Punjabi Ghazals : Gill Gareeb

ਪੰਜਾਬੀ ਗ਼ਜ਼ਲਾਂ : ਗਿੱਲ ਗ਼ਰੀਬ


ਦੰਗੇ

ਧਰਮਾਂ ਪਿੱਛੇ ਜਦ ਵੀ ਡਾਂਗਾਂ ਉੱਠੀਆਂ ਨੇ ਔਰਤਾਂ ਦੀਆਂ ਇੱਜ਼ਤਾਂ ਪਹਿਲਾਂ ਲੁੱਟੀਆਂ ਨੇ ਪਿਉ ਦੀਆਂ ਅੱਖਾਂ ਸਾਹਵੇਂ ਧੀ ਨੂੰ ਨੰਗਾ ਕਰ ਦਿੱਤਾ ਰੱਬਾ ਕਿਉਂ ਨਈਂ ਵੇਂਹਦਾ, ਤੇਰੇ ਘਰ 'ਚੋਂ ਧੀਆਂ ਮੁੱਕੀਆਂ ਨੇ? ਅੰਮੜੀ ਦੀ ਪੱਤ, ਪਵਿੱਤਰ ਰੱਖਣ ਲਈ ਜ਼ਾਲਮਾਂ ਮੂਹਰੇ ਮੌਤ ਨੂੰ ਚੁਣਿਆ ਮਾਂ ਨੇ ਲਾਸ਼ਾਂ ਬੱਚੀਆਂ ਦੀਆਂ ਖੂਹਾਂ ਵਿੱਚੋਂ ਚੁੱਕੀਆਂ ਨੇ ਜਿਸਮ ਦੇ ਭੁੱਖਿਆਂ ਇੱਜ਼ਤਾਂ ਲੁੱਟੀਆਂ ਖ਼ੂਨ ਦੇ ਪਿਆਸਿਆਂ ਖ਼ੂਨ ਪੀਤਾ ਦੰਗਿਆਂ ਵਿੱਚ ਬਰਾਤਾਂ ਨਈਓਂ ਅਰਥੀਆਂ ਉੱਠੀਆਂ ਨੇ।

ਤੌਫ਼ੀਕ

ਪੱਥਰ ਉੱਤੇ ਲੀਕ ਨੀ ਵੇਂਹਦਾ ਦਿਲ ਦੇ ਓਹ ਵਸਨੀਕ ਨੀ ਵੇਂਹਦਾ ਮੁੱਖ 'ਤੇ ਹਾਸਾ ਦੇਖਣ ਵਾਲਾ ਪੀੜਾਂ ਕਿੱਥੋਂ ਤੀਕ ਨੀ ਵੇਂਹਦਾ ਵਾਲ ਤੇ ਤਾਰੇ ਗਿਣ ਲੈਂਦਾ ਏ ਸਿਰ ਦੀ ਸੂਈ ਬਰੀਕ ਵੇਂਹਦਾ ਕੱਚੇ ਰਾਹ ਤੋਂ ਸੜਕਾਂ ਬਣੀਆਂ ਓਹੋ ਮੇਰੀ ਉਡੀਕ ਨੀ ਵੇਂਹਦਾ ਅੱਥਰ ਦੁੱਖੜੇ ਦੇਣ ਲੱਗਿਆਂ ਓਹੋ ਮੇਰੀ ਤੌਫ਼ੀਕ ਨੀ ਵੇਂਹਦਾ ਅੱਜ ਕੱਲ੍ਹ ਮੈਨੂੰ ਏਦਾਂ ਵੇਖੇ ਜਿੱਦਾਂ ਕੋਈ ਸ਼ਰੀਕ ਨੀ ਵੇਂਹਦਾ।

ਰੱਬ

ਕੁੰਡੀ ਖੋਲ੍ਹ ਕੇ ਦੇਖਿਆ ਬਾਹਰੇ ਰੱਬ ਖੜ੍ਹਾ ਪਹਿਲੋਂ ਕਦੇ ਨਾ ਆਇਆ ਅੱਜ ਕਿੰਝ ਜੱਭ ਖੜ੍ਹਾ ਘਰ 'ਚੋਂ ਮੁੱਕਿਆ ਆਟਾ ਇਹਨੂੰ ਕੀ ਖਵਾਵਾਂ ਪਰ ਬਾਹਰ ਤਾਂ ਭੁੱਖੇ ਢਿੱਡ ਨੂੰ ਲਾਈ ਅੱਗ ਖੜ੍ਹਾ ਚਾਰੇ ਪਾਸੇ ਪਾ ਦਊ ਰੌਲਾ ਮੇਰੀ ਕੰਗਾਲੀ ਦਾ ਇਹ ਲੋਕਾਂ ਪਿੱਛੇ ਲੱਗਾ ਲਾਈ ਲੱਗ ਖੜ੍ਹਾ ਮੈਂ ਚਾਹ ਬਣਾ ਦਿੰਦਾ ਇਹਨੂੰ ਜੇ ਦੁੱਧ ਨਾ ਫਟਦਾ ਦੁੱਧ ਫਿਰ ਤੋਂ ਕਿੱਦਾਂ ਚੋਂਵਾਂ ਭੁੱਖਾ ਵੱਗ ਖੜ੍ਹਾ ਬਣਾ ਕੇ ਮੰਗਤਾ ਮੈਨੂੰ ਇਹ ਮੈਥੋਂ ਕੀ ਮੰਗਦਾ ਇਹਨੂੰ ਖ਼ਾਲੀ ਹੱਥ ਹੀ ਮੋੜੂੰ ਇਹ ਤਾਂ ਠੱਗ ਖੜ੍ਹਾ।

ਚਿੱਟਾ ਦਿਲ

ਹੁੰਝੂ ਚੱਖਕੇ ਵੇਖੇ ਆਪਣੇ ਅੱਖਾਂ ਵਿੱਚੋਂ ਲੂਣ ਮਿਲਿਆ ਚਿੱਟਾ ਦਿਲ ਸੀ ਜੀਹਦਾ ਮੁੱਲਾ ਚੀਰ ਕੇ ਵੇਖਿਆ ਖ਼ੂਨ ਮਿਲਿਆ ਨਸ਼ੇ ਦੇ ਵਾਂਗਰ ਆਦੀ ਹੋਣੈ ਮੁਰਦੇ ਦੇ ਹੱਥ ਫੂਨ ਮਿਲਿਆ ਸਾਰੀ ਜ਼ਿੰਦਗੀ ਲੱਭਦਾ ਮਰਿਆ ਕਬਰਾਂ ਵਿੱਚ ਸਕੂਨ ਮਿਲਿਆ ਵਿੱਚ ਦਰਗਾਹੀਂ ਸੱਜਣ ਮਿਲਿਆ ਪਰ! ਮਹੀਨਾ ਜੂਨ ਮਿਲਿਆ ਗੂੰਗਾ ਬੱਚਾ ਦੱਸ ਨਾ ਸਕਿਆ ਖ਼ੁਸ਼ੀ ਕਿੰਨੀ ਸੀ ਉਸਨੂੰ ਜਦ! ਬੈਲੂਨ ਮਿਲਿਆ।

ਲੀਡਰ ਤੇ ਅੰਗਰੇਜ਼

ਲੁੱਟ ਕੇ ਖਾਧਾ ਦੇਸ਼ ਮੇਰਾ ਲੀਡਰਾਂ ਤੇ ਅੰਗਰੇਜ਼ਾਂ ਨੇ ਪੱਤਣਾਂ ਵਰਗੇ ਧੋਖੇ ਖਾਧੇ ਬਹੁਤਿਆਂ ਤੇਜ਼ਾਂ ਨੇ ਭੀਖ 'ਚ ਮੰਗੇ ਪੈਸੇ ਡਿੱਗੇ ਭਿਖਾਰੀ ਦੇ ਭੁੱਖੇ ਢਿੱਡ ਨਾਲ ਵੈਰ ਕਮਾਇਆ ਉੱਧੜੀਆਂ ਜੇਬਾਂ ਨੇ ਉਹਦੇ ਘਰ ਗ਼ਰੀਬੀ ਮੇਰੇ ਘਰ ਕੰਗਾਲੀ ਏ ਹੈਸੀਅਤ ਦੇ ਵਿੱਚ ਫ਼ਰਕ ਪਵਾ ਤਾ ਕੁਰਸੀਆਂ ਮੇਜ਼ਾਂ ਨੇ ਕੌਮ ਦੀ ਖ਼ਾਤਰ ਉਹ ਤਾਂ ਉੱਬਲ ਗਏ ਦੇਗਾਂ 'ਚ ਦਾੜ੍ਹੀ ਕਤਲ ਕਰਾ ਤੀ ਸਾਡੀਆਂ ਖੁੰਢੀਆਂ ਤੇਗਾਂ ਨੇ ਔਲਾਦ ਨਿਕੰਮੀ ਨਿਕਲੀ ਦੋਸ਼ ਕਿਸ ਨੂੰ ਦਿੰਦੇ ਬੁੱਢੇ ਹੱਡ ਠੰਢ 'ਚ ਠਾਰੇ ਮਹਿੰਗੀਆਂ ਸੇਜਾਂ ਨੇ ਦਰਦ ਗ਼ਰੀਬਾਂ ਦੇ, ਅਖ਼ਬਾਰ 'ਚ ਪੜ੍ਹਨਾ ਚਾਹੁੰਦਾ ਸੀ ਅੱਜ ਫਿਰ ਅਮੀਰਾਂ ਬਾਰੇ ਲਿਖਤਾ ਚਿੱਟੇ ਪੇਜਾਂ ਨੇ।

ਦਿਯਾਨਤਦਾਰ

ਦਿਯਾਨਤਦਾਰ ਤੇ ਨਹੀਂ ਹਾਂ ਮੈਂ ਖ਼ਸੀਸ ਆਸਿਮ ਹੋ ਸਕਨਾ ਵਾਂ ਮਹਿਲ ਮੁਨਾਰੇ ਵਿੱਚ ਨਾ ਭਾਲੋ ਤੁਰਬਤ ਵਿੱਚ ਹੋ ਸਕਨਾ ਵਾਂ ਹਾਤਿਮ ਬਣਨਾ ਵੱਸ ਨਾ ਮੇਰੇ ਜਾਬਿਰ ਜ਼ਲਿਮ ਹੋ ਸਕਨਾ ਵਾਂ ਜਫ਼ਾਕਸ਼ ਮੇਰੇ ਆਸ ਪਾਸ ਨਾ ਘਰ ਆਲਸ ਦਾ ਹੋ ਸਕਨਾ ਵਾਂ ਅਸਮਾਨ ਦਾ ਅਬਰ ਨਾ ਆਖੋ ਅੱਖ ਦਾ ਅਸ਼ਕ ਮੈਂ ਹੋ ਸਕਨਾ ਵਾਂ ਫ਼ਾਦਰ, ਪੰਡਤ, ਮੁੱਲਾ ਤੇ ਨਹੀਂ ਰੱਬ ਦਾ ਮੁਨਕਰ ਹੋ ਸਕਨਾ ਵਾਂ।

ਘਰਬ

ਆਪਣੇ ਦਿਲ ਨੂੰ ਤੋੜਕੇ ਵੇਖੀਂ ਪਤਾ ਲੱਗਣਾ ਦਰਦ ਕੀ ਹੁੰਦਾ ਰੰਡੀ ਔਰਤ ਕੋਲੋਂ ਪੁੱਛੀਂ ਦੱਸ ਦੇਵੇਗੀ ਮਰਦ ਕੀ ਹੁੰਦਾ ਖ਼ੁਦਾ ਦੇ ਕੋਲੋਂ ਲੁੱਟ ਜਾਵਣ ਦਾ ਅੱਲਾ ਮੀਆਂ ਹਰਜ ਕੀ ਹੁੰਦਾ ਪੋਟਾ ਪੋਟਾ ਕਰਕੇ ਵੱਢਿਆ ਬੱਕਰਾ ਦੱਸੂ ਕਰਦ ਕੀ ਹੁੰਦਾ ਠੰਢ ਦੀ ਬਾਛੜ ਓਹੀ ਜਾਣੇ ਜਿਸਦੇ ਕੋਲ ਘਰਬ ਨੀ ਹੁੰਦਾ ਜੇ ਭਿਖਾਰੀ ਪੁੱਛੇ ਮੈਨੂੰ ਦੱਸਦਾ ਨੀ ਮੈਂ ਅਰਬ ਕੀ ਹੁੰਦਾ।

ਗ੍ਰਹਿਣ

ਗ੍ਰਹਿਣਾਂ ਨੂੰ ਭੁੱਖ ਲੱਗੀ ਸੂਰਜ ਚੱਬਣ ਲੱਗੇ ਗੁਨਾਹਗ਼ਾਰਾਂ ਦੇ ਗੁਨਾਹ ਅੰਬਰ ਦੱਬਣ ਲੱਗੇ ਇੱਕੋਂ ਦੁਸ਼ਮਣ ਸੂਰਜ ਦਾ ਦੋਸ਼ ਚੰਨ 'ਤੇ ਲੱਗਣ ਲੱਗੇ ਉਲਟ ਗਵਾਹੀ ਬੱਦਲਾਂ ਦਿੱਤੀ ਤਾਰੇ ਨੱਸਣ ਲੱਗੇ ਧਰਤੀ, ਫ਼ਸਲਾਂ ਧਰਨੇ ਲਾਵਣ ਬੀਜ ਗੱਜਣ ਲੱਗੇ ਬੰਦੇ ਨੂੰ ਜਦ ਖ਼ਬਰ ਐਹ ਹੋਈ ਇੱਟਾਂ ਰੋੜੇ ਵੱਜਣ ਲੱਗੇ।

ਨਾਟਕ

ਇੱਕ ਜਨਮ ਵਿੱਚ ਕੀ ਕੁਝ ਹੱਸ ਕੇ ਜਰਦੇ ਆਂ ਜ਼ਿੰਦਗੀ ਨਹੀਂ ਜਿਊਂਦੇ ਨਾਟਕ ਕਰਦੇ ਆਂ ਝੂਠ ਬੋਲਦੇ ਥਾਂ-ਥਾਂ 'ਤੇ, ਉੱਤੋਂ ਕੁਰਾਨ ਹੱਥ ਵਿੱਚ ਫੜਦੇ ਆਂ ਜਿਸਮਾਂ ਤੱਕ ਨੇ ਰਿਸ਼ਤੇ ਰੱਖੇ, ਪਿਆਰ ਜਿਸਨੂੰ ਵੀ ਅਸੀਂ ਕਰਦੇ ਆਂ ਧੋਖੇ ਦੇ-ਦੇ ਜਿੱਤਿਆ ਸਭ ਨੂੰ, ਜਿੱਥੇ ਹੋਵੇ ਮਤਲਬ ਓਥੇ ਹਰਦੇ ਆਂ ਅਸੀਂ ਕਿਸੇ ਨੂੰ ਹੱਸਦਾ-ਵਸਦਾ ਦੇਖ ਕੇ ਜਰ ਨਈਂ ਸਕਦੇ, ਕੁੱਤ-ਕਲੇਸ਼ ਪਾ ਦਿੰਦੇ ਘਰ ਜਿਸਦੇ ਵੜਦੇ ਆਂ ਸੋਨੇ ਦੀਆਂ ਮੋਹਰਾਂ ਪਈਆਂ ਜਿੰਨ੍ਹਾਂ ਕੋਲ, ਉਹ ਲੋਕਾਂ ਨੂੰ, ਨੇ ਕਹਿੰਦੇ ਅਸੀਂ ਤਾਂ ਭੁੱਖੇ ਮਰਦੇ ਆਂ ਭੁੱਲ ਗਏ ਆਂ ਰੱਬ ਨੂੰ ਉੱਤੋਂ ਮਾੜਾ ਕਹਿੰਦੇ, ਲੋੜ ਪੈਣ 'ਤੇ ਉਹਦੀ ਹੀ ਫਿਰ ਦੇਹਲੀ ਚੜ੍ਹਦੇ ਆਂ ਜ਼ਿੰਦਗੀ ਨਹੀਂ ਜਿਊਂਦੇ ਨਾਟਕ ਕਰਦੇ ਆਂ।

ਝੁੱਗੀਆਂ ਵਾਲੇ

ਹੱਥਾਂ 'ਤੇ ਜੋ ਥੁੱਕੀ ਫਿਰਦੇ ਕੁੱਛੜਾਂ ਵਿੱਚ ਕੀ ਚੁੱਕੀ ਫਿਰਦੇ ਅੱਡੀਆਂ ਉਂਗਲਾਂ ਦੱਸ ਰਹੀਆਂ ਨੇ ਰੋਟੀ ਮੰਗਦੇ ਸੁੱਕੀ ਫਿਰਦੇ ਚੀਕਾਂ ਮਾਰੇ ਉੱਚੀ ਉੱਚੀ ਬੱਚੀ ਚੁੱਕੀ ਭੁੱਖੀ ਫਿਰਦੇ ਆਪ ਤਾਂ ਭੁੱਖੇ ਫਿਰਦੇ ਹੀ ਨੇ ਨਾਲ ਲਈ ਇੱਕ ਕੁੱਤੀ ਫਿਰਦੇ ਜ਼ਖ਼ਮਾਂ ਉੱਪਰ ਮੱਲ੍ਹਮਾਂ ਦੀ ਥਾਂ ਲੂਣ ਕਿਉਂ ਨੇ ਭੁੱਕੀ ਫਿਰਦੇ ਸ਼ਾਹੂਕਾਰ ਨੂੰ ਲੱਗਣ ਡਿਆ ਏ ਇਹ ਤਾਂ ਇੱਕੀ ਦੁੱਕੀ ਫਿਰਦੇ।

ਕਲਮ

ਟੁੱਟੇ ਦਿਲ ਤੋਂ ਕਲਮ ਬਣੀ ਕਲਮ ਨੇ ਕਿੰਨੇ ਦੁੱਖ ਲਿਖਤੇ ਗ਼ਜ਼ਲਾਂ, ਨਾਵਲ, ਗੀਤ, ਕਹਾਣੀਆਂ ਕਿੰਨੇ ਧੀਆਂ ਪੁੱਤ ਲਿਖਤੇ ਕੁਦਰਤ ਭੁੱਬਾਂ ਮਾਰ ਕੇ ਰੋਂਦੀ ਬਿਨ ਟਾਹਣੀਓਂ ਵਿਲਕਦੇ ਰੁੱਖ ਲਿਖਤੇ ਰੋਟੀ ਦੀ ਥਾਂ ਆਪਣੇ ਹੱਥੀਂ ਜ਼ਹਿਰਾਂ ਖਾਂਦੇ ਮਨੁੱਖ ਲਿਖਤੇ ਬੰਦੇ ਤਰਸਣ ਟੁੱਕੜ ਨੂੰ ਬੰਦੇ ਨੂੰ ਤਰਸਦੇ ਟੁੱਕ ਲਿਖਤੇ ਬੱਚਿਆਂ ਤੋਂ ਬਿਨ ਜ਼ਿੰਦਗੀ ਕਾਹਦੀ ਔਲਾਦ ਤੋਂ ਸੱਖਣੇ ਕੁੱਖ ਲਿਖਤੇ ਮਮਤਾ ਸੜਕ 'ਤੇ ਰੁਲਦੀ ਲਿਖਤੀ ਨਿਕੰਮੇ ਧੀਆਂ ਪੁੱਤ ਲਿਖਤੇ ਸਤਜੁਗ ਦੀਆਂ ਲਿਖੀਆਂ ਗੱਲਾਂ ਕਲਜੁਗ ਦੇ ਕਈ ਸੁੱਖ ਲਿਖਤੇ ਸਮੁੰਦਰ ਛੱਲਾਂ ਮਾਰਦਾ ਲਿਖਤਾ ਪਾਣੀਓਂ ਖ਼ਾਲੀ ਬੁੱਕ ਲਿਖਤੇ ਕੁਝ ਅੱਕਰੇ ਉਲਝੇ ਛੰਦ ਲਿਖੇ ਨੇ ਕੁਝ ਸਿੱਧੇ ਸੁਲਝੇ ਤੁਕ ਲਿਖਤੇ ਠੱਗਾਂ ਚੋਰਾਂ ਬਾਰੇ ਲਿਖਤਾ ਕੁਝ ਯੋਧੇ ਕਰਕੇ ਮੁੱਖ ਲਿਖਤੇ ਰੋਟੀ ਤੋਂ ਵੱਧ ਪੈਸੇ ਦੇ ਇਨਸਾਨ ਨੂੰ ਲੱਗੇ ਭੁੱਖ ਲਿਖਤੇ ਸਰਕਾਰ ਦੀ ਧੋਖਾਧੜੀ ਲਿਖੀ ਸੱਚ ਵੀ ਸਹੁੰਆਂ ਚੁੱਕ ਲਿਖਤੇ ਚੰਨ ਤਾਰਿਆਂ ਬਾਰੇ ਲਿਖਿਆ ਕੁਦਰਤ ਨੂੰ ਕਿੰਨੇ ਦੁੱਖ ਲਿਖਤੇ।

ਆਦਮਖ਼ੋਰ

ਅਜ਼ਲਾਂ ਤੋਂ ਮੈਂ ਆਦਮਖ਼ੋਰ ਸਾਂ ਖ਼ੁਦਾ ਦੇ ਖ਼ੁਦਾਵਾਂ ਕੋਲੋਂ ਇਨਸਾਨ ਹੋ ਕੇ ਹਟਿਆਂ ਵਾਂ ਦੁਸ਼ਮਣ ਮੇਰੇ ਨਮਾਜ਼ਾਂ ਪੜ੍ਹੀਆਂ ਮੈਂ ਅਜ਼ਾਨ ਦੇ ਵੇਲੇ 'ਕੱਲਾ ਰੋ ਕੇ ਹਟਿਆਂ ਵਾਂ ਚਿੱਟੇ ਚੰਮ ਨੀਲਾਮ ਹੋ ਗਏ ਏਸੇ ਕਰਕੇ ਬੀਬਾ ਪਿੰਜਰ ਹੋ ਕੇ ਹਟਿਆਂ ਵਾਂ ਮਨ ਦੀ ਮੈਲ ਨੀ ਧੋਤੀ ਜਾਂਦੀ ਵੇਖੋ ਕਿੱਡੀ ਫ਼ਿਤਰਤ ਮੇਰੀ ਮਸੀਤ ਧੋ ਕੇ ਹਟਿਆਂ ਵਾਂ।

ਨਾ-ਜੀ-ਨਾ

ਦਿਲ ਤੋੜਨ ਦੀ ਸਜ਼ਾ ਜੇਕਰ ਮਾਫ਼ੀ ਏ ਨਾ-ਜੀ-ਨਾ ਐਹ ਤੇ ਬੇ-ਇਨਸਾਫੀ ਏ ਮੇਰੇ ਸ਼ਹਿਰ ਨੂੰ ਲੋੜ ਨਈਂ ਸਮੁੰਦਰ ਦੀ ਮੇਰੀਆਂ ਐਹ ਅੱਖਾਂ ਦਾ ਪਾਣੀ ਕਾਫ਼ੀ ਏ।

ਬਲਦ ਦੀ ਮੌਤ

ਸੁੱਥਣਾਂ ਤੋਂ ਬਿਨ ਕਿੱਲੀ ਟੰਗੇ ਰੋਂਦੇ ਨਾਲੇ ਦੇਖੇ ਚਿੱਟੇ ਚੰਮ ਦੀ ਚਮਕ ਦੇਖ ਕੇ ਰੋਂਦੇ ਕਾਲੇ ਦੇਖੇ ਕੱਚੇ ਘਰ 'ਤੇ ਰੱਬ ਨੇ ਕਈ ਦਿਨ ਕਹਿਰ ਕਮਾਇਆ ਮੀਂਹ ਪੈਂਦੇ ਵਿੱਚ ਛੱਤ ਦੇ ਰੋਂਦੇ ਬਾਲੇ ਦੇਖੇ ਬੱਚਿਆਂ ਦੇ ਤਨ ਨੂੰ ਕੋਈ ਕੱਪੜਾ ਨਈਂ ਜੁੜਿਆ ਸਖ਼ਤ ਮਿਹਨਤਾਂ ਕਰਕੇ ਰੋਂਦੇ ਛਾਲੇ ਦੇਖੇ ਬਲਦ ਦੀ ਹੋ ਗਈ ਮੌਤ ਵਾਹੀ ਵਿੱਚ ਵਿਚਾਲੇ ਸੀ ਬਲਦ ਨਾਲੋਂ ਵੱਧ ਖੇਤ ਨੂੰ ਰੋਂਦੇ ਫਾਲੇ ਦੇਖੇ ਗਏ ਵਲੈਤ ਨੂੰ ਕਈ ਸਦੀਆਂ ਦੇ ਪਰਤੇ ਨਈਂ ਉਹਨਾਂ ਦੇ ਬੂਹੇ ਨੂੰ ਲੱਗੇ ਰੋਂਦੇ ਤਾਲੇ ਦੇਖੇ ਕਿਸੇ ਨਾ ਘਰ ਸੰਵਾਰਿਆ ਈਦਾਂ ਲੰਘ ਗਈਆਂ ਮਾਂ ਮਰੀ ਦੇ ਸਾਲ ਕੁ ਪਿੱਛੋਂ ਰੋਂਦੇ ਜਾਲੇ ਦੇਖੇ।

ਰਫ਼ਤਾ ਰਫ਼ਤਾ

ਰਫ਼ਤਾ-ਰਫ਼ਤਾ ਦਿਨ ਗੁਜ਼ਰੇ ਨੇ ਰਾਤਾਂ, ਦੁਸ਼ਵਾਰ ਅੱਜ ਵੀ ਸੱਜਣਾ ਕਿੰਨਾ ਖ਼ਸਾਰਾ ਹੋਰ ਖਾਏਂਗਾ ਸ਼ਰਮ ਤੇ ਕਰ ਰੱਜ ਵੀ ਸੱਜਣਾ ਆਹਿਸਤਾ-ਆਹਿਸਤਾ ਪੈਰ ਪਸਾਰੇਂ ਖ਼ਦਸ਼ਾ ਕਿਹੜਾ ਤੈਨੂੰ ਲੱਗਾ ਮਿਨਹਾਜ ਮੁੱਕਣ ਤੇ ਆਏ ਨੇ ਹਿੰਮਤ ਕਰ ਭੱਜ ਵੀ ਸੱਜਣਾ ਕਿਰਤਾਸ ਲਿਖ-ਲਿਖ ਘੱਲੇਂ ਕਾਸ਼ਾਨੇ ਵਿੱਚੋਂ ਮੈਨੂੰ ਗ਼ਮਜ਼ਾ ਕਿੰਨਾ ਹੋਰ ਕਰੇਂਗਾ ਜਬੀਂ ਦੇ ਵਿੱਚ ਵੱਜ ਵੀ ਸੱਜਣਾ।

ਗਲਾਕੜ

ਬੇ-ਫ਼ਿਕਰਾ ਇਜ਼ਹਾਰ ਨੀ ਕਰਦਾ ਓਹੋ ਮੈਨੂੰ ਪਿਆਰ ਨੀ ਕਰਦਾ ਤਰ੍ਹਾਂ-ਤਰ੍ਹਾਂ ਦੇ ਮੂੰਹ ਬਣਾਵੇ ਜਿੱਦਾਂ ਕੋਈ ਬਿਮਾਰ ਨੀ ਕਰਦਾ ਲੋਕੀਂ ਆਹਣ ਗਲਾਕੜ ਜਿਸਨੂੰ ਓਹ ਤੇ ਗੱਲਾਂ ਚਾਰ ਨੀ ਕਰਦਾ ਅਸਾਂ ਤੇ ਓਹਦਾ ਦਿਲ ਲੈਣ ਸੂ ਸੁਣਿਆ ਓਹੋ ਉਧਾਰ ਨੀ ਕਰਦਾ ਪੱਥਰ ਨੂੰ ਕੀ ਪੱਥਰ ਕਹੀਏ ਜੋ ਪੱਥਰ 'ਤੇ ਭਾਰ ਨੀ ਕਰਦਾ ਜਿੰਨੀ ਇਸ਼ਕ ਦੀ ਮਾਰ ਐ ਭੈੜੀ ਐਨੀ ਜ਼ਹਿਰ ਕੋਈ ਮਾਰ ਨੀ ਕਰਦਾ।

ਉੱਠ ਬੁੱਲ੍ਹਿਆ

ਉੱਠ ਬੁੱਲ੍ਹਿਆ ਉੱਠ ਉੱਠ ਕੇ ਸਰਕਾਰਾਂ ਨਾਲ ਗੱਲ ਕਰ ਪਿਆਰ ਨਾਲ ਕਰ ਭਾਵੇਂ ਹਥਿਆਰਾਂ ਨਾਲ ਕਰ ਲੁੱਟੀ ਜਾਂਦੇ ਲੁੱਟੀ ਜਾਂਦੇ ਲੀਡਰ ਸਾਨੂੰ ਲੁੱਟੀ ਜਾਂਦੇ ਮੁੱਕੀ ਜਾਂਦੇ ਮੁੱਕੀ ਜਾਂਦੇ ਘਰ 'ਚੋਂ ਭਾਂਡੇ ਮੁੱਕੀ ਜਾਂਦੇ ਕਦੋਂ ਪਾਏਂਗਾ ਰੋਟੀ ਸਾਨੂੰ ਆਹ, ਗਲੀ ਦੇ ਕੁੱਤੇ ਮੈਨੂੰ ਪੁੱਛੀ ਜਾਂਦੇ ਕਿਤੇ ਭੁੱਖਾ ਜੱਗ ਨਾ ਮਰ ਜਾਵੇ ਕੋਈ ਤੇ ਹਲਚਲ ਕਰ ਉੱਠ ਬੁੱਲ੍ਹਿਆ ਉੱਠ ਉੱਠ ਕੇ ਸਰਕਾਰਾਂ ਨਾਲ ਗੱਲ ਕਰ ਪਿਆਰ ਨਾਲ ਕਰ ਭਾਵੇਂ ਹਥਿਆਰਾਂ ਨਾਲ ਕਰ ਨੌਕਰੀ ਤਾਂ ਕੋਈ ਦਿੰਦਾ ਨਈਂ ਆਪਣਾ ਕਿੱਤਾ ਵੀ ਖੁੱਸ ਗਿਆ ਲੱਗਦਾ ਏ ਲੇਖ ਤਾਂ ਸਾਡੇ ਪਹਿਲਾਂ ਹੀ ਰੁੱਸੇ ਹੁਣ ਤੂੰ ਵੀ ਰੁੱਸ ਗਿਆ ਲੱਗਦਾ ਏਂ ਬੰਦਾ, ਬੰਦੇ ਨੂੰ ਖਾਣ 'ਤੇ ਲੱਗਿਆ ਬੰਦਾ ਨਈਂ ਕੋਈ ਜਾਨਵਰ ਏ ਹਮਦਰਦੀ ਨਾ ਕੋਈ ਏਥੇ ਕੋਹ 'ਤੇ ਦੀਵਾ ਬਲਦਾ ਏ ਜਹਾਜ਼ਾਂ ਵਿੱਚੋਂ ਲੰਘੇ ਲਾਰੇ ਕਿਸੇ ਨਾ ਸਾਡੇ ਛੱਤੇ ਚੁਬਾਰੇ ਝੂਠਾ ਮੂਠਾ ਲਿਖ ਦਿੰਦੇ ਨੇ ਇਹਨਾਂ ਅਖ਼ਬਾਰਾਂ ਨਾਲ ਤੇ ਗੱਲ ਕਰ ਉੱਠ ਬੁੱਲ੍ਹਿਆ ਉੱਠ ਉੱਠ ਕੇ ਸਰਕਾਰਾਂ ਨਾਲ ਗੱਲ ਕਰ ਪਿਆਰ ਨਾਲ ਕਰ ਭਾਵੇਂ ਹਥਿਆਰਾਂ ਨਾਲ ਕਰ ਜਦ ਦੰਗੇ ਹੋ ਜਾਂਦੇ ਨੇ ਖ਼ੂਨੋਂ ਖ਼ੂਨੀ ਬੰਦੇ ਹੋ ਜਾਂਦੇ ਨੇ ਤੇਰੇ ਪਿੱਛੇ ਲੜ ਲੜ ਕੇ ਕਈ ਨੰਗੇ ਹੋ ਜਾਂਦੇ ਨੇ ਤੂੰ ਇੱਕ ਹੀ ਐਂ, ਦੱਸਦੇ ਲੋਕਾਂ ਨੂੰ ਹਾਸਾ ਤੇ ਵਾਸਾ ਦੇ ਲੋਕਾਂ ਨੂੰ ਜਦ ਵੀ ਕੁਝ ਚੰਗਾ ਹੋਣ ਵਾਲਾ ਹੁੰਦਾ ਮੂਹਰੇ ਝੰਡੇ ਹੋ ਜਾਂਦੇ ਨੇ ਜੇ ਖ਼ੂਨ ਖ਼ਰਾਬਾ ਪਸੰਦ ਨਈਂ ਤੈਨੂੰ ਤੇ ਵਿਚਾਰਾਂ ਨਾਲ ਗੱਲ ਕਰ ਉੱਠ ਬੁੱਲ੍ਹਿਆ ਉੱਠ ਉੱਠ ਕੇ ਸਰਕਾਰਾਂ ਨਾਲ ਗੱਲ ਕਰ ਪਿਆਰ ਨਾਲ ਕਰ ਭਾਵੇਂ ਹਥਿਆਰਾਂ ਨਾਲ ਕਰ ਤੇਰੇ ਘਰ ਵਿੱਚ ਚੋਰੀਆਂ ਹੁੰਦੀਆਂ ਤੇਰੇ ਲਈ ਪਹਿਰੇ ਲੱਗਦੇ ਨੇ ਜਿੰਨ੍ਹਾਂ ਨੂੰ ਸੀ ਤੈਂ ਬਣਾਇਆ ਉਹ ਤੈਨੂੰ ਲੁੱਟਣ ਲੱਗ ਪਏ ਨੇ ਬੇਅਦਬੀ ਨੇ ਕਰਦੇ ਤੇਰੀ ਤਾਈਓਂ ਕੈਮਰੇ ਲੱਗ ਗਏ ਨੇ ਤੂੰ ਆਪਣਾ ਆਪ ਬਚਾ ਨਈਂ ਸਕਦਾ ਸਾਡਾ ਕੀ ਕਰੇਂਗਾ ਜਿਸ ਦਿਨ ਤੈਨੂੰ ਮਾਰਨ ਪੈ ਗਏ ਫਿਰ ਤੂੰ ਕੀ ਕਰੇਂਗਾ ਇਸ ਤੋਂ ਪਹਿਲਾਂ ਮਸਲਾ ਉਲਝੇ ਕੋਈ ਤੇ ਹੱਲ ਕਰ ਉੱਠ ਬੁੱਲ੍ਹਿਆ ਉੱਠ ਉੱਠ ਕੇ ਸਰਕਾਰਾਂ ਨਾਲ ਗੱਲ ਕਰ ਪਿਆਰ ਨਾਲ ਕਰ ਭਾਵੇਂ ਹਥਿਆਰਾਂ ਨਾਲ ਗੱਲ ਕਰ।

ਵੰਡ

ਵੰਡਣ ਆਏ ਓ ਕੀ ਵੰਡੋਂਗੇ ਜਦ ਰੱਬ ਹੀ ਵੰਡ ਲਿਆ ਫਿਰ ਕੀ ਵੰਡੋਂਗੇ ਕੁਦਰਤ ਤੇ ਵੰਡ ਲਈ ਧੁੱਪ, ਛਾਂ ਵੀ ਵੰਡੋਂਗੇ ਵਿਹੜਾ ਤਾਂ ਵੰਡ ਲਿਆ ਹੁਣ ਮਾਂ ਵੀ ਵੰਡੋਂਗੇ?

ਅੰਨ ਦਾ ਟੁਕੜਾ

ਨੂੰਹ ਤੇ ਸੱਸ ਦੇ ਤੱਕੜ ਕਦ ਬਰਾਬਰ ਹੋਵਣਗੇ ਚਾਚੇ ਤਾਏ ਸਕਿਆਂ ਵਿੱਚ ਕਦ ਖਲੋਵਣਗੇ ਸ਼ਾਹੂਕਾਰ ਅੰਨ ਦਾ ਟੁਕੜਾ ਮਜ਼ਦੂਰ ਤੋਂ ਰੱਬ! ਕਦ ਤੱਕ ਖੋਹਵਣਗੇ ਜਦ ਤੱਕ ਮੋਢੇ ਲੱਥ ਨੀ ਜਾਂਦੇ ਮਾਪੇ, ਧੀ ਤੇ ਦਾਜ ਦਾ ਭਾਰ ਸਿਰ 'ਤੇ ਢੋਵਣਗੇ ਨਿਸਫ਼ੱਨਹਾਰ ਤੇ ਹੋ ਚੱਲੀ ਐ ਏਹਦੇ ਪਿੱਛੋਂ 'ਨੇਰ੍ਹੇ ਹਰ ਹਾਲ 'ਚ ਹੋਵਣਗੇ ਐਸ ਜਨਮ ਵਿੱਚ ਅੱਲਾ ਧੋਖੇ ਕਰਦਾ ਏ ਪਿਛਲੇ ਜਨਮ 'ਚ ਅਸੀਂ ਵੀ ਧੋਖੇ ਕੀਤੇ ਹੋਵਣਗੇ।

ਮੈਖ਼ਾਨਾ

ਘਰ ਮੈਖ਼ਾਨਾ ਬਣਿਆ ਏ ਜਾਮ 'ਚ ਹੰਝੂ ਡਬੋ ਲੈਨਾਂ ਵਾਂ ਪੈੱਗ ਜੇ ਮੈਥੋਂ ਪਾਣੀ ਮੰਗੇ ਪਾਣੀ ਨੀ ਦਿੰਦਾ ਰੋ ਲੈਨਾਂ ਵਾਂ ਖੁਸ਼ੀਆਂ ਸੱਭੇ ਵੰਡ ਦਿੰਨਾਂ ਵਾਂ ਦੁੱਖੜੇ ਸਭ ਦੇ ਖੋਹ ਲੈਨਾਂ ਵਾਂ ਹਨੇਰੇ ਵਿੱਚੋਂ ਲੋਕ ਨੀ ਵੇਂਹਦੇ ਮੈਂ ਪਰਛਾਵਾਂ ਟੋਹ ਲੈਨਾਂ ਵਾਂ।

ਵਾਰਿਸ ਸ਼ਾਹ

ਪੜ੍ਹਿਆ-ਲਿਖਿਆ ਅਨਪੜ੍ਹ ਹਾਂ ਮੈਂ ਅਗਲਾ ਵਰਕਾ ਫੋਲਦਾ ਨਈਂ ਹੁਣ ਤੇ ਵਾਰਿਸ ਸ਼ਾਹ ਵੀ ਕਬਰਾਂ ਵਿੱਚੋਂ ਬੋਲਦਾ ਨਈਂ ਜਿਸ ਮਿੱਟੀ ਵਿੱਚ ਤੂੰ ਗੁਆਚੀ ਮੈਂ ਓਹ ਮਿੱਟੀ ਫਰੋਲਦਾ ਨਈਂ ਮੈਂ ਐਨਾ ਡਰ ਚੁੱਕਿਆ ਵਾਂ ਟੁੱਟਾ ਦਿਲ ਵੀ ਤੋੜਦਾ ਨਈਂ ਆਪਣੇ ਭਾਵੇਂ ਰਾਖ ਬਣ ਗਏ ਮੈਂ ਹੱਡੀਆਂ ਗੰਗਾ ਰੋੜ੍ਹਦਾ ਨਈਂ ਓਦੇ ਖ਼ਤ ਨੇ ਦੁੱਖ ਈ ਦੇਣੈ ਗੁਆਚਾ ਚਿੱਠਾ ਤਾਈਓਂ ਟੋਲ੍ਹਦਾ ਨਈਂ ਜੇ ਕੋਈ ਪੁੱਛੇ ਮੈਨੂੰ ਇਸ਼ਕ ਨੂੰ ਕਿਹੜਾ ਰਾਹ ਜਾਂਦਾ ਮੈਂ ਬੁਲਾਇਆ ਬੋਲਦਾ ਨਈਂ ਹੁਣ ਤੇ ਵਾਰਿਸ਼ ਸ਼ਾਹ ਵੀ ਕਬਰਾਂ ਵਿੱਚੋਂ ਬੋਲਦਾ ਨਈਂ।

ਨਾਸਿਖ਼

ਗ਼ੁਰਾਬ ਕਾਂ-ਕਾਂ ਕਰਨੀ ਭੁੱਲਿਆ ਬਨੇਰੇ ਢਹਿ ਗਏ ਕੱਚੜੇ ਸਫ਼ੀਨਾ ਦੱਸਦੀ ਸਮੁੰਦਰ ਆਪਣੇ ਨਈਂ ਹੁੰਦੇ ਮੁਜ਼ੱਮਤ ਕਾਰਨ ਵਫ਼ਾਦਾਰ ਬੇਵਫ਼ਾ ਬਣਿਆ ਕੌੜੇ, ਮਿੱਠੇ ਮੁਹੱਬਤ ਲਈ ਹੁੰਦੇ ਕੈਫ਼ੀਯਤ ਦੱਸਦੀ ਔਰਤ ਦੀ ਘਰ ਕਿੰਝ ਕੋਠਾ ਬਣਿਆ ਏ ਕਰਬ, ਖ਼ਬਾਸ ਨੂੰ ਕਈ ਹੁੰਦੇ ਨਾਸਿਖ਼ ਦੀ ਬੰਦੂਕ ਦੱਸੇ ਮਜਬੂਰੀ ਜ਼ਾਲਮ ਹੁੰਦੀ ਏ ਸੱਜਣ ਜ਼ਾਲਮ ਨਈਂ ਹੁੰਦੇ।

ਜੇ ਤਕਦੀਰਾਂ ਲਿਖ ਹੁੰਦੀਆਂ

ਆਪਣੇ ਹੱਥੀਂ ਜੇ ਤਕਦੀਰਾਂ ਲਿਖ ਹੁੰਦੀਆਂ ਤਾਂ ਤੁਸੀਂ ਹੀ ਦੱਸੋ ਮਾੜਾ ਕਿਸ ਨੇ ਬਣਨਾ ਸੀ ਚੰਨ, ਸੂਰਜ ਮਨੁੱਖ ਹੀ ਜੇ ਕਿਤੇ ਬਣਦੇ ਹੁੰਦੇ ਤਾਂ ਤੁਸੀਂ ਹੀ ਦੱਸੋ ਟੁੱਟਦਾ ਤਾਰਾ ਕਿਸ ਨੇ ਬਣਨਾ ਸੀ ਜੇ ਹੁੰਦੀ ਪੂੰਜੀ ਸਭ ਦੇ ਕੋਲ ਇੱਕੋ ਜਿਹੀ ਤਾਂ ਤੁਸੀਂ ਹੀ ਦੱਸੋ ਮਜ਼ਦੂਰ ਕਿਸ ਨੇ ਬਣਨਾ ਸੀ ਸ਼ੇਰ, ਚਿੜੀਆਂ, ਮੋਰ, ਗਟਾਰਾਂ ਸਾਰੇ ਬਣ ਜਾਂਦੇ ਤਾਂ ਤੁਸੀਂ ਹੀ ਦੱਸੋ ਸੂਰ ਕਿਸ ਨੇ ਬਣਨਾ ਸੀ ਜੇਕਰ ਖ਼ੁਸ਼ੀਆਂ ਖੇੜੇ ਧਨਾਢ ਲੁੱਟ ਕੇ ਲੈ ਜਾਂਦੇ ਤਾਂ ਤੁਸੀਂ ਹੀ ਦੱਸੋ ਰੋਂਦੇ ਕਿਸ ਨੇ ਬਣਨਾ ਸੀ ਆਸ਼ਕ, ਫੱਕਰ, ਚੋਰ ਬਣਨ ਨੂੰ ਲੋਕੀਂ ਕਾਹਲੇ ਨੇ ਤਾਂ ਤੁਸੀਂ ਹੀ ਦੱਸੋ ਯੋਧੇ ਕਿਸ ਨੇ ਬਣਨਾ ਸੀ ਹੀਰੇ, ਸੋਨਾ, ਚਾਂਦੀ ਬਣਦੇ ਲੋਕ ਆਏ ਨੇ ਤਾਂ ਤੁਸੀਂ ਹੀ ਦੱਸੋ ਜ਼ੰਗ ਦੀ ਖਾਣ ਕਿਸ ਨੇ ਬਣਨਾ ਸੀ ਅਮਰੀਕਾ ਦੇ ਨਾਗਰਿਕ ਤਾਂ ਸਾਰੇ ਬਣ ਜਾਂਦੇ ਤਾਂ ਤੁਸੀਂ ਹੀ ਦੱਸੋ ਭਾਰਤ, ਪਾਕਿਸਤਾਨ ਕਿਸ ਨੇ ਬਣਨਾ ਸੀ।

ਆਰਿਆਂ ਵਾਲੇ

ਆਰਿਆਂ ਵਾਲੇ ਬਹਿ ਗਏ ਰਾਖੀ ਰੁੱਖਾਂ ਦੀਆਂ ਛਾਵਾਂ ਦੀ ਮੈਨੂੰ ਏਦਾਂ ਕਿਉਂ ਲੱਗਦਾ ਜਿਉਂ ਜੂਨ ਬੁਰੀ ਏ ਗਾਵਾਂ ਦੀ ਬਚਪਨ ਤੋਂ ਲੈ ਅੱਜ ਤੱਕ ਮੈਨੂੰ ਸਮਝ ਨਾ ਆਇਆ ਰੱਬਾ, ਛੁੱਟੀ ਕਿਹੜੇ ਦਿਨ ਹੁੰਦੀ ਏ ਮਾਵਾਂ ਦੀ ਏਨਾਂ ਕਿਉਂ ਬੇਕਿਰਕ ਜ਼ਮਾਨਾ ਹੋ ਗਿਆ ਏ ਨਿਸ਼ਾਨੇ ਲਾਉਣ ਦੇ ਚਾਅ ਵਿੱਚ ਮਾਂ ਮਾਰਤੀ ਕਾਵਾਂ ਦੀ ਰੱਬਾ ਤੈਨੂੰ ਕਿਹੜੇ ਨਾਮ ਦੇ ਨਾਲ ਪੁਕਾਰਾਂ ਮੈਂ ਏਨੀ ਗਿਣਤੀ ਵਧ ਗਈ ਏ ਹੁਣ ਤੇਰੇ ਨਾਵਾਂ ਦੀ।

ਦਰਜਾ

ਮੈਂ ਇਸ਼ਕ ਕਰਨ ਤੋਂ ਨਈਂ ਡਰਦੀ ਮੈਂ ਹੀਰ ਬਣਨ ਤੋਂ ਡਰਦੀ ਆਂ ਤੂੰ ਖ਼ੁਦਾ ਦਾ ਦਰਜਾ ਦੇਵੇਂਗਾ ਮੈਂ ਪੀਰ ਬਣਨ ਤੋਂ ਡਰਦੀ ਆਂ ਮੈਨੂੰ ਭਾਰਤ, ਪਾਕਿਸਤਾਨ ਬਣਾਵੀਂ ਜੀ ਸਦਕੇ ਪਰ! ਕਸ਼ਮੀਰ ਬਣਨ ਤੋਂ ਡਰਦੀ ਆਂ ਹਵਾ, ਧੁੱਪ, ਬੱਦਲ, ਪਾਣੀ ਬਣਜਾਂਗੀ ਪਰ! ਜ਼ੰਜੀਰ ਬਣਨ ਤੋਂ ਡਰਦੀ ਆਂ ਬਾਬਲ ਵਿਹੜੇ ਤਾਜ ਸਜਾਉਣਾ ਲੀਰ ਬਣਨ ਤੋਂ ਡਰਦੀ ਆਂ।

ਤੂੰ-ਤੂੰ, ਮੈਂ-ਮੈਂ

ਤੂੰ-ਤੂੰ ਮੈਂ-ਮੈਂ, ਮੈਂ-ਮੈਂ ਤੂੰ-ਤੂੰ ਜਿੱਥੇ ਤੂੰ ਮੈਂ, ਵਾਰੀ-ਵਾਰੀ ਹੁੰਦੀ ਏ ਓਥੇ ਬਾਜ਼ੀ ਇਸ਼ਕ ਨੇ ਹਾਰੀ ਹੁੰਦੀ ਏ ਅੱਖੀਆਂ ਦਾ ਕਸੂਰ ਕੀ ਹੁੰਦਾ ਦੱਸੋ ਮੈਨੂੰ? ਜਿੱਥੇ ਗ਼ਲਤੀ ਦਿਲ ਦੀ ਸਾਰੀ ਹੁੰਦੀ ਏ ਉਸਨੂੰ ਬੰਦੇ ਸ਼ੈਤਾਨ ਹੀ ਦਿਸਦੇ ਜਿਸਦੇ ਘਰ ਧੀ ਕੁਆਰੀ ਹੁੰਦੀ ਏ ਕੰਜਰੀ-ਕੰਜਰੀ ਕਰਨ ਵਾਲਿਓ ਮਾਪਿਆਂ ਲਈ ਕੰਜਰੀ ਵੀ ਵਿਚਾਰੀ ਹੁੰਦੀ ਏ ਜਿੱਥੇ ਫ਼ਸਲਾਂ ਸੋਕੇ ਦੇ ਨਾਲ ਮਰ ਜਾਵਣ, ਓਥੇ ਸ਼ਰਮ ਖ਼ੁਦਾ ਨੇ ਉਤਾਰੀ ਹੁੰਦੀ ਏ ਬੰਦਾ ਕਰਖ਼ਤ ਹੋ ਜਾਂਦਾ ਏ ਕਰਬ ਨੇ ਜਦ ਦਿਲ ਦੀ ਕੀਤੀ ਫਾੜੀ ਹੁੰਦੀ ਏ ਉਸਨੇ ਕੀ ਪਛਤਾਉਣਾ ਮੁੱਲਾ ਆਪਣੇ ਹੱਥੀਂ! ਜਿਸਨੇ ਜ਼ਿੰਦ ਉਜਾੜੀ ਹੁੰਦੀ ਏ।

ਤਬਲੀਕ

ਤਬਲੀਕ ਕੀਤੀ ਪਤਾ ਲੱਗਾ ਇਸ਼ਕ ਬਹੁਤਾ ਚੰਗਾ ਨਈਂ ਜਿੰਨਾ ਚਿਰ ਨਾ ਹਾਰ ਜਾਵੇ ਬੰਦਾ ਬਣਦਾ ਬੰਦਾ ਨਈਂ ਬਦਚਲਣੇ ਤਰਾਸ਼ਾਂ ਤੈਨੂੰ ਖ਼ੁਦਾ ਤੋਂ ਮਿਲਦਾ ਰੰਦਾ ਨਈਂ ਜਿੰਨੀਂ ਸਾਡੀ ਹਾਲਤ ਮਾੜੀ ਹਾਲ ਐਨਾ ਵੀ ਮੰਦਾ ਨਈਂ ਜ਼ਿੰਦਗੀ ਡਾਢੀ ਪੀੜ ਦਾ ਨਾਂ ਏ ਸੱਚ ਜਾਣਿਓ ਫੰਦਾ ਨਈਂ ਕੁੱਖ ਦੇ ਵਿੱਚੋਂ ਨੰਗਾ ਜੰਮਿਆਂ ਸਦਾ ਹੀ ਰਹਿੰਦਾ ਨੰਗਾ ਨਈਂ ਕਿੱਦਾਂ ਲੋਹਾ ਚੰਡ ਬਣੇਗਾ ਜੋ ਪੀੜਾਂ 'ਚੋਂ ਲੰਘਾ ਨਈਂ ਮੜ੍ਹੀਆਂ ਤੀਕਰ ਪਹੁੰਚਣ ਲਈ ਆਪਣਾ ਲੱਗਦਾ ਕੰਧਾ ਨਈਂ।

ਧੀਆਂ

ਪੰਡਾਂ ਬੰਨ੍ਹ ਬੰਨ੍ਹ ਦਾਜ ਦਿੱਤਾ ਏ ਧੀਆਂ ਨੂੰ ਮੈਂ ਰਾਜਿਆਂ ਵਰਗਾ ਰਾਜ ਦਿੱਤਾ ਏ ਧੀਆਂ ਨੂੰ ਮੁੱਲਾ ਉਹ ਵੀ ਤੇਰੇ ਰੱਬ ਦੇ ਬੰਦੇ ਨੇ ਜਿੰਨ੍ਹਾਂ ਕੁੱਖਾਂ ਵਿੱਚ ਹੀ ਮਾਰ ਦਿੱਤਾ ਏ ਧੀਆਂ ਨੂੰ ਮਜ਼ਦੂਰੀ ਤੋਂ ਬਿਨ ਮੇਰੇ ਪੱਲੇ ਕੱਖ ਨਹੀਂ ਇੱਜ਼ਤਾਂ ਦਾ ਮੈਂ ਤਾਜ ਦਿੱਤਾ ਏ ਧੀਆਂ ਨੂੰ ਕੋਈ ਸ਼ੰਕਾ ਮਨ ਵਿੱਚ ਰਹਿ ਨਾ ਜਾਵੇ ਇਹਨਾਂ ਦੇ ਮੈਂ ਪੁੱਤਰਾਂ ਵਰਗਾ ਕਾਜ ਦਿੱਤਾ ਏ ਧੀਆਂ ਨੂੰ ਫੁੱਲੋਂ ਕੋਮਲ ਬੱਚੀ ਰਾਖ ਬਣਾ ਕੇ ਰੱਖ ਦਿੱਤੀ ਦਹੇਜ ਦੇ ਪਾਪੀਆਂ ਸਾੜ ਦਿੱਤਾ ਏ ਧੀਆਂ ਨੂੰ ਮਿਥ ਲਈ ਏ ਸੋਚ, ਇਹਨਾਂ ਚੰਨ 'ਤੇ ਜਾਵਣ ਦੀ ਮੈਂ ਜਿਸ ਦਿਨ ਦਾ, ਅਖ਼ਬਾਰ ਦਿੱਤਾ ਏ ਧੀਆਂ ਨੂੰ ਕਈਆਂ ਬੰਦਿਸ਼ ਵਿੱਚ ਰੱਖਿਆ ਚਾਅ ਤੇ ਰੀਝਾਂ ਮਾਰ ਦਿੱਤੇ ਕਈਆਂ ਨੇ ਤਾਂ ਅੱਲਾ ਵਾਂਗੂੰ ਤਾਰ ਦਿੱਤਾ ਏ ਧੀਆਂ ਨੂੰ।

ਮੁਕੱਦਰ

ਏਨੀ ਵੀ ਕੌੜੀ ਨਈਂ ਸ਼ਰਾਬ ਕਿ ਮੈਂ ਇਸਨੂੰ ਪੀ ਨਾ ਸਕਾਂ ਤੂੰ ਸੱਜਣਾ ਕੋਈ ਸਾਹ ਤੇ ਨਈਂ ਕਿ ਮੈਂ, ਤੇਰੇ ਬਿਨ ਜੀਅ ਨਾ ਸਕਾਂ ਮੰਨਿਆਂ ਚਮਕ ਜ਼ਰੂਰੀ ਏ ਸੂਰਜ ਵਾਂਗੂੰ ਮੈਂ ਕੋਈ, ਬੁਝਿਆ ਤਾਰਾ ਤੇ ਨਈਂ ਜੋ ਦੀਹ ਨਾ ਸਕਾਂ ਕੱਚੀ ਸੀਊਣ ਦੇ ਵਾਂਗਰ ਜ਼ਿੰਦਗੀ ਉੱਧੜ ਗਈ ਦਿਲ ਕੋਈ ਪੱਥਰ ਤੇ ਨਈਂ ਜਿਸਨੂੰ, ਸੀਂ ਨਾ ਸਕਾਂ ਭਾਵੇਂ ਮੇਰਾ ਮੁਕੱਦਰ ਸਾਰਾ ਘੁਣ ਨੇ ਖਾਧਾ ਪਰ ਕਿਸਮਤ ਕੋਈ ਲੋਹਾ ਤੇ ਨਈਂ ਜਿਸਨੂੰ, ਪੀਹ ਨਾ ਸਕਾਂ।

ਪੜੇਥਣ

ਹਨੇਰਾ ਮੁੜਕੇ ਸੌਂ ਨੀ ਸਕਿਆ ਮੌਤ ਪਿੱਛੋਂ ਮੈਂ ਜਿਉਂ ਨੀ ਸਕਿਆ ਦੁੱਖਾਂ ਦੇ ਨਾਲ ਜ਼ਿੰਦਗੀ ਗੁੰਨ੍ਹੀ ਹਾਸਾ ਪੜੇਥਣ ਭਿਊਂ ਨੀ ਸਕਿਆ ਜਿਸਮ ਤੋਂ ਭੁੱਖੇ ਪੁੱਛਣ ਮੈਨੂੰ ਇਸ਼ਕ ਦਾ ਟੁੱਕੜ ਕਿਉਂ ਨੀ ਛਕਿਆ ਰੱਬ ਦੇ ਕਟਹਿਰੇ ਵਿੱਚ ਖਲੋ ਕੇ ਦੋਸ਼ੀ ਕੌਣ ਸੀ ਕਿਉਂ ਨੀ ਦੱਸਿਆ ਤੈਂ ਸੱਭੇ ਦੁੱਖੜੇ ਮੈਨੂੰ ਦਿੱਤੇ ਆਪਣਾ ਹਿੱਸਾ ਕਿਉਂ ਨੀ ਰੱਖਿਆ ਤੇਰੀ ਮਾਰ ਨੇ ਮਾਰ ਦਿੱਤਾ ਸੂ ਜਿਊਣ ਦਾ ਮੁੜਕੇ ਹਿਊਂ ਨੀ ਰੱਖਿਆ।

ਇਹ ਨਈਂ ਹੋ ਸਕਦਾ

ਏਥੇ ਸਭ ਕੁਝ ਹੋ ਸਕਦਾ ਏ ਪਰ ਮੈਨੂੰ ਪਿਆਰ ਨਈਂ ਹੋ ਸਕਦਾ ਮੈਂ ਬੇਵਫ਼ਾ ਹੋ ਸਕਦਾ ਹਾਂ ਪਰ ਗ਼ੱਦਾਰ ਨਈਂ ਹੋ ਸਕਦਾ ਏਥੇ ਧਰਮਾਂ ਪਿੱਛੇ ਦੰਗੇ ਹੋ ਸਕਦੇ ਨੇ ਪਰ ਕਿਸੇ ਗ਼ਰੀਬ ਦਾ ਸਤਿਕਾਰ ਨਈਂ ਹੋ ਸਕਦਾ ਪੱਗਾਂ ਲਾਹ ਕੇ ਸਿਰ ਤੋਂ ਦਿੱਤੀਆਂ ਚੁੰਨੀਆਂ ਨੂੰ ਇਹ ਸੱਚ ਹੈ ਇੱਜ਼ਤਾਂ ਲੁੱਟਣ ਵਾਲਾ ਸਰਦਾਰ ਨਈਂ ਹੋ ਸਕਦਾ ਮੇਰੇ ਘਰ ਕ੍ਰਾਂਤੀ ਉੱਗਦੀ ਬੂਟੇ ਲਾਏ ਅਜ਼ਾਦੀ ਦੇ ਮੈਨੂੰ ਫਾਂਸੀ ਹੋ ਸਕਦੀ ਏ ਪਰ ਬੁਖ਼ਾਰ ਨਈਂ ਹੋ ਸਕਦਾ ਇਸ਼ਕ ਕਮਾਉਣ ਦਾ ਜਿੰਨਾ ਮੌਕਾ ਲੈਣਾ ਲੈ ਲਓ ਸੱਜਣ ਜੀ ਪਰ ਇੱਕ ਗੱਲ ਆਖਾ ਦਿਲ ਤੋੜਨ ਦਾ ਅਧਿਕਾਰ ਨਈਂ ਹੋ ਸਕਦਾ ਝੂਠ ਮੂਠ ਦੀਆਂ ਪੰਡਾਂ ਨਿੱਤ ਹੀ ਕਿੰਨੀਆਂ ਛਪਦੀਆਂ ਨੇ ਸੱਚੀਆਂ ਖ਼ਬਰਾਂ ਲਿਖਣ ਵਾਲਾ ਅਖ਼ਬਾਰ ਨਈਂ ਹੋ ਸਕਦਾ।

ਮਾਵਾਂ

ਅੱਜ ਤੱਕ ਦੱਸੋ ਕੀਹਨੇ ਕੀਹਨੇ ਸੁੱਖ ਦਿੱਤਾ ਏ ਮਾਵਾਂ ਨੂੰ ਧੀਆਂ ਨਾਲੋਂ ਪੁੱਤਰਾਂ ਨੇ ਵੱਧ ਦੁੱਖ ਦਿੱਤਾ ਏ ਮਾਵਾਂ ਨੂੰ ਮਾਂ ਹੀ ਆਟਾ ਗੁੰਨ੍ਹਦੀ ਰੋਟੀ ਲਾਹੁੰਦੀ ਸਭ ਦੀ ਆਪਣੇ ਹੱਥੀਂ ਲਾਹ ਕੇ ਕੀਹਨੇ ਟੁੱਕ ਦਿੱਤਾ ਏ ਮਾਵਾਂ ਨੂੰ ਮਾਂ ਹੀ ਲਾਡ ਲਡਾਉਂਦੀ ਪਿਆਰ ਕਰੇਂਦੀ ਏ ਆਪਣੇ ਹੱਥੀਂ ਕੀਹਨੇ ਝੂਟਾ ਚੁੱਕ ਦਿੱਤਾ ਏ ਮਾਵਾਂ ਨੂੰ ਤੇਰੇ ਮੂਤਰ ਉੱਪਰ ਪੈ ਕੇ ਪਾਲਿਆ ਏ ਤੈਨੂੰ ਆਪ ਗਿੱਲੇ ਵਿੱਚ ਪੈ ਕੇ ਕੀਹਨੇ ਸੁੱਕ ਦਿੱਤਾ ਏ ਮਾਵਾਂ ਨੂੰ ਵੱਡੇ ਅਤੇ ਸਿਆਣੇ ਜਿਹੜੇ ਬਾਹਲੇ ਹੋ ਗਏ, ਉਹਨਾਂ ਪੁਰਾਣੀਆਂ ਚੀਜ਼ਾਂ ਵਾਂਗੂੰ ਘਰ 'ਚੋਂ ਸੁੱਟ ਦਿੱਤਾ ਏ ਮਾਵਾਂ ਨੂੰ।

ਨਾਸੂਰ

ਦਰਦਾਂ ਦੇ ਸ਼ਹਿਰ ਵਿੱਚ ਬੇ-ਦਰਦਾ ਕਿਸਰਾਂ ਆਇਆ ਏ ਸ਼ੀਸ਼ਾ ਪੁੱਛੇ ਜ਼ਮਾਨੇ ਨੂੰ ਐਹ ਪੱਥਰ ਕਿੱਥੋਂ ਆਇਆ ਏ ਦਿਲ ਨੂੰ ਮੈਂ ਉਕੂਬਤ ਦੇਵਾਂ ਜਿਸਨੇ! ਨਾਸੂਰ ਝੋਲੀ ਪਾਇਆ ਏ ਅਤੀਤ ਖ਼ਸਾਰਾ ਭੁੱਲਕੇ ਸਾਰਾ ਕਾਜ਼ਿਮ ਬਣਨਾ ਚਾਹਿਆ ਏ ਫ਼ਜਰ ਤੋਂ ਰੋਵਣ ਬੈਠਾ ਦੁੱਖੜੇ ਕੁਵੇਲਾ ਹੋਣ 'ਤੇ ਆਇਆ ਏ ਓਸ ਦੀ ਅੱਖ 'ਚ ਨੀਂਦਰ ਕਿੱਥੇ ਜਿਸਨੇ ਯਾਰ ਗੁਆਇਆ ਏ।

ਮੁਸ਼ੱਕਤ

ਜੋ ਸਰਲ ਤਰੀਕੇ ਬਿਨਾਂ ਮੁਸ਼ੱਕਤ ਕੀਤੇ ਮਿਲ ਜਾਵੇ ਮੁਹੱਬਤ ਨਈਂ ਕੋਈ ਚੀਜ਼ ਹੋਊ ਮਾੜੇ ਦਿਨ ਨਈਂ ਰਹਿਣੇ ਕਦੇ ਤਾਂ ਹੋਊ ਉਜਾਲਾ ਭੁੱਖੇ ਨੰਗਿਆਂ ਦੇ ਵੀ ਨਵੀਂ ਕਮੀਜ਼ ਹੋਊ ਬੀਜਾਂ ਚਾਂਦੀ ਉੱਗੇ ਸੋਨਾ ਤੋੜਾਂ ਹੀਰੇ ਦੱਸ ਮੈਨੂੰ ਕੋਈ ਏਦਾਂ ਦਾ ਜੇ ਬੀਜ ਹੋਊ ਮੈਂ ਪਾਇਆ ਉਹਨੂੰ ਛੱਡਿਆ ਉਹਨੂੰ ਗਵਾਇਆ ਉਹਨੂੰ ਉਹ ਅੱਜ ਵੀ ਮੈਨੂੰ ਲੱਗਦਾ ਕਿਸੇ ਦੀ ਰੀਝ ਹੋਊ ਉਹਦਾ ਚਿਹਰਾ ਨਿੱਤ ਬਦਲਿਆ ਰਹਿੰਦਾ ਏ ਚੰਨ ਦੇਖ ਕੇ ਲੱਗਦਾ ਅੱਜ ਜਿਉਂ ਤੀਜ ਹੋਊ ਭਰ ਕੇ ਪੇਟ ਭਿਖਾਰੀ ਨੂੰ ਕਦੇ ਭੁੱਖ ਨਾ ਲੱਗੇ ਰੱਜੀ ਪੁੱਜੀ ਦੱਸ ਖਾਂ ਕਿਸੇ ਦੀ ਨੀਤ ਹੋਊ।

ਮਜਾਲ

ਮਜਾਲ ਕਿਸੇ ਦੀ ਕੀ ਚੱਲੀ ਏ ਤਕੜੇ ਪਿੱਛੇ ਜੀ ਚੱਲੀ ਏ ਸੱਪ ਲੰਘੇ ਪੁਹ ਫੁਟਾਲਿਓਂ ਕੁੱਟਣ ਡਏ ਨੇ ਲੀਹ ਚੱਲੀ ਏ ਉੱਨੀ ਇੱਕੀ ਦਾ ਫ਼ਰਕ ਨੀ ਦਿਸਦਾ ਹੁਣ ਤੇ 'ਕੱਲੀ ਵੀਹ ਚੱਲੀ ਏ ਗਰਮ ਦਿਮਾਗ਼ਾਂ ਵਾਲੀ ਦੁਨੀਆ ਭਿਉਂ ਕੇ ਗੁੱਸਾ ਪੀ ਚੱਲੀ ਏ ਆਪੇ ਖੇਡ ਕੇ ਆਪੇ ਹਾਰੇ ਚਾਲ ਤੈਂ ਸੱਜਣਾ ਕੀ ਚੱਲੀ ਏ ਵਕਤ ਦੀ ਕੈਸੀ ਚੱਲੀ ਚੱਕੀ ਘੁਣਾ ਵੀ ਵਿੱਚੇ ਪੀਹ ਚੱਲੀ ਏ ਪੜ੍ਹਿਆਂ ਲਿਖਿਆਂ ਨਾਲ ਦੱਸੋ ਕੀ ਚੱਲੇ ਅਨਪੜ੍ਹਾਂ ਨਾਲ ਜੇ 'ਤੀ' ਚੱਲੀ ਏ।

ਕਿੰਨੀਆਂ ਕਲਮਾਂ

ਕਿੰਨੀਆਂ ਕਲਮਾਂ ਖਾ ਗਏ ਨੇ ਗੀਤ ਮੇਰੇ ਕਿੰਨੀਆਂ ਕਲਮਾਂ ਹੋਰ ਖਾਣਗੇ ਗੀਤ ਮੇਰੇ ਕੁਝ ਤਾਂ ਜੱਗਰ ਹੋ ਗਏ ਕੋਰੇ ਵਰਕਿਆਂ 'ਤੇ ਕੁਝ ਜ਼ਹਿਨ 'ਚ ਨਾਲ ਜਾਣਗੇ ਗੀਤ ਮੇਰੇ ਰੁਕਿਆਂ ਈ ਹਾਂ, ਦਿਲਾ! ਮਰਿਆ ਮੁੱਕਿਆ ਨਈਂ ਦਵਾਤਾਂ ਵਿੱਚੋਂ ਸੁੱਕੀ ਸਿਆਹੀ ਫੇਰ ਖਾਣਗੇ ਗੀਤ ਮੇਰੇ ਕਿੰਨੀਆਂ ਕਲਮਾਂ ਖਾ ਗਏ ਨੇ ਗੀਤ ਮੇਰੇ ਕਿੰਨੀਆਂ ਕਲਮਾਂ ਹੋਰ ਖਾਣਗੇ ਗੀਤ ਮੇਰੇ।

ਬੰਦਾ

ਨਰਕ ਦੀ ਪੌੜੀ ਚੜ੍ਹਦਾ ਬੰਦਾ ਸੱਚ 'ਤੇ ਹੁਣ ਨੀ ਖੜ੍ਹਦਾ ਬੰਦਾ ਆਪਣਿਆਂ ਨਾਲ ਹੀ ਲੜੇ ਲੜਾਈਆਂ ਲੇਖਾਂ ਨਾਲ ਨਈਂ ਲੜਦਾ ਬੰਦਾ ਅੱਗ ਨੇ ਆਤਮ ਹੱਤਿਆ ਕਰ ਲਈ ਦੇਖ ਬੰਦੇ ਤੋਂ ਸੜਦਾ ਬੰਦਾ ਟੱਕਰਾਂ ਹੰਭਲਾਂ ਮਾਰਦਾ ਬੜੀਆਂ ਕਿਸਮਤ 'ਤੇ ਆ ਖੜ੍ਹਦਾ ਬੰਦਾ ਰੱਬ ਵੀ ਸੋਚੇ, ਪੂਰੀ ਖ਼ਲਕਤ ਨਾਲੋਂ ਖੁਆਇਸ਼ਾਂ ਕਿੰਨੀਆਂ ਕਰਦਾ ਬੰਦਾ ਹੈਂਕੜ ਸਾਰੀ ਢੇਰੀ ਹੋਜੇ ਕਬਰਾਂ ਵਿੱਚ ਜਦ ਵੜਦਾ ਬੰਦਾ ਬੰਦਾ ਕਿੱਥੋਂ ਆਉਂਦਾ ਏ ਤੇ ਮਰਕੇ ਕਿੱਥੇ ਜਾਂਦਾ ਏ ਐਹ ਜੇ ਖ਼ਬਰ ਬੰਦੇ ਨੂੰ ਹੁੰਦੀ ਫਿਰ ਨੀ ਕਦੇ ਸੀ ਮਰਦਾ ਬੰਦਾ।

ਅੱਲਾ ਵਾਰਸ

ਕਦੋਂ ਚੁੱਲ੍ਹੇ ਵੱਖ ਕਰ ਲੈਣ ਕੀ ਭਰੋਸਾ ਵੀਰਾਂ ਦਾ ਕਰਨੀ ਭਰਨੀ ਕਿਸਦੀ ਕਿੰਨੀ ਅੱਲਾ ਵਾਰਸ ਏ ਤਕਦੀਰਾਂ ਦਾ ਕੌਲੀ ਆਟਾ ਮੰਗਦਾ ਫਿਰਦਾ ਕੱਲ੍ਹ ਸੀ ਵਾਰਸ ਵਜ਼ੀਰਾਂ ਦਾ ਜਦ ਵੀ ਅੱਖਾਂ ਗਿੱਲੀਆਂ ਹੋਈਆਂ ਨਾਂ ਲੱਗਿਆ ਏ ਨੀਰਾਂ ਦਾ।

ਧਰਮਾਂ ਪਿੱਛੇ ਜੰਗਾਂ

ਧਰਮਾਂ ਪਿੱਛੇ ਅੱਜ ਵੀ ਜੰਗਾਂ ਹੁੰਦੀਆਂ ਨੇ ਟੋਟੇ-ਟੋਟੇ ਅੱਜ ਵੀ ਵੰਗਾਂ ਹੁੰਦੀਆਂ ਨੇ ਮੂੰਹ 'ਤੇ ਪਰਦਾ ਲਾ ਕੇ ਘੁੰਮਣਾ ਚੰਗੀ ਗੱਲ ਨਹੀਂ ਮੰਨਿਆਂ ਭਾਵੇਂ ਸ਼ਰਮਾਂ ਸੰਗਾਂ ਹੁੰਦੀਆਂ ਨੇ ਤੈਨੂੰ ਵੇਖ ਕੇ ਖੰਘਣਾ ਮੇਰੀ ਫ਼ਿਤਰਤ ਨਈਂ ਮੌਸਮ ਹੋਵੇ ਸਿਆਲ ਤਾਂ ਖੰਘਾਂ ਹੁੰਦੀਆਂ ਨੇ ਓਨੇ ਪੰਛੀ ਨਈਂ ਹੁੰਦੇ ਬਸੰਤ ਪੰਚਮੀ ਨੂੰ ਜਿੰਨੀਆਂ ਅੰਬਰ ਵਿੱਚ ਪਤੰਗਾਂ ਹੁੰਦੀਆਂ ਨੇ ਬਿਨ ਪੀਤੇ ਜਿਹੜਾ ਸੁਰਤ ਭਲਾਉਂਦਾ ਦੁਨੀਆ ਦੀ ਇਸ਼ਕ ਦੇ ਵਿੱਚ ਵੀ ਸੱਜਣਾ ਭੰਗਾਂ ਹੁੰਦੀਆਂ ਨੇ।

ਟੋਟੇ ਵੰਗਾਂ ਦੇ

ਕੁਝ ਟੋਟੇ ਲੱਭੇ ਵੰਗਾਂ ਦੇ ਜੋ ਸੀਗੇ ਵੱਖ ਵੱਖ ਰੰਗਾਂ ਦੇ ਤੇਰੇ ਸ਼ਹਿਰ ਦੀ ਅਜਬ ਕਹਾਣੀ ਏ ਜਿੱਥੇ ਕੰਨ ਨੀ ਦਿਸਦੇ ਕੰਧਾਂ ਦੇ ਫੁੱਲਾਂ ਵਿੱਚ ਮਿਲਾ ਕੇ ਚੀਨੀ ਨਾਂ ਦੇ ਤੇ ਗੁਲਕੰਦਾਂ ਦੇ ਲੀੜੇ ਪਾਟੇ ਤਨ ਪਾਟਿਆ ਘਟ ਗਏ ਫੁਲਕੇ ਡੰਗਾਂ ਦੇ ਰੱਬ ਨੂੰ ਚਿੰਤਾ ਖਾਈ ਜਾਵੇ ਕਿਉਂ ਮੰਗਤੇ ਜੰਮੇ ਨੰਗਾਂ ਦੇ।

ਮਿੱਟੀ

ਇਹ ਮੇਰੇ ਦੇਸ਼ ਦੀ ਮਿੱਟੀ ਨਈਂ ਇਹ ਮੇਰੇ ਦੇਸ਼ ਦਾ ਸੋਨਾ ਏ ਮੈਂ ਮਿੱਟੀ ਵਰਗਾ ਜੰਮਿਆ ਸੀ ਮੈਂ ਮਿੱਟੀ ਵਰਗਾ ਹੋਣਾ ਏ ਮੂਰਖ ਨੇ ਉਹ ਅਕਲਾਂ ਵਾਲੇ ਨਈਂ ਹੋ ਸਕਦੇ ਜੋ ਕਹਿੰਦੇ ਨੇ ਮਿੱਟੀ 'ਚੋਂ ਕੀ ਹੋਣਾ ਏ ਕਈ ਠੁੱਡੇ ਮਾਰਨ ਮਿੱਟੀ ਨੂੰ ਕਈ ਰੋਂਦੇ ਪਿੱਟਦੇ ਮਿੱਟੀ ਨੂੰ ਕਈ ਤਰਸਦੇ, ਪੂਜਦੇ ਮਿੱਟੀ ਨੂੰ ਕਈਆਂ ਦਾ ਮਿੱਟੀ ਵਿਛਾਉਣਾ ਏ ਮਿੱਟੀ ਮਾਰਿਆਂ ਮਰਦੀ ਨਈਂ ਸੀ ਮਿੱਟੀ ਸਾੜਿਆਂ ਸੜਦੀ ਨਈਂ ਸੀ ਜਿੰਨੀਆਂ ਜ਼ਹਿਰਾਂ ਛਿੜਕੀਆਂ ਨੇ ਮਿੱਟੀ 'ਤੇ ਭਲਾਂ, ਮਿੱਟੀ ਦਾ ਵੀ, ਕੋਈ ਜਿਊਣਾ ਏ।

ਅਜ਼ਾਦੀ

ਖ਼ੂਨ ਖ਼ਰਾਬਾ ਚਾਹੁੰਦੇ ਲੋਕੀਂ ਮਾੜੇ ਨੂੰ ਨੇ ਢਾਹੁੰਦੇ ਲੋਕੀਂ ਸ਼ਾਹੂਕਾਰ ਨੂੰ ਕਰਨ ਸਲਾਮਾਂ ਮਜ਼ਦੂਰ ਨੂੰ ਖਾਣ ਨੂੰ ਆਉਂਦੇ ਲੋਕੀਂ ਚੋਗ ਦਿਖਾ ਕੇ ਪੰਛੀ ਨੂੰ ਪਿੰਜਰੇ ਜਾਲ ਵਿਛਾਉਂਦੇ ਲੋਕੀਂ ਮੰਦਰ, ਮਸਜਿਦ ਢਾਹ ਕੇ ਸਾਰੇ ਆਪਣਾ ਧਰਮ ਬਣਾਉਂਦੇ ਲੋਕੀਂ ਆਰੇ ਫੇਰ ਕੇ ਰੁੱਖਾਂ 'ਤੇ ਸੁੱਖ ਦਾ ਸਾਹ ਨੇ ਚਾਹੁੰਦੇ ਲੋਕੀਂ ਜ਼ਹਿਰਾਂ ਨਾਲ ਉਗਾ ਕੇ ਫ਼ਸਲਾਂ ਢਿੱਡਾਂ ਦੇ ਵਿੱਚ ਪਾਉਂਦੇ ਲੋਕੀਂ ਭਾਰਤ, ਪਾਕਿਸਤਾਨ ਬਣਾ ਕੇ ਘਰ ਵਿੱਚ ਵੰਡੀਆਂ ਪਾਉਂਦੇ ਲੋਕੀਂ ਧੀਆਂ ਪੁੱਤਰ ਭੇਜ ਅਮਰੀਕਾ ਅਜ਼ਾਦੀ ਕਿਹੜੀ ਚਾਹੁੰਦੇ ਲੋਕੀਂ।

ਹੱਡ ਵੀ ਵੇਚੇ ਨੇ

ਪੈਰਾਂ ਦੇ ਨਿਸ਼ਾਨ ਮਿਲੇ ਗਵਾਹੀ ਦਿੱਤੀ ਰੇਤੇ ਨੇ ਉਹਨੇ ਮੇਰੀ ਮੁਹੱਬਤ ਖ਼ਾਤਰ ਹੱਡ ਵੀ ਵੇਚੇ ਨੇ ਕਿੱਸੇ ਜੁੜੇ ਬਥੇਰੇ ਸਾਡੇ ਨਾਲ ਜੀਹਦੇ ਅੱਜ ਇੱਕੋ ਪਿੰਡ ਹੀ ਭਾਵੇਂ ਉਹਦੇ ਸਹੁਰੇ ਪੇਕੇ ਨੇ ਅੱਜ ਫਿਰ ਕਰਿੰਦੇ ਕੋਲ ਮੈਂ ਦੇਖਿਆ ਲਾਈਨਾਂ ਲੱਗੀਆਂ ਸੀ ਤੇ ਆਸ਼ਕ ਕਹਿੰਦੇ ਯਾਰ ਦੇ ਨੈਣਾਂ ਵਿੱਚ ਹੀ ਠੇਕੇ ਨੇ ਬਿਨ ਪੁੱਛੇ ਛੱਲਾ ਪਾ ਦਿੰਦਾ ਤਾਂ ਚੰਗਾ ਸੀ ਇੱਕ ਤੋਲਾ ਹੋਰ ਵਧਾ ਦਿੱਤਾ ਉਂਗਲੀ ਦੇ ਮੇਚੇ ਨੇ।

ਪਤੰਗਾ

ਆਤਮ ਹੱਤਿਆ ਕਰਨੀ ਸੀ ਕੋਈ ਫੰਦਾ ਮਿਲਿਆ ਨਾ ਜੋ ਮੇਰੇ ਦਿਲ ਨੂੰ ਸਮਝ ਸਕੇ ਕੋਈ ਬੰਦਾ ਮਿਲਿਆ ਨਾ ਉਹ ਤਾਂ ਮੈਨੂੰ ਸਾਰੀ ਜ਼ਿੰਦਗੀ ਮਮਤਾ ਦੇ ਹੀ ਲਾਡ ਲਡਾਉਂਦੀ ਰਹੀ ਪਰ ਜਾਂਦੀ ਵਾਰੀ ਮਾਂ ਮੇਰੀ ਨੂੰ ਮੇਰਾ ਕੰਧਾ ਮਿਲਿਆ ਨਾ ਉੱਪਰੋਂ ਚਿੱਟੇ ਲਿਬਾਸ ਤੇ ਵਿੱਚੋਂ ਜ਼ੰਗਾਂ ਲੱਗੀਆਂ ਨੇ ਸੱਚ ਪੁੱਛੋਂ ਤਾਂ ਮੈਨੂੰ ਕੋਈ ਦਿਲ ਤੋਂ ਨੰਗਾ ਮਿਲਿਆ ਨਾ ਜਿਸ ਦੇ ਖੰਭ ਨਾ ਫੂਕੇ ਹੋਣ ਇਹ ਦੁਨੀਆ ਦੀਆਂ ਜ਼ੁਬਾਨਾਂ ਨੇ ਇਹੋ ਜਿਹਾ ਮੈਨੂੰ ਏਥੇ ਕੋਈ ਸੁਖੀ ਪਤੰਗਾ ਮਿਲਿਆ ਨਾ।

ਤੇਰਾ ਬਦਲ ਜਾਣਾ

ਕਲਯੁੱਗ ਦੇ ਯੁੱਗ 'ਚ ਲੋਕੀਂ ਕਿਰਦਾਰ ਬਦਲਦੇ ਨੇ ਲੀੜੇ ਲੱਤੇ ਵਾਂਗ ਅਜੋਕੇ ਪਿਆਰ ਬਦਲਦੇ ਨੇ ਤੱਕੜ ਉੱਤੇ ਵੱਟਿਆਂ ਦੀ ਥਾਂ ਭਾਰ ਬਦਲਦੇ ਨੇ ਤੇਰਾ ਬਦਲ ਜਾਣਾ ਗੱਲ ਕੋਈ ਵੱਡੀ ਨਈਂ ਏਥੇ ਤਾਂ! ਸੰਸਾਰ ਬਦਲਦੇ ਨੇ।

ਬੰਦੇ ਤੋਂ ਜਾਨਵਰ

ਜਾਨਵਰ ਤੋਂ ਸੀ ਬੰਦਾ ਬਣਿਆ ਬੰਦੇ ਤੋਂ ਜਾਨਵਰ ਬਣ ਗਿਆ ਏ ਮਖ਼ਮਲ ਬਣਦਾ ਬਣਦਾ ਬੰਦਾ ਮਾੜੀ ਚਾਦਰ ਵਾਂਗੂੰ ਛਣ ਗਿਆ ਏ ਫ਼ਸਲਾਂ ਉੱਤੇ ਛਿੜ ਕੇ ਜ਼ਹਿਰਾਂ ਬੰਦਾ ਜ਼ਹਿਰ ਬਣ ਗਿਆ ਏ ਜਿੱਥੇ ਸੀ ਕਦੇ ਕੁਦਰਤ ਵਸਦੀ ਕੁਦਰਤ ਉਜਾੜ ਕੇ ਸ਼ਹਿਰ ਬਣ ਗਿਆ ਏ ਪੰਛੀ, ਜਾਨਵਰ ਮੁੱਕ ਹੀ ਚੱਲੇ ਬਣ ਜ਼ਹਿਰ ਇੱਕ ਇੱਕ ਕਣ ਗਿਆ ਏ ਕਦੇ ਕੁਦਰਤ, ਰੱਬ ਸੀ ਬੰਦੇ ਲਈ ਅੱਜ ਬੰਦਾ ਸਭ ਕੁਝ ਬਣ ਗਿਆ ਏ।

ਸਤਰੰਗੀ

ਕਪਾਹਾਂ ਦੇ ਫੁੱਲ ਲਾਲ ਨੇ ਖਿੜਦੇ ਲਾਲ ਲਹੂ ਜਦ ਚਿੱਟੇ ਹੁੰਦੇ ਦੁਸ਼ਮਣ ਦਾ ਕੋਈ ਦੁੱਖ ਨਈਂ ਹੁੰਦਾ ਦੁੱਖ ਆਪਣਿਆਂ ਦਿੱਤੇ ਹੁੰਦੇ ਸਤਰੰਗੀ ਜੋ ਪੀਂਘ 'ਚ ਦੀਂਹਦੇ ਓਹ ਵੀ ਰੰਗ ਕਦੇ ਫਿੱਟੇ ਹੁੰਦੇ ਬੰਦਾ ਬੱਗੇ ਕਰ ਵਹਿੰਦਾ ਏ ਸ਼ੇਰ ਦੇ ਵਾਲ ਨਈਂ ਚਿੱਟੇ ਹੁੰਦੇ ਖਾਣ ਨੂੰ ਭਾਵੇਂ ਦੇਈਂ ਨਾ ਕਿਣਕਾ ਹਾਥੀ ਕਦੇ ਨਈਂ ਲਿੱਸੇ ਹੁੰਦੇ ਜ਼ਹਿਰ ਦੇ ਵਾਂਗਰ ਚੱਖਕੇ ਵੇਖੀਂ ਇਸ਼ਕ ਦੇ ਦੁੱਖ ਨਈਂ ਫਿੱਕੇ ਹੁੰਦੇ।

ਹਾਜ਼ਾ

ਮੈਂ ਜਿੰਨ੍ਹਾਂ ਨੂੰ, ਦਿਲ 'ਚ ਵਸਾਇਆ ਓਹੀ ਮੈਥੋਂ ਦੂਰ ਹੋਏ ਐਹ ਰੱਬ ਦੀ ਮਰਜ਼ੀ ਕਹਿ ਲਓ ਯਾ ਫ਼ਿਤਰਤ ਸੀ ਉਹਨਾਂ ਦੀ ਮੈਂ ਇੱਕ ਡੇਕ ਤੇ ਸਣੇਂ ਆਲ੍ਹਣਾ ਰੱਖਣਾ ਚਾਹੁੰਦਾ ਸਾਂ ਓਹ ਵੀ! ਉਹਨਾਂ ਹਿੱਸੇ ਆਏ ਕਿਉਂਕਿ! ਕੁਦਰਤ ਸੀ ਉਹਨਾਂ ਦੀ ਮੈਂ ਪੰਡਾਂ ਢੋਂਦਾ ਮਰ ਗਿਆ ਵਾਂ ਜਿੰਨ੍ਹਾਂ ਦੇ ਦੁੱਖਾਂ ਦੀਆਂ ਓਹ ਮੇਰੀ ਜ਼ਿੰਦ ਨੀਲਾਮੀ ਲਾ ਗਏ ਹਾਜ਼ਾ! ਹਸਰਤ ਸੀ ਉਹਨਾਂ ਦੀ।

ਪਾਸ਼ ਦੇ ਵਰਗਾ

ਕਦੇ ਕਦੇ ਮੇਰਾ ਦਿਲ ਕਹਿੰਦਾ ਤੂੰ ਪਾਸ਼ ਦੇ ਵਰਗਾ ਬਣਨਾ ਏ ਕਦੇ ਕਦੇ ਮੇਰਾ ਦਿਲ ਕਹਿੰਦਾ ਤੂੰ ਰਾਖ ਦੇ ਵਰਗਾ ਬਣਨਾ ਏ ਕੋਈ ਕਹਿੰਦਾ ਤੂੰ ਤਲਾਸ਼ ਖ਼ੁਦ 'ਚੋਂ ਖ਼ੁਦ ਨੂੰ ਹੀ ਕੋਈ ਕਹਿੰਦਾ ਤੂੰ ਆਪਣੇ ਬਾਪ ਦੇ ਵਰਗਾ ਬਣਨਾ ਏ ਰੂਹ ਕਹਿੰਦੀ ਤੂੰ ਪੁੰਨ ਕਮਾਉਣੇ ਦੁਨੀਆ 'ਤੇ ਬੁੱਤ ਕਹਿੰਦਾ ਤੂੰ ਪਾਪ ਦੇ ਵਰਗਾ ਬਣਨਾ ਏ ਗੂੰਗਾ ਬਣ ਕੇ ਰਹਿਣ ਨੂੰ ਦਿਲ ਕਰੇ ਚੁਸਤ ਚਲਾਕਾਂ 'ਚ ਜ਼ਮੀਰ ਕਹਿੰਦਾ ਤੂੰ ਅਲਾਪ ਦੇ ਵਰਗਾ ਬਣਨਾ ਏ।

ਸੁੰਨੀਆਂ ਗਲੀਆਂ

ਸੁੱਖ ਹੋਵੇ ਤਾਂ ਚੰਗਾ ਏ ਭਾਰੀ ਜ਼ਿੰਮੇਵਾਰੀ ਇੱਕਲੇ ਤੋਂ ਚੁੱਕ ਹੋਵੇ ਤਾਂ ਚੰਗਾ ਏ ਅੰਨ੍ਹਿਆਂ ਵਾਂਗੂੰ ਵੱਢ ਰਹੇ ਨੇ ਗੂੰਗੇ ਬੋਲੇ, ਦਰਖ਼ਤਾਂ ਨੂੰ ਆਉਣ ਵਾਲੀਆਂ ਨਸਲਾਂ ਨੂੰ ਇੱਕ ਅੱਧਾ, ਜੇ ਰੁੱਖ ਹੋਵੇ ਤਾਂ ਚੰਗਾ ਏ ਧੀ ਨੂੰ ਮਾਰ ਦੇਣਗੇ ਰੱਬਾ ਜ਼ਾਲਮ ਲੋਕੀਂ ਇਹ ਕੁੱਖ ਦੇ ਵਿੱਚ ਜੇ ਪੁੱਤ ਹੋਵੇ ਤਾਂ ਚੰਗਾ ਏ ਡਾਂਗਾਂ, ਬੰਦੂਕਾਂ, ਸੋਟਿਆਂ ਨਾਲ ਮਸਲੇ ਹੱਲ ਨਈਂ ਹੋਣੇ ਤੱਤੀ ਜ਼ੁਬਾਨ ਵਾਲਾ ਦੁਸ਼ਮਣ ਅੱਗੋਂ, ਚੁੱਪ ਹੋਵੇ ਤਾਂ ਚੰਗਾ ਏ ਸੁੱਖ 'ਚ ਤੈਨੂੰ ਕਿਸੇ ਨੇ ਯਾਦ ਨੀ ਕਰਨਾ ਰੱਬਾ ਹਰ ਇੱਕ ਦੇ ਘਰ ਦੁੱਖ ਹੋਵੇ ਤਾਂ ਚੰਗਾ ਏ।

ਇਫ਼ਰੀਤ

ਹਾਕਮ ਹਾਕਮ ਕਰਦੇ ਨਈਂ ਲੋਕੀਂ ਤੈਥੋਂ ਡਰਦੇ ਨਈਂ ਲਈ ਹੋਈ ਵੀ ਲਾਹੀ ਜਾਂਦੇ ਸਿਰ 'ਤੇ ਚੁੰਨੀਆਂ ਧਰਦੇ ਨਈਂ ਇਫ਼ਰੀਤ ਬਣਕੇ ਜੱਫੜੇ ਪਾਉਂਦੇ ਮਰਕੇ ਵੀ ਕਈ ਮਰਦੇ ਨਈਂ ਘੜੇ ਪਾਪਾਂ ਦੇ ਕਿਸ ਮਿੱਟੀ ਦੇ ਭਰਕੇ ਵੀ ਜੋ ਭਰਦੇ ਨਈਂ ਨਵਾਂ ਬੂਰ ਨੀ ਆਉਣਾ ਕਾਕਾ ਪੱਕੇ ਫ਼ਲ ਜੇ ਝੜਦੇ ਨਈਂ ਮੰਗਣ ਦਾ ਗੁਰ ਕਿਸਰਾਂ ਆਵੇ ਹੱਥ 'ਚ ਕਾਸਾ ਫੜਦੇ ਨਈਂ ਮੈਖ਼ਾਨੇ ਨੂੰ ਕਿਸਰਾਂ ਢਾਹਵਾਂ ਜਦ ਤੱਕ ਕੀੜੇ ਮਰਦੇ ਨਈਂ ਸੱਸੀ ਦੀ ਇੱਕ ਝਾਕ ਦੇ ਖ਼ਾਤਰ ਪੁੰਨੂੰ ਕੀ-ਕੀ ਕਰਦੇ ਨਈਂ।

ਰਾਤ ਲਮੇਰੀ

ਇਹ ਰਾਤ ਲਮੇਰੀ ਕਦ ਮੁੱਕਣੀ ਮੈਂ ਉੱਠ ਸਵੇਰੇ ਕੰਮੀਂ ਲੱਗਣਾ ਏਂ ਮੁੜ੍ਹਕਾ ਮੁੜ੍ਹਕਾ ਹੋਇਆ ਪਿੰਡਾ ਗਰਮੀ ਨਾਲ ਰੱਬਾ ਦੱਸ ਹਵਾਵਾਂ ਨੇ ਕਦ ਵਗਣਾ ਏਂ ਰਾਤ ਦੇ ਵਾਂਗਰ ਜ਼ਿੰਦਗੀ ਵਿੱਚ ਹਨੇਰਾ ਏ ਖੌਰੇ ਚੰਦਰੇ ਲੇਖਾਂ ਨੇ ਕਦ ਜਗਣਾ ਏਂ ਆਪਣੇ ਬਣੇ ਸ਼ਰੀਕ ਮਾੜਾ ਕਿਸ ਨੂੰ ਆਖਾਂ ਪਾਟਿਆ ਪੱਲਾ ਮੇਰਾ ਏਥੇ ਕੀਹਨੇ ਕੱਜਣਾ ਏਂ ਮੇਰੇ ਹੱਡਾਂ ਦੀ ਧੂਣੀ ਧੁਖਣੋਂ ਹਟ ਜਾਊਗੀ ਗਿੱਲੇ ਫੂਸ ਦੀ ਅੱਗ ਨੇ ਜਿੱਦਣ ਮਘਣਾ ਏਂ ਖੌਰੇ ਕੌਣ ਕਿਉਂਟੂ ਮੇਰੀ ਚਮੜੀ ਨੂੰ ਮੌਤ ਦਾ ਨਗਾਰਾ ਜਿਸ ਦਿਨ ਵੱਜਣਾ ਏਂ।

ਲਾਲ ਗਲੋਟੇ

ਚਿੱਟਿਆਂ ਤੋਂ ਅੱਜ ਲਾਲ ਗਲੋਟੇ ਹੋ ਗਏ ਨੇ ਜ਼ਮੀਨ ਦੀ ਵੰਡ ਨਈਂ ਹੋਈ ਸਗੋਂ! ਮੇਰੇ ਟੋਟੇ ਹੋ ਗਏ ਨੇ ਹੀਰਿਆਂ ਵਿੱਚ ਮੈਂ ਜੋ ਸੀ ਤੋਲੇ ਓਈਓ ਖੋਟੇ ਹੋ ਗਏ ਨੇ ਮੈਨੂੰ ਲਿੱਸਾ ਕਰਕੇ ਮੇਰੇ! ਦੁੱਖੜੇ ਮੋਟੇ ਹੋ ਗਏ ਨੇ ਜੇਲ੍ਹ ਦੀ ਰੋਟੀ ਖਾਣ ਵਾਲਿਓ ਘਰਾਂ ਦੇ ਚੁੱਲ੍ਹਿਆਂ ਵਿੱਚ ਬਰੋਟੇ ਹੋ ਗਏ ਨੇ ਮੈਂ ਇਕਲਾਪੇ ਵਿੱਚ ਹੀ ਬੈਠਾ ਲੋਕੀਂ ਏਥੇ ਕਲੀ ਤੋਂ ਜੋਟੇ ਹੋ ਗਏ ਨੇ।

ਟੱਕਰਾਂ

ਅਸੀਂ ਟੱਕਰਾਂ ਮਾਰ ਕੇ ਬੈਠੇ ਆਂ ਅਸੀਂ ਹੰਭ ਹਾਰ ਕੇ ਬੈਠ ਆਂ ਰੀਝਾਂ ਤਾਂ ਪਹਿਲੋਂ ਮਰ ਗਈਆਂ ਹੁਣ ਚਾਅ ਮਾਰ ਕੇ ਬੈਠੇ ਆਂ ਲੇਖ ਮੱਚੇ ਨੇ ਡਾਢੇ ਕੋਲੋਂ ਤਕਦੀਰਾਂ ਸਾੜ ਕੇ ਬੈਠੇ ਆਂ ਸ਼ਰਮਾਂ ਸੰਗਾਂ ਤੂੰਹੀਂਓਂ ਰੱਖ ਲੈ ਅਸੀਂ ਤਨ ਉਤਾਰ ਕੇ ਬੈਠੇ ਆਂ ਲੋਕੀਂ ਸਾੜਨ ਦਿਲ ਯਾ ਚਿੱਠੇ ਅਸੀਂ ਵਜ਼ੀਰਾਂ ਸਾੜ ਕੇ ਬੈਠੇ ਆਂ।

ਲਿਖਤਾਂ ਜ਼ਿੰਦਾ ਰਹਿਣਗੀਆਂ

ਮੈਂ ਮਰ ਜਾਵਾਂਗਾ ਮੇਰੀਆਂ ਲਿਖਤਾਂ ਜ਼ਿੰਦਾ ਰਹਿਣਗੀਆਂ, ਬਦਨਾਮੀ ਮੇਰੇ ਨਾਲ ਮਰੂ ਬਸ ਸਿਫ਼ਤਾਂ ਜ਼ਿੰਦਾ ਰਹਿਣਗੀਆਂ, ਗ਼ਜ਼ਲਾਂ, ਨਾਵਲ, ਲੇਖ ਕਹਾਣੀਆਂ ਛਪਣਗੀਆਂ ਗੀਤ ਗਾਉਣਗੇ ਲੋਕ ਮੇਰੇ ਕਵਿਤਾਵਾਂ ਜ਼ਿੰਦਾ ਰਹਿਣਗੀਆਂ, ਕਲਮ ਰੁਕ ਜੂ ਸਿਆਹੀ ਸੁੱਕ ਜੂ ਜ਼ੰਗ ਲੱਗੂ ਦਵਾਤਾਂ ਨੂੰ ਸ਼ਬਦ ਰੋਣਗੇ ਬਹਿ ਕੇ ਮੈਨੂੰ ਲਪਟਾਂ ਜ਼ਿੰਦਾ ਰਹਿਣਗੀਆਂ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਗਿੱਲ ਗ਼ਰੀਬ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ