Punjabi Ghazals/Poetry : Chanan Gobindpuri

ਪੰਜਾਬੀ ਗ਼ਜ਼ਲਾਂ ਗੀਤ ਕਵਿਤਾਵਾਂ : ਚਾਨਣ ਗੋਬਿੰਦਪੁਰੀ

ਮੰਨਿਆ ਹਰੇਕ ਸ਼ਾਮ ਦੇ ਪਿੱਛੋਂ ਸਵੇਰ ਏ

ਮੰਨਿਆ ਹਰੇਕ ਸ਼ਾਮ ਦੇ ਪਿੱਛੋਂ ਸਵੇਰ ਏ ।
ਪਰ, ਪਲ ਜੋ ਬੀਤਿਆ ਕਦੇ ਮੁੜਦਾ ਨਾ ਫੇਰ ਏ ।

ਸਜਣਾ ਦੇ ਘਰ ਵਲੋਂ ਦੀ ਤੂੰ ਜੱਨਤ ਨੂੰ ਜਾਈਂ ਸ਼ੇਖ,
ਮੱਕੇ ਵਲੋਂ ਤਾਂ ਸੈਂਕੜੇ ਕੋਹਾਂ ਦਾ ਫੇਰ ਏ ।

ਮੂਸਾ ਤੂੰ ਜਾਨ ਵਾਰਦਾ ਮਿਲਿਆ ਸੀ ਯਾਰ ਜੋ,
ਮਿਲਦੇ ਨਸੀਬਾਂ ਨਾਲ ਉਹ ਇੱਕੋ ਹੀ ਵੇਰ ਏ ।

ਇਹ ਮਹਿਫਲਾਂ ਤੇ ਰੌਣਕਾਂ ਖੁਸ਼ੀਆਂ ਤੇ ਰਾਗਰੰਗ,
ਟੁਰ ਜਾਣਗੇ ਇਹ ਸਭ ਤੇਰੇ ਜਾਣੇ ਦੀ ਦੇਰ ਏ ।

ਮੁੱਲਾ, ਖੁਦਾ ਫਸੇਗਾ ਨਾ ਤਸਵੀ ਦੇ ਜਾਲ ਵਿਚ,
ਏਥੇ ਹੀ ਚਲ ਰਿਹਾ ਤੇਰਾ ਇਹ ਹੇਰ ਫੇਰ ਏ ।

'ਚਾਨਣ' ਦੇ ਬਾਰੇ ਹੋਰ ਤਾਂ ਸਾਨੂੰ ਨਹੀ ਪਤਾ,
ਸੱਚੀ ਉਹ ਗੱਲ ਕਹਿਣ ਨੂੰ ਸੁਣਿਆ ਦਲੇਰ ਏ ।

ਗੋਬਿੰਦ ਪੁਰੀ ਬਣ ਗਿਐ ਦਿੱਲੀ 'ਚ ਆਣ ਕੇ
ਕਹਿੰਦੇ ਨੇ ਉਸਦਾ ਨਾਮ ਤਾਂ "ਚਾਨਣ ਕਲੇਰ" ਏ ।

ਛਲਾਵਾ ਇਸ਼ਕ ਦਾ ਜਦ ਵੀ ਕਿਸੇ ਨੂੰ ਆ ਕੇ ਛਲਦਾ ਏ

ਛਲਾਵਾ ਇਸ਼ਕ ਦਾ ਜਦ ਵੀ ਕਿਸੇ ਨੂੰ ਆ ਕੇ ਛਲਦਾ ਏ।
ਨਾ ਕੰਮ ਆ ਵੇ ਨਸੀਹਤ ਅਕਲ ਦਾ ਨਾ ਜ਼ੋਰ ਚਲਦਾ ਏ।

ਛੁਪਾਇਆਂ ਵੀ ਕਦੇ ਛੁਪਦਾ ਏ ਜ਼ੁਲਫ਼ਾਂ ਹੇਠ ਮੂੰਹ ਤੇਰਾ?
ਇਹ ਉਹ ਦੀਵਾ ਹੈ ਜਿਹਡ਼ਾ ਸਾਹਮਣੇ ਸੱਪਾਂ ਦੇ ਬਲਦਾ ਏ।

ਕਿਆਮਤ ਨੂੰ ਮੇਰੇ ਵੱਲ ਦੀ ਗਵਾਹੀ ਕੌਣ ਦੇਵੇਗਾ?
ਇਹ ਦੁਨੀਆ ਤੇਰੇ ਵੱਲ ਦੀ ਏ ਇਹ ਦਿਲ ਵੀ ਤੇਰੇ ਵਲ ਦਾ ਏ।

ਜ਼ਮਾਨੇ ਨੂੰ ਖ਼ਬਰ ਇਹਦੀ ਨਾ ਇਹਦੀ ਸਾਰ ਦਿਲਬਰ ਨੂੰ
ਉਹ ਜਜ਼ਬਾ ਪਿਆਰ ਦਾ ਜੋ ਮੇਰੇ ਦਿਲ ਦੇ ਦਿਲ ਚ ਪਲਦਾ ਏ।

ਸੀ ਉਹ ਚੰਦਰੀ ਘਡ਼ੀ ਜਾਂ ਸੈਂਤ ਮਾਡ਼ੀ ਨਿਹੁੰ ਜਦੋਂ ਲਾਇਆ
ਅਸਾਡੇ ਪਿਆਰ ਦਾ ਬੂਟਾ ਨਾ ਸੁਕਦਾ ਏ ਨਾ ਪਲਦਾ ਏ।

ਕੋਈ ਵਾਅਦਾ ਨਾ ਕੋਈ ਆਸ ਉਹਦੇ ਮਿਲਣ ਦੀ ਚਾਨਣ
ਨਾ ਜਾਣੇ ਆਉਣ ਦੇ ਦਿਲ ਨੂੰ ਸੁਨੇਹੇ ਕੌਣ ਘਲਦਾ ਏ।

ਜੇ ਜਵਾਨੀ ਦਾ ਮਜ਼ਾ ਜਾਂਦਾ ਰਿਹਾ

ਜੇ ਜਵਾਨੀ ਦਾ ਮਜ਼ਾ ਜਾਂਦਾ ਰਿਹਾ।
ਜ਼ਿੰਦਗਾਨੀ ਦਾ ਮਜ਼ਾ ਜਾਂਦਾ ਰਿਹਾ।

ਛਾਪ ਤੂੰ ਦਿੱਤੀ, ਇਹ ਨਿਕਲ਼ੀ ਗ਼ੈਰ ਦੀ,
ਹਾਇ ! ਨਿਸ਼ਾਨੀ ਦਾ ਮਜ਼ਾ ਜਾਂਦਾ ਰਿਹਾ।

ਤੂੰ ਨਹੀਂ, ਬਰਸਾਤ ਨੂੰ ਮੈਂ ਕੀ ਕਰਾਂ,
ਰੁੱਤ ਸੁਹਾਣੀ ਦਾ ਮਜ਼ਾ ਜਾਂਦਾ ਰਿਹਾ।

ਜੀ ਰਹੇ ਹਾਂ ਪੀ ਕੇ ਹੰਝੂ, ਖਾ ਕੇ ਗ਼ਮ,
ਅੰਨ-ਪਾਣੀ ਦਾ ਮਜ਼ਾ ਜਾਂਦਾ ਰਿਹਾ।

ਮਿਲ਼ ਕੇ ਸਾਨੂੰ ਗ਼ੈਰ ਦੇ ਘਰ ਟੁਰ ਗਿਉਂ,
ਮਿਹਰਬਾਨੀ ਦਾ ਮਜ਼ਾ ਜਾਂਦਾ ਰਿਹਾ।

ਹੁਣ ਕਿਸੇ ਗੱਲ ਦਾ ਨਾ ਤੂੰ ਗ਼ੁੱਸਾ ਕਰੇਂ,
ਛੇੜਖਾਨੀ ਦਾ ਮਜ਼ਾ ਜਾਂਦਾ ਰਿਹਾ।

ਟੁਰ ਗਿਆ ਦਿਲਬਰ ਉਦਾਸੀ ਲਾਇ ਕੇ,
ਮੌਜ ਮਾਣੀ ਦਾ ਮਜ਼ਾ ਜਾਂਦਾ ਰਿਹਾ।

ਫਸ ਕੇ ਪੂਜਾ-ਪਾਠ ਅੰਦਰ ਪੰਡਿਤਾ!
ਇਸ ਜੁਆਨੀ ਦਾ ਮਜ਼ਾ ਜਾਂਦਾ ਰਿਹਾ।

ਆ ਗਈ ਸਰਦੀ, ਤੇ ਸਾਕ਼ੀ ਇਹ ਸ਼ਰਾਬ,
ਠੰਢੇ ਪਾਣੀ ਦਾ ਮਜ਼ਾ ਜਾਂਦਾ ਰਿਹਾ।

ਉਹ ਬੜਾ ਬੇਲਿਹਾਜ਼, ਕੀ ਕਰੀਏ

ਉਹ ਬੜਾ ਬੇਲਿਹਾਜ਼, ਕੀ ਕਰੀਏ ।
ਬੇਵਫ਼ਾ ਦਾ ਇਲਾਜ, ਕੀ ਕਰੀਏ ।

ਤੇਰੇ ਗ਼ਮ ਦਾ ਵੀ ਕੀ ਭਰੋਸਾ ਏ,
ਸ਼ੈਅ ਬੇਗਾਨੀ, ਮਜ਼ਾਜ ਕੀ ਕਰੀਏ ।

ਡਾਢੇ ਬਿਖੜੇ ਨੇ ਪਿਆਰ ਦੇ ਪੈਂਡੇ,
ਦਿਲ ਜੇ ਆਵੇ ਨਾ ਬਾਜ, ਕੀ ਕਰੀਏ ।

ਕੱਚੇ ਘੜਿਆਂ ਨੇ ਪਾਰ ਕੀ ਲਾਉਣੈ,
ਲੱਗੇ ਇਸ਼ਕ਼ੇ ਨੂੰ ਲਾਜ, ਕੀ ਕਰੀਏ ।

ਜਾਨ ਲੈ ਕੇ ਹੀ, ਉਸ ਜੇ ਖ਼ੁਸ਼ ਹੋਣੈ,
ਐਨੀ ਗੱਲ 'ਤੇ ਨਰਾਜ਼ ਕੀ ਕਰੀਏ ।

ਆਸ ਰੱਖ ਕੇ ਵਫ਼ਾ ਦੀ ਸੱਜਣਾਂ ਤੋਂ,
ਜੱਗ ਤੋਂ ਉਲਟਾ ਰਵਾਜ਼ ਕੀ ਕਰੀਏ ।

ਤੈਨੂੰ ਭੁੱਲਣਾ ਤਾਂ ਕੁਛ ਨਹੀਂ ਮੁਸ਼ਕਿਲ,
ਝੱਲੇ ਦਿਲ ਦਾ ਇਲਾਜ ਕੀ ਕਰੀਏ ।

ਜੋ ਤੇਰੇ ਗ਼ਮ ਨੂੰ ਵੀ ਹੱਸ ਕੇ ਸਹਾਰ ਲੈਂਦੇ ਨੇ

ਜੋ ਤੇਰੇ ਗ਼ਮ ਨੂੰ ਵੀ ਹੱਸ ਕੇ ਸਹਾਰ ਲੈਂਦੇ ਨੇ
ਉਹ ਬਦਨਸੀਬ ਮੁਕੱਦਰ ਸੰਵਾਰ ਲੈਂਦੇ ਨੇ

ਦਿਲਾ ਤੂੰ ਭੋਲਿਆ ਸੱਜਣਾਂ ਤੇ ਭੁੱਲ ਜਾਵੀਂ ਨਾ
ਇਹ ਤੀਰ ਮਾਰ ਕੇ ਮੁੜ ਕੇ ਨਾ ਸਾਰ ਲੈਂਦੇ ਨੇ

ਗ਼ਮਾਂ ਦੇ ਮਾਰੇ ਵੀ ਹੰਝੂਆਂ ਦੇ ਬਾਲ ਕੇ ਦੀਵੇ
ਉਦਾਸ ਨ੍ਹੇਰੀਆਂ ਰਾਤਾਂ ਸ਼ਿੰਗਾਰ ਲੈਂਦੇ ਨੇ

ਜੁਦਾਈ ਪਲ ਦੀ ਵੀ ਉਮਰਾਂ ਦੇ ਵਾਂਗ ਲਗਦੀ ਏ
ਬਿਮਾਰ ਇਸ਼ਕ ਦੇ ਹੱਸ ਕੇ ਸਹਾਰ ਲੈਂਦੇ ਨੇ
(ਪਾਠ ਭੇਦ: ਬਦਨਸੀਬ=ਖੁਸ਼ਨਸੀਬ,
ਸੰਵਾਰ=ਸੁਆਰ)

ਗ਼ਜ਼ਲ ਪਰਵਾਰ

ਕੁਝ ਸ਼ਾਇਰ ਨੇ ਮੇਰੇ ਮਾਪੇ, ਚਰਨੀ ਸੀਸ ਨਿਵਾਵਾਂ,
ਕੁਝ ਨੇ ਮੇਰੇ ਵੱਡੇ ਭਾਈ, ਮੇਰੇ ਸਿਰ ਦੀਆਂ ਛਾਵਾਂ,
ਕੁਝ ਸ਼ਾਇਰ ਨੇ ਛੋਟੇ ਵੀਰਨ, ਤੱਕ-ਤੱਕ ਸਦਕੇ ਜਾਵਾਂ,
ਕੁਝ ਨੇ ਮੇਰੇ ਪੁੱਤ-ਭਤੀਜੇ, ਘੁੱਟ ਘੁੱਟ ਸੀਨੇ ਲਾਵਾਂ,
ਸੁੱਖ-ਵੱਸੇ ਪਰਵਾਰ ਇਹ ਮੇਰਾ, ਮੰਗਾਂ ਨਿੱਤ ਦੁਆਵਾਂ।

ਯਾਰੋ ! ਅਸੀਂ ਤੇ ਵਾਸੀ, ਹਿੰਦੁਸਤਾਨ ਦੇ ਆਂ

ਯਾਰੋ ! ਅਸੀਂ ਤੇ ਵਾਸੀ, ਹਿੰਦੁਸਤਾਨ ਦੇ ਆਂ ।
ਅਪਣੇ ਵਤਨ ਦੀ ਖਾਤਿਰ, ਮਰਨਾ ਵੀ ਜਾਣਦੇ ਆਂ ।

ਕੀਤਾ ਜੇ ਕੌਲ ਕੋਈ, ਫਿਰ ਤੋੜਨਾ ਨਾ ਸਿਖਿਆ ।
ਮੁਸ਼ਕਿਲ 'ਚ ਦੋਸਤਾਂ ਤੋਂ, ਮੂੰਹ ਮੋੜਨਾ ਨਾ ਸਿਖਿਆ ।
ਪੱਕੇ ਹਾਂ ਵਾਹਦਿਆਂ ਦੇ, ਪੂਰੇ ਜ਼ਬਾਨ ਦੇ ਆਂ,
ਯਾਰੋ ! ਅਸੀਂ ਤੇ ਵਾਸੀ, ਹਿੰਦੁਸਤਾਨ ਦੇ ਆਂ ।

ਹਾਂ ਅਮਨ ਦੇ ਪੁਜਾਰੀ, ਨਿਰਛਲ ਏ ਸਾਡਾ ਜੀਵਨ ।
ਦੱਸਦਾ ਏ ਸੀਨਾ-ਜ਼ੋਰੀ ਆ ਕੇ ਜੇ ਕੋਈ ਦੁਸ਼ਮਣ ।
ਗੌਲੀ ਦੇ ਨਾਲ ਉਹਦੇ, ਸੀਨੇ ਨੂੰ ਛਾਣਦੇ ਆਂ,
ਯਾਰੋ ! ਅਸੀਂ ਤੇ ਵਾਸੀ, ਹਿੰਦੁਸਤਾਨ ਦੇ ਆਂ ।

ਰਣ ਵਿਚ ਅਸੀਂ ਨਾ "ਚਾਨਣ", ਪਿੱਛੇ ਕੱਦਮ ਉਠਾਣਾ ।
ਇਕ ਖੇਲ ਹੈ ਅਸਾਨੂੰ ਜਿੰਦੜੀ ਤੇ ਖੇਲ ਜਾਣਾ ।
ਹਰ ਇਕ ਬਲਾ ਦੇ ਅੱਗੇ ਛਾਤੀ ਨੂੰ ਤਾਣਦੇ ਆਂ,
ਯਾਰੋ ! ਅਸੀਂ ਤੇ ਵਾਸੀ, ਹਿੰਦੁਸਤਾਨ ਦੇ ਆਂ ।

ਅਧੂਰੀਆਂ ਰਚਨਾਵਾਂ

1
ਵੰਡੇ ਉਨ੍ਹਾਂ ਹੀ ਚਾਨਣ, ਦੁਨੀਆਂ 'ਚ ਦੂਜਿਆਂ ਨੂੰ,
ਖ਼ੁਦ ਜ਼ਿੰਦਗੀ ਜਿਨ੍ਹਾਂ ਦੀ, ਹੈ ਨ੍ਹੇਰਿਆਂ 'ਚ ਬੀਤੀ।

2
ਲਹੌਰ ਆ ਕੇ ਮਿਲੇ 'ਨਾਸਿਰ' ਨੂੰ ਤਾਂ ਇਹ ਜਾਣਿਆ 'ਚਾਨਣ',
ਕਿ ਅੱਜਕਲ੍ਹ ਦੇ ਜ਼ਮਾਨੇ ਵਿਚ ਵੀ, ਪੂਜਣ-ਯੋਗ ਬੰਦੇ ਨੇ ।

3
ਮੇਰੇ ਤੜਪਾਣ ਵਾਲੇ ਸ਼ਿਅਰ ਨੇ, ਉਹ ਮੇਰੀਆਂ ਜੱਧਰਾਂ,
ਜੋ ਹੋਈਆਂ ਰਾਖ਼ ਤੇਰੇ ਹਿਜਰ ਦੀ ਭੱਠੀ 'ਚ ਸੜ ਸੜ ਕੇ ।

4
ਬਿਨ ਆਸਰੇ ਵੀ "ਚਾਨਣ" ਰਹਿੰਦੇ ਨੇ ਰਹਿਣ ਵਾਲੇ,
ਜਿੱਦਾਂ ਅਡੋਲ ਧਰਤੀ-ਅੰਬਰ ਖਲੋ ਰਹੇ ਨੇ ।

5
ਭਲਾ ਕਦਾ ਉਹ ਪੁੱਜਣਗੇ ਮੰਜ਼ਿਲ ਤੇ ਜਾ ਕੇ,
ਅਜੇ ਤੱਕ ਜੋ ਤੇਰਾ ਪਤਾ ਟੋਲਦੇ ਨੇ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ