Punjabi Poetry : Davinder Kaur Thind

ਪੰਜਾਬੀ ਰਚਨਾਵਾਂ : ਦਵਿੰਦਰ ਕੌਰ ਥਿੰਦ


ਜਿੰਦਗੀ

ਜਿੰਦਗੀ ਦਾ ਪੈਂਡਾ ਔਖਾ ਹੁੰਦਾ, ਗਲਤ ਵੀ ਠੀਕ ਹੀ ਹੁੰਦਾ। ਨਾ ਸਮਝ ਬੱਸ ਚਲਦਾ ਰਹਿ, ਇਹੀ ਤੇਰੇ ਲਈ ਚੰਗਾ ਹੁੰਦਾ। ਨਾ ਗੁਨਾਹ, ਨਾ ਗੁਨਾਹਗਾਰ ਕੋਈ, ਹਰ ਬੰਦਾ ਹੀ ਰੱਬ ਦਾ ਹੁੰਦਾ। ਨਾ ਵਸ ਤੇਰੇ, ਨਾ ਵਸ ਮੇਰੇ ਇਹ ਸਭ ਉਸਦਾ ਕਰਿਆ ਹੁੰਦਾ।

ਬਰਾਬਰ

ਖੁਸ਼ੀ ਗਮੀ ਜਿਵੇਂ ਇੱਕ ਬਰਾਬਰ, ਤੂੰ ਤੇ ਮੈਂ ਹਾਂ ਇੱਕ ਬਰਾਬਰ, ਧੁੱਪ ਤੇ ਛਾਂ ਵੀ ਇੱਕ ਬਰਾਬਰ, ਜਾਤਾਂ-ਪਾਤਾਂ ਇੱਕ ਬਰਾਬਰ, ਨੇੜੇ-ਦੂਰ ਇੱਕ ਬਰਾਬਰ, ਵੈਰ- ਵਿਰੋਧ ਇੱਕ ਬਰਾਬਰ, ਹਰ ਹਾਲਾਤ, ਨਾ ਬਹੁਤਾ ਸੋਚ, ਭੇਤ- ਅਭੇਤ, ਸਭ ਇੱਕ ਬਰਾਬਰ ।

ਕੋਈ ਕੋਈ

ਬੇਗੈਰਤ ਦੁਨੀਆਂ ਦੇ ਵਿੱਚ, ਅਣਖ ਪੁਗਾਵੇ ਕੋਈ ਕੋਈ। ਵਿੱਚ ਮਦਾਨੇ ਅਣਖੀ ਬੰਦਾ ਮਰਦ ਸੂਰਮਾ ਕੋਈ ਕੋਈ। ਨਾ ਦੇਖੇਂ ਨਫਾ ਨੁਕਸਾਨ, ਇੱਜ਼ਤ ਹੀ ਉਸਦਾ ਅਭਿਮਾਨ, ਪਹੁੰਚੇ ਚਾਹੇ ਕਿਸੇ ਵੀ ਅਸਥਾਨ, ਅਣਖਾ ਵਾਲੇ ਕਰਨ ਮਾਣ, ਸ਼ਰਮਿੰਦਾ ਹੋਵੇ ਕੋਈ ਕੋਈ। ਚੜ੍ਹਦੇ ਸੂਰਜ ਨੂੰ ਹੋਣ ਸਲਾਮਾਂ, ਲਹਿੰਦੇ ਨਾਲ ਖੜਦਾ ਕੋਈ ਕੋਈ। ਹਰ ਬੰਦਾ ਚਾਹੇ ਖੜ੍ਹਨਾ ਸੁੱਖ ਵਿੱਚ, ਦੁੱਖ ਵਿੱਚ ਖੜਦਾ ਕੋਈ ਕੋਈ। ਹਰ ਇੱਕ ਦੇਵੇ ਨਸੀਹਤਾਂ ਦੁੱਖ ਸੁੱਖ ਵਿੱਚ, ਮਾੜੇ ਨੂੰ ਮਾੜਾ ਆਖੇ ਕੋਈ ਕੋਈ। ਕਹਿੰਦੇ ਇਹ ਭਾਗਾਂ ਦੇ ਵਿੱਚ ਸੀ ਲਿਖਿਆ, ਮੁਸੀਬਤਾਂ ਨੂੰ ਗਲ ਲਾਵੇ ਕੋਈ ਕੋਈ।

ਮੈਂ ਨਾਂ ਆਖਾਂ

ਮੈਂ ਨਾਂ ਆਖਾਂ ਤੂੰ ਬਣ ਚਲਾਕ, ਪਰ ਅਪਣੇ ਹੱਕ ਦੀ ਗੱਲ ਤਾਂ ਕਹਿ। ਮਿਹਨਤ ਕਰਕੇ ਕੱਦ ਉੱਚਾ ਕਰ, ਪਰ ਚੌਕਸ ਚਾਰ ਚੁਫੇਰੇ ਤੋਂ ਰਹਿ। ਰਿਸ਼ਤੇ ਨਾਤੇ ਖੂਨ ਪੀਣੀਆਂ ਜੋਕਾਂ, ਦਿਲ ‘ਚ ਨਾ ਰੱਖ, ਸਭ ਮੂ਼ੰਹ ਤੇ ਕਹਿ। ਨਰਮ ਬੰਦੇ ਨੂੰ ਸਦਾ ਫਟਕਾਰਾਂ, ਸਰ ਕਰ ਦੁਨੀਆਂ ਚੈਨ ਨਾਲ ਬਹਿ।

ਚਿੱਟੀ ਪਰੀ

ਚਿੱਟੇ ਸੂਟ ਵਿੱਚ, ਖੂਬ ਫੱਬ ਰਹੀ ਸੀ ਉਹ, ਲੰਮ-ਸਲੰਮੀ ਹੀਰ ਸਲੇਟੀ, ਜਾਪਦੀ ਸੀ ਉਹ ਨਾ ਉਹਨੂੰ ਆਪਣੇ ਸੋਹਣੇ ਹੋਣ ਦਾ ਮਾਣ, ਰੱਬ ਦੀ ਆਪਣੇ ਹੱਥੀ ਘੜੀ ਮੂਰਤ ਜਾਪਦੀ ਸੀ ਉਹ, ਮਾਸੂਮੀਅਤ ਚਿਹਰਾ ਸਦਾ ਤੰਗ ਕਰਦਾ ਉਸ ਦਾ, ਪਰੀਆਂ ਚਿੱਟੀਆਂ ਹੁੰਦੀਆਂ ਨੇ ਜਾਂ ਗੋਰੀਆਂ, ਮੈਂ ਪੁੱਛਿਆ ਹਾਰ ਉਸਨੂੰ। ਜਵਾਬ ਤਾਂ ਕੋਈ ਨਹੀਂ ਦਿੱਤਾ ਉਸਨੇ, ਖਿੜਖਿੜਾ ਕੇ ਹੱਸ ਪਈ ਉਹ।

ਛੱਡ ਗੱਲ

ਛੱਡ ਗੱਲ ਦਿਲ ਚੋਂ ਕੱਢ, ਰਹਿਣ ਦੇ ਗੁੱਸੇ ਗਿਲਿਆਂ ਨੂੰ। ਆਪਣਾ ਫਰਜ ਨਿਭਾਈ ਚੱਲ, ਮੰਗ ਹਰ ਇੱਕ ਦੇ ਭਲਿਆਂ ਨੂੰ। ਉਹਦੀ ਕੀਮਤ ਉਹੀ ਜਾਣੇ, ਰਹਿਣ ਦੇ ਗਿਣਨੇ ਮਿਣਨੇ ਨੂੰ। ਉਸ ਤੋਂ ਵੱਧਕੇ ਹੋਰ ਨਾ ਕੋਈ, ਸਾਂਭੇ ਉਹੀ ਰੁਲਿਆਂ ਨੂੰ। ਗੁੱਸੇ ਗਿੱਲੇ ਪਲ ਦਾ ਖੇਲ, ਰੋਲ ਨਾ ਐਂਵੇ ਜ਼ਿੰਦਗੀ ਨੂੰ।

ਆਸ

ਕੰਮ ਕਰ ਆਪਣਾ ਹਰ ਆਪੇ, ਕਿਸੇ ਤੇ ਆਸ ਨਾ ਰੱਖ। ਡੂੰਘੇ ਦਿਲ ਦਰਿਆ, ਇਹਨਾਂ ਦੇ ਪੈ ਨਾ ਵੱਸ। ਦੇਖ ਸਬਨਾਂ ਦੇ ਔਗੁਣ, ਝੁਕਾ ਕੇ ਰੱਖ ਅੱਖ। ਆਪਣਾ ਆਪ ਸਵਾਰ, ਬਣਨਾ ਜੇ ਵੱਖ। ਚੱਲ ਨਬੇੜ ਇਸੇ ਜਨਮ 'ਚ, ਜਨਮਾਂ ਦੀ ਪਿਆਸ ਨਾ ਰੱਖ।

ਹਨੇਰ ਗਰਦੀ

ਦੁਨੀਆ ਤੇ ਚੱਲਿਆ ਕੈਸਾ ਦਸਤੂਰ, ਚੋਰ ਬਣੇ ਬੈਠੇ ਰਾਜੇ, ਇਮਾਨਦਾਰ ਕੋਹਾਂ ਦੂਰ। ਮੱਚੀ ਹਨੇਰ ਗਰਦੀ ਹਰ ਪਾਸੇ, ਕੌਣ ਬਚਾਓ ਮੇਰੇ ਸ਼ਹਿਰ ਨੂੰ ਹਜ਼ੂਰ। ਦਿਲ ਤਾਂ ਕਰਦਾ ਬਾਗੀ ਹੋ ਜਾਵਾਂ, ਕਿਹਨੂੰ ਸੁਣਾਈਏ ਦਿਲ ਦੇ ਹਾਲ, ਮੈਂ ਮਜਬੂਰ। ਚੰਗੇ ਬੰਦੇ ਦਾ ਕੱਢੇ ਕਸੂਰ, ਬੇਈਮਾਨ ਖੜਾ ਬੜੀ ਦੂਰ।

ਸ਼ੋਖ ਅਦਾਵਾਂ

ਸ਼ੋਖ ਅਦਾਵਾਂ ਪਰੀ ਅੰਬਰਾਂ ਦੀ ਜਾਪੇ, ਲੱਗੇ ਨਾ ਨਜ਼ਰ, ਦੁਆਵਾਂ, ਹਰ ਸ਼ੈਅ, ਕੁਦਰਤ ਬਖਸ਼ੇ ਆਪੇ, ਕਰੇ ਤਰੱਕੀਆਂ, ਉੱਡੇ ਅਸਮਾਨੀ, ਰੀਝਾਂ ਮੰਗਣ ਮਾਪੇ। ਮੰਜਿਲ ਖੁਦ ਤੱਕੀ, ਕੀਤੇ ਸਰ ਅੰਬਰ, ਸਿਫਤਾਂ ਹੋਣ ਚਾਰੇ ਪਾਸੇ।

ਸਜਾਵਾਂ

ਮਿਲੀਆਂ ਨੇ ਸਜਾਵਾਂ, ਗੁਨਾਹ ਵੀ ਕੀਤੇ ਹੋਣਗੇ। ਕਰਦਾ ਨੀ ਉਹ ਫਰਕ, ਉਹਦੇ ਫੈਸਲੇ ਸੱਚੇ ਹੋਣਗੇ। ਚੰਗੇ ਮਾੜੇ ਦਿਨ ਉਸ ਦੇ, ਹੰਡਾਉਣੇ ਪੈਣਗੇ। ਕਰੀ ਉਹਦੇ ਤੱਕ ਫਰਿਆਦ, ਉਹੀ ਸਿਰਜਣਹਾਰ, ਫਿਰ ਕਿਉਂ ਨਹੀਂ, ਉਸਦੇ ਪੂਰਨੇ ਚੰਗੇ ਹੋਣਗੇ।

ਬੇਗਾਨੀ ਸ਼ੈਅ

ਸਿਆਣੇ ਕਹਿੰਦੇ ਬੇਗਾਨੀ ਸ਼ੈਅ ਤੇ, ਹੱਕ ਨੀ ਆਪਣਾ ਜਮਾਈ ਦਾ। ਤੇਰੇ ਭਾਗਾਂ ਦਾ ਤੈਨੂੰ ਮਿਲਣਾ, ਐਵੇਂ ਦੂਜੇ ਦਾ ਹੱਕ ਨਹੀਂ ਖਾਈਦਾ। ਤੇਰੀ ਤਕਦੀਰ 'ਚ ਜੋ ਲਿਖਿਆ, ਤੈਨੂੰ ਮਿਲ ਕੇ ਹੀ ਰਹਿਣਾ। ਦੂਜੇ ਦੀ ਚੀਜ਼ ਦੇਖ, ਐਵੇਂ ਨਹੀਂ ਲਲਚਾਈ ਦਾ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਦਵਿੰਦਰ ਕੌਰ ਥਿੰਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ