ਗੁਰਵਿੰਦਰ ਸਿੰਘ ਜੌਹਲ ਪੰਜਾਬੀ ਦੇ ਨਾਮਵਰ ਕਵੀ ਹਨ। ਇਹਨਾਂ ਦਾ ਤਖ਼ੱਲਸ ਚਾਕ ਹੈ। ਇਹ ਕਾਵਿ ਜਗਤ ਵਿਚ ਗੁਰਵਿੰਦਰ ਚਾਕ ਦੇ ਨਾਂ ਨਾਲ ਜਾਣੇ ਜਾਂਦੇ ਹਨ।
ਇਹਨਾਂ ਦਾ ਜਨਮ ਸ ਗੁਰਮੀਤ ਸਿੰਘ ਜੀ ਦੇ ਘਰ ਪਿੰਡ ਵਡਾਲਾ ਜੌਹਲ ਵਿਖੇ ਹੋਇਆ। ਇਹਨਾਂ ਦੇ ਰੋਮ ਰੋਮ ਵਿੱਚ ਪਿੰਡ ਵਸਿਆ ਹੋਇਆ ਹੈ। ਇਹਨਾਂ ਨੇ ਮੁੱਢਲੀ ਸਿੱਖਿਆ ਪਿੰਡ ਤੋਂ ਹੀ ਪ੍ਰਾਪਤ ਕੀਤੀ।
ਬਚਪਨ ਤੋਂ ਹੀ ਇਹਨਾਂ ਦੀ ਰੁਚੀ ਕਵਿਤਾ ਲਿਖਣ ਵੱਲ ਸੀਂ। ਨੌਵੀਂ ਜਮਾਤ ਵਿਚ ਪੜਦਿਆਂ ਹੀ ਇਹਨਾਂ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਬੀ ਏ ਦੀ ਪੜਾਈ ਕਰਨ ਤੱਕ ਇਹਨਾਂ ਕਾਵਿ ਰਚਨਾ ਜਾਰੀ ਰੱਖੀ।
ਪੇਸ਼ੇ ਵਜੋਂ ਇਹ ਪੀ ਸੀ ਐਸ ਅਫ਼ਸਰ ਹਨ। ਇਹ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿੱਚ ਸੇਵਾ ਨਿਭਾ ਚੁੱਕੇ ਹਨ।
ਇਹਨਾਂ ਦੀ ਇੱਕ ਕਵਿਤਾ "ਵੰਡ" ਨੇ ਇਹਨਾਂ ਨੂੰ ਪੰਜਾਬ ਭਰ ਵਿੱਚ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਵਿੱਚ ਮਸ਼ਹੂਰ ਕਰ ਦਿੱਤਾ। ਇੱਕ ਪ੍ਰੋਗਰਾਮ ਦੌਰਾਨ ਇਸ ਕਵਿਤਾ ਦੀ ਵੀਡਿਉ ਨੂੰ ਤਿੰਨ ਦਿਨ ਵਿੱਚ ਇੱਕ ਲੱਖ ਵਿਊ ਮਿਲੇ। ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।
ਇਹਨਾਂ ਦੀਆਂ ਕਵਿਤਾਵਾਂ ਤੇ ਗ਼ਜ਼ਲਾਂ ਵੱਖ ਵੱਖ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ। ਇਹਨਾਂ ਦੀਆਂ ਕਵਿਤਾਵਾਂ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਹਨ।
ਇਹਨਾਂ ਦੀ ਕਵਿਤਾ ਦੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਤੁਹਾਨੂੰ ਪੰਜਾਬੀ ਦਾ ਠੇਠ ਰੂਪ ਮਿਲਦਾ ਹੈ। ਪੇਂਡੂ ਜੀਵਨ ਤੇ ਕਿਸਾਨੀ ਨਾਲ ਵਾਬਸਤਾ ਸ਼ਬਦ ਇਹਨਾਂ ਦੀ ਭਾਸ਼ਾ ਦੀ ਖੂਬਸੂਰਤੀ ਹੈ।
ਇਹਨਾਂ ਦਾ ਸ਼ੌਕ ਪੜਨਾ, ਲਿਖਣਾ ਤੇ ਘੁੰਮਣਾ ਹੈ। ਸ਼ਾਇਦ ਇਹ ਹੀ ਕਾਰਨ ਹੈ ਕਿ ਇਹਨਾਂ ਦੀ ਕਵਿਤਾ ਤੇ ਗ਼ਜ਼ਲ ਪੰਜਾਬ ਤੇ ਪ੍ਰਵਾਸੀ ਪੰਜਾਬੀਆਂ ਦੇ ਦਿਲ ਦੀ ਗੱਲ ਕਰਦੀ ਹੈ।
ਅੱਜ ਕਲ ਇਹ ਪਰਿਵਾਰ ਨਾਲ ਚੰਡੀਗੜ੍ਹ ਵਿਖੇ ਰਹਿ ਰਹੇ ਹਨ। ਪੁਆਧ ਵਿੱਚ ਰਹਿੰਦਿਆ ਵੀ ਇਹਨਾਂ ਦੀ ਬੋਲੀ ਠੇਠ ਮਾਝੇ ਦੀ ਹੈ। - ਹਰਪ੍ਰੀਤ ਕੌਰ ਸੰਧੂ