Punjabi Poetry : Dr. Sanjeev Ahluwalia
ਪੰਜਾਬੀ ਕਵਿਤਾਵਾਂ : ਡਾ. ਸੰਜੀਵ ਆਹਲੂਵਾਲੀਆ
ਮਸ਼ੀਨੀ ਯੁਗ 'ਚ ਰਹਿੰਦਿਆਂ
ਮਸ਼ੀਨੀ ਯੁਗ 'ਚ ਰਹਿੰਦਿਆਂ ਵੀ, ਮੈਂ ਕੋਈ ਮਸ਼ੀਨ ਨਹੀਂ ਹਾਂ, ਮਸ਼ੀਨ ਨੂੰ ਨਹੀਂ ਪਤਾ ਲਗਦਾ, ਨੰਗੇ ਪੈਰੀਂ ਤੁਰਦਿਆਂ, ਘਾਹ ਤੇ ਪਈ ਤ੍ਰੇਲ ਦਾ ਅਹਿਸਾਸ, ਬੱਚੇ ਦੀ ਕਿਲਕਾਰੀਆਂ, ਪ੍ਰਭਾਤ ਵੇਲੇ ਚਿੜੀਆਂ ਦਾ ਚੂਕਣਾ, ਤਿਹਾਈ ਮਿੱਟੀ ਤੇ ਬਾਰਿਸ਼ ਦੀ ਪਹਿਲੀ ਬੂੰਦ ਦੀ ਮਹਿਕ, ਬੇਲਗਾਮ ਹਾਸੇ ਦਾ ਛਣਕਾਟਾ, ਰੂਹ ਦੇ ਹੰਝੂਆਂ ਦੀ ਉਦਾਸੀ। ਮੈਂ ਕੋਈ ਮਸ਼ੀਨ ਨਹੀਂ ਹਾਂ, ਕਿਉਂਕਿ ਮੈਂ, ਮਹਿਸੂਸ ਕਰ ਸਕਦਾ ਹਾਂ, ਸੂਰਜ ਦੀ ਕਿਰਨਾਂ ਦਾ ਨਿੱਘ, ਸਾਹਿਲ ਤੇ ਵਿਛੀ ਕੂਲੀ ਰੇਤ ਦੀ ਛੋਹ, ਸਮੁੰਦਰ ਦੀ ਲਹਿਰਾਂ ਦਾ ਸੰਗੀਤ। ਮੈਂ ਕੋਈ ਮਸ਼ੀਨ ਨਹੀਂ, ਕਿਉਂਕਿ ਮੈਂ, ਸੁਣ ਸਕਦਾ ਹਾਂ, ਜੰਗਲ 'ਚ ਵੱਸਦੇ, ਬਾਬਿਆਂ ਵਰਗੇ ਰੁੱਖਾਂ ਦੇ ਪ੍ਰਵਚਨ, ਉੱਡ ਸਕਦਾ ਹਾਂ, ਨੀਲੇ ਅਸਮਾਨ 'ਚ, ਮਸਤੀ ਕਰਦੇ ਪੰਛੀਆਂ ਵਾਂਗ, ਵਹਿ ਸਕਦਾ ਹਾਂ, ਕਲ ਕਲ ਕਰਦੇ ਝਰਨਿਆਂ ਦੇ ਸੰਗ, ਉਦੈ ਤੇ ਅਸਤ ਹੋ ਜਾਂਦਾ ਹਾਂ, ਚੜ੍ਹਦੇ ਤੇ ਲਹਿੰਦੇ ਸੂਰਜ ਨਾਲ, ਹੰਢਾ ਸਕਦਾ ਹਾਂ, ਬਹਾਰ ਤੇ ਪਤਝੜ ਨੂੰ, ਆਪਣੇ ਤਨ ਮਨ ਤੇ, ਕਿਉਂਕਿ ਮੈਂ ਕੋਈ ਮਸ਼ੀਨ ਨਹੀਂ ਹਾਂ। ਮੈਂ ਆਪਣੇ ਪ੍ਰੀਤਮ ਦੇ ਸਾਹਾਂ ਦੀ ਮਹਿਕ ਹਾਂ, ਉਸਦੀਆਂ ਅੱਖਾਂ ਦੀ ਚਮਕ ਹਾਂ, ਉਸਦੀ ਛੋਹ ਦਾ ਅਹਿਸਾਸ ਹਾਂ, ਕਿਉਂਕਿ ਮੈਂ ਕੋਈ ਮਸ਼ੀਨ ਨਹੀਂ ਹਾਂ। ਮੈਨੂੰ ਪਤਾ ਹੈ ਕਿ ਮੇਰੀ ਮਿਆਦ ਮਸ਼ੀਨ ਵਰਗੀ ਨਹੀਂ, ਪਰ ਮੇਰੇ ਨਿਸ਼ਚਿਤ ਅੰਤ ਦਾ ਸੱਚ ਹੀ ਮੇਰੇ ਸਾਹਾਂ ਦਾ ਸਰੋਤ ਹੈ, ਮੈਂ ਚਿੰਤਕ ਹਾਂ ਤੇ ਵਿਚਾਰਾਂ ਨੂੰ ਰਿੜਕਦਾ ਹਾਂ, ਮੈਂ ਉਤਸੁਕਤਾ ਅਤੇ ਕਾਰਨ ਦੋਵੇਂ ਹਾਂ, ਮੈਂ ਪਿਆਰ ਅਤੇ ਨਫ਼ਰਤ ਦੋਵਾਂ ਨੂੰ ਪਨਾਹ ਦਿੰਦਾ ਹਾਂ, ਮੈਂ ਖੁਸ਼ ਤੇ ਉਦਾਸੀਨ ਦੋਵੇਂ ਹੋ ਸਕਦਾ ਹਾਂ, ਕਿਉਂਕਿ ਮੈਂ ਕੋਈ ਮਸ਼ੀਨ ਨਹੀਂ ਹਾਂ। ਮੈਂ ਉਹ ਹਸਤੀ ਹਾਂ ਜੋ ਕੋਈ ਮਸ਼ੀਨ ਨਹੀਂ ਪੈਦਾ ਕਰ ਸਕਦੀ, ਮੈਂ ਇੱਕ ਪਿਉ ਦਾ ਪੁੱਤਰ ਹਾਂ, ਜੋ ਆਪ ਵੀ ਕਿਸੇ ਪਿਉ ਦਾ ਪੁੱਤਰ ਸੀ, ਮਾਂ ਦੀ ਲੋਰੀਆਂ, ਉਸ ਦਾ ਪਿਆਰ ਦੁਲਾਰ, ਮੇਰੀ ਰੂਹ ਦੀ ਖੁਰਾਕ ਸੀ, ਦੁਨੀਆ ਮਸ਼ੀਨ ਵਾਂਗ, ਮੈਨੂੰ ਆਪਣੇ ਮੁਤਾਬਕ ਚਲਾਉਣ ਦਾ ਯਤਨ ਕਰਦੀ ਰਹਿੰਦੀ ਹੈ, ਪਰ ਕਾਮਯਾਬ ਨਹੀਂ ਹੁੰਦੀ, ਕਿਉਂਕਿ ਮੈਂ ਕੋਈ ਮਸ਼ੀਨ ਨਹੀਂ, ਜੋ ਕੰਟਰੋਲ ਕੀਤੀ ਜਾ ਸਕਦੀ ਹੈ। ਮੈਂ ਆਪ ਬ੍ਰਹਿਮੰਡ ਹਾਂ, ਸਿਰਫ ਇਸ ਦਾ ਅੰਸ਼ ਨਹੀਂ, ਕੁਲ ਕਾਇਨਾਤ ਮੇਰੇ 'ਚ ਵੱਸਦੀ ਹੈ, ਤੇ ਮੈਂ ਇਸ ਵਿਚ, ਇਹ ਸੰਸਾਰ ਮੇਰੇ ਤੋਂ ਹੀ ਸਿਰਜਿਆ ਹੈ, ਕੁਦਰਤ ਨੇ ਮੇਰੇ ਦੁਆਰਾ ਹੀ, ਆਪਣੇ ਆਪ ਨੂੰ ਜਾਣਿਆ ਹੈ, ਅਸੀਂ ਦੋਵੇਂ ਇੱਕ ਹੀ ਹਾਂ। ਮੇਰਾ ਵਜੂਦ ਪੰਜ ਤੱਤਾਂ ਦੀ ਬੰਦਸ਼ ਹੈ, ਮੈਂ ਅਸਲ ਅਰਥ ਹਾਂ, ਕੋਈ ਆਭਾਸੀ ਪ੍ਰਤੀਬਿੰਬ ਨਹੀਂ, ਮਸ਼ੀਨੀ ਯੁਗ 'ਚ ਰਹਿੰਦਿਆਂ ਵੀ, ਮੈਂ ਕੋਈ ਮਸ਼ੀਨ ਨਹੀਂ ਹਾਂ। ਸੰਜੀਵ ਆਹਲੂਵਾਲੀਆ (ਡਾ.) ਵਿਕਟੋਰੀਆ ਬੀ ਸੀ ਕੈਨੇਡਾ