ਪੰਜਾਬੀ ਕਵਿਤਾਵਾਂ : ਬੀਬਾ ਬਲਵੰਤ
Punjabi Poetry : Beeba Balwant
ਹਵਾ ਰੁਕੇ ਤਾਂ ਹੜ
ਹਵਾ ਰੁਕੇ ਤਾਂ ਹੜ, ਪਾਣੀ ਰੁਕੇ ਤਾਂ ਛੱਪੜ, ਹਵਾ ਵਗੀ ਹੀ ਭਲੀ, ਤੇ ਪਾਣੀ ਵਹਿੰਦੇ ਹੀ ਚੰਗੇ ਨੇ।
ਗ਼ਜ਼ਲ
ਲੋਹੇ ਲੱਕੜ ਪੱਥਰ ਦਾ ਘਰ। ਫਿਰ ਵੀ ਰਹਿੰਦਾ ਡਰਦਾ ਘਰ। ਨੀਤੋਂ ਮਾੜੇ ਬੰਦੇ ਦਾ, ਭਰਿਆਂ ਵੀ ਨਹੀਂ ਭਰਦਾ ਘਰ। ਬੇ-ਵਿਸ਼ਵਾਸ਼ੀ, ਬੇ-ਇਤਬਾਰੀ, ਦੋਹਾਂ ਹੱਥੋਂ ਮਰਦਾ ਘਰ। ਨਿੱਘ ਵਿਹੂਣੇ ਬੰਦੇ ਜੋ, ਨਿੱਘੇ ਮੌਸਮ ਠਰਦਾ ਘਰ। ਦਰਦ ਸਹੇ ਨਾ ਮਾਰੇ ਚੀਕ, ਕੀ ਕੁੱਝ ਨਹੀਂ ਇਹ ਜਰਦਾ ਘਰ।
ਅਵਿਸ਼ਵਾਸ
ਤੇਰੇ ਨਾਲ ਗੁਜ਼ਰ ਰਹੇ ਵਕਤ ਦਾ, ਮੈਂ ਕਤਰਾ ਕਤਰਾ ਪੀ ਰਿਹਾਂ। ਇਹ ਅਮ੍ਰਿਤ ਹੈ ਕਿ ਜ਼ਹਿਰ......... .... ਕੁੱਝ ਕਿਹਾ ਨਹੀਂ ਜਾ ਸਕਦਾ ਮੁਆਫ਼ ਕਰਨਾ। ਇਹ ਅਵਿਸ਼ਵਾਸ ਹੀ ਮੇਰਾ ਸਰਾਪ ਹੈ। ਜੇ ਇਹੋ ਵਰ ਬਣ ਜਾਏ, ਤਾਂ ਮੈਂ ਜ਼ਹਿਰ ਪੀ ਕੇ ਵੀ ਅੰਮ੍ਰਿਤ ਵੰਡ ਸਕਦਾ ਹਾਂ।
ਫਾਸਲੇ
ਜਦੋਂ ਰੂਹਾਂ ਹੋਣ ਰਾਜੀ ਜਿਸਮਾਂ ਦੇ ਫਾਸਲੇ ਹਾਰਦੇ ਬਾਜੀ।
ਤੁਹਾਡੇ ਬਿਨਾਂ
ਓ ਨਦੀਓ! ਮੇਰੀਓ ਭੈਣੋਂ,ਧੀਓ, ਮੁਹੱਬਤੇ। ਦਰਿਆਓ! ਮੇਰੇ ਪੁੱਤਰੋ ਭਰਾਓ। ਨੀ ਘਟਾ ਕਾਲੀਏ ! ਮੇਰੇ ਘਰ ਵਾਲੀਏ। ਨੀ ਹਵਾਏ। ਮੇਰੀਏ ਮਾਏ। ਜੰਗਲ ਬੇਲਿਓ। ਯਾਰ ਅਲਬੇਲਿਓ। ਓ ਪਹਾੜੋ ! ਮੇਰੇ ਪਿੱਤਰੋ ਮੇਰੇ ਮਿੱਤਰੋ। ਬਰਫ਼ ਦੇ ਤੋਦਿਓ! ਮੇਰੇ ਦੋਹਤਿਓ। ਮੇਰੇ ਪੋਤਿਓ । ਓ ਚੰਨ ਤਾਰਿਓ ! ਮੇਰੇ ਪਿਆਰਿਓ। ਓ ਬਾਪੂ ਸੂਰਜਾ! ਮੇਰੀ ਊਰਜਾ। ...... ਜੇ ਤੁਸੀਂ ਨਾ ਹੁੰਦੇ ਮੈਂ ਖਾਲੀ ਸੱਖਣਾ ਟੋਆ ਹੀ ਰਹਿਣਾ ਸੀ ਮੈਨੂੰ ਸਮੁੰਦਰ ਕਿਸ ਨੇ ਕਹਿਣਾ ਸੀ।
ਮਨ ਮਹਿਕ ਮੁਹੱਬਤ
ਰੁਲ਼ ਖੁਲ ਜਾਂਦੇ ਉਰੇ ਪਰੇ ਲਾਵਾਂ ਫੇਰਿਆਂ ,ਚ ਜਿਸਮ, ਅਕਸਰ ਜੂਠੇ ਝੂਠੇ। ( ਕਾਵਿ ਸੰਗ੍ਰਹਿ ਪੁਸਤਕ 'ਅਨੰਦੁ ਭਇਆ' .. ਵਿੱਚੋਂ)