Charan Das Nidharak ਚਰਨ ਦਾਸ ਨਿਧੜਕ

ਸ੍ਰੀ ਚਰਨ ਦਾਸ ਨਿਧੜਕ (1899-1990) ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਵੱਖਰੀ ਪਛਾਣ ਦਾ ਅਜਿਹਾ ਕਵੀ ਹੈ, ਜਿਸ ਨੇ ਆਪਣਾ ਸਮੁੱਚਾ ਜੀਵਨ ਬੇਦਖ਼ਲ ਸਮਾਜ ਦੀ ਸਮਾਜਿਕ ਅਤੇ ਰਾਜਨੀਤਕ ਮੁਕਤੀ ਲਈ ਸੰਘਰਸ਼ ਦੇ ਲੇਖੇ ਲਾਇਆ । ਇਨ੍ਹਾਂ ਦਾ ਜਨਮ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਚਾੜਾਂ ਵਿੱਚ ਹੋਇਆ । ਬਾਅਦ 'ਚ ਸਾਹਿਤਕ ਅਤੇ ਰਾਜਨੀਤਕ ਗਤੀਵਿਧੀਆਂ 'ਚ ਸ਼ਾਮਲ ਹੋਣ ਕਾਰਨ ਫਗਵਾੜਾ ਵਿਖੇ ਮੁਹੱਲਾ ਸੰਤੋਖਪੁਰਾ ਵਿੱਚ ਆਬਾਦ ਹੋ ਗਏ । ਲਗਾਤਾਰ ਫਗਵਾੜਾ ਅਤੇ ਜਲੰਧਰ ਦੀਆਂ ਸਾਹਿਤਕ ਸਭਾਵਾਂ ਵਿੱਚ ਸਰਗਰਮ ਰਹੇ ।
ਨਿਧੜਕ ਸਾਹਿਬ ਦਰਸ਼ਨੀ ਸ਼ਖਸੀਅਤ ਦੇ ਮਾਲਕ ਅਤੇ ਇੱਕ ਪ੍ਰਭਾਵਸ਼ਾਲੀ ਵਕਤਾ ਸਨ । ਮੁਹਾਵਰੇਦਾਰ ਠੇਠ੍ਹ ਬੋਲੀ 'ਚ ਲੋਕਾਂ ਨੂੰ ਆਪਣੇ ਵਿਚਾਰਾਂ ਨਾਲ ਬੰਨ੍ਹ ਲੈਂਦੇ ਸਨ । ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ, ਪ੍ਰਾਇਮਰੀ ਤੱਕ ਮੁਢਲੀ ਵਿਦਿਆ ਪ੍ਰਾਪਤ ਕੀਤੀ ਸੀ, ਪ੍ਰੰਤੂ ਆਪਣੇ ਅਕੀਦੇ ਦੇ ਪੱਕੇ, ਸਪਸ਼ਟ ਅਤੇ ਵਿਚਾਰਾਂ ਦੀ ਪਕਿਆਈ 'ਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ ।
ਨਿਧੜਕ ਸਾਹਿਬ ਸਾਹਿਤਕ ਤੌਰ 'ਤੇ ਮੂਲ ਰੂਪ 'ਚ ਅੰਬੇਡਕਰ ਦਰਸ਼ਨ ਨਾਲ ਜੁੜੇ ਹੋਏ ਸਨ । 1942 'ਚ ਕਾਨਪੁਰ ਵਿਖੇ ਇੱਕ ਸਮਾਗਮ 'ਚ ਡਾ. ਅੰਬੇਡਕਰ ਦੇ ਸੰਪਰਕ 'ਚ ਆਏ । 1946 ਵਿੱਚ ਪੰਜਾਬ ਸ਼ਡਿਊਲਡ ਕਾਸਟਸ ਫੈਡਰੇਸਨ ਦੇ ਸੀਨੀਅਰ ਮੀਤ ਪ੍ਰਧਾਨ ਰਹੇ । 1956 'ਚ ਫੈਡਰੇਸ਼ਨ ਦਾ ਨਾਂ ਬਦਲ ਕੇ ਰਿਪਬਲਿਕਨ ਪਾਰਟੀ ਆਫ਼ ਇੰਡੀਆ ਕਰ ਦਿੱਤਾ ਗਿਆ । ਆਖਰੀ ਸਮੇਂ ਤੱਕ ਨਿਧੜਕ ਸਾਹਿਬ ਇਸ ਪਾਰਟੀ 'ਚ ਸੰਘਰਸ਼ ਕਰਦੇ ਰਹੇ । ਨਿਧੜਕ ਸਾਹਿਬ ਦਾ ਇੱਕ ਪੱਕਾ ਵਿਸ਼ਵਾਸ ਸੀ ਕਿ ਜਦੋਂ ਤੱਕ ਵਰਣ-ਵਿਵਸਥਾ ਖਤਮ ਨਹੀਂ ਹੁੰਦੀ, ਉਦੋਂ ਤੱਕ ਗਰੀਬ ਲੋਕ ਸਵੈਮਾਣ ਵਾਲਾ ਜੀਵਨ ਨਹੀਂ ਜਿਉਂ ਸਕਦੇ । ਮੰਗੂ ਰਾਮ ਮੂਗੋਵਾਲੀਆ ਦੇ ਪ੍ਰਭਾਵ 'ਚ ਆਉਣਾ ਤੇ ਉਹ ਆਦਿ ਧਰਮ ਮੰਡਲ ਲਹਿਰ ਦੇ ਸਮਰੱਥ ਕਵੀਆਂ 'ਚ ਸ਼ਾਮਲ ਹੋਏ । ਉਨ੍ਹਾਂ ਦੇ ਸਮਕਾਲੀਆਂ ਵਿਚ ਗੁਰਦਾਸ ਰਾਮ ਆਲਮ, ਪ੍ਰੀਤਮ ਰਾਮਦਾਸਪੁਰੀ, ਮੰਗੂ ਰਾਮ ਬਾਹੜੋਵਾਲੀਆ, ਪ੍ਰੀਤਮ ਸਿੰਘ ਪ੍ਰੀਤਮ, ਸ੍ਰੀ ਚਾਨਣ ਲਾਲ ਮਾਣਕ ਨਾਲ ਨਿਧੜਕ ਸਾਹਿਬ ਦਾ ਸਬੰਧ ਰਿਹਾ ।
ਨਿਧੜਕ ਸਾਹਿਬ ਨੇ ਆਪਣੀਆਂ ਕਵਿਤਾਵਾਂ ਵਿੱਚ ਔਰਤਾਂ ਦੇ ਸ਼ਕਤੀਕਰਨ ਬਾਰੇ ਕਾਫ਼ੀ ਕਵਿਤਾਵਾਂ ਲਿਖੀਆਂ । ਉਸ ਦੀਆਂ ਮਸ਼ਹੂਰ ਕਵਿਤਾਵਾਂ ਵਿਚ 'ਬਾਗੀ ਹੋਣਾ ਦਸ ਗਿਆ', 'ਰੱਬ ਨਾਲ ਦੋ ਗੱਲਾਂ', 'ਅਛੂਤ ਦੀ ਜ਼ਿੰਦਗੀ', 'ਹੌਲੀ ਹੌਲੀ ਰੋ ਕੁੜੀਏ' ਅਤੇ 'ਦੇਸ਼ ਦੀ ਨਾਰੀ ਜਾਗੀ' ਸ਼ਾਮਲ ਹਨ । 'ਬਾਗ਼ੀ ਹੋਣਾ ਦੱਸ ਗਿਆ' ਉਸ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਸ੍ਰੀ ਰੂਪ ਲਾਲ ਜੱਸੀ ਨੇ ਸੰਪਾਦਤ ਕੀਤਾ । -ਡਾ. ਗੁਰਮੀਤ ਸਿੰਘ ਕੱਲਰ ਮਾਜਰੀ ਅਤੇ ਡਾ. ਸੰਤੋਖ ਸਿੰਘ ਸੁੱਖੀ