ ਉਡਾਈਏ ਦੋਸਤੋ ਨ੍ਹੇਰਾ ਭਜਾਈਏ ਦੋਸਤੋ ਸੋਚਾਂ ਵੀ ਨਜ਼ਰਬੰਦ ਨੇ ਧਰਮਾਂ ਦੇ ਪਾਏ ਫੰਧ ਨੇ ਪੈਂਖੜ ਹੈ ਪੈਰੀਂ ਅਕਲ ਦੇ ਪੈਰਾਂ ‘ਚ ਪੱਗਾਂ ਮਸਲਦੇ ਲੰਘਣ ਸ਼ਾਹਾਂ ਦੇ ਕਾਫ਼ਲੇ ਉੱਠ ਜਾਗ ਕੌਮੇਂ ਗ਼ਾਫ਼ਲੇ ‘ਪੁੰਨੂੰ’ ਅਸਾਡੀ ਕਿਰਤ ਦਾ ਅਗ਼ਵਾ ਕੀਤਾ ਜਾ ਰਿਹਾ ‘ਹੋਤਾਂ’ ਤੋਂ, ਆਓ ਆਪਣਾ ਪੁੰਨੂੰ ਛੁਡਾਈਏ ਦੋਸਤੋ ਸੱਸੀ ਬਚਾਈਏ ਦੋਸਤੋ ਇਹ ਰੂੜੀਆਂ ਹੈ ਫੋਲਦਾ ਖੌਰ੍ਹੇ ਹੈ ਜ਼ਿੰਦਗੀ ਟੋਲਦਾ ਬਚਪਨ ਅਸਾਡੇ ਹਿੰਦ ਦਾ ਗੁਲਸ਼ਨ ਅਸਾਡੇ ਹਿੰਦ ਦਾ ਬਰਬਾਦ ਕੀਤਾ ਜਾ ਰਿਹਾ ਬੁੱਲ੍ਹਾਂ ਨੂੰ ਸੀਤਾ ਜਾ ਰਿਹਾ ਕਿ ਪਾਵਣ ਨਾ ਬੋਲੀ ਹੱਕ ਦੀ ਅਸੀਂ ਕੈਦ ਵਿੱਚ ਹਾਂ ਸ਼ੱਕ ਦੀ ਦੱਸੋ ਕਿਵੇਂ ਫਿਰ ਵਤਨੀਉਂ ਖ਼ੁਸ਼ੀਆਂ ਮਨਾਈਏ ਦੋਸਤੋ ? ਤੇ ਸੋਹਿਲੇ ਗਾਈਏ ਦੋਸਤੋ ?
ਸਾਵਾਂ ਸਾਵਾਂ ਤੋਲਣ ‘ਤੇ ਪਾਬੰਦੀ ਹੈ
ਸਾਵਾਂ ਸਾਵਾਂ ਤੋਲਣ ‘ਤੇ ਪਾਬੰਦੀ ਹੈ ਬੋਲੀ ਨਾ ਤੂੰ ਬੋਲਣ ‘ਤੇ ਪਾਬੰਦੀ ਹੈ ਜਬਰ ਜ਼ੁਲਮ ਨੂੰ ਜਰਨਾ ਪੈਂਦਾ ਹੱਸ ਹੱਸ ਕੇ ਅੱਖੋਂ ਹੰਝੂ ਡੋਲ੍ਹਣ ‘ਤੇ ਪਾਬੰਦੀ ਹੈ ਦਿਲ ਦੀਆਂ ਦਿਲ ਵਿੱਚ ਲੈ ਕੇ ਏਥੋਂ ਤੁਰ ਜਾਓ ਦਿਲ ਦੀਆਂ ਏਥੇ ਫੋਲਣ ‘ਤੇ ਪਾਬੰਦੀ ਹੈ ਇਲਮ ਦੇ ਦੀਵੇ ਰੌਸ਼ਨ ਕਰਨ ‘ਤੇ ਰੋਕਾਂ ਨੇ ਅਕਲ ਦੀ ਖਿੜਕੀ ਖੋਲ੍ਹਣ ‘ਤੇ ਪਾਬੰਦੀ ਹੈ ਚਾਰ-ਚੁਫੇਰਾ ਬਦਬੂਦਾਰ ਬਣਾ ਲਓ, ਪਰ ਮਹਿਕ ਫ਼ਜ਼ਾ ਵਿੱਚ ਘੋਲਣ ‘ਤੇ ਪਾਬੰਦੀ ਹੈ
ਖਵਰੈ ਇਹ ਕਿਉਂ ਨਖੱਤੀਆਂ
ਖਵਰੈ ਇਹ ਕਿਉਂ ਨਖੱਤੀਆਂ ਵਾਵਾਂ ਵਗੇਂਦੀਆਂ ਤੱਤੀਆਂ ਸੜਦੇ ਸੀ ਮੂੰਹ ਕੂਲ਼ੇ ਜਹੇ ਸਭ ਲੋਕ ਸਨ ਵੇਂਹਦੇ ਰਹੇ ਸੜੀਆਂ ਜਦੋਂ ਫੁੱਲ ਪੱਤੀਆਂ ….. ਬਲ਼ਦਾ ਸਿਵਾ ਹਰ ਪਹਿਰ ਹੈ ਇਹ ਕਿਸ ਤਰ੍ਹਾਂ ਦਾ ਸ਼ਹਿਰ ਹੈ ਪੌਣਾਂ ‘ਚ ਘੁਲ਼ਿਆ ਜ਼ਹਿਰ ਹੈ ਅੰਬਰਾਂ ਤੇ ਛਾਈ ਗਹਿਰ ਹੈ ਛਾਈਆਂ ਨੇ ਕਿਉਂ ਬਦਲੋਟੀਆਂ ਲੋਕਾਂ ਦੀ ਰੱਤ ‘ਚ ਰੱਤੀਆਂ …. ਬੁੱਝੀਏ ਕਿਵੇਂ ਬੁਝਾਰਤਾਂ ਹਰ ਜ਼ਿਹਨ ਦੇ ਵਿੱਚ ਸ਼ਰਾਰਤਾਂ ਨਾ ਦਿਲਾਂ ਦੇ ਵਿੱਚ ਹਰਾਰਤਾਂ ਬਣ ਗਏ ਬਦਨ ਇਮਾਰਤਾਂ ਹੋ ਗਏ ਮੁਰੱਬੇ ਦਿਲਾਂ ਦੇ ਕਿਉਂ ਨਿੱਕੀਆਂ ਨਿੱਕੀਆਂ ਖੱਤੀਆਂ … ਰੱਬ ਕਰਕੇ ਹੋਵਣ ਰੰਡੀਆਂ ਪਿੱਟਣ ਖਿਲਾਰ ਕੇ ਫੰਡੀਆਂ ਇਹ ਭੈੜੀਆਂ ਮੁਸ਼ਟੰਡੀਆਂ ਪਾਈਆਂ ਜਿਨ੍ਹਾਂ ਨੇ ਵੰਡੀਆਂ ਪਿੱਟਣ ਦੁਹੱਥੜ ਮਾਰ ਕੇ ਇਹ ਸ਼ੂਹਕੀਆਂ, ਇਹ ਵੱਤੀਆਂ…
ਲਾਚੇ ਬੰਨ੍ਹ ਕੇ ਸਿਰਾਂ ‘ਤੇ
ਲਾਚੇ ਬੰਨ੍ਹ ਕੇ ਸਿਰਾਂ ‘ਤੇ ਪੱਗਾਂ ਬੰਨ੍ਹ ਕੇ ਤੇੜ ਦਾਨੇ ਬੀਨੇ ਕਰ ਰਹੇ ਪਰ੍ਹਿਆਂ ਦੇ ਵਿੱਚ ਭੇੜ ਉਲਟ ਜ਼ਮਾਨਾ ਆ ਗਿਆ ਪੁੱਠਾ ਚੱਲ ਪਿਆ ਗੇੜ ਮੁਨਕਰ ਛਾਂਵਾਂ ਦੇਣ ਤੋਂ ਹੱਥੀਂ ਲਾਏ ਪੇੜ ਪਹਿਲਾਂ ਡਾਂਗਾਂ ਮਾਰ ਕੇ ਪੰਗਾ ਲਿਆ ਸਹੇੜ ਹੁਣ ਨਈਂ ਹੋਣਾ ਦਿੱਲੀਏ ਤੇਰਾ ਸਾਡਾ ਨੇੜ ਸੁੱਘੜ ਅੰਦਰੀਂ ਵੜ ਗਏ ਲਏ ਦਰਵਾਜ਼ੇ ਭੇੜ ਗਲੀਆਂ ਦੇ ਵਿੱਚ ਘੁੰਮਦੀ ਬੇਸਿਰਿਆਂ ਦੀ ਹੇੜ ਰਾਗ ਪੁਰਾਣੇ ਗਾ ਨਾ ਨਵੀਆਂ ਤਰਜ਼ਾਂ ਛੇੜ ਦੁਨੀਆ ਕਿੱਥੇ ਪਹੁੰਚ ਗਈ ਅੱਖਾਂ ਜ਼ਰਾ ਉਘੇੜ ਸੱਸੇ ਸੁੱਘੜ ਸਿਆਣੀਏ ਇਹ ਨੂੰਹ ਕਿਉਂ ਲਈ ਸਹੇੜ ਲੈੰਦੀ ਲੈੰਦੀ ਬੁਰਕੀਆਂ ਜਿਸ ਸੁੱਭਰ ਲਿਆ ਲਬੇੜ ਜੱਟ ਵਿਚਾਰੇ ‘ਚਾਕ ਜੀ’ ਵੱਟਦੇ ਰਹਿ ਗਏ ਬੇੜ ਭਰਿਆ ਗੱਡਾ ਫ਼ਸਲ ਦਾ ਸੇਠ ਲੈ ਗਿਆ ਰੇੜ੍ਹ
ਦੁੱਖ-ਦਲਿੱਦਰ ਟਾਲ਼ ਟਾਲ਼ ਕੇ ਵੇਖੇ ਨੇ
ਦੁੱਖ-ਦਲਿੱਦਰ ਟਾਲ਼ ਟਾਲ਼ ਕੇ ਵੇਖੇ ਨੇ ਸੁੱਖ ਨਈਂ ਲੱਭੇ, ਭਾਲ਼ ਭਾਲ਼ ਕੇ ਵੇਖੇ ਨੇ ਉਹਦਾ ਪੱਥਰ ਦਿਲ ਤੇ ਗਿੱਲਾ ਹੋਇਆ ਨਾ ਦੀਦੇ, ਜਿਸ ਲਈ ਗਾਲ਼ ਗਾਲ਼ ਕੇ ਵੇਖੇ ਨੇ ਡੰਗ ਮਾਰਨ ਤੋਂ ਬਾਝ ਨਾ ਆਉਂਦੇ, ਫ਼ਿਤਰਤ ਹੈ ਸੱਪਾਂ ਦੇ ਪੁੱਤ ਪਾਲ਼ ਪਾਲ਼ ਕੇ ਵੇਖੇ ਨੇ ਟੇਲਾਂ ਤੀਕ ਨਕਾਲ਼ ਨਾ ਪੁੱਜਾ ਪਾਣੀ ਦਾ ਲੋਕਾਂ ਖਾਲ਼ੇ ਖਾਲ਼ ਖਾਲ਼ ਕੇ ਵੇਖੇ ਨੇ ਚੱਲੇ ਨਾ ਬਾਜ਼ਾਰ ਦੇ ਅੰਦਰ, ਭਾਵੇਂ ਮੈਂ ਖੋਟੇ ਸਿੱਕੇ ਢਾਲ਼ ਢਾਲ਼ ਕੇ ਵੇਖੇ ਨੇ ‘ਚਾਕ’ ਨੇ ਐਵੇਂ ਸਰ ਨਈਂ ਕੀਤਾ ਮੰਜ਼ਲ ਨੂੰ ਜ਼ਫ਼ਰ ਬਥੇਰੇ ਜਾਲ਼ ਜਾਲ਼ ਕੇ ਵੇਖੇ ਨੇ
ਪੈਰਾਂ ਹੇਠਾਂ ਸੁੱਟ ਕੇ ਸੂਲਾਂ
ਪੈਰਾਂ ਹੇਠਾਂ ਸੁੱਟ ਕੇ ਸੂਲਾਂ ਆਖ ਰਹੇ ਨੇ ਨੱਚ ਜਿੰਦੜੀਏ ਸੱਚ ਮੈਂ ਨਿਕਰਮਣ ਕੂ ਨਾ ਸਕਾਂ ਭਰ ਆਉਂਦਾ ਹੈ ਗੱਚ ਜਿੰਦੜੀਏ ਸੱਚ ਸੱਚ ਬੋਲਾਂ ਤਾਂ ਆਖੇ ਦੁਨੀਆਂ ਰੇੜ੍ਹ ਰਹੀ ਹੈ ਖੱਚ ਜਿੰਦੜੀਏ ਸੱਚ ਇਹ ਦੁਨੀਆਂ ਹੈ ਕਿੰਨੀ ਝੱਲੀ ਝੂਠ ਨੂੰ ਸਮਝੇ ਸੱਚ ਜਿੰਦੜੀਏ ਸੱਚ ਭਾਉਂਦੀ ਨਈਂ ਹੁਣ ਦੁਨੀਆਦਾਰੀ ਮਰ ਚੁੱਕਾ ਵਾ ਮੱਚ ਜਿੰਦੜੀਏ ਸੱਚ ਵਿਰੜ੍ਹੇ ਕਰਾਂ, ਸੁਣੇ ਨਾ ਕੋਈ ਦਿਲ ਦਾ ਭੱਜਿਆ ਕੱਚ ਜਿੰਦੜੀਏ ਸੱਚ ਕਿਸਮਤ ਨੂੰ ਪਾਵਾਂ ਬਘਿਆੜੀ ਕੱਚਾ ਸੁੱਟਦੀ ਬੱਚ ਜਿੰਦੜੀਏ ਸੱਚ ਮੂਰਖ ਲੋਕ ਸਮਝਾਵਣ ਸਾਨੂੰ ਗੱਲਾਂ ਕੱਚ-ਵਲੱਚ ਜਿੰਦੜੀਏ ਸੱਚ