Punjabi Poetry : Gurinder Singh Sandhuan

ਪੰਜਾਬੀ ਕਵਿਤਾਵਾਂ : ਗੁਰਿੰਦਰ ਸਿੰਘ ਸੰਧੂਆਂ


ਕਵੀ ਦੀ ਜਾਣ ਪਛਾਣ

ਨਾਮ ਗੁਰਿੰਦਰ ਸਿੰਘ, ਮਾਤਾ ਗੁਰਦੀਸ਼ ਕੌਰ, ਪਿਤਾ ਅਮਰੀਕ ਸਿੰਘ, ਪੋਤਾ ਜਥੇਦਾਰ ਦਾ। ਪਿੰਡ ਅਤੇ ਡਾਕਖਾਨਾ, ਦੋਵੇਂ ਵਿੱਚ ਸੰਧੂਆਂ ਨੇ, ਘੱਲਿਆ ਸੁਨੇਹਾ ਜਿੱਥੇ, ਮਿਲਦਾ ਪਿਆਰ ਦਾ। ਸ਼੍ਰੀ ਚਮਕੌਰ ਸਾਹਿਬ ਵਿੱਚ ਪੈਂਦਾ ਪਿੰਡ ਮੇਰਾ ਜਿਲ੍ਹਾ ਰੂਪਨਗਰ ਹੈ, ਸਿੱਖੀ ਦੀ ਮੁਨਾਰ ਦਾ। ਚਰਾਨਵੇਂ ਛੇ ਸੌ ਤੀਹ, ਸਤਾਈ ਚਾਰ ਦੋ ਛੀਕੇ ਨੰਬਰ ਹੈ ਰਾਵਤੇ ਦਾ, ਸੰਧੂਆਂ ਪੁਕਾਰ ਦਾ। ਕਲਮ ਚਲਾਉਣੀ ਸਿੱਖੀ ਬਾਪੂ ਭੰਮੇ ਸਾਬ੍ਹ ਜੀ ਤੋਂ ਰੇਵਤੀ ਰਮਨ ਦਾਦਾ ਪੋਤਾ ਕਿੱਸਾਕਾਰ ਦਾ। ਛੰਦਾਂ ਦੇ ਵਿਧਾਨ ਵਾਲੀ ਸਿੱਖਕੇ ਮੁਹਾਰਨੀ ਨੂੰ ਵੱਖ ਵੱਖ ਵਿਸ਼ਿਆਂ ਤੇ ਕਵਿਤਾ ਉਚਾਰ ਦਾ। ਅੜ ਜਾਂਦਾ ਕੰਮ ਜਦੋਂ ਬਣਦਾ ਨਾ ਬੰਦ ਕੋਈ ਫੋਨ ਲਾਕੇ ਗੁਰੂ ਜੀ ਨੂੰ ਮੱਸਲਾ ਵਿਚਾਰ ਦਾ। ਨਮਸ਼ਕਾਰ ਹੈ ਮੇਰੀ ਵਿੱਦਿਆ ਦੇ ਦਾਨੀਆਂ ਨੂੰ ਦੱਸ ਦਿੱਤਾ ਰਸਤਾ ਹੈ ਜਿੰਨਾਂ ਸਾਨੂੰ ਪਾਰ ਦਾ।

ਪੰਜਾਬ ਦੀ ਸੈਰ

ਆਜੋ ਸੈਰ ਕਰੀਏ ਜੀ ਵੀਰਨੋ ਪੰਜਾਬ ਵਾਲੀ ਹਰ ਇੱਕ ਸ਼ਹਿਰ ਏਹ ਕਵਿਤਾ ਘੁਮਾਵੇ ਜੀ। ਬਾਗਾਂ ਵਾਲਾ ਸ਼ਹਿਰ ਵੀਰੋ ਜਦੋਂ ਦਾ ਮੋਰਿੰਡਾ ਹੋਇਆ ਕੋਇਲ ਦੀਆ ਕੂਕਾਂ ਕੌਣ ਕੰਨਾਂ ਨੂੰ ਸੁਣਾਵੇ ਜੀ। ਚੱਲਿਆ ਪਲਾਜੋ ਦੌਰ ਸਲਵਾਰ ਘਟੀ ਜਾਵੇ ਪਟਿਆਲੇ ਨਾਲੇ ਹੁਣ ਕੋਈ ਨਾ ਮੰਗਾਵੇ ਜੀ। ਸਾਂਝ ਟੁੱਟੀ ਜਾਂਵਦੀ ਹੈ ਸਾਂਝੇ ਪਰਿਵਾਰਾਂ ਵਾਲੀ ਬਾਜਾਂ ਮਾਰ ਰੋਟੀ ਨੂੰ ਨਾ, ਮਾਤਾ ਜੀ ਬਲਾਵੇ ਜੀ। ਨੰਗਲ ਹੈ ਡੈਮ ਪੂਰਾ ਮਸ਼ਹੂਰ ਦੁਨੀਆਂ ਤੇ ਜਲ ਦੀਆਂ ਛੱਲਾਂ ਨਾਲ ਬਿਜਲੀ ਬਣਾਵੇ ਜੀ। ਤਖਤ ਹੈ ਕੇਸਗੜ੍ਹ ਆਨੰਦਾਂ ਦੀ ਪੁਰੀ ਵਿੱਚ ਜਿੱਥੇ ਜਾਕੇ ਘਰ ਵਾਲਾ ਚੇਤਾ ਭੁੱਲ ਚਾਵੇ ਜੀ। ਜਿੰਦਾ ਮਕਬੂਲ ਬੜਾ ਰੋਪੜੀਆ ਦੁਨੀਆਂ ਤੇ ਲੱਗ ਜਾਵੇ ਜਿੱਥੇ ਬੈਠਾ ਚੋਰ ਪਛਤਾਵੇ ਜੀ। ਕੱਚੀ ਗੜ੍ਹੀ ਵਿੱਚ ਬੈਠੇ ਪਿਤਾ ਦਸ਼ਮੇਸ਼ ਦੇਖੋ ਸਵਾ ਲੱਖ ਫੌਜ ਨਾਲ ਇੱਕ ਨੂੰ ਲੜਾਵੇ ਜੀ। ਫਤਿਹਗੜ੍ਹ ਸਾਹਿਬ ਜਿਲ੍ਹਾ ਜਦੋਂ ਆਵੇ ਰਸਨਾਂ ਤੇ ਜੋਰਵਾਰ ਫਤਿਹ ਸਿੰਘ ਅੱਖਾਂ ਮੁਹਰੇ ਆਵੇ ਜੀ। ਜਿਲ੍ਹਾ ਸੰਗਰੂਰ ਹੈ ਜੀ, ਖੁੱਲ੍ਹੀ ਡੁੱਲ੍ਹੀ ਵੱਸੋਂ ਵਾਲਾ ਰਾਸਤੇ ਦੇ ਵਿੱਚ ਛੇਤੀ ਪਿੰਡ ਨਾ ਥਿਆਵੇ ਜੀ। ਸ਼ਹਿਰ ਮਕਬੂਲ ਬੜਾ ਵੀਰਨੋ ਬਠਿੰਡਾ ਵਾਲੇ ਸੜਕਾਂ ਮਲਾਈ ਵਾਂਗੂੰ ਬੱਸ ਭੱਜੀ ਜਾਵੇ ਜੀ। ਨਗਰੀ ਅੰਮ੍ਰਿਤਸਰ ਸਿਫ਼ਤੀ ਦਾ ਘਰ ਵੀਰੋ ਗੁਰੂਆਂ ਦੀ ਮਿੱਠੀ ਬਾਣੀ ਸਭਨਾਂ ਨੂੰ ਭਾਵੇ ਜੀ। ਹੌਜ਼ਰੀ ਜਲੰਧਰ ਦੀ ਬੜੀ ਮਸ਼ੂਹਰ ਹੋਈ ਜਾਕੇ ਜੋ ਵਿਦੇਸ਼ਾਂ ਵਿੱਚ ਨਾਮੜਾ ਕਮਾਵੇ ਜੀ। ਲੁਧਿਆਣਾ ਸ਼ਹਿਰ ਵੀਰੋ ਸੰਘਣੀ ਵੱਸੋਂ ਦੇ ਵਾਲਾ ਤਿਲ ਸੁੱਟਣ ਨੂੰ ਜਿੱਥੇ ਜਗ੍ਹਾ ਨਾ ਧਿਆਵੇ ਜੀ। ਨਵਾਂ ਸ਼ਹਿਰ ਜਿਲ੍ਹਾ ਹੈ ਜੋ ਵੱਖਰੀ ਮਿਸਾਲ ਭਾਈ ਬਹੁਤੇ ਘਰਾਂ ਜੰਦਰੇ ਨੇ ਕੋਠੀਆਂ ਵਿਖਾਵੇ ਜੀ। ਜਿਲ੍ਹਾ ਹੈ ਫਰੀਦਕੋਟ ਬਾਬਾ ਜੀ ਫਰੀਦ ਵਾਲਾ ਵਿੱਦਿਆ ਦੇ ਵਿੱਚ ਝੰਡੇ ਗੱਡ ਕੇ ਦਿਖਾਵੇ ਜੀ। ਸ਼ਹਿਰ ਤਲਵੰਡੀ ਸਾਬੋ ਗੁਰੂ ਜੀ ਕੀ ਕਾਸ਼ੀ ਭਾਈ ਕਾਵਿ ਟਕਸਾਲ ਜਿੱਥੋਂ ਰੌਸ਼ਨੀ ਫਲਾਵੇ ਜੀ। ਖੰਨੇ ਦੀ ਅਨਾਜ ਮੰਡੀ ਮਕਬੂਲ ਏਸ਼ੀਆ ਦੀ ਅੰਨ ਦਾ ਭੰਡਾਰਾ ਕੋਨੇ ਕੋਨੇ ਪਹੁੰਚਾਵੇ ਜੀ। ਅਜੀਤਗੜ੍ਹ ਨਗਰੀ ਹੈ ਵੱਡੀ ਵੱਡੀ ਮੰਜ਼ਿਲਾਂ ਦੀ ਏਰੀਏ ਪੁਆਧ ਨੂੰ ਜੋ ਘੁਣ ਵਾਂਗੂੰ ਖਾਵੇ ਜੀ। ਨਰਮੇ ਦੀ ਖੇਤੀ ਲਈ ਮਾਨਸਾ ਜ਼ਿਲ੍ਹਾ ਹੈ ਅੱਗੇ ਚਿੱਟੇ ਸੋਨੇ ਵਾਲੀ ਜਿਹੜੀ ਚਿੜੀਆ ਕਹਾਵੇ ਜੀ। ਮੁਕਤਸਰ ਸਾਹਿਬ ਮੁਕਤੀ ਦਾ ਘਰ ਭਾਈ ਟੁੱਟਿਆਂ ਨੂੰ ਗੰਢ ਜਿਹੜਾ, ਗਲ਼ੇ ਨਾਲ ਲਾਵੇ ਜੀ। ਭਿੱਖੀ ਬੁੱਢਲਾਢਾ ਮਿੱਲ ਮਸ਼ਹੂਰ ਖੰਡ ਲਈ ਵੱਖ ਵੱਖ ਥਾਵਾਂ ਉੱਤੇ ਨਾਮ ਚਮਕਾਵੇ ਜੀ। ਜਿਲ੍ਹਾ ਬਰਨਾਲਾ ਭਾਈ ਖੁੱਲ੍ਹੀ ਡੁੱਲ੍ਹੀ ਸੜਕਾਂ ਦਾ ਰੁੱਕੇ ਨਾ ਟਰੈਫਿਕ ਤੇ, ਚਿੱਤ ਖਿੱੜ ਜਾਵੇ ਜੀ। ਫਿਰੋਜ਼ਪੁਰ ਸ਼ਹਿਰ ਵੇਖੋ ਛੌਣੀਆ ਦਾ ਭਰਿਆ ਹੈ ਘੁੱਸ ਭੈਠੀਆਂ ਨੂੰ ਜਿਹੜਾ ਸਬਕ ਸਿਖਾਵੇ ਜੀ। ਮੋਗਾ ਸ਼ਹਿਰ ਨਾਮ ਖੱਟੇ ਨੈਸਲੇ ਫੂਡ ਦੇ ਲਈ ਸਕੂਲਾਂ ਕਾਲਜਾਂ ਦਾ ਜੋ ਗੜ੍ਹ ਵੀ ਕਹਾਵੇ ਜੀ। ਤਰਨ ਤਾਰਨ ਸਾਹਿਬ ਗੁਰੂ ਜੀ ਦੀ ਨਗਰੀ ਹੈ ਪਵਿੱਤਰ ਸਰੋਵਰ ਦੁੱਖੜੇ ਮਿਟਾਵੇ ਜੀ। ਗਰੂਆਂ ਦੇ ਨਾਮ ਤੇ ਹੈ, ਜਿਲ੍ਹਾ ਗੁਰਦਾਸਪੁਰ ਪੁਰਾਣਾ ਇਮਾਰਤਾਂ ਨੂੰ ਹੁਣ ਵੀ ਬਚਾਵੇ ਜੀ। ਨਾਂ ਹੈ ਗੁਰਿੰਦਰ ਸਿੰਘ ਮੁੰਡਾ ਪਿੰਡ ਸੰਧੂਆਂ ਦਾ ਲਿੱਖਦਾ ਕਬਿੱਤ ਨਾਲੇ ਸ਼ੌਕ ਨਾਲ ਗਾਵੇ ਜੀ।

ਪਿਆਸਾ ਕਾਂ (ਕਹਾਣੀ)

ਦਵੱਯਾ ਛੰਦ ਪਿਆਸਾ ਕਾਂ ਕਰਲਾਉਂਦਾ ਫਿਰਦਾ ਬਿਗੜੀ ਸਿਹਤ ਨਿਮਾਣੀ, ਪਾਣੀ ਜੀਵਨ ਸਭਦਾ ਵੀਰੋ ਸਮਝੋ ਅਸਲ ਕਹਾਣੀ, ਇੱਧਰ ਉੱਧਰ ਭਰੀ ਉਡਾਰੀ, ਆਬ ਨਜ਼ਰ ਨਾ ਆਵੇ, ਪਾਣੀ ਦਾ ਘੁਟ ਜਲਦੀ ਮਿਲਜੇ, ਪਿਆਸਾ ਕਾਂ ਕਰਲਾਵੇ। ਥੱਕ ਹਾਰ ਕੇ ਬਾਗ ਚ ਪੁੱਜਾ, ਜਿੱਥੇ ਦਿਸਿਆ ਪਾਣੀ। ਪਾਣੀ ਵੇਖ ਪਿਆਸੇ ਕਾਂ ਦੀ, ਬਦਲੀ ਦਿਲੋ ਕਹਾਣੀ। ਹੌਲੀ ਹੌਲੀ ਡਿਗਦਾ ਢਹਿੰਦਾ, ਕੋਲ ਘੜੇ ਦੇ ਜਾਵੇ। ਪਾਣੀ ਦਾ ਘੁਟ ਜਲਦੀ ਮਿਲਜੇ ਪਿਆਸਾ ਕਾਂ ਕਰਲਾਵੇ। ਬੈਠ ਘੜੇ ਦੇ ਉਪਰ ਤੱਕਿਆ, ਪਾਣੀ ਡਾਢਾ ਨੀਵਾਂ। ਕੋਲ ਬੈਠਕੇ ਸੋਚਣ ਲੱਗਿਆ, ਕਿੱਦਾ ਪਾਣੀ ਪੀਵਾਂ। ਪੱਥਰ ਪਾਵਾਂ ਘੜੇ ਦੇ ਅੰਦਰ, ਮਨ ਨੂੰ ਪਿਆ ਸਮਝਾਵੇ। ਪਾਣੀ ਦਾ ਘੁਟ ਜਲਦੀ ਮਿਲਜੇ, ਪਿਆਸਾ ਕਾਂ ਕਰਲਾਵੇ। ਮਨ ਆਪਣੇ ਚ ਜੁਗਤ ਬਣਾਈ, ਪੱਥਰ ਚੁੱਕ ਕੇ ਪਾਵਾਂ। ਪਾਣੀ ਆਗਿਆ ਉਪਰ ਜਦੋਂ, ਪੀਕੇ ਪਿਆਸ ਬੁਝਾਵਾਂ। ਲੋੜ ਕਾਢ ਦੀ ਮਾਂ ਭਰਾਵੋ ਪਲ ਵਿਚ ਜੁਗਤ ਬਣਾਵੇ। ਪਾਣੀ ਦਾ ਘੁਟ ਜਲਦੀ ਮਿਲਜੇ ਪਿਆਸਾ ਕਾਂ ਕਰਲਾਵੇ। ਸੰਧੂਆਂ ਕੀਤੀ ਕੋਸ਼ਿਸ਼ ਕਾਂ ਦੀ, ਵੇਖੋ ਰੰਗ ਲਿਆਈ। ਪਾਣੀ ਪੀਕੇ ਪਿਆਸੇ ਕਾਂ ਨੇ, ਦਿਲ ਦੀ ਪਿਆਸ ਬੁਝਾਈ। ਖੁਸ਼ੀ ਦੇ ਵਿੱਚ ਖੀਵਾ ਹੋਕੇ, ਅੰਬਰੀਂ ਡਾਰੀ ਲਾਵੇ। ਪਾਣੀ ਦਾ ਘੁਟ ਜਲਦੀ ਮਿਲਜੇ, ਪਿਆਸਾ ਕਾਂ ਕਰਲਾਵੇ।

ਘੁੱਗੀ ਦਾ ਆਲ੍ਹਣਾ

ਦਵੱਯਾ ਛੰਦ ਦੂਰੋਂ ਦੂਰੋਂ ਡੱਕੇ ਲੱਭਕੇ, ਘੁੱਗੀ ਚੱਕ ਲਿਆਉਂਦੀ, ਤੀਲਾ ਤੀਲਾ ਕਰ ਇੱਕਠਾ, ਵਿੱਚ ਆਲ੍ਹਣੇ ਲਾਉਂਦੀ । ਰਹਿਣ ਵਸੇਰਾ ਕਰਨ ਦੀ ਖਾਤਰ, ਆਪਣਾ ਘਰ ਬਣਾਵੇ। ਦਾਤਾ ਤੂੰ ਹੀ, ਤੂੰ ਹੀ ਧੁਨ ਵਿਚ, ਮਿੱਠੜੇ ਬੋਲ ਸਣਾਵੇ। ਮੀਂਹ ਕਣੀ ਤੋਂ ਬਚਣ ਲਈ ਉਹ, ਕਰਦੀ ਰਹਿਣ ਬਸੇਰਾ। ਆਈ ਮੁਸੀਬਤ ਜੇਕਰ ਕੋਈ, ਤਨ ਬਚੇਗਾ ਮੇਰਾ। ਰੁੱਖ ਲੱਭਕੇ ਚੰਗਾ ਕੋਈ ਡੇਰਾ ਜਾਣ ਲਗਾਵੇ। ਦਾਤਾ ਤੂੰ ਹੀ, ਤੂੰ ਹੀ ਧੁਨ ਵਿਚ ਮਿੱਠੜੇ ਬੋਲ ਸਣਾਵੇ। ਰੰਗ ਬਰੰਗੇ ਪੰਛੀ ਸੋਹਣੇ ਲੱਗਦੇ ਬੜੇ ਪਿਆਰੇ। ਭਾਂਤ ਭਾਂਤ ਦੀ ਬੋਲੀ ਬੋਲਣ, ਦਾਤੇ ਰੰਗ ਨਿਆਰੇ। ਪਾਲ ਬੱਚੜੇ ਆਪਣੇ ਪੰਛੀ, ਛੱਡ ਟਿਕਾਣਾ ਜਾਵੇ। ਦਾਤਾ ਤੂੰ ਹੀ, ਤੂੰ ਹੀ ਧੁਨ ਵਿਚ, ਮਿੱਠੜੇ ਬੋਲ ਸਣਾਵੇ। ਰੁੱਖਾਂ ਦੀ ਕਟਾਈ ਵੱਧਗੀ ਪੰਛੀ ਘੱਟਦਾ ਜਾਵੇ। ਕੁਦਰਤ ਦੇ ਨਾਲ ਪੰਗੇ ਲੈਕੇ ਬੰਦਾ ਜ਼ੁਲਮ ਕਮਾਵੇ ਟੰਗ ਆਲ੍ਹਣਾ ਖੰਭੇ ਉੱਤੇ, ਵੇਖੋ ਮਨ ਸਮਝਾਵੇ ਦਾਤਾ ਤੂੰ ਹੀ ਤੂੰ ਹੀ ਧੁਨ ਵਿਚ ਮਿੱਠੜੇ ਬੋਲ ਸਣਾਵੇ। ਘੁੱਗੀ ਦੇ ਆਂਡੇ ਖਾਣ ਲਈ, ਕਾਂ ਹੱਲੇ ਲੈ ਆਉਂਦਾ। ਚੁੰਝ ਖਾਕੇ ਬੱਖੀਆ ਦੇ ਵਿੱਚ ਰੋਂਦਾ ਤੇ ਕਰਲਾਉਂਦਾ। ਦੂਰ ਦੁਰਾਡੇ ਚੋਗਾ ਚੁੱਗਕੇ ਵਿੱਚ ਆਲ੍ਹਣੇ ਆਵੇ ਦਾਤਾ ਤੂੰ ਹੀ ਤੂੰ ਹੀ ਧੁਨ ਵਿਚ ਮਿੱਠੜੇ ਬੋਲ ਸਣਾਵੇ। ਛੋਟਾ ਪੰਛੀ ਵੇਖ ਸੰਧੂਆਂ, ਘੁੱਗੀ ਲੱਗੇ ਪਿਆਰਾ। ਪੰਛੀ ਬੜੇ ਇਸ ਦੁਨੀਆਂ ਤੇ, ਇਸਦਾ ਰੂਪ ਨਿਆਰਾ ਸੁਭਾ ਸਵੇਰੇ ਹੋਕਾ ਦੇਕੇ, ਚੇਤੇ ਰਾਮ ਕਰਾਵੇ। ਦਾਤਾ ਤੂੰ ਹੀ, ਤੂੰ ਹੀ ਧੁਨ ਵਿਚ, ਮਿੱਠੜੇ ਬੋਲ ਸਣਾਵੇ।

ਮਾਂ

ਦਵੱਯਾ ਛੰਦ ਅਹੁਦੇ ਨਾਰੀ ਦੇ ਭਿੰਨ ਭਿੰਨ ਨੇ, ਮਾਂ ਤੂੰ ਸਭ ਤੋਂ ਪਿਆਰੀ। ਰੰਗ ਬਰੰਗੀ ਦੁਨੀਆਂ ਵਿੱਚੋਂ, ਤੇਰੀ ਮਮਤਾ ਨਿਆਰੀ। ਤੇਰੀ ਮਿੱਠੜੀ ਲੋਰੀ ਸੁਣਕੇ, ਪੱਲ ਵਿੱਚ ਸੌਂ ਜਾਵਾਂ। ਮਾਂ ਦੀ ਬੁੱਕਲ ਵਿਚ ਵੀਰਨੋ, ਵਾਂਗ ਸੁਰਗ ਦੇ ਛਾਵਾਂ। ਮਾਂ ਦੀ ਪੂਜਾ ਰੱਬਦੀ ਪੂਜਾ, ਆਖਣ ਲੋਕ ਸਿਆਣੇ। ਵਿੱਚ ਪੇਟ ਦੇ ਪੁੱਠੇ ਲੱਟਕੇ ਨੂੰ ਵੀ ਦੇਵੇ ਦਾਣੇ। ਮਾਤ ਲੋਕ ਦਿਖਾਕੇ ਸਾਨੂੰ, ਮਾਵਾਂ ਦੇਣ ਦੁਆਵਾਂ। ਮਾਂ ਦੀ ਬੁੱਕਲ ਵਿਚ ਵੀਰਨੋ ਵਾਂਗ ਸੁਰਗ ਦੇ ਛਾਵਾਂ। ਮਾਂ ਸਦਾ ਹੀ ਅਮਰ ਹੋਂਵਦੀ ਸਮਝੀ ਗੱਲ ਪ੍ਰਾਣੀ। ਟੁੱਕੜਾ ਦੇਕੇ ਆਪਣੇ ਤਨਦਾ ਦੇਵੇ ਬਦਲ ਕਹਾਣੀ। ਤੇਰੀ ਬਖਸ਼ੀ ਇਸ ਦੇਹੀ ਤੋਂ, ਮੈਂ ਬਲਿਹਾਰੇ ਜਾਵਾਂ ਮਾਂ ਦੀ ਬੁੱਕਲ ਵਿਚ ਵੀਰਨੋ ਵਾਂਗ ਸੁਰਗ ਦੇ ਛਾਵਾਂ। ਹਾਥੀ ਘੋੜੇ ਦੇਕੇ ਸਾਨੂੰ, ਮਾਂ ਸੀ ਖੂਬ ਖਿਡਾਉਂਦੀ। ਜਦੋਂ ਡਿੱਗਦਾ ਮੈਂ ਧਰਤੀ ਤੇ, ਚੁੱਕ ਕੇ ਛਾਤੀ ਲਾਉਂਦੀ। ਤੇਰੀ ਕੀਤੀ ਕੁਰਬਾਨੀ ਨੂੰ, ਚਰਨੀ ਸੀਸ ਨਿਵਾਵਾਂ। ਮਾਂ ਦੀ ਬੁੱਕਲ ਵਿਚ ਵੀਰਨੋ ਵਾਂਗ ਸੁਰਗ ਦੇ ਛਾਵਾਂ। ਜੋ ਵੀ ਤੈਥੋਂ ਮੰਗਦੇ ਬੱਚੇ, ਪੱਲਦੇ ਵਿੱਚ ਲਿਆਉਂਦੀ। ਤੇਰੇ ਕੋਲ ਖਜ਼ਾਨਾ ਕੈਸਾ, ਗੱਲ ਸਮਝ ਨਾ ਆਉਂਦੀ । ਤੇਰੇ ਹੁੰਦਿਆਂ ਇਸ ਦੁਨੀਆਂ ਤੇ, ਮੈਂ ਨਾ ਕਦੇ ਘਬਰਾਵਾਂ ਮਾਂ ਦੀ ਬੁੱਕਲ ਵਿਚ ਵੀਰਨੋ, ਵਾਂਗ ਸੁਰਗ ਦੇ ਛਾਵਾਂ। ਕੁੱਟ ਕੁੱਟ ਕੇ ਚੂਰੀ ਦਿੱਤੀ ਨਾਲੇ ਦੁੱਧ ਪਿਲਾਇਆ। ਜਦੋਂ ਵੀ ਤੂੰ ਰੋਂਦਾ ਤੱਕਿਆ ਚੁੱਕ ਕੇ ਛਾਤੀ ਲਾਇਆ। ਤੇਰੀ ਹੱਲਾਸ਼ੇਰੀ ਤੋਂ ਮੈਂ, ਪਲ ਚ ਸ਼ੇਰ ਬਣ ਜਾਵਾਂ। ਮਾਂ ਦੀ ਬੁੱਕਲ ਵਿਚ ਵੀਰਨੋ, ਵਾਂਗ ਸੁਰਗ ਦੇ ਛਾਵਾਂ। ਯਾਦ ਤੇਰੀ ਦੇ ਵਿਚ ਅੰਮੀਏਂ ਮੇਰਾ ਮਨ ਭਰ ਆਉਂਦਾ। ਕੁੱਝ ਸਮਾਂ ਮੈਂ ਬੈਠ ਸੰਧੂਆਂ, ਭੁੱਬਾਂ ਮਾਰ ਕਰਲਾਉਂਦਾ। ਬਿੰਨ ਬੋਲਿਆਂ ਬੁੱਝਣ ਵਾਲੀ ਨੂੰ ਮੈਂ ਕਿਵੇਂ ਭੁਲਾਵਾਂ। ਮਾਂ ਦੀ ਬੁੱਕਲ ਵਿਚ ਵੀਰਨੋ, ਵਾਂਗ ਸੁਰਗ ਦੇ ਛਾਵਾਂ।

ਘੁੱਗੀ ਅਤੇ ਮੱਖੀ (ਕਹਾਣੀ)

ਦਵੱਯਾ ਛੰਦ ਆਬ ਪੀਣ ਲਈ ਨਦੀ ਕਿਨਾਰੇ, ਮੱਖੀ ਉੱਡਕੇ ਜਾਂਦੀ। ਪੈਰ ਨਾ ਟਿਕਿਆ ਤੇਜ਼ ਵਹਾਦੇ, ਜਾਂਦੀ ਗੋਤੇ ਖਾਂਦੀ। ਏਸ ਦ੍ਰਿਸ਼ ਨੂੰ ਤੱਕ ਕੇ ਘੁੱਗੀ ਬੈਠੀ ਜੁਗਤ ਬਣਾਵੇ। ਡੁੱਬਦੇ ਨੂੰ ਜੇ ਤਿਣਕਾ ਮਿਲਜੇ, ਪਲ ਵਿਚ ਪਾਰ ਲਗਾਵੇ। ਘੁੱਗੀ ਨੇ ਜਦ ਵੱਲ ਮੱਖੀ ਦੇ, ਪੱਤਾ ਤੋੜ ਵਗਾਇਆ। ਮਾਰ ਟਪੂਸੀ ਬੈਠੀ ਮੱਖੀ, ਪਲ ਨਾ ਸਮਾਂ ਗਵਾਇਆ। ਕੋਸ਼ਿਸ਼ ਕੀਤੀ ਦੋਵਾਂ ਵੱਲੋਂ, ਸਫਲ ਹੋਂਵਦੀ ਜਾਵੇ। ਡੁੱਬਦੇ ਨੂੰ ਜੇ ਤਿਣਕਾ ਮਿਲਜੇ, ਪਲ ਵਿਚ ਪਾਰ ਲਗਾਵੇ। ਬੈਠ ਪੱਤੇ ਦੇ ਉੱਤੇ ਮੱਖੀ ਆਪਣੇ ਖੰਭ ਸੁਕਾਵੇ। ਵੱਲ ਟਿਕਾਣੇ ਵਧਦੀ ਜਾਵੇ, ਨਾਲੇ ਸ਼ੁਕਰ ਮਨਾਵੇ। ਆਪਣੇ ਖੰਭ ਸੁਕਾਕੇ ਮੱਖੀ ਮਾਰ ਉਡਾਰੀ ਜਾਵੇ। ਡੁੱਬਦੇ ਨੂੰ ਜੇ ਤਿਣਕਾ ਮਿਲਜੇ ਪਲ ਵਿਚ ਪਾਰ ਲਗਾਵੇ। ਇੱਕ ਦਿਨ ਜੰਗਲ ਦੇ ਵਿੱਚ ਵੀਰੋ, ਆਇਆ ਇੱਕ ਸ਼ਿਕਾਰੀ। ਰੁੱਖ ਤੇ ਬੈਠੀ ਘੁੱਗੀ ਉੱਤੇ, ਨਿਗਾਹ ਓਸਨੇ ਮਾਰੀ। ਲਾਉਣ ਲਈ ਨਿਸ਼ਾਨੇ ਨੂੰ ਉਹ, ਪੂਰੀ ਨਿਗ੍ਹਾ ਟਿਕਾਵੇ। ਡੁੱਬਦੇ ਨੂੰ ਜੇ ਤਿਣਕਾ ਮਿਲਜੇ ਪਲ ਵਿਚ ਪਾਰ ਲਗਾਵੇ। ਨਿਸ਼ਾਨਾ ਲਾਉਣ ਲਈ ਉਸਨੇ, ਖਿੱਚੀ ਖੂਬ ਤਿਆਰੀ। ਐਨ ਵ਼ਕਤ ਤੇ ਮੱਖੀ ਆਕੇ, ਡੰਗ ਜ਼ਹਿਰੀਲੀ ਮਾਰੀ। ਜਦੋਂ ਹੱਥ ਤੇ ਡੰਗ ਵੱਜਿਆ ਚੁੱਕ ਨਿਸ਼ਾਨਾ ਜਾਵੇ ਡੁੱਬਦੇ ਨੂੰ ਜੇ ਤਿਣਕਾ ਮਿਲਜੇ, ਪਲ ਵਿਚ ਪਾਰ ਲਗਾਵੇ। ਸੁਣਕੇ ਆਵਾਜ਼ ਗੋਲੀ ਵਾਲੀ, ਘੁੱਗੀ ਉੱਡੀ ਵਿਚਾਰੀ ਖਾਕੇ ਡੰਗ ਮੱਖੀ ਦੇ ਕੋਲੋਂ, ਰੋਂਦਾ ਫਿਰੇ ਸ਼ਿਕਾਰੀ। ਜੈਸੀ ਕਰਨੀ ਤੈਸੀ ਭਰਨੀ ਕਹਾਣੀ ਹੈ ਸਮਝਾਵੇ। ਡੁੱਬਦੇ ਨੂੰ ਜੇ ਤਿਣਕਾ ਮਿਲਜੇ ਪਲ ਵਿਚ ਪਾਰ ਲਗਾਵੇ। ਇੱਕ ਦੂਜੇ ਦੀ ਮਦਦ ਕਰਕੇ ਬਣੋਗੇ ਮਿੱਤਰ ਪਿਆਰੇ। ਵਿੱਚ ਖੁਸ਼ੀ ਦੇ ਖੀਵੇ ਹੋਕੇ ਲੈਂਦੇ ਫਿਰਨ ਨਜ਼ਾਰੇ। ਭਲਾ ਗੁਰਿੰਦਰਾ ਜੋ ਕਰਦੇ, ਤੋਟ ਕਦੇ ਨਾ ਆਵੇ। ਡੁੱਬਦੇ ਨੂੰ ਜੇ ਤਿਣਕਾ ਮਿਲਜੇ ਪਲ ਵਿਚ ਪਾਰ ਲਗਾਵੇ।

ਸ਼ੇਰ ਅਤੇ ਚੂਹੇ ਦੀ ਕਹਾਣੀ

ਬੈਂਤ ਛੰਦ ਜੰਗਲ ਵਿੱਚ ਇੱਕ ਰੁੱਖ ਦੀ ਛਾਂ ਹੇਠਾ ਅਨੰਦ ਵਿੱਚ ਸੀ ਸ਼ੇਰ ਸਾਉਣ ਲੱਗਾ। ਚੂਹਾ ਨਿਕਲ ਕੇ ਖੁੱਡ ਚੋਂ ਬਾਹਰ ਆਇਆ ਟਪੂਸੀ ਸ਼ੇਰ ਦੇ ਉਤੇ ਲਗਾਉਣ ਲੱਗਾ। ਖੁੱਲ੍ਹੀ ਨੀਂਦ ਤੇ ਚੂਹੇ ਨੂੰ ਪਕੜ ਪੰਜੇ ਮੂੰਹ ਦੇ ਵੱਲ ਸੀ ਸ਼ੇਰ ਵਧਾਉਣ ਲੱਗਾ। ਵਿੱਚ ਮੁਸੀਬਤ ਦੇ ਆਊਂਗਾ ਕੰਮ ਤੇਰੇ, ਹੱਥ ਜੋੜ ਕੇ ਅਰਜ਼ ਸਣਾਉਣ ਲੱਗਾ। ਸੁਣਕੇ ਗੱਲ ਚੂਹੇ ਦੀ ਸ਼ੇਰ ਰਾਜਾ ਮਨ ਆਪਣੇ ਨੂੰ ਮਨਾਉਣ ਲੱਗਾ। ਛੋਟਾ ਜੀਵ ਵੀ ਆਂਵਦਾ ਕੰਮ ਕਦੇ ਮਨੀ ਰਾਮ ਨੂੰ ਬੈਠ ਸਮਝਾਉਣ ਲੱਗਾ। ਗੱਲ ਸੁਣ ਕੇ ਸ਼ੇਰ ਦਿਆਲ ਹੋਇਆ ਮੁਕਤੀ ਪੰਜੇ ਚੋਂ ਚੂਹਾ ਵੀ ਪਾਉਣ ਲੱਗਾ। ਰਾਜਾ ਜੰਗਲ ਦਾ ਕਰ ਵਿਚਾਰ ਵੇਖੋ ਸੰਧੂਆਂ ਦੋਸਤ ਨਵਾਂ ਬਣਾਉਣ ਲੱਗਾ। ਪਿੱਛਾ ਕਰਦਾ ਸ਼ੇਰ ਸ਼ਿਕਾਰ ਵਾਲਾ ਵਿੱਚ ਜਾ ਕੇ ਜਾਲ ਦੇ ਫਸਿਆ ਈ। ਜੋ਼ਰ ਨਾਲ ਮਾਰੀ ਅਵਾਜ਼ ਓਸਨੇ ਜਦੋਂ ਕਰ ਨਾ ਕੁੱਝ ਉਹ ਸਕਿਆ ਈ। ਉੱਚੀ ਗਰਜ ਸੁਣਕੇ ਸ਼ੇਰ ਵਾਲੀ ਮਦਦ ਕਰਨ ਲਈ ਚੂਹਾ ਨਸਿਆ ਈ। ਕੱਟਣ ਲਈ ਵਧਿਆ ਜਾਲ ਓਸਦਾ ਜਿਸ ਨੇ ਜਕੜ ਕੇ ਓਸਨੂ ਰੱਖਿਆ ਈ। ਮੋਟੀਆਂ ਮੋਟੀਆਂ ਰੱਸੀਆਂ ਕੁਤਰ ਪਹਿਲਾਂ ਕੱਢਿਆ ਸ਼ੇਰ ਨੂੰ ਜਾਲ ਚੋਂ ਬਾਹਰ ਲੋਕੋ। ਬਾਹਰ ਨਿਕਲ ਦਿਆਂ ਸ਼ੇਰ ਨੇ ਅੱਜ ਵੀਰੋ ਕਰਿਆ ਚੂਹੇ ਦਾ ਦਿਲੋਂ ਸਤਿਕਾਰ ਲੋਕੋ। ਕਿਸੇ ਪ੍ਰਾਣੀ ਨੂੰ ਛੋਟਾ ਸਮਝਣਾ ਨਾ ਦੇਵੇ ਕੀੜੀ ਵੀ ਹਾਥੀ ਨੂੰ ਮਾਰ ਲੋਕੋ। ਭਲਾ ਕਰਦਿਆਂ ਕਦੇ ਨਾ ਤੋਟ ਆਵੇ ਗੁਰਿੰਦਰ ਸਿੰਘਾਂ ਜੇ ਕਰੇ ਵਿਚਾਰ ਲੋਕੋ।

ਆਇਆ ਰੂਪ ਨਿਰੰਕਾਰ ਦਾ

ਰਾਇ ਭੋਇ ਤਲਵੰਡੀ ਸ਼ਹਿਰ ਨਨਕਾਣੇ ਵਿਖੇ ਮਾਤ ਲੋਕ ਉੱਤੇ ਆਇਆ ਰੂਪ ਨਿਰੰਕਾਰ ਦਾ। ਮਾਤਾ ਤ੍ਰਿਪਤਾ ਜੀ ਕੁੱਖੋਂ ਪਿਤਾ ਮਹਿਤਾ ਕਾਲੂ ਘਰੇ ਨਾਨਕੀ ਦਾ ਵੀਰ ਬਣ ਮਾਲਕ ਸੰਸਾਰ ਦਾ। ਤੱਕ ਦਾਈ ਦੌਲਤਾਂ ਨੇ ਆਖ ਦਿੱਤਾ ਸਾਰਿਆਂ ਨੂੰ ਮਹਿਤਾ ਜੀ ਦੇ ਘਰ ਆਇਆ ਰੂਪ ਕਰਤਾਰ ਦਾ। ਚਾਰੇ ਹੀ ਦਿਸ਼ਾਵਾਂ ਵੱਲ ਕਰਕੇ ਉਦਾਸੀ ਬਾਬੇ ਸਭਨੂੰ ਸੁਨੇਹਾ ਦਿੱਤਾ ਭਗਤੀ ਪਿਆਰ ਦਾ। ਵੱਡਾ ਹੁੰਦਾ ਜਾਵੇ ਜਿਵੇਂ, ਜਿਵੇਂ ਬਾਲ ਮਹਿਤਾ ਜੀ ਦਾ ਵੱਖਰੇ ਹੀ ਚੋਜ ਕਰ ਮਹਿਕਾਂ ਨੂੰ ਖਿਲਾਰ ਦਾ। ਕਿਵ ਸਚਿਆਰਾ ਹੋਣਾ ਦੱਸਕੇ ਲੋਕਾਈ ਤਾਂਈ ਨਾਨਕ ਫਕੀਰ ਵਿੱਚ ਜਪੁਜੀ ਉਚਾਰ ਦਾ। ਮੱਝੀਆਂ ਚਰਾਉਂਦਿਆਂ ਦੀ ਅੱਖ ਜਦੋਂ ਲੱਗ ਗਈ ਸ਼ੇਸ਼ ਨਾਗ ਛਾਵਾਂ ਕਰ ਫੱਣ ਨੂੰ ਪਸਾਰ ਦਾ। ਚਾਰੇ ਹੀ ਦਿਸ਼ਾਵਾਂ ਵੱਲ ਕਰਕੇ ਉਦਾਸੀ ਬਾਬੇ ਸਭਨੂੰ ਸੁਨੇਹਾ ਦਿੱਤਾ ਭਗਤੀ ਪਿਆਰ ਦਾ। ਪੜ੍ਹਨ ਦੇ ਲਈ ਜਦੋਂ ਭੇਜਿਆ ਸੀ ਪਾਂਧੇ ਪਾਸ ਬਚਨ ਰੂਹਾਨੀ ਕਰ ਹਿਰਦੇ ਨੂੰ ਠਾਰ ਦਾ। ਸਾਡੇ ਕੋਲ ਵਿੱਦਿਆ ਨੀ ਦੇ ਦਈਏ ਏਸ ਤਾਂਈਂ ਮਹਿਤਾ ਜੀ ਨੂੰ ਪਾਂਧਾ ਸੁਣੋਂ ਮੁੱਖ ਚੋਂ ਪੁਕਾਰ ਦਾ। ਠੱਗਾਂ ਚੋਰਾਂ ਪਾਪੀਆਂ ਦੇ ਬਦਲੇ ਕਰਮ ਉਨ੍ਹਾਂ ਰਸਨਾਂ ਦੇ ਵਿੱਚੋਂ ਬਾਬਾ ਬਚਨ ਉਚਾਰ ਦਾ। ਚਾਰੇ ਹੀ ਦਿਸ਼ਾਵਾਂ ਵੱਲ ਕਰਕੇ ਉਦਾਸੀ ਬਾਬੇ ਸਭਨੂੰ ਸੁਨੇਹਾ ਦਿੱਤਾ ਭਗਤੀ ਪਿਆਰ ਦਾ। ਮੱਕੇ ਤੇ ਮਦੀਨੇ ਜਾਕੇ ਦਿੱਤਾ ਉਪਦੇਸ਼ ਐਸਾ ਹਉਮੈ ਵਾਲਾ ਰੋਗ ਕੱਢ ਦਿਲਾਂ ਵਿੱਚੋਂ ਮਾਰ ਦਾ। ਸ਼ੁੱਭ ਅਮਲਾਂ ਦੇ ਬਾਝੋਂ ਰੋਣਾ ਸਭ ਦੁਨੀਆਂ ਤੇ ਹਾਜੀਆਂ ਨੂੰ ਦੱਸ ਬਾਬਾ ਚਿੰਤਾ ਨੂੰ ਨਿਵਾਰ ਦਾ। ਇਲਮਾ ਨੂੰ ਪੜ੍ਹ ਪੜ੍ਹ ਭਰਮਾਂ ‘ਚ ਪਾਉਂਦੇ ਜਿਹੜੇ ਅੰਧਕਾਰ ਵਿੱਚੋਂ ਕੱਢ ਫਿਰੇ ਬਾਬਾ ਤਾਰ ਦਾ। ਚਾਰੇ ਹੀ ਦਿਸ਼ਾਵਾਂ ਵੱਲ ਕਰਕੇ ਉਦਾਸੀ ਬਾਬੇ ਸਭਨੂੰ ਸੁਨੇਹਾ ਦਿੱਤਾ ਭਗਤੀ ਪਿਆਰ ਦਾ। ਹੱਥਾਂ ਵਿੱਚ ਸਾਜ ਦੇਕੇ ਬਾਬੇ ਨੇ ਰਬਾਬੀਆਂ ਦੇ ਸੰਗ ਮਰਦਾਨੇ ਕੀਤਾ ਪਾਠ ਆਸਾ ਵਾਰ ਦਾ। ਧੁਰਕੀ ਹੈ ਬਾਣੀ ਆਈ ਬਖਸ਼ੀ ਲੋਕਾਈ ਤਾਂਈਂ ਕਾਸਤੋਂ ਗੁਰਿੰਦਰਾ ਨੀ ਸੰਧੂਆਂ ਵਿਚਾਰ ਦਾ। ਗੁਰੂ ਜੀ ਦੇ ਸ਼ਬਦਾਂ ਦੀ ਖੋਜ ਹੁੰਦੀ ਨਾਸਾ ਵਿੱਚ ਇੱਕ ਇੱਕ ਬਚਨ ਹੈ ਭਵਜਲੋਂ ਤਾਰ ਦਾ। ਚਾਰੇ ਹੀ ਦਿਸ਼ਾਵਾਂ ਵੱਲ ਕਰਕੇ ਉਦਾਸੀ ਬਾਬੇ ਸਭਨੂੰ ਸੁਨੇਹਾ ਦਿੱਤਾ ਭਗਤੀ ਪਿਆਰ ਦਾ।

ਕਿਸਾਨ

ਸੱਚੇ ਦਿਲੋਂ ਖੇਤੀ ਕਰੇ, ਮੇਹਨਤ ਵੀ ਦੂਣੀ ਕਰੇ ਅੰਨ ਪੈਦਾ ਕਰ ਭਰੇ, ਦੇਸ਼ ਦਾ ਭੰਡਾਰ ਜੀ। ਤੰਗਲੀ ਪੰਜਾਲੀ ਕਹੀ ਦਾਤੀ ਅਤੇ ਖੁਰਪਾ ਨੇ। ਖੇਤੀ ਵਿੱਚ ਵਰਤੋਂ ਦੇ, ਕੀਮਤੀ ਔਜ਼ਾਰ ਜੀ। ਗੀਤਾਂ ਵਿੱਚ ਬੜ੍ਹਕਾਂ ਤੇ, ਚੱੜ੍ਹਤਾਂ ਵਿਖਾਈ ਜਾਂਦੇ । ਆਮ ਜਿੰਦਗੀ ਚ ਕੋਈ, ਪੁੱਛਦਾ ਨਾ ਸਾਰ ਜੀ। ਭੋਲਾ ਪੰਛੀ ਸਾਦਗੀ ਚ, ਜਿੰਦਗੀ ਜਿਊਣ ਵਾਲਾ। ਰੱਖੇ ਮੋਢੇ ਉੱਤੇ ਸਾਫਾ ਬੰਨ੍ਹੇ ਦਸਤਾਰ ਜੀ। ਟਰੈਕਟਰ ਟਰਾਲੀ ਰੇਹੜੀ ਅਤੇ ਬਲਦਾਂ ਨੂੰ ਸੌ਼ਕ ਨਾਲ ਰੱਖਦਾ ਹੈ ਵੀਰਨੋ ਸ਼ਿੰਗਾਰ ਜੀ। ਖੁੱਲ੍ਹੀਆਂ ਖੁਰਾਕਾਂ ਖਾਣ ਪੀਣ ਦੇ ਸ਼ੌਕੀਨ ਹੁੰਦੇ ਲੋੜਵੰਦਾਂ ਲਈ ਖੋਲ੍ਹੇ ਰੱਖਦੇ ਦੁਆਰ ਜੀ। ਕਰਦੇ ਨੇ ਦਾਨ ਜਿਹੜੇ ਆਂਵਦੀ ਨਾ ਤੋਟ ਕਦੇ ਕਰਲੀਂ ਤੂੰ ਨੋਟ ਭਾਈ ਕੀਮਤੀ ਵਿਚਾਰ ਜੀ। ਭੋਲਾ ਪੰਛੀ ਸਾਦਗੀ ਚ, ਜਿੰਦਗੀ ਜਿਊਣ ਵਾਲਾ। ਰੱਖੇ ਮੋਢੇ ਉੱਤੇ ਸਾਫਾ ਬੰਨ੍ਹੇ ਦਸਤਾਰ ਜੀ। ਦੇਸ਼ ਕੌਮ ਲਈ ਜਦੋਂ ਗੱਲ ਹੋਵੇ ਅਣਖਾਂ ਦੀ, ਅੱਗੇ ਹੋਕੇ ਖੜ੍ਹ ਜਾਣ ਸਿੰਘ ਸਰਦਾਰ ਜੀ। ਕੁਦਰਤੀ ਆਫਤਾਂ ਦੀ ਪੈਂਦੀ ਜਦੋਂ ਭੀੜ ਕਦੇ ਲੰਗਰ ਲਗਾਕੇ ਕਰੇ ਪਰ ਉਪਕਾਰ ਜੀ। ਓਸਦੀ ਰਜ਼ਾ ਚ ਰਹਿਕੇ ਝੱਲਦਾ ਮੁਸੀਬਤਾਂ ਨੂੰ ਫਸਲਾਂ ਤੇ ਪੈਂਦੀ ਜਦੋਂ ਕੁਦਰਤੀ ਮਾਰ ਜੀ। ਭੋਲਾ ਪੰਛੀ ਸਾਦਗੀ ਚ, ਜਿੰਦਗੀ ਜਿਊਣ ਵਾਲਾ। ਰੱਖੇ ਮੋਢੇ ਉੱਤੇ ਸਾਫਾ ਬੰਨ੍ਹੇ ਦਸਤਾਰ ਜੀ। ਫਸਲਾਂ ਨੂੰ ਲੈਕੇ ਜਦੋਂ ਜਾਂਦਾ ਵਿੱਚ ਮੰਡੀਆਂ ਦੇ ਨੱਕ ਬੁੱਲ੍ਹ ਮਾਰ ਕੇ ਤੇ ਦਿੰਦੇ ਦੁਰਕਾਰ ਜੀ। ਦਿਨੋ ਦਿਨ ਵੱਧੀ ਜਾਵੇ ਰੇਟ ਸਪਰੇਆਂ ਵਾਲੇ ਬੰਦਿਆਂ ਤੋਂ ਵੱਧ ਹੋਵੇ ਫ਼ਸਲ ਬਿਮਾਰ ਜੀ। ਛੋਟਿਆਂ ਕਿਸਾਨਾ ਉੱਤੇ ਬੁਰੀ ਮਾਰ ਕਰਜੇ਼ ਦੀ ਹੋਗੇ ਔਜ਼ਾਰ ਮਹਿੰਗੇ ਵੇਖੋ ਹੱਦੋਂ ਬ੍ਹਾਰ ਜੀ। ਭੋਲਾ ਪੰਛੀ ਸਾਦਗੀ ਚ, ਜਿੰਦਗੀ ਜਿਊਣ ਵਾਲਾ। ਰੱਖੇ ਮੋਢੇ ਉੱਤੇ ਸਾਫਾ ਬੰਨ੍ਹੇ ਦਸਤਾਰ ਜੀ। ਕਿਰਸਾਨੀ ਨੌਜਵਾਨੀ, ਖਤਰੇ ਚ ਪੈਗੀ ਵੀਰੋ, ਦਿਨੋ ਦਿਨ ਹੋਈ ਜਾਵੇ, ਖੇਤੀ ਦਾ ਨਿਘਾਰ ਜੀ। ਹੱਲ ਕੋਈ ਲੱਭਦਾ ਨੀ ਬੇਰੁਜ਼ਗਾਰੀ ਵਾਲਾ ਭੁੱਖਮਾਰੀ ਵਾਲਾ ਝੋਰਾ ਜਾਂਦਾ ਹੱਡ ਖਾਰ ਜੀ। ਪੈਂਦਾ ਨਹੀਂ ਮੁੱਲ ਜਦੋਂ ਕੀਤੀਆਂ ਡਿਗਰੀਆਂ ਦਾ ਆਪਣਾ ਹੀ ਦੇਸ਼ ਛੱਡ ਜਾਂਦੇ ਬੱਚੇ ਬ੍ਹਾਰ ਜੀ। ਭੋਲਾ ਪੰਛੀ ਸਾਦਗੀ ਚ, ਜਿੰਦਗੀ ਜਿਊਣ ਵਾਲਾ। ਰੱਖੇ ਮੋਢੇ ਉੱਤੇ ਸਾਫਾ ਬੰਨ੍ਹੇ ਦਸਤਾਰ ਜੀ। ਕੰਮ ਦੀ ਪੜ੍ਹਾਈ ਜੇ ਨੀ ਸਾਡੇ ਵੀਰੋ ਦੇਸ਼ ਵਾਲੀ ਕਾਲਜ ਸਕੂਲ ਕਿਉਂ ਖੋਲ੍ਹੇ ਨੇ ਬਜ਼ਾਰ ਜੀ। ਪੈਸੇ ਦੇ ਵਪਾਰਿਆਂ ਨੇ ਠਾਹ ਲਾਈ ਵਿੱਦਿਆ ਨੂੰ ਮੋਟੀਆਂ ਫੀਸਾਂ ਨੂੰ ਲੈਕੇ ਕਰਤੇ ਲਚਾਰ ਜੀ ਵੱਖੋ ਵੱਖ ਵਿਸ਼ਿਆਂ ਤੇ ਲਿਖਣ ਲਈ ਸੰਧੂਆਂ ਨੇ ਭੰਮੇ ਗੁਰੂ ਜੀ ਤੋਂ ਲਿਆ ਬਲ ਬੇਸ਼ੁਮਾਰ ਜੀ। ਭੋਲਾ ਪੰਛੀ ਸਾਦਗੀ ਚ, ਜਿੰਦਗੀ ਜਿਊਣ ਵਾਲਾ। ਰੱਖੇ ਮੋਢੇ ਉੱਤੇ ਸਾਫਾ ਬੰਨ੍ਹੇ ਦਸਤਾਰ ਜੀ।

ਜਲ ਰੱਖੋ ਪੰਛੀਆਂ ਨੂੰ

ਛੁੱਟੀ ਵਾਲੇ ਦਿਨ ਅਸੀਂ ਬੋਤਲਾਂ ਨੂੰ ਕੱਟ ਕੱਟ ਪੰਛੀਆਂ ਦੇ ਲਈ ਭਾਂਡੇ ਪਾਣੀ ਦੇ ਰਖਾਏ ਨੇ। ਛਾਂ ਜ਼ਿਆਦਾ ਰਹੇ ਜਿੱਥੇ ਪਾਣੀ ਨਾ ਗਰਮ ਹੋਵੇ ਇੱਟਾਂ ਦਾ ਸਹਾਰਾ ਦੇਕੇ ਹਿੱਲਣੋਂ ਹਟਾਏ ਨੇ। ਨਾਲ ਦੀ ਬਗੀਚੀ ਵਿੱਚ ਫ਼ਲ ਦਾਰ ਬੂਟੇ ਕੋਲੇ ਕਈ ਟੰਗੇ ਰੁੱਖਾਂ ਉੱਤੇ ਕਈ ਨਾਲ ਟਿਕਾਏ ਨੇ। ਸੁਣਲੋ ਪੁਕਾਰ ਭਾਈ ਸੰਧੂਆਂ ਗੁਰਿੰਦਰ ਦੀ ਜਲ ਰੱਖੋ ਪੰਛੀਆਂ ਨੂੰ ਫਿਰਦੇ ਤਿਹਾਏ ਨੇ। ਕੋਲ ਰੱਖ ਦੇਵੋ ਦਾਣੇ ਖੁਸ਼ ਹੋਕੇ ਖਾਣ ਭਾਈ ਖੇਤਾਂ ਵਿੱਚ ਅੱਗ ਨੇ ਤਾਂ ਸਾਰੇ ਹੀ ਮਚਾਏ ਨੇ। ਪਾਣੀ ਵਿੱਚ ਗੋਤੇ ਲਾ ਕੇ ਛੋਟੀ ਛੋਟੀ ਚਿੜੀਆਂ ਨੇ ਮਿੱਠੀ ਧੁਨ ਵਿੱਚ ਫੇਰ ਗਾਉਂਣ ਚੰਗੇ ਗਾਏ ਨੇ। ਸੁੱਕੀ ਰੋਟੀ ਜਲ ਵਿੱਚ ਡੋਬ ਕੇ ਕਾਵਾਂ ਨੇ ਦੇਖੋ ਛੱਕ ਕੇ ਖੁਦਾ ਦੇ ਬੜੇ ਸ਼ੁਕਰ ਮਨਾਏ ਨੇ। ਸੁਣਲੋ ਪੁਕਾਰ ਭਾਈ ਸੰਧੂਆਂ ਗੁਰਿੰਦਰ ਦੀ ਜਲ ਰੱਖੋ ਪੰਛੀਆਂ ਨੂੰ ਫਿਰਦੇ ਤਿਹਾਏ ਨੇ। ਦੇਖ ਬਦਨੀਤੀ ਸਾਡੀ ਪੰਛੀ ਵੀ ਸਿਆਣੇ ਹੋਏ ਰੁੱਖੋਂ ਛੱਡ ਆਲ੍ਹਣੇ ਜਾ ਖੰਭਿਆਂ ਤੇ ਪਾਏ ਨੇ। ਪੱਕਿਆਂ ਮਕਾਨਾਂ ਕੀਤੇ ਪੰਛੀ ਅਲੋਪ ਪਿਆਰੇ ਚੌੜੀਆਂ ਜੋ ਸੜਕਾਂ ਨੇ ਰੁੱਖ ਵੀ ਮਕਾਏ ਨੇ। ਜੀਵਨ ਦੀ ਗੱਡੀ ਚੱਲੇ, ਸਾਰੇ ਜੀਵ ਜੰਤ ਨਾਲ ਭੋਗਣ ਦੇ ਲਈ ਜੂਨੀ ਮਾਤ ਲੋਕ ਆਏ ਨੇ। ਸੁਣਲੋ ਪੁਕਾਰ ਭਾਈ ਸੰਧੂਆਂ ਗੁਰਿੰਦਰ ਦੀ ਜਲ ਰੱਖੋ ਪੰਛੀਆਂ ਨੂੰ ਫਿਰਦੇ ਤਿਹਾਏ ਨੇ। ਤੋਤਾ ਘੁੱਗੀ ਚਿੱੜੀ ਮੋਰ ਕੋਇਲ ਤੇ ਕਾਗ ਮੈਨਾ ਪੱਕੇ ਨਾ ਟਿਕਾਣੇ ਇਹਨਾਂ ਕਿਤੇ ਵੀ ਬਣਾਏ ਨੇ। ਵੱਸਦੇ ਨੇ ਜਲ ਵਿੱਚ ਨੌਂ ਲੱਖ ਜੀਵ ਪਿਆਰੇ, ਦਸ ਲੱਖ ਪੌਣ ਵਿੱਚ ਉਡਣ ਨੂੰ ਆਏ ਨੇ। ਰੁੱਖਾਂ ਸੰਗ ਮੱਚੇ ਕਈ, ਕਈ ਮਾਰੇ ਕੁੱਖਾਂ ਵਿੱਚ ਇਹਨਾਂ ਵਾਲੇ ਦੁੱਖੜੇ ਨਾ ਕਿਸੇ ਨੇ ਵੰਡਾਏ ਨੇ। ਸੁਣਲੋ ਪੁਕਾਰ ਭਾਈ ਸੰਧੂਆਂ ਗੁਰਿੰਦਰ ਦੀ ਜਲ ਰੱਖੋ ਪੰਛੀਆਂ ਨੂੰ ਫਿਰਦੇ ਤਿਹਾਏ ਨੇ। ਰੁੱਖਾਂ ਨੂੰ ਲਗਾਓ ਭਾਈ ਹਵਾ ਪਾਣੀ ਸ਼ੁਧ ਹੋਊ ਆਊ ਸਾਸ ਸੌਖਾ ਜਿਹੜੇ, ਰੋਗਾਂ ਨੇ ਸਤਾਏ ਨੇ ਧੰਨਵਾਦ ਉਨ੍ਹਾਂ ਤਾਈਂ ਰੁੱਖਾਂ ਨੂੰ ਲਗਾਉਂਦੇ ਜਿਹੜੇ ਫੁੱਲਾਂ ਦੀ ਸੁਗੰਧੀਆਂ ਤੇ ਭੌਰੇ ਉੱਡ ਆਏ ਨੇ। ਫ਼ਲਾਂ ਉੱਤੇ ਮਾਰ ਚੁੰਜਾਂ ਇਹਨਾਂ ਸੋਹਣੇ ਪੰਛੀਆਂ ਨੇ ਖੁਸ਼ੀ ਖੁਸ਼ੀ ਪੱਕੇ ਫ਼ਲ ਮੌਜਾਂ ਵਿੱਚ ਖਾਏ ਨੇ। ਸੁਣਲੋ ਪੁਕਾਰ ਭਾਈ ਸੰਧੂਆਂ ਗੁਰਿੰਦਰ ਦੀ ਜਲ ਰੱਖੋ ਪੰਛੀਆਂ ਨੂੰ ਫਿਰਦੇ ਤਿਹਾਏ ਨੇ। ਬੜੀ ਖੁਸ਼ੀ ਹੁੰਦੀ ਉਦੋਂ ਤੱਕ ਕੇ ਨਜ਼ਾਰਾ ਵੀਰੋ ਰੁੱਖਾਂ ਵਿੱਚ ਪਾਣੀ ਜਿਹਨਾਂ ਸਮੇਂ ਨਾਲ ਪਾਏ ਨੇ। ਪੁਰਾਣਿਆਂ ਦਰਖਤਾਂ ਦੀ ਹੋਵੇ ਠੰਡੀ ਠਾਰ ਹਵਾ ਹੋਂਵਦੀ ਜੰਨਤ ਜਿਹਨਾਂ ਹੁਣ ਵੀ ਬਚਾਏ ਨੇ। ਆਪਣੇ ਤੋਂ ਛੋਟਿਆਂ ਨੂੰ ਦੇਖ ਕੇ ਸਮਝ ਬੰਦੇ ਵੱਡੀਆਂ ਸਹੂਲਤਾਂ ਨੇ ਦਾਤਾ ਜੀ ਭੁਲਾਏ ਨੇ। ਸੁਣਲੋ ਪੁਕਾਰ ਭਾਈ ਸੰਧੂਆਂ ਗੁਰਿੰਦਰ ਦੀ ਜਲ ਰੱਖੋ ਪੰਛੀਆਂ ਨੂੰ ਫਿਰਦੇ ਤਿਹਾਏ ਨੇ।

ਸੰਧਾਰਾ

ਮੁੱਢ ਤੋਂ ਵਿਧਾਨ ਹੈ ਜੋ ਔਰਤਾਂ ਲਈ ਬਣਿਆ ਛੱਡਕੇ ਹੀ ਜਾਣਾ ਪੈਂਦਾ ਬਾਪੂ ਦਾ ਦੁਆਰ ਜੀ। ਤਨ ਵਾਲੇ ਟੁਕੜੇ ਨੂੰ ਭੇਜਦੇ ਵਿਆਹ ਕੇ ਜਦੋਂ ਕੰਬਦਾ ਸਰੀਰ ਉਦੋਂ ਟੁੱਟੇ ਜੈਸੇ ਤਾਰ ਜੀ। ਧੱਕ ਧੱਕ ਸੀਨਾ ਕਰੇ ਛੱਡਕੇ ਦੁਆਰ ਤੁਰੇ ਭੁੱਬਾਂ ਮਾਰ ਰੋਵੇ ਉਦੋਂ ਅੱਲ੍ਹੜ ਮੁਟਿਆਰ ਜੀ। ਫੁੱਲਾਂ ਵਾਲੇ ਝੋਲੇ ਵਿੱਚ, ਜਦੋਂ ਹੈ ਸੰਧਾਰਾ ਆਉਂਦਾ, ਭਰਿਆ ਹੁੰਦਾ ਹੈ ਵਿੱਚ, ਬਾਪੂ ਦਾ ਪਿਆਰ ਜੀ। ਬੇਬੇ ਜੀ ਫੜਾਵੇ ਝੋਲਾ ਜਾਕੇ ਜਦੋਂ ਲਾਡਲੀ ਨੂੰ, ਤਨ ਮਨ ਖਿੱੜ ਜਾਂਦਾ ਕਰਕੇ ਦੀਦਾਰ ਜੀ। ਚਾਹ ਪਾਣੀ ਦੇਕੇ ਫੇਰ ਕੋਲ ਆਣ ਬੈਠਦੀ ਧੀ ਸਾਰਿਆਂ ਜੀਆਂ ਦੀ ਲੈਂਦੀ ਬੇਬੇ ਕੋਲੋਂ ਸਾਰ ਜੀ। ਜੁਗ ਜੁਗ ਜੀਉਣ ਧੀਆਂ ਜੱਗ ਉੱਤੇ ਸਦਾ ਵੀਰੋ, ਪਵੇ ਨਾ ਭਰਾਵੋ ਕੋਈ ਇਹਨਾਂ ਉੱਤੇ ਮਾਰ ਜੀ। ਫੁੱਲਾਂ ਵਾਲੇ ਝੋਲੇ ਵਿੱਚ, ਜਦੋਂ ਹੈ ਸੰਧਾਰਾ ਆਉਂਦਾ, ਭਰਿਆ ਹੁੰਦਾ ਹੈ ਵਿੱਚ, ਬਾਪੂ ਦਾ ਪਿਆਰ ਜੀ। ਸਾਉਣ ਦੇ ਮਹੀਨੇ ਜਦੋਂ ਪੀਪਾ ਲੈਕੇ ਬੇਬੇ ਜਾਂਦੀ ਕਰਦੇ ਨੇ ਪੂਰੀ ਸੇਵਾ ਨਾਲੇ ਸਤਿਕਾਰ ਜੀ। ਸਮੇਂ ਵਿੱਚੋਂ ਸਮਾ ਕੱਢ ਜਾਂਵਦੇ ਮਿਲਣ ਲੋਕੀ ਖੁਸ਼ੀ ਗਮੀ ਹੋਵੇ ਭਾਵੇਂ ਕੋਈ ਤਿਉਹਾਰ ਜੀ। ਆਪਣੇ ਲਈ ਤਾਂ ਕੁੱਝ ਮੰਗਦੀਆਂ ਨਹੀਂ ਧੀਆਂ ਵੱਖਰੀ ਤਾਸੀਰ ਵੇਖੋ ਬਖਸ਼ੀ ਦਤਾਰ ਜੀ। ਫੁੱਲਾਂ ਵਾਲੇ ਝੋਲੇ ਵਿੱਚ, ਜਦੋਂ ਹੈ ਸੰਧਾਰਾ ਆਉਂਦਾ, ਭਰਿਆਂ ਹੁੰਦਾ ਹੈ ਵਿੱਚ, ਬਾਪੂ ਦਾ ਪਿਆਰ ਜੀ। ਖੁਸ਼ੀ ਖੁਸ਼ੀ ਰਹਿਣ ਸਦਾ ਵੱਸਦੀਆਂ ਧੀਆਂ ਵੀਰੋ, ਹੱਥ ਜੋੜ ਅਰਦਾਸ ਮੇਰੀ ਕਰਤਾਰ ਜੀ। ਇੱਕੋ ਘਰ ਰਹਿਕੇ ਕੱਠੇ ਖੇਡੀਆਂ ਭਰਾਵਾਂ ਸੰਗ ਲੱਭਣੀ ਨਾ ਕਿੱਤੋ ਐਸੀ ਮਸਤ ਬਹਾਰ ਜੀ। ਧੀਆਂ 'ਤੇ ਪੁੱਤਰ ਭਾਈ ਕਿਰਪਾ ਦਾਤਾਰ ਵਾਲੀ ਓਹਦਿਆਂ ਰੰਗਾਂ ਤੋਂ ਜਾਈਏ ਸਦਾ ਬਲਿਹਾਰ ਜੀ। ਫੁੱਲਾਂ ਵਾਲੇ ਝੋਲੇ ਵਿੱਚ, ਜਦੋਂ ਹੈ ਸੰਧਾਰਾ ਆਉਂਦਾ, ਭਰਿਆ ਹੁੰਦਾ ਹੈ ਵਿੱਚ, ਬਾਪੂ ਦਾ ਪਿਆਰ ਜੀ। ਨਾਰੀ ਬਾਝੋਂ ਚੱਲਦੀ ਨੀ ਗੱਡੀ ਸੰਸਾਰ ਵਾਲੀ ਇਸ ਤੋਂ ਹੀ ਪੈਦਾ ਹੋਏ ਜੋਧੇ ਬਲਕਾਰ ਜੀ। ਮਾਂ ਭੈਣ ਪਤਨੀ ਧੀ ਰਾਣੀ ਭਿੰਨ ਭਿੰਨ ਰੂਪ ਨਾਰੀ ਜਿਹੋ ਜਿਹਾ ਨਾਮ ਮਿਲ਼ੇ ਕਰੇ ਕੰਮ ਕਾਰ ਜੀ। ਗੁਣਾਂ ਦੀ ਪਿਟਾਰੀ ਨਾਲੇ ਸੁਘੜ ਸਿਆਣੀ ਹੋਵੇ ਮੰਨਦੇ ਸੁਲੱਖਣੀ ਨੇ ਨਾਰਾਂ ਵਿੱਚੋਂ ਨਾਰ ਜੀ। ਫੁੱਲਾਂ ਵਾਲੇ ਝੋਲੇ ਵਿੱਚ, ਜਦੋਂ ਹੈ ਸੰਧਾਰਾ ਆਉਂਦਾ, ਭਰਿਆ ਹੁੰਦਾ ਹੈ ਵਿੱਚ, ਬਾਪੂ ਦਾ ਪਿਆਰ ਜੀ। ਉੱਤਮ ਪਰਾਣੀ ਜਾਣੋ ਧੀਆਂ ਨੂੰ ਪੜ੍ਹਾਵੇ ਜਿਹੜਾ ਸਮੇਂ ਨਾਲ ਵਿੱਦਿਆ ਦੇ ਅੱਖਰ ਜੋ ਚਾਰ ਜੀ। ਸ਼ਰਧਾ ਦੇ ਨਾਲ ਜਿਹੜੇ, ਕਰਦੇ ਨੇ ਦਾਨ ਲੋਕੀਂ, ਆਂਵਦੀ ਨਾ ਤੋਟ ਕਦੇ, ਉਹਨੂੰ ਸੰਸਾਰ ਜੀ। ਚੰਮ ਨੂੰ ਨਾ ਪੁੱਛੇ ਕੋਈ ਕੰਮ ਦੀ ਕਦਰ ਪੈਂਦੀ ਸੰਧੂਆਂ ਤੂੰ ਘੁੰਮੀ ਭਾਵੇਂ ਮੁਲਕ ਹਜ਼ਾਰ ਜੀ। ਫੁੱਲਾਂ ਵਾਲੇ ਝੋਲੇ ਵਿੱਚ, ਜਦੋਂ ਹੈ ਸੰਧਾਰਾ ਆਉਂਦਾ, ਭਰਿਆ ਹੁੰਦਾ ਹੈ ਵਿੱਚ, ਬਾਪੂ ਦਾ ਪਿਆਰ ਜੀ।

ਏਕੇ ਵਿੱਚ ਬਲ

ਬਜ਼ੁਰਗ ਕਿਸਾਨ ਇੱਕ ਪਿੰਡ ਵਿੱਚ ਰਹਿੰਦਾ ਸੀ ਪੁੱਤਰ ਵੀ ਜਿਸ ਕੋਲੇ ਸੁੱਖ ਨਾਲ ਚਾਰ ਜੀ। ਆਪਸੀ ਪਿਆਰ ਨਹੀਂ ਦਿਲਾਂ 'ਚ ਭਰਮਾ ਦੇ ਸੀ ਲੜਦੇ ਹੀ ਰਹਿੰਦੇ ਜਿਹੜੇ ਆਪੇ ਵਾਰ ਵਾਰ ਜੀ। ਬੜਾ ਸਮਝਾਇਆ ਉਨਾਂ ਤਾਈਂ ਬੁੱਢੇ ਬਾਪੂ ਜੀ ਨੇ ਚੰਗੀ ਗੱਲ ਤਾਈਂ ਨਹੀਂ ਕਰਨ ਵਿਚਾਰ ਜੀ। ਦੇਖ ਕੇ ਕਲੇਸ ਨਿੱਤ ਨਿੱਤ ਦਾ ਬਿਰਧ ਬਾਪੂ ਹੋ ਗਿਆ ਇੱਕ ਦਿਨ ਬੜਾ ਹੀ ਬਿਮਾਰ ਜੀ। ਬਿਰਧ ਅਵਸਥਾ ਨੂੰ ਵੇਖਕੇ ਕਿਸਾਨ ਬਾਪੂ ਪੁੱਤਰ ਬਲਾਏ ਸਾਰੇ ਆਪਣੇ ਹੀ ਪਾਸ ਜੀ। ਬੰਡਲ ਮੰਗਾਕੇ ਇੱਕ ਲਕੜਾਂ ਦਾ ਉਹਨਾਂ ਕੋਲੋਂ ਤੋੜੋ ਭਾਈ ਇਹਨਾਂ ਤਾਈਂ ਆਖੀ ਗੱਲ ਖਾਸ ਜੀ। ਕਰਕੇ ਟਰਾਈ ਜਦੋਂ ਸਾਰਿਆਂ ਨੇ ਵੇਖ ਲਈ ਲਕੜ ਨਾ ਟੁੱਟੀ ਕੋਈ ਬੈਠੇ ਨੇ ਨਿਰਾਸ਼ ਜੀ। ਲਕੜ ਫੜਾਈ ਇੱਕ ਇੱਕ ਹੱਥ ਵਿਚ ਜਦੋਂ ਕਰਕੇ ਤੜੱਕ ਟੁੱਟੀ ਜਿਵੇਂ ਨੌਹੋਂ ਮਾਸ ਜੀ। ਜੁਗਤੀ ਦੇ ਨਾਲ ਗੱਲ ਸਮਝਾਕੇ ਪੁੱਤਰਾਂ ਨੂੰ ਲਾਹਿਆ ਅੱਜ ਚਿਰਾਂ ਵਾਲਾ ਸਿਰ ਉਤੋਂ ਭਾਰ ਜੀ। ਹੋਕੇ ਨਾ ਅਲੱਗ ਰਹਿਣਾ ਤੁਸਾਂ ਕਦੇ ਜਿੰਦਗੀ 'ਚ ਉੱਤਮ ਸਰੀਰ ਨਾਲੇ ਚੱਲੇ ਕੰਮ ਕਾਰ ਜੀ। ਆਪਸੀ ਪਿਆਰ ਤੁਸਾਂ ਰੱਖਣਾ ਬਣਾਕੇ ਭਾਈ ਫਿਰ ਨਹੀਂ ਪੈਂਦੀ ਕੋਈ ਜਿੰਦਗੀ 'ਚ ਮਾਰ ਜੀ। ਏਕੇ ਵਿੱਚ ਬਲ ਹੁੰਦਾ ਸਿੱਖਿਆ ਕਹਾਣੀ ਦੇਵੇ ਗੁਰਿੰਦਰਾ ਤੂੰ ਬੈਠਕੇ ਕਰਲੀ ਵਿਚਾਰ ਜੀ।

ਸਾਦਗੀ

ਪਿੰਡਾਂ ਅਤੇ ਸ਼ਹਿਰਾਂ ਵਿੱਚ ਮਤਾ ਪਾਲਿਐ। ਸਾਦੇ ਭੋਗ ਪਾਉਣੇ ਵੀਰੋ ਅਪਣਾਲਿਐ। ਲੱਗ ਕਿਸੇ ਪਿੱਛੇ ਪੈਸੇ ਨਾ ਖਿਲਾਰ ਤੂੰ। ਚਾਦਰ ਨੂੰ ਵੇਖ, ਪੈਰਾਂ ਨੂੰ ਪਸਾਰ ਤੂੰ । ਸਾਦਗੀ ਚ ਰਹਿਕੇ, ਸਾਦਾ ਕੰਮ ਕਰੀਏ। ਫੋਕੀਆਂ ਗੱਲਾਂ ਦੇ, ਕੋਲੋਂ ਸਦਾ ਡਰੀਏ। ਵੱਡਿਆਂ 'ਕੱਠਾ ਤੋਂ ਛੋਟੇ ਨਾਲ ਸਾਰ ਤੂੰ। ਚਾਦਰ ਨੂੰ ਵੇਖ, ਪੈਰਾਂ ਨੂੰ ਪਸਾਰ ਤੂੰ । ਮੇਲ ਜੀਉਂਦਿਆ ਦਾ, ਕਰਲੈ ਮਿਲਾਪ ਤੂੰ। ਮਿਲਣ ਨੀ ਆਉਂਦੇ ਜਾਕੇ ਮਿਲ ਆਪ ਤੂੰ। ਹੱਸ ਖੇਡਦਿਆਂ, ਘੜੀਆਂ ਗੁਜਾਰ ਤੂੰ। ਚਾਦਰ ਨੂੰ ਵੇਖ, ਪੈਰਾਂ ਨੂੰ ਪਸਾਰ ਤੂੰ । ਉਮਰ ਗੁਜਾਰੀ, ਅੱਧੀ ਵਿੱਚ ਸੌਦਿਆਂ। ਕੁੱਝ ਖਾਣ ਪੀਣ, ਕੁੱਝ ਵਿੱਚ ਰੋਂਦਿਆਂ। ਸ਼ੁੱਭ ਅਮਲ ਦੇ, ਬਾਝ ਝਲੀ ਮਾਰ ਤੂੰ। ਚਾਦਰ ਨੂੰ ਵੇਖ, ਪੈਰਾਂ ਨੂੰ ਪਸਾਰ ਤੂੰ । ਹੁੰਦੇ ਜਦੋਂ ਪੂਰੇ ਬਖਸ਼ੇ ਸਵਾਸ ਜੀ। ਉੱਡ ਜਾਵੇ ਭੌਰ ਕਰਦਾ ਜੋ ਵਾਸ ਜੀ। ਮਸਲਾ ਗੰਭੀਰ, ਕਰਲੈ ਵਿਚਾਰ ਤੂੰ। ਚਾਦਰ ਨੂੰ ਵੇਖ, ਪੈਰਾਂ ਨੂੰ ਪਸਾਰ ਤੂੰ । ਕਰਜ਼ੇ ਨੂੰ ਲੈਕੇ ਪਾਈਂ ਨਾ ਮਕਾਨ ਜੀ। ਜਿੱਤਿਆ ਨਾ ਜਾਵੇਂ, ਸੰਧੂਆਂ ਜਹਾਨ ਜੀ। ਓਸਦੀ ਰਜਾ ਚ, ਵ਼ਕਤ ਗੁਜਾਰ ਤੂੰ। ਚਾਦਰ ਨੂੰ ਵੇਖ ਪੈਰਾਂ ਨੂੰ ਪਸਾਰ ਤੂੰ ।

ਗੁਰੂ ਦੇਵੇ ਚੀਜ਼ ਬੜੀ ਅਨਮੋਲ ਜੀ

ਦਾਸਰੇ ਦੀ ਕਰੋ ਫਤਿਹ ਪ੍ਰਵਾਨ ਜੀ। ਗੁਰੂ ਨੂੰ ਧਿਆਕੇ ਕਰਦਾ ਬਿਆਨ ਜੀ। ਵੰਡਦੇ ਭੰਡਾਰੇ ਰੱਖਦੇ ਨਾ ਕੋਲ ਜੀ। ਗੁਰੂ ਦੇਵੇ ਚੀਜ਼ ਬੜੀ ਅਨਮੋਲ ਜੀ। ਭਗਤੀ ਮਾਰਗ ਸਿੱਖਣ ਸਿਖਾਉਣ ਦਾ। ਆਂਵਦਾ ਨੀ ਬਲ ਗੁਰੂ ਬਿਨਾਂ ਗਾਉਣ ਦਾ। ਗੱਲ ਸਮਝਾਉਣ ਮਿੱਠੇ ਬੋਲ ਬੋਲ ਜੀ ਗੁਰੂ ਦੇਵੇ ਚੀਜ਼ ਬੜੀ ਅਨਮੋਲ ਜੀ। ਕੱਢ ਦੇਵੇ ਗੁਰੂ ਵਿੱਚੋਂ ਅੰਧਕਾਰ ਜੀ। ਜੁਗਤ ਦੇ ਨਾਲ ਚੇਲੇ ਨੂੰ ਨਿਹਾਰ ਜੀ। ਬਚਨ ਸੁਣਾਉਂਦੇ ਜਿਹੜੇ ਨਿਰਮੋਲ ਜੀ। ਗੁਰੂ ਦੇਵੇ ਚੀਜ਼ ਬੜੀ ਅਨਮੋਲ ਜੀ। ਘਰੋਂ ਘਰੀ ਬੈਠ ਸਿੱਖਦੇ ਨੇ ਛੰਦ ਜੀ। ਗੁਰੂ ਜੀ ਸਿਖਾਉਂਦੇ ਆਂਵਦਾ ਆਨੰਦ ਜੀ। ਸੰਥਿਆ ਛੰਦਾਂ ਦੀ ਦੇਂਵਦੇ ਨਿਰੋਲ ਜੀ। ਗੁਰੂ ਦੇਵੇ ਚੀਜ਼ ਬੜੀ ਅਨਮੋਲ ਜੀ। ਭੰਮੇ ਉਸਤਾਦ ਵੰਡਦੇ ਗਿਆਨ ਜੀ। ਸੰਧੂਆਂ ਦਾ ਵੀਰੋ ਰੱਖਦੇ ਧਿਆਨ ਜੀ। ਦੱਸਦੇ ਬਰੀਕੀ ਪੂਰੀ ਖੋਲ੍ਹ ਖੋਲ੍ਹ ਜੀ। ਗੁਰੂ ਦੇਵੇ ਚੀਜ਼ ਬੜੀ ਅਨਮੋਲ ਜੀ।

ਸਮੂਹ ਸ਼ਹੀਦਾਂ ਸਿੰਘਾਂ ਨੂੰ ਕੋਟਿਨ ਕੋਟਿ ਪ੍ਰਣਾਮ ਜੀ

ਪੋਹ ਦਾ ਮਹੀਨਾ ਉਤੋ ਠੰਡ ਜੋ਼ਰ ਦੀ। ਕੱਚੀ ਗੜ੍ਹੀ ਪੁੱਜੇ ਗੁਰੂ ਚਮਕੌਰ ਦੀ। ਛੱਡ ਕੇ ਕਲਮ ਚੁੱਕੀ ਤਲਵਾਰ ਜੀ। ਜਾਲਮਾ ਦੀ ਢਾਣੀ ਗਈ ਬਾਜੀ ਹਾਰ ਜੀ। ਇੱਕ ਸਿੰਘ ਲੜੇ ਸਵਾ ਲੱਖ ਨਾਲ ਜੀ। ਚੱਲੀ ਸ਼ਮਸ਼ੀਰ ਮਿੱਟੀ ਹੋਈ ਲਾਲ ਜੀ। ਭੁੱਖੇ ਸ਼ੇਰਾਂ ਨਾਲ ਸੱਚੀ ਸਰਕਾਰ ਜੀ। ਜਾਲਮਾਂ ਦੀ ਢਾਣੀ ਗਈ ਬਾਜੀ ਹਾਰ ਜੀ। ਪੰਜ ਪੰਜ ਸਿੰਘ ਯੁੱਧ ਜਾਕੇ ਲੜਦੇ ਜਾਲਮ ਪਾਪੀ ਨਾ ਹੁਣ ਮੁਹਰੇ ਖੜਦੇ। ਗੁਰੂ ਦੇ ਪਿਆਰੇ ਗਏ ਜਾਨਾਂ ਵਾਰ ਜੀ। ਜਾਲਮਾਂ ਦੀ ਢਾਣੀ ਗਈ ਬਾਜੀ ਹਾਰ ਜੀ। ਯੋਧਾ ਸੀ ਅਜੀਤ ਧਨੀ ਤਲਵਾਰ ਦਾ। ਜਾਲਮਾਂ ਦੇ ਧੜ ਕੱਟ ਕੱਟ ਮਾਰ ਦਾ। ਸਿਰ ਧੱੜ ਬਾਜੀ ਲਾਗਿਆ ਜੁਝਾਰ ਜੀ। ਜਾਲਮਾਂ ਦੀ ਢਾਣੀ ਗਈ ਬਾਜੀ ਹਾਰ ਜੀ। ਗੁਰੂ ਦਸ਼ਮੇਸ਼ ਹੋ ਗਏ ਤਿਆਰ ਸੀ। ਪੰਥ ਖਾਲਸੇ ਨੇ ਕੀਤਾ ਇਨਕਾਰ ਸੀ। ਮੰਨਕੇ ਹੁਕਮ ਲਿਆ ਭੱਥਾ 'ਤਾਰ ਜੀ। ਜਾਲਮਾਂ ਦੀ ਢਾਣੀ ਗਈ ਬਾਜੀ ਹਾਰ ਜੀ। ਛੱਡ ਦਿੱਤੀ ਗੜ੍ਹੀ, ਗੁਰਾਂ ਲਲਕਾਰ ਕੇ। ਛੁਪਕੇ ਨਾ ਗਏ, ਤੁਰੇ ਤਾੜੀ ਮਾਰ ਕੇ। ਛੱਡਿਆ ਮੈਦਾਨ, ਸੰਧੂਆਂ ਦਾਤਾਰ ਜੀ। ਜਾਲਮਾਂ ਦੀ ਢਾਣੀ ਗਈ ਬਾਜੀ ਹਾਰ ਜੀ।

ਬਾਰਾਮਾਹ

ਵੱਖੋ ਵੱਖ ਰੁੱਤਾਂ ਵੱਖੋ ਵੱਖ ਰੰਗ ਜੀ। ਜਿੰਦਗੀ ਜਿਉਣ ਵਾਲੇ ਸਿੱਖੋ ਢੰਗ ਜੀ। ਆਖਦੇ ਸਿਆਣੇ ਚਿੱਤ ਨੂੰ ਟਕਾਉਣ ਦਾ। ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ। ਚੇਤ ਦੇ ਮਹੀਨੇ ਦੇਸੀ ਚੜ੍ਹੇ ਸਾਲ ਜੀ। ਮੌਸਮ ਵੀ ਹੋਵੇ ਵੀਰਨੋ ਕਮਾਲ ਜੀ। ਸੰਧੂਆਂ ਸੌ਼ਕੀਨ ਕਵਿਤਾ ਬਣਾਉਣ ਦਾ। ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ। ਵਿਸਾਖ ਵਿਸਾਖੀ ਹੋਂਵਦਾ ਤਿਉਹਾਰ ਜੀ। ਕਣਕ ਫਸਲ ਭਰਦੀ ਭੰਡਾਰ ਜੀ। ਖਾਲਸਾ ਦਿਵਸ ਸੰਗਤੇ ਮਨਾਉਣ ਦਾ। ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ। ਜੇਠ ਦੇ ਮਹੀਨੇ ਤਪਸ਼ ਤਪਾਂਵਦੀ। ਹਾੜ੍ਹ ਵਾਲੀ ਵਾੜ ਪੂਰਾ ਕਹਿਰ ਠਾਂਵਦੀ। ਪੰਚਮ ਗੁਰਾਂ ਦੀ ਸ਼ਹੀਦੀ ਮਨਾਉਣ ਦਾ। ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ। ਸਾਉਣ ਦਾ ਮਹੀਨਾ ਖੀਰ ਪੂੜੇ ਖਾਣ ਦਾ। ਕੁੜੀਆਂ ਨੂੰ ਚਾਅ ਹੋਵੇ ਪੱਕੇ ਜਾਣ ਦਾ। ਗਰਮੀ ਤੋਂ ਰਾਹਤ ਮੇਘ ਵਰਸਾਉਣ ਦਾ। ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ। ਭਾਦੋਂ ਵਿੱਚ ਮੇਲਾ ਲੱਗਦਾ ਛਪਾਰ ਦਾ। ਗਰਮੀ ਦਾ ਕਹਿਰ ਉੱਤੋਂ ਮੱਤ ਮਾਰ ਦਾ। ਕ੍ਰਿਸ਼ਨ ਮੁਰਾਰ ਪੁਰਬ ਮਨਾਉਣ ਦਾ। ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ। ਅੱਸੂ ਦੇ ਨੌਰਾਤੇ ਬੜੇ ਮਸ਼ਹੂਰ ਜੀ। ਵਿਆਹਾਂ ਵਿੱਚ ਲੱਡੂ ਪੱਕਦੇ ਜਰੂਰ ਜੀ। ਬਦੀ ਉੱਤੇ ਨੇਕੀ ਤਾਂਈਂ ਜਿੱਤ ਪਾਉਣ ਦਾ। ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ। ਅਯੁੱਧਿਆਂ ਚ ਪੁੱਜੇ ਜਦੋਂ ਸ੍ਰੀ ਰਾਮ ਜੀ। ਖੁਸ਼ ਹੋਇਆ ਨਰ ਨਾਰੀ ਸੀ ਤਮਾਮ ਜੀ। ਬੰਦੀ ਛੋੜ ਮੌਕੇ ਦੀਪਕ ਜਗਾਉਣ ਦਾ। ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ। ਪੋਹ ਦਾ ਮਹੀਨਾ ਉੱਤੋ ਠੰਡ ਜੋ਼ਰ ਦੀ। ਚੇਤੇ ਆਵੇ ਸਾਨੂੰ ਗੜ੍ਹੀ ਚਮਕੌਰ ਦੀ। ਵਿੱਚ ਸਰਹਿੰਦ ਹਾਜ਼ਰੀ ਲਗਾਉਣ ਦਾ। ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ। ਚਾਲੀ ਸਿੰਘਾਂ ਮੁੱਖ ਗੁਰੂ ਵੱਲੋ ਮੋੜਿਆ । ਪਾੜਕੇ ਬੇਦਾਵਾ ਗੁਰਾਂ ਗੰਢ ਜੋੜਿਆ। ਆਪਣੇ ਪਿਆਰਾਂ ਨੂੰ ਗੱਲ ਲਾਉਣ ਦਾ। ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ। ਫੱਗਣ ਮਹੀਨੇ ਹੋਲੀ ਹੋਲਾ ਆਂਵਦਾ। ਆਨੰਦਾਂ ਦੀ ਪੁਰੀ ਖਾਲਸਾ ਮਨਾਂਵਦਾ। ਬਾਰਾ ਮਾਹ ਚੇਤੇ ਦੇਸੀ ਕਰਵਾਉਣ ਦਾ। ਮਾਘ ਦਾ ਮਹੀਨਾ ਰੱਬੀ ਗੁਣ ਗਾਉਣ ਦਾ।

ਵਿਦੇਸ਼ ਜਾਣ ਦਾ ਰੁਝਾਨ

ਹੋਗਿਆ ਦਿਮਾਗ ਵਾਸ਼ ਨਵੇਂ ਬਾਲ ਦਾ। ਜਾਣਾ ਮੈਂ ਵਿਦੇਸ਼ ਪੱਟਿਆ ਜੋ ਕਾਲ ਦਾ। ਮਿਲੇਗਾ ਆਨੰਦ ਸੁਣ ਹਿੱਕ ਤਾਣ ਦਾ। ਵੱਧਿਆ ਰੁਝਾਨ ਹੈ ਵਿਦੇਸ਼ ਜਾਣ ਦਾ। ਤੋੜਦਾ ਨਾ ਡੱਕਾ ਇੱਥੇ ਕੰਮ ਕਾਰ ਦਾ। ਬਾਪੂ ਦੀਆਂ ਗਲਾਂ ਬੈਠ ਨਾ ਵਿਚਾਰ ਦਾ। ਫਰਜੀ ਵਿਆਹ ਧੰਧਾ ਪੈਸੇ ਖਾਣ ਦਾ। ਵੱਧਿਆ ਰੁਝਾਨ ਹੈ ਵਿਦੇਸ਼ ਜਾਣ ਦਾ। ਫਿਲਮਾਂ ਦੇ ਵਾਂਗੂੰ ਕਰਦੇ ਯਕੀਨ ਜੀ। ਉੱਡ ਜਾਂਦੇ ਹੋਸ਼ ਤੱਕਦੇ ਜੋ ਸੀਨ ਜੀ। ਕਰਜੇ ਦਾ ਬੋਝ ਫਿਕਰ ਹੈ ਲਾਹਣ ਦਾ। ਵੱਧਿਆ ਰੁਝਾਨ ਹੈ ਵਿਦੇਸ਼ ਜਾਣ ਦਾ। ਐਲਟਸ ਖੋਲ੍ਹੀ ਹਰ ਥਾਂ ਦੁਕਾਨ ਜੀ। ਜਿਸ ਨੇ ਵਿਕਾਤੇ ਰਹਿਣ ਦੇ ਮਕਾਨ ਜੀ। ਹੋ ਗਿਆ ਅਸਾਸ ਬੇਬੇ ਨੂੰ ਸਤਾਣ ਦਾ। ਵੱਧਿਆ ਰੁਝਾਨ ਹੈ ਵਿਦੇਸ਼ ਜਾਣ ਦਾ। ਕੋਈ ਤੋੜੇ ਬੇਰ ਕੋਈ ਪੀਜਾ ਵੇਚਦਾ। ਦਿਨ ਰਾਤ ਕੰਮ ਢਿੱਲਾ ਪੱਗ ਪੇਚਦਾ। ਚੰਗੀ ਪੈਲੀ ਛੱਡ ਉੱਥੇ ਖਾਖ ਛਾਣ ਦਾ। ਵੱਧਿਆ ਰੁਝਾਨ ਹੈ ਵਿਦੇਸ਼ ਜਾਣ ਦਾ। ਲੱਗਿਆ ਹੈ ਪਤਾ ਜਦੋਂ ਗੋਰੇ ਭੇਸ ਦਾ। ਚੇਤਾ ਫੇਰ ਆਇਆ ਬੇਬੇ ਵਾਲੇ ਖੇਸ ਦਾ। ਖਾਲਾ ਪੁੱਤਾ ਰੋਟੀ ਸਮਾਂ ਨੀ ਉਠਾਣ ਦਾ। ਵੱਧਿਆ ਰੁਝਾਨ ਹੈ ਵਿਦੇਸ਼ ਜਾਣ ਦਾ। ਜਾਂਦਿਆ ਨੂੰ ਲੱਗੇ ਧਰਤੀ ਰੰਗੀਨ ਜੀ। ਖੁਸ਼ੀ ਗਮੀ ਛੱਡ ਬਣਗੇ ਮਸ਼ੀਨ ਜੀ। ਬੇਬੇ ਬਾਪੂ ਖੁੱਸੇ ਫੈਦਾ ਕੀ ਹੈ ਆਣ ਦਾ। ਵੱਧਿਆ ਰੁਝਾਨ ਹੈ ਵਿਦੇਸ਼ ਜਾਣ ਦਾ। ਭੰਡ ਦਾ ਸੀ ਪੂਰਾ ਆਪਣੇ ਜੋ ਦੇਸ਼ ਨੂੰ। ਭੁੱਲੇ ਜਦੋਂ ਹਾਸੇ ਪਿੱਟ ਦਾ ਵਿਦੇਸ਼ ਨੂੰ। ਸੰਧੂਆਂ ਹੈ ਰੋਵੇ ਆਖਾ ਮੌਜਾਂ ਮਾਣ ਦਾ। ਵੱਧਿਆ ਰੁਝਾਨ ਹੈ ਵਿਦੇਸ਼ ਜਾਣ ਦਾ।

ਵਿੱਦਿਆ ਦਵਾ ਦੇ

ਮੰਨ ਲੈਣੀ ਮੇਰੀ ਇੱਕ ਗੱਲ ਖਾਸ ਜੀ। ਕਦੇ ਵੀ ਨਾ ਕਰਾਂ ਤੁਸਾਂ ਨੂੰ ਨਿਰਾਸ਼ ਜੀ। ਸੋਹਣਾ ਜੋ ਦਿਖਾਇਆ ਤੂੰ ਜਹਾਨ ਬਾਬਲਾ ਵਿੱਦਿਆ ਦਵਾ ਦੇ ਮੈਨੂੰ ਦਾਨ ਬਾਬਲਾ ਮੰਨੂੰਗੀ ਬਚਨ ਸਭ ਤੇਰੇ ਦੇਸ ਦੇ। ਬੰਬਲ ਬਟਾਓ ਬੇਬੇ ਵਾਲੇ ਖੇਸ ਦੇ। ਤੇਰੀ ਉੱਚੀ ਕਰ 'ਦੂੰਗੀ ਸ਼ਾਨ ਬਾਬਲਾ। ਵਿੱਦਿਆ ਦਵਾ ਦੇ ਮੈਨੂੰ ਦਾਨ ਬਾਬਲਾ ਮੋਟਰ ਨਾ ਗੱਡੀ ਮੇਰੀ ਕੋਈ ਮੰਗ ਜੀ। ਕੰਮ ਮੈਂ ਕਰਾਉਂ ਸਾਰੇ ਬੇਬੇ ਸੰਗ ਜੀ। ਤੇਰਿਆਂ ਹੱਥਾਂ 'ਚ ਹੈ ਕਮਾਨ ਬਾਬਲਾ। ਵਿੱਦਿਆ ਦਵਾ ਦੇ ਮੈਨੂੰ ਦਾਨ ਬਾਬਲਾ ਹੋਰ ਚਮਕਾਊਂ ਤੇਰੀ ਚਿੱਟੀ ਪੱਗ ਨੂੰ। ਮਾਰਦੇ ਜੋ ਕੁੱਖਾਂ ਪਤਾ ਲੱਗੇ ਜੱਗ ਨੂੰ। ਤੂੰ ਹੀ ਮੇਰੀ ਜਿੰਦ ਅਤੇ ਜਾਨ ਬਾਬਲਾ ਵਿੱਦਿਆ ਦਵਾ ਦੇ ਮੈਨੂੰ ਦਾਨ ਬਾਬਲਾ ਕਰੀਂ ਨਾ ਫਿਕਰ ਬਾਪੂ ਕਿਸੇ ਗੱਲ ਦੀ। ਹੁੰਦੀ ਨਾ ਸ਼ਿਕਾਰ ਅੱਲ੍ਹੜਾਂ ਦੀ ਛੱਲ ਦੀ। ਤੇਰੇ ਨਾਲ ਕਰਦੀ ਜੁਬਾਨ ਬਾਬਲਾ। ਵਿੱਦਿਆ ਦਵਾ ਦੇ ਮੈਨੂੰ ਦਾਨ ਬਾਬਲਾ ਮੁੰਡਾ ਅਤੇ ਕੁੜੀ ਕਿਰਪਾ ਦਾਤਾਰ ਦੀ। ਭੇਦ ਨਹੀਂ ਕੋਈ ਗੱਲ ਹੈ ਵਿਚਾਰ ਦੀ। ਭਲਾ ਕਰੇ ਤੇਰਾ ਭਗਵਾਨ ਬਾਬਲਾ। ਵਿੱਦਿਆ ਦਵਾ ਦੇ ਮੈਨੂੰ ਦਾਨ ਬਾਬਲਾ ਗੁਰੂ ਦਾ ਬਚਨ ਸਦਾ ਹੀ ਕਮਾਵਣਾ। ਕੁੱਝ ਸਮਾਂ ਕੱਢ ਓਹਦੇ ਗੁਣ ਗਾਂਵਣਾ। ਨੈਤਿਕ ਵੀ ਦਿੱਤਾ ਤੂੰ ਗਿਆਨ ਬਾਬਲਾ। ਵਿੱਦਿਆ ਦਵਾ ਦੇ ਮੈਨੂੰ ਦਾਨ ਬਾਬਲਾ ਦੋਵੇਂ ਹੱਥ ਜੋੜ ਕਰਾਂ ਅਰਦਾਸ ਜੀ। ਹਰ ਖੁਸ਼ੀ ਹੋਵੇ ਤੇਰੇ ਸਦਾ ਪਾਸ ਜੀ। ਕਰੀਂ ਮੇਰੀ ਫਤਿਹ ਪ੍ਰਵਾਨ ਬਾਬਲਾ। ਵਿੱਦਿਆ ਦਵਾ ਦੇ ਮੈਨੂੰ ਦਾਨ ਬਾਬਲਾ ਸੰਧੂਆਂ ਜੀ ਕੀਤਾ ਵੱਡਾ ਉਪਕਾਰ ਜੀ। ਅੱਖਰ ਪੜ੍ਹਾਤੇ ਮੈਨੂੰ ਚੰਗੇ ਚਾਰ ਜੀ। ਤਾਂਹੀਂ ਤੇਰਾ ਰੁਤਬਾ ਮਹਾਨ ਬਾਬਲਾ। ਵਿੱਦਿਆ ਦਵਾ ਦੇ ਮੈਨੂੰ ਦਾਨ ਬਾਬਲਾ

ਬੇਬੇ ਦਾ ਦੁਪੱਟਾ

ਔਰਤਾਂ ਦੇ ਲਈ ਹੈ ਦੁਪੱਟਾ ਖਾਸ ਜੀ। ਉਹੀ ਲਵੇ ਸਿਰ ਜਿਹਦੇ ਕੰਤ ਪਾਸ ਜੀ। ਲੈਂਦੀ ਜਦੋਂ ਓੜ ਮੁੱਖੜਾ ਸ਼ਿੰਗਾਰ ਦਾ। ਬੇਬੇ ਦਾ ਦੁਪੱਟਾ ਕਈ ਕੰਮ ਸਾਰ ਦਾ। ਇੱਕ ਖੂੰਜੇ ਨੋਟ ਦੂਜੇ ਬੰਨ੍ਹ ਚਾਬੀਆਂ ਨਵੇਂ ਨਵੇਂ ਰੰਗ ਲੈਂਦੀਆਂ ਨੇ ਭਾਬੀਆਂ । ਪਿੱਛੇ ਬੰਨ੍ਹ ਬੱਚਾ ਸਰੇ ਕੰਮ ਨਾਰ ਦਾ। ਬੇਬੇ ਦਾ ਦੁਪੱਟਾ ਕਈ ਕੰਮ ਸਾਰ ਦਾ। ਮੂੰਹ ਸਾਫ ਕਰੇ ਇਸ ਨਾਲ ਬਾਲ ਦਾ। ਝੋਲੇ ਦਾ ਵੀ ਕੰਮ ਕਰਦਾ ਕਮਾਲ ਦਾ। ਗਰਮੀ ਦੇ ਕੱਟ ਹਵਾ ਠੰਢੀ ਮਾਰ ਦਾ। ਬੇਬੇ ਦਾ ਦੁਪੱਟਾ ਕਈ ਕੰਮ ਸਾਰ ਦਾ। ਮੁੜ੍ਹਕੇ ਤੋਂ ਕਰੇ ਕੰਮ ਜੀ ਰੁਮਾਲ ਦਾ। ਮੱਖੀ ਤੇ ਮੱਛਰ ਤੋਂ ਵੀ ਹੈ ਸੰਭਾਲ ਦਾ। ਵਿਰਸਾ ਅਮੀਰ ਸਭਿਆ ਹੈ ਚਾਰ ਦਾ। ਬੇਬੇ ਦਾ ਦੁਪੱਟਾ ਕਈ ਕੰਮ ਸਾਰ ਦਾ। ਪਹਿਲੇ ਸਮਿਆਂ ਚ ਕੀਮਤ ਅਪਾਰ ਸੀ। ਏਸ ਬਿਨ ਨਾਰੀ ਨਹੀ ਜਾਂਦੀ ਬਾਹਰ ਸੀ। ਵੱਡਿਆਂ ਤੋਂ ਹੋਵੇ ਪੜਦਾ ਦੀਵਾਰ ਦਾ। ਬੇਬੇ ਦਾ ਦੁਪੱਟਾ ਕਈ ਕੰਮ ਸਾਰ ਦਾ। ਫੈਸ਼ਨ ਨਵੇਂ ਨੇ ਇਸ ਨੂੰ ਵਿਸਾਰ ਤਾ। ਨਵੀਂ ਕੁੜੀਆਂ ਨੇ ਜਮਾ ਹੀ ਨਿਕਾਰ ਤਾ। ਗਰਮ ਗਿਲਾਸ ਫੜ ਹੱਥ ਠਾਰ ਦਾ। ਬੇਬੇ ਦਾ ਦੁਪੱਟਾ ਕਈ ਕੰਮ ਸਾਰ ਦਾ। ਸਾਂਭਲੈ ਦੁਪੱਟਾ ਵਿਰਸੇ ਅਮੀਰ ਦਾ। ਢੱਕ ਲੈਂਦਾ ਅੰਗ ਨਾਜ਼ੁਕ ਸਰੀਰ ਦਾ। ਸੰਧੂਆਂ ਨਾ ਗੱਲ ਗੁਰੂ ਦੀ ਵਿਸਾਰ ਦਾ। ਬੇਬੇ ਦਾ ਦੁਪੱਟਾ ਕਈ ਕੰਮ ਸਾਰ ਦਾ।

ਬੇਬੇ ਦਾ ਫੈ਼ਨ

ਪੀੜ੍ਹੀਆਂ ਤੇ ਮੰਜੇ ਨਾਲੇ ਬੁਣੇ ਖੇਸ ਜੀ। ਘੁੱਗੀਆਂ ਤੇ ਮੋਰ ਪਾਏ ਬੜੇ ਏਸ ਜੀ। ਕੀਤਾ ਅਭਿਆਸ ਕੰਮ ਨਾ ਸੁਖੈ਼ਨ ਜੀ। ਗੂਗਲ ਤੋਂ ਵੱਧ ਬੇਬੇ ਦਾ ਮੈਂ ਫੈ਼ਨ ਜੀ। ਮੱਖਣ 'ਤੇ ਦਹੀਂ ਬੜਾ ਪੀਤਾ ਦੁੱਧ ਜੀ। ਤਾਹੀਂ ਸਾਡੇ ਨਾਲੋਂ ਸੀਗੀ ਤੇਜ਼ ਬੁੱਧ ਜੀ। ਤਨ ਉੱਤੇ ਜੱਰੇ ਸੁੱਖ ਦੁੱਖ ਚੈਨ ਜੀ। ਗੂਗਲ ਤੋਂ ਵੱਧ ਬੇਬੇ ਦਾ ਮੈਂ ਫੈ਼ਨ ਜੀ। ਖੇਤਾਂ ਵਿੱਚ ਨਹੀਂ ਪੈਂਦੀ ਸੀ ਰਸੈਣ ਜੀ। ਰੋਗ ਕੱਟਦੀ ਸੀ ਦੇਸੀ ਅਜਵੈਣ ਜੀ। ਖੁਲ੍ਹੀਆਂ ਸੀ ਗੱਲਾਂ ਮੁੱਕੇ ਨਾ ਪਲੈਨ ਜੀ ਗੂਗਲ ਤੋਂ ਵੱਧ ਬੇਬੇ ਦਾ ਮੈਂ ਫੈ਼ਨ ਜੀ। ਘਰ ਦਾ ਸ਼ਿੰਗਾਰ ਚਾਟੀ ਤੇ ਮਧਾਣੀਆਂ ਦੁੱਧ 'ਤੇ ਮੱਖਣ ਖਾਂਦੀਆਂ ਸੁਹਾਣੀਆਂ। ਫੈਸ਼ਨ ਤੋਂ ਬਿਨਾਂ ਹੀ ਓ ਟਿੱਚ ਰ੍ਹੈਨ ਜੀ। ਗੂਗਲ ਤੋਂ ਵੱਧ ਬੇਬੇ ਦਾ ਮੈਂ ਫੈ਼ਨ ਜੀ। ਉਂਗਲਾਂ ਤੇ ਗਿਣ ਕਰਦੀ ਹਿਸਾਬ ਜੀ। ਹਰ ਕੰਮ ਓਦ੍ਹਾ ਬੜਾ ਲਾਜਵਾਬ ਜੀ। ਖੁੱਲ੍ਹਾ ਸੀ ਖਜ਼ਾਨਾ ਨਹੀਂ ਕਾਡ ਪੈਨ ਜੀ। ਗੂਗਲ ਤੋਂ ਵੱਧ ਬੇਬੇ ਦਾ ਮੈਂ ਫੈ਼ਨ ਜੀ। ਅੰਬ ਨਿੰਬੂ ਔਲਾ ਟੇਸਟੀ ਆਚਾਰ ਜੀ। ਉਦ੍ਹੇ ਜਿਹਾ ਖਾਣਾ ਮਿਲੇ ਨਾ ਬਜ਼ਾਰ ਜੀ। ਲੱਭ ਲਈ ਲੈਕੇ ਚਾਹੇ ਲਾਲਟੈਨ ਜੀ। ਗੂਗਲ ਤੋਂ ਵੱਧ ਬੇਬੇ ਦਾ ਮੈਂ ਫੈ਼ਨ ਜੀ। ਕਰਦੀ ਸੀ ਕੰਮ ਨਾਲੇ ਨਾਮ ਜੱਪਦੀ। ਕਰਾਂ ਕੀ ਸਿਫ਼ਤ ਉਹਦੇ ਕੀਤੇ ਤੱਪਦੀ। ਸੁਘੜ ਸਿਆਣੀ ਚਮਕਦੇ ਨੈਨ ਜੀ। ਗੂਗਲ ਤੋਂ ਵੱਧ ਬੇਬੇ ਦਾ ਮੈਂ ਫੈ਼ਨ ਜੀ। ਤਿੰਨ ਕਿਲੋ ਆਟਾ ਇੱਕ ਟਾਇਮ ਪੱਕਦਾ। ਕੱਲਾ ਕੱਲਾ ਜੀਅ ਦਸ ਦਸ ਛੱਕਦਾ। ਸਿਲੰਡਰ ਨਾ ਕੋਈ ਪਾਇਪ ਲੈਨ ਜੀ। ਗੂਗਲ ਤੋਂ ਵੱਧ ਬੇਬੇ ਦਾ ਮੈਂ ਫੈ਼ਨ ਜੀ। ਤਾਰਿਆਂ ਨੂੰ ਵੇਖ ਦੱਸ ਦਿੰਦੀ ਟੈਮ ਸੀ। ਤਿੰਨ ਘੜੇ ਚੱਕੇ ਦਾਦੀ ਬੜੀ ਕੈਮ ਸੀ। ਚੰਗੇ ਮਾੜੇ ਕੰਮੋਂ ਪਹਿਲਾਂ ਦਿੰਦੀ ਸੈਨ ਜੀ। ਗੂਗਲ ਤੋਂ ਵੱਧ ਬੇਬੇ ਦਾ ਮੈਂ ਫੈ਼ਨ ਜੀ। ਚੜ੍ਹੇ ਅੱਜ ਧੁੱਪ ਜਾਂ 'ਤੇ ਪਊ ਰੇਨ ਜੀ। ਮਿੰਟ 'ਚ ਸਰਚ ਕਰਦਾ ਬਰੇਨ ਜੀ। ਸਿਆਣਿਆਂ ਦੇ ਕੱਢੇ ਤੱਤ ਸੱਚ ਹੈਨ ਜੀ। ਗੂਗਲ ਤੋਂ ਵੱਧ ਬੇਬੇ ਦਾ ਮੈਂ ਫੈ਼ਨ ਜੀ। ਮੂੰਹ ਤੱਕ ਦੱਸ ਦੇਵੇ ਤਾਪ ਬਾਲ ਦਾ। ਤੋਰ ਤੋਂ ਪਛਾਣੇਂ ਬੰਦਾ ਕਿਸ ਹਾਲ ਦਾ। ਬਿਨਾਂ ਹੀ ਮਸ਼ੀਨ ਕਰਦੀ ਸਕੈਨ ਜੀ। ਗੂਗਲ ਤੋਂ ਵੱਧ ਬੇਬੇ ਦਾ ਮੈਂ ਫੈ਼ਨ ਜੀ। ਉਹਦੇ ਜਿਹੀ ਦਰੀ ਬੁਣੇ ਨਾ ਮਸ਼ੀਨ ਜੀ। ਦੇਖੀ ਕਲਾ ਕਾਰੀ ਆਵੇ ਨਾ ਯਕੀਨ ਜੀ। ਲੋਕੀਂ ਹੁੰਦੇ ਦੰਗ ਤੱਕ ਕੇ ਡਜੈਨ ਜੀ। ਗੂਗਲ ਤੋਂ ਵੱਧ ਬੇਬੇ ਦਾ ਮੈਂ ਫੈ਼ਨ ਜੀ। ਹੱਥੋਂ ਪੇੜਾ ਡਿੱਗੇ ਹੱਸਕੇ ਪੁਕਾਰ ਦੀ। ਅੱਜ ਆਊ ਕੋਈ ਘਰ ਨੂੰ ਸ਼ਿੰਗਾਰ ਦੀ। ਪੰਛੀਆਂ ਦੇ ਬੋਲ ਸੁਣ ਦੱਸੇ ਚੈਨ ਜੀ। ਗੂਗਲ ਤੋਂ ਵੱਧ ਬੇਬੇ ਦਾ ਮੈਂ ਫੈ਼ਨ ਜੀ। ਸਾਂਝੇ ਪਰਿਵਾਰ ਮਿਲ ਜੁਲ ਰ੍ਹੈਣ ਜੀ। ਟੁੱਟਣ ਨਾ ਦਿੱਤੇ ਕੋਈ ਭਾਈ ਭੈਣ ਜੀ। ਉਸਦੀ ਕਮਾਈ ਬਣੇ ਚੰਗੇ ਮੈਨ ਜੀ। ਗੂਗਲ ਤੋਂ ਵੱਧ ਬੇਬੇ ਦਾ ਮੈਂ ਫੈ਼ਨ ਜੀ। ਉੱਡ ਜਾਵੇ ਭੋਰ ਬੜੀ ਆਉਂਦੀ ਯਾਦ ਜੀ। ਸੰਧੂਆਂ ਕਦਰ ਸਦਾ ਪੈਂਦੀ ਬਾਦ ਜੀ। ਦਾਨੀ ਤੇ ਭਗਤ ਸੂਰਾ ਸਦਾ ਰ੍ਹੈਨ ਜੀ। ਗੂਗਲ ਤੋਂ ਵੱਧ ਬੇਬੇ ਦਾ ਮੈਂ ਫੈ਼ਨ ਜੀ।

ਮੇਰਾ ਪਿੰਡ

ਅੱਜ ਨਹੀਂ ਆਪਾਂ ਸਾਡੇ ਪਿੰਡ ਚੱਲੀਏ। ਸੁਣਨੀ ਕਵੀਸ਼ਰੀ ‘ਤੇ ਜਗ੍ਹਾ ਮੱਲੀਏ। ਸਭਨਾਂ ਨੂੰ ਮੇਰੀ ਹੈ ਨਮਸ਼ਕਾਰ ਜੀ ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਚੰਡੀਗੜ੍ਹ ਪੈਂਦਾ ਸਾਨੂੰ ਸੱਠ ਮੀਲ ਜੀ। ਨੇੜੇ ਹੀ ਖਮਾਣੋਂ ਪੈਂਦਾ ਅੱਠ ਮੀਲ ਜੀ ਚਮਕੌਰ ਸਾਹਿਬ ਬਸ ਮੀਲ ਚਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਮੇਰੇ ਪਿੰਡ ਵਾਲੀ ਮੈਂ ਸੁਣਾਵਾਂ ਗੱਲ ਜੀ। ਕਰਨਾ ਧਿਆਨ ਥੋੜ੍ਹਾ ਮੇਰੇ ਵੱਲ ਜੀ। ਸੋਲਰ ਦੀ ਲਾਇਟ ਤੇਰਾ ਸ਼ਿੰਗਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਤੇਰਾਂ ਸੌ ਦੇ ਲਾਗੇ ਪਿੰਡ ਵਾਲੀ ਵੋਟ ਜੀ। ਸਾਰਿਆਂ ਦਾ ਕੰਮ ਵੀਰੋ ਬੜਾ ਲੋਟ ਜੀ। ਨੌਕਰੀ ‘ਤੇ ਕਰੇ ਕੋਈ ਕਾਰੋਬਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਪ੍ਰਾਇਮਰੀ ਸਕੂਲ ਦੋ ਅੰਗਨਵਾੜੀ ਐ। ਛੋਟੇ ਬੱਚਿਆਂ ਦੀ ਖਿੱੜੀ ਫੁਲਵਾੜੀ ਐ। ਨਵੋਦਿਆ ਸਕੂਲ ਹਾਈ ਵੀ ਸ਼ਿੰਗਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਪਿੰਡ ‘ਚ ਸਥਾਨ ਬਾਬਾ ਕਾਲਾ ਮਹਿਰ ਜੀ। ਚੱਲਦਾ ਭਜਨ ਲੱਗ ਜਾਂਦੀ ਲਹਿਰ ਜੀ। ਕਰੀ ਜਾਂਦੇ ਦਾਨ ਕਿਰਪਾ ਦਾਤਾਰ ਜੀ ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਹਰ ਕੰਮ ਵਾਲੀ ਪਿੰਡ 'ਚ ਦੁਕਾਨ ਜੀ। ਵਰਤੋਂ ਦਾ ਮਿਲ ਜਾਂਵਦਾ ਸਮਾਨ ਜੀ। ਅੜੇ ਜਦੋਂ ਕੰਮ ਨੇੜੇ ਹੀ ਬਜ਼ਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਚੜ੍ਹਦੀ ਦੇ ਵੱਲ ਸ਼ਹਿਰ ਚਮਕੌਰ ਜੀ ਖੱਬੇ ਹੱਥ ਸੋਹਣਾ ਪਿੰਡ ਕਤਲੌਰ ਜੀ। ਸੱਜੇ ਹੈ ਹਵਾਰਾ ਪਿੰਡ ਜਗਤਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਗਲ਼ੀਆਂ ਦੇ ਵਿੱਚ ਲੱਗੀ ਲੌਕ ਇੱਟ ਜੀ। ਸੀਵਰੇਜ ਪਾਣੀ ਵਾਲੀ ਪਾਇਪ ਫਿੱਟ ਜੀ। ਵਿਆਹਾਂ ਲਈ ਦਿੱਤਾ ਪੈਲਸ ਉਸਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਸਭ ਮਜ੍ਹਬਾਂ ਦੇ ਲੋਕੀਂ ਖੁਸ਼ੀ ਵੱਸ ਦੇ। ਮਿਲ ਜੁਲ ਰਹਿੰਦੇ ਨਾਲੇ ਸਦਾ ਹੱਸ ਦੇ ਤਿੰਨ ਸੋਹਣੇ ਬਣੇ ਗੁਰੂ ਦੇ ਦੁਆਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਖੁੱਲ੍ਹੀ ਡੁੱਲ੍ਹੀ ਵੱਸੋਂ ਨਹੀਂ ਹੈਗੀ ਭੀੜ ਜੀ। ਨਵੋਦਿਆ ਦੇ ਲਈ ਦਾਨ ਕੀਤੀ ਵੀੜ ਜੀ। ਸਿੱਖਿਆ ਦੀ ਲੋੜ ਵੱਡਾ ਉਪਕਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਖੇਡ ਸੀ ਕਬੱਡੀ ਬੜੀ ਮਸ਼ਹੂਰ ਸੀ। ਗੁੰਦਵੇਂ ਸਰੀਰ ਚਿਹਰੇ ਉੱਤੇ ਨੂਰ ਸੀ। ਮਿਲਣਾ ਸਿਖਾਉਂਦੀ ਖੇਡ ਜੋ ਪਿਆਰ ਜੀ ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਦੋ ਨੇ ਵੱਡੇ ਟੋਭੇ ਪਾਣੀ ਦੇ ਨਿਕਾਸ ਨੂੰ। ਮੋਟਰਾਂ ਨੇ ਵਿੱਚ ਖੇਤੀ ਦੇ ਵਿਕਾਸ ਨੂੰ। ਹਰੇ ਭਰੇ ਖੇਤ ਖਿੱੜੀ ਗੁਲਜ਼ਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਉੱਚਾ ਲੰਮਾ ਹੁੰਦਾ ਵੀਰਨੋ ਕਮਾਦ ਜੀ। ਡਾਕਰ ਜ਼ਮੀਨ ਪਾਣੀ ਵੀ ਸੁਆਦ ਜੀ। ਕਣਕ ‘ਤੇ ਮੱਕੀ ਬੀਜ ਦੇ ਜੁਆਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਪੱਕੀ ਕੀਤੀ ਪਈ ਫਿਰਨੀ ਹੈ ਪਿੰਡ ਦੀ ਧੂੜ ਮਿੱਟੀ ਤਾਂਹੀ ਹੁਣ ਨਹੀਂ ਖਿੰਡ ਦੀ। ਵੱਸਦੇ ਨੇ ਤਿੰਨ ਜੋ ਲੰਬੜਦਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਲੀਡਰੀ ਦੇ ਵਿੱਚ ਪਿੰਡ ਮਸ਼ਹੂਰ ਜੀ। ਬਣੇ ਜੇ ਅੜਬ ਦੇਂਦੇ ਝੱਟ ਘੂਰ ਜੀ। ਵੱਡੇ ਵੱਡੇ ਰਹਿੰਦੇ ਕਈ ਸ਼ਾਹੂਕਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਡਾਕਖਾਨਾ ਖਾਸ ਸੰਧੂਆਂ ਗਰਾਮ ਜੀ। ਤਸੀਲ ਚਮਕੌਰ ਬੜਾ ਸੋਹਣਾ ਨਾਮ ਜੀ। ਜ਼ਿਲ੍ਹਾ ਹੈ ਰੋਪੜ ਸਿੱਖੀ ਦੀ ਮੁਨਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਪੰਜਾਬ ਗ੍ਰਾਮੀਣ ਇੱਕ ਬੈਂਕ ਪਾਸ ਹੈ। ਪੈਸੇ ਦਾ ਹਿਸਾਬ ਰੱਖਦੀ ਓ ਖਾਸ ਹੈ। ਲੋਨ ਲਈ ਪੈਸੇ ਲੱਖਾਂ ‘ਤੇ ਹਜ਼ਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਰੱਖਦੇ ਨੇ ਸ਼ੌਕ ਨਾਲ ਮੱਝਾਂ ਬੂਰੀਆਂ। ਦਿੱਤੀਆਂ ਨੇ ਮਾਵਾਂ ਕੁੱਟ ਕੁੱਟ ਚੂਰੀਆਂ ਬੰਨ੍ਹਦੇ ਨੇ ਪੱਗਾਂ ਸੋਹਣੇ ਸਰਦਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਦਲਬਾਰਾ ਸਿੰਘ ਖੇਤੀ ਦਾ ਸ਼ੌਕੀਨ ਸੀ। ਨਵੀਂ ਤੋਂ ਹੈ ਨਵੀਂ ਰੱਖਦਾ ਮਸ਼ੀਨ ਸੀ। ਅੱਗੇ ਉਹਦੇ ਮੁੰਡੇ ਰਹੇ ਮੱਲਾਂ ਮਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਵੇਰਕਾ ਦੇ ਨਾਲ ਦੋ ਹੋਰ ਡੇਅਰੀਆਂ। ਦੇਂਵਦੀਆਂ ਦੁੱਧ ਗਾਵਾਂ ‘ਤੇ ਲਵੇਰੀਆਂ। ਸਾਂਭਣ ਨੂੰ ਦੁੱਧ ਵੱਡਾ ਹੈ ਭੰਡਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਸਹਿਕਾਰੀ ਖੇਤੀ ਬਾੜੀ ਸੁਸਾਇਟੀ ਜੀ। ਯੂਰੀਏ ਤੇ ਡਾਏ ਦੀ ਹੈ ਬਰਾਇਟੀ ਜੀ। ਕਰਾਏ ‘ਤੇ ਮਿਲੇ ਸਸਤੇ ਔਜਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਸੁਵਿਧਾ ਕੇਂਦਰ ਪਿੰਡ ਵਿੱਚ ਖੋਲ੍ਹਿਆ। ਆਧਾਰ ਤੇ ਪੈਨ ਤੂੰ ਬਣਾਈ ਭੋਲਿਆ। ਬੰਦ ਪਿਆ ਕੰਮ ਖੋਲਦੋ ਦੁਬਾਰ ਜੀ ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਪਿੰਡ ਦੇ ਵਿਚਾਲੇ ਇੱਕ ਹੈਗਾ ਗੋਰਾ ਜੀ। ਬੜੀ ਹੈ ਸਫਾਈ ਗੰਦ ਨਹੀਂ ਭੋਰਾ ਜੀ। ਚੌਵੀ ਘੰਟੇ ਵਾਲੀ ਬਿਜਲੀ ਦੀ ਤਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਚੱਲਦੀਆਂ ਬੱਸਾਂ ਇੱਥੋਂ ਆਮੋ ਆਮ ਜੀ। ਰੋਪੜ ਮੋਰਿੰਡਾ ਘੁੱਮ ਲੋ ਤਮਾਮ ਜੀ। ਬੋਹੜਾਂ ਦੇ ਦੁਆਲੇ ਗੋਲ ਹੈ ਦੀਵਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਕਵੀਸ਼ਰ ਤੇ ਰਾਗੀ ਢਾਡੀ ਇੱਥੇ ਵੱਸਦੇ। ਗਾਉਂਦੇ ਪ੍ਰਸੰਗ ਬੜੇ ਮਿੱਠੇ ਰੱਸਦੇ ਤੇਰਿਆਂ ਰੰਗਾਂ ਤੋਂ ਜਾਵਾਂ ਬਲਿਹਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਗੁਰਿੰਦਰ ਸਿੰਘ ਦਾਸਰੇ ਦਾ ਨਾਮ ਜੀ। ਬਖਸ਼ੀ ਹੈ ਖੁਸ਼ੀ ਦਾਤੇ ਨੇ ਤਮਾਮ ਜੀ। ਬਾਪੂ ਅਮਰੀਕ ਦਾਦਾ ਜਥੇਦਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਚਰਾਨਵੇ ਛੇ ਤੀਹ ਸਤਾਈ ਦੋ ਛੀਕੇ ਜੀ। ਰਾਵਤੇ ਦੇ ਲਈ ਹੈ ਨੰਬਰ ਠੀਕੇ ਜੀ। ਸੰਧੂਆਂ ਨੇ ਦਿੱਤੀ ਕਵਿਤਾ ਉਚਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਭੰਮੇ ਸਾਬ੍ਹ ਜੀ ਨੇ ਮੇਰੇ ਉਸਤਾਦ ਜੀ। ਕਵਿਤਾ ਦੀ ਪੂਰੀ ਕਰਤੀ ਮੁਰਾਦ ਜੀ। ਉੱਚ ਕੋਟੀ ਦੇ ਨੇ ਜਿਹੜੇ ਕਿੱਸਾਕਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ। ਸੁੱਖ ਨਾਲ ਬਣ ਗਏ ਬੰਦ ਤੀਸ ਜੀ। ਕਿਰਪਾ ਬਣਾਈ ਰੱਖੀ ਜਗਦੀਸ਼ ਜੀ। ਸਿੰਘ ਹਰਜੀਤ ਮੇਰਾ ਪੱਕਾ ਯਾਰ ਜੀ। ਪਿੰਡ ਸੰਧੂਆਂ ਦੀ ਵੱਖਰੀ ਨੁਹਾਰ ਜੀ।

ਸ਼ੀਤਲ ਜਲ ਖੂਹਾਂ ਦਾ

ਜੁਗ ਸੀ ਸੁਨਹਿਰੀ ਵੀਰਨੋ ਪੰਜਾਬ ਦਾ। ਖਿੜਿਆ ਸੀ ਫੁੱਲ ਉਦੋਂ ਜੀ ਗੁਲਾਬ ਦਾ। ਭੱਤਾ ਲੈਕੇ ਖੇਤ ਉਦੋਂ ਜਾਂਦੀ ਨਾਰ ਜੀ। ਸ਼ੀਤਲ ਸੀ ਜਲ ਖੂਹਾਂ ‘ਚ ਭੰਡਾਰ ਜੀ। ਚੱਲ ਨੀ ਦਰਾਣੀਏ ਪਾਣੀ ਨੂੰ ਚੱਲੀਏ। ਹੋ ਨਾ ਜਾਈਏ ਲੇਟ ਜਾਕੇ ਜਗ੍ਹਾ ਮੱਲੀਏ। ਆਣ ਕੇ ਮੁਕਾਉਂਦੇ ਬਾਕੀ ਕੰਮ ਕਾਰ ਜੀ। ਸ਼ੀਤਲ ਸੀ ਜਲ ਖੂਹਾਂ ‘ਚ ਭੰਡਾਰ ਜੀ। ਹੌਲੀ ਹੌਲੀ ਡੋਲ ਖੂਹ ਦੇ ਵਿੱਚ ਛੱਡਣਾ। ਭਰ ਜਾਵੇ ਜਦੋਂ ਖਿੱਚ ਬਾਹਰ ਕੱਢਣਾ। ਪਾਣੀ ਵੀ ਹੁੰਦਾ ਸੀ ਪੂਰਾ ਠੰਡਾ ਠਾਰ ਜੀ। ਸ਼ੀਤਲ ਸੀ ਜਲ ਖੂਹਾਂ ‘ਚ ਭੰਡਾਰ ਜੀ। ਬਲਦਾਂ ਦੇ ਗਲ਼ੇ ਛਣਕਣ ਟੱਲੀਆਂ। ਕੱਟ ਕੇ ਸੀ ਚਾਰਾ ਵਿੱਚ ਪਾਉਂਦੇ ਪੱਲੀਆਂ। ਪੰਛੀਆਂ ਦੇ ਸ਼ੋਰ ਮਸਤ ਬਹਾਰ ਜੀ। ਸ਼ੀਤਲ ਸੀ ਜਲ ਖੂਹਾਂ ‘ਚ ਭੰਡਾਰ ਜੀ। ਬਲਦ ਤੇ ਉਠ ਟਿੰਡਾਂ ਨੂੰ ਚਲਾਂਵਦੇ। ਮਸਤੀ ਦੇ ਨਾਲ ਸੀਗੇ ਖੇੜੇ ਲਾਂਵਦੇ। ਬੇਬੇ ਵਾਲੀ ਰੋਟੀ ਮੱਖਣ ਅਚਾਰ ਜੀ। ਸ਼ੀਤਲ ਸੀ ਜਲ ਖੂਹਾਂ ‘ਚ ਭੰਡਾਰ ਜੀ। ਘਰਾਂ ਵਿੱਚ ਹੁੰਦਾ ਬੜਾ ਇਤਫ਼ਾਕ ਸੀ। ਦਸ ਬਾਰਾਂ ਆਮ ਹੋਂਵਦੇ ਜੁਆਕ ਸੀ। ਸਾਂਝੇ ਪਰਿਵਾਰ ਆਪਸੀ ਪਿਆਰ ਜੀ। ਸ਼ੀਤਲ ਸੀ ਜਲ ਖੂਹਾਂ ‘ਚ ਭੰਡਾਰ ਜੀ। ਖੁੱਲ੍ਹੇ ਡੁੱਲ੍ਹੇ ਵਿਹੜੇ ਬੋਹੜਾਂ ਵਾਲੀ ਛਾਂ ਸੀ। ਮੱਝੀਆਂ ਤੇ ਗਾਵਾਂ ਲਈ ਚੰਗੀ ਥਾਂ ਸੀ। ਚਮਕਦੇ ਨੈਣ ਕੱਜਲੇ ਦੀ ਧਾਰ ਜੀ। ਸ਼ੀਤਲ ਸੀ ਜਲ ਖੂਹਾਂ ‘ਚ ਭੰਡਾਰ ਜੀ। ਸੂਹੇ ਨੇ ਦੁਪੱਟੇ ਚਿਹਰਿਆਂ ਤੇ ਨੂਰ ਜੀ। ਸੁੰਦਰ ਸਰੂਪ ਨਹੀਂ ਮਗਰੂਰ ਜੀ। ਬੈਠ ਕੇ ਕਰਨ ਸੰਧੂਆਂ ਵਿਚਾਰ ਜੀ। ਸ਼ੀਤਲ ਸੀ ਜਲ ਖੂਹਾਂ ‘ਚ ਭੰਡਾਰ ਜੀ।

ਗੜਿਆਂ ਦੀ ਮਾਰ

ਚੱਲਿਆ ਤੁਫ਼ਾਨ ਨਾਲੇ ਮੀਂਹ ਲੋੜ੍ਹ ਦਾ। ਜਾਂਵਦਾ ਸੀ ਪਾਣੀ ਸਭ ਵੱਟਾਂ ਤੋੜ ਦਾ। ਪਹਿਲਾਂ ਨਾਲੋਂ ਘੱਟੂ ਏਸ ਵਾਰ ਝਾੜ ਜੀ। ਗੜਿਆਂ ਨੇ ਦਿੱਤੀ ਫ਼ਸਲ ਉਜਾੜ ਜੀ। ਸਰ੍ਹੋਂ ਦੀ ਫ਼ਸਲ ਰੱਖ’ਤੀ ਝੰਝੋੜ ਕੇ। ਫੁੱਲ ਪੱਤੀਆਂ ਵੀ ਰੱਖ’ਤੇ ਮਰੋੜ ਕੇ। ਗੋਡੇ ਗੋਡੇ ਪਾਣੀ ਜਿਵੇਂ ਰੁੱਤ ਹਾੜ ਜੀ। ਗੜਿਆਂ ਨੇ ਦਿੱਤੀ ਫ਼ਸਲ ਉਜਾੜ ਜੀ। ਛੋਲਿਆਂ ਦਾ ਹੋਇਆ ਪਿਆ ਬੁਰਾ ਹਾਲ ਜੀ। ਵਿਛੀਆਂ ਨੇ ਟਾਟਾਂ ਧਰਤੀ ਦੇ ਨਾਲ ਜੀ। ਮੌਸਮ ਨੇ ਦਿੱਤੀ ਖੇਲ ਹੀ ਵਿਗਾੜ ਜੀ। ਗੜਿਆਂ ਨੇ ਦਿੱਤੀ ਫ਼ਸਲ ਉਜਾੜ ਜੀ। ਨੀਵੀਂਆਂ ਜ਼ਮੀਨਾਂ ਜਲ ਥਲ ਹੋ ਗਿਆ। ਵਿਗੜੇ ਹਲਾਤ ਸੋਚਾਂ ਵਿੱਚ ਖੋ ਗਿਆ। ਠੇਕਾ ਤੇ ਜ਼ਮੀਨ ਪੈ ਗਿਆ ਪੁਆੜ ਜੀ। ਗੜਿਆਂ ਨੇ ਦਿੱਤੀ ਫ਼ਸਲ ਉਜਾੜ ਜੀ। ਉੱਡ’ਗੇ ਨੇ ਕਈ ਪੰਛੀਆਂ ਦੇ ਆਲ੍ਹਣੇ। ਸੌਖੇ ਨਹੀਂ ਹੁੰਦੇ ਵੀਰੋ ਬੱਚੇ ਪਾਲਣੇ। ਪਸ਼ੂ ਪੰਛੀ ਦਿੱਤੇ ਕਈ ਸੂਲੀ ਚਾੜ੍ਹ ਜੀ ਗੜਿਆਂ ਨੇ ਦਿੱਤੀ ਫ਼ਸਲ ਉਜਾੜ ਜੀ। ਜਾਪਦੀ ਫ਼ਸਲ ਜਿਵੇਂ ਰੋਵੇ ਬਾਲ ਜੀ। ਮਿੱਟੀ ‘ਚ ਮਿਲਾਤੀ ਬੀਜੀ ਥੋੜ੍ਹੀ ਦਾਲ ਜੀ। ਕੁਦਰਤ ਅੱਗੇ ਚੱਲੇ ਨਾ ਜੁਗਾੜ ਜੀ। ਗੜਿਆਂ ਨੇ ਦਿੱਤੀ ਫ਼ਸਲ ਉਜਾੜ ਜੀ। ਥੋਡੇ ਹੱਥ ਡੋਰ ਦੁਨੀਆਂ ਦੇ ਮਾਲਕਾ ਸਭਨਾਂ ਦਾ ਤੂੰ ਹੀਂ ਹੈ ਪਰਿਤ ਪਾਲਕਾ। ਸੰਧੂਆਂ ਬਚੇ ਨੇ ਚਾਰ ਕੁ ਸਿਆੜ ਜੀ। ਗੜਿਆਂ ਨੇ ਦਿੱਤੀ ਫ਼ਸਲ ਉਜਾੜ ਜੀ।

ਕੱਢੇ ਫੁਲਕਾਰੀ

ਮੱਥੇ ਉੱਤੇ ਟਿੱਕਾ ਨੇ ਬਲੌਰੀ ਅੱਖੀਆਂ। ਨਜ਼ਰਾਂ ਵੀ ਫੁੱਲਾਂ ਤੇ ਟਿਕਾ ਕੇ ਰੱਖੀਆਂ। ਸਿਰ ਤੇ ਦੁਪੱਟਾ ਗਲ਼ੇ ਵਿੱਚ ਹਾਰ ਜੀ। ਕੱਢੇ ਫੁਲਕਾਰੀ ਬੈਠੀ ਮੁਟਿਆਰ ਜੀ। ਫੁੱਲਾਂ ਨੂੰ ਪਰੋਵੇ ਸੂਈ ਧਾਗੇ ਨਾਲ ਐ। ਹਰੇ ਪੀਲੇ ਰੰਗ ਲੱਗਦੇ ਕਮਾਲ ਐ। ਚਮਕਦੇ ਨੈਣ ਕਜਲੇ ਦੀ ਧਾਰ ਜੀ। ਕੱਢੇ ਫੁਲਕਾਰੀ ਬੈਠੀ ਮੁਟਿਆਰ ਜੀ। ਵਿਰਸਾ ਅਮੀਰ ਹੁੰਦਾ ਸੀ ਪੰਜਾਬ ਦਾ। ਖਿੜਿਆ ਸੀ ਫੁੱਲ ਉਦੋਂ ਜੀ ਗੁਲਾਬ ਦਾ। ਧਾਗਿਆਂ ਦੀ ਜੋੜੀ ਜਾਵੇ ਤਾਰ ਤਾਰ ਜੀ। ਕੱਢੇ ਫੁਲਕਾਰੀ ਬੈਠੀ ਮੁਟਿਆਰ ਜੀ। ਕੁੜਤਾ ਵੀ ਜੱਚੇ ਪਇਆ ਜੋ ਗਰੀਨ ਜੀ। ਸੁੰਦਰ ਸਰੂਪ ਚਿਹਰਾ ਵੀ ਹੁਸੀਨ ਜੀ। ਚੰਦ ਸ਼ਰਮਾਵੇ ਕਰ ਕੇ ਦੀਦਾਰ ਜੀ। ਕੱਢੇ ਫੁਲਕਾਰੀ ਬੈਠੀ ਮੁਟਿਆਰ ਜੀ। ਪੀੜ੍ਹੀ ਉੱਤੇ ਬੈਠੀ ਸੋਹਣੀ ਮੁਟਿਆਰ ਨੂੰ। ਰੌਸ਼ਨੀ ਦੇ ਲਈ ਖੋਲ੍ਹਿਆ ਦੁਆਰ ਨੂੰ। ਠੰਡੀ ਠੰਡੀ ਪੌਣ ਜਾਵੇ ਝੱਲ ਮਾਰ ਜੀ। ਕੱਢੇ ਫੁਲਕਾਰੀ ਬੈਠੀ ਮੁਟਿਆਰ ਜੀ। ਸੱਜੇ ਹੱਥੋਂ ਧਾਗਾ ਪਾਵੇ ਕੋਲ ਕੋਲ ਜੀ। ਖੱਬੇ ਹੱਥੋਂ ਦੱਬ ਕੱਢੀ ਜਾਵੇ ਪੋਲ ਜੀ। ਗੋਡਿਆਂ ਦੇ ਉੱਤੇ ਰੱਖਲੀ ਖਿਲਾਰ ਜੀ। ਕੱਢੇ ਫੁਲਕਾਰੀ ਬੈਠੀ ਮੁਟਿਆਰ ਜੀ। ਵਿਰਸਾ ਪੁਰਾਣਾਂ ਸਾਡਾ ਸੀ ਅਮੀਰ ਜੀ। ਉੱਚੇ ਲੰਮੇ ਕੱਦ ਗੁੰਦਵੇਂ ਸਰੀਰ ਜੀ। ਸੰਧੂਆਂ ਵਕ਼ਤ ਆ ਜਵੇ ਦੁਬਾਰ ਜੀ। ਕੱਢੇ ਫੁਲਕਾਰੀ ਬੈਠੀ ਮੁਟਿਆਰ ਜੀ।

ਪਾਣੀ ਦੀ ਕੀਮਤ

ਨਵੀਂ ਕਹਾਣੀ ਕਾਂ ਵਾਲੜੀ ਤੁਸੀਂ ਭਰਾਵੋ ਸੁਣਲੋ। ਡੂੰਘੇ ਹੋਗੇ ਨੀਰ ਵੀਰਨੋ ਨਵਾਂ ਤਰੀਕਾ ਚੁਣਲੋ। ਜਲਾਂ ਬਾਝੋਂ ਪੰਛੀ ਤੜਫੇ ਹੋਗੀ ਅਜ਼ਬ ਕਹਾਣੀ। ਜਲ ਨੀ ਮਿਲਣਾ ਜਦੋਂ ਸੱਜਣੋਂ, ਤੜਫੂ ਜਿੰਦ ਨਿਮਾਣੀ। ਜਲ ਦੇ ਵੈਰੀ ਤੁਸੀਂ ਬਣਗੇ ਕਹਿ ਕਹਿ ਥੱਕੇ ਗਿਆਨੀ। ਖਿੱਚੀ ਜਾਂਦੇ ਧਰਤ ਚੋਂ ਪਾਣੀ ਲੱਗਦੀ ਨਹੀਂ ਦੁਆਨੀ। ਇੱਕ ਦਿਨ ਤੈਨੂੰ ਹਰਨਾ ਪੈਣਾ ਜੇ ਨ ਗੱਲ ਪਛਾਣੀ। ਜਲ ਨੀ ਮਿਲਣਾ ਜਦੋਂ ਸੱਜਣੋਂ ਤੜਫੂ ਜਿੰਦ ਨਿਮਾਣੀ। ਫਸਲੀ ਚੱਕਰ ਵਿਗੜਿਆ ਸਾਡਾ ਝੋਰਾ ਇਹੀ ਗੱਲ ਦਾ। ਵਿਚ ਦੇਸ਼ ਦੇ ਕੰਮ ਨੀ ਕਰਦੇ ਹੋਇਆ ਵਿਦੇਸ਼ੀ ਵੱਲ ਦਾ। ਪਸ਼ੂ ਜੀਵ ਤਾਂ ਵਿੱਚ ਇਸ਼ਾਰੇ ਦੱਸਦੇ ਜਗਤ ਪ੍ਰਾਣੀ। ਜਲ ਨੀ ਮਿਲਣਾ ਜਦੋਂ ਸੱਜਣੋਂ ਤੜਫੂ ਜਿੰਦ ਨਿਮਾਣੀ। ਵਿੱਚ ਘੜੇ ਦੇ ਕੰਕਰ ਪਾਕੇ ਪਾਣੀ ਬਾਹਰ ਨ ਆਵੇ। ਭੁੱਖਦੇ ਨਾਲ ਸਤਾਇਆ ਪੰਛੀ ਲਾੜੀ ਮੌਤ ਵਿਹਾਵੇ। ਬੜਾ ਕੀਮਤੀ ਸੋਮਾ ਸਾਡਾ ਮੁੱਕਦਾ ਜਾਵੇ ਪਾਣੀ। ਜਲ ਨੀ ਮਿਲਣਾ ਜਦੋਂ ਸੱਜਣੋਂ ਤੜਫੂ ਜਿੰਦ ਨਿਮਾਣੀ। ਪੀਰ ਪੈਗੰਬਰ ਪਹਿਲੇ ਸਮਿਆਂ ਤੀਰਥ ਨਾਵਣ ਜਾਂਦੇ। ਸੌ ਰੋਗਾਂ ਦੀ ਇੱਕ ਸੀ ਦਾਰੂ ਜੜੀ ਬੂਟੀਆਂ ਖਾਂਦੇ। ਜਲ ਜੀਵਨ ਆਧਾਰ ਜਗਤ ਤੇ ਵਰਤਣ ਚਾਰੇ ਖਾਣੀ। ਜਲ ਨੀ ਮਿਲਣਾ ਜਦੋਂ ਸੱਜਣੋਂ ਤੜਫੂ ਜਿੰਦ ਨਿਮਾਣੀ। ਪੰਜ ਤੱਤ ਤੋਂ ਬੁਰਜ਼ ਸ਼ਾਜਿਆ ਇਹ ਮਿੱਟੀ ਦੀ ਢੇਰੀ। ਮਾਨਸ ਜਨਮ ਅਮੋਲਕ ਹੀਰਾ ਮੁੜ ਨੀ ਪਾਉਣੀ ਫੇਰੀ। ਹਵਾ ਪਾਣੀ ਜਦੋਂ ਵਿਗੜਦੇ ਉਲਝ ਜਾਂਵਦੀ ਤਾਣੀਂ। ਜਲ ਨੀ ਮਿਲਣਾ ਜਦੋਂ ਸੱਜਣੋਂ ਤੜਫੂ ਜਿੰਦ ਨਿਮਾਣੀ। ਆਖ਼ਰ ਦੇ ਵਿੱਚ ਅਰਜ਼ ਹਮਾਰੀ ਹੱਥ ਅਕਲ ਨੂੰ ਮਾਰੋ। ਹੋਸ਼ ਟਿਕਾਣੇ ਰੱਖਕੇ ਭਾਈ ਸਾਰੇ ਗੱਲ ਵਿਚਾਰੋ। ਬਿੰਨ ਪਾਣੀ ਦੇ ਤੜਫੀ ਵੇਖੀਂ ਜਲ ਦੀ ਸੁੰਦਰ ਰਾਣੀ। ਜਲ ਨੀ ਮਿਲਣਾ ਜਦੋਂ ਸੱਜਣੋਂ ਤੜਫੂ ਜਿੰਦ ਨਿਮਾਣੀ। ਆਓ ਸਾਰੇ ਕੱਠੇ ਹੋਕੇ ਆਪਾਂ ਜਲ ਬਚਾਈਏ। ਇੱਕ ਬੰਦੇ ਦਾ ਕੰਮ ਨ ਵੀਰੋ ਸਮਝੋ ਤੇ ਸਮਝਾਈਏ। ਗੱਲ ਪਤੇ ਸੰਧੂਆਂ ਆਖੇਂ ਸੱਚੀ ਝੂਠ ਨ ਜਾਣੀ। ਜਲ ਨੀ ਮਿਲਣਾ ਜਦੋਂ ਸੱਜਣੋਂ ਤੜਫੂ ਜਿੰਦ ਨਿਮਾਣੀ।

ਜੁਗਨੀ ਜੜੇ ਨਗੀਨੇ

ਗੁਰੂ ਧਿਆਕੇ ਫੇਰ ਗੁਰਾਂ ਨੇ ਮੱਥੇ ਲਾਈ ਕਾਨੀ, ਕਾਵਿ ਚਿਤਰਣ ਰਚੀ ਵੀਰਨੋ,ਪੁਸਤਕ ਜੋ ਵਿਦਵਾਨੀ ਲਿਖਤ ਲਿਖਾਰੀ ਵਾਰੇ ਪੜ੍ਹ ਕੇ ਠੰਢ ਪੇਂਵਦੀ ਸੀਨੇ। ਕਾਵਿ ਰੂਪ ਵਿੱਚ ਕਵਿਤਾ ਰਚਕੇ ਜੁਗਨੀ ਜੜੇ ਨਗੀਨੇ। ਚਾਰ ਮਹਾ ਪੁਰਸ਼ਾਂ ਨੂੰ ਸਮਰਪਤ,ਸੋਹਣੀ ਲਿੱਖਤ ਰਚਾਈ। ਹਰ ਇੱਕ ਦੀ ਤਸਵੀਰ ਲਗਾ ਕੇ, ਰਚਨਾ ਫੇਰ ਲਗਾਈ। ਮਿਹਨਤ ਕੀਤੀ ਦਿੱਸਦੀ ਭਾਰੀ ਲਾਏ ਕਈ ਮਹੀਨੇ। ਕਾਵਿ ਰੂਪ ਵਿੱਚ ਕਵਿਤਾ ਰਚਕੇ ਜੁਗਨੀ ਜੜੇ ਨਗੀਨੇ। ਨਾਮ ਤਖ਼ੱਲਸ ਪਿੰਡ ਪੜ੍ਹਾਈ ਦੱਸੇ ਗੋਤ ਘਰਾਣੇ। ਜੋੜੀ ਉਤੋਂ ਕਰਕੇ ਵਾਰਨੇ ਗਿਣਤੇ ਬਾਲ ਨਿਆਣੇ। ਪੇਸ਼ੇ ਵਾਜੋਂ ਕੰਮ ਕੀ ਕਰਦੇ ਅਹੁਦੇ ਦੱਸੇ ਨਵੀਂ ਨੇ। ਕਾਵਿ ਰੂਪ ਵਿੱਚ ਕਵਿਤਾ ਰਚਕੇ ਜੁਗਨੀ ਜੜੇ ਨਗੀਨੇ। ਕੱਦ ਕਾਠ ਤੇ ਚਹਿਰਾ ਦੱਸਿਆ ਪੱਗ ਮੁੱਛਾਂ ਕੀ ਦਾੜ੍ਹੀ। ਜੀਵਨ ਸਾਥੀ ਸਾਹਿਤ ਕਿਤਾਬਾਂ ਕਿਹੜੇ ਕਿਹੜੇ ਆੜੀ। ਅੰਬਰੀ ਮਾਰ ਉਡਾਰੀ ਉੱਚੀ ਪੈਰ ਰੱਖਣ ਜ਼ਮੀਨੇ। ਕਾਵਿ ਰੂਪ ਵਿੱਚ ਕਵਿਤਾ ਰਚਕੇ ਜੁਗਨੀ ਜੜੇ ਨਗੀਨੇ। ਵੱਖੋ ਵੱਖਰੇ ਛੰਦ ਉਚਾਰੇ ਰਸਨਾਂ ਉਤੇ ਭੱਜਦੇ। ਚਾਲ ਨਿਰਾਲੀ ਗਾਉਂਦੇ ਜਾਈਏ ਉੱਚੀ ਸੁਰ ਵਿੱਚ ਬੱਜਦੇ। ਕਿਤਾਬ ਮੰਗਾ ਕੇ ਗੁੱਡਵਿਲ ਤੋਂ ਪੜ੍ਹ ਕੇ ਬੈਠ ਸੌ਼ਕੀਨੇ। ਕਾਵਿ ਰੂਪ ਵਿੱਚ ਕਵਿਤਾ ਰਚਕੇ ਜੁਗਨੀ ਜੜੇ ਨਗੀਨੇ। ਤੇਈ ਪੁਰਸ਼ ਤੇ ਦੋ ਔਰਤਾਂ ਸਾਰੇ ਨੇ ਵਿਦਵਾਨੀ। ਉੱਚੀ ਵਿੱਦਿਆ ਡਿਗਰੀ ਲੈਕੇ ਕਰਗੇ ਕਈ ਗਿਆਨੀ। ਉੱਚੀ ਸੋਚ ਉਡਾਰੀ ਲਾਕੇ ਫੜ੍ਹੇ ਕਬੂਤਰ ਚੀਨੇ। ਕਾਵਿ ਰੂਪ ਵਿੱਚ ਕਵਿਤਾ ਰਚਕੇ ਜੁਗਨੀ ਜੜੇ ਨਗੀਨੇ। ਸਿਹਤ ਚੰਗੇਰੀ ਉਮਰ ਵਡੇਰੀ ਲਈ ਮੈਂ ਕਰਾਂ ਦੁਆਵਾਂ। ਮਾਂ ਬੋਲੀ ਪੰਜਾਬੀ ਦੇ ਲਈ, ਦੇਂਦੇ ਰਹਿਣ ਸੇਵਾਵਾਂ। ਕਵਿਤਾ ਰੂਪੀ ਵੰਡਣ ਖਜ਼ਾਨਾਂ ਛੰਦਾਂ ਵਿੱਚ ਪ੍ਰਵੀਨੇ। ਕਾਵਿ ਰੂਪ ਵਿੱਚ ਕਵਿਤਾ ਰਚਕੇ ਜੁਗਨੀ ਜੜੇ ਨਗੀਨੇ। ਪੜ੍ਹਕੇ ਸੰਧੂਆਂ ਪਾਠ ਵੇਖਣਾ ਬੜਾ ਹੀ ਮਨ ਭਾਵੇਂ। ਚਾਲ ਨਿਰਾਲੀ ਛੰਦਾਂ ਵਾਲੀ ਜਮਾਂ ਨ ਹੁੜਕਾ ਆਵੇਂ। ਦਾਨੀ ਅਤੇ ਭਗਤ ਸੂਰਮੇ ਜਿਉਂਦੇ ਜੱਗ ਤੇ ਤੀਨੇ। ਕਾਵਿ ਰੂਪ ਵਿੱਚ ਕਵਿਤਾ ਰਚਕੇ ਜੁਗਨੀ ਜੜੇ ਨਗੀਨੇ।

ਅਪਣੀ ਬੋਲੀ ਅਪਣਾ ਵਿਰਸਾ

ਸੱਭਿਆਚਾਰ ਸਿਖਾਵੇ ਸਾਨੂੰ,ਇੱਕ ਜੁੱਟ ਹੋਕੇ ਰਹਿਣਾ। ਵੱਡਿਆ ਦਾ ਸਤਿਕਾਰ ਕਰਦਿਆਂ,ਮਿਲ ਜੁਲ ਕੱਠੇ ਬਹਿਣਾ। ਦਾਦੀ ਮਾਂ ਤੋਂ ਬਾਤਾਂ ਸੁਣਕੇ,ਬੁੱਕਲ ਨਿੱਘ ਹੰਡਾਈਏ। ਅਪਣੀ ਬੋਲੀ ਅਪਣਾ ਵਿਰਸਾ,ਕਦੇ ਨ ਮਨੋ ਭਲਾਈਏ। ਬੇਦ ਕਤੇਬ ਅਤੇ ਸਿਮਰਤੀਆਂ,ਸ੍ਰੀ ਗੁਰੂ ਗ੍ਰੰਥ ਉਚਾਰੇ। ਅਨਮੋਲ ਖਜ਼ਾਨਾ ਦੇਕੇ ਸਾਨੂੰ ,ਤਪਦੇ ਹਿਰਦੇ ਠਾਰੇ। ਸਮੇਂ ਵਿੱਚੋ ਸਮਾ ਕੱਢਕੇ ,ਪੜ੍ਹਕੇ ਗਿਆਨ ਵਧਾਈਏ। ਅਪਣੀ ਬੋਲੀ ਅਪਣਾ ਵਿਰਸਾ,ਕਦੇ ਨ ਮਨੋ ਭਲਾਈਏ। ਰਾਗੀ ਢਾਡੀ ਅਤੇ ਕਵੀਸ਼ਰ,ਗਾਉਦੇ ਸ਼ਬਦ ਪਿਆਰੇ। ਵਾਰਸ਼ ਬੁੱਲੇ ਅਤੇ ਦਮੋਦਰ,ਲਿੱਖਗੇ ਕਾਵਿ ਨਿਆਰੇ। ਜਮਲੇ ਜੱਟ ਦੀ ਤੂੰਬੀ ਸੁਣਕੇ,ਫੋਕ ਪੰਜਾਬੀ ਗਾਈਏ। ਅਪਣੀ ਬੋਲੀ ਅਪਣਾ ਵਿਰਸਾ,ਕਦੇ ਨ ਮਨੋ ਭਲਾਈਏ। ਟਾਗਾ ਰੇਹੜੀ ਗੰਡਾ ਵੀਰੋ,ਸਾਧਨ ਹੋਏ ਪੁਰਾਣੇ। ਮੱਖਣ ਲੱਸੀ ਬੇੜਾ ਹੁਣ ਨਾ,ਖਾਦੇ ਬਾਲ ਨਿਆਣੇ। ਵਿੱਚ ਕੜਾਹੀ ਦੁੱਧ ਕਾੜਕੇ,ਖੋਆ ਕੱਢ ਖਲਾਈਏ। ਅਪਣੀ ਬੋਲੀ ਅਪਣਾ ਵਿਰਸਾ,ਕਦੇ ਨ ਮਨੋ ਭਲਾਈਏ। ਵਿਆਹਾਂ ਦੇ ਵਿਚ ਲੱਡੂ ਵੱਟਣੇ ,ਨਾਲੇ ਭੰਗੜੇ ਪਾਉਣੇ। ਸੁਹਾਗ ਟੱਪੇ ਅਤੇ ਘੋੜੀਆਂ, ਉੱਚੀ ਸੁਰ ਵਿੱਚ ਗਾਉਣੇ। ਮਾਮੇ ਫੁੱਫੜ ਜੀ ਦੀ ਮਿਲਣੀ ,ਤੋਂ ਕੰਮ ਸ਼ੁਰੂ ਕਰਾਈਏ। ਅਪਣੀ ਬੋਲੀ ਅਪਣਾ ਵਿਰਸਾ,ਕਦੇ ਨ ਮਨੋ ਭਲਾਈਏ। ਫੋਟੋ ਟੰਗੀ ਕੰਧ ਤੇ ਜਿਹੜੀ,ਪੁੱਛਦੇ ਬਾਲ ਨਿਆਣੇ। ਇਹ ਨ ਦਿੱਸਦੇ ਬਾਪੂ ਸਾਨੂੰ ਕਿਧਰ ਗਏ ਸਿਆਣੇ। ਕੇਸ ਵੰਸ਼ ਦੇ ਵਾਰਸ ਤੁਸੀਂ, ਬੈਠਕੇ ਹਾਲ ਸੁਣਾਈਏ। ਅਪਣੀ ਬੋਲੀ ਆਪਣਾ ਵਿਰਸਾ,ਕਦੇ ਨ ਦਿਲੋਂ ਭਲਾਈਏ। ਸਿਰ ਦੁਪੱਟਾ ਅਤੇ ਕੇਸਕੀ ਫੱਬਦੀ ਹੈ ਫੁਲਕਾਰੀ। ਪੱਗ ਦੁਮਾਲਾ ਬੰਨ ਵੀਰਨਾ ਬਖਸ਼ੀ ਹੈ ਸਰਦਾਰੀ। ਸ਼ਬਦ ਨਗੀਨੇ ਚੁਣ ਪੈਤੀ 'ਚੋ ਮਾਲਾ ਇੱਕ ਬਣਾਈਏ। ਅਪਣੀ ਬੋਲੀ ਆਪਣਾ ਵਿਰਸਾ,ਕਦੇ ਨ ਦਿਲੋਂ ਭਲਾਈਏ। ਚੱਲੋ ਚਲੀ ਦਾ ਮੇਲਾ ਇਥੇ,ਬੈਠ ਸਦਾ ਨੀ ਰਹਿਣਾ। ਭਗਤੀ ਕਰਲੈ ਸੱਚੇ ਰੱਬਦੀ,ਮੰਨ ਕੇ ਗੁਰਾ ਦਾ ਕਹਿਣਾ। ਰੋਜ਼ੀ ਰੋਟੀ ਦੇ ਲਈ ਭਾਵੇਂ ,ਵਿੱਚ ਵਿਦੇਸ਼ਾ ਜਾਈਏ ਅਪਣੀ ਬੋਲੀ ਅਪਣਾ ਵਿਰਸਾ,ਕਦੇ ਨ ਮਨੋ ਭਲਾਈਏ। ਜੂੜਾ ਕਰਕੇ ਬੇਬੇ ਜੀ ਨੇ ,ਪੜ੍ਹਨ ਸਕੂਲੇ ਪਾਇਆ। ਗੁਰਮੁਖੀ ਦੀ ਲੈਕੇ ਵਿੱਦਿਆ,ਸੱਚਦਾ ਨਾਮ ਧਿਆਇਆ। ਦਸਮ ਪਿਤਾ ਦਾ ਤਾਜ ਬਖਸ਼ਿਆ,ਸੰਧੂਆ ਸੀਸ ਸਜਾਈਏ। ਅਪਣੀ ਬੋਲੀ ਆਪਣਾ ਵਿਰਸਾ,ਕਦੇ ਨ ਦਿਲੋਂ ਭਲਾਈਏ।

ਚਿੱੜੀ ਅਤੇ ਕਾਂ ਦੀ ਕਹਾਣੀ

ਇੱਕ ਰੁੱਖ਼ ਤੇ ਦੋਂਵੇਂ ਕੱਠੇ ਕਾਂ ਚਿੱੜੀ ਸੀ ਬਹਿੰਦੇ। ਦੋਵਾਂ ਦੇ ਵਿੱਚ ਹੋਈ ਦੋਸਤੀ ਮਿਲਕੇ ਕੱਠੇ ਰਹਿੰਦੇ। ਆਪਸ ਦੇ ਵਿਚ ਦੱਸਦੇ ਰਹਿੰਦੇ,ਹੋਵੇ ਚੋਗ ਖਿਲਾਰੀ। ਚੋਗ ਚੁਗਣ ਲਈ ਦੋਵੇਂ ਕੱਠੇ ਮਾਰਨ ਦੂਰ ਉਡਾਰੀ। ਚੋਗ ਚੁਗਣ ਲਈ ਰੋਜ ਸਵੇਰੇ ਜਾਣਾ ਦੂਰ ਸੀ ਪੈਂਦਾ। ਦਾਣੇ ਆਪਾਂ ਆਪ ਉਗੀਏ ਕਾਂ ਚਿੱੜੀ ਨੂੰ ਕੈਂਦਾ। ਰੁੱਖ ਦੇ ਨੇੜੇ ਦਾਣੇ ਬੀਜ ਕੇ ਚਿੰਤਾ ਘੱਟੁ ਹਮਾਰੀ ਚੋਗ ਚੁਗਣ ਲਈ ਦੋਵੇਂ ਕੱਠੇ ਮਾਰਨ ਦੂਰ ਉਡਾਰੀ। ਦਾਣੇ ਦੋਵਾਂ ਤਾਈਂ ਭਰਾਵੋ ਲੱਗਦੇ ਬੜੇ ਪਿਆਰੇ। ਦੂਰੋਂ ਦੂਰੋਂ ਲੈਕੇ ਆਏ ਕੱਠੇ ਕਰਲੇ ਭਾਰੇ। ਥੋੜਾ ਥੋੜਾ ਪੁਟ ਖੇਤ ਨੂੰ ਕਰਦੇ ਜਾਣ ਤਿਆਰੀ। ਚੋਗ ਚੁਗਣ ਲਈ ਦੋਵੇਂ ਕੱਠੇ ਮਾਰਨ ਦੂਰ ਉਡਾਰੀ। ਖੇਤ ਜਾਣ ਲਈ ਚਿੱੜੀ ਕਾਂ ਨੂੰ ,ਰੋਜ਼ ਅਵਾਜ਼ ਲਗਾਵੇ । ਲਾਰਾ ਲਾਕੇ ਰੋਜ਼ ਉਸਨੂੰ ਮੁਰਖ ਪਾਇਆ ਬਣਾਵੇ। ਖੇਤ ਨਾ ਜਾਵੇ ਮਸਤੀ ਕਰਕੇ ਜਾਦਾ ਝੱਲ ਖਿਲਾਰੀ। ਚੋਗ ਚੁਗਣ ਲਈ ਦੋਵੇਂ ਕੱਠੇ ਮਾਰਨ ਦੂਰ ਉਡਾਰੀ। ਬੜੀ ਮੇਹਨਤ ਕਰਨ ਦੇ ਪਿਛੋਂ ਫਸਲ ਪੱਕਣ ਤੇ ਆਈ। ਚਿੱੜੀ ਕਾਂ ਨੂੰ ਆਖਣ ਲੱਗੀ ਦਾਣੇ ਕੱਢੀਏ ਭਾਈ। ਲਾਰਿਆ ਵਾਲੀ ਮੁੱਢ ਤੋਂ ਉਸਨੂੰ ਚਿਮੜੀ ਬੂਰੀ ਬਿਮਾਰੀ ਚੋਗ ਚੁਗਣ ਲਈ ਦੋਵੇਂ ਕੱਠੇ ਮਾਰਨ ਦੂਰ ਉਡਾਰੀ। ਦਾਣੇ ਤੂੜੀ ਕੱਢ ਚਿੱੜੀ ਨੇ ,ਕਾਂ ਨੂੰ ਵਾਜ਼ ਲਗਾਈ। ਅਾਪੋ ਅਪਣਾ ਹਿੱਸਾ ਵੰਡੀਏ ਜਲਦੀ ਆਜਾ ਭਾਈ। ਦਾਣੇ ਸਾਰੇ ਕਾਂਗ ਨੇ ਰੱਖਕੇ, ਬੁਰੀ ਮਾਰ ਆ ਮਾਰੀ। ਚੋਗ ਚੁਗਣ ਲਈ ਦੋਵੇਂ ਕੱਠੇ ਮਾਰਨ ਦੂਰ ਉਡਾਰੀ। ਬੇ-ਇਨਸਾਫੀ ਤੱਕਕੇ ਰੱਬ ਨੇ,ਆਪਣਾ ਰੰਗ ਵਿਖਾਇਆ। ਤੇਜ਼ ਹਨੇਰੀ ਮੀਂਹ ਵਰਸਾਕੇ,ਪਾਪੀ ਮਾਰ ਮੁਕਾਇਆ। ਕੀਰਤੀ ਦੇ ਨਾਲ ਕੀਤਾ ਧੱਕਾ,ਪੈਂਦਾ ਸਦਾ ਹੀ ਭਾਰੀ। ਚੋਗ ਚੁਗਣ ਲਈ ਦੋਵੇਂ ਕੱਠੇ ਮਾਰਨ ਦੂਰ ਉਡਾਰੀ। ਸੱਚੇ ਦਿਲੋਂ ਮੇਹਨਤ ਕੀਤੀ ਇੱਕ ਦਿਨ ਰੰਗ ਲਿਆਉਂਦੀ। ਮੇਹਨਤ ਦਾ ਫਲ ਮਿੱਠਾ ਹੋਵੇ,ਕਹਾਣੀ ਗੱਲ ਸਮਝਾਉਦੀ। ਸੰਧੂਆਂ ਤੇਰੇ ਕੱਖ ਨਾ ਪੱਲੇ ਬਣਿਆ ਫਿਰੇ ਲਿਖਾਰੀ। ਚੋਗ ਚੁਗਣ ਲਈ ਦੋਵੇਂ ਕੱਠੇ ਮਾਰਨ ਦੂਰ ਉਡਾਰੀ।

ਉੱਤਮ ਜੂਨੀ

ਉੱਤਮ ਜੂਨੀ ਬਖਸ਼ੀ ,ਸਭ ਤੋਂ ਤੈਨੂੰ ਬੰਦਿਆਂ ਉਏ ਪਰ ਤੂੰ ਜਮਾ ਨਾ ਜੀ ਇਸਦੀ ਕਦਰ ਪਛਾਣੀ। ਟੁੱਕੜਾ ਹਰ ਇਕ ਤੇਰੇ,ਤਨਦਾ ਬੜਾ ਅਨਮੋਲਕ ਹੈ ਸੂਰਮੇ ਸਿੰਘ ਤੋਂ ਪੁੱਛਲੈ,ਵੀਰਾ ਅਸਲ ਕਹਾਣੀ। ਮਾੜੀ ਸੰਗਤ ਹੋਵੇ ,ਬੂਹਾ ਵੀਰੋ ਨਰਕਾ ਦਾ ਸੰਗ ਕੁਸੰਗਿਆ ਛੱਡ , ਲੱਭ ਲੈ ਚੰਗੇ ਹਾਣੀ। ਮਨ ਨੂੰ ਨੀਵਾਂ ਕਰਲੈ, ਮੱਤ ਜੇ ਕਰਨੀ ਉੱਚੀ ਤੈਂ ਨੁਕਤਾ ਉੱਤਮ ਦੱਸਿਆ ,ਗੁਰੂਆਂ ਵਿੱਚ ਗੁਰਬਾਣੀ। ਭੱਜ ਕੇ ਦੁਨੀਆਂ ਭਾਵੇਂ ,ਵੇਖ ਲਈ ਤੂੰ ਸਾਰੀ ਉਏ ਕੌਡੀ ਇੱਕ ਨਾ ਪੱਲੇ, ਨਾਲ ਬੰਦਿਆਂ ਜਾਣੀ। ਪਲ ਪਲ ਸਮਾਂ ਬੀਤਦਾ, ਜਾਵੇਂ ਤੇਰੀ ਜਿੰਦੜੀ ਦਾ ਗੁਰਿੰਦਰ ਸਿੰਘਾਂ ਬੀਤਗੀ, ਤੇਰੀ ਉਮਰ ਨਿਆਣੀ।

ਚਾਇਨਾ ਡੋਰ

ਚਾਇਨਾ ਡੋਰ ਵੇਖਲੋ ਕਾਤਲ ਬਣਗੀ ਜਾਨਾਂ ਦੀ, ਲੱਗ ਕੇ ਤਨ ਕੱਟ ਦੀ ਜਿਉ ਲੱਕੜ ਨੂੰ ਆਰੀ। ਚੱਲਦੇ ਮਾਰਗ ਉਤੇ ਖਿਲਰੀਆਂ ਪਈਆ ਡੋਰਾ ਤੋਂ , ਪਸ਼ੂ ਪੰਛੀ ਅਤੇ ਦੁੱਖੀ ਹੋਏ ਸੰਸਾਰੀ। ਭੈੜੀ ਮਾਰ ਡੋਰ ਦੀ ਵੇਖੋ ਵਿੱਚ ਅਸਮਾਨਾ ਦੇ, ਪੰਛੀ ਡਰਦੇ ਨਾ ਜੀ ਮਾਰਨ ਅੰਬਰ ਉਡਾਰੀ। ਕੈਸੀ ਖੇਡ ਵੇਖਲੋ ਬਣਗੀ ਅੱਜ ਪਰਾਣੀ ਦੀ, ਮੌਤ ਨੂੰ ਮਾਸੀ ਆਖਣ ਸੰਧੂਆਂ ਗੱਲ ਨਿਆਰੀ। ਆਪਣਾ ਆਪ ਬਚਾਉਣਾ ਵੀਰੋ ਮੁਰਖ ਟੋਲਿਆ ਤੋਂ, ਹਾਨੀ ਝੱਲਣੀ ਪਓ ਨਹੀਂ ਵੀਰਨੋ ਭਾਰੀ। ਆਵੇ ਸਮਝ ਪਤਾ ਨੀ ਗੱਲ ਅਕਲ ਦੇ ਅੰਨਿਆ ਨੂੰ, ਲਿੱਖ ਕੇ ਮੱਤ ਦੇਂਵਦੇ ਕਵਿਤਾ ਵਿੱਚ ਲਿਖਾਰੀ।

ਸੀਤ ਲਹਿਰ

ਚੱਲਦੀ ਸੀਤ ਲਹਿਰ ਹੈ ਭਾਰੀ। ਜਾਂਦੀ ਹੱਥ ਪੈਰ ਜੋ ਠਾਰੀ। ਹੋਈ ਪਈ ਗੱਲ ਨਿਆਰੀ। ਵੇਖਲੋ ਕੁਦਰਤ ਰਾਣੀ ਜੀ। ਸੀਤ ਲਹਿਰ ਨੂੰ ਝੱਲਦੇ ਧੰਨ ਨੇ ਪਸ਼ੂ ਪਰਾਣੀ ਜੀ। ਰਹਿਣ ਨੂੰ ਮਿਲਦਾ ਨਹੀਂ ਟਿਕਾਣਾ। ਮੰਨਦੇ ਓਸ ਕੁਦਰਤ ਭਾਣਾ। ਨਿੱਤ ਹੀ ਲੱਭਣਾ ਪੈਂਦਾ ਦਾਣਾ। ਕੰਮ ਨਾ ਸੌਖਾ ਜਾਣੀ ਜੀ। ਸੀਤ ਲਹਿਰ ਨੂੰ ਝੱਲਦੇ ਧੰਨ ਨੇ ਪਸ਼ੂ ਪਰਾਣੀ ਜੀ। ਬਹੁਤੇ ਰੁੱਖਾਂ ਉੱਤੇ ਵੱਸੇ ਦੇ। ਫਿਰ ਵੀ ਰਹਿੰਦੇ ਸਦਾ ਹੱਸ ਦੇ। ਪੱਤੀਆਂ ਜੌੜ ਆਲ੍ਹਣਾ ਕੱਸ ਦੇ। ਦੇਖਕੇ ਨਰਮ ਜਹੀ ਟਾਹਣੀ ਜੀ ਸੀਤ ਲਹਿਰ ਨੂੰ ਝੱਲਦੇ ਧੰਨ ਨੇ ਪਸ਼ੂ ਪਰਾਣੀ ਜੀ। ਜਾਂਦੇ ਆਪਣਾ ਵਕ਼ਤ ਲਗਾਈ। ਲੱਭ ਕੇ ਖੁੰਡ ਗੌਰਨਾ ਭਾਈ ਵੇਖੋ ਦਾਤੇ ਖੇਡ ਰਚਾਈ ਅੰਡਜ ਜੇਰਜ ਖਾਣੀ ਜੀ ਸੀਤ ਲਹਿਰ ਨੂੰ ਝੱਲਦੇ ਧੰਨ ਨੇ ਪਸ਼ੂ ਪਰਾਣੀ ਜੀ। ਬੰਦਿਆਂ ਗੱਲ ਤੇਰੀ ਹੈ ਮਾੜੀ। ਜਾਵੇ ਰੁੱਖਾਂ ਤਾਂਹੀ ਉਜਾੜੀ। ਸੰਧੂਆਂ ਛੱਡ ਹੱਥੋਂ ਕੁਹਾੜੀ ਬਚਜੁ ਜਿੰਦ ਨਿਮਾਣੀ ਜੀ। ਸੀਤ ਲਹਿਰ ਨੂੰ ਝੱਲਦੇ ਧੰਨ ਨੇ ਪਸ਼ੂ ਪਰਾਣੀ ਜੀ।

ਨਕਲ ਬੁਰੀ ਬਿਮਾਰੀ

ਟੀਚਰ ਨੇ ਜੋ ਦੱਸਿਆ ਓਹ ਚੇਤੇ ਕਰੀਏ ਜੀ। ਵਾਧੂ ਘੁੰਮਣਾ ਛੱਡਕੇ ਘਰ ਬੈਠੇ ਪੜ੍ਹੀਏ ਜੀ। ਮਨ ਚਿੱਤ ਲਾਕੇ ਕਰਨਾ ਤੁਸੀਂ ਖੂਬ ਤਿਆਰੀ ਜੀ। ਨਕਲ ਤੁਸਾਂ ਨਾ ਕਰਨੀ ਬੱਚਿਓ ਬੁਰੀ ਬਿਮਾਰੀ ਜੀ। ਪੜ੍ਹਕੇ ਅੱਗੇ ਵੱਧਣਾ ਹੈ ਏ ਗੱਲ ਸਿਆਣੀ ਜੀ। ਬਚਨ ਗੁਰੂ ਦੇ ਦਿੰਦੇ ਵੀਰੋ ਬਦਲ ਕਹਾਣੀ ਜੀ। ਕੋਲ ਬੈਠਕੇ ਸਿੱਖਲਾ ਗੱਲ ਤੂੰ ਬੜੀ ਪਿਆਰੀ ਜੀ। ਨਕਲ ਤੁਸਾਂ ਨਾ ਕਰਨੀ ਬੱਚਿਓ ਬੁਰੀ ਬਿਮਾਰੀ ਜੀ। ਮਾਂ ਬਾਪ ਨੇ ਝੱਲਦੇ ਖਰਚਾ ਬੜਾ ਪੜਾਈ ਦਾ। ਬੱਚਿਓ ਸਮਾਂ ਕਦੇ ਨਹੀਂ ਘੁੰਮ ਗਵਾਈ ਦਾ। ਮੁੱਲ ਅਸਲੀ ਹੈ ਪੈਦਾ ਵਿੱਦਿਆ ਜਿਸ ਵਿਚਾਰੀ ਜੀ। ਨਕਲ ਤੁਸਾਂ ਨਾ ਕਰਨੀ ਬੱਚਿਓ ਬੁਰੀ ਬਿਮਾਰੀ ਜੀ। ਪਰਚੀ ਨਾਲ ਕੰਮ ਕਰਦਿਆ ਕਦੇ ਨੰਬਰ ਆਉਂਦੇ ਨੀ। ਉੱਚੇ ਰੁਤਬੇ ਮਿਹਨਤ ਬਿਨਾ ਕਦੇ ਭਾਉਂਦੇ ਨੀ। ਬਿਨਾਂ ਗਿਆਨ ਤੋਂ ਝੱਲਣੀ ਪਾਉ ਮਾਰ ਹੈ ਭਾਰੀ ਜੀ। ਨਕਲ ਤੁਸਾਂ ਨਾ ਕਰਨੀ ਬੱਚਿਓ ਬੁਰੀ ਬਿਮਾਰੀ ਜੀ। ਉੱਤਮ ਸਮਾ ਮਿਲਿਆ ਸਾਨੂੰ ਗਿਆਨ ਵਧਾਉਣੇ ਦਾ। ਵੱਡਿਆ ਦੀ ਗੱਲਾਂ ਮੰਨਕੇ ਚੰਗੇ ਕਰਮ ਕਮਾਉਣੇ ਦਾ ਕਪਟ ਨਾਲ ਸੀ ਹਰਗੇ ਕਈ ਯੋਧੇ ਬਲਕਾਰੀ ਜੀ। ਨਕਲ ਤੁਸਾਂ ਨਾ ਕਰਨੀ ਬੱਚਿਓ ਬੁਰੀ ਬਿਮਾਰੀ ਜੀ। ਪੜ੍ਹਲੋ ਪੜ੍ਹਲੋ ਆਖਣ ਸਾਨੂੰ ਟੀਚਰ ਸਾਰੇ ਜੀ। ਬੱਚਾ ਉਹ ਪਛਤਾਵੇ ਜੋ ਨਾ,ਗੱਲ ਵਿਚਾਰੇ ਜੀ। ਉੱਦਮੀ ਲੋਕਾਂ ਸਦਾ ਸੰਧੂਆਂ ਬਾਜੀ ਮਾਰੀ ਜੀ। ਨਕਲ ਤੁਸਾਂ ਨਾ ਕਰਨੀ ਬੱਚਿਓ ਬੁਰੀ ਬਿਮਾਰੀ

ਤੱਤੀ ਤਵੀ ਤੇ ਬੈਠ ਗੁਰਾਂ ਨੇ

ਰਾਮਦਾਸ ਜੀ ਪਿਤਾ ਪਿਆਰੇ ਮਾਤਾ ਭਾਨੀ ਜੀ। ਅਰਜਨ ਦੇਵ ਜੀ ਕਰਦੇ ਸੇਵਾ ਵੱਡੇ ਦਾਨੀ ਜੀ। ਸੱਚ ਨੂੰ ਦੱਬਣ ਲਈ ਮਾੜਾ ਹੁਕਮ ਸੁਣਾ ਦਿੱਤਾ। ਤੱਤੀ ਤਵੀ ਤੇ ਬੈਠ ਗੁਰਾਂ ਨੇ ਜ਼ੁਲਮ ਮਿਟਾ ਦਿੱਤਾ। ਕੱਟੜ ਲੋਕਾਂ ਭਰਤੇ ਕੰਨ ਚੱਕ ਚਕਾਕੇ ਜੀ। ਜਹਾਂਗੀਰ ਭੜਕਇਆਂ ਸਭ ਝੂਠ ਸੁਣਾਕੇ ਜੀ। ਲਾਬੋ ਲਾਕੇ ਅੱਗ ਦਾ ਪਾਪੀ ਜ਼ੁਲਮ ਕਮਾ ਦਿੱਤਾ। ਤੱਤੀ ਤਵੀ ਤੇ ਬੈਠ ਗੁਰਾਂ ਨੇ ਜ਼ੁਲਮ ਮਿਟਾ ਦਿੱਤਾ। ਖਬਰ ਗਰਾਂ ਦੀ ਸੁਣਕੇ ਮੱਚੀ ਹੱਕਾ ਕਾਰ ਬਈ। ਮਨ ਵਿੱਚ ਰੋਸ ਬੜਾ ਸੀ ਦੇਣਾ ਪਾਪੀ ਮਾਰ ਬਈ। ਜਹਾਂਗੀਰ ਨੇ ਕੁਲ ਆਪਣੀ ਨੂੰ ਦਾਗ ਲਗਾ ਦਿੱਤਾ। ਤੱਤੀ ਤਵੀ ਤੇ ਬੈਠ ਗੁਰਾਂ ਨੇ ਜ਼ੁਲਮ ਮਿਟਾ ਦਿੱਤਾ। ਦੂਰੋ ਦੂਰੋ ਚੱਲ ਕੇ ਭਾਰੀ ਸੰਗਤ ਆਈ ਜੀ। ਡਾਡਾ ਜ਼ੁਲਮ ਕਮਾਇਆਂ ਭਗਤਾ ਲਾਹਨਤ ਪਾਈ ਜੀ। ਗੁਰ ਨਾਨਕ ਦੀ ਗੱਦੀ ਨੇ ਹੈ ਤਖਤ ਹਿਲਾ ਦਿੱਤਾ। ਤੱਤੀ ਤਵੀ ਤੇ ਬੈਠ ਗੁਰਾਂ ਨੇ ਜ਼ੁਲਮ ਮਿਟਾ ਦਿੱਤਾ। ਹੁਕਮ ਦਿਉ ਗੁਰੂ ਜੀ ਇੱਟ ਨਾਲ, ਇੱਟ ਖੜਕਾਈਏ ਜੀ। ਜ਼ੁਲਮ ਕਮਾਉਂਦੇ ਜਿਹੜੇ ਉਹਨੂੰ ਸਬਕ ਸਿਖਾਈਏ ਜੀ। ਭਾਣਾ ਮੰਨਣਾ ਓਸਦਾ ਗੁਰਾਂ ਮੂਖੋਂ ਫੁਰਮਾ ਦਿੱਤਾ। ਤੱਤੀ ਤਵੀ ਤੇ ਬੈਠ ਗੁਰਾਂ ਨੇ ਜ਼ੁਲਮ ਮਿਟਾ ਦਿੱਤਾ। ਦਾਨੀ ਭਗਤ ਸੂਰਮੇ ਜੱਗ ਨੂੰ ਤਾਰ ਆਉਂਦੇ ਨੇ। ਗੁਰੂ ਪੀਰ ਤਾਂ ਸੰਧੂਆਂ ਸੱਚੀ ਗੱਲ ਸੁਣਾਉਂਦੇ ਨੇ। ਲੱਗ ਮਾਇਆ ਦੇ ਪਿੱਛੇ ਪਾਪੀ ਖੁਦਾ ਭੁਲਾ ਦਿੱਤਾ। ਤੱਤੀ ਤਵੀ ਤੇ ਬੈਠ ਗੁਰਾਂ ਨੇ ਜ਼ੁਲਮ ਮਿਟਾ ਦਿੱਤਾ।

ਪਛਾਣ ਗੁਰੂ ਦੀ

ਬੋਲ ਸਦਾ ਹੀ ਰਸਨਾਂ ਵਿੱਚੋਂ ਮਿੱਠੇ ਉਚਾਰੋ ਜੀ। ਲਿੱਖਕੇ ਸੋਹਣੇ ਛੰਦ ਵੀਰਨੋ ਹਿਰਦੇ ਠਾਰੋ ਜੀ। ਕੱਢ ਕੇ ਕਦੇ ਸਮਾ ਸੰਗਤ ਮਾਣ ਗੁਰੂ ਦੀ ਜੀ। ਤੇਰੀ ਕਵਿਤਾ ਵਿੱਚ ਝਲਕੇ ਪਛਾਣ ਗੁਰੂ ਦੀ ਜੀ। ਗੁਰੂ ਦੇਵੇਂ ਚੀਜ਼ ਬੜੀ ਅਨਮੋਲ ਹੀਰਾ ਜੀ। ਇਹ ਨ ਮਿਲਦੀ ਸੌਖੀ ਸਾਂਭ ਲੈ ਸੋਹਣਿਆਂ ਵੀਰਾ ਜੀ। ਚੰਗੀ ਕਵਿਤਾ ਲਿੱਖਕੇ ਛਾਤੀ ਤਾਣ ਗੁਰੂ ਦੀ ਜੀ। ਤੇਰੀ ਕਵਿਤਾ ਵਿੱਚ ਝਲਕੇ ਪਛਾਣ ਗੁਰੂ ਦੀ ਜੀ। ਗੁਰੂ ਹੋਵੇ ਗੁੜ ਤਾ ਚੇਲਾ ਸ਼ਕਰ ਹੋਵੇ ਜੀ। ਮੰਨਦਾ ਜਿਹੜਾ ਕਹਿਣਾ ਬੈਠ ਕਦੇ ਨਾ ਰੋਵੇ ਜੀ। ਮੁੱਕਦਾ ਨਹੀਂ ਖਜ਼ਾਨਾ ਲੁੱਟ ਲੈ ਖਾਣ ਗੁਰੂ ਦੀ ਜੀ। ਤੇਰੀ ਕਵਿਤਾ ਵਿੱਚ ਝਲਕੇ ਪਛਾਣ ਗੁਰੂ ਦੀ ਜੀ। ਚੰਗਾ ਪੜ੍ਹਨਾ ਲਿੱਖਣਾ ਸੁਣਨਾ ਕੰਮ ਸਿਆਣਿਆਂ ਦਾ। ਬਚਨ ਗੁਰੂ ਦਾ ਮੰਨਣਾ ਹੁੰਦਾ ਕੰਮ ਨਿਮਾਣਿਆ ਦਾ। ਪਾਰਸ ਮੁੰਦਰੀ ਬੜੀ ਕੀਮਤੀ ਜਾਣ ਗੁਰੂ ਦੀ ਜੀ। ਤੇਰੀ ਕਵਿਤਾ ਵਿੱਚ ਝਲਕੇ ਪਛਾਣ ਗੁਰੂ ਦੀ ਜੀ। ਖਾਲੀ ਹੋਕੇ ਭਰਲੈ ਵੀਰਾ ਖੂਬ਼ ਖਜ਼ਾਨੇ ਨੂੰ । ਕਵਿਤਾ ਦੇ ਰਸ ਰਾਹੀਂ ਰੰਗਲੈ ਏਸ ਜਮਾਨੇ ਨੂੰ। ਝੋਕ ਕਬਿੱਤ ਸੁਰੀਲੀ ਸੁਣਲੈ ਗਾਣ ਗੁਰੂ ਦੀ ਜੀ। ਤੇਰੀ ਕਵਿਤਾ ਵਿੱਚ ਝਲਕੇ ਪਛਾਣ ਗੁਰੂ ਦੀ ਜੀ। ਹੰਸ ਸਰੋਤਿਆ ਵਾਂਙੂ ਮੰਨ ਲੈ ਬਚਨ ਪਿਆਰੇ ਜੀ। ਕੁੱਝ ਨੀ ਪੈਂਦਾ ਪੱਲੇ ਜੋ ਨਾ ਗੱਲ ਵਿਚਾਰੇ ਜੀ। ਛੱਡ ਦੇ ਤੀਰ ਕਮਾਨੋ ਦਿੰਦੀ ਬਾਣ ਗੁਰੂ ਦੀ ਜੀ। ਤੇਰੀ ਕਵਿਤਾ ਵਿੱਚ ਝਲਕੇ ਪਛਾਣ ਗੁਰੂ ਦੀ ਜੀ। ਗੁਰੂ ਬਿਨਾਂ ਗੱਤ 'ਤੇ ,ਸ਼ਾਹ ਦੇ ਬਿਨਾਂ ਪੱਤ ਨਹੀਂ। ਸ਼ੁੱਭ ਅਮਲਾ ਦੇ ਬਾਝੋਂ, ਵੀਰੋ ਹੋਣੀ ਗੱਤ ਨਹੀਂ। ਸੰਧੂਆਂ ਵਾਲੇ ਗੱਲ ਬੈਠਕੇ ਸਿਆਣ ਗੁਰੂ ਦੀ ਜੀ। ਤੇਰੀ ਕਵਿਤਾ ਵਿੱਚ, ਝਲਕੇ ਪਛਾਣ ਗੁਰੂ ਦੀ ਜੀ।

ਦੋ ਸੱਸੇ

ਰਤਨਾਂ ਦੇ ਨਾਲ ਭਰਿਆ ਸਰੀਰ ਜੀ, ਕੱਢ ਲੈ ਗਿਆਨ ਨੂੰ। ਥੋੜ੍ਹਾ ਹੋਕੇ ਵੇਖ ਗਹਿਰ ਗੰਭੀਰ ਜੀ,ਜੌੜ ਲੈ ਧਿਆਨ ਨੂੰ। ਬਚਨ ਗੁਰੂ ਦੇ ਉੱਤੇ ਚੱਲੇ ਵੀਰਨੋ,ਹਿਰਦੇ ਨੂੰ ਠਾਰ ਦਾ। ਦੋਵੇਂ ਸੱਸੇ ਹੋਣ ਜਿਹਦੇ ਪੱਲੇ ਵੀਰਨੋ,ਜੱਗ ਤੇ ਨਾ ਹਾਰ ਦਾ। ਤੇਰੇ ਬਿਨਾਂ ਹਿਲਦਾ ਨਾ ਪੱਤਾ ਜੱਗ ਤੇ,ਪ੍ਰੀਤਮ ਪਿਆਰਿਆਂ। ਭਗਤ ਪਿਆਰਾ ਜਿਹੜਾ ਰੱਤਾ ਜੱਗ ਤੇ,ਜਾਵੇਂ ਸਤਿਕਾਰਿਆ। ਧਰਤੀ ਮਹਾਨ ਬੜੀ ਬੱਲੇ ਵੀਰਨੋ,ਟੁੱਕੜਾ ਭੰਡਾਰ ਦਾ। ਦੋਵੇਂ ਸੱਸੇ ਹੋਣ ਜਿਹਦੇ ਪੱਲੇ ਵੀਰਨੋ,ਜੱਗ ਤੇ ਨਾ ਹਾਰ ਦਾ। ਕਰ ਲੈ ਤੂੰ ਬੈਠ ਕੇ ਵਿਚਾਰ ਵੇ ਮਨਾਂ ਆਇਆ ਕਿਹੜੇ ਕੰਮ ਨੂੰ। ਖੋਗਿਆ ਤੂੰ ਵਿੱਚ ਸੰਸਾਰ ਵੇ ਮਨਾਂ,ਲੱਗ ਹੰਢ ਚੰਮ ਨੂੰ। ਉਹੀ ਭਲਵਾਨ ਜਗ੍ਹਾ ਮੱਲੇ ਵੀਰਨੋ,ਦਾਤਾ ਨੀ ਵਿਸਾਰ ਦਾ। ਦੋਵੇਂ ਸੱਸੇ ਹੋਣ ਜਿਹਦੇ ਪੱਲੇ ਵੀਰਨੋ,ਜੱਗ ਤੇ ਨਾ ਹਾਰ ਦਾ। ਇੱਕੋ ਹੀ ਬਚਨ ਜਿਹੜਾ ਤਾਰ ਦੇਂਵਦਾ,ਜਿਸ ਨੇ ਕਮਾਲਿਆ। ਉਹ ਤਾਂ ਫੇਰ ਬਸ ਓਸਨੂੰ ਹੀ ਸੇਂਵਦਾ,ਜਿਸ ਨੇ ਬਚਾਲਿਆ। ਓਹਦਾ ਨਾਮ ਲੈ ਕੰਮ ਦੱਬੇ ਵੀਰਨੋ,ਜੋ ਬਾਲੀ ਸੰਸਾਰ ਦਾ। ਦੋਵੇਂ ਸੱਸੇ ਹੋਣ ਜਿਹਦੇ ਪੱਲੇ ਵੀਰਨੋ,ਜੱਗ ਤੇ ਨਾ ਹਾਰ ਦਾ। ਵੱਡੇ ਵੱਡੇ ਆਏ ਵੇਖੋ ਆਣ ਤੁਰਗੇ, ਛੱਡ ਕੇ ਜਹਾਨ ਨੂੰ। ਪੱਲਾ ਵਿੱਚ ਵਾਂਗ ਨੇ ਪਤਾਸੇ ਖੁਰਗੇ,ਛੱਡਗੇ ਸਮਾਨ ਨੂੰ। ਸ਼ੁਭ ਅਮਲ ਨੇ ਬਸ ਕੱਲੇ ਵੀਰਨੋ,ਰਸਤਾ ਹੈ ਪਾਰ ਦਾ। ਦੋਵੇਂ ਸੱਸੇ ਹੋਣ ਜਿਹਦੇ ਪੱਲੇ ਵੀਰਨੋ,ਜੱਗ ਤੇ ਨਾ ਹਾਰ ਦਾ। ਕਰਾਂ ਕੀ ਸਿਫਤ ਉਸਦੇ ਗਿਆਨ ਦੀ,ਤਿੰਨੇ ਕੀਤੇ ਵੱਸ ਜੀ। ਸੰਗਤ ਹੈ ਕਰੇ ਪੁਰਸ਼ ਮਹਾਨ ਦੀ,ਤਾਹੀਂ ਰਹੇ ਹੱਸ ਜੀ। ਰਤਨਾਂ ਦੇ ਨਾਲ ਭਰੇ ਗੱਲੇ ਵੀਰਨੋ,ਗੁਣ ਸਤਿਕਾਰ ਦਾ ਦੋਵੇਂ ਸੱਸੇ ਹੋਣ ਜਿਹਦੇ ਪੱਲੇ ਵੀਰਨੋ,ਜੱਗ ਤੇ ਨਾ ਹਾਰ ਦਾ। ਸੱਸਾ ਸੰਤੋਖ ਸੱਸਾ ਹੈ ਸਬਰ ਜੀ ਦੱਸਦੇ ਗਿਆਨੀ ਜੋ ਮੈਂ ਮੇਰੀ ਵਾਲੀ ਝੂਠੀ ਹੈ ਖਬਰ ਜੀ ਸਭ ਨੇ ਬਿਆਨੀ ਜੋ ਸੰਧੂਆਂ ਨਾ ਤੇਰੇ ਬਿਨਾਂ ਹੱਲੇ ਵੀਰਨੋ,ਸ਼ੁਕਰ ਗੁਜ਼ਾਰ ਦਾ। ਦੋਵੇਂ ਸੱਸੇ ਹੋਣ ਜਿਹਦੇ ਪੱਲੇ ਵੀਰਨੋ,ਜੱਗ ਤੇ ਨਾ ਹਾਰ ਦਾ।

ਧਨੀ ਕਲਮ ਦੇ

ਕਾਵਿ ਚਿਤਰਣ ਸੰਗਤੇ ਲੱਗਾ ਕਰਨ ਬਿਆਨ। ਢਾਡੀ ਕਲਾ ਵਿੱਚ ਜੋ ਮਹਾਂ ਕਵੀ ਵਿਦਵਾਨ। ਭਾਗਾਂ ਵਾਲੀ ਜਗ੍ਹਾ ਹੁੰਦੀ ਵੱਸਦੇ ਲਿਖਾਰੀ ਜਿੱਥੇ ਉਤੋਂ ਹੋਵੇ ਢਾਡੀ ਗੱਲ ਸਿਫ਼ਤਾਂ ਤੋ ਪਾਰ ਜੀ। ਡੇਰਾ ਬਸੀ ਏਰੀਏ ‘ਚ ਸੁੰਡਰਾਂ ਗਰਾਮ ਪੈਂਦਾ ਢਾਡੀ ਮਕਬੂਲ ਲੋਕੀਂ ਕਰਦੇ ਪਿਆਰ ਜੀ। ਉਨ੍ਹਾਂ ਬਾਰੇ ਲਿੱਖ ਦੇਣਾਂ ਕੰਮ ਨੀ ਸੌਖਾਲਾ ਭਾਈ ਗੁਰਾਂ ਨੂੰ ਧਿਆਕੇ ਲਾਈ ਕਾਨੀ ਮੱਥੇ ਪਾਸ ਜੀ। ਢਾਡੀ ਬਲਦੇਵ ਸਿੰਘ ਦਰਦੀ ਤਖ਼ੱਲਸ ਹੈ ਕਲਮ ਦੇ ਧਨੀ ਲਿਖੇ ਗੁਰ ਇਤਿਹਾਸ ਜੀ। ਪਿਤਾ ਸ਼੍ਰੀ ਕੇਹਰ ਸਿੰਘ ਮਾਤਾ ਕਰਤਾਰ ਕੌਰ ਇੱਕ ਬਾਰਾਂ ਤਰਤਾਲੀ ਜਨਮ ਹੈ ਧਾਰਿਆ। ਕਰਮ ਧਰਮ ਸਿੰਘ ਸੰਪੂਰਨ ਭਰਾ ਤਿੰਨੇ ਚਾਰ ਭੈਣਾਂ ਸੰਗ ਕੱਠੇ ਵਕ਼ਤ ਗੁਜ਼ਾਰਿਆ। ਸੁੰਡਰਾ ਹੈ ਪਿੰਡ ਨੇੜੇ ਤਸੀਲ ਮੁਬਾਰਕ ਪੁਰ ਜ਼ਿਲ੍ਹਾ ਹੈ ਮੋਹਾਲੀ ਜਿੱਥੇ ਕਰਦੇ ਨਿਵਾਸ ਜੀ। ਢਾਡੀ ਬਲਦੇਵ ਸਿੰਘ ਦਰਦੀ ਤਖ਼ੱਲਸ ਹੈ ਕਲਮ ਦੇ ਧਨੀ ਲਿਖੇ ਗੁਰ ਇਤਿਹਾਸ ਜੀ। ਗੁਰੂ ਦੇ ਅਵਾਜ਼ੇ ਵਿੱਚੋਂ ਅੱਖਰ ਬੱਬੇ ਨੂੰ ਦੇਖ ਬਲਦੇਵ ਸਿੰਘ ਸੋਚ ਰੱਖ ਦਿੱਤਾ ਨਾਮ ਜੀ। ਖੁਸ਼ੀ ਖੁਸ਼ੀ ਮਾਪਿਆਂ ਨੇ ਚਾਵਾਂ ਤੇ ਮਲ੍ਹਾਰਾਂ ਨਾਲ ਮੱਖਣ ਮਲਾਈ ਦੇਕੇ ਕਰਤਾ ਜੁਆਨ ਜੀ। ਸਿੰਘ ਦਸ਼ਮੇਸ਼ ਜੀ ਦਾ ਧਾਰੀ ਪੰਜ ਕੱਕਿਆਂ ਦਾ ਨਿੱਤਨੇਮ ਕਰ ਪਹਿਲਾ ਕਰੇ ਅਰਦਾਸ ਜੀ। ਢਾਡੀ ਬਲਦੇਵ ਸਿੰਘ ਦਰਦੀ ਤਖ਼ੱਲਸ ਹੈ ਕਲਮ ਦੇ ਧਨੀ ਲਿਖੇ ਗੁਰ ਇਤਿਹਾਸ ਜੀ। ਦਸਵੀਂ ਕਲਾਸ ਤੱਕ ਕਰ ਕੇ ਪੜ੍ਹਾਈ ਪੂਰੀ ਰੋਜ਼ੀ ਰੋਟੀ ਲਈ ਸਿੱਖੀ ਹੱਥੀ ਕਲਾਕਾਰੀ ਜੀ। ਕੁੜਤਾ ਪਜਾਮਾ ਪਾਕੇ ਸਾਦਗੀ ਦੇ ਵਿੱਚ ਰਹਿੰਦੇ ਸਦਾ ਨੀਲੀ ਪੱਗ ਬੰਨ੍ਹੀ ਸੂਰਤ ਪਿਆਰੀ ਜੀ। ਦੁੱਖੀਆਂ ਦੇ ਦਰਦਾਂ ਦੇ ਦਰਦ ਵਡਾਉਣ ਵਾਲੇ ਦੁੱਖ ਸੁੱਖ ਵਿੱਚ ਜਾ ਕੇ ਖੜ੍ਹ ਜਾਂਦੇ ਪਾਸ ਜੀ। ਢਾਡੀ ਬਲਦੇਵ ਸਿੰਘ ਦਰਦੀ ਤਖ਼ੱਲਸ ਹੈ ਕਲਮ ਦੇ ਧਨੀ ਲਿਖੇ ਗੁਰ ਇਤਿਹਾਸ ਜੀ। ਹੈਲਥ ਵਿਭਾਗ ਵਿੱਚ ਸਰਕਾਰੀ ਨੌਕਰੀ ਨੇ ਜੀਵਨ ਦੀ ਦਿੱਤੀ ਸਾਰੀ ਬਦਲੀ ਕਹਾਣੀ ਜੀ। ਸੰਧੂਆਂ ਗਰਾਮ ਵਿੱਚ ਧੀ ਚੰਗੀ ਮਾਪਿਆਂ ਦੀ ਨਾਮ ਨੈਬ ਕੌਰ ਬੜੀ ਸੁੰਗੜ ਸਿਆਣੀ ਜੀ। ਦੋਵੇਂ ਬੱਝੇ ਇੱਕ ਡੋਰ ਜਿੰਦਗੀ ਗਰਿਸਥੀ ਦੀ ਦੁੱਖ ਸੁੱਖ ਝੱਲੇ ਬੜੇ ਹੋਏ ਨਾ ਨਿਰਾਸ਼ ਜੀ। ਢਾਡੀ ਬਲਦੇਵ ਸਿੰਘ ਦਰਦੀ ਤਖ਼ੱਲਸ ਹੈ ਕਲਮ ਦੇ ਧਨੀ ਲਿਖੇ ਗੁਰ ਇਤਿਹਾਸ ਜੀ। ਨੌ ਧੀਆਂ ਇੱਕ ਪੁੱਤਰ ਕਿਰਪਾ ਦਾਤਾਰ ਵਾਲੀ ਸ਼ਾਂਦੀ ਕਰ ਬੱਚਿਆਂ ਦੀ ਜਪਦੇ ਗੋਪਾਲ ਜੀ। ਬਾਪੂ ਜੀ ਦੀ ਵਾਂਗੂ ਬੇਟਾ ਸੰਗ ਲੈ ਭਰਾਵਾਂ ਤਾਈਂ। ਢਾਡੀ ਕਲਾਂ ਵਿੱਚ ਕਰ ਰਿਹਾ ਹੈ ਕਮਾਲ ਜੀ। ਨੂੰਹ ਅਤੇ ਮੁੰਡਾ ਭਾਈ ਦੋਵੇਂ ਨੇ ਪੜਾਉਂਦੇ ਬੱਚੇ ਮਹਿਕ ਸੋਹਣੀ ਪੋਤਰੀ ਦਾਦਾ ਜੀ ਦੀ ਖਾਸ ਜੀ। ਢਾਡੀ ਬਲਦੇਵ ਸਿੰਘ ਦਰਦੀ ਤਖ਼ੱਲਸ ਹੈ ਕਲਮ ਦੇ ਧਨੀ ਲਿਖੇ ਗੁਰ ਇਤਿਹਾਸ ਜੀ। ਕਿਰਪਾ ਦਾਤਾਰ ਵਾਲੀ ਸੰਗ ਹੋਇਆ ਸਾਧੂਆਂ ਦਾ ਤਨ ਮਨ ਖਿੱੜ ਗਿਆ ਕਰ ਕੇ ਦੀਦਾਰ ਜੀ। ਬਚਨ ਬਿਲਾਸ ਐਸੈ ਹੋਏ ਸੰਗ ਸਾਧੂਆਂ ਦੇ ਲਿੱਖਣੀ ਬਦਲ ਗਈ ਸ਼ਬਦੀ ਭੰਡਾਰ ਜੀ। ਚੰਗੇ ਉਸਤਾਦਾਂ ਕੋਲੋਂ ਕਵਿਤਾ ਦੇ ਗੁਣ ਸਿੱਖੇ ਮਹਾਂ ਪੁਰਸ਼ ਆਖਦੇ ਜਿਹਨੂੰ ਜ਼ੋਰਾ ਦਾਸ ਜੀ। ਢਾਡੀ ਬਲਦੇਵ ਸਿੰਘ ਦਰਦੀ ਤਖ਼ੱਲਸ ਹੈ ਕਲਮ ਦੇ ਧਨੀ ਲਿਖੇ ਗੁਰ ਇਤਿਹਾਸ ਜੀ। ਮਿਲਕੇ ਭਰਾਵਾਂ ਸੰਗ ਕਰਿਆ ਤਿਆਰ ਜੱਥਾ ਚਾਰੇ ਹੀ ਭਾਰਾ ਤੁਰੇ ਸਦਾ ਅੰਗ ਸੰਗ ਜੀ। ਤੂੰਬੀ ਹਰਮੋਨੀਅਮ ਢੰਡ ਤੇ ਸਾਰੰਗੀ ਨਾਲ ਪੰਥਕ ਸਟੇਜਾਂ ਉੱਤੇ ਬੰਨ੍ਹੇ ਬੜੇ ਰੰਗ ਜੀ। ਸ਼ਬਦ ਗੁਰੂ ਦੇ ਨਾਲ ਜੁੜੇ ਅਤੇ ਜੋੜਿਆ ਹੈ ਆਪਣੇ ਵੀ ਕੀਤੇ ਨਾਲੇ ਸਫਲ ਸੁਆਸ ਜੀ। ਢਾਡੀ ਬਲਦੇਵ ਸਿੰਘ ਦਰਦੀ ਤਖ਼ੱਲਸ ਹੈ ਕਲਮ ਦੇ ਧਨੀ ਲਿਖੇ ਗੁਰ ਇਤਿਹਾਸ ਜੀ। ਕੋਰੜਾ ਕਬਿੱਤ ਕਲੀ ਬੈਂਤ ਰਸਾਲੂ ਢਾਈਆ ਦਵੱਯਾ ਦੋਤਾਰਾ ਲਿਖੇ ਹੋਰ ਬੜੇ ਛੰਦ ਜੀ। ਕਾਵਿ ਰੂਪ ਵਿੱਚ ਰਚੇ ਬੜੇ ਪ੍ਰਸੰਗ ਇਹਨਾਂ ਪੜ੍ਹ ਸੁਣ ਵੀਰਨੋ ਹੈ ਆਂਵਦਾ ਆਨੰਦ ਜੀ। ਦੂਜਿਆਂ ਨੂੰ ਗੁਣ ਦੇਕੇ ਕਰਤੇ ਤਿਆਰ ਢਾਡੀ ਅਣਖੀ ਤੁਫ਼ਾਨ ਐਮ ਏ ਕੋਮਲ ਤਰਾਸ਼ ਜੀ। ਢਾਡੀ ਬਲਦੇਵ ਸਿੰਘ ਦਰਦੀ ਤਖ਼ੱਲਸ ਹੈ ਕਲਮ ਦੇ ਧਨੀ ਲਿਖੇ ਗੁਰ ਇਤਿਹਾਸ ਜੀ। ਪੰਜ ਕੁ ਦਹਾਕਿਆਂ ਤੋਂ ਗਾਕੇ ਜੱਥਾ ਢਾਡੀ ਵਾਰਾਂ ਸੰਗਤਾਂ ਨੂੰ ਕਰ ਰਿਹਾ ਸੰਗਤੇ ਨਿਹਾਲ ਜੀ। ਪ੍ਰੇਮ ਦੇ ਉਹ ਸਾਗਰ ਜ਼ਿੰਦਗੀ ਫ਼ਕੀਰਾਂ ਵਾਲੀ ਪੈਂਤੀ ਅੱਖਰੀ ਹੈ ਲਿੱਖੀ ਬੜੀ ਹੀ ਕਮਾਲ ਜੀ। ਹੁਣ ਵੀ ਨੇ ਗਾਈ ਜਾਂਦੇ ਸ਼ੌਕ ਤੋਂ ਬੁਲਾਵੇਂ ਕੋਈ ਸੰਗ ਲੈਕੇ ਸਾਥਿਆਂ ਨੂੰ ਝੱਟ ਜਾਂਦੇ ਪਾਸ ਜੀ। ਢਾਡੀ ਬਲਦੇਵ ਸਿੰਘ ਦਰਦੀ ਤਖ਼ੱਲਸ ਹੈ ਕਲਮ ਦੇ ਧਨੀ ਲਿਖੇ ਗੁਰ ਇਤਿਹਾਸ ਜੀ। ਵਿਰਾਸਤੀ ਅਖਾੜੇ ਤੋਂ ਏਰੀਏ ਪੁਆਧੀ ਲਈ ਢਾਡੀ ਯੂਨੀਵਰ ਸਿਟੀ ਮਿਲਿਆ ਖ਼ਿਤਾਬ ਜੀ ਸ਼ਰੋਮਣੀ ਢਾਡੀ ਸਭਾ ਨੱਥਾ ਅਬਦੁੱਲਾ ਵੱਲੋ ਸੋਹਣ ਸਿੰਘ ਸੀਤਲ ਰੁਤਬਾ ਨਵਾਬ ਜੀ। ਚਰਨਾਂ ਚ ਬੈਠ ਮੈਂ ਵੀ,ਸਿੱਖੇ ਕਈ ਨੁਕਤੇ ਨੇ ਕਿਵੇਂ ਗਾਏ ਜਾਂਦੇ ਛੰਦ ਚਾਲ ਦਾ ਵਿਕਾਸ ਜੀ। ਢਾਡੀ ਬਲਦੇਵ ਸਿੰਘ ਦਰਦੀ ਤਖ਼ੱਲਸ ਹੈ ਕਲਮ ਦਾ ਧਨੀ ਲਿਖੇ ਗੁਰ ਇਤਿਹਾਸ ਜੀ। ਭੁੱਲ ਚੁੱਕ ਲਈ ਮੈਨੂੰ ਕਰ ਦੇਣਾ ਮਾਫ ਤੁਸੀਂ ਜੁਗਨੂੰ ਕੀ ਨਾਪ ਸਕੇ ਆਰਿਫ਼ ਦੀ ਬਾਤ ਨੂੰ। ਗੁਰੂ ਜੀ ਦੇ ਥਾਪੜੇ ਤੋਂ ਲਿੱਖਤੀ ਨਿਰਾਲੀ ਚਾਲ ਤੁਸੀਂ ਤਾਂ ਬਣਾਉਂਦੇ ਸੋਨਾ ਲੱਗ ਕੱਚੀ ਧਾਤ ਨੂੰ। ਕਾਵਿ ਦੇ ਸਮੁੰਦਰ ਚੋ ਬਖਸ਼ੋ ਗਿਆਨ ਐਸਾ ਆਜਵੇ ਆਨੰਦ ਭੈੜੀ ਮੁਕਜੇ ਪਿਆਸ ਜੀ। ਢਾਡੀ ਬਲਦੇਵ ਸਿੰਘ ਦਰਦੀ ਤਖ਼ੱਲਸ ਹੈ ਕਲਮ ਦਾ ਧਨੀ ਲਿਖੇ ਗੁਰ ਇਤਿਹਾਸ ਜੀ। ਦਾਤਾ ਜੀ ਅਰਜ਼ ਮੇਰੀ ਚੜ੍ਹਦੀ ਕਲ੍ਹਾ ‘ਚ ਰੱਖੀ ਵੰਡਦੇ ਉਹ ਰਹਿਣ ਸਾਨੂੰ ਕਾਵਿ ਦਾ ਗਿਆਨ ਜੀ ਬੜਾ ਔਖਾ ਸੰਗ ਮਿਲੇ ਸਾਧੂਆਂ ਦੇ ਸੰਗੀਆਂ ਦਾ ਮੋਤੀਆਂ ਦੇ ਥਾਲ ਭਰ ਕੀਤੇ ਹੋਣ ਦਾਨ ਜੀ। ਕਰੋ ਪਰਵਾਨ ਸੇਵਾ ਕਾਵਿ ਰੂਪ ਸੰਧੂਆਂ ਦੀ ਭੰਮੇ ਜੀ ਦਾ ਚੇਲਾ ਲਿਖੇਂ ਜੀਵਨ ਬਿਲਾਸ ਜੀ। ਢਾਡੀ ਬਲਦੇਵ ਸਿੰਘ ਦਰਦੀ ਤਖ਼ੱਲਸ ਹੈ ਕਲਮ ਦਾ ਧਨੀ ਲਿਖੇ ਗੁਰ ਇਤਿਹਾਸ ਜੀ।

ਕਹਾਣੀ ਦੇਸ਼ ਵਿਦੇਸ਼

ਦੋਹਿਰਾ ਦੋ ਮਿੱਤਰਾਂ ਦੀ ਦੋਸਤੀ ਵੱਖੋ ਵੱਖ ਵਿਚਾਰ। ਕਹਾਣੀ ਦੇਸ਼ ਵਿਦੇਸ਼ ਦੀ ਕਵਿਤਾ ਰਹੀ ਉਚਾਰ। “ਕਬਿੱਤ ਛੰਦ ਦੀ ਜ਼ੁਬਾਨੀ” ਪੱਮਾ ਤੇ ਪਰਮਜੀਤ ਦੋਵੇਂ ਇੱਕ ਪਿੰਡ ਰਹਿੰਦੇ ਨੇੜੇ ਨੇੜੇ ਘਰ ਨਾਲੇ ਦੋਵੇਂ ਪੱਕੇ ਯਾਰ ਜੀ। ਹਰ ਇੱਕ ਕੰਮ ਲਈ ਬੈਠਕੇ ਇਕੱਠੇ ਦੋਵੇਂ ਭਾਈਆਂ ਵਾਂਗੂੰ ਕਰਦੇ ਵੀਰਨੋ ਵਿਚਾਰ ਜੀ। ਦੋਵਾਂ ਕੋਲ ਮੁੰਡਾ ਕੁੜੀ ਬਖਸ਼ੀ ਉਲਾਦ ਦਾਤੇ ਪੜ੍ਹਨ ਲਿਖਣ ਨੂੰ ਸੀ ਬੱਚੇ ਹੁਸ਼ਿਆਰ ਜੀ। ਪਰਮਜੀਤ ਆਖਦਾ ਰਹਿੰਦਾ ਸੀ ਪੱਮੇ ਦੇ ਤਾਈਂ ਬੱਚੇ ਆਪਾਂ ਭੇਜ ਦੇਣੇ ਪੱਮੇ ਸਿਹਾਂ ਬਾਹਰ ਜੀ ਚੰਗੀ ਪੈਲੀ ਤੇਰੇ ਕੋਲ ਕਰਨਾ ਕੀ ਪੈਸਾ ਬਾਹਲ਼ਾ ਹੋਣ ਕੋਲ ਬੱਚੇ ਹੁੰਦੀ ਮੱਸਤ ਬਹਾਰ ਜੀ। ਪਰਮਜੀਤ ਦੇ ਨੇ ਬੱਚੇ ਜਾਕੇ ਤੇ ਵਿਦੇਸ਼ਾਂ ਵੱਸੇ ਦਿਨ ਰਾਤ ਕੰਮ ਕੀਤਾ ਭਰ ਤੇ ਭੰਡਾਰ ਜੀ। ਭੇਜਦੇ ਰਹੇ ਸੀ ਪੈਸਾ ਬੜਾ ਉਹ ਬਾਪੂ ਤਾਂਈ ਕੋਠੀਆਂ ਹਵੇਲੀਆਂ ਦੇ ਹੋਗੇ ਸ਼ਾਹੂ ਕਾਰ ਜੀ। ਪੜ੍ਹ ਲਿਖ ਦੇਸ਼ ਵਿੱਚ,ਪੰਮੇ ਦਾ ਸਿਆਣਾ ਪੁੱਤ ਕਰੀ ਜਾਂਦਾ ਸੁੱਖ ਨਾਲ ਚੰਗਾ ਕੰਮ ਕਾਰ ਜੀ। ਘਰ ਵਿੱਚ ਪ੍ਰੋਗਰਾਮ ਰੱਖਕੇ ਪਰਮਜੀਤ ਕਰਲਿਆਂ ਕੱਠ ਵੱਡਾ ਸੱਜੇ ਦਰਬਾਰ ਜੀ। ਵੇਖ ਵੇਖ ਲੋਕਾਂ ਤਾਂਈ ਚੜ੍ਹੀ ਜਾਂਦਾ ਚਾਅ ਉਹਨੂੰ ਬੱਲੇ ਬੱਲੇ ਸੁਣ ਹੋਇਆ ਅੱਜ ਪੱਬਾਂ ਭਾਰ ਜੀ। ਧੰਨਵਾਦ ਲਈ ਜਦੋਂ ਉਠਿਆਂ ਪਰਮਜੀਤ ਫਤਿਹ ਨੂੰ ਬੁਲਾਕੇ ਕਰੇ ਉਸਨੇ ਦੀਦਾਰ ਜੀ ਪੱਮੇ ਸੋਹਣੇ ਯਾਰ ਵਾਲੀ ਗੱਲ ਦਾ ਧਿਆਨ ਆਇਆਂ ਕਰ ਕੇ ਬਚਨ ਯਾਦ ਰੋਵੇਂ ਭੁੱਬਾਂ ਮਾਰ ਜੀ। ਬੇਨਤੀ ਹੈ ਮੇਰੀ ਅੱਜ ਸੁਣ ਲੈਣੀ ਸੰਗਤ ਜੀ ਸਭ ਤੋਂ ਅਮੀਰ ਜਾਣੋਂ,ਕੋਲ ਪਰਿਵਾਰ ਜੀ। ਬੇਬੇ ਬਾਪੂ ਤਰਸ’ਗੇ ਅੱਜ ਦੋਵੇਂ ਬੱਚਿਆਂ ਨੂੰ ਕੋਠੀਆਂ ਹਵੇਲੀਆਂ ਕੀ ਕਰਨੇ ਭੰਡਾਰ ਜੀ। ਜਿਹੋ ਜਿਹੀ ਮੱਤ ਅਸੀਂ ਦਿੱਤੀ ਸੀਗੀ ਬੱਚਿਆਂ ਨੂੰ ਮਿਲੀ ਜਾਂਦਾ ਸਾਨੂੰ ਉਹੋ ਜਿਹਾ ਹੈ ਪਿਆਰ ਜੀ। ਚੰਗਾ ਜੇ ਗੁਜ਼ਾਰਾਂ ਹੋਵੇਂ ਗੱਲ ਸੁਣ ਸੰਧੂਆਂ ਤੂੰ ਲੈਣਾ ਕੀ ਹੈ ਦੱਸ ਫੇਰ ਜਾਕੇ ਇੱਥੋ ਬਾਰ ਜੀ।

ਸੱਤ ਕੁ ਦਿਨਾਂ ਦੇ ਵਿੱਚ ਪਿਤਾ ਦਸ਼ਮੇਸ਼ ਜੀ ਨੇ

ਛੇ ਪੋਹ ਨੂੰ ਸਤਿਗੁਰਾ ਛੱਡਕੇ ਆਨੰਦਪੁਰੀ ਲਾਕੇ ਘੋੜੇ ਅੱਡੀ ਤੁਰੇ ਹੋਕੇ ਅਸਵਾਰ ਜੀ। ਪਿੱਛੇ ਆਣ ਟੁੱਟ ਪੈਗੀ ਜਾਲਮਾਂ ਦੀ ਢਾਣੀ ਭੈੜੀ ਅੱਗੇ ਨਦੀ ਸਰਸਾ ਵੀ ਰਹੀ ਛੱਲਾ ਮਾਰ ਜੀ। ਸੱਤ ਪੋਹ ਰਾਤਰੀ ਨੂੰ ਸਰਸਾ ਨਦੀ ਦੇ ਕੰਡੇ ਤਿੰਨ ਹਿੱਸਿਆਂ ‘ਚ ਵੰਡ ਗਿਆ ਪਰਿਵਾਰ ਜੀ। ਸੱਤ ਕੁ ਦਿਨਾਂ ਦੇ ਵਿੱਚ ਪਿਤਾ ਦਸ਼ਮੇਸ਼ ਜੀ ਨੇ ਸਾਰਾ ਪਰਿਵਾਰ ਦਿੱਤਾ ਕੌਮ ਉੱਤੋਂ ਵਾਰ ਜੀ। ਕੁੱਝ ਸਿੰਘ ਗੁਰਾਂ ਨਾਲ ਛੋਟੇ ਲਾਲਾ ਦਾਦੀ ਸੰਗ ਕੁੱਝ ਤੁਰੇ ਦਿੱਲੀ ਵੱਲ ਕਰ ਨਦੀ ਪਾਰ ਜੀ। ਕੀਮਤੀ ਖਜ਼ਾਨਾ ਬੜਾ ਕਾਵਿ ਦਾ ਇਕੱਠਾ ਕੀਤਾ ਰੁੜ੍ਹਗਿਆ ਵਿੱਚ ਪਾਣੀ ਤੇਜ਼ ਰਫ਼ਤਾਰ ਜੀ। ਨਿਤਨੇਮ ਛੱਡਿਆਂ ਨਾ ਜੰਗਲਾਂ ਦੇ ਵਿੱਚ ਗੁਰਾਂ ਆਸਾ ਜੀ ਦੀ ਵਾਰ ਗਾਈ ਦਸਮ ਦਾਤਾਰ ਜੀ। ਸੱਤ ਕੁ ਦਿਨਾਂ ਦੇ ਵਿੱਚ ਪਿਤਾ ਦਸ਼ਮੇਸ਼ ਜੀ ਨੇ ਸਾਰਾ ਪਰਿਵਾਰ ਦਿੱਤਾ ਕੌਮ ਉੱਤੋਂ ਵਾਰ ਜੀ। ਕੁੰਮੇ ਮਾਛਕੀ ਦੀ ਛੰਨ ਛੋਟੇ ਲਾਲਾ ਦਾਦੀ ਸੰਗ ਰਾਤਰੀ ਦਾ ਲਿਆ ਭੈੜਾ ਵ਼ਕਤ ਗੁਜਾਰ ਜੀ। ਅੱਠ ਪੋਹ ਸੰਗ ਤੁਰੇ ਗੰਗੂ ਦੇ ਸਹੇੜੀ ਵੱਲ ਨੇੜੇ ਜੋ ਮੋਰਿੰਡੇ ਵਾਲਾ ਬਣਿਆ ਗਦਾਰ ਜੀ। ਮਾਇਆ ਦਾ ਪੁਜਾਰੀ ਬਣ ਕਰ ਗਿਆ ਪਾਪ ਵੱਡਾ ਸੋਚਿਆ ਇਨਾਮ ਮਿਲੋ ਸੂਬੇ ਦਰਬਾਰ ਜੀ ਸੱਤ ਕੁ ਦਿਨਾਂ ਦੇ ਵਿੱਚ ਪਿਤਾ ਦਸ਼ਮੇਸ਼ ਜੀ ਨੇ ਸਾਰਾ ਪਰਿਵਾਰ ਦਿੱਤਾ ਕੌਮ ਉੱਤੋਂ ਵਾਰ ਜੀ। ਦੂਜੇ ਪਾਸੇ ਗੁਰੂ ਜੀ ਨੇ ਪੁੱਜੇ ਚਮਕੌਰ ਗੜੀ ਭਾਰੀ ਫੌਜ ਵੇਖ ਲੱਗੇ ਕਰਨ ਵਿਚਾਰ ਜੀ। ਚੁੱਕੋ ਸ਼ਮਸ਼ੀਰ ਸਿੰਘੋ ਆਗਿਆ ਵਕਤ ਹੁਣ ਪਰਖੀ ਹੈ ਜਾਣੀ ਥੋੜੀ ਤਿੱਖੀ ਤਲਵਾਰ ਜੀ। ਜਾਨ ਤੋਂ ਪਿਆਰੇ ਸਿੰਘ ਦੇਗੇ ਕੁਰਬਾਨੀ ਇੱਥੇ ਵੱਡੇ ਫਰਜੰਦ ਦੋਵੇਂ ਅਜੀਤ ਜੁਝਾਰ ਜੀ। ਸੱਤ ਕੁ ਦਿਨਾਂ ਦੇ ਵਿੱਚ ਪਿਤਾ ਦਸ਼ਮੇਸ਼ ਜੀ ਨੇ ਸਾਰਾ ਪਰਿਵਾਰ ਦਿੱਤਾ ਕੌਮ ਉੱਤੋਂ ਵਾਰ ਜੀ। ਮੰਨਿਆਂ ਹੁਕਮ ਗੁਰਾਂ ਸਾਜੇ ਪੰਥ ਖਾਲਸੇ ਦਾ ਤਾੜੀ ਮਾਰ ਛੱਡੀ ਗੜੀ ਉੱਚੀ ਲਲਕਾਰ ਜੀ। ਟਿੰਡ ਦਾ ਸਰਾਣਾ ਲਾਕੇ ਸੌਗੇ ਵਿੱਚ ਜੰਗਲ ਦੇ ਨਾਗ ਵੀ ਨੇ ਹੋਏ ਧੰਨ ਕਰ ਕੇ ਦੀਦਾਰ ਜੀ। ਮਾਤਾ ਜੀ ਪਿਆਰੀ ਨਾਲੇ ਜਾਨਾਂ ਤੋਂ ਪਿਆਰੇ ਸਿੰਘ ਜੋੜਾ ਜੋੜਾ ਕਰ ਵਾਰੇ ਲਾਲ ਗੁਰਾਂ ਚਾਰ ਜੀ। ਸੱਤ ਕੁ ਦਿਨਾਂ ਦੇ ਵਿੱਚ ਪਿਤਾ ਦਸ਼ਮੇਸ਼ ਜੀ ਨੇ ਸਾਰਾ ਪਰਿਵਾਰ ਦਿੱਤਾ ਕੌਮ ਉੱਤੋਂ ਵਾਰ ਜੀ। ਕਾਂਗੜ ਪੱਤੀ ‘ਚ ਬੈਠ ਲਿਖਿਆਂ ਜਫ਼ਰ ਨਾਮਾ ਭੇਜਿਆਂ ਔਰੰਗੇ ਕੋਲ ਕਰ ਕੇ ਤਿਆਰ ਜੀ। ਦਯਾ 'ਤੇ ਧਰਮ ਸਿੰਘ ਹੱਥ ਗੁਰਾਂ ਭੇਜ ਦਿੱਤਾ ਭੈੜੀ ਕਰਤੂਤਾਂ ਵਾਲਾ ਚਿੱਠਾ ਵਿਸਥਾਰ ਜੀ। ਪੜ੍ਹਕੇ ਵਿਯੈ ਪੱਤਰ ਸੰਧੂਆਂ ਔਰੰਗਾ ਪਾਪੀ ਗੰਸ਼ ਖਾਕੇ ਡਿੱਗ ਗਿਆ ਮਨ ਭੈੜੀ ਹਾਰ ਜੀ। ਸੱਤ ਕੁ ਦਿਨਾਂ ਦੇ ਵਿੱਚ ਪਿਤਾ ਦਸ਼ਮੇਸ਼ ਜੀ ਨੇ ਸਾਰਾ ਪਰਿਵਾਰ ਦਿੱਤਾ ਕੌਮ ਉੱਤੋਂ ਵਾਰ ਜੀ।

ਵਿੱਦਿਆ ਦਾ ਦਾਨ

ਕਬਿੱਤ ਵਿੱਦਿਆ ਦਾ ਦਾਨ ਦੇਕੇ ਕੀਤਾ ਉਪਕਾਰ ਵੱਡਾ ਪੜ੍ਹਕੇ ਜਿਹਨਾਂ ਦੇ ਕੋਲ ਚੜ੍ਹੀਆ ਖੁਮਾਰੀਆਂ। ਵਿਰਲੇ ਪਰਾਣੀ ਐਸੇ ਮਿਲਦੇ ਜਹਾਨ ਉੱਤੇ ਕੀਤੀਆਂ ਨੇ ਗੱਲਾਂ ਜਿਹਨਾਂ,ਜੱਗ ਤੋਂ ਨਿਆਰੀਆਂ। ਪਰ ਉਪਕਾਰ ਕਰ ਵੰਡਿਆ ਗਿਆਨ ਐਸਾ ਅੰਧਕਾਰ ਵਿੱਚੋਂ ਕੱਢ ਆਦਤਾ ਸੁਧਾਰੀਆਂ। ਨਮਸ਼ਕਾਰ ਹੈ ਮੇਰੀ ਵਿੱਦਿਆ ਦੇ ਦਾਨੀਆਂ ਨੂੰ ਵੰਡਕੇ ਗਿਆਨ ਜਿਹਨਾਂ ਮਹਿਕਾ ਨੇ ਖਿਲਾਰੀਆਂ। ਲੱਗਦਾ ਹੈ ਬੇੜਾ ਬੰਨੇ ਉਹਨਾਂ ਸਿੱਖਆਰਿਆ ਦਾ ਗੁਰੂ ਦੀਆਂ ਗੱਲਾਂ ਜਿਹਨਾ ਵੀਰਨੋ ਵਿਚਾਰੀਆਂ। ਗੁਰੂ ਬਿਨਾਂ ਗੱਤ ਅਤੇ ਸ਼ਾਹ ਬਿਨਾਂ ਪੱਤ ਨਹੀ ਕੱਢ ਕੇਤੇ ਤੱਤ ਗੱਲਾਂ ਸਿਆਣਿਆਂ ਉਚਾਰੀਆਂ। ਭੰਮੇ ਉਸਤਾਦ ਜੀ ਨੇ ਕਾਵਿ ਦਾ ਖਜ਼ਾਨਾ ਵੰਡ ਵੰਡੀਆਂ ਨੇ ਮੱਲਾ ਉਨਾਂ ਜੱਗ ਉੱਤੇ ਮਾਰੀਆਂ। ਨਮਸ਼ਕਾਰ ਹੈ ਮੇਰੀ ਵਿੱਦਿਆ ਦੇ ਦਾਨੀਆਂ ਨੂੰ ਵੰਡਕੇ ਗਿਆਨ ਜਿਹਨਾਂ ਮਹਿਕਾ ਨੇ ਖਿਲਾਰੀਆਂ।

ਸੰਤ ਈਸ਼ਰ ਸਿੰਘ ਜੀ

ਕਬਿੱਤ ਛੰਦ ਸੰਤ ਈਸ਼ਰ ਸਿੰਘ ਜੀ ਤਪ ਕਰ ਰਾੜ੍ਹੇ ਸਾਹਿਬ ਧਾਰਨਾ 'ਚ ਕੀਰਤਨ ਕੀਤਾ ਮਸ਼ਹੂਰ ਜੀ। ਵਾਜੇ ਦੀਆਂ ਸੁਰਾਂ ਨਾਲ ਗਾਈ ਗੁਰਬਾਣੀ ਐਸੀ ਸੁਣ ਸੁਣ ਸੰਗਤਾਂ ਨੂੰ ਚੜ੍ਹਦਾ ਸਰੂਰ ਜੀ। ਗੁਰੂ ਜੀ ਦੀ ਬਾਣੀ ਬਿਨਾਂ ਕੀਤੀ ਨਹੀਂ ਗੱਲ ਕੋਈ ਵੰਡਿਆਂ ਖਜ਼ਾਨਾ ਉਨਾਂ, ਬੜਾ ਭਰਭੂਰ ਜੀ। ਲੈਣਾ ਜੇ ਆਨੰਦ ਤੁਸੀਂ ਮੰਨ ਲੈਣੀ ਗੱਲ ਮੇਰੀ ਨੈਟ ਉੱਤੋ ਕੀਰਤਨ ਸੁਣਨਾ ਜਰੂਰ ਜੀ। ਜਿਹਨਾਂ ਨੇ ਵੀ ਸੰਗ ਕੀਤਾ ਗੁਰੂ ਦੇ ਪਿਆਰਿਆ ਦਾ ਚੜ੍ਹ੍ਹਿਆ ਹੀ ਰਹਿੰਦਾ ਵੀਰੋ ਸਦਾ ਰੱਬੀ ਨੂਰ ਜੀ। ਸ਼ਬਦ ਗੁਰੂ ਦੇ ਨਾਲ ਜੁੜੇ ਅਤੇ ਜੋੜਿਆਂ ਹੈ ਦੇਸ਼ਾ 'ਤੇ ਵਿਦੇਸ਼ਾਂ ਲਾਏ,ਕਈ ਉਨ੍ਹਾ ਟੂਰ ਜੀ। ਸਾਧੂ ਮਹਾਪੁਰਸ਼ਾਂ ਦੀ ਲਿੱਖਾਂ ਕੀ ਸਿਫ਼ਤ ਭਾਈ ਸੁੱਕਿਆਂ ਦਰਖਤਾਂ ਨੂੰ ਪਾਉਂਦੇ ਓਹ ਬੂਰ ਜੀ। ਸੰਧੂਆਂ ਅਮਰ ਰਹਿੰਦੇ ਸਾਧੂ ਸਦਾ ਦੁਨੀਆਂ 'ਤੇ ਆਪਣੇ ਪਿਆਰਿਆਂ ਤੋਂ ਕਦੇ ਨਹੀਂ ਦੂਰ ਜੀ।

ਕਰਲੈ ਭਜਨ ਬੰਦਗੀ

ਗੱਲ ਸੁਣ ਲੈ ਤੂੰ ਮੇਰੀ ਕੰਨ ਖੋਲਕੇ ਬਹੁਤਾ ਮਿਲਦਾ ਨੀ ਉੱਚੀ ਕੁੱਝ ਬੋਲਕੇ। ਰੱਖੀ ਸ਼ਬਦਾਂ ਨੂੰ ਤੱਕੜੀ 'ਚ ਤੋਲਕੇ। ਛੱਡ ਕਰਨੀ ਤੂੰ ਫੋਕੀ ਮੇਰੀ ਮੇਰੀ, ਕਰ ਲੈ ਭਜਨ ਬੰਦਗੀ ਲੇਖੇ ਲੱਗਜੁ ਨਿਮਾਣੀ ਜਿੰਦ ਤੇਰੀ, ਕਰ‌ਲੈ ਭਜਨ ਬੰਦਗੀ ਸਭ ਔਖੇ ਵੇਲੇ ਸਾਥ ਛੱਡ ਜਾਣਗੇ। ਕੱਢ ਮਤਲਬ ਤੈਨੂੰ ਠੇਠੇ ਲਾਣਗੇ। ਧਨ ਤੇਰਾ ਨਾਲੇ ਲੁੱਟ ਲੁੱਟ ਖਾਣਗੇ। ਬੰਦਾ ਪਰਖ ਲਈ ਤੂੰ ਇੱਕ ਫੇਰੀ, ਕਰਲੈ ਭਜਨ ਬੰਦਗੀ ਲੇਖੇ ਲੱਗਜੁ ਨਿਮਾਣੀ ਜਿੰਦ ਤੇਰੀ, ਕਰਲੈ ਭਜਨ ਬੰਦਗੀ ਰੰਗ ਦੁਨੀਆਂ 'ਤੇ ਬੜੇ ਹੀ ਨਿਆਰੇ ਜੀ। ਖੁਸ਼ ਲੋਕ ਏਥੇ ਹੁੰਦੇ ਨਹੀਂ ਸਾਰੇ ਜੀ। ਗੱਲ ਦਿਲਾਂ ਵਾਲੀ ਵਿਰਲਾ ਵਿਚਾਰੇ ਜੀ। ਔਖਾ ਹੁੰਦਾ ਜਦੋਂ ਮਾਇਆ ਪਾਉਂਦੀ ਘੇਰੀ, ਕਰਲੈ ਭਜਨ ਬੰਦਗੀ ਲੇਖੇ ਲੱਗਜੁ ਨਿਮਾਣੀ ਜਿੰਦ ਤੇਰੀ, ਕਰਲੈ ਭਜਨ ਬੰਦਗੀ ਬਚਨ ਗੁਰੂ ਵਾਲਾ ਜਿਸ ਨੇ ਕਮਾਇਆ ਜੀ। ਆਪ ਤਰੇ ਨਾਲ ਦੂਜੇ ਨੂੰ ਤਾਰਿਆ ਜੀ। ਰੋਗ ਤਨ ਵਾਲਾ ਉਸ ਨੇ ਮਟਾਇਆ ਜੀ। ਸੱਚੀ ਕਿਰਤ 'ਚ ਖੁਸ਼ੀ ਹੈ ਵਥੇਰੀ, ਕਰਲੈ ਭਜਨ ਬੰਦਗੀ ਲੇਖੇ ਲੱਗਜੁ ਨਿਮਾਣੀ ਜਿੰਦ ਤੇਰੀ, ਕਰਲੈ ਭਜਨ ਬੰਦਗੀ ਦੇਖੀ ਜੱਗ ਦੀ ਨਿਆਰੀ ਵੀਰੋ ਤੋਰ ਐ। ਕਹਿਣ ਚੰਗਾ ਜਦੋਂ ਉੱਡ ਜਾਵੇ ਭੋਰ ਐ। ਪੱਲੇ ਕੱਖ ਨਹੀਂ ਸੰਧੂਆਂ ਦੇ ਟ੍ਹੌਰ ਐ। ਮੋਤੀ ਟੁੱਟਕੇ ਨਾ ਜੁੜਦੇ ਦਵੇਰੀ, ਕਰਲੈ ਭਜਨ ਬੰਦਗੀ ਲੇਖੇ ਲੱਗਜੁ ਨਿਮਾਣੀ ਜਿੰਦ ਤੇਰੀ, ਕਰਲੈ ਭਜਨ ਬੰਦਗੀ

ਜੋੜੀ ਲਾਲਾਂ ਦੀ

ਪੈਕੇ ਲਾਲਚ ਦੇ ਵਿੱਚ ਗੰਗੂ ਪਿੰਡ ਸਹੇੜੀ ਦਾ ਜੋੜੀ ਲਾਲਾ ਦੀ ਹੈ ਮੁਗਲਾਂ ਪਾਸ ਫੜਾਈ। ਲੈ ਕੇ ਜਾਣ ਸਿਪਾਹੀ ਜਦੋਂ ਵੱਲ ਸਰਹੰਦ ਦੇ ਲੋਕੀ ਤੱਕ ਕੇ ਆਖਣ ਸੂਬਾ ਬੜਾ ਨਿਰਦਾਈ। ਨਾਮ ਚੱਲੋਗਾ ਮੇਰਾ ਵਿੱਚ ਕਚਹਿਰੀ ਸੂਬੇ ਦੇ ਮਨ ਵਿਚ ਖੋਟ ਰੱਖ ਕੇ ਗੰਗੂ ਹੱਥ ਮਲਾਈ। ਵਿੱਚ ਕਚਹਿਰੀ ਦੇ, ਹੈ ਪੇਸ਼ੀ ਜਦੋਂ ਹੋਈ ਜੀ ਦੋਵੇਂ ਲਾਲਾ ਮਿਲਕੇ ਗੱਜਕੇ ਫਤਿਹ ਬੁਲਾਈ। ਲਾਲਚ ਅਤੇ ਡਰਾਵੇਂ ਕੰਮ ਨਾ ਆਏ ਵਜੀਦੇ ਦੇ ਬਣਦੀ ਗੱਲ ਵੇਖ ਨਾ ਜਾਂਦਾ ਬੈਠ ਘਬਰਾਈ। ਵਿੱਚ ਕਚਹਿਰੀ ਉਸਨੇ ਤੱਕਕੇ ਤੇਵਰ ਲਾਲ ਦੇ ਫੱਤਵੇ ਵਿੱਚ ਵੇਖੋ ਸਖਤ ਸਜਾ ਸੁਣਾਈ। ਚਿਣ ਦੋ ਵਿੱਚ ਦੀਵਾਰਾਂ ਦੋਵੇ ਨਿੱਕੀਆਂ ਜਿੰਦਾਂ ਨੂੰ ਜਾਲਮ ਇੱਟਾ ਦੇ ਨਾਲ ਕਰਦੇ ਪਏ ਚਿਣਾਈ। ਸੁਣਕੇ ਖਬਰ ਲਾਲਾ ਦੀ ,ਠੰਡੇ ਬੁਰਜ ਵਿੱਚ ਮਾਤਾ ਨੇ ਸੰਧੂਆਂ ਜੋਤ ਵੇਖਲੋ ਜੋਤੀ ਵਿੱਚ ਮਿਲਾਈ।

ਘੁੱਗੀ ਦਾ ਆਲ੍ਹਣਾ

ਦੂਰੋਂ ਦੂਰੋਂ ਡੱਕੇ ਲੱਭਕੇ, ਘੁੱਗੀ ਚੱਕ ਲਿਆਉਂਦੀ, ਤਿਲਾ ਤਿਲਾ ਕਰ ਇੱਕਠਾ ,ਵਿੱਚ ਆਲ੍ਹਣੇ ਲਾਉਂਦੀ । ਰਹਿਣ ਵਸੇਰਾ ਕਰਨ ਦੀ ਖਾਤਰ,ਆਪਣਾ ਘਰ ਬਣਾਵੇ। ਦਾਤਾ ਤੂੰ ਹੀ ,ਤੂੰ ਹੀ ਧੁਨ ਵਿਚ ਮਿੱਠੜੇ ਬੋਲ ਸਣਾਵੇ। ਮੀਂਹ ਕਣੀ ਤੋਂ ਬਚਣ ਲਈ ਉਹ, ਕਰਦੀ ਰਹਿਣ ਬਸੇਰਾ। ਅਾਈ ਮੁਸੀਬਤ ਜੇਕਰ ਕੋਈ,ਤਨ ਬਚੇਗਾ ਮੇਰਾ। ਰੁੱਖ ਲੱਭਕੇ ਚੰਗਾ ਕੋਈ ਡੇਰਾ ਆਣ ਲਗਾਵੇ। ਦਾਤਾ ਤੂੰ ਹੀ ,ਤੂੰ ਹੀ ਧੁਨ ਵਿਚ ਮਿੱਠੜੇ ਬੋਲ ਸਣਾਵੇ। ਰੰਗ ਬਰੰਗੇ ਪੰਛੀ ਸੋਹਣੇ ਲੱਗਦੇ ਬੜੇ ਪਿਆਰੇ। ਭਾਂਤ ਭਾਂਤ ਦੀ ਬੋਲੀ ਬੋਲਣ,ਦਾਤੇ ਰੰਗ ਨਿਆਰੇ। ਪਾਲ ਬੱਚੜ੍ਹੇ ਆਪਣੇ ਪੰਛੀ, ਛੱਡ ਟਿਕਾਣਾ ਜਾਵੇ। ਦਾਤਾ ਤੂੰ ਹੀ ਤੂੰ ਹੀ ਧੁਨ ਵਿਚ ਮਿੱਠੜੇ ਬੋਲ ਸਣਾਵੇ। ਰੁੱਖਾਂ ਦੀ ਕਟਾਈ ਵੱਧ'ਗੀ ਪੰਛੀ ਘੱਟਦਾ ਜਾਵੇ। ਕੁਦਰਤ ਦੇ ਨਾਲ ਪੰਗੇ ਲੈਕੇ ਬੰਦਾ ਜ਼ੁਲਮ ਕਮਾਵੇ ਟੰਗ ਆਲ੍ਹਣਾ ਖੱਭੇ ਉੱਤੇ ,ਬੰਦਾ ਮਨ ਸਮਝਾਵੇ ਦਾਤਾ ਤੂੰ ਹੀ ਤੂੰ ਹੀ ਧੁਨ ਵਿਚ ਮਿੱਠੜੇ ਬੋਲ ਸਣਾਵੇ। ਘੁੱਗੀ ਦੇ ਆਂਡੇ ਖਾਣ ਲਈ, ਕਾਂ ਹੱਲੇ ਲੈ ਆਉਂਦਾ। ਚੁੰਝ ਖਾਕੇ ਬੱਖੀਆਂ ਦੇ ਵਿੱਚ ਰੋਦਾ ਤੇ ਕਰਲਾਉਂਦਾ। ਦੂਰ ਦੁਰਾਡੇ ਚੋਗਾ ਚੁੰਗਕੇ ਘੁੱਗੀ ਆਲਣੇ ਆਵੇ ਦਾਤਾ ਤੂੰ ਹੀ ਤੂੰ ਹੀ ਧੁਨ ਵਿਚ ਮਿੱਠੜੇ ਬੋਲ ਸਣਾਵੇ। ਛੋਟਾ ਪੰਛੀ ਘੁੱਗੀ ਵੀਰੋ ,ਲੱਗਦਾ ਬੜਾ ਪਿਆਰਾ। ਪੰਛੀ ਬੜੇ ਨੇ ਦੁਨੀਆਂ ਉਤੇ ,ਇਸਦਾ ਰੂਪ ਨਿਆਰਾ ਸੁਭਾ ਸਵੇਰੇ ਹੋਕਾ ਦੇਕੇ ,ਚੇਤੇ ਰਾਮ ਕਰਾਵੇ। ਦਾਤਾ ਤੂੰ ਹੀ, ਤੂੰ ਹੀ ਧੁਨ ਵਿਚ, ਮਿੱਠੜੇ ਬੋਲ ਸਣਾਵੇ।

ਰੁੱਖ ਲਗਾਓ ਤੇ ਬਚਾਓ

ਫੁੱਟੀਆਂ ਕੁੰਬਲਾ ਆਏ ਪੱਤੇ ਕੁਦਰਤ ਦੇ ਨਜ਼ਾਰੇ। ਗਰਮੀ ਦੇ ਵਿਚ ਦੇਕੇ ਛਾਵਾ ਤਪਦੇ ਹਿਰਦੇ ਡਾਰੇ। ਰੁੱਖਾਂ ਦੀ ਇਸ ਤਨ ਦੇਹੀ ਤੋਂ ਮੈਂ ਬਲਿਹਾਰੇ ਜਾਵਾਂ। ਗਰਮੀ ਰੁੱਤੇ ਰੁੱਖ ਵੀਰਨੋ, ਸਭਨੂੰ ਦੇਂਵਣ ਛਾਵਾਂ। ਦੂਰੋ ਦੂਰੋ ਆਕੇ ਪੰਛੀ ਰਹਿਣ ਵਸੇਰਾ ਕਰਦੇ। ਪਾਲ ਬਚੜੇ ਵਿੱਚ ਆਲ੍ਹਣੇ, ਠੰਡਾ ਹਉਂਕਾ ਭਰਦੇ। ਫਲ ਖਾਣ ਲਈ ਤਨ ਨੂੰ ਦੇਂਵਣ ,ਸਾਹਾ ਲਈ ਹਵਾਵਾਂ। ਗਰਮੀ ਰੁੱਤੇ ਰੁੱਖ ਵੀਰਨੋ,ਸਭਨੂੰ ਦੇਂਵਣ ਛਾਵਾਂ। ਰੁੱਖ ਲਗਾਕੇ ਹਰ ਇੱਕ ਬੰਦਾ ਆਪਣਾ ਫਰਜ਼ ਨਿਵਾਵੇਂ। ਦਿਨੋ ਦਿਨ ਅਬਾਦੀ ਵੱਧਦੀ,ਰੁੱਖ ਕਿਉ?ਘਟਦਾ ਜਾਵੇ। ਤੋੜ ਅੰਬੀਆਂ ਮੋਟਰ ਤੋਂ ਮੈਂ ,ਚੁੱਕ ਕੇ ਘਰੇ ਲਿਆਵਾ ਗਰਮੀ ਰੁੱਤੇ ਰੁੱਖ ਵੀਰਨੋ,ਸਭਨੂੰ ਦੇਂਵਣ ਛਾਵਾਂ। ਲੱਕੜ ਦੀ ਹੋ ਰਹੀ ਦੁਰ ਵਰਤੋਂ ਸਾਰੇ ਆਪਾ ਘਟਾਈਏ। ਲੋਹਾ ਸਟੀਲ ਧਾਤ ਵਰਤ ਕੇ ਬਦਲ ਨੂੰ ਅਪਨਾਈਏ। ਕੀ? ਫੈਦਾ ਫਿਰ ਪੜ੍ਹਨ ਲਿਖਣ ਦਾ,ਜੇ ਮੈਂ ਰੁੱਖ ਕਟਾਵਾ ਗਰਮੀ ਰੁੱਤੇ ਰੁੱਖ ਵੀਰਨੋ,ਸਭਨੂੰ ਦੇਂਵਣ ਛਾਵਾਂ। ਡਾਉਨ ਸੀਲਿੰਗ ਕ੍ਰਨੀ ਛੱਡੋ ਸੁਣਲੋ ਗੱਲ ਹਮਾਰੀ। ਰੋਗ ਵੱਧਣਗੇ ਛਾਤੇ ਵਾਲੇ ਨਾਲੇ ਵੱਧੂ ਬਿਮਾਰੀ ਛੱਡ ਕੇ ਹਵਾ ਬਨਾਉਟੀ ਨੂੰ ਮੈਂ ਰੁੱਖ ਥੱਲੇ ਮੰਜਾ ਡਾਵਾ ਗਰਮੀ ਰੁੱਤੇ ਰੁੱਖ ਵੀਰਨੋ,ਸਭਨੂੰ ਦੇਂਵਣ ਛਾਵਾਂ। ਬੰਜਰ ਹੋਈ ਧਰਤੀ ਸਾਡੀ ਗੰਦਲਾ ਹੋਇਆ ਪਾਣੀ। ਹੁਣ ਵੀ ਜੇ ਤੂੰ ਨਾ ਸੁਧਰਿਆ ਫੱਸਜੁ ਜਿੰਦ ਨਿਮਾਣੀ ਰਹਿਣ ਵਸੇਰਾ ਪੰਛੀਆਂ ਦਾ ਕਿਉ ਅਪਣੇ ਹੱਥੀ ਢਾਵਾ। ਗਰਮੀ ਰੁੱਤੇ ਰੁੱਖ ਵੀਰਨੋ,ਸਭਨੂੰ ਦੇਂਵਣ ਛਾਵਾਂ। ਕੁਦਰਤ ਨੂੰ ਪਿਆਰ ਕਰਨ ਜੋ ਵਿਰਲੇ ਦਿਸਣ ਪਰਾਣੀ। ਵਾਤਾਵਰਣ ਪ੍ਰੇਮੀ ਸੰਧੂਆਂ ਬਦਲ ਦੇਣ ਕਹਾਣੀ। ਜਾਮਣ ਅੰਬ ਜਮੋਆ ਲੈ ਕੇ ਬੂਟਾ ਘਰੇ ਲਗਾਵਾ ਗਰਮੀ ਰੁੱਤੇ ਰੁੱਖ ਵੀਰਨੋ,ਸਭਨੂੰ ਦੇਂਵਣ ਛਾਵਾਂ। ਕੱਟ ਲੱਗਦੇ ਬਿਜਲੇ ਵਾਲੇ ਜਾਈਏ ਰੁੱਖਾ ਥੱਲੇ ਕੱਲਾ ਪਣ ਦੂਰ ਕਰਨ ਲਈ ਬਹੀਏ ਰੁੱਖਾ ਥੱਲੇ ਉਗਣ ਲਈ ਮੰਗਦੇ ਸਾਥੋ ਬਸ ਥੋੜੀਆਂ ਥਾਵਾ ਗਰਮੀ ਰੁੱਤੇ ਰੁੱਖ ਵੀਰਨੋ,ਸਭਨੂੰ ਦੇਂਵਣ ਛਾਵਾਂ।

ਨ ਲੱਭਣਾ ਜੱਗ ਉਤੇ,ਬਾਪੂ ਤੋਂ ਉੱਤਮ ਪਰਾਣੀ

ਤਨ ਆਪਣਾ ਦੇਖੇ ਨਾ,ਹੰਡ ਭੰਨਵੀਂ ਮਿਹਨਤ ਕਰਦਾ। ਸਭ ਗਰਮੀ ਸਰਦੀ ਨੂੰ,ਤਨ ਆਪਣੇ ਉੱਤੇ ਜ਼ਰਦਾ। ਕੰਮ ਕਰਦੇ ਕਰਦੇ ਦੀ,ਵੀਰੋ ਹੋਗੀ ਉਮਰ ਸਿਆਣੀ। ਨ ਲੱਭਣਾ ਜੱਗ ਉਤੇ,ਬਾਪੂ ਤੋਂ ਉੱਤਮ ਪਰਾਣੀ। ਹਰ ਆਈ ਮੁਸੀਬਤ ਤੋਂ,ਜਿਹੜਾ ਅੱਗੇ ਹੋਕੇ ਖੱੜਦਾ। ਅੜਬਾ ਦੇ ਟੋਲੇ ਲਈ,ਬਣਕੇ ਸੰਤ ਸਿਪਾਹੀ ਲੜਦਾ। ਏਸ ਬੱਬਰ ਸ਼ੇਰ ਤੋਂ ,ਅੱਜ ਵੀ ਕੰਬ ਦੀ ਫੌਜ ਪਠਾਣੀ। ਨ ਲੱਭਣਾ ਜੱਗ ਉਤੇ,ਬਾਪੂ ਤੋਂ ਉੱਤਮ ਪਰਾਣੀ। ਅੱਜ ਦੇ ਜੁਗਿ ਵਿੱਚ ਜੀ, ਬੜੀ ਮਹਿੰਗੀ ਹੋਈ ਪੜ੍ਹਾਈ। ਗ੍ਰਹਿਸਤੀ ਜੀਵਨ ਨੂੰ, ਜਿਹੜਾ ਜਾਂਦਾ ਵੀਰੋ ਚਲਾਈ। ਵੱਧੇ ਹੋਏ ਖਰਚੇ ਵਿੱਚ, ਉਸਦੀ ਫੱਸਗੀ ਜਿੰਦ ਨਿਮਾਣੀ। ਨ ਲੱਭਣਾ ਜੱਗ ਉਤੇ,ਬਾਪੂ ਤੋਂ ਉੱਤਮ ਪਰਾਣੀ। ਕਦੇ ਆਟਾ ਮੁੱਕ ਜਾਂਦਾ, ਕਦੇ ਲੂਣ ਤੇਲ ਮੁੱਕ ਜਾਵੇ। ਜਾ ਵਿੱਚ ਬਾਜਾਰਾ ਦੇ,ਮੁੱਕਿਆ ਸੌਦਾ ਪਿਆ ਲਿਆਵੇ। ਸਭ ਆਖ ਕੇ ਲਾਣੇਦਾਰ,ਘਰ ਦੇ ਮੰਗਦੇ ਦਾਣਾ ਪਾਣੀ। ਨ ਲੱਭਣਾ ਜੱਗ ਉਤੇ,ਬਾਪੂ ਤੋਂ ਉੱਤਮ ਪਰਾਣੀ। ਸਮਝ ਨਹੀਂ ਆਉਂਦੀ,ਪੈਸਾ ਕਿੱਥੋ ਕਿਵੇਂ ਲਿਆਵੇ। ਚਾਅ ਸਭਦੇ ਕਰ ਪੂਰੇ , ਆਪ ਸਾਦੇ ਵੱਸਤਰ ਪਾਵੇ। ਨਾ ਦੱਸਦਾ ਕਿਸੇ ਨੂੰ,ਅਪਣੇ ਦਿਲ ਦੀ ਅਸਲ ਕਹਾਣੀ। ਨ ਲੱਭਣਾ ਜੱਗ ਉਤੇ,ਬਾਪੂ ਤੋਂ ਉੱਤਮ ਪਰਾਣੀ। ਜਦ ਸ਼ਾਮੀ ਘਰ ਆਵੇ, ਚੁੱਕਿਆ ਹੋਵੇ ਹੱਥਾਂ ਝੋਲਾ। ਭੱਜ ਬੱਚੇ ਆਉਦੇ ਨੇ, ਦੇ-ਦੇ ਬਾਪੂ ਤੇਰੇ ਕੀ ਕੋਲਾ। ਹਿਰਦਾ ਠਾਰ ਦੇਵੇ,ਪਾਣੀ ਪਿਉਂਦੀ ਜਦੋਂ ਸੁਹਾਣੀ। ਨ ਲੱਭਣਾ ਜੱਗ ਉਤੇ,ਬਾਪੂ ਤੋਂ ਉੱਤਮ ਪਰਾਣੀ। ਕੋਈ ਪਾਪਾ ਡੈਡੀ ਕਹਿ, ਕੋਈ ਬਾਪੂ ਆਖ ਬਲਾਉਂਦਾ। ਚੁੱਕ ਮੋਢੇ ਬੱਚਿਆਂ ਨੂੰ, ਘੁੰਮਕੇ ਮੇਲਾ ਖੂਬ ਵਿਖਾਉਂਦਾ। ਹੈ ਥਾਪੜਾ ਉਸਦਾ ਜੀ,ਦੇਵੇ ਪੱਲ ਵਿੱਚ ਬਦਲ ਕਹਾਣੀ। ਨ ਲੱਭਣਾ ਜੱਗ ਉਤੇ,ਬਾਪੂ ਤੋਂ ਉੱਤਮ ਪਰਾਣੀ। ਮਾਂ ਰੱਬਦੀ ਮੂਰਤ ਜੇ,ਬਾਪੂ ਅਨਮੋਲਕ ਹੀਰਾ। ਗੁਰ ਲੈ ਕੋਈ ਜਿੰਦਗੀ ਦਾ,ਗੱਲ ਸੁਣਲੈ ਸੰਧੂਆਂ ਵੀਰਾ। ਉੱਠ ਰੋਜ਼ ਸਵੇਰੇ ਜੋ, ਪੜ੍ਹਦਾ ਸਤਿਗੁਰ ਦੀ ਗੁਰਬਾਣੀ। ਨ ਲੱਭਣਾ ਜੱਗ ਉਤੇ,ਬਾਪੂ ਤੋਂ ਉੱਤਮ ਪਰਾਣੀ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਗੁਰਿੰਦਰ ਸਿੰਘ ਸੰਧੂਆਂ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ