Punjabi Poetry : Darshan Khatkar

ਪੰਜਾਬੀ ਕਵਿਤਾਵਾਂ : ਦਰਸ਼ਨ ਖਟਕੜ


ਤੇਰਾ ਦਰ

ਤੇਰਾ ਦਰ ਸਫ਼ਰ ਦੀ ਤਲਾਸ਼ ਹੈ ਮੇਰੇ ਪੈਰ ਕਰਦੇ ਸਫ਼ਰ ਗਏ। ਏਹੋ ਦਰ ਹੈ ਆਸ ਬਹਾਰ ਦੀ ਸੈਆਂ ਪੱਤਝੜਾਂ ‘ਚੋਂ ਗੁਜ਼ਰ ਗਏ। ਮੈਂ ਚੁਰਾ ਚੁਰਾ ਜੋ ਜੋੜ ਲਏ ਮੇਰੇ ਪਲ ਉਹ ਪੂੰਜੀ ਅਜ਼ੀਮ ਨੇ, ਉਹ ਵੀ ਜ਼ਖ਼ਮੀ ਹੋ ਡਿੱਗ ਪਏ, ਮੇਰੇ ਆਸ ਪਾਸ ਖਿਲਰ ਗਏ। ਆਪਣੇ ਸ਼ਬਦਾਂ ਦੇ ਸਾਥ ਲਈ ਮੈਂ ਬੁਲਾ ਲਿਆਇਆ ਸਲੀਬ ਨੂੰ, ਇਹ ਹੈ ਉਮਰ ਭਰ ਦਾ ਲਟਕਣਾ, ਹੈ ਸਲੀਬ ਨਾਲ ਜਿੱਧਰ ਗਏ। ਵਸ ਜਾਣ ਤੇ ਪੁੱਟ ਹੋਣ ਦਾ ਰਿਹਾ ਰਿਸ਼ਤਾ ਮੁੱਢ-ਕਦੀਮ ਤੋਂ, ਉਹ ਰਹੇ ਵਸਾਉਂਦੇ ਬਸਤੀਆਂ, ਘਰੋਂ ਲੋਕ ਜੋ ਹੋ ਬੇਘਰ ਗਏ। ਜੋ ਨਕਸ਼ ਪੱਥਰ ‘ਤੇ ਬਣੇ ਮੇਰੇ ਜ਼ਿਹਨ ਲਈ ਨੇ ਉਹ ਪੈਰ ਚਿੰਨ੍ਹ, ਮੇਰੀ ਰੂਹ ਲਈ ਉਹ ਸਕੂਨ ਨੇ, ਮੇਰੇ ਯਾਰ ਨੇ ਜੋ ਉਕਰ ਗਏ। ਨਹੀਂ ਰਾਸ ਆਈ ਰੂਹ ਬੈਂਤ ਦੀ ਜੋ ਬਚੀ ਮੌਕੇ ‘ਤੇ ਝੁਕ ਗਈ, ਜੇ ਝੁਕੇ ਤਾਂ ਹੋਈਆਂ ਬੇਨੂਰੀਆਂ, ਜੇ ਲੜੇ ਤਾਂ ਰੰਗ ਨਿਖ਼ਰ ਗਏ। ਲੋਕੀਂ ਉਡਦੇ ਰਹਿਣ ਹਵਾ ਦੇ ਰੁਖ਼, ਸਾਡੀ ਉਲਟੇ ਰੁਖ਼ ਪਰਵਾਜ਼ ਹੈ, ਜੇ ਡਿੱਗੇ ਤਾਂ ਪੱਥਰ ਮੀਲ ਦੇ, ਜੇ ਬਚੇ ਤਾਂ ਵੱਲ ਅੰਬਰ ਗਏ।

ਖੁਦਕਸ਼ੀ

ਵਾਪਸ ਏਧਰ ਪਰਤ ਆ ਭਟਕਦਾ, ਖਾਲੀ, ਉੱਜੜਿਆ ਕਾਲਾ ਰਾਹ ਖੁਦਕਸ਼ੀ ਦਾ ਏਸ 'ਤੇ ਨਾ ਪੈਰ ਧਰ । ਭਰੀਆਂ ਸਭਾਵਾਂ 'ਚ ਲੈ ਕੇ ਜ਼ਿੰਦਗੀ ਤੋਂ ਬਖਸ਼ਿਸ਼ਾਂ, ਹੰਢੇ ਹੋਏ ਮੱਗਰ, ਬੇਈਮਾਨ ਦੇ ਵਾਗੂੰ ਭਰ-ਚੁਰਾਹੇ ਰਿਹਾਂ ਮੁੱਕਰ । ਜ਼ਿੰਦਗੀ ਦੀਆਂ ਸੱਚੀਆਂ ਸੁਣ ਕੇ ਘੁੱਟ ਗਲਾ ਮਾਰਨ ਦਾ ਝੱਲ, ਛੱਡ, ਤੇ ਆ ਮੁੜ ਚੱਲ ਵੇਸਵਾ ਦੀ ਸ਼ਰਮ ਵਰਗਾ ਰਾਹ ਹੈ ਖੁਦਕਸ਼ੀ ਦਾ *** ਉਹ ਜੋਸ਼, ਹੌਸਲਾ ਹਿੰਮਤ ਕਿਸ ਮੁਖੌਟੇ ਦੀਆਂ ਡੋਰਾਂ ਸਨ ? ਕੱਚੀ ਉਮਰ ਦੇ ਬਹਾਨੇ ਦੀ ਗਾਚੀ ਦੇ ਨਾਲ, ਸਫ਼ਰ ਦੇ ਖੁਸ਼ਬਤ ਅੱਖਰ ਨਾ ਧੋਅ, ਦੋਸ਼ ਨਾ ਧਰ ਮਰੀਚਕ ਹੋਣ ਦਾ ਮਸਤ ਹਾਥੀ ਸ਼ਰਾਬੀ ਨਾ ਬਣਾ ਕਿਰਨ ਦੀ ਬਰਛੀ ਨੂੰ ਕਹਿ ਕੇ ਟੁੱਟ ਗਈ ਲੁਕਦਾ ਨਾ ਜਾ ਆ, ਏਧਰ ਵਾਪਸ ਪਰਤ ਆ ਭਟਕਦਾ, ਖਾਲੀ, ਉੱਜੜਿਆ ਕਾਲਾ ਰਾਹ ਖੁਦਕਸ਼ੀ ਦਾ......। ਇਹ ਉਸ ਜ਼ਿੰਦਗੀ ਦੀ ਬਖ਼ਸ਼ਿਸ਼ ਤਮਗੇ, ਮਾਣ-ਪੱਤਰ ਗਵਾਹੀ ਨੇ ਕਿ ਤੂੰ ਹਮਸਫ਼ਰ ਜ਼ਿੰਦਗੀ ਦਾ ਸੀ । ਇਹ ਬੜਾ ਲੋਕਾਂ ਦਾ ਸੰਗ ਉਤਸੁਕਤਾ, ਸ਼ਰਧਾ, ਮੁਹੱਬਤ ਦੇ ਪਹਿਰਾਵੇ 'ਚ ਤੇਰੇ ਦੁਆਲੇ ਦਾਦ-ਪਰਸ਼ੰਸ਼ਾ ਦੇ ਲੈ ਕੇ ਹਾਰ ਜੁੜਿਆ ਹੈ ਉਸ ਜ਼ਿੰਦਗੀ ਦੇ ਦਰਸ਼ਕਾਂ ਦਾ ਬਣ ਕੇ ਜਗਿਆਸੂ ਇਸ ਨੂੰ ਮੁਖਾਤਿਪ ਤਾਂ ਹੋ......। ਪਰ ਬਹਿ ਗਿਆ ਤੂੰ ਬੁੱਤ ਜਿਹਾ ਬਣਕੇ ਭੇਖ ਧਾਰੀ ਸਾਧ ਦੇ ਵਾਂਗੂੰ ਬੀਤ ਗਏ ਦੇ ਪੰਨਿਆਂ ਤੋਂ ਕਥਾ ਕਰਦਾ ਜਾ ਰਿਹੈ ਹੱਡ-ਬੀਤੇ ਬੀਤ ਰਹੇ ਦਾ ਲਿਖ ਰਿਹਾਂ ਆਪੇ ਤਲਾਕ, ਜ਼ਿੰਦਗੀ ਦੇ ਆਸ਼ਕਾ ਸਿਰਾਂ ਉੱਪਰ ਤੂੰ ਇੰਝ ਬਹਾਨੇ ਖੁਦਕੁਸ਼ੀ ਦੇ ਭਾਲ ਨਾ ...। ਕਾਲਖਾਂ ਦੇ ਫੱਟੇ ਝੋਟੇ ਨੂੰ ਇੱਕ ਬਣਾ ਕੇ ਪਰੀ ਗਾਥਾ ਕੋਈ ਅਣਜਾਣ, ਅੱਲੜ ਕੱਠ ਨੂੰ ਪਰਚਾਅ ਰਿਹੈ ਬੈਠ ਕੇ ਇਉਂ ਸਿਉਂਕ ਦਾ ਖਾਜਾ ਨਾ ਬਣ ਜ਼ਿੰਦਗੀ ਦੇ ਫੇਫੜੀਂ ਨਾ ਵਾੜ ਤਪਦਿੱਕ ਦਾ ਜਰਮ ਖ਼ੁਦਕਸ਼ੀ ਦੇ ਰਾਸਤੇ ਤੋਂ ਬਾਜ਼ ਆ ਮੋਹ ਗ੍ਰਸਤ ਮਾਵਾਂ ਦੇ ਡੋਬਾਂ ਹੌਕਿਆਂ ਦੀਆਂ ਲੱਕੜਾਂ ਚੁੱਕੀ ਤੇ ਪਿਉ ਕੰਬਦੇ ਹੱਥਾਂ ਦੀ ਕੰਬਣੀ ਨੂੰ ਬਣਾ ਤੀਲੀ ਆਪਣੇ ਹੀ ਸਿਵੇ ਨੂੰ ਆਪ ਹੀ ਦਿੰਦਾਂ ਏਂ ਅੱਗ ਲੂਹ ਰਿਹਾਂ ਜ਼ਿੰਦਗੀ ਦੇ ਖੰਭ ਸੰਗਰਾਮ ਦੇ ਰਸਤੇ 'ਚ ਧੂਆਂ ਕਰ ਰਿਹੈਂ ਕੁੱਝ ਹੋਸ਼ ਕਰ ਖ਼ੁਦਕਸ਼ੀ ਦੀ ਲੀਹ ਨਾ ਚੜ੍ਹ ਵਾਪਸ ਪਰਤ ਆ ਰੱਖੜੀ ਦੀ ਡੋਰ ਉਦੋਂ ਲੱਗੀ ਸੀ ਰਸਮ ਦਾ ਬੇ-ਫੈਸ਼ਨਾ ਬਸਤਰ ਲੋਹੇ ਦਾ ਖਾਜਾ ਜੋ ਬਣ ਚੁੱਕਾ- ਪਿੱਠ ਉਪਰ ਅੱਜ ਫੇਰ ਓਹੀਉ ਤਿਹਾਰ, ਡੋਰੀਆਂ ਨੂੰ ਇਉਂ ਨਾ ਰੱਸੇ ਬਣਾ, ਵਾਪਸ ਪਰਤ ਆ। ਧੀਆਂ ਦੀ ਤੋਤਲੀ ਬੋਲੀ ਉਦੋਂ ਤਾਂ ਰੋਗੀ ਦੇ ਕੰਨੀਂ ਪੈ ਰਿਹਾ ਕਣਤਾਊ ਰੌਲਾ ਸੀ ਹਥੌੜੇ ਵਾਂਗ ਪੁੜਪੜੀਆਂ 'ਚ ਵੱਜਦਾ ਜੋ ਅੱਜ ਕਿਵੇਂ ਉਹ ਬਣ ਗਿਆ ਮਧੁਰ ਸੁਰ-ਸੰਗੀਤ ਇੱਕ ? ਕਿਸੇ ਦੀਆਂ ਕੂਲੀਆਂ, ਨਰਮ ਬਾਹਾਂ ਦੇ ਰੋਮ ਕਦੇ ਕੰਡੇ ਬਣ ਕੇ ਚੁੱਭਦੇ ਰਹੇ ਅੱਜ ਉਹੀ ਬਾਹਾਂ ਦੇ ਹਾਰ ਨਾਗ ਬਣ ਕਿਉਂ ਸੁਫਨਿਆਂ ਵਿਚ ਰੀਂਗਦੇ ਫਿਰਦੇ ? ਕਾਣ-ਪਏ ਮੰਜਿਆਂ ਦੀ ਕਾਣ ਕੱਢ ਲੈਂਦਾ ਕਾਇਆ ਕੁਝ ਆਰਾਮ ਕਰ ਲੈਂਦੀ ਸਫ਼ਰ ਲਈ ਸ਼ਕਤੀ ਉਸ ਲਈ......। ਹੁਣ ਇੱਕ ਬਿੰਦੂ, ਇਕ ਵਿਆਸ, ਉਹੀ ਚੱਕਰ ਸਫ਼ਰ ਦੀ ਨਾ ਕਰ ਤੌਹੀਨ......। ਲੰਬੀਆਂ ਵਾਟਾਂ ਲਈ ਮੱਥੇ ਬਿਆਈਆਂ ਸੀ ਤੁਰੇ ਜਿਹੜੇ ਲਿਖਾ ਪੈਰ ਉਹ ਤੋਰੀਆਂ ਤੇ ਡਾਵਿਆਂ ਨਾਲ ਕੂਚ ਕੇ ਵੈਸਾਨੀਨਾਂ ਨੂੰ ਝੱਸ ਸੁਹਜ ਨੂੰ ਨਾ ਪਤਿਤ ਕਰ । ਮੁਲੰਮੇਦਾਰ ਸਟੀਲੀ-ਚਮਕ ਵਰਗੀ ਚਮਕ ਹੈ ਇਸ ਮੁੜ-ਵਸੇਬੇ ਦੀ ...। ਆ ਉਰੇ ਔਹ ਤੱਕ, ਪਿਲਚੇ ਪਏ ਕੁਝ ਰੀਂਗਦੇ ਹੋਏ ਗੰਡੋਏ ਨੇ ਉੱਠਦੀ ਕਚਿਆਂਦ ਤੇ ਆਇਆਂ ਉੱਬਤ ਹੋਣੀ ਹੈ ਇਸ ਖ਼ੁਦਕਸ਼ੀ ਦੀ.....। ਦਿਲੋਂ ਜੰਮੇ, ਸਿਰੋਂ ਜੰਮੇ ਜੋ ਕਦੇ ਉਨ੍ਹਾਂ ਲਈ ਸੱਪਣੀ ਨਾ ਬਣ ਨਿਗਲੀ ਨਾ ਜਾ ਵਾਪਸ ਪਰਤ ਆ ਭਟਕਦਾ, ਖਾਲੀ, ਉੱਜੜਿਆ, ਕਾਲਾ ਰਾਹ ਖੁਦਕਸ਼ੀ ਦਾ ਏਸ ਤੇ ਨਾ ਪੈਰ ਧਰ ।

ਧਿਰ ਵੀ ਹੈ ਪਰ ਕੌਣ ਕਹੇ

ਧਿਰ ਵੀ ਹੈ ਪਰ ਕੌਣ ਕਹੇ ਕਿ ਧੀਅ ਸਿਰ ਤੇ ਇੱਕ ਕਰਜ਼ ਨਹੀਂ। ਮੁੱਕਰੇ ਕੌਣ ਕਿ ਤਹਿਜ਼ੀਬਾਂ ਨੂੰ ਸਦੀਆਂ ਤੋਂ ਇਹ ਮਰਜ਼ ਨਹੀਂ। ਥਾਣੇ ਅੰਦਰ ਵਿੱਚ ਕਚਿਹਰੀ ਅਖਬਾਰਾਂ ਦੇ ਪੰਨਿਆਂ ‘ਤੇ ਕੁੱਖ ਦੇ ਅੰਦਰ ਕਤਲ ਜੋ ਹੋਇਆ ਉਹ ਕਿਧਰੇ ਵੀ ਦਰਜ਼ ਨਹੀਂ । ਚੰਗੀ ਚੀਜ਼ ਲਈ ਕਸ਼ਟ ਸਹੀਦੈ ਦੁਨੀਆਂਦਾਰੀ ਬੋਲ ਪਈ ਇੱਕ ਦੋ ਦਿਨ ਬੱਸ ਦੇਹ ਦਾ ਦੁੱਖ ਹੈ ਹੋਰ ਤਾਂ ਕੋਈ ਹਰਜ ਨਹੀਂ । ਚਿੜੀਆਂ ਵਾਂਗੂੰ ਗਿਣਤੀ ਘੱਟ ਗਈ ਕੁੜੀਆਂ ਦੀ ਪਰ ਸੋਚੇ ਕੌਣ ਅੰਮੀ ਦੇ ਢਿੱਡ ਹੌਲ ਨਹੀਂ ਹੈ ਤੇ ਬਾਬਲ ਨੂੰ ਗਰਜ਼ ਨਹੀਂ । ਵੀਰੇ ਦੀ ਰੱਖੜੀ ਦੇ ਵੇਲੇ ਹਥ ਉਧਾਰੇ ਲੈ ਆਇਓ ਸਾਡਾ ਅਣਜਾਈਆਂ ਦਾ ਕੀ ਹੈ ਮਿੰਨਤ ਨਹੀਂ ਤੇ ਅਰਜ਼ ਨਹੀਂ । ਸੌਦਾ, ਸੇਜ, ਦਹੇਜ, ਨੁਮਾਇਸ਼, ਕਿੰਨਾ ਬੋਝ ਹੈ ਜਣਨੀ ‘ਤੇ ਧੌਲਾ ਬੈਲ ਨਾ ਸਿੰਗ ਹਿਲਾਵੇ ਤੇ ਛੱਤਾਂ ਵਿੱਚ ਦਰਜ ਨਹੀਂ । ਧਿਰ ਵੀ ਹੈ ਪਰ ਕੌਣ ਕਹੇ ਕਿ ਧੀਅ ਸਿਰ ਤੇ ਇੱਕ ਕਰਜ਼ ਨਹੀਂ। ਮੁੱਕਰੇ ਕੌਣ ਕਿ ਤਹਿਜ਼ੀਬਾਂ ਨੂੰ ਸਦੀਆਂ ਤੋਂ ਇਹ ਮਰਜ਼ ਨਹੀਂ।

ਬੀਤੀਆਂ ਤਰੀਕਾਂ

ਬੀਤੀਆਂ ਤਰੀਕਾਂ ਮੁੜ ਜਦੋਂ ਕੋਲੋਂ ਲੰਘੀਆਂ ਨੇ ਧੀਮੀ ਧੀਮੀ ਚਾਲ ਫੜੀ ਮੇਰੇ ਤਦ ਸਾਹਾਂ । ਚੁੱਪ ਜਿਹੀ ਪਸਰ ਗਈ, ਮੇਰੇ ਨਿੱਕੇ ‘ਘਰ' ਵਿਚ, ਛੱਤ 'ਚੋਂ ਨੇ ਢੂੰਡਦੀਆਂ, ਕੁਝ ਇਹ ਨਿਗਾਹਾਂ । ਘੜੀਆਂ ਉਡੀਕ ਦੀਆਂ ਜੋ ਸੀ ਨਿਭਾਈਆਂ ਕਦੇ- ਆਉਣ ਵਾਲਿਆਂ ਦੇ ਰਾਹੀਂ, ਨਜ਼ਰਾਂ ਵਿਛਾਈਆਂ ਕਦੇ- ਸੁੱਖੀ-ਸਾਂਦੀ ਘਰ ਪੁੱਜ ਜਾਣ ਲਈ ਮਿੱਤਰਾਂ ਦੇ ਉੱਠੀਆਂ ਸੀ ਦਿਲ ਵਿਚੋਂ ਰਹਿ ਰਹਿ ਦੁਆਵਾਂ। ਚੁੱਪ ਜਿਹੀ— ਅਟਕੇ ਨਾ ਕਦੇ ਕੋਈ, ਵਾਅਦਾ ਨਾ ਤੋਲਦਾ- ਕਰੇ ਪਰਵਾਹ ਨਾ, ਹਿਮਾਲਾ ਜੇਡੀ ਹੋੜ ਦਾ ਰੁੱਕਦੀਆਂ ਕਦੋਂ ਉਹੋ, ਰੱਬ ਦਾ ਵੀ ਰੱਬ ਰੋਕੇ ਦਿਲ ਦੀਆਂ ਛੱਲਾਂ ਨਾਲ ਬੱਝੀਆਂ ਇਛਾਵਾਂ । ਚੁੱਪ ਜਿਹੀ— ਰੋਸੇ, ਤਾਨੇ, ਬੇ-ਰੁੱਖੀ ਵੀ, ਖੂਬ ਨਿਖਾਰੇ ਜਾਂ— ‘ਪਿਆਰ' ਵਿਚ ਘਾਟਾ ਅਤੇ ਦੋਸ਼ ਵੀ ਨਿਤਾਰੇ ਜਾਂਦੇ - ਬੋਲ ਤੇ ਕੁਬੋਲ ਵੀ, ਮਿੱਤਰਾਂ 'ਚ ਹੋ ਹੀ ਜਾਂਦੇ ਹੁੰਦੀਆਂ ਵਿਦਾਇਗੀ ਵੇਲੇ, ਜੱਫ਼ੀਆਂ ਲਈ ਬਾਹਵਾਂ । ਚੁੱਪ ਜਿਹੀ— ਹੁੰਦਾ ਜਦ ਕੂਚ, ਨਵਾਂ ਚਿਹਰਿਆਂ ਤੇ ਰੰਗ ਹੁੰਦਾ । ਤੁਰਦੇ ਨਾ ਖ਼ਾਲੀ, ਨਾਲ ਹੋਣੀਆਂ ਸੰਗ ਹੁੰਦਾ- ਜ਼ਿੰਦਗੀ ਦੀ ਖਾ ਕੇ ਸੌਂਹ, ਪੈਰਾਂ ਹੇਠ ਮਿੱਧ ਜਾਂਦੇ- ਸਾਜ਼ਸ਼ਾਂ ਬਣਾਈਆਂ ਵੀ ਜੋ ਸਮੇਂ ਦੇ ‘ਖੁਦਾਵਾਂ’। ਚੁੱਪ ਜਿਹੀ— ਬੀਤੀਆਂ ਤਰੀਕਾਂ ਮੁੜ ਜਦੋਂ ਕੋਲੋਂ ਲੰਘੀਆਂ ਨੇ ਚੁੱਪ ਜਿਹੀ ਪਸਰ ਗਈ, ਮੇਰੇ ਨਿੱਕੇ 'ਘਰ' ਵਿਚ।

ਧੀਆਂ ਦੀ ਸੰਭਾਲ

ਧੀਆਂ ਦੀ ਸੰਭਾਲ ਮਾਏ ਹੋ ਗਈ ਮੁਹਾਲ, ਤੇਰੀ ਕੁੱਖ ਸਾਡੀ ਸਾਂਭ ਨਾ ਕਰੇ। ਖ਼ੂਨ ਦੀ ਨਦੀ ‘ਚ ਧੱਕਾ ਦੇ ਕੇ ਧਿਆਣੀਆਂ ਨੂੰ, ਜੱਗ ਘਰੋਂ ਵਿਦਿਆ ਕਰੇ। ਪਸ਼ੂਆਂ ਦੀ ਪੁੱਗੇ ਸਿੰਗ ਬੰਦਿਆਂ ਦੇ ਉਗੇ, ਤਾਂਹੀਓˆ ਬਾਲੜੀ ਬਲਾਤਕਾਰ ਹੋ ਗਿਆ। ਚੈਨਲਾਂ ਦੀ ਲਾਗ ਲੱਗੇ ਇੱਜ਼ਤਾਂ ਨੂੰ ਦਾਗ, ਡਰ ਮਾਪਿਆਂ ਦੇ ਆਰ ਪਾਰ ਹੋ ਗਿਆ। ਉਡ ਉਡ ਪੈਣਾ ਸਿਰ ਢੇਰ ਦਾ ਜੋ ਕੂੜਾ, ਉਹਨੂੰ ਹੂੰਝ ਲੋਕੀ ਕਰਦੇ ਪਰੇ। ਸੌਦਿਆਂ ਦੇ ਸੇਕ ਵਿਚ ਸਾਂਝ ਸਿਰ ਸੱਟ ਵੱਜੀ, ਹੋ ਗਿਆ ਵਪਾਰ ਹੈ ਵਿਆਹ। ਸੜੀ ਦੀ ਸੁਣੌਣੀ ਨਹੀਂ ਸਹੁਰਿਆਂ ਤੋਂ ਆਉਣੀ, ਹੁੰਦਾ ਪੇਕਿਆਂ ਨੂੰ ਕਦੋਂ ਹੈ ਵਸਾਹ। ਸੋਗ ਦੀਆਂ ਸੂਰਤਾਂ ਨੂੰ ਕੱਚ ਦੀਆਂ ਮੂਰਤਾਂ ਨੂੰ, ਲੋਕ ਨਹੀਂਓˆ ਰੱਖਦੇ ਘਰੇ। ਖਰਚਾ ਵੀ ਵੱਡਾ ਨਾਲ ਖ਼ਤਰਾ ਵੀ ਵੱਡਾ, ਦੇਖੋ ਹੋ ਗਈ ਕੁੜੀ ਹੈ ਮਹਿੰਗੇ ਮੁੱਲ ਦੀ। ਜਸ਼ਨਾਂ ਦਾ ਮਾਣ ਨਹੀਂ ਤੇ ਲੋਹੜੀਆਂ ਦਾ ਹਾਣ ਨਹੀਂਓ, ਸੱਧਰਾਂ ਦੇ ਤੁੱਲ ਨਹੀਂ ਹੈ ਤੁੱਲਦੀ। ਖ਼ਤਰੇ ਦੀ ਖੇਡ ਨੂੰ ਖਿਡਾਵੇ ਕਿਹੜਾ ਢਿੱਡ ਉਤੇ, ਕੌਣ ਕੰਡੇ ਹਿੱਕ ਤੇ ਧਰੇ। ਧੀਆਂ ਦੀ ਸੰਭਾਲ ਮਾਏ ਹੋ ਗਈ ਮੁਹਾਲ, ਤੇਰੀ ਕੁੱਖ ਸਾਡੀ ਸਾਂਭ ਨਾ ਕਰੇ। ਖ਼ੂਨ ਦੀ ਨਦੀ ‘ਚ ਧੱਕਾ ਦੇ ਕੇ ਧਿਆਣੀਆਂ ਨੂੰ, ਜੱਗ ਘਰੋਂ ਵਿਦਿਆ ਕਰੇ।

ਮਕਤਲ

ਮੈਂ ਉਨਾ ਦੂਰ ਜੀਣੇ ਤੋਂ ਔਹ ਜਿੰਨਾ ਦੂਰ ਮਕਤਲ ਹੈ। ਨਾ ਮੇਰੇ ਵਿਚ ਹਲਚਲ ਹੈ ਤੇ ਨਾ ਮਕਤਲ ‘ਚ ਹਲਚਲ ਹੈ। ਤੂੰ ਜਿਸ ‘ਚੋਂ ਨਿਕਲਣਾ ਲੋਚੇਂ, ਉਹੀ ਮੁੜ ਖਿੱਚ ਲੈ ਜਾਵੇ, ਗ੍ਰਹਿਸਥੀ ਚੁੰਬਕਾਂ ਹੇਠਾਂ ਇਹ ਕ੍ਰਿਆਸ਼ੀਲ ਦਲਦਲ ਹੈ। ਦੁੜਾਉਂਦੀ ਨਹੀਂ, ਘੁੰਮਾਉਂਦੀ ਹੈ, ਇਹ ਇਕ ਲਾਟੂ ਬਣਾ ਧਰਦੀ, ਖੜ੍ਹੇ ਬੰਦਿਆਂ ਨੂੰ ਜੋ ਚਿੰਬੜੀ, ਚਲੋਚੱਲ ਹੈ ਚਲੋਚੱਲ ਹੈ। ਸਾਂ ਜੰਗਲ ਵਿਚ ਤਾਂ ਸਭ ਰਿਸ਼ਤਿਆਂ ਲਈ ਇਕ ਸਲੀਕਾ ਸੀ, ਤੇ ਹੁਣ ਉਨਾ ਕੁ ਅਸੱਭਿਅਕ ਹਾਂ ਕਿ ਜਿੰਨਾ ਦੂਰ ਜੰਗਲ ਹੈ। ਵੜੋ ਅੰਦਰ ਤਾਂ ਨਹੀਂ ਠੋਹਕਰ, ਤੁਰੋ ਬਾਹਰ ਤਾਂ ਪਰਬਤ ਹੈ, ਮਾਮੂਲੀ ਚੀਜ਼ ਨਹੀਂ ਕੋਈ ਇਹ ਟੂਣੇਹਾਰ ਸਰਦਲ ਹੈ। ਕਿਵੇਂ ਮਕਤਲ ਬੁਲਾਵੇਗਾ ਗੁਨਾਹ ਦੀ ਜੇ ਨਹੀਂ ਜ਼ੁਰਅਤ, ਇਹੀ ਮੌਸਮ ਦੀ ਮੁਸ਼ਕਲ ਹੈ, ਇਹੀ ਮੇਰੀ ਵੀ ਮੁਸ਼ਕਲ ਹੈ। ਬੜਾ ਸਮਤੋਲ ਔਖਾ ਹੈ ਅਡੋਲੀ ਚਾਲ ਨਹੀਂ ਸੌਖੀ, ਅਨੇਕਾਂ ਝਾੜੀਆਂ ਉਚੀ ਤੇ ਨੀਵੀਂ ਵੀ ਧਰਾਤਲ ਹੈ। ਸਫ਼ਰ, ਸੰਗਰਾਮ, ਮਕਤਲ ਤੇ ਫ਼ਕੀਰੀ, ਦਰਦ ਦੇ ਕਿੱਸੇ, ਕਿਵੇਂ ਛੋਹੀਏ ਨਾ ਜਦ ਜੀਵਨ ਹੀ ਖ਼ੁਦ ਗ਼ਜ਼ਲੇ-ਮੁਸੱਲਸੱਲ ਹੈ।

ਪਹਾੜੀ ਰਾਸਤਾ

(ਭਾਅ ਜੀ ਗੁਰਸ਼ਰਨ ਸਿੰਘ ਤੇ ਪ੍ਰੋ. ਰਣਧੀਰ ਸਿੰਘ ਦੇ ਨਾਂ) ਤੂੰ ਸੁਲਤਾਨ ਸੁਫ਼ਨਿਆਂ ਤੂੰ ਸੁਲਤਾਨ... ਪਿਆਸੀ ਪੌਦ ਕੋਈ ਜਦ ਫ਼ਸਲ ਹੋ ਜਾਣ ਨੂੰ ਤਰਸੀ ਤਾਂ ਤੂੰ ਆਇਆ। ਖ਼ਾਕਾ ਬਣ ਗਈ ਤਸਵੀਰ ਨੂੰ ਜਦ ਰੰਗ ਨਾ ਟੱਕਰੇ ਤਾਂ ਤੂੰ ਆਇਆ। ਕੋਈ ਸੰਵਾਦ ਜੰਮਣ ਪੀੜ ਲਈ ਜਦ ਦੇਰ ਤੱਕ ਲੁੱਛਿਆ ਤਾਂ ਤੂੰ ਆਇਆ। ਅਦਾ ਹੋਣੇ ਲਈ ਜਦ ਫ਼ਰਜ਼ ਨੂੰ ਨਾ ਗਲਵੱਕੜੀ ਲੱਭੀ ਤਾਂ ਤੂੰ ਆਇਆ। ਤੂੰ ਸੁਲਤਾਨ ਸੁਫ਼ਨਿਆਂ ਤੂੰ ਸੁਲਤਾਨ... ਉਤਰਾਈਆਂ ਚੜ੍ਹਾਈਆਂ ਪਹਿਨ ਕੇ ਚਲਦੀ ਪਹਾੜੀ ਸੜਕ ਹੈ ਕੋਈ ਵਲ਼ ਵਲੇਵੇਂਦਾਰ ਖ਼ੁਦ ਜ਼ਿੰਦਗੀ ਵਰਗੀ। ਪਰਿੰਦੇ ਚਹਿਕਦੇ ਉਡਦੇ ਅਤੇ ਰੁੱਖ ਝੂਮਦੇ, ਵਗਦੀ ਪੌਣ ਨੇ ਆ ਛੇੜਿਆ ਜੰਗਲ ਦਾ ਸ਼ੂਕਦਾ ਹੋਇਆ ਅਲਾਪ। ਪਹਾੜੀ ਰਾਹ ਤੇ ਸਾਡੀ ਬੱਸ ਦਾ ਲੰਬਾ ਸਫ਼ਰ... ਇਕ ਤਾਕੀ ਦੇ ਲਾਗੇ ਤੁਸੀਂ ਦੋ ਹੋ, ਦੂਸਰੀ ਤਾਕੀ ਦੇ ਲਾਗੇ ਅਸੀਂ ਤਿੰਨ ਹਾਂ। ਕੋਈ ਰਾਜ਼ ਤਾਂ ਹੋਣਾ ਜ਼ਰੂਰ, ਆਵਾਜ਼ ਸੱਦਾ ਨਹੀਂ ਦਿੰਦੀ। ਇਸ਼ਾਰੇ ਨੂੰ ਹੱਥ ਨਹੀਂ ਲੱਭਦੇ, ਨਜ਼ਰਾਂ ਵਿਚ ਲਿਪਟ ਗਏ ਨੇ ਇਸ਼ਾਰੇ, ਇਸ਼ਾਰਿਆ ਦੇ ਮੋਢੀਂ ਚੜ੍ਹੀਆਂ ਇਹ ਨਜ਼ਰਾਂ। ਤੂੰ ਸੁਲਤਾਨ ਸੂਤਰਧਾਰ ਸੁਫ਼ਨਿਆਂ ਤੂੰ ਸੂਤਰਧਾਰ। ਤੂੰ ਸੁਲਤਾਨ ਕਲਾਕਾਰ ਸੁਫ਼ਨਿਆਂ ਤੂੰ ਕਲਾਕਾਰ। ਰੁਕੀ ਬੱਸ ‘ਚੋਂ ਤੁਸੀਂ ਉਤਰੇ ਅਸੀਂ ਉਤਰੇ, ਸਾਡੀ ਇਕ ਮੁਸਕਾਨ ਨਮਸਕਾਰ ਲਈ ਉਠੀ, ਅਦਬ ਹੱਥ-ਘੁਟਣੀਆਂ ਵਿਚ ਲਰਜਣ ਆ ਗਿਆ, ਨਜ਼ਰਾਂ ਬੋਲੀਆਂ ਤਾਂ ਜੰਗਲ ਦੀ ਜੂਹ ਨੂੰ ਖੋਜਦੀ ਡੰਡੀ ‘ਤੇ, ਸ਼ੁਰੂ ਕਦਮ-ਤਾਲ ਸੀ ਆਪਣਾ। ਝਾੜੀਆਂ ਦੀ ਓਟ ਵਿਚ, ਦੋ ਟੋਲੀਆਂ ਦੀ ਗ਼ੁਫ਼ਤਗ਼ੂ, ਕਦੇ ਮੱਥੇ ‘ਤੇ ਪਰਬਤ ਧਾਰਾ ਵਾਂਗ ਵੱਟ ਉਭਰ ਆਏ। ਹੱਥ ਮੁਦਰਾਵਾਂ ਨੇ ਕਈ ਵਿਖਿਆਨ ਵੀ ਕੀਤੇ, ਸਿਰ ਰਹੇ ਹਿਲਦੇ, ਕਦੇ ਹਾਂ ਵਿਚ ਕਦੇ ਨਾਂਹ ਵਿਚ। ਵਗਦੀ ਪੌਣ ਨੇ ਖੂਬ ਸੁਣਿਆ, ਸ਼ੂਕਦੇ ਜੰਗਲ ਨੇ ਖੂਬ ਤੱਕਿਆ, ਪੁਸ਼ਤਾਂ ਦਾ ਲੇਖਾ ਜੋਖਾ ਕਰਦੀਆਂ ਪੁਸ਼ਤਾਂ। ਅਰਪਨਾ ਦਾ ਅਰਘ ਸਫ਼ਰ ਦੇ ਨਾਂ ਕਰਦੀਆਂ, ਉਠੇ ਤਾਂ ਹੱਥ-ਘੁਟਣੀਆਂ ਦਾ ਸੰਵਾਦ ਆ ਪੁੱਜਿਆ, ਉਠੇ ਤਾਂ ਪੈਰ ਸੜਕ ਵੱਲ ਨੂੰ ਵਧ ਤੁਰੇ, ਤੁਸੀਂ ਰਾਹੀ, ਅਸੀਂ ਰਾਹੀ। ਅੱਗੇ ਪਹਾੜੀ ਰਾਸਤਾ ਜ਼ਿੰਦਗੀ ਵਰਗਾ, ਨਿਰੰਤਰ ਸਫ਼ਰ ਬੱਸ ਦਾ ਜ਼ਿੰਦਗੀ ਵਰਗਾ, ਤੂੰ ਸੁਲਤਾਨ ਸੁਫ਼ਨਿਆਂ ਤੂੰ ਸੁਲਤਾਨ। ਤੂੰ ਸੁਲਤਾਨ ਸੁਫ਼ਨਿਆਂ ਤੂੰ ਸੁਲਤਾਨ।

ਵੱਡੀ ਮੈਡਮ ਦੀ ਛੋਟੀ ਸਲਾਹ

ਨਾਮੀ-ਗ੍ਰਾਮੀ ਵੱਡੀ ਮੈਡਮ ਛੋਟੀ ਮੈਡਮ ਨੂੰ ਸਮਝਾਵੇ: ‘ਹਾਲਾਂ ਵੀ ਕਿਉਂ ਤੈਨੂੰ ਇਹ ਗੱਲ ਸਮਝ ਨਾ ਆਵੇ ਇਸ ਸਕੂਲ ਦਾ ਖਹਿੜਾ ਛੱਡ ਦੇ, ਸੇਵਾਦਾਰਾਂ ਅਤੇ ਕਲਰਕਾਂ ਦੇ ਸਭ ਨਿਆਣੇ, ਤੂੜੇ ਪਏ ਨੇ ਇੱਥੇ ਪੜ੍ਹਦੇ’। ‘ਨਿੱਕੀ-ਨੰਨ੍ਹੀ ਚੌਂਹੀ ਪਾਸੀਂ ਹਰਲ ਹਰਲ ਪਈ ਕਰਦੀ, ਜਾਤ-ਯੁੱਧ ਜਿੱਤਣ ਦੀ ਖ਼ਾਤਿਰ, ਕੀ ਕੀ ਨਹੀਂ ਹੈ ਹੀਲਾ ਕਰਦੀ। ਉਚ-ਜਾਤੀ ਦੇ ਪੰਛੀ ਫੜ ਕੇ, ਕੋਲ ਬਰਾਬਰ ਹੋ ਹੋ ਖੜ੍ਹਦੀ!’ ‘ਮੋਬਾਇਲਾਂ, ਕੰਪਿਊਟਰ, ਸਾਇਬਰ-ਕੈਫ਼ੇ ਵਾਹਨਾਂ ਮੋਹਰੇ, ਹਰ ਦੂਰੀ ਸਿਮਟੀ-ਸਿਮਟਾਈ। ਰਾਖੀ ਜਾਂ ਨਿਗਰਾਨੀ ਦੀ ਕੀ ਵੁੱਕਤ ਭਾਈ!’ ‘ਆਪਣੀ ਧੀ ਨੂੰ ਪਰੇ ਸ਼ਹਿਰ ਵਿਚ, ਪਾ ਦੇ ਲੱਭ ਸਕੂਲ ਕੋਈ ਚੱਜਦਾ। ਆਪਣੀ ਜਾਤ ਦੇ ਨਾਲ ਤਾਂ ਭੱਜੂ, ਜੇ ਕੋਈ ਭੱਜਦਾ...।’

ਸਿਰਲੱਥਾਂ ਦੀ ਬਸਤੀ

ਸਿਰਲੱਥਾਂ ਦੀ ਬਸਤੀ ਦੇ ਵਿਚ ਹਰ ਹੀਲੇ ਹੀ ਜਾ ਆਈਂ। ਜਨਮਾਂ ਤੀਕਰ ਵਸ ਜਾਣੇ ਲਈ ਆਪਣਾ ਨਾਮ ਲਿਖਾ ਆਈਂ। ਦਰਵਾਜ਼ੇ ‘ਤੇ ਜਦ ਵੀ ਕੋਈ ਪੁੱਛ ਗਿੱਛ ਹੋਈ ਝਿਜਕੀਂ ਨਾ, ਆਪਣਾ ਸੀਸ ਤਲੀ ‘ਤੇ ਧਰ ਕੇ, ਆਪਣੀ ਸਨਦ ਦਿਖਾ ਜਾਈਂ। ਸਿਰ-ਸੱਖਣੀ ਧੜਦਾਰ ਸਭਾ `ਚ ਸਿਰ ਖੁੱਸਣ ਦਾ ਖ਼ਤਰਾ ਹੈ, ਇਸ ਦੇ ਗੁੰਮ ਹੋ ਜਾਣ ਤੋਂ ਪਹਿਲਾਂ, ਓਸ ਸਭਾ ‘ਚੋਂ ਆ ਜਾਈਂ। ਕੱਲੇ ਧੜ ਨੂੰ ਧੱਕੇ ਹੁਝਾਂ ਸਿਰ ਵਾਲੇ ਨੂੰ ਖ਼ਤਰਾ ਜਾਨ, ਬਚ ਰਹਿਣੇ ਦਾ ਲਾਲਚ ਕਰਦਾ, ਸਿਰ ਨਾ ਕਿਤੇ ਗੁਆ ਆਈਂ। ਉਸ ਨੂੰ ਨਾਲ ਲਈਂ ਨਾ ਮੂਲੋਂ ਪੈਰ ਪੈਰ ‘ਤੇ ਵਰਜੇਗਾ, ਤੁਰਨ ਸਮੇਂ ਹੀ ਦੂਰ ਕਿਤੇ ਤੂੰ ਦੁਨੀਆਂਦਾਰ ਬਿਠਾ ਆਈਂ। ਚਾਨਣ ਦੇਣਾ ਤੇ ਕੱਟ ਹੋਣਾ ਦੋਵੇਂ ਕੰਮ ਹੀ ਸਿਰ ਜ਼ਿੰਮੇ, ਏਹੋ ਕਰਮ ਕਰਾਈਂ, ਇਸ ਗਲ਼ ਹੋਰ ਨਾ ਝੰਜਟ ਪਾ ਆਈਂ।

ਜੇ ਛਾਉਣੀਆਂ ਬਣਾ ਲੈਂਦੇ

ਜੇ ਛਾਉਣੀਆਂ ਬਣਾ ਲੈਂਦੇ, ਤਾਂ ਛਾਨਣੀ ਛਾਨਣੀ ਹੋਣੋਂ ਬਚੇ ਰਹਿੰਦੇ। ਬਚ ਜਾਂਦੇ ਸੜਕ ਹਾਦਸੇ ਦਾ ਕੋਈ ਮਨਹੂਸ ਅੰਕੜਾ ਬਣਨੋਂ, ਬਚ ਜਾਂਦੇ ਮਾਰੂ ਰੋਗਾਂ ਨਾਲ ਲੜਨ ਦੇ, ਤਗਮਿਆਂ ਤੱਕ ਤੌਕ ਗਲ਼ ਪਾਉਣੋਂ। ਬਚ ਜਾਂਦੇ ਜੁਆਨ ਪੁੱਤ ਦੀ ਨਸ਼ੇ ਝੰਬੀ ਜਿੰਦ ਨੂੰ, ਤੂੰਬਾ ਤੂੰਬਾ ਟੁੱਟਦੀ ਤੱਕਣੋਂ। ਬਚ ਜਾਂਦੇ ਆਤਮਘਾਤ ਕਰ ਗਏ, ਜੁਆਨ ਮੁੰਡਿਆਂ ਦੇ ਸਿਵਿਆਂ ਦੀ ਸੁਆਹ ਨੂੰ। ਉਮਰ ਭਰ ਅੱਖਾਂ ‘ਚ ਢੋਣੋਂ, ਯਾਰਾਂ ਨੂੰ ਆਤਮਘਾਤ ਦੀ ਕਰੰਟੀ ਤਾਰ ਨਾਲ, ਜੱਫ਼ੀ ਪਾਉਂਦਿਆਂ ਤੱਕਣੋਂ। ਬਚ ਜਾਂਦੇ ਸਕੀਰੀਆਂ ਵਿਚ, ਸਲਫ਼ਾਸ-ਸ਼ਿਕਾਰਾਂ ਦੇ ਪਿੰਜਰ ਗਿਣਨੋਂ। ਜੇ ਜਰਨੈਲੀ ਸੜਕ ‘ਤੇ, ਸਾਉਣੀਆਂ ਦੇ ਸੰਕੇਤ ਦਰਜ ਕਰ ਲੈਂਦੇ। ਸ਼ਹੀਦਾਂ ਦੀ ਸੂਚੀ ਬੇਸ਼ੱਕ ਫੈਲਦੀ ਜਾਂਦੀ, ਜੰਗ ਦੀ ਤਪਸ਼ ਖਾ ਕੇ। ਜੰਗਹੀਣ ਮੁਰਦਿਆਂ ਜਾਂ ਅਪਾਹਜਾਂ ਦੀ ਸੂਚੀ, ਕਿਸੇ ਖੂੰਜੇ ਰੁਲ਼ੀ ਰਹਿੰਦੀ। ਜੇ ਛਾਉਣੀਆਂ ਬਣਾ ਲੈਂਦੇ, ਤਾਂ ਛਾਨਣੀ ਛਾਨਣੀ ਹੋਣੋਂ ਬਚੇ ਰਹਿੰਦੇ। (ਲੰਮੀ ਕਵਿਤਾ ‘ਜੇ ਛਾਉਣੀਆਂ ਬਣਾ ਲੈਂਦੇ’ ਵਿਚੋਂ)

ਮੁੜ ਸੁਰਜੀਤੀ

ਤੂੰ ਹੁੱਬਦੀ ਰਹੀ ਏਂ ਦੌਲਤ ਮਸੀਹੇ ਨੂੰ ਦਫ਼ਨ ਕਰਕੇ। ਉਹ ਮੁੜ ਸੁਰਜੀਤ ਹੋ ਜਾਂਦੈ, ਤਿਰੇ ਬਣਦੇ ਕਫ਼ਨ ਕਰਕੇ। ਤੇਰਾ ਫ਼ਤਵਾ ਕਿ ਉਹ ਵਕਤਾ ਸਿਰਫ਼ ਹੈ ਚੰਦ ਲਮ੍ਹਿਆਂ ਦਾ, ਯੁਗਾਂ ਦੀ ਛਿੜ ਕਥਾ ਜਾਵੇ, ਜਿਹਦੇ ਇਕ ਇਕ ਕਥਨ ਕਰਕੇ। ਲੁਕਾਇਆ ਵੀ ਨਹੀਂ ਲੁਕਦਾ ਦਵੰਦ ਦੋਫਾੜ ਹਸਤੀ ਦਾ, ਦਿਖਾਈ ਮਾਲ ਵੀ ਜਾਂਦੀ ਹੈ, ਜੇਬਾਂ ਦਾ ਹਨਨ ਕਰਕੇ। ਕਦੇ ਨਹਿਰਾਂ, ਕਦੇ ਰੇਤੇ, ਕਦੇ ਮਸ਼ਕਾਂ ਨੂੰ ਸੱਦੇ ਨੇ, ਵਿਆਕੁਲ ਹੋ ਗਈ ਦੌਲਤ, ਤੂੰ ਲੱਗੀ ਘਰ ਅਗਨ ਕਰਕੇ। ਇਹ ਫੁੱਟਾਂ ਵਾਂਗ ਪੱਕ ਪੱਕ ਕੇ ਅਖ਼ੀਰੀ ਖੱਖੜੀਆਂ ਹੋਣਾ, ਕਿ ਅੰਦਰੋਂ ਤਪਸ਼ ਤੇ ਬਾਹਰੋਂ, ਜੁਟੇ ਧੁੱਪ ਦੇ ਯਤਨ ਕਰਕੇ। ਹੈ ਕਾਲੇ ਨਾਗ ਦਾ ਵਾਸਾ ਇਨ੍ਹਾਂ ਖੁੱਡਾਂ ਦਾ ਸੱਚ, ਮੰਨਿਆ, ਅਸੀਂ ਪਰ ਜਾਣਦੇ ਬਰਮੀ ਨੂੰ, ਸਿਉਂਕਾਂ ਦਾ ਵਤਨ ਕਰਕੇ।

ਬੇਟੀ ਦਾ ਵਰ

ਸਾਨੂੰ ਕੀ ਪਤਾ ਸੀ, ਕਿ ਗਲੋਬੀ ਕਾਰੂੰਆਂ ਦਾ ਡੰਕਲ ਫ਼ਰਮਾਨ। ਜ਼ੋਰਾਵਰ ਬਣ ਗਿਆ ਇੰਨਾ, ਕਿ ਅੰਗੀਕਾਰ ਕਰਦੇ ਕਰਦੇ ਦੇਸਾਂ ਦੇ ਰਾਜੇ। ਅੰਗੂਠਾ ਲਾਉਣਾ ਤਾਂ ਇਕ ਪਾਸੇ, ਹੱਥ ਵੱਢ ਕੇ ਹੀ ਦੇ ਆਏ। ਸਾਨੂੰ ਕੀ ਪਤਾ ਸੀ, ਕਿ ਮੁਰਦਿਆਂ ਦੇ ਮੂੰਹਾਂ ‘ਚੋਂ ਮੋਹਰਾਂ ਕੱਢਣ ਵਾਲੇ, ਵਿਸ਼ਵ ਮਿੱਤਰ ਹੋਣ ਦੀਆਂ ਸਨਦਾਂ ਚੁੱਕੀ ਫਿਰਦੇ, ਕਾਗੋਂ ਹੰਸ ਕਰਨੇ ਦੇ ਦਾਅਵੇ ਵੰਡਦੇ ਫਿਰਦੇ। ਸਾਨੂੰ ਕੀ ਪਤਾ ਸੀ, ਕਿ ਪੱਛਮ ਦਿਸ਼ਾ ਦੇ ਇਹ ਸੂਰਜ-ਪੁੱਤਰ, ਸਗਲ ਸੰਸਾਰ ਨੂੰ ਸਭਿਅਕ ਬਣਾਉਣੇ ਦੀ, ਮੁਹਿੰਮੇ ਫੇਰ ਚੜ੍ਹ ਆਏ। ਸਾਨੂੰ ਕੀ ਪਤਾ ਸੀ, ਕਿ ਉਨ੍ਹਾਂ ਦਾ ਮਾਲ ਸਭਿਅਕ ਹੁਣ, ਕਿਸੇ ਈਸਟ ਇੰਡੀਆ ਕੰਪਨੀ ਦੇ ਬੇੜੇ ਨਹੀਂ ਢੋਂਦੇ। ਕੇਬਲਾਂ/ਡਿਸ਼ਾਂ ‘ਤੇ ਕਾਠੀ ਪਾ ਕੇ ਵੀ, ਬੈਡਰੂਮਾਂ ਵਿਚ ਸਿੱਧਾ ਆ ਧਮਕਦਾ ਹੈ। ਸਾਨੂੰ ਕੀ ਪਤਾ ਸੀ, ਕਿ ਉਨ੍ਹਾਂ ਦੀ ਬੋਲੀ, ਸ਼ਕਲ-ਸੂਰਤ, ਸਰਵਭੌਮਿਕ ਹੋਣ ਦਾ ਪੇਟੈਂਟ ਕਰਾ ਚੁੱਕੇ, ਮਾਲ ਦੇ ਵਾਗੂੰ, ਬਾਜ਼ਾਰਾਂ ਵਿਚ ਹੱਥੋ-ਹੱਥ ਵਿਕ ਜਾਵੇ। ਸਾਨੂੰ ਕੀ ਪਤਾ ਸੀ, ਕਿ ਸਾਡੀਆਂ ਮਾਵਾਂ ਨੂੰ ਨਿੰਦ ਨਿੰਦ ਕੇ ਨਖਿੱਧ ਕੇ ਕਿਉਂ, ਵਲੈਤਣ ਮੇਮ ਨੂੰ ਮਾਸੀ ਬਣਾਇਆ ਜਾ ਰਿਹੈ। ਕਿ ਸਾਡੀ ਪੌਦ ਨੂੰ ਗਲੋਬੀ-ਪਿੜਾਂ ਦੇ ਰੁਸਤਮ ਬਣਾਉਣੇ ਲਈ, ਇਹ ਕੀ ਮੰਤਰ ਪੜ੍ਹਾਇਆ ਜਾ ਰਿਹੈ। ਸਾਨੂੰ ਕੀ ਪਤਾ ਸੀ, ਕਿ ਮੁੱਖ-ਧਾਰਾ ਰਿੰਗ ਮਾਸਟਰ ਦਾ ਛੈਂਟਾ ਹੈ ਹੁੰਦੀ, ਜੋ ਵਰ੍ਹਦਾ ਹੀ ਵਰ੍ਹਦਾ ਹੈ। ਕਦੇ ਕੌਮੀ ਮੁੱਖ-ਧਾਰਾ ਦਾ ਅਖੰਡ ਅੰਗ ਬਣ ਬਣ ਕੇ, ਕਦੇ ਗਲੋਬੀ ਮੁੱਖ-ਧਾਰਾ ਦੀ ਲੱਦੀ ਧੌਂਸ ਬਣ ਬਣ ਕੇ। ਸਾਨੂੰ ਸਿੱਧੜਾਂ ਨੂੰ ਤਾਂ, ਮਾੜਾ-ਮੋਟਾ ਉਦਣ ਹੀ ਪਤਾ ਲੱਗਾ, ਜਦੋਂ ਬਾਬਾ ਪੋਤਿਆਂ ਨੂੰ ਇਹ ਸਿਖਾਉਂਦਾ ਸੁਣਿਆਂ, “ਡੌਂਟ ਡੂ ਦਿੱਸ ਮਾਈ ਚੈਪਸ” (ਮੇਰੇ ਬੱਚਿਓ ਇਉਂ ਨਹੀਂ ਕਰੀਦਾ) ਜਦੋਂ ਇਕ ਸੁਆਣੀ ਦੀ ਪੰਜਾਬੀ ਕਿਰ ਰਹੀ ਦੇਖੀ “ਅੱਛੇ ਬੱਚੇ, ਐਸਾ ਨਹੀਂ ਕੀਆ ਕਰਤੇ” ਜਦੋਂ ਇਕ ਕੰਨਿਆ ਦੇ ਮੂੰਹੋਂ ਇਹ ਵਾਕ ਸਰਵਣ ਕੀਤਾ “ਹੋਰ ਤਾਂ ਸਭ ਚੱਲ ਹੀ ਜਾਂਦਾ ਹੈ ਡੈਡ ਮੁੰਡਾ ਚੱਲਦਾ ਹੈ ਤਾਂ ਕਲੀਨ-ਸ਼ੇਵਨ ਹੀ ਚੱਲਦਾ ਹੈ”।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਦਰਸ਼ਨ ਖਟਕੜ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ