Punjabi Poetry : Bushra Naaz
ਪੰਜਾਬੀ ਗ਼ਜ਼ਲਾਂ ਤੇ ਕਵਿਤਾਵਾਂ : ਬੁਸ਼ਰਾ ਨਾਜ਼
ਅੰਬਰਾਂ ਉੱਤੇ ਚਮਕਣ ਤਾਰੇ ਐਧਰ ਵੀ ਤੇ ਓਧਰ ਵੀ
ਅੰਬਰਾਂ ਉੱਤੇ ਚਮਕਣ ਤਾਰੇ ਐਧਰ ਵੀ ਤੇ ਓਧਰ ਵੀ। ਇਕੋ ਵਰਗੇ ਹਨ ਨਜ਼ਾਰੇ ਐਧਰ ਵੀ ਤੇ ਓਧਰ ਵੀ। ਦੋਨਾਂ ਪਾਸੇ ਇਕੋ ਜਿਹੇ ਹਾਲਾਤ ਵਿਚਾਰੇ ਲੋਕਾਂ ਦੇ, ਰੋ ਰੋ ਮਾੜੇ ਕਰਨ ਗੁਜ਼ਾਰੇ ਐਧਰ ਵੀ ਤੇ ਓਧਰ ਵੀ। ਚੜ੍ਹਦੇ ਲਹਿੰਦੇ ਦੋਵੇਂ ਪਾਸੇ ਅਣਖ਼ਾਂ ਸੂਲ਼ੀ ਚੜ੍ਹੀਆਂ ਨੇ, ਸੁਫ਼ਨੇ ਹੋਗੇ ਮਿੱਟੀ ਗਾਰੇ ਐਧਰ ਵੀ ਤੇ ਓਧਰ ਵੀ। ਸੱਤਰ ਸਾਲ ਤੋਂ ਅੱਖੀਆਂ ਦੇ ਵਿੱਚ ਹੰਝੂ ਚੁੱਕੀ ਫਿਰਨੇ ਆਂ, ਕੋਈ ਨਈਂ ਦਿੰਦਾ ਖ਼੍ਵਾਬ ਉਧਾਰੇ ਐਧਰ ਵੀ ਤੇ ਓਧਰ ਵੀ। ਜ਼ਖ਼ਮਾਂ ਦੀ ਓਹ ਫ਼ਸਲ ਵੀ ਇੱਕ ਦਿਨ ਆਪਣੇ ਹੱਥੀਂ ਵੱਢਣਗੇ, ਨਫ਼ਰਤ ਦੇ ਜਿਸ ਬੀਜ ਖਿਲਾਰੇ ਐਧਰ ਵੀ ਤੇ ਓਧਰ ਵੀ। ਧੀਆਂ ਪੁੱਤਰ ਮਾਵਾਂ ਨਾਲੋਂ ਵਿੱਛੜੇ ਵੰਡ ਝਮੇਲੇ ਵਿੱਚ, ਦਿਲ ਮਾਵਾਂ ਦਾ ਤਾਹਾਂ ਮਾਰੇ ਐਧਰ ਵੀ ਤੇ ਓਧਰ ਵੀ। ਸੋਹਣਿਆ ਰੱਬਾ ਅਮਨ ਦੀ ਆਸ਼ਾ ਖਿਲਰ ਜਾਵੇ ਹਰ ਪਾਸੇ, ਇਕ ਦੂਜੇ ਨੂੰ ਕੋਈ ਨਾ ਮਾਰੇ ਐਧਰ ਵੀ ਤੇ ਓਧਰ ਵੀ। ਮੌਜਾਂ ਮਾਣਦੇ ਪਏ ਨੇ ਬੁਸ਼ਰਾ ਹਾਕਮ ਦੋਵੇਂ ਪਾਸੇ ਦੇ, ਖ਼ਲਕਤ ਦੇ ਲਈ ਨਿੱਤ ਖ਼ਸਾਰੇ ਐਧਰ ਵੀ ਤੇ ਓਧਰ ਵੀ।
ਵਿਹੜੇ ਦੇ ਵਿੱਚ ਇਕ ਦਿਨ ਆਇਆ
ਵਿਹੜੇ ਦੇ ਵਿੱਚ ਇਕ ਦਿਨ ਆਇਆ ਸੰਗਦਾ ਸੰਗਦਾ ਇਸ਼ਕ। ਮੈਂ ਪੁੱਛਿਆ ਤੇ ਆਖਣ ਲੱਗਾ ਮੈਂ ਆਂ ਝੰਗ ਦਾ ਇਸ਼ਕ। ਸਿਖ਼ਰ ਦੁਪਹਿਰੇ ਨੰਗੇ ਪੈਰੀਂ ਮੌਜ ‘ਚ ਲੁੱਡੀਆਂ ਪਾਉਂਦਾ, ਅੱਜ ਮੈਂ ਆਪਣੇ ਅੱਖੀਂ ਤੱਕਿਆ ਇੱਕ ਮਲੰਗ ਦਾ ਇਸ਼ਕ। ਅੱਖਾਂ ਵਿੱਚ ਲਿਸ਼ਕਾਰੇ ਮਾਰੇ ਮੁੜ ਮੁੜ ਉਹਨੂੰ ਤੱਕਾਂ, ਕਾਲੇ ਰੰਗ ਦੇ ਬੋਰਡ ਤੇ ਲਿਖਿਆ ਚਿੱਟੇ ਰੰਗ ਦਾ ਇਸ਼ਕ। ਹੋ ਸਕਦਾ ਏ ਨਿਭ ਜਾਵੇ ਪਰ ਡਰ ਲਗਦਾ ਏ ਸੁਣਕੇ, ਪੱਥਰਾਂ ਨਾਲ਼ ਤੇ ਨਿਭ ਨਈਂ ਸਕਦਾ ਕੱਚੀ ਵੰਗ ਦਾ ਇਸ਼ਕ। ਇਸ਼ਕ ਇਸ਼ਕ ਦਾ ਰੌਲਾ ਪਾਉਣਾ ਚੰਗੀ ਗੱਲ ਨਈਂ ਮੁੜ ਜਾ, ਏਹ ਵੀ ਚੇਤੇ ਰੱਖੀਂ ਬੁਸ਼ਰਾ ਸੂਲ਼ੀ ਟੰਗਦਾ ਇਸ਼ਕ।
ਸਦਕੇ ਜਾਵਾਂ ਤੇਰੇ ਤੋਂ
ਸਦਕੇ ਜਾਵਾਂ ਤੇਰੇ ਤੋਂ। ਲੈ ਜਾ ਮੈਨੂੰ ਮੇਰੇ ਤੋਂ। ਵਾਏ ਚੰਗਾ ਕੀਤਾ ਨਈਂ, ਉੱਡਿਆ ਕਾਗ ਬਨੇਰੇ ਤੋਂ। ਇਹ ਜੋ ਸ਼ਾਮੀਂ ਡੁੱਬਦਾ ਏ, ਸੂਰਜ ਡਰਦਾ ‘ਨ੍ਹੇਰੇ ਤੋਂ। ਪਾਣੀ ਪਾਣੀਉਂ ਪਾਣੀ ਏ, ਡੂੰਘੇ ਘੁੰਮਣ ਘੇਰੇ ਤੋਂ। ਬੁਸ਼ਰਾ ਮੰਗਿਆਂ ਮਿਲਣਾ ਨਈਂ, ਖੋਹ ਲੈ ਹੱਕ ਵਡੇਰੇ ਤੋਂ।
ਸਹਾਰਾ ਜਿਸ ਕਿਸੇ ਦਾ ਵੀ ਮੈਨੂੰ ਦਰਕਾਰ ਸੀ ਚੁੱਪ ਸੀ
ਸਹਾਰਾ ਜਿਸ ਕਿਸੇ ਦਾ ਵੀ ਮੈਨੂੰ ਦਰਕਾਰ ਸੀ ਚੁੱਪ ਸੀ। ਜਿਹੜਾ ਵੀ ਪਿਆਰ ਸੀ ਦਿਲਦਾਰ ਸੀ ਗ਼ਮਖ਼ਾਰ ਸੀ ਚੁੱਪ ਸੀ। ਕਹਾਣੀ ਵਧ ਰਹੀ ਸੀ ਆਖ਼ਰੀ ਮੰਜ਼ਿਲ ਵਿਖਾਉਣ ਵੱਲ, ਉਹਦੇ ਵਿੱਚ ਉਹ ਜਿਹੜਾ ਇਕ ਮਰਕਜ਼ੀ ਕਿਰਦਾਰ ਸੀ ਚੁੱਪ ਸੀ। ਉਡੀਕਣ ਹਾਰ ਸਨ ਮੰਜ਼ਿਲ ਦੇ ਜਾਨੋਂ ਬੋਲਦੇ ਰਸਤੇ, ਪਰ ਉਨ੍ਹਾਂ ਵਿੱਚ ਜੋ ਸਾਡੇ ਲਈ ਜ਼ਰਾ ਦੁਸ਼ਵਾਰ ਸੀ ਚੁੱਪ ਸੀ। ਗਵਾਹੀ ਦੇ ਰਹੀ ਸੀ ਸਾਰੀ ਪਰ੍ਹਿਆ ਬੇਗੁਨਾਹੀ ਦੀ, ਜੀਹਦਾ ਨਾ ਬੋਲਣਾ ਉਸ ਵਕਤ ਸਾਡੀ ਹਾਰ ਸੀ ਚੁੱਪ ਸੀ। ਨਿੱਕੇ ਜਿਹੇ ਝੂਠ ਨੇ ਉਹਦੇ ਲਬਾਂ ਤੋਂ ਲਫ਼ਜ਼ ਇੰਝ ਖੋਹ ਏ, ਗਏ ਸਮਿਆਂ ਚ ਅੰਤਾਂ ਦਾ ਜੋ ਖ਼ੁਸ਼ ਗੁਫ਼ਤਾਰ ਸੀ ਚੁੱਪ ਸੀ। ਇਕੋ ਅੰਜਾਮ ਸੀ ਚਾਹਤ ਦੇ ਹਰ ਨਾਕਾਮ ਕਿੱਸੇ ਦਾ, ਵਫ਼ਾ ਦੀ ਮਰਸੀਆ ਖ਼ਵਾਨੀ ਤੋਂ ਦਿਲ ਬੇਜ਼ਾਰ ਸੀ ਚੁੱਪ ਸੀ। ਨਵੇਂ ਲੋਕਾਂ ਨਵੀਂ ਬੋਲੀ ਚ ਮੈਥੋਂ ਵਾਕਫ਼ੀ ਮੰਗੀ, ਪੁਰਾਣੇ ਸ਼ਹਿਰ ਵਿਚ ਮੇਰਾ ਜੋ ਵਾਕਫ਼ਕਾਰ ਸੀ ਚੁੱਪ ਸੀ। ਹੁੰਗਾਰਾ ਵੀ ਨਾ ਭਰਿਆ ਉਸ ਨੇ ਮੇਰੀ ਕਹਾਣੀ ਤੇ, ਹਕੀਕਤ ਵਿੱਚ ਮੇਰੇ ਦੁੱਖ ਦਾ ਜੋ ਜ਼ਿੰਮੇਦਾਰ ਸੀ ਚੁੱਪ ਸੀ। ਜ਼ਮਾਨੇ ਮੇਰੇ ਮੁੱਖ ਤੋਂ ਪੜ੍ਹ ਲਈਆਂ ਸਨ ਮੇਰੀਆਂ ਖ਼ਬਰਾਂ, ਤੇ ਬੁਸ਼ਰਾ ਨਾਜ਼ ਜਿਵੇਂ ਮੈਂ ਕੋਈ ਅਖ਼ਬਾਰ ਸੀ ਚੁੱਪ ਸੀ।
ਆਪਣੀ ਮੈਂ ਨੂੰ ਮਾਰ ਕੇ ਦੱਬਣਾ ਪੈਂਦਾ ਏ
ਆਪਣੀ ਮੈਂ ਨੂੰ ਮਾਰ ਕੇ ਦੱਬਣਾ ਪੈਂਦਾ ਏ। ਹੱਸ ਕੇ ਦੁੱਖ ਦਾ ਟੁੱਕਰ ਚੱਬਣਾ ਪੈਂਦਾ ਏ। ਫੇਰ ਗੁਆਚ ਨਾ ਜਾਵਾਂ ਇਹ ਸਮਝਾਉਣ ਲਈ, ਰੋਜ਼ ਈ ਆਪਣੇ ਆਪ ਨੂੰ ਲੱਭਣਾ ਪੈਂਦਾ ਏ। ਕਿੱਡੀ ਭੈੜੀ ਗੱਲ ਏ ਉੱਚਿਆਂ ਹੋਵਣ ਲਈ, ਅੱਡੀਆਂ ਚੁੱਕ ਚੁੱਕ ਉਸ ਨਾਲ਼ ਫੱਬਣਾ ਪੈਂਦਾ ਏ। ਹੋਰ ਕਿਸੇ ਨਾਲ ਤਾਕਤ ਨਈਂ ਜੇ ਲੜਨੇ ਦੀ, ਗੱਲ ਗੱਲ ਉੱਤੇ ਰੱਬ ‘ਨਾ ਲੜਨਾ ਪੈਂਦਾ ਏ। ਘੱਟ ਤੋਂ ਘੱਟ ਵੀ ਚੰਗੇ ਸ਼ਿਅਰ ਨੂੰ ਸੋਚਣ ਲਈ, ਇੱਕ ਮਿਸਰੇ ਤੇ ਦੋ ਦਿਨ ਯੱਭਣਾ ਪੈਂਦਾ ਏ। ਦੂਜਾ ਨਾਂ ਏਂ ਬੁਸ਼ਰਾ ਨਾਜ਼ ਮੁਹੱਬਤ ਦਾ, ਬੁਸ਼ਰਾ ਨਾਜ਼ ਨੂੰ ਦਿਲ ਨਾਲ਼ ਲੱਭਣਾ ਪੈਂਦਾ ਏ।
ਭਾਵੇਂ ਮੁੱਖ ਤੇ ਖ਼ੁਸ਼ਹਾਲੀ ਦੀ ਲਾਲੀ ਏ
ਭਾਵੇਂ ਮੁੱਖ ਤੇ ਖ਼ੁਸ਼ਹਾਲੀ ਦੀ ਲਾਲੀ ਏ ਨੈਣਾਂ ਦਾ ਕਸ਼ਕੋਲ ਅਜੇ ਵੀ ਖ਼ਾਲੀ ਏ ਪਹਿਲੀ ਲੇਨ ਚ ਓਸ ਫਿਰ ਲਿਖਿਆ ਆਵਾਂਗਾ ਬਾਕੀ ਖ਼ਤ ਦਾ ਸਾਰਾ ਵਰਕਾ ਖ਼ਾਲੀ ਏ ਤੇਰੀ ਅੱਖ ਚ ਪਾਣੀ ਵੇਖ ਕੇ ਲਗਦਾ ਏ ਦੁਨੀਆ ਤੇਰੀ ਅੱਖ ਚੋਂ ਨਿਕਲਣ ਵਾਲੀ ਏ ਜਿਹੜੀ ਗੱਲ ਤੇ ਮੈਨੂੰ ਸੋਚਣ ਲਾਇਆ ਈ ਵੈਸੇ ਇਹ ਗੱਲ ਤੇਰੇ ਸੋਚਣ ਵਾਲੀ ਏ ਆਪਣੇ ਆਪ ਨੂੰ ਅਸਲੀ ਸਮਝਣ ਵਾਲੇ ਲੋਕ ਜਾਅਲ੍ਹੀ ਸ਼ੈਅ ਨੂੰ ਕਹਿ ਨਹੀਂ ਸਕਦੇ ਜਾਅਲ੍ਹੀ ਏ ਮੈਨੂੰ ਅਪਣਾ ਆਪ ਗਵਾਚਾ ਲਗਦਾ ਏ ਬੁਸ਼ਰਾ ਮੈਂ ਤੇ ਜਦ ਦੀ ਹੋਸ਼ ਸੰਭਾਲੀ ਏ
ਰੋੜ ਗ਼ਮਾਂ ਦੇ ਅੱਖ ਵਿਚ ਪੀਹਣੇ ਪੈਂਦੇ ਨੇਂ
ਰੋੜ ਗ਼ਮਾਂ ਦੇ ਅੱਖ ਵਿੱਚ ਪੀਹਣੇ ਪੈਂਦੇ ਨੇ। ਜੀਵਨ, ਸੌਖੇ ਥੋੜ੍ਹੀ ਜੀਣੇ ਪੈਂਦੇ ਨੇ। ਆਪੇ ਆਪਣੀ ਨਿੰਦਿਆ ਕਰਨੀ ਪੈਂਦੀ ਏ, ਪਾਟੇ ਗਲ਼ਮੇ ਆਪ ਈ ਸੀਣੇ ਪੈਂਦੇ ਨੇ। ਜ਼ਹਿਰ ਤੋਂ ਕੌੜੇ ਹੁੰਦੇ ਘੁੱਟ ਵਿਛੋੜੇ ਦੇ, ਪੀ ਨਹੀਂ ਹੁੰਦੇ, ਫਿਰ ਵੀ ਪੀਣੇ ਪੈਂਦੇ ਨੇ। ਦੁੱਖ ਲਿਫ਼ਾਫ਼ੇ ਦੇ ਵਿੱਚ ਕਿੰਨੀਆਂ ਮਾਵਾਂ ਦੇ, ਪਾਉਣੇ ਪੈਣ ਤੇ ਪੁੱਛਿਆ ਧੀ ਨੇ ਪੈਂਦੇ ਨੇ। ਰਾਹਵਾਂ ਮੱਲ ਕੇ ਬੈਠੇ ਨੇ ਹਲ਼ਕਾਏ ਹੋਏ, ਲੰਘਦੇ ਵੜਦੇ ਰੋਜ਼ ਕਮੀਨੇ ਪੈਂਦੇ ਨੇ। ਬੁਸ਼ਰਾ ਫੱਟ ਤੇ ਹਰ ਕੋਈ ਲਾਂਦਾ ਫਿਰਦਾ ਏ, ਉਸ ਨੂੰ ਪੁੱਛੋ ਜਿਸ ਨੂੰ ਸੀਣੇ ਪੈਂਦੇ ਨੇ।
ਗੱਲ ਨੂੰ ਠੱਪਾਂ ਜਾਂ ਭੜਕਾਵਾਂ ਮੇਰੀ ਮਰਜ਼ੀ
ਗੱਲ ਨੂੰ ਠੱਪਾਂ ਜਾਂ ਭੜਕਾਵਾਂ ਮੇਰੀ ਮਰਜ਼ੀ ਅੱਗ ਲਾਵਾਂ ਜਾਂ ਮਿੱਟੀ ਪਾਵਾਂ ਮੇਰੀ ਮਰਜ਼ੀ ਅੰਨ੍ਹੇ ਬੰਦੇ ਕੋਲੋਂ ਸ਼ਹਿਰ ਦਾ ਰਸਤਾ ਪੁੱਛਾਂ ਜਾਂ ਬੋਲ਼ੇ ਨੂੰ ਸ਼ਿਅਰ ਸੁਣਾਵਾਂ ਮੇਰੀ ਮਰਜ਼ੀ ਉਹਨੇ ਮਿੰਨਤਾਂ ਤਰਲੇ ਕਰ ਕਰ ਮੈਨੂੰ ਸੱਦਿਆ ਹੁਣ ਮੈਂ ਜਾਵਾਂ ਜਾਂ ਨਾ ਜਾਵਾਂ ਮੇਰੀ ਮਰਜ਼ੀ ਜੀਹਦੇ ਕੋਲੋਂ ਧੋਖਾ ਖਾਧਾ ਜਾਣ ਕੇ ਪਹਿਲਾਂ ਫੇਰ ਉਹਦੇ ਤੋਂ ਧੋਖਾ ਖਾਵਾਂ ਮੇਰੀ ਮਰਜ਼ੀ ਧਾਹਾਂ ਮਾਰ ਕੇ ਰੋਵਾਂ ਉਹਦੇ ਜਾਣ ਦਾ ਸੁਣ ਕੇ ਜਾਂ ਫਿਰ ਬੁਸ਼ਰਾ ਲੁੱਡੀਆਂ ਪਾਵਾਂ ਮੇਰੀ ਮਰਜ਼ੀ
ਜੀ ਪੈਂਦਾ ਏ ਬੰਦਾ ਮੋਇਆ ਸੋਚ ਕੇ ਤੈਨੂੰ
ਜੀ ਪੈਂਦਾ ਏ ਬੰਦਾ ਮੋਇਆ ਸੋਚ ਕੇ ਤੈਨੂੰ। ਭਰ ਜਾਂਦਾ ਏ ਦਿਲ ਦਾ ਟੋਇਆ ਸੋਚ ਕੇ ਤੈਨੂੰ। ਪਹਿਰੇ ਉਤੇ ਪਹਿਰੇ ਲਾ ਕੇ ਬੈਠੀ ਸਾਂ ਪਰ, ਦਿਲ ਅੱਖਾਂ ਨਾਲ਼ ਰਲ਼ ਕੇ ਰੋਇਆ ਸੋਚ ਕੇ ਤੈਨੂੰ। ਸੁੱਖ ਦਾ ਵੇਲ਼ਾ ਕਸਮ ਏ ਰੱਬ ਦੀ ਸੁੱਖ ਦਾ ਵੇਲ਼ਾ, ਮੈਂ ਕਿਸਮਤ ਦੇ ਹੱਥੋਂ ਖੋਇਆ ਸੋਚ ਕੇ ਤੈਨੂੰ। ਉਹਦੇ ਆਉਣ ਦਾ ਸੁਣ ਕੇ ਕਲੀਆਂ ਖਿੜ ਖਿੜ ਹੱਸੀਆਂ, ਖ਼ਾਰਾ ਪਾਣੀ ਮਿੱਠਾ ਹੋਇਆ ਸੋਚ ਕੇ ਤੈਨੂੰ। ਨ੍ਹੇਰੇ ਘੋਰ ਦੇ ਰਹਿ ਗਏ ਬੁਸ਼ਰਾ ਦੂਰ ਖਲੋਤੇ, ਸੂਰਜ ਨੇੜੇ ਆਣ ਖਲੋਇਆ ਸੋਚ ਕੇ ਤੈਨੂੰ।
ਜਿਹੜੀ ਅੱਖ ਨੇ ਸੱਜਣਾ ਮੈਨੂੰ ਵੇਖ ਲਿਆ
ਜਿਹੜੀ ਅੱਖ ਨੇ ਸੱਜਣਾ ਮੈਨੂੰ ਵੇਖ ਲਿਆ। ਉਹ ਇਹ ਸਮਝੇ ਉਹਨੇ ਤੈਨੂੰ ਵੇਖ ਲਿਆ। ਦਿਲ ਵਿੱਚ ਚੁੱਭੀ ਪੈਰ ‘ਚ ਚੁੱਭਣ ਵਾਲੀ ਸ਼ੈਅ, ਇਸ਼ਕ ‘ਚ ਕਾਹਨੂੰ ਮੈਂ ਕੰਡੇ ਨੂੰ ਵੇਖ ਲਿਆ। ਮਾਂ ਨੇ ਪੁੱਛਿਆ ਅੰਨ੍ਹੀ ਹੋਈ ਫਿਰਨੀ ਏਂ, ਕਿਵੇਂ ਦੱਸਾਂ ਅੱਜ ਮੈਂ ਕਿਸ ਨੂੰ ਵੇਖ ਲਿਆ। ਆਪਣੇ ਆਪ ਨੂੰ ਕੋਝਾ ਜਾਣ ਕੇ ਲੁਕਦੀ ਰਹੀ, ਚੰਗਾ ਹੋਇਆ ਉਹਨੇ ਮੈਨੂੰ ਵੇਖ ਲਿਆ। ਖ਼ਵਰੇ ਕੀ ਬਣਨਾ ਏਂ ਮੇਰੀਆਂ ਅੱਖੀਆਂ ਦਾ, ਜਿਸ ਦਿਨ ਇਹਨਾਂ ਸੱਚੀਂ ਤੈਨੂੰ ਵੇਖ ਲਿਆ। ਕਿੱਥੇ ਰੱਖ ਬੈਠੀ ਆਂ ਆਪਣੇ ਆਪ ਨੂੰ ਮੈਂ, ਬੁਸ਼ਰਾ ਘਰ ਦੇ ਹਰ ਖੂੰਜੇ ਨੂੰ ਵੇਖ ਲਿਆ।
ਗ਼ਜ਼ਲ ਚਿਤਰਃ ਗੁਰਭਜਨ ਗਿੱਲ
ਗ਼ਜ਼ਲ ਤੇਰੀ ਦਾ ਇੱਕ ਇੱਕ ਮਿਸਰਾ ਲੁੱਟੇ ਚੈਨ ਕਰਾਰ। ਫੁੱਲਾਂ ਦੀ ਖ਼ੁਸ਼ਬੂ ਇੰਨ੍ਹਾਂ ਵਿੱਚ ਕਲੀਆਂ ਦੀ ਮਹਿਕਾਰ। ਗ਼ਜ਼ਲ ਤੇਰੀ ਨੂੰ ਪੜ੍ਹ ਕੇ ਹੈਰਤ, ਹੈਰਤ ਦੇ ਵਿੱਚ ਡੁੱਬੇ, ਤੇਰਾ ਹਰ ਇਕ ਸ਼ਿਅਰ ਏ ਹੁੰਦਾ ਅਨਮੁੱਲਾ ਸ਼ਾਹਕਾਰ। ਨਜ਼ਮ ਤੇਰੀ ਦੇ ਸੀਨੇ ਉੱਤੇ ਪੀੜਾਂ ਉੱਗੀਆਂ ਜਾਪਣ, ਖ਼ੋਰੇ ਕਿਹੜਾ ਦਰਦ ਲੁਕਾ ਕੇ ਬਣਿਆ ਏਂ ਫ਼ਨਕਾਰ। ਤੇਰੇ ਮਿੱਤਰ ਤੇਰੇ ਬਾਰੇ ਇਹੋ ਗੱਲ ਨੇਂ ਕਹਿੰਦੇ, ਮਾਂ ਬੋਲੀ ਨੂੰ ਤੇਰੇ ਵਰਗੇ ਪੁੱਤਰ ਨੇਂ ਦਰਕਾਰ। ਹਰਫ਼ਾਂ ਰਾਹੀਂ ਨਿੱਤ ਦੁਆ "ਗੁਰਭਜਨ ਗਿੱਲ" ਹੋਰਾਂ ਨੂੰ, ਬੁਸ਼ਰਾ ਉਹਦੇ ਲੇਖ ਨੇਂ ਸੋਹਣੇ, ਸੋਹਣਾ ਏ ਕਿਰਦਾਰ।
ਰੱਬਾ ਉਹਦੇ ਕਾਬਲ ਕਰ ਦੇ
ਰੱਬਾ ਉਹਦੇ ਕਾਬਲ ਕਰ ਦੇ। ਜਾਂ ਫਿਰ ਮੈਨੂੰ ਪਾਗ਼ਲ ਕਰ ਦੇ। ਜੇ ਉਹ ਹਾਸਿਲ ਹੋ ਨਹੀਂ ਸਕਦਾ, ਹਰ ਹਾਸਿਲ ਲਾ ਹਾਸਿਲ ਕਰ ਦੇ। ਇਸ਼ਕ ਅਦਾਰਾ ਖੋਲ੍ਹਣ ਵਾਲੇ, ਮਾੜੇ ਬਾਲ ਨਹੀਂ ਦਾਖ਼ਲ ਕਰਦੇ। ਜਿਹੜੇ ਤੈਨੂੰ ਚੰਗੇ ਲੱਗਣ, ਉਨ੍ਹਾਂ ਦੇ ਵਿੱਚ ਸ਼ਾਮਿਲ ਕਰ ਦੇ। ਸੂਰਜ ਅੱਖਾਂ ਮੀਟ ਲਵੇਗਾ, ਬੁਸ਼ਰਾ ਆਪਣਾ ਆਂਚਲ ਕਰ ਦੇ।
ਅੰਬਾਂ ਦੀ ਵਾੜ ਵੱਢ ਕੇ ਅੱਕਾਂ ਨੂੰ ਲਾ ਦਿਆਂ
ਅੰਬਾਂ ਦੀ ਵਾੜ ਵੱਢ ਕੇ ਅੱਕਾਂ ਨੂੰ ਲਾ ਦਿਆਂ। ਚੁੰਨੀਂ ਕਰੇਪ ਦੀ ਕਿਵੇਂ ਕਿੱਕਰਾਂ ਤੇ ਪਾ ਦਿਆਂ। ਮੰਨਿਆ ਮੇਰੀ ਮਜ਼ਾਲ ਨਈਂ ਦਿਲ ਦਾ ਖ਼ਿਆਲ ਏ, ਰੱਬਾ ਤੇਰੇ ਜਹਾਨ ਨੂੰ ਚੁੱਲ੍ਹੇ ਚ ਡਾਹ ਦਿਆਂ। ਮਰਜ਼ੀ ਮੇਰੀ ਮੈਂ ਜਿਸ ਨੂੰ ਰੱਖਾਂ ਸੰਭਾਲ਼ ਕੇ, ਮਰਜ਼ੀ ਮੇਰੀ ਮੈਂ ਜਿਸ ਨੂੰ ਚਾਹਵਾਂ ਭੁਲਾ ਦਿਆਂ। ਦਿਲ ਏ ਘੁਮਾ ਕੇ ਕੰਧ ਚ ਮਾਰਾਂ ਕਿਸੇ ਦੀ ਆਸ, ਆਹੋ ਤੇ ਕਿਉਂ ਨਾ ਪਿਆਰ ਦਾ ਕਿੱਸਾ ਈ ਮੁਕਾ ਦਿਆਂ। ਲਿਖ ਕੇ ਕਿਸੇ ਨੇ ਲਾਲ ਸਿਆਹੀ ਨਾਲ ਭੇਜਿਆ, ਬੁਸ਼ਰਾ ਮੈਂ ਦਿਲ ਦੀ ਆਸ ਨੂੰ ਸੂਲ਼ੀ ਚੜ੍ਹਾ ਦਿਆਂ।
ਕਿਹੜੇ ਕੰਮੇ ਲਾ ਜਾਂਦਾ ਏ ਪਹਿਲੀ ਵਾਰ ਦਾ ਮਿਲਣਾ
ਕਿਹੜੇ ਕੰਮੇ ਲਾ ਜਾਂਦਾ ਏ ਪਹਿਲੀ ਵਾਰ ਦਾ ਮਿਲਣਾ। ਦਿਲ ਨੂੰ ਪੜ੍ਹਨੇ ਪਾ ਜਾਂਦਾ ਏ ਪਹਿਲੀ ਵਾਰ ਦਾ ਮਿਲਣਾ। ਕੋਸ਼ਿਸ਼ ਕਰ ਕਰ ਵੱਖ ਕਰਨੀ ਆਂ ਜ਼ਿਹਨ ਤੋਂ ਭੋਰਾ ਜਿੰਨਾ, ਮੁੜ ਕੇ ਚੇਤੇ ਆ ਜਾਂਦਾ ਏ ਪਹਿਲੀ ਵਾਰ ਦਾ ਮਿਲਣਾ। ਅੱਖਾਂ ਤੱਕ ਤੱਕ ਅੰਨ੍ਹੀਆਂ ਹੋ ਜਾਣ ਪਰਤ ਕੇ ਫੇਰ ਨਹੀਂ ਆਉਂਦਾ, ਝੂਠਾ ਲਾਰਾ ਲਾ ਜਾਂਦਾ ਏ ਪਹਿਲੀ ਵਾਰ ਦਾ ਮਿਲਣਾ। ਸੱਜਣਾਂ ਦਿਲ ਨੂੰ ਚੁੱਪ ਚੁਪੀਤੇ ਭੋਰਾ ਭੋਰਾ ਕਰਕੇ, ਅੰਦਰੋ ਅੰਦਰੀ ਖਾ ਜਾਂਦਾ ਏ ਪਹਿਲੀ ਵਾਰ ਦਾ ਮਿਲਣਾ। ਕੀ ਦੱਸਾਂ ਮੈਂ ਦੂਜੀ ਵਾਰ ਦੀ ਮੋਹਲਤ ਹੀ ਨਹੀਂ ਦਿੰਦਾ, ਅਸਲੋਂ ਮਾਰ ਮੁਕਾ ਜਾਂਦਾ ਏ ਪਹਿਲੀ ਵਾਰ ਦਾ ਮਿਲਣਾ। ‘ਨ੍ਹੇਰੇ ਦੀ ਥਾਂ ਠੁੱਡਾ ਖਾ ਕੇ ਗੁੰਮ ਸੁੰਮ ਟੁਰਦੇ ਟੁਰਦੇ, ਅੱਖਾਂ ਮੂਹਰੇ ਆ ਜਾਂਦਾ ਏ ਪਹਿਲੀ ਵਾਰ ਦਾ ਮਿਲਣਾ। ਬੁਸ਼ਰਾ ਉਹੋ ਹੱਥ ਨਹੀਂ ਆਉਂਦਾ ਮੁੜ ਕੇ ਕੁੱਲ ਹਯਾਤੀ, ਜੀਹਦੇ ਹੱਥ ‘ਚ ਆ ਜਾਂਦਾ ਏ ਪਹਿਲੀ ਵਾਰ ਦਾ ਮਿਲਣਾ।
ਜੇ ਲੱਜਪਾਲ ਮੁਹੱਬਤ ਕਰੀਏ
ਜੇ ਲੱਜਪਾਲ ਮੁਹੱਬਤ ਕਰੀਏ। ਕੀਹਦੇ ਨਾਲ਼ ਮੁਹੱਬਤ ਕਰੀਏ। ਅੱਖਾਂ ਪਾੜ ਕੇ ਵੇਖੇ ‘ਨ੍ਹੇਰਾ, ਬੱਤੀਆਂ ਬਾਲ ਮੁਹੱਬਤ ਕਰੀਏ। ਵੇਖ ਲਵਾਂਗੇ ਜੋ ਹੋਵੇਗਾ, ਹੁਣ ਫ਼ਿਲਹਾਲ ਮੁਹੱਬਤ ਕਰੀਏ। ਅੱਖਾਂ ਮੀਟ ਕੇ ਨਫ਼ਰਤ ਉੱਤੇ, ਪਾ ਦੇ ਜਾਲ਼ ਮੁਹੱਬਤ ਕਰੀਏ। ਜਿਵੇਂ ਮਰਜ਼ੀ ਹਿਜਰ ਨਿਖੱਤਾ, ਮਗਰੋਂ ਟਾਲ਼ ਮੁਹੱਬਤ ਕਰੀਏ। ਇਹ ਵੀ ਮੈਨੂੰ ਆਪੇ ਦੱਸ ਦੇ, ਕਿੰਨੇ ਸਾਲ ਮੁਹੱਬਤ ਕਰੀਏ। ਸੱਜਣਾ ਸਾਨੂੰ ਘੁੱਟਕੇ ਲਾ ਲੈ, ਸੀਨੇ ਨਾਲ਼ ਮੁਹੱਬਤ ਕਰੀਏ। ਸਾਹਵਾਂ ਦਾ ਇਤਬਾਰ ਨਾ ਬੁਸ਼ਰਾ, ਛੇਤੀ ਨਾਲ਼ ਮੁਹੱਬਤ ਕਰੀਏ।
ਲੱਗਦਾ ਏ ਹੁਣ ਇੱਸਰਾਂ ਸੱਚ ਦੀ ਰੀਤ ਨਿਭਾਉਣੀ ਪਏਗੀ
ਲੱਗਦਾ ਏ ਹੁਣ ਇੱਸਰਾਂ ਸੱਚ ਦੀ ਰੀਤ ਨਿਭਾਉਣੀ ਪਏਗੀ। ਗਜਰੇ ਵਾਲੀਆਂ ਬਾਹਾਂ ਨੂੰ ਤਲਵਾਰ ਉਠਾਉਣੀ ਪਏਗੀ। ਮੂੰਹੋਂ ਗੱਲ ਨੂੰ ਕੱਢਣ ਲੱਗਿਆਂ ਇਹ ਗੱਲ ਚੇਤੇ ਰੱਖੀਂ, ਸਿਰ ਭਾਵੇਂ ਲੱਥ ਜਾਵੇ ਤੈਨੂੰ ਗੱਲ ਵਿਆਹੁਣੀ ਪਏਗੀ। ਬਾਗ਼ ਉਜਾੜਨ ਵਾਲਿਆਂ ਦਾ ਜੇ ਲੋਕਾਂ ਰਾਹ ਨਾ ਡੱਕਿਆ, ਕੰਧਾਂ ਉੱਤੇ ਫੁੱਲਾਂ ਦੀ ਤਸਵੀਰ ਬਣਾਉਣੀ ਪਏਗੀ। ਅੱਗ ਨੇ ਸਾੜਨ ਲੱਗਿਆਂ ਤੇਰਾ ਘਰ ਵੀ ਨਹੀਓਂ ਛੱਡਣਾ, ਜਿਹੜੀ ਅੱਗ ਤੂੰ ਹੱਥੀਂ ਲਾਈ ਆਪ ਬੁਝਾਉਣੀ ਪਏਗੀ। ਨਫ਼ਰਤ ਦੇ ਮਾਹੌਲ ‘ਚ ਬੁਸ਼ਰਾ ਸਾਥੋਂ ਰਹਿ ਨਹੀਂ ਹੋਣਾ, ਸਾਨੂੰ ਹੁਣ ਇੱਕ ਪਿਆਰ ਦੀ ਬਸਤੀ ਆਪ ਵਸਾਉਣੀ ਪਏਗੀ।
ਦਿਲ ਦਾ ਵਿਹੜਾ ਵੱਸ ਪਵੇ ਪਰ ਕਿੱਥੋਂ?
ਦਿਲ ਦਾ ਵਿਹੜਾ ਵੱਸ ਪਵੇ ਪਰ ਕਿੱਥੋਂ? ਇੱਕ ਵਾਰੀ ਉਹ ਹੱਸ ਪਵੇ ਪਰ ਕਿੱਥੋਂ? ਉਹਦੇ ਤੀਕਰ ਉੱਡ ਕੇ ਅੱਪੜ ਜਾਵਾਂ, ਜੇਕਰ ਉਹਦੀ ਦੱਸ ਪਵੇ ,ਪਰ ਕਿੱਥੋਂ? ਖੁੱਲ੍ਹੀਆਂ ਬਾਹਵਾਂ ਦੇ ਨਾਲ ਹੋਕਾ ਦੇਵਾਂ, ਉਹ ਮੇਰੇ ਵੱਲ ਨੱਸ ਪਵੇ, ਪਰ ਕਿੱਥੋਂ? ਮੈਂ ਚਾਹੁੰਦੀ ਆਂ ਮੇਰੇ ਗ਼ਮ ਦਾ ਬੱਦਲ, ਉਹਦੀ ਅੱਖ ‘ਚੋਂ ਵੱਸ ਪਵੇ,ਪਰ ਕਿੱਥੋਂ? ਹਰ ਪਲ ਉਹਦੀਆਂ ਸੋਚਾਂ ਯਾਦਾਂ ਵਾਲਾ, ਦਿਲ ਵਿੱਚ ਨਾ ਘੜਮੱਸ ਪਵੇ, ਪਰ ਕਿੱਥੋਂ? ਜਾਵਣ ਵਾਲਾ ਜੇ ਬੁਸ਼ਰਾ ਮੁੜ ਆਵੇ, ਲਗਰਾਂ ਦੇ ਵਿੱਚ ਰਸ ਪਵੇ, ਪਰ ਕਿੱਥੋਂ?
ਕੀ ਪੁੱਛਦੇ ਓ ਕਾਂ ਦਾ ਮਤਲਬ
ਕੀ ਪੁੱਛਦੇ ਓ ਕਾਂ ਦਾ ਮਤਲਬ। ਝੂਠੇ ਖ਼ਬਰ ਰਸਾਂ ਦਾ ਮਤਲਬ। ਬੱਕ ਬੱਕ ਜੇ ਮੈਂ ਨਾ ਸਮਝਾ ਤੇ, ਕੀ ਸਮਝਾ ਕਾਂ ਕਾਂ ਦਾ ਮਤਲਬ। ਖ਼ੌਰੇ ਕਿਉਂ ਦਿਲ ਵੈਰੀ ਸਮਝੇ, ਸੱਜਣਾਂ ਦੇ ਸੱਜਣਾਂ ਦਾ ਮਤਲਬ। ਜੰਨਤ ਦੇ ਵਿੱਚ ਥਾਂ ਵਰਗਾ ਏ, ਉਹਦੇ ਦਿਲ ਵਿੱਚ ਥਾਂ ਦਾ ਮਤਲਬ। ਇਕ ਦਿਨ ਮੇਰੇ ਦਿਲ ਵਿਚ ਆਇਆ, ਧੁੱਪ ਤੋਂ ਪੁੱਛਾਂ ਛਾਂ ਦਾ ਮਤਲਬ। ਬਿਨ ਸੋਚੇ ਮੈਂ ਦੱਸ ਸਕਦੀ ਆਂ, ਰੱਬ ਹੁੰਦਾ ਏ ਮਾਂ ਦਾ ਮਤਲਬ। ਬੁਸ਼ਰਾ ਆਖ਼ਰਕਾਰ ਮੈਂ ਬੁੱਝਿਆ, ਉਹਦੀ ਨਾਂ ਚੋਂ ਹਾਂ ਦਾ ਮਤਲਬ।
ਸਾਡੇ ਸ਼ੌਕ ਗੁਲਾਬਾਂ ਹਾਰ ਸਨ
ਸਾਡੇ ਸ਼ੌਕ ਗੁਲਾਬਾਂ ਹਾਰ ਸਨ ਕੰਡਿਆਂ ਨਾਲ਼ ਖਹਿ ਗਏ। ਅਸੀਂ ਸੀ ਨਾ ਕੀਤੀ ਫੇਰ ਵੀ ਸਭ ਹੱਸ ਕੇ ਸਹਿ ਗਏ। ਸਾਨੂੰ ਰੀਤ ਰਿਵਾਜ ਦੇ ਨਾਮ ਤੇ ਜੱਗ ਕੈਦ ਸੁਣਾਈ, ਅਸੀਂ ਪੈਰੀਂ ਸੰਗਲ ਪਾ ਲਏ ਚੁੱਪ ਕਰਕੇ ਬਹਿ ਗਏ। ਦਿਲ ਰੋਇਆ ਧਾਹਾਂ ਮਾਰ ਕੇ ਫ਼ਿਰ ਅੰਦਰੋਂ ਅੰਦਰੀਂ, ਕੁੱਝ ਰੋਗ ਕਿਸੇ ਦੀ ਸਿੱਕ ਦੇ ਸਾਨੂੰ ਕਰਨ ਉਦਾਸੇ। ਕੋਈ ਹਾਸੇ ਖੋਹ ਕੇ ਲੈ ਗਿਆ ਵਿੱਚ ਹਾਸੇ ਹਾਸੇ। ਜਦੋਂ ਇਸ਼ਕਾ ਤੇਰੀ ਹੋਂਦ ਦੇ ਵੱਧ ਗਏ ਸਿਆਪੇ। ਅਸੀਂ ਹੱਥੀਂ ਸੂਲੀਆਂ ਗੱਡੀਆਂ ਤੇ ਚੜ੍ਹ ਗਏ ਆਪੇ। ਕੋਈ ਆਵੇ ਐਸਾ ਮਾਂਦਰੀ ਜੋ ਕੀਲੇ ਤੈਨੂੰ, ਅਸੀਂ ਬੇਪਰਵਾਹਾ ਜਿੱਤਣਾ ਹਰ ਹੀਲੇ ਤੈਨੂੰ।
ਪੁੱਛਣ ਲੋਕ ਨਿਮਾਣੇ ਰੱਬਾ
ਪੁੱਛਣ ਲੋਕ ਨਿਮਾਣੇ ਰੱਬਾ। ਸੌਖੇ ਦਿਨ ਨਹੀਂ ਆਣੇ ਰੱਬਾ। ਜੇ ਮਜ਼ਦੂਰੀ ਪੂਰੀ ਲੱਭੇ, ਕਾਹਨੂੰ ਰੋਣ ਨਿਆਣੇ ਰੱਬਾ। ਮੁੜ ਮੁੜ ਕਾਹਨੂੰ ਉਂਗਰ ਜਾਂਦੇ, ਲੱਗੇ ਫੱਟ ਪੁਰਾਣੇ ਰੱਬਾ। ਅਸੀਂ ਆਂ ਤੇਰੇ ਸਾਦੇ ਬੰਦੇ, ਲੋਕੀਂ ਬਹੁਤ ਸਿਆਣੇ ਰੱਬਾ। ਹਾਕਮ ਨੂੰ ਤੌਫ਼ੀਕ ਅਤਾ ਕਰ, ਸਾਡਾ ਰੋਗ ਪਛਾਣੇ ਰੱਬਾ। ਮਾੜੇ ਦੀ ਕੋਠੀ ਵੀ ਭਰ ਦੇ, ਬਹੁਤੇ ਸਾਰੇ ਦਾਣੇ ਰੱਬਾ। ਬੁਸ਼ਰਾ ਵਾਂਗਰ ਸਭ ਨੂੰ ਆਵਣ, ਕੀਤੇ ਕੌਲ ਨਿਭਾਣੇ ਰੱਬਾ।
ਦੁੱਖ ਦੀ ਸ਼ਾਲ ‘ਚ ਸਾਰੇ ਮੌਸਮ ਆਉਂਦੇ ਨੇ
ਦੁੱਖ ਦੀ ਸ਼ਾਲ ‘ਚ ਸਾਰੇ ਮੌਸਮ ਆਉਂਦੇ ਨੇ। ਇਸ਼ਕ ਧਮਾਲ ‘ਚ ਸਾਰੇ ਮੌਸਮ ਆਉਂਦੇ ਨੇ। ਦਿਲ ਵੀ ਆਖ਼ਰ ਉਹਦੀ ਚਾਲ ‘ਚ ਆਇਆ ਏ, ਜੀਹਦੀ ਚਾਲ ‘ਚ ਸਾਰੇ ਮੌਸਮ ਆਉਂਦੇ ਨੇ। ਤੇਰੀਆਂ ਗੱਲਾਂ ਕਰਨ ਦੇ ਬਹਾਨੇ ਲਾਉਨੀ ਆਂ, ਇੰਜ ਫਿਰ ਯਾਦ ‘ਚ ਸਾਰੇ ਮੌਸਮ ਆਉਂਦੇ ਨੇ। ਮੈਂ ‘ਕੱਲੀ ਨਹੀਂ ਆਉਂਦੀ ਇਹ ਗੱਲ ਪੱਕੀ ਏ, ਉਹਦੀ ਭਾਲ ‘ਚ ਸਾਰੇ ਮੌਸਮ ਆਉਂਦੇ ਨੇ। ਉਹਦਿਆਂ ਹੱਥਾਂ ਦੇ ਵਿੱਚ ਚੰਗਾ ਲੱਗਦਾ ਏ, ਜਿਸ ਰੁਮਾਲ ‘ਚ ਸਾਰੇ ਮੌਸਮ ਆਉਂਦੇ ਨੇ। ਉਹਦਿਆਂ ਆਇਆਂ ਦਿਲ ਦਾ ਮੌਸਮ ਖਿੜਦਾ ਏ, ਉਂਝ ਤੇ ਸਾਲ ‘ਚ ਸਾਰੇ ਮੌਸਮ ਆਉਂਦੇ ਨੇ। ਬੁਸ਼ਰਾ ਜਿਸ ਖ਼ਿਆਲ ਨੇ ਪਾਗ਼ਲ ਕੀਤੀ ਏ, ਓਸ ਖ਼ਿਆਲ ‘ਚ ਸਾਰੇ ਮੌਸਮ ਆਉਂਦੇ ਨੇ।
ਮਨਮੋਹਣੇ ਤੇ ਮਸਤਾਨੇ ਤੇ
ਮਨਮੋਹਣੇ ਤੇ ਮਸਤਾਨੇ ਤੇ। ਜੱਗ ਹੱਸਦਾ ਦਿਲ ਦੀਵਾਨੇ ਤੇ। ਜੀ ਕਰਦਾ ਏ ਮੈਂ ਮਰ ਜਾਵਾਂ, ਮੈਂ ਮਰ ਜਾਵਾਂ ਮਰ ਜਾਣੇ ਤੇ। ਜਿੰਦ ਛੁੱਟ ਗਈ ਮੁਫ਼ ਚ ਸ਼ੱਮਾਂ ਦੀ, ਆਰੋਪ ਲੱਗਾ ਪਰਵਾਨੇ ਤੇ। ਯਾਦਾਂ ਦਾ ਬੱਦਲ ਗੱਜਦਾ ਏ, ਮੀਂਹ ਵੱਸਦਾ ਏ ਸਿਰਹਾਣੇ ਤੇ। ਰੂਹ ਹੱਸ ਪੈਂਦੀ ਤੂੰ ਵੇਖੇਂ ਤੇ, ਦਿਲ ਰੋ ਪੈਂਦਾ ਤੇਰੇ ਜਾਣੇ ਤੇ। ਛੱਡ ਬੁਸ਼ਰਾ ਵੇਲਾ ਬੀਤ ਗਿਆ, ਕੀ ਲੱਭਣਾ ਏਂ ਪਛਤਾਣੇ ਤੇ।
ਦੋ ਦਿਲ ‘ਕੱਠੇ ਧੜਕਣਗੇ
ਦੋ ਦਿਲ ‘ਕੱਠੇ ਧੜਕਣਗੇ। ਧੁੱਪੇ ਬੱਦਲ ਗੜ੍ਹਕਣਗੇ। ਜੇ ਤਾਬੀਰਾਂ ਨਾ ਮਿਲੀਆਂ, ਸੁਫ਼ਨੇ ਅੱਖ ਵਿੱਚ ਰੜਕਣਗੇ। ਜਾਲ ਕਦੋਂ ਇਹ ਫਾਹੀਆਂ ਨੇ, ਕਿੰਨਾ ਕੁ ਚਿਰ ਫੜਕਣਗੇ। ‘ਵਾ ਲੱਗਣ ਦੀ ਦੇਰ ਏ ਬੱਸ, ਜੋ ਧੁਖਦੇ ਨੇ ਭੜਕਣਗੇ। ਬੁਸ਼ਰਾ ‘ਵਾ ਪਈ ਦੱਸਦੀ ਏ, ਉੱਚੇ ਬੂਹੇ ਖੜਕਣਗੇ।
ਗੀਤ : ਸਾਡਾ ਮਾਣ ਪੰਜਾਬੀ
ਸਾਡੀ ਇੱਜ਼ਤ ਸਾਡੀ ਅਜ਼ਮਤ ਸਾਡਾ ਮਾਣ ਪੰਜਾਬੀ। ਇਹਦੇ ਦਮ ਨਾਲ ਸਾਹ ਨੇ ਸਾਡੇ ਸਾਡੀ ਜਾਨ ਪੰਜਾਬੀ। ਮਾਂ ਬੋਲੀ ਦਾ ਆਦਰ ਕਰਕੇ ਲੋਕਾਂ ਨਾਮ ਕਮਾਏ। ਵਲੀਆਂ, ਸੂਫ਼ੀਆਂ ਮਾਂ ਬੋਲੀ ਵਿੱਚ ਉੱਚੇ ਰੁਤਬੇ ਪਾਏ। ਆਪਣੇ ਬੋਲਣਹਾਰਾਂ ਨੂੰ ਇਹ ਵੰਡਦੀ ਸ਼ਾਨ ਪੰਜਾਬੀ। ਵਾਰਸ ਸ਼ਾਹ ਫ਼ਰੀਦ ਤੇ ਬਾਹੂ ਇਹਨੂੰ ਰੰਗ ਚੜ੍ਹਾਏ। ਮੀਆਂ ਮੁਹੰਮਦ ਬਖ਼ਸ਼ ਨੇ ਇਹਦੇ ਰੁਤਬੇ ਹੋਰ ਵਧਾਏ। ਇਸ਼ਕ ਦੇ ਘੁੰਗਰੂ ਬੰਨ੍ਹ ਕੇ ਰੁਸੜਾ ਯਾਰ ਮਨਾਉਣ ਪੰਜਾਬੀ। ਦੇਸ ਪੰਜਾਬ ਦੇ ਅਣਖ਼ੀ ਪੁੱਤਰਾਂ ਇਸ਼ਕ ਨਮਾਜ਼ ਚਾ ਲੀਤੀ। ਨਾਨਕ ਸਾਹਿਬ ਹੋਰਾਂ ਨੇ ਵੀ ਇਹਦੀ ਸੇਵਾ ਕੀਤੀ। ਕਿਉਂ ਨਾ ਇਸ ਮਿੱਠੀ ਬੋਲੀ ਦੇ ਸਦਕੇ ਜਾਣ ਪੰਜਾਬੀ। ਗਿਣਤੀ ਦੇ ਅੱਖਰਾਂ ਵਿੱਚ ਕਿੱਦਾਂ ਅੱਜ ਵਿਚਾਰਾਂ ਸਦੀਆਂ। ਮੇਰੇ ਸਾਹਮਣੇ ਖਿੱਲਰੀਆਂ ਪਈਆਂ ਅੱਜ ਹਜ਼ਾਰਾਂ ਸਦੀਆਂ। ਲਹੂ ਨਾਲ ਲਿਖਤਾਂ ਲਿਖ ਕੇ ਇਸ ਦਾ ਮਾਣ ਵਧਾਣ ਪੰਜਾਬੀ। ਆਜ਼ਾਦੀ ਦੀ ਬੇੜੀ ਨੂੰ ਇਹ ਦੇਂਦੇ ਰਹੇ ਸਹਾਰੇ। ਦੇਸ ਦੀ ਧਰਤੀ ਜਦ ਵੀ ਕਿਧਰੇ ‘ਵਾਜ਼ ਇਨ੍ਹਾਂ ਨੂੰ ਮਾਰੇ। ਜਾਨਾਂ ਆਪਣੀਆਂ ਕਰ ਦੇਂਦੇ ਨੇ ਫਿਰ ਕੁਰਬਾਨ ਪੰਜਾਬੀ। ਸਾਡੇ ਆਪਣੇ ਬਣ ਜਾਂਦੇ ਨੇ ਜਿਹੜੇ ਹੋਣ ਪਰਾਏ। ਪਿਆਰ ਭਰੱਪਣ ਵਾਲੇ ਜ਼ਜ਼ਬੇ ਜੱਗ ਨੂੰ ਅਸਾਂ ਸਿਖਾਏ। ਅੱਜ ਵੀ ਇਕ ਦੂਜੇ ਨਾਲ ਬੁਸ਼ਰਾ ਪੱਗ ਵਟਾਣ ਪੰਜਾਬੀ।