Punjabi Poetry : Darshan Singh Bhame

ਪੰਜਾਬੀ ਰਚਨਾਵਾਂ : ਦਰਸ਼ਨ ਸਿੰਘ ਭੰਮੇ


ਮੰਗਲਾ ਚਰਨ

ਆਦਿ ਵਿੱਚ ਗੁਰਾਂ ਨੂੰ ਨਮਸਕਾਰ ਜੀ, ਥੋਡੇ ਵਿੱਚੋਂ ਦਿੱਸੇ ਮੈਨੂੰ ਰਚਨਹਾਰ ਜੀ, ਕਰ ਦਿਓ ਮੇਹਰ ਜੋੜੇ ਹੱਥ ਦਾਸ ਜੀ, ਕਾਵਿ ਕਰਾਂ ਸ਼ੁਰੂ ਛੰਦ ਆਉਣ ਰਾਸ ਜੀ। ਲੋਕੀ ਕਹਿੰਦੇ ਔਖੀ ਬੜੀ ਕਿੱਸਾ ਕਾਰੀਐ, ਕਰਦੇ ਸੁਖੱਲੀ ਥੋਡੀ ਨਿਗ੍ਹਾ ਨਿਆਰੀਐ, ਮੰਦਬੁੱਧੀ ਲੈਕੇ ਖੜਾ ਦਰੀਂ ਆਸ ਜੀ, ਕਾਵਿ ਕਰਾਂ ਸ਼ੁਰੂ ਛੰਦ ਆਉਣ ਰਾਸ ਜੀ। ਤੁਲ ਨਹੀਂ ਥੋਡੇ ਸਸੀ ਭਾਨ ਗੁਰੂ ਜੀ, ਚੱਕ ਦਿਓ ਹਨੇਰਾ ਕਾਵਿ ਫੇਰ ਫੁਰੂ ਜੀ, ਰੁੱਖ ਜੈਸਾ ਬਣੂ ਜ਼ਮੀ ਵਾਲਾ ਘਾਸ ਜੀ, ਕਾਵਿ ਕਰਾਂ ਸ਼ੁਰੂ ਛੰਦ ਆਉਣ ਰਾਸ ਜੀ। ਬਿਜਲੀ ਵਗੈਰ ਜੈਸੇ ਲਾਟੂ ਹਾਲ ਜੀ, ਆਪ ਬਿਨਾਂ ਆਉਂਦੀ ਨਹੀਂ ਛੰਦ ਚਾਲ ਜੀ, ਚਾਨਣ ਖਜ਼ਾਨਾ ਗੁਰੂ ਥੋਡੇ ਪਾਸ ਜੀ, ਕਾਵਿ ਕਰਾਂ ਸ਼ੁਰੂ ਛੰਦ ਆਉਣ ਰਾਸ ਜੀ। ਮੇਰੇ ਨਹੀਂ ਵੱਸ ਗੱਲ ਵਿਦਵਾਨੀਐ, ਗੁਰੂ ਮੱਤ ਦੇਵੇ ਰੁੱਕਦੀ ਨਾ ਕਾਨੀਐ, ਚਲ ਚਲ ਫੇਰ ਬਣ ਜਾਵੇ ਖਾਸ ਜੀ, ਕਾਵਿ ਕਰਾਂ ਸ਼ੁਰੂ ਛੰਦ ਆਉਣ ਰਾਸ ਜੀ। ਭਾਨ ਬਿਨ ਹੁੰਦੀ ਨਾ ਚਮਕ ਤਾਰੇ ਦੀ, ਮੈਲ ਨਹੀਂ ਜਾਂਦੀ ਵੈਦ ਬਿਨ ਪਾਰੇ ਦੀ, ਗੁਰੂ ਬਿਨ ਚੇਲਾ ਨਹੀਂ ਹੁੰਦਾ ਪਾਸ ਜੀ, ਕਾਵਿ ਕਰਾਂ ਸ਼ੁਰੂ ਛੰਦ ਆਉਣ ਰਾਸ ਜੀ। ਰਾਮ ਰਾਮ ਕਹਿਕੇ ਕਰਾਂ ਤਿੰਨੋਂ ਯਾਦ ਜੀ, ਗੁਰੂ ਪਿਤਾ ਰਾਮ ਬਾਕੀ ਸਭ ਬਾਅਦ ਜੀ, ਕਾਰਨ ਤਿੰਨਾਂ ਦੇ ਚਲਦੇ ਨੇ ਸਾਸ ਜੀ, ਕਾਵਿ ਕਰਾਂ ਸ਼ੁਰੂ ਛੰਦ ਆਉਣ ਰਾਸ ਜੀ। ਗਿਆਨ ਵਾਲੀ ਤਾਕੀ ਮੇਰੀ ਕੋਲੋਂ ਗੁਰੂ ਜੀ, ਲਿਖਣੇ ਸ਼ਬਦ ਕਾਨੀ ਕਰੇ ਸ਼ੁਰੂ ਜੀ, ਭੰਮੇਂ ਤਾਂਈਂ ਰੱਖੋ ਚਰਨਾ ਦੇ ਪਾਸ ਜੀ, ਕਾਵਿ ਕਰਾਂ ਸ਼ੁਰੂ ਛੰਦ ਆਉਣ ਰਾਸ ਜੀ।

ਮੰਗਲਾ ਚਰਨ

ਮੈਂ ਤਾਂ ਕਰਾਂ ਅਰਦਾਸ, ਗੁਰਚਰਨਾਂ ਦੇ ਪਾਸ, ਕਰੋ ਦੁੱਖਾਂ ਵਾਲਾ ਨਾਸ, ਪਰਬਦਗਾਰ ਜੀ, ਕ੍ਰਿਸ਼ਨ ਮੁਰਾਰ ਜੀ, ਮੈਂ ਹਾਂ ਆਪ ਜੀ ਦਾ ਦਾਸ,ਲੈਕੇ ਖੜਾ ਇੱਕ ਆਸ, ਮੇਰੇ ਕਰੋ ਕਾਜ਼ ਰਾਸ,ਬੇੜਾ ਕਰੋ ਪਾਰ ਜੀ, ਕ੍ਰਿਸ਼ਨ ਮੁਰਾਰ ਜੀ, ਨਮੋ ਨਮੋ ਆਪ ਕੋ ਕਰੋੜਾਂ ਵਾਰ ਜੀ, ਕ੍ਰਿਸ਼ਨ ਮੁਰਾਰ ਜੀ। ਤੁਸੀਂ ਪਹਿਲਾਂ ਬੜੇ ਤਾਰੇ,ਵੱਛੇ ਵੱਛੀਆਂ ਵਿਚਾਰੇ, ਵਿਖ ਦੇਣ ਵਾਲੇ ਸਾਰੇ, ਤੁਸੀਂ ਦਿੱਤੇ ਤਾਰ ਜੀ, ਕ੍ਰਿਸ਼ਨ ਮੁਰਾਰ ਜੀ, ਮੁਕੀ ਰਾਤ ਦੁੱਖਦਾਈ,ਚਾਰੇ ਪਾਸੇ ਰੁਸ਼ਨਾਈ, ਸਭੇ ਜਾਂਦੇ ਗੀਤ ਗਾਈ, ਖੁਸ਼ ਨਰ ਨਾਰ ਜੀ, ਕ੍ਰਿਸ਼ਨ ਮੁਰਾਰ ਜੀ, ਨਮੋ ਨਮੋ ਆਪ ਕੋ ਕਰੋੜਾਂ ਵਾਰ ਜੀ, ਕ੍ਰਿਸ਼ਨ ਮੁਰਾਰ ਜੀ। ਬਾਲ ਲੀਲਾ ਚੋਜ਼ ਨਿਆਰੇ,ਪੁਜੇ ਨੰਦ ਦੇ ਦੁਆਰੇ, ਦੈਂਤ ਲੱਭ ਲੱਭ ਹਾਰੇ, ਕਿੰਨੇ ਦਿੱਤੇ ਮਾਰ ਜੀ, ਕ੍ਰਿਸ਼ਨ ਮੁਰਾਰ ਜੀ, ਵਿਖ ਦੁੱਧੀਆਂ ਤੇ ਲਾਵੇ,ਸੀਰ ਪੂਤਨਾ ਚੰਘਾਵੇ, ਜਿੰਦ ਔਖੀ ਹੁੰਦੀ ਜਾਵੇ,ਸਾਸ ਬੈਠੀ ਹਾਰ ਜੀ, ਕ੍ਰਿਸ਼ਨ ਮੁਰਾਰ ਜੀ, ਨਮੋ ਨਮੋ ਆਪ ਕੋ ਕਰੋੜਾਂ ਵਾਰ ਜੀ, ਕ੍ਰਿਸ਼ਨ ਮੁਰਾਰ ਜੀ। ਗਲੀ ਗਲੀ ਵਿੱਚ ਸ਼ੋਰ,ਕ੍ਹਾਨਾ ਮੱਖਣ ਦਾ ਚੋਰ, ਬੰਦ ਕਰ ਰੱਖੋ ਡੋਰ, ਕਰਦੇ ਪੁਕਾਰ ਜੀ, ਕ੍ਰਿਸ਼ਨ ਮੁਰਾਰ ਜੀ, ਕਈ ਕਹਿੰਦੇ ਮਾਤਾ ਕੋਲ,ਕ੍ਹਾਨੇ ਦੁੱਧ ਦਿੱਤਾ ਡ੍ਹੋਲ, ਸਾਨੂੰ ਦਿਓ ਓਨਾ ਤੋਲ, ਆਖਦੇ ਉਚਾਰ ਜੀ, ਕ੍ਰਿਸ਼ਨ ਮੁਰਾਰ ਜੀ, ਨਮੋ ਨਮੋ ਆਪ ਕੋ ਕਰੋੜਾਂ ਵਾਰ ਜੀ, ਕ੍ਰਿਸ਼ਨ ਮੁਰਾਰ ਜੀ। ਵੇਖ ਮਟਕੇ ਨੂੰ ਦੰਗ, ਪੂਰਾ ਮੱਖਣ ਦੇ ਸੰਗ, ਸਾਰੇ ਰਹੇ ਮਾਫ਼ੀ ਮੰਗ, ਹੈ ਨਮਸਕਾਰ ਜੀ, ਕ੍ਰਿਸ਼ਨ ਮੁਰਾਰ ਜੀ, ਇਹੇ ਬਾਲਕ ਨਾ ਆਮ, ਲੱਗੇ ਫੇਰ ਆ ਗਏ ਰਾਮ, ਬਣੂ ਗੋਕਲ ਜੋ ਧਾਮ, ਵਿੱਚ ਸੰਸਾਰ ਜੀ, ਕ੍ਰਿਸ਼ਨ ਮੁਰਾਰ ਜੀ, ਨਮੋ ਨਮੋ ਆਪ ਕੋ ਕਰੋੜਾਂ ਵਾਰ ਜੀ, ਕ੍ਰਿਸ਼ਨ ਮੁਰਾਰ ਜੀ। ਫੇਰ ਬਣਕੇ ਗੋਪਾਲ, ਲਈ ਮੁਰਲੀ ਸੰਭਾਲ, ਤੁਸਾਂ ਕਰਤੀ ਕਮਾਲ,ਸੀਨੇ ਦਿੱਤੇ ਠਾਰ ਜੀ, ਕ੍ਰਿਸ਼ਨ ਮੁਰਾਰ ਜੀ, ਮਿੱਠੀ ਸੁਣ ਤੇਰੀ ਬਾਣੀ,ਨੱਚੇ ਕੁਦਰਤ ਰਾਣੀ, ਖੁਸ਼ ਜਗਤ ਪ੍ਰਾਣੀ,ਸਣੇ ਅਵਤਾਰ ਜੀ, ਕ੍ਰਿਸ਼ਨ ਮੁਰਾਰ ਜੀ, ਨਮੋ ਨਮੋ ਆਪ ਕੋ ਕਰੋੜਾਂ ਵਾਰ ਜੀ, ਕ੍ਰਿਸ਼ਨ ਮੁਰਾਰ ਜੀ। ਸੱਦੇ ਦਰੋਪਤੀ ਦੇ ਆਏ,ਚੀਰ ਸਭਾ ਚ ਵਧਾਏ, ਤੁਸੀਂ ਐਨੇ ਢੇਰ ਲਾਏ, ਤੋੜਿਆ ਹੰਕਾਰ ਜੀ, ਕ੍ਰਿਸ਼ਨ ਮੁਰਾਰ ਜੀ, ਵੇਖ ਪਾਪੀ ਘਬਰਾਏ, ਕਿੱਥੋਂ ਐਨੇ ਚੀਰ ਆਏ, ਸਾਰੇ ਕੈਰਵਾਂ ਦੇ ਜਾਏ, ਯੋਧੇ ਸ਼ਰਮਸਾਰ ਜੀ, ਕ੍ਰਿਸ਼ਨ ਮੁਰਾਰ ਜੀ, ਨਮੋ ਨਮੋ ਆਪ ਕੋ ਕਰੋੜਾਂ ਵਾਰ ਜੀ, ਕ੍ਰਿਸ਼ਨ ਮੁਰਾਰ ਜੀ। ਰੱਥ ਪਾਂਡੋ ਦਾ ਚਲਾਕੇ,ਸੰਖ ਜਿੱਤ ਦਾ ਵਜਾਕੇ, ਬੁਰਜ਼ ਹੋਮੈ ਵਾਲਾ ਢਾਹਕੇ, ਬਣੇਂ ਮੱਦਦਗਾਰ ਜੀ, ਕ੍ਰਿਸ਼ਨ ਮੁਰਾਰ ਜੀ, ਗੀਤਾ ਯੁੱਧ ਚ ਸੁਣਾਈ, ਰਾਜਨੀਤੀ ਸਮਝਾਈ, ਦੁੱਖ ਉਡ ਜਾਣੇ ਭਾਈ,ਹੋਣੀ ਜੈ ਜੈ ਕਾਰ ਜੀ, ਕ੍ਰਿਸ਼ਨ ਮੁਰਾਰ ਜੀ, ਨਮੋ ਨਮੋ ਆਪ ਕੋ ਕਰੋੜਾਂ ਵਾਰ ਜੀ, ਕ੍ਰਿਸ਼ਨ ਮੁਰਾਰ ਜੀ। ਤੇਰੇ ਰੰਗ ਨੇ ਨਿਆਰੇ, ਤੈਨੂੰ ਭਗਤ ਪਿਆਰੇ, ਉੱਚੇ ਕੀਤੇ ਥੱਕੇ ਹਾਰੇ, ਬਿੱਪਰ ਤੇ ਯਾਰ ਜੀ, ਕ੍ਰਿਸ਼ਨ ਮੁਰਾਰ ਜੀ, ਥੋਡੇ ਚਰਨਾਂ ਤੇ ਭਾਲ,ਹੋਜੋ ਭੰਮੇ ਤੇ ਦਿਆਲ, ਸਿੱਖ ਜਾਵੇ ਛੰਦ ਚਾਲ,ਬਣੇ ਕਿੱਸਾਕਾਰ ਜੀ, ਕ੍ਰਿਸ਼ਨ ਮੁਰਾਰ ਜੀ, ਨਮੋ ਨਮੋ ਆਪ ਕੋ ਕਰੋੜਾਂ ਵਾਰ ਜੀ, ਕ੍ਰਿਸ਼ਨ ਮੁਰਾਰ ਜੀ।

ਥੋਡੇ ਬਾਝੋਂ ਗੁਰੂ ਜੀ

ਬਿਨਾਂ ਗੁਰਾਂ ਦੇ ਘੁੱਪ ਹਨੇਰਾ ਸੂਰਜ਼ ਹੋਣ ਹਜਾਰਾਂ, ਕਿਸਮਤ ਚੰਗੀ ਸੰਗ ਹੋਂਵਦਾ ਮਿਲੇ ਨਾ ਵਿੱਚ ਬਜ਼ਾਰਾਂ, ਬੇਗੁਰਿਆਂ ਦਾ ਕੋਈ ਨਾ ਹਾਮੀ ਇਹ ਗੱਲ ਦੱਸੇ ਬਾਣੀ, ਥੋਡੇ ਬਾਝੋਂ ਗੁਰੂ ਜੀ ਸਾਡੀ ਕੀਮਤੀ ਕੌਡੀ ਕਾਣੀ ਪਵਨ ਅਤੇ ਗੁਰੂ ਦਾ ਦਰਜ਼ਾ ਇੱਕੋ ਦੱਸੇ ਗਿਆਨੀ, ਬਿਨ ਹਵਾ ਦੇ ਰਹਿਨੀ ਸਕਦਾ ਜੈਸੇ ਜਗਤ ਪ੍ਰਾਣੀ, ਸਿੱਖਿਆ ਗੁਰਾਂ ਦੀ ਕੱਢ ਲਿਆਉਂਦੀ ਡੂੰਘੇ ਖੂਹੋਂ ਪਾਣੀ, ਥੋਡੇ ਬਾਝੋਂ ਗੁਰੂ ਜੀ ਸਾਡੀ ਕੀਮਤੀ ਕੌਡੀ ਕਾਣੀ। ਔਖੇ ਪੈਂਡੇ ਸੌਖੇ ਲੱਗਣ ਗੁਰੂ ਬਤਾਵੇ ਯੁਕਤੀ, ਪੰਜਾਂ ਵਾਲੇ ਜ਼ਾਲ ਚੋਂ ਕੱਢਕੇ ਆਪ ਦਵਾਵੇ ਮੁਕਤੀ, ਬਿਨਾਂ ਗੁਰਾਂ ਦੇ ਨਹੀਂ ਸੁਲ਼ਝਦੀ ਪੂਰੀ ਉਲਝੀ ਤਾਣੀ, ਥੋਡੇ ਬਾਝੋਂ ਗੁਰੂ ਜੀ ਸਾਡੀ ਕੀਮਤੀ ਕੌਡੀ ਕਾਣੀ। ਜਿੰਨੇ ਸਾਧੂ ਸੂਰੇ ਗਿਆਨੀ ਬਿਨਾਂ ਗੁਰੂ ਨਾ ਕੋਈ, ਆਪਣੇ ਗੁਰੂਦੇਵ ਦੇ ਕਾਰਨ ਮਣਕੇ ਜਾਣ ਪਰੋਈ, ਵਿੱਚ ਜਗਤ ਦੇ ਸ਼ੋਭਾ ਹੁੰਦੀ ਮੌਜ਼ਾਂ ਜਾਂਦੇ ਮਾਣੀ, ਥੋਡੇ ਬਾਝੋਂ ਗੁਰੂ ਜੀ ਸਾਡੀ ਕੀਮਤੀ ਕੌਡੀ ਕਾਣੀ। ਵਿੱਚ ਦੁੱਖਾਂ ਧਰਵਾਸਾ ਦਿੰਦੀ ਸਦਾ ਗੁਰੂ ਦੀ ਸਿੱਖਿਆ, ਫਸਟ ਡਵੀਜ਼ਨ ਪਾਸ ਹੋ ਜਾਂਦਾ ਨਹੀਂ ਡਰੋਦੀ ਪ੍ਰੀਖਿਆ, ਮੋਹਰ ਗੁਰਾਂ ਦੀ ਉਚਾ ਕਰਦੀ ਹਾਣੀ ਨਾਲੋਂ ਹਾਣੀ, ਬੋਡੇ ਬਾਝੋਂ ਗੁਰੂ ਜੀ ਸਾਡੀ ਕੀਮਤੀ ਕੌਡੀ ਕਾਣੀ। ਗੁਰ ਮਿਲਦਾ ਪ੍ਰਮੇਸ਼ਰ ਮਿਲਦਾ ਠੰਡਾ ਹੁੰਦਾ ਸੀਨਾ, ਰੰਗ ਰੂਪ ਵੀ ਵੱਖਰਾ ਹੋਜੇ ਗੋਲੇ ਨਾਲੋਂ ਚੀਨਾ, ਮੰਦਬੁੱਧੀ ਨੂੰ ਹਰ ਕੋਈ ਆਖੇ ਇਹ ਹੈ ਜਿੰਦ ਸਿਆਣੀ, ਥੋਡੇ ਬਾਝੋਂ ਗੁਰੂ ਜੀ ਸਾਡੀ ਕੀਮਤੀ ਕੌਡੀ ਕਾਣੀ। ਥਰਮਲ ਵਿੱਚੋਂ ਬਿਜਲੀ ਲੈਕੇ ਲਾਟੂ ਚਾਨਣ ਕਰਦਾ, ਮੁੱਖ ਮੋੜਲੇ ਜੇਕਰ ਥਰਮਲ ਫਿਰ ਕਿਸੇ ਨਾ ਘਰਦਾ, ਬਿਨ ਰਾਜੇ ਦੇ ਕੌਣ ਆਖਦਾ ਤੂੰ ਹੈ ਸਾਡੀ ਰਾਣੀ, ਥੋਡੇ ਬਾਝੋਂ ਗੁਰੂ ਜੀ ਸਾਡੀ ਕੀਮਤੀ ਕੌਡੀ ਕਾਣੀ। ਵਿੱਚ ਭਲੇਖੇ ਲੋਕੀ ਆਖਣ ਦਰਸ਼ਨ ਬੜਾ ਸਿਆਣਾ ਸੱਚੀ ਗੱਲ ਤਾਂ ਏਹੀ ਜਾਣੋ ਇਹ ਤਾਂ ਅਜੇ ਨਿਆਣਾ, ਰਮਣ ਰੇਵਤੀ ਗੁਰੂ ਏਸਦੇ ਸਮਝੋ ਅਸਲ ਕਹਾਣੀ, ਥੋਡੇ ਬਾਝੋਂ ਗੁਰੂ ਜੀ ਸਾਡੀ ਕੀਮਤੀ ਕੌਡੀ ਕਾਣੀ।

ਸਮਝੋ ਤੇ ਸਮਝਾਓ

ਸਾਧੂ ਗਿਆਨੀ ਅਤੇ ਧਿਆਨੀ ਚਾਰੇ ਯੁੱਗੀਂ ਆਉਂਦੇ, ਸੁੱਖ ਲੋੜਦੇ ਹਰ ਇੱਕ ਦੀ ਹੀ ਦੁੱਖ ਭਜਾਉਣਾ ਚਾਹੁੰਦੇ, ਸਾਰੇ ਬੱਚੇ ਇੱਕ ਪਿਤਾ ਦੇ ਏਹੀ ਟੇਕ ਟਕਾਓ, ਸਭਦੇ ਸਾਂਝੇ ਗੁਰੂ ਗ੍ਰੰਥ ਜੀ ਸਮਝੋ ਤੇ ਸਮਝਾਓ। ਪਹਿਲੇ ਗੁਰਾਂ ਨੇ ਹੋਕਾ ਦਿੱਤਾ ਕੰਮ ਹੀ ਪੂਜਾ ਭਾਈ, ਵੰਡ ਛੱਕੋ ਤੇ ਨਾਮ ਜਪੋ ਦੁੱਖ ਨਾ ਦਾਣਾ ਰਾਈ, ਸਾਰਾ ਜੀਵਨ ਅੱਖਰ ਢਾਈ ਨਾਲ ਪਿਆਰ ਦੇ ਗਾਓ, ਸਭਦੇ ਸਾਂਝੇ ਗੁਰੂ ਗ੍ਰੰਥ ਜੀ ਸਮਝੋ ਤੇ ਸਮਝਾਓ। ਜੋ ਗੱਲਾਂ ਅੱਜ ਸਾਇੰਸ ਕਰਦੀ ਇਸ ਚੋਂ ਵਾਚੋ ਭਾਈ, ਲੱਖਾਂ ਚੰਦ ਤੇ ਤਾਰੇ ਦੱਸੇ ਧਰਤੀ ਦੂਣ ਸਵਾਈ, ਉੱਤਮ ਜਾਣੋ ਗਿਆਨ ਖਜ਼ਾਨਾ ਪੜ੍ਹਕੇ ਗਿਆਨ ਵਧਾਓ, ਸਭਦੇ ਸਾਂਝੇ ਗੁਰੂ ਗ੍ਰੰਥ ਜੀ ਸਮਝੋ ਤੇ ਸਮਝਾਓ। ਜੀਵਨ ਜੀਣ ਦੇ ਨੁਕਤੇ ਦੱਸੇ ਜੀਣਾ ਕਿਸ ਵਿਧ ਵੀਰੇ, ਕਿੰਨ੍ਹਾਂ ਦੋਸ਼ਾਂ ਤੋਂ ਬਚਕੇ ਰਹਿਣਾ ਕਿਵੇਂ ਪਰੋਣੇ ਹੀਰੇ, ਸੰਜਮ ਸਾਂਤੀ ਅੰਗ ਸੰਗ ਰੱਖੋ ਗੁੱਸਾ ਦੂਰ ਭਜਾਓ, ਸਭਦੇ ਸਾਂਝੇ ਗੁਰੁ ਗ੍ਰੰਥ ਜੀ ਸਮਝੋ ਤੇ ਸਮਝਾਓ। ਵਹਿਮ ਭਰਮ ਤੋਂ ਪਰਦਾ ਚੁੱਕਿਆ ਜਾਤ ਪਾਤ ਨਾ ਕੋਈ, ਬੱਚਿਆਂ ਵੱਲੋਂ ਦਿੱਤਾ ਖਾਣਾ ਮਾਂ ਨਾ ਖਾਂਦੀ ਮੋਈ, ਜਿਉਂਦੇ ਜੀਅ ਹੀ ਸੇਵਾ ਕਰਕੇ ਦਰਜ਼ਾ ਉਤਮ ਪਾਓ, ਸਭਦੇ ਸਾਂਝੇ ਗੁਰੁ ਗ੍ਰੰਥ ਜੀ ਸਮਝੋ ਤੇ ਸਮਝਾਓ। ਜਿਹੜਾ ਮਰਜ਼ੀ ਵਾਚੇ ਇਹਨਾਂ ਨੂੰ ਇਹ ਮੁਕਰੀ ਨੀ ਖਾਂਦੇ, ਗੁੱਝੀਆਂ ਰਮਜ਼ਾਂ ਦੱਸ ਦਿੰਦੇ ਨੇ ਪਲ ਦੇਰੀ ਨੀ ਲਾਂਦੇ, ਸ਼ਰਧਾ ਰੱਖਕੇ ਸੇਵਾ ਕਰਨੀ ਮਨ ਚਿੰਦਿਆਂ ਫਲ ਪਾਓ, ਸਭਦੇ ਸਾਂਝੇ ਗੁਰੁ ਗ੍ਰੰਥ ਜੀ ਸਮਝੋ ਤੇ ਸਮਝਾਓ। ਸਾਰੇ ਧਰਮ ਸਤਿਕਾਰ ਦੇ ਪਾਤਰ ਇਹ ਵੀ ਇਹ ਹਨ ਦੱਸਦੇ, ਗੁਰੂ ਭਗਤ ਭੱਟ ਤੇ ਗੁਰ ਸਿੱਖ ਸਭ ਵਿੱਚ ਇਹਨਾਂ ਦੇ ਵੱਸਦੇ, ਜੋਤ ਇਲਾਹੀ ਧੁਰ ਤੋਂ ਆਈ ਸ਼ਰਧਾ ਸੀਸ ਝਕਾਓ, ਸਭਦੇ ਸਾਂਝੇ ਗੁਰੁ ਗ੍ਰੰਥ ਜੀ ਸਮਝੋ ਤੇ ਸਮਝਾਓ। ਆਖਿਰ ਦੇ ਵਿੱਚ ਅਰਜ਼ ਭਰਾਵੋ ਜਮਾਂ ਕਰੋ ਨਾ ਦੇਰੀ, ਐਂਦੂੰ ਵੱਡਾ ਹੋਰ ਗੁਰੂ ਨਾ ਗੱਲ ਹੈ ਚਾਲੀ ਸੇਰੀ, ਗੁਰੂ ਮਾਨਿਓ ਗ੍ਰੰਥ ਭੰਮਿਆਂ ਗੁਰਾਂ ਦਾ ਬਚਨ ਪਗਾਓ ਸਭਦੇ ਸਾਂਝੇ ਗੁਰੁ ਗ੍ਰੰਥ ਜੀ ਸਮਝੋ ਤੇ ਸਮਝਾਓ।

ਸੁਤ ਬਲਕਾਰੀ

ਜਦੋਂ ਜ਼ੁਲਮ ਵੱਧਦੇ ਨੇ ਸੂਰੇ ਆਉਦੇ ਘੱਤ ਵਹੀਰਾਂ, ਮੀਰੀ ਤੇ ਪੀਰੀ ਦੀਆਂ ਪਹਿਨਣ ਆਕੇ ਦੋ ਸ਼ਮਸ਼ੀਰਾਂ, ਇੱਕ ਜੋਤ ਇਲਾਹੀ ਨੇ ਲੈ ਲੀ ਧਰਤ ਆਉਣ ਦੀ ਵਾਰੀ, ਅੱਜ ਘਰ ਮਾਂ ਜੀਤੋ ਦੇ ਪੈਦਾ ਹੋਇਆ ਸੁਤ ਬਲਕਾਰੀ। ਸਭ ਦੇਣ ਵਧਾਈਆਂ ਜੀ ਮਾਤਾ ਗੁਜਰੀ ਕੋਲੇ ਆਕੇ, ਅਸੀਂ ਹੋ ਨਿਹਾਲ ਗਏ ਮਾਤਾ ਜੀ ਦਰਸ਼ ਬਾਲ ਦਾ ਪਾਕੇ, ਮੁੱਖ ਵਾਂਗ ਭਾਨ ਦੇ ਜੀ ਸੂਰਤ ਜਾਪੇ ਬੜੀ ਨਿਆਰੀ, ਅੱਜ ਘਰ ਮਾਂ ਜੀਤੋ ਦੇ ਪੈਦਾ ਹੋਇਆ ਸੁਤ ਬਲਕਾਰੀ। ਚੰਦ ਸੂਰਜ਼ ਤਾਰੇ ਜੋ ਬਾਲ ਦਾ ਰੂਪ ਵੇਖ ਸ਼ਰਮਾਉਂਦੇ, ਦੇਵੀ ਦੇਵ ਅੰਬਰਾਂ ਚੋਂ ਖੁਸ਼ੀਆਂ ਵਿੱਚ ਨੇ ਫੁੱਲ ਵਰਸਾਉਂਦੇ, ਹੋਣੀ ਜਿੱਤ ਸਦਾ ਇਸਦੀ ਆਉਣੀ ਨੇੜ ਕਦੇ ਨਾ ਹਾਰੀ, ਅੱਜ ਘਰ ਮਾਂ ਜੀਤੋ ਦੇ ਪੈਦਾ ਹੋਇਆ ਸੁਤ ਬਲਕਾਰੀ। ਦਿਨ ਭਾਗਾਂ ਵਾਲੇ ਤੇ ਰਲ ਮਿਲ ਪਰੀਆਂ ਮੰਗਲ ਗਾਏ, ਪੌਣ ਮਹਿਕਾਂ ਵੰਡ ਰਹੀ ਰਾਖੇ ਆਨੰਦ ਪੁਰੀ ਦੇ ਆਏ, ਜੜ੍ਹ ਪੱਟਣੀ ਜ਼ੁਲਮਾਂ ਦੀ ਹੋਣੇ ਦੰਗ ਵੇਖ ਸੰਸਾਰੀ, ਅੱਜ ਘਰ ਮਾਂ ਜੀਤੋ ਦੇ ਪੈਦਾ ਹੋਇਆ ਸੁਤ ਬਲਕਾਰੀ। ਟੇਵੇ ਲਾ ਪੰਡਤਾਂ ਨੇ ਸਾਰਾ ਵਾਚਿਆ ਚੱਕਰ ਭਾਈ, ਜਮੀਂ ਭਾਰ ਮੁਕਤ ਹੋਣੀ ਸ਼ਕਤੀ ਸ਼ਕਤੀ ਦੇ ਘਰ ਆਈ, ਸਭ ਚਰਣੀ ਡਿੱਗਣਗੇ ਜਿੰਨੇ ਰਾਜੇ ਅੱਤਿਆਚਾਰੀ, ਅੱਜ ਘਰ ਮਾਂ ਜੀਤੋ ਦੇ ਪੈਦਾ ਹੋਇਆ ਸੁਤ ਬਲਕਾਰੀ। ਵੇਖ ਕੁਦਰਤ ਹੱਸ ਰਹੀ ਗੱਡੂ ਝੰਡੇ ਉਮਰ ਛਟੇਰੀ, ਬਾਪ ਦਾਦੇ ਨਾਲੋਂ ਵੀ ਹੋਣੀ ਵੱਧਕੇ ਵਿੱਚ ਦਲੇਰੀ, ਨਾ ਚਿੱਤ ਡਲਾਊਗਾ ਆਉਣੀ ਮੁਸ਼ਕਿਲ ਅੱਤੋਂ ਭਾਰੀ, ਅੱਜ ਘਰ ਮਾਂ ਜੀਤੋ ਦੇ ਪੈਦਾ ਹੋਇਆ ਸੁਤ ਬਲਕਾਰੀ। ਮੁੱਖ ਵੇਖ ਬਾਲਕੇ ਦਾ, ਦਾਦੀ ਲੱਖ-2 ਸ਼ੁਕਰ ਮਨਾਵੇ, ਗੁਰ ਨੌਵੇਂ ਵਾਂਗੂ ਜੀ ਬਾਲ ਦਾ ਮੁੱਖ ਭੁਲੇਖਾ ਪਾਵੇ, ਇਹ ਖੂਨ ਯੋਧਿਆਂ ਦਾ ਪੱਟੂ ਜੁਲਮਾਂ ਦੀ ਜੜ੍ਹ ਭਾਰੀ, ਅੱਜ ਘਰ ਮਾਂ ਜੀਤੋ ਦੇ ਪੈਦਾ ਹੋਇਆ ਸੁਤ ਬਲਕਾਰੀ। ਮਾਂ ਯੋਧੇ ਜਣਦੀਐ ਆਕੇ ਧਰਤੀ ਪਾਪ ਮਟਾਉਂਦੇ, ਕਰ ਰੱਖਿਆ ਧਰਮਾਂ ਦੀ ਜੁਲਮਾਂ ਤਾਂਈਂ ਭਸਮ ਬਣਉਂਦੇ, ਹੈ ਕ੍ਰਿਪਾ ਗੁਰੂਆਂ ਦੀ ਭੰਮਿਆਂ ਤੂੰ ਨਾ ਅਜੇ ਲਿਖਾਰੀ, ਅੱਜ ਘਰ ਮਾਂ ਜੀਤੋ ਦੇ ਪੈਦਾ ਹੋਇਆ ਸੁਤ ਬਲਕਾਰੀ।

ਜ਼ਾਲਮਾਂ ਜ਼ੁਲਮ ਦੀ ਹੱਦ ਮਿਟਾਈ

ਦਿਲ ਗਲ ਨੂੰ ਆਉਂਦਾ ਹੈ ਜਾਲਮਾਂ ਜ਼ੁਲਮ ਦੀ ਹੱਦ ਮਿਟਾਈ, ਦੋ ਨਾਲ ਪਿਆਰੇ ਸੀ ਉਹਨਾਂ ਸੰਗ ਸੀ ਗੁਜ਼ਰੀ ਮਾਈ, ਤਿੰਨ ਇਲਾਹੀ ਜੋਤਾਂ ਨੂੰ ਕਰਤਾ ਬੰਦ ਬੁਰਜ਼ ਵਿੱਚ ਭਾਈ, ਠੰਡੀ ਠੰਡੀ ਪੌਣ ਵਗੇ ਬੁਰਜ਼ ਵਿਚ ਠੰਡ ਸੀ ਦੂਣ ਸਵਾਈ। ਨਿੱਘ ਮਾਤਾ ਦੀ ਗੋਦੀ ਠੰਡ ਨਾ ਨੇੜ ਬਾਲਾਂ ਦੇ ਆਵੇ, ਸੁਣ ਗਾਥਾ ਯੋਧਿਆਂ ਦੀ ਗਰਮੀ ਅੰਦਰ ਵੱਧਦੀ ਜਾਵੇ, ਤੁਸੀਂ ਅੰਸ ਸੂਰਿਆਂ ਦੀ ਖੌਫ ਨਾ ਰੱਖਣਾ ਦਾਣਾ ਰਾਈ, ਠੰਡੀ ਠੰਡੀ ਪੌਣ ਵਗੇ ਬੁਰਜ਼ ਵਿਚ ਠੰਡ ਸੀ ਦੂਣ ਸਵਾਈ। ਸਰਸਾ ਨਦੀ ਕਿਨਾਰੇ ਜੀ ਵਿਛੜੇ ਲਾਲ ਗੁਰਾਂ ਦੇ ਚਾਰੇ, ਦੇ ਮਾਤਾ ਸੰਗ ਰਹੇ ਦੋ ਸੀ ਗੁਰੂਆਂ ਸੰਗ ਪਧਾਰੇ, ਸਮੇਂ ਦੀ ਝੁੱਗੀ ਚੋਂ ਲੈਣ ਸੀ ਲੱਛਮੀ ਬੀਬੀ ਆਈ, ਠੰਡੀ ਠੰਡੀ ਪੌਣ ਵਗੇ ਬੁਰਜ਼ ਵਿਚ ਠੰਡ ਸੀ ਦੂਣ ਸਵਾਈ। ਪਤਾ ਲੱਗਿਆ ਗੰਗੂ ਨੂੰ ਲੈ ਗਿਆ ਬੱਚਿਆਂ ਤਾਂਈਂ ਆਕੇ, ਦਿਲ ਕਾਲਾ ਕਰ ਬੈਠਾ ਲੰਗਰੋਂ ਲੂਣ ਗੁਰਾਂ ਦਾ ਖਾਕੇ, ਵੱਸ ਹੋਕੇ ਲਾਲਚ ਦੇ ਜਾ ਕਰ ਖਾਨ ਨੂੰ ਖਬਰ ਸਣਾਈ, ਠੰਡੀ ਠੰਡੀ ਪੌਣ ਵਗੇ ਬੁਰਜ਼ ਵਿਚ ਠੰਡ ਸੀ ਦੂਣ ਸਵਾਈ। ਹੋਰਾਂ ਦੇ ਜੋੜੇ ਨੂੰ ਫੜਕੇ ਲੈਗੇ ਚਾਰ ਸਿਪਾਹੀ, ਬਾਦਾਂ ਪੰਛੀ ਮਾਰ ਰਹੇ ਤੱਕ ਤੱਕ ਰੋਂਦੇ ਵੇਖੋ ਰਾਹੀ, ਬਣੇ ਸੋ ਨਿਹਾਲ ਦੇ ਯੋਧੇ ਜਾਣ ਜੈਕਾਰੇ ਲਾਈ, ਠੰਡੀ ਠੰਡੀ ਪੌਣ ਵਗੇ ਬੁਰਜ਼ ਵਿਚ ਠੰਡ ਸੀ ਦੂਣ ਸਵਾਈ। ਸਭ ਸਿਜਦਾ ਕਰਦੇ ਸੀ ਅੰਬਰੋਂ ਦੇਵੀ ਦੇਵ ਵੀ ਸਾਰੇ, ਜੜ੍ਹ ਪੱਟਣੀ ਜ਼ੁਲਮਾਂ ਦੀ ਢਹਿਣੇ ਪਾਪ ਦੇ ਉਚ ਮਿਨਾਰੇ, ਹਾਉਂਮੇ ਸਦਾ ਹਾਰਦੀਐ ਜਾਂਦੀ ਸਿਖਰਾਂ ਵੱਲ ਸਚਾਈ, ਠੰਡੀ ਠੰਡੀ ਪੌਣ ਵਗੇ ਬੁਰਜ਼ ਵਿਚ ਠੰਡ ਸੀ ਦੂਣ ਸਵਾਈ। ਤੱਤ ਗੁੱਸਾ ਸ਼ੇਰਾਂ ਦਾ ਖਾਨਾਂ ਨੂੰ ਹੋਈ ਬੜੀ ਹੈਰਾਨੀ, ਆਯੂ ਛੋਟੀ ਬਾਲਾਂ ਦੀ ਅੱਖੀਆਂ ਲਾਲ ਤੇ ਮੁਖ ਰੂਹਾਨੀ, ਇਦਾ ਖੂਨ ਯੋਧਿਆਂ ਦਾ ਮਜ਼ਲੂਮਾਂ ਖਾਤਰ ਕਰਨ ਲੜਾਈ, ਠੰਡੀ ਠੰਡੀ ਪੌਣ ਵਗੇ ਬੁਰਜ਼ ਵਿਚ ਠੰਡ ਸੀ ਦੂਣ ਸਵਾਈ। ਇਹ ਗਾਥਾ ਦਰਦਾਂ ਦੀ ਲਿਖਦੀ ਔਖੀ ਹੋਵੇ ਕਾਨੀ, ਨਾ ਹੋਰ ਦਿੱਸੇ ਕੋਈ ਬਾਜ਼ਾਂ ਵਾਲੇ ਜੈਸਾ ਦਾਨੀ, ਸਭ ਕ੍ਰਿਪਾ ਉਹਨਾਂ ਦੀ ਭੰਮੇ ਤੋਂ ਜਾਂਦੇ ਛੰਦ ਰਚਾਈ, ਠੰਡੀ ਠੰਡੀ ਪੌਣ ਵਗੇ ਬੁਰਜ਼ ਵਿਚ ਠੰਡ ਸੀ ਦੂਣ ਸਵਾਈ।

ਸੁਣੋ ਦਰਦ ਕਹਾਣੀ

ਨੌਵੇਂ ਗੁਰਾਂ ਨੂੰ ਪੰਡਤਾਂ ਨੇ ਅਰਜ਼ ਗੁਜਾਰੀ, ਲੱਪ ਲੱਪ ਹੰਝੂ ਕੇਰ ਕੇ ਦੱਸਦੇ गॅल ਸਾਰੀ, ਧਰਮ ਹਮਾਰਾ ਰੋਲਦੀ ਮੁਗਲਾਂ ਦੀ ਢਾਣੀ, ਸ਼ਰਨ ਆਪਦੀ ਆ ਗਏ ਸੁਣੋ ਦਰਦ ਕਹਾਣੀ। ਧੀਆਂ ਪੁੱਤਰ ਨਾਰੀਆਂ ਉਹਨਾਂ ਬਹੁਤ ਸਤਾਏ, ਪਸ਼ੂਆਂ ਵਾਂਗੂ ਦਾਤਿਆ ਹੈ ਮੂਹਰੇ ਲਾਏ, ਗਲੋਂ ਜਨੇਊ ਲਾਹ ਦਿਓ ਜੇ ਜਿੰਦ ਬਚਾਣੀ, ਸ਼ਰਨ ਆਪਦੀ ਆ ਗਏ ਸੁਣੋ ਦਰਦ ਕਹਾਣੀ। ਮੁਗਲਾਂ ਹੱਦ ਮਿਟਾਤੀ ਬਣੇ ਅੱਤਿਆਚਾਰੀ, ਵਾਂਗ ਬਘੇਰਿਆਂ ਘੁੰਮਦੇ ਸਮਝਣ ਬਲਕਾਰੀ, ਜੀਣਾ ਔਖਾ ਹੋ ਗਿਆ ਨਾ ਅੰਨ ਪਾਣੀ, ਸ਼ਰਨ ਆਪਦੀ ਆ ਗਏ ਸੁਣੋ ਦਰਦ ਕਹਾਣੀ। ਬਹੁਤ ਦਰਾਂ 'ਤੇ ਜਾਕੇ ਅਸੀਂ ਅਰਜ਼ ਗੁਜਾਰੀ, ਸਭ ਨੇ ਬੂਹੇ ਭੇੜਲੇ ਸੁਣੀ ਹਮਾਰੀ, ਭਮਾਕੇ ਬੈਠਗੇ ਰਾਜੇ ਸੰਗ ਰਾਣੀ, ਸ਼ਰਨ ਆਪਦੀ ਆ ਗਏ ਸੁਣੋ ਦਰਦ ਕਹਾਣੀ। ਸਾਥੀ ਨੇ ਸਭ ਸੁੱਖ ਦੇ ਨਾ ਦੁੱਖ ਵਿਚ ਕੋਈ, ਹੱਸੀਏ ਲੋਕੀ ਹੱਸਦੇ ਨਾ ਦਰਦਾਂ ਵਿਚ ਢੋਈ, ਹੋਰ ਕੋਈ ਨਾ ਦਿੱਸਦਾ ਸੁਲਝਾਵੇ ਤਾਣੀ, ਸ਼ਰਨ ਆਪਦੀ ਆ ਗਏ ਸੁਣੋ ਦਰਦ ਕਹਾਣੀ। ਸੱਤ ਵੀਹਾਂ ਦਾ ਸੈਕੜਾ ਕਰਦੇ ਜ਼ਰਵਾਣੇ, ਦਿੱਸਦਾ ਨਾ ਕੋਈ ਸੂਰਮਾਂ ਜੋ ਛਾਤੀ ਤਾਣੇ, ਖੁੱਡਾਂ ਅੰਦਰ ਬੈਠਗੇ ਬਣ ਗਿੱਦੜ ਹਾਣੀ, ਸ਼ਰਨ ਆਪਦੀ ਆ ਗਏ ਸੁਣੋ ਦਰਦ ਕਹਾਣੀ। ਅਰਜ਼ ਹਮਾਰੀ ਗੁਰੂ ਜੀ ਸਾਡਾ ਧਰਮ ਬਚਾਓ ਤੁਲੀ ਹਨੇਰੀ ਜੁਲਮ ਦੀ ਤੁਸੀਂ ਠੱਲਾਂ ਪਾਓ, ਠੰਡ ਵਰਤਾਉਂਦੀ ਆਪਦੇ ਮੁੱਖੜੇ ਦੀ ਬਾਣੀ, ਸ਼ਰਨ ਆਪਦੀ ਆ ਗਏ ਸੁਣੋ ਦਰਦ ਕਹਾਣੀ। ਪੰਥ ਨਿਰਾਲਾ ਆਪਦਾ ਅਸੀਂ ਸੁਣਕੇ ਆਏ, ਆਸਾਂ ਕਰ ਦਿਓ ਪੂਰੀਆਂ ਪਏ ਹਾਂ ਘਬਰਾਏ, ਜੋਤ ਇਲਾਹੀ ਆਪ ਹੋ ਨਾ ਜਗਤ ਪ੍ਰਾਣੀ ਸ਼ਰਨ ਆਪਦੀ ਆ ਗਏ ਸੁਣੋ ਦਰਦ ਕਹਾਣੀ। ਭੰਮੇ ਵਰਗੇ ਵੇਖਲੋ ਭੱਜੇ ਨੇ ਫਿਰਦੇ, ਕਹਿੰਦੇ ਛੰਦ ਸਿਖਾਈਏ ਅਸੀਂ ਕਿੰਨੇ ਚਿਰਦੇ, ਉਹਨਾਂ ਵਾਂਗੂ ਸਾਡੇ ਵੀ ਸਿਰ ਲੱਠ ਟਿਕਾਣੀ, ਸ਼ਰਨ ਆਪਦੀ ਆ ਗਏ ਸੁਣੋ ਦਰਦ ਕਹਾਣੀ।

ਕੁਦਰਤ ਰਾਣੀ

ਰੰਗ ਬੇਰੰਗੀ ਦੁਨੀਆਂ ਕੀ ਚਮਕਾਰਾ ਰੰਗਾਂ ਦਾ, ਤੁਰ ਫਿਰਕੇ ਮੈਂ ਵੇਖਿਆ ਯਾਰ ਨਜ਼ਾਰਾ ਰੰਗਾਂ ਦਾ, ਕਈ ਗੁੜ੍ਹੇ ਕਈ ਫਿਕੇ ਤੰਦ ਨੇ ਇੱਕੋ ਤਾਣੀ ਦੇ, ਮੈਂ ਬਲਿਹਾਰੇ ਜਾਵਾਂ ਉਸਦੀ ਕੁਦਰਤ ਰਾਣੀ ਦੇ। ਪਲ ਵਿੱਚ ਚਿੱੜੀ ਤਿਹਾਈ ਪਲ ਵਿਚ ਡੋਬੇ ਸਾਰਿਆਂ ਨੂੰ, ਖੰਡਰ ਵਾਂਗ ਬਣਾਦੇ ਦਿਸਦੇ ਉਚ ਚੁਬਾਰਿਆਂ ਨੂੰ, ਮੁੱਲ ਅਰਬਾਂ ਦਾ ਰੱਖਦੇ ਨਾ ਵਿਕਦੇ ਕੌਡੀ ਕਾਣੀ ਦੇ, ਮੈਂ ਬਲਿਹਾਰੇ ਜਾਵਾਂ ਉਸਦੀ ਕੁਦਰਤ ਰਾਣੀ ਦੇ। ਫੱਗਣ ਸਾਉਣ ਬਣਾਵੇ ਪੋਹ ਨੂੰ ਜੇਠ ਬਣਾ ਦਿੰਦਾ, ਪੰਡਤਾਂ ਤਾਂਈਂ ਜਾਲੀ ਮੁੱਖੋਂ ਗੀਤਾ ਪਾਠ ਸੁਣਾ ਦਿੰਦਾ, ਸੁਕਿਓ ਮੀਨ ਬਚਾਵੇ ਮਾਰੇ ਵਿੱਚ ਜਾ ਪਾਣੀ ਦੇ, ਮੈਂ ਬਲਿਹਾਰੇ ਜਾਵਾਂ ਉਸਦੀ ਕੁਦਰਤ ਰਾਣੀ ਦੇ। ਮਾਤਾ ਲਿਆਂਦਾ ਭੋਜਨ ਬੱਚਿਆਂ ਤਾਂਈਂ ਖਾ ਜਾਂਦਾ, ਨਾਗ ਸੁਬੀਓ ਬਣਕੇ ਜ਼ਹਿਰੀ ਡੰਗ ਚਲਾ ਜਾਂਦਾ, ਤੱਕ ਤੱਕ ਹੋਣ ਹੈਰਾਨ ਆਵੇ ਨਾ ਸਮਝ ਪ੍ਰਾਣੀ ਦੇ, ਮੈਂ ਬਲਿਹਾਰੇ ਜਾਵਾਂ ਉਸਦੀ ਕੁਦਰਤ ਰਾਣੀ ਦੇ। ਕਿੱਧਰੇ ਪਰਬਤ ਉਚੇ ਕਿੱਧਰੇ ਨਦੀਆਂ ਸਾਗਰ ਨੇ, ਕਿੱਧਰੇ ਵਣਜ਼ ਕੂੜ ਦਾ ਹੁੰਦਾ ਕਿੱਧਰੇ ਹੇਮ ਸੁਦਾਗਰ ਨੇ, ਉਸਦੇ ਰੂਪ ਅਨੇਕਾਂ ਸਾਥੋਂ ਨਹੀਂ ਪਛਾਣੀ ਦੇ, ਮੈਂ ਬਲਿਹਾਰੇ ਜਾਵਾਂ ਉਸਦੀ ਕੁਦਰਤ ਰਾਣੀ ਦੇ। ਰੰਕੋ ਰਾਠ ਬਣਾਉਦਾ ਮੰਗਣ ਲਾਵੇ ਰਾਠਾਂ ਨੂੰ, ਰੁੱਖ ਜੰਗਲ ਦਾ ਲੱਗਦਾ ਵੀਰੋ ਆਣ ਚੁਗਾਠਾਂ ਨੂੰ, ਵਿੱਚ ਪਲਾਂ ਦੇ ਡਿੱਗਣ ਫੁੱਲ ਜੋ ਚਮਕਣ ਟਾਹਣੀ ਦੇ, ਮੈਂ ਬਲਿਹਾਰੇ ਜਾਵਾਂ ਉਸਦੀ ਕੁਦਰਤ ਰਾਣੀ ਦੇ। ਕੁਦਰਤ ਦੇ ਸੰਗ ਰਹਿਕੇ ਲਈਏ ਖੂਬ ਨਜ਼ਾਰੇ ਜੀ, ਕੀ ਲੈਣਾ ਇਸ ਨੂੰ ਪੁਛਕੇ ਕਿੱਥੇ ਤਖੱਤ ਹਜ਼ਾਰੇ ਜੀ, ਉਚਾ ਇਸਨੂੰ ਦੱਸਿਆ ਪੜ੍ਹਲੋ ਵਿੱਚ ਗੁਰਬਾਣੀ ਦੇ, ਮੈਂ ਬਲਿਹਾਰੇ ਜਾਵਾਂ ਉਸਦੀ ਕੁਦਰਤ ਰਾਣੀ ਦੇ। ਭੰਮੇ ਕਰਦਾ ਅਰਜ਼ ਭਰਾਵੋ ਪਰਬਦਗਾਰ ਸਿਹਤ ਨਿਰੋਈ ਬਖਸ਼ੀ ਦਾਤਾ ਸਗਲੇ ਸੰਸਾਰ ਕਰੋਨਾ ਵਰਗੇ ਕਾਤਿਲ ਵੈਰੀ ਜਿੰਦ ਨਿਮਾਣੀ ਦੇ ਮੈਂ ਬਲਿਹਾਰੇ ਜਾਵਾਂ ਉਸਦੀ ਕੁਦਰਤ ਰਾਣੀ ਦੇ।

ਤੇਰੇ ਰੰਗ ਨਿਆਰੇ ਦਾਤਾ

ਪਹਿਲਾਂ ਕਹਿੰਦੇ ਸੁਣ ਵੀ ਪਾਂਡੇ ਮੈਂ ਜੰਝੂ ਨੀ ਪਾਉਣਾ, ਇਹ ਸੰਸਾਰੀ ਧਾਗਾ ਮੇਰੇ ਕਿਸੇ ਕੰਮ ਨਾ ਆਉਣਾ, ਫੇਰ ਏਸਦੀ ਰੱਖਿਆ ਖਾਤਰ ਦਿੱਲੀ ਸੀਸ ਕਟਾਇਆ, ਤੇਰੇ ਰੰਗ ਨਿਆਰੇ ਦਾਤਾ ਭੇਤ ਕਿਸੇ ਨਾ ਪਾਇਆ। ਇੱਕ ਰੋਟੀ ਚੋਂ ਖੂਨ ਕੱਢਿਆ ਦੂਜੀ ਚੋਂ ਦੁੱਧ ਆਵੇ, ਕਿਰਤੀ ਵਾਲਾ ਖਾਣਾ ਚੰਗਾ ਰੋਗ ਕੋਈ ਨਾ ਲਾਵੇ, ਆਪਣਾ ਹੱਕ ਸਦਾ ਹੀ ਮੰਗਣਾ ਮਾੜਾ ਹੱਕ ਪਰਾਇਆ, ਤੇਰੇ ਰੰਗ ਨਿਆਰੇ ਦਾਤਾ ਭੇਤ ਕਿਸੇ ਨਾ ਪਾਇਆ। ਦੁਸ਼ਮਣ ਮੀਤ ਬਰਾਬਰ ਜਾਣੋ ਇਹ ਵੀ ਗੱਲ ਬਤਾਈ, ਜ਼ਾਲਮ ਵਾਲਾ ਗਾਟਾ ਲਾਹੁਣਾ ਪਿੱਛੇ ਹਟੋ ਨਾ ਭਾਈ, ਖੂਨ ਲਾਲ ਹੈ ਸਭਦਾ ਵੀਰੋ ਨੁਕਤਾ ਅਸਲ ਬਤਾਇਆ, ਤੇਰੇ ਰੰਗ ਨਿਆਰੇ ਦਾਤਾ ਭੇਤ ਕਿਸੇ ਨਾ ਪਾਇਆ। ਤੱਤੀ ਤਵੀ ਤੇ ਮਾਰ ਚੌਕੜਾ ਬੈਠੇ ਵਾਂਗ ਨਵਾਬਾਂ, ਗਰਮ ਰੇਤ ਪਵੇ ਵਿੱਚ ਕੇਸਾਂ ਕੇਸ ਨੇ ਤਾਰ ਰਬਾਬਾਂ, ਰਾਮ ਰਾਮ ਦੀ ਧੁਨ ਆਂਵਦੀ ਠੰਡੀ ਠੰਡੀ ਕਾਇਆ, ਤੇਰੇ ਰੰਗ ਨਿਆਰੇ ਦਾਤਾ ਭੇਤ ਕਿਸੇ ਨਾ ਪਾਇਆ। ਮੀਰੀ ਅਤੇ ਪੀਰੀ ਵਾਲੀਆਂ ਪਾਈਆਂ ਦੋ ਤਲਵਾਰਾਂ, ਭਗਤੀ ਸ਼ਕਤੀ ਮੇਲ ਅਨੋਖਾ ਦੰਗ ਵੇਖ ਸਰਕਾਰਾਂ, ਸਾਰੇ ਰਾਜੇ ਨਾਲ ਲਿਜਾਣੇ ਜੇਲਰ ਨੂੰ ਫਰਮਾਇਆ। ਤੇਰੇ ਰੰਗ ਨਿਆਰੇ ਦਾਤਾ ਭੇਤ ਕਿਸੇ ਨਾ ਪਾਇਆ। ਗੁਰੂ ਅਨੇਕਾਂ ਬਣਗੇ ਆਪੇ ਬੈਠੇ ਖੋਲ ਦੁਕਾਨਾਂ, ਦੂਰੋਂ ਦੂਰੋਂ ਆ ਮੱਥਾ ਟੇਕਣ ਮਰਦਾਂ ਸਣੇ ਰਕਾਨਾਂ, ਮੱਖਣ ਸ਼ਾਹ ਲੁਬਾਣਾ ਵਾਲਾ ਬੇੜਾ ਪਾਰ ਲੰਘਾਇਆ, ਤੇਰੇ ਰੰਗ ਨਿਆਰੇ ਦਾਤਾ ਭੇਤ ਕਿਸੇ ਨਾ ਪਾਇਆ। ਖੂਨ ਦਾ ਕਤਰਾ ਕਤਰਾ ਪਾਕੇ ਪ੍ਰੇਮ ਦੀ ਜੋਤ ਜਗਾਈ, ਸਾਰਾ ਟੱਬਰ ਵਾਰਕੇ ਆਖੇ ਉਸਦਾ ਭਾਣਾ ਭਾਈ, -- ਗੁਰ ਤੋਂ ਚੇਲਾ ਬਣ ਮਾਲਕਾ ਖਾਲਸਾ ਪੰਥ ਸਜਾਇਆ, ਤੇਰੇ ਰੰਗ ਨਿਆਰੇ ਦਾਤਾ ਭੇਤ ਕਿਸੇ ਨਾ ਪਾਇਆ। ਕਿਹੜੇ ਕਿਹੜੇ ਚੋਜ਼ ਬਿਆਨਾ ਛੋਟੀ ਮੱਤ ਹੈ ਮੇਰੀ, ਜਿੰਨੇ ਅੱਖਰ ਲਿਖੇ ਕਾਨੀ ਨੇ ਇਹ ਵੀ ਰਹਿਮਤ ਤੇਰੀ, ਦਰਸ਼ਨ ਸ਼ੀਹ ਨਾਦਾਨ ਮਾਲਕਾ ਭੰਮੇ ਪਿੰਡ ਦਾ ਜਾਇਆ, ਤੇਰੇ ਰੰਗ ਨਿਆਰੇ ਦਾਤਾ ਭੇਤ ਕਿਸੇ ਨਾ ਪਾਇਆ।

ਸਮਝੋ ਅਸਲ ਕਹਾਣੀ

ਬ੍ਰਹਮਾਂ ਬਿਸ਼ਨ ਮਹੇਸ਼ ਦੇਵਤੇ ਏਸ ਜਗਤ ਦੇ ਮਾਲੀ, ਆਪ ਉਪਜਦੇ ਆਪ ਮੇਟਦੇ ਆਪ ਕਰਨ ਰੱਖਵਾਲੀ, ਸੁਣਨ ਪੜ੍ਹਣ ਵਿੱਚ ਏਹੀ ਆਉਂਦਾ ਨਾ ਵੇਖੇ ਅੱਖਾਂ ਥਾਣੀ, ਮਾਂ ਦੀ ਦੇਹੀ ਤਿੰਨੋਂ ਵੱਸਦੇ ਸਮਝੋ ਅਸਲ ਕਹਾਣੀ। ਸਭ ਤੋਂ ਪਹਿਲਾਂ ਮਾਂ ਮੰਦਰ ਵਿੱਚ ਜੀਵ ਵਾਸ ਹੈ ਕਰਦਾ, ਮਾਂ ਦੇ ਖਾਣੇ ਵਿੱਚੋਂ ਖਾਕੇ ਪੇਟ ਆਪਣਾ ਭਰਦਾ, ਦੁੱਧ ਲੱਸੀ ਤੇ ਮੱਖਣ ਮਿਲਦਾ ਨਾਲੇ ਮਿਲਦਾ ਪਾਣੀ, ਮਾਂ ਦੀ ਦੇਹੀ ਤਿੰਨੋਂ ਵੱਸਦੇ ਸਮਝੋ ਅਸਲ ਕਹਾਣੀ। ਬਿਨ ਵੇਖੇ ਨੂੰ ਨਾਲ ਸ਼ੌਕ ਦੇ ਰੱਖੇ ਨੌ ਮਹੀਨੇ, ਚੰਗਾ ਮਾੜਾ ਕੈਸਾ ਹੋਵੇ ਚੱਕ ਲਗਾਉਂਦੀ ਸੀਨੇ, ਇਸਦੇ ਕਾਰਣ ਆਉਣ ਜਗਤ ਤੇ ਜਿੰਨੇ ਜਗਤ ਪ੍ਰਾਣੀ, ਮਾਂ ਦੀ ਦੇਹੀ ਤਿੰਨੋਂ ਵੱਸਦੇ ਸਮਝੋ ਅਸਲ ਕਹਾਣੀ। ਭੁੱਖੀ ਰਹਿਕੇ ਕਰੇ ਪਾਲਣਾ ਨਾ ਅੱਕੇ ਨਾ ਥੱਕੇ, ਅੰਮ੍ਰਿਤ ਵਰਗਾ ਸੀਰ ਚੰਘਾਉਂਦੀ ਰੋਂਦੇ ਤਾਂਈਂ ਚੱਕੇ, ਦੁੱਖ ਬੱਚੇ ਦਾ ਸਹਿਨੀ ਸਕਦੀ ਝੂਠ ਨਾ ਰੱਤੀ ਕਾਣੀ, ਮਾਂ ਦੀ ਦੇਹੀ ਤਿੰਨੋਂ ਵੱਸਦੇ ਸਮਝੋ ਅਸਲ ਕਹਾਣੀ। ਜਿੰਨ੍ਹਾਂ ਸਿਰਾਂ ਤੇ ਹੱਥ ਮਾਤਾ ਦਾ ਭਾਗ ਉਹਨਾਂ ਦੇ ਚੰਗੇ, ਐਦੂੰ ਵੱਡਾ ਹੋਰ ਨਾ ਦਾਤਾ ਜੋ ਜੀਅ ਚਾਹੇ ਮੰਗੇ, ਦੇਣੋਂ ਮੂਲ ਨਾ ਸੰਗੇ ਵੀਰੋ ਇਹ ਦਾਤਾਂ ਦੀ ਰਾਣੀ, ਮਾਂ ਦੀ ਦੇਹੀ ਤਿੰਨੋਂ ਵੱਸਦੇ ਸਮਝੋ ਅਸਲ ਕਹਾਣੀ। ਇੱਕ ਪੂਜਕੇ ਤਿੰਨ ਪੂਜਲੇ ਜਾਣੋ ਅਸਲ ਸਚਾਈ, ਜਿੰਨੇ ਧਰਮ ਗ੍ਰੰਥ ਵੀਰਨੋ ਏਹੀ ਜਾਣ ਬਤਾਈ, ਰੱਬ ਵੀ ਆਕੇ ਚਰਨੀਂ ਬਹਿੰਦਾ ਨਾਲੇ ਰੱਬ ਦੇ ਹਾਣੀ, ਮਾਂ ਦੀ ਦੇਹੀ ਤਿੰਨੋਂ ਵੱਸਦੇ ਸਮਝੋ ਅਸਲ ਕਹਾਣੀ। ਇਸ ਮੰਦਰ ਤੋਂ ਵੱਡਾ ਮੰਦਰ ਹੋਰ ਕਿਤੇ ਨਾ ਭਾਈ, ਚਿੱਤ ਲਗਾਕੇ ਪੂਜੋ ਇਸਨੂੰ ਹੋਵੇ ਫਿਰ ਰੁਸ਼ਨਾਈ, ਵਿੱਚ ਦੁੱਖ ਦੇ ਹਰ ਦੇ ਮੁੱਖੋਂ ਮਾਂ ਦੀ ਧੁਨ ਹੀ ਆਣੀ, ਮਾਂ ਦੀ ਦੇਹੀ ਤਿੰਨੋਂ ਵੱਸਦੇ ਸਮਝੋ ਅਸਲ ਕਹਾਣੀ। ਪਾਠ ਪੂਜਾ ਦਾ ਲਾਭ ਨਾ ਕੋਈ ਜੇ ਨਾ ਮਾਂ ਦੀ ਸੇਵਾ, ਮਾਂ ਦੀ ਸੇਵਾ ਤੀਰਥ ਵੱਡਾ ਮਿਲੇ ਅਨੋਖਾ ਮੇਵਾ, ਦਰਜਾ ਮਾਂ ਦਾ ਸਭ ਤੋਂ ਉਤਮ ਭੰਮੇ ਟੇਕ ਟਕਾਣੀ, ਮਾਂ ਦੀ ਦੇਹੀ ਤਿੰਨੋਂ ਵੱਸਦੇ ਸਮਝੋ ਅਸਲ ਕਹਾਣੀ।

ਗਊ

ਕਰਦੀ ਪੁਕਾਰ ਗਊ ਉਚੀ ਬੋਲਕੇ, ਸੁਣਲੈ ਅਰਜ਼ ਸਾਡੀ ਕੰਨ ਖੋਲਕੇ, ਤੇਰੇ ਬਾਝੋਂ ਸਾਡਾ ਬੜਾ ਮੰਦਾ ਹਾਲ ਜੀ, ਕ੍ਰਿਸ਼ਨ ਮੁਰਾਰੀ ਦੁੱਖਾਂ ਤਾਂਈਂ ਟਾਲ ਜੀ। ਅੱਜ ਦਾ ਮਨੁੱਖ ਬਹੁਤਾ ਸਿਆਣਾ ਹੋਗਿਆ, ਦਇਆ ਤੇ ਧਰਮ ਵਾਲਾ ਬੂਹਾ ਢੋਹ ਗਿਆ, ਗੋਟੀਆਂ ਦੀ ਚੱਲੀ ਜਾਵੇ ਪੁੱਠੀ ਚਾਲ ਜੀ, ਕ੍ਰਿਸ਼ਨ ਮੁਰਾਰੀ ਦੁੱਖਾਂ ਤਾਂਈਂ ਟਾਲ ਜੀ। ਸਾਡਾ ਨਾਲੋਂ ਸਾਡਾ ਪਤੀ ਕੀਤਾ ਵੱਖ ਜੀ, ਕਰਦਾ ਪਦਾਇਸ਼ ਟੀਕੇ ਕੁੱਖ ਰੱਖ ਜੀ, ਸਾਡਾ ਕੀ ਕਸੂਰ ਜੰਮੇ ਕਾਲੇ ਬਾਲ ਜੀ, ਕ੍ਰਿਸ਼ਨ ਮੁਰਾਰੀ ਦੁੱਖਾਂ ਤਾਂਈਂ ਟਾਲ ਜੀ। ਮੇਰੇ ਪੁੱਤ ਸੋਹਣੇ ਹੁੰਦੇ ਸ਼ਾਨ ਖੇਤ ਦੀ, ਤਿਆਰ ਕੀਤੇ ਹੁਣ ਸ਼ਕਲ ਪਰੇਤ ਦੀ, ਬਹੁਤਿਆਂ ਦਾ ਆਏ ਓਹੋ ਬਣ ਕਾਲ ਜੀ, ਕ੍ਰਿਸ਼ਨ ਮੁਰਾਰੀ ਦੁੱਖਾਂ ਤਾਂਈਂ ਟਾਲ ਜੀ। ਮੇਰਾ ਦੁੱਧ ਪੀਂਦੇ ਤੇ ਮੱਖਣ ਖਾਂਦੇ ਸੀ, ਰੋਗਾਂ ਕੋਲੋਂ ਦੂਰ ਖੁਸ਼ੀਆਂ ਮਨਾਂਦੇ ਸੀ, ਮਿਰਗ ਦੇ ਵਾਂਗ ਮਾਰਦੇ ਸੀ ਛਾਲ ਜੀ, ਕ੍ਰਿਸ਼ਨ ਮੁਰਾਰੀ ਦੁੱਖਾਂ ਤਾਂਈਂ ਟਾਲ ਜੀ। ਕੱਢ ਦਿੱਤੀ ਘਰੋਂ ਡੰਡੇ ਮਾਰ ਚਾਰ ਜੀ, ਰੂੜੀਆਂ ਤੇ ਫਿਰਾਂ ਥੱਕੀ ਬੇਸ਼ੁਮਾਰ ਜੀ, ਨੋਚਦੇ ਸ਼ਿਕਾਰੀ ਤਿੱਖੇ ਦੰਦਾਂ ਨਾਲ ਜੀ, ਕ੍ਰਿਸ਼ਨ ਮੁਰਾਰੀ ਦੁੱਖਾਂ ਤਾਂਈਂ ਟਾਲ ਜੀ। ਮੈਨੂੰ ਵੇਖ ਸਾਰੇ ਬੋਲੀ ਹੋਰ ਬੋਲਦੇ, ਬੁੱਚੜ ਖਾਨਾ ਸਰਕਾਰੋ ਕਿਓਂ ਨੀ ਖੋਲਦੇ, ਹੱਡ ਮਾਸ ਵੇਚੋ ਨਾਲੇ ਵੇਚੋ ਖਾਲ ਜੀ, ਕ੍ਰਿਸ਼ਨ ਮੁਰਾਰੀ ਦੁੱਖਾਂ ਤਾਂਈਂ ਟਾਲ ਜੀ। ਸਾਰਿਆਂ ਤੋਂ ਵੱਧ ਤੇਰਾ ਕੀਤਾ ਸੰਗ ਮੈਂ, ਫਿਰ ਵੀ ਪਤਾ ਨੀ ਅੱਜ ਕਾਹਤੋਂ ਤੰਗ ਮੈਂ, ਕਿਸ ਵਿਧ ਟੁੱਟੇ ਦੁੱਖਾਂ ਵਾਲਾ ਜਾਲ ਜੀ, ਕ੍ਰਿਸ਼ਨ ਮੁਰਾਰੀ ਦੁੱਖਾਂ ਤਾਂਈਂ ਟਾਲ ਜੀ। ਗਊਸ਼ਾਲਾ ਖੋਲੀ ਉਹੋ ਵੀਰ ਸਿਆਣੇ ਜੀ, ਜੁਗ ਜੁਗ ਜੀਣ ਉਨਾਂ ਦੇ ਨਿਆਣੇ ਜੀ, ਪਾਉਂਦੇ ਰਹਿਣ ਪੱਠੇ ਜੈਸੇ ਨਰਪਾਲ ਜੀ, ਕ੍ਰਿਸ਼ਨ ਮੁਰਾਰੀ ਦੁੱਖਾਂ ਤਾਂਈਂ ਟਾਲ ਜੀ। ਸਭ ਦੇ ਬੁਖਾਰੇ ਅੰਨ ਨਾਲ ਭਰਦੇ, ਮੱਖਣ ਦੇ ਚੋਰਾ ਠੰਡੀ ਨਿਗ੍ਹਾ ਕਰਦੇ, ਤੇਰੇ ਵਾਂਗੂ ਭੰਮੇ ਬਣੇ ਗਊਪਾਲ ਜੀ, ਕ੍ਰਿਸ਼ਨ ਮੁਰਾਰੀ ਦੁੱਖਾਂ ਤਾਂਈਂ ਟਾਲ ਜੀ।

ਬੋਤਲ

ਇਕ ਬੋਤਲ ਕਹਿੰਦੀਐ ਸੁਣਲੈ ਨਾਲ ਧਿਆਨ ਦੇ ਵੀਰਾ, ਕਿਉ ਮਿੱਟੀ ਰੋਲ ਰਿਹਾ ਤੇਰਾ ਜਨਮ ਕੀਮਤੀ ਹੀਰਾ, ਸੁੱਖ ਓਥੇ ਰਹਿੰਦੇ ਨਾ ਜਿੱਥੇ ਮੈਂ ਪਾਉਂਦੀ ਹਾਂ ਫੇਰੀ, ਛੱਡ ਸੰਗਤ ਮੇਰੀ ਤੂੰ ਉਡਜੂ ਸ਼ਾਨ ਮੱਖਣਾ ਤੇਰੀ। ਉਂਝ ਸੋਹਣੀ ਵੇਖਣ ਨੂੰ ਪਰ ਹਾਂ ਪੂਰੀ ਔਗੁਣ ਕਾਰੀ, ਜਿਹੜੇ ਗਲੇ ਲਗਾਉਂਦੇ ਨੇ ਉਹਨਾਂ ਦੀ ਬੰਦ ਹੋ ਜਾਂਦੀ ਲਾਰੀ, ਪਾਸਾ ਵੱਟ ਸੱਜਣਾ ਤੂੰ ਛੇਤੀ ਕਰਲੈ ਹੋ ਨਾ ਦੇਰੀ, ਛੱਡ ਸੰਗਤ ਮੇਰੀ ਤੂੰ ਉਡਜੂ ਸ਼ਾਨ ਮੱਖਣਾ ਤੇਰੀ। ਕਈ ਧੂਫਾਂ ਕਰਦੇ ਨੇ ਕਈਆਂ ਨੂੰ ਮੈਂ ਦਿੰਦੀ ਹਾਂ ਜਾਕੇ, ਇੱਕ ਤੋਂ ਦੂਣੇ ਹੁੰਦੇ ਨੇ ਮੈਨੂੰ ਵਿੱਚ ਗਲਾਸਾਂ ਪਾਕੇ, ਮੇਰੀ ਝਾਲ ਝੱਲਦੇ ਨਾ ਪਲ ਵਿੱਚ ਹੁੰਦੇ ਵੇਖੇ ਢੇਰੀ, ਛੱਡ ਸੰਗਤ ਮੇਰੀ ਤੂੰ ਉਡਜੂ ਸ਼ਾਨ ਮੱਖਣਾ ਤੇਰੀ। ਸਭ ਰਿਸਤੇ ਟੁੱਟ ਜਾਂਦੇ ਜੁੜਦਾ ਨਾਤਾ ਜਦ ਸੰਗ ਮੇਰੇ, ਖਾਲੀ ਹੋਣ ਬਖਾਰੇ ਜੀ ਲੱਸੀ ਦੁੱਧ ਨਾ ਘਰੇ ਲਵੇਰੇ, ਕੱਟਿਆਂ ਵਾਲੇ ਲੈਂਦੇ ਨੇ ਮੇਰੇ ਆੜੀ ਘਰੋਂ ਲਵੇਰੀ, ਛੱਡ ਸੰਗਤ ਮੇਰੀ ਤੂੰ ਉਡਜੂ ਸ਼ਾਨ ਮੱਖਣਾ ਤੇਰੀ। ਧੀਆਂ ਪੁੱਤਰ ਨਾਰੀ ਜੋ ਮੈਥੋਂ ਵੱਧ ਨਾ ਹੋਣ ਪਿਆਰੇ, ਪਹਿਲਾਂ ਮੈਨੂੰ ਚਾਹੁੰਦੇ ਨੇ ਪਿੱਛੋਂ ਚੰਗੇ ਲੱਗਦੇ ਸਾਰੇ, ਮਾੜੀ ਕਹਿੰਦੇ ਦਿਨ ਵੇਲੇ ਕਰਦੇ ਸਿਫਤ ਆਥਣੇ ਮੇਰੀ, ਛੱਡ ਸੰਗਤ ਮੇਰੀ ਤੂੰ ਉਡਜੂ ਸ਼ਾਨ ਮੱਖਣਾ ਤੇਰੀ। ਮੇਰੇ ਉਪਰ ਲਿਖ ਦਿੱਤਾ ਪੀਣ ਸਿਹਤ ਲਈ ਹਾਂ ਮਾੜੀ, ਸਭ ਅਨਪੜ ਬਣ ਜਾਂਦੇ ਚੋਬਰ ਬੁੱਢੇ ਚਿੱਟੀ ਦਾੜੀ, ਮੇਰੇ ਕਾਰਨ ਸੂਰੇ ਨੇ ਮੇਰੇ ਬਾਝੋਂ ਘੁੰਮਣ ਘੇਰੀ, ਛੱਡ ਸੰਗਤ ਮੇਰੀ ਤੂੰ ਉਡਜੂ ਸ਼ਾਨ ਮੱਖਣਾ ਤੇਰੀ। ਕਾਰਜ਼ ਮਾੜੇ ਕਰਦੇ ਨੇ ਰਹਿੰਦੀ ਪੀਕੇ ਨਾ ਹੋਸ਼ ਟਿਕਾਣੇ, ਫਿਰ ਕੁੱਕੜ ਮੰਗਦੇ ਨੇ ਚੰਗੇ ਲੱਗਣ ਨਾ ਖਿੱਲ ਮਖਾਣੇ, ਤੇਰੀ ਗੱਲ ਬੜੀ ਹੌਲੀ ਮੇਰੀ ਕਹਿੰਦੇ ਚਾਲੀ ਸੇਰੀ, ਛੱਡ ਸੰਗਤ ਮੇਰੀ ਤੂੰ ਉਡਜੂ ਸ਼ਾਨ ਮੱਖਣਾ ਤੇਰੀ। ਮੈਂ ਅਰਜ਼ਾਂ ਕਰਦੀ ਹਾਂ ਮੈਨੂੰ ਦੂਰੋਂ ਟਾ-ਟਾ ਕਰਦੇ, ਜਿਹੜੇ ਮੈਨੂੰ ਲੈਂਦੇ ਨੇ ਉਹਨਾਂ ਦੇ ਬੱਚੇ ਭੁੱਖੇ ਮਰਦੇ, ਗੁਰੂ ਜੀ ਕਹਿੰਦੇ ਭੰਮੇ ਨੂੰ ਮਾੜੀ ਘਰ ਵਿੱਚ ਦਾਰੂ ਬੇਰੀ, ਛੱਡ ਸੰਗਤ ਮੇਰੀ ਤੂੰ ਉਡਜੂ ਸ਼ਾਨ ਮੱਖਣਾ ਤੇਰੀ।

ਤੰਬਾਕੂ

ਸੁਣਲੋ ਭਰਾਵੋ ਮੇਰੀ ਗੱਲ ਸੱਤ ਜੀ, ਹੁੰਦੇ ਨੇ ਤੰਬਾਕੂ ਵਿੱਚ ਮਾੜੇ ਤੱਤ ਜੀ, ਇਹਦੇ ਨਾਲੋਂ ਤੋੜੋ ਵੀਰੋ ਤੁਸੀਂ ਯਾਰੀ ਨੂੰ, ਰੋਗੀ ਕਰ ਦਿੰਦਾ ਦੇਹੀ ਜੋ ਪਿਆਰੀ ਨੂੰ। ਇਹਦੇ ਨਾਲ ਆੜੀ ਜੀਹਨੇ ਰੱਖੀ ਪਾਕੇ ਜੀ, ਛੇਤੀ ਸ਼ਮਸ਼ਾਨੀ ਸੁਤੇ ਉਹੋ ਜਾਕੇ ਜੀ, ਸਾਂਭ ਸਾਂਭ ਰੱਖੋ ਕੇਸਰ ਕਿਆਰੀ ਜੀ, ਨੂੰ, ਰੋਗੀ ਕਰ ਦਿੰਦਾ ਦੇਹੀ ਜੋ ਪਿਆਰੀ ਨੂੰ । ਬੀੜੀ ਨੂੰ ਖਿਚਣ ਜਿਹੜੇ ਸ਼ੌਕ ਨਾਲ ਜੀ, ਖੰਘ ਨਾਲ ਉਹਨਾਂ ਦਾ ਹੈ ਮਾੜਾ ਹਾਲ ਜੀ, ਮੌਤ ਵਾਲੀ ਖੋਲਦੇ ਨੇ ਬੰਦ ਵਾਰੀ ਨੂੰ, ਰੋਗੀ ਕਰ ਦਿੰਦਾ ਦੇਹੀ ਜੋ ਪਿਆਰੀ ਨੂੰ । ਧੂੰਆਂ ਕਰੇ ਕਾਲੇ ਫੇਫੜੇ ਜੋ ਲਾਲ ਜੀ, ਬਹੁਤਾ ਦੁੱਖ ਸਹਿੰਦੇ ਨਿੱਕੇ ਨਿੱਕੇ ਬਾਲ ਜੀ, ਫੇਰ ਗਲੇ ਲਾਉਂਦੇ ਕੈਂਸਰ ਬਿਮਾਰੀ ਨੂੰ, ਰੋਗੀ ਕਰ ਦਿੰਦਾ ਦੇਹੀ ਜੋ ਪਿਆਰੀ ਨੂੰ । ਕਰਦੇ ਨਕਲ ਬੱਚੇ ਸਦਾ ਬਾਪ ਦੀ, ਜੁੰਮੇਵਾਰੀ ਬਹੁਤੀ ਬਣ ਜਾਂਦੀ ਆਪ ਦੀ, ਲਾਹਣਤਾ ਤਮਾਮ ਬੀੜੀ ਦੇ ਵਿਪਾਰੀ ਨੂੰ, ਰੋਗੀ ਕਰ ਦਿੰਦਾ ਦੇਹੀ ਜੋ ਪਿਆਰੀ ਨੂੰ । ਦੁੱਖ ਦਿੰਦਾ ਥੋਨੂੰ ਨਾਲੇ ਪਰਿਵਾਰ ਨੂੰ र्वप ਨਾਲ ਮਾਰੋ ਚੀਜ਼ ਬੇਕਾਰ ਨੂੰ ਏਸ ਤੋਂ ਬਚਾਓ ਬੱਚੇ ਸਣੇ ਨਾਰੀ ਨੂੰ, ਰੋਗੀ ਕਰ ਦਿੰਦਾ ਦੇਹੀ ਜੋ ਪਿਆਰੀ ਨੂੰ। ਜਿਹੜਾ ਖਿੱਚੇ ਬੀੜੀ ਉਹਤੋਂ ਰਹੋ ਦੂਰ ਜੀ, ਨੁਕਤਾ ਭਰਾਵੋ ਸਿੱਖਣਾ ਜਰੂਰ ਜੀ, ਬੰਦ ਕਰੂ ਧੂੰਆਂ ਵੀਰੋ ਥੋਡੀ ਲਾਰੀ ਨੂੰ, ਰੋਗੀ ਕਰ ਦਿੰਦਾ ਦੇਹੀ ਜੋ ਪਿਆਰੀ ਨੂੰ। ਕਰਦਾ ਅਰਜ਼ ਭੰਮੇ ਹੱਥ ਜੋੜ ਜੀ, ਥੋਡੀ ਤੰਦਰੁਸਤੀ ਦੀ ਸਾਨੂੰ ਲੋੜ ਜੀ, ਨਸ਼ੇ ਛੱਡ ਸਾਂਭੋ ਵਸਤ ਨਿਆਰੀ ਨੂੰ, ਰੋਗੀ ਕਰ ਦਿੰਦਾ ਦੇਹੀ ਜੋ ਪਿਆਰੀ ਨੂੰ।

ਨਸ਼ੇ ਦੇ ਵਿਰੋਧ 'ਚ ਕੁੰਡਲੀਆ ਕਬਿੱਤ ਛੰਦ

ਠੱਲਦੀ ਨਬਜ਼ ਵੇਖੇ ਨਸ਼ੇ ਵਿੱਚ ਪੁੱਤਰਾਂ ਦੀ, ਗਸ਼ ਪੈਂਦੇ ਮਾਪਿਆਂ ਨੂੰ ਨਾ ਜਬਾਨ ਹੱਲਦੀ। ਹੱਲਦੀ ਨਾ ਰੁੱਕ ਜਾਂਦੀ ਕੀਹਨੂੰ ਦੇਵਾਂ ਦੋਸ਼ ਦੱਸੋ, ਖੇਤ ਤਾਂਈਂ ਵਾੜ ਖਾਵੇ ਸੰਘੀ ਘੁੱਟੀ ਵੱਲ ਦੀ। ਵੱਲ ਦੀ ਕਰੀ ਸੀ ਸੇਵਾ ਦੇਵੇਗੀ ਵਥੇਰਾ ਫਲ, ਪੱਥਰਾਂ ਤੇ ਚੜ੍ਹ ਬੈਠੀ ਪੇਸ਼ ਨਹੀਂ ਚੱਲਦੀ। ਚੱਲਦੀ ਨਾ ਗੱਡੀ ਭੰਮੇ ਪੁਰਜ਼ੇ ਖਰਾਬ ਹੋਏ, ਦਲ ਦਲ ਵਿੱਚ ਫਸੀ ਨਬਜ਼ ਵੇਖ ਠੱਲਦੀ।

ਖੰਡ ਮੈਦਾ ਮਾੜੇ ਨੇ

ਸੰਜਮ ਵਿੱਚ ਖਾਂਦੇ ਜੋ ਆਉਂਦਾ ਰੋਗ ਨਾ ਨੇੜੇ ਕੋਈ, ਜਿਹੜੇ ਸਮਝਣ ਨੁਕਤਾ ਨਾ ਰਹਿੰਦੀ ਦੇਹ ਨਾ ਕਦੇ ਨਿਰੋਈ, ਇਹ ਚਾਰੇ ਚੰਗੇ ਨਾ ਸਿਹਤ ਵਿਗਿਆਨੀ ਗੱਲ ਵਿਚਾਰੀ, ਖੰਡ ਮੈਦਾ ਮਾੜੇ ਨੇ, ਮਾੜਾ ਲੂਣ ਤੇ ਘੀ ਬਜ਼ਾਰੀ । ਖੰਡ ਮਾੜੀ ਦੱਸਦੇ ਐ ਸੂਗਰ ਕਰਦੀ ਭਾਰ ਵਧਾਵੇ, ਨਾ ਦਾਰੂ ਮਿਲਦੀਐ ਦੇਹੀ ਤੜਫ ਤੜਫ ਮੁੱਕ ਜਾਵੇ, ਘੱਟ ਵਰਤੋਂ ਚੰਗੀ ਜੀ ਵਾਧੂ ਵਰਤੀ ਦੇਵੇ ਹਾਰੀ, ਖੰਡ ਮੈਦਾ ਮਾੜੇ ਨੇ, ਮਾੜਾ ਲੂਣ ਤੇ ਘੀ ਬਜ਼ਾਰੀ । ਮੈਦਾ ਸੋਹਣਾ ਵੇਖਣ ਨੂੰ ਪੇਟ ਦਾ ਪੱਕਾ ਵੈਰੀ ਜਾਣੋ, ਇਸ ਔਗੁਣਕਾਰੀ ਦੇ ਯਾਰੋ ਔਗੁਣਾਂ ਤਾਂਈਂ ਪਛਾਣੋ, ਕਰੇ ਤੰਗ ਅੰਤੜੀ ਨੂੰ ਮਲ ਨਾ ਨਿਕਲੇ ਅੰਦਰੋਂ ਸਾਰੀ, ਖੰਡ ਮੈਦਾ ਮਾੜੇ ਨੇ, ਮਾੜਾ ਲੂਣ ਤੇ ਘੀ ਬਜ਼ਾਰੀ । ਲੂਣ ਵਾਧੂ ਖਾਦਾ ਜੀ ਰੱਤ ਨੂੰ ਟੌਪ ਗੇਰ ਵਿੱਚ ਪਾਵੇ, ਫੱਟ ਜਾਂਦੀ ਨਾੜੀ ਜੋ ਪੈਂਚਰ ਕੋਈ ਵੈਦ ਨਾ ਲਾਵੇ, ਇਹ ਬਾਤ ਚੰਗੇਰੀ ਹੈ ਛੱਡੋ ਖਾਣੀ ਚੀਜ਼ ਕਰਾਰੀ, ਖੰਡ ਮੈਦਾ ਮਾੜੇ ਨੇ, ਮਾੜਾ ਲੂਣ ਤੇ ਘੀ ਬਜ਼ਾਰੀ । ਘੀ ਤਾਕਤ ਦਿੰਦਾ ਹੈ ਖਾ ਕਰ ਜਿਹੜੇ ਕਰਨ ਪਟਾਈ, ਕੁਝ ਲੈ ਹੱਟੀਆਂ ਤੋਂ ਵਿਹਲੇ ਬੈਠੇ ਜਾਂਦੇ ਖਾਈ, ਕਰੇ ਬੰਦ ਨਾੜੀਆਂ ਨੂੰ ਇਹ ਨਾ ਸਿਹਤ ਲਈ ਗੁਣਕਾਰੀ, ਖੰਡ ਮੈਦਾ ਮਾੜੇ ਨੇ, ਮਾੜਾ ਲੂਣ ਤੇ ਘੀ ਬਜ਼ਾਰੀ । ਮਨ ਓਸਾ ਹੋ ਜਾਂਦਾ ਖਾਈਏ ਜੈਸਾ ਅੰਨ ਤੇ ਪਾਣੀ, ਗੱਲ ਸੋਲਾਂ ਆਨੇ ਹੈ ਪੜਕੇ ਵੇਖੋ ਦੱਸੇ ਬਾਣੀ, ਘੱਟ ਖਾਣੇ ਸੌਣੇ ਦੀ ਗੁਰਾਂ ਨੇ ਮੁੱਖ ਤੋਂ ਬਾਤ ਉਚਾਰੀ, ਖੰਡ ਮੈਦਾ ਮਾੜੇ ਨੇ, ਮਾੜਾ ਲੂਣ ਤੇ ਘੀ ਬਜ਼ਾਰੀ । ਇਹ ਨੁਕਤਾ ਚੰਗਾ ਹੈ ਰੋਟੀ ਪੀਓ ਪਾਣੀ ਖਾਓ, ਛੱਡ ਅੱਖਰ ਚਾਰਾਂ ਨੂੰ ਢਾਈਆਂ ਸੰਗ ਪ੍ਰੀਤੀ ਲਾਓ, ਜੋ ਇਸ ਵਿਧ ਰਹਿੰਦੇ ਨੇ ਆਵੇ ਨੇੜ ਨਾ ਕਦੇ ਬਿਮਾਰੀ, ਖੰਡ ਮੈਦਾ ਮਾੜੇ ਨੇ, ਮਾੜਾ ਲੂਣ ਤੇ ਘੀ ਬਜ਼ਾਰੀ । ਆਖਿਰ ਵਿੱਚ ਅਰਜ਼ ਮੇਰੀ ਪੜਣੇ ਗਾਉਣੇ ਛੰਦ ਪਿਆਰੇ ਇਹਨਾਂ ਵਿੱਚ ਉਚਰੇ ਨੇ ਜਗਤ ਦੇ ਜਿੰਨੇ ਗ੍ਰੰਥ ਸਤਿਕਾਰੇ ਹੈ ਕ੍ਰਿਪਾ ਗੁਰੂਆਂ ਦੀ ਭੰਮਿਆਂ ਤੂੰ ਨਾ ਅਜੇ ਲਿਖਾਰੀ ਖੰਡ ਮੈਦਾ ਮਾੜੇ ਨੇ, ਮਾੜਾ ਲੂਣ ਤੇ ਘੀ ਬਜ਼ਾਰੀ ।

ਸੁੰਦਰ ਸਰੀਰ ਬਚਾਲੈ

ਵੱਡੇ ਭਾਗਾਂ ਨਾਲ ਹੈ ਮਿਲਦੀ ਸੱਜਣਾ ਮਾਨਸ ਦੇਹੀ, ਸਾਰੇ ਧਰਮ ਗਰੰਥ ਦੱਸਦੇ ਸੱਚੀ ਗੱਲ ਹੈ ਏਹੀ, ਨਹੀਂ ਲਿਬੜਣਾ ਵਾਂਗ ਕਮਲ ਦੇ ਚਿੱਕੜ ਤੇ ਗਾਰਾਂ ਤੋਂ, ਸੁੰਦਰ ਸਰੀਰ ਬਚਾਲੈ ਵੀਰਾ ਤੂੰ ਪੰਜ ਵਿਕਾਰਾਂ ਤੋਂ। ਕਾਮਦੇਵ ਦੇ ਤੀਰਾਂ ਕੋਲੋਂ ਬਚ ਨਾ ਸਕਿਆ ਕੋਈ, ਸਾਧੂ ਸੰਤ ਮਹੰਤਾਂ ਵਾਲੀ ਲਾਹੀ ਇਸਨੇ ਲੋਈ, ਸਾਰਾ ਜਗਤ ਵਸੇ ਇਸ ਅੰਦਰ ਡਰ ਇਸਦੇ ਵਾਰਾਂ ਤੋਂ, ਸੁੰਦਰ ਸਰੀਰ ਬਚਾਲੈ ਵੀਰਾ ਤੂੰ ਪੰਜ ਵਿਕਾਰਾਂ ਤੋਂ। ਕ੍ਰੋਧ ਅਗਨ ਦਾ ਰੂਪ ਹੈ ਦੂਜਾ ਦੇਹੀ ਤਾਂਈਂ ਤਪਾਏ, ਇਸ ਨੇ ਕਤਲ ਕਰਾਏ ਵੇਖੋ ਇੱਕੋ ਮਾਂ ਦੇ ਜਾਏ, ਪ੍ਰੇਮ ਏਸਦਾ ਪੱਕਾ ਵੈਰੀ ਪੈਦਾ ਹੋਵੇ ਖਾਰਾਂ ਤੋਂ, ਸੁੰਦਰ ਸਰੀਰ ਬਚਾਲੈ ਵੀਰਾ ਤੂੰ ਪੰਜ ਵਿਕਾਰਾਂ ਤੋਂ। ਇੰਜਣ ਲੋਭਦਾ ਹਰਦਮ ਰੱਖੇ ਚੱਕਰ ਦੇ ਵਿੱਚ ਪਾਕੇ, ਜੈਸੇ ਅਗਨੀ ਭੁੱਖੀ ਰਹਿੰਦੀ ਖੂਹ ਤੇਲ ਦਾ ਖਾਕੇ, ਸਾਰੇ ਸੱਜਣ ਫੱਟੜ ਹੋਏ ਇਸਦੇ ਹੱਥਿਆਰਾਂ ਤੋਂ, ਸੁੰਦਰ ਸਰੀਰ ਬਚਾਲੈ ਵੀਰਾ ਤੂੰ ਪੰਜ ਵਿਕਾਰਾਂ ਤੋਂ। ਮੋਹ ਦਾ ਜਾਲ ਬੜਾ ਸੰਘਣਾ ਫੱਸਗੇ ਸਭ ਪ੍ਰਾਣੀ, ਝੱਪਟ ਏਸਦੀ ਸਹਿ ਨੀ ਸਕਦਾ ਕੀ ਰਾਜਾ ਕੀ ਰਾਣੀ, ਸਭ ਦੇ ਆਕਰ ਤੀਰ ਵੱਜਦੇ ਤਿੱਖੇ ਜੋ ਕਟਾਰਾਂ ਤੋਂ, ਸੁੰਦਰ ਸਰੀਰ ਬਚਾਲੈ ਵੀਰਾ ਤੂੰ ਪੰਜ ਵਿਕਾਰਾਂ ਤੋਂ। ਹੰਕਾਰ ਰੋਗ ਵੈਦ ਨਾ ਕੋਈ ਵੈਦ ਵੀ ਰੋਗੀ ਹੋਏ, ਜਿਸਦੇ ਸਿਰ ਤੇ ਆਣ ਬੈਠਦਾ ਮੂਲ ਓਸਦਾ ਖੋਏ, ਮੈਂ ਮੈਂ ਕਰਦਾ ਰਹਿੰਦਾ ਰੋਗੀ ਸਮਝੇ ਉਚ ਬਿਮਾਰਾਂ ਤੋਂ ਸੁੰਦਰ ਸਰੀਰ ਬਚਾਲੈ ਵੀਰਾ ਤੂੰ ਪੰਜ ਵਿਕਾਰਾਂ ਤੋਂ। ਨੱਥ ਪੰਜਾਂ ਨੂੰ ਪਾਉਣੀ ਔਖੀ ਦੱਸਦੇ ਉਚ ਗਿਆਨੀ, ਸਯੰਮ ਦੇ ਨਾਲ ਆੜੀ ਚੰਗੀ ਚੰਗੀ ਹੈ ਜਿੰਦਗਾਨੀ, ਵਸਤ ਅਮੋਲਕ ਜੀਵਨ ਤੇਰਾ ਉਚਾ ਉਠ ਬਦਕਾਰਾਂ ਤੋਂ ਸੁੰਦਰ ਸਰੀਰ ਬਚਾਲੈ ਵੀਰਾ ਤੂੰ ਪੰਜ ਵਿਕਾਰਾਂ ਤੋਂ। ਫਰਜ਼ ਹਮਾਰਾ ਨੁਕਤਾ ਦੱਸਣਾ ਅੱਗੇ ਮਰਜ਼ੀ ਤੇਰੀ, ਸਯੰਮ ਜੀਵਨ ਦਾ ਧੁਰਾ ਮਿੱਤਰਾ ਗੱਲ ਹੈ ਚਾਲੀ ਸੇਰੀ, ਭੰਮੇ ਵਰਗੇ ਸਿੱਖਿਆ ਲੈਂਦੇ ਰਮਣ ਸਰਕਾਰਾਂ ਤੋਂ, ਸੁੰਦਰ ਸਰੀਰ ਬਚਾਲੈ ਵੀਰਾ ਤੂੰ ਪੰਜ ਵਿਕਾਰਾਂ ਤੋਂ।

ਸ਼ੁਧ ਭੋਜਨ

ਉਹ ਬੰਦੇ ਹਨ ਬਹੁਤ ਚੰਗੇਰੇ ਜਿਉਣ ਲਈ ਜੋ ਖਾਂਦੇ, ਕਈ ਬੰਦੇ ਤੁਸੀਂ ਆਪੇ ਤੱਕਿਓ ਖਾਣ ਲਈ ਜੋ ਆਂਦੇ, ਸ਼ੁਧ ਭੋਜਨ ਤਾਂ ਸਿਹਤ ਨਿਰੋਈ ਰੋਗ ਨੇੜੇ ਨਾ ਆਵੇ, ਜੈਸਾ ਖਾਈਏ ਅੰਨ ਭਰਾਵੋ ਤੈਸਾ ਮਨ ਬਣ ਜਾਵੇ। ਪਾਣੀ ਖਾਓ ਰੋਟੀ ਪੀਓ ਅਸਲੀ ਨੁਕਤਾ ਜਾਣੋ, ਸ਼ਾਂਤ ਚਿੱਤ ਬਹਿ ਭੋਜਨ ਕਰਨਾ ਏਹੀ ਰਮਜ਼ ਪਛਾਣੋ, ਉਹ ਬੰਦਾ ਨਾ ਰੋਗੀ ਬਣਦਾ ਲੋੜ ਮੁਤਾਬਿਕ ਖਾਵੇ, ਜੈਸਾ ਖਾਈਏ ਅੰਨ ਭਰਾਵੋ ਤੈਸਾ ਮਨ ਬਣ ਜਾਵੇ। ਚੰਗੀ ਤਰਾਂ ਹੱਥਾਂ ਨੂੰ ਧੋਵੋ ਖਾਣ ਤੋਂ ਪਹਿਲਾਂ ਭਾਈ, ਕੋਸਾ ਕੋਸਾ ਖਾਣਾ ਚੰਗਾ ਵੈਦਾਂ ਗੱਲ ਬਤਾਈ, ਭੱਜ ਨੱਠ ' ਵਿੱਚ ਖਾਧਾ ਖਾਣਾ ਪੇਟ ਦੇ ਰੋਗ ਵਧਾਵੇ, ਜੈਸਾ ਖਾਈਏ ਅੰਨ ਭਰਾਵੋ ਤੈਸਾ ਮਨ ਬਣ ਜਾਵੇ। ਸਾਕਤ ਭੋਜਨ ਕਦੇ ਨਾ ਖਾਓ ਕਰਦਾ ਬਹੁਤ ਖਰਾਬੀ, ਮਿਹਦੇ ਅੰਦਰ ਜਾਕੇ ਕਰਦਾ ਪੈਦਾ ਤੱਤ ਤੇਜ਼ਾਬੀ, ਕਾਮ ਕਰੋਧ ਦਾ ਆੜੀ ਬਣਦਾ ਬੰਦਾ ਮੂਲ ਭਲਾਵੇ, ਜੈਸਾਂ ਖਾਈਏ ਅੰਨ ਭਰਾਵੋ ਤੈਸਾ ਮਨ ਬਣ ਜਾਵੇ। ਘੱਟ ਖਾਵਣਾ ਘੱਟ ਹੀ ਸੌਣਾ ਸਮਝੋ ਵੀਰ ਦਵਾਈ, ਵਾਧੂ ਖਾ ਕਰ ਸੌਂਦੇ ਜਿਹੜੇ ਜਾਂਦੇ ਪੇਟ ਵਧਾਈ, ਗੋਡੇ ਗਿੱਟੇ ਦਰਦ ਵਥੇਰਾ ਦੇਹੀ ਦੁੱਖ ਹੰਡਾਵੇ, ਜੈਸਾ ਖਾਈਏ ਅੰਨ ਭਰਾਵੋ ਤੈਸਾ ਮਨ ਬਣ ਜਾਵੇ। ਚਿੱਟਿਆਂ ਕੋਲੋਂ ਦੂਰੀ ਰੱਖੋ ਸਮਝੋ ਤੇ ਸਮਝਾਓ, ਦੁੱਧ ਲੱਸੀਆਂ ਵਾਲੀ ਗੱਡੀ ਹੋਰ ਤੇਲ ਨਾ ਪਾਓ, ਜੇ ਗੱਡੀ ਦਾ ਟੁੱਟ ਗਿਆ ਪੁਰਜ਼ਾ ਨਵਾਂ ਕਿਤੋਂ ਨਾ ਥਿਆਵੇ, ਜੈਸਾ ਖਾਈਏ ਅੰਨ ਭਰਾਵੋ ਤੈਸਾ ਮਨ ਬਣ ਜਾਵੇ। ਭੋਜਨ ਕੀਤਾ ਤਿਆਰ ਪ੍ਰੇਮ ਸੇ ਮੇਵਾ ਹੀ ਬਣ ਜਾਂਦਾ, ਸਬਰ ਸ਼ਾਂਤੀ ਮਿੱਠਤ ਆਉਦੀ ਜੀਣ ਲਈ ਜੋ ਖਾਂਦਾ, ਤੰਦਰੁਸਤੀ ਦੇ ਬੁਲੇ ਆਵਣ ਸੁਸਤੀ ਦੂਰ ਭਜਾਵੇ, ਜੈਸਾ ਖਾਈਏ ਅੰਨ ਭਰਾਵੋ ਤੈਸਾ ਮਨ ਬਣ ਜਾਵੇ। ਆਖਿਰ ਦੇ ਵਿੱਚ ਅਰਜ਼ ਭੰਮੇ ਦੀ ਇਹ ਨੁਕਤਾ ਅਪਣਾਓ, ਰਾਮ ਰਾਮ ਜਪ ਵਿੱਚ ਰਸੋਈ ਖਾਣਾ ਤੁਸੀਂ ਬਣਾਓ, ਇਸ ਵਿਧ ਪੱਕਿਆ ਭੋਜਨ ਸੱਜਣੋ ਮਨ ਨੂੰ ਪੈਂਖੜ ਲਾਵੇ, ਜੈਸਾ ਖਾਈਏ ਅੰਨ ਭਰਾਵੋ ਤੈਸਾ ਮਨ ਬਣ ਜਾਵੇ।

ਸਰੀਰ

ਇਸ ਖੇਡ ਪਿਆਰੀ ਦਾ ਕੀਮਤੀ ਇੱਕ ਇੱਕ ਅੰਗ ਭਰਾਵੋ, ਜੇ ਇੱਕ ਵੀ ਨਾ ਹੋਵੇ ਮਾਇਆਧਾਰੀ ਨੰਗ ਭਰਾਵੋ, ਰੱਖੋ ਸਾਂਭ ਸਾਂਭ ਕੇ ਜੀ ਸੁੱਕ ਨਾ ਜਾਵੇ ਫੁੱਲ ਅਨਾਰੀ, ਇਸ ਖੇਡ ਅਮੁੱਲੀ ਦਾ ਪੁਰਜ਼ਾ ਮਿਲੇ ਨਾ ਵਿੱਚ ਬਜ਼ਾਰੀ। ਇਸ ਖੇਡ ਅਨੋਖੀ ਨੂੰ ਉਸਨੇ ਕਿਸ ਵਿਧ ਯਾਰ ਬਣਾਇਆ, ਸਭ ਆ-ਆ ਤੁਰਗੇ ਨੇ ਕਿਸੇ ਨੂੰ ਭੇਤ ਰੱਤੀ ਨਾ ਆਇਆ, ਵੇਖੋ ਰਚਨੇਹਾਰੇ ਦੀ ਇਹ ਹੈ ਰਚਨਾ ਬੜੀ ਨਿਆਰੀ, ਇਸ ਖੇਡ ਅਮੁੱਲੀ ਦਾ ਪੁਰਜ਼ਾ ਮਿਲੇ ਨਾ ਵਿੱਚ ਬਜ਼ਾਰੀ। ਅੰਗ ਇੱਕੋ ਸਾਰਿਆਂ ਦੇ ਮਿਲਦੀ ਅਕਲ ਸ਼ਕਲ ਨਾ ਕੋਈ, ਇਹ ਮਾਲਾ ਮਣਕਿਆਂ ਦੀ ਉਸਨੇ ਕਿੱਥੇ ਬੈਠ ਪਰੋਈ, ਉਹ ਸੰਦ ਸੰਦੇੜਾ ਕੀ ਜਿਸਦੇ ਨਾਲ ਕੱਢੇ ਫੁਲਕਾਰੀ, ਇਸ ਖੇਡ ਅਮੁੱਲੀ ਦਾ ਪੁਰਜ਼ਾ ਮਿਲੇ ਨਾ ਵਿੱਚ ਬਜ਼ਾਰੀ। ਉਹ ਬੈਠਾ ਦਿੱਸਦਾ ਨਾ ਇਸਨੂੰ ਕਿੱਥੇ ਬੈਠ ਬਣਾਵੇ, ਨਾ ਸਮਝ ਸਕੇ ਕੋਈ ਖੇਡ ਨੂੰ ਕਿਹੜਾ ਆਕੇ ਢਾਹਵੇ, ਥਿਰ ਰਹਿੰਦੀ ਦਿੱਸੇ ਨਾ ਲਾ ਲਾ ਜ਼ੋਰ ਥੱਕੇ ਬਲਕਾਰੀ, ਇਸ ਖੇਡ ਅਮੁੱਲੀ ਦਾ ਪੁਰਜ਼ਾ ਮਿਲੇ ਨਾ ਵਿੱਚ ਬਜ਼ਾਰੀ। ਦੰਦ ਚਿੱਥਕੇ ਭੋਜਨ ਨੂੰ ਗਲੇ ਚੋਂ ਲੰਘਣ ਯੋਗ ਬਣਾਉਂਦੇ, ਮੂੰਹ ਵਿਚਲੇ ਤੰਤੂ ਜੋ ਇਸ ਵਿੱਚ ਮਿੱਠਾ ਰਸ ਮਿਲਾਉਂਦੇ, ਸਭ ਫਰਜ਼ ਪੂਰਕੇ ਤੇ ਪੂਰੀ ਕਰਦੇ ਜੁੰਮੇ ਵਾਰੀ, ਇਸ ਖੇਡ ਅਮੁੱਲੀ ਦਾ ਪੁਰਜ਼ਾ ਮਿਲੇ ਨਾ ਵਿੱਚ ਬਜ਼ਾਰੀ। ਅੱਖਾਂ ਤੱਕਣ ਰੰਗਾਂ ਨੂੰ ਵੇਖਣ ਪੂਰਾ ਜਗਤ ਪਿਆਰਾ, ਕੰਨ ਸੁਣਕੇ ਰਾਗਾਂ ਨੂੰ ਲੈਂਦੇ ਪੂਰਾ ਵੀਰ ਨਜ਼ਾਰਾ, ਨੱਕ ਸੁੰਘ ਖਸ਼ਬੂਆਂ ਨੂੰ ਦੱਸਦਾ ਬਹਾਰੀ ਹਾਲਤ ਸਾਰੀ, ਇਸ ਖੇਡ ਅਮੁੱਲੀ ਦਾ ਪੁਰਜ਼ਾ ਮਿਲੇ ਨਾ ਵਿੱਚ ਬਜ਼ਾਰੀ। ਦਸ ਉਗਲਾਂ ਲਾਈਆਂ ਨੇ ਸਭ ਦੀ ਵੱਖੋ ਵੱਖ ਲੰਬਾਈ, ਮੁਖ ਵਿਚਲੀ ਜੀਭਾ ਦੇ ਹੱਡੀ ਜਮਾਂ ਵਿੱਚ ਨਾ ਪਾਈ, ਦਾੜੀ ਮੁੱਛਾਂ ਬੰਦੇ ਦੇ ਇਸ ਤੋਂ ਸੱਖਣੀ ਰੱਖੀ ਨਾਰੀ, ਇਸ ਖੇਡ ਅਮੁੱਲੀ ਦਾ ਪੁਰਜ਼ਾ ਮਿਲੇ ਨਾ ਵਿੱਚ ਬਜ਼ਾਰੀ। ਇੱਕ ਪੁਰਜ਼ਾ ਐਸਾ ਹੈ ਜਿਹੜਾ ਦਿਨ ਰਾਤ ਹੀ ਚੱਲੇ, ਜਦ ਓਹੀ ਰੁੱਕ ਜਾਵੇ ਖੇਡ ਅਨੋਖੀ ਜਮਾਂ ਨਾ ਹੱਲੇ, ਇਸ ਛੋਟੇ ਪੁਰਜ਼ੇ ਦੇ ਬਾਕੀ ਸਭ ਨੇ ਆਗਿਆਕਾਰੀ, ਇਸ ਖੇਡ ਅਮੁੱਲੀ ਦਾ ਪੁਰਜ਼ਾ ਮਿਲੇ ਨਾ ਵਿੱਚ ਬਜ਼ਾਰੀ। ਇਸ ਖੇਡ ਅਮੁੱਲੀ ਨੂੰ ਸਾਂਭਕੇ ਰੱਖੀਏ ਹਰਦਮ ਭਾਈ, ਬਲਿਹਾਰੇ ਜਾਂਦੇ ਹਾਂ ਜਿਸਨੇ ਭੰਮਿਆਂ ਇਹ ਬਣਾਈ, ਹੋਰ ਖੇਡਾਂ ਜਿੰਨੀਆਂ ਨੇ ਇਸਦੀ ਉਹਨਾਂ ਤੇ ਸਰਦਾਰੀ, ਇਸ ਖੇਡ ਅਮੁੱਲੀ ਦਾ ਪੁਰਜ਼ਾ ਮਿਲੇ ਨਾ ਵਿੱਚ ਬਜ਼ਾਰੀ।

ਪਹਿਲਾਂ ਤੋਲਣਾ ਫੇਰ ਬੋਲਣਾ

ਸਾਰੀ ਖੇਡ ਹੈ ਬੋਲ ਬਾਣੀ ਦੀ ਹੋਰ ਖੇਡ ਨਾ ਕੋਈ, ਉਚ ਖਿਡਾਰੀ ਸ਼ਬਦਾਂ ਵਾਲੀ ਮਾਲਾ ਜਾਣ ਪਰੋਈ, ਕਈ ਵੀਰੇ ਅਣਜਾਣ ਭਰਾਵੋ ਰੌਲਾ ਜਾਂਦੇ ਪਾਈ, ਪਹਿਲਾਂ ਤੋਲਣਾ ਫੇਰ ਬੋਲਣਾ ਅਸਲੀ ਨੁਕਤਾ ਭਾਈ। ਕੌੜ ਬੋਲ ਤਾਂ ਸਦਾ ਤਪਾਏ ਜੈਸੇ ਤੱਤ ਤੇਜਾਬੀ, ਸਾਕਤ ਭੋਜਨ ਵਾਂਗੂੰ ਕਰਦਾ ਅੰਦਰ ਜਾ ਖਰਾਬੀ, ਕਈ ਵੀਰਾਂ ਨੂੰ ਏਸ ਗੱਲ ਦੀ ਸਮਝ ਜਮਾਂ ਨਾ ਆਈ, ਪਹਿਲਾਂ ਤੋਲਣਾ ਫੇਰ ਬੋਲਣਾ ਅਸਲੀ ਨੁਕਤਾ ਭਾਈ। ਘੱਟ ਬੋਲਣਾ ਚੰਗਾ ਹੁੰਦਾ ਦੱਸਦੇ ਪੁਰਸ਼ ਮਹਾਨੀ, ਬੋਲ ਤੋਲ ਕੇ ਬੋਲ ਬੋਲਿਆ ਹੁੰਦਾ ਗੰਗਾ ਪਾਣੀ, ਬਹੁਤੇ ਰੋਗਾਂ ਦੀ ਬੋਲ ਮਿੱਠੜਾ ਸਮਝੋ ਅਸਲ ਦਵਾਈ, ਪਹਿਲਾਂ ਤੋਲਣਾ ਫੇਰ ਬੋਲਣਾ ਅਸਲੀ ਨੁਕਤਾ ਭਾਈ। ਤਿੰਨ ਇੰਚ ਦਾ ਪੁਰਜ਼ਾ ਜਿਹੜਾ ਯਾਰੋ ਬੜਾ ਨਿਆਰਾ, ਏਸ ਪੁਰਜ਼ੇ ਦੇ ਕਾਰਣ ਢਹਿੰਦਾ ਵੇਖਿਆ ਉਚ ਚਬਾਰਾ, ਇਸ ਪੁਰਜ਼ੇ ਦੇ ਕਾਰਣ ਵੇਖੀ ਬਣਦੀ ਪਰਬਤ ਰਾਈ, ਪਹਿਲਾਂ ਤੋਲਣਾ ਫੇਰ ਬੋਲਣਾ ਅਸਲੀ ਨੁਕਤਾ ਭਾਈ। ਤੀਰ ਕਮਾਨੋਂ ਸ਼ਬਦ ਜਬਾਨੋਂ ਨਿਕਲਿਆ ਮੁੜ ਨਾ ਆਵੇ, ਉਸ ਬੰਦੇ ਨੂੰ ਸਿਆਣਾ ਸਮਝੋ ਜਿਹੜਾ ਸੋਚ ਚਲਾਵੇ, ਡੂੰਘੇ ਕਰਦਾ ਜਖਮ ਭਰਾਵੋ ਗੁਰੂਆਂ ਗੱਲ ਬਤਾਈ, ਪਹਿਲਾਂ ਤੋਲਣਾ ਫੇਰ ਬੋਲਣਾ ਅਸਲੀ ਨੁਕਤਾ ਭਾਈ। ਉਚੀ ਬੋਲਕੇ ਬੋਲਣ ਵਾਲਾ ਆਪਣੀ ਗੱਲ ਮਨਾਵੇ, ਸਮਝ ਰੱਤੀ ਨਾ ਬੋਲਣ ਵੇਲੇ ਮੈਂ ਨੂੰ ਪੱਠੇ ਪਾਵੇ, ਤੱਤ ਬੋਲਾਂ ਦਾ ਅੱਗ ਮਚਾਉਂਦਾ ਜਾਂਦੀ ਨਹੀਂ ਬੁਝਾਈ, ਪਹਿਲਾਂ ਤੋਲਣਾ ਫੇਰ ਬੋਲਣਾ ਅਸਲੀ ਨੁਕਤਾ ਭਾਈ। ਝੋਲੀ ਵਿੱਚੋਂ ਡੁਲਦਾ ਵੇਖਿਆ ਰਸ ਬੋਲਾਂ ਦਾ ਵੀਰੋ, ਸੌ ਪ੍ਰਤੀਸ਼ਤ ਨੂੰ ਕਰ ਦਿੰਦਾ ਹੈ ਵਿੱਚ ਪਲਾਂ ਦੇ ਜੀਰੋ, ਬੋਝੇ ਦੇ ਵਿੱਚ ਮੁੜ ਨਾ ਪੈਂਦਾ ਤਾਕਤ ਬੜੀ ਲਗਾਈ, ਪਹਿਲਾਂ ਤੋਲਣਾ ਫੇਰ ਬੋਲਣਾ ਅਸਲੀ ਨੁਕਤਾ ਭਾਈ। ਆਖਿਰ ਦੇ ਵਿੱਚ ਅਰਜ਼ ਭੰਮੇ ਦੀ ਬੋਲ ਤੋਲ ਕੇ ਬੋਲੋ, ਲੋੜ ਮੁਤਾਬਿਕ ਚੰਗਾ ਬੋਲਣਾ ਐਵੇ ਨਾ ਮੁਖ ਖੋਲੋ, ਅਣਤੁਲੇ ਜੋ ਬੋਲ ਸੱਜਣੋ ਹੁੰਦੇ ਨੇ ਦੁੱਖ ਦਾਈ, ਪਹਿਲਾਂ ਤੋਲਣਾ ਫੇਰ ਬੋਲਣਾ ਅਸਲੀ ਨੁਕਤਾ ਭਾਈ।

ਮੁੱਲ ਮਿਲਦੀ ਵਿਦਿਆ ਨੇ

ਵਿਦਿਆ ਨੇਤਰ ਤੀਜਾ ਪੜਕੇ ਵੇਖੋ ਦੱਸ ਬਾਣੀ, ਇਸ ਨੇਤਰ ਦੇ ਬਾਝੋਂ ਸਮਝੋ ਪਸੂਆਂ ਵਾਂਗ ਪ੍ਰਾਣੀ ਹੁਣ ਉਹੋ ਰੰਗ ਨਾ ਦਿੱਸੇ ਫਿੱਕਾ ਹੋਇਆ ਰੰਗ ਜੋ ਗਾੜਾ ਮੁੱਲ ਮਿਲਦੀ ਵਿਦਿਆ ਨੇ ਪਾਤਾ ਗੁਰ ਚੇਲੇ ਵਿੱਚ ਪਾੜਾ। ਮੁੱਲ ਲੈਣੀ ਵਿਦਿਆ ਤੋਂ ਕਰਕੇ ਮਿਹਨਤ ਪਾਉਣੀ ਚੰਗੀ, ਕਿਵੇਂ ਦੂਹੀ ਲਾਦੂਗਾ ਖਾਂਦਾ ਮੱਲ ਜੋ ਮੱਖਣੀ ਮੰਗੀ, ਮਿਹਨਤ ਕਰਨੀ ਚੰਗੀਐ ਵਿਹਲਾ ਰਹਿਣਾ ਕੰਮ ਜੋ ਮਾੜਾ ਮੁੱਲ ਮਿਲਦੀ ਵਿਦਿਆ ਨੇ ਪਾਤਾ ਗੁਰ ਚੇਲੇ ਵਿੱਚ ਪਾੜਾ। ਗੁਰ ਵਿਦਿਆ ਸੱਚੀਐ ਝੂਠੀ ਸਗਲੀ ਜਿਹੜੀ ਬਾਕੀ ਇਹ ਚਾਬੀ ਹੁੰਦੇ ਨੇ ਖੋਲਣ ਬੰਦ ਬੁੱਧ ਦੀ ਤਾਕੀ ਇਹ ਐਸੇ ਘੜਦੇ ਨੇ ਘੜਦਾ ਮੂਰਤ ਜੈਸੇ ਘਾੜਾ ਮੁੱਲ ਮਿਲਦੀ ਵਿਦਿਆ ਨੇ ਪਾਤਾ ਗੁਰ ਚੇਲੇ ਵਿੱਚ ਪਾੜਾ। ਨਾ ਭ੍ਰਿਸਟਾਚਾਰ ਰਿਹਾ ਮਾਰ ਗਿਆ ਗੋਲੇ ਵਾਂਗ ਉਡਾਰੀ ਵਿਦਿਆ ਵਿੱਚ ਦੁਕਾਨਾਂ ਦੇ ਰਹੀ ਨਾ ਵੀਰੋ ਪਰਉਪਕਾਰੀ ਧੱਕੇ ਚੜੀ ਅਮੀਰਾਂ ਦੇ ਬਣਗੀ ਮਾਇਆ ਵਾਲਾ ਖਾੜਾ ਮੁੱਲ ਮਿਲਦੀ ਵਿਦਿਆ ਨੇ ਪਾਤਾ ਗੁਰ ਚੇਲੇ ਵਿੱਚ ਪਾੜਾ। ਨਾ ਸੁੰਦਰ ਲਿਖਤ ਰਹੀ ਯਾਰੋ ਫੱਟੀ ਲਿਖਣੀ ਭੁੱਲੇ ਤਾਂਹੀ ਤਾਂ ਕਾਨੀ ਜੋ ਬਲਦੀ ਵੇਖੀ ਵਿੱਚ ਮੈਂ ਚੁੱਲੇ ਹੁਣ ਪੜ੍ਹਣ ਕੰਮਪਿਊਟਰ ਤੇ ਛੱਡਗੇ ਲਿਖਣਾ ਊੜਾ ਆੜਾ ਮੁੱਲ ਮਿਲਦੀ ਵਿਦਿਆ ਨੇ ਪਾਤਾ ਗੁਰ ਚੇਲੇ ਵਿੱਚ ਪਾੜਾ। ਨਾ ਜਾਣ ਸਕੂਲੇ ਜੀ ਬੈਠੇ ਘਰੇ ਹੀ ਬਣਨ ਸਿਆਣੇ ਗੁਰੂ ਕੁਲ ਵੀ ਬੰਦ ਹੋਏ ਟਿਊਸ਼ਨ ਪੜਦੇ ਵੇਖੋ ਨਿਆਣੇ ਸੱਜ ਧੱਜਕੇ ਜਾਂਦੇ ਨੇ ਸਹੁਰੀ ਜਾਂਦਾ ਜੈਸੇ ਲਾੜਾ ਮੁੱਲ ਮਿਲਦੀ ਵਿਦਿਆ ਨੇ ਪਾਤਾ ਗੁਰ ਚੇਲੇ ਵਿੱਚ ਪਾੜਾ। ਘੁੰਮਣ ਵਾਂਗ ਭਮੀਰੀ ਦੇ ਮੋਟਰ ਵੈਨਾਂ ਸਣੇ ਜੋ ਕਾਰਾ ਸੁਤੇ ਚੱਕ ਚੜਾਉਦੀਆਂ ਨੇ ਵੇਖੋ ਭੱਜ ਭੱਜਕੇ ਨਾਰਾ ਕਰ ਰੀਸ ਦੂਜਿਆਂ ਦੀ ਕਰਤਾ ਬਚਪਨ ਵਾਲਾ ਉਜਾੜਾ ਮੁੱਲ ਮਿਲਦੀ ਵਿਦਿਆ ਨੇ ਪਾਤਾ ਗੁਰ ਚੇਲੇ ਵਿੱਚ ਪਾੜਾ। ਜਿਹੜੇ ਕਰਨ ਪੜਾਈ ਨਾ ਲੈਂਦੇ ਮੁੱਲ ਜੋ ਡਿਗਰੀ ਭਾਈ ਦੱਸੋ ਕਿਵੇਂ ਕਰਨਗੇ ਉਹ ਗਿਆਨ ਤੋਂ ਕੋਰੇ ਦੇਸ਼ ਭਲਾਈ ਪਿਛੇ ਕਰ ਮਿਹਨਤੀ ਨੂੰ ਮਾਰਨ ਦੂਜੇ ਹੱਕ ਤੇ ਧਾੜਾ ਮੁੱਲ ਮਿਲਦੀ ਵਿਦਿਆ ਨੇ ਪਾਤਾ ਗੁਰ ਚੇਲੇ ਵਿੱਚ ਪਾੜਾ। ਗੁਰ ਬਾਝੋਂ ਮੱਤ ਨਹੀਂ ਰਵੀ ਦੇ ਬਾਝੋਂ ਘੁੱਪ ਹਨੇਰਾ ਕਰ ਸਤਿਕਾਰ ਭੰਮਿਆਂ ਤੂੰ ਅਕਲੋਂ ਲਹਿਜੂ ਪਰਦਾ ਤੇਰਾ ਹੋਣਾ ਦੂਰ ਭਲੇਖਾ ਜੀ ਨਾਲੇ ਠੰਡਾ ਦੇਹੀ ਸਾੜਾ ਮੁੱਲ ਮਿਲਦੀ ਵਿਦਿਆ ਨੇ ਪਾਤਾ ਗੁਰ ਚੇਲੇ ਵਿੱਚ ਪਾੜਾ।

ਦੁੱਧ ਪਰਾਇਆ

ਜਿੰਨੇ ਜਗਤ ਪ੍ਰਾਣੀ ਵੀਰੋ ਮਾਨਸ ਸਭ ਦਾ ਮੋਹਰੀ, ਪੌਣ ਪਾਣੀ ਨੂੰ ਸਾਂਭ ਰੱਖਣ ਦੀ ਹੱਥ ਏਸ ਦੇ ਡੋਰੀ, ਜਿਸ ਤਰੀਕੇ ਸਭ ਨੇ ਆਉਂਦੇ ਇਹ ਵੀ ਓਵੇਂ ਆਇਆ, ਬਿਨ ਮਾਨਸ ਨਾ ਕੋਈ ਪੀਵੇ ਯਾਰੋ ਦੁੱਧ ਪਰਾਇਆ। ਦੁੱਧ ਮੱਝ ਦਾ ਕਦੇ ਨੀ ਪੀਂਦਾ ਵੇਖੋ ਗਾਂ ਦਾ ਬੱਚਾ, ਚਾਹੇ ਇੱਕਲਾ ਛੱਡਕੇ ਤੁਰਜੇ ਵਿੱਚ ਜਣੇਪੇ ਜੱਚਾ, ਗੋਪਾਲ ਨੇ ਦੁੱਧ ਪਿਆਉਣ ਦਾ ਜ਼ੋਰ ਵਥੇਰਾ ਲਾਇਆ, ਬਿਨ ਮਾਨਸ ਨਾ ਕੋਈ ਪੀਵੇ ਯਾਰੋ ਦੁੱਧ ਪਰਾਇਆ। ਕੱਟਾ ਕੱਟੀ ਕਦੇ ਨਾ ਜਾਵਣ ਗਾਂ ਦੇ ਨੇੜੇ ਭਾਈ, ਦੁੱਧ ਪੀਵਣਾ ਗੱਲ ਦੂਰ ਦੀ ਨਾ ਜੀਭ ਥਣਾਂ ਨੂੰ ਲਾਈ, ਭੁੱਖ ਮਿਟਾਵਣ ਖਾਤਰ ਉਹਨਾਂ ਸੁੱਕਾ ਖੱਬਲ ਖਾਇਆ, ਬਿਨ ਮਾਨਸ ਨਾ ਕੋਈ ਪੀਵੇ ਯਾਰੋ ਦੁੱਧ ਪਰਾਇਆ। ਦੁੱਧ ਬੱਕਰੀ ਦਾ ਕਦੇ ਨੀ ਪੀਂਦਾ ਲੇਲਾ ਵੇਖ ਪਿਆਰੇ, ਭੇਡ ਥੱਲੇ ਨਾ ਜਾਏ ਪਠੋਰਾ ਚਾਹੇ ਦੇਹੀ ਹਾਰੇ, ਆਪਣੀ ਮਾਂ ਦਾ ਪੀਂਦੇ ਸਾਰੇ ਚੜ੍ਹਦਾ ਰੂਪ ਸਵਾਇਆ, ਬਿਨ ਮਾਨਸ ਨਾ ਕੋਈ ਪੀਵੇ ਯਾਰੋ ਦੁੱਧ ਪਰਾਇਆ। ਦੁੱਧ ਮੱਖਣੀ ਦੇ ਨਾਲੋਂ ਚੰਗਾ ਬਹੁਤਾ ਸੱਜਣੋ ਪਾਣੀ, ਸਭ ਜੀਵਾਂ ਦਾ ਪਿਤਾ ਦੱਸਿਆ ਪੜ੍ਹਕੇ ਵੇਖੋ ਬਾਣੀ, ਦੁੱਧ ਕਦੇ ਨਾ ਪਿਆਸ ਬਲੌਂਦਾ ਮਰਦਾ ਜੀਵ ਤਿਹਾਇਆ, ਬਿਨ ਮਾਨਸ ਨਾ ਕੋਈ ਪੀਵੇ ਯਾਰੋ ਦੁੱਧ ਪਰਾਇਆ। ਸਭ ਜੀਵਾਂ ਦੇ ਨਾਲੋਂ ਮਾਨਸ ਰੋਗੀ ਬਹੁਤਾ ਰਹਿੰਦਾ, ਗੋਡੇ ਗਿੱਟੇ ਦਰਦ ਵਥੇਰਾ ਹਾਏ ਹਾਏ ਕਹਿੰਦਾ, ਵਾਧੂ ਮਿੱਟ ਸਦਾ ਵਧਾਉਦਾ ਬਿਨ ਸੰਜਮ ਦੇ ਖਾਇਆ, ਬਿਨ ਮਾਨਸ ਨਾ ਕੋਈ ਪੀਵੇ ਯਾਰੋ ਦੁੱਧ ਪਰਾਇਆ। ਜੈਸਾ ਖਾਈਏ ਪੀਏ ਆਪਾਂ ਓਸੀ ਬੁੱਧ ਬਣ ਜਾਵੇ, ਧਰਮ ਗ੍ਰੰਥਾਂ ਵਾਲੀ ਸਿਖਿਆ ਸਾਨੂੰ ਗੱਲ ਸਮਝਾਵੇ, ਆਪਣੇ ਮਾਪਿਆਂ ਜੈਸਾ ਹੁੰਦਾ ਹਰ ਜੀਵ ਦਾ ਜਾਇਆ, ਬਿਨ ਮਾਨਸ ਨਾ ਕੋਈ ਪੀਵੇ ਯਾਰੋ ਦੁੱਧ ਪਰਾਇਆ। ਆਖਿਰ ਦੇ ਵਿੱਚ ਅਰਜ਼ ਭੰਮੇ ਦੀ ਜੀਣ ਲਈ ਹੀ ਖਾਓ, ਕੁਦਰਤ ਵੱਲੋਂ ਮਿਲਿਆ ਤੋਹਫਾ ਕੱਚ ਦੇ ਵਾਂਗ ਬਚਾਓ, ਰੋਗੀ ਜੇਕਰ ਦੇਹੀ ਥੋਡੀ ਕਿਸੇ ਕੰਮ ਨਾ ਮਾਇਆ, ਬਿਨ ਮਾਨਸ ਨਾ ਕੋਈ ਪੀਵੇ ਯਾਰੋ ਦੁੱਧ ਪਰਾਇਆ।

ਦਰਦਾਂ ਭਰੀ ਕਹਾਣੀ

ਦਰਦਾਂ ਭਰੀ ਕਹਾਣੀ ਆਜੋ ਸਾਂਝੀ ਕਰੀਏ ਜੀ, ਆਉਣ ਵਾਲੇ ਪਰਿਣਾਮ ਜੋ ਉਹਨਾਂ ਕੋਲੋਂ ਡਰੀਏ ਜੀ, ਰੋਂਦੇ ਵੇਖੋ ਮਾਪੇ ਨਾ ਜਾਂਦੇ ਅੱਥਰੂ ਠੱਲੇ ਨੇ, ਛੱਡ ਦੇਸ਼ ਨੂੰ ਬੱਚੇ ਵੱਲ ਪ੍ਰਦੇਸ਼ਾਂ ਚੱਲੇ ਨੇ। ਔਖੇ ਹੋ ਹੋ ਪਾਲੇ ਡੰਗੋਰੀ ਮਾਪਿਆਂ ਦੀ, ਮਾਤਾ ਪੀੜ ਹੰਢਾਈ ਆਸਾ ਲੈ ਕਰ ਜਾਪਿਆਂ ਦੀ, ਸਭ ਦੀ ਪੂੰਜੀ ਥੋੜੀ ਬੱਚੇ ਕੱਲਮ ਕੱਲੇ ਨੇ, ਛੱਡ ਦੇਸ਼ ਨੂੰ ਬੱਚੇ ਵੱਲ ਪ੍ਰਦੇਸ਼ਾਂ ਚੱਲੇ ਨੇ। ਕੁਝ ਨਸ਼ਿਆਂ ਦੇ ਆਦੀ ਕੀਤੇ ਬੇ ਰੁਜ਼ਗਾਰੀ ਨੇ, ਹੀਰੇ ਭਸਮ ਬਣਾਤੇ ਕੰਮ ਤੋਂ ਬਿਨਾਂ ਬਿਮਾਰੀ ਨੇ, ਕਈ ਜਹਾਨੋਂ ਤੁਰਗੇ ਫੱਟ ਮਾਪਿਆਂ ਦੇ ਅੱਲੇ ਨੇ, ਛੱਡ ਦੇਸ਼ ਨੂੰ ਬੱਚੇ ਵੱਲ ਪ੍ਰਦੇਸ਼ਾਂ ਚੱਲੇ ਨੇ। ਬੈਂਕ ਤੋਂ ਲੈਕੇ ਕਰਜ਼ਾ ਦਿੰਦੇ ਫਿਰਨ ਏਜੰਟਾਂ ਨੂੰ, ਪੂਰੇ ਕਈ ਅਨਾੜੀ ਨਾ ਸਮਝਣ ਚੋਰ ਸਟੰਟਾਂ ਬਣਦੇ ਆਪ ਸਿਆਣੇ ਕਹਿੰਦੇ ਘਰ ਦੇ ਝੱਲੇ ਨੇ ਛੱਡ ਦੇਸ਼ ਨੂੰ ਬੱਚੇ ਵੱਲ ਪ੍ਰਦੇਸ਼ਾਂ ਚੱਲੇ ਨੇ। ਜੇਕਰ ਇੰਝ ਹੀ ਚੀਨੇ ਭਰਦੇ ਰਹੇ ਉਡਾਣਾਂ ਨੂੰ., ਨਹੀਂ ਲੱਭਣੇ ਚੋਬਰ ਯਾਰੋ ਖੇਡ ਮੈਦਾਨਾਂ ਨੂੰ, ਦ੍ਰਿਸ ਵੇਖਕੇ ਐਸਾ ਦਿਲ ਸਭਨਾਂ ਦੇ ਹੱਲੇ ਨੇ, ਛੱਡ ਦੇਸ਼ ਨੂੰ ਬੱਚੇ ਵੱਲ ਪ੍ਰਦੇਸ਼ਾਂ ਚੱਲੇ ਨੇ। ਬੇਰੁਜ਼ਗਾਰੀ, ਰੀਸ ਏਸਦੇ ਵੱਡੇ ਕਾਰਣ त्नी, ਨਾ ਰਾਜਾ ਨਾ ਬਾਬੂ ਜਿਹੜੇ ਗੱਲ ਵਿਚਾਰਣ ਜੀ, ਆਪਣੀ ਚੌਧਰ ਖਾਤਰ ਉਹਨਾਂ ਆਸਣ ਮੱਲੇ ਨੇ, ਛੱਡ ਦੇਸ਼ ਨੂੰ ਬੱਚੇ ਵੱਲ ਪ੍ਰਦੇਸ਼ਾਂ ਚੱਲੇ ਨੇ। ਰੋਜ਼ੀ ਦੇਣੀ ਸਭਨੂੰ ਹੁੰਦਾ ਕੰਮ ਸਰਕਾਰਾਂ ਦਾ, ਮੋੜਾਂ ਉਤੇ ਬੈਠਾ ਟੋਲਾ ਬੇਰੁਜ਼ਗਾਰਾਂ ਦਾ ਦੱਸੋ ਕਿਸਨੂੰ ਪੁੱਛੀਏ ਕਾਹਤੋ ਝਾੜੇ ਪੱਲੇ ਨੇ, ਛੱਡ ਦੇਸ਼ ਨੂੰ ਬੱਚੇ ਵੱਲ ਪ੍ਰਦੇਸ਼ਾਂ ਚੱਲੇ ਨੇ। ਅਰਜ਼ ਭਰਾਵੋ ਮੇਰੀ ਸਮਝੋ ਦਰਦ ਕਹਾਣੀ ਨੂੰ, ਬੁੱਢੇ ਵੇਲੇ ਮਾਪੇ ਕਿਸਤੋਂ ਮੰਗਣ ਪਾਣੀ ਨੂੰ, ਮੁੰਡੇ ਕੁੜੀਆਂ ਭੰਮੇ ਕਈਆਂ ਆਪ ਦਬੱਲੇ ਨੇ ਛੱਡ ਦੇਸ਼ ਨੂੰ ਬੱਚੇ ਵੱਲ ਪ੍ਰਦੇਸ਼ਾਂ ਚੱਲੇ ਨੇ।

ਸਭ ਚੀਜ਼ਾਂ ਖੋਟੀਆਂ

ਸਭ ਏਹੋ ਕਹਿੰਦੇ ਨੇ ਗਹਿਣਾ ਖੋਟ ਬਿਨਾਂ ਨਾ ਕੋਈ, ਇਸ ਖੋਟ ਕਾਰਨੇ ਜੀ ਕਿਸੇ ਨੇ ਸਿਹਤ ਜਮਾਂ ਨੀ ਖੋਈ, ਜ਼ਹਿਰਾਂ ਵਿੱਚ ਮਖਾਣਿਆਂ ਦੇ ਹੱਸ ਹੱਸ ਖਾਂਦੇ ਵੇਖ ਪ੍ਰਾਣੀ, ਸਭ ਚੀਜ਼ਾਂ ਖੋਟੀਆਂ ਨੇ ਮਿਲਦੀ ਖਰੀ ਨਾ ਰੱਤੀ ਕਾਣੀ। ਦੁੱਧ ਬਿਨਾਂ ਮੱਝ ਤੋਂ ਹੀ ਕਰਦੇ ਤਿਆਰ ਪਲਾਂ ਵਿੱਚ ਭਾਈ, ਖੋਆ ਬਰਫੀ ਰਸਗੁਲੇ ਮੌਜ਼ਾਂ ਨਾਲ ਹੀ ਜਾਂਦੇ ਖਾਈ, ਕੈਂਸਰ ਵਰਗੇ ਰੋਗਾਂ ਨੇ ਤਾਂਹੀਂ ਦੱਬਲੀ ਜਿੰਦ ਨਿਮਾਣੀ, ਸਭ ਚੀਜ਼ਾਂ ਖੋਟੀਆਂ ਨੇ ਮਿਲਦੀ ਖਰੀ ਨਾ ਰੱਤੀ ਕਾਣੀ। ਕੱਦੂ ਟਿੰਡੇ ਤੋਰੀਆਂ ਵੀ ਹੁਣ ਨਾ ਰਹਿਗੇ ਨੇ ਗੁਣਕਾਰੀ, ਟੀਕੇ ਲਾਉਂਦੇ ਵੱਲਾਂ ਨੂੰ ਕਾਸਤਕਾਰ ਦੇ ਸਣੇ ਵਿਪਾਰੀ; ਚੰਦ ਮਾਇਆ ਪਿੱਛੇ ਜੀ ਘੜਦੇ ਹੋਰ ਦੀ ਹੋਰ ਕਹਾਣੀ, ਸਭ ਚੀਜ਼ਾਂ ਖੋਟੀਆਂ ਨੇ ਮਿਲਦੀ ਖਰੀ ਨਾ ਰੱਤੀ ਕਾਣੀ। ਛੋਲੇ ਭੁੰਨਦੇ ਵੇਖੇ ਮੈਂ ਪਾਕੇ ਯਾਰੋ ਤੱਤ ਤੇਜ਼ਾਬੀ, ਇਹ ਵਧੀਆ ਖਾਣਾ ਸੀ ਖਾਂਦੇ ਸ਼ੌਕ ਦੇ ਨਾਲ ਪੰਜਾਬੀ, ਉਂਝ ਸੋਹਣੇ ਲੱਗਦੇ ਨੇ ਅਸਲੀ ਜਾਂਦੀ ਨਾ ਰਮਜ਼ ਪਛਾਣੀ, ਸਭ ਚੀਜ਼ਾਂ ਖੋਟੀਆਂ ਨੇ ਮਿਲਦੀ ਖਰੀ ਨਾ ਰੱਤੀ ਕਾਣੀ। ਸਾਹ ਲੈਣਾ ਔਖਾ ਜੀ ਮਿਲਦੀ ਹਵਾ ਨਾ ਕਿਧਰੋਂ ਤਾਜ਼ੀ, ਸਭ ਚੜਣ ਗੱਡੀਆਂ ਤੇ ਤੁਰਕੇ ਅੱਜ ਨਾ ਕੋਈ ਰਾਜ਼ੀ, ਹੈ ਅੰਮ੍ਰਿਤ ਦੇਹੀ ਲਈ ਦੂਸ਼ਿਤ ਕਰਤਾ ਸੱਜਣਾ ਪਾਣੀ, ਸਭ ਚੀਜ਼ਾਂ ਖੋਟੀਆਂ ਨੇ ਮਿਲਦੀ ਖਰੀ ਨਾ ਰੱਤੀ ਕਾਣੀ। ਸ਼ੁਧ ਸ਼ਹਿਦ ਦਵਾਈ ਨਾ ਜਿਸਨੇ ਹੁੰਦਾ ਰੋਗ ਭਜਾਉਣਾ, ਰੋਗਾਂ ਦੇ ਜਾਲ ਵਿੱਚੋਂ ਹੁਣ ਨਾ ਕਿਸੇ ਨੇ ਆਣ ਛਡਾਉਣਾ, ਕੋਈ ਦਰਦੀ ਦਿੱਸਦਾ ਨਾ ਕਰਦੇ ਸ਼ੁਧ ਜੋ ਉਲਝੀ ਤਾਣੀ, ਸਭ ਚੀਜ਼ਾਂ ਖੋਟੀਆਂ ਨੇ ਮਿਲਦੀ ਖਰੀ ਨਾ ਰੱਤੀ ਕਾਣੀ। ਸੁਣੋ ਮਿਲਾਵਟ ਖੋਰੋ ਵੇ ਕਾਸਤੋਂ ਕਰਦੇ ਫਿਰੋਂ ਖਰਾਬੀ, ਸੰਗ ਜਾਣੀ ਦਮੜੀ ਨਾ ਛੱਡਗੇ ਸ਼ਾਹ ਸ਼ਿੰਕਦਰ ਨਵਾਬੀ, ਬਣੂ ਭਸਮ ਭੰਮਿਆਂ ਵੇ ਤੇਰੀ ਜਿਹੜੀ ਅਕਲ ਸਿਆਣੀ, ਸਭ ਚੀਜ਼ਾਂ ਖੋਟੀਆਂ ਨੇ ਮਿਲਦੀ ਖਰੀ ਨਾ ਰੱਤੀ ਕਾਣੀ।

ਕਰ ਕੱਛੂਏ ਦੀ ਰੀਸ

ਵਾਂਗ ਬੁਦਬੁਦੇ ਹੋਂਦ ਤੁਮਾਰੀ ਜਿੰਦ ਪਿਆਰੀਏ, ਚੰਦ ਰੋਜ਼ ਦਾ ਮੇਲਾ ਬਹਿ ਕਰ ਗੱਲ ਵਿਚਾਰੀਏ, ਤਿਆਗ ਅਨੋਖੀ ਰੇਸ ਰੇਸ ਤੂੰ ਜਿੱਤ ਨਾ ਪਾਵੇਂਗੀ, ਕਰ ਕੱਛੂਏ ਦੀ ਰੀਸ ਸੁੱਖਾਂ ਵਿੱਚ ਗੋਤੇ ਲਾਵੇਂਗੀ। ਮੈਂ ਮੇਰੀ ਦੀ ਖਾਤਰ ਭੁੱਲਗੀ ਅਸਲੀ ਕਾਰਜ਼ ਤੂੰ, ਬੰਦ ਰੌਸ਼ਨੀ ਹੋਣੀ ਬੈਟਰੀ ਕਰਲੈ ਚਾਰਜ਼ ਤੂੰ, ਨਾ ਬੱਤੀ ਕਿਸੇ ਜਗਾਣੀ ਦੱਸ ਤੂੰ ਕਿਵੇਂ ਜਗਾਵੇਂਗੀ, ਕਰ ਕੱਛੂਏ ਦੀ ਰੀਸ ਸੁੱਖਾਂ ਵਿੱਚ ਗੋਤੇ ਲਾਵੇਂਗੀ। ਸੰਜਮ ਦੇ ਵਿੱਚ ਰਹਿਕੇ ਲੁੱਟਲੈ ਮੌਜ਼ ਬਹਾਰਾਂ ਨੂੰ, ਲਾ ਸੱਚੇ ਸੰਗ ਪ੍ਰੀਤੀ ਛੱਡ ਕਰ ਫੋਕੇ ਪਿਆਰਾਂ ਨੂੰ, ਸਭ ਮਿੱਤਰ ਹੀ ਦਿੱਸਣੇ ਤੂੰ ਦੀ ਜਦ ਟੇਕ ਟਕਾਵੇਗੀ, ਕਰ ਕੱਛੂਏ ਦੀ ਰੀਸ ਸੁੱਖਾਂ ਵਿੱਚ ਗੋਤੇ ਲਾਵੇਂਗੀ। ਛੇਤੀ ਛੇਤੀ ਕਰ ਨਾ ਛੇਤੀ ਕਾਰਣ ਦੁੱਖੜੇ ਨੇ, ਕਾਹਲੀ ਅੱਗੇ ਟੋਏ ਸਹਿਜ ਦੇ ਪਿੱਛੇ ਸੁੱਖੜੇ ਨੇ, ਮਾਹੀ ਗਲੇ ਲਗਾਉ ਪਿਆਰ ਦੇ ਗੀਤ ਸੁਣਾਵੇਂਗੀ, ਕਰ ਕੱਛੂਏ ਦੀ ਰੀਸ ਸੁੱਖਾਂ ਵਿੱਚ ਗੋਤੇ ਲਾਵੇਂਗੀ। ਇੱਕ ਦਮੀ ਦੀ ਪੁਤਲੀ ਕਰਦੀ ਸਦੀਆਂ ਦੇ ਦਾਵੇ, ਮੁੱਖੋਂ ਨਿਕਲਿਆ ਸਾਸ ਮੁੜ ਕਰ ਆਵੇ ਜਾ ਨਾ ਆਵੇ, ਤਿੰਨ ਇੰਚ ਦਾ ਪੁਰਜ਼ਾ ਦੱਸ ਤੂੰ ਕਿਵੇਂ ਹਲਾਵੇਂਗੀ, ਕਰ ਕੱਛੂਏ ਦੀ ਰੀਸ ਸੁੱਖਾਂ ਵਿੱਚ ਗੋਤੇ ਲਾਵੇਂਗੀ। ਕੱਛੂਏ ਵਾਂਗੂ ਪੰਜੇ ਆਪਣੇ ਅੰਦਰ ਸਮੁੰਟੇ ਕੁੜੇ, ਨਾ ਗੱਡੀ ਪੁੱਛਕੇ ਆਉਂਦੀ ਹੁੰਦੀ ਦੱਸ ਕਿਉ ਲੇਟ ਕੁੜੇ, ਨਾ ਸੀਟੀ ਕੋਈ ਮਾਰੂ ਦੱਸ ਤੂੰ ਕਿਵੇਂ ਰੁਕਾਵੇਂਗੀ, ਕਰ ਕੱਛੂਏ ਦੀ ਰੀਸ ਸੁੱਖਾਂ ਵਿੱਚ ਗੋਤੇ ਲਾਵੇਂਗੀ। ਮਿਸ਼ਰੀ ਵਾਂਗੂੰ ਮਿੱਠੀ ਕਰਲੈ ਆਪਣੀ ਬਾਣੀ ਨੂੰ, ਵਾਂਗ ਹੰਸ ਦੇ ਕੱਢਦੇ ਦੁੱਧ ਵਿੱਚ ਪਾਏ ਪਾਣੀ ਨੂੰ, ਬਹੁਤੀ-ਇੱਜ਼ਤ ਮਿਲਣੀ ਜਦ ਤੂੰ ਮੁਕਲਾਵੇ ਜਾਵੇਂਗੀ, ਕਰ ਕੱਛੂਏ ਦੀ ਰੀਸ ਸੁੱਖਾਂ ਵਿੱਚ ਗੋਤੇ ਲਾਵੇਂਗੀ। ਸੰਜਮ ਸਬਰ ਸੰਤੋਖ ਆਪਣੇ ਯਾਰ ਬਣਾਲੈ ਤੂੰ, ਪ੍ਰੇਮ ਸਾਂਤੀ ਮਿੱਠਤ ਗਲੇ ਦੇ ਹਾਰ ਬਣਾਲੈ ਤੂੰ, ਇਹਨਾਂ ਦਾ ਸੰਗ ਕਰਕੇ ਮਸਤੀ ਮੌਜ਼ ਮਨਾਏਗੀ, ਕਰ ਕੱਛੂਏ ਦੀ ਰੀਸ ਸੁੱਖਾਂ ਵਿੱਚ ਗੋਤੇ ਲਾਵੇਂਗੀ। ਸਮਝ ਆਖਰੀ ਮਿਲਣੀ ਗਲੇ ਲਗਾਲੈ ਸਾਰਿਆਂ ਨੂੰ, ਛੱਡ ਮੇਰੀ ਦਾ ਪੱਲਾ ਤਕਲੈ ਅਜ਼ਬ ਨਜ਼ਾਰਿਆਂ ਨੂੰ, ਭੰਮੇ ਵਾਂਗੂ ਜਦ ਤੂੰ ਹਰੀ ਦੇ ਛੰਦ ਬਣਾਵੇਂਗੀ, ਕਰ ਕੱਛੂਏ ਦੀ ਰੀਸ ਸੁੱਖਾਂ ਵਿੱਚ ਗੋਤੇ ਲਾਵੇਂਗੀ।

ਝੂਠ ਦਾ ਭਰਿਆ ਘੜਾ

ਭੈੜਾ ਨਸ਼ਾ ਹਕੂਮਤ ਵਾਲਾ ਬੰਦਾ ਰਹੇ ਨਾ ਬੰਦਾ, ਸੰਜ਼ਮ ਸ਼ਾਂਤੀ ਸਬਰ ਉਡਦਾ ਫਸੇ ਗਰਾਰੀ ਦੰਦਾ, ਕਰਤੇ ਤਾਂਈਂ ਭੁੱਲ ਬੈਠਦਾ ਮੌਤ ਯਾਦ ਨਾ ਆਵੇ, ਝੂਠ ਦਾ ਭਰਿਆ ਘੜਾ ਟੁੱਟਦਾ ਚੋਟ ਸੱਚ ਦੀ ਖਾਵੇ। ਵਿੱਚ ਨਸ਼ੇ ਦੇ ਵਿਸਰ ਜਾਂਦਾ ਕੀ ਚੰਗਾ ਕੀ ਮਾੜਾ, ਆਸੇ ਪਾਸੇ ਤੋਂ ਉਚਾ ਸਮਝੇ ਸਮਝੇ ਜੈਸੇ ਲਾੜਾ, ਚਿੱਤ ਆਵੇ ਸੋ ਕਰੇ ਭਰਾਵੋ ਹੋਰਾਂ ਤਾਂਈਂ ਸਤਾਵੇ, ਝੂਠ ਦਾ ਭਰਿਆ ਘੜਾ ਟੁੱਟਦਾ ਚੋਟ ਸੱਚ ਦੀ ਖਾਵੇ। ਉਚੇ ਆਹੁਦੇ ਵਾਲੀ ਵਰਦੀ ਜਦ ਦੇਹੀ ਤੇ ਪੈਂਦੀ, ਬੰਦਾ ਮੂਲ ਭੁੱਲ ਜਾਂਵਦਾ ਜਮਾਂ ਹੋਸ਼ ਨਾ ਰਹਿੰਦੀ, ਕੋਟਿ ਵਾਰ ਪ੍ਰਣਾਮ ਓਸਨੂੰ ਜਿਹੜਾ ਦਾਗ ਨਾ ਲਾਵੇ, ਝੂਠ ਦਾ ਭਰਿਆ ਘੜਾ ਟੁੱਟਦਾ ਚੋਟ ਸੱਚ ਦੀ ਖਾਵੇ। ਛੋਟੇ ਵੱਡੇ ਕਰਨ ਸਲਾਮਾਂ ਹਾਉਮੇ ਉਚੀ ਹੋਵੇ, ਹੋਰ ਢੰਗ ਨਾਲ ਉਠੇ ਬੈਠੇ ਮਣਕੇ ਮੈਂ ਪਰੋਵੇ, ਵੱਖਰੇ ਰਸਤੇ ਆਇਆ ਜਾਣੇ ਪੈਰ ਨਾ ਧਰਤ ਟਕਾਵੇ, ਝੂਠ ਦਾ ਭਰਿਆ ਘੜਾ ਟੁੱਟਦਾ ਚੋਟ ਸੱਚ ਦੀ ਖਾਵੇ। ਵਿੱਚ ਨਸ਼ੇ ਦੇ ਬੰਦਿਆਂ ਤਾਂਈਂ ਸਮਝੇ ਕੀਟ ਪਤੰਗੇ, ਬੇਦੋਸ਼ਿਆਂ ਨੂੰ ਮਾਰ ਮਾਰਕੇ ਹੱਥ ਖੂਨ ਵਿੱਚ ਰੰਗੇ, ਧਰਮਰਾਜ਼ ਦਾ ਹਾਣੀ ਬਣਕੇ ਆਪਣਾ ਹੁਕਮ ਚਲਾਵੇ, ਝੂਠ ਦਾ ਭਰਿਆ ਘੜਾ ਟੁੱਟਦਾ ਚੋਟ ਸੱਚ ਦੀ ਖਾਵੇ। ਮੈਂ ਮੇਰੀ ਦੀ ਖਾਤਰ ਸੱਜਣੋ ਕਰਦਾ ਪੂਰ ਖਰਾਬੀ, ਪੁਸ਼ਪ ਅਨਾਰੀ ਪੈਰੀਂ ਮਿੱਧੇ ਨਾਲੇ ਫੁੱਲ ਗੁਲਾਬੀ, ਤੱਕ ਤੱਕ ਸਾਰੇ ਦੂਰੀ ਰੱਖਣ ਕਿਹੜਾ ਆਣ ਹਟਾਵੇ, ਝੂਠ ਦਾ ਭਰਿਆ ਘੜਾ ਟੁੱਟਦਾ ਚੋਟ ਸੱਚ ਦੀ ਖਾਵੇ। ਅੱਤ ਤੋਂ ਹੁੰਦਾ ਅੰਤ ਵਰੀਨੋ ਦੱਸਦੇ ਲੋਕ ਸਿਆਣੇ, ਏਸ ਗੱਲ ਨੂੰ ਭੁੱਲੇ ਫਿਰਦੇ ਮੈਂ ਦੇ ਵਿੱਚ ਅਣਜਾਣੇ, ਮਾੜੇ ਕੰਮ ਦਾ ਬੁਰਾ ਨਤੀਜ਼ਾ ਸਾਨੂੰ ਗੁਰੂ ਬਤਾਵੇ, ਝੂਠ ਦਾ ਭਰਿਆ ਘੜਾ ਟੁੱਟਦਾ ਚੋਟ ਸੱਚ ਦੀ ਖਾਵੇ। ਹੱਥ ਜੋੜਕੇ ਅਰਜ਼ ਭਰਾਵੋ ਸਮਝੋ ਅਸਲ ਕਹਾਣੀ, ਇੱਕ ਦੂਜੇ ਸੰਗ ਐਸੇ ਹੋਜੋ ਜਿਓ ਪਾਣੀ ਸੰਗ ਪਾਣੀ, ਰਾਮ ਨਾਮ ਦਾ ਨਸ਼ਾ ਭੰਮਿਆਂ ਵੱਖਰਾ ਰੰਗ ਚੜਾਵੇ, ਝੂਠ ਦਾ ਭਰਿਆ ਘੜਾ ਟੁੱਟਦਾ ਚੋਟ ਸੱਚ ਦੀ ਖਾਵੇ।

ਗਰਮੀ ਸਰਦੀ ਇਕੋ ਜੈਸੀ

ਸਾਧੂ ਫੱਕਰਾਂ ਨਾਲੋਂ ਉੱਤਮ ਸਮਝੋ ਜੱਟ ਦੀ ਭਗਤੀ, ਸੱਚੀ ਸੁਚੀ ਕਿਰਤ ਦੇ ਅੱਗੇ ਵੱਗ ਚਾਰਦੀ ਸ਼ਕਤੀ, ਕੱਟ ਕੱਢਕੇ ਫਿਰ ਬੀਜਣੀ ਫਸਲ ਜੋ ਹਾੜੀ ਸਾਉਣੀ, ਗਰਮੀ ਸਰਦੀ ਇਕੋ ਜੈਸੀ ਕਰਦਾ ਫਿਰਦਾ ਰਾਉਣੀ। ਫਸਲ ਜੱਟ ਦੀ ਸਦਾ ਉਜਾੜੇ ਜਿੰਨ੍ਹਾਂ ਪਸ਼ੂ ਪਸਾਰਾ, ਦਿਨ ਰਾਤ ਏਹ ਰਾਖੀ ਕਰਦਾ ਮਸਾਂ ਬਚਾਉਂਦਾ ਚਾਰਾ, ਕੌਣ ਵੰਡਾਵੇ ਮੁਸ਼ਕਿਲ ਇਸਦੀ ਪਿੰਡੇ ਪਵੇ ਹੰਡਾਉਣੀ, ਗਰਮੀ ਸਰਦੀ ਇਕੋ ਜੈਸੀ ਕਰਦਾ ਫਿਰਦਾ ਰਾਉਣੀ। ਪੱਕੀ ਫਸਲ ਨੂੰ ਗੜੇ ਮਾਰਦੇ ਪੱਲੇ ਪਵੇ ਨਾ ਦਾਣਾ, ਖੇਤੀ ਕਰਮਾਂ ਸੇਤੀ ਕਹਿਕੇ ਮੰਨਦਾ ਕੁਦਰਤ ਭਾਣਾ, ਆਉਣ ਵਾਲੀ ਦੀ ਆਸ ਰੱਖਦਾ ਕਹਿੰਦਾ ਚੰਗੀ ਆਉਣੀ, ਗਰਮੀ ਸਰਦੀ ਇਕੋ ਜੈਸੀ ਕਰਦਾ ਫਿਰਦਾ ਰਾਉਣੀ। ਜੱਟ ਰੱਬ ਦਾ ਨਾਂ ਹੈ ਦੂਜਾ ਸਮਝੋ ਅਸਲ ਕਹਾਣੀ, ਨਾਗਾਂ ਦੇ ਸਿਰ ਉਤੋਂ ਲੰਘੇ ਜਦ ਵੀ ਲਾਵੇ ਪਾਣੀ, ਨੱਕੇ ਮੋੜਦਾ ਨਾਲੇ ਗਾਉਂਦਾ ਉੱਚੀ ਹੇਕ ਹੀ ਲਾਉਣੀ, ਗਰਮੀ ਸਰਦੀ ਇਕੋ ਜੈਸੀ ਕਰਦਾ ਫਿਰਦਾ ਰਾਓ ਮੋੜੋਣੀ। ਉਹ ਵੀ ਕਰਨੀ ਕਿਰਤ ਦੱਸਗੇ ਰਚੀ ਜਿੰਨਾਂ ਨੇ ਬਾਣੀ, ਨਾਮ ਜਪੋ ਤੇ ਮੋੜੋ ਨੱਕੇ ਸਭ ਨੂੰ ਗੱਲ ਬਤਾਣੀ, ਇਹੀ ਭਗਤੀ ਸੱਚੀ ਜਾਣੋ ਸੱਚੀ ਕਿਰਤ ਕਮਾਉਣੀ, ਗਰਮੀ ਸਰਦੀ ਇਕੋ ਜੈਸੀ ਕਰਦਾ ਫਿਰਦਾ ਰਾਉਣੀ। ਜੱਟ ਤਕੜਾ ਤਾਂ ਸਾਰੇ ਤਕੜੇ ਨਹੀਂ ਤਾਂ ਰੋਗੀ ਸਾਰੇ, ਅੰਨ ਦਾਤਾ ਖੁਸ਼ਹਾਲ ਦੇਸ਼ ਦਾ ਕਦੋਂ ਦੇਸ਼ ਨਾ ਹਾਰੇ, ਭੰਮੇ ਕਹਿੰਦਾ ਸੁਣੋ ਮੋਢੀਓ ਇਸ ਦੀ ਜਿੰਦ ਬਚਾਉਣੀ, ਗਰਮੀ ਸਰਦੀ ਇਕੋ ਜੈਸੀ ਕਰਦਾ ਫਿਰਦਾ ਰਾਉਣੀ।

ਯਾਦੂਗਰ ਬਾਰੇ

ਸਾਡੇ ਪਿੰਡ ਆਇਆ ਇੱਕ ਯਾਦੂਗਰ ਜੀ, ਚੌਂਕੇ ਦੇ ਵਿਚਾਲੇ ਬੈਠਾ ਬੋਝਾ ਧਰ ਜੀ, ਬੰਸਰੀ ਵਜਾਕੇ ਇੱਕਠੇ ਕਰੇ ਬਾਲ ਜੀ, ਢਾਲੇ ਜੇ ਬਣਾਵੇ ਝੁਰਲੂ ਦੇ ਨਾਲ ਜੀ। ਇੱਕ ਮੁੰਡਾ ਓਸਨੇ ਬਠਾਇਆ ਅੱਗੇ ਜੀ, ਮੁੰਡਾ ਨੂੰ ਮੰਦਾਰੀ ਕੋਲੋਂ ਡਰ ਲੱਗੇ ਜੀ, ਛੋਟੀ ਕਰੂ ਆਯੂ ਤੇਰੀ ਕਈ ਸਾਲ ਜੀ, ਢਾਲੇ ਜੇ ਬਣਾਵੇ ਝੁਰਲੂ ਦੇ ਨਾਲ ਜੀ। ਸਿੱਕੇ ਪਾਵੇ ਡੱਬੇ ਕੰਨ ਨਾਲੋਂ ਤੋੜ ਜੀ, ਪੁੱਛੀ ਜਾਵੇ ਦੱਸ ਤੈਨੂੰ ਕਿੰਨੀ ਲੋੜ ਜੀ, ਹੁੰਦੇ ਨੇ ਹੈਰਾਨ ਵੇਖ ਐਸਾ ਹਾਲ ਜੀ, ਢਾਲੇ ਜੇ ਬਣਾਵੇ ਝੁਰਲੂ ਦੇ ਨਾਲ ਜੀ। ਪਿੱਛੇ ਕਰ ਫਿਰ ਮੁੰਡੇ ਨੂੰ ਬੈਠਾਤਾ ਜੀ, ਪਿੱਤਲ ਗਲਾਸ ਹਵਾ ਚ ਉਡਾਤਾ ਜੀ, ਆਉਂਦੀ ਨਾ ਸਮਝ ਯਾਦੂ ਵਾਲੀ ਚਾਲ ਜੀ, ਢਾਲੇ ਜੇ ਬਣਾਵੇ ਝੁਰਲੂ ਦੇ ਨਾਲ ਜੀ। ਟੋਕਰੀ ਚ ਬੰਦ ਕਰਤਾ ਜਮੂਰੇ ਨੂੰ, ਦੂਰੋਂ ਚੱਕੀ ਆਵੇ ਕੁੱਤੀ ਦੇ ਕਤੂਰੇ ਨੂੰ, ਸਾਰੇ ਕਹੀ ਜਾਣ ਕਰਤੀ ਕਮਾਲ ਜੀ, ਢਾਲੇ ਜੇ ਬਣਾਵੇ ਝੁਰਲੂ ਦੇ ਨਾਲ ਜੀ। ਸ਼ਕਤੀ ਨੀ ਯਾਦੂ ਹੱਥ ਦੀ ਸਫਾਈਐ, ਸਭਨਾਂ ਨੂੰ ਉਹਨੇ ਗੱਲ ਵੀ ਬਤਾਈਐ, ਮੰਗ ਰਿਹਾ ਪੈਸੇ ਪੇਟ ਦਾ ਸਵਾਲ ਜੀ, ਢਾਲੇ ਜੇ ਬਣਾਵੇ ਝੁਰਲੂ ਦੇ ਨਾਲ ਜੀ। ਖੁਸ਼ ਹੋਏ ਸਾਰੇ ਵੇਖ ਯਾਦੂ ਰੰਗ ਜੀ, ਘਰ ਜਾਕੇ ਦਾਣੇ ਮਾਂ ਤੋਂ ਰਹੇ ਮੰਗ ਜੀ, ਗੁੜ ਆਟੇ ਵਾਲੇ ਲੈਕੇ ਆਏ ਥਾਲ ਜੀ, ਢਾਲੇ ਜੇ ਬਣਾਵੇ ਝੁਰਲੂ ਦੇ ਨਾਲ ਜੀ। ਹੱਥ ਜੋੜ ਉਹਨੇ ਕੀਤਾ ਖੇਡ ਬੰਦ ਜੀ, ਭੰਮੇ ਨੇ ਬਣਾਇਆ ਕੋਰੜਾ ਜੋ ਛੰਦ ਜੀ, ਰਾਜੂ ਇੰਸਾਂ ਸ਼ੇਰੂ ਸਿੱਖੇ ਛੰਦ ਚਾਲ ਜੀ, ਢਾਲੇ ਜੇ ਬਣਾਵੇ ਝੁਰਲੂ ਦੇ ਨਾਲ ਜੀ।

ਘੁੱਗੀ ਅਤੇ ਮੱਖੀ ਦੀ ਕਹਾਣੀ

ਵੇਖੀ ਘੁੱਗੀ ਨੇ ਡੁੱਬਦੀ ਇੱਕ ਮੱਖੀ ਪੱਤਾ ਤੋੜਕੇ ਸੁਟਿਆ ਪਾਸ ਭਾਈ। ਪੱਤੇ ਉਪਰ ਬੈਠਗੀ ਝੱਟ ਮੱਖੀ ਜੀਵਨ ਜੀਣ ਦੀ ਬੱਝੀ ਆਸ ਭਾਈ। ਸੁੱਕੇ ਖੰਭ ਤੇ ਉਡਗੀ ਝੱਟ ਮੱਖੀ ਕਰਨ ਲੱਗੀਐ ਘੁੱਗੀ ਦਾ ਜਾਸ ਭਾਈ। ਧੰਨਵਾਦ ਤੇਰਾ ਮੇਰੀ ਜਿੰਦ ਬਚਗੀ ਮੁੱਕ ਚੱਲੇ ਸੀ ਮੇਰੇ ਸਾਸ ਭਾਈ। ਲੋੜ ਪੈਣ ਤੇ ਆਵਾਂਗੀ ਕੰਮ ਤੇਰੇ ਕਰੀ ਯਾਦ ਤੇਰੀ ਹਾਂ ਦਾਸ ਭਾਈ। ਸੁਣਕੇ ਘੁੱਗੀ ਮੈਂ ਦੇ ਵਿੱਚ ਬੋਲੀ ਆਊ ਰੁੱਖ ਕੇ ਕੰਮ ਕੀ ਘਾਸ ਭਾਈ। ਉਚਾ ਬੋਲ ਸੁਣਕੇ ਘੁੱਗੀ ਦੇ ਮੁੱਖ ਵਿੱਚੋਂ ਮੱਖੀ ਹੋਈਐ ਪੂਰੀ ਉਦਾਸ ਭਾਈ। ਸਮਾਂ ਚੱਲਦਾ ਆਪਣੀ ਚਾਲ ਉਤੇ ਬੀਤ ਗਏ ਨੇ ਕੁਝ ਕੁ ਮਾਸ ਭਾਈ। ਇੱਕ ਰੋਜ਼ ਸੀ ਘੁੱਗੀ ਕਲੋਲ ਕਰਦੀ ਸਮਝੇ ਮੁੱਠੀ ਦੇ ਵਿੱਚ ਆਕਾਸ਼ ਭਾਈ। ਇੱਕ ਸ਼ਿਕਾਰੀ ਨੇ ਘੁੱਗੀ ਤੇ ਤੀਰ ਤਣਿਆ ਖਾਣਾ ਲੋਚਦਾ ਓਸਦਾ ਮਾਸ ਭਾਈ। ਵੇਖਿਆ ਮੱਖੀ ਨੇ ਜਦ ਇਹ ਸੀਨ ਭੈੜਾ ਆਈ ਉੱਡਕੇ ਫਾਂਧੀ ਦੇ ਪਾਸ ਭਾਈ। ਮਾਰਿਆ ਡੰਗ ਤੇ ਉਸਦਾ ਤੀਰ ਡਿੱਗਿਆ ਘੁੱਗੀ ਉਡਗੀ ਬਣੀ ਨਾ ਲਾਸ਼ ਭਾਈ। ਫੇਰ ਯਾਦ ਕਰਦੀ ਬੋਲਿਆ ਬੋਲ ਉਚਾ ਵੱਡਾ ਛੋਟਾ ਨਾ ਇੱਕੋ ਪ੍ਰਕਾਸ ਬਾਈ। ਭਲਾ ਕਿਸੇ ਦਾ ਕਰੋਗੇ ਹੋਊ ਥੋਡਾ ਸਮਝੀ ਭੰਮਿਆਂ ਗੱਲ ਇਹ ਖਾਸ ਭਾਈ। ।

ਪਿਆਸੇ ਕਾਂ ਦੀ ਕਹਾਣੀ

ਇੱਕ ਕਾਂ ਨੂੰ ਪਿਆਸ ਨੇ ਤੰਗ ਕੀਤਾ ਫਿਰੇ ਭਾਲਦਾ ਵਣੀ ਚ ਆਬ ਭਾਈ। ਬਿਨਾਂ ਪਾਣੀ ਨਾ ਬੁਝਦੀ ਪਿਆਸ ਕਹਿੰਦੇ ਹੋਵਣ ਮਧੂ ਦੇ ਚਾਹੇ ਤਲਾਬ ਭਾਈ। ਦੂਰੋਂ ਵੇਖਿਆ ਓਸਨੇ ਇੱਕ ਮੱਟਕਾ ਖੰਬ ਜੋੜਲੇ ਵਾਂਗ ਓਕਾਬ ਭਾਈ। ਪਾਣੀ ਵੇਖਕੇ ਅੱਖਾਂ ਚ ਚਮਕ ਆਈ ਹੋਇਆ ਪੀਣ ਦੇ ਲਈ ਬੇਤਾਬ ਭਾਈ। ਪਾਣੀ ਪਾਸ ਨਾ ਕਾਂ ਦੀ ਚੁੰਝ ਪਹੁੰਚੀ ਹੋਇਆ ਬੜਾ ਹੀ ਚਿੱਤ ਖਰਾਬ ਭਾਈ। ਕਿਸ ਵਿਧ ਮੈਂ ਪਾਣੀ ਦੇ ਨੇੜੇ ਜਾਵਾਂ ਲਾਉਣ ਲੱਗਿਆ ਕੋਈ ਹਿਸਾਬ ਭਾਈ। ਕੰਕਰ ਸੁਟਤੇ ਓਸਨੇ ਵਿੱਚ ਮੱਟਕੇ ਉਪਰ ਆ ਗਿਆ ਪਲ 'ਚ ਆਬ ਭਾਈ। ਪੀਤਾ ਕਾਂ ਨੇ ਰੱਜਕੇ ਫੇਰ ਪਾਣੀ ਪਿਆਸ ਬੁਝਗੀ ਬਣਿਆ ਨਵਾਬ ਭਾਈ। ਲੋੜ ਕਾਢ ਦੀ ਭੰਮਿਆਂ ਮਾਂ ਹੁੰਦੀ ਸਿਖਿਆ ਗੁਰਾਂ ਦੀ ਅਰਕ ਗੁਲਾਬ ਭਾਈ॥

ਕਲਮ ਦੇ ਵਾਰਿਸਾਂ ਨੂੰ

ਕਰਦਾ ਅਰਜ਼ ਵੀਰੋ ਕਲਮ ਦੇ ਵਾਰਿਸਾਂ ਨੂੰ, ਸਿੱਖਣ ਸਿਖਾਉਣ ਵੱਲ ਕਰੋ ਤੁਸੀਂ ਧਿਆਨ ਜੀ। ਪੂਰਾ ਨਹੀਂ ਕੋਈ ਅਸੀਂ ਵੇਖਿਆ ਜਗਤ ਵਿੱਚ, ਦਿੱਸਦਾ ਨਾ ਪੂਰਾ ਜਿਹੜਾ ਇੱਕੋ ਭਗਵਾਨ ਜੀ। ਆਪਣੀ ਅਕਲ ਦੂਣੀ ਦੁਸਰੇ ਦਾ ਧੰਨ ਦੂਣਾ, ਹਰ ਕੋਈ ਵੇਖੀ ਜਾਵੇ ਵਿੱਚ ਤਾਂ ਜਹਾਨ ਜੀ। ਸਭਨਾਂ ਤੋਂ ਮਾੜੀ ਗੱਲ ਕਰਦੀ ਉਜਾੜਾ ਪੂਰਾ, ਹੁੰਦਾ ਹੈ ਭਰਮ ਜਦੋਂ ਮੈਂ ਹਾਂ ਵਿਦਵਾਨ ਜੀ। ਮੇਵਿਆਂ ਦਾ ਫੱਟਾ ਲਾਕੇ ਬੈਠਗੇ ਪੰਸਾਰੀ ਬਣ, ਨੇੜੇ ਜਾਕੇ ਵੇਖੋ ਜ਼ਰਾ ਖਾਲੀ ਹੈ ਦੁਕਾਨ ਜੀ। ਹਾਉਂਮੇ ਵਿੱਚ ਭੰਮੇ ਵਾਂਗੂ ਧੱਕੇ ਦੇਣ ਹੋਰਾਂ ਤਾਂਈਂ, ਹੋਰਾਂ ਨੂੰ ਅਨਾੜੀ ਕਹਿਣ ਆਪ ਅਣਜਾਣ ਜੀ॥

ਕਬਿੱਤ ਛੰਦ

ਆਉਂਦੀ ਨਾ ਸਮਝ ਮੇਰੇ ਸੱਚੀ ਸੱਚੀ ਗੱਲ ਮੇਰੀ, ਕਰਾਂ ਕੀ ਲਿਖਤ ਯਾਰੋ ਪੂਰਾ ਅਣਜਾਣ ਜੀ। ਬਹੁਤ ਕੁਝ ਲਿਖ ਪਹਿਲਾਂ ਰੱਖਗੇ ਗਿਆਨੀ ਲੋਕੋ, ਪੜ੍ਹਦਾ ਨਾ ਕੋਈ ਵੀਰੋ ਸੱਚ ਦਾ ਬਿਆਨ ਜੀ। ਗੁਰੂਆਂ ਤੋਂ ਵੱਧ ਕਿਹੜਾ ਲਿਖਦੁਗਾ ਓਸ ਵਾਰੇ, ਚਾਰ ਤੁਕਾਂ ਲਿਖ ਵੇਖੋ ਬਣੇ ਵਿਦਵਾਨ ਜੀ। ਮੈਂ ਮੈਂ ਮੇਰੀ ਮੇਰੀ ਵਿੱਚ ਫੱਸ ਗਿਆ ਭੰਮਿਆਂ ਤੂੰ, ਇੱਕੋ ਦੇ ਹਾਂ ਬੱਚੇ ਸਾਰੇ ਇੱਕੋ ਭਗਵਾਨ ਜੀ।

ਕਬਿੱਤ ਛੰਦ

ਸਭਨਾਂ ਤੋਂ ਮਾੜਾ ਰੋਗ ਜਿਸਦਾ ਨਾ ਵੈਦ ਕੋਈ, ਹੁੰਦਾ ਹੈ ਵਹਿਮ ਜਦੋਂ ਮੈਂ ਹਾਂ ਵਿਦਵਾਨ ਜੀ। ਆਪਣੀ ਅਕਲ ਦੂਣੀ ਲੱਗਦੀਐ ਸਾਰਿਆਂ ਨੂੰ, ਐਸੀ ਸੋਚ ਵਿੱਚ ਸਾਰਾ ਵੇਖਲੋ ਜਹਾਨ ਜੀ। ਕੁਚਲਾ ਭਸਮ ਦੇਵੋ ਤ੍ਰਿਫਲਾ ਸ਼ਹਿਦ ਨਾਲ, ਸੋਨੇ ਦੀ ਭਸਮ ਭਾਈ ਚਾਹੇ ਰੋਜ਼ ਖਾਣ ਜੀ। ਰੱਤੀ ਭਰ ਫਾਇਦਾ ਨਹੀਂ ਵੇਖਿਆ ਭੰਮੇ ਨੂੰ ਦੇਕੇ, ਏਸ ਤੋਂ ਬਚਾਕੇ ਰੱਖੇ ਸ੍ਰੀ ਭਗਵਾਨ ਜੀ॥

ਕਬਿੱਤ ਛੰਦ

ਵੇਖਕੇ ਉਦਾਸ ਮੁੱਖ ਪੁੱਛਦੀ ਕਲਮ ਮੈਨੂੰ, ਨੈਣਾਂ ਵਿੱਚੋਂ ਦੱਸ ਕਾਹਤੋਂ ਸਿੱਟ ਰਿਹਾ ਨੀਰ ਜੀ। ਕੌਣ ਜਾਣੇ ਤੇਰੇ ਵਾਰੇ ਮੇਰੇ ਨਾਲੋਂ ਵੱਧ ਦੱਸ, ਹੁੰਦੀਐ ਕਲਮ ਵੀਰਾ ਕਵੀ ਦੀ ਵਜ਼ੀਰ ਜੀ। ਮੈਨੂੰ ਚੱਕ ਲਿਖ ਛੇਤੀ ਠੰਡੀ ਠਾਰ ਕਵਿਤਾ ਤੂੰ, ਠੰਡੀ ਕਰੇ ਪਲਾਂ ਵਿੱਚ ਤੱਤੀ ਤਕਰੀਰ ਜੀ। ਤਾਕਤ ਕਲਮ ਵਾਲੀ ਮੋੜੇ ਮੁੱਖ ਯੋਧਿਆਂ ਦਾ, ਛੱਡਕੇ ਮੈਦਾਨ ਭੱਜੇ ਵੱਡੇ ਬਲਵੀਰ ਜੀ। ਹਾਉਂਮੇ ਵਾਲੇ ਭਾਰ ਥੱਲੇ ਆਏ ਸਾਰੇ ਵੱਡੇ ਛੋਟੇ, ਮਾਰੀ ਜਾਂਦੇ ਠਿੱਬੀ ਵੇਖ ਫੱਕਰਾਂ ਨੂੰ ਪੀਰ ਜੀ। ਆਵੇ ਨਾ ਪਛਾਣ ਕੋਈ ਸਾਧੂ ਅਤੇ ਚੋਰ ਵਾਲੀ, ਇੱਕੋ ਜੈਸੀ ਵਰਦੀ ਮੇਂ ਚੋਰ ਤੇ ਫਕੀਰ ਜੀ। ਵਾਹਿਗੁਰੂ ਰੱਟ ਬੰਦੇ ਆਉ ਸਾਂਤੀ ਜਗਤ ਵਿੱਚ, ਦੁਸ਼ਟ ਦਮਨ ਆਊ ਧਾਰਕੇ ਸਰੀਰ ਜੀ। ਜ਼ੁਲਮਾਂ ਦਾ ਨਾਸ਼ ਕਰੂ ਚੁੱਕਕੇ ਖੜਗ ਭੰਮੇ, ਬਾਗ ਵਿੱਚੋਂ ਪੱਟ ਦਿਊ ਪਲਾਂ 'ਚ ਕਰੀਰ ਜੀ।।

ਚਿੱੜੀ ਪੁੱਛਦੀ ਘੁੱਗੀ ਨੂੰ

ਕਰੋਨਾ ਕਰਕੇ ਜਦੋਂ ਕਰਫੂ ਲੱਗਿਆ ਸੀ ਤਾਂ ਘੁੱਗੀ ਨੂੰ ਚਿੱੜੀ ਇੰਝ ਪੁੱਛਦੀਐ ਚਿੱੜੀ ਪੁੱਛਦੀ ਘੁੱਗੀਏ ਸੱਚ ਦੱਸੀਂ ਸੁੰਨਸਾਨ ਕਿਓਂ ਵਿੱਚ ਸੰਸਾਰ ਭੈਣੇ। ਮੋਟਰ ਗੱਡੀਆਂ ਦਿੱਸਣ ਨਾ ਸੜਕ ਉਤੇ ਦਿਸੇ ਕੋਈ ਨਾ ਕਾਰ ਭੈਣੇ। ਵੱਡੇ ਸ਼ੇਰ ਵੀ ਖੁੱਡਾਂ ਦੇ ਵਿੱਚ ਵੜ੍ਹਗੇ ਕੁੱਕੜ ਬੱਕਰੇ ਰਹੇ ਲਲਕਾਰ ਭੈਣੇ। ਐਸ਼ਾਂ ਕੀਤੀਆਂ ਜਿੰਨ੍ਹਾਂ ਆਜਾੜ ਸਾਨੂੰ ਕੀਤੇ ਬੰਦ ਕਿਓਂ ਉਹਨਾਂ ਦਰਬਾਰ ਭੈਣੇ। ਸੁੱਖ ਮੰਗੀਏ ਆਪਾਂ ਤਾਂ ਸਦਾ ਉਸਦੀ ਹੱਥ ਓਸਦੇ ਫੜੀ ਕਟਾਰ ਭੈਣੇ। ਅੱਤੋ ਅੰਤ ਹੁੰਦਾ ਦੱਸਿਆ ਮੋਰ ਮੈਨੂੰ ਮੇਲਾ ਵਿਜੜੂ ਦਿਨ ਹੈ ਚਾਰ ਭੈਣੇ। ਘੁੱਗੀ ਆਖਦੀ ਚਿੱੜੀਏ ਹੈ ਗੱਲ ਮਾੜੀ ਕੁਦਰਤ ਛੇੜਤੀ ਪੁੱਠੀ ਜੋ ਤਾਰ ਭੈਣੇ। ਜੀਵਾਣੂੰ ਛੋਟਾ ਜਾ ਕੀਤਾ ਤਿਆਰ ਉਸਨੇ ਵੱਡੇ ਮੱਲਾਂ ਨੂੰ ਰਿਹਾ ਜੋ ਮਾਰ ਭੈਣੇ। ਕੀਹਨੂੰ ਦੋਸ਼ ਦੇਈਏ ਦੋਸ਼ੀ ਆਪ ਏਹੇ ਦਾਲ ਬੀਜਕੇ ਲੱਭੇ ਅਹਾਰ ਭੈਣੇ। ਕੁਦਰਤ ਰਾਣੀ ਨਾ ਕਿਸੇ ਦੇ ਵੱਸ ਹੋਵੇ ਪਹਿਲਾਂ ਦੱਸਗੇ ਜੋ ਰਚਨਹਾਰ ਭੈਣੇ। ਆਜਾ ਭੰਮਿਆਂ ਕੁਦਰਤ ਨੂੰ ਅਰਜ਼ ਕਰੀਏ ਮਾਫ ਕਰਦੇ ਅਸੀਂ ਗੁਨਾਹਗਾਰ ਭੈਣੇ।

ਕਣਕ ਦੀ ਬੱਲੀ ਬੋਲ ਪਈ

ਜੱਟ ਨੂੰ ਇਸ਼ਾਰੇ ਬੱਲੀ ਕਰੀਂ ਜਾਂਦੀ ਐ, ਆਸਾ ਪਾਸਾ ਵੇਖ ਹੌਂਕੇ ਭਰੀ ਜਾਂਦੀ ਐ, ਤੇਰੇ ਬਿਨ ਰਾਖਾ ਨ੍ਹੀਂ ਮੇਰੀ ਸ਼ਾਨ ਦਾ, ਲੁੱਟਿਆ ਨਾ ਜਾਵੇ ਜੋਬਨ ਰੁਕਾਨ ਦਾ, ਧੀਆਂ ਵਾਂਗ ਪਾਲੀ ਤੁਸੀਂ ਲਾਕੇ ਚਿੱਤ ਜੀ, ਦਾਣਾ ਪਾਣੀ ਦਿੱਤਾ ਆਪ ਆਕੇ ਨਿੱਤ ਜੀ, ਮੰਨਿਆਂ ਨਾ ਡਰ ਕਿਸੇ ਖੱਬੀ ਖਾਨ ਦਾ, ਲੁੱਟਿਆ ਨਾ ਜਾਵੇ ਜੋਬਨ ਰੁਕਾਨ ਦਾ, ਪੋਹ ਮਾਘ ਵਿੱਚ ਤੁਸੀਂ ਰਹੇ ਸੰਗ ਜੀ, ਨਾਗਾਂ ਵਾਲੇ ਸਹੇ ਦੇਹੀ ਉਤੇ ਡੰਗ ਜੀ, ਮੇਰੇ ਪਿੱਛੇ ਕੀਤਾ ਨਾ ਫ਼ਿਕਰ ਜਾਨ ਦਾ, ਲੁੱਟਿਆ ਨਾ ਜਾਵੇ ਜੋਬਨ ਰੁਕਾਨ ਦਾ, ਭੁੱਖਾਂ ਤੇਹਾਂ ਸਹਿਕੇ ਮੇਰੀ ਕੀਤੀ ਪਾਲਣਾ, ਸਾਧੂ ਨਾਲੋਂ ਔਖੀ ਜੱਟਾਂ ਤੇਰੀ ਘਾਲਣਾ, ਤਾਂਹੀ ਤੈਨੂੰ ਕਹਿੰਦੇ ਰੂਪ ਭਗਵਾਨ ਦਾ, ਲੁੱਟਿਆ ਨਾ ਜਾਵੇ ਜੋਬਨ ਰੁਕਾਨ ਦਾ, ਹਵਾ ਗੜੇ ਤੇਲਾ ਵੇਖ ਗੇੜੇ ਮਾਰਦੇ, ਉਹਨਾਂ ਅੱਗੇ ਮੇਰੇ ਨੇ ਪ੍ਰਾਣ ਹਾਰਦੇ, ਧਾਰਦੇ ਨੇ ਰੂਪ ਉਹੋ ਜੀ ਹਵਾਨ ਦਾ, ਲੁੱਟਿਆ ਨਾ ਜਾਵੇ ਜੋਬਨ ਰੁਕਾਨ ਦਾ, ਵਾਧੂ ਨੇ ਲੁਟੇਰੇ ਪਿੱਛੇ ਮੇਰੇ ਤੇਰੇ ਜੀ, ਪਰਬਤ ਵਾਂਗ ਪਰ ਤੇਰੇ ਜੇਰੇ ਜੀ, ਤੇਰੇ ਤੇ ਅਸਰ ਧੰਨੇ ਜੋ ਮਹਾਨ ਦਾ, ਲੁੱਟਿਆ ਨਾ ਜਾਵੇ ਜੋਬਨ ਰੁਕਾਨ ਦਾ, ਦੱਸਦੇ ਕਰੋਨਾ ਇੱਕ ਹੋਰ ਜੰਮਿਆ ਦਿੱਸਦਾ ਨਾ ਵੈਰੀ ਜਾਂਦਾ ਨਹੀਂ ਥੰਮਿਆ, ਕੀਤਾ ਉਹਨੇ ਘਾਣ ਸਗਲੇ ਜਹਾਨ ਦਾ, ਲੁੱਟਿਆ ਨਾ ਜਾਵੇ ਜੋਬਨ ਰੁਕਾਨ ਦਾ, ਵੜਜਾ ਬੁਖ਼ਾਰੀ ਚੰਗੀ ਘੜੀ ਆਵੇ ਜੀ, ਮਿਹਨਤ ਤੁਸਾਂ ਦੀ ਸਿਰੇ ਚੜ੍ਹ ਜਾਵੇ ਜੀ, ਬਣ ਜਾਵਾਂ ਹਿੱਸਾ ਮੈਂ ਤੁਸਾਂ ਦੇ ਦਾਨ ਦਾ, ਲੁੱਟਿਆ ਨਾ ਜਾਵੇ ਜੋਬਨ ਰੁਕਾਨ ਦਾ, ਸਮਾਂ ਆਇਆ ਨੇੜੇ ਮੈਨੂੰ ਲੈਕੇ ਜਾਣਦਾ, ਆਵੇ ਨਾ ਵਿਘਨ ਦਿਨ ਸੋਹਲੇ ਗਾਣ ਦਾ, ਮੱਧਮ ਨਾ ਹੋਵੇ ਚਮਕਾਰਾ ਭਾਨ ਦਾ ਲੁੱਟਿਆ ਨਾ ਜਾਵੇ ਜੋਬਨ ਰੁਕਾਨ ਦਾ, ਕਰਦੀ ਅਰਜ਼ ਪਰਬਦਗਾਰ ਨੂੰ, ਤੰਦਰੁਸਤ ਰੱਖੀ ਸਾਰੇ ਸੰਸਾਰ ਨੂੰ, ਮੁੱਲ ਮੋੜ ਦੇਵਾਂ ਭੰਮੇ ਕਿਰਸਾਨ ਦਾ, ਲੁੱਟਿਆ ਨਾ ਜਾਵੇ ਜੋਬਨ ਰੁਕਾਨ ਦਾ,

ਬਾਇਓਮੀਟ੍ਰਿਕ ਮਸ਼ੀਨ ਵਾਰੇ

ਸੁਣਲੋ ਭਰਾਵੋ ਮੈ ਸੁਣਾਵਾਂ ਗੱਲ ਜੀ ਛੇਤੀ ਛੇਤੀ ਆਉਦੇ ਵੇਖੇ ਘਰੋਂ ਚੱਲ ਜੀ ਸਭਨਾਂ ਦੀ ਤੇਜ ਕਰ ਦਿੱਤੀ ਚਾਲ ਜੀ ਛੋਟੇ ਜਿਹੇ ਪੁਰਜੇ ਕਰਤੀ ਕਮਾਲ ਜੀ ਨੀਦ ਤਾਂਈ ਜੇੜੇ ਕਰਦੇ ਪਿਆਰ ਜੀ ਆਲਸ ਤਿਆਗ ਹੋਗੇ ਹੁਸ਼ਿਆਰ ਜੀ ਲਾਉਣ ਹੈ ਅੰਗੂਠਾ ਫੁਰਤੀ ਦੇ ਨਾਲ ਜੀ ਛੋਟੇ ਜਿਹੇ ਪੁਰਜੇ ਕਰਤੀ ਕਮਾਲ ਜੀ ਸਾਹਿਬ ਕੋਲੋ ਜੇੜੇ ਡਰਦੇ ਸੀ ਘੱਟ ਜੀ ਪੁਰਜੇ ਦਾ ਨਾਮ ਵੇਖੋ ਰਹੇ ਰੱਟ ਜੀ ਵੱਡਿਆਂ ਦਲੇਰਾਂ ਵਾਲਾ ਮਾੜਾ ਹਾਲ ਜੀ ਛੋਟੇ ਜਿਹੇ ਪੁਰਜੇ ਕਰਤੀ ਕਮਾਲ ਜੀ ਕਈਆਂ ਨੂੰ ਡਰਾਉਦਾ ਸਪਨੇ ਚ ਆਣ ਜੀ ਟੁੱਟ ਜਾਂਦੀ ਨੀਦ ਛੇਤੀ ਉਠ ਜਾਣ ਜੀ ਡਰਦੇ ਕਿਓ ਪਾਪਾ ਪੁੱਛਦੇ ਨੇ ਬਾਲ ਜੀ ਛੋਟੇ ਜਿਹੇ ਪੁਰਜੇ ਕਰਤੀ ਕਮਾਲ ਜੀ ਕੌੜੀ ਅੱਖ ਨਾਲ ਵੇਖੇ ਕਈ ਤੱਕਦੇ ਕੰਧ ਨਾਲੋ ਏਸਨੂੰ ਹਟਾ ਨੀ ਸੱਕਦੇ ਲੱਗਦਾ ਹੈ ਮਾੜਾ ਉਨੀ ਵਾਲਾ ਸਾਲ ਜੀ ਛੋਟੇ ਜਿਹੇ ਪੁਰਜੇ ਕਰਤੀ ਕਮਾਲ ਜੀ ਕਈਆਂ ਦੇ ਮਨਾਂ ਚ ਵੱਧ ਗਿਆ ਰੋਸ ਜੀ ਜਿਸਨੇ ਬਣਾਇਆ ਉਹਨੂੰ ਰਹੇ ਕੋਸ ਜੀ ਐਸੀ ਤਕਨੀਕ ਤਾਂਈ ਦਿੰਦਾ ਟਾਲ ਜੀ ਛੋਟੇ ਜਿਹੇ ਪੁਰਜੇ ਕਰਤੀ ਕਮਾਲ ਜੀ ਸਮੇਂ ਸਿਰ ਆਓ ਸਮੇਂ ਸਿਰ ਜਾਓ ਜੀ ਆਦਤ ਪੁਰਾਣੀ ਛੱਡ ਨਵੀ ਪਾਓ ਜੀ ਡਰ ਵਾਲਾ ਭੰਮੇ ਉਡਜੂ ਸਵਾਲ ਜੀ ਛੋਟੇ ਜਿਹੇ ਪੁਰਜੇ ਕਰਤੀ ਕਮਾਲ ਜੀ

ਛੋਟੇ ਜਿਹੇ ਸੰਦ ਕਰਤੀ ਕਮਾਲ ਜੀ

ਬੱਸ ਵਿੱਚ ਚੁੱਪ ਵੇਖੀਆਂ ਸਵਾਰੀਆਂ ਬੰਦ ਕਰੀਂ ਬੈਠੀਆਂ ਸ਼ੀਸ਼ੇ ਤੇ ਬਾਰੀਆਂ ਹਿਲਦੀ ਨਾ ਕੋਈ ਜਿਵੇਂ ਲੱਗੀ ਰਾਲ ਜੀ ਛੋਟੇ ਜਿਹੇ ਸੰਦ ਕਰਤੀ ਕਮਾਲ ਜੀ ਟਿਕਟਾਂ ਕੱਟਣ ਵਾਲਾ ਪੂਰਾ ਤੰਗ ਜੀ ਕਰੇ ਨਾ ਟਿਕਟ ਵਾਲੀ ਕੋਈ ਮੰਗ ਜੀ ਪੈਂਦੇ ਨੇ ਹਲਾਉਣੇ ਧੱਕਿਆਂ ਦੇ ਨਾਲ ਜੀ ਛੋਟੇ ਜਿਹੇ ਸੰਦ ਕਰਤੀ ਕਮਾਲ ਜੀ ਵੇਖਦਾ ਨਾ ਕੋਈ ਆਸੇ ਪਾਸੇ ਵੱਲ ਜੀ ਭੁੱਲ ਜਾਂਦੇ ਅੱਡਾ ਕਹਿੰਦੇ ਬੱਸ ਠੱਲ ਜੀ ਇੱਕ ਹੱਥ ਸੰਦ ਮਾਰ ਜਾਂਦੇ ਛਾਲ ਜੀ ਛੋਟੇ ਜਿਹੇ ਸੰਦ ਕਰਤੀ ਕਮਾਲ ਜੀ ਵੱਡੇ ਛੋਟੇ ਸਾਰੇ ਕਰਵਾਤੇ ਚੁੱਪ ਜੀ ਬੁੱਤ ਬਣ ਬੈਠੇ ਹੋਵੇ ਕਿੰਨੀ ਧੁੱਪ ਜੀ ਕੰਨ ਨਾਲ ਲਾਵੋ ਰੋਂਦਾ ਚੁੱਪ ਬਾਲ ਜੀ ਛੋਟੇ ਜਿਹੇ ਸੰਦ ਕਰਤੀ ਕਮਾਲ ਜੀ ਸਾਰਿਆ ਨੂੰ ਨਸ਼ਾ ਇਹਦਾ ਗਿਆ ਲੱਗ ਜੀ ਮੁੱਠੀ ਵਿੱਚ ਦੱਸਦੇ ਹਮਾਰੇ ਜੱਗ ਜੀ ਤੇਜ ਕਰ ਦਿੱਤੀ ਸਮੇਂ ਵਾਲੀ ਚਾਲ ਜੀ ਛੋਟੇ ਜਿਹੇ ਸੰਦ ਕਰਤੀ ਕਮਾਲ ਜੀ ਖਾਣ ਪੀਣ ਵੇਲੇ ਉਤੇ ਰਹੇ ਕੰਨ ਦੇ ਏਸਦੇ ਮਰੀਦ ਨਾ ਕਿਸੇ ਦੀ ਮੰਨ ਦੇ ਭੁੱਲਦੇ ਗਰਾਹੀ ਲਾਉਣੀ ਦਾਲ ਜੀ ਛੋਟੇ ਜਿਹੇ ਸੰਦ ਕਰਤੀ ਕਮਾਲ ਜੀ ਗਿਣੇ ਨਹੀਂ ਜਾਂਦੇ ਯਾਰੋ ਗੁਣ ਏਸਦੇ ਕੋਲ ਬੈਠੇ ਲੱਗੋਂ ਵਿੱਚ ਹੋਰ ਦੇਸਦੇ ਚੰਗਾ ਮਾੜਾ ਦੱਸੇ ਪਲਾਂ ਵਿੱਚ ਹਾਲ ਜੀ ਛੋਟੇ ਜਿਹੇ ਸੰਦ ਕਰਤੀ ਕਮਾਲ ਜੀ ਰੱਖਿਆ ਵਿਗਿਆਨੀ ਇਹਦਾ ਫੋਨ ਨਾਮ ਜੀ ਜਿੰਨੇ ਸੁੱਖ ਵੀਰੋ ਦੁੱਖ ਵੀ ਤਮਾਮ ਜੀ ਦਿੱਤੇ ਨੇ ਵਿਗਾੜ ਘਰੀ ਸੁਰ ਤਾਲ ਜੀ ਛੋਟੇ ਜਿਹੇ ਸੰਦ ਕਰਤੀ ਕਮਾਲ ਜੀ ਵਰਤੋ ਚੰਗੇਰੀ ਲੋੜ ਅਨੂਸਾਰ ਜੀ ਕਰਦੇ ਵਿਗਿਆਨੀ ਨੇ ਖਬਰਦਾਰ ਜੀ ਦੇਹੀ ਦਾ ਤੂੰ ਰੱਖ ਭੰਮਿਆਂ ਖਿਆਲ ਜੀ ਛੋਟੇ ਜਿਹੇ ਸੰਦ ਕਰਤੀ ਕਮਾਲ ਜੀ

ਆਜੋ ਪਿੰਡ ਚੱਲੀਏ

ਮਾਨਸਾ ਦੇ ਨੇੜੇ ਭੰਮੇਂ ਕਲਾਂ ਗਾਮ ਜੀ ਜਾਂਦੀਆਂ ਨੇ ਬੱਸਾਂ ਜਿੱਥੇ ਆਮੋ ਆਮ ਜੀ ਲੰਮੇ ਰੂਟ ਵਾਲੀ ਰੁੱਕਦੀ ਵੀ ਲਾਰੀਐ ਭੰਮਿਆਂ ਦੀ ਸ਼ਾਨ ਭੰਮੇ ਨੂੰ ਪਿਆਰੀਐ ਸਭ ਜਾਤੀ ਲੋਕ ਏਥੇ ਸੁੱਖੀ ਵੱਸਦੇ ਤੱਕੀਏ ਚ ਬੈਠ ਸਦਾ ਰਹਿਣ ਹੱਸਦੇ ਸਭਨਾਂ ਦੀ ਯਾਰੀ ਨਾ ਕਿਸੇ ਦੀ ਖਾਰੀਐ ਭੰਮਿਆਂ ਦੀ ਸ਼ਾਨ ਭੰਮੇ ਨੂੰ ਪਿਆਰੀਐ ਧਾਲੀਵਾਲ ਸਿੱਧੂ ਮਾਨ ਸੰਧੂ ਜੱਟ ਜੀ ਪਿੰਡ ਦੇ ਵਿਚਾਲੇ ਬਾਣੀਅਾਂ ਦੀ ਹੱਟ ਜੀ ਮੇਰੀ ਮਾਤ ਭੂੰਮੀ ਸਭ ਤੋਂ ਨਿਆਰੀਐ ਭੰਮਿਆਂ ਦੀ ਸ਼ਾਨ ਭੰਮੇ ਨੂੰ ਪਿਆਰੀਐ ਰਾਜੇ ਸਿੱਖ ਪੰਡਤਾਂ ਦੇ ਏਥੇ ਘਰ ਨੇ ਚਾਰੇ ਪਾਸੇ ਰੌਣਕਾਂ ਕਿਤੇ ਨਾ ਸਰਨੇ ਤੋਤਿਆਂ ਨੇ ਬਾਗ ਚੋ ਉਡਾਰੀ ਮਾਰੀਐ ਭੰਮਿਆਂ ਦੀ ਸ਼ਾਨ ਭੰਮੇ ਨੂੰ ਪਿਆਰੀਐ ਛੀਂਬਿਆਂ ਦਾ ਘਰ ਏਥੇ ਨਹੀਂ ਦਿੱਸਦਾ ਤੇਲੀ ਦੀ ਮਸ਼ੀਨ ਉਤੇ ਆਟਾ ਪਿੱਸਦਾ ਚੰਗੀ ਘੁਮਿਆਰਾ ਦੀ ਦੁਕਾਨ ਦਾਰੀਐ ਭੰਮਿਆਂ ਦੀ ਸ਼ਾਨ ਭੰਮੇ ਨੂੰ ਪਿਆਰੀਐ ਝੱਬਰਾਂ ਦੇ ਵੇਹੜੇ ਦਾ ਸਰਾਂ ਹੈ ਗੋਤ ਜੀ ਰੜ੍ਹੀ ਵਾਲਾ ਬਾਬਾ ਹੈ ਇਲਾਹੀ ਜੋਤ ਜੀ ਨੇੜੇ ਸੂਲੀਸਰ ਮੇਲਾ ਲੱਗੇ ਭਾਰੀਐ ਭੰਮਿਆਂ ਦੀ ਸ਼ਾਨ ਭੰਮੇ ਨੂੰ ਪਿਆਰੀਐ ਏਥੇ ਹੈ ਔਲਾਦ ਭੋਲੇ ਸੁਨਿਆਰ ਦੀ ਹੱਟੀ ਤਰਖਾਣੀ ਹੱਟੀ ਹੈ ਲੁਹਾਰ ਦੀ ਵਸਦੇ ਮਰਾਸੀ ਰਹਿੰਦਾ ਨਾ ਲਲਾਰੀਐ ਭੰਮਿਆਂ ਦੀ ਸ਼ਾਨ ਭੰਮੇ ਨੂੰ ਪਿਆਰੀਐ ਦਲਿਤਾਂ ਦਾ ਵੇਹੜਾ ਵੱਖਰੀ ਜੀ ਸ਼ਾਨ ਦਾ ਝੱਲਦਾ ਨਾ ਰੋਬ ਕਿਸੇ ਖੱਬੀ ਖਾਨ ਦਾ ਕਰਦੇ ਕਿਰਤ ਚੰਗੀ ਦੇਣ ਦਾਰੀਐ ਭੰਮਿਆਂ ਦੀ ਸ਼ਾਨ ਭੰਮੇ ਨੂੰ ਪਿਆਰੀਐ ਝਿਉਰ ਨੇੜੇ ਡੇਰੇ ਦੇ ਕਰਨ ਵਾਸ ਜੀ ਬੁੱਢਾ ਖੂਹਾ ਚੁੱਪ ਛੱਪੜਾਂ ਦੇ ਪਾਸ ਜੀ ਗੁਰੂ ਘਰ ਨੇੜੇ ਪਾਠਸ਼ਾਲਾ ਸਰਕਾਰੀਐ ਭੰਮਿਆਂ ਦੀ ਸ਼ਾਨ ਭੰਮੇ ਨੂੰ ਪਿਆਰੀਐ ਦੇਣ ਲੈਣ ਵਾਲਾ ਬੈਂਕ ਨੇੜੇ ਅੱਡੇ ਦੇ ਕੌਣ ਮਾਰੇ ਸੋਟੀ ਢੱਠੇ ਝੋਟੇ ਛੱਡੇ ਦੇ ਦਾਣਾ ਮੰਡੀ ਵਿਕਦੀ ਜਿਣਸ ਸਾਰੀਐ ਭੰਮਿਆਂ ਦੀ ਸ਼ਾਨ ਭੰਮੇ ਨੂੰ ਪਿਆਰੀਐ ਰਾਮ ਚੰਦ ਕਵੀ ਪੰਡਤਾਂ ਦਾ ਪੁੱਤ ਜੀ ਪੂਰਨ ਬਿੱਪਰ ਉਹਦਾ ਭੂਆ ਸੁਤ ਜੀ ਕੱਠਿਆਂ ਨੇ ਗਾ ਕੇ ਜਿੰਦਗੀ ਗੁਜਾਰੀਐ ਭੰਮਿਆਂ ਦੀ ਸ਼ਾਨ ਭੰਮੇ ਨੂੰ ਪਿਆਰੀਐ ਦਰਸ਼ਨ ਭੰਮੇ ਮੁੰਡਾ ਭੰਮੇ ਗਾਮ ਦਾ ਭੋਲੇ ਦੀ ਅੰਸ਼ ਪੁੱਤ ਸੋਨੀ ਰਾਮ ਦਾ ਕਿ੍ਪਾ ਗੁਰਾਂ ਦੀ ਛੰਦਾਂ ਦਾ ਲਿਖਾਰੀਐ ਭੰਮਿਆਂ ਦੀ ਸ਼ਾਨ ਭੰਮੇ ਨੂੰ ਪਿਆਰੀਐ

ਸਾਉਣ ਦਾ ਮਹੀਨਾ

ਵੇਖ ਘਟਾ ਘਨਘੋਰ,ਸੁਣ ਬਦਲਾ ਦਾ ਸ਼ੋਰ, ਤੱਕ ਪੈਲਾਂ ਪਾਉਦੇ ਮੋਰ,ਯਾਦ ਆਉਦੀ ਯਾਰ ਦੀ ਸਾਉਣ ਦਾ ਮਹੀਨਾ ਰੁੱਤ ਹੁੰਦੀ ਪਿਆਰ ਦੀ, ਆਬ ਕਣੀ ਬਣ ਆਵੇ,ਪੌਣ ਸੀਤ ਬਣ ਜਾਵੇ ਠੰਡ ਸੀਨੇ ਵਿੱਚ ਪਾਵੇ ਦੇਹੀ ਤਾਂਈ ਠਾਰ ਦੀ ਸਾਉਣ ਦਾ ਮਹੀਨਾ ਰੁੱਤ ਹੁੰਦੀ ਪਿਆਰ ਦੀ, ਰੁੱਖ ਖੁਸ਼ ਹੁੰਦੇ ਜਾਣਾ,ਬੱਚੇ ਅੰਬਾਂ ਤਾਂਈ ਖਾਣ, ਪੌਦੇ ਖੜੇ ਛਾਤੀ ਤਾਣ,ਹੈ ਸੁਗੰਧੀ ਮਾਰਦੀ ਸਾਉਣ ਦਾ ਮਹੀਨਾ ਰੁੱਤ ਹੁੰਦੀ ਪਿਆਰ ਦੀ, ਦੇਖ ਚਿੱੜੀਆਂ ਦੀ ਡਾਰ ਚੀਂ ਚੀ ਕਰੇ ਬੁੇਸ਼ਮਾਰ ਗੀਤ ਗਾੳਦੀ ਮੇਰੇ ਯਾਰ ਗੁੱਸੇ ਤਾਂਈ ਠਾਰ ਦੀ ਸਾਉਣ ਦਾ ਮਹੀਨਾ ਰੁੱਤ ਹੁੰਦੀ ਪਿਆਰ ਦੀ, ਦੁੱਧ ਹੋਵਦਾ ਬਥੇਰਾ, ਖੁਸ਼ ਹੁੰਦਾ ਹੈ ਲਵੇਰਾ ਪੀਕੇ ਦੂਰ ਹੋਜੇ ਹਨੇਰਾ,ਜਿੰਦ ਨਹੀ ਹਾਰ ਦੀ ਸਾਉਣ ਦਾ ਮਹੀਨਾ ਰੁੱਤ ਹੁੰਦੀ ਪਿਆਰ ਦੀ, ਧੀਆਂ ਸੌਰਿਆਂ ਤੋ ਆਣ,ਪੀਘਾਂ ਪਿਪਲਾਂ ਤੇ ਪਾਣ ਗੀਤ ਰਲ ਮਿਲ ਗਾਣ ਮਾਹੀ ਜਿੰਦ ਨਾਰ ਦੀ ਸਾਉਣ ਦਾ ਮਹੀਨਾ ਰੁੱਤ ਹੁੰਦੀ ਪਿਆਰ ਦੀ, ਚੰਗੀ ਖਾਣੀ ਹੁੰਦੀ ਖੀਰ,ਭੈਣ ਆਖੇ ਸੁਣ ਵੀਰ ਖੱਟਾ ਲੈਦੇ ਮੈਨੂੰ ਚੀਰ ਮੰਗ ਨਹੀ ਹਾਰ ਦੀ ਸਾਉਣ ਦਾ ਮਹੀਨਾ ਰੁੱਤ ਹੁੰਦੀ ਪਿਆਰ ਦੀ, ਚਾਰੇ ਪਾਸੇ ਹਰਿਆਲੀ ਖੁਸ਼ ਹੋਣ ਤੱਕ ਮਾਲੀ ਲੀਲਾ ਕੈਸੀ ਹੈ ਨਿਰਾਲੀ ਪਰਬਦਗਾਰ ਦੀ ਸਾਉਣ ਦਾ ਮਹੀਨਾ ਰੁੱਤ ਹੁੰਦੀ ਪਿਆਰ ਦੀ, ਡੱਡੂ ਡੱਡੀਆਂ ਦਾ ਸ਼ੋਰ ਨੱਚੇ ਭੰਮੇ ਵਿੱਚ ਲੋਰ ਦੇਦੇ ਗੁਰੂ ਮੱਤ ਹੋਰ ਕਿਰਪਾ ਦਤਾਰ ਦੀ ਸਾਉਣ ਦਾ ਮਹੀਨਾ ਰੁੱਤ ਹੁੰਦੀ ਪਿਆਰ ਦੀ,

ਕੁਰਸੀ

ਯਾਰੋ ਕੁਰਸੀ ਅਰਜ਼ ਗੁਜ਼ਾਰਦੀ, ਹੱਥ ਜੋੜ ਮਿਸਤਰੀ ਕੋਲ। ਮੇਰਾ ਨਾਂ ਕਿਓਂ ਕੁਰਸੀ ਰੱਖਿਆ, ਮੈਨੂੰ ਛੇਤੀ ਦੱਸਦੇ ਖੋਲ। ਸਾਰਾ ਜੱਗ ਹੀ ਆਸ਼ਕ ਹੋ ਗਿਆ, ਛੋਟੇ ਵੱਡੇ ਰਹੇ ਨੇ ਟੋਲ। ਮੇਰੀ ਖਿੱਚ ਖਿੱਚ ਤੋੜੀ ਬੈਂਤ ਜੀ,ਕਰਤੇ ਵਿੱਚ ਸੀਟ ਦੇ ਹੋਲ। ਮੇਰੀ ਖਾਤਰ ਕਾਤਲ ਬਣ ਗਏ, ਰਹੇ ਜਿੰਦਾਂ ਕੀਮਤੀ ਰੋਲ। ਭਾਈਚਾਰਾ ਵੀ ਖ਼ਤਮ ਹੋ ਗਿਆ, ਰਹੇ ਹਾਉਮੇ ਦੇ ਸੰਗ ਤੋਲ। ਵੱਡੇ ਵੱਡੇ ਧਰਮ ਤੋਂ ਹੱਲ਼ ਗੇ ਰਹੇ ਝੂਠ ਵਥੇਰਾ ਬੋਲ। ਲੈਂਦਾ ਹਰ ਕੋਈ ਮੇਰੇ ਸੁਪਨੇ,ਸੋਚੇ ਬੈਠਕੇ ਕਰੂ ਕਲੋਲ। ਮੇਰੇ ਵਿੱਚ ਕੀ ਕੀਤਾ ਫਿੱਟ ਤੂੰ,ਬੈਠਣ ਸਾਰ ਨਸ਼ਾ ਅਣਤੋਲ। ਬੈਠਣ ਜਿਨ੍ਹਾਂ ਕਰਕੇ ਆਣ ਜੀ,ਉਹ ਦਾ ਰੱਤੀ ਨਾ ਪਾਉਂਦੇ ਮੋਲ। ਚੰਗਾ ਹੁੰਦਾ ਮੈਨੂੰ ਨਾ ਜੰਮਦਾ ਮੇਰੀ ਖਾਤਰ ਨਾ ਹੁੰਦੇ ਘੋਲ। ਭੰਮੇ ਵਰਗੇ ਤਪੱੜ ਤੇ ਬੈਠ ਦੇ ਰਹਿੰਦਾ ਮੈਂ ਦਾ ਭਾਰ ਸਮਤੋਲ।

ਵੋਟ ਪਾਉਣੀ ਅਧਿਕਾਰ ਬੰਦੇ ਦਾ

ਫੱਟਾ ਲਾ ਨਿਸ਼ਕਾਮ ਸੇਵਾ ਦਾ ਦਰ ਤੇਰੇ ਤੇ ਆਵਣਗੇ, ਅਣਜਾਣ ਬੰਦੇ ਵੀ ਵਿੱਚ ਪਲਾਂ ਦੇ ਰਿਸ਼ਤੇਦਾਰੀ ਪਾਵਣਗੇ, ਮਿੱਠਿਆਂ ਤੀਰਾਂ ਕੋਲੋਂ ਵੀਰਾ ਆਪਣਾ ਆਪ ਬਚਾਈਂ ਤੂੰ, ਵੋਟ ਪਾਉਣੀ ਅਧਿਕਾਰ ਬੰਦੇ ਦਾ ਸੋਚ ਸਮਝਕੇ ਪਾਈਂ ਤੂੰ। ਬਹੁ ਪ੍ਰਕਾਰੀ ਲਾਲਚ ਦੇ ਕੇ ਲਾਲਚ ਜਾਲ ਫਸਾਵਣਗੇ, ਦੇਣ ਵਾਸਤੇ ਕੁਝ ਨਾ ਪੱਲੇ ਹਵਾ ਚ ਮਹਿਲ ਉਸਾਰਣਗੇ, ਵੇਖੀਂ ਮਿੱਤਰਾ ਫ਼ਸ ਨਾ ਜਾਈਂ ਨਾ ਮਨ ਲਲਚਾਈਂ ਤੂੰ, ਵੋਟ ਪਾਉਣੀ ਅਧਿਕਾਰ ਬੰਦੇ ਦਾ ਸੋਚ ਸਮਝਕੇ ਪਾਈਂ ਤੂੰ। ਭੁੱਕੀ ਦਾਰੂ ਗੋਲੀਆਂ ਪੱਤੇ ਰਿਉੜੀਆਂ ਵਾਂਗੂੰ ਵੰਡਣਗੇ, ਇੱਕ ਦੂਜੇ ਨੂੰ ਦੋਸ਼ੀ ਕਹਿਕੇ ਗਲ਼ੀ ਗਲ਼ੀ ਵਿਚ ਭੰਡਣਗੇ, ਚੋਰ ਚੋਰ ਨੂੰ ਚੋਰ ਹੀ ਆਖੂ ਗੱਲਾਂ ਵਿੱਚ ਨਾ ਆਈਂ ਤੂੰ, ਵੋਟ ਪਾਉਣੀ ਅਧਿਕਾਰ ਬੰਦੇ ਦਾ ਸੋਚ ਸਮਝਕੇ ਪਾਈਂ ਤੂੰ। ਉਚੇ ਟਿੱਬਿਆਂ ਤੇ ਪਾਣੀ ਲਾਵਣ ਸੇਮ ਚੱਕਣਗੇ ਧਰਤੀ ਦੀ, ਬਾਲ ਬੱਚੇ ਸਭ ਨੌਕਰ ਲਾਉਂਣੇ ਤਾਕੀ ਖੋਲ੍ਹਕੇ ਭਰਤੀ ਦੀ, ਖੇਤਾਂ ਦੇ ਵਿੱਚ ਜਾਲ ਸੜਕਾਂ ਦਾ ਸੌਖਾ ਆਈਂ ਜਾਈਂ ਤੂੰ, ਵੋਟ ਪਾਉਣੀ ਅਧਿਕਾਰ ਬੰਦੇ ਦਾ ਸੋਚ ਸਮਝਕੇ ਪਾਈਂ ਤੂੰ। ਸੰਜ਼ਮ ਸ਼ਾਂਤੀ ਅਤੇ ਨਿਮਰਤਾ ਚੇਹਰੇ ਉਪਰ ਲਿਆਵਣਗੇ, ਵੱਡਾ ਛੋਟਾ ਫ਼ਰਕ ਨਾ ਕੋਈ ਪੈਰਾਂ ਨੂੰ ਹੱਥ ਲਾਵਣਗੇ, ਤਾਇਆ ਚਾਚਾ ਮਾਸੜ ਫੁੱਫੜ ਸਾਡਾ ਆਖਣ ਸਾਈਂ ਤੂੰ, ਵੋਟ ਪਾਉਣੀ ਅਧਿਕਾਰ ਬੰਦੇ ਦਾ ਸੋਚ ਸਮਝਕੇ ਪਾਈਂ ਤੂੰ। ਵੱਛਾ ਜੋੜਕੇ ਨਾਲ ਬਲਦ ਦੇ ਹਾਲੀ ਕੱਢਣ ਸਾਰੇ ਜੀ, ਇਸ ਨੁਕਤੇ ਤੇ ਚੱਲਣ ਸਾਰੇ ਜੋੜੇ ਬਾਲ ਪਿਆਰੇ ਜੀ, ਆਪਣੇ ਬਾਲਾਂ ਤਾਈਂ ਵੀਰਾ ਧੋਬੀ ਅੰਗ ਸਿਖਾਈ ਤੂੰ, ਵੋਟ ਪਾਉਣੀ ਅਧਿਕਾਰ ਬੰਦੇ ਦਾ ਸੋਚ ਸਮਝਕੇ ਪਾਈਂ ਤੂੰ। ਮੋਢੀ ਚੁਣਨਾ ਗੱਲ ਚੰਗੇਰੀ ਦਰਦੀ ਹੋਵੇ ਦਰਦਾਂ ਦਾ, ਸਿਹਤ ਸਿੱਖਿਆ ਦੇਵੇ ਸਭ ਨੂੰ ਸੇਵਕ ਬਣਕੇ ਨਰਦਾਂ ਦਾ, ਬਿਨ ਲਾਲਚ ਦੇ ਐਸੇ ਪੁਰਸ਼ ਦਾ ਵੀਰਾ ਬਟਨ ਦਬਾਈ ਤੂੰ, ਵੋਟ ਪਾਉਣੀ ਅਧਿਕਾਰ ਬੰਦੇ ਦਾ ਸੋਚ ਸਮਝਕੇ ਪਾਈਂ ਤੂੰ। ਆਖਿਰ ਦੇ ਵਿੱਚ ਅਰਜ਼ ਭੰਮੇ ਦੀ ਨਾ ਤੋੜੀਂ ਭਾਈਚਾਰਾ ਜੀ, ਇੱਕ ਵਾਰ ਦਾ ਟੁੱਟਿਆ ਸੱਜਣਾਂ ਜੁੜਦਾ ਨਹੀਂ ਦੁਬਾਰਾ ਜੀ , ਜਿੱਤਣ ਵਾਲਾ ਜਿੱਤਕੇ ਤੁਰਜੂ ਰੱਖੀਂ ਦੂਰ ਲੜਾਈ ਤੂੰ, ਵੋਟ ਪਾਉਣੀ ਅਧਿਕਾਰ ਬੰਦੇ ਦਾ ਸੋਚ ਸਮਝਕੇ ਪਾਈਂ ਤੂੰ।

ਗੱਲਾਂ ਗਿਆਨ ਦੀਆਂ

ਗੱਲਾਂ ਗਿਆਨ ਦੀਆਂ ਕਰਦੇ ਮੈਂ ਬਹੁਤ ਵੇਖੇ ਆਪ ਕੋਰੇ ਨੇ ਬਿਨਾਂ ਗਿਆਨ ਲੋਕੋ। ਸੌਦਾ ਕੂੜ ਵਾਲਾ ਤੇ ਬੋਰਡ ਕੁਸਤਿਆਂ ਦਾ ਖੋਲੀ ਬੈਠੇ ਨੇ ਉੱਚੀ ਦੁਕਾਨ ਲੋਕੋ। ਸਿੱਖਣਾ ਭੁੱਲਕੇ ਸਿਖਿਆ ਦੇਣ ਲੱਗੇ ਹਾਉਮੇਂ ਰੋਗ ਦੇ ਵਿਚ ਗ਼ਲਤਾਨ ਲੋਕੋ। ਚਲਾਉਣੀ ਕਲ਼ਮ ਤੇ ਤਰਣ ਸਮੁੰਦਰਾਂ ਦਾ ਫਿਰਦੇ ਜਿੱਤਣ ਨੂੰ ਕਈ ਨਾਦਾਨ ਲੋਕੋ। ਫੇਸਬੁੱਕ ਤੇ ਪੋਸਟਾਂ ਪਾ ਲੱਭ ਦੇ ਨੇ ਨੀਲਾ ਅੰਗੂਠਾ ਤੇ ਦਿਲ ਨਿਸ਼ਾਨ ਲੋਕੋ। ਗ਼ਲਤੀ ਹੋਈ ਨੂੰ ਗ਼ਲਤੀ ਨਾ ਮੰਨਦੇ ਜੀ ਆਪਣੇ ਆਪ ਨੂੰ ਸਮਝਣ ਨਿਧਾਨ ਲੋਕੋ। ਛੋਟਾ ਸਮਝਕੇ ਘੂਰਦੇ ਜਾਣੂਆਂ ਨੂੰ ਬੰਦ ਕਰਨ ਨੂੰ ਫ਼ਿਰਨ ਜ਼ਬਾਨ ਲੋਕੋ। ਗਿੱਦੜ ਡਿੱਗਿਆ ਮੱਟ ਲਲਾਰੀਆਂ ਦੇ ਬਹਿ ਗਿਆ ਜੰਗਲ ਦਾ ਬਣ ਪ੍ਰਧਾਨ ਲੋਕੋ। ਦਾਲ ਬੀਜ ਕੇ ਟਾਟਾਂ ਦੀ ਆਸ ਕਰਦੇ ਭੰਮੇ ਵਰਗੇ ਜੋ ਬਣੇ ਵਿਦਵਾਨ ਲੋਕੋ। ਨਮਸਕਾਰ ਭੰਮੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਵਿੱਚ ਲਿਖਾਰੀ ਭਗਵਾਨ ਲੋਕੋ।

ਸੰਜ਼ਮ ਦੇ ਨਾਲ ਜੇ ਨਾ ਵਰਤਿਆ

ਪਵਨ ਗੁਰੂ ਤੇ ਪਾਣੀ ਪਿਤਾ ਲਿਖਿਆ ਵਿੱਚ ਗੁਰਬਾਣੀ ਦੇ, ਧਰਤੀ ਸਭ ਦੀ ਮਾਤਾ ਦੱਸਿਆ ਦੋਸਤ ਰੁੱਖ ਪ੍ਰਾਣੀ ਦੇ, ਬੜੇ ਲ਼ੋਕਾਂ ਨੇ ਜ਼ੋਰ ਲਗਾ ਲਿਆ ਤਿਆਰ ਨਾ ਹੋਇਆ ਪਾਣੀ ਜੀ, ਸੰਜ਼ਮ ਦੇ ਨਾਲ ਜੇ ਨਾ ਵਰਤਿਆ ਤੜਫੂ ਜਿੰਦ ਨਿਮਾਣੀ ਜੀ। ਜਲ ਪਾਇਆ ਪ੍ਰਮੇਸ਼ਰ ਪਾਇਆ ਦਾਦੀ ਆਖ ਸਣਾਉਦੀ ਸੀ, ਥੋੜਾ ਥੋੜਾ ਪਾਣੀ ਪਾਕੇ ਮੈਨੂੰ ਰੋਜ਼ ਨਿਵਾਉਂਦੀ ਸੀ, ਤੌੜੇ ਦੇ ਵਿੱਚ ਠੰਡਾ ਕਰਕੇ ਰੱਖਦੀ ਬੇਬੇ ਰਾਣੀ ਜੀ , ਸੰਜ਼ਮ ਦੇ ਨਾਲ ਜੇ ਨਾ ਵਰਤਿਆ ਤੜਫੂ ਜਿੰਦ ਨਿਮਾਣੀ ਜੀ। ਪਸ਼ੂ ਵਿਚਾਰੇ ਨਾਲ ਸੈਨਤਾਂ ਇਹ ਗੱਲ ਸਮਝਾਉਂਦੇ ਨੇ, ਖੁਦ ਗਰਜ਼ੀ ਦੇ ਪਿੱਛੇ ਮਾਨਸ ਪਾਣੀ ਬੜਾ ਵਹਾਉਂਦੇ ਨੇ, ਛੱਪੜਾਂ ਵਿੱਚੋਂ ਪਾਣੀ ਮੁੱਕ ਜੂ ਨਾ ਪਿਆਸ ਬੁਝਾਈ ਜਾਣੀ ਜੀ, ਸੰਜ਼ਮ ਦੇ ਨਾਲ ਜੇ ਨਾ ਵਰਤਿਆ ਤੜਫੂ ਜਿੰਦ ਨਿਮਾਣੀ ਜੀ। ਰੁੱਖ ਆਖਦੇ ਅਸੀਂ ਤਾਂ ਵੀਰੋ ਨਹਾਉਂਦੇ ਵਿਚ ਬਰਸਾਤਾਂ ਦੇ, ਬੋਹੜ ਪਿੱਪਲ ਕਿੱਕਰ ਟਾਹਲੀ ਚਾਹੇ ਵੱਖਰੀ ਜਾਤਾਂ ਦੇ, ਮਾਨਸ ਜਾਤੀ ਕਰੇ ਤਬਾਹੀ ਰੌਣਕ ਕਿੱਥੋਂ ਆਣੀ ਜੀ, ਸੰਜ਼ਮ ਦੇ ਨਾਲ ਜੇ ਨਾ ਵਰਤਿਆ ਤੜਫੂ ਜਿੰਦ ਨਿਮਾਣੀ ਜੀ। ਚਿੜੀਆਂ ਮੋਰ ਕਬੂਤਰ ਆਖਣ ਕੀ ਵਰਤਾਰਾ ਹੋਊਗਾ, ਨੀਰ ਕਿਤੋਂ ਨੀ ਮਿਲਣਾ ਤੋਤਿਆ ਬੋਟ ਵਿਚਾਰਾ ਰੋਊਗਾ, ਚਿੱਟਾ ਬਗਲਾ ਕਾਲਾ ਹੋਜੂ ਡੱਡ ਕਿਤੋਂ ਨਾ ਥਿਆਣੀ ਜੀ, ਸੰਜ਼ਮ ਦੇ ਨਾਲ ਜੇ ਨਾ ਵਰਤਿਆ ਤੜਫੂ ਜਿੰਦ ਨਿਮਾਣੀ ਜੀ। ਜਲ ਵਾਲੇ ਜੋ ਜੀਵ ਵਿਚਾਰੇ ਸੋਚਾਂ ਦੇ ਵਿੱਚ ਜੀਂਦੇ ਨੇ, ਨੀਰ ਬਿਨਾਂ ਨਾ ਜਿੰਦ ਹਮਾਰੀ ਘੁਟ ਸਬਰਾਂ ਦਾ ਪੀਂਦੇ ਨੇ, ਲਾਸ਼ਾਂ ਦੇ ਲੱਗ ਢੇਰ ਨੇ ਜਾਣੇ ਕਿਸੇ ਨਾ ਲਾਸ਼ ਮਿਚਾਣੀ ਜੀ, ਸੰਜ਼ਮ ਦੇ ਨਾਲ ਜੇ ਨਾ ਵਰਤਿਆ ਤੜਫੂ ਜਿੰਦ ਨਿਮਾਣੀ ਜੀ। ਜੀਵ ਜੰਤ ਸਭ ਰੋਲਾ ਪਾਉਂਦੇ ਮਾਨਸ ਸਭ ਦਾ ਮੋਹਰੀ ਹੈ, ਹਵਾ ਪਾਣੀ ਨੂੰ ਸਾਂਭ ਰੱਖਣ ਦੀ ਇਸਦੇ ਹੱਥ ਵਿਚ ਡੋਰੀ ਹੈ, ਜੇ ਨਾ ਵਕਤ ਸੰਭਾਲਿਆ ਦਰਸ਼ਨਾ ਉਲਝ ਜਾਊਗੀ ਤਾਣੀਂ ਜੀ, ਸੰਜ਼ਮ ਦੇ ਨਾਲ ਜੇ ਨਾ ਵਰਤਿਆ ਤੜਫੂ ਜਿੰਦ ਨਿਮਾਣੀ ਜੀ। ਆਵੋ ਸੱਜਣੋਂ ਰਲ਼ ਮਿਲ਼ ਕਰੀਏ ਆਪਾਂ ਬੱਚਤ ਪਾਣੀ ਦੀ, ਖ਼ਾਲੀ ਕਦੇ ਨਾ ਹੋਵੇ ਗਾਗਰ ਧਰਤੀ ਮਾਤਾ ਰਾਣੀ ਦੀ, ਲੋੜ ਮੁਤਾਬਿਕ ਵਰਤੋ ਭੰਮਿਆਂ ਸਭਨੂੰ ਗੱਲ ਬਤਾਣੀ ਜੀ, ਸੰਜ਼ਮ ਦੇ ਨਾਲ ਜੇ ਨਾ ਵਰਤਿਆ ਤੜਫੂ ਜਿੰਦ ਨਿਮਾਣੀ ਜੀ।

ਸੋਚ ਆਪੋ ਆਪਣੀ

ਸੱਚੋ ਸੱਚ ਦੱਸਾਂ ਥੋਨੂੰ, ਜਿਵੇਂ ਮੈਨੂੰ ਔੜਦੀ ਐ, ਗੱਲ ਸੁਣ ਤੁਸੀਂ ਹੋਣਾ,ਯਾਰੋ ਬੜੇ ਦੰਗ ਜੀ। ਧੀਆਂ ਭੈਣਾਂ ਬੇਟੀਆਂ ਦੀ, ਰੁਚੀ ਨਾ ਰਸੋਈ ਵਿਚ, ਚੌਂਕੇ ਚੁੱਲ੍ਹੇ ਵਾਲੇ ਹੋਏ, ਫ਼ਿੱਕੇ ਗੂੜ੍ਹੇ ਰੰਗ ਜੀ। ਜਗ੍ਹਾ ਜੋ ਰਸੋਈ ਵਾਲੀ, ਨਕਸ਼ੇ ਤੋਂ ਉਡ ਜਾਣੀ, ਘਰੇ ਨਾ ਰਸੋਈ ਹੋਵੇ,ਏਹੋ ਹੋਣੀਂ ਮੰਗ ਜੀ। ਡੱਬਿਆਂ ਚ ਬੰਦ ਹੋਕੇ, ਰੋਟੀ ਦਾਲ ਘਰੇ ਆਊ, ਜਾਣੇ ਨੇ ਬਦਲ ਭੰਮੇ ਜੀਵਣੇ ਦੇ ਢੰਗ ਜੀ। ਬੇਲੀ ਦੀ ਨਾ ਲੋੜ ਰਹਿਣੀ, ਟੁੱਟ ਜਾਣੇ ਸਾਕ ਸਾਰੇ, ਓਪਰਿਆਂ ਵਾਂਗ ਬਹਿਣਾ, ਇੱਕ ਦੂਜੇ ਸੰਗ ਜੀ। ਬੱਚੇ ਦੀ ਪੈਦਾਇਸ਼ ਹੋਣੀ,ਵਿੱਚ ਪ੍ਰਯੋਗਸ਼ਾਲਾ , ਜਣੇਪੇ ਵਾਲੀ ਪੀੜਾਂ ਤੋਂ ਨਾ,ਹੋਣੀ ਨਾਰੀ ਤੰਗ ਜੀ। ਨਰ ਅਤੇ ਨਾਰੀ ਦੋਵੇਂ, ਹੋਣਗੇ ਅਜ਼ਾਦ ਪੂਰੇ, ਡੋਰ ਬਿਨਾਂ ਉੱਡਣੇ ਨੇ, ਅੰਬਰੀਂ ਪਤੰਗ ਜੀ। ਰਾਹੇ ਅਸੀਂ ਪੈ ਹਾਂ ਚੱਲੇ, ਕਰਕੇ ਵਿਚਾਰ ਵੇਖੋ, ਮੁੜਦੇ ਨਾ ਮੋੜੇ ਹੁਣ ਮਸਤੀ ਮਤੰਗ ਜੀ।।

ਵੱਧਦੀ ਰੋਜ਼ ਆਬਾਦੀ

ਧਰਤੀ ਹੌਂਕੇ ਭਰਦੀਐ ਸਹਿਨੀ ਹੁੰਦਾ ਭਾਰ ਵਥੇਰਾ, ਮੇਰੀ ਤਾਕਤ ਘੱਟ ਚਲੀ ਸੁਣਲੈ ਗੱਲ ਬੱਗਿਆ ਸ਼ੇਰਾ, ਤੂੰ ਮੋਢੀ ਜੀਵਾਂ ਦਾ ਬਣਗਿਆ ਦੁੱਖ ਦੇਣ ਦਾ ਆਦੀ, ਸਭ ਘੱਟ ਦੇ ਜਾਂਦੇ ਨੇ ਤੇਰੀ ਵੱਧਦੀ ਰੋਜ਼ ਆਬਾਦੀ, ਰੁੱਖ ਮਿੱਤਰ ਤੇਰੇ ਜੋ ਜਾਵੇ ਮਿੱਟੀ ਦੇ ਵਿੱਚ ਰੋਲੀ, ਪੱਟ ਵੇਚ ਮੰਡੀਆਂ ਤੇ ਕਰਦੈ ਵਾਧ ਘਾਟ ਦੀ ਬੋਲੀ, ਇਹ ਵਾਂਗ ਬਜ਼ੁਰਗਾਂ ਦੇ ਜੈਸੇ ਤੇਰੇ ਦਾਦਾ ਦਾਦੀ, ਸਭ ਘੱਟ ਦੇ ਜਾਂਦੇ ਨੇ ਤੇਰੀ ਵੱਧਦੀ ਰੋਜ਼ ਆਬਾਦੀ, ਤੋਤੇ ਮੋਰ ਬੋਲਦੇ ਨਾ ਵੇਖਿਆ ਕਾਂ ਨਾ ਕਦੇ ਵਨੇਰੇ, ਨਾ ਚੀਂ ਚੀਂ ਚਿੜੀਆਂ ਦੀ ਕੁੱਕੜ ਬਾਂਗ ਨਾ ਦੇਣ ਸਵੇਰੇ, ਛੱਡ ਭੋਜਨ ਸਾਦੇ ਨੂੰ ਲੋਚੇ ਹਰਦਮ ਮਾਸ ਸੁਆਦੀ, ਸਭ ਘੱਟ ਦੇ ਜਾਂਦੇ ਨੇ ਤੇਰੀ ਵੱਧਦੀ ਰੋਜ਼ ਆਬਾਦੀ, ਬੰਬ ਮਿਜ਼ਾਇਲ ਬੰਦੂਕਾਂ ਨੂੰ ਕਰ ਤਿਆਰ ਬਣੇ ਵਿਗਿਆਨੀ, ਨਾ ਫਾਇਦਾ ਇਹਨਾਂ ਤੋਂ ਹੋਣੀ ਬੜੀ ਮੂਰਖਾ ਹਾਨੀ, ਰਹਿਣੇ ਬਾਗ਼ ਬਗ਼ੀਚੇ ਨਾ ਉਡਜੂ ਸ਼ਾਨ ਹੋਊ ਬਰਬਾਦੀ, ਸਭ ਘੱਟ ਦੇ ਜਾਂਦੇ ਨੇ ਤੇਰੀ ਵੱਧਦੀ ਰੋਜ਼ ਆਬਾਦੀ, ਕੱਢ ਪਾਣੀ ਲੋਹੜੇ ਦਾ ਸਾਂਝੀ ਗਾਗਰ ਖਾਲੀ ਕਰਤੀ, ਪਾ ਤੱਤ ਤੇਜ਼ਾਬੀ ਨੂੰ ਝੋਲੀ ਧਰਤੀ ਮਾਂ ਦੀ ਭਰਤੀ, ਵੱਸ ਹੋਕੇ ਹਾਉਮੇ ਦੇ ਸਭਦੀ ਲੁੱਟਦਾ ਫਿਰੇ ਆਜ਼ਾਦੀ, ਸਭ ਘੱਟ ਦੇ ਜਾਂਦੇ ਨੇ ਤੇਰੀ ਵੱਧਦੀ ਰੋਜ਼ ਆਬਾਦੀ, ਬਣ ਆੜੀ ਸਾਰਿਆਂ ਦਾ ਮਨ ਮੇਂ ਅੱਖਰ ਵਸਾਲੈ ਢਾਈ, ਢਾਈਆਂ ਵਿੱਚ ਰੱਬ ਵਸਦੈ ਰਮਣ ਗੁਰੂ ਜੀ ਗੱਲ ਬਤਾਈ, ਠੰਡਕ ਚੰਗੀ ਗਰਮੀ ਤੋਂ ਰੇਸ਼ਮ ਨਾਲੋਂ ਜੈਸੇ ਖਾਦੀ, ਸਭ ਘੱਟ ਦੇ ਜਾਂਦੇ ਨੇ ਤੇਰੀ ਵੱਧਦੀ ਰੋਜ਼ ਆਬਾਦੀ, ਗੱਲ ਸੁਣਲੈ ਆਖਿਰ ਦੀ ਛੱਡ ਨਫ਼ਰਤ ਮੈਂ ਤੇ ਮੇਰੀ, ਬਣ ਸਾਥੀ ਸੰਜਮ ਦਾ ਟੱਬਰ ਛੋਟਾ ਗੱਲ ਚੰਗੇਰੀ, ਹਮਦਰਦੀ ਚੰਗੀਐ ਮਾੜੀ ਭੰਮਿਆਂ ਨੀਤ ਜਲਾਦੀ, ਸਭ ਘੱਟ ਦੇ ਜਾਂਦੇ ਨੇ ਤੇਰੀ ਵੱਧਦੀ ਰੋਜ਼ ਆਬਾਦੀ,

ਮਿਹਨਤ ਅਤੇ ਤਰੱਕੀ ਵਾਲੀ ਸਮਝੋ ਪੱਕੀ ਯਾਰੀ

ਦੁੱਧ ਆਬ ਦੀ ਕੱਚੀ ਆੜੀ ਜਾਣੋ ਅਸਲ ਕਹਾਣੀ, ਸੇਕ ਲੱਗਣ ਤੇ ਉਡ ਜਾਂਵਦਾ ਛੱਡ ਦੁੱਧ ਨੂੰ ਪਾਣੀ, ਪਾਣੀ ਕਰਕੇ ਲੋਕ ਆਖਦੇ ਇਹ ਹੈ ਦੁੱਧ ਬਜ਼ਾਰੀ, ਮਿਹਨਤ ਅਤੇ ਤਰੱਕੀ ਵਾਲੀ ਸਮਝੋ ਪੱਕੀ ਯਾਰੀ। ਜਿਹੜੇ ਬੰਦੇ ਮਿਹਨਤ ਤਾਈਂ ਕਰਨ ਪ੍ਰੇਮ ਵਥੇਰਾ, ਚਾਰੇ ਪਾਸੇ ਚਾਨਣ ਹੁੰਦਾ ਭੱਜਦਾ ਦੂਰ ਹਨੇਰਾ, ਰੇਤਲੀ ਮਿੱਟੀ ਸੋਨਾ ਬਣਦੀ ਆਖੇ ਦੁਨੀਆਂ ਸਾਰੀ, ਮਿਹਨਤ ਅਤੇ ਤਰੱਕੀ ਵਾਲੀ ਸਮਝੋ ਪੱਕੀ ਯਾਰੀ। ਔਖੇ ਕੰਮ ਵੀ ਸੌਖੇ ਹੋਵਣ ਮਿਹਨਤ ਅੱਗੇ ਭਾਈ, ਮਿਹਨਤ ਕੁੰਜੀ ਸਫਲਤਾ ਵਾਲੀ ਗੁਰੂਆਂ ਗੱਲ ਬਤਾਈ, ਆਲਸੀ ਪੰਛੀ ਰਹਿਣ ਧਰਤ ਤੇ ਨਾ ਭਰਦੇ ਉਚ ਉਡਾਰੀ, ਮਿਹਨਤ ਅਤੇ ਤਰੱਕੀ ਵਾਲੀ ਸਮਝੋ ਪੱਕੀ ਯਾਰੀ। ਚਿੱੜੀ ਚੂਕਦੀ ਉਠਣ ਹਾਲੀ ਜੋੜਣ ਬਲਦ ਨਗੌਰੇ, ਦੂਰੋਂ ਦੂਰੋਂ ਆਉਣ ਚੱਲਕੇ ਜਿਉਂ ਫੁੱਲ ਤੇ ਭੌਰੇ, ਤਾਹੀਂ ਭਰਦੇ ਨਾਲ ਜਿਣਸ ਦੇ ਖ਼ਾਲੀ ਹੋਈ ਬਖਾਰੀ, ਮਿਹਨਤ ਅਤੇ ਤਰੱਕੀ ਵਾਲੀ ਸਮਝੋ ਪੱਕੀ ਯਾਰੀ। ਪਹਿਲੇ ਗੁਰੂਆਂ ਹੋਕਾ ਦਿੱਤਾ ਕਰਨੀ ਕਿਰਤ ਜ਼ਰੂਰੀ, ਲਾਲੋ ਤਾਈਂ ਗਲ਼ੇ ਲਗਾਇਆ ਭਸਮ ਭਾਗੋ ਮਗ਼ਰੂਰੀ, ਕਰਮ ਯੋਗੀ ਦਾ ਉੱਤਮ ਦਰਜ਼ਾ ਦੱਸਗੇ ਆਪ ਮੁਰਾਰੀ, ਮਿਹਨਤ ਅਤੇ ਤਰੱਕੀ ਵਾਲੀ ਸਮਝੋ ਪੱਕੀ ਯਾਰੀ। ਮਿਹਨਤ ਕਰਕੇ ਮਿਲਖਾ ਸਿੰਘ ਜੀ ਉਠਣਾ ਸਿੱਖ ਅਖਵਾਇਆ, ਦਾਰਾ ਸਿੰਘ ਜੀ ਮੱਲ ਚੋਟੀ ਦਾ ਕਿਸੇ ਹੇਠ ਨੀ ਆਇਆ, ਸਾਧੂ ਮੱਲ ਕਵੀਸ਼ਰ ਬਣਦੇ ਕਰਕੇ ਮਿਹਨਤ ਭਾਰੀ, ਮਿਹਨਤ ਅਤੇ ਤਰੱਕੀ ਵਾਲੀ ਸਮਝੋ ਪੱਕੀ ਯਾਰੀ। ਜਿੱਥੇ ਮਿਹਨਤ ਓਥੇ ਤਰੱਕੀ ਦੂਰੋਂ ਚੱਲ ਕੇ ਆਵੇ, ਪੈਰ ਚੁੰਮਦੀ ਮਿਹਨਤ ਵਾਲੇ ਸਦ ਬਲਿਹਾਰੇ ਜਾਵੇ, ਮਿਹਨਤ ਅੱਗੇ ਪਿੱਛੇ ਤਰੱਕੀ ਜੋੜੀ ਬੜੀ ਨਿਆਰੀ, ਮਿਹਨਤ ਅਤੇ ਤਰੱਕੀ ਵਾਲੀ ਸਮਝੋ ਪੱਕੀ ਯਾਰੀ। ਜਿਹੜੇ ਵੀਰ ਤਰੱਕੀ ਲੋਚਣ ਮਿਹਨਤ ਗਲ਼ੇ ਲਗਾਓ, ਦੂਜਿਆਂ ਦੇ ਘਰ ਵੇਖ ਤਰੱਕੀ ਐਵੇਂ ਨਾ ਰੱਤ ਮਚਾਓ, ਮਿਹਨਤੀ ਵਾਂਗੂ ਮਿਹਨਤ ਕਰੀਏ ਰੁਕੇ ਕਦੇ ਨਾ ਲਾਰੀ, ਮਿਹਨਤ ਅਤੇ ਤਰੱਕੀ ਵਾਲੀ ਸਮਝੋ ਪੱਕੀ ਯਾਰੀ। ਲਿਖਣ ਗਾਉਣ ਦੀ ਖੇਡ ਭਰਾਵੋ ਮਿਹਨਤ ਮੰਗੇ ਪੂਰੀ, ਏਸ ਖੇਡ ਨੂੰ ਜਿੱਤਣ ਖਾਤਰ ਮੁੰਦਰ ਕੰਨ ਜ਼ਰੂਰੀ, ਭੰਮੇ ਉਪਰ ਕਿਰਪਾ ਮੁੰਦਰ ਦੀ ਤਾਹੀਂ ਛੰਦ ਲਿਖਾਰੀ, ਮਿਹਨਤ ਅਤੇ ਤਰੱਕੀ ਵਾਲੀ ਸਮਝੋ ਪੱਕੀ ਯਾਰੀ।

ਆਖਦੇ ਕਰੋਨਾ ਰੋਗ ਮੌਤ ਦਾ

ਆਖਦੇ ਕਰੋਨਾ ਰੋਗ ਮੌਤ ਦਾ ਹੈ ਨਾਮ ਦੂਜਾ ਬਚੋ ਤੇ ਬਚਾਓ ਭਾਈ ਚੰਦਰੀ ਬਿਮਾਰੀ ਤੋਂ, ਫੇਫੜੇ ਖ਼ਰਾਬ ਕਰੇ ਰੁੱਕ ਰੁੱਕ ਸਾਸ ਆਵੇ ਤੁਰਿਆ ਨੀ ਜਾਂਦਾ ਫੇਰ ਬੰਦੇ ਬਲਕਾਰੀ ਤੋਂ, ਜੋ਼ਕ ਵਾਂਗੂੰ ਖੂਨ ਚੂਸੇ ਚੰਦਰਾ ਕੀਟਾਣੂੰ ਏਹਦਾ ਇੱਕ ਕੋਲੋਂ ਦੂਜੇ ਕੋਲ ਜਾਵੇ ਛਿੱਕ ਮਾਰੀ ਤੋਂ, ਕੰਮ ਛੱਡ ਘਰੇ ਬੈਠੋ ਭੁੱਲ ਜਾਵੋ ਸਾਰਿਆਂ ਨੂੰ ਖਾਣ ਦਾ ਸਮਾਨ ਭੰਮੇ ਫੜੋ ਇੱਕ ਬਾਰੀ ਤੋਂ, ਕਈ ਕਹਿੰਦੇ ਸੁਣੋਂ ਗੱਲ ਰੋਗ ਨਾ ਕਰੋਨਾ ਕੋਈ ਖੰਘ ਤੇ ਜ਼ੁਕਾਮ ਵਾਂਗੂੰ ਏਸਦੀ ਤਸੀਰ ਜੀ, ਵਿਦਿਆ ਅਦਾਰੇ ਸਾਰੇ ਬੰਦ ਕਰਵਾਏ ਵੇਖੋ ਰੈਲੀਆਂ ਚ ਲੱਖਾਂ ਆਏ ਘੱਤਕੇ ਵਹੀਰ ਜੀ, ਡਰਨ ਡਰਾਉਣ ਵਾਲੀ ਕੋਈ ਨਹੀਂ ਗੱਲ ਯਾਰੋ ਚਲਦੇ ਨੇ ਚਾਲਾਂ ਏਹੇ ਚੁਸਤ ਵਜ਼ੀਰ ਜੀ, ਵੱਡਿਆਂ ਘਰਾਣਿਆਂ ਨੇ ਦਵਾ ਵੇਚ ਏਹਦੇ ਨਾਂ ਤੇ ਲੋਕਾਂ ਤਾਂਈਂ ਲੁੱਟ ਭੰਮੇ ਬਣਨਾ ਅਮੀਰ ਜੀ, ਹੋਇਆ ਪ੍ਰੇਸ਼ਾਨ ਬੰਦਾ ਰੱਤੀ ਨਾ ਸਮਝ ਆਵੇ ਕੌਣ ਸੱਚਾ ਕੌਣ ਝੂਠਾ ਕੀਹਦੀ ਮੰਨੇ ਗੱਲ ਜੀ, ਮੱਤਾਂ ਦੇਣ ਵਾਲੇ ਜਿਹੜੇ ਦਿੱਸਦੇ ਨਾ ਇੱਕ ਮੱਤ ਕਰੂ ਕਿਹੜਾ ਦੱਸੋ ਫੇਰ ਮਸਲੇ ਦਾ ਹੱਲ ਜੀ, ਪੈਂਦਾ ਨਾ ਫ਼ਰਕ ਕੋਈ ਮੰਤਰੀ ਅਮੀਰ ਤਾਂਈਂ ਕਿਰਤੀ ਟੱਬਰ ਵੇਖੋ ਰਿਹਾ ਦੁੱਖ ਝੱਲ ਜੀ, ਕਰਦੇ ਅਰਜ਼ ਅਸੀਂ ਹੱਥ ਜੋੜ ਓਸ ਤਾਂਈਂ ਦੁਸ਼ਟ ਦਮਨ ਗੁਰੂ ਛੇਤੀ ਆਓ ਚੱਲ ਜੀ,

ਕੱਚਿਆਂ ਦੇ ਵਿੱਚ ਰਹਿਕੇ ਪੱਕੇ ਲੁੱਟਦੇ ਬੜੇ ਨਜ਼ਾਰੇ ਸੀ

1, ਅੱਠ ਦਿਹਾਕੇ ਪਹਿਲਾਂ ਸੀ ਬੰਦੇ ਮਾਲਕ ਸੋਚ ਨਿਆਰੀ ਦੇ, ਭਾਈਚਾਰੇ ਦੇ ਤੰਦ ਸੀ ਕਰੜੇ ਨੇੜ ਨਾ ਮੈਂ ਬਿਮਾਰੀ ਦੇ, ਰੋਟੀ ਬੇਟੀ ਸੀ ਸਭ ਦੀ ਸਾਂਝੀ ਸਾਂਝੇ ਚੁੱਲ੍ਹੇ ਹਾਰੇ ਸੀ, ਕੱਚਿਆਂ ਦੇ ਵਿੱਚ ਰਹਿਕੇ ਪੱਕੇ ਲੁੱਟਦੇ ਬੜੇ ਨਜ਼ਾਰੇ ਸੀ। 2, ਗੁੰਮਿਆ ਵਾਲੀ ਕੰਧ ਹੁੰਦੀ ਸੀ ਘਰ ਦੇ ਚਾਰ ਚੁਫੇਰੇ ਜੀ, ਖੁੱਲ੍ਹੇ ਰਹਿੰਦੇ ਸਦਾ ਦਰਵਾਜ਼ੇ ਨਾ ਸੀ ਕੋਈ ਲੁਟੇਰੇ ਜੀ, ਕੁਪ ਤੂੜੀ ਦੇ ਘਰ ਵਿੱਚ ਲਾਉਂਦੇ ਲਾਉਂਦੇ ਨੇੜ ਗੁਹਾਰੇ ਸੀ, ਕੱਚਿਆਂ ਦੇ ਵਿੱਚ ਰਹਿਕੇ ਪੱਕੇ ਲੁੱਟਦੇ ਬੜੇ ਨਜ਼ਾਰੇ ਸੀ। 3, ਬਾਲੇ ਕੜੀਆਂ ਤੇ ਰੱਖ ਸਰਕੜਾ ਛੱਤ ਪਾਉਂਦੇ ਸੀ ਭਾਈ, ਕਦੇ ਕਦੇ ਛੱਤ ਚਿਉਂ ਵੀ ਜਾਂਦੀ ਮਿੱਟੀ ਖੁਰਦੀ ਲਾਈ, ਕੋਠੇ ਚੜ੍ਹ ਬੰਦ ਖੱਡਾਂ ਕਰਦੇ ਬੰਦ ਕਰਦੇ ਪਾ ਗਾਰੇ ਸੀ, ਕੱਚਿਆਂ ਦੇ ਵਿੱਚ ਰਹਿਕੇ ਪੱਕੇ ਲੁੱਟਦੇ ਬੜੇ ਨਜ਼ਾਰੇ ਸੀ। 4, ਚਿੱੜੀਆਂ ਵਾਲੇ ਚੁੱਲ੍ਹੇ ਮਿੱਟੀ ਦੇ ਮਾਂ ਨੇ ਆਪ ਬਣਾਏ ਸੀ, ਮੋਰ ਮੋਰਨੀਆਂ ਪਾ ਘਧੋਲੀ ਪਾਂਡੋ ਪੋਚੇ ਲਾਏ ਸੀ ਖੁਲੀਆਂ ਸਵਾਤਾਂ ਖੁਲ੍ਹੇ ਬਰਾਂਡੇ ਟਾਂਵੇ ਉਚ ਚੁਬਾਰੇ ਸੀ, ਕੱਚਿਆਂ ਦੇ ਵਿੱਚ ਰਹਿਕੇ ਪੱਕੇ ਲੁੱਟਦੇ ਬੜੇ ਨਜ਼ਾਰੇ ਸੀ। 5, ਮੱਟੀਆਂ ਤੌੜੇ ਤੇ ਸਰਸਾਹੀ ਪਾਣੀ ਠੰਡਾ ਕਰਦੇ ਸੀ, ਕੁਸਤਿਆਂ ਵਰਗਾ ਪਾਣੀ ਬਣਦਾ ਰੋਗ ਆਉਂਣ ਤੋਂ ਡਰਦੇ ਸੀ, ਦੁੱਧ ਮੱਖਣ ਖਾ ਮਿਹਨਤ ਕਰਦੇ ਨਾ ਪਤਲੇ ਨਾ ਭਾਰੇ ਸੀ, ਕੱਚਿਆਂ ਦੇ ਵਿੱਚ ਰਹਿਕੇ ਪੱਕੇ ਲੁੱਟਦੇ ਬੜੇ ਨਜ਼ਾਰੇ ਸੀ। 6, ਹਲ਼ ਜੋੜਦੇ ਬਲਦ ਨਗਾਉਰੀ ਬੀਂਡੀ ਜੋੜਦੇ ਬੋਤਾ ਜੀ, ਕਦੇ ਤਰਪਾਲੀ ਕਦੇ ਉਲਟਮਾਂ ਕਦੇ ਪਾਉਂਦੇ ਸੀ ਤੋਤਾ ਜੀ, ਕਣਕ ਬਾਜਰਾ ਮੋਠ ਮੂੰਗੀ ਦੇ ਪੂਰੇ ਭਰੇ ਬੁਖਾਰੇ ਸੀ, ਕੱਚਿਆਂ ਦੇ ਵਿੱਚ ਰਹਿਕੇ ਪੱਕੇ ਲੁੱਟਦੇ ਬੜੇ ਨਜ਼ਾਰੇ ਸੀ। 7, ਭਗਤ ਸੂਰਮੇ ਦਾਨੀਆਂ ਵਾਲੀ ਸੁਣਦੇ ਕਥਾ ਪਿਆਰੀ ਸੀ, ਉਚੀਆਂ ਹੇਕਾਂ ਲਾਉਣ ਕਵੀਸ਼ਰ ਤਕੜੇ ਬੜੇ ਖਿਡਾਰੀ ਸੀ, ਨਸ਼ਿਆਂ ਕੋਲੋਂ ਦੂਰ ਸੀ ਰਹਿੰਦੇ ਮਾਪੇ ਸਦਾ ਸਤਿਕਾਰੇ ਸੀ, ਕੱਚਿਆਂ ਦੇ ਵਿੱਚ ਰਹਿਕੇ ਪੱਕੇ ਲੁੱਟਦੇ ਬੜੇ ਨਜ਼ਾਰੇ ਸੀ। 8, ਬਜ਼ੁਰਗ ਬੈਠਕੇ ਵਿੱਚ ਤਕੀਏ ਦੇ ਤਾਸ਼ ਦੀ ਬਾਜ਼ੀ ਲਾਉਂਦੇ ਸੀ, ਮੀਰ ਯਾਦੇ ਆ ਟਿੱਚਰਾਂ ਕਰਦੇ ਪੂਰਾ ਹਾਸੜ ਪਾਉਂਦੇ ਸੀ, ਧੀਆਂ ਨੂੰਹਾਂ ਘੱਗਰੇ ਪਾਉਂਦੀਆਂ ਚੁੰਨੀ ਜੜੇ ਸਿਤਾਰੇ ਸੀ, ਕੱਚਿਆਂ ਦੇ ਵਿੱਚ ਰਹਿਕੇ ਪੱਕੇ ਲੁੱਟਦੇ ਬੜੇ ਨਜ਼ਾਰੇ ਸੀ। 9, ਕੱਚੇ ਪੱਕੇ ਹੁਣ ਵਿਰਲੇ ਰਹਿਗੇ ਪੱਕੇ ਕੱਚੇ ਵਥੇਰੇ ਨੇ, ਪਾਥੀ ਵਾਂਗ ਮਨ ਸਭ ਦਾ ਧੁੱਖਦਾ ਉਚੇ ਰਹਿਣ ਵਸੇਰੇ ਨੇ, ਬੇਗਮਪੁਰੇ ਦੇ ਵਾਂਗੂੰ ਭੰਮੇ ਓਦੋਂ ਤਾਂ ਪਿੰਡ ਸਾਰੇ ਸੀ, ਕੱਚਿਆਂ ਦੇ ਵਿੱਚ ਰਹਿਕੇ ਪੱਕੇ ਲੁੱਟਦੇ ਬੜੇ ਨਜ਼ਾਰੇ ਸੀ।

ਹਿੰਦ ਦੀ ਚਾਦਰ

ਨੌਵੇਂ ਗੁਰਾਂ ਨੂੰ ਪੰਡਤਾਂ ਨੇ ਅਰਜ਼ ਗੁਜ਼ਾਰੀ, ਲੱਪ ਲੱਪ ਹੰਝੂ ਕੇਰ ਕੇ ਦੱਸਦੇ ਗੱਲ ਸਾਰੀ, ਧਰਮ ਹਮਾਰਾ ਰੋਲਦੀ ਮੁਗਲਾਂ ਦੀ ਢਾਣੀ, ਸ਼ਰਨ ਆਪਦੀ ਆ ਗਏ ਸੁਣੋਂ ਦਰਦ ਕਹਾਣੀ। ਧੀਆਂ ਪੁੱਤਰ ਨਾਰੀਆਂ ਉਹਨਾਂ ਬਹੁਤ ਸਤਾਏ, ਪਸ਼ੂਆਂ ਵਾਂਗੂੰ ਦਾਤਿਆ ਹੈ ਮੂਹਰੇ ਲਾਏ, ਗਲੋਂ ਜਨੇਊ ਲਾਹ ਦਿਓ ਜੇ ਜਿੰਦ ਬਚਾਣੀ ਸ਼ਰਨ ਆਪਦੀ ਆ ਗਏ ਸੁਣੋਂ ਦਰਦ ਕਹਾਣੀ। ਮੁਗਲਾਂ ਹੱਦ ਮਿਟਾਤੀ ਬਣੇ ਅੱਤਿਆਚਾਰੀ, ਵਾਂਗ ਬਘੇਰਿਆ ਘੁੰਮਦੇ ਸਮਝਣ ਬਲਕਾਰੀ, ਜੀਣਾ ਔਖਾ ਹੋ ਗਿਆ ਨਾ ਅੰਨ ਪਾਣੀ, ਸ਼ਰਨ ਆਪਦੀ ਆ ਗਏ ਸੁਣੋਂ ਦਰਦ ਕਹਾਣੀ। ਬਹੁਤ ਦਰਾਂ ਤੇ ਜਾਕੇ ਅਸੀਂ ਅਰਜ਼ ਗੁਜ਼ਾਰੀ, ਸਭ ਨੇ ਬੂਹੇ ਭੇੜਲੇ ਨਾ ਸੁਣੀ ਹਮਾਰੀ, ਮੁੱਖ ਭਮਾਕੇ ਬੈਠਗੇ ਰਾਜੇ ਸੰਗ ਰਾਣੀ, ਸ਼ਰਨ ਆਪਦੀ ਆ ਗਏ ਸੁਣੋਂ ਦਰਦ ਕਹਾਣੀ। ਸਾਥੀ ਨੇ ਸਭ ਸੁਖ ਦੇ ਨਾ ਦੁੱਖ ਵਿਚ ਕੋਈ, ਹੱਸੀਏ ਲੋਕੀ ਹੱਸਦੇ ਨਾ ਦਰਦਾਂ ਵਿੱਚ ਢੋਈ , ਹੋਰ ਕੋਈ ਨਾ ਦਿਸਦਾ ਸੁਲਝਾਵੇ ਤਾਣੀ, ਸ਼ਰਨ ਆਪਦੀ ਆ ਗਏ ਸੁਣੋਂ ਦਰਦ ਕਹਾਣੀ। ਸੱਤ ਵੀਹਾਂ ਦਾ ਸੈਂਕੜਾ ਕਰਦੇ ਜਰਵਾਣੇ, ਦਿੱਸਦਾ ਨਾ ਕੋਈ ਸੂਰਮਾਂ ਜੋ ਛਾਤੀ ਤਾਣੇ, ਖੁੱਡਾਂ ਅੰਦਰ ਬੈਠਗੇ ਬਣ ਗਿੱਦੜ ਹਾਣੀ, ਸ਼ਰਨ ਆਪਦੀ ਆ ਗਏ ਸੁਣੋਂ ਦਰਦ ਕਹਾਣੀ। ਅਰਜ਼ ਹਮਾਰੀ ਗੁਰੂ ਜੀ ਸਾਡਾ ਧਰਮ ਬਚਾਓ, ਝੁਲੀ ਹਨੇਰੀ ਜ਼ੁਲਮ ਦੀ ਤੁਸੀਂ ਠੱਲਾਂ ਲਾਓ, ਠੰਡ ਵਰਤਾਉਂਦੀ ਆਪਦੇ ਮੁੱਖੜੇ ਦੀ ਬਾਣੀ, ਸ਼ਰਨ ਆਪਦੀ ਆ ਗਏ ਸੁਣੋਂ ਦਰਦ ਕਹਾਣੀ। ਪੰਥ ਨਿਰਾਲਾ ਆਪਦਾ ਅਸੀਂ ਸੁਣਕੇ ਆਏ, ਆਸਾਂ ਕਰ ਦਿਓ ਪੂਰੀਆਂ ਪਏ ਹਾਂ ਘਬਰਾਏ, ਜੋਤ ਇਲਾਹੀ ਆਪ ਹੋ ਨਾ ਜਗਤ ਪ੍ਰਾਣੀ, ਸ਼ਰਨ ਆਪਦੀ ਆ ਗਏ ਸੁਣੋਂ ਦਰਦ ਕਹਾਣੀ। ਭੰਮੇ,ਰੋਡੇ, ਵੇਖਲੋ ਭੱਜੇ ਨੇ ਫਿਰਦੇ, ਕਹਿੰਦੇ ਛੰਦ ਸਿਖਾਈਏ ਅਸੀਂ ਕਿੰਨੇ ਚਿਰ ਦੇ, ਉਹਨਾਂ ਵਾਂਗੂੰ ਸਾਡੇ ਵੀ ਸਿਰ ਲੱਠ ਟਿਕਾਣੀ, ਸ਼ਰਨ ਆਪਦੀ ਆ ਗਏ ਸੁਣੋਂ ਦਰਦ ਕਹਾਣੀ।

ਪਹਿਲੀ ਗੁਰੂ ਹੈ ਔਰਤ

ਪਹਿਲੀ ਗੁਰੂ ਹੈ ਔਰਤ ਸਾਰਿਆਂ ਦੀ ਕਰਕੇ ਵੇਖਲੋ ਚਾਹੇ ਵਿਚਾਰ ਭਾਈ ਸਾਧੂ ਸੂਰਮਾ ਵਿਦਵਾਨ ਬਣਾ ਸਕਦੀ ਇਸਦੇ ਕੋਲ ਹੈ ਸ਼ਕਤੀ ਅਪਾਰ ਭਾਈ ਨਰਕ ਸੁਰਗ ਦੇ ਵਿੱਚ ਤਬਦੀਲ ਕਰਦੇ ਤਾਂਹੀ ਟੇਕਦੇ ਮੱਥਾ ਬਲਕਾਰ ਭਾਈ ਜਿਹੜੇ ਘਰਾਂ ਦੇ ਵਿੱਚ ਨਾ ਮਾਣ ਇਸਦਾ ਓਥੇ ਸੁੱਖ ਨਾ ਦੁੱਖਾਂ ਦੀ ਮਾਰ ਭਾਈ ਤਵੇ ਚੁੱਲੇ ਦਾ ਕਦੇ ਨਾ ਮੇਲ ਹੁੰਦਾ ਜਿੱਥੇ ਨਹੀਂ ਸੁਲੱਖਣੀ ਨਾਰ ਭਾਈ ਦੋਹਾਂ ਚੱਕਿਆਂ ਤੇ ਚੱਲੇ ਗ੍ਹਹਿਸਥ ਗੱਡੀ ਬਿਨਾ ਏਸਦੇ ਰੁਕੇ ਵਿਚਕਾਰ ਭਾਈ ਔਰਤ ਔਰਤ ਦੀ ਵੈਰਣ ਕਹਿਣ ਸਾਰੇ ਵੇਖੋ ਘੁੰਮਕੇ ਚਾਹੇ ਯੁੱਗ ਚਾਰ ਭਾਈ ਸੱਸ ਮਾਂ ਬਣਜੇ ਤੇ ਨੂੰਹ ਧੀ ਬਣਜੇ ਝਗੜਾ ਰਹੇ ਨਾ ਵਿੱਚ ਪਰਿਵਾਰ ਭਾਈ ਏਹੋ ਟੇਕ ਧਰਨੀ ਚੰਗੀ ਭੰਮਿਆਂ ਓਏ ਔਰਤ ਜਾਤੀ ਦਾ ਕਰੋ ਸਤਿਕਾਰ ਭਾਈ

ਮਾਂ ਦਾ ਦੁੱਧ

ਸੁਣਲੋ ਭਰਾਵੋ ਮੈਂ ਸੁਣਾਵਾਂ ਗੱਲ ਜੀ ਮਾਂ ਦੇ ਦੁੱਧ ਬਿਨਾਂ ਬਣਦਾ ਨਾ ਮੱਲ ਜੀ ਜੀਹਨੇ ਦੁੱਧ ਚੁੰਘਿਆ ਨਾ ਢੁੱਡ ਮਾਰ ਕੇ ਕਿੱਥੋਂ ਮੋੜ ਲਿਆਊਗਾ ਡੰਗਰ ਚਾਰਕੇ। ਮਾਂ ਦਾ ਦੁੱਧ ਮਿਲੇ ਕਿਸੇ ਨਾ ਦੁਕਾਨ ਤੇ ਇਹਦੇ ਨਾਲੋਂ ਚੰਗੀ ਚੀਜ ਨਾ ਜਹਾਨ ਤੇ ਹੋਵੇ ਨਾ ਗਰਮ ਮਾਂ ਤਾਂ ਦਿੰਦੀ ਠਾਰ ਕੇ ਕਿੱਥੋਂ ਮੋੜ ਲਿਆਉਗਾ ਡੰਗਰ ਚਾਰਕੇ ਮਾਂ ਦੇ ਦੁੱਧ ਵਿੱਚ ਤੱਤ ਤਾਂ ਅਨੇਕ ਨੇ ਰੋਗ ਵਾਲੇ ਤੱਤ ਤਾਂਈ ਦਿੰਦੇ ਸੇਕ ਨੇ ਚੁੰਘੇ ਨਾ ਜੇ ਬਾਲ ਤਾਂ ਚੁੰਘਾਓ ਤਾੜਕੇ ਕਿੱਥੋਂ ਮੋੜ ਲਿਆਊਗਾ ਡੰਗਰ ਚਾਰਕੇ ਬੋਲਾ ਦੁੱਧ ਮਾਂ ਦਾ ਮਿਲੇ ਇੱਕੋ ਵਾਰ ਜੀ ਭਾਵੇਂ ਹੋਵੇ ਕਾਮਾ ਭਾਵੇਂ ਸ਼ਾਹੂਕਾਰ ਜੀ ਮਾਂ ਬੋਲਾ ਦੁੱਧ ਦੇਵੇ ਜਿੰਦੜੀ ਨੂੰ ਵਾਰਕੇ ਕਿੱਥੋਂ ਮੋੜ ਲਿਆਊਗਾ ਡੰਗਰ ਚਾਰਕੇ ਮਾਂ ਦੇ ਦੁੱਧ ਬਿਨਾਂ ਬੱਚਾ ਬੁੱਧੀ ਹੀਣ ਜੀ, ਕਰਮਾਂ ਦੇ ਮਾਰੇ ਜੋ ਸ਼ੀਸ਼ੀ ਨੂੰ ਪੀਣ ਜੀ, ਚੁੰਘੇ ਨਾ ਬਾਲ ਤਾਂ ਚੁੰਘਾਉਂਦੇ ਮਾਰ ਕੇ, ਕਿੱਥੋਂ ਮੋੜ ਲਿਆਉਗਾ ਡੰਗਰ ਚਾਰਕੇ ਮਾਂ ਦੇ ਦੁੱਧ ਬਿਨਾਂ ਰੱਜ ਨਹੀਂ ਆਂਵਦਾ ਥਣ ਦੇ ਭੁਲੇਖੇ ਮੂੰਹ 'ਚ ਗੁਠਾ ਪਾਂਵਦਾ ਦੁੱਧ ਨਹੀਂ ਆਉਂਦਾ ਰੋਈ ਜਾਂਦਾ ਹਾਰਕੇ ਕਿੱਥੋਂ ਮੋੜ ਲਿਆਉਗਾ ਡੰਗਰ ਚਾਰਕੇ ਮਾਂ ਦਾ ਦੁੱਧ ਪੀਂਦਾ ਜਿਹੜਾ ਰੀਝ ਨਾਲ ਜੀ ਮਿਰਗ ਦੇ ਵਾਂਗ ਮਾਰ ਜਾਂਦਾ ਸ਼ਾਲ ਜੀ ਬਣਦਾ ਸ਼ਿਕਾਰੀ ਉਹ ਸ਼ੀਹਾਂ ਨੂੰ ਮਾਰਕੇ ਕਿੱਥੋਂ ਮੋੜ ਲਿਆਉਗਾ ਡੰਗਰ ਚਾਰਕੇ ਮਾਂ ਦਾ ਦੁੱਧ ਨੇਤਰ ਤੀਜੇ ਨੂੰ ਖੋਲਦਾ ਭੰਮਿਆ ਦਾ ਮੁੰਡਾ ਨਹੀਂ ਝੂਠ ਬੋਲਦਾ ਰਿਸ਼ੀਆਂ ਨੇ ਸਿੱਧ ਕਰਤਾ ਵਿਚਾਰਕੇ ਕਿੱਥੋਂ ਮੋੜ ਲਿਆਉਗਾ ਡੰਗਰ ਚਾਰਕੇ

ਮੇਲਾ ਵੇਖ ਜੁਗਨੂੰਆਂ ਦਾ

ਇਹ ਧਰਤ ਮਾਲਵੇ ਦੀ, ਵੀਰੋ ਹੈ ਮੇਲਿਆਂ ਦੀ ਰਾਣੀ ਗੁਰੂਆਂ ਪੀਰਾਂ ਦੇ ਕਰਕੇ, ਜਾਂਦੀ ਭਾਰਤ ਵਿੱਚ ਪਛਾਣੀ ਮੇਲਾ ਮੇਲ ਕਰਾ ਦਿੰਦਾ, ਹੋਵੇ ਨਫਰਤ ਬੰਦ ਗਰਾਰੀ ਮੇਲਾ ਵੇਖ ਜੁਗਨੂੰਆਂ ਦਾ, ਲੱਗਿਆ ਵਿੱਚ ਬਠਿੰਡੇ ਭਾਰੀ ਇਹ ਪ੍ਰਤੀਕ ਏਕਤਾ ਦਾ, ਦੂਰੋਂ ਦੂਰੋਂ ਜੁਗਨੂੰ ਆਏ ਜਿਹੜੇ ਵਿਛੜੇ ਸਾਲਾਂ ਦੇ, ਜੁਗਨੂੰ ਜੁਗਨੂੰ ਸੰਗ ਮਿਲਾਏ ਖੁਸ਼ੀ ਨੱਚਦੀ ਚੇਹਰ ਤੇ, ਡਿੱਗਦੀ ਖੂਹੇ ਦੇ ਵਿੱਚ ਖਾਰੀ ਮੇਲਾ ਵੇਖ ਜੁਗਨੂੰਆਂ ਦਾ, ਲੱਗਿਆ ਵਿੱਚ ਬਠਿੰਡੇ ਭਾਰੀ ਸਾਡਾ ਵਿਰਸਾ ਅਸਲੀ ਜੋ, ਵੇਖਲੋ ਮੇਲੇ ਦੇ ਵਿੱਚ ਆਕੇ ਭੁੱਲ ਪੀਜੇ ਬਰਗਰ ਨੂੰ, ਵੇਖੋ ਭੂਤ ਪਿੰਨ ਜੋ ਖਾਕੇ ਤਾਕਤ ਦਿੰਦੇ ਦੇਹੀ ਨੂੰ, ਨੇੜ ਨਾ ਆਵੇ ਪੇਟ ਬਿਮਾਰੀ ਮੇਲਾ ਵੇਖ ਜੁਗਨੂੰਆਂ ਦਾ, ਲੱਗਿਆ ਵਿੱਚ ਬਠਿੰਡੇ ਭਾਰੀ ਧਨੀ ਆਏ ਕਲਮਾਂ ਦੇ, ਜਿੰਨ੍ਹਾਂ ਦੀ ਕਲਮ ਮੋੜਦੇ ਨਹਿਰਾਂ ਐਸੇ ਹਰਫ ਉਕਰੇ ਨੇ, ਪੜ੍ਹਕੇ ਦੂਰ ਦਿਲਾਂ ਤੋਂ ਜਹਿਰਾਂ ਪੁਸਤਕ ਵਾਂਗ ਦੋਸਤਾਂ ਦੇ, ਜਿਸਦੇ ਲੇਖਕ ਉੱਚ ਲਿਖਾਰੀ ਮੇਲਾ ਵੇਖ ਜੁਗਨੂੰਆਂ ਦਾ, ਲੱਗਿਆ ਵਿੱਚ ਬਠਿੰਡੇ ਭਾਰੀ ਮੇਲਾ ਵੇਖ ਜੁਗਨੁਆਂ ਦਾ ਲੱਗਿਆ ਵਿੱਚ ਬਠਿੰਡੇ ਭਾਰੀ ਦੁੱਧ ਕਾੜਨੀ ਵਾਲਾ ਜੋ, ਗੁੜ ਦੇ ਗੁਲਗਲੇ ਨਾਲ ਹੈ ਮੱਠੀ ਲੱਸੀ ਚਾਟੀ ਵਾਲੀ ਹੈ, ਖਿੱਲਾਂ ਭੁੰਨੀਆਂ ਉਤੇ ਭੱਠੀ ਦੁੱਧ ਸੇਵੀਆਂ ਖਾਓ ਜੀ, ਇਹ ਨੇ ਭੋਜਨ ਸਾਕਾਹਾਰੀ ਮੇਲਾ ਵੇਖ ਜੁਗਨੂੰਆਂ ਦਾ, ਲੱਗਿਆ ਵਿੱਚ ਬਠਿੰਡੇ ਭਾਰੀ ਸੰਦ ਵੇਖ ਕਿਸਾਨੀ ਦੇ ਪੋਰ ਸੁਹਾਗਾ ਹਲ ਪੰਜਾਲੀ ਦਾਤੀ ਤੰਗਲੀ ਜੱਫਾ ਜੋ, ਗੱਡਾ ਕਰਨ ਦੋ ਸਾਂਗੜ ਖਾਲੀ ਇਹ ਸਨ ਸਾਥੀ ਜੱਟਾਂ ਦੇ, ਕਰਲੋ ਦਰਸ਼ਨ ਵਾਰੋ ਵਾਰੀ ਮੇਲਾ ਵੇਖ ਜੁਗਨੂੰਆਂ ਦਾ, ਲੱਗਿਆ ਵਿੱਚ ਬਠਿੰਡੇ ਭਾਰੀ ਵੇਖੋ ਊਠ ਸ਼ਿੰਗਾਰਿਆ ਜੀ, ਬੰਨ੍ਹ ਰੁਮਾਲਾ ਪਾ ਫੁੱਲਕਾਰੀ ਖੁਸ਼ ਤੱਕਕੇ ਬੱਚੇ ਨੇ, ਕਹਿੰਦੇ ਕਰਨੀ ਅਸੀਂ ਸਵਾਰੀ ਏਹਦੀ ਤੋਰ ਨਿਰਾਲੀ ਦੀ, ਕਰੂ ਕੀ ਦੱਸੋ ਰੀਸ ਫਰਾਰੀ ਮੇਲਾ ਵੇਖ ਜੁਗਨੂੰਆਂ ਦਾ, ਲੱਗਿਆ ਵਿੱਚ ਬਠਿੰਡੇ ਭਾਰੀ ਸਾਡੀ ਅਰਜ ਮੁਰਾਰੀ ਨੂੰ, ਬਖਸ਼ੋ ਤਾਕਤ ਸਿਹਤ ਨਿਰੋਈ ਮੇਲੇ ਲਾਵਣ ਜੁਗਨੂੰ ਜੀ, ਪਵੇ ਨਾ ਵਿਗਨ ਕਦੇ ਵੀ ਕੋਈ ਛੰਦ ਲਿਖਿਆ ‘ਭੰਮੇ' ਨੇ, ਗਾਵੇ ਜੋੜੀ ਬੜੀ ਪਿਆਰੀ ਮੇਲਾ ਵੇਖ ਜੁਗਨੂੰਆਂ ਦਾ, ਲੱਗਿਆ ਵਿੱਚ ਬਠਿੰਡੇ ਭਾਰੀ ਆਪਣੇ ਦੇਸ਼ ਦੀ ਮਿੱਟੀ ਪਿਆਰੀ ਹੁੰਦੀ ਸਾਰਿਆਂ ਨੂੰ ਇਸਦੀ ਰਾਖੀ ਕੀਤੀ ਛੱਡ ਕੇ ਮਹਿਲ ਮਨਾਰਿਆਂ ਨੂੰ ਜਲਿਆਂ ਵਾਲਾ ਬਾਗ ਨਮੂਨਾਂ ਖੂਨੀ ਕਾਰੇ ਦਾ ਸਦਾ ਝੂਲਦਾ ਰਹੇ ਤਿਰੰਗਾ ਵਤਨ ਪਿਆਰੇ ਦਾ ਸਭ ਜਾਤੀ ਦੇ ਲੋਕਾਂ ਇੱਕੋ ਟੇਕ ਟਕਾਈ ਜੀ ਦੇਸ ਦੀ ਰਾਖੀ ਕਰਨੀ ਬਣ ਕੇ ਭਾਈ ਭਾਈ ਜੀ ਭਾਈ ਘਨਈਏ ਵਾਂਗੂੰ ਦੁੱਖ ਵੰਡਾਉਣਾ ਹਾਰੇ ਦਾ ਸਦਾ ਝੂਲਦਾ ਰਹੇ ਤਿਰੰਗਾ ਵਤਨ ਪਿਆਰੇ ਦਾ ਰੰਗ ਕੇਸਰੀ ਮੰਗਦਾ ਹਰਦਮ ਜੋਸ਼ ਜਵਾਨੀ ਦਾ ਸਾਂਭ ਆਜਾਦੀ ਮੋੜੋ ਭਾਈ ਮੁੱਲ ਕੁਰਬਾਨੀ ਦਾ ਗਊ ਗਰੀਬ ਦੀ ਰਾਖੀ ਮੋੜਨਾਂ ਮੁੱਖ ਹੱਤਿਆਰੇ ਦਾ ਸਦਾ ਝੂਲਦਾ ਰਹੇ ਤਿਰੰਗਾ ਵਤਨ ਪਿਆਰੇ ਦਾ ਵਿਸ਼ਵ ਸ਼ਾਂਤੀ ਮੰਗਦਾ ਚਿੱਟਾ ਰੰਗ ਵਿਚਾਲੇ ਜੀ ਸ਼ੁਧ ਹੋ ਜਾਵਣ ਹਿਰਦੇ ਜਿਹੜੇ ਹੋਏ ਕਾਲੇ ਜੀ ਗੂੜਾ ਹੋਜੇ ਪਿਆਰ ਜਗਤ ਵਿੱਚ ਭਾਈਚਾਰੇ ਦਾ ਸਦਾ ਝੂਲਦਾ ਰਹੇ ਤਿਰੰਗਾ ਵਤਨ ਪਿਆਰੇ ਦਾ ਹਰਾ ਰੰਗ ਹਰਿਆਲੀ ਮੰਗੋ ਚਾਰੇ ਪਾਸੇ ਦੀ ਆਬਾ ਹੋਜੇ ਪੂਰੀ ਦਰ ਤੇ ਆਏ ਨਿਰਾਸੇ ਦੀ ਨਾ ਹੋਵੇ ਚੱਪਾ ਖਾਲੀ ਅੰਨਦੇ ਭਰੇ ਭੰਡਾਰੇ ਦਾ ਸਦਾ ਝੂਲਦਾ ਰਹੇ ਤਿਰੰਗਾ ਵਤਨ ਪਿਆਰੇ ਦਾ ਕਿਰਤ ਕਰੋ ਹੈ ਦੱਸਦਾ ਭਾਈ ਚੱਕਰ ਸਾਰਿਆਂ ਨੂੰ ਵਾਂਗ ਹਨੀ ਦੇ ਬਣਜੇ ਛੱਡਕੇ ਕੋੜ ਖਾਰਿਆਂ ਨੂੰ ਊਚਾ ਬੋਲ ਦੁਖਾਉਂਦਾ ਹਿਰਦਾ ਸਦਾ ਵਿਚਾਰੇ ਦਾ ਸਦਾ ਭੂਲਦਾ ਰਹੇ ਤਿਰੰਗਾ ਵਤਨ ਪਿਆਰੇ ਦਾ ਦੇਸ ਕੌਮ ਦੀ ਖਾਤਰ ਜਾਨਾਂ ਕਰ ਕੁਰਬਾਨ ਗਏ ਪਾ ਝੰਡੇ ਵਿੱਚ ਡੰਡਾ ਕਰਕੇ ਉਚੀ ਸ਼ਾਨ ਗਏ ਦੰਦਾ ਲੱਗੇ ਪਿਆਰਾ ਸਿਰ ਤੇ ਚੱਲਦੇ ਆਰੇ ਦਾ ਸਦਾ ਝੂਲਦਾ ਰਹੇ ਤਿਰੰਗਾ ਵਤਨ ਪਿਆਰੇ ਦਾ ਵੈਰ ਵਿਰੋਧ ਮਟਾਕੇ ਭੰਮਿਆਂ ਇੱਕ ਹੋ ਜਾਈਏ ਜੀ ਏਕੇ ਦੇ ਵਿੱਚ ਸ਼ਕਤੀ ਸਭ ਨੂੰ ਗੱਲ ਸਮਝਾਈਏ ਜੀ ਕਰ ਹੱਦਾਂ ਦੀ ਰਾਖੀ ਮੋੜੀਏ ਮੁੱਖ ਹੰਕਾਰੇ ਦਾ ਸਦਾ ਝੂਲਦਾ ਰਹੇ ਤਿਰੰਗਾ ਵਤਨ ਪਿਆਰੇ ਦਾ

ਬੋਲ ਪੰਜਾਬੀ

ਆਪਣੇ ਮਾਤ ਪਿਤਾ ਦੇ ਕੋਲੋ ਬੱਚਾ ਬੋਲਣ ਸਿਖਦਾ ਹੈ, ਪਾਕੇ ਗੁਰੂ ਪੂਰਨੇ ਦਿੰਦਾ ਚੇਲਾ ਅੱਖਰ ਲਿਖਦਾ ਹੈ, ਜਿਹੜਾ ਭੁੱਲਦਾ ਆਪਣੀ ਬੋਲੀ ਸਮਝੋ ਬਾਜੀ ਹਾਰਿਆ, ਪੜ ਪੰਜਾਬੀ ਲਿਖ ਪੰਜਾਬੀ ਬੋਲ ਪੰਜਾਬੀ ਪਿਆਰਿਆ, ਸਭ ਜੀਵਾਂ ਦਾ ਇਕੋ ਮਾਲਕ ਸਭ ਦੀ ਰਾਖੀ ਕਰਦਾ ਹੈ, ਜਿਥੇ ਹੁੰਦਾ ਜਨਮ ਭਰਾਵੋ ਉਹਤਾਂ ਓਸੇ ਘਰਦਾ ਹੈ, ਰਾਜੇ ਸੂਬੇ ਜਨਮ ਤੁਮਾਰਾ ਕਦੇ ਨਾ ਬੈਠ ਵਿਚਾਰਿਆ, ਪੜ ਪੰਜਾਬੀ ਲਿਖ ਪੰਜਾਬੀ ਬੋਲ ਪੰਜਾਬੀ ਪਿਆਰਿਆ, ਪਸੂ ਪੰਛੀ ਨਾ ਕਦੇ ਵਿਸਾਰੇ ਆਪਣੀ ਬੋਲੀ ਪਿਆਰੀ ਨੂੰ, ਤੂੰ ਕਿਓ ਭੁਲਦਾ ਜਾਵੇ ਮਿੱਤਰਾ ਸਭ ਤੋ ਪਿਆਰੀ ਨਿਆਰੀ ਨੂੰ, ਗੁਰੂਆਂ ਪੀਰਾਂ ਮੁੱਖ ਉਚਰੀ ਜਗਤ ਜੰਲਦਾ ਤਾਰਿਆ, ਪੜ ਪੰਜਾਬੀ ਲਿਖ ਪੰਜਾਬੀ ਬੋਲ ਪੰਜਾਬੀ ਪਿਆਰਿਆ, ਹਰ ਦੇਸ ਦੀ ਬੋਲੀ ਸਿੱਖਣੀ ਸਭ ਤੋਂ ਚੰਗਾ ਕਾਰਜ ਹੈ, ਬੋਲ ਬੇਗਾਨੀ ਆਪਣੀ ਛੱਡੇ ਉਹ ਭਾਈਆਂ 'ਚੋ ਖਾਰਜ ਹੈ, ਹੋਰ ਕਿਸੇ ਦੀ ਗੋਦੀ ਚੜਦਾ ਜਾਂਦਾ ਨਹੀ ਸਹਾਰਿਆ, ਪੜ ਪੰਜਾਬੀ ਲਿਖ ਪੰਜਾਬੀ ਬੋਲ ਪੰਜਾਬੀ ਪਿਆਰਿਆ, ਪੜਕੇ ਬਾਲ ਉਪਦੇਸ ਦੇਖਲੋ ਬਹੁਤ ਨਜ਼ਾਰਾ ਆਉਦਾ ਹੈ, ਇੱਕ ਦੂਣੀ ਦੂਣੀ ਪੜਦਾ ਉਚੀ ਹੇਕਾਂ ਲਾ ਲਾ ਗਾਉਦਾ ਹੈ, ਟੂ ਟੂ ਦਾ ਫੋਰ ਬਾਲ ਤੋਂ ਜਾਂਦਾ ਨਹੀ ਉਚਾਰਿਆ, ਪੜ ਪੰਜਾਬੀ ਲਿਖ ਪੰਜਾਬੀ ਬੋਲ ਪੰਜਾਬੀ ਪਿਆਰਿਆ, ਦੱਦਾ ਦਾਦੀ ਨੱਨਾ ਨਾਨੀ ਹੇਕਾਂ ਲਾ ਲਾ ਪੜਦੇ ਸੀ, ਇੱਕ ਸੀ ਤੋਤਾ ਇੱਕ ਸੀ ਤੋਤੀ ਗੀਤ ਗਾਵਣ ਲਈ ਲੜਦੇ ਸੀ, ਮਾਖਿਓ ਮਿੱਠੀ ਮਾਤ ਪੰਜਾਬੀ ਰੇਵਤੀ ਰਮਣ ਪੁਕਾਰਿਆ, ਪੜ ਪੰਜਾਬੀ ਲਿਖ ਪੰਜਾਬੀ ਬੋਲ ਪੰਜਾਬੀ ਪਿਆਰਿਆ, ਆਪਣੀ ਬੋਲੀ ਆਪਣੀ ਭਾਸ਼ਾ ਮਾਂ ਦੀ ਗੋਦੀ ਵਰਗੀਐ, ਜਿਹੜੀ ਕੌਮ ਭਲਾਵੇ ਇਸਨੂੰ ਵਾਂਗ ਪਤਾਸੇ ਖਰਗੀਐ, ਨਾ ਰੀਸ ਹੋਰ ਦੀ ਕਰਨੀ ਗੱਲ ਸੁਣ ਭੁਲਣ ਹਾਰਿਆ ਪੜ ਪੰਜਾਬੀ ਲਿਖ ਪੰਜਾਬੀ ਬੋਲ ਪੰਜਾਬੀ ਪਿਆਰਿਆ, ਉਚ ਕੋਟੀ ਦਾ ਖੋਜੀ ਬਣਜੀ ਆਪਣੀ ਬੋਲੀ ਭੁਲੀ ਨਾ, ਮੱਕੀ ਰੋਟੀ ਸਾਗ ਛੱਡਕੇ ਬਰਗਰ ਉਤੇ ਡੁਲੀ ਨਾ, ਕਾਲਾ ਹੋਜੇ ਚਿੱਟਾ ਚੋਲਾ ਜਾਵੇ ਨਾਂ ਭੰਮੇ ਨਿਖਾਰਿਆ, ਪੜ ਪੰਜਾਬੀ ਲਿਖ ਪੰਜਾਬੀ ਬੋਲ ਪੰਜਾਬੀ ਪਿਆਰਿਆ,

ਸਾਂਭੋ ਰੁੱਖ ਹਵਾ ਤੇ ਪਾਣੀ

ਤੰਦਰੁਸਤੀ ਲੱਭਦੇ ਨੇ ਤੱਕਲੋ ਆਸੇ ਪਾਸੇ ਸਾਰੇ, ਨਾ ਮਿਲਦੀ ਪੈਸਿਆਂ ਨੂੰ ਹੋਵਣ ਮਾਇਆਂ ਭਰੇ ਬੁਖਾਰੇ, ਇਹ ਓਥੇ ਆਉਂਦੀਐ ਜਿਸਨੇ ਇਸਦੀ ਰਮਜ਼ ਪਛਾਣੀ, ਤੰਦਰੁਸਤੀ ਆਵੇਗੀ ਸਾਂਭੋ ਰੁੱਖ ਹਵਾ ਤੇ ਪਾਣੀ॥ ਪਾ ਤੱਤ ਤੇਜ਼ਾਬੀ ਨੂੰ ਧਰਤੀ ਮਾਤਾ ਕਰਤੀ ਮਾੜੀ, ਅੱਗ ਲਾ ਪਰਾਲੀ ਨੂੰ ਜਾਂਦੇ ਸੀਨਾਂ ਮਾਂ ਦਾ ਸਾੜੀ, ਜਿਸ ਮਾਤ ਤਪਾਈਐ ਸੁੱਖ ਨੀ ਪਾਉਂਦਾ ਦੱਸੇ ਬਾਣੀ, ਤੰਦਰੁਸਤੀ ਆਵੇਗੀ ਸਾਂਭੋ ਰੁੱਖ ਹਵਾ ਤੇ ਪਾਣੀ॥ ਰੁੱਖ ਵਾਂਗ ਬਜ਼ੁਰਗਾਂ ਦੇ ਕਾਸਤੋਂ ਕਰਦੇ ਫਿਰੋਂ ਕਟਾਈ, ਧੰਨ ਆਖੋ ਉਹਨਾਂ ਨੂੰ ਜਿਨਾਂ ਹੈ ਤ੍ਰਿਵੈਣੀ ਲਾਈ, ਕਰ ਰੀਸ ਚੰਗਿਆਂ ਦੀ ਬਣਜੋ ਤੁਸੀਂ ਉਹਨਾਂ ਦੇ ਹਾਣੀ, ਤੰਦਰੁਸਤੀ ਆਵੇਗੀ ਸਾਂਭੋ ਰੁੱਖ ਹਵਾ ਤੇ ਪਾਣੀ॥ ਸੱਤਰ ਹਿੱਸੇ ਦੱਸਦੇ ਨੇ ਪਾਣੀ ਦੇਹੀ ਵਿੱਚ ਵਿਗਿਆਨੀ, ਇਹ ਦੂਸ਼ਿਤ ਕਰ ਦਿੱਤਾ ਮਿਲਦਾ ਲਾਭ ਨਾ ਹੁੰਦੀ ਹਾਨੀ, ਝਟਕੇ ਆਵਣ ਰੋਗਾਂ ਦੇ ਸੁੱਖ ਨਾ ਰਹਿ ਗਿਆ ਰੱਤੀ ਕਾਣੀ, ਤੰਦਰੁਸਤੀ ਆਵੇਗੀ ਸਾਂਭੋ ਰੁੱਖ ਹਵਾ ਤੇ ਪਾਣੀ॥ ਧੂੰਆਂ ਕੱਢ ਭੱਠਿਆਂ 'ਚੋਂ ਪੌਣ ਵੀ ਕਰਤੀ ਪੂਰ ਤੇਜ਼ਾਬੀ, ਵਿੱਚ ਜਾ ਫੇਫੜਿਆਂ ਦੇ ਸਮਝੋ ਪੂਰੀ ਕਰੈ ਖਰਾਬੀ, ਸਾਹ ਲੈਣਾ ਔਖਾ ਜੀ ਦੁੱਖੜੇ ਸਹਿੰਦੀ ਜਿੰਦ ਨਿਮਾਣੀ, ਤੰਦਰੁਸਤੀ ਆਵੇਗੀ ਸਾਂਭੋ ਰੁੱਖ ਹਵਾ ਤੇ ਪਾਣੀ॥ ਜ਼ਹਿਰਾਂ ਛਿੜਕ ਦਾਣਿਆਂ ਤੇ ਭੋਜਨ ਕਰਤਾ ਬੇ ਸੁਆਦੀ, ਕਾਲੇ ਚਿੱਟੇ ਹੋਏ ਨੇ ਚੋਬਰ ਲੱਗਦੇ ਦਾਦਾ ਦਾਦੀ, ਗੋਡੇ ਗਿੱਟੇ ਦੁੱਖਦੇ ਨੇ ਬੁੱਢੀ ਬਣਗੀ ਉਮਰ ਨਿਆਣੀ, ਤੰਦਰੁਸਤੀ ਆਵੇਗੀ ਸਾਂਭੋ ਰੁੱਖ ਹਵਾ ਤੇ ਪਾਣੀ॥ ਸਭ ਚੜ੍ਹਣ ਗੱਡੀਆਂ ਤੇ ਤੁਰਕੇ ਅੱਜ ਨਾ ਕੋਈ ਰਾਜ਼ੀ, ਕੰਨ ਪਾੜੇ ਰੌਲੇ ਨੇ ਮਿਲਦੀ ਹਵਾ ਕਿਤੋਂ ਨਾ ਤਾਜ਼ੀ, ਸਭ ਘੇਰੇ ਰੋਗਾਂ ਨੇ ਸਭ ਨੂੰ ਪਵੇ ਦਵਾਈ ਖਾਣੀ, ਤੰਦਰੁਸਤੀ ਆਵੇਗੀ ਸਾਂਭੋ ਰੁੱਖ ਹਵਾ ਤੇ ਪਾਣੀ॥ ਕਰੋ ਬਚਤ ਪਾਣੀ ਦੀ ਨਾਲੇ ਇੱਕ ਇੱਕ ਰੁੱਖ ਲਗਾਓ, ਛੱਡ ਨਫਰਤ ਗੁੱਸੇ ਨੂੰ ਭੰਮਿਆਂ ਜਗਤ ਬਾਗ ਮਹਿਕਾਓ, ਜੀਓ ਤੇ ਜਿਉਣ ਦਿਓ ਗੁਰੂ ਜੀ ਕਹਿੰਦੇ ਟੇਕ ਟਕਾਣੀ, ਤੰਦਰੁਸਤੀ ਆਵੇਗੀ ਸਾਂਭੋ ਰੁੱਖ ਹਵਾ ਤੇ ਪਾਣੀ॥

ਜਨਦਾਨ ਜੋ ਕਰਜ

ਕਿਰਤ ਕਰੋ ਤੇ ਵੰਡ ਛਕੋ ਹੈ ਦੱਸਿਆ ਬਾਣੀ ਨੇ, ਵੇਖੋ ਕੰਧਾਂ ਕੋਠੇ ਰਚਲੇ ਏਥੇ ਆਪ ਪ੍ਰਾਣੀ ਨੇ ਕਰਕੇ ਦਾਨ ਦੁਆਨੀ ਸਮਝਣ ਵੱਡਾ ਦਾਨੀ ਜੀ, ਖੂਨਦਾਨ ਜੋ ਕਰਦੇ ਹੁੰਦੇ ਪੁਰਸ਼ ਮਹਾਨੀ ਜੀ। ਕਾਰਖਾਨਾ ਨੀ ਕੋਈ ਐਸਾ ਵਿੱਚ ਜਹਾਨ ਦੇ, ਰੱਤ ਬਣਾਕੇ ਭਰ ਦੇਵੇ ਵਿੱਚ ਮੁਰਦਾ ਜਾਨ ਦੇ, ਲੱਭਦੇ-ਲੱਭਦੇ ਆਪ ਗੁਆਚੇ ਪੂਰੇ ਗਿਆਨੀ ਜੀ, ਖੂਨਦਾਨ ਜੋ ਕਰਦੇ ਹੁੰਦੇ ਪੁਰਸ਼ ਮਹਾਨੀ ਜੀ। ਮਾਇਆਧਾਰੀ ਬੰਦੇ ਕਰਦੇ ਦਾਨ ਗਰੀਬਾਂ ਨੂੰ, ਮੰਗਣ ਵਾਲੇ ਸਦਾ ਕੋਸਦੇ ਰਹਿਣ ਨਸੀਬਾਂ ਨੂੰ, ਸਭੇ ਦਾਨੀ ਬਣ ਸਕਦੇ ਨੇ ਬਿਨਾਂ ਦੁਆਨੀ ਜੀ, ਖੂਨਦਾਨ ਜੋ ਕਰਦੇ ਹੁੰਦੇ ਪੁਰਸ਼ ਮਹਾਨੀ ਜੀ। ਭੂਮੀਏ ਜੈਸੇ ਦਾਨੀ ਕਈ ਨੇ ਅੱਜ ਸੰਸਾਰ ਤੇ, ਲੁੱਟਦਾ ਮਾਲ ਚੜ੍ਹਾਉਂਦੇ ਜਾ ਸਾਂਈ ਦਰਬਾਰ ਤੇ, ਰਾਮ ਕਚਿਹਰੀ ਦੋਖੀ ਜਿਹੜੇ ਕਰਨ ਸ਼ੈਤਾਨੀ ਜੀ, ਖੂਨਦਾਨ ਜੋ ਕਰਦੇ ਹੁੰਦੇ ਪੁਰਸ਼ ਮਹਾਨੀ ਜੀ। ਸਭ ਤੋਂ ਉੱਤਮ ਦਾਨ, ਦਾਨ ਹੈ ਦਿੱਤੇ ਖੂਨ ਦਾ, ਕਰੇ ਸਰੀਰੀ ਚਾਨਣ, ਚਾਨਣ ਜੈਸੇ ਮੂਨ ਦਾ, ਏਸ ਦਾਨ ਦੀ ਮਹਿੰਮਾ ਹੁੰਦੀ ਦੋਹੀਂ ਜਹਾਨੀ ਜੀ, ਖੂਨਦਾਨ ਜੋ ਕਰਦੇ ਹੁੰਦੇ ਪੁਰਸ਼ ਮਹਾਨੀ ਜੀ। ਸਾਧ ਮਹੰਤਾਂ ਪਿੱਛੇ ਲੱਗ ਕਈ ਕਰਦੇ ਦਾਨ ਨੇ, ਦਾਨ ਦੇਣ ਨਾ ਯੋਗੇ ਦਿੰਦੇ ਵੇਚ ਮਕਾਨ ਨੇ, ਲਾਭ ਕੋਈ ਨਾ ਹੋਵੇ ਹੁੰਦੀ ਭਾਰੀ ਹਾਨੀ ਜੀ, ਖੂਨਦਾਨ ਜੋ ਕਰਦੇ ਹੁੰਦੇ ਪੁਰਸ਼ ਮਹਾਨੀ ਜੀ। ਮਾਇਆ ਕੀਤੀ ਦਾਨ ਕਦੇ ਨਾ ਜਿੰਦ ਬਚਾਉਂਦੀ ਐ, ਜਾ ਗੋਲਕ ਦੇ ਅੰਦਰ ਰੋਗ ਅਵਲੇ ਲਾਉਂਦੀ ਐ, ਕਰਦੇ ਮਾਇਆ ਦਾਨ ਜਿੰਨਾਂ ਦੀ ਹੋਰ ਦੁਕਾਨੀ ਜੀ, ਖੂਨਦਾਨ ਜੋ ਕਰਦੇ ਹੁੰਦੇ ਪੁਰਸ਼ ਮਹਾਨੀ ਜੀ। ਸੁਣੋ ਸਾਥੀਓ ਸਾਡੀ ਸੱਚੀ ਗੱਲ ਅਖੀਰ ਦੀ, ਖੂਨ ਦਾਨੀ ਬਣ ਰਾਖੀ ਕਰੀਏ ਐਸ ਸਰੀਰ ਦੀ, ਪੁੰਨ ਬਥੇਰਾ ਲੱਗੂ ‘ਭੰਮਿਆਂ’ ਬਾਤ ਰੂਹਾਨੀ ਜੀ, ਖੂਨਦਾਨ ਜੋ ਕਰਦੇ ਹੁੰਦੇ ਪੁਰਸ਼ ਮਹਾਨੀ ਜੀ।

ਕਠਿਨ ਤਪੱਸਿਆ ਹੈ ਛੰਦਾਂ ਵਾਲੀ

ਕਠਿਨ ਤਪੱਸਿਆ ਹੈ ਸਾਰ ਲੈਣੀ ਛੰਦਾਂ ਵਾਲੀ, ਝੁਰਲੂ ਦੇ ਨਾਲ ਨਹੀਂ ਰਚ ਹੁੰਦੇ ਛੰਦ ਜੀ। ਕੰਨ ਪੜਵਾਉਣੇ ਪੈਂਦੇ ਪਿੰਗਲ ਮਾਹਿਰ ਕੋਲੋਂ, ਉਹਨਾਂ ਕੋਲੇ ਪੂਰੇ ਸੂਰੇ ਰੱਖੇ ਹੁੰਦੇ ਸੰਦ ਜੀ। ਰੱਖਕੇ ਸਬਰ ਭਾਈ ਪਾਠਕਾਂ ਦੇ ਸੰਗ ਬਹਿਣਾ, ਤਪੱੜ ਸੁਗੰਧ ਵਿੱਚੋਂ ਆਉਂਦਾ ਹੈ ਆਨੰਦ ਜੀ। ਏਕਲਵਿਆ ਦੇ ਵਾਂਗ ਸ਼ਰਧਾ ਜੇ ਕੋਲ ਹੋਵੇ, ਟੁੱਟਦੇ ਕਦੇ ਨਾ ਫੇਰ ਤੱਕਲੇ ਤੋਂ ਤੰਦ ਜੀ। ਸਾਰੇ ਹੀ ਗ੍ਰੰਥ ਵਾਚੋ ਛੰਦ ਰੂਪ ਰਚੇ ਗੁਰਾਂ, ਪੜ੍ਹ ਰਸ ਆਵੇ ਪੂਰਾ ਜੈਸੇ ਗੁਲਕੰਦ ਜੀ। ਰੁਕਦੀ ਨਾ ਜੀਭਾ ਜਵਾਂ ਗਾਉਣ ਤੇ ਪੜ੍ਹਣ ਵੇਲੇ, ਹੁੰਦੇ ਨੇ ਹੈਰਾਨ ਭਾਈ ਚਾਲ ਵੇਖ ਦੰਦ ਜੀ। ਉਸਤਿਤ ਰਾਮ ਵਾਲੀ ਸਮਝੋ ਕਵੀਸ਼ਰੀ ਹੈ, ਬਾਕੀ ਛੰਦ ਛੰਦ ਭੰਮੇ ਤਾਰਿਆਂ ਚ ਚੰਦ ਜੀ। ਏਕਲਵਿਆ ਦੇ ਵਾਂਗ ਸ਼ਰਧਾ ਜੇ ਕੋਲ ਹੋਵੇ, ਟੁੱਟਦੇ ਕਦੇ ਨਾ ਫੇਰ ਤੱਕਲੇ ਤੋਂ ਤੰਦ ਜੀ।

ਰਿਸਤਾ ਪਿਤਾ ਦਾ

ਜੀਵ ਧਰਤ ਤੇ ਆਕੇ ਬੱਝ ਜਾਂਦਾਂ, ਰਿਸਤੇ ਬਣਦੇ ਨੇ ਏਥੇ ਅਨੇਕ ਭਾਈ। ਆਪਣੀ ਆਪਣੀ ਜਗਾ ਨੇ ਸਭ ਚੰਗੇ ਚੱਲੇ ਠੱਕਾ ਤਾਂ ਦੇਂਵਦੇ ਸੇਕ ਭਾਈ। ਰਿਸਤਾ ਖਿਤਾ ਦਾ ਉੱਤਮ ਹੈ ਸਾਰਿਆ ਚੋਂ ਦਰਦਾਂ ਵਿਚ ਵੀ ਸੁੱਖਾਂ ਦੀ ਟੇਕ ਭਾਈ। ਵਾਂਗ ਰੁੱਖ ਦੇ ਦੁੱਖੜੇ ਅਨੇਕ ਸਹਿੰਦਾ ਲੱਗਣ ਦਿੰਦਾ ਨਾ ਬੱਚੇ ਨੂੰ ਸੇਕ ਭਾਈ। ਝਿੜਕ ਏਸਦੀ ਸਮੁੰਦ ਪਿਆਰ ਵਾਲਾ ਬੱਚੇ ਖੁਸ਼ ਰਹਿਣ ਲਾਉਂਦਾ ਹੇਕ ਭਾਈ। ਪਿਤਾ ਹੁੰਦਿਆਂ ਫਿਕਰ ਨਾ ਕੰਧ ਟੱਪਦੇ ਬਿਨਾਂ ਏਸਦੇ ਸੈਂਕੜੇ ਛੇਕ ਭਾਈ। ਭੁੱਖ ਤੇਹ ਵੀ ਆਪਣੇ ਜ਼ਰੇ ਤਨ ਤੇ ਬੱਚੇ ਰੱਜ਼ ਖਾਣ ਪੂੜੇ ਤੇ ਕੇਕ ਭਾਈ। ਪਿਤਾ ਪਾਣੀ ਤੇ ਪਾਣੀ ਹੈ ਪਿਤਾ ਯਾਰੋ ਘਾਟ ਏਸਦੀ ਪੂਰੇ ਨਾ ਹਰੇਕ ਭਾਈ। ਪਿਤਾ ਹੁੰਦਿਆਂ ਵੱਡੇ ਵੀ ਹੋਣ ਛੋਟੇ ਬਿਨਾਂ ਏਸਦੇ ਸੁੱਖੀਂ ਬਰਕੇ ਭਾਈ। ਪਿਤਾ ਪਾਣੀ ਮਿਲੇ ਪ੍ਰਮੇਸ਼ਰ ਮਿਲੇ ਭੰਮੇ ਸਾਰੇ ਜਗਤ ਮੇਂ ਜੋੜੀ ਹੈ ਏਕ ਭਾਈ।।

ਸਾਂਝੀਵਾਲਤਾ

ਖੁਦਗਰਜ਼ੀ ਨੇ ਤੋੜੀ ਢੂਹੀ ਸਾਂਝੀਵਾਲਤਾ ਦੀ, ਟੁੱਟ ਪਰਿਵਾਰ ਅੱਜ ਵਿੱਚ ਤਾਂ ਮਕਾਨ ਦੇ। ਹੱਥ ਤਾਂਈ ਹੱਥ ਖਾਊ ਪੂਰੇ ਹੋਏ ਵਾਕ ਬੋਲੇ, ਕਾਫੀ ਪਹਿਲਾਂ ਉਚਰੇ ਜੋ ਗੁਰੂ ਵਿਦਵਾਨ ਦੇ। ਇੱਕ ਨਾਲ ਇੱਕ ਲੱਗੇ ਬਣਦੇ ਗਿਆਰਾਂ ਵੀਰੋ, ਕੀਮਤ ਨਾ ਇੱਕ ਵਾਲੀ ਵਿੱਚ ਤਾਂ ਜਹਾਨ ਦੇ। ਰੋਹੀ ਵਿੱਚ ਕੱਲਾ ਰੁੱਖ ਰਹੇ ਨਾ ਸਥਿਰ ਭਾਈ, ਬੁਲਾ ਆਵੇ ਟੁੱਟ ਜਾਂਦਾ ਵਾਂਗ ਤਾਂ ਕਮਾਨ ਦੇ।। ਜਾਤ-ਪਾਤ ਵਾਲਾ ਪਾੜਾ ਅੱਟੋ ਜੀ ਪਿਆਰ ਨਾਲ, ਲਾਲ ਖੂਨ ਸਾਰਿਆਂ ਦਾ ਸੋਚੋ ਨਾਲ ਧਿਆਨ ਦੇ। ਇੱਕੋ ਰਾਹੇ ਆਉਣ ਜਾਣ ਧਰਤੀ ਦੇ ਜੀਵ ਸਾਰੇ, ਥਿਰ ਨਹੀਂ ਕੋਈ ਏਥੇ ਬਿਨ ਭਗਵਾਨ ਦੇ। ਮਿਲਣੀ ਆਖੀਰੀ ਜਾਣ ਗਲੇ ਲਾਓ ਸਾਰਿਆਂ ਨੂੰ, ਅੰਤ ਨੂੰ ਟਿਕਾਣਾ ਬੰਦੇ ਵਿੱਚ ਸ਼ਮਸ਼ਾਨ ਦੇ। ਸਾਂਝੀਵਾਲ ਬਣੋ ਸਦਾ ਦੂਜੇ ਦੇ ਦੁੱਖਾਂ ਦੇ ਵਿੱਚ, ਸਾਂਝੀਵਾਲਤਾ ਨਾ ਤੋੜੋ ਵਾਂਗ ਤਾਂ ਨਿਦਾਨ ਦੇ। ਦਰਦੀ ਦਾ ਹੋਕ ਦੇਣ ਦਰਦਾਂ ਦੇ ਦਰਦੀ ਨਾ, ਵਰਦੀ ਪਾ ਦਰਦੀ ਦੀ ਦਿੰਦੇ ਨੇ ਦਰਦ ਜੀ। ਪਾਣੀ ਵਾਂਗ ਉਡ ਜਾਂਦੇ ਲੱਗਦਾ ਹੈ ਸੇਕ ਜਦੋਂ ਲੱਭਦੇ ਨਾ ਫੇਰ ਕਦੇ ਕੁੱਟਕੇ ਨਰਦ ਜੀ। ਕੁਰਸੀ ਪਿਆਰੀ ਲੱਗੇ ਜੰਤਾਂ ਦੇ ਦਰਦਾਂ ਨਾਲੋਂ ਏਸ ਪਿੱਛੇ ਹੋਣਾ ਪੈਜੇ ਚਾਹੇ ਬੇ ਪਰਦ ਜੀ। ਇਹਨਾਂ ਪਿੱਛੇ ਲੱਗ ਐਵੇਂ ਕਰੋ ਨਾ ਲੜਾਈ ਭੰਮੇ ਸਾਂਝੀਵਾਲਤਾ ਬਚਾਓ ਬਣਕੇ ਮਰਦ ਜੀ

ਪ੍ਰਸੰਸਾ

ਪ੍ਰਸੰਸਾ ਕਰਨੀ ਪਾਪ ਦੱਸਗੇ ਜਿੰਨ੍ਹੇ ਜਗਤ ਗਿਆਨੀ, ਨਾ ਕਰਨੀ ਵੀ ਮਾੜੀ ਬਹੁਤੀ ਇਹ ਵੀ ਜਾਣ ਬਿਆਨੀ, ਝੂਠੀ ਸੱਚੀ ਝੱਲ ਨਾ ਹੋਵੇ ਬੰਦਾ ਰੰਗ ਵਟਾਵੇ, ਇਹ ਬੰਦੇ ਦੀ ਦੁਸ਼ਮਣ ਵੀਰੋ ਰੋਗ ਅਨੇਕਾਂ ਲਾਵੇ। ਸੁਣ ਪ੍ਰਸੰਸਾਂ ਆਪਣੀ ਬੰਦਾ ਫੁੱਲੇ ਵਾਂਗ ਭਕਾਨੇ, ਹੋਰਾਂ ਨੂੰ ਫਿਰ ਕੀੜੇ ਸਮਝੇ ਯਾਰੋ ਵਿੱਚ ਜਹਾਨੇ, ਮੋਢਿਆਂ ਉਪਰੋਂ ਫਿਰੇ ਥੁੱਕਦਾ ਆਪਣਾ ਭਾਰ ਵਧਾਵੇ, ਇਹ ਬੰਦੇ ਦੀ ਦੁਸ਼ਮਣ ਵੀਰੋ ਰੋਗ ਅਨੇਕਾਂ ਲਾਵੇ। ਖੁਦਗਰਜ਼ੀ ਦੇ ਪਿੱਛੇ ਬਹੁਤੇ ਕਹਿਣ ਮਾੜੇ ਨੂੰ ਚੰਗਾ, ਰਾਜਿਆਂ ਵਰਗੇ ਬਸਤਰ ਤੇਰੇ ਚਾਹੇ ਹੋਵੇ ਨੰਗਾ, ਸੁਣ ਸੁਣ ਐਸੇ ਬੋਲ ਵੀਰਨਾ ਨਾ ਧਰਤੀ ਪੈਰ ਟਿਕਾਵੇ, ਇਹ ਬੰਦੇ ਦੀ ਦੁਸ਼ਮਣ ਵੀਰੋ ਰੋਗ ਅਨੇਕਾਂ ਲਾਵੇ। ਦੂਜੇ ਮੁਖੋਂ ਪ੍ਰਸੰਸਾਂ ਸੁਣਨ ਲਈ ਕਰਦੇ ਦਾਨ ਵਥੇਰਾ, ਦਾਨ ਦੇਣ ਦੇ ਯੋਗ ਨੀ ਹੁੰਦੇ ਦਿੰਦੇ ਵੇਚ ਲਵੇਰਾ, ਨਾਰ ਵਿਚਾਰੀ ਦੁੱਧ ਲੱਸੀ ਨੂੰ ਦੂਜਿਆਂ ਦੇ ਘਰ ਜਾਵੇ, ਇਹ ਬੰਦੇ ਦੀ ਦੁਸ਼ਮਣ ਵੀਰੋ ਰੋਗ ਅਨੇਕਾਂ ਲਾਵੇ। ਹਾਉਮੇ ਰੋਗ ਦੀ ਪੱਕੀ ਵਾਇਰਸ ਕਰਦੀ ਰੋਗ ਸਵਾਇਆ, ਵੈਦ ਵਿਚਾਰੇ ਲੱਭ ਲੱਭ ਥੱਕੇ ਰੋਗ ਸਮਝ ਨਾ ਆਇਆ, ਇਸ ਰੋਗ ਦਾ ਰੋਗੀ ਯਾਰੋ ਬਹੁਤੇ ਦਰਦ ਹੰਡਾਵੇ, ਇਹ ਬੰਦੇ ਦੀ ਦੁਸ਼ਮਣ ਵੀਰੋ ਰੋਗ ਅਨੇਕਾਂ ਲਾਵੇ। ਕਲਮਾਂ ਵਾਲੇ ਰੋਗੀ ਹੋਗੇ ਏਸ ਰੋਗ ਦੇ ਭਾਈ, ਝੂਠੀ ਪ੍ਰਸੰਸਾਂ ਸੁਣਨ ਵਾਸਤੇ ਕਰਦੇ ਕਲਮ ਘਸਾਈ, ਲਿਖਣ ਤੋਂ ਪਹਿਲਾਂ ਸਿੱਖਣਾ ਚੰਗਾ ਸਿੱਖਕੇ ਕਲਮ ਚਲਾਵੇ, ਇਹ ਬੰਦੇ ਦੀ ਦੁਸ਼ਮਣ ਵੀਰੋ ਰੋਗ ਅਨੇਕਾਂ ਲਾਵੇ। ਪ੍ਰਸੰਸਾਂ ਸੁਣਨ ਦੀ ਆਦੀ ਹੋਈ ਮਾਨਸ ਜਾਤੀ ਸਾਰੀ, ਏਸ ਨਸ਼ੇ ਦਾ ਨਸ਼ਾ ਅਵੱਲਾ ਮੱਤ ਨਸ਼ੇ ਨੇ ਮਾਰੀ, ਹੋਰ ਨਸ਼ੇ ਸਭ ਘੱਟ ਏਸ ਤੋਂ ਇਹ ਦੇਹੀ ਨੂੰ ਖਾਵੇ, ਇਹ ਬੰਦੇ ਦੀ ਦੁਸ਼ਮਣ ਵੀਰੋ ਰੋਗ ਅਨੇਕਾਂ ਲਾਵੇ। ਵਾਂਗ ਕੁਸਤਿਆਂ ਤਾਕਤ ਦਿੰਦਾ ਸ਼ਬਦ ਜੋ ਬੱਲੇ ਬੱਲੇ, ਇਹ ਬੋਲਣਾ ਬਹੁਤਾ ਚੰਗਾ ਦੂਣੇ ਹੁੰਦੇ ਕੱਲੇ, ਝੂਠੀ ਪ੍ਰਸੰਸਾਂ ਕਰਨੀ ਮਾੜੀ ਭੰਮਿਆਂ ਗੁਰੁ ਬਤਾਵੇ, ਇਹ ਬੰਦੇ ਦੀ ਦੁਸ਼ਮਣ ਵੀਰੋ ਰੋਗ ਅਨੇਕਾਂ ਲਾਵੇ।

ਚੰਦ ਸੂਰਜ ਨਾ ਪਹੁੰਚਣ ਜਿੱਥੇ

ਫੋਟੋ ਲਿਖਣ ਗਾਉਣ ਦੀ ਖੇਡ ਭਰਾਵੋ ਸਮਝੋ ਬੜੀ ਅਨੋਖੀਐ, ਹੈ ਸੂਲੀ ਦੀ ਛਾਲ ਬਰੋਬਰ ਕਈਆਂ ਲਈ ਸੌਖੀਐ, ਵਿਰਲੇ ਸੱਜਣ ਜਿੱਤਣ ਬਾਜੀ ਬਹੁਤਿਆ ਹਿੱਸੇ ਹਾਰੀਐ, ਚੰਦ ਸੂਰਜ ਨਾ ਪਹੁੰਚਣ ਜਿੱਥੇ ਜਾਂਦੇ ਪਹੁੰਚ ਲਿਖਾਰੀਐ। ਕਲਮਾਂ ਵਾਲੇ ਸ਼ਾਨ ਦੇਸ਼ ਦੀ ਦੱਸਦੇ ਜਗਤ ਗਿਆਨੀ ਜੀ, ਇਹਨਾਂ ਵਾਲੀ ਤਾਕਤ ਸੱਜਣੋ ਜਾਂਦੀ ਨਹੀਂ ਬਿਆਨੀ ਜੀ, ਕਲਮੋਂ ਨਿਕਲੇ ਸ਼ਬਦ ਇਹਨਾਂ ਦੇ ਸਮਝੋ ਗਿਆਨ ਪਟਾਰੀਐ, ਚੰਦ ਸੂਰਜ ਨਾ ਪਹੁੰਚਣ ਜਿੱਥੇ ਜਾਂਦੇ ਪਹੁੰਚ ਲਿਖਾਰੀਐ। ਓਸ ਨਗਰ ਦੇ ਭਾਗ ਵਡੇਰੇ ਜਿੱਥੇ ਦੋਵੇਂ ਵੱਸਦੇ ਨੇ, ਮੱਲ ਲਿਖਾਰੀ ਗਹਿਣਾ ਪਿੰਡ ਦਾ ਮਹਾਂ ਗਿਆਨੀ ਦੱਸਦੇ ਨੇ, ਭੂਤ ਭਵਿਖਤ ਵਰਤਮਾਨ ਨੂੰ ਜਾਂਦੇ ਸਦਾ ਵਿਚਾਰੀਐ, ਚੌਦ ਸੂਰਜ ਨਾ ਪਹੁੰਚਣ ਜਿੱਥੇ ਜਾਂਦੇ ਪਹੁੰਚ ਲਿਖਾਰੀਐ। ਲੋਕਾਂ ਦੇ ਇਹ ਦਰਦ ਉਭਾਰਣ ਆਪਣੀ ਕਲਮ ਚਲਾਕੇ ਜੀ, ਨਾਲ ਪਿਆਰ ਦੇ ਜੀਣਾ ਦੱਸਦੇ ਉਚੀ ਹੇਕਾਂ ਲਾਕੇ ਜੀ, ਦੁੱਖ ਦੂਜੇ ਦਾ ਸਮਝਣ ਆਪਣਾ ਤਾਂਹੀਂ ਸੋਚ ਨਿਆਰੀਐ, ਚੰਦ ਸੂਰਜ ਨਾ ਪਹੁੰਚਣ ਜਿੱਥੇ ਜਾਂਦੇ ਪਹੁੰਚ ਲਿਖਾਰੀਐ। ਲੋਕ ਹਿੱਤਾਂ ਲਈ ਕਵਿਤਾ ਲਿਖਦੇ ਪੈਂਦੀਆਂ ਜਾਗ ਜੰਮਰਾਂ ਜੀ, ਔਰਗੇ ਵਰਗੇ ਚਰਨੀ ਡਿੱਗਦੇ ਪੜ੍ਹ ਸੱਚੀਆਂ ਤਕਰੀਰਾਂ ਜੀ, ਖੜਗ, ਤੋਂ ਤਿੱਖੀ ਧਾਰ ਕਲਮ ਦੀ ਕਰਦੀ ਚੋਟ ਕਰਾਰੀਐ, ਚੰਦ ਸੂਰਜ ਨਾ ਪਹੁੰਚਣ ਜਿੱਥੇ ਜਾਂਦੇ ਪਹੁੰਚ ਲਿਖਾਰੀਐ। ਕਲਮ ਚਲਾਉਣ ਤੋਂ ਪਹਿਲਾਂ ਜਿਹੜੇ ਪਾਠਕ ਬਣਦੇ ਭਾਈ ਜੀ, ਫੇਰ ਗੁਰਾਂ ਤੋਂ ਸਿੱਖਿਆ ਲੈਕੇ ਕੰਨੀ ਮੁੰਦਰ ਪਾਈ ਜੀ, ਜਿੱਤ ਉਹਨਾਂ ਦੇ ਅੰਗ ਸੰਗ ਰਹਿੰਦੀ ਨੇੜੇ ਨਾ ਆਉਦੀ ਹਾਰੀਐ, ਚੰਦ ਸੂਰਜ ਨਾ ਪਹੁੰਚਣ ਜਿੱਥੇ ਜਾਂਦੇ ਪਹੁੰਚ ਲਿਖਾਰੀਐ। ਵਾਂਗ ਤ੍ਰਿਫਲੇ ਲਿਖਤਾਂ ਲਿਖਦੇ ਪੜ੍ਹ ਸੁਣ ਚੁਸਤ ਪ੍ਰਾਣੀ ਜੀ, ਧੰਨ ਲਿਖਾਰੀ ਬਾਬਾ ਬੋਲੇ ਵਾਚੋ ਵਿੱਚ ਗੁਰਬਾਣੀ ਜੀ, ਸਾਰੇ ਧਰਮ ਗਰੰਥਾਂ ਅੰਦਰ ਏਹੋ ਗੱਲ ਉਚਾਰੀਐ, ਚੰਦ ਸੂਰਜ ਨਾ ਪਹੁੰਚਣ ਜਿੱਥੇ ਜਾਂਦੇ ਪਹੁੰਚ ਲਿਖਾਰੀਐ। ਆਖਿਰ ਦੇ ਵਿੱਚ ਅਰਜ਼ਾਂ ਕਰੀਏ ਸਰਸਵਤੀ ਨੂੰ ਸਾਰੇ ਜੀ, ਊਣੇ ਕਦੇ ਨਾ ਹੋਣ ਕਵੀ ਦੇ ਸ਼ਬਦਾਂ ਭਰੇ ਭੰਡਾਰੇ ਜੀ, ਸਿਹਤ ਨਿਰੋਈ ਬਖਸ਼ੀ ਦਾਤਿਆ ਭੰਮੇ ਅਰਜ਼ ਗੁਜ਼ਾਰੀਐ, ਚੰਦ ਸੂਰਜ ਨਾ ਪਹੁੰਚਣ ਜਿੱਥੇ ਜਾਂਦੇ ਪਹੁੰਚ ਲਿਖਾਰੀਐ।

ਦਰਸ਼ਨ ਸਿੰਘ ਭੰਮੇ ਬਾਰੇ

ਭੰਮੇ ਕਲਾਂ ਪਿੰਡ ਮੇਰਾ ਮਾਨਸਾ ਜਿਲ੍ਹੇ ਦੇ ਵਿੱਚ, ਸ਼ਰਸਾ ਸੜਕ ਉੱਤੇ ਨੇੜੇ ਸੂਲੀਸਰ ਜੀ। ਪਿਤਾ ਸ੍ਰੀ ਰਾਮ ਸਿੰਘ ਮਾਤਾ ਪਰਮੇਸ਼ਰੀ ਜੀ, ਮੈੜ ਰਾਜਪੂਤ ਜਾਤੀ ਹੇਮ ਕਾਰੀਗਰ ਜੀ। ਇੱਕ ਭੈਣ ਇੱਕ ਭਾਈ ਦੋਵਾਂ ਤੋਂ ਪਲੇਠਾ ਜਾਣੋ, ਪਿੰਡ ਦੇ ਵਿਚਾਲੇ ਸਾਡਾ ਛੋਟਾ ਜਿਹਾ ਘਰ ਜੀ। ਮੁੱਢਲੀ ਪੜ੍ਹਾਈ ਕੀਤੀ ਪਿੰਡ ਦੇ ਸਕੂਲ ਵਿੱਚੋਂ, ਗਿਆ ਮੈਂ ਝੁਨੀਰ ਫੇਰ ਗਿਆ ਦਸ ਕਰ ਜੀ। ਮੈਡੀਕਲ ਲੈਕੇ ਫੇਰ ਮਾਨਸਾ ਪੜ੍ਹਾਈ ਕੀਤੀ, ਸਿਹਤ ਵਿਭਾਗ ਦਾ ਮੈਂ ਬਣ ਗਿਆ ਅੰਗ ਜੀ। ਲੋਕ ਸੇਵਾ ਕੀਤੀ ਨਾਲੇ ਸਿੱਖੇ ਮੈਂ ਤਮਾਮ ਗੁਰ, ਵੈਦਾਂ ਤੇ ਲਿਖਾਰੀਆਂ ਦਾ ਬੜਾ ਕੀਤਾ ਸੰਗ ਜੀ । ਚੰਗੇ ਮਾੜੇ ਦਿਨ ਵੇਖੇ ਮੌਜ਼ ਵੀ ਵਥੇਰੀ ਮਾਣੀ, ਜਾਂਵਾਂ ਬਲਿਹਾਰੇ ਸਦਾ ਕੁਦਰਤ ਰੰਗ ਜੀ। ਰਲ ਗਿਆ ਸਾਥੀ ਆਣ ਹੋਏ ਅਸੀਂ ਦੂਣੇ ਫੇਰ, ਬਦਲੇ ਪਲਾਂ ਦੇ ਵਿੱਚ ਜੀਣ ਵਾਲੇ ਢੰਗ ਜੀ। ਬੇਟੀ ਬੇਟਾ ਆਏ ਫੇਰ ਪਾਲੇ ਅਸੀਂ ਸ਼ੌਕ ਨਾਲ, ਉਚ ਦੀ ਪੜ੍ਹਾਈ ਕਰ ਕਰਦੇ ਨੇ ਕਾਰ ਜੀ। ਨੂੰਹ ਤੇ ਜਵਾਈ ਆਏ ਸੁਤਾ ਸੁਤ ਵਾਂਗ ਜਿਹੜੇ, ਪੋਤਾ ਦੋਹਤਾ ਦੋਹਤੀ ਰੰਗ ਕਰਤਾਰ ਜੀ। ਧੰਨਵਾਦ ਰਾਮ ਜੀ ਦਾ ਸਾਥੀ ਮੇਰਾ ਸਾਥ ਮੇਰੇ, ਮਿਰਗ ਦੇ ਵਾਂਗ ਚਾਲ ਹੋਏ ਨੀ ਬਿਮਾਰ ਜੀ। ਦਮਦਮਾ ਸਾਹਿਬ ਵਿਖੇ ਕਰਦੇ ਹਾਂ ਵਾਸ ਭਾਈ, ਕ੍ਰਿਪਾ ਗੁਰਾਂ ਦੀ ਵੀਰੋ ਓਹੀ ਰਚਨਹਾਰ ਜੀ॥

ਧੰਨਵਾਦ ਮਿੱਤਰ ਪਿਆਰਿਆਂ ਦਾ

ਕਰਦਾ ਹਾਂ ਧੰਨਵਾਦ ਮਿੱਤਰ ਪਿਆਰਿਆਂ ਦਾ ਪੜਕੇ ਲਿਖਤ ਮੇਰੀ ਦਿੰਦੇ ਜੋ ਪਿਆਰ ਜੀ ਥਾਪੜਾ ਉਹਨਾਂ ਦਾ ਮੈਨੂੰ ਤਾਕਤ ਤਮਾਮ ਦੇਵੇ ਸ਼ਬਦਾਂ ਦਾ ਜ਼ੋਰ ਹੋਜੇ ਆਉਣ ਵਾਰ ਵਾਰ ਜੀ ਸੱਜਣਾ ਦੇ ਬੋਲ ਸਦਾ ਕੁਸ਼ਤਿਆਂ ਸਮਾਨ ਹੁੰਦੇ ਬੰਦ ਤਾਕੀ ਖੋਲ ਦਿੰਦੇ ਹੋਣ ਤਾਲੇ ਚਾਰ ਜੀ ਚਰਣਾ ਦੀ ਧੂੜ ਲਾਵਾ ਮੱਥੇ ਨਾਲ ਗੁਰੂਆਂ ਦੀ ਲਾਉਂਦੇ ਰਹਿਣ ਧੱਕਾ ਮੈਨੂੰ ਤਾਂਹੀ ਜਾਂਵਾ ਪਾਰ ਜੀ - ਦਰਸ਼ਨ ਸਿੰਘ ਭੰਮੇ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਦਰਸ਼ਨ ਸਿੰਘ ਭੰਮੇ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ