Punjabi Poetry : Beant Bariwala
ਪੰਜਾਬੀ ਕਵਿਤਾਵਾਂ : ਬੇਅੰਤ ਬਰੀਵਾਲਾ
ਖੁਆਬਾਂ ਦੀ ਨਗਰੀ
ਬਹੁਤ ਛੋਟੀ ਆ ਸਾਡੇ ਖੁਆਬਾਂ ਦੀ ਨਗਰੀ, ਬੱਸ ਸਵੇਰੇ ਮੁਰਗਾ ਬੋਲਦੇ ਨਾਲ ਖੇਤ ਦੀਆਂ ਵੱਟਾਂ ਤੇ ਉੱਗੇ ਅੜੀਅਲ ਘਾਹ ਨੂੰ ਕਹੀ ਦੇ ਟੱਕ ਨਾਲ ਲਾਹ ਕੇ ਦੂਰ ਸੁੱਟਦੇ ਵੇਖਦੇ ਹਾਂ ਖੁਆਬ, ਪਤਾ ਕਿਹੜੇ....?? ਜੇ ਏਸ ਵਾਰ ਫ਼ਸਲ ਚੰਗੀ ਹੋਗੀ ਤਾਂ ਆੜਤੀਏ ਦਾ ਸਾਰਾ ਕਰਜ਼ਾ ਲਾਹ ਦੇਣਾ ਜੋ ਭੈਣ ਦੇ ਵਿਆਹ ਮੌਕੇ ਲਿਆ ਸੀ, ਜੇ ਏਸ ਵਾਰ ਕਣਕ ਬਚੀ ਰਹੀ ਰੱਬ ਦੀ ਕਰੋਪੀ ਤੋਂ ਤਾਂ ਬੇਬੇ ਦਾ ਓਪਰੇਸ਼ਨ ਕਰਵਾ ਦੇਣਾ ਕਿੰਨਾਂ ਕੁ ਚਿਰ ਖਾਲੀ ਦਵਾਈ ਦੇ ਸਿਰ ਤੇ ਤੱਸਲੀ ਦੇਈ ਚੱਲੂ ਵਿਚਾਰੀ ਨੂੰ, ਜੇ ਏਸ ਵਾਰ ਮੱਕੀ ਦਾ ਭਾਅ ਚੰਗਾ ਮਿਲ ਗਿਆ ਤਾਂ ਘਰਵਾਲੀ ਦੇ ਗਹਿਣੇ ਰੱਖੇ ਕਾਂਟੇ ਛਡਵਾ ਦੇਣੇ ਆ , ਜੋ ਮੁੰਡਾ ਬਿਮਾਰ ਹੋਣ ਤੇ ਸਨਿਆਰੇ ਕੋਲ ਰੱਖ ਆਈ ਸੀ, ਤੇ ਤੁਰੀ ਫਿਰਦੀ ਆ ਚੁੱਪ ਚਪੀਤੀ ਕੰਨਾਂ ਤੋਂ ਬੁੱਚੀ ॥ ਇੱਕ ਖੁਆਬ ਸਾਡਾ ਹੋਰ ਹੁੰਦਾ ਜੇ ਰੱਬ ਨੇ ਝੋਨੇ ਦਾ ਝਾੜ ਚੰਗਾ ਦੇਤਾ ਬੇਬੇ ਬਾਪੂ ਨੂੰ ਹਜ਼ੂਰ ਸਾਹਿਬ ਦੀ ਟਿਕਟ ਕਰਵਾ ਕੇ ਦੇਣੀ ਆ, ਬੜੇ ਚਿਰ ਦੀ ਰੀਝ ਆ ਉਹਨਾਂ ਦੀ ॥ ਪਰ ਸਾਡਾ ਕਦੇ ਕੋਈ ਖੁਆਬ ਪੂਰਾ ਨਹੀਂ ਹੁੰਦਾ, ਫਸਲ ਪੱਕਣ ਤੇ ਵੈਰੀ ਹੋ ਜਾਂਦਾ ਰੱਬ ਤੇ ਜੱਗ, ਖੜੀ ਫਸਲ ਵਿਛ ਜਾਂਦੀ ਆ ਖੇਤਾਂ ਵਿੱਚ, 40 ਰੁਪਏ ਕਿੱਲੋ ਮੱਕੀ ਦਾ ਆਟਾ ਵੇਚਣ ਵਾਲੇ ਉਦਯੋਗਪਤੀ ਖਰੀਦ ਲੈਂਦੇ ਆ ਸਾਥੋਂ 6 ਰੁਪਏ ਕਿੱਲੋ ਦੇ ਹਿਸਾਬ ਨਾਲ ਮੱਕੀ, ਅਸੀਂ ਗੀਤਾਂ ਵਾਲੇ ਜੱਟ ਨਹੀਂ ਹਾਂ ਉਹ ਘੁੰਮਦੇ ਹੋਣੇ ਆ ਬੁਗਾਟੀਆਂ ਕਾਰਾਂ ਚ, ਸਾਨੂੰ ਤਾਂ ਬੁਗਾਟੀ ਦੇ ਸਪੈਲਿੰਗ ਵੀ ਨੀ ਆਉਂਦੇ ਭਰਾਵੋ, ਉਹ ਚਾਹ ਨਾਲ ਸਵੇਰੇ ਫੀਮ ਖਾਣ ਵਾਲੇ ਜੱਟ ਕਿਸੇ ਹੋਰ ਗ੍ਰਹਿ ਤੇ ਰਹਿੰਦੇ ਹੋਣੇ ਆ, ਸਾਡੇ ਕੋਲ ਤਾਂ ਸਲਫ਼ਾਸ ਖਾਣ ਵਾਲੇ ਵੱਸਦੇ ਆ.... ਏਡੀ ਕੁ ਹੁੰਦੀ ਸਾਡੇ ਖੁਆਬਾਂ ਦੀ ਨਗਰੀ , ਤੇ ਉਹ ਨਗਰੀ ਵੀ ਕਦੇ ਸੱਚ ਨਹੀਂ ਹੋ ਪਾਉਂਦੀ, ਤੇ ਅਸੀਂ ਖੁਆਬਾਂ ਦੀ ਨਗਰੀ ਲੈ ਜਾਨੇ ਆ ਅਗਲੀ ਫਸਲ ਦੀ ਉਮੀਦ ਤੇ....., (ਜੱਟ ਤੋਂ ਮੇਰਾ ਮਤਲਬ ਕਿਸਾਨ ਆ, ਕੋਈ ਜਾਤ ਪਾਤ ਦਾ ਵਿਤਕਰਾ ਨਾ ਕਰਿਓ ਪਲੀਜ਼ )
ਮਾਸੂਮੀਅਤ
ਤੇਰੇ ਸ਼ਹਿਰ ਚ ਉਮਰ ਗੁਜ਼ਾਰ ਕੇ ਚੱਲੇ ਆਂ.... ਦੋਸਤਾ ਬੱਸ ਜਾਣ ਵੇਲੇ ਮੈਨੂੰ ਮੇਰੀ ਉਹ ਮਾਸੂਮੀਅਤ ਮੋੜ ਦੇ ਜੋ ਅਸੀਂ ਆਉਣ ਵੇਲੇ ਸਾਡੇ ਰੇਤਲੇ ਟਿੱਬਿਆਂ ਚ ਵਸੇ ਨਿੱਕੇ ਨਿੱਕੇ ਪਿੰਡਾਂ ਚੋਂ ਲੈ ਕੇ ਆਏ ਸੀ,... ਇਹ ਸਾਡੇ ਬਰਾਨੀ ਪਿੰਡਾਂ ਦੇ ਵਸਨੀਕ ਲੋਕਾਂ ਦੀ ਇੱਕੋ ਇੱਕ ਪਹਿਚਾਣ ਹੁੰਦੀ ਆ.... ਉਹਦੇ ਬਿਨ੍ਹਾਂ ਤਾਂ ਮੇਰੀ ਮਾਂ ਨੇ ਵੀ ਪਛਾਣਨਾ ਨਹੀਂ ਆ ਮੈਨੂੰ... ਬੇਸ਼ੱਕ ਜੰਮਿਆਂ, ਉਹਨੇ ਹੀ ਆ ਮੈਨੂੰ....! 20-12-2022
ਕਾਲੀਆਂ ਰਾਤਾਂ
ਕਾਲੀਆਂ ਰਾਤਾਂ ਨਾਲ ਤਾਂ ਮੋਹ ਜਿਹਾ ਹੋ ਗਿਆ ਸੀ, ਬੱਸ ਫ਼ੇਰ ਅਚਾਨਕ ਕਿਸੇ ਨੇ ਦੀਵਾ ਬਾਲ ਦਿੱਤਾ ਮੁਹੱਬਤ ਵਾਲਾ, ਪਰ ਫ਼ੇਰ ਜਦ ਉਹਨੇ ਦੀਵੇ ਦੇ ਚਾਨਣ ਚ ਸ਼ਤੀਰੀਆਂ ਵਾਲੀ ਛੱਤ ਹੇਠ ਬੈਠੇ ਤੇ ਮੇਰੇ ਪਿੰਡ ਨੂੰ ਜਾਂਦੇ ਕੱਚੇ ਰਾਵਾਂ ਦੇ ਰੇਤੇ ਨਾਲ ਭਰੇ ਮੇਰੇ ਚਿਹਰੇ ਨੂੰ ਵੇਖਿਆ ਤਾਂ ਫੂਕ ਮਾਰ ਦਿੱਤੀ ਉਹਨੇ ਉਸ ਮੁਹੱਬਤੀ ਦੀਵੇ ਨੂੰ.... 15-12-2022
ਚਾਨਣੀ ਰਾਤ
ਹਨ੍ਹੇਰੀ ਰਾਤ ਨੂੰ, ਬੱਦਲਾਂ ਦਾ ਸੀਨਾ ਚੀਰ ਚੰਨ ਨੇ ਮੂੰਹ ਬਾਹਰ ਕੱਢਿਆ, ਸਾਰੇ ਪਾਸੇ ਧੁੰਦ ਹੀ ਧੁੰਦ ਸੀ, ਠੰਡ ਐਨੀ ਕੇ ਹੱਥ ਪੈਰ ਸੁੰਨ ਹੋ ਜਾਣ, ਪਰ ਚੰਨ ਦੇ ਮੂੰਹ ਕੱਢਦਿਆ ਹੀ ਰਾਤ ਚਾਨਣੀ ਹੋ ਗਈ...! ਇੱਕ ਨਿਗ੍ਹਾ ਚੰਨ ਨੇ ਧਰਤੀ ਤੇ ਮਾਰੀ ਤੇ ਕੰਬ ਗਿਆ ॥ ਚੰਨ ਦਾ ਡਰ ਵੇਖ ਵਗਦੀ ਠੰਡੀ ਹੱਡ ਚੀਰਦੀ ਹਵਾ ਨੇ ਪੁੱਛਿਆ, ਕੀ ਹੋਇਆ ਵੀਰਾ?? ਭੈਣ, ਪੋਹ ਦੀ ਏੰਨੀ ਠੰਡੀ ਰਾਤ ਚ ਕਿਸੇ ਨੂੰ ਬਾਹਰ ਦੇਖਿਆ, ਇੱਕ ਬੜੀ ਉੱਚੀ ਇਮਾਰਤ ਆ, ਜਿਸਦੇ ਆਸੇ ਪਾਸੇ ਦੂਰ ਤੱਕ ਪਾਣੀ ਛੱਡਿਆ ਹੋਇਆ, ਹਾਂ ਹਾਂ ਮੈਂ ਵੀ ਓਧਰੋਂ ਹੀ ਲੰਘ ਕੇ ਆਈ ਆਂ, ਮੈਨੂੰ ਵੀ ਦੋਸ਼ੀ ਬਣਾ ਦਿੱਤਾ ਜਾਲਮਾਂ, ਉਹ ਉਸ ਇਮਾਰਤ ਦੇ ਦੁਆਲੇ ਪਾਣੀ ਤਾਂ ਛੱਡਿਆ ਗਿਆ, ਤਾਂ ਕੇ ਉਥੋਂ ਲੰਘਣ ਲੱਗਿਆਂ ਪਾਣੀ ਸੰਗ ਰਲ਼ ਮੈਂ ਏੰਨੀ ਠੰਡੀ ਹੋ ਜਾਵਾਂ, ਕੇ ਉਸ ਇਮਰਾਤ ਚ ਬਿਨ੍ਹਾਂ ਕੰਬਲ ਤੋਂ ਬੈਠੇ... ਏੰਨੀ ਗੱਲ ਕਰਦਿਆਂ ਹਵਾ ਦੇ ਹੰਝੂ ਨਿਕਲ ਆਏ ॥ ਹਾਂ ਭੈਣੇ ਸਮਝ ਗਿਆ ਤਾਂ ਕੇ ਉਸ ਚ ਬੈਠੇ 2 ਮਾਸੂਮ ਤੇ ਉਹਨਾਂ ਦੀ ਬਜ਼ੁਰਗ ਦਾਦੀ ਹੌਂਸਲਾ ਛੱਡ ਜਾਣ ॥ ਦੋਵਾਂ ਦੀ ਗੱਲ ਸੁਣ ਬੱਦਲ ਬੋਲਿਆ, ਇਹ ਹੋਂਸਲਾ ਨਹੀਂ ਛੱਡਣਗੇ, ਮੈਂ ਏਹਨਾਂ ਨੂੰ ਪੀੜੀਆਂ ਤੋਂ ਜਾਣਦਾ.. ਏਹਨਾਂ ਮਾਸੂਮਾਂ ਦਾ ਦਾਦਾ ਜੰਝੂ ਜਿਉਂਦੇ ਰੱਖਣ ਲਈ ਚਾਂਦਨੀ ਚੌਂਕ ਕੁਰਾਬਾਨੀ ਦੇ ਗਿਆ ਸੀ, ਪਰ ਹੋਂਸਲਾ ਨਹੀਂ ਸੀ ਛੱਡਿਆ ॥ ਇੱਕ ਮਿੰਟ ਵੱਡੇ ਬਾਈ ਮਤਲਬ ਕਿਸੇ ਧਰਮ ਦੀ ਰਾਖ਼ੀ ਲਈ ਏਡੀ ਵੱਡੀ ਕੁਰਾਬਾਨੀ ॥ ਹਾਂ ਨਿੱਕੀਏ ਇਹ ਸਿੱਖ ਲੋਕ ਆ, ਇਹ ਜਾਤ ਪਾਤ ਨਹੀਂ, ਇਨਸਾਨੀਅਤ ਦੇਖਦੇ ਆ. ਇਹਨਾਂ ਦਾ ਵੱਡਾ ਸਰਬੱਤ ਦਾ ਭਲਾ ਮੰਗਣਾ ਸਿਖਾ ਕੇ ਗਿਆ ਸੀ . ਬੱਦਲ ਫ਼ੇਰ ਬੋਲਿਆ ॥ ਪਰ ਬਾਈ ਮੈਂ ਤਾਂ ਹਵਾ ਥਾਂ ਥਾਂ ਘੁੰਮਦੀ ਰਹਿਨੀ ਆਂ, ਕੱਲ੍ਹ ਦੇਖਿਆ ਆਹ ਨੇੜੇ ਜਗ੍ਹਾ ਇੱਕ, ਚਮਕੌਰ, ਉੱਥੇ ਉਸ ਕੁਰਬਾਨੀ ਦੇਣ ਵਾਲੇ ਦੇ ਪੁੱਤਰ ਨੂੰ ਨੂੰ ਉਸਦੇ ਦੋ ਪੁੱਤਰਾਂ ਤੇ 40 ਭੁੱਖੇ ਸਿੰਘਾਂ ਸਮੇਤ ਘੇਰਾ ਪਿਆ ਹੋਇਆ ਸੀ,! ਅੱਛਾ ਭੈਣੇ.. ਚੰਨ ਬੋਲਿਆ ॥ ਤੈਨੂੰ ਪਤਾ ਵੀਰੇ ? ਘੇਰਾ ਪਾਉਣ ਵਾਲਿਆਂ ਵਿੱਚ ਪਹਾੜੀ ਰਾਜੇ ਵੀ ਸ਼ਾਮਿਲ ਸਨ, ਜਿਨ੍ਹਾਂ ਦੇ ਤਿਲਕ ਜੰਝੂ ਦੀ ਰਾਖ਼ੀ ਖ਼ਾਤਿਰ ਕੁਰਬਾਨੀ ਦਿੱਤੀ ਸੀ ॥ ਉਹ ਅਗਰਿੱਤਘਣ ਲੋਕ ਸਨ, ਅਕਰਿੱਤਘਣ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ, ਤੈਨੂੰ ਪਤਾ ਨਿੱਕੀਏ, ਉਹਨਾਂ ਘੇਰਾ ਪਾਉਣ ਵਾਲਿਆਂ ਦੇ ਬਜ਼ੁਰਗਾਂ ਨੂੰ ਏਹਨਾਂ ਠੰਡੇ ਬੁਰਜ ਚ ਬੈਠੇ ਮਸੂਮਾਂ ਦਾ ਪੜ੍ਹਦਾਦਾ ਗਵਾਲੀਅਰ ਦੀ ਜੇਲ੍ਹ ਚੋਂ, ਜਹਾਂਗੀਰ ਦੀ ਕੈਦ ਚੋਂ ਛੱਡਵਾ ਕੇ ਲਿਆਇਆ ਸੀ ॥ ਜੇ ਉਹ 52 ਰਾਜੇ, ਨਾ ਛੜਵਾ ਕੇ ਲਿਓਂਦੇ ਏਹਨਾਂ ਰਾਜਿਆਂ ਅੱਜ ਹੋਣਾ ਨਹੀਂ ਸੀ, ਏਹਨਾਂ ਦੇ ਬਜ਼ੁਰਗ ਮਰ ਗਏ ਹੁੰਦੇ ਤੜਫ ਤੜਫ ਕੇ, ਪਰ ਇਹ ਭੁੱਲ ਗਏ ਉਸ ਕੁਰਬਾਨੀ ਨੂੰ ॥ ਚੰਨ ਨੇ ਇੱਕ ਨਿਗ੍ਹਾ ਧੁੰਦ ਨੂੰ ਚੀਰ ਕੇ ਹੋਰ ਧਰਤੀ ਤੇ ਮਾਰੀ ਤੇ ਇਸ ਵਾਰ ਉਹ ਰੋ ਪਿਆ, ਹਵਾ ਬੋਲੀ ਹਏ ਹਏ ਵੀਰੇ ਕੀ ਹੋਇਆ? ਭੈਣੇ ਤੈਨੂੰ ਪਤਾ ਮੈਂ ਕੀ ਦੇਖਿਆ?? ਏਹਨਾਂ ਮਸੂਮਾਂ ਦਾ ਪਿਤਾ, ਆਪਣੇ ਪੁੱਤਰ ਵਾਰ ਕੇ 40 ਸਿੰਘਾਂ ਦੀਆ ਲਾਸ਼ਾ ਤੇ ਬਗੈਰ ਹੰਝੂ ਡੋਹਲੇ... ਲੰਘ ਕੇ ਨੰਗੇ ਪੈਰੀਂ ਮਾਛੀਵਾੜੇ ਕੰਡਿਆਂ ਤੇ ਸੁੱਤਾ ਪਿਆ ਮੁਸਕਰਾ ਰਿਹਾ॥ ਭੈਣ ਬਣਕੇ ਤੂੰ ਖੜਕਾ ਨਾ ਕਰੀਂ, ਕਿਤੇ ਉਸ ਚੋਜੀ ਪ੍ਰੀਤਮ ਦੀ ਅੱਖ ਨਾ ਖੁੱਲ ਜਾਵੇ, ਉਹਦੇ ਪੈਰਾਂ ਚ ਕੰਡੇ ਵੱਜ ਵੱਜ ਪੈਰ ਲਹੂ ਲੁਹਾਨ ਹੋਏ ਪਏ ਨੇ, ਕਰੀਰਾਂ ਕਿੱਕਰਾਂ ਚ ਫ਼ਸ ਫ਼ਸ ਕੇ ਪੂਰਾ ਜਾਮਾ ਲੀਰੋ ਲੀਰ ਹੋਇਆ ਪਿਆ ॥ ਤਿੰਨੋ ਖਾਮੋਸ਼ ਹੋ ਗਏ... ਇੱਕ ਆਵਾਜ਼ ਨੇ ਉਹਨਾਂ ਦੀ ਚੁੱਪ ਤੋੜੀ.. ਮਿੱਤਰ ਪਿਆਰੇ ਨੂੰ ਸਾਡਾ ਹਾਲ ਮੁਰੀਦਾਂ ਦਾ ਕਹਿਣਾ.. ਦਿਨ ਚੜ੍ਹਨ ਨਾਲ ਚੰਨ ਫ਼ੇਰ ਬੱਦਲਾਂ ਚ ਜਾ ਕੇ ਲੁਕ ਗਿਆ ॥
ਮਾਂ ਵਰਗੀ ਧੀ
ਜਦ ਉਹਨੇ ਨਿੱਕੇ ਨਿੱਕੇ ਹੱਥਾਂ ਨਾਲ ਦਰਵਾਜ਼ੇ ਚ ਖੜ੍ਹੇ ਕਿਸੇ ਮੰਗਣ ਆਏ ਫਕੀਰ ਨੂੰ ਆਟੇ ਦੀ ਕੌਲੀ ਪਾਈ, ਸਹਿਜ ਸੁਭਾਅ ਹੀ ਕਿਹਾ ਸੀ ਫਕੀਰ ਨੇ ਜਾ ਤੂੰ ਆਪਣੀ ਮਾਂ ਵਰਗੀ ਬਣੇ ਧੀਏ, ਵੇਹੜੇ ਚ ਬੈਠੀ ਮਾਂ ਦੇ ਕਲੇਜੇ ਚੋਂ ਰੁੱਗ ਭਰਿਆ ਗਿਆ, ਨਾ ਨਾ ਵੇ ਫ਼ਕੀਰਾ ਇਹ ਬਦ-ਦੁਆ ਨਾ ਦੇਅ , ਨਾ ਹੋਵੇ ਮੇਰੀ ਧੀ ਮੇਰੇ ਵਰਗੀ... ਜਿਸਨੂੰ ਬਿਨ੍ਹਾਂ ਪੁੱਛੇ ਲੜ ਲਾ ਦਿੱਤਾ ਗਿਆ, ਕਿਸੇ ਸ਼ਰਾਬੀ ਦੇ ਉਹਦੀ ਜਾਇਦਾਦ ਵੇਖ ਕੇ, ਜਿਸਨੂੰ ਰੋਜ ਤੰਗ ਕੀਤਾ ਗਿਆ ਦਾਜ਼ ਲਈ, ਕਦੇ ਬਿਨ੍ਹਾਂ ਗੱਲੋਂ ਕੁੱਟ ਦਿੱਤਾ ਗਿਆ ਪਤੀ ਵੱਲੋਂ ਨਸ਼ੇ ਦੀ ਹਾਲਤ ਚ... ਤੇ ਹੱਸਦੀ ਵੱਸਦੀ ਨੂੰ ਬਣਾ ਦਿੱਤਾ ਗਿਆ ਧਰਤੀ ਵਰਗੀ ਜੋ... ਜੋ...ਸਭ ਕੁੱਝ ਸੀਨੇ ਚ ਦਬਾਉਂਦੀ ਚਲੀ ਗਈ, ਆਪਣੇ ਨਾਲ ਹੋਏ ਅਤਿਆਚਾਰ, ਬੇ-ਇਨਸਾਫੀ, ਕਦੇ ਠੰਡ ਵਿੱਚ ਪਤੀ ਵੱਲੋਂ ਕਮਰੇ ਚੋਂ ਬਾਹਰ ਕੱਢ ਦਿੱਤਾ ਗਿਆ, ਹਾੜਾ ਮੇਰੀ ਧੀ ਕਦੇ ਨਾ ਹੋਵੇ ਆਪਣੀ ਮਾਂ ਵਰਗੀ, ਕਦੇ ਵੀ ਨਾ ਹੋਵੇ... ਕਦੇ ਵੀ ਨਾ.......!!
ਤੂੰ ਔਰਤ ਏਂ ਤੇ ਮੈਂ ਇੱਕ ਮਰਦ
ਤੂੰ ਔਰਤ ਏਂ ਤੇ ਮੈਂ ਮਰਦ ਕੀ ਐਨਾ ਗੁਨਾਹ ਕਾਫ਼ੀ ਨਹੀਂ ਆ ? ਤੈਨੂੰ ਸੱਚੀ ਤੇ ਮੈਨੂੰ ਝੂਠਾ ਸਾਬਿਤ ਕਰਨ ਲਈ, ਤੂੰ ਹੰਝੂ ਡੋਲੇ ਤਾਂ ਹਜ਼ਾਰਾਂ ਹੱਥ ਨਿਕਲੇ ਪੂੰਝਣ ਲਈ ਜੇ ਮੈਂ ਰੋਂਦਾ ਤਾਂ ਹੱਥ ਨਹੀਂ,ਬੋਲ ਨਿਕਲਣੇ ਸੀ, ਕੇ ਮਰਦ ਹੋ ਕੇ ਜਨਾਨੀਆਂ ਵਾਂਗ ਰੋ ਰਿਹਾ ਏ.... ਬੱਸ ਏਨਾ ਗੁਨਾਹ ਕਾਫ਼ੀ ਹੈ ਤੈਨੂੰ ਸੱਚੀ ਤੇ ਮੈਨੂੰ ਝੂਠਾ ਸਾਬਿਤ ਕਰਨ ਲਈ, ਤੂੰ ਰੋ ਕੇ ਝੂਠ ਆਖਣਾ ਤੇ ਸਭ ਨੇ ਮੰਨ ਲੈਣਾ, ਮੈਂ ਚੀਕ ਕੇ ਗਵਾਹੀ ਦੇਵਾਂਗਾ ਸੱਚ ਦੀ ਪਰ... ਪਰ ਕੋਈ ਯਕੀਨ ਨਹੀਂ ਕਰੇਗਾ.... ਤੂੰ ਘਰ ਵਿੱਚ ਬੈਠੀ ਨੇ ਹੀ ਲੈ ਲਿਆ ਖੁਦ ਨੂੰ ਗੁਲਾਮ ਦੱਸ ਕੇ ਹਮਦਰਦੀ ਦਾ ਕ੍ਰੈਡਿਟ... ਮੈਂ ਸਵੇਰ ਤੋਂ ਸ਼ਾਮ ਤੱਕ ਦਫ਼ਤਰ ਚ ਬੌਸ ਦੀ ਝਿੜਕਾਂ ਸੁਣੀਆਂ, ਜਲਦੀ ਘਰ ਆਉਣ ਦੇ ਚੱਕਰ ਚ, ਟ੍ਰੈਫਿਕ ਸਿਗਨਲ ਤੇ ਪੁਲਸ ਵਾਲੇ ਤੋਂ ਗਾਲ੍ਹਾਂ ਖਾਦੀਆਂ, ਕਿਉਂਕਿ ਥੋੜਾ ਲੇਟ ਹੁੰਦਾ ਤੂੰ ਦਾਗ ਦੇਣਾ ਸੀ ਮੇਰੇ ਤੇ ਉਹੀ ਘਸਿਆ ਪੀਟਿਆ ਪੁਰਾਣਾ ਇਲਜਾਮ ਕੇ ਕਿਸ ਸੌਕਣ ਨੂੰ ਮਿਲਣ ਗਿਆ ਸੀ ਜੋ ਕੁਵੇਲਾ ਕੀਤਾ...। ਮੋਟਰਾਂ ਕਾਰਾਂ ਦੇ ਹਾਰਨਾ ਦੇ ਸ਼ੋਰ ਨੇ ਕੰਨ ਬੋਲੇ ਕਰ ਦਿੱਤੇ ਮੇਰੇ, ਉੱਤੋਂ ਤੇਰਾ ਫੋਨ ਸਬਜ਼ੀ ਲੈ ਕੇ ਆਇਓ ਨਹੀਂ ਤਾਂ ਫ਼ੇਰ ਘਰੇ ਨਾ ਆਇਓ... ਸੁੰਨ ਕਰ ਗਏ ਮੈਨੂੰ, ਪਰ ਫ਼ੇਰ ਵੀ ਮੈਂ ਸੰਜਮ ਚ ਰਿਹਾ ਮਰਦ ਸੀ ਨਾ, ਰੋ ਵੀ ਤਾਂ ਨਹੀਂ ਸੀ ਸਕਦਾ... ਸਬਜ਼ੀ ਮੰਡੀ ਦੀ ਕਾਵਾਂ ਰੋਲੀ ਨੇ ਦਿਨ ਭਰ ਦੀ ਥਕਾਵਟ ਨੂੰ ਹੋਰ ਵਧਾ ਦਿੱਤਾ.... ਮੇਰਾ ਗੁਨਾਹ, ਮੈਂ ਸਕੂਨ ਦੀ ਤਲਾਸ਼ ਲਈ ਰੋਕ ਬੈਠਾ ਠੇਕੇ ਕੋਲ ਸਕੂਟਰ... ਕਿਉਂਕਿ ਘਰ ਤੋਂ ਲੈ ਕੇ ਦਫਤਰ ਤੱਕ ਤੇ ਦਫਤਰ ਤੋਂ ਲੈ ਘਰ ਦੇ ਰਸਤੇ ਤੱਕ ਹਰ ਜਗ੍ਹਾ ਮੈਨੂੰ ਮਿਲਿਆ ਸੀ ਸਟਰੈਸ ਕਿਸੇ ਮਸ਼ੂਕ ਵਾਂਗ.. ਤੇ ਘਰ ਆਏ ਤੋਂ ਫ਼ੇਰ ਤੇਰਾ ਕਲੇਸ਼ ਸ਼ੁਰੂ ਹੋ ਗਿਆ.... ਆ ਗਿਆਂ "ਮੂਤ ਪੀਅ ਕੇ".. ਤੇ ਜੇ ਮੈਥੋਂ ਗੁੱਸੇ ਚ ਅੱਗੋਂ ਕੁੱਝ ਬੋਲਿਆ ਗਿਆ ਕੁੱਝ ਤੈਨੂੰ.. ਤਾਂ ਮੈਨੂੰ ਦੋਸ਼ੀ ਕਹਿ ਦਿੱਤਾ ਗਿਆ.. ਨਹੀਂ ਦੇਖਿਆ ਕਿਸੇ ਨੇ ਮੇਰੇ ਮੋਢਿਆਂ ਦੇ ਬੋਝ ਨੂੰ . ਬੱਚਿਆਂ ਦੀਆਂ ਫੀਸਾਂ ਬਿਜਲੀ ਦਾ ਬਿੱਲ ਬੇਬੇ ਦੀ ਦਵਾਈ... ਘਰ ਦਾ ਰਾਸ਼ਨ ਹੋਰ ਵੀ ਇਸ ਤਰ੍ਹਾਂ ਦੇ ਕਈ ਬੋਝ..! ਤੂੰ ਤਾਂ ਔਰਤ ਸੀ ਝੂਠ ਕਿਵੇਂ ਬੋਲ ਸਕਦੀ ਏ , ਕਿਉਂਕਿ ਔਰਤ ਤਾਂ ਅਬਲਾ ਨਾਰੀ ਆ.. ਉਹ ਕਿਵੇਂ ਗਲਤ ਹੋ ਸਕਦੀ ਆ .. ਮੇਰਾ ਏਨਾ ਗੁਨਾਹ ਕਾਫ਼ੀ ਏ , ਤੂੰ ਔਰਤ ਤੇ ਮੈਂ ਇੱਕ ਮਰਦ ਹਾਂ.....
ਇਤਬਾਰ
ਜਿਹੜੇ ਬੰਦੇ ਦਾ ਦੁਨੀਆਂ ਚ ਇਤਬਾਰ ਮਰਿਆ... ਉਹ ਤਾਂ ਫ਼ੇਰ ਜਿਉਂਦੇ ਜੀਅ ਹੀ ਯਾਰ ਮਰਿਆ.. ਓਹਦਾ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗਣਾ ਵਾਜਿਬ ਸੀ, ਜਿਸ ਚਕੋਰ ਦਾ ਬੱਦਲਾਂ ਓਹਲੇ ਚੰਨ ਦਿਲਦਾਰ ਮਰਿਆ... ਲਿਖੀ ਹੀ ਸੀ ਮੌਤ ਕਿੰਝ ਭੱਜ ਜਾਂਦਾ "ਮੂਸਾ" ਦੋਸਤੋ, ਮਰਿਆ ਜ਼ਰੂਰ ਭਾਵੇਂ ਹੋ ਕੇ ਸਮੁੰਦਰ ਤੋਂ ਪਾਰ ਮਰਿਆ.... ਤੇਰੇ ਸ਼ੀਤਲ ਜਲ ਦੇ ਚਸ਼ਮੇ ਤੋਂ ਹੋਈ ਨਾ ਘੁੱਟ ਪਾਣੀ ਦੀ ਨਸੀਬ, ਤਾਂਹੀ ਤਾਂ ਮੈਂ ਪਿਆਸਾ ਤੇਰੇ ਦਰ ਦੇ ਬਾਹਰ ਮਰਿਆ..... ਪਰ ਡਰ ਲੱਗਦਾ ਸੀ ਮੈਨੂੰ ਗੁੰਮਨਾਮ ਮਰਨ ਤੋਂ ਦੋਸਤਾ, ਏਸੇ ਲਈ ਤਾਂ ਹਾਂ ਵਾਂਗ ਬਹਾਦਰਾਂ ਸ਼ਰੇ ਬਜ਼ਾਰ ਮਰਿਆ.... ਜੇ ਬੰਦ ਕਮਰੇ ਚ ਦਮ ਤੋੜ ਜਾਂਦਾ ਤੈਨੂੰ ਲੱਗਣਾ ਸੀ ਖੁਦਕੁਸ਼ੀ, ਏਸੇ ਲਈ ਤਾਂ ਹੋਕੇ ਤੇਰੇ ਸ਼ਹਿਰ ਇਸ਼ਕ ਬਿਮਾਰ ਮਰਿਆ.... ਸੀਨੇ ਪੱਥਰਾਂ ਦੇ ਚੀਰੇ ਹੋਏ ਦੱਸਦੇ ਨੇ ਕਦੇ ਦੇਖ ਦੋਸਤਾ, ਕਦੇ ਹੋਵੇ ਗਾ ਇਹਨਾਂ ਚ ਡਿੱਗ ਕੇ ਆਬਸ਼ਾਰ ਮਰਿਆ..... ਐਵੇਂ ਕਿਉਂ ਕਰਨ ਉਹ ਬੈਠ ਜੇਠ ਹਾੜ ਤੇ ਸ਼ਿਕਵੇ, ਜਿੰਨਾ ਦਾ ਚੇਤ ਦੀ ਸ਼ਬਨਮ ਚ ਚਮਨ ਗੁਲਜ਼ਾਰ ਮਰਿਆ.... ਜੇ ਮੈਂ ਡੁੱਬ ਜਾਂਦਾ ਕਿਨਾਰਿਆਂ ਦੇ ਕੋਲ ਬੁਜ਼ਦਿਲ ਆਖਣਾ ਸੀ, ਏਸੇ ਲਈ ਤਾਂ ਜਾ ਕੇ ਮੈਂ ਡੂੰਘੇ ਮੰਝਧਾਰ ਮਰਿਆ..... ਏਨਾ ਸੌਖਾ ਨਹੀਂ ਸੀ ਬੇਅੰਤ ਤੋਂ ਅੰਤ ਤੱਕ ਦਾ ਸਫ਼ਰ ਤੈਅ ਕਰਨਾ, ਏਸੇ ਲਈ ਸੰਧੂ ਹੋਰ ਰੋਜ ਮਰਿਆ ਤੇ ਵਾਰ ਵਾਰ ਮਰਿਆ.....
ਸਕੂਨ ਦੀ ਤਲਾਸ਼
ਬਹੁਤਾ ਫਰਕ ਨਹੀਂ ਆ ਮੇਰੇ ਤੇ ਕਸਤੂਰੀ ਹਿਰਨ ਵਿੱਚ.. ਓਹ ਵੀ ਭਟਕਦਾ ਰਹਿੰਦਾ ਸਾਰੀ ਉਮਰ ਮੇਰੇ ਵਾਂਗ... ਬੱਸ ਫ਼ਰਕ ਸਿਰਫ਼ ਏਨਾ ਕੁ ਆ ਦੋਸਤਾ ਓਹ ਲੱਭਦਾ ਰਹਿੰਦਾ ਕਸਤੂਰੀ ਦੀ ਮਹਿਕ ਨੂੰ ਜੰਗਲ ਚ ਏਧਰ ਓਧਰ.. ਤੇ ਮੈਂ ਲੱਭਦਾ ਰਹਿੰਦਾ ਆਰਟੀਫਿਸ਼ਲ ਵਸਤੂਆਂ ਚੋਂ ਸਕੂਨ ਦੇ ਕਤਰੇ... ਅਣਜਾਣ ਅਸੀਂ ਦੋਨੋਂ ਹੀ ਹਾਂ... ਓਹ ਵੀ ਨਹੀਂ ਜਾਣਦਾ ਕੇ ਕਸਤੂਰੀ ਦੀ ਪੋਟਲੀ ਰੱਬ ਨੇ ਉਹਦੇ ਅੰਦਰ ਹੀ ਰੱਖੀ ਆ, ਜਿਸ ਦੀ ਤਲਾਸ਼ ਚ ਭਟਕਦਾ ਰਹਿੰਦਾ ਓਹ ਤਮਾਮ ਉਮਰ ਜੰਗਲ ਵਿੱਚ.... ਕਿਉਂਕਿ ਮੈਂ ਵੀ ਨਹੀਂ ਜਾਣਦਾ ਕੇ ਸਕੂਨ ਮੇਰੇ ਦਿਲ ਦੇ ਅੰਦਰ ਕਿਸੇ ਕੋਨੇ ਚ ਲੁਕਿਆ... ਬੱਸ ਲੋਡ਼ ਆ ਇੱਕ ਸਬਰ ਦੀ ਸੇਜ ਵਿਛਾਉਣ ਦੀ.. ਕਿਉਂਕਿ ਮੈਨੂੰ ਇਹਨਾਂ ਕੁ ਪਤਾ ਜਦੋਂ ਮਨ ਚ ਸਬਰ ਦੀ ਸੇਜ ਵਿਛ ਜਾਵੇ...... ਤਾਂ..... ਸਕੂਨ ਆਸਾਨੀ ਨਾਲ ਲੇਟ ਜਾਂਦਾ ਤੁਹਾਡੇ ਦਿਲ ਦੀ ਤਹਿ ਤੇ.... ਪਰ ਅਫਸੋਸ ਮੈਂ ਨਾ ਵਿਛਾ ਸਕਿਆ ਸਬਰ ਦੀ ਸੇਜ, ਤੇ ਤਾਂਹੀ ਭਟਕ ਰਿਹਾਂ ਹਾਂ.. ਕਸਤੂਰੀ ਹਿਰਨ ਵਾਂਗ ਦਰ-ਬ-ਦਰ ਤੇ ਲੱਭਦਾ ਰਹਿਨਾ ਸਕੂਨ ਬਾਹਰਲੀਆਂ ਵਸਤੂਆਂ ਵਿੱਚ.....।
ਹੋ ਸਕਦਾ ਏ ਬਹੁਤ ਕੁੱਝ
ਨਹੀਂ ਨਹੀਂ ਬਿਲਕੁੱਲ ਕੋਰਾ ਝੂਠ ਹੈ... ਇਹ! ਜੋ ਤੁਸੀਂ ਸੋਚ ਰਹੇ ਹੋ, ਕੇ ਏਦਾਂ ਤਾਂ ਹੋ ਹੀ ਨੀਂ ਸਕਦਾ... ਸਾਡੀ ਖਮੋਸ਼ੀ ਸ਼ਾਂਤ ਸਮੁੰਦਰ ਵਰਗੀ ਆ, ਪਰ ਜਦ ਇਹ ਚੱਕਰਵਰਤੀ ਤੂਫ਼ਾਨ ਬਣਦੀ ਆ ਵੱਡੇ ਵੱਡੇ ਬੇੜੇ ਉਲਟਾ ਦਿੰਦੀ ਆ, ਤੂੰ ਇਹ ਨਾ ਸਮਝੀ ਕੇ ਏਦਾਂ ਹੋ ਨੀਂ ਸਕਦਾ.... ਲੰਡਨ ਦੇ Caxton Hall ਨੂੰ ਪੁਛੀਂ ਕੇ ਸਭ ਹੋ ਸਕਦਾ, ਕਿਤਾਬ ਚੋਂ ਕਲਮ ਦੀ ਜਗ੍ਹਾ ਪਿਸਤੌਲ ਵੀ ਨਿਕਲ ਸਕਦਾ ਤੇ ਗੋਲੀ ਵੀ ਚੱਲ ਸਕਦੀ ਆ, ਦੋ ਮਰਜੀਵੜੇ ਵੀ ਕਰ ਸਕਦੇ ਆ ਆਪਣਾ ਵੱਖਰਾ ਰਾਜ ਸਥਾਪਿਤ ਨੂਰਦੀਂ ਸਰਾਂ ਗਵਾਹ ਏ, ਕਿਉਂਕਿ ਰਾਜ ਓਹਦਾ ਹੀ ਹੁੰਦਾ ਜਿਹੜਾ ਉਸ ਰਾਹ ਤੋਂ ਲੰਘਣ ਵਾਲਿਆਂ ਤੇ ਟੈਕਸ ਵਸੂਲਦਾ ਹੋਵੇ ਇਹ ਵੀ ਹੋਇਆ, ਇਹ ਨਾ ਸੋਚਿਓ ਕੇ ਇਹ ਹੋ ਨੀਂ ਸਕਦਾ.. ਚਿੜੀਆਂ ਵੀ ਬਾਜ਼ ਦੇ ਖੰਭ ਤੋੜ ਸਕਦੀਆਂ, ਸਿੱਖ ਇਤਿਹਾਸ ਚੋਂ ਨਾ ਸਹੀ ਵਾਰਿਸ ਸ਼ਾਹ ਨੇ ਵੀ ਹਾਮੀ ਭਰੀ ਆ ਏਸ ਗੱਲ ਦੀ... ਹੀਰ ਆਖਦੀ ਵੇ ਜੋਗੀਆ ਝੂਠ ਬੋਲੇ.. ਕੌਣ ਰੁੱਠੜੇ ਯਾਰ ਮਨਾਵਾਂਦਾ ਏ... ਜਾਵਾਂ ਸਦ ਕੇ ਓਹਦੀਆਂ ਕੁਦਰਤਾਂ ਤੋਂ ਜਿਹੜਾ ਚਿੜੀਆਂ ਤੋਂ ਬਾਜ਼ ਤੁੜਾਵੰਦਾਂ ਏ.... ਇਹ ਨਾ ਸੋਚਿਓ ਕੇ ਇਹ ਹੋ ਨਹੀਂ ਸਕਦਾ ਸਭ ਕੁੱਝ ਹੋ ਸਕਦਾ, ਉਹਵੀ ਹੋ ਸਕਦਾ ਜਿਸਦਾ ਤੁਸੀਂ ਕੁਰਸੀਆਂ ਤੇ ਬੈਠੇ ਲੋਕ ਅੰਦਾਜ਼ਾ ਵੀ ਨਹੀਂ ਲਗਾ ਸਕਦੇ, ਉਡਤਾ ਪੰਜਾਬ ਦਾ ਲੇਬਲ ਲਾਇਆ ਸੀ ਤੁਸੀਂ ਪੰਜਾਬੀਆਂ ਤੇ, ਯਾਦ ਹੋਣਾ, ਲਾਇਆ ਸੀ ਨਾ? ਪਰ ਦੇਖਿਆ ਹੋਣਾ, ਉਸੇ ਉਡਤੇ ਪੰਜਾਬ ਦੇ ਨੌਜਵਾਨਾਂ ਨੇ ਤੇਰੇ ਟਨਾਂ ਦੇ ਰੋਡ ਬਲੋਕ ਵਾਲੇ ਪੱਥਰ ਚੁੱਕ ਚੁੱਕ ਟੋਏਆਂ ਚ ਸੁੱਟ ਤੇ ਸੀ.. ਜਦੋਂ ਦਿੱਲੀ ਜਾਣ ਵੇਲੇ ਰਾਹ ਰੋਕੇ ਸੀ ਤੁਸੀਂ...। ਬਹੁਤ ਕੁੱਝ ਹੋ ਸਕਦਾ, ਹਲੇ ਚੁੱਪ ਹਾਂ ਤੇ ਚੁੱਪ ਸਾਡੀ ਬੁਜ਼ਦਿਲੀ ਨਹੀਂ ਆ, ਜਦੋਂ ਸਾਡੇ ਖੇਤਾਂ ਚੋਂ ਹਲਾਂ ਨਾਲ ਉੱਡੀ ਮਿੱਟੀ ਨੇ ਵਾਅ ਵਰੋਲਾ ਬਣ ਤੇਰੀ ਪਾਰਲੀਮੈਂਟ ਦੀਆਂ ਕੰਧਾਂ ਭਰਨੀਆਂ ਸ਼ਾਇਦ ਫ਼ੇਰ ਤੈਨੂੰ ਅਹਿਸਾਸ ਹੋਣਾ ਕੇ ਬਹੁਤ ਕੁੱਝ ਹੋ ਸਕਦਾ ਐਸਾ ਜੋ ਤੁਸੀਂ, ਤੇ ਤੁਹਾਡੇ ਸਿਰ ਤੇ ਹੱਥ ਰੱਖੀ ਬੈਠੇ ਪੂੰਜੀਪਤੀ ਸੋਚਦੇ ਹੋ ਕੇ ਹੋ ਨਹੀਂ ਸਕਦਾ, ਜਦੋਂ ਝੁੱਗੀਆਂ ਚੋਂ ਕੁੱਝ ਘੱਟ ਤੇਲ ਵਾਲੇ ਬਗਾਵਤੀ ਦੀਵੇ ਨਿਕਲਦੇ ਆ ਤੇ ਮੱਧਮ ਕਰ ਦਿੰਦੇ ਆ, ਤੇਰੇ ਜਮਨਾ ਦੇ ਪਾਣੀ ਚ ਲਿਸ਼ਕਦੇ ਤਾਜ ਦੀ ਰੋਸ਼ਨੀ ਨੂੰ... ਇੱਕ ਗੱਲ ਦੱਸ ਦੇਵਾਂ ਜਦੋਂ ਚਮਕੌਰ ਦੀ ਕੱਚੀ ਗੜ੍ਹੀ ਚੋਂ ਇੱਕ "ਜੋ ਬੋਲੇ ਸੋ ਨਿਹਾਲ" ਦੀ ਅਵਾਜ਼ ਗੂੰਜਦੀ ਆ ਤਾਂ ਲਾਲ ਕਿਲ੍ਹੇ ਦੀਆਂ ਕੰਧਾਂ ਕੰਬ ਜਾਂਦੀਆਂ, ਏਸ ਭੁਲੇਖੇ ਚ ਨਾ ਰਿਹੋ ਕੇ ਇਹ ਹੋ ਹੀ ਨੀਂ ਸਕਦਾ, ਬਹੁਤ ਕੁੱਝ ਹੋ ਸਕਦਾ, ਜੋ ਤੁਹਾਡੀ ਸੋਚ ਤੋਂ ਪਰੇ ਆ....।
ਬੁਝਾਰਤਾਂ
ਉਂਝ ਚੰਗਾ ਤਾਂ ਨਹੀਂ ਸੀ ਲੱਗਦਾ ਮੈਨੂੰ ਇਹ ਬੁਝਾਰਤਾਂ ਦਾ ਵਿਸ਼ਾ, ਪਰ ਚੰਗਾ ਲੱਗਦਾ ਸੀ ਤੂੰ ਜਦ ਮੇਰੇ ਮੂਹਰੇ ਬੰਦ ਮੁੱਠੀ ਕਰ ਕੇ ਕਹਿੰਦੀ ਸੀ, ਕੇ ਬੁੱਝ ਭਲਾਂ ਮੇਰੀ ਮੁੱਠੀ ਚ ਕੀ ਆ? ਬਾਹਲੀ ਭੋਲੀ ਜਹੀ ਸੀ ਤੂੰ, ਆਪ ਹੀ ਕਹਿ ਦੇਣਾ ਜੇ ਬੁੱਝ ਲਿਆ ਤਾਂ ਮੇਰੀ ਮੁੱਠੀ ਵਿਚਲੀ ਚੌਕਲੇਟ ਤੇਰੀ, ਮੈਂ ਵੀ ਜਾਣ-ਬੁੱਝ ਕੇ ਸੋਚਣ ਲੱਗ ਜਾਣਾ, ਫ਼ੇਰ ਜਾਣ ਕੇ ਤੇਰਾ ਦਿਲ ਰੱਖਣ ਲਈ ਤੈਨੂੰ ਪੁੱਛਣਾ, ਖਾਣ ਵਾਲੀ ਚੀਜ਼ ਜਾਂ ਪੀਣ ਵਾਲੀ, ਤੂੰ ਅੱਗੋਂ ਕਹਿਣਾ, ਖਾਣ ਵਾਲੀ, ਜੇ ਬੁੱਝ ਲਵੇਂ ਤਾਂ ਤੈਨੂੰ ਮੁੱਠੀ ਵਿਚਲੀ ਚੌਕਲੇਟ ਦੇਵਾਂਗੀ... ਫ਼ੇਰ ਮੈਂ ਸੋਚ ਸੋਚ ਕਹਿਣਾ, ਸੋਨਪਾਪੜੀ.. ਤੂੰ ਮੁੱਠੀ ਖੋਲਦੀ ਨੇ ਹੱਸ ਪੈਣਾ, ਮੇਰੇ ਕੋਲ ਤਾਂ ਚੌਕਲੇਟ ਆ, ਤੇਰੇ ਤੋਂ ਬੁਝੀ ਹੀ ਨਹੀਂ ਗਈ ਵੱਡੇ ਲਿਖਾਰੀ ਤੋਂ, "ਚੱਲ ਕੋਈ ਨਾ" ਫ਼ੇਰ ਵੀ ਖਾ ਲਾ ਤੂੰ.. ਤੂੰ ਚੌਕਲੇਟ ਮੇਰੀ ਤਲੀ ਤੇ ਰੱਖ ਦੇਣੀ.. ਉਂਝ ਚੰਗਾ ਤਾਂ ਨਹੀਂ ਸੀ ਲੱਗਦਾ ਮੈਨੂੰ ਆ ਬੁਝਾਰਤਾਂ ਦਾ ਵਿਸ਼ਾ, ਪਰ ਚੰਗਾ ਲੱਗਦਾ ਸੀ ਤੇਰਾ ਦਿਲ ਰੱਖਣ ਲਈ ਬੋਲਿਆ ਝੂਠ..,..
ਹਿਸਾਬ ਬਰਾਬਰ
ਅੱਜ ਚੁੱਭ ਰਹੀ ਆ ਤੁਹਾਡੇ ਮਹਿਲਾਂ ਦੇ ਝੂਮਰਾ ਨੂੰ, ਸਾਡੇ ਚੁੱਲਿਆਂ ਚ ਬਲਦੀ ਅੱਗ, ਤੁਹਾਨੂੰ ਚੁੱਭ ਰਿਹਾ ਏ, ਸਾਡਾ ਖੁਦ ਦੇ ਖੇਤਾਂ ਤੇ ਮਾਲਕਣਾ ਹੱਕ, ਤੁਸੀਂ ਪੂੰਜੀਪਤੀ ਸਾਨੂੰ ਉਸੇ ਤਰ੍ਹਾਂ ਗੁਲਾਮ ਬਣਾਉਣਾ ਚਾਹੁੰਦੇ ਹੋ ਜਿਵੇੰ ਤੁਸੀਂ ਸਰਕਾਰੀ ਢਾਂਚਾ ਆਪਣੇ ਹੱਥ ਚ ਲੈ ਰੱਖਿਆ, ਤੇ ਆਹ ਲੋਕਤੰਤਰ ਪਿਆ ਰਹਿੰਦਾ ਤੁਹਾਡੀਆਂ ਫਰਿਜ਼ਾਂ ਚ ਬੀਅਰ ਦੀ ਬੋਤਲ ਵਾਂਗ, ਆਹ ਕਨੂੰਨ ਤੇ ਸੰਵਿਧਾਨ ਤਾਂ ਸ਼ੁਰੂ ਹੀ ਤੁਹਾਡੇ ਘਰ ਦੀ ਦਹਿਲੀਜ਼ ਤੋਂ ਬਾਹਰ ਆ ਕੇ ਹੁੰਦੇ ਨੇ, ਸਾਡੇ ਵਰਗੇ ਲੋਕਾਂ ਲਈ । ਅਸੀਂ ਤੁਹਾਡੇ ਜਿੰਨਾ ਪੜ੍ਹੇ ਲਿਖੇ ਤਾਂ ਨਹੀਂ ਨਾ ਹੀ ਬਹੁਤਾ ਹਿਸਾਬ ਕਿਤਾਬ ਆਉਂਦਾ ਸਾਨੂੰ, ਅਸੀਂ ਤਾਂ ਆੜਤੀਆਂ ਦੀ ਵਹੀ ਤੇ ਅੰਗੂਠਾ ਲਾਉਣ ਵਾਲਿਆਂ ਦੀ ਪੈਦਾਇਸ਼ ਆਂ । ਪਰ ਇੰਨੀ ਕੁ ਸਮਝ ਆ ਕੇ, ਤੁਹਾਨੂੰ ਵੀ ਯਾਦ ਹੋਣਾ 'ਪੀਅ. ਐੱਲ 480' (P. L. 480) ਦਾ ਸਮਝੌਤਾ, ਹਾਂ ਉਹੀ ਸਮਝੌਤਾ ,ਜਿਸਦੇ ਤਹਿਤ ਅਮਰੀਕਾ ਨੇ ਉਹ ਕਣਕ ਖਾਣ ਨੂੰ ਸਾਨੂੰ ਦਿੱਤੀ, ਜੋ ਕਣਕ ਉਹ ਆਪਣੇ ਸੂਰਾਂ ਨੂੰ ਪਾਉਂਦਾ ਸੀ,। ਯਾਦ ਆ? ਜਦੋਂ ਅਮਰੀਕਾ ਨੇ 1965 ਦੀ ਜੰਗ ਚ ਵਿਰੋਧੀ ਦੇਸ਼ ਦੇ ਨਾਲ ਖੜਦਿਆਂ ਭਾਰਤ ਦੇਸ਼ ਨੂੰ ਅਨਾਜ਼ ਭੇਜਣਾ ਬੰਦ ਕਰ ਦੇਣ ਦੀ ਧਮਕੀ ਦੇ ਤੀ ਸੀ, ਸਮੇਂ ਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗੀ ਸੀ । ਸਾਡੇ ਬਾਪੂ ਉਦੋਂ ਹਰੀ ਕ੍ਰਾਂਤੀ...,... ਹਾਂ ਸੱਚ, ਤੁਸੀਂ ਪੜ੍ਹੇ ਲਿਖੇ ਲੋਕ ਤੁਹਾਨੂੰ ਸਮਝ ਨੀ ਆਉਣੀ ਹਰੀ ਕ੍ਰਾਂਤੀ ਦੀ ਪਰਿਭਾਸ਼ਾ, ਤੁਹਾਡੀ ਭਾਸ਼ਾ ਚ Green Revolution ਲੈ ਕੇ ਆਏ ਸੀ, 1966 ਚ 1 ਕਰੋੜ ਟਨ ਤੋਂ ਜ਼ਿਆਦਾ ਅਨਾਜ਼ ਦੀ ਪੈਦਾਵਾਰ ਕਰਕੇ ਤੁਹਾਡੇ ਗੋਦਾਮ ਭਰਤੇ ਸੀ । ਉਦੋਂ ਹੀ ਦਿੱਤਾ ਸੀ ਤੇਰੀ ਸਰਕਾਰ ਨੇ "ਅੰਨਦਾਤੇ" ਦਾ ਖ਼ਿਤਾਬ । ਪਰ ਉਹੀ ਅਨਾਜ਼ ਤੁਸੀਂ ਤੁਹਾਡੇ ਜਹਾਜ਼ਾਂ ਚ ਭਰ ਭਰ ਬਾਹਰ ਵੇਚਦੇ ਰਹੇ, ਤੁਸੀਂ ਜੇਬਾਂ ਭਰਦੇ ਰਹੇ, ਸਾਡੇ ਬਾਪੂ ਫ਼ਸਲ ਵੇਚ ਕੇ ਐਨੇ ਕੁ ਪੈਸੇ ਤਾਂ ਵੱਟ ਲੈਂਦੇ ਆ, ਕੇ ਉਹ ਰੱਸਾ ਜਾਂ ਸਲਫ਼ਾਸ ਖਰੀਦ ਸਕਣ । ਹੁਣ ਤੁਹਾਡੀ ਅੱਖ ਸਾਡੀ ਹੋਂਦ ਤੇ ਟਿਕੀ ਆ, ਤੁਹਾਡੀਆਂ ਲਾਲਚੀਆਂ ਅੱਖਾਂ ਨੂੰ ਦਿਸਦਾ ਸਾਡੇ ਖੇਤਾਂ ਚ ਵਿਛਿਆ ਸੋਨਾ । ਪਤਾ ਕਿਉਂ?? ਕਿਉਂਕਿ ਤੁਸੀਂ ਵਪਾਰੀ ਲੋਕ ਹੋ, ਤੁਸੀਂ "ਕਰੋਨਾ ਕਾਲ" ਚ ਦੇਖਿਆ ਸੀ, ਪੈਟਰੋਲ ਡੀਜ਼ਲ ਹਰ ਚੀਜ਼ ਬਿਨਾਂ ਇਨਸਾਨ ਗੁਜ਼ਾਰਾ ਕਰ ਸਕਦਾ, ਪਰ ਰੋਟੀ! ਹਾਂ ਰੋਟੀ ਬਿਨਾਂ ਨਹੀਂ, ਤੇ ਤੁਹਾਡੀ ਅੱਖ ਰੁਕ ਗਈ ਸਾਡੇ ਖੇਤ ਦੀਆਂ ਵੱਟਾਂ ਦੇ ਪਰਲੇ ਪਾਸੇ । ਪਰ ਇੱਕ ਗੱਲ ਯਾਦ ਰੱਖਿਓ, ਸਾਡੇ ਬਾਪੂ ਅਨਪੜ੍ਹ ਆ, ਉਹ ਹਿਸਾਬ ਕਿਤਾਬ ਤਾਂ ਨੀਂ ਜਾਣਦੇ । ਪਰ ਜਦੋਂ ਉਹ,ਵਹੀ ਤੇ ਗੂਠਾ ਲਾਉਣ ਵਾਲੇ, ਘਰੋਂ ਨਿਕਲਦੇ ਆ ਨਾ, ਤਾਂ ਗਲ਼ ਗੂਠਾ ਵੀ ਦੇ ਦਿੰਦੇ ਆ । ਮੰਨਿਆ ਹਿਸਾਬ ਕਿਤਾਬ ਨਹੀਂ ਜਾਣਦੇ ਉਹ ਪਰ.... ਪਰ.. ਹਿਸਾਬ ਬਰਾਬਰ ਕਰਨਾ ਚੰਗੀ ਤਰ੍ਹਾਂ ਜਾਣਦੇ ਆ ਉਹ । ਆਉਂਦਾ ਉਹਨਾਂ ਨੂੰ ਹਿਸਾਬ ਬਰਾਬਰ ਕਰਨਾ ॥॥
ਤ੍ਰੇਹਾਈ ਜ਼ਿੰਦਗੀ
ਕਿੱਥੋਂ ਕਿੱਥੇ ਲੈ ਆਈ ਜ਼ਿੰਦਗੀ । ਸੱਤ ਸਮੁੰਦਰ ਗਾਹ ਕੇ ਵੀ ਰਹੀ ਤ੍ਰੇਹਾਈ ਜ਼ਿੰਦਗੀ । ਓਹੀਓ ਸਾਨੂੰ ਡੋਬਦੇ ਰਹੇ , ਅਸੀਂ ਡੁੱਬਣੋ ਜਿਨ੍ਹਾਂ ਦੀ ਬਚਾਈ ਜ਼ਿੰਦਗੀ । ਤਕਾਜ਼ਾ ਜ਼ਿੰਦਗੀ ਦਾ ਤੇ ਸਾਹਾਂ ਦੀ ਫ਼ਿਕਰਮੰਦੀ, ਜਾਂਦੀ ਆ ਸੂਲੀ ਤੇ ਨਿੱਤ ਲਟਕਾਈ ਜ਼ਿੰਦਗੀ । ਜਦੋਂ ਮਾਨਨੀ ਸੀ ਉਦੋਂ ਕਿਓਂ ਪਿੱਛੇ ਲੋੜਾਂ ਦੇ ਭਜਦੇ ਰਹੇ, ਬੁੱਢੇ ਹੋਇਆਂ ਨੂੰ ਹੁਣ ਜਾਂਦੀ ਆ ਸਤਾਈ ਜ਼ਿੰਦਗੀ । ਮੇਰੇ ਮੂਹਰੇ ਕਈ ਬੇਅੰਤ ਤੋਂ ਏਥੇ ਅੰਤ ਹੋਏ , ਜਿਆਉਣੀ ਫੇਰ ਨਾ ਸਾਨੂੰ ਆਈ ਜ਼ਿੰਦਗੀ ।
ਸਹੀ ਗ਼ਲਤ
ਆਪਣੀ ਜਗ੍ਹਾ ਸਹੀ ਉਹ ਵੀ ਸੀ ਤੇ ਗ਼ਲਤ ਮੈਂ ਵੀ ਨਹੀਂ ਸੀ , ਬੱਸ ਇੱਕ ਦੂਜੇ ਦੇ ਸਹੀ ਹੋਣ ਤੇ ਵੀ ਅਸੀਂ ਆਪਣੀ ਆਪਣੀ ਸਮਝ ਮੁਤਾਬਕ ਗ਼ਲਤੀ ਦੀ ਮੋਹਰ ਲਾਉਂਦੇ ਰਹੇ । ਪਤਾ ਨਤੀਜ਼ਾ ਕੀ ਹੋਇਆ ? ਬੱਸ ਇੱਕ ਦੂਜੇ ਨੂੰ ਸਮਝਣ ਚ ਦੇਰ ਹੁੰਦੀ ਗਈ ਤੇ ਅਸੀਂ ਦੂਰ ਹੁੰਦੇ ਗਏ ..... ਆਖ਼ਿਰ ਨੂੰ ਸਾਡੇ ਪੱਲੇ ਸਿਰਫ ਤੇ ਸਿਰਫ ਇੱਕ-ਦੂਜੇ ਦੀਆਂ ਕੱਢੀਆਂ ਗ਼ਲਤੀਆਂ ਤੇ ਪਛਤਾਵਾ ਰਹਿ ਗਿਆ ।
ਤੇਰੇ ਸ਼ਹਿਰ ਦੀ ਹਵਾ
ਤੇਰੇ ਸ਼ਹਿਰ ਚ ਜੋ ਫਿਰਕਾ ਪ੍ਰਸਤੀ ਦੇ ਬਿਆਨ ਬਾਜ਼ੀਆਂ ਦੀ ਹਵਾ ਚੱਲ ਰਹੀ ਆ ਨਾ... ਦੋਸਤਾ ਇਹਦੇ ਕੋਲੋਂ ਬਚ ਕੇ ਰਹੀ, ਕਿਉਂਕਿ ਏਸੇ ਹਵਾ ਨੇ ਪਹਿਲਾਂ ਵੀ ਕਈ ਘਰਾਂ ਦੇ ਦੀਵੇ ਬੁਝਾਏ ਸੀ ॥ ਇਸ ਹਵਾ ਨੂੰ ਸੁੰਘ ਕੇ ਦੇਖੀਂ ਕਿਤੇ, ਦਿੱਲੀ ਦੀਆਂ ਪਾਰਲੀਮੈਂਟ ਵਿਚਲੀਆਂ ਕੁਰਸੀਆਂ ਨੂੰ ਤਾਜੇ ਕਿਤੇ ਰੰਗ ਦੀ ਬੋਅ ਆਵੇਗੀ ਤੈਨੂੰ !! ਇਸ ਹਵਾ ਦਾ ਹਿਸਾਬ ਵੱਖਰਾ ਹੁੰਦਾ.. ਦੋਸਤਾ, ਇਹ ਚੁੱਲਿਆਂ ਦੀ ਅੱਗ ਤਾਂ ਬੁਝਾ ਦਿੰਦੀ ਆ, ਪਰ... ਸਿਵਿਆਂ ਦੀ ਅੱਗ ਦੀਆਂ ਲਾਟਾਂ ਕੰਧਾਂ ਤੋਂ ਉੱਚੀਆਂ ਉੱਠਣ ਲਾ ਦਿੰਦੀ ਆ...।
ਮੌਸਮ
ਤੂੰ ਪੁੱਛਿਆ ਸੀ ਨਾ ? ਖ਼ਤ ਲਿਖ ਕੇ... ਕੇ ਹਲੇ ਵੀ ਪਾਗਲਾਂ ਵਾਂਗ ਭਿੱਜਦਾ ਹਾਂ, ਮੈਂ ਬਾਰਿਸ਼ ਵਿੱਚ ਜਾਂ ਨਹੀਂ ? ਜਿਵੇੰ ਕਾਲਜ ਤੋਂ ਬੱਸ ਅੱਡੇ ਤੱਕ ਕਈ ਵਾਰ ਭਿੱਜ ਕੇ ਆਉਂਦੇ ਹੁੰਦੇ ਸੀ ਆਪਾਂ..... ਤੂੰ ਪੁੱਛਿਆ ਸੀ ਨਾ? ਖ਼ਤ ਲਿਖ ਕੇ.... ਕੇ ਫੱਗਣ ਰੁੱਤ ਦੀ ਮਿੱਠੀ ਮਿੱਠੀ ਧੁੱਪ ਨੂੰ ਹਲੇ ਵੀ ਤੇਰੇ ਨਾਲ ਜੋੜ ਕੇ ਦੇਖਦਾਂ ਹਾਂ ਜਾਂ ਨਹੀਂ.... ਸੱਚ ਦੱਸਾਂ....ਸੱਚ ਤਾਂ ਇਹ ਆ ਕੇ.. ਤੇਰੇ ਬਾਅਦ.. ਨਾ ਤਾਂ ਉਹ ਰੁੱਤਾਂ ਮਿਲੀਆਂ ਤੇ ਨਾ ਹੀ ਉਹ ਮੌਸਮ ਥਿਆਏ ਮੈਨੂੰ.... ਲੱਗਦਾ ਮੌਸਮ ਤੇ ਰੁੱਤਾਂ ਵੀ ਤੂੰ ਨਾਲ ਹੀ ਲੈ ਗਈ ਸੀ....।
ਰਾਵ੍ਹਾਂ ਦੇ ਚੇਤੇ
ਜਦ ਵੀ ਖੁਆਬ ਅਸੀਂ ਅਸਮਾਨੀ ਉੱਡਣੇ ਦੇ ਵੇਖੇ, ਮੁੜ ਮੁੜ ਆਏ ਸਾਨੂੰ ਤੇਰੇ ਪਿੰਡ ਦਿਆਂ ਰਾਵ੍ਹਾਂ ਦੇ ਚੇਤੇ.. ਲੰਬੀ ਉਮਰ ਹੋਵੇ ਜਦ ਕਿਹਾ ਕਿਸੇ ਆਣ ਸਾਨੂੰ, ਵਾਰ ਵਾਰ ਆਏ ਸਾਨੂੰ ਤੇਰੀਆਂ ਦੁਆਵਾਂ ਦੇ ਚੇਤੇ.... ਜਦ ਪੜ੍ਹਿਆ ਸੂਲੀ ਟੰਗੇ ਮਰੀਅਮ ਦੇ ਜਾਏ ਨੂੰ, ਸਾਨੂੰ ਆਏ ਬਿਨ੍ਹਾਂ ਕਸੂਰੋਂ ਮਿਲੀਆਂ ਸਜ਼ਾਵਾਂ ਦੇ ਚੇਤੇ.... ਜਦ ਕਦੇ ਬੁਝੇ ਦੀਵੇ ਭਾਵੇਂ ਹਵਾ ਦੇ ਬੁੱਲ੍ਹੇ ਨਾਲ, ਬੜਾ ਆਏ ਤੇਰੇ ਸ਼ਹਿਰੋਂ ਆਉਂਦੀਆਂ ਹਵਾਵਾਂ ਦੇ ਚੇਤੇ.... ਜਦੋਂ ਡੁੱਬੀਆਂ ਕਿਸ਼ਤੀਆਂ ਮਾਲਟੇ ਦਾ ਕਾਂਡ ਹੋਇਆ, ਬੜਾ ਆਏ ਪੁੱਤਾਂ ਦੀ ਉਡੀਕ ਚ ਬੈਠੀਆਂ ਮਾਵਾਂ ਦੇ ਚੇਤੇ.. ਜਦ ਕਦੇ ਵੀ ਤੇਰੇ ਘਰ ਦੇ ਬਨੇਰੇ ਦਾ ਜ਼ਿਕਰ ਹੋਇਆ, ਵਾਰ ਵਾਰ ਆਏ ਸਾਨੂੰ ਬੋਲਦੇ ਬਨੇਰੇ ਕਾਵਾਂ ਦੇ ਚੇਤੇ..... ਜਦ ਰੱਖੜੀਓਂ ਸੁੰਨੇ ਖਾਲੀ ਗੁੱਟ ਵੇਖੇ 'ਸੰਧੂ' ਬੜਾ ਆਏ ਪਿਆਰ ਨਾਲ ਲੜਦੇ ਭੈਣ ਭਰਾਵਾਂ ਦੇ ਚੇਤੇ.... ਜਦ ਕਦੇ ਵੀ ਜੀ.ਟੀ. ਰੋਡ ਤੇ ਨੰਗੇ ਪੈਰੀਂ ਸਫ਼ਰ ਕੀਤਾ, ਆਏ ਬਰੀਵਾਲੇ ਤੋਂ ਤੇਰੇ ਸ਼ਹਿਰ ਦੀਆਂ ਰਾਵ੍ਹਾਂ ਦੇ ਚੇਤੇ....
ਜ਼ਿਕਰ ਨਹੀਂ ਕਰਾਂਗਾ ਅੱਜ
ਮੈਂ ਜ਼ਿਕਰ ਨੀਂ ਕਰਨਾ ਅੱਜ ਕਿਸੇ ਹੀਰ ਦੀ ਚੂਰੀ ਦਾ, ਮੈਂ ਹਾਵੜਾ ਪੁਲ ਥੱਲੇ ਕੂੜੇ ਚ ਰੋਟੀ ਲੱਭਦੀਆਂ ਹੀਰਾਂ ਵੇਖੀਆਂ, ਮੈਂ ਜ਼ਿਕਰ ਨਹੀਂ ਕਰਨਾ ਅੱਜ ਮਾਰੂਥਲ ਚ ਸੜਦੀ ਸੱਸੀ ਦੇ ਪੈਰਾਂ ਦਾ, ਮੈਂ ਤਿੱਖੜ ਦੁਪਹਿਰੇ ਆਪਣੇ ਆਪਣੇ ਵਜ਼ਨ ਤੋਂ ਵੱਧ ਵਜ਼ਨ ਦਾ ਰੇਹੜਾ ਖਿੱਚਦੇ ਤਪਦੀ ਸੜਕ ਤੇ ਨੰਗੇ ਪੈਰ ਵੇਖੇ ਆ, ਅੱਜ ਮੇਰਾ ਦਿਲ ਨੀਂ ਕਰਦਾ ਐਥਨਜ਼ ਦੀ ਜੇਲ੍ਹ ਵਿੱਚ ਸ਼ੁਕਰਾਤ ਦੇ ਪੀਤੇ ਜ਼ਹਿਰ ਦਾ ਜ਼ਿਕਰ ਕਰਨ ਨੂੰ, ਕਿਉਂਕਿ ਮੈਂ ਗਰੀਬੀ ਤੇ ਮਜ਼ਬੂਰੀ ਦੀ ਜੇਲ੍ਹ ਚ ਬੈਠ ਕੇ ਜ਼ਿੰਦਗੀ ਦਾ ਕੌੜਾ ਜ਼ਹਿਰ ਪੀਂਦੇ ਲੋਕ ਦੇਖੇ ਆ, ਅੱਜ ਮੈਂ ਜ਼ਿਕਰ ਨਹੀਂ ਕਰਨਾ ਮਿਸ਼ਰ ਦੇ ਬਜ਼ਾਰ ਚ ਕਿਸੇ ਜੁਲੇਖਾਂ ਵੱਲੋਂ ਖਰੀਦੇ ਯੂਸਫ਼ ਦੇ ਹੁਸਨ ਦਾ, ਕਿਉਂਕਿ ਲੱਖਾਂ ਹੁਸਨ ਆਪਣੇ ਢਿੱਡ ਖ਼ਾਤਿਰ ਆਪਣੇ ਜਿਸਮਾਂ ਨੂੰ ਵੇਚਦੇ ਵੇਖ ਕੇ ਆਇਆਂ ਮੈਂ..! ਅੱਜ ਮੈਂ ਜ਼ਿਕਰ ਨੀਂ ਕਰਨਾ ਸ਼ਿਵ ਦੀ ਤੇਈਏ ਦਾ ਤਾਪ ਚੜ੍ਹ ਕੇ ਮਰੀ ਮੈਨਾਂ ਦਾ, ਕਿਉਂਕਿ ਮੈਂ ਆਪਣੇ ਆਪਣੇ ਸ਼ਿਵ ਤੋਂ ਵਿਛੜ ਕੇ ਜਿਉਂਦੇ ਜੀਅ ਰੋਜ ਮਰਦੀਆਂ ਮੈਨਾਂ ਦੇ ਚਿਹਰਿਆਂ ਤੇ ਮੌਤ ਦੇਖ ਕੇ ਆਇਆਂ । ਅੱਜ ਮੈਂ ਜ਼ਿਕਰ ਨਹੀਂ ਕਰਾਂਗਾ ਮੂਰਤੀ ਦੇ ਦੁੱਧ ਪੀਣ ਦੇ ਖੁਸ਼ ਹੋਏ ਲੋਕਾਂ ਦੇ ਚੇਹਰਿਆਂ ਦਾ, ਕਿਉਂਕਿ ਮੈਂ ਸੜਕ ਤੇ ਬੱਜ਼ਰੀ ਕੁੱਟ ਰਹੀਆਂ ਮੁਟਿਆਰਾਂ ਦੇ ਰੁੱਖਾਂ ਨਾਲ ਚੁੰਨੀ ਬੰਨਕੇ ਵਿੱਚ ਪਾਏ ਭੁੱਖ ਨਾਲ ਵਿਲਕਦੇ ਬੱਚੇ ਵੇਖ ਕੇ ਆਇਆਂ । ਅੱਜ ਮੈਂ ਜ਼ਿਕਰ ਨਹੀਂ ਕਰਾਂਗਾ ਨਿਪੁੰਸਕ ਜੋਧਿਆਂ ਦੀ ਸਭਾ ਚ ਹੋਏ ਦਰੋਪਦੀ ਦੇ ਚੀਰਹਰਣ ਦਾ, ਕਿਉਂਕਿ ਮੈਂ ਨਿਪੁੰਸਕ ਜੋਧਿਆਂ ਨਾਲ ਭਰੀਆਂ ਬੱਸਾਂ ਚ ਦਰੋਪਦੀਆਂ ਦਾ ਰੋਜ ਹੁੰਦਾ ਚੀਰਹਰਣ ਦੇਖਿਆ ।
ਕਰਾਂਗੇ ਜ਼ਰੂਰ
ਹਲੇ ਮਹਿਬੂਬ ਦੀਆਂ ਜ਼ੁਲਫ਼ਾਂ ਚੋਂ ਆਉਂਦੀ ਮਹਿਕ 'ਚ ਗੁਆਚੇ ਹਾਂ, ਫ਼ੇਰ ਕਦੇ ਕਰਾਂਗੇ ਤੇਰੇ ਮੁੱੜਕੇ ਨਾਲ ਭਿੱਜੇ ਝੱਗਿਆਂ ਦੀ ਗੱਲ..... ਹਲੇ ਵੇਹਲ ਨਹੀਂ ਸਾਨੂੰ ਆਉਡੀਆਂ ਬੁਗਾਟੀਆਂ ਕਾਰਾਂ ਤੋਂ, ਫ਼ਿਕਰ ਨਾ ਕਰ ਬਾਪੂ ਕਰਾਂਗਾ ਇੱਕ ਦਿਨ ਜ਼ਰੂਰ ਤੇਰੇ ਢੱਗਿਆਂ ਦੀ ਗੱਲ.... ਹਲੇ ਗੁਆਚੇ ਆਂ ਮਹਿਬੂਬ ਦੇ ਗੋਰੇ ਰੰਗ ਤੇ ਨਸ਼ੀਲੇ ਨੈਣਾਂ ਅੰਦਰ, ਪਰ ਇੱਕ ਜ਼ਰੂਰ ਕਰਾਂਗੇ ਧੁੱਪ ਚ ਸੜ ਕੇ ਹੋਏ ਚਿਹਰੇ ਕਾਲਿਆਂ ਦੀ ਗੱਲ... ਹਲੇ ਕਿਸੇ ਮੁਮਤਾਜ਼ ਲਈ ਤਾਜ਼ਮਹੱਲ ਖਰੀਦ ਰਹੇ ਹਾਂ ਗਿਫ਼ਟ ਦੇਣ ਲਈ , ਪਰ ਫ਼ਿਕਰ ਨਾ ਕਰ ਇੱਕ ਦਿਨ ਕਰਾਂਗੇ ਜ਼ਰੂਰ ਤੇਰੇ ਝੁੱਗੀ ਦੇ ਜਾਲਿਆਂ ਦੀ ਗੱਲ... ਹਲੇ ਘੁੰਮ ਰਹੇ ਹਾਂ ਉਹਦਾ ਹੱਥ ਫੜ ਚੰਡੀਗੜ੍ਹ ਦੀਆਂ ਪਾਣੀ ਵਰਗੀਆਂ ਸੜਕਾਂ ਤੇ, ਪਰ ਕਰਾਂਗੇ ਜ਼ਰੂਰ ਇੱਕ ਦਿਨ ਮਾਲਵੇ ਦੇ ਟਿੱਬਿਆਂ ਦੇ ਮਿੱਟੀ ਭਰੇ ਰਾਵਾਂ ਦੀ ਗੱਲ.... ਹਲੇ ਦਿਸ ਰਹੇ ਨੇ ਪੁੱਤਾਂ ਦੇ ਬਾਹਰੋਂ ਡਾਲਰ ਕਮਾਂ ਕੇ ਕੋਠੀਆਂ ਤੇ ਖੜ੍ਹੇ ਕੀਤੇ ਟੈਂਕੀ ਵਾਲੇ ਜਹਾਜ਼, ਪਰ ਜ਼ਿੰਦਗੀ ਰਹੀ ਤਾਂ ਜ਼ਰੂਰ ਕਰਾਂਗੇ ਉਨ੍ਹਾਂ ਪੁੱਤਾਂ ਦੀ ਉਡੀਕ ਵਿੱਚ ਮੁੱਕੀਆਂ ਮਾਵਾਂ ਦੀ ਗੱਲ... ਹਲੇ ਖਬਰਾਂ ਚੱਲ ਰਹੀਆਂ ਨੇ ਚੰਨ ਤੇ ਪਾਣੀ ਲੱਭਣ ਦੀਆਂ ਯਾਰੋ, ਜੇ ਵਕ਼ਤ ਮਿਲਿਆ ਤਾਂ ਜ਼ਰੂਰ ਕਰਾਂਗੇ ਫੁੱਟਪਾਥ ਤੇ ਬੈਠੇ ਭੁੱਖਿਆਂ ਦੀ ਗੱਲ..... ਹਲੇ ਚੱਲ ਰਹੀ ਕਸ਼ਮ-ਕਸ਼ੀ ਸਰੀਰ ਦੇ ਰੁੱਖ ਨਾਲ ਸਾਹ ਦੇ ਪੰਛੀਆਂ ਦੀ "ਬਰੀਵਾਲਿਆ" , ਪਰ ਜੇ ਇਹ ਨਾ ਉੱਡੇ ਕਰਾਂਗੇ ਜ਼ਰੂਰ ਇੱਕ ਦਿਨ ਜਵਾਨੀ ਚ ਜ਼ਨਾਜੇ ਉੱਠਿਆਂ ਦੀ ਗੱਲ......।
ਅੱਜ ਮੁੱਦਤ ਬਾਅਦ
ਅੱਜ ਮੁੱਦਤ ਬਾਅਦ ਤੇਰਾ ਤਾਰ ਆਇਆ... ਤੜਫਦੇ ਦਿਲ ਨੂੰ ਇੱਕ ਕਰਾਰ ਆਇਆ... ਦੇਖੋ ਯਾਰੋ ਹੌਂਸਲਾ ਮੇਰਾ, ਮੈਂ ਜ਼ਖਮੀ ਪੈਰ ਲੈ ਨਮਕ ਦੇ ਬਜ਼ਾਰ ਆਇਆ... ਕਹਿੰਦਾ ਬਹੁਤ ਮੁਹੱਬਤ ਹੈ ਮੇਰੇ ਨਾਲ ਉਸਨੂੰ, ਜੋ ਤੋਹਫ਼ੇ ਵਿੱਚ ਲੈ ਕੇ ਤਲਵਾਰ ਆਇਆ... ਕੁਝ ਇੱਜਤਾਂ ਦੀਆਂ ਲੀਰਾਂ ਸੀ ਉਹਦੇ ਵਿੱਚੋਂ ਮਿਲੀਆਂ, ਜਦੋਂ ਮੇਰੇ ਬੂਹੇ ਸਵੇਰ ਦਾ ਅਖ਼ਬਾਰ ਆਇਆ... ਮੈਂ ਰੇਤਲੇ ਟਿੱਬਿਆਂ ਚ ਜੰਮਿਆਂ ਪੇਂਡੂ ਜਿਹਾ ਹਾਂ , ਤਾਂਹੀ ਤੇਰੀ ਮਹਿਫ਼ਿਲ ਚੋਂ ਹੋਕੇ ਸ਼ਰਮਸਾਰ ਆਇਆ.. ਹੁਣ ਓਹਨਾਂ ਥਾਵਾਂ ਤੇ ਲੱਭਣ ਨਾ ਜਾਵੀਂ ਮੈਨੂੰ, ਮੈਂ ਓਹਨਾਂ ਘਰਾਂ ਨੂੰ ਹਾਂ ਜ਼ਿੰਦਰੇ ਮਾਰ ਆਇਆ..... ਜਿਨ੍ਹਾਂ ਲੋਕਾਂ ਸਡ਼ਕ ਤੇ ਖੜ੍ਹੇ ਪਾਣੀ ਦੇ ਟੋਏ ਨਾ ਟੱਪੇ, ਮੈਂ ਓਹਨਾਂ ਲੋਕਾਂ ਲਈ ਨਦੀਆਂ ਕਰ ਪਾਰ ਆਇਆ... ਅੱਧ ਮੋਇਆ ਜਿਹਾ ਕਰ ਦਿੱਤਾ ਮੈਨੂੰ, ਇਹ ਕਿਹੋ ਜਿਹਾ ਇਸ਼ਕ ਮੇਰੇ ਹਿੱਸੇ ਯਾਰ ਆਇਆ... ਚੰਦ ਪਲ ਦੀ ਮੁਹੱਬਤ ਤੇਰੀ ਮਿਲੀ ਮੈਨੂੰ, ਫ਼ੇਰ ਮਜਨੂੰ ਵਾਂਗੂ ਹਿੱਸੇ ਲੰਮਾ ਇੰਤਜ਼ਾਰ ਆਇਆ... ਲੈਲਾ ਸਮਝ ਫੜ ਲਈ ਬਾਂਹ ਉਹਦੀ, ਜਦ ਲੱਕੜਹਾਰਾ ਲੱਕੜ ਸਮਝ ਕਰਨ ਵਾਰ ਆਇਆ.... ਆਖ਼ਰੀ ਸਾਹਾਂ ਤੇ ਹੋਈ ਅੱਜ ਦੀਦ ਯਾਰ ਦੀ, ਕਿਸੇ ਕੰਮ ਤੇ ਆਖ਼ਰੀ ਸਾਹ ਮੇਰੀ ਸਰਕਾਰ ਆਇਆ... ਮਰ ਕੇ ਵੀ ਅੱਖਾਂ ਖੁੱਲੀਆਂ ਰਹੀਆਂ ਮੇਰੀਆਂ, ਨਰਾਜਗੀ ਦੇਖੋ ਹਲੇ ਨੀਂ ਉਡੀਕ ਦਾ ਇਤਬਾਰ ਆਇਆ. ਕੁੱਝ ਸਾਹਾਂ ਦੇ ਹੀ ਪੂੰਜੀ ਬਚੀ ਰਹੀ "ਬਰੀਵਾਲੇ" ਕੋਲ, ਬਾਕੀ ਸਭ ਦਰੋਪਦੀ ਵਾਂਗ ਵਿੱਚ ਜੂਏ ਹਾਰ ਆਇਆ..।
ਸੱਚਾ ਝੂਠ
ਉਹ ਇੱਕ ਸੱਚਾ ਝੂਠ ਬੋਲ ਕੇ ਗਈ ਸੀ ਜਾਣ ਲੱਗੀ ਕੇ ਹੁਣ ਮੈਂ ਕਦੇ ਨੀਂ ਆਉਣਾ ਤੈਨੂੰ ਦੇਖਣ..! ਸੱਚਾ, ਤਾਂ ਸੀ ਕੇ ਉਹ ਸੱਚੀਓਂ ਨੀਂ ਆਈ ਫ਼ੇਰ ਕਦੇ । ਪਰ ਝੂਠ,ਤਾਂ ਸੀ ਕੇ ਆਵਦੀਆਂ ਯਾਦਾਂ ਨੂੰ ਰੋਜ਼ ਭੇਜ ਦਿੰਦੀ ਆ ਮੇਰਾ ਹਾਲ ਪੁੱਛਣ.....
ਉਦਾਸੀ ਦਾ ਸਿਖ਼ਰ
ਹੁਣ ਤੇਰਾ ਛੱਡ ਕੇ ਜਾਣਾ ਉਦਾਸ ਨੀਂ ਕਰਦਾ ਮੁਹੱਬਤ ਦੀ ਉਦਾਸੀ ਮੈਨੂੰ ਦੁਖੀ ਨੀਂ ਕਰਦੀ ਕਿਉਂਕਿ ਮੈਂ ਦੁਨੀਆਂ ਚ ਦੇਖਿਆ... ਕਿਹੜਾ ਇਨਸਾਨ ਆ ਜੋ ਜ਼ਿੰਦਗੀ ਤੋਂ ਨਿਰਾਸ਼ ਨਹੀਂ ਏ, ਮੈਨੂੰ ਮਿਲਿਆ ਨੀਂ ਕਦੇ ਉਹ ਚਿਹਰਾ ਜੋ ਉਦਾਸ ਨਹੀਂ ਏ, ਹੁਣ ਮੁਹੱਬਤ ਦੀ ਉਦਾਸੀ ਮੈਨੂੰ ਉਦਾਸੀ ਨੀਂ ਲੱਗਦੀ ਤੈਨੂੰ ਪਤਾ ਕਿਉਂ? ਕਿਉਂਕਿ ਮੈਂ ਕੋਠੇ ਤੇ ਬੈਠੀ ਕਿਸੇ ਵੇਸਵਾ ਦੀਆਂ ਅੱਖਾਂ ਚ ਉਦਾਸੀ ਦੇਖ ਕੇ ਆਇਆਂ....! ਮੈਂ ਰੂੰਗੇ ਚ ਮਿਲੇ ਕਿਸੇ ਬੱਚੇ ਦੀਆਂ ਅੱਖਾਂ ਚ ਮੁੱਲ ਦੀ ਤੀਵੀਂ ਦਾ ਬੱਚਾ ਅਖਵਾਉਣ ਦਾ ਦਰਦ ਦੇਖਿਆ ਹੋਇਆ....! ਮੈਂ ਤਾਰਿਆਂ ਦੀ ਛਾਵੇਂ ਪਤੀ ਵੱਲੋਂ ਘਰੋਂ ਕੱਢੀ ਕੁੱਛੜ ਭੁੱਖਾ ਵਿਲਕਦਾ ਜਵਾਕ ਚੱਕ ਕੇ ਬੱਸ 'ਚ ਸਫ਼ਰ ਕਰਦੀ ਮਜ਼ਬੂਰ ਔਰਤ ਦੀਆਂ ਅੱਖਾਂ ਚ ਮੇਰੇ ਨਾਲੋਂ ਹਜ਼ਾਰ ਗੁਣਾ ਵੱਧ ਉਦਾਸੀ ਦੇਖ ਕੇ ਆਇਆਂ । ਹੁਣ ਇਹ ਉਦਾਸੀ ਮੈਨੂੰ ਉਦਾਸੀ ਲਗਦੀ ਹੀ ਨਹੀਂ ਆ, ਮੈਂ ਟਰੈਫਿਕ ਲਾਈਟ ਤੇ ਖੜੀ ਗੱਡੀ ਦੇ ਸੀਸ਼ੇ ਤੇ ਕੱਪੜਾ ਮਾਰਨ ਤੋਂ ਬਾਅਦ ਗੱਲ ਚ ਲਿਬੜਿਆ ਜੇਹਾ ਝੱਗਾ ਪਾਈ ਨੰਗੇ ਪੈਰੀਂ ਡਰਾਈਵਰ ਸਾਈਡ ਸ਼ੀਸੇ ਕੋਲ ਹੱਥ ਅੱਡੀ ਖੜ੍ਹੇ ਬੱਚੇ ਦੀਆਂ ਅੱਖਾਂ ਚ ਉਦਾਸੀ ਦੇਖ ਕੇ ਆਇਆਂ । ਮੈਂ ਸੜਿਆਂਦ ਮਾਰਦੀ ਝੋਬੜ ਪੱਟੀ ਚ ਜਾਲੇ ਲੱਗੀਆਂ ਝੁੱਗੀਆਂ ਦੀ ਧੂੰਏ ਨਾਲ ਕਾਲੀ ਹੋਗੀ ਛੱਤ ਥੱਲੇ ਢਿੱਡ ਦੀ ਭੁੱਖ ਖ਼ਾਤਿਰ ਆਪਣਾ ਮੁਰਦਾ ਜਿਸਮ ਵੇਚ ਦੀ ਬੇਜਾਨ ਜਹੀ ਔਰਤ ਦੇ ਚਿਹਰੇ ਦੀ ਉਦਾਸੀ ਵੇਖ ਕੇ ਆਇਆਂ । ਮੈਂ ਕਿਸੇ ਸ਼ਹਿਰ ਦੇ ਓਵਰ ਬ੍ਰਿਜ਼ ਦੇ ਥੱਲੇ ਚੁੱਲ੍ਹੇ ਬਾਲ ਕੇ ਆਪਣੇ ਭੁੱਖ ਨਾਲ ਵਿਲਕਦੇ ਬੱਚਿਆਂ ਲਈ ਕੂੜੇ ਦੇ ਢੇਰ ਚੋਂ ਲੱਭ ਕੇ ਲਿਆਂਦੀਆਂ ਸਬਜ਼ੀ ਵਾਲੇ ਦੁਕਾਨਦਾਰ ਵੱਲੋਂ ਸੁੱਟੀਆਂ ਗਲੀਆਂ ਸੜੀਆਂ ਸਬਜ਼ੀਆਂ ਨੂੰ ਪਾਣੀ ਪਾ ਕੇ ਤੜਕਾ ਲਾਉਂਦੀ ਕਿਸੇ ਮਾਂ ਦੇ ਚੇਹਰੇ ਦੀ ਉਦਾਸੀ ਵੇਖ ਕੇ ਆਇਆਂ । ਮੈਂ ਉਦਾਸ ਨਹੀਂ ਆਂ, ਕਿਉਂਕਿ ਤੇਰੀ ਛੱਡ ਜਾਣ ਵਾਲੀ ਉਦਾਸੀ ਤਾਂ ਕੁੱਝ ਵੀ ਨਹੀਂ ਆ, ਮੈਂ ਇੱਕ ਆਟੇ ਦੀ ਕੌਲੀ ਖ਼ਾਤਿਰ ਹੱਥ ਚ ਭੰਬੀਰੀਆਂ ਫੜੀ ਕੁੱਛੜ ਨੰਗ ਧੜਗਾਂ ਜਵਾਕ ਚੱਕ ਕੇ ਇਹ ਬੋਲਦੀ ਕੇ 'ਬੀਬੀ ਕੌਲੀ ਆਟੇ ਦੀ ਪਾ ਦੇ ਤੇਰੇ ਬੱਚੇ ਜੀਣ' ਖੜੀ ਓਸ ਔਰਤ ਦੇ ਤਨ ਤੇ ਪਾਏ ਕੱਪੜਿਆਂ ਦੀਆਂ ਟਾਕੀਆਂ ਚੋਂ ਵੇਖ ਕੇ ਆਇਆਂ ਉਦਾਸੀ ਦਾ ਸ਼ਿਖਰ ।
ਕਹਿੰਦੀ ਮਰਜ਼ੀ ਆ ਤੇਰੀ
ਕਹਿੰਦੀ ਮੇਰੇ ਸੁਪਨੇ ਵੱਡੇ ਆ, ਮੈੰ ਅਸਮਾਨ ਵੇਖਣਾ ਉੱਡਕੇ, ਦੁਨੀਆਂ ਦੇਖਣੀ ਆ , ਪਲੀਜ਼ ਮੈਨੂੰ ਆਪਣੀ ਕਵਿਤਾ ਚ ਬੰਦ ਨਾ ਕਰ ਮੈਨੂੰ ਆਜ਼ਾਦ ਕਰ ਦੇ ਤੇ ਅੱਗੇ ਤੇਰੀ ਮਰਜ਼ੀ ਆ ਤੂੰ ਜੋ ਵੀ ਫੈਸਲਾ ਕਰੇਂਗਾ ਮੈਨੂੰ ਮਨਜ਼ੂਰ ਆ, ਪਰ.... ਮੇਰੀ ਮਰਜ਼ੀ ਰਹਿ ਕਿੱਥੇ ਗਈ ਸੀ, ਜਦ ਓਹਨੇ ਫੈਸਲਾ ਹੀ ਸੁਣਾ ਦਿੱਤਾ ਸੀ ਕੀ ਮਰਜ਼ੀ ਕਰਦਾ ? ਤਲੀਆਂ ਦੇ ਚੋਗ ਚਗਾਉਣੀ ਹੀ ਸਿੱਖੀ ਸੀ ਮੈਂ ਮੈਨੂੰ ਪੰਛੀ ਕੈਦ ਕਰਨੇ ਆਏ ਹੀ ਨਹੀਂ .. ਤੇ ਆਜ਼ਾਦ ਕਰਤਾ ਓਹਨੂੰ ਮੈਂ ਸਦਾ ਲਈ.. ਕਿਉਂਕਿ ਮੈਂ ਮਿਰਜ਼ਾ ਗ਼ਾਲਿਬ ਸਾਬ੍ਹ ਨੂੰ ਪੜ੍ਹਿਆ ਸੀ 'ਉੱਡਣੇ ਦੇ ਇਨ ਪਰਿੰਦੋਂ ਕੋ ਆਸਮਾਨ ਮੇਂ ਜੋ ਤੇਰੇ ਹੋਂਗੇ ਲੌਟ ਆਂਏਗੇ...' ਬਸ ਮਰਜ਼ੀ ਤਾਂ ਤੇਰੀ ਹੀ ਸੀ ਐਵੇਂ ਸਾਰਾ ਦੋਸ਼ ਮੈਂ ਤਕਦੀਰਾਂ ਦੇ ਸਿਰ ਮੜ੍ਹ ਦਿੱਤਾ..।