Punjab Poetry : Gurmeet Karyalvi

ਪੰਜਾਬੀ ਕਵਿਤਾਵਾਂ : ਗੁਰਮੀਤ ਕੜਿਆਲਵੀ


ਬੋਹੜ ਵਾਲਿਆਂ ਦਾ ਸਾਧਾ

ਬੋਹੜ ਵਾਲਿਆਂ ਦਾ ਸਾਧਾ ਲੋੜੋਂ ਵੱਧ ਪੜ੍ਹ ਗਿਆ ਹੈ ਅਨਪੜ੍ਹ ਮਾਂ ਉਸਨੂੰ ਪਿਆਰ ਨਾਲ “ਸਾਡਾ ਪਾੜ੍ਹਾ” ਆਖਦੀ ਹੈ। ਮਾਂ ਦਾ “ ਪਾੜ੍ਹਾ” ਸੱਤਵੀਂ ਤੋਂ ਅੱਗੇ ਵੀ ਪੜ੍ਹਦਾ ਜੇ ਉਸਦਾ ਕੁੱਤਾ ਨਾ ਅੜਦਾ । ਮਾਸਟਰ ਨੇ ਬੋਰਡ ‘ਤੇ ਚਾਕ ਘਸਾਉਂਦਿਆ “ਮੰਨ ਲਓ ਮੂਲਧਨ ਸੌ” ਆਖਿਆ ਸਾਧਾ ਆਕੜ ਗਿਆ, “ਐਂ ਕਿਮੇ ਮੰਨ ਲਈਏ ?” ਮਾਸਟਰ ਨੂੰ ਗੁੱਸਾ ਆਇਆ, “ਮੰਨਣ ‘ਚ ਕੀ ਹਰਜ਼ ਐ?” ਸਾਧਾ ਨ੍ਹੀ ਮੰਨਿਆ “ਮਾਸਟਰ ਜੀ ਕੱਲ੍ਹ ਨੂੰ ਆਖ ਦਿਉਂਗੇ ਮੰਨ ਲਓ ਰੁਲਦੂ ਤੇਰਾ ਬਾਪ ਐ; ਇਹ ਤਾਂ ਜਮਾ ਪਾਪ ਐ।” ਸਾਧੇ ਨੇ ਭੂਗੋਲ ਵਾਲੇ ਨਾਲ ਵੀ ਕੁੱਤਾ ਫਸਾ ਲਿਆ “ਮਾਸਟਰ ਜੀ ਜਮਾ ਝੂਠ ਮਾਰਦੇ ਓਂ ਧਰਤੀ ਘੁੰਮਦੀ ਨਹੀ ਇਕ ਥਾਂ ਖੜੀ ਐ ਘੁੰਮਣ ਵਾਲੀ ਗੱਲ ਤਾਂ ਤੂੰ ਮੈਂ ਘੜੀ ਐ ਘੁੰਮਦੀ ਐ ਤਾਂ ਦਿਖਾਓ” ਸਾਧੇ ਦਾ ਬਾਪ ਉਸਤੋਂ ਵੀ ਸਲੱਗ “ਮਾਸਟਰਾ ਸਾਧੇ ਦੀ ਸਮਝ ਬਾਹਲੀ ਬਾਰੀਕ ਐ ਗੱਲ ਤਾਂ ਇਹਦੀ ਸੋਲ੍ਹਾਂ ਆਨ੍ਹੇ ਠੀਕ ਐ ਘੁੰਮਦੀ ਐ ਤਾਂ ਭਾਈ ਘੁੰਮਦਿਆਂ ਵਿਖਾਦੇ।” ਪਾਣੀਪਤ ਦੀ ਤੀਜੀ ਲੜਾਈ ‘ਚ ਸਾਧਾ ਮਰਾਠਿਆਂ ਵੱਲ ਹੋ ਖਲੋਤਾ ਆਂਹਦਾ ਅਹਿਮਦ ਸ਼ਾਹ ਅਬਦਾਲੀ ਨਹੀਂ ਮਰਾਠੇ ਜਿੱਤੇ ਸਨ ਮਾਸਟਰ ਮੱਥੇ ਦੀਆਂ ਠੀਕਰੀਆਂ ਭੰਨ੍ਹ ਲਈਆਂ ਸਾਧਾ ਟੱਸ ਤੋਂ ਮੱਸ ਨਹੀਂ ਹੋਇਆ ਉਸ ਇਕੋ ਰਟ ਫੜ ਲਈ, “ਯਾਰ ਤਾਂ ਮਾੜੀ ਧਿਰ ਨਾਲ ਹੀ ਖੜਦੇ ਹੁੰਦੇ।” ਅੱਜਕਲ੍ਹ ਸਾਧੇ ਦਾ ਕੁੱਤਾ ਦਿੱਲੀ ਵਾਲੇ ਨਾਲ ਫਸਿਆ ਹੋਇਆ ਦਿੱਲੀ ਵਾਲਾ ਬਥੇਰਾ ਸਮਝਾਉਂਦਾ ਹੈ, “ਮੇਰਾ ਆੜੀ ਸ਼ਾਹੂਕਾਰ ਤੇਰੀ ਫਸਲ ਸਿੱਧੀ ਖੇਤ ‘ਚੋਂ ਚੱਕ ਲਿਆ ਕਰੂ ਸ਼ਾਹੂਕਾਰ ਨਾਲ ਪੱਕਾ ਕਰਾਰ ਹੋਜੂ ਜੋ ਉਹ ਆਖੂ ਬੀਜ਼ ਲਿਆ ਕਰੀਂ ਜਿੱਥੇ ਜੀਅ ਕਰੇ ਵੇਚ ਵੱਟ ਲਵੀਂ ਸ਼ਾਹੂਕਾਰ ਨਾਲ ਪੱਕੀ ਆੜੀ ਰਾਤ ਦਿਨ ਢੋਲੇ ਦੀਆਂ ਲਾਵੀਂ ਰੱਜਵੇਂ ਪੈਸੇ ਬੋਝੇ ਪਾਵੀਂ" ਸਾਧੇ ਦਾ ਕੁੱਤਾ ਅੜਿਆ ਪਿਐ “ਉਏ ਦਿੱਲੀ ਵਾਲਿਆ ! ਸਾਡੇ ਮਨ ਕੀ ਬਾਤ ਵੀ ਸੁਣ ਲਿਆ ਕਰ ਨਾਲੇ ਇਕ ਗੱਲ ਸੁਣ ਖੇਤ ਸਾਡੇ ਫਸਲਾਂ ਸਾਡੀਆਂ ਤੂੰ ਢੇਕਾ ਲੱਗਦੈਂ ?” ਦਿੱਲੀ ਵਾਲਾ ਅੱਲੀਆਂ ਟਪੱਲੀਆਂ ਮਾਰਕੇ ਡੰਗ ਟਪਾਉਂਦਾ ਹੈ ਝਾੜ ‘ਚ ਫਸੇ ਬਿੱਲੇ ਵਾਂਗੂੰ ਝਾਕਦੈ ਉਸਦਾ ਚੀਲ੍ਹ ‘ਚ ਗਿੱਟਾ ਫਸਿਆ ਪਿਆ ਓਧਰ ਸਾਧੇ ਦਾ ਕੁੱਤਾ ਫਸਿਆ ਪਿਆ ਦਿੱਲੀ ਵਾਲਾ ਕੀ ਜਾਣੇ ਸਾਧੇ ਦਾ ਕੁੱਤਾ ਜਿਹੜੀ ਗੱਲ ‘ਤੇ ਅੜ ਗਿਆ ਸੋ ਅੜ ਗਿਆ। ਉਂਙ ਸਾਧੇ ਨੇ ਸਾਫ ਕਰ ਦਿੱਤਾ ਮੂਲਧਨ ਵੀ ਸੌ ਮੰਨ ਲੈਨਾ ਧਰਤੀ ਘੁੰਮਦੀ ਨ੍ਹੀਹੁੰਦਾ ਛੁਕਾਟੇ ਪਾਉਂਦੀ ਪਾਣੀਪਤ ਦੀ ਜੰਗ ਵੀ ਅਬਦਾਲੀ ਨੂੰ ਜਿਤਾ ਦਿੰਨਾ ਪਰ ਭਾਈ ਸਾਹਿਬ ਆਪਣੀ ਫਸਲ ਦਾ ਫੈਸਲਾ ਤਾਂ ਸਾਧਾ ਆਪ ਕਰੂ ਜਮਾਂ ਆਪ।

ਬਾ-ਮੁਲਾਹਜ਼ਾ-ਹੋਸ਼ਿਆਰ

ਜੰਗਲ ਦੀ ਅੱਗ ਸ਼ਹਿਰ ਤੱਕ ਆ ਪਹੁੰਚੀ ਹੈ ਰੌਸ਼ਨਦਾਨਾਂ ਰਾਹੀਂ ਸੇਕ ਅੰਦਰ ਆ ਰਿਹਾ ਬੂਹੇ ਬਾਰੀਆਂ ਬੇਵੱਸ ਹੋ ਗਏ ਨੇ ਜ਼ਹਿਰੀਲੀ ਹਵਾ ਸਾਹ ਘੁੱਟਦੀ ਹੈ। ਵਕਤ ਨੇ ਸ਼ਬਦਾਂ ਦੇ ਅਰਥ ਹੀ ਬਦਲ ਦਿੱਤੇ ਨੇ ਘੋੜਾ ਹੁਣ ਸਵਾਰ ਨੂੰ ਕਦੇ ਵੀ ਮਾਰ ਸਕਦਾ ਹੈ ਵਾੜ ਕਦੋਂ ਵੀ ਖੇਤ ਨੂੰ ਖਾ ਸਕਦੀ ਹੈ ਨਦੀ ਤੁਹਾਨੂੰ ਪੀ ਸਕਦੀ ਹੈ ਰਾਹ ਨਿਗਲ ਸਕਦੇ ਨੇ ਕਿਸ ਮੌਸਮ ਦੀ ਉਡੀਕ ਹੈ ? ਮੀਂਹ ਤੇਜ਼ਾਬ ਬਣ ਗਿਆ ਬਰਫ਼ ਕਬਰਗਾਹ ਹੋ ਰਹੀ ਹੈ ਅਸਮਾਨੀ ਪੀਂਘ ਫੰਦੇ 'ਚ ਬਦਲੀ ਹੈ ਗਰਮ ਲੂਅ ਬਦਨ ਹੀ ਨਹੀਂ ਸੁਪਨੇ ਵੀ ਸਾੜ ਰਹੀ ਹੈ। ਹੁਣ ਸਰਟੀਫਿਕੇਟਾਂ ਦਾ ਯੁੱਗ ਹੈ ਤੁਹਾਨੂੰ ਜਿਉਂਦੇ ਹੋਣ ਦਾ ਪ੍ਰਮਾਣ ਦੇਣਾ ਹੋਵੇਗਾ ਥਰਮਾਮੀਟਰ ਦੇਸ਼ ਭਗਤੀ ਚੈੱਕ ਕਰਨਗੇ। ਖੂਨ ਸ਼ੁਧ ਹੈ ਜਾਂ ਅਸ਼ੁੱਧ ਲੈਬਾਰਟਰੀਆਂ ਪਰਖਣਗੀਆਂ ਕੁੱਝ ਵੀ ਗੈਰ ਕਾਨੂੰਨੀ ਨਹੀ ਹੋਣਾ ਸਭ ਕਾਨੂੰਨੀ ਮੰਦਰ ਦੀ ਪ੍ਰਵਾਨਗੀ ਨਾਲ ਹੀ ਹੋਵੇਗਾ। ਰੰਗਮੰਚ ਤਿਆਰ ਹੈ ਕਥਾ ਪਟਕਥਾ ਤੇ ਸੰਵਾਦ ਲਿਖੇ ਜਾ ਚੁੱਕੇ ਨੇ ਵਰਦੀਆਂ ਬਾਵਰਦੀਆਂ ਨੂੰ ਭੂਮਿਕਾਵਾਂ ਦੀ ਵੰਡ ਹੋ ਚੁਕੀ ਹੈ ਨਾਇਕ ਖਲਨਾਇਕ ਤਹਿ ਕਰ ਦਿੱਤੇ ਨੇ ਪਿੱਠਵਰਤੀ ਗੀਤਾਂ ਵਜੋਂ ਵੈਣਾਂ ਦੀ ਚੋਣ ਹੋ ਗਈ ਹੈ ਨਿਰਦੇਸ਼ਕ ਉਹਲੇ 'ਚ ਖੜਾ ਰੁਮਾਲ ਹਿਲਾ ਰਿਹਾ। ਬਾ-ਮੁਲਾਹਜ਼ਾ-ਹੋਸ਼ਿਆਰ ਰੰਗਮੰਚ 'ਤੇ ਪੇਸ਼ ਹੋ ਰਹੇ ਅੱਗ ਦੇ ਸੀਨ ਤੁਹਾਡਾ ਘਰ ਸਾੜ ਸਕਦੇ ਨੇ।

ਕੀ ਨਹੀਂ ਹੁੰਦਾ ਤੇਰੇ ਬਿਨਾਂ

ਬੀਜ ਬਿਰਖ ਬਣ ਜਾਂਦੇ ਨੇ ਕਲੀਆਂ ਮਹਿਕਦੀਆਂ ਨੇ ਗੁਲਾਬ ਖਿੜਦੇ ਨੇ ਕਨੇਰ ਹੱਸਦੇ ਨੇ ਅਸਮਾਨ 'ਤੇ ਲਹਿਰਦੀ ਹੈ ਸਤਰੰਗੀ ਪੀਂਘ ਰਾਤ ਰਾਣੀ ਮਹਿਕਦੀ ਹੈ ਅਮਲਤਾਸ ਭਰਦਾ ਹੈ ਪੀਲੇ ਪੀਲੇ ਫੁੱਲਾਂ ਨਾਲ। ਦਰਿਆ ਵਗਦੇ ਨੇ ਸਮੁੰਦਰ ਮਚਲਦੇ ਨੇ ਝਰਨੇ ਵਹਿੰਦੇ ਨੇ ਮੀਂਹ ਵਰ੍ਹਦੇ ਨੇ ਮੋਰ ਕੂਕਦੇ ਨੇ ਕੋਇਲ ਗੀਤ ਗਾਉਂਦੀ ਹੈ ਰੇਲ ਦੀ ਛੁੱਕ ਛੁੱਕ ਹੈ ਲਾਰੀਆਂ-ਮੋਟਰਾਂ ਦਾ ਸ਼ੋਰ ਪੈਰ ਤੁਰੇ ਜਾਂਦੇ ਨੇ ਅਨੰਤ ਸਫਰ ਵੱਲ ਸ਼ਬਦ ਕਵਿਤਾ ਬਣਦੇ ਨੇ ਅਫਸਾਨੇ ਲਿਖੇ ਜਾ ਰਹੇ ਕੈਨਵਸ 'ਤੇ ਤਸਵੀਰਾਂ ਉਤਰ ਰਹੀਆਂ ਰੰਗਮੰਚ 'ਤੇ ਪਾਤਰਾਂ ਦਾ ਘੜਮਸ ਹੈ ਪੁਸਤਕਾਂ ਨੇ ਮੁਸ਼ਾਇਰੇ ਨੇ ਵਾਹ ਵਾਹ ਹੈ ਚਿੰਤਨ ਹੈ ਚਰਚਾ ਹੈ ਉਂਜ ਤੇ ਬੜਾ ਕੁੱਝ ਹੈ ਤੇਰੇ ਬਿਨਾਂ ਵੀ ਕਾਇਨਾਤ 'ਚ

ਰਾਮਦੀਨ

ਰਾਮਦੀਨ ਪੁੱਤ ਦੀ ਮੰਗ ਤੋਂ ਬੜਾ ਪਰੇਸ਼ਾਨ ਹੈ ਨਲਾਇਕ ਵਕਤ ਬੇਵਕਤ ਕੁੱਝ ਨਹੀਂ ਦੇਖਦਾ ਕੁੱਝ ਨਹੀਂ ਸੋਚਦਾ ਜੋ ਜੀਅ ਆਵੇ ਮੰਗਦਾ ਹੈ। ਸਾਰੇ ਟੱਬਰ ਦੀ ਜਾਨ ਸੂਲੀ 'ਤੇ ਟੰਗਦਾ ਹੈ। ਜੋ ਕਰਨ ਤੋਂ ਰੋਕਿਆ ਜਾਵੇ ਉਹ ਕਰਦਾ ਹੈ ਜਿਧਰੋਂ ਰੋਕਿਆ ਜਾਵੇ ਓਧਰੋਂ ਲੰਘਦਾ ਹੈ। ਰਾਮਦੀਨ ਦਾ ਟੋਪੀ ਜਦੋਂ ਤੋਂ ਭਾਰੀ ਬਹੁਮਤ ਨਾਲ ਅਗਲੀ ਜਮਾਤੇ ਚੜਿਆ ਹੈ ਉਦੋਂ ਦਾ ਉਸਨੇ ਪੁੱਠਾ ਰਥ ਫੜਿਆ ਹੈ ਕਿਸੇ ਦੀ ਨਹੀਂ ਮੰਨਦਾ ਆਪਣੀ ਮੰਗ 'ਤੇ ਹੀ ਅੜਿਆ ਹੈ। ਆਖਦਾ "ਮੈਂ ਵਾਰ ਵਾਰ ਨਹੀਂ ਇੱਕੋ ਵਾਰ ਕਹਿਣਾ ਹੈ ਸਕੂਲ ਦੇ ਕੰਮ ਲਈ ਕਾਪੀ ਨਹੀਂ ਰਜਿਸਟਰ ਲੈਣਾ ਹੈ।" ਰਾਮਦੀਨ ਵਿਚਾਰਾ 'ਰਜਿਸਟਰ' ਨਾਂ ਦੇ ਸ਼ਬਦ ਤੋਂ ਹੀ ਡਰਦਾ ਹੈ ਅਕਸਰ ਆਪਣਾ ਫਿਕਰ ਟੋਪੀ ਨਾਲ ਸਾਂਝਾ ਕਰਦਾ ਹੈ "ਪੁੱਤ ਟੋਪੀ! ਇੰਜ ਦੇ ਸ਼ਬਦ ਨਾ ਵਰਤਿਆ ਕਰ ਇੰਜ ਦੇ ਸ਼ਬਦ ਤਾਂ "ਉਹ" ਬੋਲਦੇ ਨੇ ਤੇ ਜਦੋਂ "ਉਹ" ਬੋਲਦੇ ਨੇ ਤਾਂ ਪਤਾ ਨਹੀਂ ਕਿੰਨੇ ਰਾਮਦੀਨਾਂ ਦੇ ਦਿਲ ਡੋਲਦੇ ਨੇ।" ਰਾਮਦੀਨ ਪਹਿਰਾਵੇ ਨੂੰ ਲੈ ਕੇ ਵੀ ਬੜਾ ਪਰੇਸ਼ਾਨ ਹੈ ਉਸਨੂੰ ਸਮਝ ਨਹੀਂ ਆਉਂਦੀ ਕਿਹੋ ਜਿਹੇ ਲੀੜੇ ਲੱਤੇ ਪਾਵਾਂ ਜਿਸ ਨਾਲ ਭੀੜ ਤੋਂ ਪਛਾਣਿਆਂ ਨਾ ਜਾਵਾਂ ਮਤੇ ਕੱਪੜਿਆਂ ਕਰਕੇ ਹੀ ਅਣਿਆਈ ਮੌਤ ਮਾਰਿਆ ਜਾਵਾਂ। ਭੀੜ ਅੱਗੇ ਹੱਥ ਜੋੜਦਾ ਤਰਲੇ ਮਾਰਦਾ,ਹਾੜੇ ਕੱਢਦਾ ਬੜਾ ਭਾਈ ਰਾਮਦੀਨ ਦੀਆਂ ਅੱਖਾਂ 'ਚ ਉੱਤਰ ਆਉਂਦਾ ਹੈ ਰਾਮਦੀਨ ਨੂੰ ਕੋਲ ਬੁਲਾਉਂਦਾ ਹੈ ਤੇ ਭੀੜ ਦੀ ਮਨਸ਼ਾ ਸਮਝਾਉਂਦਾ ਹੈ, "ਭੀੜ ਤੋਂ ਵੱਖਰੇ ਕੱਪੜੇ ਨਾ ਪਾਵੀਂ।" ਟੋਪੀ ਰੋਕਦਿਆਂ ਵੀ ਵੱਖਰੇ ਢੰਗ ਦੇ ਕੱਪੜੇ ਪਾਉਂਦਾ ਹੈ ਦੂਜਿਆਂ ਨਾਲੋਂ ਵੱਖਰਾ ਦਿਸਣਾ ਚਾਹੁੰਦਾ ਹੈ ਰਾਮਦੀਨ ਉਸਨੂੰ ਕਿਵੇਂ ਦੱਸੇ ਕਿ ਬੜਾ ਭਾਈ ਪਿੱਛਲੇ ਵਰ੍ਹੇ ਕਿਉਂ ਭੀੜ ਦਾ ਨਿਸ਼ਾਨਾ ਸੀ ਉਸਨੂੰ ਮਾਰਨ ਲਈ ਕੱਪੜਿਆਂ ਦਾ ਹੀ ਬਹਾਨਾ ਸੀ ਭੀੜ ਆਖਦੀ ਸੀ, "ਵੱਖਰੇ ਕੱਪੜੇ ਵੱਖਰਾ ਸੋਚਦੇ ਨੇ।" ਰਾਮਦੀਨ ਜਾਣਦਾ ਟੋਪੀ ਆਪਣੀ ਥਾਵੇਂ ਸੱਚਾ ਹੈ ਕੁੱਝ ਗਲ਼ਤ ਨਹੀਂ ਕਰਦਾ ਪਰ ਗ਼ਲ਼ਤ ਏਹੀ ਹੈ ਕਿ ਵਕਤ ਤੋਂ ਨਹੀਂ ਡਰਦਾ ਰਾਮਦੀਨ ਆਖਦਾ ਟੋਪੀ ਉਮਰੋਂ ਨਿਆਣਾ ਏ ਉਸਨੂੰ ਨਹੀਂ ਪਤਾ ਕਿਹੜਾ ਸ਼ਬਦ ਬੋਲਣਾ ਕਿਹੜਾ ਕੱਪੜਾ ਪਹਿਨਣਾ ਤੇ ਕੀ ਖਾਣਾ ਏ।

ਮਾਂ ਕਵਿਤਾ ਲਿਖਦੀ

ਮਾਂ ਬੜੀਆਂ ਕਵਿਤਾਵਾਂ ਲਿਖਦੀ ਬਿਨਾ ਕਾਗਜ਼ ਬਿਨਾ ਕਲਮ ਅੰਮ੍ਰਿਤ ਵੇਲੇ ਉਠਦੀ ਦਿਨ ਦਾ ਮਤਲਾ ਪੜ੍ਹਦੀ ਬਹੁਕਰ ਬੁਹਾਰੀ ਕਰਦੀ ਵਿਹੜਾ ਖਿੜਦਾ ਗੋਹਾ-ਮਿੱਟੀ ਫੇਰਦੀ ਫੁੱਲਝੜੀਆਂ ਖਿੜਦੀਆਂ ਕੰਧਾਂ ਲਿੱਪਦੀ ਖੁਸ਼ਬੋਆਂ ਖਿੰਡਦੀਆਂ ਮਾਂ ਮਿੱਟੀ ਦੇ ਤੋਤਿਆਂ 'ਚ ਜਾਨ ਪਾ ਦਿੰਦੀ । ਪੱਠੇ ਪਾਉਂਦੀ ਪਸ਼ੂਆਂ ਨਾਲ ਗੱਲਾਂ ਕਰਦੀ ਕਟਰੂਆਂ-ਵਛਰੂਆਂ ਨੂੰ ਲੋਰੀਆਂ ਸੁਣਾਉਂਦੀ ਪੁਚ ਪੁਚ ਕਰਦੀ ਥਣ ਪਸਮਾਉਂਦੀ ਧਾਰਾਂ ਕੱਢਦੀ ਗੀਤ ਗਾਉਂਦੀ। ਮਾਂ ਭਾਂਡੇ ਧੋਅ ਧੋਅ ਅੱਖਰਾਂ ਵਾਂਗ ਚਿਣਦੀ ਰਜਾਈਆਂ ਨਿਗੰਦਦੀ ਤੋਲ ਤੁਕਾਂਤ ਵਿੱਚ ਪੂਰੀਆਂ ਮੰਜੇ ਪੀੜੀਆਂ ਬੁਣਦੀ ਨਵੇਂ ਅਲੰਕਾਰ ਘੜਦੀ ਗਲੋਟੇ ਅਟੇਰਦੀ ਰੁਬਾਈਆਂ ਲਿਖੀ ਜਾਂਦੀ। ਪੀਹਣ ਕਰਦੀ ਦਾਣਿਆਂ 'ਤੇ ਹੁਸਨ ਆਉਂਦਾ ਚਾਦਰਾਂ ਕੱਢਦੀ ਸੂਈ ਨਾਲ ਸ਼ਬਦ ਪਰੋਂਦੀ ਸੇਵੀਆਂ ਵੱਟਦੀ-ਆਟਾ ਗੁਨ੍ਹਦੀ ਸਾਗ ਚੀਰਦੀ-ਪੇੜੇ ਕਰਦੀ ਮਾਂ ਜੋ ਵੀ ਕਰਦੀ ਲੈਅ ਵਿੱਚ ਕਰਦੀ। ਮਾਂ ਨਾ ਜਾਣੇ ਅੱਖਰ ਪਾਉਣੇ ਨਾ ਅੱਖਰਾਂ ਤੋਂ ਸ਼ਬਦ ਬਣਾਉਣੇ ਸ਼ਬਦਾਂ ਤੋ ਫਿਰ ਵਾਕ ਵਰਤਣੇ ਮਾਂ ਨਾ ਜਾਣੇ ਅੱਖਰਾਂ ਤੋ ਹੀ ਕਵੀ ਲੋਕ ਕਵਿਤਾਵਾਂ ਸਿਰਜਣ। ਮਾਂ ਤਾਂ ਬੱਸ ਏਨਾ ਹੀ ਜਾਣੇ ਬੱਦਲ ਜੇਕਰ ਉਚੀ ਗਰਜਣ ਕੱਚੇ ਕੋਠੇ ਡਰ ਜਾਂਦੇ ਨੇ ਝੱਖੜ ਝਾਂਬੇ ਡੇਗ ਆਲ੍ਹਣੇ ਬੋਟਾਂ ਦਾ ਵਧ ਕਰ ਜਾਂਦੇ ਨੇ ਮਾਂ ਦੀਆਂ ਅੱਖਾਂ ਵਿਚਲੇ ਸੁਪਨੇ ਅੱਧ ਵਿਚਾਲੇ ਮਰ ਜਾਂਦੇ ਨੇ ਏਹੋ ਜਿਹੇ ਮੌਕੇ ਦੇ ਉੱਤੇ ਮਾਂ ਦੀ ਸਭ ਤੋਂ ਵੱਡੀ ਕਵਿਤਾ --ਮਾਲਕਾ ਸਭ ਨੂੰ ਠੰਡ ਵਰਤਾਈਂ ---ਮਾਲ ਮਨੁੱਖੀਂ ਸੁੱਖ ਰੱਖੀਂ।

ਹੇ ਸਖੀ

ਹੇ ਸਖੀ ! ਮੌਸਮ ਵਿਚਲੀ ਖੁਸ਼ਕੀ ਬਾਰੇ ਨਾ ਸੋਚ ਆਈ ਹੈ ਤਾਂ ਚਲੀ ਜਾਵੇਗੀ। ਅੱਖਾਂ ਵਿਚਲੀ ਨਮੀ ਦਾ ਸੋਚ ਵਕਤੋਂ ਪਹਿਲਾਂ ਕਿਉਂ ਖੁਸ਼ਕ ਹੋ ਗਈ ? ਹੇ ਸਖੀ ! ਖੌਫ਼ ਦੀ ਕਾਂਗ ਚੜ ਆਈ ਹੈ ਤਾਂ ਕੀ ? ਜਿਵੇਂ ਚੜੀ ਹੈ ਉਵੇਂ ਜਿਵੇਂ ਲਹਿ ਜਾਏਗੀ। ਫ਼ਿਕਰ ਤਾਂ ਇਹ ਹੈ ਬੇੜੀਆਂ ਨੇ ਆਤਮ ਸਮਰਪਣ ਕਿਉਂ ਕਰ ਦਿੱਤਾ ਹੈ। ਹੇ ਸਖੀ ! ਮੰਨਿਆ ਦਹਿਸ਼ਤ ਭਰੇ ਬੱਦਲ ਗਰਜ ਰਹੇ ਨੇ ਰਾਤ ਕਾਲੀ ਤੇ ਡਰਾਉਣੀ ਹੈ ਐਡੀ ਵੀ ਕੀ ਆਖਰ ਹੈ- ਲੰਘ ਜਾਏਗੀ ਪਰ ਇਹ ਕੀ ? ਜੀਭਾਂ ਪੱਥਰ ਦੀਆਂ ਕਿਉਂ ਹੋ ਗਈਆਂ ਨੇ ? ਹੇ ਸਖੀ ! ਹਨੇਰੀ ਛੂਕਦੀ ਹੈ ਤਾਂ ਵੀ ਕੀ ਗੱਲ ਹੈ ? ਠਹਿਰ ਜਾਵੇਗੀ। ਪਰ ਆਹ ਕੀ ਜੱਗੋਂ ਤੇਰਵੀਂ ਹੈ ਰੁੱਖ ਤਾਂ ਜਵਾਂ ਹੀ ਵਿਛ ਗਏ। ਹੇ ਸਖੀ ! ਮੰਨਿਆ ਕਿ ਪਹਿਰੇ ਨੇ, ਸੀਖਾਂ ਨੇ, ਅਦਾਲਤ ਹੈ, ਧਾਰਾਵਾਂ ਨੇ ਫੇਰ ਕੀ ਹੋਇਆ ? ਵਕਤ ਨੂੰ ਬੇੜੀਆਂ ਕੌਣ ਪਾ ਸਕਿਆ ? ਸੋਚਾਂ ਕੈਦ ਕਿਵੇਂ ਹੋਣਗੀਆਂ ? ਸੁਪਨੇ ਲੈਣੋ ਕੌਣ ਰੋਕ ਸਕਦਾ ? ਖੁਸ਼ਬੂ ਵਲਗਣਾਂ 'ਚ ਕਦੋਂ ਰਹਿੰਦੀ ਹੈ ? ਹੇ ਸਖੀ ! ਸੀਨੇ 'ਚੋਂ ਨਿਕਲਦੇ ਸੇਕ ਨੂੰ ਰਾਖ ਨਾ ਹੋਣ ਦੇ।

ਕਰਤਾਰਾ

ਕਰਤਾਰਾ ਬੜਾ ਟੇਢਾ ਜੀਅ ਐ ਜਿਸ ਦਿਨ ਜੰਮਿਆ ਸੀ ਕੋਈ ਹੋਰ ਨ੍ਹੀਂ ਸੀ ਜੰਮਿਆ ਕਰਤਾਰਾ ਨਹੀਂ ਜਾਣਦਾ ਹਾਰਨਾ-ਲਿਫਣਾ ਜਾਂ ਡਰਨਾ ਤੇ ਨਾਹੀਂ ਉਸਨੇ ਸਿੱਖਿਆ ਹੈ ਤਕੜੇ ਅੱਗੇ ਰੀਂਗਣਾ ਤੇ ਜੀ ਜੀ ਕਰਨਾ ਉਹਨੂੰ ਤਾਂ ਬੱਸ ਇੱਕੋ ਗੱਲ ਆਉਂਦੀ ਹੈ ਹੱਕ ਤੇ ਸੱਚ ਲਈ ਲੜਨਾ। ਕਰਤਾਰਾ ਹਰ ਵਕਤ ਝੰਡੀ ਮੋਢੇ 'ਤੇ ਰੱਖਦਾ ਹੈ ਕੀ ਪਤਾ ਕਿੱਥੇ ਮੋਰਚਾ ਲਾਉਣਾ ਪੈ ਜਾਏ ? ਪੁੱਛੋ ਤਾਂ ਆਖਦੈ: ਝੰਡੀ ਹਾਕਮ ਦੀ ਹਿੱਕ 'ਚ ਗੱਡਣੀ ਐ। ਮੁਖੀਏ ਨੇ ਕਾਨੂੰਨ ਬਣਾਏ ਉਸਦੇ ਚੇਲੇ ਚਾਪੜਿਆਂ ਚੈੱਨਲਾਂ 'ਤੇ ਬੈਠ ਕਰਤਾਰੇ ਨੂੰ ਕਾਨੂੰਨ ਸਮਝਾਏ ਕਾਨੂੰਨਾਂ ਦੇ ਫਾਇਦੇ ਗਿਣਾਏ ਨਵੇਂ ਨਵੇਂ ਸੁਪਨੇ ਵਿਖਾਏ ਆਵਦੇ ਵਲੋਂ ਸਾਰਾ ਜੋਰ ਲਾ ਲਿਆ ਪਰ ਕਰਤਾਰੇ ਦੀ ਸਮਝ 'ਚ ਨਾ ਆਏ। ਹਾਕਮ ਆਖਦੈ: ਕਰਤਾਰਾ ਹਿੰਡੀ ਈ ਨਹੀਂ ਮੂਰਖ ਵੀ ਐ ਫਾਇਦੇ ਵਾਲੀ ਗੱਲ ਵੀ ਨਹੀਂ ਸਮਝਦੈ। ਕਰਤਾਰੇ ਇੱਕੋ ਹਿੰਡ ਫੜੀ ਰੱਖੀ: ਅਹੀਂ ਨ੍ਹੀ ਜੇ ਫੈਦਾ-ਫੂਦਾ ਕਰਾਉਣਾ ਆਵਦੇ ਕਾਨੂੰਨ ਸਾਂਭ ਕੇ ਰੱਖ ਸਿਆਲਾਂ 'ਚ ਧੂਣੀ ਬਾਲਣ ਦੇ ਕੰਮ ਆਉਣਗੇ। ਮੁਖੀਏ ਦੀ ਛਪੰਜਾ ਇੰਚੀ ਛਾਤੀ ਨੂੰ ਡਾਹਢਾ ਗੁੱਸਾ ਆਇਆ ਉਸਨੇ ਡਾਂਗਾਂ ਨੂੰ ਹੁਕਮ ਸੁਣਾਇਆ: ਕਰਤਾਰਾ ਸਾਬਤ ਨਾ ਰਹੇ ! ਡਾਂਗਾਂ ਟੁੱਟ ਗਈਆਂ--ਕਰਤਾਰਾ ਨੀ ਟੁੱਟਿਆ ਫਿਰ ਪਾਣੀ ਦੀਆਂ ਬੁਛਾਰਾਂ ਆਈਆਂ ਪਾਣੀ ਕਰਤਾਰੇ ਅੱਗੇ ਪਾਣੀ ਪਾਣੀ ਹੋ ਗਿਆ ਕਰਤਾਰਾ ਕੰਡਿਆਲੀਆਂ ਤਾਰਾਂ ਇਉਂ ਟੱਪ ਗਿਆ ਜਿਵੇਂ ਮਹਿਬੂਬ ਨੂੰ ਮਿਲਣ ਚੱਲਿਆ ਹੋਵੇ ਕਰਤਾਰੇ ਮੁਖੀਏ ਦੇ ਬੂਹੇ ਜਾ ਪਲੱਥੀ ਮਾਰੀ ਮੁਖੀਆ ਮੀਸਣੀ ਹਾਸੀ ਹੱਸਿਆ: ਕਿੰਨੇ ਕੁ ਦਿਨ ਬੈਠਾ ਰਹੂ ? ਥੱਕ ਹਾਰ ਕੇ ਚਹੁੰ ਦਿੰਨਾਂ ਨੂੰ ਮੁੜ ਜਾਊ। ਮੁਖੀਏ ਕੋਲ ਜ਼ਬਰ ਸੀ ਕਰਤਾਰੇ ਪੱਲੇ ਸਬਰ ਸੀ ਮੁਖੀਏ ਕੋਲ ਸੱਤਾ ਸੀ ਕਰਤਾਰਾ ਦਿਲੋਂ ਮਨੋ ਸੱਚਾ ਸੀ ਮੁਖੀਏ ਦੇ ਡੱਬੂਆਂ ਕਰਤਾਰੇ ਨੂੰ ਦੇਸ਼ ਧਰੋਹੀ ਬਣਾਇਆ ਪਰ ਕਰਤਾਰਾ ਉੱਕਾ ਨਾ ਘਬਰਾਇਆ ਉਸ ਕੋਲ ਦੇਸ਼ ਭਗਤੀ ਦੇ ਸਰਟੀਫਿਕੇਟ ਨਹੀਂ ਕੁਰਬਾਨੀਆਂ ਦਾ ਇਤਿਹਾਸ ਸੀ ਏਸੇ ਕਰਕੇ ਉਸਨੂੰ ਜਿੱਤ ਦੀ ਆਸ ਸੀ। ਕਰਤਾਰੇ ਕੋਲ ਸੱਚ ਦੀ ਬਾਣੀ ਸੀ ਕਰਤਾਰੇ ਦੇ ਖੂਨ 'ਚ ਪੰਜ ਨਦੀਆਂ ਦਾ ਮੁਕੱਦਸ ਪਾਣੀ ਸੀ ਉਸਦੀ ਪਿੱਠ 'ਤੇ ਸਦੀਆਂ ਦਾ ਇਤਿਹਾਸ ਸੀ ਸਾਹਾਂ 'ਚ ਕਿਰਤ ਦੀ ਖੁਸ਼ਬੋ ਸੀ ਅੱਖਾਂ 'ਚ ਸੱਚ ਦੀ ਲੋਅ ਸੀ ਕਰਤਾਰਾ ਭਲਾ ਕਿਵੇਂ ਹਾਰਦਾ ? ਇਕ ਪਾਸੇ ਕਰਤਾਰ ਸੀ ਦੂਜੇ ਪਾਸੇ ਨਫ਼ਸ ਸੀ--ਹੰਕਾਰ ਸੀ ਹੰਕਾਰ ਨੇ ਕਰਤਾਰੇ ਅੱਗੇ ਕਿੰਨਾ ਕੁ ਚਿਰ ਅਟਕਣਾ ਸੀ ਆਖਰ ਤਾਂ ਹੰਕਾਰ ਨੇ ਪਿਛਾਂਹ ਵੱਲ ਪਰਤਣਾ ਸੀ। ਜ਼ਬਰ ਦੀ ਧੁੰਦ ਨੇ ਆਖਰ ਤਾਂ ਛੱਟਣਾ ਸੀ ਬਾਬਰ ਕਿਆਂ ਨੇ ਓੜਕ ਨੂੰ ਪਾਸਾ ਵੱਟਣਾ ਸੀ ਆਪਣਾ ਹੀ ਥੁੱਕਿਆ ਚੱਟਣਾ ਸੀ। ਕਰਤਾਰੇ ਨੇ ਇਤਿਹਾਸ ਦੇ ਪੰਨਿਆਂ 'ਤੇ ਇਕ ਹੋਰ ਠੱਪਾ ਲਾਉਣਾ ਸੀ ਤੇ ਇਸ ਤਰ੍ਹਾਂ ਕਿਰਤੀ ਬਾਬੇ ਦਾ ਜਨਮ ਦਿਨ ਮਨਾਉਣਾ ਸੀ ਕਰਤਾਰੇ ਦੀਆਂ ਤਾਂ ਭਾਈ "ਕਰਤਾਰ" ਹੀ ਜਾਣੇ।

ਭੱਖੜੇ ਦੇ ਫੁੱਲ

*ਭੱਖੜੇ ਦੇ ਫੁੱਲ ਕੌਣ ਜ਼ੁਲਫ਼ਾਂ 'ਚ ਟੰਗਦੈ* ਮੰਨਣਾ ਤਾਂ ਔਖਾ ਏ, ਯਕੀਨ ਮੰਨ ਲੈਨੇ ਹਾਂ। ਰੱਕੜਾਂ ਨੂੰ ਹੱਸਦੀ ਜ਼ਮੀਨ ਮੰਨ ਲੈਨੇ ਹਾਂ। ਕਿਸੇ ਗੱਲੋਂ ਘੱਟ ਨ੍ਹੀ ਤੂੰ, ਲੀਡਰਾਂ ਦੇ ਨਾਲਦਾ ਸੱਪ ਸ਼ੀਂਹ ਨੂੰ ਕਦੋਂ ਕੋਈ, ਘਰ ਵਿਚ ਪਾਲਦਾ ਫੇਰ ਵੀ ਜਾਹ ਮੱਛ ਤਾਈਂ ਮੀਨ ਮੰਨ ਲੈਨੇ ਹਾਂ। ਭੱਖੜੇ ਦੇ ਫੁੱਲ ਕੌਣ , ਜ਼ੁਲਫ਼ਾਂ 'ਚ ਟੰਗਦੈ ਇੱਟ-ਸਿੱਟ ਪੋਹਲੀਆਂ ਦੀ ਖੈਰ ਕੌਣ ਮੰਗਦੈ ਤੇਰੇ ਆਖੇ ਨੇਰ੍ਹ ਨੂੰ , ਰੰਗੀਨ ਮੰਨ ਲੈਨੇ ਹਾਂ । ਕੌਣ ਪਰਛਾਵਿਆਂ ਨੂੰ, ਰੱਸੀਆਂ ਨਾ ਬੰਨ੍ਹਦਾ ਕੀਹਨੇ ਮੁੱਖ ਵੇਖਿਆ ਏ, ਮੱਸਿਆ ਦੇ ਚੰਨ ਦਾ ਚੱਲ ਤੈਨੂੰ ਚੰਨ ਤੋਂ, ਹੁਸੀਨ ਮੰਨ ਲੈਨੇ ਹਾਂ । ਕੌਣ ਬੰਨ੍ਹ ਮਾਰਦੈ, ਸਮੁੰਦਰਾਂ ਦੀ ਛੱਲ ਨੂੰ, ਕੌਣ ਰੋਕ ਸਕਿਆ ਏ, ਲੰਘ ਚੱਲੇ ਕੱਲ੍ਹ ਨੂੰ ਰੱਬ ਵਾਲੀ ਗੱਦੀ ਦਾ ਨਸ਼ੀਨ ਮੰਨ ਲੈਨੇ ਹਾਂ। ਢੱਗਿਆਂ ਨੂੰ ਕੀ ਪਤਾ , ਬੰਸਰੀ ਦੀ ਹੂਕ ਦਾ ਲੱਗੀ ਵਾਲਾ ਦੁੱਖ ਜਾਣੇ, ਕੋਇਲਾਂ ਦੀ ਕੂਕ ਦਾ ਅਸੀਂ ਤਾਂ ਮੁਹੱਬਤਾਂ ਨੂੰ ਈਨ ਮੰਨ ਲੈਨੇ ਹਾਂ। ਕਿਹੜਾ ਪੀੜ ਜਾਣਦਾ ਏ, ਝਾਂਜਰ ਦੇ ਬੋਰ ਦੀ ਪੈਰਾਂ ਵੱਲ ਵੇਖ ਵੇਖ ਝੁਰੀ ਜਾਂਦੇ ਮੋਰ ਦੀ। ਪੈਲ਼ ਪਾਉਂਦਾ ਵੇਖ, ਤਸਕੀਨ ਮੰਨ ਲੈਨੇ ਹਾਂ।

ਦਲਿਤ ਸਕੂਲ

ਮੈਂ ਪਿੰਡ ਦਾ ਦਲਿਤ ਸਕੂਲ ਹਾਂ ਇਹ ਮੈਂ ਨਹੀਂ ਕਹਿੰਦਾ ਸਕੂਲ ਦੀ ਲਿੱਪੀ -ਪੋਚੀ ਭੈਣਜੀ ਆਖਦੀ ਹੈ, “ਪੜ੍ਹਾਉਣ ਨੂੰ ਤਾਂ ਉੱਕਾ ਰੂਹ ਨਹੀਂ ਕਰਦੀ ਕੋਈ ਚੱਜ ਦਾ ਜੁਆਕ ਤਾਂ ਸਕੂਲੇ ਪੜਨ ਹੀ ਨਹੀਂ ਆਉਂਦਾ ਐਂਵੇ ਨਿੱਕੀਆਂ ਸੁੱਕੀਆਂ ਜਾਤਾਂ ਆਲ਼ੇ ਰਹਿਗੇ ਸਿਰ ਖਾਣ ਨੂੰ ਭਲਾ ਇਹਨਾਂ ਨਾਲ ਮੱਥਾ ਕੌਣ ਮਾਰੇ ?” ਸਕੂਲ ਆਲ਼ੀ ਭੈਣਜੀ ਜਮਾਂ ਸੱਚ ਬੋਲਦੀ ਐ ਨਿੱਕੀਆਂ ਸੁੱਕੀਆਂ ਜਾਤਾਂ ਦੇ ਪਚਾਧੇ ਨੂੰ ਪੜ੍ਹਾਉਂਦਿਆਂ ਉਹਦੀ ਸੋਹਲ ਤੇ ਕੋਮਲ ਜਿੰਦ ਡੋਲਦੀ ਐ ਏਸੇ ਕਰਕੇ ਉਹ ਹਰ ਰੋਜ਼ ਸਕੂਲੋਂ ਦੌੜਨ ਦਾ ਬਹਾਨਾ ਟੋਲਦੀ ਹੈ। ਹੁਣ ਤਾਂ ਭੈਣਜੀ ਪੱਕੇ ਤੌਰ ‘ਤੇ ਸ਼ਹਿਰ ਦੇ ਸਕੂਲ ਵਿਚ ਪਰਵਾਸ ਕਰ ਗਈ ਹੈ ਜੁਆਕ ਆਂਹਦੇ ਸਕੂਲ ‘ਚੋਂ ਇਤਰ ਫਲੇਲ ਦੀ ਮਹਿਕ ਈ ਉੱਡਗੀ ਐ ਹੁਣ ਸਕੂਲ ਦੇ ਢਾਈ ਸੌ ਜੁਆਕਾਂ ਨੂੰ ਇੱਕੋ (ਸਵਾ ਲੱਖ) ਮਾਸਟਰ ਪੜ੍ਹਾਉਂਦਾ ਹੈ ਜੁਆਕਾਂ ਦੀਆਂ ਸ਼ਿਕਾਇਤਾਂ ਸੁਣਦਾ ਹੈ ਉਹਨਾਂ ਨੂੰ “ਦਿਲ ਕੀ ਬਾਤ” ਸੁਣਾਉਂਦਾ ਹੈ ਸਮਝ ਲਓ ਸਕੂਲ ਦੀ ਯਾਤਰਾ ‘ਤੇ ਕਦੀ ਕਦਾਈਂ ਆਉਂਦਾ ਹੈ --ਤੇ ਫਿਰ ਅਗਲੇ ਦੌਰੇ ਲਈ ਨਿਕਲ ਤੁਰਦਾ ਹੈ ਕਦੇ ਵੋਟਾਂ ਬਣਾਉਣ ਕਦੇ ਰੰਗ ਬਰੰਗੇ ਕਾਰਡ ਵੰਡਣ ਤੇ ਕਦੇ ਮਰਦਮਸ਼ੁਮਾਰੀ ਕਰਨ ਕਦੇ ਕਦੇ ਮਾਸਟਰ ਵੀ ਮੈਨੂੰ ਆਪਣੇ ਵਰਗਾ ਦਲਿਤ ਹੀ ਲੱਗਦਾ ਹੈ ਆਪਣੀ ਨਿਗੂਣੀ ਤਨਖਾਹ ਦਾ ਰੋਣਾ ਰੋਂਦਾ ਪੱਕੇ ਹੋਣ ਲਈ ਟੈਕੀਂਆਂ ‘ਤੇ ਚੜ੍ਹਦਾ ਧਰਨਿਆਂ ਮੁਜ਼ਾਹਰਿਆਂ ‘ਤੇ ਆਪਣੇ ਵਾਲ਼ੀ ਪੁਲਿਸ ਤੋਂ ਸੇਵਾ ਕਰਾਉਂਦਾ। ਇਹ ਇਕਲੌਤਾ ਮਾਸਟਰ ਬੱਚਿਆਂ ਨੂੰ ਗਣਿਤ ਦੇ ਪਹਾੜੇ ਵੀ ਪੜ੍ਹਾਉਂਦਾ ਹੈ ਤੇ ਚਾਚਿਆਂ ਬਾਪੂਆਂ ਦੇ ਲੇਖਾਂ ਨੂੰ ਰੱਟਾ ਵੀ ਲੁਆਉਂਦਾ ਹੈ ਸਾਇੰਸ ਦੇ ਲਾਭ ਹਾਨੀਆਂ ਦੱਸਦਿਆਂ ਆਪਣੇ ਮੋਬਾਇਲ ਨਾਲ ਮਨ ਪਰਚਾਉਂਦਾ ਹੈ ਤੇ ਮੇਰੇ ਜੁਆਕ ਜੋੜੀਆਂ ਬਣਾ ਚਿੜੀ ਉੱਡ ਕਾਂ ਉੱਡ ਖੇਡਣ ਲੱਗਦੇ ਹਨ ਜੁਆਕ ਮਾਸਟਰ ਨੂੰ ਡਿਸਟਰਬ ਨਹੀਂ ਕਰਦੇ ਤੇ ਮਾਸਟਰ ਵੀ ਜੁਆਕਾਂ ਦੇ ਕੰਮ ‘ਚ ਉੱਕਾ ਦਖਲ ਨਹੀਂ ਦਿੰਦਾ ਏਸ ਪੱਖੋਂ ਦੋਵੇਂ ਧਿਰਾਂ ਪੂਰੀਆਂ ਸ਼ਹਿਣਸ਼ੀਲ ਨੇ ਸਦਭਾਵਨਾ ਏਨੀ ਕਿ ਅੱਧੀ ਛੁੱਟੀ ਵੇਲ਼ੇ ਮਿਡ ਡੇ ਮੀਲ ਵੀ ਇਕੱਠੇ ਛਕਦੇ ਨੇ। ਇਕ ਦਿਨ ਮਾਸਟਰ ਨੇ ਸੁਤੰਤਰਤਾ ਦਿਵਸ ਦੇ ਲੇਖ ਦਾ ਰੱਟਾ ਲਵਾਇਆ ਸੀ ਅਗਲੇ ਦਿਨ ਬੱਕਰੀਆਂ ਆਲਿਆਂ ਦਾ ਠੋਲ਼ਾ ਅਵੱਲੀ ਗੱਲ ਕੱਢ ਲਿਆਇਆ ਸੀ, “ਮਾਹਟਰ ਜੀ ਬਾਪੂ ਆਂਹਦਾ ਥੋਡੇ ਮਾਹਟਰਾਂ ਨੂੰ ਤਾਂ ਭਕਾਈ ਮਾਰਨ ਦੀ ਵਾਦੀ ਐ ਜਿਹੜੀ ਆਪਾਂ ਨੂੰ ਮਿਲੀ, ਸੱਚੀ ਨਹੀਂ ਝੂਠੀ ਮੂਠੀ ਦੀ ਆਜ਼ਾਦੀ ਐ ਬਾਪੂ ਆਂਹਦਾ ਰਾਜੇ ਤਾਂ ਪਹਿਲਾਂ ਆਲ਼ੇ ਈ ਨੇ ਬਸ ਰੰਗ ਦਾ ਹੀ ਫ਼ਰਕ ਐ ਕੁੱਝ ਘਰਾਣੇ ਹੀ ਅਮੀਰ ਹੋਏ ਨੇ ਮੁਲਕ ਤਾਂ ਪਹਿਲਾਂ ਨਾਲੋਂ ਵੀ ਗਰਕ ਐ” ਮੇਰੇ ਜੁਆਕ ਨਵੇਂ ਨਵੇਂ ਸੁਆਲ ਕਰਦੇ ਨੇ ਮਾਸਟਰ ਦੇ ਗਿਆਨ ‘ਚ ਮਣਾਮੂੰਹੀ ਵਾਧਾ ਕਰਦੇ ਨੇ ਮਾਸਟਰ ਜੀ ਵਲੋਂ ਪਾਣੀ ਬਾਰੇ ਪੜ੍ਹਾਉਂਦਿਆਂ “ਲਾਟੂ” ਦਾ ਗੇਅਰ ਇਕ ਗੱਲ ‘ਤੇ ਅੜ ਗਿਆ ਸੀ ਮਹਰਿਆਂ ਦਾ ਇਹ ਜੁਆਕ ਮਾਸਟਰ ਅੱਗੇ ਸੁਆਲ ਬਣ ਕੇ ਖੜ ਗਿਆ ਸੀ “ਮਾਸਟਰ ਜੀ ਕਹਿੰਦੇ ਧਰਤੀ ਉਤੇ ਤਿੰਨ ਹਿੱਸੇ ਪਾਣੀ ਐ ਗੱਲ ਸੱਚੀ ਕਿ ਤੇਰੇ ਮੇਰੇ ਵਰਗਿਆਂ ਦੀ ਘੜੀ ਕਹਾਣੀ ਐ?” ਮਾਸਟਰ ਐਨਕਾਂ ਨੂੰ ਨੱਕ ਦੀ ਘੋੜੀ ‘ਤੇ ਲਿਆਇਆ ਸੀ ਤੇ ਸ਼ਰਾਰਤੀ ਅੱਖਾਂ ਨਾਲ ਮੁਸਕਰਾਇਆ ਸੀ, “ਊਂ ਮੇਰੇ ਹਿਸਾਬ ਨਾਲ ਤਾਂ ਧਰਤੀ ਉਤੇ ਤਿੰਨ ਹਿੱਸੇ ਪਾਣੀ ਐ ਫੇਰ ਵੀ ਕਾਕਾ ਆਵਦੀ ਬੀਬੀ ਨੂੰ ਪੁੱਛ ਕੇ ਆਵੀਂ ਮੇਰੇ ਨਾਲੋਂ ਤਾਂ ਉਹ ਕਈ ਗੁਣਾਂ ਸਿਆਣੀ ਐ” ਤੇ ਅਗਲੇ ਦਿਨ “ਮਾਸਟਰ ਜੀ ਮਾਂ ਤਾਂ ਆਂਹਦੀ ਥੋਡਾ ਮਾਹਟਰ ਧੜੀ ਧੜੀ ਦੇ ਗਪੌੜ ਛੱਡਦਾ ਧਰਤੀ ‘ਤੇ ਐਨਾ ਪਾਣੀ ਕਿਥੋਂ ਆ ਗਿਆ? ਆਪਾਂ ਤਾਂ ਪੀਣ ਨੂੰ ਵੀ ਤਰਲੇ ਮਾਰਦੇ ਆਂ ਕਈ ਕਈ ਦਿਨ ਨਾਉਣਾ ਧੋਣਾ ਟਾਲਦੇ ਆਂ ਬਾਲਟੀ ਦੀ ਥਾਂ ਗਿਲਾਸ ਨਾਲ ਤੇ ਗਿਲਾਸ ਦੀ ਥਾਂ ਚੂਲ੍ਹੀਆਂ ਨਾਲ ਸਾਰਦੇ ਆਂ।" ਸਾਂਸੀਆਂ ਦਾ ਦੌਲਤੀ ਇੰਡੀਆ ਆਲੇ ਨਕਸ਼ੇ ‘ਤੇ ਉਂਗਲ ਘੁਮਾਉਂਦਾ ਹੈ ਮਾਸਟਰ ਨੂੰ ਆਪਣਾ ਦਰਦ ਸੁਣਾਉਂਦਾ ਹੈ “ਮਾਸਟਰ ਜੀ, ਆਹ ਸਾਰਾ ਮੁਲਕ ਆਪਣਾ ਈ ਐ?” “ਕੋਈ ਸ਼ੱਕ ?” ਮਾਸਟਰ ਫਿਲਮੀ ਡਾਇਲਾਗ ਮਾਰਦਾ ਹੈ “ਹੱਛਾ!!” ਦੌਲਤੀ ਹੈਰਾਨ ਹੀ ਨਹੀਂ ਪ੍ਰੇਸ਼ਾਨ ਐ ਕਿ ਦੇਸ਼ ਦਾ ਕਿਹੋ ਜਿਹਾ ਵਿਧੀ ਵਿਧਾਨ ਐ ਐਡੇ ਮੁਲਕ ਵਿਚ ਵੀ ਸਾਡੇ ਰਹਿਣ ਲਈ ਨਾ ਕੋਈ ਥਾਂ ਤੇ ਨਾ ਕੋਈ ਮਕਾਨ ਐ ਫਿਰ ਰੇਡੂਆ ਐਵੇਂ ਰੋਜ ਰੌਲ਼ਾ ਪਾਈ ਜਾਂਦਾ ਕਿ ਮੇਰਾ ਭਾਰਤ ਮਹਾਨ ਐ? ਦੌਲਤੀ ਇਉਂ ਹੀ ਦੇਸ਼ ਆਲ਼ੇ ਨਕਸ਼ੇ ‘ਚੋਂ ਆਪਣੇ ਰਹਿਣ ਲਈ ਅਕਸਰ ਥਾਂ ਭਾਲਦਾ ਹੈ। ਘੁਮਿਆਰਾਂ ਦਾ ਘੰਮਾ ਤਾਂ ਬੜਾ ਵਹਿਬਤੀ ਐ ਮਾਸਟਰ ਦੇ ਸੁਆਲ ਦਾ ਵੱਖਰਾ ਈ ਜੁਆਬ ਦਿੰਦਾ ਹੈ “ਘੰਮਿਆ ਧਰਤੀ ਘੁੰਮਦੀ ਕਿ ਖੜੀ?” “ਮਾਹਟਰ ਸੈਬ ਮੇਰਾ ਬਾਪੂ ਆਂਹਦਾ ਖੜੀ ਹੋਣੀ ਐ ਜੇ ਘੁੰਮਦੀ ਹੁੰਦੀ ਤਾਂ ਆਪਣਾ ਚੱਕ ਵੀ ਘੁੰਮਦੇ ਰਹਿਣਾ ਸੀ ਤੇ ਚੱਕ ਦੇ ਘੁੰਮਣ ਨਾਲ ਹੀ ਘਰਦੇ ਜੀਆਂ ਦੇ ਮੂੰਹ ‘ਚ ਅੰਨ ਪੈਣਾ ਸੀ ਹੁਣ ਦੀਵਾਲੀ ਵੇਲੇ ਦੀਵੇ ਨਹੀਂ ਬਨੇਰਿਆਂ ‘ਤੇ ਲੜੀਆਂ ਜਗਦੀਆਂ ਨੇ ਕੀ ਦੱਸੀਏ ਮਾਹਟਰ ਜੀ ਕਿੰਨੀਆਂ ਬੁਰੀਆਂ ਲੱਗਦੀਆਂ ਨੇ ਹਟੜੀਆਂ ਜਗਾਉਣ ਵਾਸਤੇ ਤਾਂ ਕੁੜੀਆਂ ਈ ਨਹੀਂ ਰਹੀਆਂ ਸ਼ੋਹਦਿਆਂ ਢਿੱਡ ਅੰਦਰ ਈ ਮਾਰ ਸੁੱਟੀਆਂ ਨੇ। ਸੋ ਮਾਹਟਰ ਜੀ ਬਾਪੂ ਦੀ ਗੱਲ ‘ਚ ਸਚਾਈ ਬੜੀ ਐ ਧਰਤੀ ਘੁੰਮਦੀ ਨੀ ਇਕੋ ਥਾਏਂ ਖੜੀ ਐ” ਮਜ਼ਬੀਆਂ ਦੀ ਘੀਟੋ ਸਕੂਲ ਲੰਗੇ ਡੰਗ ਆਉਂਦੀ ਐ ਜ਼ਿਆਦਾ ਦਿਨ ਆਵਦੀ ਵਿਧਵਾ ਮਾਂ ਨਾਲ਼ ਲੋਕਾਂ ਦੇ ਘਰੀਂ ਗੋਹਾ ਕੂੜਾ ਕਰਾਉਂਦੀ ਐ ਗੋਹੇ ਦੇ ਭਰੇ ਟੋਕਰੇ ਚੁੱਕਦਿਆਂ ਮੁਤਰਾਲ ਵਰਦੀ ‘ਤੇ ਭਾਰਤ ਮਾਤਾ ਦਾ ਨਕਸ਼ਾ ਬਣਾਉਂਦਾ ਹੈ ਉਸਦੀਆਂ ਮਾਸੂਮ ਅੱਡੀਆਂ ‘ਚ ਫਸਿਆ ਗੋਹਾ ਰਾਜਧਾਨੀ ਦੀ ਸਿੱਖਿਆ ਨੀਤੀ ਨੂੰ ਦੰਦੀਆਂ ਚਿੜਾਉਂਦਾ ਹੈ ਮੈਂ ਪਿੰਡ ਦਾ ਦਲਿਤ ਸਕੂਲ ਰਾਜਧਾਨੀ ਦੀ ਮੀਸਣੀ ਅੱਖ ਦਾ ਸੁਪਨਾ ਹਾਂ ਜੋ ਕੇਵਲ ਨੇਤਾਵਾਂ ਦੇ ਵਿਕਾਸਮੁਖੀ ਬਿਆਨਾਂ ‘ਚ ਹੀ ਚਮਕਦਾ ਤੇ ਦਮਕਦਾ ਹੈ ਉਂਞ ਤਾਂ ਬਸ ਅਖਬਾਰਾਂ ਤੇ ਚੈਨਲਾਂ ਦੀਆਂ ਖਬਰਾਂ ‘ਚ ਹੀ ਲਟਕਦਾ ਹੈ ਤੇ ਘੰਮਿਆਂ, ਘੋਟੀਆਂ, ਦੌਲਤੀਆਂ, ਠੋਲਿਆਂ ਨੂੰ ਸਰਵਪੱਖੀ ਗਿਆਨ ਬਖਸ਼ਦਾ ਹੈ ਮੇਰੇ ਮੱਥੇ ‘ਤੇ ਉੱਕਰਿਆ, “ਸਿੱਖਣ ਲਈ ਆਉ ਸੇਵਾ ਲਈ ਜਾਓ” ਦਾ ਨਾਅਰਾ ਮੇਰੇ ਢਿੱਡ ‘ਚ ਕੁਤਕਤਾੜੀਆਂ ਕੱਢਦਾ ਹੈ ਸੂਟ-ਬੂਟ ਤੇ ਨੈਕਟਾਈ ਵਾਲਿਆਂ ਦੇ ਫਰਜ਼ੰਦਾਂ ਨੂੰ ਮੇਰੇ ਤੋਂ ਭਿੱਟ ਚੜ੍ਹਦੀ ਹੈ ਮੇਰੇ ਕੋਲ਼ੋਂ ਲੰਘਣ ਲੱਗਿਆਂ ਮੁਸ਼ਕ ਨੱਕ 'ਚ ਵੜਦੀ ਐ ਏਸੇ ਕਰਕੇ ਉਹਨਾਂ ਦੀ ਸਕੂਲ ਵੈਨ ਮੇਰੇ ਕੋਲ਼ੋਂ ਦੂਰ ਦੂਰ ਹੋ ਕੇ ਲੰਘਦੀ ਹੈ ਮੈਨੂੰ ਦੁਖੀ ਕਰਦੀ ਹੈ ਮੇਰੇ ਲਾਡਲ਼ਿਆਂ ਦਾ ਕਲੇਜਾ ਡੰਗਦੀ ਹੈ ਮੈਂ ਆਪਣੇ ਆਲ਼ਿਆਂ-ਭੋਲ਼ਿਆਂ ਦੀਆਂ ਅੱਖਾਂ ‘ਚ ਸੁਪਨੇ ਬੀਜਣਾਂ ਚਾਹੁੰਦਾ ਹਾਂ ਇਸੇ ਕਰਕੇ ਆਏ ਸਾਲ ਰਾਜਧਾਨੀ ਵੱਲ ਝੋਲ਼ੀ ਫੈਲਾਉਂਦਾ ਹਾਂ ਮੈਂ ਪਿੰਡ ਦਾ ਦਲਿਤ ਸਕੂਲ ਹਾਂ

ਵਕਤ ਮਿਲੇ

ਵਕਤ ਮਿਲੇ ਇਤਿਹਾਸ ਫਰੋਲ਼ ਵੇਖੀਂ ਕਦੇ ਸੁਣੇਂ ਨਾ ਮਨ ਕੀ ਬਾਤ ਮੇਰੀ, ਗੱਲਾਂ ਹੋਰ ਤੇ ਹੋਰ ਹੀ ਕਰੀ ਜਾਵੇਂ। ਅੱਕ ਗਈ ਹਾਂ ਸੁਣ ਸੁਣ ਯਦਖਧੀਆਂ ਮੇਰੇ ਸਿਰ ਇਲਜ਼ਾਮ ਹੀ ਧਰੀ ਜਾਵੇਂ। ਤੇਰੇ ਵਾਸਤੇ ਕੀ ਨਹੀਂ ਕੀ ਕਰਿਆ , ਉੱਕਾ ਕਦਰ ਨਹੀਂ ਤੈਨੂੰ ਨਿਰਲੱਜਿਆ ਵੇ। ਹਰ ਵੇਲੇ ਮੈਦਾਨ ਵਿੱਚ ਜਿੱਤ ਚਾਹਵੇਂ ਕਦੇ ਹਾਰਨਾ ਵੀ ਸਿਖ ਲੈ ਢੱਗਿਆ ਵੇ। ਕੇਹੀ ਪਾਣੀ ਦੀ ਜੂਨ ਹੈ ਮਿਲੀ ਤੈਨੂੰ, ਮਿਲੇਂ ਬਰਫ਼ ਵਾਂਙੂੰ ਤੇ ਕਦੇ ਭਾਫ਼ ਵਾਂਙੂੰ। ਏਹੀ ਚਾਲ਼ੇ ਜੇ ਰੱਖੇ ਬੇਕਦਰਿਆ ਵੇ, ਕਰ ਕੇ ਛੱਡੇਂਗਾ ਚੁੱਲ੍ਹੇ ਦੀ ਰਾਖ਼ ਵਾਂਙੂ। ਸਿਰ ਚੁੱਕੀ ਵਿਦਵਾਨੀ ਦੀ ਪੰਡ ਫਿਰਦੈਂ , ਐਵੇਂ ਸ਼ੁਹਰਤ ਦੀ ਅੱਗ ਦੇ ਸਾੜਿਆ ਵੇ। ਪੜ੍ਹ ਪੜ੍ਹ ਕਿਤਾਬਾਂ ਦੇ ਢੇਰ ਲਾਏ, ਸਾਨੂੰ ਕਦੋਂ ਤੂੰ ਪੜ੍ਹੇਂਗਾ, ਪਾੜ੍ਹਿਆ ਵੇ। ਹੱਡਮਾਸ ਤੇ ਲਹੂ ਦੇ ਬਣੇ ਸਾਰੇ, ਇਕੋ ਸੱਚੇ ਦੇ ਸਾਰੇ ਹੀ ਘੜੇ ਹਾਂ ਵੇ। ਕਿਹੜੀ ਗੱਲ ਦੀ ਖੁਦੀ, ਗੁਮਾਨ ਕਾਹਦਾ, ਕਿਹੜੀ ਗੱਲੋਂ ਹੰਕਾਰ ਦੇ ਭਰੇ ਹਾਂ ਵੇ। ਕਿਹੜੀ ਅੱਗ ਬੁਝਾਈ ਤੂੰ ਜੰਗਲਾਂ ਦੀ, ਦੱਸ ਕਿਹੜੇ ਪਹਾੜ ਨੂੰ ਤੋੜਿਆ ਵੇ ? ਕਿਹੜੇ ਥਲਾਂ ਦੀ ਅੱਗ ਵਿੱਚ ਪੈਰ ਸਾੜੇ, ਕਿੰਨੇ ਸਾਲ ਤੂੰ ਵੱਗਾਂ ਨੂੰ ਮੋੜਿਆ ਵੇ ? ਭਰ ਇਸ਼ਕ ਦੇ ਵਿਚ ਜਨੂੰਨ ਕੁੱਝ ਤਾਂ, ਕੁੱਝ ਸਬਰ ਸੰਤੋਖ ਤੇ ਸਿਦਕ ਭਰ ਲੈ ਤੇਰੇ ਵਾਸਤੇ ਜੀਹਨੇ ਜਹਾਨ ਛੱਡਿਆ, ਉਦ੍ਹੇ ਉੱਤੇ ਵੀ ਕੁੱਝ ਵਿਸ਼ਵਾਸ਼ ਕਰ ਲੈ। ਵਕਤ ਮਿਲੇ ਇਤਿਹਾਸ ਫਰੋਲ਼ ਵੇਖੀਂ, ਇਸ਼ਕ ਕਿਵੇਂ ਚਰੱਖੜੀਏਂ ਚੜ੍ਹ ਜਾਂਦਾ ਕਦੇ ਜ਼ਹਿਰ ਪੀਵੇ, ਕਦੇ ਚੜ੍ਹੇ ਸੂਲੀ, 'ਕੱਲਾ ਨਾਲ ਹਜ਼ਾਰਾਂ ਦੇ ਲੜ ਜਾਂਦਾ।

ਸਹੁੰ ਲੱਗੇ

ਹਲ਼ ਵਾਹ ਰਿਹੈ ਕਿਰਤੀ ਕਿਸਾਨ ਹਲ਼ਾਂ ਨਾਲ ਉਲਟਾਈ ਧਰਤੀ ਬੜੀ ਖੂਬਸੂਰਤ ਲੱਗਦੀ ਸਹੁੰ ਲੱਗੇ ਤੂੰ ਵੀ ਏਨੀ ਖੂਬਸੂਰਤ ਏਂ ਪਰ ਕਿਰਤ ਤੇਰੇ ਨਾਲੋਂ ਕਿਤੇ ਵੱਧ ਖੂਬਸੂਰਤ ਏ ਸਿਆੜਾਂ 'ਚੋਂ ਮਹਿਕ ਆਉਂਦੀ ਰੂਹ ਨਸ਼ਿਆਉਂਦੀ ਸਹੁੰ ਲੱਗੇ ਤੇਰੇ ਕੋਲੋਂ ਵੀ ਏਨੀ ਹੀ ਮਹਿਕ ਆਵੇ ਪਰ--- ਮੁੜ੍ਹਕੇ ਨਾਲ ਭਿੱਜੀ ਕਿਰਤੀ ਕੁੜੀ ਕਿਤੇ ਵੱਧ ਮਹਿਕਦੀ ਹੈ ਸਿਆੜਾਂ 'ਚ ਪੋਰਿਆ ਬੀਅ ਪੁੰਗਰ ਪਿਆ ਹੈ ਧਰਤੀ ਨੇ ਓਡ ਲਈ ਹਰੇ ਰੰਗ ਦੀ ਚੁੰਨੀ ਸਹੁੰ ਲੱਗੇ ਤੂੰ ਵੀ ਧਰਤੀ ਵਰਗੀ ਲੱਗੇੰ ਪਰ--- ਹਰੇ ਦੀ ਪੰਡ ਚੁੱਕੀ ਜਾਂਦੀ ਮਜ਼ੂਰਨ ਕੁੜੀ ਦੇ ਕਿਆ ਕਹਿਣੇ ਫਸਲ ਨੂੰ ਦੋਧਾ ਪੈ ਗਿਆ ਬਦਨ ਭਰਿਆ ਭਰਿਆ ਜੋਬਨ ਰੁੱਤ ਆਈ ਹੈ ਸਹੁੰ ਲੱਗੇ ਤੇਰਾ ਹੁਸਨ ਵੀ ਠਾਠਾਂ ਮਾਰੇ ਪਰ--- ਗਰੀਬ ਕੁੜੀ ਦੇ ਅੱਥਰੇ ਹੁਸਨ ਦੀ ਬਰਾਬਰੀ ਤੇ ਨਹੀਂ ਨਾ ਹੋ ਸਕਦੀ ਫਸਲ ਸੋਨ ਸੁਨਿਹਰੀ ਹੋਈ ਖਿੜ ਖਿੜ ਹੱਸੇ ਕੁਦਰਤ ਵੱਸੇ ਸਹੁੰ ਲੱਗੇ ਤੇਰਾ ਰੰਗ ਵੀ ਸੋਨ ਸੁਨਹਿਰੀ ਪਰ--- ਮਜ਼ਦੂਰ ਕੁੜੀ ਦਾ ਪੱਕਾ ਰੰਗ ਤੇਰੇ ਰੰਗ ਤੋਂ ਕਿਤੇ ਸੁਨਿਹਰੀ ਸਹੁੰ ਲੱਗੇ !

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਮੀਤ ਕੜਿਆਲਵੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਗੁਰਮੀਤ ਕੜਿਆਲਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ