Punjabi Ghazals : Gurmeet Kaur Sandha
ਪੰਜਾਬੀ ਗ਼ਜ਼ਲਾਂ : ਗੁਰਮੀਤ ਕੌਰ ਸੰਧਾ
ਓਦੋਂ ਤੀਕ ਰਹੇਂਗਾ ਮਿੱਤਰਾ
ਓਦੋਂ ਤੀਕ ਰਹੇਂਗਾ ਮਿੱਤਰਾ ਡਿੱਗਦਾ ਟੁੱਟਦਾ ਝੜਦਾ । ਜਿੰਨਾ ਚਿਰ ਤੂੰ ਹੱਕ ਨਿਆਂ ਦੀ ਖ਼ਾਤਰ ਖ਼ੁਦ ਨਹੀਂ ਲੜਦਾ । ਜਦ ਤੀਕਰ ਤਰਤੀਬ ਨਹੀਂ ਦੇ ਲੈਂਦਾ ਹਰ ਇੱਕ ਪਲ ਨੂੰ , ਬੇ-ਨਿਯਮੀ ਦੇ ਭੱਠ ਪਿਆ ਸੱਜਣਾ ਰੋਜ਼ ਰਹੇਂਗਾ ਸੜਦਾ । ਉਸ ਬੰਦੇ ਦੇ ਹੱਥ ਨਹੀਂ ਆਉਂਦੀ ਝੋਲ ਬਰਕਤਾਂ ਵਾਲੀ, ਜਿਹੜਾ ਹੋਸ਼ ਅਕਲ ਦਾ ਪੱਲਾ ਵਕਤ ਰਹੇ ਨਹੀਂ ਫੜਦਾ । ਜਾ ਨੀਰੋ ਨੂੰ ਦਿਓ ਹਲੂਣਾ ਓਏ ਚੌਧਰ ਦਿਆ ਖਸਮਾਂ, ਤੈਨੂੰ ਪਈ ਏ ਬੰਸਰੀਆਂ ਦੀ ਰੋਮ ਪਿਆ ਏ ਸੜਦਾ । ਮੈਂ ਮਨਸੂਰ ਲਹੂ ਵਿੱਚ ਤੇਰੇ ਵਿੱਚ ਧੜਕ ਰਿਹਾ ਹਾਂ ਹੁਣ ਵੀ , ਸੱਚ ਝੂਠ ਵਿੱਚ ਫ਼ਰਕ ਨਾ ਹੁੰਦਾ ਮੈਂ ਕਿਓਂ ਸੂਲੀ ਚੜ੍ਹਦਾ । ਮੇਰੇ ਲੋਕਾਂ ਦੇ ਹਿਤ ਨੂੰ ਉਹ ਰਾਸ ਕਦੇ ਨਹੀਂ ਆਉਂਦੇ , ਆਪਣੇ ਹਿਤ ਲਈ ਮੁਅੱਤਬਰਾ ਤੂੰ ਜੋ ਮਨਸੂਬੇ ਘੜਦਾ । ਹਰਦੀ ਬਾਜ਼ੀ ਜਿੱਤ ਕੇ ਆਪਣੀ ਕਰ ਲੈਂਦਾ ਹੈ ਝੰਡੀ , ਸਾਬਤ ਕਦਮੀ ਨਾਲ ਹੈ ਜਿਹੜਾ ਔਕੜ ਸਾਂਹਵੇਂ ਅੜਦਾ । ਆਪੋ ਆਪਣੇ ਘਪਲੇ ਕੱਜਣ ਵਿੱਚ ਮਸਰੂਫ਼ ਨੇ ਲੀਡਰ , ਨਹੀਂ ਕਿਸੇ ਨੂੰ ਫ਼ਿਕਰ ਕਿਸਾਨਾਂ ਤੇਰੇ ਨੰਗੇ ਧੜ ਦਾ । ਇੱਕ ਦੂਜੇ ਤੋਂ ਵੱਧ ਕੇ ਸੈਆਂ ਧਨੀ ਗ਼ਜ਼ਲ ਦੇ ‘ਸੰਧਾ’ ਵਿਰਲਾ ਹੀ ਕੋਈ ਸ਼ਿਅਰਾਂ ਅੰਦਰ ਲਾਲ ਨਗੀਨੇ ਜੜਦਾ ।
ਮੈਂ ਨਹੀਂ ਕਹਿਣਾ ਮੈਨੂੰ ਸੂਰਜ
ਮੈਂ ਨਹੀਂ ਕਹਿਣਾ ਮੈਨੂੰ ਸੂਰਜ ਅੱਧਾ ਦੇ ਜਾਂ ਸਾਰਾ ਦੇ । ਪਰ ਸਭ ਦੇ ਅੰਬਰ ਨੂੰ ਮੌਲਾ ਕੋਈ ਚੰਨ ਜਾਂ ਤਾਰਾ ਦੇ । ਛੱਪਰ ,ਕੁੱਲੀ ,ਕੱਚਾ-ਪੱਕਾ ਕੋਠਾ ਹੋਵੇ ਸਭਨਾਂ ਲਈ , ਮੈਂ ਕਦ ਕਿਹੈ ਕਿ ਹਰ ਬੰਦੇ ਨੂੰ ਡਿਓੜੀ ਨਾਲ ਚੁਬਾਰਾ ਦੇ । ਜੀਹਨਾਂ ਲੋਕਾਂ ਦੀ ਕਿਧਰੇ ਵੀ ਪੁੱਗਤ ਨਹੀਂ ਸੁਣਵਾਈ ਨਹੀਂ , ਪੁੱਗਤ ਨਾ ਸਹੀ ਤੂੰ ਉਹਨਾਂ ਨੂੰ ਕਰਨ ਲਈ ਕੋਈ ਚਾਰਾ ਦੇ । ਕਮਜ਼ੋਰਾਂ ਨਾਲ ਪੱਖਪਾਤ ਦਾ ਮਿਹਣਾ ਦੇਣਾ ਛੱਡਿਆ ਮੈਂ , ਸਾਂਝਾ ਮੀਂਝਾ ਰੱਬ ਹੋਣ ਦਾ ਤੂੰ ਵੀ ਕੋਈ ਇਸ਼ਾਰਾ ਦੇ । ਦੁਖੀਆਂ ਕੋਲੋਂ ਪਾਰ ਨਾ ਹੋਣੇ ਡੂੰਘੇ ਭਵਜਲ ਦੁੱਖਾਂ ਦੇ , ਡੁਬਦੀ ਹਰ ਬੇੜੀ ਨੂੰ ਮੌਲਾ ਕੋਈ ਅੰਤ ਕਿਨਾਰਾ ਦੇ । ਜੇਸ ਕੁੜੀ ਦੀ ਜੋਬਨ ਰੁੱਤ ਨੂੰ ਮਹਿਕਾਂ ਹਾਸਲ ਹੋਈਆਂ ਨਾ , ਓਸ ਕੁੜੀ ਦੀਆਂ ਨੀਂਦਾਂ ਨੂੰ ਵੀ ਕੋਈ ਖ਼ਾਬ ਕੁਵਾਰਾ ਦੇ । ਪੇਟ ਲਈ ਦੇ ਰੋਜ਼ੀ ਰੋਟੀ ਖ਼ਾਬ ਸੁਹਾਨੇ ਨੀਂਦਰ ਨੂੰ , ਯਾ ਰੱਬ ਅਪਣੇ ਬੰਦੇ ਨੂੰ ਕੋਈ ਦੁੱਖ ਨਾ ਸਹਿਣੋ ਬਾਹਰਾ ਦੇ । ਰੁੱਖ ਜੀਹਨਾਂ ਨੇ ਹੁਣ ਤੱਕ ਮੂੰਹ ਨਾ ਡਿੱਠਾ ਮਸਤ ਬਹਾਰਾਂ ਦਾ , ਐ ਮੇਰੇ ਮੌਲਾ ! ਇਹਨਾਂ ਨੂੰ ਕੋਈ ਫੱਗਣ ਚੇਤ ਉਧਾਰਾ ਦੇ ।
ਘਿਰੀ ਤੂਫ਼ਾਨ ਵਿੱਚ ਕਿਸ਼ਤੀ
ਘਿਰੀ ਤੂਫ਼ਾਨ ਵਿੱਚ ਕਿਸ਼ਤੀ ਕਿਨਾਰੇ ਸਾਥ ਨਹੀਂ ਦੇਂਦੇ । ਕਿ ਮੁਸ਼ਕਲ ਦੌਰ ਵਿੱਚ ਸਾਥੀ ਸਹਾਰੇ ਸਾਥ ਨਹੀਂ ਦੇਂਦੇ । ਮੁਸਾਫ਼ਰ ਭਟਕ ਜਾਂਦੇ ਨੇ ਅਤੇ ਰਾਹਾਂ ਦੀ ਚੜ੍ਹ ਮੱਚੇ , ਜਦੋਂ ਤਕਦੀਰ ਦੇ ਚੰਦਰੇ ਸਿਤਾਰੇ ਸਾਥ ਨਹੀਂ ਦੇਂਦੇ । ਪਦਾਰਥਵਾਦ ਹੈ ਹਾਵੀ ਤੇ ਜ਼ਰ ਪ੍ਰਧਾਨ ਹੈ ਹਰ ਥਾਂ , ਲਹੂ ਆਪਣੇ ਹੋਏ ਨੇ ਹੈਂਸਿਆਰੇ ,ਸਾਥ ਨਹੀਂ ਦੇਂਦੇ । ਕਈ ਵਾਰੀ ਕੋਈ ਦੁਸ਼ਮਣ ਬਹੁੜ ਪੈਂਦੇ ਖ਼ੁਦਾ ਹੋ ਕੇ , ਕਦੀ ਲੇਕਿਨ ਦਿਲੋਂ ਜਾਨੋਂ ਪਿਆਰੇ ਸਾਥ ਨਹੀਂ ਦੇਂਦੇ । ਨਹੀਂ ਇਸ ਬਾਤ ਦਾ ਡਰ ਕਿ ਹਨੇਰੇ ਦੀ ਹਕੂਮਤ ਹੈ , ਪ੍ਰੇਸ਼ਾਨੀ ਹੈ ਕਿ ਚਾਨਣ ਮੁਨਾਰੇ ਸਾਥ ਨਹੀਂ ਦੇਂਦੇ । ਕਿਸੇ ਨੂੰ ਆਪਣਾ ਕਹਿਣਾ ਵੀ ਖ਼ੁਦ ਨੂੰ ਵਰਗਲਾਉਣਾ ਹੈ , ਇਹ ਰਿਸ਼ਤੇ ਨੇ ਬੜੇ ਬੇ-ਐਤਬਾਰੇ ,ਸਾਥ ਨਹੀਂ ਦੇਂਦੇ । ਮੈਂ ਚਾਹਵਾਂ ਜ਼ਿੰਦਗੀ ਹੋਵੇ ਤੇ ਆਪਣੇ ਪੈਰਾਂ ਸਿਰ ਹੋਵੇ , ਲਏ ਸਾਹ ਹੋਣ ਜੋ ਮੰਗਵੇਂ ਉਧਾਰੇ , ਸਾਥ ਨਹੀਂ ਦੇਂਦੇ ।
ਗੇਰੇ ਨੈਣਾਂ ਮਰ ਜਾਣਿਆਂ ਨੇ
ਗੇਰੇ ਨੈਣਾਂ ਮਰ ਜਾਣਿਆਂ ਨੇ ਨੀਰ ਹੌਲੀ ਹੌਲੀ । ਧੋਤੀ ਜਾਣ ਲੱਗੀ ਤੇਰੀ ਤਸਵੀਰ ਹੌਲੀ ਹੌਲੀ । ਹਾਸੇ ਭਾਣੇ ਤੇਰੀ ਗੱਲ ਦਾ ਹੁੰਗਾਰਾ ਭਰ ਬੈਠੇ , ਫਿਰ ਹੋ ਗਿਆ ਉਹ ਮਸਲਾ ਗੰਭੀਰ ਹੌਲੀ ਹੌਲੀ । ਪਹਿਲਾਂ ਆਉਂਦੇ ਸੀ ਗੁਲਾਬ ਦੀ ਸੁਗੰਧ ਜਹੇ ਸੁਨੇਹੇ , ਫੇਰ ਔਣ ਲੱਗੇ ਤਾਹਨਿਆਂ ਦੇ ਤੀਰ ਹੌਲੀ ਹੌਲੀ । ਜਿਹੜੇ ਸਾਹਾਂ ਤੋਂ ਪਿਆਰੇ ਸੀ ਉਹ ਹੋ ਗਏ ਪਰਾਏ , ਇੰਜ ਕਹਿਰਵਾਨ ਹੋਈ ਤਕਦੀਰ ਹੌਲੀ ਹੌਲੀ । ਚੋਰੀ ਹੋ ਗਏ ਮੁਹੱਬਤਾਂ ਦੇ ਗੁੱਡੀਆਂ ਪਟੋਲੇ , ਬਾਕੀ ਰਹਿ ਗਈ ਭੁਲੇਖਿਆਂ ਦੀ ਲੀਰ ਹੌਲੀ ਹੌਲੀ । ਜਿਹੜੇ ਖ਼ਤ ਉਹਨੂੰ ਪਾਏ ਸੀ ਬਰੰਗ ਮੁੜ ਆਏ , ਜਿਵੇਂ ਦਰੋਂ ਖਾਲੀ ਮੁੜਦੈ ਫ਼ਕੀਰ ਹੌਲੀ ਹੌਲੀ । ਸਾਡੀ ਤਾਂਘ ਦੇ ਬੰਬੀਹੇ ਜਦੋਂ ਰਹਿਣਗੇ ਪਿਆਸੇ, ਆਪੇ ਮਰ ਮੁੱਕ ਜਾਣਗੇ ਅਖੀਰ ਹੌਲੀ ਹੌਲੀ । ਜਿਹੜੇ ਅੱਲਾ ਨੇ ਮਿਲਾਇਆ ਤੇਰਾ ਸਾਡੜਾ ਸੰਯੋਗ , ਓਸੇ ਮੇਟ ਤੀ ਮਿਲਾਪ ਦੀ ਲਕੀਰ ਹੌਲੀ ਹੌਲੀ । ਸੋਹਲ ਖ਼ਾਬਾਂ ਦਿਆਂ ਪੋਟਿਆਂ ‘ਚੋ ਚਿਰਾਂ ਦੇ ਪੜੁੱਛੇ , ਤੇਰੀ ਬੇਰੁਖ਼ੀ ਦੇ ਕੱਢਾਂਗੇ ਕਸੀਰ ਹੌਲੀ ਹੌਲੀ ।
ਮੇਰੀ ਇਹ ਲੜਾਈ ਹਕੂਕ ਲਈ
ਮੇਰੀ ਇਹ ਲੜਾਈ ਹਕੂਕ ਲਈ ਮੇਰੀ ਚੇਤਨਾ ਹੈ ਗਰੂਰ ਨਹੀਂ । ਨਹੀਂ ਝਾਂਜਰਾਂ ਤੋਂ ਪਰਹੇਜ਼ ਪਰ ਮੈਨੂੰ ਬੇੜੀਆਂ ਮਨਜ਼ੂਰ ਨਹੀਂ । ਮੇਰੀ ਸੋਚ ਤੇ ਤੂੰ ਸ਼ੁਬ੍ਹਾ ਕਰੇਂ ਤੇ ਪਾਕੀਜ਼ਗੀ ਨੂੰ ਜਿਬ੍ਹਾ ਕਰੇਂ , ਤੂੰ ਜੀਹਨਾਂ ਨੂੰ ਪੁਣਦੈਂ ਛਾਣਦੈਂ ਇਹਨਾਂ ਪਾਣੀਆਂ ਤੇ ਬੂਰ ਨਹੀਂ । ਮੇਰੀ ਕਲਮ ਮੇਰੀ ਕਮਾਨ ਹੈ , ਸੂਹੇ ਜਜ਼ਬਿਆਂ ਦੀ ਉਡਾਨ ਹੈ ; ਮੇਰੇ ਰਾਹ ਅਲਹਿਦਾ ਜ਼ਰੂਰ ਨੇ , ਮੇਰੀ ਟੋਰ ਬੇ- ਸ਼ਾਊਰ ਨਹੀਂ । ਐ ਜ਼ਮਾਨੇ ਇਓ ਨਾ ਤਿਲਮਿਲਾ , ਮੇਰੇ ਸ਼ੌਕ ਤੇ ਫ਼ਤਵੇ ਨਾ ਲਾ ; ਇਹ ਹੈ ਗੈਰਤਾਂ ਦੀ ਸੰਜੀਦਗੀ , ਇਹਨੇ ਝੁਕਣਾ ਤੇਰੇ ਹਜ਼ੂਰ ਨਹੀਂ । ਸੱਚ ਹੈ ਅਗਰ ਤੂੰ ਪੁਚਾ ਸਕੇਂ ਨਿਰਾ ਛਲ ਹੈ ਤੇਰੇ ਵਜੂਦ ਵਿੱਚ ; ਉਹਨੂੰ ਚਾਨਣਾ ਕੀ ਕਬੂਲਣਾ , ਜੀਹਦੀ ਸੋਚ ਅੰਦਰ ਨੂਰ ਨਹੀਂ । ਇਹ ਵਰਜਣਾਵਾਂ ਦਾ ਸ਼ਹਿਰ ਹੈ ਬੰਧਸ਼ਾਂ ਦੀ ਸਿਖਰ ਦੁਪਹਿਰ ਹੈ ਦੇਣੀ ਸੁਪਨਿਆਂ ਨੂੰ ਪਨਾਂਹ ਕਦੇ , ਇਸ ਸ਼ਹਿਰ ਦਾ ਦਸਤੂਰ ਨਹੀਂ । ਰਾਹ ਔਝੜੇ ਤਨਹਾ ਡਗਰ ਤੰਗ ਹੈ ਜ਼ਮਾਨੇ ਦੀ ਨਜ਼ਰ ਮੁਸ਼ਕਲ ਸਫ਼ਰ ਫਿਰ ਵੀ ਮਗਰ , ਮੇਰੇ ਹੌਸਲੇ ਮਜਬੂਰ ਨਹੀਂ ।
ਮੇਰੀ ਐ ਜ਼ਿੰਦਗੀ ਖੁੱਲ੍ਹ ਕੇ
ਮੇਰੀ ਐ ਜ਼ਿੰਦਗੀ ਖੁੱਲ੍ਹ ਕੇ ਤੂੰ ਦੋ ਪਲ ਵੀ ਨਾ ਮੁਸਕਾਈ । ਰਿਹਾ ਖਾਬਾਂ ‘ਚ ਸੁੰਞਾਪਣ ਅਤੇ ਨਜ਼ਰਾਂ ‘ਚ ਤਨਹਾਈ । ਤੇਰੇ ਬੁੱਲ੍ਹਾਂ ਤੇ ਸਿੱਕਰੀ ਬੇਬਸੀ ਦੀ ਰਹੀ ਹਮੇਸ਼ਾ ਹੀ, ਨਾ ਉੱਡਿਆ ਡੋਰੀਆ ਤੇਰਾ ਨਾ ਤੇਰੀ ਜ਼ੁਲਫ਼ ਲਹਿਰਾਈ । ਪਈ ਮੁਸ਼ਕਲ ਤੋਂ ਸਭ ਟੋਹੇ ਅਖੀਰੀ ਨਿੱਕਲਿਆ ਸਿੱਟਾ , ਹਰਿਕ ਮਿੱਤਰ ਮਤਲਬੀ ਸੀ ਹਰਿਕ ਰਿਸ਼ਤਾ ਸੀ ਹਰਜਾਈ । ਉਮਰਭਰ ਸਫ਼ਰ ਵੀ ਕੀਤਾ ਰਹੇ ਓਥੇ ਦੇ ਪਰ ਓਥੇ , ਮੇਰੀ ਹਰ ਪੈੜ ਇੰਜ ਗੁਸਤਾਖ਼ ਰਾਹਾਂ ਨੇ ਹੈ ਉਲਝਾਈ । ਥੁੜਾਂ ਸਨ ਕਿ ਸਦਾ ਇੱਕ ਦੂਸਰੀ ਤੋਂ ਵੱਧ ਕੇ ਹੀ ਆਈਆਂ , ਰਹੀ ਖੀਸੇ ‘ਚ ਪਰ ਕਮਤਰ ਸਦਾ ਨੋਟਾਂ ਦੀ ਹਰਿਆਈ । ਜਬ੍ਹਾ ਬੇਸ਼ੱਕ ਰਸੀਲੀ ਹੈ ਮਗਰ ਅੰਦਰ ਕਮੀਨਾਪਨ , ਤੇਰੇ ਮਨ ਦੀ ਕਰੇ ਚੁਗ਼ਲੀ ਤੇਰੇ ਨੈਣਾਂ ਦੀ ਚਤੁਰਾਈ । ਤਰੱਕੀ ਦੀ ਤਵੱਕੋ ਜਾਂ ਭਲੇ ਦੀ ਆਸ ਕੀ ਕਰੀਏ , ਜਦੋਂ ਹੱਥ ਅਹਿਮਕਾਂ ਦੇ ਵਾਗਡੋਰੀ ਮੁਲਕ ਦੀ ਆਈ ।
ਚਾਹੀਦਾ ਤਾਂ ਸੀ ਕਿ ਨੰਗਾ
ਚਾਹੀਦਾ ਤਾਂ ਸੀ ਕਿ ਨੰਗਾ ਓਸਦਾ ਕਿਰਦਾਰ ਕਰਦੇ । ਆਮ ਜਿਹੇ ਲੋਕੀ ਮਗਰ ਕਿਸ ਹੌਸਲੇ ਤਕਰਾਰ ਕਰਦੇ । ਪੇਟ ਦੀ ਭੁੱਖ ਹੈ ਬੜੀ ਜ਼ਾਲਮ ਜ਼ਬਾਨਾਂ ਠਾਕ ਦੇਂਦੀ , ਉਹ ਕਿਵੇਂ ਇਸ ਬੇ-ਬਸੀ ਦੀ ਨੂਹ ਨਦੀ ਨੂੰ ਪਾਰ ਕਰਦੇ । ਨ੍ਹੇਰ ਦੀ ਕੈਦੀ ਰਹੇਗੀ ਜ਼ਿੰਦਗੀ ਹਰ ਪਲ ਤੁਹਾਡੀ , ਜੇ ਨਹੀਂ ਖ਼ੁਦ ਨੂੰ ਤੁਸੀਂ ਧੁੱਪਾਂ ਦੇ ਦਾਅਵੇਦਾਰ ਕਰਦੇ । ਲਾਜ਼ਮੀ ਬਾਹਰੋਂ ਦਿਹਾੜੀ ਤੇ ਮੰਗਾਏ ਹੋਣਗੇ ਇਹ , ਲੋਕ ਅਣਜਾਣੇ ਜੋ ਨੇਤਾ ਜੀ ਦੀ ਜੈ ਜੈ ਕਾਰ ਕਰਦੇ । ਪਾਠ ਫ਼ਰਜ਼ਾਂ ਦਾ ਅਸਾਨੂੰ ਹੀ ਪੜ੍ਹਾਉਂਦੇ ਹੋ ਹਮੇਸ਼ਾ , ਹੱਕ ਵੀ ਸਾਡੇ ਨੇ ਕੁਝ ਇਹ ਕਿਓਂ ਨਹੀਂ ਸਵੀਕਾਰ ਕਰਦੇ । ਆਪ ਚੱਤੋ ਪਹਿਰ ਮਸਤੇ ਰਹਿਣ ਗੁਲਸ਼ਰਰੇ ਉਡਾਵਣ , ਨਾਗਣੀ ਕਹਿ ਕੇ ਜੋ ਮਾਇਆ ਦਾ ਨੇ ਕੁ-ਪ੍ਰਚਾਰ ਕਰਦੇ । ਨਿੱਕਲ ਸਕਦੇ ਸਓ ਤੁਸੀਂ ਮੱਕੜੇ ਦੇ ਮਾਰੂ ਜਾਲ ਵਿੱਚੋਂ , ਸੋਚ ਆਪਣੀ ਨੂੰ ਜ਼ਰਾ ਜਿੰਨਾ ਅਗਰ ਹੁਸ਼ਿਆਰ ਕਰਦੇ । ਗੁਜ਼ਰ ਗਈਓਂ ਤੂੰ ਅਸੀਂ ਰਹਿ ਗਏ ਉਦਰ ਦੇ ਆਹਰ ਅੰਦਰ , ਜ਼ਿੰਦਗੀ ! ਤੇਰੇ ਹੁਸਨ ਦਾ ਕਾਸ਼ ਕਿ ਦੀਦਾਰ ਕਰਦੇ ।
ਫੁੱਲ ਨਹੀਂ ਖੁਸ਼ਬੋ ਨਹੀਂ
ਫੁੱਲ ਨਹੀਂ ਖੁਸ਼ਬੋ ਨਹੀਂ ,ਇੱਕ ਚੁੱਪ ਤਨਹਾਈ ਹੈ ਬਸ । ਰੂਹ ਦੀਆਂ ਰੋਹੀਆਂ ‘ਚ ਹੁਣ ਕੁਝ ਦੱਭ ਤੇ ਕਾਹੀ ਹੈ ਬਸ । ਜਾਗਦੇ ਸੁੱਤੇ ਜੀਹਦੇ ਸਿਰਜੇ ਝਰੋਖੇ ਬਾਰੀਆਂ ਮੈਂ , ਸੁਪਨਿਆਂ ਦਾ ਉਹ ਮਹਿਲ ਹੁਣ ਤੋਂ ਧਰਾਸ਼ਾਹੀ ਹੈ ਬਸ । ਕਿਸ ਗੁਨਾਂਹ ਦੇ ਵਾਸਤੇ ਮੈਨੂੰ ਸਜ਼ਾ ਤਜਵੀਜ਼ ਹੋਈ , ਮੈਂ ਤਾਂ ਆਪਣੇ ਵਾਸਤੇ ਕੁਝ ਚਾਨਣੀ ਚਾਹੀ ਹੈ ਬੱਸ । ਸੌ ਦਫ਼ਾ ਇਨਕਾਰ ਕਰ ਭਾਵੇਂ ਸੱਚਾਈ ਹੈ ਇਹੋ ਕਿ, ਰਾਜ ਵਿੱਚ ਤੇਰੇ ਤਾਂ ਚੋਰਾਂ ਦੀ ਹੀ ਸੁਣਵਾਈ ਹੈ ਬਸ । ਅਰਥ ਵਿਆਹ ਸ਼ਾਦੀ ਦਾ ਹੁਣ ਧਨ ਦੀ ਨੁਮਾਇਸ਼ ਫਾਲਤੂ , ਸ਼ੋਰ ਡੀ.ਜੇ . ਦਾ ਅਤੇ ਕੁਝ ਭੀੜ ਅਣਚਾਹੀ ਹੈ ਬਸ । ਤਲਖ਼ ਤੇ ਖਿਝਿਆ ਜਿਹਾ ਚਿਹਰਾ ਮਿਲੇ ਤਾਂ ਸਮਝਣਾ , ਏਸ ਦੇ ਓਹਲੇ ਕੋਈ ਮੁਸਕਾਨ ਤਿਰਹਾਈ ਹੈ ਬਸ । ਉਮਰ ਦਾ ਸੂਰਜ ਸਿਖਰ ਤੋਂ ਢਲ ਗਿਆ ਹੈ ਦੋਸਤਾ , ਏਸ ਤੋਂ ਅੱਗੇ ਤਾਂ ਉਤਰਾਈ ਹੀ ਉਤਰਾਈ ਹੈ ਬਸ ।
ਕੂੜ ਮੁਨਸਿਫ਼ ,ਕੂੜ ਕੁਰਸੀ
ਕੂੜ ਮੁਨਸਿਫ਼ ,ਕੂੜ ਕੁਰਸੀ , ਕੂੜ ਦਿੰਦਾ ਹੈ ਬਿਆਨ । ਦਿਨ 'ਚ ਸੈਆਂ ਵਾਰ ਲੱਜਿਤ ਹੁੰਦੀਆਂ ਗੀਤਾ ਕੁਰਾਨ । ਚਹਿਲ ਪਹਿਲਾਈ ਕਚਹਿਰੀ ਮੁਸਕੁਰਾਇਆ ਫਿਰ ਨਿਆਂ , ਜੋ ਸ਼ੁਸ਼ੋਭਤ ਸੀ ਸਿਆਸੀ ਤਾਕਤਾਂ ਦੇ ਦਰਮਿਆਨ । ਕਾਇਰਤਾ ਹੈ ,ਖੁਦਕੁਸ਼ੀ ਨਹੀਂ ਹੈ ਕਿਸੇ ਮਸਲੇ ਦਾ ਹੱਲ , ਪਾਸ ਕਰ ਬਾ-ਹੌਸਲਾ ਤੂੰ ਜ਼ਿੰਦਗੀ ਦੇ ਇਮਤਿਹਾਨ । ਉਹ ਪਰਿੰਦਾ ਪਿੰਜਰੇ ਨੂੰ ਕਰ ਨਹੀਂ ਸਕਦਾ ਕਬੂਲ , ਜੀਹਦਿਆਂ ਖੰਭਾਂ ਦੇ ਲੂੰ ਲੂੰ ਲਰਜ਼ਦੀ ਉੱਚੀ ਉਡਾਨ । ਧੁੱਪ ਵੀ ਕਤਰਾਉਣ ਲੱਗੀ ਆਉਣ ਤੋਂ ਮੇਰੇ ਦੁਆਰ , ਉੱਸਰੇ ਸਾਂਹਵੇਂ ਜਦੋਂ ਬਹੁ-ਮੰਜ਼ਿਲੇ ਉੱਚੇ ਮਕਾਨ । ਜੰਗ ਜਦ ਛਿੜਦੀ ਹੈ ਡੁੱਲ੍ਹੇ ਆਮ ਲੋਕਾਂ ਦਾ ਲਹੂ , ਦਿੱਲੀਓਂ ਹੁਕਮਾਂ ਦੇ ਗੋਲੇ ਦਾਗਦੇ ਨੇ ਹੁਕਮਰਾਨ । ਕਲਮ ਦਾ ਹੋਣਾ ਧਨੀ ਸਨਮਾਨ ਲਈ ਕਾਫ਼ੀ ਨਹੀਂ , ਲਾਜ਼ਮੀ ਹੈ ਹੋਣ ਇੱਕ ਦੋ ਕੁਰਸੀਆਂ ਵੀ ਮਿਹਰਬਾਨ । ਹੋਰ ਸਭ ਖੇਡਾਂ 'ਚ ਫਾਡੀ ਹੈ ਬੇਸ਼ੱਕ ਪਰ ਵੇਖਣਾ , ਘਪਲਿਆਂ ਵਿੱਚੋਂ ਰਹੂ ਮਿੱਦੀ ਮੇਰਾ ਹਿੰਦੋਸਤਾਨ ।
ਜ਼ਿਹਨ ਅੰਦਰ ਖਾਹਿਸ਼ਾਂ ਦਾ
ਜ਼ਿਹਨ ਅੰਦਰ ਖਾਹਿਸ਼ਾਂ ਦਾ ਹਰ ਘੜੀ ਘਮਸਾਨ ਹੋਵੇ । ਤਾਂ ਸਿਧਾਰਥ ਨੂੰ ਪ੍ਰਾਪਤ ਕਿਸ ਤਰ੍ਹਾਂ ਨਿਰਵਾਣ ਹੋਵੇ । ਹੈ ਕਿਸੇ ਐਸੇ ਪੜਾਅ ਤੇ ਠਹਿਰਨਾ ਮੇਰਾ ਅਸੰਭਵ , ਜਿਸ ਜਗ੍ਹਾ ਹੁੰਦਾ ਲਹੂ ਦੇ ਰਿਸ਼ਤਿਆਂ ਦਾ ਘਾਣ ਹੋਵੇ । ਵਰਤਿਆਂ ਲਗਦੈ ਪਤਾ ਹੈ ਕੌਣ ਕਿੰਨੇ ਪਾਣੀਆਂ ਵਿੱਚ , ਵੇਖਿਆਂ ਖੋਟੇ ਖਰੇ ਦੀ ਕਿਸ ਤਰ੍ਹਾਂ ਪਹਿਚਾਣ ਹੋਵੇ । ਗਰਦਿਸ਼ਾਂ ਅੰਦਰ ਜਦੋਂ ਗੁੰਮ ਹੋਣ ਲਗਦੇ ਨੇ ਸਿਤਾਰੇ , ਸਾਥ ਛੱਡ ਜਾਂਦੇ ਉਦੋਂ ਉਹ ਵੀ ਜਿਹਨਾਂ ਤੇ ਮਾਣ ਹੋਵੇ । ਇਹ ਗਲੀ ,ਔਹ ਚੌਂਕ ,ਪਰਲਾ ਮੋੜ ਸਭ ਮੈਨੂੰ ਪਛਾਨਣ , ਵੇਖਦਾ ਪਰ ਘਰ ਤਿਰਾ ਜੀਕੂੰ ਜਵ੍ਹਾਂ ਅਣਜਾਣ ਹੋਵੇ । ਜੀਭ ਪਾਉਂਦੀ ਹੈ ਬਿਸ਼ੱਕ ਸ਼ਬਦਾਂ ਦੇ ਲੱਛੇਦਾਰ ਪਰਦੇ , ਨਜ਼ਰ ਬਕ ਦੇਂਦੀ ਹੈ ਜਿੰਨੀ ਵੀ ਰਿਦੇ ਵਿੱਚ ਕਾਣ ਹੋਵੇ ।
ਜਦੋਂ ਵੀ ਯਾਦ ਆਈਆਂ ਨੇ
ਜਦੋਂ ਵੀ ਯਾਦ ਆਈਆਂ ਨੇ ਪੁਰਾਣੇ ਘਰ ਦੀਆਂ ਕੰਧਾਂ । ਇਉਂ ਮਹਿਸੂਸ ਹੋਇਆ ਹੈ, ਨੇ ਹਉਕੇ ਭਰਦੀਆਂ ਕੰਧਾਂ । ਮੇਰੇ ਸੁਪਨੇ ‘ਚ ਅਕਸਰ ਹੀ ਬੜੇ ਬੇਚੈਨ ਦਿਸਦੇ ਨੇ, ਉਦਾਸੇ ਬਾਰੀਆਂ ਬੂਹੇ , ਉਡੀਕਾਂ ਕਰਦੀਆਂ ਕੰਧਾਂ । ਵਗੇ ਸਾਂਝੇ ਘਰੀਂ ਵਿਹੜੇ ਵਿਚਾਲੇ ਲੀਕ ਜਿਹੜੇ ਪਲ , ਉਸੇ ਪਲ ਹੀ ਦਿਲਾਂ ਅੰਦਰ ਵੀ ਨੇ ਉੱਸਰਦੀਆਂ ਕੰਧਾਂ । ਜਦੋਂ ਵਾਹ ਲਾਉਣ ਤੇ ਸਾਰੀ ਵੀ ਕੁਝ ਪਾੜੇ ਨਹੀਂ ਮਿਟਦੇ, ਤਾਂ ਫਿਰ ਚੁੱਪ ਧਾਰ ਕੇ ਹੋ ਜਾਂਦੀਆਂ ਪੱਥਰ ਦੀਆਂ ਕੰਧਾਂ । ਬੜੀ ਬੇਚੈਨ ਰਹਿੰਦੀ ਹਾਂ ਜਦੋਂ ਦਾ ਇਹ ਪਤਾ ਲੱਗੈ , ਕਿ ਮੇਰੇ ਜਾਣ ਮਗਰੋਂ ਹੁਣ ਨਹੀਂ ਓਦਰਦੀਆਂ ਕੰਧਾਂ । ਪਦਾਰਥਵਾਦ ਹੈ ਹਾਵੀ ਮਸ਼ੀਨਾਂ ਹੋ ਗਏ ਬੰਦੇ , ਇਸੇ ਕਰਕੇ ਨਹੀਂ ਗੱਲ ਲਾਉਣ ਨੂੰ ਉੱਲਰਦੀਆਂ ਕੰਧਾਂ । ਹੰਢਾਈਆਂ ਜੀਹਦੀਆਂ ਗਲ਼ੀਆਂ ਮੇਰੇ ਬਚਪਨ ਦੀਆਂ ਖੇਡਾਂ , ਪਛਾਨਣ ਤੋਂ ਵੀ ਅੱਜਕਲ ਜਾਂਦੀਆਂ ਮੁੱਕਰਦੀਆਂ ਕੰਧਾਂ ।
ਵਫ਼ਾ ਦੇ ਕੌਲ ਕਰਨੇ ਤੇ ਨਿਭਾਉਣੇ
ਵਫ਼ਾ ਦੇ ਕੌਲ ਕਰਨੇ ਤੇ ਨਿਭਾਉਣੇ , ਮੁਹੱਬਤ ਦੀ ਅਦਾ ਹੈ , ਖਾਸ ਕੀ ਹੈ । ਹੈ ਵਿਰਲੇ ਨੂੰ ਪਤਾ ਸਾਹਾਂ 'ਚ ਘੁਲ ਕੇ , ਰਗਾਂ ਵਿੱਚ ਵਹਿਣ ਦਾ ਅਹਿਸਾਸ ਕੀ ਹੈ । ਹਰਿਕ ਰਿਸ਼ਤੇ ਦੀਆਂ ਪਰਤਾਂ ਕਈ ਨੇ , ਅਗਾਂਹ ਪਰਤਾਂ ਦੀਆਂ ਸ਼ਰਤਾਂ ਕਈ ਨੇ , ਤੇ ਸ਼ਰਤਾਂ ਤੇ ਅਧਾਰਤ ਰਿਸ਼ਤਿਆਂ ਚੋਂ , ਕਿਸੇ ਰਿਸ਼ਤੇ ਦਾ ਵੀ ਵਿਸ਼ਵਾਸ ਕੀ ਏ ? ਜੇ ਅਰਧੰਗੀ ਸਿਰਫ਼ ਹੰਢਾਣ ਲਈ ਹੈ , ਤੇ ਦੁਨੀਆਂ ਦੇ ਕਹੇ ਠੁਕਰਾਣ ਲਈ ਹੈ ; ਅਗਰ ਸੀਤਾ ਤਿਆਗੇ ਜਾਣ ਲਈ ਹੈ , ਤਾਂ ਉਸ ਲਈ ਰਾਜ ਕੀ ,ਬਨਵਾਸ ਕੀ ਏ ? ਨਿਰਾਲਾ ਪਿਆਰ ਦਾ ਅੰਦਾਜ਼ ਰਹਿਣਾ , ਮੁਹੱਬਤਾਂ ਨੂੰ ਪਿਆਰਾ ਤਾਜ ਰਹਿਣਾ ; ਦਫ਼ਨ ਡੂੰਘਾ ਕਿਤੇ ਇਹ ਰਾਜ਼ ਰਹਿਣਾ , ਇਹਦੀ ਤਾਮੀਰ ਦਾ ਇਤਿਹਾਸ ਕੀ ਏ । ਮੁਕੰਮਲ ਰਾਜ ਕਰਨਾ ਲੋਚਦੇ ਹੋ , ਉਜਾੜਾ ਗੁਲਸ਼ਨਾਂ ਦਾ ਸੋਚਦੇ ਹੋ ; ਕਿਸੇ ਪੰਛੀ ਦੇ ਪਰ ਕਿਓਂ ਨੋਚਦੇ ਹੋ , ਪਰਾਂ ਬਿਨ ਹੋਰ ਉਸਦੇ ਪਾਸ ਕੀ ਹੈ ? ਨਾ ਏਕੋ ਜਾਤ ਮਾਨਸ ਦੀ ਪਛਾਣੀ , ਵਿਚਾਰੀ ਨਾ ਗੁਰੂ ਬਾਬੇ ਦੀ ਬਾਣੀ , ਪਿਆਸੇ ਨੂੰ ਪਿਲਾਇਆ ਹੀ ਨਾ ਪਾਣੀ , ਤਾਂ ਸ਼ਰਧਾ ਕੀ ਤੇਰੀ , ਅਰਦਾਸ ਕੀ ਹੈ ?
ਕਦੇ ਜਦ ਜ਼ਿੰਦਗੀ ਤੇ ਮੁਸ਼ਕਲਾਂ ਨੇ
ਕਦੇ ਜਦ ਜ਼ਿੰਦਗੀ ਤੇ ਮੁਸ਼ਕਲਾਂ ਨੇ ਦਬਦਬਾ ਪਾਇਆ । ਖੜਾ ਹਰ ਹਰ ਮੋੜ ਤੇ ਕੋਈ ਨਾ ਕੋਈ ਹਾਦਸਾ ਪਾਇਆ । ਕਠਿਨ ਕੁਝ ਇਮਤਿਹਾਨਾਂ ‘ਚੋ ਪਿਆ ਹੈ ਗੁਜ਼ਰਨਾ ਜਦ ਵੀ , ਤਾਂ ਸਾਰੇ ਰਿਸ਼ਤਿਆਂ ਨੂੰ ਮਤਲਬੀ ਤੇ ਬੇਵਫ਼ਾ ਪਾਇਆ । ਜਗ੍ਹਾ ਕੱਚੇ ਦਲਾਨਾਂ ਦੀ ਮੈਂ ਕੋਠੀ ਪਾ ਲਈ ਕਾਹਦੀ , ਨਹੀਂ ਮੇਰੇ ਘਰੇ ਮੁੜਕੇ ਚਿੜੀ ਨੇ ਆਲ੍ਹਣਾ ਪਾਇਆ । ਸਦਾ ਪੱਥਰ-ਦਿਲਾ ਹੋ ਕੇ ਰਿਹਾ, ਲੇਕਿਨ ਵਿਦਾ ਵੇਲੇ, ਉਦ੍ਹੇ ਨੈਣਾਂ ‘ਚ ਵੀ ਹੰਝੂ ਜਿਹਾ ਕੁਝ ਤੈਰਦਾ ਪਾਇਆ । ਮੇਰੀ ਇਨਸਾਨੀਅਤ ਕੋਲੋਂ ਕਿਸੇ ਨੇ ਜ਼ਾਤ ਪੁੱਛੀ ਹੈ , ਸਵਾਲ ਇੱਕ ਮੁਅੱਤਬਰ ਬੰਦੇ ਨੇ ਕਿੰਨਾ ਬੇਤੁਕਾ ਪਾਇਆ । ਪਵਾ ਹੋਣੇ ਸੀ ਆਖਰ ਹਾਰ ਤਾਂ ਸਿਰ ਨੂੰ ਝੁਕਾ ਕੇ ਹੀ , ਮਗਰ ਹਰ ਵਾਰ ਹੀ ਸਾਡੀ ਅਨਾ ਨੇ ਰੇੜਕਾ ਪਾਇਆ । ਜਦੋਂ ਕੀਤੀ ਦੁਆ ਦਿਲ ਨੇ ,ਸਦਾ ਪੰਜਾਬ ਲਈ ਕੀਤੀ, ਨਹੀਂ ਚੜ੍ਹਦੇ ਜਾਂ ਲਹਿੰਦੇ ਦਾ ਕਦੇ ਵੀ ਵੇਰਵਾ ਪਾਇਆ । ਉਮਰ ਭਰ ਖੋਜ ਕੇ ਉਸਨੂੰ ਜਦੋਂ ਮੁੜਕੇ ਘਰੀਂ ਪਹੁੰਚੇ , ਤਾਂ ਹਰ ਇੱਕ ਆਦਮੀ ਦੇ ਦਿਲ ‘ਚ ਹੀ ਬੈਠਾ ਖ਼ੁਦਾ ਪਾਇਆ ।
ਜਿਵੇਂ ਪੌਣਾਂ ਨੂੰ ਮੋਢੇ ਤੇ ਬਿਠਾਈ
ਜਿਵੇਂ ਪੌਣਾਂ ਨੂੰ ਮੋਢੇ ਤੇ ਬਿਠਾਈ , ਗੁਲਾਂ ਦੀ ਮਹਿਕ ਦਾ ਨਾ ਭਾਰ ਲੱਗੇ ; ਇਓਂ ਹਰ ਮਾਂ ਨੂੰ ਗਰਭਾਸ਼ੇ ਦਾ ਬੱਚਾ , ਹਮੇਸ਼ਾ ਆਪਣਾ ਵਿਸਥਾਰ ਲੱਗੇ । ਹੈ ਆਪੋ ਆਪਣੇ ਦਾਇਰੇ 'ਚ ਘਿਰਿਆ , ਹਰਿਕ ਪਰਿਵਾਰ ਦਾ ਹਰ ਏਕ ਮੈਂਬਰ ; ਘਰਾਂ ਦੀ ਚਾਰਦੀਵਾਰੀ ਦੇ ਵਿੱਚੋਂ , ਨਫ਼ੀ ਹਰ ਸਾਂਝ ਦਾ ਸਤਿਕਾਰ ਲੱਗੇ । ਅਮੋਲਕ ਮੋਤੀਆਂ ਦੇ ਥਾਲ ਖ਼ਾਤਰ , ਉਹ ਮੁੰਦਰਾਂ ਜੋਗੀਆਂ ਨੂੰ ਮੋੜ ਆਇਆ ; ਹੈ ਭੋਲੀ ਸੁੰਦਰਾਂ ਪਹਿਲਾਂ ਤਰ੍ਹਾਂ ਹੀ, ਤੇ ਪੂਰਨ ਹੋ ਗਿਆ ਹੁਸ਼ਿਆਰ ਲੱਗੇ । ਜਦੋਂ ਖੇਤਾਂ ਦੇ ਰੁੱਖਾਂ ਨਾਲ ਟੰਗੀਆਂ , ਮੇਰੇ ਪਿੰਡਾਂ ਚੋਂ ਲਾਸ਼ਾਂ ਰੋਜ਼ ਮਿਲੀਆਂ ; ਉਦੋਂ ਦਾ ਹਰ ਖ਼ਬਰ ਤੋਂ ਖ਼ੌਫ਼ ਆਵੇ , ਡਰਾਉਣਾ ਰੋਜ਼ ਦਾ ਅਖ਼ਬਾਰ ਲੱਗੇ । ਪਰਾਈ ਲਾਲਸਾ ਨੂੰ ਸ਼ਾਂਤ ਕਰਨਾ , ਜਿਵੇਂ ਤਾਵਾਨ ਬੱਧੇਵਾਸ ਭਰਨਾ ; ਕਹੇ ਸ਼ਾਦੀ ਵਿਆਹ ਜਿਸਨੂੰ ਜ਼ਮਾਨਾ , ਉਹ ਮੇਰੀ ਸੋਚ ਨੂੰ ਵਿਓਪਾਰ ਲੱਗੇ । ਸੁਬ੍ਹਾ ਤੋਂ ਲੈ ਕੇ ਢਲਦੇ ਸੂਰਜਾਂ ਤੱਕ , ਸ਼ੁਗ਼ਲ ਮੇਲੇ ਤਰ੍ਹਾਂ ਕੀਤਾ ਸਫ਼ਰ ਮੈਂ ; ਲਿਆਈ ਸ਼ਾਮ ਤਨ ਮਨ ਦਾ ਥਕੇਵਾਂ , ਤਾਂ ਅਗਲੇਰਾ ਸਫ਼ਰ ਦੁਸ਼ਵਾਰ ਲੱਗੇ ।
ਜੇ ਸੂਰਜ ਕੋਲ ਹੋਵੇ ਟਿਮਕਣੇ ਨੂੰ
ਜੇ ਸੂਰਜ ਕੋਲ ਹੋਵੇ ਟਿਮਕਣੇ ਨੂੰ ਕੌਣ ਪੁੱਛਦਾ ਹੈ । ਟਟਹਿਣੇ ਦੇ ਮਾਮੂਲੀ ਚਾਨਣੇ ਨੂੰ ਕੌਣ ਪੁੱਛਦਾ ਹੈ । ਪਿਆਰਾ ਆਲ੍ਹਣਾ ਲਗਦੈ ਜਦੋਂ ਤੱਕ ਪਰ ਨਹੀਂ ਹੁੰਦੇ , ਉਡਾਰੂ ਹੋਣ ਮਗਰੋਂ ਆਲ੍ਹਣੇ ਨੂੰ ਕੌਣ ਪੁੱਛਦਾ ਹੈ । ਹੈ ਸੀਮਤ ਆਪਣੇ ਤੱਕ ਹੋ ਗਈ ਹੁਣ ਸੋਚ ਲੋਕਾਂ ਦੀ , ਕਿਸੇ ਦੇ ਪਿਆਰ ਪਤਲੇ ਸੰਘਣੇ ਨੂੰ ਕੌਣ ਪੁੱਛਦਾ ਹੈ । ਤੇਰੇ ਪਰਦੇਸ ਵਿੱਚ ਆ ਕੇ ਫਿਰਾਂ ਮੈਂ ਡੌਰ-ਭੌਰਾ ਜਿਹਾ , ਭਰੇ ਮੇਲੇ ' ਚ ਦੱਸ ਕੱਲੇ ਜਣੇ ਨੂੰ ਕੌਣ ਪੁੱਛਦਾ ਹੈ । ਪੁਰਾਣਾ ਤੁਰ ਗਿਆ 'ਸੰਧਾ' ਨਵੇਂ ਯੁਗ ਦੇ ਨੇ ਸਭ ਹਾਮੀ , ਹੈ ਫੈਸ਼ਨ ਜੀਨ ਦਾ ਹੁਣ ਡੋਢਣੇ ਨੂੰ ਕੌਣ ਪੁੱਛਦਾ ਹੈ ।
ਵਰਤਮਾਨ ਦੀ ਪੁਸਤਕ ਦਾ ਕੋਈ ਸਫ਼ਾ
ਵਰਤਮਾਨ ਦੀ ਪੁਸਤਕ ਦਾ ਕੋਈ ਸਫ਼ਾ ਉਥੱਲ ਅਲਹਿਦਾ । ਸ਼ਾਇਦ ਇਸ ਮਸਲੇ ਦਾ ਨਿਕਲੇ ਕੋਈ ਹੱਲ ਅਲਹਿਦਾ । ਸੁਣਿਆ ਹੈ ਪਾਪਾਂ ਦੀ ਬੇੜੀ ਡੁੱਬਣ ਲੱਗੀ ਭਰ ਕੇ , ਸੋਚਾਂ ਦੇ ਸਾਗਰ ਵਿੱਚ ਜਾਪੇ ਉੱਠਦੀ ਛੱਲ ਅਲਹਿਦਾ । ਮੁਅੱਤਬਰਾਂ ਦੇ ਪੈਰਾਂ ਦੀ ਖਿਸਕਾਈ ਜਾਵੇ ਮਿੱਟੀ , ਮਚਿਆ ਹੋਇਐ ਲੋਕ ਮਨਾਂ ਵਿੱਚ ਜੋ ਤਰਥੱਲ ਅਲਹਿਦਾ । ਪੈੜ ਪੁਰਾਣੀ ਉੱਤੇ ਤੁਰਨਾ ਨਾ ਕਰ ਹੋਰ ਗਵਾਰਾ , ਭੇਡਾਂ ਦੇ ਵੱਗ ਨਾਲ਼ੋਂ ਮਿੱਤਰਾ ਹੋ ਕੇ ਚੱਲ ਅਲਹਿਦਾ । ਜੋਤ ਸੋਚ ਦੀ ਨ੍ਹੇਰੀਆਂ ਖੂੰਜਾਂ ਖਰਲਾਂ ਤੀਕ ਪੁਜਾ ਦੇ , ਜੇ ਚਹੁੰਨੈ ਅੱਜ ਨਾਲ਼ੋਂ ਆਪਣਾ ਹੋਵੇ ਕੱਲ੍ਹ ਅਲਹਿਦਾ । ਹੁਣ ਵੀ ਜੇਕਰ ਭਲਿਆ ਲੋਕਾ ਜ਼ਾਬਰ ਹੱਥ ਨਾ ਵੱਢੇ , ਸੰਘੀ ਨੂੰ ਗਲਘੋਟੂ ਆਉਣਾ ਲਹਿਣੀ ਖੱਲ ਅਲਹਿਦਾ । ਮੰਜ਼ਿਲ ਤੀਕਰ ਸਹੀ ਸਲਾਮਤ ਜਾਣ ਮੁਸਾਫ਼ਰ ਓਹੀ , ਜੀਹਨਾਂ ਦੇ ਜਜ਼ਬੇ ਵਿੱਚ ਹੋਵੇ ਅਸਲੋਂ ਗੱਲ ਅਲਹਿਦਾ । ਮਗਰੋਂ ਤੁਰ ਕੇ ਸਫ਼ਾਂ ਉਤਲੀਆਂ ਅੰਦਰ ਛਾ ਗਏ ਪਹਿਲਾਂ , ਸਭ ਤੇ ਪੱਟੂ ਪਾਉਣ ਦਾ ਜੀਹਨਾਂ ਸਿੱਖਿਆ ਵੱਲ ਅਲਹਿਦਾ ।
ਰਾਤ ਹੈ ਤੂਫ਼ਾਨ ਵੀ ਹੈ
ਰਾਤ ਹੈ ਤੂਫ਼ਾਨ ਵੀ ਹੈ, ਸਿਰ-ਢਕਾਅ ਕੋਈ ਨਹੀਂ । ਜਾਣਗੇ ਕਿੱਥੇ ਜੀਹਨਾਂ ਦਾ ਆਸਰਾ ਕੋਈ ਨਹੀਂ । ਅਜਬ ਨਗਰੀ ਹੈ ਕਿ ਜਿੱਥੇ ਨ੍ਹੇਰਗਰਦੀ ਦੇ ਖ਼ਿਲਾਫ਼ , ਜੀਭ ਕਾਇਮ ਹੋਣ ਤੇ ਵੀ ਬੋਲਦਾ ਕੋਈ ਨਹੀਂ । ਕੀ ਹੈ ਇਸ ਮਿੱਟੀ ‘ਚ ਕਿ ਏਥੋਂ ਦੇ ਹੋ ਕੇ ਰਹਿ ਗਏ, ਚਾਹ ਕੇ ਵੀ ਆਪਣੇ ਘਰਾਂ ਨੂੰ ਪਰਤਦਾ ਕੋਈ ਨਹੀਂ । ਹੋ ਗਈ ਦੁਨੀਆਂ ਦੀ ਫ਼ਿਤਰਤ ਕਾਗਜ਼ੀ ਫੁੱਲਾਂ ਜਹੀ, ਜਾਪਦੇ ਸਭ ਖ਼ੂਬਸੂਰਤ , ਮਹਿਕਦਾ ਕੋਈ ਨਹੀਂ । ਜਿਸ ਤਰ੍ਹਾਂ ਬਦਲੀ ਹੈ ਕਰਵਟ ਵਕਤ ਨੇ ਹੈਰਾਨ ਹਾਂ, ਮੇਰੇ ਘਰ ਅੰਦਰ ਹੀ ਮੇਰੇ ਲਈ ਜਗ੍ਹਾ ਕੋਈ ਨਹੀਂ । ਬਾਦਸ਼ਾਹ ਭਰਦੇ ਨੇ ਪਾਣੀ ਸਮਝਦੀ ਪਬਲਿਕ ਖ਼ੁਦਾ , ਸਾਧ ਦੇ ਡੇਰੇ ਤੋਂ ਵੱਡਾ ਠਗ-ਠਗਾ ਕੋਈ ਨਹੀਂ । ਜ਼ਿੰਦਗੀ ਤੇ ਮੈਂ ਮੁਸਲਸਲ ਦੂਰ ਹੁੰਦੇ ਜਾ ਰਹੇ , ਮੇਲ ਫਿਰ ਹੋਵੇ ਕਦੇ ਐਸਾ ਪੜਾਅ ਕੋਈ ਨਹੀਂ । ਲੋਕ ਸੁਣਦੇ ਮੇਰੀਆਂ ਗ਼ਜ਼ਲਾਂ ਤੇ ਦਿੰਦੇ ਦਾਦ ਵੀ , ਨਾਪਦਾ ਲੇਕਿਨ ਮੇਰੇ ਮਨ ਦਾ ਖਲਾਅ ਕੋਈ ਨਹੀਂ ।
ਸੁਲਘਦੇ ਅਖ਼ਬਾਰ ਲੈ ਕੇ
ਸੁਲਘਦੇ ਅਖ਼ਬਾਰ ਲੈ ਕੇ ਪਰਤ ਆਏ ਹਾਂ ਘਰੀਂ । ਫਿਰ ਮਨਾਂ ਤੇ ਭਾਰ ਲੈ ਕੇ ਪਰਤ ਆਏ ਹਾਂ ਘਰੀਂ । ਕੁਝ ਤੜਪ,ਕੁਝ ਬੇਬਸੀ ,ਕੁਝ ਖ਼ੌਫ਼ ,ਕੁਝ ਸ਼ਰਮਿੰਦਗੀ , ਬੱਸ ਇਹ ਚੀਜ਼ਾਂ ਚਾਰ ਲੈ ਕੇ ਪਰਤ ਆਏ ਹਾਂ ਘਰੀ । ਸ਼ੁਕਰ ਹੈ ਅੱਗ ਦੀ ਨਦੀ ਚੋਂ ਸਹੀ ਸਲਾਮਤ ਆਪਣੀ , ਜਾਨ ਫਿਰ ਇੱਕ ਵਾਰ ਲੈ ਕੇ ਪਰਤ ਆਏ ਹਾਂ ਘਰੀਂ । ਧਰਮ ਦੇ ਹੱਥੋਂ ਹਰੀ ਇਨਸਾਨੀਅਤ ਦੇ ਰਾਹ ਲਈ , ਹਰ ਪੜਾਅ ਦੁਸ਼ਵਾਰ ਲੈ ਕੇ ਪਰਤ ਆਏ ਹਾਂ ਘਰੀਂ । ਖੋ ਗਿਆ ਕਿਧਰੇ ਮਨਾਂ ਦਾ ਚੈਨ , ਰੂਹਾਂ ਦਾ ਸਕੂਨ , ਦਿਲ 'ਚ ਹਾਹਾਕਾਰ ਲੈ ਕੇ ਪਰਤ ਆਏ ਹਾਂ ਘਰੀਂ । ਹਰ ਨਿਗਾਹ ਪੁੱਛੇ ਕਿ ਤਲਵਾਰਾਂ ਦੇ ਜੰਗਲ਼ ਚੋ ਅਸੀਂ , ਸੀਸ ਕਿਸ ਪ੍ਰਕਾਰ ਲੈ ਕੇ ਪਰਤ ਆਏ ਹਾਂ ਘਰੀਂ । ਰਹਿਣ ਕਰ ਆਏ ਸੁਤੰਤਰ ਸੋਚ ਤੇ ਉਜਲੇ ਜ਼ਮੀਰ , ਜਿਊਣ ਦਾ ਇਕਰਾਰ ਲੈ ਕੇ ਪਰਤ ਆਏ ਹਾਂ ਘਰੀਂ । ਦੇ ਰਹੇ ਰਹਿਬਰ ਭਰੋਸਾ ਕਿ ਚੜ੍ਹੇਗਾ ਦਿਨ ਜਰੂਰ , ਬਸ ਇਹੋ ਇਤਬਾਰ ਲੈ ਕੇ ਪਰਤ ਆਏ ਹਾਂ ਘਰੀਂ ।
ਰੌਸ਼ਨੀ ਨੂੰ ਭਟਕਣਾ ਦਰ ਭਟਕਣਾ
ਰੌਸ਼ਨੀ ਨੂੰ ਭਟਕਣਾ ਦਰ ਭਟਕਣਾ ਮਿਲਦੀ ਰਹੇਗੀ । ਨ੍ਹੇਰਿਆਂ ਨੂੰ ਦੀਵਿਆਂ ਥੱਲੇ ਪਨਾਂਹ ਮਿਲਦੀ ਰਹੇਗੀ । ਰਾਜ ਤੇਰੇ ਦਾ ਤੇ ਜੰਗਲ਼ ਰਾਜ ਦਾ ਕੀ ਫ਼ਰਕ ਹੈ ਫਿਰ , ਬੇ-ਗੁਨਾਹਾਂ ਨੂੰ ਸਜ਼ਾ ਜੇ ਇਸ ਤਰ੍ਹਾਂ ਮਿਲਦੀ ਰਹੇਗੀ । ਘਪਲਿਆਂ ਦਾ ਦੇਸ਼ ਕਰਕੇ ਜਾਣਿਆਂ ਜਾਵੇਗਾ ਭਾਰਤ , ਜੇ ਸਿਆਸਤ ਚੋਰ ਨੂੰ ਹੋ ਮਿਹਰਬਾਂ ਮਿਲਦੀ ਰਹੇਗੀ । ਜੇਬ ਗਰਮਾਈ ਤਾਂ ਅਫਸਰ ਨੇ ਕਿਹਾ ‘ਮੌਜਾਂ ਕਰੋ ਜੀ ‘ , ਛਾਪਿਆਂ ਦੀ ਵੀ ਅਗਾਊਂ ਸੂਚਨਾ ਮਿਲਦੀ ਰਹੇਗੀ । ਹੁਸਨ ਹੀਰਾਂ ਦਾ ਜਦੋਂ ਤੀਕਰ ਸਲਾਮਤ ਹੈ ਜ਼ਮੀਂ ਤੇ, ਰਾਂਝਿਆਂ ਦੇ ਸੁਪਨਿਆਂ ਨੂੰ ਸਿਰਜਣਾ ਮਿਲਦੀ ਰਹੇਗੀ । ਇਸ਼ਕ ਦਾ ਅਹਿਸਾਸ ਜਿਊਂਦਾ ਹੈ ਦਿਲਾਂ ਅੰਦਰ ਅਗਰ ਤਾਂ ਭੌਰ ਨੂੰ ਖੁਸ਼ਬੋਅ , ਪਤੰਗੇ ਨੂੰ ਸ਼ਮਾਂ ਮਿਲਦੀ ਰਹੇਗੀ । ਵਾਹ ਦਿਓ ਲੀਕਾਂ ਤੇ ਭਾਵੇਂ ਲਾ ਦਿਓ ਹੱਦਾਂ ਤੇ ਤਾਰਾਂ , ਸਿੰਧ ਨੂੰ ਸਤਲੁਜ ਤੇ ਰਾਵੀ ਨੂੰ ਝਨਾਂ ਮਿਲਦੀ ਰਹੇਗੀ । ਨਫ਼ਰਤਾਂ ਦੀ ਫ਼ਸਲ ਵੀ ਭਰਵੀਂ ਬੇਸ਼ੱਕ ਲਹਿਰਾ ਰਹੀ ਹੈ, ਤਾਂ ਵੀ ਖੁਸ਼ਬੂ ਪਿਆਰ ਦੀ ਮੇਰੇ ਗਰਾਂ ਮਿਲਦੀ ਰਹੇਗੀ ।
ਖ਼ਰਾ ਹੁੰਦਾ ਜੇ ਬਸਤੀ ਦੇ ਘਰਾਂ ਤੇ
ਖ਼ਰਾ ਹੁੰਦਾ ਜੇ ਬਸਤੀ ਦੇ ਘਰਾਂ ਤੇ , ਉਹ ਇਸ ਵਾਰੀ ਕੁਈ ਅਹਿਸਾਨ ਕਰਦੇ । ਇਹਨਾਂ ਅਦਨੇ ਜਿਹੇ ਲੋਕਾਂ ਲਈ ਵੀ , ਕੋਈ ਆਹਲਾ ਜਿਹਾ ਐਲਾਨ ਕਰਦੇ । ਕੋਈ ਉਹਨਾਂ ਦੀ ਹੋਣੀ ਦਾ ਵੀ ਸੋਚੇ , ਉਮਰ ਜੀਹਨਾਂ ਦੀ ਖਾ ਚੱਲੇ ਵਿਗੋਚੇ ; ਜੋ ਕਕਰੀਲੀ ਸਿਆਲੂ ਰਾਤ ਨੂੰ ਵੀ , ਰੜੇ ਮੈਦਾਨ ਵਿੱਚ ਗੁਜ਼ਰਾਨ ਕਰਦੇ । ਕਿਹਾ ਕੁਝ ਹੋਰ ਕੀਤਾ ਹੋਰ , ਧੋਖਾ , ਕਰੇ ਵਿਸ਼ਵਾਸ ਨੂੰ ਕਮਜ਼ੋਰ ਧੋਖਾ; ਤੇ ਬਚਨਾਂ ਦੇ ਅਧੂਰੇ ਆਗੂਆਂ ਨੂੰ , ਦੁਬਾਰਾ ਲੋਕ ਨਹੀਂ ਪਰਵਾਨ ਕਰਦੇ । ਨਿਰੰਤਰ ਕੂੜ ਦਾ ਕਰਕੇ ਪਸਾਰਾ , ਕਹਾ ਹੋਣਾ ਨਹੀਂ ਚਾਨਣ-ਮੁਨਾਰਾ ; ਬਣਨਗੇ ਆਉਂਦੀਆਂ ਸਦੀਆਂ ਦੇ ਦੋਸ਼ੀ , ਜੋ ਆਪਣੇ ਦੇਸ਼ ਦਾ ਨੁਕਸਾਨ ਕਰਦੇ । ਮਹੱਲੀਂ ਬਹਿ ਗਿਆ ਹੈ ਸ਼ਾਮ ਜਾ ਕੇ , ਸੁਦਾਮੇ ਦੇ ਘਰੇ ਹਾਲੀ ਵੀ ਫ਼ਾਕੇ ; ਅਸੀਂ ਮੰਨਦੇ ਜੇ ਮੰਗੇ ਤੋਂ ਬਿਨਾਂ ਹੀ , ਹਰਾ ਉਹਦਾ ਵੀ ਦਸਤਰਖ਼ਾਨ ਕਰਦੇ । ਤੂੰ ਹੀਰੇ ਲਾਲ ਬਾਣੇ ਤੇ ਜੜਾ ਲੈ , ਤੇ ਕਲਗੀ ਰੇਸ਼ਮੀ ਪਗੜੀ ਤੇ ਲਾ ਲੈ ; ਨਹੀਂ ਸੱਚਾ ਪਾਤਸ਼ਾਹ ਕਹਿਣਾ ਕਿਸੇ ਨੇ , ਅਗਰ ਸਰਬੰਸ ਨਹੀਂ ਕੁਰਬਾਨ ਕਰਦੇ ।
ਖੁਸ਼ੀਆਂ ਦੀ ਖੁਸ਼ਬੋਈ ਲੈ ਕੇ ਲੰਘਣ
ਖੁਸ਼ੀਆਂ ਦੀ ਖੁਸ਼ਬੋਈ ਲੈ ਕੇ ਲੰਘਣ ਕਦੋਂ ਹਵਾਵਾਂ ਦੱਸ। ਜਿੱਥੇ ਹਾਸੇ ਮਿਲਣ ਉਧਾਰੇ ਮੈਨੂੰ ਵੀ ਸਿਰਨਾਵਾਂ ਦੱਸ । ਘਰ-ਦਾਰੀ ਤਾਂ ਲੇਹਾ ਹੋ ਕੇ ਚੰਬੜ ਜਾਂਦੀ ਹੈ ਬੰਦੇ ਨੂੰ , ਬਾਬਾ ਕਿੱਦਾਂ ਤੁਰ ਗਿਆ ਹੋਊ ਪੈਰੀਂ ਪਹਿਨ ਖੜਾਵਾਂ ਦੱਸ । ਇਓਂ ਲੱਗੇ ਕਿ ਹਰ ਦਿਨ ਦਾ ਹਰ ਲਮਹਾ ਲਟਕੇ ਸੂਲੀ ਤੇ , ਤੜਪ ਰਹੇ ਇਸ ਹਰ ਲਮਹੇ ਦੀ ਮੈਂ ਕਿੰਜ ਪੀੜ ਵੰਡਾਵਾਂ ਦੱਸ। ਗੱਭਰੂਆਂ ਦੀ ਭਰੀ ਜਵਾਨੀ ਚਿੱਟੇ ਦੇ ਭਾਗਾਂ ਦੀ ਕਿਓਂ , ਅਸਰ ਗਵਾ ਕੇ ਰਹਿ ਗਈਆਂ ਕਿਓਂ ਮਾਂਵਾਂ ਦੀਆਂ ਦੁਆਵਾਂ ਦੱਸ। ਹੱਥੀਂ ਲਾਏ , ਹੱਥੀ ਪਾਲੇ ਬੂਟੇ ਬਣਦੇ ਬਿਰਛ ਜਦੋਂ , ਮਰ ਜਾਣੇ ਮਾਲੀ ਨੂੰ ਕਿਓਂ ਨਹੀਂ ਹਾਸਲ ਹੁੰਦੀਆਂ ਛਾਵਾਂ ਦੱਸ। ਉਹ ਤੇ ਮੈਂ ਤਾਂ ਇੱਕੋ ਮਿੱਕੋ ਹੁੰਦੇ ਸਾਂ ਕੱਲ੍ਹ ਪਰਸੋਂ ਤੀਕ , ਵੱਖਰਾ ਹੋਇਆ ਅੱਜ ਕਿਓਂ ਮੈਥੋਂ ਮੇਰਾ ਹੀ ਪਰਛਾਵਾਂ ਦੱਸ । ਮੋਹ ਦੇ ਮਾਰੇ ਘਰ ਤਾਂ ਚੇਤੇ ਕਰ ਕਰ ਝੁਰਦੇ ਰਹਿਣ ਸਦਾ , ਪਰਦੇਸੀ ਕਿਓਂ ਭੁੱਲ ਜਾਂਦੇ ਨੇ ਫੇਰ ਘਰਾਂ ਦੀਆਂ ਰਾਹਵਾਂ ਦੱਸ । ਅਕਸਰ ਹੀ ਕਰਜ਼ੇ ਤੋਂ ਡਰਦੇ ਵਿਆਹ ਟਲ ਜਾਂਦੇ ਧੀਆਂ ਦੇ , ਸ਼ਗਨਾਂ ਨੂੰ ਪਰਨਾਏ ਹੋਏ ਗੀਤ ਮੈਂ ਕਿੱਦਾਂ ਗਾਵਾਂ ਦੱਸ। ਜੀਹਦੀਆਂ ਖੂੰਜਾਂ ਖਰਲਾਂ ਉੱਤੇ ਹੁਣ ਵੀ ਰਾਜ ਹਨੇਰੇ ਦਾ , ਕਦ ਆਉਣਾ ਏਂ ਓਸ ਘਰੇ ਹੁਣ ਫੇਰਾ ਪਾਉਣ ਸ਼ੁਆਵਾਂ ਦੱਸ ।
ਮੇਰੇ ਹਿੱਸੇ ਹਯਾਤੀ ਦੀ ਨਾ ਕੋਈ
ਮੇਰੇ ਹਿੱਸੇ ਹਯਾਤੀ ਦੀ ਨਾ ਕੋਈ ਵੀ ਉਮੰਗ ਆਈ । ਜੁੜੀ ਨਾ ਪੈਰ ਨੂੰ ਝਾਂਜਰ ਤੇ ਨਾ ਵੀਣੀ 'ਚ ਵੰਗ ਆਈ । ਮੂੰਹਾਂ ਵੱਲ ਵੇਖਦੇ ਇੱਕ ਦੂਸਰੇ ਦੇ ਜ਼ਿੰਦਗੀ ਗੁਜ਼ਰੀ , ਨਾ ਮੰਗੇ ਹੱਕ ਮੈਂ ਤੇ ਨਾ ਜ਼ਮਾਨੇ ਨੂੰ ਹੀ ਸੰਗ ਆਈ । ਐ ਦੁਨੀਆਂ ਤੂੰ ਮੇਰੇ ਹਰ ਸ਼ੌਕ ਦਾ ਹੀ ਹਾਲ ਉਹ ਕੀਤੈ , ਜਿਵੇਂ ਬਾਲਾਂ ਦੇ ਹੱਥ ਹੋਵੇ ਕਟੀ ਹੋਈ ਪਤੰਗ ਆਈ । ਗਰੀਬੀ ਮਾਰਿਆ ਇੱਕ ਬਾਲ ਪੈਰਾਂ ਤੇ ਝੁਰੀ ਜਾਵੇ , ਜਿਹੜੀ ਕੂੜੇ ਚੋਂ ਸੀ ਜੁੱਤੀ 'ਥਿਆਈ ਉਹ ਵੀ ਤੰਗ ਆਈ । ਮੁਫ਼ਤ ਦੇ ਦਾਲ ਆਟੇ ਨੇ ਉਹ ਫਿਰ ਪੱਜਲ ਬਣਾ ਛੱਡੇ , ਮਸੀਂ ਲੜਨੀ ਜੀਹਨਾਂ ਲੋਕਾਂ ਨੂੰ ਭੁੱਖਾਂ ਨਾਲ ਜੰਗ ਆਈ । ਜਦੋਂ ਗਰਜ਼ਾਂ ਦੇ ਨਾਗਾਂ ਨੇ ਵਲ਼ਾਵਾਂ ਪਾ ਲਿਆ ਮੈਨੂੰ , ਮੈਂ ਹਰ ਇੱਕ ਰੀਝ ਨੂੰ ਖ਼ੁਦ ਫਰਜ਼ ਦੀ ਸੂਲੀ ਤੇ ਟੰਗ ਆਈ । ਹੋਈ ਮੁੱਦਤ ਉੱਡੇ ਨਾ ਕਾਂ ਕੋਈ ਰੂਹ ਦੇ ਬਨੇਰੇ ਤੋਂ , ਨਾ ਕਾਸਦ ,ਨਾ ਸੁਨੇਹਾ ,ਨਾ ਕੋਈ ਚਿੱਠੀ ਬਰੰਗ ਆਈ । ਪਲਾਂ ਵਿੱਚ ਰੋੜ੍ਹ ਗਈ ਰੂਹ ਦਾ ਸਕੂੰ ਰੇਤੇ ਦੇ ਘਰ ਵਾਂਗੂੰ , ਕਦੇ ਜਦ ਮਨ ਦੇ ਸਾਹਿਲ ਤੇ ਹੈ ਯਾਦਾਂ ਦੀ ਤਰੰਗ ਆਈ । ਤੇਰੇ ਘਰ ਤੋਂ ਪਿਛਾਹਾਂ ਮੁੜਨ ਦਾ ਕੋਈ ਰਾਹ ਨਹੀਂ ਇਸ਼ਕਾ , ਨਾ ਰਾਂਝਾ ਗਿਆ ਹਜ਼ਾਰੇ ਨੂੰ ਨਾ ਮੁੜਕੇ ਹੀਰ ਝੰਗ ਆਈ ।
ਨਾ ਨਾ ਇੰਜ ਨਾ ਕਰ ਬਾਬਾ
ਨਾ ਨਾ ਇੰਜ ਨਾ ਕਰ ਬਾਬਾ ,ਨੈਣੀਂ ਹਿੰਝ ਨਾ ਭਰ ਬਾਬਾ । ਇਹ ਹੈ ਸੁਹਜ ਹਯਾਤੀ ਦਾ ,ਗਮ ਤੋਂ ਕੇਹਾ ਡਰ ਬਾਬਾ । ਦੁੱਖਾਂ ਮਗਰੋਂ ਖੁਸ਼ੀਆਂ ਵੀ ਵਿਹੜੇ ਫੇਰਾ ਪਾਉਣਗੀਆਂ , ਦਿਲ ਨੂੰ ਕੁੰਡੀ ਮਾਰੀਂ ਨਾ , ਖੁੱਲ੍ਹੇ ਰੱਖੀਂ ਦਰ ਬਾਬਾ । ਜਿਹੜਾ ਛਾਤੀ ਡਾਹ ਦੇਵੇ ਸਾਂਹਵੇ ਆਉਂਦੀ ਮੁਸ਼ਕਲ ਦੇ , ਓਹੀਓ ਬੰਦਾ ਹੁੰਦਾ ਏ ਅਸਲੀਅਤ ਵਿੱਚ ਨਰ ਬਾਬਾ । ਜਾਰੀ ਰਹਿਣ ਉਡਾਨਾਂ ਤਾਂ ਸਾਰਾ ਅੰਬਰ ਆਪਣਾ ਹੈ, ਜੇਕਰ ਉੱਡਣਾ ਛੱਡ ਦੇਈਏ ਬੋਡੇ ਹੋ ਜਾਣ ਪਰ ਬਾਬਾ । ਅੱਜਕਲ ਰਿਸ਼ਤੇ ਨਾਤੇ ਵੀ ਹਾਮੀ ਭਰਦੇ ਮਤਲਬ ਦੀ , ਥੋੜਾ ਪਿੱਛੇ ਹੱਟ ਜਾ ਤੂੰ , ਜੇ ਨਹੀਂ ਮਿਚਦਾ ਬਰ ਬਾਬਾ । ਥੱਕੇ ਹਾਰੇ ਬੰਦੇ ਨੂੰ ਬੁੱਕਲ ਵਿੱਚ ਲੈ ਲੈਂਦਾ ਏ , ਛੱਪਰ ਢਾਰਾ ਝੁੱਗੀ ਸਹੀ , ਘਰ ਤਾਂ ਹੁੰਦੈ ਘਰ ਬਾਬਾ । ਤਪਦਾ ਹਰਫ਼ ਜੁਦਾਈ ਦਾ ਲੇਖੀਂ ਲਿਖਿਆ ਹੁੰਦਾ ਏ , ਓਂ ਤਾਂ ਉਮਰ ਵਿਛੋੜੇ ਦਾ ਕਿਹੜਾ ਮੰਗਦੈ ਵਰ ਬਾਬਾ । ਬਾਝੋਂ ਅੰਤ ਪਿਆਰੇ ਦੇ ਜੀਣਾ ਬੇਸ਼ੱਕ ਜੀਣਾ ਨਹੀਂ , ਮੋਇਆਂ ਨਾਲ ਕਿਸੇ ਕੋਲੋਂ ਪਰ ਨਹੀਂ ਹੁੰਦਾ ਮਰ ਬਾਬਾ । ਜਿੱਦਾਂ ਭੁੱਲਣ ਵਾਲੇ ਦੀ ਨਿਭ ਜਾਵੇਗੀ ਤੇਰੇ ਬਿਨ , ਵੇਖ ਲਵੀਂ ਤੂੰ ਤੇਰਾ ਵੀ ਓਦਾਂ ਈ ਜਾਣਾ ਸਰ ਬਾਬਾ।
ਜੰਗ ਦੇ ਐਲਾਨ ਤੋਂ ਪਹਿਲਾਂ
ਜੰਗ ਦੇ ਐਲਾਨ ਤੋਂ ਪਹਿਲਾਂ ਤੁਰੀ ਤਹਿਰੀਕ ਹਾਂ ਮੈਂ । ਆਪਣੇ ਲੋਕਾਂ ਦੇ ਜਿਊਂਦੇ ਹੋਣ ਦੀ ਤਸਦੀਕ ਹਾਂ ਮੈਂ । ਮੈਨੂੰ ਮੇਟਣ ਦੇ ਯਤਨ ਤੇਰੇ ਅਕਾਰਥ ਜਾਣਗੇ ਸਭ , ਪਈ ਕਿਸੇ ਪਥਰਾਟ ਤੇ ਸਦੀਆਂ ਪੁਰਾਣੀ ਲੀਕ ਹਾਂ ਮੈਂ । ਇਸ ਤਰ੍ਹਾਂ ਵਿੰਹਦੇ ਨੇ ਕਿਓਂ ਤੇਰੇ ਸ਼ਹਿਰ ਦੇ ਲੋਕ ਮੈਨੂੰ , ਕਿ ਜਿਵੇਂ ਮੰਗਲ ਗ੍ਰਹਿ ਦਾ ਅਜਨਬੀ ਵਸਨੀਕ ਹਾਂ ਮੈਂ । ਮੈਂ ਟਟਹਿਣਾ ਨ੍ਹੇਰ ਵਿੱਚ ਵੀ ਰਾਹ ਬਣਾਉਣੇ ਜਾਣਦਾ ਹਾਂ , ਹੀਣ ਹੀ ਸਹੀ ,ਚਾਨਣਾਂ ਦੇ ਵੰਸ਼ ਦਾ ਪ੍ਰਤੀਕ ਹਾਂ ਮੈਂ । ਦਸਤਖ਼ਤ ਹਾਂ ਪੈੜ ਦਾ ,ਪਿੱਛਾ ਕਰਾਂਗਾ ਤੋੜ ਤੀਕਰ , ਤੇਰਾ ਪਰਛਾਵਾਂ ਨਹੀਂ ਕਿ ਸਿਰਫ਼ ਚਾਨਣ ਤੀਕ ਹਾਂ ਮੈਂ । ਤੇਰੀਆਂ ਨਜ਼ਦੀਕੀਆਂ ਨਹੀਂ ਰਾਸ , ਮੈਨੂੰ ਜਾਣ ਦੇ ਤੂੰ , ਮੇਰੀ ਤਨਹਾਈ ਦੇ ਸੰਗ ਹਾਂ ਜਿਸ ਤਰ੍ਹਾਂ ਵੀ ਠੀਕ ਹਾਂ ਮੈਂ । ਭੰਗ ਕਰ ਗਈਆਂ ਸਮਾਧੀ ਕਾਮਨਾਵਾਂ , ਲਾਲਸਾਵਾਂ , ਸੋਚਿਆ ਜਦ ਵੀ , ਖ਼ੁਦਾ ਨੂੰ ਪਾਉਣ ਦੇ ਨਜ਼ਦੀਕ ਹਾਂ ਮੈਂ ।
ਕੱਲ੍ਹ ਤੇ ਸੀ ਤੇਰਾ ਹੀ ਦਬਦਬਾ
ਕੱਲ੍ਹ ਤੇ ਸੀ ਤੇਰਾ ਹੀ ਦਬਦਬਾ , ਅੱਜ ਤੇ ਵੀ ਤੇਰਾ ਹੀ ਰਾਜ ਹੈ । ਕਿਓਂ ਅਧੀਨ ਮੈਂ ਤੇਰੇ ਹੁਕਮ ਦੇ , ਮੇਰੀ ਮਰਜ਼ੀ ਤੇਰੀ ਮੁਥਾਜ਼ ਹੈ । ਬਣ ਹਮਕਦਮ ਤੂੰ ਖ਼ੁਦਾ ਨਾ ਬਣ , ਮੇਰੀ ਜ਼ਿੰਦਗੀ ਦੀ ਸਜ਼ਾ ਨਾ ਬਣ ; ਜੇ ਮੈਂ ਖਾਹਿਸ਼ਾਂ ਨੂੰ ਪਨਾਂਹ ਦਿਆਂ , ਤੇਰਾ ਵਿਗੜਦਾ ਕਿਓਂ ਮਿਜਾਜ਼ ਹੈ । ਮੇਰੇ ਸਾਥ ਦਾ ਹੀ ਕਮਾਲ ਸੀ , ਜਿੱਤ ਹਰ ਦਫ਼ਾ ਤੇਰੇ ਨਾਲ ਸੀ ; ਪਰ ਕਾਮਯਾਬੀ ਤੋਂ ਬਾਅਦ ਕਿਓਂ , ਮੇਰਾ ਨਾਮ ਨਜ਼ਰ ਅੰਦਾਜ਼ ਹੈ। ਤੇਰੇ ਮਾਲਕੀ ਦੇ ਜਨੂੰਨ ਤੇ , ਇਸ ਬੇ- ਸ਼ਊਰ ਕਾਨੂੰਨ ਤੇ ; ਸ਼ਿਕਵਾ ਰਿਹਾ ਮੈਨੂੰ ਕੱਲ੍ਹ ਵੀ , ਅੱਜ ਵੀ ਬੜਾ ਇਤਰਾਜ਼ ਹੈ । ਨਾਲੇ ਹੁਸਨ ਮੇਰਾ ਮਾਣਦੈਂ , ਨਾਲੇ ਛਾਨਣੀ 'ਚੋਂ ਛਾਣਦੈਂ ; ਤੇਰੇ ਸਿਰ ਤੇ ਛਤਰ ਗਰੂਰ ਦਾ, ਮੇਰੇ ਸਿਰ ਨੂੰ ਸੂਲਾਂ ਦਾ ਤਾਜ ਹੈ। ਕਮਤਰ ਨਹੀਂ ਮੈਂ ਐਲਾਨ ਕਰ , ਮੈਨੂੰ ਹਰ ਤਰ੍ਹਾਂ ਪਰਵਾਨ ਕਰ ; ਇਹ ਤਕਾਜ਼ਾ ਹੈ ਇਨਸਾਫ਼ ਦਾ , ਏਹੋ ਵਕਤ ਦਾ ਵੀ ਲਿਹਾਜ਼ ਹੈ।
ਤਾ ਉਮਰਾ ਪਛਤਾਉਂਦੇ ਕਰਕੇ ਯਾਦ
ਤਾ ਉਮਰਾ ਪਛਤਾਉਂਦੇ ਕਰਕੇ ਯਾਦ ਕੁਵੱਲੀਆਂ ਭੁੱਲਾਂ ਨੂੰ । ਨਾ-ਸਮਝੀ ਦਾ ਜ਼ਹਿਰ ਪਿਆਲਾ ਲਾ ਲੈਂਦੇ ਜੋ ਬੁੱਲ੍ਹਾਂ ਨੂੰ । ਬੇਈਮਾਨੀ ਮਿੱਤਰਾਂ ਦੀ ਮੈਂ ਕਿੱਦਾਂ ਮਨੋ ਵਿਸਾਰ ਦਿਆਂ , ਮੇਰੇ ਤੇ ਹੀ ਵਰਤ ਗਏ ਜੋ ਮੇਰੀਆਂ ਦਿੱਤੀਆਂ ਖੁੱਲ੍ਹਾਂ ਨੂੰ । ਰੇਸ਼ਮ ਕਦਰਾਂ ਦਾ ਨਾ ਮਿਲਿਆ ਤਾਂ ਵੀ ਕੋਈ ਗਿਲਾ ਨਹੀਂ , ਰੇਸ਼ਮ ਵਾਂਗੂੰ ਅਸਾਂ ਹੰਢਾਇਆ ਬੇ-ਕਦਰੀ ਦਿਆਂ ਝੁੱਲਾਂ ਨੂੰ । ਕਿਸ ਬੇ-ਦਰਦੀ ਆਲ੍ਹਣਿਆਂ ਨੂੰ ਤੀਲਾ ਤੀਲ੍ਹਾ ਕੀਤਾ ਏ , ਕੌਣ ਜਨੂੰਨੀ ਅੱਖ ਬਚਾ ਕੇ ਤੀਲ੍ਹੀ ਲਾ ਗਿਆ ਫੁੱਲਾਂ ਨੂੰ । ਮੇਰੀ ਖਿਆਲ ਉਡਾਰੀ ਜਿੰਨੀ ਛਾਲ ਨਾ ਵੱਜੀ ਤੇਰੇ ਤੋਂ , ਸੌ ਵਾਰੀ ਤੂੰ ਉੱਚੇ ਕੀਤਾ ਹੈਂਕੜ ਦਿਆਂ ਪੜੁੱਲਾਂ ਨੂੰ । ਮੰਜ਼ਿਲ ਪਾਉਣ ਲਈ ਤਾਂ ਤੁਰਨਾ ਪੈਂਦਾ ਹੈ ਅੰਗਿਆਰਾਂ ਤੇ , ਦਾਣਾ ਹਾਸਲ ਦਾ ਨਹੀਂ ਪੈਂਦਾ ਬੇ-ਹਿੰਮਤੀ ਦਿਆਂ ਗੁੱਲਾਂ ਨੂੰ । ਕਮਜ਼ੋਰਾਂ ਦੀ ਮਿਹਨਤ ਅਕਸਰ ਵਕਤਾਂ ਹੱਥੋਂ ਹਰ ਜਾਵੇ , ਕਿਤਿਓਂ ਚੈਨ ਕਰਾਰ ਮਿਲੇ ਨਾ ਭੁੱਖ ਮਰੀ ਦੀਆਂ ਹੁੱਲਾਂ ਨੂੰ । ਮਣਸ ਗਿਆ ਕੋਈ ਸਦਾ ਸਦੀਵੀ ਠੰਢੀਆਂ ਠੁਰਕ ਇਕਾਦਸ਼ੀਆਂ , ਤਾਹਿਓਂ ਤੀਏ ਡੰਗ ਵੀ ਅੱਗ ਨਾ ਜੁੜਦੀ ਸਾਡੀਆਂ ਚੁੱਲ੍ਹਾਂ ਨੂੰ । ਮਿਹਨਤਕਸ਼ ਲਈ ਰੁੱਖੀ ਰੋਟੀ, ਦਾਲ ਅਲੂਣੀ ਆਥਣ ਨੂੰ , ਘਰ ਬੈਠੇ ਹੀ ਹਲਵਾ ਮੰਡਾ ਪੰਡਤ, ਭਾਈ, ਮੁੱਲਾਂ ਨੂੰ । ਜਿੱਤਣਗੇ ਕਦ ਬਾਜ਼ੀ ਸਾਡੇ ਸਾਹ ਮਾਰੇ ਕਮਜ਼ੋਰੀ ਦੇ , ਦੱਸ ਦਿਓ ਕਦ ਅਸਲ ਨਿਸ਼ਾਨਾ ਮਿਲਣਾ ਸਾਡਿਆਂ ਟੁੱਲਾਂ ਨੂੰ ।
ਹੁੰਦੀ ਅੱਜ ਨਾ ਅਸਾਥੋਂ ਸ਼ਰਮਸਾਰ ਤੂੰ
ਹੁੰਦੀ ਅੱਜ ਨਾ ਅਸਾਥੋਂ ਸ਼ਰਮਸਾਰ ਤੂੰ , ਉਸ ਘੜੀ ਨਾ ਜੇ ਤੇਰੇ ਕਦਮ ਬਹਿਕਦੇ । ਸਾਨੂੰ ਦੱਸੀਂ ਨੀ ਦਿੱਲੀਏ ਉੱਜੜ ਜਾਣੀਏਂ , ਕਿਹੜੇ ਚੌਂਕੇ ਚ ਭਾਂਡੇ ਨਹੀਂ ਠਹਿਕਦੇ । ਇੱਕ ਰੁੱਖ ਨੇ ਸੀ ਧਰਤੀ ਹਿਲਾਈ ਇਵੇਂ , ਖ਼ਾਕ ਇਤਿਹਾਸ ਦੀ ਮੁੜ ਉਡਾਈ ਜਿਵੇਂ , ਹੁਣ ਵੀ ਸੁਪਨੇ ਹੰਢਾਉਂਦੇ ਉਹ ਮੰਜ਼ਰ ਜਦੋਂ ; ਨੀਂਦ ਵਿੱਚ ਵੀ ਹਜ਼ਾਰਾਂ ਦੇ ਦਿਲ ਤਹਿਕਦੇ । ਆਈ ਜੰਗਲ 'ਚ ਸੀ ਕੇਹੀ ਸ਼ਾਤਰ ਅਗਨ , ਆਲ੍ਹਣੇ ਖਾਸ ਖਾ ਗਈ ਉਹ ਚਾਤਰ ਅਗਨ , ਪੌਣ ਸਹਿਮੀ ,ਪਰਿੰਦਿਆਂ ਨੇ ਸਾਹ ਰੋਕ ਲਏ ; ਗੁੰਗੇ ਹੋ ਗਏ ਜਿਵੇਂ ਚਹਿਕਦੇ ਚਹਿਕਦੇ । ਲਾਲ ਗੱਭਰੂ ਜਿਊਂਦੇ ਜਦੋਂ ਸੜ ਗਏ , ਵੈਣ ਮਾਵਾਂ ਦੇ ਸੰਘਾਂ ਚ ਹੀ ਅੜ ਗਏ । ਦੀਵੇ ਗੁੱਲ ਸੀ ਅਨੇਕਾਂ ਕੁਲਾਂ ਦੇ ਮਗਰ ; ਤੇਰੇ ਅੰਬਰਾਂ ਦੇ ਤਾਰੇ ਰਹੇ ਟਹਿਕਦੇ । ਮੋਹ ਮੁਹੱਬਤਾਂ ਸੀ ਰੂਪੋਸ਼ ਸਭ ਹੋ ਗਈਆਂ, ਸਾਂਝਾਂ ਘਬਰਾ ਕੇ ਬੇਹੋਸ਼ ਸਭ ਹੋ ਗਈਆਂ ਹਰ ਭਰੋਸੇ ਨੂੰ ਚੜ੍ਹਿਆ ਜ਼ਹਿਰ ਖੌਫ਼ ਦਾ , ਮਰ ਗਏ ਫੇਰ ਉਹ ਸਹਿਕਦੇ ਸਹਿਕਦੇ । ਡੂੰਘੇ ਫੱਟ ਨੇ ਮਿਟਣ ਤਾਂ ਮਿਟਣ ਕਿਸ ਤਰ੍ਹਾਂ ਮੇਰੇ ਅੰਦਰੋਂ ਬੁਝੇ ਉਹ ਅਗਨ ਕਿਸ ਤਰ੍ਹਾਂ , ਮੈਂ ਚੁਰਾਸੀ ਨੂੰ ਦਿਲ ਤੋਂ ਉਠਾਵਾਂ ਕਿਵੇਂ ; ਮੇਰੀ ਹਿੱਕ ਤੇ ਹਜ਼ਾਰਾਂ ਸਿਵੇ ਦਹਿਕਦੇ ।
ਕਿਧਰੇ ਵਡਿਆਈ ਪਤਿਆਈ ਕਿਧਰੇ
ਕਿਧਰੇ ਵਡਿਆਈ ਪਤਿਆਈ ਕਿਧਰੇ ਦਬਕਾ ਚੱਲੀ ਜਾਵੇ । ਪੰਜੀਂ ਸਾਲੀਂ ਸੁੱਖੀਂ ਵੱਸਦੇ ਪਿੰਡ 'ਚ ਪੈ ਤਰਥੱਲੀ ਜਾਵੇ । ਆਉਣ ਸੁਨੇਹੇ ਮੁਅਤਬਰਾਂ ਦੇ ਜੀਹਨੇ ਸਾਨੂੰ ਵੋਟ ਨਹੀਂ ਪਾਉਣੀ , ਉਹ ਨਾ ਸਾਡੇ ਵੱਟ ਬੰਨੇ ਤੇ ਲੈ ਕੇ ਦਾਤੀ ਪੱਲੀ ਜਾਵੇ । ਜਿੱਤ ਪ੍ਰਾਪਤ ਕਰਨੀ ਹੈ ਤਾਂ ਇਸ ਨੂੰ ਲਾਗੂ ਕਰੋ ਯਕੀਨੀ , ਆਥਣ ਨੂੰ ਹਰ ਬੰਦਾ ਆਪਣੇ ਘਰ ਨੂੰ ਹੋ ਕੇ ਟੱਲੀ ਜਾਵੇ । ਅੱਜਕਲ ਤਾਂ ਰੱਬ ਦੇ ਘਰ ਤੋਂ ਵੀ ਹੁਕਮ ਹੋਣ ਏਦਾਂ ਦੇ ਜਾਰੀ , ਛਾਂਗ ਦਿਓ ! ਅਣਪੁੱਛਿਆ ਅੰਦਰ ਜੇ ਕੋਈ ਲੱਲੀ ਛੱਲੀ ਜਾਵੇ । ਦੀਨ ਧਰਮ ਦੀ ਵਲਗਣ ਤੀਕਰ ਸੰਗ ਹੁੰਦੇ ਨੇ ਲੋਕ ਅਨੇਕਾਂ , ਲੇਕਿਨ ਇਸ ਵਲਗਣ ਤੋਂ ਅੱਗੇ ਮੇਰੀ ਸੋਚ ਇਕੱਲੀ ਜਾਵੇ । ਬੇਸ਼ੱਕ ਤੁਰਾਂ ਇਕੱਲਾ ਤਾਂ ਵੀ ਮੰਜ਼ਿਲ ਨੂੰ ਪਾ ਸਕਦਾ ਹਾਂ ਮੈਂ , ਤੇਰੇ ਸੰਗ ਹੋਣ ਦੀ ਜੇਕਰ ਮੇਰੇ ਨਾਲ ਤਸੱਲੀ ਜਾਵੇ ।
ਤੇਰੀਆਂ ਮੋਹ ਮੁਹੱਬਤਾਂ ਵਫ਼ਾਦਾਰੀਆਂ
ਤੇਰੀਆਂ ਮੋਹ ਮੁਹੱਬਤਾਂ ਵਫ਼ਾਦਾਰੀਆਂ ਹੋ ਕੇ ਰਹਿ ਗਈਆਂ ਗੈਰਾਂ ਦੇ ਨਾਂ ਸਾਰੀਆਂ । ਭੌਰਿਆਂ ਵਾਲੀਆਂ ਤੇਰੀ ਵਹਿਬਤਾਂ , ਗੁਜ਼ਰੀਆਂ ਦਿਲ ਜਿਗਰ ਤੇ ਹਾਏ ਭਾਰੀਆਂ । ਹੈ ਮੁਬਾਰਕ ਨਵਾਂ ਹਮਕਦਮ ਮਿਲ ਗਿਆ , ਤੇਰੇ ਦਿਲ ਨੂੰ ਖੁਸ਼ੀ ਦਾ ਭਰਮ ਮਿਲ ਗਿਆ ; ਸਾਡਾ ਹਾਲ ਇਸ ਤਰ੍ਹਾਂ ਹੈ ਜਿਵੇਂ ਦੋਸਤਾ , ਸਾਡੇ ਦਿਲ ਤੇ ਚਲਾਵੇ ਕੋਈ ਆਰੀਆਂ । ਦਿਲ ਮੇਰੇ ਨੂੰ ਏਹੋ ਹੀ ਗਿਲਾ ਰਹਿ ਗਿਆ , ਹੋਣ ਤੋਂ ਆਖਰੀ ਫੈਸਲਾ ਰਹਿ ਗਿਆ ; ਬਖ਼ਸ਼ਿਆ ਨਾ ਸਿਲਾ ਇਸ਼ਕ ਨੇ ਫੇਰ ਵੀ , ਜਾਨ ਦੇ ਕੇ ਅਸਾਂ ਕੀਮਤਾਂ ਤਾਰੀਆਂ । ਰਾਤ ਪਿਛਲੀ ਲੰਘਾਈ ਅਸਾਂ ਇਸ ਤਰ੍ਹਾਂ , ਹੋਵੇ ਸੂਲੀ ਤੇ ਦਿਲ ਲਟਕਿਆ ਜਿਸ ਤਰ੍ਹਾਂ ; ਯਾਦ ਆਈ ਤਾਂ ਦਿਲ ਬਹੁਤ ਹੀ ਤੜਫਿਆ , ਫੇਰ ਅੱਖੀਆਂ 'ਚੋਂ ਹੋਈਆਂ ਅਸ਼ਕਬਾਰੀਆਂ । ਪਿਆਰ ਵਿੱਚ ਇਸ ਤਰ੍ਹਾਂ ਵਾਪਰੇ ਹਾਦਸੇ , ਵਿੰਹਦਿਆਂ ਵਿੰਹਦਿਆਂ ਵੱਧ ਗਏ ਫ਼ਾਸਲੇ ; ਸੀ ਮੁਕੱਦਰ ਅਸਾਡੇ ਨੇ ਕੀਤਾ ਧ੍ਰੋਹ , ਜਾਂ ਜ਼ਮਾਨੇ ਦੀਆਂ ਸੀ ਕਲਾਕਾਰੀਆਂ ।
ਹਨੇਰੇ ਦੇ ਵਿਰੁੱਧ ਲੜਦੀ ਸ਼ੁਆ ਦੀ
ਹਨੇਰੇ ਦੇ ਵਿਰੁੱਧ ਲੜਦੀ ਸ਼ੁਆ ਦੀ ਪੈਰਵੀ ਤੀਕਰ । ਰਹੂ ਸੰਘਰਸ਼ ਜਾਰੀ ਸੂਰਜਾਂ ਦੀ ਵਾਪਸੀ ਤੀਕਰ । ਤੁਸੀਂ ਐ ਰਾਹਬਰੋ ਪਗ-ਡੰਡੀਆਂ ਉਲਝਾ ਗਏ ਬੇਸ਼ੱਕ, ਅਸੀਂ ਪਹੁੰਚਾਂਗੇ ਫਿਰ ਵੀ ਖ਼ੂਬਸੂਰਤ ਜ਼ਿੰਦਗੀ ਤੀਕਰ । ਯਤਨ ਸਾਡਾ ਰਹੇਗਾ ਲਾਜ਼ਮੀ ਕਿ ਖਤਮ ਹੋ ਜਾਵੇ , ਖਲ਼ਾਅ ਜੋ ਫੈਲਿਆ ਹੈ ਆਦਮੀ ਤੋਂ ਆਦਮੀ ਤੀਕਰ । ਹੈ ਓਹਨਾਂ ਨੂੰ ਪਤਾ ਜੀਹਨਾਂ ਦਿਲਾਂ ਵਿੱਚ ਸੱਲ ਪੈਂਦੇ ਨੇ , ਕਠਿਨ ਕਿੰਨਾ ਹੈ ਰਾਹ ਪੋਰੀ ਤੋਂ ਲੈ ਕੇ ਬੰਸਰੀ ਤੀਕਰ । ਤ੍ਰਿਸ਼ਨਾ ਸ਼ੈਅ ਹੀ ਐਸੀ ਹੈ ਕਿ ਲੈ ਜਾਂਦੀ ਹੈ ਮਿਰਗਾਂ ਨੂੰ , ਸਦਾ ਭਰਮਾ ਕੇ ਰੇਤੇ ਦੀ ਕਿਸੇ ਝੂਠੀ ਨਦੀ ਤੀਕਰ । ਪਤਾ ਹੀ ਸੀ ਕਤਲ ਹੋਵਾਂਗੇ ਫਿਰ ਵੀ ਤਾਣ ਕੇ ਸੀਨਾ , ਤਲੀ ਤੇ ਸੀਸ ਧਰ ਕੇ ਆ ਗਏ ਤੇਰੀ ਗਲੀ ਤੀਕਰ । ਵਧਾ ਕੇ ਬਾਂਹ ਕਿਵੇਂ ਮਿਲਦੀ ਨਾ ਸਾਨੂੰ ਆਣ ਕੇ ਮੰਜਿਲ , ਸੀ ਹਰ ਕੋਈ ਨਾਲ ਸਾਡੇ ਸਿਰੜ ਤੋਂ ਜ਼ਿੰਦਾ ਦਿਲੀ ਤੀਕਰ ।