Punjabi Poetry : Farhat Abbas Shah

ਪੰਜਾਬੀ ਕਵਿਤਾਵਾਂ/ਨਜ਼ਮਾਂ : ਫ਼ਰਹਤ ਅੱਬਾਸ ਸ਼ਾਹ


ਅਸੀਂ ਲੱਖ ਨਮਾਜ਼ਾਂ ਨੀਤੀਆਂ

ਅਸੀਂ ਲੱਖ ਨਮਾਜ਼ਾਂ ਨੀਤੀਆਂ, ਅਸੀਂ ਸਜਦੇ ਕੀਤੇ ਲੱਖ ਕਦੀ ਟਿੱਬਿਆਂ ਰੇਤਾਂ ਰੋਲੀਆਂ, ਕਦੀ ਗਲੀਆਂ ਦੇ ਵਿਚ ਕੱਖ ਅਸੀਂ ਪੱਖੂ ਵਿਛੜੇ ਡਾਰ ਤੋਂ, ਐਵੇਂ ਆਪਣੇ ਆਪ ਤੋਂ ਵੱਖ ਅਸੀਂ ਵੇਖਿਆ ਦਿਲ ਮਖ਼ਲੂਕ ਦਾ, ਦਿਲ ਬੂਹੇ ਬੂਹੇ ਰੱਖ

ਔਖ

ਜੀਵਨ ਔਖਾ ਮੈਲ ਕੁਚੈਲਿਆਂ ਕੱਪੜਿਆਂ ਦੇ ਨਾਲ਼ ਜੀਵਨ ਔਖਾ ਸਸਤਾ ਲਗਦਾ ਮੁੱਲ ਬਸਣਾ ਔਖਾ ਹਿੱਕ ਵਾਰੀ ਬੱਸ ਬਸ ਸਕਦਾ ਏ ਹੋਵੇ ਜੀਦ੍ਹਾ ਸੋਹਣਾ ਫੁੱਲ ਲੱਭਣ ਔਖਾ ਲੱਭਦੇ ਲੱਭਦੇ ਅੰਨ੍ਹੇ ਮੋਰ੍ਹੇ ਗਏ ਰੇਤਾਂ ਵਿਚ ਰੁਲ਼

ਔਖੇ ਸੌਖੇ ਰਾਹ ਲੈ ਲੈ ਕੇ

ਔਖੇ ਸੌਖੇ ਰਾਹ ਲੈ ਲੈ ਕੇ ਪੈੜਾਂ ਹੇਠ ਪਨਾਹ ਲੈ ਲੈ ਕੇ ਇਸ ਨੂੰ ਯਾਦ ਕਰਾਂ ਤੇ ਰੋਵਾਂ ਛੋਟੇ ਛੋਟੇ ਸਾਹ ਲੈ ਲੈ ਕੇ ਬਾਕੀ ਕੁਝ ਨਈਂ ਬਚਿਆ ਮੇਰਾ ਆਪਣੇ ਆਪ ਦੀ ਹਾਹ ਲੈ ਲੈ ਕੇ ਲੱਭਦਾਂ ਫਿਰਾਂ ਅਦਾਲਤ ਕੋਈ ਦਿਲ ਦੇ ਜ਼ਖ਼ਮ ਗਵਾਹ ਲੈ ਲੈ ਕੇ ਫ਼ਰਹਤ ਸ਼ਾਹ! ਅਸੀਂ ਓੜਕ ਮਰਨਾ ਦਰਦਾਂ ਦੇ ਨਾਲ਼ ਫਾਹ ਲੈ ਲੈ ਕੇ

ਸਾਡੀ ਦਿਲ ਦੇ ਹੱਥ ਮੁਹਾਰ

ਸਾਡੀ ਦਿਲ ਦੇ ਹੱਥ ਮੁਹਾਰ ਅਸੀ ਢੂੰਡਣ ਨਿਕਲੇ ਯਾਰ ਅਸੀ ਹੱਸਦੇ ਫੁੱਲ ਗੁਲਾਬ ਅਸੀ ਰੋਂਦੇ ਜ਼ਾਰੋ ਕਤਾਰ ਸਾਡੀ ਜਿੱਤ ਦਾ ਰਾਜ਼ ਅਸਾਨ ਅਸੀਂ ਕਦੀ ਨਾ ਮੰਨੀ ਹਾਰ ਕੋਈ ਇਸ਼ਕ ਦਾ ਸ਼ੌਹ ਦਰਿਆ ਅਸੀ ਢੱਠੇ ਅੱਧ ਵਿਚਕਾਰ ਅਸੀਂ ਪੱਖੀ ਵਾਸ ਫ਼ਕੀਰ ਸਾਡੇ ਰਸਤਿਆਂ ਵਿਚ ਮਜ਼ਾਰ

ਹਯਾਤੀ

ਅੰਦਰ ਵੇ ਅੰਦਰ ਬਦਲ ਵਸੇ ਛਾਂ ਲੱਗੇ ਨਾ ਧੁੱਪ ਖ਼ੁਸ਼ੀਆਂ ਦੇ ਵਿਚ ਕੰਡੇ ਚੁੱਭੇ ਦੁੱਖ ਹਿੱਸੇ, ਸੁਖ ਚੁੱਪ

ਹਿੱਕ ਹਿੱਕ ਰਾਤ ਤੇ ਸ਼ਾਮ ਵੇ ਢੋਲਾ

ਹਿੱਕ ਹਿੱਕ ਰਾਤ ਤੇ ਸ਼ਾਮ ਵੇ ਢੋਲਾ ਤੈਂ ਸੋਹਣੇ ਦੇ ਨਾਮ ਵੇ ਢੋਲਾ ਤੇਰੇ ਬਾਝ ਅਰਾਮ ਵੇ ਢੋਲਾ ਸਾਥੋਂ ਮੂਲ ਹਰਾਮ ਵੇ ਢੋਲਾ ਦਿਲ ਸਾਡਾ ਦਰਬਾਰਾਂ ਵਰਗਾ ਨਾ ਲਾਵੀਂ ਇਲਜ਼ਾਮ ਵੇ ਢੋਲਾ ਤੇਰੇ ਬਾਝ ਇਹ ਵਸਦੀ ਨਗਰੀ ਸਾਨੂੰ ਦਿੱਸਦੀ ਲਾਮ ਵੇ ਢੋਲਾ ਤੂੰ ਵੀ ਤੇ ਏਸ ਜੱਗ ਤੇ ਹੋਇਆ ਸਾਥੋਂ ਵੱਧ ਬਦਨਾਮ ਵੇ ਢੋਲਾ ਸੁਬ੍ਹਾ ਸਵੇਰ ਦਾ ਵਾਅਦਾ ਕਰ ਕੇ ਕਰ ਛੱਡੀ ਵੇ ਸ਼ਾਮ ਵੇ ਢੋਲਾ ਸਾਨੂੰ ਅੱਜ ਵੀ ਤੇਰਾ ਕਰ ਕੇ ਲੋਕੀ ਕਰਨ ਸਲਾਮ ਵੇ ਢੋਲਾ ਪਿਆਰ ਦੀ ਪਹਿਲ ਹਮੇਸ਼ਾ ਸੋਹਣੀ ਬਹੁੰ ਭੈੜਾ ਅੰਜਾਮ ਵੇ ਢੋਲਾ

ਬਾਲ ਲਹੂ ਵਿਚ ਅੱਗ ਵੇ ਅੜਿਆ

ਬਾਲ ਲਹੂ ਵਿਚ ਅੱਗ ਵੇ ਅੜਿਆ ਆ ਸੀਨੇ ਨਾਲ ਲੱਗ ਵੇ ਅੜਿਆ ਦਿਲ ਤੋਂ ਚੋਰੀ ਦਿਲ ਲੈ ਨੱਸਿਓਂ ਜਾ ਬੇਈਮਾਨ ਤੇ ਠੱਗ ਵੇ ਅੜਿਆ ਅੱਖ ਵਿੱਚ ਨੀਲੇ ਕੱਚ ਦਾ ਗੋਲਾ ਮੁੰਦਰੀ ਦੇ ਵਿਚ ਨਗ ਵੇ ਅੜਿਆ ਦੁੱਖ ਵਿੱਚ ਆਪਣਿਆਂ ਕੀ ਕੀਤਾ ਏ ਕੀ ਕਰ ਲੈਣਾ ਜੱਗ ਵੇ ਅੜਿਆ

ਮੇਰੇ ਲੂੰ ਲੂੰ ਚੀਖ਼ ਪੁਕਾਰ ਵੇ

ਮੇਰੇ ਲੂੰ ਲੂੰ ਚੀਖ਼ ਪੁਕਾਰ ਵੇ ਕਦੀ ਸਾਂਵਲ ਮੋੜ ਮੁਹਾਰ ਵੇ ਮੈਂ ਵਿੱਚ ਬੜੀ ਮੰਝਧਾਰ ਵੇ ਮੈਨੂੰ ਦਰਿਆਓਂ ਪਾਰ ਉਤਾਰ ਵੇ ਮੇਰੇ ਹੱਥੀਂ ਚਮਕੇ ਕੰਙਣਾ ਮੈਨੂੰ ਪੀਆ ਮਨਾਣੇ ਦਾ ਢੰਗ ਨਾ ਮੇਰੇ ਬੁਲ੍ਹੀਂ ਪਾ ਇਕ ਮੁਸਕਾਨ ਵੇ ਤੇਰੇ ਹੱਥੀਂ ਮੇਰੀ ਜਾਨ ਵੇ ਮੇਰੀ ਜ਼ੁਲਫ਼ ਨਾ ਛੇੜ ਹਵਾ ਨੀ ਆਂਚਲ ਨਾ ਮੇਰਾ ਲਹਿਰਾ ਨੀ ਮੇਰਾ ਦਿਲ ਹਮਰਾਜ਼ ਨਾ ਕਰ ਨੀ ਮੇਰਾ ਪੀ ਨਾਰਾਜ਼ ਨਾ ਕਰ ਨੀ ਕਿੱਥੇ ਖੋ ਗਏ ਤੁਸੀਂ ਦਿਲਦਾਰ ਵੇ ਕਿੱਥੇ ਜਾ ਬਸਾਇਆ ਘਰ ਬਾਰ ਵੇ ਕੋਈ ਖ਼ਤ, ਪੱਤਰ, ਨਾ ਤਾਰ ਵੇ ਕਦੀ ਸਾਂਵਲ ਮੋੜ ਮੁਹਾਰ ਵੇ ਮੇਰੇ ਲੂੰ ਲੂੰ ਚੀਖ਼ ਪੁਕਾਰ ਵੇ ਕਦੀ ਸਾਂਵਲ ਮੋੜ ਮੁਹਾਰ ਵੇ

ਮੈਨੂੰ ਹੋਇਆ ਦਰਦ ਨਿਵੇਕਲਾ

ਅੱਖ ਰੋਵੇ ਨਾ ਦਿਲ ਹੱਸੇ ਨਾ ਮੇਰਾ ਸ਼ਹਿਰ ਢੋਲ ਗਵਾਚਿਆ ਕੋਈ ਦੱਸੇ ਨਾ ਮੈਂ ਔਖੀ ਲੱਭੀ ਚਾਨਣੀ ਕੋਈ ਖੱਸੇ ਨਾ ਮੇਰੀ ਅੱਗੇ ਜਿੰਦ ਮਲੂਕੜੀ ਵੱਟ ਕਸੇ ਨਾ ਬਹੁੰ ਔਖੀ ਦਲਦਲ ਇਸ਼ਕ ਦੀ ਕੋਈ ਫਸੇ ਨਾ ਮੈਂ ਸਾਰੀ ਉਮਰ ਮਨਾਵਣਾ ਜੇ ਰੁੱਸੇ ਨਾ ਹਿੱਕ ਵਾਰੀ ਜੇ ਦਿਲ ਲਾ ਲਵੇ ਮੁੜ ਨੱਸੇ ਨਾ

ਸਾਨੂੰ ਦੂਰ ਦਸੀਂਦੇ ਰਾਹ

ਅਸੀਂ ਕੰਮੀ ਵੇਖੇ ਤਖ਼ਤਾਂ 'ਤੇ, ਅਸੀਂ ਰੁਲਦੇ ਵੇਖੇ ਸ਼ਾਹ। ਸਾਡੇ ਜ਼ਖ਼ਮ ਅਸਾਂ ਨਾਲ ਜ਼ਿੱਦ ਕਰਦੇ, ਸਾਡੀ ਮੁੱਕਣ ਨ ਦਿੰਦੇ ਚਾਹ। ਕੀ ਗਿਣਤੀ ਕਰੀਏ ਸੱਧਰਾਂ ਦੀ, ਸਾਡੇ ਮੁੱਕਦੇ ਜਾਂਦੇ ਸਾਹ। ਅਸੀਂ ਬਣ ਗਏ ਰਸਤੇ ਜੰਗਲਾਂ ਦੇ, ਸਾਡੇ ਸੀਨੇ ਜੰਮ ਪਏ ਘਾਹ। ਕਈ ਵਾਰ ਹਨੇਰਿਆਂ ਰਲ ਮਿਲ ਕੇ, ਸਾਡੇ ਗਲ ਵਿਚ ਪਾਇਆ ਫਾਹ। ਸਾਨੂੰ ਦੂਰ ਦੱਸੀਂਦੇ ਰਾਹ ਸੱਜਣ, ਸਾਨੂੰ ਦੂਰ ਦਸੀਂਦੇ ਰਾਹ। ਲਿਪੀਆਂਤਰ : ਜਤਿੰਦਰਪਾਲ ਜੌਲੀ, ਜਗਜੀਤ ਜੌਲੀ

ਹਾਏ ਰੱਬਾ !

ਕੀ ਇਹ ਸਾਰੀਆਂ ਚੀਜ਼ਾਂ ਜਾਇਆ ਜਾਣਗੀਆਂ ? ਮੇਰੇ ਰੱਬਾ ! ਦੂਜੀਆਂ ਸ਼ੈਵਾਂ ਦੀ ਗੱਲ ਛੱਡੋ ਪਰ ਮੇਰੀ ਲਾਇਬ੍ਰੇਰੀ, ਮੇਰੇ ਲੇਖ ਤੇ ਮੇਰੇ ਨੋਟਸ, ਅਣਜੰਮੀਆਂ ਲਿਖਤਾਂ ਦੇ..... ਦਰਜਨਾਂ ਐਲਬਮ ਤਸਵੀਰਾਂ ਦੇ ਦੋਸਤਾਂ, ਮਿੱਤਰਾਂ, ਲਿਖਾਰੀਆਂ, ਸੂਝਵਾਨਾਂ ਸਿਆਸੀ ਕਾਮਿਆਂ ਤੇ ਲੀਡਰਾਂ ਨਾਲ ਬੇਅੰਤ ਤਸਵੀਰਾਂ, ਅੰਗੂਠਾ ਚੂਸਣ ਤੋਂ ਧੌਲਿਆਂ ਤੀਕਣ ਬੀਵੀ, ਬੱਚਿਆਂ, ਮਾਂ-ਬਾਪ, ਭੈਣ-ਭਰਾਵਾਂ ਤੇ ਰਿਸ਼ਤੇਦਾਰਾਂ ਨਾਲ ਤਸਵੀਰਾਂ.. ਪਰ ਮੇਰੀ ਲਾਇਬ੍ਰੇਰੀ, ਸ਼ੈਲਫਾਂ ਤੋਂ ਬਾਹਰ ਡੁੱਲ੍ਹਦੀਆਂ ਕਿਤਾਬਾਂ ਕੁਝ ਭਰਦੇ ਵਰਕਿਆਂ ਵਾਲੀਆਂ, ਕੁਝ ਬਣੀਆਂ ਫੱਬੀਆਂ ਬੜੇ ਬੜੇ ਦਾਨਿਸ਼ਵਰਾਂ ਤੇ ਆਲਮਾਂ ਦੀਆਂ ਕਿਤਾਬਾਂ ਉੱਚੇ ਖ਼ਿਆਲਾਂ ਵਾਲੀਆਂ ਤੇ ਡੂੰਘੇ ਜਜ਼ਬਿਆਂ ਵਾਲੀਆਂ.... ਉਨ੍ਹਾਂ ਦੀਆਂ ਵੀ, ਜੋ ਲੜਕਪਣ ਤੋਂ ਜਵਾਨੀ ਵਿਚ ਬੜਾ ਮੁਤਾਸਰ ਕਰਦੇ ਸਨ ਪਰ ਹੁਣ ਪੜ੍ਹੀਏ ਤੇ ਉੱਕਾ ਨਹੀਂ ਪੋਂਹਦੇ.... (ਮੇਰੀਆਂ ਲਿਖਤਾਂ ਦਾ ਵੀ ਇਹੋ ਮੁਸਤਕਬਿਲ !) ਕਿਤਾਬਾਂ .... ਜਿਹੜੀਆਂ ਲਿਖਾਰੀਆਂ ਨੇ ਆਪਣੇ ਦਸਤਖਤਾਂ ਨਾਲ ਮੈਨੂੰ ਪੇਸ਼ ਕੀਤੀਆਂ..... ਤੇ ਮੈਂ ਹੱਸ ਕੇ ਕਿਹਾ-ਜਿਨ੍ਹਾਂ ਬਾਰੇ ਜ਼ਰੂਰ ਲਿਖਾਂਗਾ ਪਰ ਕਦੇ ਲਿਖਿਆ ਨਾ ਗਿਆ ਕਿਤਾਬਾਂ-ਜਿਨ੍ਹਾਂ ਸਭ ਕੁਝ ਸਿਖਾਇਆ ਤੇ ਸਭ ਕੁਝ ਗਵਾਇਆ ਸੁੰਞ ਸੱਖਣ ਭਰੀ ਤੇ ਭਰੇ ਨੂੰ ਖ਼ਾਲੀ ਕੀਤਾ ਪਰ ਆਪਣੀ ਏਸ ਲਾਇਬ੍ਰੇਰੀ ਹਜ਼ਾਰਾਂ ਕਿਤਾਬਾਂ ਵਾਲੀ ਨੂੰ ਕੀ ਕਰਾਂ ? ਜਾਂ ਫਿਰ ਉਨ੍ਹਾਂ ਦਾ ਵੱਡਾ ‘ਬੋਨ ਫਾਇਰ’ ਕਰਾਂ ? ਤੇ ਰਾਖ ਰੋੜ੍ਹਾਂ ਦਰਿਆਵਾਂ ਵਿਚ ? ਤੇ ਛੋਟਾ ਮਾਰਾਂ ਸਾਰੇ ਦੇਸ਼ ਦੀ ਭੋਇੰ ਉੱਤੇ ..... ਖ਼ੌਰੇ ਕਦੇ ਤੇ ਨਵੀਂ ਵਾਸ਼ਨਾਂ ਨਾਲ ਕਿਤਾਬਾਂ ਉੱਗਣ ਤੇ ਓਸ ਵੇਲੇ ਦੀ ਪੀੜ੍ਹੀ ਦੀ ਆਵਾਜ਼ ਸੁਣ ਸਕਣ। ਲਿਪੀਆਂਤਰ : ਜਤਿੰਦਰਪਾਲ ਜੌਲੀ, ਜਗਜੀਤ ਜੌਲੀ

ਕੱਚ ਦੇ ਰਿਸ਼ਤੇ

ਟੁੱਟ ਭੱਜ ਗਿਆ ਏ ਸਭ ਕੁਝ ਵੰਙਾਂ, ਸੱਧਰਾਂ ਸ਼ੀਸ਼ਾ। ਟੁੱਟੇ ਹੋਏ ਮੁੜ, ਜੁੜ ਨਈਂ ਸਕਦੇ ਵੰਙਾਂ, ਸੱਧਰਾਂ, ਸ਼ੀਸ਼ਾ। ਲਿਪੀਆਂਤਰ : ਜਤਿੰਦਰਪਾਲ ਜੌਲੀ, ਜਗਜੀਤ ਜੌਲੀ

ਤੂੰ ਤੇ ਮੈਂ

ਤੇਰਾ ਮੇਰਾ ਸੁਭਾਅ ਤੇ ਇਕ ਏ ਪਰ ਤੇਰੀ ਮੇਰੀ ਕੈਮਿਸਟਰੀ ਨਹੀਂ ਮਿਲਦੀ 'ਕੱਲਿਆਂ ਬੈਠ ਕੇ ਗੱਲਾਂ ਕਰਨਾ ਮੁਖ਼ਾਤਬ ਸਭ ਮਖ਼ਲੂਕ ਤੂੰ ਸਾਹਮਣੇ ਹੋਵੇਂ ਤਦ ਵੀ 'ਕੱਲਿਆਂ ਬੈਠ ਕੇ ਗੱਲਾਂ ਕਰਨਾ ਮੁਖ਼ਾਤਬ ਸਭ ਮਖ਼ਲੂਕ ਤੇਰੀ ਮੇਰੀ ਕੈਮਿਸਟਰੀ ਕਿਉਂ ਨਹੀਂ ਮਿਲਦੀ ਤੇਰਾ ਮੇਰਾ ਸੁਭਾਅ ਤੇ ਇਕ ਏ ਕੀ ਤੂੰ ਮਖ਼ਲੂਕ ਦਾ ਹਿੱਸਾ ਨਹੀਂ ਹੈਂ ਕੀ ਤੂੰ ਉਹ ਨਹੀਂ ਹੈਂ ਜਿਸ ਨਾਲ ਮੈਂ ਗੱਲਾਂ ਕਰਨਾ ਚਾਹੁੰਨਾਂ ਤੇਰੇ ਮੇਰੇ ਵਿਚਕਾਰ ਨਾਸਮਝੀ ਦਾ ਸਮੁੰਦਰ ਕਿਉਂ ਹੈ ? ਤੂੰ ਵੀ ਸੋਚ ਤੇ ਮੈਂ ਵੀ ਸੋਚਾਂ ਰੇਲ ਦੀਆਂ ਮੁਤਵਾਜ਼ੀ ਲਾਈਨਾਂ ਕਦ ਮਿਲ ਸਕਣਗੀਆਂ ? ਲਿਪੀਆਂਤਰ : ਜਤਿੰਦਰਪਾਲ ਜੌਲੀ, ਜਗਜੀਤ ਜੌਲੀ

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਫ਼ਰਹਤ ਅੱਬਾਸ ਸ਼ਾਹ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ