Punjabi Poetry : Dhian Singh 'Shah Sikandar'
ਪੰਜਾਬੀ ਕਵਿਤਾਵਾਂ : ਧਿਆਨ ਸਿੰਘ ‘ਸ਼ਾਹ ਸਿਕੰਦਰ’
ਨੇਤਾ ਜੀ !
ਨੇਤਾ ਜੀ ! ਆਜਾਦੀ ਦੇ ਜਸ਼ਨ ਮਨਾ ਰਹੇ, ਤੇ ਸ਼ਹੀਦ ਭਗਤ ਸਿੰਘ ਦੇ ਗਲ, ਫੁੱਲ ਮਾਲਾ ਪਹਿਨਾ ਰਹੇ ਨੇਤਾ ਜੀ, ਕਦੇ ਇਹ ਵੀ ਸੋਚਿਆ ਜੇ ਕਿ – ਭਗਤ ਸਿੰਘ ਪਰਗਟ ਹੋ ਗਿਆ, ਤਾਂ ਉਸ ਦੇ ਪਿਸਤੌਲ ਦਾ ਮੂੰਹ, ਕਿਹਦੇ ਵੱਲ ਹੋਵੇਗਾ ? ਪਰ ਅਫ਼ਸੋਸ। ਕਿ ਮੋਏ ਗਏ, ਕਦੇ ਵਾਪਸ ਨਹੀਂ ਆਇਆ ਕਰਦੇ।
ਇਹ ਸਾਮਾਨ ਕੈਸਾ ਹੈ!
ਇਹ ਸਾਮਾਨ ਕੈਸਾ ਹੈ! ਬੇ ਜੁਬਾਨਾਂ ਦੀ ਬਲੀ,ਤੇ ਸ਼ਾਦਿਆਨੇ। ਯਾ ਖੁਦਾ। ਇਹ ਈਦ ਕੈਸੀ ਹੈ। ਇਹ ਸ੍ਵਾਬ ਕੈਸਾ ਹੈ । ਬੇਬਸਾਂ ਦੀ ਕਤਲੋ-ਗਾਰਤ, ਤੇ ਬੇਕਸਾਂ ਦੀ ਦੁਰਮਤੀ, ਇਹ ਜਿਹਾਦ ਕੈਸਾ ਹੈ। ਇਹ ਹਿਸਾਬ ਕੈਸਾ ਹੈ। ਖਾਣ ਨੂੰ ਗੁੱਲੀ ਨਹੀਂ,ਸੌਣ ਨੂੰ ਜੁੱਲੀ ਨਹੀਂ, ਇਹ ਜ਼ਮੀਨ ਕੈਸੀ ਹੈ,ਇਹ ਜ਼ਮਾਨ ਕੈਸਾ ਹੈ। ਦੂਰ ਬੈਠਾ ਅਰਸ਼ ਤੇ, ਕੋਈ ਮੁਕੱਦਰ ਲਿਖ ਰਿਹੈ, ਇਹ ਸਲੀਬ ਕੈਸੀ ਹੈ, ਇਹ ਸਾਮਾਨ ਕੈਸਾ ਹੈ।
ਰੱਜ ਕੇ ਖਾਣਾ
ਰੱਜ ਕੇ ਖਾਣਾ, ਰੱਜ ਕੇ ਸੌਣਾਂ, ਕਦੇ ਕਦੇ, ਪੁਚਕਾਰੇ ਜਾਣਾ – ਇਹ ਤਾਂ ਅੜਿਆ, ਹਰ ਪਸੂ ਦੀ , ਜਿੰਦਗੀ ਦੀ ਲੋੜ ਹੈ, ਪਰ ਮਾਹਣੂੰ, ਏਸ ਤੋਂ ਵੱਧ, ਹੋਰ ਵੀ ਕੁੱਝ ਚਾਹੀਦੈ।
ਰੋਟੀ ਦੇ ਟੁਕੜੇ
ਰੋਟੀ ਦੇ ਟੁਕੜੇ, ਤਾਂ ਮੁਢਲੀ ਲੋੜ। ਪਰ ਇਹ ਜਿਨ੍ਹਾਂ ਨੂੰ ਮਿਲ ਜਾਂਦੇ ਨੇ, ਕੀ ਉਹ ਟਿਕ ਕੇ ਬਹਿ ਜਾਂਦੇ ਨੇ । ਦਾਅ- ਪੇਚਾਂ ਦੀ ਦੁਨੀਆਂ
ਝੂਠ ਦੀਆਂ ਕੁੱਝ ਪੰਡਾਂ ਆਈਆਂ
ਝੂਠ ਦੀਆਂ ਕੁੱਝ ਪੰਡਾਂ ਆਈਆਂ, ਲਾ ਲਾ ਲਾ ਲਾ ਲਾ ਹੋਈ, ਸੱਚ ਦੀਆਂ ਪੁੜੀਆਂ ਦਾ ਕੋਈ, ਵਿਰਲਾ ਹੈ ਵਣਜਾਰਾ। ਪਰ ਕੱਚੇ ਬੰਨੇ ਨਾ ਲੱਗਦੇ , ਝੂਠ ਕਦੇ ਨਾ ਪੁਗਦੇ, ਅੱਧ – ਝਨਾਂਵੇਂ ਡੁੱਬ ਕੇ ਸੁਹਣੀ, ਕਰ ਗਈ ਏ ਨਿਸਤਾਰਾ।
ਧਰਮ ਕਰਮ ਵਿੱਚ ਸ਼ਰਮ ਰਹੀ ਨਾ
ਧਰਮ ਕਰਮ ਵਿੱਚ ਸ਼ਰਮ ਰਹੀ ਨਾ, ਆਖਣ ਤੋਂ ਵੀ ਡਰੀਏ, ਜੀਭ ਤੇਉੱਬਲ ਉੱਬਲ ਪੈਂਦੇ, ਹਰਫ ਪੀ ਲਏ ਬੁੱਲਾਂ। ਪੂਜਾ ਦੇ ਚੰਦ ਟਕਿਆਂ ਬਦਲੇ, ਡਾਂਗੋ ਡਾਂਗੀ ਹੁੰਦੇ, ਰੂੜੀਆਂ ਉੱਤੇ ਲੜਦੇ ਵੇਖੇ, ਪੰਡਤ ,ਭਾਈ , ਮੁੱਲਾਂ।
ਬਾਬੇ ਨਾਨਕ ਨੇ ਕਿਹਾ
ਬਾਬੇ ਨਾਨਕ ਨੇ ਕਿਹਾ- “ਚੋਰੀ ਮੱਤ ਕਰੋ। ਝੂਠ ਮੱਤ ਬੋਲੋ”। ਅਸੀਂ ਬਾਬੇ ਨਾਨਕ ਦੇ---- ਅਨਿਨ ਭਗਤ, ਆਗਿਆਕਾਰ ਬੱਚੇ,-- ਚੋਰੀ ਨਹੀਂ ਕਰਦੇ, ਝੂਠ ਨਹੀਂ ਬੋਲਦੇ। ਡਾਕਾ ਮਾਰ ਲੈਂਦੇ ਹਾਂ, ਲੁੱਟ ਖੋਹ ਕਰ ਲੈਂਦੇ ਹਾਂ, ਤੇ ਲੁੱਟ ਦਾ ਦਸਵੰਧ----- ਬਾਬੇ ਦੇ ਚਰਨਾਂ ਵਿੱਚ, ਧਰ ਲੈਂਦੇ ਹਾਂ। ਅਸੀਂ ਕਿੰਨੇ ਸੱਚੇ ਹਾਂ, ਅਸੀਂ ਬਾਬੇ ਨਾਨਕ ਦੇ, ਆਗਿਆਕਾਰ ਬੱਚੇ ਹਾਂ। (ਪੁਸਤਕ ਕਾਵਿ – ਰੰਗ ਵਿੱਚੋਂ )