Punjabi Poetry : Gurcharan Singh Hansra

ਪੰਜਾਬੀ ਕਵਿਤਾਵਾਂ : ਗੁਰਚਰਨ ਸਿੰਘ ਹੰਸਰਾ


ਘਰ-ਘਰ ਭੇਜ, ਬੁਲਾਵਾ ਦਿੱਤਾ

ਘਰ-ਘਰ ਭੇਜ, ਬੁਲਾਵਾ ਦਿੱਤਾ ਚੱਲ ਸਭਨਾਂ, ਘਰ ਤੁਸਾਂ ਆਉਣਾ । ਆਉਣਾ ਸੁਭਾ ਸਵੇਰੇ ਸੱਭ ਨੇ ਪਾਠ ਭੋਗ ਅਸਾਂ ਨੇ ਪਾਉਣਾ । ਬਲ ਦੇ, ਤੇਲ ਦੇ ਦੀਵਿਆਂ ਭਰਮਾਰ ਸੀ ਲਾਈ । ਵੇਖੀਂ ਕਿਧਰੇ ਤੇਲ ਜੇ ਘਟਦਾ ਢੱਕਣ ਖੋਲ੍ਹ ਤੂੰ ਪਾਉਂਦਾ ਜਾਈਂ । ਮਾਂ ਜੀ ਬਣਾਈ ਦੇਗ ਲਿਆ ਸੀ ਮੂਹਰੇ ਰੱਖੀ । ਠੰਡੀ ਕਰਦੀ ਮਾਂ ਮੈਂ ਡਿੱਠੀ ਬੈਠੀ ਕੋਲੇ ਝੱਲਦੀ ਪੱਖੀ । ਨਿੱਕੇ ਨਿੱਕੇ ਜਵਾਕ ਮੈਂ ਤੱਕੇ ਚਾਵਾਂ ਗੁੰਦੇ ਭੱਜਦੇ ਆਵਣ । ਫੜ ਪਿੱਤਲ ਦੀਆਂ ਕੌਲੀਆਂ ਹੱਥੀਂ ਲਾ ਕਤਾਰਾਂ ਬਹਿੰਦੇ ਜਾਵਣ । ਉੱਚੀ ਉੱਚੀ, ਕੁਝ ਪੜ੍ਹਦੀਆਂ ਤੁਰ ਅੱਜ ਸੰਗਤਾਂ ਆਈਆਂ । ਕਣਕਾਂ ਮੱਕੀ ਦਾਣੇ ਚੁੱਕੇ ਕਿੱਦਾਂ ਸੀ, ਅੱਜ ਭਰ ਲਿਆਈਆਂ । ਮਹਾਰਾਜ ਦੀ ਸਵਾਰੀ ਉੱਤੇ ਉਹਨਾਂ ਇੱਕ, ਪੱਖਾ ਸੀ ਲਾਇਆ । ਵਾਰ ਵਾਰ ਕੋਈ ਜਾਵੇ ਖਿੱਚਦਾ ਵਾਂਗ ਜਿਵੇਂ ਸੀ ਚੌਰ ਝੁਲਾਇਆ । ਭਾਈ ਜੀ ਸੀ ਅੰਤ ਨੂੰ ਭੋਗ ਸਲੋਕ ਸੁਣਾਏ । ਹੌਲੀ ਹੌਲੀ ਬੋਲ ਕੇ ਸੁਣਾ ਸਭਨਾਂ ਦੇ ਕੰਨੀ ਪਾਏ । ਚੱਲ ਗਿਆਨੀ ਜੀ ਸ਼ਹਿਰੋਂ, ਕਰਨ ਸੀ ਕੀਰਤਨ ਆਏ । ਚਿਮਟੇ ਵਾਜੇ ਢੋਲਕੀਆਂ, ਸੱਭ ਆਣ ਵਜਾਏ । ਭੋਗ ਪੈਣ ਉਪਰੰਤ ਸੰਗਤਾਂ ਸੀ ਖੜ੍ਹੀਆਂ ਹੋਈਆਂ । ਸੁਣਨ ਅਰਦਾਸ ਪਿਆਰ ਨਾਲ ਅੱਖਾਂ ਸੀ ਮੁੰਦੀਆਂ ਹੋਈਆਂ । ਛੱਡ ਜੈਕਾਰੇ ਭਾਈ ਜੀ ਸਮਾਪਤੀ ਕੀਤੀ । ਘਰ ਵਾਲੇ ਡਾਕਟਰ ਜੀ ਛੱਕ ਕੇ ਲੰਗਰ ਜਾਣ ਦੀ ਸੀ, ਬੇਨਤੀ ਕੀਤੀ । ਭਾਈ ਜੀ ਉੱਠ ਸਭ ਨੂੰ ਪਰਸ਼ਾਦ ਵਰਤਾਇਆ । ਛੋਟੇ ਛੋਟੇ ਜੁਆਕਾਂ ਦੀਆਂ ਵਿੱਚ ਕੌਲੀਆਂ, ਸੀ ਉਸ ਪਾਇਆ । ਵਿਸ਼ਾ ਦਰੀਆਂ ਘਰ ਦਿਆਂ ਪੰਡਾਲ ਸਜਾਇਆ । ਕਿੱਕਰ ਥੱਲੇ ਬੈਠਣ ਦਾ ਸੀ ਹੋਕਾ ਲਾਇਆ । ਸਾਰੀ ਸੰਗਤ ਬੈਠ ਅੱਜ ਸੀ ਪੰਗਤਾਂ ਲਾਈਆਂ । ਛੋਟੇ ਵੱਡੇ ਚੁੱਕੇ ਟੋਕਰੇ ਵਿੱਚ ਸੀ ਰੋਟੀਆਂ ਪਾਈਆਂ । ਭੱਜੇ ਫਿਰਦੇ ਪਿਆਰਾਂ ਲੱਦੇ ਅੱਗੇ ਜਾ ਸੀ ਦਾਲਾਂ ਧਰੀਆਂ । ਮਸ਼ਕਾਂ ਵਾਲਾ ਚੱਲ ਬਹੁੜਿਆ ਖੋਲ੍ਹ, ਪਿਆਸੇ ਬੁੱਕਾਂ ਭਰੀਆਂ । ਸਵਾਰੀਆਂ ਚੁੱਕਣ ਆਏ ਸੀ ਪਿੰਡ ਦੇ ਟਾਂਗੇ ਯੱਕੇ । ਸ਼ਹਿਰ ਜਾਣ ਲਈ ਬਹਿੰਦੇ ਜਾਵੋ ਲੱਗਣੇ ਸਾਰੇ ਦੋ ਦੋ ਟੱਕੇ । ਸੰਗਤਾਂ ਤੁਰਦੀਆਂ ਵੇਖੀਆਂ ਰਲ ਮਿਲ ਘਰਾਂ ਨੂੰ ਜਾਵਣ । ਕਿੱਦਾਂ ਪਈਆਂ ਗਲ਼ੇ ਲਿਪਟੀਆਂ ਸੁੱਤਾ ਪਿਆ ਅੱਜ ਪਿਆਰ ਜਗਾਵਣ ਅੱਜ ਮੈਂ ਮਾਰਾਂ ਹਾਕਾਂ ਉਠ ਉਠ ਕਿਉਂ ਨਾਂ ਮੁੜ ਸਮਾਂ ਉਹ ਆਵੇ । ਭੈਣ ਭਾਈ ਸਭ ਜੁੜ ਅੱਜ ਬੈਠਣ ਇੱਕ ਦੂਏ ਨੂੰ, ਭੱਜ ਜੱਫੀਆਂ ਪਾਵੇ । ਬਿਨ ਮਤਲਬ ਸਭ ਭੱਜੇ ਫਿਰਦੇ ਨੇੜ ਕੋਈ ਨਾ ਆਵੇ । ਪੈਰਾਂ ਨੂੰ ਅੱਜ ਕੀ ਹੱਥ ਲਾਉਣਾ ਦੂਰੋਂ ਹਾਏ-ਹਾਏ ਕਹਿ ਬੁਲਾਵੇ ।

ਤੇਲ ਦੇ ਦੀਵਿਆ, ਕੀ ਸਿਫਤਾਂ ਸੁਣਾਵਾਂ ਵੇ

ਤੇਲ ਦੇ ਦੀਵਿਆ, ਕੀ ਸਿਫਤਾਂ ਸੁਣਾਵਾਂ ਵੇ, ਲਾਡਾਂ ਤੇਰੀਆਂ ਦੇ ਗੀਤ, ਅੱਜ ਵੀ ਮੈਂ ਗਾਵਾਂ ਵੇ । ਪਹਿਲੀ ਵਾਰ ਅੱਖ ਖੋਲ੍ਹੀ, ਤੇਰੀ ਲਾਟ ਵੱਲ ਤੱਕਿਆ, ਅੱਜ ਵੀ ਉਹ ਲਾਟ ਬਲੇ, ਨਾਂ, ਮੂਲੋਂ ਜ਼ਰਾ ਅੱਕਿਆ । ਰੋਸ਼ਨੀ ਤੂੰ ਦਿੰਦਾ ਸਾਰੇ, ਬਿੱਲਾਂ ਤੋਂ ਬਗੈਰ ਵੇ, ਘਰ ਨੂੰ ਜਗਾਵੇਂ ਰੋਜ਼, ਨਾਂ ਦੇਖੇਂ ਐਰ ਗ਼ੈਰ ਵੇ, ਚੜ੍ਹਾਇਆ ਜੋ ਤੂੰ ਕਰਜ਼ਾ, ਦੱਸ, ਕਿਵੇਂ ਵੇ ਮੈਂ ਲਾਹਵਾਂ ਵੇ ? ਤੇਲ ਦੇ ਦੀਵਿਆ ……………. ਸਾਲਾਂ ਹਜ਼ਾਰਾਂ ਤੋਂ, ਤੂੰ ਰੋਸ਼ਨੀ ਸੀ ਕਰਦਾ, ਜਾਣੋ ਜਿਵੇਂ ਚਾਨਣ ਨਾਲ, ਝੋਲੀਆਂ ਸੀ ਭਰਦਾ । ਲਾਟ ਇੱਕ ਸਾਰ ਬਲੇ, ਪਾਉਂਦੀ ਭਰਮਾਰ ਸੀ, ਮੇਘ ਜਿਵੇਂ ਵਰਸਦਾ, ਲਾਉਂਦਾ ਝੜੀ ਬੇ-ਸ਼ੁਮਾਰ ਸੀ । ਪਾਲਿਆ ਤੂੰ ਮੈਨੂੰ ਬੀਬਾ, ਵਾਂਗਰਾਂ ਤੂੰ ਮਾਂਵਾਂ ਵੇ, ਤੇਲ ਦੇ ਦੀਵਿਆ ……………… ਤੂੰ ਸੀ ਜੋ ਖੇਡ ਖੇਡੀ, ਉੱਡੀ, ਇੱਕ ਇੱਕ ਕਰ ਕੇ, ਚੱਕੀ ਜੋ ਸੀ ਪੀਸਦੀ, ਦਾਣੇ ਭਰ ਭਰ ਕੇ । ਚਾਟੀਆਂ ਚ ਮਧਾਣੀਆਂ, ਹੁਣ ਸੁਭਾ ਉਠ ਪਾਊ ਕੌਣ ? ਹਾਰਿਆਂ ਚ ਪਾਥੀਆਂ, ਹੁਣ ਚਿਣ ਚਿਣ ਲਾਊ ਕੌਣ ? ਕਿਵੇਂ ਮੈਂ ਭੁਲਾਵਾਂ ਅੱਜ, ਤੂੰ, ਕੀਤੀਆਂ ਜੋ ਛਾਂਵਾਂ ਵੇ, ਤੇਲ ਦੇ ਦੀਵਿਆ ………… ਬਿਜਲੀ ਦਾ ਲਾਟੂ ਬਲ, ਤੈਨੂੰ ਉਹ ਬੁਝਾ ਗਿਆ, ਨਵਾਂ ਯੁੱਗ ਆਇਆ, ਵਾਂਗ ਪੰਛੀਆਂ ਉਡਾ ਗਿਆ । ਆ ਬੈਠੇ ਬਣ ਮੋਢੀ, ਤੈਨੂੰ ਉਹ ਹਲਾ ਗਏ, ਚਿਰਾਂ ਦਾ ਸਾਥੀ ਤੋਰ, ਅੱਗ ਸੀਨੇ ਮੇਰੀ ਲਾ ਗਏ । ਕਿਹਨੂੰ ! ਮੈਂ ਜਾ ਦੱਸਾਂ, ਚੱਲੀਆਂ ਪੁੱਠੀਆਂ ਹਵਾਵਾਂ ਵੇ, ਸਾਥੀ ਮੇਰਾ ਤੁਰ ਗਿਆ, ਦੱਸ ! ਲੱਭਣ ਕਿੱਥੇ ਜਾਵਾਂ ਵੇ । ਤੇਲ ਦੇ ਦੀਵਿਆ, ਕੀ ਸਿਫ਼ਤਾਂ ਸੁਣਾਵਾਂ ਵੇ ਲਾਡਾਂ ਤੇਰੀਆਂ ਦੇ ਗੀਤ, ਅੱਜ ਵੀ ਮੈਂ ਗਾਵਾਂ ਵੇ ॥

ਬੈਠਾਂ ਸਾਂ ਮੈਂ ਚੁੱਪ-ਚੁਪੀਤਾ

ਬੈਠਾਂ ਸਾਂ ਮੈਂ ਚੁੱਪ-ਚੁਪੀਤਾ, ਆਪਣੇ ਆਪ ਨਾਲ ਗੱਲਾਂ ਕਰਦਾ । ਕੁੱਝ ਤਾਂ, ਬੀਤ ਚੁੱਕੀਆਂ ਜੋ, ਕੁੱਝ ਦਾ ਅੱਜ ਵੀ ਪਾਣੀ ਭਰਦਾ । ਸੂਰਜ ਪਿਆ ਅੱਜ ਲਿਸ਼ਕਾਂ ਮਾਰੇ, ਪੰਛੀ ਪਏ ਉਡਾਰੀਆਂ ਲਾਵਣ । ਜ਼ੋਰ ਜ਼ੋਰ ਦੀ ਪੰਖ ਪਏ ਮਾਰਨ, ਚਾਹੁੰਦੇ ਛੇਤੀ ਘਰ ਉਹ ਜਾਵਣ । ਰਸੋਈ ਵਿੱਚ ਕੁਝ ਖੜਕਾ ਹੋਇਆ, ਚੁੱਕ ਸੋਟੀ ਮੈਂ ਵੇਖਿਆ ਜਾ ਕੇ । ਬਿੱਲੀ ਸੰਗ ਬਲੂੰਗੜਿਆਂ ਬੈਠੀ, ਵੇਖੀ, ਅੱਖ ਚ ਅੱਖ ਉਸ ਪਾ ਕੇ । ਸੋਟੀ ਮੈਂ ਜਦ ਝੱਟ ਉਠਾਈ, ਬਿੱਲੀ ਤਾਈਂ ਡਰਾਵਣ ਲੱਗਾ । ਬੈਠੀ ਬਿੱਲੀ ਚੀਕਾਂ ਮਾਰੇ, ਰੰਗ ਹੋਇਆ ਉਸਦਾ ਬਰਫ਼ਾਂ ਬੱਗਾ । ਮੈਂ ਅੱਜ ਲੈ ਬਲੂੰਗੜੇ ਆਈ, ਹਫ਼ਤਾ ਪਹਿਲਾਂ ਇਹ ਦੁਨੀਆਂ ਆਏ । ਘਰ ਘਰ ਮੈਂ ਲੈ ਪਈ ਘੁੰਮਾਂ, ਅੱਜ ਤੇਰੇ ਘਰ, ਪੈਰ ਪੁਆਏਂ । ਇਹਨਾਂ ਨੂੰ ਹਰ ਘਰ ਦਿਖਲਾਵਾਂ, ਵਿਖਾਵਾਂ ਸਾਰੇ ਰਾਸ਼ਨ ਪਾਣੀ । ਕਿੱਥੇ ਕੀ ? ਤੇ ਕਿਵੇਂ ਤੁਸਾਂ ਚੁਗਣਾ ? ਹੋਣੀ ਫਿਰ ਇਹਨਾਂ ਆਵਣ ਜਾਣੀ । ਸੱਤ ਘਰ ਮੈਂ ਲਈ ਹਾਂ ਫਿਰਨਾ, ਕਿੱਥੇ ਰੋਟੀ ਤੇ ਕਿੱਥੇ ਹੈ ਮੱਖਣੀ ? ਖਾ ਖਾ ਇਹਨਾਂ ਨੇ ਵੱਡੇ ਹੋਣਾ, ਮਾਰ ਮਾਰ ਜੀਭਾਂ ਸਭਨਾਂ ਚੱਖਣੀ । ਮਾਰਨ ਲਈ ਮੈਂ ਡੰਡਾ ਚੁੱਕਿਆ, ਬਲੂੰਗੜਾ ਇੱਕ ਮੇਰੇ ਵੱਲ ਵੇਖੇ । ਕਿਉਂ ਸੱਜਣਾ ਤੂੰ ਡੰਡਾ ਫੜਿਆ, ਅੱਖ ਚ ਅੱਖ ਪਾ ਮੈਨੂੰ ਦੇਖੇ । ਬਲੂੰਗੜਾ ਪਾਸੇ ਹੋ ਸੀ ਬੈਠਾ, ਲੱਗਣ ਸੱਭ ਕੁੱਝ ਮੈਨੂੰ ਬੋਲਣ । ਜੋ ਕੁੱਝ ਅੱਜ ਉਹ ਨਾਲ ਲੈ ਆਇਆ, ਇੱਕ ਇੱਕ ਕਰ ਉਹ, ਲੱਗਾ ਫਰੋਲਣ । ਜਨਮ ਮੇਰਾ, ਇੱਥੇ ਤਾਂ ਆ ਹੋਇਆ, ਕੁਦਰਤ ਮੇਰਾ ਅੰਨ ਲਕੋਇਆ । ਅੱਜ ਆਣ ਸੱਭ ਇੱਥੇ ਪੁੱਜੇ, ਪੋਣਾ ਚੁੱਕ, ਅਸਾਂ ਆ ਟੋਹਿਆ । ਰਲ ਮਿਲ ਅਸਾਂ ਨੇ ਇੱਥੇ ਰਹਿਣਾ, ਖੋਲ੍ਹ ਛਾਬਾ ਅਸਾਂ ਰੋਟੀ ਖਾਣੀ । ਖਾ ਖਾ ਅਸਾਂ ਨੇ ਨਿਸ਼ਾ ਹੈ ਕਰਨੀ, ਨਾਲ ਨਾਂ, ਅਸਾਂ ਨੇ ਚੁੱਕ ਲਜਾਣੀ । ਦਾਣਾ ਪਾਣੀ ਅਸਾਂ ਨੇ ਚੁਗਣਾ, ਟਿੱਕ ਘਰ, ਅਸਾਂ ਨੀਂ ਬਹਿਣਾ । ਦਾਣਾ ਆਪਣਾ ਚੁਗ ਲੈ ਜਾਣਾ, ਤੈਨੂੰ ਅਸਾਂ ਨੇ ਕੁੱਝ ਨਾਂ ਕਹਿਣਾ । ਹੱਥ ਸੋਟੀ ਪਰੇ ਜਾ ਸੁੱਟੀ, ਮੈਂ ਵੀ ਬੈਠਾ ਚੌਂਕੜੀ ਮਾਰ । ਜੋ ਜੋ ਆਇਆ ਚੁਗਦਾ ਫਿਰਦਾ, ਕਿਉਂ ਮੈਂ ਖਾਵਾਂ, ਸੰਗ ਲੋਕਾਂ ਖਾਰ ? ਹੌਲੀ ਹੌਲੀ ਉਹ ਤੁਰਨੇ ਲੱਗੇ, ਅੱਖ ਚ ਅੱਖ ਉਹ ਪਾਉਂਦੇ ਜਾਵਣ । ਮੈਲ ਮੈਂ ਚਾੜ੍ਹੀ ਜਨਮਾ ਜਨਮਾ, ਇੱਕ ਇੱਕ ਕਰ ਉਹ ਲਾਹੁੰਦੇ ਜਾਵਣ ।

ਛੋਟੇ ਹੁੰਦੇ ਦਾ ਸਾਥੀ ਮੇਰਾ

ਛੋਟੇ ਹੁੰਦੇ ਦਾ ਸਾਥੀ ਮੇਰਾ, ਮੇਰੇ ਨਾਲ ਸੀ ਰਹਿੰਦਾ,ਹਰ ਦਮ । ਕੋਈ ਵੀ ਮੁਸ਼ਕਲ ਪੈ ਜੇ ਮੈਨੂੰ, ਉਹ ਹਮੇਸ਼ਾ ਸਹਾਈ, ਹਰ ਕੰਮ । ਜਦੋਂ ਮੈਂ ਸਕੂਲੇ ਜਾਂਦਾ, ਮੇਰੇ ਪੈਰ ਨਾਲ ਪੈਰ ਮਲਾਂਦਾ । ਲੋਕੀਂ ਖੜ੍ਹ ਉਹਦੀ ਚਾਲ ਪਈ ਵੇਖਣ, ਪਹਿਲਾਂ ਖੱਬਾ ਫਿਰ ਸੱਜਾ ਪਾਂਦਾ । ਜਦ ਮੈਂ ਸੌਵਾਂ, ਨਾਲ ਉਹ ਸੋਂਦਾ ਸੁੱਤੇ ਪਏ ਦਾ ਦਿਲ ਲਵਾਉਂਦਾ । ਗੋਡਿਆਂ ਘਸਿਆਂ ਤੇ ਰੌਲਾ ਪਾਉਂਦਾ, ਮੈਥੋਂ ਭੋਰਾ ਵੀ ਦੇਖ ਨ ਹੁੰਦਾ । ਹੁਣ ਜਦ ਮੈਂ,ਵੱਡ੍ਹਾ ਹੋਇਆ, ਮੈਨੂੰ ਛੱਡ ਉਹ ਤੁਰਦਾ ਹੋਇਆ । ਗਲੀ ਗਲੀ ਮੈਂ ਭਾਲਿਆ ਉਸਨੂੰ, ਪਰ ਇਹ ਮੈਥੋਂ ਫੜ ਨ ਹੋਇਆ, ਫਾਂਟਾਂ ਵਾਲਾ ਪਜਾਮਾ ।

ਰੀਝਾਂ ਲਾ ਲਾ ਬੁਣਿਆ ਮੈਨੂੰ

ਰੀਝਾਂ ਲਾ ਲਾ ਬੁਣਿਆ ਮੈਨੂੰ ਨਿੱਕੇ ਨਿੱਕੇ ਤੀਲੇ ਲਾਏ । ਫੜ ਬਾਂਸ ਮੈਨੂੰ ਸਿੱਧਾ ਕੀਤਾ, ਖਿੱਚ ਚਮੜੇ ਖ਼ੂਬ ਸਜਾਏ । ਖੇਤਾਂ ਦਾ ਮੈਂ ਰਾਜਾ ਬਣਿਆ ਲੋਕ ਸਿਰਾਂ ਤੇ ਚੱਕਦੇ । ਚੱਲਣ ਹਵਾਵਾਂ ਪਿਆ ਮੈਂ ਝੂਲਾਂ ਲੋਕੀ ਖੜ੍ਹ ਖੜ੍ਹ ਮੈਨੂੰ ਤੱਕਦੇ । ਦੁੱਧ ਪਾਣੀ ਮੈਂ ਅੱਡ ਅੱਡ ਕਰਦਾ ਹਿੱਲਦਾ ਵੇਖ ਮੈਨੂੰ ਭੰਗੜੇ ਪਾਵਣ । ਘਰ ਦੀ ਸ਼ਾਨ ਬਣਿਆ ਬੈਠਾ, ਉੱਠ ਕੁੰਡੀ ਜਾ ਲਟਕਾਵਣ । ਸਮਾਂ ਬਦਲਿਆ, ਮੈਂ ਸਾਂ ਡਰਿਆ ਅੱਜ ਕੋਈ ਨਾਂ ਆਣ ਉਠਾਵੇ । ਨਵੀਆਂ ਆਣ ਮਸ਼ੀਨਾਂ ਢੁੱਕੀਆਂ ਹੁਣ ਕੋਈ, ਨਾਂ ਨਜ਼ਰਾਂ ਪਾਵੇ । ਮੈਂ ਰੋਵਾਂ ਸਭ ਹੱਸਦੇ ਫਿਰਦੇ ਸਮਝ ਰਤਾ ਨਾ ਆਵੇ । ਇੱਕ ਦਿਨ ਮੇਰੇ ਸਿਹਰੇ ਗੁੰਦੇ ਅੱਜ ਅੱਖਾਂ ਕੱਢ ਡਰਾਵੇ । ਕੁੱਟਦੇ ਕੁੱਟਦੇ ਗੇੜੇ ਦੇਵਣ ਮੈਨੂੰ ਕੀਤਾ ਤੀਲਾ ਤੀਲਾ । ਵਿੱਚ ਮੂਰਤਾਂ ਤਾੜਿਆ ਮੈਨੂੰ ਨਾਂ ਕੋਈ ਚੱਲਦਾ ਮੇਰਾ ਹੀਲਾ । ਜੋ ਸਨ ਮੈਨੂੰ ਸਿਰ ਤੇ ਚੁੱਕਦੇ ਸੋਟੀਆਂ ਫੜ ਫੜ ਆਏ । ਇੱਕ ਇੱਕ ਕਰ ਅੱਜ ਤੌਣੀਆਂ ਲਾਈਆਂ ਕਿੱਦਾਂ ਪਿੰਡੇ ਪਏ ਸਜਾਏ । ਮੈਂ ਜਿਉਂ ਜਿਉਂ ਟੁੱਟਦਾ ਹੱਸਣ ਮੈਨੂੰ ਗੰਦੇ ਭੱਦੇ ਸ਼ਬਦ ਪਏ ਬੋਲਣ । ਸੱਟਾਂ ਲਾ ਲਾ ਲਾਲ ਅੱਜ ਕੀਤਾ ਉੱਤੋਂ ਨਮਕ ਪਏ ਅੱਜ ਡੋਲ੍ਹਣ । ਚੁੱਕਿਆ ਮੇਰਾ ਤੀਲਾ ਤੀਲਾ ਚੁੱਕ ਬੋਰੀ ਵਿੱਚ ਪਾਇਆ । ਸਦੀਆਂ ਬੱਧੇ ਰਾਜ ਮੈਂ ਕੀਤਾ ਅੱਜ ਪੈਰਾਂ ਥੱਲੇ ਲਾਇਆ । ਸੌ ਸੌ ਪਿੱਠ ਤੇ ਡੰਡੇ ਖਾਧੇ ਵੇਖਿਆ ਨਾਂ ਕੋਈ ਆਲ਼ਾ-ਦੁਆਲਾ “ਗੁਰਚਰਨ” ਵਿਰਸੇ ਨੂੰ ਸਾਂਭੀ ਬੈਠਾ ਅੱਜ ਛੱਜ ਇਹ ਭਾਗਾਂ ਵਾਲਾ ।

ਆਪਣੇ ਆਪ ਨਾਲ ਗੱਲਾਂ ਕਰਦਾ

ਆਪਣੇ ਆਪ ਨਾਲ ਗੱਲਾਂ ਕਰਦਾ, ਹੌਲੀ ਹੌਲੀ ਤੁਰਦਾ ਆਇਆ । ਲਾ ਨਜ਼ਰਾਂ ਉੱਡਦੇ ਪੰਛੀ ਤੱਕਾਂ, ਖੁਸ਼ੀ ਖੁਸ਼ੀ ਸਭ ਨੱਚਣ ਲਾਇਆ । ਚੱਲ ਮੈਂ ਪਾਸ ਬਰੋਟੇ ਆਇਆ, ਥੱਲੇ ਬੈਠਾ ਮਾਣਾਂ ਛਾਵਾਂ । ਹੌਲੀ ਹੌਲੀ ਅਵਾਜ਼ ਪਈ ਆਉਂਦੀ, ਪੱਤਿਆਂ ਵਿੱਚ ਦੀ ਨਿਗਾਹ ਟਿਕਾਵਾਂ । ਭੱਜਦੀ ਫਿਰਦੀ ਉੱਤੇ ਥੱਲੇ ਮੈਂ ਇੱਕ ਸੀ ਕਾਟੋ ਤੱਕੀ ਬੈਠੀ ਖੂੰਜੇ ਤੱਕਦੀ ਮੈਨੂੰ ਬੈਠੀ ਅੱਜ ਹੋ ਹੱਕੀ-ਬੱਕੀ । ਡਰਦੀ ਡਰਦੀ ਕੋਲ ਉਹ ਆਈ, ਲੱਗਦਾ ਜਿਵੇਂ ਕੁਝ ਕਹਿਣਾ ਚਾਹਵੇ । ਕਰ ਇਸ਼ਾਰਾ ਕੋਲ ਬੁਲਾਇਆ, ਬੈਠੀ ਅੱਖ ਚ ਅੱਖ ਉਹ ਪਾਵੇ । ਸੁਭਾ ਉਠ ਅਸਾਂ ਸੀ ਭੱਜਣਾ, ਭੱਜ ਭੱਜ ਜਾਣਾ ਗੇੜੀਆਂ ਲਾਉਣਾ । ਲੁਕਣ-ਮੀਚੀ ਖੇਡ ਪਿਆਰੀ, ਮਾਰ ਸੀਟੀਆਂ ਗਾਣੇ ਗਾਉਣਾ । ਛੱਡ ਬਰੋਟਾ ਸਰੀਂ ਜਾ ਚੜ੍ਹਨਾ, ਲੁਕ ਲੁਕ ਅਸਾਂ ਨੇ ਪੀਲੂ ਖਾਣੇ । ਵੇਖੇ ਪੰਛੀ ਬੇਰੀਆਂ ਬੈਠੇ, ਚੁੱਕ ਚੁੱਕ ਅਸਾਂ ਨੇ ਬੋਝੇ ਪਾਣੇ । ਵੇਖਿਆ ਇੱਕ ਦਰੱਖਤ ਲਸੂੜ੍ਹਾ ਸੱਚ-ਮੁਚ ਨਾਲ ਸੀ ਗੂੰਦਾਂ ਭਰਿਆ । ਮਲਕੜੇ ਜਿਹੇ ਹੱਥ ਅਸਾਂ ਲਾਉਣਾ, ਹੱਥ ਪੈਰ ਸਭ ਚਿੱਪ ਚਿੱਪ ਕਰਿਆ । ਮਾਰ ਮਾਰ ਛਾਲਾਂ ਤੂਤਾਂ ਚੜ੍ਹਨਾ, ਚੁੱਕ ਚੁੱਕ ਅਸਾਂ ਨੇ ਤੂਤੀਆਂ ਖਾਣਾ । ਕੁਝ ਹਰੀਆਂ ਕੁੱਝ ਜਾਮਣ ਰੰਗੀਆਂ, ਇੱਕ ਇੱਕ ਕਰ ਅਸਾਂ ਮੂੰਹ ਚ ਪਾਣਾ । ਬਰੋਟੇ ਭੱਜ ਭੱਜ ਅੱਜ ਮੈਂ ਥੱਕੀ, ਕੱਲਾ ਖੜ੍ਹਾ ਬਰੋਟਾ ਤੱਕਾਂ । ਦੱਸਣ ਨੂੰ ਮੇਰਾ ਢਿੱਡ ਆ ਭਰਿਆ, ਸਾਰਾ ਕੁਝ ਮੈਂ ਕਹਿ ਨਾਂ ਸੱਕਾਂ । ਕਿੱਥੇ ਗਏ ਦਰਖਤ ਮੈਂ ਖੇਡੇ, ਨੇੜੇ ਤੇੜੇ ਨਾਂ ਦਿਸਦਾ ਭੋਰਾ । ਕਿਸ ਨੇ ਕੀਤੇ ਟੁੱਕ ਟੁੱਕ ਸਾਰੇ ? ਦਿਲ ਮੇਰੇ ਨੂੰ ਲੱਗਿਆ ਝੋਰਾ । ਛੱਡ ਇਸਨੂੰ ਮੈਂ ਜਾਵਾਂ ਕਿੱਥੇ, ਹੋਰ ਦਰਖ਼ਤ ਨਾਂ ਦਿਸਦਾ ਕੋਈ । ਧੁੱਪਾਂ ਮੇਰੇ ਸੀਨੇ ਸੇਕੇ, ਕਿਸ ਨੇ ਮੇਰੀ ਛਾਂ ਲਕੋਈ । ਅੱਜ ਤੂੰ ਵੱਡੀਆਂ ਕੋਠੀਆਂ ਪਾਈਆਂ, ਵੱਡੇ ਵੱਡੇ ਪੱਖੇ ਲਾਏ । ਤੱਤੀਆਂ ਠੰਡੀਆਂ ਮੋਟਰਾਂ ਲਾਈਆਂ, ਅੱਡ ਅੱਡ ਰੰਗਾਂ ਨਾਲ ਸਜਾਏ । ਬੱਚੇ ਮੇਰੇ ਪੁੱਛਦੇ ਮੈਨੂੰ, ਕੌਣ ਏ ਇਹ ਜਿਸ ਪੱਖੇ ਲਾਏ । ਕੌਣ ਏ ਇਹ ਜੋ ਕਾਰਾਂ ਵਾਲਾ, ਕੌਣ ਏ ਇਹ ਜਿਸ ਕੋਠੇ ਪਾਏ । ਜਦ ਇਹ ਬੈਠਾ ਕਾਰਾਂ ਤੁਰਦਾ, ਆਖੇ ਬੜਾ ਸਰੂਰ ਅੱਜ ਆਇਆ । ਘਰ ਆਪਣੇ ਨੂੰ ਵੱਡਾ ਕਰ ਕਰ, ਧੱਕੇ ਮਾਰ, ਜਿਸ ਅਸਾਂ ਭਜਾਇਆ । ਘਰ ਤੂੰ ਵੱਡਾ ਜੀ ਜੀ ਕਰ ਤੂੰ, ਪਰ ਮੈਨੂੰ ਕਿਉਂ ਤੂੰ ਪੁੱਟਦਾ ਜਾਵੇਂ ? ਸੜਕਾਂ ਰੱਜ ਰੱਜ ਚੌੜੀਆਂ ਕਰ ਤੂੰ, ਪਰ ਕਿਉਂ ਨਾਂ ਦਸ ਦਸ ਹੋਰ ਲਗਾਵੇਂ ? ਬੱਚੇ ਤੇਰੇ ਸੰਗ ਸਾਡੇ ਖੇਡਣ, ਰਲ ਮਿਲ ਆ ਅੱਜ ਪੀਂਘਾਂ ਪਾਈਏ । ਵਿੱਚ ਬਾਗਾਂ ਦੇ ਨੱਚੀਏ ਟੱਪੀਏ, ਸੰਗ “ ਗੁਰਚਰਨ “ ਸੱਭ ਖੁਸ਼ੀ ਮਨਾਈਏ ।

ਲੋਕਾਂ ਡਿੱਠਾ ਭੂੰਡ ਇੱਕ ਆਉਂਦਾ

ਲੋਕਾਂ ਡਿੱਠਾ ਭੂੰਡ ਇੱਕ ਆਉਂਦਾ, ਨਾਲ ਸਵਾਰੀਆਂ ਭਰਿਆ । ਕਦੇ ਸੱਜੇ ਤੇ ਕਦੇ ਉਹ ਖੱਬੇ, ਉਸ ਤੋਂ ਸਿੱਧਾ ਜਾਵੇ ਨਾ ਤੁਰਿਆ । ਸਾਫ਼ਾ ਹਲਾ ਸੱਜਣ ਇੱਕ ਬੋਲੇ, ਭੂੰਡ ਜੀ ਮੈਨੂੰ ਵੀ ਲੈ ਜਾਵੋ । ਹੌਲੀ ਕਰੋ, ਪੈਰ ਧਰਾਵੋ, ਮੈਨੂੰ ਛੇਤੀ ਜ਼ਰਾ ਪੁਚਾਵੋ । ਮੱਠੀ ਚਾਲ ਭੂੰਡ ਨੇ ਕੀਤੀ, ਆਖੇ ਛੇਤੀ ਪੈਰ ਟਿਕਾਵੀਂ । ਭੱਜ ਕੇ ਚੜ੍ਹ ਜਾ, ਮਾਰ ਟਪੂਸੀ, ਦੇਰ ਮਾਸਾ ਨਾ ਲਾਵੀਂ । ਚਾਰੇ ਪਾਸੇ ਸੱਜਣ ਉੱਠ ਦੋੜੇ, ਕਿਤੇ ਪੈਰ ਜਾਵੇ ਨਾ ਧਰਿਆ । ਭੱਜ ਭੱਜ ਥੱਕੇ ਸੱਜਣ ਮੇਰੇ, ਇੱਕ ਲੰਬਾ ਹੌਕਾ ਭਰਿਆ । ਪਾ ਪੱਲਾ ਉਹ, ਭੂੰਡ ਨੂੰ ਬੋਲੇ, ਭੂੰਡ ਜੀ ਕਰ ਲੋ ਕੋਈ ਲਿਹਾਜ਼ ? ਚੜ੍ਹ ਵੀ ਜਾਵਾਂ ਪੁੱਜ ਵੀ ਜਾਵਾਂ, ਅੱਜ ਦੱਸੋ ਕੋਈ ਇਲਾਜ ? ਭੂੰਡ ਆਖਿਆ, ਗੱਲ ਮੈਂ ਦੱਸਾਂ, ਤੇਰਾ ਸੁਖੀ ਹੋਊ, ਫਿਰ ਜੀਣਾ । ਪਿਆਸਾ ਕਦੇ ਨਾ ਪੁੱਛਦਾ ਸੱਜਣਾ, “ਗੁਰਚਰਨ “ ਕਿਵੇਂ ਪਾਣੀ ਮੈਂ ਪੀਣਾ ?

ਗੁੱਲੀ ਡੰਡਾ ਖੇਡ ਸੀ ਮੇਰੀ

ਗੁੱਲੀ ਡੰਡਾ ਖੇਡ ਸੀ ਮੇਰੀ, ਮੈਂ ਟੁੱਲ ਸੀ ਜ਼ੋਰ ਦੀ ਲਾਇਆ । ਬਚਪਨ ਮੇਰਾ ਉਠਾ ਉਹ ਭੱਜੀ, ਡੇਰਾ ਵਿੱਚ ਜਵਾਨੀ ਲਾਇਆ । ਚੁੱਕ ਰੋਆਇਲ, ਲੱਭੇ ਪਰਛਾਵੇਂ, ਕੋਈ ਗੀਤ ਸੀ, ਪਿਆਰ ਦਾ ਗਾਇਆ । ਪਾ ਬੋਟਮ ਨਾਲ ਠੁੱਕ ਦੇ ਤੁਰਦਾ, ਜੋ ਮਿਲਿਆ,ਚੁੱਕ ਉਸ ਖਾਇਆ । ਨਾਂ ਨਾਂ ਕਰਦੇ ਸਜਾ ਕੁਰਸੀ ਤੇ, ਚੁੱਕ ਛੁਹਾਰਾ ਮੂੰਹ ਨੂੰ ਲਾਇਆ । ਨਾਲ ਜੁਆਕਾਂ ਲੈ ਹੁਣ ਤੁਰਦਾ, ਇੱਕ ਚੁੱਕ, ਢਾਕੇ ਉਸ ਲਾਇਆ । ਸਮਾਂ ਨਾਂ ਠਹਿਰੇ ਰੁਕੇ ਰੁਕਾਇਆ, ਝੱਟ ਨਾਨਾ, ਕਹਿਲਾਇਆ । ਸੁਣ ਦਾਤਾ ! ਕੀ ਖੇਡ ਇਹ ਤੇਰੀ, ਤੂੰ ਆਪੇ ਕਾਰੇ ਲਾਇਆ ।

ਪਾਥੀ ਦੀ ਪੁਕਾਰ

ਇੱਕ ਦਿਨ ਮੈਂ, ਕੋਠਿਓਂ ਡਿੱਗੀ, ਦੁੱਖ ਕਿਸੇ ਨਾਂ ਸੁਣਿਆ । ਚੁੱਕ ਮੈਨੂੰ ਸੀ ਬੱਠਲ਼ ਪਾਇਆ, ਨਾਲ ਭਰਾਵਾਂ ਗੁੰਨ੍ਹਿਆ । ਜ਼ੋਰ ਜ਼ੋਰ ਦੀ ਧੱਫੇ ਖਾਧੇ, ਵਾਰ ਵਾਰ ਮੈਂ ਘੁੰਮੀ । ਲੋਕੀ ਮੈਨੂੰ ਖੜ੍ਹ ਖੜ੍ਹ ਵੇਖਣ, ਮੈਂ ਦਿਨ ਦਿਹਾੜੇ ਗੁੰਮੀ । ਚੁੱਕ ਮੈਨੂੰ ਫਿਰ ਸੱਜੇ ਹੱਥੀਂ, ਠਾਹ ! ਕੰਧ ਤੇ ਲਾਇਆ । ਨਾਲ ਸਾਥੀਆਂ ਸੀਹੇ ਸੇਕੇ, ਜਦ ਸੁੱਕੀ ਆਣ ਉਠਾਇਆ । ਚਿਣ ਚਿਣ ਮੇਰੇ ਮਹਿਲ ਉਸਾਰੇ, ਪਈ ਦਿਨੇ ਰਾਤ ਮੈਂ ਤੱਕਾਂ । ਕਿਰਲੇ ਸੱਪ ਮੇਰੀ ਹਿੱਕ ਤੇ ਖੇਡੇ, ਰਤਾ ਕਹਿ ਕੁਝ ਨਾਂ ਸੱਕਾਂ । ਇੱਕ ਦਿਨ ਚੁੱਕ ਮੈਨੂੰ ਬੋਰੀ ਪਾਇਆ, ਗੰਢ ਬੋਰੀ ਨੂੰ ਲਾਈ । ਸਾਹ ਮੇਰਾ ਪਿਆ ਘੁੱਟਦਾ ਜਾਵੇ, ਸੰਗ ਭਰਾਵਾਂ ਉਸ ਉਠਾਈ । ਘਰ ਲਿਆ ਮੈਨੂੰ ਕੱਢਿਆ ਬਾਹਰ, ਨਾਂ ਕੋਈ ਤੇਲ ਚੁਆਇਆ । ਫੜ ਮੈਨੂੰ ਉਸ ਦੋਵੇਂ ਹੱਥੀਂ, ਸਿੱਧਾ ਰਸੋਈ ਆਣ ਟਿਕਾਇਆ । ਫੜ ਭੂਕਣਾ ਦੋ-ਹੱਥ ਕੀਤੇ, ਚੁੱਕ ਚੁੱਲ੍ਹੇ ਵਿੱਚ ਡਾਹਿਆ । ਤੇਲ ਸੁੱਟ ਨਲਾਇਆ ਮੈਨੂੰ, ਮੂੰਹ ਸਿਰ ਗੱਚ ਕਰਾਇਆ । ਲਾ ਤੀਲੀ ਮੈਨੂੰ ਮੱਚਣ ਲਾਇਆ, ਸੋਚਾਂ ! ਕੀ ਮੇਰੇ ਨਾਲ ਬੀਤੀ । ਦਿਨ ਦਿਹਾੜੇ ਕਹਿਰ ਉਸ ਢਾਹਿਆ, ਮੈਂ ਵਾਂਗ ਪੌਡਰ ਦੇ ਕੀਤੀ । ਚੁੱਕ ਮੈਨੂੰ, ਭਾਂਡੇ ਕੂਚਣ ਲੱਗਾ, ਪਿਆ ਮੈਲ ਉਹਨਾਂ ਦੀ ਲਾਹਵੇ । ਦੇਖਦਿਆਂ ਹੀ ਭਾਂਡੇ ਚਮਕੇ, ਕਿੱਦਾਂ ਝੱਟ-ਪੱਟ ਪਿਆ ਲਿਸ਼ਕਾਵੇ । ਕਿਸੇ ਨੂੰ ਮੱਤ ਦੇਣ ਤੋਂ ਪਹਿਲਾਂ, ਦੋ ਵਾਰ ਤੂੰ ਸੋਚੀਂ । ਧੁੱਪਾਂ ਮੀਂਹ ਫਿਰ ਅੱਗ ਚ ਧੁਸਣਾ, ਫਿਰ ਤੂੰ ਮੈਲ ਕਿਸੇ ਖਰੋਚੀਂ ।

ਅੱਖ-ਮਟੱਕੇ ਇਮੋਜੀ ਲਾਵੇ

ਅੱਖ-ਮਟੱਕੇ ਇਮੋਜੀ ਲਾਵੇ, ਹੱਥ ਜੋੜ, ਫਿਰ ਕਹਿ ਬੁਲਾਵੇ । ਹੱਥ ਫੜ ਸੋਟੀ, ਬਾਬਾ ਬੈਠਾ, ਅੱਜ ਕੋਈ , ਰਾਹ ਪੁੱਛਣ ਨੂੰ ਆਵੇ । ਤੁਰ ਤੁਰ ਥੱਕਿਆ, ਨਾਂ ਬੋਤਾ ਤੱਕਿਆ, ਜੋ ਕਿਸੇ ਸਮੇਂ, ਮੁਕਲਾਵਾ ਲਿਆਵੇ । ਖੱਚਰ ਵਾਲੀ ਰੇੜ੍ਹੀ ਦੌੜੇ, ਬਿਨ ਹਾਰਨ ਪਈ ਆਵੇ ਜਾਵੇ । ਦਾਤਣ ਵਾਲੇ ਭਾਈ ਨੂੰ ਟੋਲ਼ਾਂ, ਅੱਜ ਉਹ ਕਿੱਥੇ ਹੋਕਾ ਲਾਵੇ । ਚਾਹ ਪੱਤੀ ਜੋ ਲਾਲ ਡੱਬੇ ਵਿੱਚ, ਪਾ ਟੋਪੀ, ਧੱਕ ਰੇੜ੍ਹਾ ਆਵੇ । ਨਵੀਂ ਮੂਰਤ ਅੱਜ ਟਾਕੀ ਲੱਗਣੀ, ਫੜ ਛੈਣੇ, ਉਹ ਰੌਲਾ ਪਾਵੇ । ਖੜ੍ਹਾ ਮੰਜੇ ਸਪੀਕਰ ਟੰਗਣੇ, ਸੁੱਟ ਪੱਥਰ ਫਿਰ ਸੂਈ ਘਸਾਵੇ । ਚੁੱਲ੍ਹੇ ਹਾਰੇ ਛਿਪਦੇ ਜਾਵਣ, ਦੂਰ ਦੂਰ ਕਿਤੇ ਨਜ਼ਰ ਨਾ ਆਵੇ । ਮੱਝਾਂ ਪਈਆਂ ਨਹਾਉਣ ਨੂੰ ਤਰਸਨ , ਛੱਪੜ ਪਿਆ ਤਲਾ ਅਖਵਾਵੇ । ਪੈਂਟ ਕਸਣ ਨੂੰ ਬੇਬੇ ਫਿਰਦੀ, ਅਜੇ ਪਿੰਡ ਤੋਂ ਪਈ ਸ਼ਰਮਾਵੇ । ਜੋ ਕਦੇ ਸੀ ਖੂਹ ਤੇ ਜਾ ਕੇ, ਦੋ ਦੋ ਘੜੇ ਚੁੱਕ ਸਿਰ ਟਿਕਾਵੇ । ਰੱਬ ਦਾ ਨਾਮ ਲੈਣ ਤੋਂ ਪਹਿਲਾਂ, ਫੜ ਫੋਨ ਚੁੱਕ ਕੰਨ ਨੂੰ ਲਾਵੇ । ਆਦਰ ਵੱਡਿਆਂ ਕਰਨਾ ਭੁੱਲਿਆ, ਲਵ-ਯੂ ਕਹਿ, ਨਿੱਤ ਮੈਸਿਜ਼ ਪਾਵੇ । ਹਫ਼ਤਾ ਹਫ਼ਤਾ ਸਾਗ ਘੋਟਣਾ, ਟਿੱਕੀ ਮੱਖਣ, ਖੁਰਦੀ ਜਾਵੇ । ਫੜ ਖੂੰਡਾ, ਬਾਬਾ ਖੂੰਜੇ ਬੈਠਾ, ਲਾ ਟਿਕ-ਟੱਕੀ, ਪਿਆ ਸੈਨਤ ਲਾਵੇ । ਲਿਆ ਪੀਜ਼ਾ ਰੱਖ ਮੂਹਰੇ ਧਰਿਆ, ਵੇਖੇ, ਪਰ ਕੁਝ ਕਹਿ ਨਾ ਪਾਵੇ । ਹਫ਼ਤਾ ਹਫ਼ਤਾ ਜੰਝ ਪਈ ਰੱਖਣੀ, ਪਈ ਸੀ ਸੇਵਾ ਭਾਵ ਜਗਾਵੇ । ਜਣਾ- ਕਣਾ ਅੱਜ ਐਕਟਰ ਹੋਇਆ, ਦਿਨ ਰਾਤ ਪਿਆ ਝੂਠ ਫਲਾਵੇ । ਪੁੱਠੀਆਂ- ਸਿੱਧੀਆਂ ਮੂਰਤਾਂ ਤੱਕ ਤੱਕ, ਕੱਢ ਤਰਜ਼ਾਂ , ਪਿਆ ਗੀਤ ਅਲਾਵੇ । ਸੂਟ-ਬੂਟ ਪਾ ਮਾਇਆ ਘੁੰਮੇ, ਚੜ੍ਹ ਕੋਠੇ, ਆ ਪਈ ਨਚਾਵੇ । ਕਰੀਂ ਕਦਰ ਸਮੇਂ ਦੀ ਬੰਦਿਆ, ਵਾਂਗ ਬਰਫ਼ ਦੇ ਖੁਰਦਾ ਜਾਵੇ । ਪਾਣੀ ਹੇਠ ਪੁਲਾਂ ਦੇ ਲੰਘਿਆ, ਮੁੜ, ਕਦੇ ਨਾ ਮੂੰਹ ਵਿਖਾਵੇ । ਨਵੀਆਂ ਰੀਤਾਂ, ਜੰਮ ਜੰਮ ਸਿੱਖੇਂ, ਕਿਉਂ, ਆਪਣਾ ਆਪ ਤੂੰ ਭੁੱਲਦਾ ਜਾਵੇਂ ? ਵਿਰਸਾ ਆਪਣਾ ਸਾਂਭ ਜਰਾ ਤੂੰ, ਕਿਉਂ ! ਵਸਤ ਪਰਾਈ ਤੇ ਡੁੱਲ੍ਹਦਾ ਜਾਵੇਂ ?

ਤੁਰਦੇ ਜਾਂਦੇ ਹਾਕ ਸੀ ਮਾਰੀ

ਤੁਰਦੇ ਜਾਂਦੇ ਹਾਕ ਸੀ ਮਾਰੀ, ਭੈ-ਭੀਤ ਬੜਾ ਮੈਂ ਹੋਇਆ । ਆਸੇ ਪਾਸੇ ਨਿਗਾਹ ਟਿਕਾਈ, ਰਾਹ, ਆ, ਮੇਰੇ ਕੋਲ ਖੜੋਇਆ । ਸਾਰੇ ਜਾਂਦੇ ਤੇਜ਼ ਤੇਜ਼, ਜਾਣੋਂ ਜਿਵੇਂ ਉਹ ਭੱਜੇ ਜਾਂਦੇ । ਇੱਛਾ ਮੇਰੀ, ਖੜਾ ਮੈਂ ਪੁੱਛਾਂ, ਸਭ ਅੱਜ ਅੱਡੀ ਲਾਉਂਦੇ ਜਾਂਦੇ । ਖੜ੍ਹਾ ਮੈਨੂੰ, ਰਾਹ ਪੁੱਛਣ ਲੱਗਾ, ਦਹਾਕਿਆਂ ਬੱਧੀ ਖੜ੍ਹਾ ਮੈਂ ਇੱਥੇ । ਪਿੱਛੇ ਜੋ ਮੈਂ ਚੀਜ਼ਾਂ ਤੱਕੀਆਂ, ਅੱਜ ਉਹ ਉੱਡੀਆਂ ਗੁੰਮੀਆਂ ਕਿੱਥੇ ? ਤੱਕਿਆ ਹਾਲੀ ਸੁਭਾ ਸਵੇਰੇ, ਮੋਢੇ ਚੁੱਕ ਉਹ ਹਲ ਲੈ ਜਾਂਦਾ । ਪਾ ਨੀਵੀਆਂ ਲਾ ਟਿਕ-ਟੱਕੀ, ਹਲਾਉਂਦਾ ਬੁੱਲ੍ਹ ਕੁਝ ਪੜ੍ਹਦਾ ਜਾਂਦਾ । ਲੱਕੜੀ ਚੱਕਿਆਂ ਵਾਲਾ ਗੱਡਾ, ਆਉਂਦੇ ਜਾਂਦੇ ਬਠਾ ਲਿਆਉਂਦਾ । ਚਿੱਟੇ ਚਿੱਟੇ ਬਲਦ ਪਏ ਖਿੱਚਦੇ, ਮੀਲ ਮੀਲ ਤੱਕ ਰੌਲਾ ਪਾਉਂਦਾ । ਤੁਰਦੇ ਜਾਂਦੇ ਰਾਹੀ ਮਿਲਦਾ, ਢਾਕੇ ਸੀ ਮਸ਼ਕ ਉਸ ਲਾਈ । ਖੜ੍ਹਾ ਗੱਡਾ, ਪਿਆਰਾਂ ਗੁੰਦਿਆ, ਘੁੱਟ ਘੁੱਟ ਕਰ ਉਸ ਪਿਆਸ ਬੁਝਾਈ । ਵੇਖਿਆ ਮੋੜ ਤੇ ਨਲਕਾ ਲੱਗਾ, ਧਰਮੀ ਪੁਰਸ਼ ਕਿਸੇ ਸੀ ਲਾਇਆ । ਆਉਂਦੇ ਜਾਂਦੇ ਰਾਹੀ ਰੁਕਦੇ, ਦੇ ਦੇ ਗੇੜੇ ਬੁੱਕ ਭਰਾਇਆ । ਰੋਜ਼ ਵੇਖਿਆ ਬੋਤਾ ਆਉਂਦਾ, ਬੋਚ-ਬੋਚ, ਜੋ ਪੱਬ ਟਕਾਉਂਦਾ । ਲੱਗਦਾ ਕੋਈ ਕਚਹਿਰੀ ਬੈਠਾ, ਕਾਗਜ਼ਾਂ ਉੱਤੇ ਅੰਗੂਠਾ ਲਾਉਂਦਾ । ਪਿੰਡ ਦੇ ਨੇੜੇ ਕੋਹਲੂ ਤੱਕਿਆ, ਠੱਕ ਠੱਕ ਕਰ ਸੀ ਰੌਲਾ ਪਾਉਂਦਾ । ਕੱਲਾ ਖੜ੍ਹਾ ਨਾਂ ਥੱਕਦਾ ਭੋਰਾ, ਆਏ ਗਏ ਨੂੰ ਰਾਹ ਵਿਖਾਉਂਦਾ । ਪਿੰਡ ਦੇ ਲਾਏ ਗਹੀਰੇ ਤੱਕੇ, ਚਾਵਾਂ ਗੁੰਦੇ ਲਿੱਪੇ ਹੋਏ । ਪਿੰਡ ਦੀਆਂ ਕੁੜੀਆਂ ਮੇਲੇ ਲਾਏ, ਸਿਰ ਤੇ ਬੱਠਲ਼ ਚੁੱਕ ਖੜੋਏ । ਤੂਤਾਂ ਵਾਲਾ ਖੂਹ ਮੈਂ ਡਿੱਠਾ, ਨਿੱਤ ਨਿੱਤ ਲੋਕੀ ਆਵਣ ਜਾਵਣ । ਤੱਕੀਆਂ ਕੁੜੀਆਂ ਕਰਦੀਆਂ ਗੱਲਾਂ, ਤਿੰਨ ਤਿੰਨ ਘੜੇ ਜੋ ਸਿਰ ਟਿਕਾਵਣ । ਟਾਂਗਾ ਆਉਂਦਾ ਜਾਂਦਾ ਤੱਕਿਆ, ਚੁੱਕ ਸਵਾਰੀਆਂ ਰੋਜ਼ ਜੋ ਢੌਂਦਾ । ਘੋੜਾ ਜਦੋਂ ਹੋਲੀ ਸੀ ਤੁਰਦਾ, ਮਾਰ ਮਾਰ ਛਮਕਾਂ ਪਿਆ ਭਜਾਉਂਦਾ । ਵੇਖਾਂ ਅੱਜ ਮੈਂ ਮੋਟਰ ਕਾਰਾਂ, ਟੀਂ ਟੀਂ ਕਰਦੀਆਂ ਪਈਆਂ ਭੱਜਣ । ਛੱਡਣ ਧੂੰਆਂ ਪ੍ਰਦੂਸ਼ਣ ਲਾਵਣ, ਬੇ-ਮਤਲਬ ਇੱਕ ਦੂਈ ਚ ਵੱਜਣ । ਹੱਥ ਜੋੜ ਮੈਂ ਕਰਾਂ ਦੁਆਵਾਂ, ਭਾਈ ਭੈਣ ਸਭ ਮਿਲ ਅੱਜ ਬੈਠਣ । ਜੱਫੀਆਂ ਪਾਵਣ ਰਲ ਮਿਲ ਖਾਵਣ, ਟਾਂਗੇ ਗੱਡੇ ਭਰ ਭਰ ਆਵਣ ।

ਚੱਲਦਾ-ਫਿਰਦਾ ਬਜ਼ਾਰ ਮੈਂ ਆਇਆ

ਚੱਲਦਾ-ਫਿਰਦਾ ਬਜ਼ਾਰ ਮੈਂ ਆਇਆ, ਖੱਦਰ ਝੋਲਾ ਨਾਲ ਲਿਆਇਆ । ਫਾਟਾਂ ਵਾਲ਼ਾ ਪਜਾਮਾ ਪਾਇਆ, ਸਿਰ ਤੇ ਚੀਰਾ ਬੰਨ੍ਹ ਸਜਾਇਆ । ਸਾਇਕਲ ਮੇਰਾ ਟੱਲੀ ਲਾਉਂਦਾ, ਸੁੱਤੇ ਲੋਕੀ ਪਏ ਜਗਾਉਂਦਾ । ਚੱਲਦਾ ਚੱਲਦਾ ਇੱਕ ਹੱਟੀ ਆਇਆ, ਸਾਇਕਲ ਲਾ ਸਟੈਂਡ ਖੜ੍ਹਾਇਆ । ਸਣੇ ਮੌਜੇ ਮੈਂ ਅੰਦਰ ਵੜਿਆ, ਚਾਅ ਜਾਣੋਂ ਮੈਨੂੰ ਢੇਰ ਜਿਹਾ ਚੜ੍ਹਿਆ । ਪੁੱਛੇ ਬਾਬੂ ਕੀ ਲਿਆਈ -ਏ ? ਨਾਲ ਲੱਡੂ ਦੇ ਚਾਹ ਪਿਆਈ-ਏ ? ਖਾ ਪੀ ਸੱਜਣੋ, ਘਰੋਂ ਮੈਂ ਆਇਆ, ਲੈਣ ਲਈ ਆ, ਪੈਰ ਟਿਕਾਇਆ । ਤੁੱਕਿਆਂ ਦਾ ਅਚਾਰ ਮੈਂ ਲੈਣਾ, ਚੁੱਕ ਅਚਾਰ ਮੈਂ ਡੰਡੀ ਪੈਣਾ । ਸਾਰੇ ਮੇਰੇ ਮੂੰਹ ਵੱਲ ਤੱਕਣ, ਟੱਡੇ ਮੂੰਹ ਕੁਝ ਕਹਿ ਨਾਂ ਸੱਕਣ । ਨਵੇਂ ਨਵੇਂ ਅਚਾਰ ਸੀ ਪਾਏ, ਸਾਹ ਮੇਰਾ ਸੀ ਘੁੱਟਦਾ ਜਾਏ । ਚੁੱਕ ਸਾਇਕਲ ਮੈਂ ਅੱਡੀ ਲਾਈ, ਆਸੇ ਪਾਸੇ ਨਿਗ੍ਹਾ ਟਿਕਾਈ । ਵੇਂਹਦਾ ਆਇਆ ਕਿੱਕਰ ਟੋਲ਼ਾਂ, ਗੁਆਚੇ ਪੈਸੇ ਵਾਂਗ ਫਰੋਲ਼ਾਂ । ਕਿੱਕਰ ਕਿੱਕਰ ਕਹਿੰਦਾ ਆਇਆ, ਦੁੱਖ ਕਿੱਕਰ ਦਾ ਸਹਿੰਦਾ ਆਇਆ । ਮਨ ਮੇਰੇ ਨਾਲ ਗੱਲਾਂ ਕਰਦਾ, ਕਿੱਕਰ ਨੂੰ ਸੀ ਯਾਦ ਪਿਆ ਕਰਦਾ । ਕਿੱਕਰ ਕਿਉਂ ਅੱਜ ਪੁੱਟਦੇ ਜਾਵੋਂ ? ਘਰ ਆਪਣੇ ਨੂੰ ਪਾੜ ਕਿਉਂ ਲਾਵੋਂ ? ਕਿੱਕਰ ਤੁਹਾਡੇ ਸਾਹ ਮੂੰਹ ਪਾਵੇ, ਗੰਦਾ ਹਉਕਾ, ਚੁੱਕ ਅੰਦਰ ਖਾਵੇ । ਇੱਕ ਇੱਕ ਕਿੱਕਰ, ਉੱਠ ਅੱਜ ਲਾਵੋ, ਬਣਾ ਪੁੱਤਰ ਨਿੱਤ ਪਾਣੀ ਪਾਵੋ । ਪੁੱਟਣ ਲੱਗਣ ਦਾ ਫਰਕ ਸਮਝਾਵੋ, ਆਪਣੀ ਪੀੜ੍ਹੀ ਆਪ ਬਚਾਵੋ ।

ਵੇਖਾਂ ਅੱਜ ਪਈਆਂ ਇੱਲਾਂ ਉੱਡਣ

ਵੇਖਾਂ ਅੱਜ ਪਈਆਂ ਇੱਲਾਂ ਉੱਡਣ, ਖੱਬੇ ਸੱਜੇ ਗੇੜੇ ਲਾਵਣ । ਲੱਗਦਾ ਜਿਵੇਂ ਕੋਈ ਖੇਡਾਂ ਖੇਡਣ, ਭੱਜ ਭੱਜ ਕਿੱਦਾਂ ਦਿਲ ਪਰਚਾਵਣ । ਕਾਲੇ ਕਾਲੇ ਬੱਦਲ ਆਏ, ਆ ਕਿਵੇਂ ਪਏ ਛਾਵਾਂ ਕਰਦੇ । ਹਰ ਪਾਸਿਓਂ ਭੱਜਦੇ ਆਵਣ, ਨਾਂ ਅੱਜ ਭੋਰਾ ਕਿਸੇ ਤੋਂ ਡਰਦੇ । ਹੌਲੀ ਹੌਲੀ ਕਣੀਆਂ ਆਈਆਂ, ਭੱਜ ਭੱਜ ਲੋਕੀ ਘਰਾਂ ਨੂੰ ਜਾਵਣ । ਧਰਤੀ ਮਾਤਾ ਖਿੜ ਖਿੜ ਹੱਸੇ, ਕਿਵੇਂ ਸਾਰੇ ਪਏ ਛਤਰੀਆਂ ਲਾਵਣ । ਕੁਦਰਤ ਕਰਨ ਛੜਕਾਵਾਂ ਲੱਗੀ, ਚੱਲਣ ਹਵਾਵਾਂ ਭਰ ਭਰ ਬੁੱਲੇ । ਲੋਕੀ ਆਖਣ ਮੀਂਹ ਉਤਰਿਆ, ਮੈਂ ਆਖਾਂ ਪਿਆ ਝੱਖੜ ਝੁਲੇ । ਬਾਰੀ ਵਿੱਚ ਦੀ ਕੀ ਵੇਖਿਆ, ਤੱਕੇ ਦੋ, ਬੋਟ ਪਏ ਡਰਦੇ । ਚਿੜੀ ਚਿੜਾ ਕਿਤੇ ਜਾ ਬੈਠੇ, ਸੱਚਮੁੱਚ ਵੇਖਾਂ ਬੋਟ ਪਏ ਠਰਦੇ । ਇੱਕ ਦੂਜੇ ਨਾਲ ਜੁੜਦੇ ਜਾਵਣ, ਵੇਖਿਆ ਕਦੇ ਨਾਂ ਪਾਣੀ ਡੁੱਲਿਆ । ਸੋਚਾਂ ਸੋਚਣ ਕੀ ਅੱਜ ਹੋਇਆ, ਵੇਖਿਆ ਕਦੇ ਨੀਂ ਝੱਖੜ ਝੁੱਲਿਆ । ਹੌਲੀ ਹੌਲੀ ਬਾਹਰ ਚੱਲ ਆਇਆ, ਪੱਤਿਆਂ ਰੰਗੀ ਛੱਤਰੀ ਲਿਆਇਆ। ਮੜਕੜੇ ਜਿਹੇ ਮੈਂ ਟਾਹਲੀ ਚੜ੍ਹਿਆ, ਕੋਲੇ ਜਾ ਬੋਟਾਂ ਦੇ ਖੜ੍ਹਿਆ । ਬੋਟ ਪਏ ਅੱਜ ਨਜ਼ਰ ਮਿਲਾਵਣ, ਲੱਗਦਾ ਜਿਵੇਂ ਕੁੱਝ ਕਹਿਣਾ ਚਾਵਣ । ਆਸੇ ਪਾਸੇ ਨਿਗਾਹ ਟਿਕਾਈ, ਛੱਤਰੀ ਜਾ ਬੋਟਾਂ ਤੇ ਲਾਈ । ਦੋਵੇਂ ਬੋਟ ਪਏ ਮੈਨੂੰ ਵੇਖਣ, ਬੋਲਣ ਲਈ ਤਿਆਰੀਆਂ ਕਰਦੇ । ਦੋਵੇਂ ਹੋਣ ਇੱਕ ਦੂਏ ਦੇ ਅੱਗੇ, ਬੋਲਣ ਤੋਂ ਅਜੇ ਸਨ ਡਰਦੇ । ਕਿੱਥੇ ਗਏ ਸਭ ਘੁੱਗੀਆਂ ਤਿੱਤਰ, ਬੈਠੇ ਸਨ ਰੋਜ਼ ਬਣ ਜੋ ਮਿੱਤਰ । ਚੜ੍ਹੇ ਸੂਰਜ ਆ ਗੱਲਾਂ ਕਰਦੇ, ਕਰ ਕਰ ਗੱਲਾਂ ਢਿੱਡ ਸਾਂ ਭਰਦੇ । ਜਦ ਝੱਖੜ ਆ ਟੱਲ ਖੜਕਾਇਆ, ਇੱਕ ਇੱਕ ਕਰ ਸਭ ਪੈਰ ਖਿਸਕਾਇਆ । ਚਿੜੀ ਚਿੜਾ ਕਿਤੇ ਜਾ ਬੈਠੇ ਡਰਦੇ, ਮਿਲਣ ਲਈ ਅਰਦਾਸਾਂ ਕਰਦੇ । ਚੜ੍ਹਦੇ ਸੂਰਜ ਸਲਾਮਾਂ ਕਰਦੇ, ਖਾਣ ਪੀਣ ਹਾਜਰੀਆਂ ਭਰਦੇ । ਜਦੋਂ ਕੋਈ ਔਕੜ ਝੱਖੜ ਆਇਆ, ਇੱਕ ਇੱਕ ਕਰ ਸੱਭ ਮੂੰਹ ਛੁਪਾਇਆ । ਹੌਲੀ ਹੌਲੀ ਝੱਖੜ ਠੱਲ੍ਹਿਆ, ਹਰ ਕੋਈ ਆ ਫਿਰ ਅੱਡਾ ਮੱਲਿਆ । ਚਿੜੀ ਚਿੜਾ ਵੀ ਭੱਜਦੇ ਆਏ, ਸੌ ਸੌ ਸੱਧਰਾਂ ਲਾ ਲਿਆਏ । ਤੱਕੇ ਬੋਟ ਲਾ ਛੱਤਰੀਆਂ ਤਾਣੀ, ਕੌਣ ਸੀ ਆਇਆ ਬਣ ਅੱਜ ਹਾਣੀ । ਜਿਉਂ ਜਿਉਂ ਬੋਟ ਪਏ ਗੱਲਾਂ ਕਰਦੇ, ਜਾਣ ਅੱਖਾਂ ਵਿੱਚ ਪਾਣੀ ਭਰਦੇ । ਬੋਟਾਂ ਲਈ ਸੀ ਗੱਲ ਨਿਆਰੀ, ਤੱਕਿਆ ਅੱਜ ਸੱਭ ਪਹਿਲੀ ਵਾਰੀ । ਚੜ੍ਹਦੇ ਸੂਰਜ ਜੱਫੀਆਂ ਪਾਵਣ, ਆਵੇ ਝੱਖੜ ਮੂੰਹ ਛੁਪਾਵਣ । ਕੌਣ ਸੀ ਆਇਆ, ਛੱਤਰੀ ਲੈ ਕੇ ? ਕਿਉਂ ਨਾਂ, ਤੂੰ ਵੀ ਮੂੰਹ ਲਕੋਇਆ ? ਨਿੱਕੇ ਨਿੱਕੇ ਨਿਹੱਥੇ ਬੋਟਾਂ - ਕਿਉਂ ਤੂੰ ਅੱਜ ਆ, ਗੱਚ-ਗੱਚ ਹੋਇਆ ? ਬੋਟੋਂ ਅੱਜ ਉਹ ਚਿੜੀਆਂ ਹੋਈਆਂ, ਵੇਖਣ ਜਦ ਕੋਈ ਛੱਤਰੀ ਲੰਘੇ । ਚੀਂ ਚੀਂ ਕਰਦੀਆਂ ਗੀਤ ਅਲਾਵਣ, ਕਰਨ ਡੰਡਾਉਂਤਾਂ ਹੋ ਹੋ ਅੱਗੇ । ਸੁਣੋ ਬੋਟੋ ਇੱਕ ਗੱਲ ਸਿਆਣੀ, ਉਮਰ ਤੁਹਾਡੀ ਅਜੇ ਨਿਆਣੀ, ਜਦ ਵੀ ਚੜ੍ਹ ਜੇ ਨੱਕ ਨੱਕ ਪਾਣੀ, ਭੇਜਿਆ ਆਊ ਕੋਈ ਛੱਤਰੀ ਤਾਣੀ ॥

ਕੀਰਤੀ ਦੀ ਪੇਕੇ ਘਰ ਫੇਰੀ

ਭੱਜੇ ਭੱਜੇ ਪੰਛੀ ਆਏ, ਇੱਕ ਦੂਜੇ ਨੂੰ ਸੱਦ ਲਿਆਏ । ਬੁਲਬੁਲ ਕੋਇਲਾਂ ਉੱਡ ਉੱਡ ਆਈਆਂ, ਸਾਜ਼ ਵੀ ਚੁੱਕ ਉਹ ਨਾਲ ਲਿਆਈਆਂ । ਬਨੇਰੇ ਬੈਠਾ ਕਬੂਤਰ ਵੇਂਹਦਾ, ਚਿੱਤ ਸੀ ਅੱਜ ਕੁਝ ਕਹਿਣ ਨੂੰ ਕਹਿੰਦਾ । “ ਵਿੱਦਿਆ “ ਬੋਲੀ ਕੌਣ ਅੱਜ ਆਇਆ, ਕਿਓਂ ਅੱਜ ਸਭਨਾਂ ਸ਼ੋਰ ਮਚਾਇਆ । ਫੁੱਲ ਬੂਟੀਆਂ ਨੱਚਣ ਟੱਪਣ, ਇਸ਼ਾਰਿਆਂ ਭਰੀਆਂ ਅੱਜ ਕੁਝ ਦੱਸਣ । ਇਤਨੇ ਨੂੰ ਕਿਸੇ ਬੂਹਾ ਖੜਕਾਇਆ, ਅੰਦਰੋਂ ਪੁੱਛਿਆ ਕੌਣ ਹੈ ਆਇਆ ? ਕੁੰਡੀ ਖੋਲ੍ਹ ਕੋਈ ਅੰਦਰ ਆਇਆ, ਪੰਛੀ ਪੌਦੇ ਸਭ ਨੱਚਣ ਲਾਇਆ । ਹੌਲੀ ਹੌਲੀ ਚੱਲ ਬੁਲਬੁਲ ਆਈ, ਦੇਵੇ ਕੀਰਤੀ ਤਾਈਂ ਵਧਾਈ । ਦੱਸਣ ਸਭ ਗੁੱਡੀ ਸੀ ਲੱਗੇ, ਭੇਤ ਦਿਲਾਂ ਦੇ ਖੋਲ੍ਹਣ ਲੱਗੇ । ਨੱਚਦੀਆਂ ਟੱਪਦੀਆਂ ਚਿੜੀਆਂ ਆਈਆਂ, ਲੱਗਦਾ ਚੰਬਾ ਨਾਲ ਲਿਆਈਆਂ । ਦਾਣੇ ਚੁੱਕ ਚੁੱਕ ਲਿਆਉਂਦੀ ਸੀ ਤੂੰ, ਨਿੱਕੇ ਬੋਟਾਂ ਤਾਈਂ ਖਵਾਉਂਦੀ ਸੀ ਤੂੰ । ਬੈਠ ਬੈਠ ਸੰਗ ਗੱਲਾਂ ਕਰਦੀ, ਨਾਂ ਤੂੰ ਸਾਥੋਂ ਭੋਰਾ ਡਰਦੀ । ਥੋੜ੍ਹਾ ਜਿਹਾ ਹੁਣ ਚਾਨਣ ਹੋਇਆ, ਤੱਕਿਆ ਜੁਗਨੂੰ ਡਰਿਆ ਹੋਇਆ । ਹੌਲੀ ਹੌਲੀ ਲਾਈਟਾਂ ਮਾਰੇ, ਜਿਵੇਂ ਕੁਝ ਅੱਜ ਕਹਿਣਾ ਚਾਹਵੇ । ਵੇਖੇ ਫੁੱਲ ਮੈਂ ਡੁੱਲ੍ਹ ਡੁੱਲ੍ਹ ਹੱਸਦੇ, ਨੱਚਦੇ ਟੱਪਦੇ ਫਿਰਦੇ ਦੱਸਦੇ । ਕਲੀਆਂ ਲਾ ਕਤਾਰਾਂ ਖੜ੍ਹੀਆਂ, ਸੰਗ ਖ਼ੁਸ਼ਬੂਆਂ ਲੱਦ ਲੱਦ ਭਰੀਆਂ । ਗਵਾਂਢੋਂ ਚੱਲ ਤਿਤਲੀਆਂ ਆਈਆਂ, ਗੱਲ ਲੱਗ ਸਭ ਅੱਜ ਦੇਣ ਵਧਾਈਆਂ । ਰੰਗ ਬਰੰਗੀਆਂ ਪੁਸ਼ਾਕਾਂ ਪਾਈਆਂ, ਨਿੱਕੀਆਂ ਚਾ ਸੁਗਾਤਾਂ ਲਿਆਈਆਂ । ਕਹੇ ਕੀਰਤੀ ਮੈਂ ਕੁਝ ਕਹਿਣਾ, ਸੁਣਨਾ ਸਾਰੇ ਟਿਕ ਕੇ ਬਹਿਣਾ । ਮੈਂ ਭੀ ਢੇਰ ਖੁਸ਼ ਅੱਜ ਹੋਈ, ਕਰਾਂ ਮੈਂ ਸਭਨਾਂ ਇਕੋ ਅਰਜੋਈ । ਪੈਰ ਜਦੋਂ ਮੈਂ ਘਰ ਆਣ ਰੱਖਿਆ, ਆਦਰ ਮਾਣ ਮੈਂ ਰੱਜ ਰੱਜ ਚੱਖਿਆ । ਰਲ ਮਿਲ ਤੁਸਾਂ ਨੇ ਇੱਥੇ ਰਹਿਣਾ, ਬੱਸ ! ਇਹੋ ਹੀ ਸਭ ਤੁਸਾਂ ਨੂੰ ਕਹਿਣਾ । ਕੋਇਲ ਆਖੇ ਮੈਂ ਗਾਣਾ ਗਾਉਣਾ, ਹੇਕਾਂ ਲਾ ਮੈਂ ਸਭ ਸੁਣਾਉਣਾ । ਛੇਤੀ ਆਵੀਂ ਫੇਰਾ ਪਾਵੀਂ, ਕਰ ਵਾਹਦਾ ਤੂੰ ਦੇਰ ਨਾਂ ਲਾਵੀਂ । ਦਰੱਖਤ ਖਜੂਰਾਂ ਵੱਡੇ ਹੋਏ, ਕੱਢ ਗਰਦਨਾਂ ਕਿਵੇਂ ਖੜੋਏ । ਤੈਨੂੰ ਸਭ ਤਕੇਂਦੇ ਰਹਿੰਦੇ, ਰਾਹ ਤੇਰਾ ਨਿੱਤ ਵੇਂਹਦੇ ਰਹਿੰਦੇ । ਅਗਲੀ ਵਾਰੀ ਜਦ ਤੂੰ ਆਉਣਾ, ਟੱਬਰ ਸਾਰਾ ਨਾਲ ਲਿਆਉਣਾ । ਬੁਲਬੁਲ ਕੋਇਲਾਂ ਉਡਦੀਆਂ ਜਾਵਣ, ਬਾਹਾਂ ਪਈਆਂ ਚੁੱਕ ਹਲਾਵਣ । ਤੁਰਨ ਲੱਗੇ ਸਭ ਉੱਠ ਖੜੋਏ, ਕੁਝ ਪਿੱਛੇ ਕੁੱਝ ਮੂਹਰੇ ਹੋਏ । ਚੁੱਕ ਚੁੱਕ ਹੱਥ ਸਲੂਟਾਂ ਲਾਈਆਂ, ਵਾਰ ਵਾਰ ਫਿਰ ਦੇਣ ਵਧਾਈਆਂ ।

ਕੀ ਸੁਨਹਿਰੀ ਤਾਂਬਾ ਸੋਨਾ

ਕੀ ਸੁਨਹਿਰੀ ਤਾਂਬਾ ਸੋਨਾ, ਵਿੱਚ ਵਲ੍ਹੇਟੀ ਬੈਠੇ ਸਾਰੇ । ਕੌਣ ਜੋ ਆਇਆ ਰੰਗਿਆ ਤੈਨੂੰ ? ਕੀ ਲਲਾਰੀ ਆਪ ਸੀ ਆਇਆ ? ਜਾਂ ਕੋਈ ਚਿੱਤਰਕਾਰ, ਸੀ ਢੁੱਕਿਆ ? ਭਰ ਭਰ ਜਿਸ ਨੇ ਰੰਗ ਵਿਖਾਇਆ । ਲੋਕ ਫੁੱਲਾਂ ਵੱਲ, ਵੇਖਣ ਪਏ, ਤੇਰੇ ਪੱਤੇ ਹੀ, ਅੱਜ ਫੁੱਲ ਹੋਏ । ਲੱਗਦਾ ਜਿਵੇਂ ਕੁਦਰਤ ਆ ਢੁੱਕੀ, ਪਾ, ਨੌ- ਲੱਖੇ, ਆਪ ਪਰੋਏ । ਕਿਣਮਿਣ ਕਿਣਮਿਣ ਸ਼ੁਰੂ ਅੱਜ ਹੋਈ, ਮਨ ਮੋਹਨੀ ਹਵਾ ਪਈ ਚੱਲੇ । ਰੰਗ ਬਰੰਗੀਆਂ ਆਪ ਹੱਥ ਫੜ, ਘੁੰਗਰੂ ਜੜੀਆਂ ਪੱਖੀਆਂ ਝੱਲੇ । ਕੁਦਰਤ ਬਣ ਅੱਜ, ਮਾਲਣ ਆਈ, ਇੱਕ ਇੱਕ ਕਰ ਉਸ ਪੱਤੇ ਲਾਹੇ । ਸੋਨੇ ਚਾਂਦੀ ਝਾਲ ਆ ਡੋਬੇ, ਚਿਣ ਚਿਣ ਮੇਰੀ ਝੋਲੀ ਪਾਏ । ਪਤਝੜ ਤੈਨੂੰ ਗੱਲ ਇੱਕ ਪੁੱਛਾਂ, ਫੇਰ ਕਦੋਂ ਤੂੰ, ਆਵੇਂਗੀ ਹੁਣ ? ਛੇਤੀ ਦੱਸੀਂ ! ਦੇਰ ਨਾਂ ਲਾਵੀਂ ਫੇਰਾ ਕਦ ਤੂੰ, ਪਾਵੇਂਗੀ ਹੁਣ ? ਮੈਂ ਕਿਤੇ ਹੁਣ, ਦੂਰ ਨਹੀਂ ਜਾਣਾ, ਇੱਕ ਲਾਹ, ਇੱਕ ਨਵਾਂ ਹੈ ਪਾਉਣਾ । ਧੰਨਵਾਦ ਤੇਰਾ, ਤੂੰ ਯਾਦ ਹੈ ਕੀਤਾ, ਸੰਗ ਬਹਾਰ, ਮੈਂ ਛੇਤੀ ਆਉਣਾ ।

ਤੇਰਾ ਦਿੱਤਾ ਹੀ ਹਾਂ ਮੈਂ

ਤੇਰਾ ਦਿੱਤਾ ਹੀ ਹਾਂ ਮੈਂ, ਤੂੰ ਹੀ ਰੰਗ ਦਿੱਤਾ ਹੈ ਮੈਨੂੰ । ਲਾਲ ਰੰਗ ਹੁਣ ਕਰ ਹੀ ਦਿੱਤਾ, ਇਕ ਫੁੱਲ ਵਿੱਚ ਹੁਣ ਭਰ ਹੀ ਦਿੱਤਾ । ਤੇਰੀ ਖਾਤਰ ਲੋਕੀਂ ਵੇਖਣ ਆਉਂਦੇ, ਕੁਦਰਤ ਕਰਿਸ਼ਮਾ ਕਹਿ ਟੁਰ ਜਾਂਦੇ । ਇਕ ਇਕ ਪੱਤੀ ਆਪੇ ਜੜੀ ਤੂੰ, ਇਕੱਠਿਆਂ ਕਰ ਆਪੇ ਮੜ੍ਹੀ ਤੂੰ । ਮੇਰੇ ਕੋਲ ਹੁਣ ਹੈ ਵੀ ਕੀ ਏ, ਤੇਰੇ ਬਾਝੋਂ, ਪਾਸ ਵੀ ਕੀ ਏ । ਆਪਣਾ ਆਪ, ਭੇਟ ਕਰਨਾ ਚਹੁਣਾ, ਤੇਰੀ ਦਾਤ ਤੈਨੂੰ ਦੇਣਾ ਚਹੁਣਾ । ਮੈਂ ਮੇਰੀ ਦਾ ਤਾਗਾ ਕੱਢਕੇ, ਇਹੋ ਸੁਗਾਤ ਮੈਂ ਧਰਨਾ ਚਹੁਣਾ । ਕਰੀਂ ਕਬੂਲ ਸੱਜਣ ਮੇਰੇ ਪਿਆਰੇ, ਫੁੱਲ ਵਾਂਗ ਮੈਂ ਜੜਨਾ ਚਹੁਣਾ ।

ਅੱਜ, ਜਦ ਮੈਂ ਚਰਖਾ ਡਾਹਿਆ

ਅੱਜ, ਜਦ ਮੈਂ ਚਰਖਾ ਡਾਹਿਆ, ਕੱਤਣ ਲਈ ਹੱਥ ਅੱਗੇ ਵਧਾਇਆ, ਧਿਆਨ ਮਾਹੀ ਦੇ ਵਿੱਚ ਆਇਆ, ਰੋ ਰੋ ਹੰਝੂਆਂ ਤੇਲ ਚੁਆਇਆ । ਸੁੰਨੁ-ਮਸੁੱਨੇ ਸੁੱਝੇ ਕੁਝ ਨਾ, ਭਰ ਨੈਨੀਂ ਉਸ ਜਾਮ ਪਿਲਾਇਆ । ਰਾਤ ਦਿਨੇ ਪਏ ਲਾਟੂ ਬਲਦੇ ਸੁੱਕਾ ਬਾਗ ਸੀ, ਜਗਮਗਾਇਆ । ਜਿਸ ਮਾਹੀ ਦੀ ਭਾਲ ਸੀ ਕੋਹਾਂ, ਅੱਜ ਆ ਬੁੱਕਲ਼, ਵਿੱਚ ਥਿਆਇਆ । ਲੋਕੀਂ ਵੇਖਣ ਅੱਡੀਆਂ ਚੁੱਕ ਚੁੱਕ, ਜਦ ਸੁਹਣੇ ਮੈਨੂੰ, ਕੰਠ ਲਗਾਇਆ । ਪਿਆਰ ਉਹਦੇ ਚ ਗੱਚ ਗੱਚ ਹੋਈ, ਜਦ ਮਿਹਰਾਂ ਦਾ, ਮੀਂਹ ਵਰਸਾਇਆ । ਉਮਰਾਂ ਰੋਲੀ ਮਿੱਟੀ ਮਲ ਮਲ, ਅੱਜ ਉਸ ਕਾਇਆਂ ਮੁੱਲ ਪਵਾਇਆ । ਉੱਡੇ ਪੰਛੀ ਖੰਭ ਲਗਾ ਕੇ, ਜੋ ਸੀ, ਚਿਰਾਂ ਤੋਂ ਡੇਰਾ ਲਾਇਆ । ਵਾਰ ਵਾਰ ਮੈਂ ਚਰਖਾ ਚੁੰਮਾਂ, ਜਿਸ ਸੁਹਣੇ, ਆ ਢੌਂਗ ਰਚਾਇਆ । ਨੀ ਸਖੀਓ ! ਮੈਂ ਹੋਈ ਸੁਹਾਗਣ, ਜਦ ਨਿਮਾਣੀ, ਉਸ ਡੋਲੀ ਚਾਇਆ । ਅੱਜ ਮਾਹੀ, ਮੇਰੇ ਵਿਹੜੇ ਆਇਆ । ਸਹੀਓ ਨੀ ਮੈਂ ਮਾਹੀ ਪਾਇਆ ।

ਇਸਤਰੀ

ਵੇਖੀ ਇਕ ਇਸਤਰੀ, ਵਲ ਕੱਢਦੀ ਸੀ ਇਸਤਰੀ । ਕੰਮ ਕਰਦੀ ਬੋਲਦੀ ਘੱਟ, ਕੰਮ ਮੁਕਾਉਂਦੀ ਝੱਟ ਪੱਟ । ਬੜੀ ਤੱਤੀ ਸੀ । ਕੱਪੜਿਆਂ ਸੰਗ ਪਿਆਰ ਸੀ ਕੰਮ ਨੂੰ ਰਹਿੰਦੀ ਸਦਾ ਤਿਆਰ ਸੀ । ਜਦ ਉਹ ਪੂਰੀ ਗਰਮ ਸੀ ਹੁੰਦੀ, ਭਖਦੇ ਕੋਲ਼ਿਆਂ ਵਾਂਗੂੰ ਲਾਲ ਸੀ ਹੁੰਦੀ । ਭੁੱਲ ਭੁਲੇਖੇ ਕੋਈ ਹੱਥ ਉਸ ਲਾਵੇ, ਨਾਨੀ ਝੱਟ ਉਸ ਯਾਦ ਕਰਾਵੇ । ਅੱਜ ਕੱਲ੍ਹ ਕਿਤੇ ਨਜ਼ਰ ਨਹੀਂ ਆਈ ਕਿਸੇ ਨੇ ਉਹਦੀ ਦੱਸ ਨਹੀਂ ਪਾਈ । ਕੋਲ਼ਿਆਂ ਵਾਲੀ ਇਸਤਰੀ । ਇਸਤਰੀ = ਪ੍ਰੈਸ

ਸੁਣਿਆ ਕੁਝ ਸੀ ਰੌਲਾ ਪੈਂਦਾ

ਸੁਣਿਆ ਕੁਝ ਸੀ ਰੌਲਾ ਪੈਂਦਾ, ਹੌਲੀ ਹੌਲੀ ਚੱਲ ਨੇੜੇ ਆਇਆ । ਬੋਹੜ ਦੇ ਥੱਲੇ ਬੈਠੇ ਤੱਕੇ, ਪਾਂਧੇ ਹੋਰੀਂ ਫੰਗ ਉਠਾਇਆ । ਮਿੱਟੀ ਰੰਗੀ ਦਵਾਤ ਉਸ ਚੁੱਕੀ, ਲੱਗਦਾ ਜਿਵੇਂ ਸੀ ਵਿੱਚ ਕੁਝ ਪਾਇਆ । ਫੜ ਫੰਗ ਹੁਣ ਘੋਲਣ ਲੱਗਾ, ਖੱਬੇ ਸੱਜੇ ਫੜ ਘੁਮਾਇਆ । ਜਦ ਵੀ ਫੰਗ ਪਿਆਸਾ ਦਿਸਿਆ, ਛੇਤੀ ਚੁੱਕ ਦਵਾਤ ਚ ਪਾਇਆ । ਲੱਗਦਾ ਜਿਵੇਂ ਪਿਆਸੇ ਰਾਹੀ, ਚੁੱਕ ਪਾਣੀ ਜਿਵੇਂ ਮੂੰਹ ਨੂੰ ਲਾਇਆ । ਆਖੇ ਪਾਂਧਾ ਦੁਨੀਆਂ ਬਦਲੀ, ਹੱਥ ਫੜ ਉਸ ਕਲਮ ਵਿਖਾਈ । ਫੜ ਫੰਗ ਉਸ ਪਾਸੇ ਕੀਤਾ, ਨਾਲ ਸਿਆਹੀ ਕਲਮ ਨਲਾਈ । ਸਦੀਆਂ ਬੈਠਾ ਸਰਵਾੜ੍ਹ ਸੀ ਬੈਠਾ, ਨਾਂ ਕਿਸੇ ਆ ਉਸ ਅੱਖ ਮਿਲਾਈ । ਮੈਥੋਂ ਕੀ ਜੁਰਮ ਅੱਜ ਹੋਇਆ ? ਫੜ ਕਰਦਾਂ, ਆ ਕਲਮ ਬਣਾਈ । ਮਾਸਟਰ ਜੀ ਕਲਾਸ ਅੱਜ ਲਾਈ, ਆਖਣ ਅਸਾਂ ਤਰੱਕੀ ਕੀਤੀ । ਕਲਮ ਸੀ ਅਸਲੋਂ ਪੁਰਾਣਾ ਪੁਰਜਾ, ਡੰਕ ਸੰਗ ਆ ਮਿਲਣੀ ਕੀਤੀ । ਲੱਗੇ ਸਾਰੇ ਡੰਕ ਨੂੰ ਤੱਕਣ, ਨਿੱਬ ਵੀ ਕਿਸੇ ਨੇ ਜੜਨੀ ਕੀਤੀ । ਰਲ ਮਿਲ ਸਾਰੇ ਡੋਬਣ ਲੱਗੇ, ਝੱਟ ਦੇਣੇ ਤੋੜੀ, ਕਲਮ ਪ੍ਰੀਤੀ । ਕਿੱਦਾਂ ਨਵੇਂ ਜ਼ਮਾਨੇ ਆਏ, ਪਾਂਧਾ ਜੀ ਮਾਸਟਰ ਕਹਿਲਾਏ । ਟੈਰਾਲੀਨ ਕਮੀਜ਼ਾਂ ਪਾਈਆਂ, ਪਾ ਜੇਬਾਂ ਅੱਜ ਪੈਨ ਸਜਾਏ । ਨਿੱਕੀਆਂ ਨਿੱਕੀਆਂ ਟਿੰਡਾਂ ਲੱਗੀਆਂ, ਭਰ ਭਰ ਸਿਆਹੀ ਭਰੀਆਂ ਆਈਆਂ । ਮਹੀਨਿਆਂ ਬੱਧੀ ਸਿਆਹੀ ਤੁਰਦੀ, ਸਭਨਾਂ ਬੁਲ੍ਹੀਆਂ ਖੁਸ਼ੀਆਂ ਛਾਈਆਂ । ਸੱਜਰੇ ਯੁੱਗ ਆ ਦਸਤਕ ਦਿੱਤੀ, ਸਭ ਕੁੱਝ ਨਵਾਂ ਆਣ ਆ ਢੁੱਕਿਆ । ਪਿਆ ਪੈਨ ਆ ਮੁੱਖ ਛੁਪਾਉਂਦਾ, ਆਣ ਕੰਪਿਊਟਰ ਸਿਰ ਆ ਚੁੱਕਿਆ । ਬੈਠ ਕੁਰਸੀਆਂ ਠਾਹ ਠਾਹ ਕਰਦੇ, ਕਰਨ ਮਾਊਸ ਨੂੰ ਉੱਤੇ ਥੱਲੇ । ਘਰ ਘਰ ਆਣ ਮਸ਼ੀਨਾਂ ਆਈਆਂ, ਬਿਨ ਮਸ਼ੀਨਾਂ ਨਾਂ ਕੁੱਝ ਚੱਲੇ । ਫੋਨ ਸੈੱਲ ਆ ਧੱਕਾ ਲਾਇਆ, ਅੱਡੀ ਲਾ ਕੰਪਿਊਟਰ ਦੌੜਾ । ਬੋਲੇਂ ਤੂੰ, ਉਹ ਲਿਖਦਾ ਜਾਵੇ, ਛੋਟਾ ਵੱਡਾ ਲੰਬਾ ਚੌੜਾ । ਹੁਣ ਮੈਂ ਸੋਚਾਂ, ਕੀ ਅੱਜ ਹੋਇਆ, ਛੋਟੇ ਵੱਡੇ ਹੱਥ ਚ ਫੜਿਆ । ਨਾਂ ਕੋਈ ਬੋਲੇ, ਨਾਂ ਹੀ ਸੁਣਦਾ, ਅੱਖਾਂ ਨਾਲ ਲਸੂੜੇ ਜੜਿਆ । ਮਿਲ ਕਰ ਬਹਿਣਾ ਸੱਚਾ ਗਹਿਣਾ ਇੱਕ ਦਿਨ ਅਸਾਂ ਨੂੰ ਸੋਚਣਾ ਪੈਣਾ, ਏ ਆਈ, ਏ ਆਈ, ਭੱਜੀ ਆਉਂਦੀ, ਇੱਕ ਮੁੱਠ ਅਸਾਂ, ਜੇ ਟੱਬਰ ਰਹਿਣਾ ।

ਰੰਗ-ਬਰੰਗੀਆਂ ਕਨਾਤਾਂ ਲੱਗੀਆਂ

ਰੰਗ-ਬਰੰਗੀਆਂ ਕਨਾਤਾਂ ਲੱਗੀਆਂ, ਸੋਹਣੇ ਸ਼ਾਮਿਆਨੇ ਲਾਏ । ਸੋਨੇ ਰੰਗੀਆਂ ਕੁਰਸੀਆਂ ਡਾਹੀਆਂ, ਮੇਜ਼ ਸੀ ਫੁੱਲਾਂ ਸੰਗ ਸਜਾਏ । ਭਾਂਤ ਭਾਂਤ ਦੀਆਂ ਮਿਠਾਈਆਂ ਨੇ ਅੱਜ, ਖੂਬ ਸੀ ਮਹਿਫ਼ਲ ਲਾਈ । ਕਿੰਨੀ ਸਵਾਦ ਮਿਠਾਈ ਸੀ ਅੱਜ, ਦੇਵਣ ਹਲਵਾਈ ਤਾਈਂ ਵਧਾਈ । ਖੂੰਜੇ ਬੈਠਾ ਹਲਵਾਈ ਇੱਕ ਡਿੱਠਾ ਪਿਆ ਮਿਠਾਈਆਂ ਤਲਦਾ । ਬੈਠਾ ਲੱਡੂ ਪਿਆ ਉਹ ਵੱਟੇ, ਨਾਲ, ਜਲੇਬੀਆਂ ਕੱਢਦਾ । ਲੱਡੂ ਜਲੇਬੀ ਰੌਲਾ ਪਾਇਆ, ਪਿਆ, ਦੋਹਾਂ ਨੂੰ ਹਟਾਵੇ । ਇਹ ਸ਼ਗਨਾਂ ਦਾ ਦਿਨ ਆ ਢੁੱਕਿਆ, ਏਦਾਂ ਦੋਹਾਂ ਨੂੰ ਸਮਝਾਵੇ । ਲੱਡੂ ਆਖੇ ਮੈਂ ਸੋਹਣਾ, ਮੈਂ ਗੋਲ-ਗੋਲ, ਸਭ ਕੋਈ ਕੋਲੇ ਆਣ ਖੜੋਵੇ । ਜਦ ਤੱਕ ਮੈਂ ਨਾ ਮੂੰਹ ਨੂੰ ਲੱਗਾਂ, ਸ਼ਗਨ, ਪੂਰਾ ਨਾ ਹੋਵੇ । ਸੁਣ ਜਲੇਬੀ ਗੁੱਸਾ ਚੜ੍ਹਿਆ, ਵੇ ! ਕੀ ਤੂੰ ਰੌਲਾ ਪਾਇਆ । ਗੱਲ ਤੇਰੀ ਮੈਨੂੰ ਸਮਝ ਨਾ ਆਵੇ, ਕੀ ਤੂੰ ਬੇ-ਸੁਰਾ ਅੱਜ ਗਾਇਆ । ਗਰਮ ਤੇਲ ਪਲੀ ਮੈਂ ਸੱਜਣਾ, ਲੋਕੀ ਵੇਖਣ ਖੜ੍ਹ-ਖੜ੍ਹ ਮੈਨੂੰ । ਵਾਂਗ ਪੰਗੂੜੇ ਪਈ ਜਦ ਘੁੰਮਾਂ, ਕੌਣ ਵੇਖਦਾ ਤੈਨੂੰ ? ਲੱਡੂ ਬੋਲਿਆ, ਸੁਣ ! ਜਲੇਬੀ, ਜਿਹੜਾ ਤੈਨੂੰ ਉਠਾਵੇ । ਚਿੱਪ-ਚਿੱਪ ਸਭਨਾਂ ਹੱਥ ਤੂੰ ਕਰਦੀ, ਤੋਬਾ, ਹੱਥ ਕੰਨਾਂ ਨੂੰ ਲਾਵੇ । ਗਰਮ ਜਲੇਬੀ ਗਰਮ ਹੋ ਬੋਲੀ, ਮੈਂ ਸਭਨਾਂ ਦੀ ਰਾਣੀ । ਗਰਮ ਦੁੱਧ ਜਦ ਮੈਨੂੰ ਡੋਬਣ, ਵਾਹ-ਵਾਹ ਕਰਨ ਸਭ, ਸਾਥੀ ਹਾਣੀ । ਜੇ ਕੋਈ ਲੱਡੂ, ਤੈਨੂੰ ਦੁੱਧ ਵਿੱਚ ਪਾਵੇ, ਤੂੰ ਬੂਰ ਵਾਂਗ ਭੁਰ ਜਾਵੇਂ । ਖਾਣ ਵਾਲੇ ਲਾ ਚਸ਼ਮੇ ਟੋਲ਼ਣ, ਤੂੰ ਰਤਾ ਨਜ਼ਰ ਨਾ ਆਵੇਂ । ਲੱਡੂ ਬੋਲਿਆ ਸੁਣ ਜਲੇਬੀ , ਲੋਕੀ ਚਾ, ਘਰ ਮੈਨੂੰ ਲੈ ਜਾਵਣ । ਸ਼ੱਕਰਪਾਰੇ ਪਕੌੜੀਆਂ ਦੇ ਸੰਗ, ਲੋਕੀ ਹਫਤਿਆਂ-ਵਧੀ ਖਾਵਣ । ਚੁੱਕੇ ਹਲਵਾਈ ਮੈਨੂੰ ਦੋਵੇਂ ਹੱਥੀਂ, ਤਲੀਆਂ ਪਏ ਟਿਕਾਵਣ । ਦੇ ਲੋਰੀਆਂ ਪਏ ਮੈਨੂੰ ਵੱਟਣ, ਪੁੱਤਰਾਂ ਵਾਂਗ ਖਡਾਵਣ । ਕਾਹਤੋਂ ! ਸੱਜਣੋ ਰੌਲਾ ਪਾਇਆ, ਤੁਹਾਡੀ ਦੋਹਾਂ ਦੀ ਸਰਦਾਰੀ । ਲੋਕੀ ਚੁੱਕ-ਚੁੱਕ ਖੁਸ਼ੀਆਂ ਮਾਣਨ, ਤੁਸਾਂ ਨੂੰ, ਉਠਾਉਣ ਵਾਰੋ-ਵਾਰੀ । ਥੋੜ੍ਹਾ ਖਾਵੀਂ, ਤਾਲਾ ਲਾਵੀਂ, ਸਬਰ ਜ਼ਰਾ ਤੂੰ ਕਰਨਾ । ਵੱਡੀ ਉਮਰੇ ਵੇਖੀਂ ਬੀਬਾ, “ਗੁਰਚਰਨ “ ਕਿਤੇ, ਪੈ ਜਾਵੇ ਨਾ ਭਰਨਾ ।

ਚੰਦ ਗ੍ਰਹਿਣ ਮਾਰਚ 2025

ਬਰਫ਼ਾਂ ਰੰਗਿਆ ਚਿੱਟਾ ਸੂਟ, ਰਾਤ ਹਨੇਰੀ ਫੇਰਾ ਪਾਉਂਦੀ । ਗੋਲ-ਗੋਲ ਜਿਹਾ ਚਿਹਰਾ ਉਸਦਾ, ਚਿੱਟੀ ਚੁੰਨੀ ਪਵੇ ਲਹਿਰਾਉਂਦੀ । ਲੋਕੀ ਤੱਕ-ਤੱਕ ਰਿਸ਼ਤੇ ਪਾਵਨ, ਜਣੇ-ਕਣੇ ਨੂੰ ਪਈ ਉਹ ਭਾਉਂਦੀ । ਤੱਕ ਸੂਰਜ ਪਈ ਲਿਸ਼ਕਾਂ ਮਾਰੇ, ਲੋੜ੍ਹੇ ਦਾ ਪਈ ਰੰਗ ਵਰਸਾਉਂਦੀ । ਰਾਤੀਂ ਸਉਕਣ, ਖੜ੍ਹੀ ਵਿਚਾਲੇ, ਅੱਜ ਵਾਂਗ ਕੋਲੇ ਦੇ, ਬਲ-ਬਲ ਆਉਂਦੀ ।

ਸ਼ਹਿਰ ਦੀਆਂ ਰੇੜ੍ਹੀਆਂ ਮੈਨੂੰ

ਸ਼ਹਿਰ ਦੀਆਂ ਰੇੜ੍ਹੀਆਂ ਮੈਨੂੰ ਕੀਤਾ ਬੇਹਾਲ ਵੇ ਮੋਹਨ ਦੀਆਂ ਕੁਲਫ਼ੀਆਂ ਗੱਚਕਾਂ ਮਰੂੰਡਿਆਂ ਦੇ ਨਾਲ ਵੇ ॥ ਜਦੋਂ ਮੈਂ ਸਕੂਲੇ ਜਾਵਾਂ ਰੋਜ਼ ਰੇੜ੍ਹੀਆਂ ਮੈਂ ਵੇਖਦਾ ਹਾਕੂ ਭਟੂਰੇ ਵਾਲਾ ਭੁੱਜੇ ਬਦਾਮ ਨਿੱਤ ਦੇਖਦਾ ਰਸਾਂ ਤੇ ਗਨੇਰੀਆਂ ਗੱਚ ਨੀਬੂਆਂ ਦੇ ਨਾਲ ਵੇ ਸ਼ਹਿਰ ਦੀਆਂ ਰੇੜ੍ਹੀਆਂ…… ਮਤੀਰੇ ਦੇ ਰਸ ਵਾਲਾ ਉੱਚੀ ਅਵਾਜ਼ਾਂ ਪਿਆ ਲਾਂਵਦਾ ਇਮਲੀ ਸ਼ਕਰਕੰਦੀ ਵੇਖ ਪਾਣੀ ਮੂੰਹ ਵਿੱਚ ਆਂਵਦਾ ਦੇਸਾ ਸਜਾਈ ਬੈਠਾ ਥਾਲ਼ ਵਰਕਾਂ ਦੇ ਨਾਲ ਵੇ ਸ਼ਹਿਰ ਦੀਆਂ ਰੇੜ੍ਹੀਆਂ …… ਚੂਰਨ ਵਾਲਾ ਭਾਈ ਅੱਗ ਚੂਰਨ ਉੱਤੇ ਸੁੱਟਦਾ ਕੇਲੇ ਵਾਲਾ ਭਾਈ ਜਾਵੇ ਕਾਲਾ ਲੂਣ ਭੁੱਕਦਾ ਆਲੂ ਦੀਆਂ ਟਿੱਕੀਆਂ ਪਾਇਆ ਢਿੱਡ ਚ ਧਮਾਲ ਵੇ ਸ਼ਹਿਰ ਦੀਆਂ ਰੇੜ੍ਹੀਆਂ …….. ਅਮਰੂਦਾਂ ਵਾਲਾ ਮਾਰੇ ਹਾਕਾਂ ਆਖੇ ਆਜੋ ਸਾਰੇ ਖਾ ਲਵੋ ਭੁਜੀਆਂ ਛੱਲੀਆਂ ਨਾਲ ਆ ਝੋਲੀਆਂ ਭਰਾਂ ਲਵੋ ਆਇਆ ਗੋਲ ਗੱਪੇ ਵਾਲਾ ਦੇਵੇ ਪਾਣੀ ਜੀਰਿਆਂ ਦੇ ਨਾਲ ਵੇ ਸ਼ਹਿਰ ਦੀਆਂ ਰੇੜ੍ਹੀਆਂ ……. ਭੱਠੀ ਵਾਲੀ ਦਾਣੇ ਭੁੰਨੇ ਧੂਣੀ ਉਹ ਧੁਖਾਈ ਜਾਵੇ ਦਾਣਿਆਂ ਦੀ ਚੁੰਗ ਕੱਢ ਝੋਲੀ ਆਪਣੀ ਉਹ ਪਾਈ ਜਾਵੇ ਭੱਠੀ ਉਹ ਮਘਾਈ ਜਾਵੇ ਸੁੱਕੇ ਪੱਤਿਆਂ ਦੇ ਨਾਲ ਵੇ ਸ਼ਹਿਰ ਦੀਆਂ ਰੇੜ੍ਹੀਆਂ …….. ਟੌਫੀਆਂ ਵਾਲਾ ਭਾਈ ਆਇਆ ਅੱਡਾ ਸਬਰ ਦਾ ਜਮਾ ਲਿਆ ਜਦੋਂ ਕੋਈ ਗਾਹਕ ਹੈ ਨਹੀਂ ਝੱਟ ਗੁਟਕਾ ਸੁਖਮਨੀ ਉਠਾ ਲਿਆ ਜਨਮਾਂ ਦੀ ਮੈਲ ਰਗੜੇ ਟੌਫੀਆਂ ਦੇ ਨਾਲ ਵੇ ਸ਼ਹਿਰ ਦੀਆਂ ਰੇੜੀਆਂ …….. ਮਿਹਨਤਾਂ ਦਾ ਫਲ ਤੂੰ ਝੋਲੀ ਇਹਨਾਂ ਪਾਈਂ ਰੱਬਾ ਪੀਜ਼ਾ ਬਰਗਰਾਂ ਦੀ ਵਿਛਾੜ ਤੋਂ ਇਹਨਾਂ ਨੂੰ ਬਚਾਈਂ ਰੱਬਾ ਰਹਿਮਤਾਂ ਦਾ ਖੋਲ੍ਹ ਮੋਘਾ ਕਰੀਂ ਮਾਲਾ-ਮਾਲ ਵੇ ਸ਼ਹਿਰ ਦੀਆਂ ਰੇੜ੍ਹੀਆਂ ਮੈਨੂੰ ਕੀਤਾ ਬੇਹਾਲ ਵੇ ਮੋਹਨ ਦੀਆਂ ਕੁਲਫੀਆਂ, ਗੱਚਕਾਂ ਮਰੂੰਡਿਆਂ ਦੇ ਨਾਲ ਵੇ ॥

ਆਪਣੇ ਲਈ ਤੂੰ ਟੋਆ ਪੁੱਟਲਾ

ਆਪਣੇ ਲਈ ਤੂੰ ਟੋਆ ਪੁੱਟਲਾ, ਪੁੱਟ ਪੁੱਟ ਡੂੰਗਾ ਕਰਦਾ ਜਾ । ਨਾਲ ਪੁੱਟਣ ਦੇ ਹੋਲੀ ਹੋਲੀ, ਕੂੜਾ ਕਰਕਟ ਬਾਹਰ ਸੁੱਟਦਾ ਜਾ । ਡੂੰਗਾ ਖੂਹ ਵਾਂਗ ਹੁਣ ਹੋਇਆ, ਜਦ ਅੰਦਰ ਉਸ ਤੱਕਿਆ । ਪਾਣੀ ਸਿੰਮ ਸਿੰਮ ਟੋਆ ਭਰਿਆ, ਹੁਣ ਪਿਆਸੇ ਪਿਆਸ ਬਝਾਉਂਦਾ ਜਾ ।

ਚੀਜ਼ਾਂ ਵਿੱਚ ਮਿਲਾਵਟ ਕਰਕੇ

ਚੀਜ਼ਾਂ ਵਿੱਚ ਮਿਲਾਵਟ ਕਰਕੇ, ਕੀ ਤੂੰ ਬੋਝਾ ਭਰਿਆ ? ਪੈਸੇ ਨਾਲ ਤੂੰ ਬੈਂਕਾਂ ਭਰੀਆਂ, ਤੈਨੂੰ ਜ਼ਰਾ ਸੰਤੋਖ ਨਾ ਸਰਿਆ । ਅੱਗੇ ਵਾਲਾ ਸਮਾਂ ਹੀ ਦੱਸ ਸੀ, ਅਸੀਂ ਤੁਰੇ ਕਿੱਧਰ ਨੂੰ ਜਾਂਦੇ । ਆਉਣ ਵਾਲੀਆਂ ਪੁਸ਼ਤਾਂ ਪੁੱਛ ਸਨ, ਤੁਸਾਂ ਇਹ ਕੀ ਕਾਰਾ ਕਰਿਆ ।

ਇਹ ਬੋਲੀ ਜੋ ਮਾਂ ਨੇ ਦਿੱਤੀ

ਇਹ ਬੋਲੀ ਜੋ ਮਾਂ ਨੇ ਦਿੱਤੀ, ਤੈਨੂੰ ਘੁੱਟ ਘੁੱਟ ਜੱਫੀਆਂ ਪਾਵਾਂ ਮੈਂ । ਸਾਰੀਆਂ ਬੋਲੀਆਂ ਰਲ ਜੇ ਆਵਣ, ਤੈਨੂੰ ਭੱਜ ਕੇ ਸੀਸ ਝੁਕਾਵਾਂ ਮੈਂ । ਤੈਨੂੰ ਛੱਡ ਪਰਾਏ ਜਾ ਢੁੱਕੇ, ਤੂੰ ਅੱਜ ਛਿਪਦੀ ਜਾਵੇਂ । ਜੇ ਮੇਰੇ ਕਦੇ ਹੱਥ ਤੂੰ ਆ ਜੇਂ, ਤੇਰੇ ਸਿਰ ਤੇ ਤਾਜ ਸਜ਼ਾਵਾਂ ਮੈਂ ।

ਵੇਖ ਲਲਾਰੀ ਰੰਗਣ ਵਾਲੇ

ਵੇਖ ਲਲਾਰੀ ਰੰਗਣ ਵਾਲੇ, ਚੱਕ ਤਸਲਾ ਅੱਗ ਤੇ ਧਰਦੇ ਵੇ । ਜਿਸ ਰੰਗ ਵਿੱਚ ਮਾਹੀ ਡਲ੍ਹਕਾਂ ਮਾਰੇ, ਉਸ ਰੰਗ ਵਿੱਚ ਮੈਨੂੰ ਭਰਦੇ ਵੇ । ਪੈਸੇ ਦਾ ਕੋਈ ਫ਼ਿਕਰ ਨ ਭੋਰਾ, ਇਹ ਮਰਨ ਜੀਵਨ ਦੀ ਬਾਜ਼ੀ ਆ । ਮੈਂ, ਮਾਹੀ ਦੇ ਦੇਸ ਵੇ ਜਾਣਾ, ਕੋਈ ਰੰਗ ਮਜੀਠੀ ਕਰਦੇ ਵੇ ।

ਪਹੁ ਫੁੱਟੀ ਕੋਈ ਦਰ ਖੜਕਾਵੇ

ਪਹੁ ਫੁੱਟੀ ਕੋਈ ਦਰ ਖੜਕਾਵੇ, ਉੱਚੀ ਉੱਚੀ ਰੌਲਾ ਪਾਵੇ । ਮਲਕ ਮਲਕ ਮੈਂ ਬੂਹਾ ਖੋਲ੍ਹਾਂ, ਜੁਗਨੂੰ ਵੇਖ ਖੜ੍ਹਾ ਮੈਂ ਡੋਲਾਂ । ਆਖਾਂ ਉਸਨੂੰ ਅੰਦਰ ਆ ਜਾ, ਜਿੱਥੇ ਚਾਹੇਂ ਉੱਥੇ ਬਹਿ ਜਾ । ਡਿੱਠਾ ਜੁਗਨੂੰ ਉਦਾਸ ਅੱਜ ਹੋਇਆ, ਸੱਚ-ਮੁਚ ਅੱਖਾਂ ਭਰ ਉਹ ਰੋਇਆ । ਹੌਲੀ ਹੌਲੀ ਸੀ ਬੋਲਣ ਲੱਗਾ, ਲੱਗਦਾ ਜਿਵੇਂ ਕੁਝ ਖੋਲ੍ਹਣ ਲੱਗਾ । ਘਰ ਘਰ ਜਗਦੇ ਬਲਬ ਮੈਂ ਤੱਕਾਂ, ਵੇਖਾਂ ਰੋਜ਼ ਕੁਝ ਕਹਿ ਨਾਂ ਸੱਕਾਂ । ਵੱਡੇ ਵੱਡੇ ਬਿਜਲੀ ਖੰਭੇ, ਲਾਈਟਾਂ ਮਾਰ ਭਜਾਵਣ ਲੱਗੇ । ਉੱਡ ਉੱਡ ਜਾਈਏ ਸੱਜੇ ਖੱਬੇ, ਲੁਕਣ-ਛਿਪਣ ਨੂੰ ਥਾਂ ਨਾਂ ਲੱਭੇ । ਛੋਟੀ ਲਾਈਟ ਮੈਨੂੰ ਦਿੱਤੀ ਸੱਜਣਾ, ਤੈਥੋਂ ਕੀ ਮੈਂ ਬੀਬਾ ਕੱਜਣਾ । ਮਾਰ ਮਾਰ ਲਾਈਟਾਂ ਦੂਏ ਨੂੰ ਸੱਦੀਏ, ਵੇਖ ਕਿੱਦਾਂ ਫਿਰ ਪਿੱਛੇ ਭੱਜੀਏ । ਛੋਟੀ ਛੋਟੀ ਲਾਈਟ ਉਸ ਲਾਈ, ਵਧਣ-ਫੁੱਲਣ ਤਰਤੀਬ ਚਲਾਈ । ਕਾਰਾਂ ਬੱਸਾਂ ਭੱਜ ਭੱਜ ਆਵਣ । ਵੱਡੇ ਵੱਡੇ ਡਿੱਪਰ ਲਾਵਣ । ਰੋਸ਼ਨੀ ਮੇਰੀ ਥੱਲੇ ਲਾਉਂਦੇ, ਦੇ ਦੇ ਧੱਕੇ ਮਾਰ ਭਜਾਉਂਦੇ । ਵਾਰ ਵਾਰ ਮੈਂ ਹਾਕਾਂ ਮਾਰਾਂ, ਹੱਥ ਜੋੜ ਮੈਂ ਕਰਾਂ ਦੁਆਵਾਂ । ਵਿੱਚ ਪੱਤਿਆਂ ਮੈਂ ਛੁਪਿਆ ਰਹਿੰਦਾ, ਚੋਰੀ ਚੋਰੀ ਵੇਂਹਦਾ ਰਹਿੰਦਾ । ਰੋਸ਼ਨੀਆਂ ਕਰ ਕਰ, ਕੀ ਤੂੰ ਖੱਟਿਆ ? ਸਦੀਆਂ ਵਸਿਆ ਘਰ ਆ ਪੁੱਟਿਆ । ਵੱਡੇ ਵੱਡੇ ਬਾਗ ਮੈਂ ਵੇਖੇ, ਕੂਕਾਂ ਲਾਉਂਦੇ ਮੋਰ ਮੈਂ ਦੇਖੇ । ਬੁਲਬੁਲ ਕੋਇਲਾਂ ਪਈਆਂ ਗਾਵਣ ਵੱਡੇ ਛੋਟੇ ਦਿਲ ਪਰਚਾਵਣ । ਤੋਤੇ ਤੋਤੀਆਂ ਭੱਜੀਆਂ ਆਵਣ, ਪਈਆਂ ਜਾਮਣਾਂ ਠੁੰਗਾਂ ਲਾਵਣ । ਅੱਜ ਤੂੰ ਕਿਉਂ ਨਾਂ ਬਾਗ ਮੁੜ ਲਾਵੇਂ, ਬੁਲਬੁਲ ਕੋਇਲਾਂ ਸੱਦ ਲਿਆਵੇਂ । ਲਾਵੇਂ ਅੱਜ ਜਾਮਣ ਦੇ ਬੂਟੇ, ਝੂਲਣ ਬੱਚੇ ਲੈ ਲੈ ਹੂਟੇ । ਸੰਗੀ ਸਾਥੀ ਮੈਂ ਵੀ ਆਵਾਂ, ਆ ਆ ਤੇਰਾ ਦਿਲ ਪਰਚਾਵਾਂ । ਬੰਦ ਕਰ ਲਾਈਟਾਂ ਕਰ ਦੇ ਛਾਵਾਂ, ਮੋਰਾਂ ਨੂੰ ਵੀ ਮੋੜ ਲਿਆਵਾਂ । ਮੈਨੂੰ ਵੀ ਮੁੜ ਹੱਸਦਾ ਕਰਦੇ, ਸੱਦ ਲਿਆ ਮੁੜ ਵੱਸਦਾ ਕਰਦੇ । ਆ ਜਾ ਜੁਗਨੂੰ ਟੋਲ਼ਣਗੇ ਉਹ ? ਕੌਣ ਸੀ ਜੁਗਨੂੰ, ਬੋਲਣਗੇ ਉਹ ? ਵਿੱਚ ਮੂਰਤਾਂ ਤੱਕਣਾ ਮੈਨੂੰ, ਵਾਰ ਵਾਰ ਫਿਰ ਪੁੱਛਣਾ ਤੈਨੂੰ । ਦਾਦਾ ਜੀ, ਕਿਓਂ, ਤੁਸੀਂ ਜੁਗਨੂੰ ਲਾਈਟ ਬੁਝਾਈ ? ਕਿਓਂ, ਉਸ ਜਿੰਦੜੀ ਸੁੱਕਣੀ ਪਾਈ ?

  • ਮੁੱਖ ਪੰਨਾ : ਕਾਵਿ ਰਚਨਾਵਾਂ : ਗੁਰਚਰਨ ਸਿੰਘ ਹੰਸਰਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ