Punjabi Poetry : Bhupinder Singh Sagoo
ਪੰਜਾਬੀ ਕਾਵਿ ਰਚਨਾਵਾਂ : ਭੂਪਿੰਦਰ ਸਿੰਘ ਸੱਗੂ
ਸੂਰਜਾ ਵੇ ਸੂਰਜਾ
ਸੂਰਜਾ ਵੇ ਸੂਰਜਾ ਦੇਵੀਂ ਸਾਨੂੰ ਊਰਜਾ ਲਬ੍ਹਾਂ ਉੱਤੇ ਆਈ ਸਾਡੀ ਜਾਨ । ਰਾਹਾਂ ਵਿੱਚ ਕੰਡੇ ਨੇ ਦੁੱਖ ਅਣਵੰਡੇ ਨੇ, ਚੱਪੇ ਚੱਪੇ ਬੈਠੇ ਨੇ ਸ਼ੈਤਾਨ ਲਬ੍ਹਾਂ ਉੱਤੇ ਆਈ ਸਾਡੀ ਜਾਨ । ਰਾਤਾਂ ਨੇ ਹਨੇਰੀਆਂ ਯਾਦਾਂ ਆਉਂਣ ਤੇਰੀਆਂ, ਸਾਡੇ ਕੋਲ਼ੋਂ ਰੁੱਸੀ ਮੁਸਕਾਨ ਲਬ੍ਹਾਂ ਉੱਤੇ ਆਈ ਸਾਡੀ ਜਾਨ । ਲੀਰਾਂ ਲੀਰਾਂ ਧਰਤੀ ਨੂੰ ਲਾਉਂਣੀਆਂ ਨੇ ਟਾਕੀਆਂ, ਚੁੰਮ ਕੇ ਵਿਰਾਉਂਣਾ ਅਸਮਾਨ ਲਬ੍ਹਾਂ ਉੱਤੇ ਆਈ ਸਾਡੀ ਜਾਨ । ਸਾਡੀਆਂ ਆਜ਼ਾਦੀਆਂ ‘ਤੇ ਪਹਿਰਾ ਹੈ ਗ਼ੁਲਾਮੀਆਂ ਦਾ, ਦੁੱਖਾਂ ਵਿੱਚ ਜੀਵੇ ਇਨਸਾਨ ਲਬ੍ਹਾਂ ਉੱਤੇ ਆਈ ਸਾਡੀ ਜਾਨ । ਮੰਦਰ-ਮਸੀਤ ਫ਼ੋਲ਼ੇ ਪੂਜਾ ਤੇ ਨਿਵਾਜ਼ ਪੜ੍ਹੀ, ਲੱਭਿਆ, ਖ਼ੁਦਾ ਨਾ ਭਗਵਾਨ ਲਬ੍ਹਾਂ ਉੁੱਤੇ ਆਈ ਸਾਡੀ ਜਾਨ । ਬੀਬਿਆਂ ਤੇ ਰਾਣਿਆਂ ਦੇ ਖੋਖਲੇ ਜ਼ਮੀਰ ਦੇਖੇ , ਮਹਿਲਾਂ ਵਾਲੇ ਤੱਕੇ ਬੇ-ਈਮਾਨ ਲਬ੍ਹਾਂ ਉੱਤੇ ਆਈ ਸਾਡੀ ਜਾਨ । ਛੱਡ ਦਈਏ ਆਪਾਂ ਕਈਆਂ ਸਦੀਆਂ ਦੀ ਨੀਂਦ ਹੁਣ, ਰੌਸ਼ਨੀ ਦਾ ਲੱਭੀਏ ਨਿਸ਼ਾਨ ਲਬ੍ਹਾਂ ਉੱਤੇ ਆਈ ਸਾਡੀ ਜਾਨ । ਅਹਿਦ ਹੁਣ ਫੇਰ ਲਈਏ ਫ਼ਾਸਲੇ ਨੂੰ ਮੇਟ ਦਈਏ, ਜਾਂਦੀ ਹੈ ਤਾਂ ਜਾਵੇ ਸਾਡੀ ਸ਼ਾਨ ਲਬ੍ਹਾਂ ਉੱਤੇ ਆਈ ਸਾਡੀ ਜਾਨ । “ ਸੱਗੂ “ ਦਾ ਸਵਾਲ ਵੀ ਹੈ ਜ਼ਿੰਦਗੀ ਕੰਗਾਲ ਵੀ ਹੈ, ਚੇਤਨਾਂ ਨੂੰ ਮਿਲੂ ਕਦੋਂ ਵਰਦਾਨ ਲਬ੍ਹਾਂ ਉੱਤੇ ਆਈ ਜਾਨ ।
ਪਰਵਾਸੀ-ਕੂੰਜਾਂ
ਪਾਕਿ- ਪਵਿੱਤਰ ਅੰਬਰ ਉੱਤੇ, ਕੂੰਜਾਂ ਭਰਨ ਉਡਾਰੀ ਚੇਤਰ ਮਹਿਕੇ ਕਣ ਕਣ ਵਿੱਚ, ਮੈਂ ਕੁਦਰਤ ਤੋਂ ਬਲਿਹਾਰੀ , ਮਾਨ-ਸਰੋਵਰ ਝੀਲ ਕਿਨਾਰੇ, ਆ ਕੇ ਪਿਆਸ ਬੁਝਾਈ ਪਰਬਤ, ਜੰਗਲ, ਸਹਿਰਾਵਾਂ ਦੀ, ਸਰ ਕੀਤੀ ਦੁਸ਼ਵਾਰੀ । ਪੀੜ ਹਿਜਰ ਦੀ ਨੈਣਾਂ ਵਿੱਚ ਹੈ, ਫਿਰ ਵੀ ਹਿੰਮਤ ਪੱਲੇ ਕੀ ਹੋਇਆ ਜੇ ਵਾਟ ਲੰਮੇਰੀ, ਬਾਜ਼ਾਂ ਨੇ ਰਾਹ ਮੱਲੇ , ਖ਼ੰਭ ਜਿਹਨਾਂ ਦੇ ਦਮਖ਼ਮ ਵਾਲੇ, ਨਾ ਹੰਭੇ, ਨਾ ਹਾਰੇ ਸੱਤ-ਸਮੁੰਦਰ ਟੱਪੇ, ਕੀਤੀ ਪੌਣ ਦੀ ਅਸਵਾਰੀ । ਆਈਆਂ ਨੇ ਪਰਵਾਸੀ ਬਣ ਕੇ, ਵਿਚਰਨ ਵਾਂਗ ਫ਼ਕੀਰਾਂ ਤਨ ਮਨ ਵਿੱਚ ਹੈ ਚਾਨਣ, ਭਾਵੇਂ ਵਸਤਰ ਲੀਰਾਂ ਲੀਰਾਂ , ਸੁਪਨ-ਹੀਣ ਦਾ ਕੀ ਹੈ ਜੀਣਾ, ਜਿਸ ਵਿੱਚ ਕਪਟ- ਖ਼ੁਆਰੀ ਓਹੀ ਖਾਣਾ, ਓਹੀ ਚੁਗਣਾ, ਜਿੱਥੇ ਚੋਗ਼ ਖ਼ਿਲਾਰੀ । ਲੰਮੀ ਭਟਕਣ ਪਿੱਛੋਂ ਇਹਨਾਂ, ਅਪਣੀ ਮੰਜ਼ਿਲ ਪਾਉਂਣੀ ਸਗਲ-ਸ੍ਰਿਸਟੀ ਅੰਦਰ ਪੈਂਦੀ, ਸੱਭ ਨੂੰ ਆਉਧ ਹੰਢਾਉਣੀ, ਨੀਂਦ-ਵਿਗੁੱਤੀ ਮਮਤਾ ਗੋਦੀ, ਦਿਲ ਤੋਂ ਦੂਰ ਨਾ ਹੋਵੇ ਪੈਰਾਂ ਵਿੱਚ ਥਰਕਣ ਹੈ, ਸਿਰ ‘ਤੇ ਬੋਝ ਬੜਾ ਹੈ ਭਾਰੀ । ਮੋਹ ਦੀਆਂ ਤੰਦਾਂ ਦੇ ਪਰਛਾਵੇਂ, ਪਲ ਪਲ ਚੇਤੇ ਰੱਖਣ ਪੀੜ ਪਰੁੱਚੇ ਹੱਥ, ਇਹਨਾਂ ਦੇ ਨਿਸਪਲ ਮੁਹਰਾ ਚੱਖਣ, ਪ੍ਰਦੇਸਾਂ ਵਿੱਚ ਆ ਕੇ ਵੀ, ਇਹ ਭੁੱਲਦੀਆਂ ਨਾ ਪੇਕੇ ਇਹਨਾਂ ਦੇ ਬੋਲਾਂ ਤੋਂ “ਸੱਗੂ”, ਮੈਂ ਸਦਕੇ ਲੱਖਵਾਰੀ ।
ਤੂੰ ਜਦੋਂ ਵੀ ਰਾਤ ਨੂੰ ਗਾਈ ਗ਼ਜ਼ਲ - ਗ਼ਜ਼ਲ
ਤੂੰ ਜਦੋਂ ਵੀ ਰਾਤ ਨੂੰ ਗਾਈ ਗ਼ਜ਼ਲ । ਕਹਿਕਸ਼ਾਂ ਦਾ ਰੂਪ ਬਣ ਆਈ ਗ਼ਜ਼ਲ । ਧੂੜ, ਧੂੰਆਂ,ਧੰਦ ਪਿੱਛੇ ਰਹਿ ਗਏ , ਦੇਖ ਲੈ ਹੁਣ ਹਰ ਤਰਫ਼ ਛਾਈ ਗ਼ਜ਼ਲ । ਪੱਥਰਾਂ ਨੂੰ ਵੀ ਰੁਆ ਦੇਵੇਗੀ ਇਹ , ਵਜਦ ‘ਚੋਂ ਹੋ ਕੇ ਜਦੋਂ ਆਈ ਗ਼ਜ਼ਲ । ਹੋਰਨਾਂ ਨੇ ਫੁੱਲ ਬੂਟੇ ਲਾ ਲਏ , ਮੈਂ ਮਗਰ ਵਿਹੜੇ ਦੇ ਵਿਚ ਲਈ ਗ਼ਜ਼ਲ । ਖ਼ੂਨ ਦਿੱਤਾ ਏਸ ਨੂੰ ਮੈਂ ਆਪਣਾ , ਦੇਖਦਾਂ ਮੈਂ ਫਿਰ ਵੀ ਤ੍ਰਿਹਾਈ ਗ਼ਜ਼ਲ । ਏਸ ਦੇ ਰਸੀਆਂ ਦੀ ਭਾਵੇਂ ਭੀੜ ਹੈ , ਹੈ ਹੰਢਾਉਂਦੀ ਅਜ ਵੀ ਤਨਹਾਈ ਗ਼ਜ਼ਲ । ਬੰਸਰੀ ਲਗਦੀ ਹੈ “ ਸੱਗੂ “ ਸ਼ਾਮ ਦੀ , ਜਾਪਦੀ ਮੈਨੂੰ ਹੈ ਸ਼ਹਿਨਾਈ ਗ਼ਜ਼ਲ ।
ਮਸ਼ਾਲਾਂ ਬਾਲ ਕੇ ਰਾਹ ਆਪਣਾ - ਗ਼ਜ਼ਲ
ਮਸ਼ਾਲਾਂ ਬਾਲ ਕੇ ਰਾਹ ਆਪਣਾ ਰੁਸ਼ਨਾ ਲਿਆ ਕਰਨਾ । ਮੁਸੀਬਤ ਦੇ ਸਮੇਂ ਥੋੜਾ ਜਿਹਾ ਮੁਸਕਾ ਲਿਆ ਕਰਨਾ । ਅਜ਼ਲ ਤੋਂ ਜਾਣਦਾ ਹਾਂ ਮੈਂ, ਕਲਾਬਾਜ਼ਾਂ ਦੀ ਸਾਜ਼ਿਸ਼ ਨੂੰ , ਤੁਹਾਡੀ ਜ਼ਿਦ ਹੈ ਜੇ ਫਿਰ ਵੀ ਤਾਂ ਧੋਖਾ ਖਾ ਲਿਆ ਕਰਨਾ । ਇਹ ਮੁੱਦਤ ਤੋਂ ਕਿਨਾਰੇ ‘ਤੇ ਨਾ ਹੀ ਬੇਕਾਰ ਹੋ ਜਾਵਣ , ਜਦੋਂ ਤੂਫ਼ਾਨ ਆਵੇ ਕਿਸ਼ਤੀਆਂ ਅਜ਼ਮਾ ਲਿਆ ਕਰਨਾ । ਜ਼ੁਬਾਨ ਦੇ ਤੀਰ ਵਿੱਚੋਂ ਜੰਮਿਆ ਨਾਸੂਰ ਆਕੀ ਹੈ , ਤੁਸੀਂ ਇਸ ਦੀ ਹਕੀਕਤ ਏਸ ਨੂੰ ਦਿਖਲਾ ਲਿਆ ਕਰਨਾ । ਤੁਸੀਂ ਜਿਸ ਰਾਹ ਦੇ ਪਾਂਧੀ ਹੋ ਉਦ੍ਹੀ ਮੰਜ਼ਿਲ ਦੁਰੇਡੀ ਹੈ , ਤੁਸੀਂ ਤੁਰਦੇ ਸਮੇਂ ਦਿਲ ਨੂੰ ਇਹ ਗੱਲ ਸਮਝਾ ਲਿਆ ਕਰਨਾ । ਜਿਨ੍ਹਾਂ ਨੇ ਸੂਲੀਆਂ ਚੁੰਮੀਆਂ ਲੱਗਾ ਕੇ ਹੱਕ ਦਾ ਨਾਹਰੇ , ਮੇਰੇ ਬੱਚਿਓ ! ਉਨ੍ਹਾਂ ਦੀ ਸੋਚ ਨੂੰ ਅਪਨਾ ਲਿਆ ਕਰਨਾ । ਤੁਸੀਂ ਰੌਸ਼ਨ ਸਦੀ ਵਿਚ ਵੀ ਅਜੇ ਪੂਜੋਂ ਪ੍ਰੇਤਾਂ ਨੂੰ , ਕਦੀ ਮਸਤਕ ਵੀ “ ਸੱਗੂ “ ਆਪਣੇ ਰੁਸ਼ਨਾ ਲਿਆ ਕਰਨਾ ।
ਮੈਂ ਤੜਪਦਾ ਹਾਂ ਬੜਾ ਘਰ ਵਾਪਸੀ ਨੂੰ - ਗ਼ਜ਼ਲ
ਮੈਂ ਤੜਪਦਾ ਹਾਂ ਬੜਾ ਘਰ ਵਾਪਸੀ ਨੂੰ । ਕੀ ਕਰਾਂ ਮੈਂ ਇਸ ਤਰ੍ਹਾਂ ਦੀ ਜ਼ਿੰਦਗੀ ਨੂੰ । ਟੁੱਟਿਆ ਸੂਲੀ ਦਾ ਜਦ ਹੰਕਾਰ ਤਾਂ ਫਿਰ , ਦੇਖਿਆ ਸੰਸਾਰ ਨੇ ਦੀਵਾਨਗੀ ਨੂੰ । ਹੋਰ ਵੀ ਬੜੀਆਂ ਨੇ ਲੋੜਾਂ ਜ਼ਿੰਦਗੀ ਵਿੱਚ , ਕੀ ਕਰਾਂਗਾ ਮੈਂ ਇਕੱਲੀ ਸ਼ਾਇਰੀ ਨੂੰ । ਜ਼ਹਿਰ ਕੱਢਣ ਦੀ ਕਲਾ ਹੈ ਕੋਲ ਸਾਡੇ , ਹਰ ਗਰਾਂ ਲੱਭਣ ਨਾ ਜਾਓ ਮਾਂਦਰੀ ਨੂੰ । ਅੰਨਿਆ ਦਾ ਹੈ ਬਸੇਰਾ ਸ਼ਹਿਰ ਅੰਦਰ , ਨਾ ਬਿਖੇਰੋ ਏਸ ਥਾਂ ‘ਤੇ ਰੌਸ਼ਨੀ ਨੂੰ । ਫਿਰ ਕਲਮ ‘ਚੋਂ ਪਹੁ ਫੁਟਾਲੇ ਉੱਠਣੇ ਨੇ , ਆਦਮੀ ਜਦ ਲੁੱਟਦਾ ਹੈ ਆਦਮੀ ਨੂੰ । ਜਾ ਰਿਹਾ “ ਸੱਗੂ “ ਮੈਂ ਰਣ ਵਿਚ ਤੇਗ਼ ਲੈ ਕੇ , ਉਹ ਕਹੇ, ਤੂੰ ਦੇਖ ਮੈਨੂੰ ਨੱਚਦੀ ਨੂੰ ।
ਤ੍ਰੈਕਾਲ
ਬ੍ਰਹਿਮੰਡ ਵਿੱਚ ਤ੍ਰੈਕਾਲ ਕੂਕਦੇ ਨਾ ਕਿਧਰੇ ਵੀ ਤਾਰਾ ਦਿਸਦੈ, ਚੰਦਰਮਾ ਵੀ ਗੁੰਮ-ਸੁੰਮ ਹੋਇਆ ਬਸ ! ਹੁਣ ‘ਨ੍ਹੇਰ ਪਸਾਰਾ ਦਿਸਦੈ । ਸਾਂਝਾਂ ਨੂੰ ਜਿਉਂ ਦੰਦਲ ਪੈ ਗਈ ਨਿੱਘ-ਮੁਹੱਬਤ ਖੰਭ ਲਾ ਉੱਡੇ , ਰੇਜ਼ਾ ਰੇਜ਼ਾ ਹੋਂਦ ਮਨੁੱਖੀ ਹੱਡੀਂ ਰਚਿਆ ਪਾਰਾ ਦਿਸਦੈ । ਨਿੱਤ ਰੀਝਾਂ ਦੀ ਅਰਥੀ ਉੱਠੇ ਵੈਣ ਸੁਣੀਂਦੇ ਸੰਧਿਆ ਵੇਲੇ , ਕਾਲ-ਅਕਾਲ ਦੀ ਸੀਮਾ ਅੰਦਰ ਝੂਠਾ ਜਗਤ ਖਿਲਾਰਾ ਦਿਸਦੈ । ਰੋਜ਼ ਸਿਆਸਤ ਵਾਲਾ ਮੁਜਰਾ ਹੱਦਾਂ ਬੰਨੇ ਟੱਪ ਰਿਹਾ ਏ , ਚਾੜ੍ਹੇ ਚੰਦ ਨਵਾਂ ਇਹ ਕੋਈ ਇਸ ਦਾ ਰੋਜ਼ ਹੀ ਕਾਰਾ ਦਿਸਦੈ । ਇਸ ਨਗਰੀ ਦੀਆਂ ਜੂਹਾਂ ਅੰਦਰ ਖ਼ਾਮੋਸ਼ੀ ਤੇ ਤਨਹਾਈ ਏ , ਕਿੱਧਰ ਤੁਰ ਗਏ ਲੋਕ ਨਗਰ ਦੇ ਨਾ ਕਿੱਧਰੇ ਹਰਕਾਰਾ ਦਿਸਦੈ । ਸੱਚ ਦੱਸਾਂ ਤਾਂ, ਇਸ ਦੇ ਉੱਤੋਂ ਸੱਭ ਕੁੱਝ ਗਾਇਬ ਹੋ ਚੁੱਕਾ ਏ , ਅੰਬਰ ਉੁੱਤੇ ਅਜ ਕਲ ਤਾਂ ਬਸ ! ਬੋਦੀ ਵਾਲਾ ਤਾਰਾ ਦਿਸਦੈ । ਅੱਖਾਂ ਤੋਂ ਓਝਲ ਹੈ ਜਿਹੜਾ ਉਸ ਬਾਰੇ ਅਨੁਮਾਨ ਲੱਗਾ ਨਾ , ਹਲਕਾ ਵੀ ਹੋ ਸਕਦਾ ਸ਼ਾਇਰਾ ਜੋ ਕੁੱਝ ਤੈਨੂੰ ਭਾਰਾ ਦਿਸਦੈ ।
‘ਨ੍ਹੇਰ ਹੈ ਤਾਂ ਫਿਰ ਕੀ ਹੋਇਆ - ਗ਼ਜ਼ਲ
‘ਨ੍ਹੇਰ ਹੈ ਤਾਂ ਫਿਰ ਕੀ ਹੋਇਆ, ਦਿਸ ਰਹੀ ਹੈ ਰੌਸ਼ਨੀ । ਚੁੱਪ ਹੈ ਕਬਰਾਂ ਜਿਹੀ ਪਰ ਧੜਕਦੀ ਹੈ ਜ਼ਿੰਦਗੀ । ਰੁੱਤ ਬਹਾਰਾਂ ਦੀ ਹੈ ਐਪਰ ਟਹਿਣੀਆਂ ‘ਤੇ ਫੁੱਲ ਨਹੀਂ, ਇਸ ਤਰ੍ਹਾਂ ਲਗਦਾ ਹੈ ਜਿੱਦਾਂ ਵਕਤ ਕਰਦੈ ਮਸ਼ਕਰੀ। ਸਿਰਫ਼ ਮਿੱਥ ਹੈ, ਕੌਣ ਮਰਦੇ ਨੂੰ ਬਚਾਉਂਦੈ ਆਣ ਕੇ, ਜ਼ਿੰਦਗੀ ਵਿਚ ਕਿਸ ਨੇ ਦੇਖੀ ਹੈ ਭਲਾ ਸੰਜੀਵਨੀ। ਧੂੜ ਰਸਤੇ ਦੀ ਨੇ ਮੈਨੂੰ ਰੱਖਿਆ ਹੈ ਜੋੜ ਕੇ, ਮੇਰਿਆਂ ਪੈਰਾਂ ਦੇ ਛਾਲੇ ਬਖ਼ਸ਼ਦੇ ਨੇ ਤਾਜ਼ਗੀ। ਪੱਥਰਾਂ ਉੱਤੇ ਚੜ੍ਹਾਵਾ ਚੜ੍ਹ ਰਿਹਾ ਹੈ ਰਾਤ ਦਿਨ, ਜਿਊਂਦਿਆਂ ਨੂੰ ਛੱਡ ਕੇ ਦੁਨੀਆਂ ਮੁਰਦਿਆਂ ਨੂੰ ਪੂਜਦੀ। ਕਿਰਤ ਕਰ ‘ਸੱਗੂ’, ਨਿਕਲ ਜਾ ਕਿਸਮਤਾਂ ਦੇ ਗੇੜ ‘ਚੋਂ, ਰੱਬ ਦੇ ਨਾਂ ‘ਤੇ, ਇਕੱਲੀ ਕੀ ਕਰੇਗੀ ਬੰਦਗੀ।
ਮੁਹੱਬਤ ਦਾ ਨਸ਼ਾ ਰੋਲੇ - ਗ਼ਜ਼ਲ
ਮੁਹੱਬਤ ਦਾ ਨਸ਼ਾ ਰੋਲੇ, ਝਨਾਂ ਅੰਦਰ, ਥਲਾਂ ਅੰਦਰ। ਬੜੇ ਹੀ ਲੋਕ ਹਨ ਡੁੱਬੇ, ਝਨਾਂ ਅੰਦਰ, ਥਲਾਂ ਅੰਦਰ। ਮੁਹੱਬਤ ਦੀ ਹਿਨਾਂ ਵਰਗੀ, ਨਾ ਦੁਨੀਆਂ ‘ਤੇ ਹਿਨਾਂ ਕੋਈ, ਜੇ ਚੜ੍ਹ ਜਾਵੇ ਇਹ ਨਾ ਲੱਥੇ, ਝਨਾਂ ਅੰਦਰ, ਥਲਾਂ ਅੰਦਰ। ਅਗਰ ਮਸਜਦ 'ਚ ਜਾਣਾ ਹੈ, ਦਿਲੋਂ ਇਹ ਹੀ ਦੁਆ ਕਰਨਾ, ਮੁਹੱਬਤ ਨਾ ਕਦੀ ਹਾਰੇ, ਝਨਾਂ ਅੰਦਰ, ਥਲਾਂ ਅੰਦਰ। ਜ਼ਮਾਨੇ ਵਾਲਿਆਂ ਲਾਏ ਨੇ ਫ਼ਤਵੇ ਏਸ ਦੇ ਉੱਤੇ, ਤਸੀਹੇ ਪਿਆਰ ਨੇ ਝੱਲੇ, ਝਨਾਂ ਅੰਦਰ, ਥਲਾਂ ਅੰਦਰ। ਭੁਜਦਾ ਥੱਲ ‘ਚ ਕਿਹੜਾ, ਕੌਣ ਮੱਝਾਂ ਨੂੰ ਚਰਾਉਂਦਾ ਹੈ, ਨਿਭਾਏ ਸਾਥ ਹਨ ਕਿਸ ਨੇ, ਝਨਾਂ ਅੰਦਰ, ਥਲਾਂ ਅੰਦਰ। ਇਨ੍ਹਾਂ ਵਿਚ ਦੇਖਦੈ ਪਿੰਜਰ ਇੱਛਾਵਾਂ ਦੇ ਕਈ ‘ਸੱਗੂ’, ਬੜੇ ਹੀ ਖਾਬ ਨੇ ਟੁੱਟੇ, ਝਨਾਂ ਅੰਦਰ, ਥਲਾਂ ਅੰਦਰ।
ਹੱਥ ਨਸ਼ੇ ਦੀਆਂ ਬੋਤਲਾਂ - ਗ਼ਜ਼ਲ
ਹੱਥ ਨਸ਼ੇ ਦੀਆਂ ਬੋਤਲਾਂ ਮੂੰਹ ਵਿੱਚ ਸਿਗਰਟ ਪਾਨ । ਏਸ ਨਗਰ ਦੇ ਦਾਨੇ ਦੇਖੋ ਬਣ ਬੈਠੇ ਹੈਵਾਨ। ਦੇਖਣ ਨੂੰ ਦਰਵੇਸ਼ ਹਨ ਅੰਦਰੋਂ ਮਾੜੀ ਨੀਤ, ਦਿਨ ਰਾਤ ਇਹ ਪਿੰਜਦੇ ਤਨ ‘ਚੋਂ ਕੱਢਣ ਜਾਨ। ਹੱਥ ਵਿੱਚ ਮਾਲਾ ਪ੍ਰੇਮ ਦੀ ਦਿਲ ਵਿੱਚ ਵਸਦਾ ਕੂੜ, ਮੰਦੇ ਸ਼ਬਦ ਇਹ ਬੋਲ ਕੇ ਗੰਦੀ ਕਰਨ ਜ਼ਬਾਨ। ਲਾਲਚ ਦੀ ਅੱਗ ਭੜਕਦੀ ਚਹੁੰ ਕੂੰਟਾਂ ਵਿਚਕਾਰ, ਥਾਂ ਥਾਂ ਫਾਹੀਆਂ ਗੱਡਦੇ ਹਾਕਮ ਬਣੇ ਸ਼ੈਤਾਨ। ਜਿਸਮਾਂ ਉੱਤੇ ਜੰਮ ਗਈ ਫ਼ਿਕਰਾਂ ਵਾਲੀ ਧੂੜ, ਮਹਿੰਗਾ ਹੋ ਗਿਆ ਜੀਵਣਾ ਮੁਸ਼ਕਿਲ ਵਿੱਚ ਇਨਸਾਨ। ਬਾਗ਼ ਮਹਿਕ ਦਾ ਫੂਕ ਕੇ ਹਵਾ ਨੂੰ ਕਰਨ ਪਲੀਤ, ਬੀਜ ਬੂਟੇ ਵਿਹੁ ਦੇ ਮਾਲੀ ਕਰਨ ਵੀਰਾਨ। ਸਾਂਭ ਕੇ ਕਿੱਦਾਂ ਰੱਖੀਏ ਵਿਰਸਾ ਲੀਰੋ ਲੀਰ, ਬਾਰ-ਪਰਾਏ ਦੋਸਤੋ ਗੁੰਮ ਰਹੀ ਪਹਿਚਾਨ। ਬਣ ‘ਸੱਗੂ’ ਫੌਲਾਦ ਤੂੰ ਮਨੋਂ ਉਦਾਸੀ ਚੁੱਕ, ਤੋੜ ਕੁਫ਼ਰ ਦੀ ਕੰਧ ਨੂੰ ਸੱਚ ਦੀ ਕਰ ਪਹਿਚਾਨ।