Punjabi Poetry : Bismil Faridkoti
ਪੰਜਾਬੀ ਕਵਿਤਾਵਾਂ : ਬਿਸਮਿਲ ਫ਼ਰੀਦਕੋਟੀ
ਭਗਤ ਸਿੰਘ ਦੀ 'ਮੜ੍ਹੀ'
ਕਿਨਾਰੇ ਸ਼ਾਂਤ ਸਤਲੁਜ ਦੇ ਭਿਆਨਕ ਚੁੱਪ ਹਰ ਪਾਸੇ, ਜਿਵੇਂ ਡੈਣਾਂ ਦੇ ਸਿਰ ਖੁੱਲ੍ਹੇ, ਹਨੇਰੀ ਰਾਤ ਇਉਂ ਭਾਸੇ। ਕਿਤੇ ਗਿੱਦੜ ਹੁਆਂਕਣ ਪਏ, ਕਿਤੇ ਕਲਜੋਗਣਾਂ ਬੋਲਣ, ਚੜੇਲਾਂ ਲਹੂ ਤਿਹਾਈਆਂ ਪਿਆਲੇ ਖੂਨ ਦੇ ਟੋਲਣ। ਇਸ ਦੁਰਦਸ਼ਾ ਅੰਦਰ, ਮੈਂ ਭਗਤ ਸਿੰਘ ਦੀ ਮੜ੍ਹੀ ਵੇਖੀ, ਕੁੜੀ ਇਕ ਜੋਗਣਾ ਜੇਹੀ ਸਦੀ ਮੜ੍ਹੀ ਤੇ ਖੜ੍ਹੀ ਵੇਖੀ। ਕੁੜੀ ਕੀ ਸੀ, ਅਰਸ਼ ਦੀ ਹੂਰ ਲਗਦੀ ਸੀ, ਤੇ ਖੋਹ ਕੇ ਚੱਨ ਦੇ ਕੋਲੋਂ ਲੈ ਆਈ ਨੂਰ ਲਗਦੀ ਸੀ। ਪਰ ਸਹਾਰੇ ਗਲ ਉਸਦੇ ਲੀਰਾਂ ਦਾ ਪਿਆ ਛੱਜ ਡਿੱਠਾ ਮੈਂ, ਕਦੇ ਪਹਿਲਾਂ ਨਹੀਂ ਸੀ ਹਾਲ ਉਸਦਾ ਜੋ ਅੱਜ ਡਿੱਠਾ ਮੈਂ। ਉਹਦੇ ਪੈਰਾਂ ਤੇ ਛਾਲੇ ਸਨ, ਉਹਦੇ ਨੈਣਾਂ ਚ ਪਾਣੀ ਸੀ। ਉਹਦੇ ਸੰਧੂਰ ਦੇ ਉਤੇ, ਕਿਸੇ ਨੇ ਅੱਗ ਛਾਣੀ ਸੀ। ਅਤਰ ਭਿੱਜੇ ਉਹਦੇ ਵਾਲਾਂ 'ਚ ਕਿਸੇ ਨੇ ਬੁੱਕ ਰੇਤ ਦਾ ਪਾਇਆ, ਉਹਦੀ ਛਾਤੀ 'ਚ ਗੱਡਿਆ ਮੈਨੂੰ ਇਕ ਖੰਜਰ ਨਜਰ ਆਇਆ। ਉਹਦੀ ਹਰ ਚੀਖ ਅਸਮਾਨਾਂ ਦੇ ਪਰਦੇ ਪਾੜਦੀ ਜਾਵੇ, ਉਹਦੇ ਹਉਕਿਆਂ ਦੀ ਗਰਮੀਂ,ਪਰਬਤਾਂ ਦੇ ਸੀਨੇ ਸਾੜਦੀ ਜਾਵੇ। ਉਹਦਾ ਅੱਥਰੂ ਜਿੱਥੇ ਵੀ ਡਿਗਦਾ, ਧਰਤ ਨੂੰ ਅੱਗ ਲੱਗ ਜਾਂਦੀ, ਉਹਨੂੰ ਜੋ ਵੀ ਵਿੰਹਦਾ, ਉਹਦੀ ਅੱਖ ਵਗ ਜਾਂਦੀ। ਉਹਦੇ ਨੈਣਾਂ 'ਚੋਂ ਰੱਤ ਚੋਅ ਕੇ, ਮੜ੍ਹੀ ਤੇ ਰੁੜ੍ਹਿਆ ਜਾਂਦਾ ਸੀ। ਵਹਿਣ ਸਤਿਲੁਜ ਦਾ ਘਬਰਾ ਕੇ ਪਿਛਾਂਹ ਨੂੰ ਮੁੜਿਆ ਜਾਂਦਾ ਸੀ। ਉਹ ਮੜ੍ਹੀ ਨੂੰ ਪਾ ਕੇ ਗਲਵੱਕੜੀ, ਅੱਥਰੂ ਰੋਲੀ ਜਾਂਦੀ ਸੀ, ਉਹ ਕੁੜੀ ਸੀ ਆਜਾਦੀ ਦੀ, ਤੇ ਇੰਜ ਬੋਲੀ ਜਾਂਦੀ ਸੀ। "ਮੇਰੇ ਸਰਦਾਰ ਤੇਰੇ ਦਰ ਤੇ ਮੈਂ ਮੰਗਣ ਖੈਰ ਆਈਂ ਹਾਂ, ਨਿਰਾਸ਼ੀ ਮੋੜ ਨਾ ਦੇਵੀਂ, ਮੈਂ ਨੰਗੇ ਪੈਰ ਆਈ ਹਾਂ। ਵੇ ਮੈਂ ਕੇਸਾਂ ਤੋਂ ਹੱਥ ਪਾ ਕੇ, ਹਿਮਾਲਾ ਤੋਂ ਘਸੀਟੀ ਗਈ, ਮੇਰੇ ਸੀਨੇ ਚ ਅੱਗ ਲੱਗੀ, ਮੇਰੀ ਅਜ਼ਮਤ ਹੈ ਲੁੱਟੀ ਗਈ। ਤੂੰ ਲੰਮੀ ਤਾਣ ਕੇ ਨਾਂ ਸੌਂ ਮੇਰਾ ਸੰਧੂਰ ਲੁੱਟ ਚੱਲਿਐ, ਚਮਨ ਦੇ ਮਾਲੀਆ ਅੰਬੀਆਂ ਦਾ ਆਇਆ ਬੂਰ ਲੁੱਟ ਚੱਲਿਐ। ਖਿਲਾਰੀ ਕੇਸ ਕਲ ਜੋਗਣ, ਦੰਦੀਆਂ ਪੀਂਹਦੀ ਆਉਂਦੀ। 'ਗੁਲਾਮੀ ਹਾਂ' 'ਗੁਲਾਮੀ ਹਾਂ' ਇਹ ਉੱਚੀ ਕੂਕਦੀ ਆਉਂਦੀ । ਇਹ ਕਹਿੰਦੀ ਹੈ, ਅਜਾਦੀ ਦੀ ਪਰੀ ਹੁਣ ਬਚ ਨਹੀ ਸਕਦੀ, ਗੁਲਾਮੀ ਹਾਂ ਮੈਂ, ਮੇਰੇ ਸਾਵੇਂ ਅਜਾਦੀ ਹੱਸ ਨਹੀ ਸਕਦੀ। ਪਰ ਤੇਰੇ ਸਾਵੇਂ ਇਹ ਮੇਰਾ ਖੂਨ ਪੀਵੇ ਇਹ ਹੋ ਨਹੀ ਸਕਦਾ, ਮੈਂ ਮਰ ਜਾਵਾਂ, ਗੁਲਾਮੀ ਫਿਰ ਜੀਵੇ, ਇਹ ਹੋ ਨਹੀ ਸਕਦਾ। ਸਮਾਂ ਹੈ ਜਾਗ ਪੈ, ਨਹੀ ਤਾਂ ਇੱਜਤ ਨਿਲਾਮ ਹੋਵੇਗੀ, ਕਿਸੇ ਪਿੰਡੀ 'ਚ ਦਿਨ ਚੱੜ੍ਹੂ ਕਿਦੇ ਦਿੱਲੀ ਤੇ ਸ਼ਾਮ ਹੋਵੇਗੀ। ਇਹ ਕਹਿਕੇ ਉਸਨੇ ਗਸ਼ ਖਾਧੀ ਤੇ ਮੱਥਾ ਮੜ੍ਹੀ ਤੇ ਵੱਜਿਆ, ਮੜ੍ਹੀ ਫੱਟ ਗਈ ਤੇ ਵਿਚ ਪਿਆ ਸਰਦਾਰ ਇਉਂ ਗੱਜਿਆ। "ਖਬਰਦਾਰ! ਐ ਵੱਤਨ ਵਾਲਿਉ ਸੁਨੇਹਾ ਮੈਂ ਪਹੁੰਚਾਂਦਾ ਹਾਂ, ਕਵੀ ਹਾਂ ਮੈਂ ਵਤਨ ਦਾ, ਮੈਂ ਵਤਨ ਦਾ ਭਾਰ ਲਾਉਂਦਾ ਹਾਂ। ਕਿਹਾ ਸੀ ਭਗਤ ਸਿੰਘ ਨੇ ਸੁਣੋ ਨਲੂਏ ਦੇ ਯਾਰੋ, ਸੁਣੋ ਝਾਂਸੀ ਦੀ ਅਣਖੋ, ਸੁਣੋ ਸਰਾਭੇ ਦੇ ਸਰਦਾਰੋ, ਗੁਰਦੱਤ ਬਣ ਕੇ ਸਰਬਾਲਾ ਜਦੋਂ ਮੈਂ ਘੋੜੀ ਤੇ ਚੜ੍ਹਿਆ ਸੀ, ਤੁਸਾਂ ਤੱਕਿਆ ਸੀ, ਫਾਂਸੀ ਤੇ ਖੜੇ ਹੋਕੇ ਵੀ ਸ਼ਗਨ ਹੱਥਾਂ ਚ ਫੜਿਆ ਸੀ। ਤੁਸਾਂ ਤੱਕਿਆ ਸੀ, ਤਿੰਨਾ ਦੀ ਜਦੋਂ ਬਰਾਤ ਜਾਂਦੀ ਸੀ, ਵੱਤਨ ਵਾਲਿਉ, ਅਜਾਦੀ ਦੀ ਕੁੜੀ ਸਿਰ ਦੇ ਕੇ ਲੈ ਆਂਦੀ ਸੀ। ਇਸੇ ਖੁਸ਼ੀ ਵਿਚ ਸੱਤਲੁਜ ਦੇ ਕੰਢੇ ਦੀਪ ਬਾਲੇ ਸਨ, ਉਹ ਭੋਲੇ ਜੋ ਕਹਿੰਦੇ ਨੇ ਸਾਡੇ ਜਿਸਮ ਜਾਲੇ ਸਨ। ਮੈਂ ਆਖਦਾਂ ਵਤਨ ਵਾਲਿਉ, ਕੀ ਪੜਦਾ ਅਨਖ ਦਾ ਪਾੜ ਦਿੱਤਾ ਹੈ, ਰੱਤਾ ਹੋਸ਼ ਵਿਚ ਆਉ, ਤੁਹਾਡਾ ਗੁਲਸ਼ਨ ਸਾੜ ਦਿੱਤਾ ਹੈ। ਜਵਾਂ ਮਰਦੋ, ਬੱਬਰ ਸ਼ੇਰੋ, ਤੁਹਾਥੋਂ ਸ਼ਰਨ ਮੰਗਦਾ ਹਾਂ, ਆਪਣੀ ਜਾਨ ਦੇ ਬਦਲੇ ਬਸ ਇਕੋ ਪਰਨ ਮੰਗਦਾਂ ਹਾਂ। ਉਠਾ ਕੇ ਸਿਰ ਇਉਂ ਆਖੋ ਕਿਰਤ ਦੀ ਲਾਜ ਰੱਖਾਂਗੇ, ਕਟਾ ਦੇਵਾਂਗੇ ਸਿਰ ਕਿਰਤ ਸਿਰ ਤਾਜ ਰੱਖਾਂਗੇ ਕਿਰਤ ਸਿਰ ਤਾਜ ਰੱਖਾਂਗੇ!!!!
ਭੇਸ ਬਦਲ ਕੇ ਲੱਖ ਆਵੇਂ, ਪਹਿਚਾਣ ਲਵਾਂਗੇ
ਭੇਸ ਬਦਲ ਕੇ ਲੱਖ ਆਵੇਂ ਪਹਿਚਾਣ ਲਵਾਂਗੇ । ਤੇਰੇ ਦਿਲ ਦੀਆਂ ਗੁੱਝੀਆਂ ਰਮਜ਼ਾਂ ਜਾਣ ਲਵਾਂਗੇ । ਅੰਦਰੋਂ ਬਾਹਰੋਂ ਕਹਿਣੀ ਤੇ ਕਰਨੀ ਵਿਚ ਅੰਤਰ, ਅਸੀਂ ਨਜ਼ਰ ਦੇ ਛਾਣਨਿਆਂ ਥੀਂ ਛਾਣ ਲਵਾਂਗੇ । ਜਜ਼ਬੇ ਚੋਂ ਜਦ ਆਤਮ ਬਲ ਦੀ ਸੋਝੀ ਉਪਜੂ ਨਰਕਾਂ ਵਿਚ ਵੀ ਸੁਰਗ ਹੁਲਾਰਾ ਮਾਣ ਲਵਾਂਗੇ । ਕੁਦਰਤ ਦੀ ਰੂਹ ਵਿੱਚ ਸਮੋ ਕੇ ਰੂਹ ਅਪਣੀ ਭੇਤ ਅਗੰਮੀ ਸ਼ਕਤੀ ਦੇ ਸਭ ਜਾਣ ਲਵਾਂਗੇ । ਸਮਝੋ ਦੂਰ ਅਦਿੱਖ ਸ਼ੈ , ਜੋ ਪਰਤੱਖ ਨਹੀਂ ਹੈ ਉਸ ਨੂੰ ਮੰਨਣ ਤੋਂ ਪਹਿਲੋਂ ਪਰਮਾਣ ਲਵਾਂਗੇ । ਗਰਦਿਸ਼ ਦੇ ਝਟਕੇ ਨਾ ਜਦੋਂ ਸਹਾਰੇ ਜਾਸਣ ਤੇਰੀ ਜ਼ੁਲਫ਼ ਦੀ ਛਾਵੇਂ ਲੰਮੀਆਂ ਤਾਣ ਲਵਾਂਗੇ ।
ਰੁਬਾਈਆਂ
ਅੰਨ੍ਹੇ ਦਿਆਂ ਨੈਣਾਂ ਚ ਖ਼ੁਮਾਰ ਆਇਆ ਏ । ਗੰਜੀ ਨੂੰ ਵੀ ਕੰਘੀ ਤੇ ਪਿਆਰ ਆਇਆ ਏ । ਵੇਚੇ ਸੀ ਜਿਨ੍ਹਾ ਨੇ ਸ਼ਹੀਦਾਂ ਦੇ ਕਫ਼ਨ ਉਨ੍ਹਾ ਦਾ ਵਜ਼ੀਰਾਂ ਚ ਸ਼ੁਮਾਰ ਆਇਆ ਏ । ਇਸ ਬਾਗ਼ ਦਾ ਹਰ ਫੁੱਲ ਤੇ ਬ੍ਰਿਖ ਅਪਣਾ ਏ। ਹਰ ਹਿੰਦੂ, ਮੁਸਲਮਾਨ ਤੇ ਸਿੱਖ ਅਪਣਾ ਏ। ਇੱਕ ਦੂਜੇ ਦੇ ਗ਼ਲ ਪਿਆਰ ਦੀ ਕੰਘੀ ਪਾ ਕੇ; ਐ ਹਿੰਦੀਓ ਨੱਚੋ ਕਿ ਭਵਿੱਖ ਅਪਣਾ ਏ ! ਸ਼ਰਮਾ ਕੇ ਅਤੇ ਨੀਵੀਆਂ ਪਾ ਕੇ ਨਾ ਚਲਾ। ਹਾੜ੍ਹਾ ਈ ਕਿ ਨਜ਼ਰਾਂ ਨੂੰ ਝੁਕਾ ਕੇ ਨਾ ਚਲਾ। ਨਜ਼ਦੀਕ ਹੀ ਬੈਠੇ ਹਾਂ ਕੋਈ ਦੂਰ ਨਹੀਂ, ਤੀਰ ਏਦਾਂ ਕਮਾਨਾਂ ਨੂੰ ਲਿਫਾ ਕੇ ਨਾ ਚਲਾ। ਹਮਦਰਦ ਵਿਚਾਰੇ ਵੀ ਸਰਕ ਜਾਂਦੇ ਨੇ। ਹਿੰਮਤ ਦੇ ਹੁੰਗਾਰੇ ਵੀ ਸਰਕ ਜਾਂਦੇ ਨੇ। ਪੈ ਜੇ ਤਰਕਾਲ਼ ਗ਼ਮਾਂ ਦੀ ਡੂੰਘੀ, ਆਕਾਸ਼ 'ਚੋਂ ਤਾਰੇ ਵੀ ਸਰਕ ਜਾਂਦੇ ਨੇ। ਹੱਕ ਸੱਚ ਦੀ ਪਰਭਾਤ ਬਣੇ ਫਿਰਦੇ ਨੇ । ਪੀਰਾਂ ਦੀ ਕਰਾਮਾਤ ਬਣੇ ਫਿਰਦੇ ਨੇ । ਸਰਮਾਏ ਦੇ ਜਾਦੂ ਦਾ ਤਮਾਸ਼ਾ ਵੇਖੋ ਜੱਲਾਦ ਵੀ ਸੁਕਰਾਤ ਬਣੇ ਫਿਰਦੇ ਨੇ । ਹੱਕ ਹੁਕਮ ਦਾ ਮੂਰਖ ਦੇ ਹਵਾਲੇ ਨਾ ਕਰੋ । ਮਨ ਫ਼ਰਜ਼ ਤੇ ਕਰਤੱਵ ਦੇ ਕਾਲੇ ਨਾ ਕਰੋ । ਬਲ ਜਾਏ ਨਾ ਇਨਸਾਫ਼ ਦੀ ਮਿੱਟੀ ਕਿਧਰੇ ਬਾਂਦਰ ਨੂੰ ਤਰਾਜ਼ੂ ਦੇ ਦਵਾਲੇ ਨਾ ਕਰੋ । ਹੈ ਦੌਰ ਨਵਾਂ, ਹੀਰ ਪੁਰਾਣੀ ਨਾ ਸੁਣੋ । ਦੁਖ ਚਾਕ ਦਾ ਸੈਦੇ ਦੀ ਜ਼ੁਬਾਨੀ ਨਾ ਸੁਣੋ । ਛੇੜੀ ਏ ਜ਼ਮਾਨੇ ਨੇ ਅਵਾਮਾਂ ਦੀ ਕਥਾ ਰਾਜੇ ਤੇ ਨਵਾਬਾਂ ਦੀ ਕਹਾਣੀ ਨਾ ਸੁਣੋ । ਕਾਮੇ ਦੇ ਕਲੇ਼ਜੇ ਦੀਆਂ ਆਹਾਂ ਤੋਂ ਡਰੋ ਗਹੁ-ਹੀਣ ਤੇ ਬਦਨੀਤ ਸਲਾਹਾਂ ਤੋਂ ਡਰੋ ਈਸ਼ਵਰ ਦੀ ਦਯਾ ਹੈ ਸਭ 'ਤੇ ਇਕੋ ਜਿਹੀ ਈਸ਼ਵਰ ਤੋਂ ਨਹੀਂ ਅਪਣੇ ਗੁਨਾਹਾਂ ਤੋਂ ਡਰੋ ਕੌਮ ਆਪਣੀ ਦਾ ਅੰਗ ਅੰਗ ਹੈ ਜਗਾਇਆ ਜਾਂਦਾ ਰੋਹ ਅਣਖ ਦੇ ਸਿਖਰੀਂ ਹੈ ਚੜ੍ਹਾਇਆ ਜਾਂਦਾ ਇਉਂ ਨਹੀਂ ਇਤਿਹਾਸ ਚਮਕਦਾ ਬਿਸਮਿਲ ਰੱਤ ਡੋਲ੍ਹ ਕੇ ਇਸ ਨੂੰ ਸਜਾਇਆ ਜਾਂਦਾ ਘੁੱਪ ਨ੍ਹੇਰ 'ਚ ਜਦ ਨੂਰ ਦਾ ਦਮ ਟੁੱਟਦਾ ਏ ਜਦ ਮਾਂਗ ਤੋਂ ਸੰਧੂਰ ਦਾ ਦਮ ਟੁੱਟਦਾ ਏ ਤਕਦੀਰ ਨਵੀਂ ਬਣਦੀ ਏ ਤਦ ਕੌਮਾਂ ਦੀ ਹਫ਼ ਹਫ਼ ਕੇ ਜਾਂ ਮਜ਼ਦੂਰ ਦਾ ਦਮ ਟੁੱਟਦਾ ਏ ਪਿੱਤਲ ਦੇ ਮਲੰਮੇ ਦੀ ਸਫਾਈ ਬਦਲੋ । ਝੂਠੇ ਜੋ ਸ਼ਹਿ ਦੇ ਉਹ ਸੱਚਾਈ ਬਦਲੋ । ਬਿਸਮਿਲ ਜੇ ਮਨੁੱਖਤਾ ਦੀਆਂ ਕਾਂਗਾਂ ਅੱਗੇ ਅੜਦੀ ਏ ਖੁਦਾਈ, ਤਾਂ ਖੁਦਾਈ ਬਦਲੋ । ਬਾਜ਼ੀ ਹੈ ਮਿਰੀ ਮਾਤ ਭਲਾ ਕਿੰਨਾ ਕੁ ਚਿਰ? ਹਰ ਪੈਰ ਨਵੀਂ ਘਾਤ ਭਲਾ ਕਿੰਨਾ ਕੁ ਚਿਰ ? ਰਾਤਾਂ ਨੂੰ ਮੇਰਾ ਆਹਲਣਾ ਫੂਕਣ ਵਾਲ਼ੇ, ਰੋਕੇਂਗਾ ਤੂੰ ਪ੍ਰਭਾਤ ਭਲਾ ਕਿੰਨਾ ਕੁ ਚਿਰ? ਰਹਿ ਜਾਂਦਾ ਏ ਚੱਕੀ ਦਾ ਪਰੋਲ਼ਾ ਬਣ ਕੇ! ਠੱਗਦਾ ਏ ਜੋ ਦੁਨੀਆਂ ਨੂੰ ਵਚੋਲ਼ਾ ਬਣ ਕੇ! ਦੁੱਧ ਮਾਂ ਦਾ ਸਫਲ ਕਰਦਾ ਏ ਉਹੋ ‘ਬਿਸਮਿਲ’ ਛਾ ਜਾਏ ਜੱਗ ’ਤੇ ਜੋ ਵਰੋਲ਼ਾ ਬਣ ਕੇ। ਰੁਕਿਆ ਹੋਇਆ ਸਾਹ ਹੋ ਕੇ ਰਵਾਂ ਮਚਲੇਗਾ। ਗਾਏਗੀ ਹਵਾ ਮਸਤ ਸਮਾਂ ਮਚਲੇਗਾ। ਠਿੱਲਣਗੀਆਂ ਕਈ ਸੋਹਣੀਆਂ ਕੱਚਿਆਂ ਉੱਤੇ, ਜਦ ਇਸ਼ਕ ਦੇ ਨੈਣਾਂ 'ਚੋਂ ਝਨਾਂ ਮਚਲੇਗਾ।
ਲੰਘੇ ਨੇ ਉਹ ਕੁਝ ਇਸ ਤਰ੍ਹਾਂ ਚੰਚਲ ਅਦਾ ਦੇ ਨਾਲ਼
ਲੰਘੇ ਨੇ ਉਹ ਕੁਝ ਇਸ ਤਰ੍ਹਾਂ ਚੰਚਲ ਅਦਾ ਦੇ ਨਾਲ਼ ਖ਼ੁਸ਼ਬੂ ਦੀ ਚੁਹਲ -ਮੁਹਲ ਹੈ ਠੰਡੀ ਹਵਾ ਦੇ ਨਾਲ਼ ਨੀਵੀਂ ਨਜ਼ਰ ਦੇ ਜਾਮ 'ਚੋਂ ਛਲਕਣ ਜੁਅਨੀਆਂ ਕੀਮਤ ਨਜ਼ਾਕਤਾਂ ਦੀ ਪੈਂਦੀ ਏ ਹਯਾ ਦੇ ਨਾਲ਼ ਆਏ ਖ਼ਬਰ ਨੂੰ ਨਾਲ਼ ਪਰ ਲੈ ਕੇ ਰਕੀਬ ਨੂੰ ਪੀਣਾ ਪਿਆ ਏ ਜ਼ਹਿਰ ਵੀ ਦਿਲ ਦੀ ਦਵਾ ਦੇ ਨਾਲ਼
ਕ੍ਰਾਂਤੀਕਾਰੀ
ਮੈਂ ਐਸਾ ਦੀਪ ਹਾਂ ਜਿਸ ਨੂੰ ਤੂਫ਼ਾਨਾਂ ਨੇ ਜਗਾਇਆ ਹੈ। ਮੈਂ ਉਹ ਨਗਮਾਂ ਜੋ ਲਹਿਰਾਂ ਨੇ ਕਿਨਾਰੇ ਨੂੰ ਸੁਣਾਇਆ ਹੈ। ਮੈਂ ਉਹ ਸ਼ੀਸ਼ਾ ਕਿ ਜਿਸ ਨੂੰ ਪੱਥਰਾਂ ਨੇ ਅਜ਼ਮਾਇਆ ਹੈ। ਮੈਂ ਉਹ ਨਾਅਰਾ ਕਿ ਮਨਸੂਰਾਂ ਜੋ ਚੜ੍ਹ ਸੂਲੀ ’ਤੇ ਲਾਇਆ ਹੈ।