Punjabi Poetry : Charan Das Nidharak

ਪੰਜਾਬੀ ਕਵਿਤਾਵਾਂ : ਚਰਨ ਦਾਸ ਨਿਧੜਕ


ਅਛੂਤ ਦੀ ਜ਼ਿੰਦਗੀ

ਅਛੂਤਾ ਤੇਰੀ ਜ਼ਿੰਦਗੀ, ਇਹ ਜੀਣੇ ਦੀ ਨਹੀਉਂ ਜ਼ਿੰਦਗੀ, ਇਹ ਹਉਕਿਆਂ ਦੀ ਜ਼ਿੰਦਗੀ, ਇਹ ਤਰਲਿਆਂ ਦੀ ਜ਼ਿੰਦਗੀ । ਦੁੱਖਾਂ ਦੀ ਇਹ ਜ਼ਿੰਦਗੀ, ਰੰਜਾਂ ਦੀ ਤੇਰੀ ਜ਼ਿੰਦਗੀ, ਉਏ ਦੇਖ ਤੇਰੀ ਜ਼ਿੰਦਗੀ, ਆਉਂਦੀ ਪਈ ਸ਼ਰਮਿੰਦਗੀ । ਝਿੜਕਾਂ ਤੇ ਝਾੜਾਂ ਪੈਂਦੀਆਂ, ਕਈਆਂ ਤੋਂ ਮਾਰਾਂ ਪੈਂਦੀਆਂ, ਦੇਖ ਜੀਵਨ ਆਪਣਾ, ਕਿਉਂ ਨਹੀਂ ਵਿਚਾਰਾਂ ਪੈਂਦੀਆਂ । ਕਿਉਂ ਇਹ ਸਿੱਧੀਆਂ ਬੇਇਨਸਾਫ਼ੀਆਂ, ਤੇਰੇ ਲਈ ਹੀ ਬਣ ਗਈਆਂ, ਗਾਲ਼ੀਆਂ ਬੇਇੱਜ਼ਤੀਆਂ ਸੰਗ, ਆਂਦਰਾਂ ਵੀ ਛਣ ਗਈਆਂ । ਡਰਿਆ ਹੋਇਆ ਉਲਝਿਆ, ਧਿਰਕਾਰਿਆ ਜੀਵਨ ਤੇਰਾ, ਤੰਗੀਆਂ ਦੀ ਅੱਗ ਨੇ, ਹੈ ਸਾੜਿਆ ਜੀਵਨ ਤੇਰਾ । ਲਾਲ ਤੇਰੇ ਬੁਰਕੀ ਟੁੱਕ ਨੂੰ ਪਏ ਵਿਲਕਦੇ, ਔਹ ਵਿਹਲ੍ਹੜਾਂ ਦੇ ਬੱਚਿਆਂ ਦੇ ਮਾਸ ਗਲ਼ੋਂ ਢਿਲ਼ਕਦੇ । ਤੇਰੇ ਹਿੱਸੇ ਦੀ ਖੰਡ ਲੋਕ ਰਾਹ ਵਿੱਚ ਹੀ ਖਾ ਗਏ, ਤੇਰੇ ਹਿੱਸੇ ਦਾ ਕੱਪੜਾ ਉਹ ਖੱਦਰ ਨਾਲ ਵਟਾ ਗਏ । ਬਹੁਤੀਆਂ ਜੋਕਾਂ ਅਛੂਤਾ ਲਹੂ ਤੇਰਾ ਪੀਂਦੀਆਂ, ਔਹ ਮੋਟੀਆਂ ਜੋ ਗੋਗੜਾਂ ਤੇਰੇ ਸਹਾਰੇ ਜੀਂਦੀਆਂ । ਤੇਰਿਆਂ ਪੈਰਾਂ 'ਚ ਪਈਆਂ ਗੁਲਾਮੀ ਦੀਆਂ ਬੇੜੀਆਂ, ਏਹ ਮੋਟੀਆਂ ਨੇ ਬੇੜੀਆਂ, ਏਹ ਭਾਰੀਆਂ ਨੇ ਬੇੜੀਆਂ । ਇਕੱਠੇ ਹੋ ਕੇ ਲੜਨ ਬਿਨ੍ਹਾਂ, ਏਹ ਲੈਹਣੀਆਂ ਨਹੀਂ ਬੇੜੀਆਂ, ਉੱਠ ਏਕੇ ਦੀ ਮਾਰ ਸੱਟ, ਇਹ ਟੁੱਟ ਜਾਵਣ ਬੇੜੀਆਂ । ਇਕੱਠੇ ਹੋ ਕੇ ਸਭ ਗੁਲਾਮੋ, ਜੁੱਗ ਨੂੰ ਪਲਟਾ ਦਿਉ, ਜ਼ੋਰ ਤੇ ਇਸ ਜ਼ੁਲਮ ਵਾਲੀ ਰਾਤ ਨੂੰ ਸਰਕਾ ਦਿਉ । ਪਲਟਾ ਦਿਉ ਸਾਰੀ ਦੁਨੀਆ, ਪਲਟਾ ਦਿਉ ਸਾਰਾ ਜਹਾਨ । ਪਲਟਾ ਦਿਉ ਜ਼ਿੰਦਗੀ, ਪਲਟਾ ਦਿਉ ਝੂਠੇ ਈਮਾਨ । ਧੱਕੜਸ਼ਾਹੀ ਨ੍ਹੇਰ ਗਰਦੀ ਦਾ ਕਰ ਦਿਉ ਬੇੜਾ ਗਰਕ, ਫਿਰ ਆਪੇ ਹੀ ਉੱਡ ਜਾਊਗਾ ਛੂਤ-ਛਾਤ ਦਾ ਫ਼ਰਕ । ਐ ਅਛੂਤੋ, ਕਈ ਕਰੋੜੋ, ਭੀਮ ਦੇ ਪਿੱਛੇ ਖੜ੍ਹ ਜਾਉ, ਡੱਟ ਜਾਓ, ਮਰ ਜਾਓ, ਪਰ ਨਾਮ ਰੌਸ਼ਨ ਕਰ ਜਾਓ । ਕਰ ਦਿਉ ਇਨਸਾਨ ਨੂੰ ਇਨਸਾਨ ਤੋਂ ਆਜ਼ਾਦ ਹੁਣ, ਫੇਰ 'ਨਿੱਧੜਕਾ' ਜ਼ੁਲਮ ਨੂੰ ਕਰ ਦਿਓ ਬਰਬਾਦ ਹੁਣ ।

ਜਨਤਾ ਮੇਰੀ ਬਾਗ ਬਗੀਚਾ

ਜਨਤਾ ਮੇਰੀ ਬਾਗ ਬਗੀਚਾ ਪਰ ਚਲੀ ਗਈ ਹਰਿਆਲੀ । ਉਸ ਬਾਗ ਦਾ ਕੁੱਝ ਨਹੀਂ ਬਣਦਾ ਬੇਈਮਾਨ ਜੇ ਮਾਲੀ । ਪੰਛੀ ਵੀ ਉੱਡ ਜਾਂਦੇ ਉਥੋਂ ਪੱਤ ਨਹੀਂ ਰਹਿੰਦਾ ਡਾਲੀ । ਉਸੀ ਬਾਗ ਦੀਆਂ ਵੰਡੀਆਂ ਪੈਂਦੀਆਂ ਨਹੀਂ ਮਿੱਤਰਾ ਤੂੰ ਹੋਸ਼ ਸੰਭਾਲੀ । ਤਨ ਤੇਰੇ 'ਤੇ ਹੈ ਨਹੀਂ ਲੀਰਾਂ ਜ਼ਾਲਮ ਪਹਿਨਣ ਨੇਫ਼ ਨਿਹਾਲੀ । ਉਹ ਖਾਂਦੇ ਨੇ ਦੁੱਧ ਮਲਾਈਆਂ ਪੇਟ ਤੇਰਾ ਰੋਟੀ ਤੋਂ ਖਾਲੀ । ਉੱਧਰ ਦਿਨ ਨੂੰ ਬੱਲਬ ਜਗਦੇ ਤੇਰੀ ਕੁੱਲੀ ਵਿਚ ਰਾਤ ਹੈ ਕਾਲ਼ੀ । ਕੱਪੜੇ ਦੀ ਥਾਂ ਚਮੜੀ ਹੰਢਾਵੇਂ ਚਮੜੀ ਹੈ ਤੇਰੀ ਨੇਫ ਨਿਹਾਲੀ । ਤੇਰੀ ਕੁੱਲ੍ਹੀ ਵਿੱਚ ਰਹੇ ਅੰਧੇਰਾ ਉਧਰ ਬਲਦੀ ਸ਼ਮ੍ਹਾਂ ਦੀਵਾਲੀ । ਬੇਸ਼ੱਕ ਦੇਸ਼ ਆਜ਼ਾਦ ਹੋ ਗਿਆ ਤੇਰੇ ਹਿੱਸੇ ਆਈ ਕੰਗਾਲੀ । ਧੀ ਤੇਰੀ ਨੂੰ ਪੈਂਦੀਆਂ ਗਾਲ੍ਹਾਂ ਜਿਸਦੀ ਜੱਗ ਵਿਚ ਸ਼ਾਨ ਨਿਰਾਲੀ । ਗੈਰਤਮੰਦਾ ਲੜ ਕੇ ਮਰ ਜਾ ਉੱਠ ਤੂੰ ਬਾਗ ਦੀ ਕਰ ਰਖਵਾਲੀ । ਤੂੰ ਮਜ਼੍ਹਬਾਂ ਨੂੰ ਜੱਫੀਆਂ ਪਾਉਂਦਾ ਇਹ ਸਭ ਤੇਰੀ ਵਹਿਮ ਖਿਆਲੀ । ਗਿਣ ਗਿਣ ਬਦਲੇ ਲੈ ਵੈਰੀ ਤੋਂ ਇਹੋ ਮੇਰੀ ਗੁਰ ਪ੍ਰਣਾਲੀ । ਭੇਡਾਂ ਵਾਂਗੂ ਹੱਕੀ ਫਿਰਦੇ ਪਿਛੇ ਬੇਈਮਾਨ ਅਯਾਲੀ । ਚਾੜ੍ਹ ਮਰੋੜਾ ਥੋੜ੍ਹਾ ਥੋੜ੍ਹਾ ਤੋੜ ਗੁਲਾਮੀ ਦੀ ਪੰਜਾਲ਼ੀ । ਤੈਨੂੰ ਦੁਨੀਆ ਕਰੂ ਸਲਾਮਾਂ ਜਦ ਪੀਵੇਂਗਾ ਮੌਤ ਪਿਆਲੀ । ਸੀਸ ਤਲੀ ਧਰ ਗਲੀ 'ਚ ਆ ਜਾ ਤੈਨੂੰ ਮਿਲ ਜਾਊ ਹੀਰ ਸਿਆਲੀ । ਬੱਸ ਕਿਤਾਬਾਂ ਠੱਪ 'ਨਿਧੜਕਾ' ਔਹ ਦੇਖ ਰੋਂਦੀ ਭੈਣ ਨਿਹਾਲੀ । ਗਿਣ ਗਿਣ ਬਦਲੇ ਲੈ ਵੈਰੀ ਤੋਂ ਇਹੋ ਮੇਰੀ ਗੁਰ ਪ੍ਰਣਾਲੀ । ਏਹੋ ਮੇਰੀ ਗੁਰ-ਪ੍ਰਣਾਲੀ

ਬਾਗੀ ਹੋਣਾ ਦੱਸ ਗਿਆ

ਜਥੇਬੰਦ ਹੋ ਪੈਰਾਂ ਉੱਤੇ, ਆਪ ਖਲੋਣਾ ਦੱਸ ਗਿਆ । ਝੰਡਾ ਚੁੱਕ ਬਗ਼ਾਵਤ ਦਾ, ਉਹ ਬਾਗੀ ਹੋਣਾ ਦੱਸ ਗਿਆ । ਭੀਮ ਤੂੰ ਇਸ ਧਰਤੀ ਉੱਤੇ, ਬੀਜ ਕੋਈ ਐਸਾ ਬੋ ਦਿੱਤਾ । ਸੜਿਆ ਬੁੱਸਿਆ ਸਦੀਆਂ ਦਾ, ਤੂੰ ਉਹ ਵੀ ਫੜਕੇ ਧੋ ਦਿੱਤਾ । ਪੈਰਾਂ ਦੇ ਵਿੱਚ ਰੁਲ਼ਦਾ ਮੋਤੀ, ਤੂੰ ਲੜੀ ਦੇ ਵਿੱਚ ਪਰੋ ਦਿੱਤਾ । ਭਾਰਤ ਦੀ ਤਕਦੀਰ ਬਣਾ ਕੇ, ਢੋਆ ਕਿਸੇ ਨੂੰ ਢੋਅ ਦਿੱਤਾ । ਗਿਆਨ ਗੈਸ ਦੀ ਜੋਤ ਜਗਾ ਕੇ, ਫਿਰ ਕਿਉਂ ਸਾਥੋਂ ਨੱਸ ਗਿਆ । ਝੰਡਾ ਚੁੱਕ ਬਗ਼ਾਵਤ ਦਾ.............. । ਪਤਾ ਨਹੀਂ ਤੇਰੇ ਦਿਲ ਦੇ ਅੰਦਰ, ਕਿਉਂ ਗ਼ਰੀਬੀ ਵਸਦੀ ਸੀ । ਜਦ ਲਿਖਦਾ ਸੀ ਤਦਬੀਰਾਂ ਨੂੰ , ਤਕਦੀਰ ਵੀ ਤੈਥੋਂ ਨੱਸਦੀ ਸੀ । ਜਾਣੀ ਜਾਣ ਸੀ ਤੂੰ ਦੁਨੀਆਂ ਦਾ, ਕਲਮ ਤੇਰੀ ਇਹ ਦੱਸਦੀ ਸੀ । ਗਾਂਧੀ ਦੀ ਤੂੰ ਜਾਨ ਬਚਾਈ, ਅਜਬ ਤੇਰੀ ਇਹ ਹਸਤੀ ਸੀ । ਜਾਂਦਾ ਹੋਇਆ ਦੁਨੀਆਂ ਵਿੱਚੋਂ, ਰਸਤਾ ਸੋਹਣਾ ਦੱਸ ਗਿਆ । ਝੰਡਾ ਚੁੱਕ ਬਗ਼ਾਵਤ ਦਾ................ । ਇੱਕੀ ਸਾਲ ਮਰਨੇ ਤੋਂ ਪਹਿਲਾਂ, ਕਸਮ ਤੂੰ ਐਸੀ ਖਾਧੀ । ਬੁੱਧ ਧਰਮ ਜਦ ਤੈਂ ਅਪਣਾਇਆ, ਕਰਨ ਫ਼ਸਾਦ ਫ਼ਸਾਦੀ । ਪਰ ਜਿੰਦਰੇ ਮਾਰਕੇ ਭੀਮ ਸਿਆਣਾ, ਪਾਸ ਲੈ ਗਿਆ ਚਾਬੀ । ਸੀਸ ਤਲੀ ਧਰ ਗਲੀ ਵਿੱਚ ਆ ਜਾਓ, ਅੱਗੇ ਖੜ੍ਹੀ ਆਜ਼ਾਦੀ । ਮਾਰਚ ਕਰਦਾ ਜਾਈਂ ਨਿੱਧੜਕਾ, ਮੰਜ਼ਲ ਬਹੁਤ ਦੁਰਾਡੀ । ਅੰਨਿ੍ਹਆਂ ਦੇ ਹੱਥ ਡੰਡਾ ਫੜਾ ਕੇ, ਰਸਤਾ ਟੋਹਣਾ ਦੱਸ ਗਿਆ । ਝੰਡਾ ਚੁੱਕ ਬਗ਼ਾਵਤ ਦਾ, ਤੂੰ ਬਾਗੀ ਹੋਣਾ ਦੱਸ ਗਿਆ ।

ਦੇਸ਼ ਦੀ ਨਾਰੀ ਜਾਗੀ

ਗੁਰੂ ਪੀਰ ਪੈਗੰਬਰਾਂ ਦੇ ਜਨਮਾ ਦੀ ਦਾਤੀ ਨਾਰੀ ਜਾਗੀ । ਅੱਜ ਦੇਸ਼ ਦੀ ਨਾਰੀ ਜਾਗੀ, ਅੱਜ ਦੇਸ਼ ਦੀ ਨਾਰੀ ਜਾਗੀ । ਫ਼ਤਵੇ ਲਾ ਲਾ ਕੀਤੀ ਅਧਮੋਈ, ਇਹ ਖਾਣਾ ਖਾ ਨਹੀਂ ਸਕਦੀ ਵਿੱਚ ਰਸੋਈ । ਵਿੱਚ ਸਭਾ ਦੇ ਕੁੱਝ ਕਹਿ ਨਹੀਂ ਸਕਦੀ, ਪਤੀ ਬਰਾਬਰ ਬਹਿ ਨਹੀਂ ਸਕਦੀ । ਕਈ ਜੁੱਗਾਂ ਤੋਂ ਕੂਕੀ ਜਾਂਦੀ, ਬਿਨਾਂ ਗੁਨਾਹੋਂ ਫੂਕੀ ਜਾਂਦੀ । ਭੀਮ ਰਾਓ ਦੇ ਕਦਮ ਸਹਾਰੇ ਕੱਟ ਦਿੱਤੇ ਨੇ ਬੰਧਨ ਸਾਰੇ । ਲੈ ਅੰਗੜਾਈ ਉੱਠ ਖਲੋਤੀ, ਉਹ ਸਮਾਜ ਦੀ ਮਾਰੀ ਜਾਗੀ । ਅੱਜ ਦੇਸ਼ ਦੀ ਨਾਰੀ ਜਾਗੀ । ਚੱਕੀ ਪੀਸੇ ਗੁਣ ਗੁਣਾਂਦੀ, ਰੱਬ ਨੂੰ ਦੁੱਖੜੇ ਰਹੀ ਸੁਣਾਂਦੀ । ਰੱਬ ਨੇ ਕੋਈ ਪ੍ਰਵਾਹ ਨਾ ਕੀਤੀ, ਉਹੀ ਜਾਣੇ ਜੋ ਉਸ ਨਾਲ਼ ਬੀਤੀ । ਸਦੀਆਂ ਤੋਂ ਉਹ ਰਹਿ ਗਈ ਸੁੱਤੀ, ਅਹੁਦਾ ਮਿਲਿਆ ਪੈਰ ਦੀ ਜੁੱਤੀ । ਭੀਮ ਰਾਓ ਨੇ ਕਲਮ ਚਲਾਕੇ, ਛੱਡੀ ਸਿਰ ਦਾ ਤਾਜ ਬਣਾ ਕੇ । ਪ੍ਰਧਾਨ ਮੰਤਰੀ ਉਹ ਬਣ ਬੈਠੀ, ਸੁਲੱਗ ਰਹੀ ਅੰਗਿਆਰੀ ਜਾਗੀ । ਅੱਜ ਦੇਸ਼ ਦੀ ਨਾਰੀ ਜਾਗੀ, ਅੱਜ ਦੇਸ਼ ਦੀ ਨਾਰੀ ਜਾਗੀ ।

ਪਾਟੀ ਹੋਈ ਤਸਵੀਰ ਵਿਖਾਵਾਂ

ਆ ਸਜਣਾ ਤੈਨੂੰ ਦੇਸ਼ ਤੇਰੇ ਦੀ ਪਾਟੀ ਹੋਈ ਤਸਵੀਰ ਵਿਖਾਵਾਂ, ਟੁਕੜੇ ਹੋਇਆ ਦੇਸ਼ ਵਿਖਾਵਾਂ ਰੁੱਠੀ ਹੋਈ ਤਕਦੀਰ ਵਿਖਾਵਾਂ। ਇਕ ਪਾਸੇ ਔਹ ਮਹਿਲਾਂ ਅੰਦਰ ਡੁੱਲ ਡੁੱਲ ਪੈਂਦੇ ਹਾਸੇ, ਦੂਜੇ ਪਾਸੇ ਫਿਰੇ ਜੁਆਨੀ ਲੈ ਹੱਥਾਂ ਵਿਚ ਕਾਸੇ। ਹੱਥ ਜੋੜ ਕੇ ਭਿਖਿਆ ਮੰਗਦੀ ਜੋ ਮਰਜ਼ੀ ਕੋਈ ਆਖੇ, ਪੱਲੇ ਦੇ ਵਿਚ ਹੌਕੇ ਹਾਵੇ ਗੱਲ੍ਹ ਵਿਚ ਪਾਟੀ ਲੀਰ ਵਿਖਾਵਾਂ। ਆ ਸਜਣਾ ਤੈਨੂੰ ਦੇਸ਼ ਤੇਰੇ ਦੀ .......। ਬਣਦੇ ਤੈਨੂੰ ਮਹਿਲ ਵਿਖਾਵਾਂ, ਹੁੰਦੇ ਤੈਨੂੰ ਕਹਿਰ ਵਿਖਾਵਾਂ। ਭੁੱਖ ਦੇ ਦੁੱਖੋਂ ਆਪਣੇ ਹੱਥੀਂ ਪੀਂਦੇ ਤੈਨੂੰ ਜ਼ਹਿਰ ਵਿਖਾਵਾਂ। ਰੰਗਦਾਰ ਸ਼ੀਸ਼ੀ ਦੇ ਵਿਚੋਂ ਪੀਂਦੇ ਰੱਤ ਅਮੀਰ ਵਿਖਾਵਾਂ, ਆ ਸਜਣਾ ਤੈਨੂੰ ਦੇਸ਼ ਤੇਰੇ ਦੀ .......। ਇੰਦਰਾ ਗਾਂਧੀ ਸੁਖੀ ਵਿਖਾਵਾਂ, ਰੋਂਦੀਆਂ ਭੈਣਾਂ ਦੁਖੀ ਵਿਖਾਵਾਂ, ਦਰ ਦਰ ਬੱਚਾ ਮੰਗਦਾ ਟੁਕੜੇ ਕੁੱਤੇ ਖਾਂਦੇ ਖੀਰ ਵਿਖਾਵਾਂ। ਆ ਸਜਣਾ ਤੈਨੂੰ ਦੇਸ਼ ਤੇਰੇ ਦੀ .......। ਸਿਨਮੇ ਕੋਲਡ ਸਟੋਰ ਦੇਖ ਲਓ, ਲੁੱਟੀ ਜਾਂਦੇ ਚੋਰ ਦੇਖ ਲਓ, ਨਾਲ ਚੋਰਾਂ ਦੇ ਹਿੱਸੇ ਰੱਖਦੇ, ਏਥੇ ਦੇ ਵਜ਼ੀਰ ਵਿਖਾਵਾਂ। ਆ ਸਜਣਾ ਤੈਨੂੰ ਦੇਸ਼ ਤੇਰੇ ਦੀ .......। ਬੱਧੇ ਜਾਂਦੇ ਸਾਧ ਵਿਖਾਵਾਂ, ਹੁੰਦੇ ਮੈਂ ਅਪਰਾਧ ਵਿਖਾਵਾਂ, ਜੋ ਕੁੜੀਆਂ ਦੀ ਅਸਮਤ ਲੁੱਟਦੇ, ਗੁੰਡੇ ਫਿਰਨ ਆਜ਼ਾਦ ਵਿਖਾਵਾਂ। ਭੁੱਖਿਆਂ ਢਿੱਡਾਂ ਦੇ ਵਿਚ ਖੁੱਭਦੀ ਜ਼ੁਲਮਾਂ ਦੀ ਸ਼ਮਸ਼ੀਰ ਵਿਖਾਵਾਂ। ਆ ਸਜਣਾ ਤੈਨੂੰ ਦੇਸ਼ ਤੇਰੇ ਦੀ .......। ਚੰਡੀਗੜ੍ਹ ਦੀ ਝੀਲ ਦੇਖ ਲਓ, ਲੰਮੀ ਕਿਤਨੇ ਮੀਲ ਦੇਖ ਲਓ। ਬੇਈਮਾਨਾਂ ਦੀ ਤਰਦੀ ਬੇੜੀ, ਲੋਕੀਂ ਹੁੰਦੇ ਜਲੀਲ ਵੇਖ ਲਓ। ਤੰਗ ਆ ਗਏ ਇਨਸਾਫ ਦੇ ਹੱਥੋਂ, ਅੱਖੀਂ ਬਹਿੰਦਾ ਨੀਰ ਵਿਖਾਵਾਂ। ਆ ਸਜਣਾ ਤੈਨੂੰ ਦੇਸ਼ ਤੇਰੇ ਦੀ .......। ਜਨਤਾ ਪਈ ਲਾਚਾਰ ਦੇਖ ਲਓ, ਵੱਧ ਦੇ ਜਾਂਦੇ ਭਾਰ ਦੇਖ ਲਓ। ਨਵਾਂ ਸੂਰਜ ਤੇ ਨਵੇਂ ਟੈਕਸ, ਹੁੰਦੇ ਮਿੱਤਰੋ ਕਹਿਰ ਦੇਖ ਲਓ। ਫੇਰ ਨਿਧੜਕਾ ਟੋਡੀ ਬੱਚੇ ਮੰਗਦੇ ਵਾਂਗ ਫਕੀਰ ਵਿਖਾਵਾਂ, ਆ ਸਜਣਾ ਤੈਨੂੰ ਦੇਸ਼ ਤੇਰੇ ਦੀ ਪਾਟੀ ਹੋਈ ਤਸਵੀਰ ਵਿਖਾਵਾਂ।

ਰੱਬ ਨਾਲ ਦੋ ਗੱਲਾਂ

ਰੱਬਾ ਦੇਖਦਾ ਮੇਰੇ ਇਨਸਾਫ ਤਾਈਂ, ਜੇ ਮੈਂ ਰੱਬ ਹੁੰਦਾ ਤੂੰ ਚਮਾਰ ਹੁੰਦਾ । ਫਿਰ ਦੇਖਦਾ ਮੇਰੀਆਂ ਹਿਕਮਤਾਂ ਨੂੰ, ਮੈਂ ਤਬੀਬ ਹੁੰਦਾ ਤੂੰ ਬੀਮਾਰ ਹੁੰਦਾ। ਅਸੀਂ ਤਰਸਦੇ ਹਾਂ ਲੀਰਾਂ ਪਾਟੀਆਂ ਨੂੰ, ਲੋਕੀ ਬੂਟ ਤੋਂ ਪਾਈ ਸਲਵਾਰ ਫਿਰਦੇ। ਲੋਕੀ ਸੈਰ ਕਰਦੇ ਮੋਟਰ ਸਾਈਕਲਾਂ ਤੇ, ਅਸੀਂ ਚੁੱਕ ਕੇ ਸਿਰਾਂ 'ਤੇ ਭਾਰ ਫਿਰਦੇ। ਲੋਕੀ ਖਾਣ ਖਾਣੇ ਵਿਚ ਹੋਟਲਾਂ ਦੇ, ਅਸੀਂ ਟੁਕੜਿਆਂ ਤੋਂ ਅਵਾਜ਼ਾਰ ਫਿਰਦੇ। ਜੇ ਕਿਤੇ ਭੁੱਲਕੇ ਸੂਟ ਸਵਾ ਲਈਏ, ਲੋਕੀ ਕਹਿੰਦੇ ਔਹ ਚੂਹੜੇ ਚਮਾਰ ਫਿਰਦੇ। ਲੋਕੀ ਨੱਕ ਵੱਟਣ ਹਲਵੇ ਪੂੜੀਆਂ ਤੋਂ, ਸਾਡੀ ਰੋਟੀ 'ਤੇ ਨਹੀਂ ਆਚਾਰ ਹੁੰਦਾ । ਇਹਨਾਂ ਦੁੱਖਾਂ ਤੋਂ ਤੈਨੂੰ ਮੈਂ ਰਹਿਤ ਕਰਦਾ, ਜੇ ਮੈਂ ਰੱਬ ਹੁੰਦਾ ਤੂੰ ਚਮਾਰ ਹੁੰਦਾ। ਰੱਬਾ ਸਿੱਖ, ਹਿੰਦੂ ਜਾਂ ਮੁਸਲਮਾਨ ਹੈਂ ਤੂੰ, ਜਾਂ ਹੈਂ ਈਸਾਈ ਕਿ ਅਛੂਤ ਹੈ ਤੂੰ । ਕਰੋ ਕੰਮ ਕਿਹੜੇ ਨਾ ਮਾਲੂਮ ਮੈਂਨੂੰ, ਅਕਲਮੰਦ ਹੈ ਜਾਂ ਬੇਵਕੂਫ ਹੈਂ ਤੂੰ। ਜਾਂ ਤੂੰ ਕੁੱਲ ਜਹਾਨ ਤੋਂ ਹੈਂ ਸੋਹਣਾ, ਜਾਂ ਕਿਸੇ ਸ਼ਮਸਾਨ ਦਾ ਭੂਤ ਹੈਂ ਤੂੰ । ਇਕੋ ਜਿਹੇ ਨਹੀਂ ਸਮਝਦਾ ਸਾਰਿਆਂ ਨੂੰ, ਦੱਸ ਰੱਬ ਹੈਂ ਕਿ ਜਮਦੂਤ ਹੈਂ ਤੂੰ ! ਹਿੰਦੂ ਪੁੱਤ ਬਣਾਉਂਦੇ ਬਹੁਤਿਆਂ ਦਾ, ਸੁਣ ਸੁਣ ਕੇ ਮੈਂ ਸ਼ਰਮਸਾਰ ਹੁੰਦਾ। ਤੈਨੂੰ ਇਕ ਦਾ ਪੁੱਤ ਬਣਾ ਦਿੰਦਾ, ਜੇ ਮੈਂ ਰੱਬ ਹੁੰਦਾ ਤੂੰ ਚਮਾਰ ਹੁੰਦਾ !

  • ਮੁੱਖ ਪੰਨਾ : ਚਰਨ ਦਾਸ ਨਿਧੜਕ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ