ਬਿਸਮਿਲ ਫ਼ਰੀਦਕੋਟੀ (ਅਸਲ ਨਾਂ ਗਿਰਧਾਰੀ ਲਾਲ) (1 ਨਵੰਬਰ 1926-14 ਦਸੰਬਰ, 1974) ਕ੍ਰਾਂਤੀਕਾਰੀ ਪੰਜਾਬੀ ਕਵੀ ਸਨ । ਉਨ੍ਹਾਂ ਨੇ ਪੰਜਾਬੀ ਸ਼ਾਇਰੀ ਨੂੰ ਨਵੇਂ ਦਿਸਹੱਦੇ ਦਿੱਤੇ,
ਕਵਿਤਾ ਨੂੰ ਲੋਕ-ਚੇਤਨਾ ਨਾਲ ਜੋੜਿਆ ਤੇ ਰੁਬਾਈ ਨੂੰ ਇਕ ਸ਼ਕਤੀਸ਼ਾਲੀ ਸਿਨਫ਼ ਵਜੋਂ ਸਾਹਮਣੇ ਲਿਆਂਦਾ। ਉਨ੍ਹਾਂ ਦਾ ਜਨਮ ਪੰਡਿਤ ਪਾਲੀ ਰਾਮ ਦੇ ਘਰ ਪਿੰਡ ਢੋਲਣ ਸਤਾਈ ਚੱਕ (ਹੁਣ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਦਾ ਅਸਲ ਨਾਂ ਗਿਰਧਾਰੀ ਲਾਲ ਸੀ।ਉਨ੍ਹਾਂ ਦਾ ਬਚਪਨ ਤੰਗੀਆਂ-ਤੁਰਸ਼ੀਆਂ ‘ਚ ਗੁਜ਼ਰਿਆ। ਉਹ ਅਜੇ ਦਸਾਂ ਵਰ੍ਹਿਆਂ ਦੇ ਹੀ ਸਨ ਜਦੋਂ ਉਨ੍ਹਾਂ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ। ਦੋ ਵੱਡੇ ਭੈਣ-ਭਰਾ ਵੀ ਵਾਰੀ-ਵਾਰੀ ਤੁਰ ਗਏ। ਮਾਂ ਦੀ ਹੱਲਾਸ਼ੇਰੀ ਸਦਕਾ ਉਨ੍ਹਾਂ ਨੇ ਮਿਡਲ ਤਕ ਦੀ ਪੜ੍ਹਾਈ ਕੀਤੀ। ਛੋਟੀ ਉਮਰੇ ਹੀ ਉਨ੍ਹਾਂ ਨੂੰ ਪੈਸੇ ਕਮਾਉਣ ਲਈ ਸੰਘਰਸ਼ ਕਰਨਾ ਪਿਆ। ਉਨ੍ਹਾਂ ਨੇ ਸਵੈ-ਯਤਨਾਂ ਨਾਲ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਸੰਤਾਲੀ ‘ਚ ਪੱਛਮੀ ਪੰਜਾਬ ਤੋਂ ਉੱਜੜ ਕੇ ਭਾਰਤੀ ਪੰਜਾਬ ਆਉਣਾ ਪਿਆ। ਸੰਨ ੧੯੭੫ ਵਿੱਚ ਬਿਸਮਿਲ ਯਾਦਗਾਰੀ ਕਮੇਟੀ ਬਣੀ। ਨਵਰਾਹੀ ਘੁਗਿਆਣਵੀ ਤੇ ਕੁਝ ਹੋਰ ਲੇਖਕਾਂ ਦੇ ਯਤਨਾਂ ਸਦਕਾ ਕਵੀ ਦੇ ਕਲਾਮ ਨੂੰ ‘ਖੌਲਦੇ ਸਾਗਰ’ ਵਿੱਚ ਸਾਂਭਿਆ ਗਿਆ। ਅਗਾਂਹਵਧੂ ਸੋਚ ਦੇ ਧਾਰਨੀ ਅਦੀਬਾਂ ਨੇ ਬਿਸਮਿਲ ਦੀ ਪੁਖਤਾ ਸ਼ਾਇਰੀ ਦਾ ਖ਼ੂਬ ਆਨੰਦ ਮਾਣਿਆ ਅਤੇ ਉਭਰਦੇ ਲੇਖਕਾਂ ਨੇ ਸੇਧ ਹਾਸਲ ਕੀਤੀ।