Punjabi Poetry : Gurdev Singh Maan

ਗੀਤ ਤੇ ਕਵਿਤਾਵਾਂ : ਗੁਰਦੇਵ ਸਿੰਘ ਮਾਨ


ਤੂੰ ਇੱਕ ਵਾਰੀ ਆਵੇਂ ਦਾਤਿਆ

ਤੂੰ ਇੱਕ ਵਾਰੀ ਆਵੇਂ ਦਾਤਿਆ, ਤੈਨੂੰ ਤੇਰਾ ਸੰਸਾਰ ਵਿਖਾਵਾਂ। ਪਾਪ ਵਾਲੀ ਜੰਝ ਚਾੜ੍ਹ ਕੇ ਕੋਈ ਹੋਰ ਨਹੀਂ ਕਾਬਲੋਂ ਆਇਆ। ਬਾਬਰ ਤਿਹਾਇਆ ਲਹ ਦਾ, ਜਿਹੜਾ ਏਸੇ ਧਰਤੀ ਦਾ ਜਾਇਆ। ਸਿੱਟੇ ਉਹਦੇ ਮੌਤ ਚੂੰਡ ਗਏ, ਬੰਦਾ ਬੱਚਿਆਂ ਕੋਈ ਟਾਵਾਂ ਟਾਵਾਂ। ਭਾਗੋ ਜਹੇ ਹਾਕਮਾਂ ਨੇ, ਰੋਟੀ ਕੋਧਰੇ ਦੀ ਲਾਲੋ ਕੋਲੋਂ ਖੋਹੀ। ਬਾਬਰਾਂ ਜਾਬਰਾ ਦੀ, ਅੱਜ ਘਰ ਘਰ ਮੱਚ ਗਈ ਦੋਹੀ। ਸ਼ੀਹਾਂ ਜਹੇ ਹਾਕਮਾਂ ਤੋਂ ਜਿੰਦ ਲਾਲੋ ਦੀ ਮੈਂ ਕੀਕਣ ਬਚਾਵਾਂ। ਅੱਜ ਦਿਆਂ ਸੱਜਣਾਂ ਨੇ, ਲੀੜੇ ਸੱਚ ਦੇ ਉਤਾਰ ਲਏ ਸਾਰੇ। ਕੂੜ ਪ੍ਰਧਾਨ ਹੋ ਗਿਆ, ਰੋਂਦੇ ਸ਼ਰਮ ਤੇ ਧਰਮ ਵਿਚਾਰੇ। ਝੁੱਗੀਆਂ ‘ਚ ਰੌਣ ਬਾਲਕੇ, ਕਿਵੇਂ ਭੁੱਖੇ ਭਗਵਾਨ ਵਰਾਵਾਂ। ਅੱਜ ਦੇ ਕੰਧਾਰੀ ਵਲੀ ਨੇ, ਲੱਖਾਂ ਪੱਥਰ ਬੇਦੋਸ਼ਿਆਂ ਤੇ ਢਾਏ। ਜਤਿ ਪਤਿ ਗਈ ਦਰੜੀ, ਦੱਬੇ ਹੋਏ ਮਜ਼ਲੂਮ ਕੁਰਲਾਏ। ਬਹੁੜੀਂ ਕਿਤੋਂ ਪੰਜੇ ਵਾਲਿਆ, ਤੇਰੇ ਲੱਖ ਲੱਖ ਤਰਲੇ ਪਾਵਾਂ। ਥਾਂ ਥਾਂ ਤੇ ਕੌਡੇ ਰਾਖ਼ਸ਼ਾਂ, ਦਾਤਾ ਤੇਲ ਦੇ ਕੜਾਹੇ ਚਾੜ੍ਹੇ। ਤੇਰੇ ਮਰਦਾਨੇ ਸੈਂਕੜੇ, ਅੱਜ ਭੁੰਨ ਭੁੰਨ ਕੇ ਗਏ ਸਾੜੇ। ਮਾਨ ਨੂੰ ਜੇ ਤਾਣ ਬਖ਼ਸ਼ੇਂ, ਇਨ੍ਹਾਂ ਰਾਖਸ਼ਾਂ ਦੀ ਅਲਖ ਮੁਕਾਵਾਂ। ਤੂੰ ਇੱਕ ਵਾਰੀ ਆਵੇਂ ਦਾਤਿਆ, ਤੈਨੂੰ ਤੇਰਾ ਸੰਸਾਰ ਵਿਖਾਵਾਂ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਦੇਵ ਸਿੰਘ ਮਾਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ