Punjabi Poetry : Balkarnvir Singh
ਪੰਜਾਬੀ ਰਚਨਾਵਾਂ : ਬਲਕਰਨਵੀਰ ਸਿੰਘ
ਹਿਜ਼ਰਾ ਦੀ ਰੁੱਤ
ਹਿਜ਼ਰਾ ਦੀ ਰੁੱਤ ਮਾਏ ਦੀਦਿਆਂ 'ਚੋ ਕੱਜਲਾ ਸੂਹੇ ਹੋਠਾਂ ਤੀਕ ਵਹੇ ਕਾਲੇ ਕਾਲੇ ਬੱਦਲਾ ਨੇ ਸੂਰਜ ਕਲ਼ਾਵੇ ਲਿਆ ਚਾਨਣੀ ਵੀ ਪੀੜ ਸਹੇ। ਦਿਲੋਂ ਆਏ ਹਾਵਾ ਨੇ ਕੋਸੇ ਕੋਸੇ ਸਾਹਵਾਂ ਨੂੰ ਪੀੜਾ ਰਿੰਨ੍ਹੇ ਬੋਲ ਕਹੇ ਹਵਾ 'ਚ ਸੁਗੰਧੀਆਂ ਘੋਲ ਕੋਈ ਪੀ ਗਿਆ ਨੈਣ ਝੱਲੇ ਸਹਿਕਦੇ ਰਹੇ। ਵੇਖ ਮਾਏ ਹਾਲ ਸਾਡਾ ਚਿਰਾਂ ਤੋਂ ਵਿਛੁੰਨਿਆ ਦਾ ਸੱਜਣ ਵੀ ਤਾਰਿਆਂ ਜਹੇ ਉੰਗਲਾਂ ਦੇ ਪੋਟਿਆ ਤੇ ਪਲਾਂ ਦਾ ਸ਼ੁਮਾਰ ਕੀਤਾ ਪੀੜ ਭੈੜੀ ਕਾਲਜੇ ਪਵੇ। ਮੁਹੱਬਤਾ ਦੇ ਸਿਖਰ ਤੇ ਬਿਰਹਾ ਹੋਇਆ ਹਾਣ ਦਾ ਪਰ ਇਹ ਖ਼ੁਮਾਰ ਨਾ ਲਹੇ ਕਾਹਤੋਂ ਝੋਲੀ ਪਾ ਬੈਠੇ ਇਸ਼ਕੇ ਦੇ ਮੋਤੀਆਂ ਨੂੰ ਨੀਰ ਬਣ ਛਲਕਦੇ ਰਹੇ।
ਤੌਫ਼ੀਕ
ਇਹ ਜੋ ਸ਼ਹਿਰ ਗਰਾਂ ਨੇ ਕੀ ਇਨਾਂ ਦੀ ਤੌਫ਼ੀਕ ਇਹ ਜੋ ਦੌਲਤਾਂ ਸ਼ੌਹਰਤਾ ਕੁਦਰਤ ਦੀ ਬਖ਼ਸ਼ੀਸ਼ ਸਾਹਾਂ ਤੋਂ ਵੱਧ ਕੀਮਤੀ ਦੱਸ ਕਿਹੜੀ ਏ ਸੌਗਾਤ ! ਜਦ ਉਹ ਵੇਲਾ ਹੋਵਣਾ ਦਿਨ ਰਹਿਣੈ ਨਾ ਰਾਤ। ਅਸਲ ਤੋਂ ਕੋਹਾਂ ਦੂਰ ਨੇ ਤੇਰੇ ਅਖੌਤੀ ਜਹੇ ਲਿਬਾਸ ਸ਼ਾਹ ਤੂੰ ਕੇਹੜੇ ਰਾਜ ਦਾ ਜਿੱਥੇ ਜਿਉੰਦੇ ਵੀ ਨੇ ਲਾਸ਼ ਬਦਰੰਗਿਆ ਦਾ ਦੱਸ ਭਲਾ ਕਿਹੜਾ ਹੁੰਦਾ ਏ ਰੰਗ ! ਇਹ ਤੇਰੀ ਜੋ ਸਲਤਨਤ ਖ਼ੁਦਗਰਜ਼ੀ ਦੀ ਏ ਜੰਗ। ਤਦਬੀਰਾਂ ਦੇ ਸਿਰਨਾਵੇਂ ਕੋਈ ਦਿੰਦਾ ਹੋਵੇ ਤਾਂ ਦੱਸੀ ਹਰ ਰੁੱਖ਼ ਲਾਸ਼ਾ ਲਟਕਦੀਆ ਹਰ ਗਲ਼ ਪਾਈ ਰੱਸੀ ਸੁੰਨਾਂ ਇਹ ਜਹਾਨ ਹੋਇਆ ਹਵਾਵਾਂ ਦੇ ਵਿੱਚ ਸੋਗ ਜ਼ਹਿਰੀ ਕਾਲੇ ਨੀਰ ਹੋਏ ਹੁਣ ਅੰਦਰ ਲਾਵਣ ਰੋਗ। ਚੱਲ ਸੁੱਤਿਆ ਹੁਣ ਜਾਗਲੈ ਗੈਰਤਾ ਦਾ ਘਰ ਦੂਰ ਖੌਰੇ ਉਹ ਹੁਕਮ ਵਜਾ ਦੇਵੇ ਰਹਿਮਤ ਕਰੇ ਹਜ਼ੂਰ ਫਿਰ ਹਰ ਕਤਰਾ ਤੇਰੇ ਖੂਨ ਦਾ ਹੋ ਜਾਣਾ ਕੁਰਬਾਨ ਤੇਗਾਂ ਦੀ ਤਦ ਛਾਂ ਹੋਣੀ ਫਿਰ ਇਲਾਹੀ ਹੋਣੀ ਸ਼ਾਨ।
ਸੱਜਰੀ ਸਵੇਰ ਜਿਹਾ
ਜਜ਼ਬਾਤ ਆਖਦੇ ਨੇ ਗੱਲ ਰੂਹ ਦੀ ਲੋੜ ਦੀ ਏ ਜਦੋਂ ਮੈਂ ਵੇਖਾ ਤੇਰੇ ਵੱਲੇ ਆਮਦ ਬਹੁੜ ਦੀ ਏ ਸੱਜਰੀ ਸਵੇਰ ਜਿਹਾ ਮੁੱਖ ਤੇਰਾ ...... ਦਿਲਾਂ ਨੂੰ ਤੋੜ ਜਹੀ ਏ... ਇਸ਼ਕ ਫਿਜ਼ਾਵਾ ਦੇ ਕਾਰੇ ਮਖ਼ਮਲੀ ਰਾਹਾਂ ਦੇ ਕਾਰੇ ਤੇਰਿਆ ਨੈਨਾ ਦੀ ਉਲਫ਼ਤ ਤੇਰੀਆਂ ਜ਼ੁਲਫਾ ਦੇ ਲਾਰੇ ਤੇਰੀਆ ਬੁੱਲੀਆਂ ਦਾ ਹਾਸਾ ਤੇਰੀ ਨਫ਼ਾਸਤ ਤੋਂ ਵਾਰੇ ਤੇਰੇ ਦਿਲ ਦੀ ਨਜ਼ਾਕਤ ਇੰਝ ਅਲਫ਼ਾਜ ਜੋੜ ਦੀ ਏ ਸੱਜਰੀ ਸਵੇਰ ਜਿਹਾ ਮੁੱਖ ਤੇਰਾ ...... ਦਿਲਾਂ ਨੂੰ ਤੋੜ ਜਹੀ ਏ..... ਕਦੇ ਖਿਆਲਾਂ ਦੇ ਜ਼ਰੀਏ ਕਦੇ ਖੁਆਬਾ ਦੇ ਜ਼ਰੀਏ ਕਦੇ ਮਹਿਕਾਂ ਚੋਂ ਲੱਭੀਏ ਕਦੇ ਗੁਲਾਬਾਂ ਦੇ ਜ਼ਰੀਏ ਕਦੇ ਸ਼ਬਦਾ ਨੂੰ ਪੁੱਛੀ ਏ ਇੰਝ ਤੈਨੂੰ ਮਿਲੀਏ ਪਰੀਏ ਮੁਹੱਬਤਾ ਪਰੇਸ਼ਾਨ ਹੋਈਆ ਚਿਰਾਂ ਤੋਂ ਔੜ ਜਹੀ ਏ ਸੱਜਰੀ ਸਵੇਰ ਜਿਹਾ ਮੁੱਖ ਤੇਰਾ ...... ਦਿਲਾਂ ਨੂੰ ਤੋੜ ਜਹੀ ਏ..... ਇਹ ਦਰਿਆਵਾਂ ਦਾ ਪਾਣੀ ਮੇਰੇ ਮਹਿਰਮ ਦਾ ਹਾਣੀ ਉਹਦੇ ਦੇਸ਼ ਤੋਂ ਤੁਰਿਆ ਸੁਣਾਉੰਦਾ ਇਸ਼ਕ ਕਹਾਣੀ ਹਵਾ ਦਾ ਬੁੱਲਾ ਜੋ ਆਇਆ ਉਹ ਵੀ ਬਿਰਹਾ ਤੋਂ ਜਾਣੀ ਇੰਨਾ ਸਾਹਾਂ ਦੀ ਖਾਤਿਰ ਦੀਦ ਦੀ ਲੋੜ ਜਹੀ ਏ ਸੱਜਰੀ ਸਵੇਰ ਜਿਹਾ ਮੁੱਖ ਤੇਰਾ ...... ਦਿਲਾਂ ਨੂੰ ਤੋੜ ਜਹੀ ਏ.....
ਸਾਡੀ ਮੌਜੂਦਗੀ
ਸਾਡੀ ਮੌਜੂਦਗੀ ਦਾ ਅੰਦਾਜ਼ਾ ਹਵਾਵਾਂ ਦੇ ਰੁਖ਼ ਤੋਂ ਲਗਾ ਲੈਣਾ। ਅਸੀ ਜਿਸ ਰਾਹੇ ਤੁਰਦੇ ਆ ਉਹ ਸਾਡੇ ਵੱਲ ਦੀ ਹੋ ਜਾਂਦੀ ਆ। ਅਸੀ ਰੋਜ਼ ਟੁੱਟਦੇ ਆ ਡਿੱਗਦੇ ਢਹਿੰਦੇ ਆ ਤੇ ਫਿਰ ਉੱਠਦੇ ਆ ਤੁਰਦੇ ਆ ਮਰਦੇ ਨਹੀ ਉਡੀਕ ਸਾਨੂੰ ਕੱਲ੍ਹ ਦੀ ਹੋ ਜਾਂਦੀ ਆ। ਇੱਕ ਮਸਲਾ ਹੈ ਰੋਟੀ ਦਾ ਤੇ ਝੋਰਾ ਹੈ ਭੈੜੀ ਕਿਸਮਤ ਖੋਟੀ ਦਾ ਮਸਲਾ ਹੈ ਜੀਣੇ ਦਾ ਤੇ ਫ਼ਿਕਰ ਇਹਦੇ ਹੱਲ ਦੀ ਹੋ ਜਾਂਦੀ ਆ। ਨਿਸ਼ਾਨੇ ਜੋ ਮਿੱਥੇ ਪਹਾੜਾ ਤੋਂ ਉੱਚੇ ਔਖੇ ਸਰ ਕਰਨੇ ਨੇ ਕਿੰਝ ? ਕਿੰਝ ਅਸਮਾਨਾਂ ਨੂੰ ਛੂਹਣਾ ਫ਼ਿਕਰ ਤਰਥੱਲ ਦੀ ਹੋ ਜਾਂਦੀ ਆ। ਮੇਰੇ ਖਿਆਲਾਂ ਦੇ ਜੇਰੇ ਗਰਮ ਨੇ ਬਹੁਤੇ ਨਾ ਠਰਦੇ ਨਾ ਮਰਦੇ ਇਹ ਰੁੱਕਦੇ ਕਦੇ ਨਾ ਹਾਰ ਰਾਹੀਂ ਦਲਦਲ ਦੀ ਹੋ ਜਾਂਦੀ ਆ।
ਜਵਾਨੀਏ!ਜਵਾਨੀਏ !!
ਚਾਲਾਂ ਮਸਤਾਨੀਆਂ ਦੀ ਗੱਲ ਹੋਰ ਸੀ ਦਿਲ 'ਚ ਨਦਾਨੀਆਂ ਦਾ ਬੜਾ ਸ਼ੋਰ ਸੀ ਹਰ ਵੇਲੇ ਚੜੀ ਸਾਨੂੰ ਰਹਿੰਦੀ ਲੋਰ ਸੀ ਕਿਹੜੇ ਖੂਹੇ ਦੱਸ ਜਾਕੇ ਡਿੱਗ ਪਈ ਨੀ .... ਜਵਾਨੀਏ!ਜਵਾਨੀਏ !! ਤੂੰ ਕਿੱਥੇ ਗਈ ਨੀ ... ਚਾਲ ਮਸਤਾਨੀਏ ਤੂੰ ਕਿੱਥੇ ਗਈ ਨੀ ... ਕਾਲਿਆਂ ਤੋਂ ਵੇਖ ਹੁਣ ਚਿੱਟੇ ਹੋ ਗਏ ਨੂਰੀ ਜਿਹੇ ਚਿਹਰੇ ਵੇਖ ਫਿੱਕੇ ਹੋ ਗਏ ਵੱਡੇ ਵੱਡੇ ਖੁਆਬ ਹੁਣ ਨਿੱਕੇ ਹੋ ਗਏ ਜ਼ਜਬਿਆ ਵਿੱਚ ਨਾ ਉਹ ਗੱਲ ਰਹੀ ਨੀ... ਜਵਾਨੀਏ!ਜਵਾਨੀਏ !! ਤੂੰ ਕਿੱਥੇ ਗਈ ਨੀ ... ਚਾਲ ਮਸਤਾਨੀਏ ਤੂੰ ਕਿੱਥੇ ਗਈ ਨੀ ... ਦੌਰ ਸੀ ਉਹ ਸਾਡਾ ਬੜੇ ਹੱਡ ਚੀਰੇ ਸੀ ਯਾਰ ਸਾਰੇ ਜਿਗਰੀ ਦਿਲਾਂ ਦੇ ਹੀਰੇ ਸੀ ਇੱਕ ਜਾਣੇ ਨਾਲ ਖੜੇ ਹੁੰਦੇ ਚਾਰ ਵੀਰੇ ਸੀ ਤੁਰ ਗਏ ਨੇ ਸਾਰੇ ਦੁੱਖ ਜਾਦਾਂ ਸਹੀ ਨੀ ਜਵਾਨੀਏ!ਜਵਾਨੀਏ !! ਤੂੰ ਕਿੱਥੇ ਗਈ ਨੀ ... ਚਾਲ ਮਸਤਾਨੀਏ ਤੂੰ ਕਿੱਥੇ ਗਈ ਨੀ ... ਭਗਵਾਨ ਕੌਰੇ! ਵੇਖ ਹੁਣ ਕੱਲੇ ਹੋ ਗਏ ਬੂਟੇ ਜਿਹੜੇ ਲਾਏ ਵੇਖ ਝੱਲੇ ਹੋ ਗਏ ਸਾਰੀ ਕੀਤੀ ਖਾ ਗਏ ਵੇਖ ਦੱਲੇ ਹੋ ਗਏ ਖੂਨ ਹੋ ਗਏ ਚਿੱਟੇ ਦਿਲ ਜਾਂਦਾ ਕਹੀ ਨੀ ਜਵਾਨੀਏ!ਜਵਾਨੀਏ !! ਤੂੰ ਕਿੱਥੇ ਗਈ ਨੀ ... ਚਾਲ ਮਸਤਾਨੀਏ ਤੂੰ ਕਿੱਥੇ ਗਈ ਨੀ ...
ਤੇਰੀ ਸਾਦਗੀ
ਤੇਰੀ ਸਾਦਗੀ ਨੇ ਮਹਿਕ ਖਿਲਾਰੀ ਤੂੰ ਭੌਰਿਆ ਤੋਂ ਰਹੀ ਬੱਚ ਕੇ ਤੇਰੇ ਨੈਣਾ ਤੋਂ ਮੈੰ ਜਾਵਾਂ ਬਲਿਹਾਰੀ ਗੱਲਾਂ ਕਰਦੇ ਨੇ ਹੱਸ ਹੱਸ ਕੇ ਮੇਲ ਹੋਇਆ ਏ ਸਬੱਬੀ ਇੱਕ ਨੂਰ ਨਾਲ ਬਾਗੀਂ ਗੁਲਜ਼ਾਰਾ ਆ ਗਈਆ ਸਾਡੇ ਸੁੰਨੇ ਪਏ ਇਸ਼ਕੇ ਦੇ ਵਿਹੜੇ ਨੀ ਵੇਖਲੈ ਬਹਾਰਾਂ ਆ ਗਈਆ। ਫਿੱਕਿਆ ਨੂੰ ਰੰਗ ਤੂੰ ਚਾੜਿਆ ਉੱਡੀਆਂ ਨੇ ਨੀਂਦਾ ਗੂੜੀਆਂ ਅੱਖਾਂ ਬੰਦ ਕਰਾਂ ਸੁਣੇ ਮੈਨੂੰ ਖਣ-ਖਣ ਤੂੰ ਵੀਣੀ 'ਚ ਚੜਾਵੇਂ ਚੂੜੀਆ ਤੱਕ ਸ਼ੀਸ਼ੇ ਵਿੱਚ ਪਾਵੇਂ ਤੂੰ ਸੁਰਮਾ ਅੰਬਰੀਂ ਘਟਾਵਾਂ ਛਾ ਗਈਆ ਤੇਰੇ ਇਤਰਾਂ ਨੇ ਖੱਤ ਕੋਈ ਘੱਲਿਆ ਲੈਕੇ ਨੀ ਹਵਾਵਾਂ ਆ ਗਈਆ। ਬੱਦਲਾਂ ਦੇ ਉਹਲੇ ਵੇਖ ਲੁਕਿਆ ਉਹ ਗੱਲਾਂ ਅੱਜ ਕਰਦਾ ਈ ਨਾ ਤੇਰੇ ਜਿਹਾਂ ਚੰਨ ਮੈਨੂੰ ਜਾਪਦਾ ਹੁੰਗਾਰਾਂ ਕੋਈ ਭਰਦਾ ਈ ਨਾ ਤੇਰੀ ਦੀਦ ਦੇ ਪਿਆਸੇ ਮੇਰੇ ਨੈਣਾ ਨੂੰ ਸੈਨਤਾ ਨੇ ਲਾਰਾ ਲਾ ਗਈਆ ਲੜ ਚੁਨਰੀ ਦੇ ਅੱਖਾਂ ਦੇਖ ਕੱਜੀਆ ਇਸ਼ਕੇ ਨੂੰ ਵਾੜਾ ਲਾ ਗਈਆ। ਸੂਹੇ ਬੁੱਲਾਂ ਤੇ ਗੁਲਾਬ ਤੂੰ ਰੱਖਿਆ ਮੁਹੱਬਤਾਂ ਨੇ ਰੌਲਾ ਪਾ ਲਿਆ ਵੇਖ ਧੱਕ-ਧੱਕ ਕਰੇ ਮੇਰਾ ਦਿਲੜਾ ਮੈੰ ਇਸ਼ਕੇ ਦਾ ਰੋਗ ਲਾ ਲਿਆ ਕਦੋਂ ਬੋਲੇ ਤੂੰ ਸੁਣਾ ਮੈਂ ਤੇਰੇ ਬੋਲ ਨੀ ਕੰਨਾ ਨੇ ਗੁਹਾਰਾ ਲਾ ਲਈਆ ਮੇਰੀ ਸੁਣੇ ਤੂੰ ਬੈਠਾ ਮੈੰ ਤੇਰੇ ਕੋਲ ਨੀ ਮੈਂ ਕੋਸ਼ਿਸ਼ਾ ਹਜ਼ਾਰਾ ਲਾ ਲਈਆ। ਖੁਆਬਾ ਨੂੰ ਵੀ ਆਸਾ ਹੁਣ ਜਾਗੀਆ ਹੋ ਗਏ ਸੀ ਬਦਨਾਮ ਚੰਦਰੇ ਜੋਗੀ ਕੰਨਾ ਵਿੱਚ ਮੁੰਦਰਾ ਪਵਾ ਕੇ ਪੀਣ ਇਸ਼ਕੇ ਦਾ ਜਾਮ ਚੰਦਰੇ ਤੂੰ ਉੰਗਲਾ ਨਾਲ ਜੁਲਫ਼ਾ ਸਵਾਰੇ ਤੱਕਣੇ ਨੂੰ ਵੇਖ ਲੈ ਬੁਛਾੜਾ ਆ ਗਈਆ ਨਾਜ਼ ਦੱਸ ਕਿਹੜਾ ਝੱਲੇ ਤੇਰੇ ਨਾਰੇ ਵੇਖਣੇ ਨੂੰ ਡਾਰਾ ਆ ਗਈਆ.... ਮੇਲ ਹੋਇਆ ਏ ਸਬੱਬੀ ਇੱਕ ਨੂਰ ਨਾਲ ਬਾਗੀਂ ਗੁਲਜ਼ਾਰਾ ਆ ਗਈਆ ਸਾਡੇ ਸੁੰਨੇ ਪਏ ਇਸ਼ਕੇ ਦੇ ਵਿਹੜੇ ਨੀ ਵੇਖਲੈ ਬਹਾਰਾਂ ਆ ਗਈਆ.....
ਭੈੜਾ ਮੇਰੇ ਵੱਸ ਨਾ ਰਿਹਾ
ਕੋਈ ਆਣ ਕੇ ਕਰੋ ਨਬੇੜਾ ਭੈੜਾ ਮੇਰੇ ਵੱਸ ਨਾ ਰਿਹਾ ਰੋਗ ਦਿਲ ਨੂੰ ਲੱਗਿਆ ਜੇਹੜਾ ਭੈੜਾ ਮੇਰੇ ਵੱਸ ਨਾ ਰਿਹਾ ......... ਸੱਸੀ ਡਾਚੀ ਦੀ ਪੈੜ ਲੱਭੇਂਦੀ ਮੋਈ ਥਲਾਂ 'ਚ ਪੁੰਨੂੰ ਨੂੰ ਵੇਂਹਦੀ ਆਖੇ ਪੁੰਨੂੰ ਪੁੰਨੂੰ ਤਪਦੀ ਦਾ ਜੇਰਾ ਭੈੜਾ ਮੇਰੇ ਵੱਸ ਨਾ ਰਿਹਾ ......... ਰੋਗ ਦਿਲ ਨੂੰ ਲੱਗਿਆ ਜੇਹੜਾ ਭੈੜਾ ਮੇਰੇ ਵੱਸ ਨਾ ਰਿਹਾ ......... ਤਖ਼ਤ ਹਜ਼ਾਰੇ ਤੋੰ ਜੋਗੀ ਆਇਆ ਬਾਰਾਂ ਸਾਲੀ ਇਸ਼ਕ ਕਮਾਇਆ ਪਾਇਆ ਕੈਦੋਂ ਨੇ ਚੰਦਰਾਂ ਬਖੇੜਾ ਭੈੜਾ ਮੇਰੇ ਵੱਸ ਨਾ ਰਿਹਾ ......... ਰੋਗ ਦਿਲ ਨੂੰ ਲੱਗਿਆ ਜੇਹੜਾ ਭੈੜਾ ਮੇਰੇ ਵੱਸ ਨਾ ਰਿਹਾ ......... ਦਾਨਾਬਾਦ ਤੋਂ ਖਰਲਾ ਦਾ ਜਾਇਆ ਝੰਗ ਤੋਂ ਸਾਹਿਬਾਂ ਉਧਾਲ ਲਿਆਇਆ ਮਿਰਜ਼ਾ ਮੋਇਆ ਤੇ ਉਜੜਿਆ ਖੇੜਾ ਭੈੜਾ ਮੇਰੇ ਵੱਸ ਨਾ ਰਿਹਾ ......... ਰੋਗ ਦਿਲ ਨੂੰ ਲੱਗਿਆ ਜੇਹੜਾ ਭੈੜਾ ਮੇਰੇ ਵੱਸ ਨਾ ਰਿਹਾ ......... ਡਰ ਲੱਗਦਾ ਏ ਕਿਤੇ ਖੋ ਨਾ ਦੇਵਾਂ ਇਸ਼ਕੇ 'ਚ ਅੱਥਰੂ 'ਚੋ ਨਾ ਦੇਵਾਂ ਕਿੰਝ ਵਸਾਵਾ ਮਹੁਬੱਤਾਂ ਦਾ ਵਿਹੜਾ ਭੈੜਾ ਮੇਰੇ ਵੱਸ ਨਾ ਰਿਹਾ ......... ਰੋਗ ਦਿਲ ਨੂੰ ਲੱਗਿਆ ਜੇਹੜਾ ਭੈੜਾ ਮੇਰੇ ਵੱਸ ਨਾ ਰਿਹਾ ......... ਚੱਲ ਆਖ ਦਿਲਾ ਜੋ ਮਹਿਰਮ ਆਖੇ ਉਹਦੇ ਬਾਝੋਂ ਇਹ ਆਲਮ ਸੁੰਨਾ ਜਾਪੇ ਅਸਾਂ ਲਾਉਣਾ ਨਹੀਉ ਮੁੜ ਇੱਥੇ ਗੇੜਾ ਭੈੜਾ ਮੇਰੇ ਵੱਸ ਨਾ ਰਿਹਾ ......... ਰੋਗ ਦਿਲ ਨੂੰ ਲੱਗਿਆ ਜੇਹੜਾ ਭੈੜਾ ਮੇਰੇ ਵੱਸ ਨਾ ਰਿਹਾ .........
ਯਾਰ ਕਦੀਮ
ਇੱਕ ਪੈੰਡਾ ਯਾਰ ਕਦੀਮ ਦੇ ਵੱਲ ਤੁਰਿਆ ਲੱਭੇ ਕੰਕਾਲ,ਕੰਕਰ ਤੇ ਖੰਡਰ ਇਮਾਰਤਾਂ ਨੇ ਫਨੀਅਰ ਨਾਗ਼ ਕਾਲੇ ਕੁੰਡਲਾ ਮਾਰ ਮੋਏ ਕਬਰੀ ਸੁੱਤੇ ਰਾਜੇ ਦਫ਼ਨ ਸੱਭੇ ਵਜ਼ਾਰਤਾ ਨੇ ਕੇਹੀ ਮਹਿਕ ਆਵੇ ਗੈਰਤ ਦੇ ਲੀੜਿਆ ਚੋ' ਦੱਸਦੀਆ ਆਪੋ ਤਾਈੰ ਇਹ ਇਬਾਰਤਾਂ ਨੇ ਕੇਹਾ ਯੁੱਗ ਮੋਇਆ ਇੱਕ ਧਰਤ ਲੈ ਡੁੱਬਿਆ ਫੇਰ ਕਿੰਝ ਉੱਪਜੀ ਸੱਭੇ ਇਹ ਬੁਝਾਰਤਾਂ ਨੇ ਚੱਲ ਉੱਠ ਹੁਣ ਜਾਗ 'ਬਲਕਰਨ' ਸ਼ਾਇਰਾ ਲਿੱਖ ਕੋਈ ਨਵੀਂ ਪੈੰੜ ਇਹ ਗੁਜਾਰਿਸ਼ਾ ਨੇ।
ਮਾਏ ਨੀ ! ਤੈਨੂੰ ਹਾਲ ਸੁਣਾਵਾਂ
ਮਾਏ ਨੀ ! ਤੈਨੂੰ ਹਾਲ ਸੁਣਾਵਾਂ ਪੈੰਰੀ ਛਾਲੇ ਤੱਪਦੀਆਂ ਰਾਹਵਾਂ.... ਰਾਹੀਂ ਬੈਠੇ ਇਨਸਾਨੀ ਕੁੱਤੇ ਚੰਮ ਦੀਆਂ ਸੇਜਾ ਮਾਣ ਕੇ ਸੁੱਤੇ ਰੂਹ ਮੇਰੀ ਨੂੰ ਦਾਗ਼ੀ ਕਰ ਗਏ ਮਲੂਕ ਦਿਲ ਤੇ ਪੱਥਰ ਧਰ ਗਏ ਜਿਸਮਾਂ ਨੂੰ ਭੈੜੇ ਨੋਚ ਲੈੰਦੇ ਨੇ ਦਾੜਾ ਹੇਠ ਦਬੋਚ ਲੈਂਦੈ ਨੇ ਨੰਗੇ ਤਨ ਤੇ ਚੁੱਬਦੀਆਂ ਛਾਵਾਂ ਵੱਗਦੀਆ ਇੱਥੇ ਗਰਮ ਹਵਾਵਾਂ ਮਾਏ ਨੀ ! ਤੈਨੂੰ ਹਾਲ ਸੁਣਾਵਾਂ ਪੈੰਰੀ ਛਾਲੇ ਤੱਪਦੀਆਂ ਰਾਹਵਾਂ.... ਡਾਹਡਾਂ ਮੇਰੇ ਤੋਂ ਪਾਪ ਹੋ ਗਿਆ ਖੁੱਦ ਨੀ ਕੀਤਾ ਆਪ ਹੋ ਗਿਆ ਓ ਅੱਖੀਆਂ ਸਾਹਵੇਂ ਧਾਹਾਂ ਮਾਰੇ ਭੋਲੀ ਲਈ ਤਾਂ ਸ਼ਰਾਪ ਹੋ ਗਿਆ ਮਿੱਟੀ ਦੇ ਵਿੱਚ ਰੁਲ ਗਈ ਮਿੱਟੀ ਮੇਰੇ ਤਨ ਤੇ ਡੁੱਲ ਗਈ ਮਿੱਟੀ ਉਹ ਵੀ ਮਿੱਟੀ ਤੇ ਮੈਂ ਵੀ ਮਿੱਟੀ ਦੱਸ ਕੀਹਨੂੰ ਪਰਤਾਂ ਖੋਲ ਵਿਖਾਵਾਂ ਮਾਏ ਨੀ ! ਤੈਨੂੰ ਹਾਲ ਸੁਣਾਵਾਂ ਪੈੰਰੀ ਛਾਲੇ ਤੱਪਦੀਆਂ ਰਾਹਵਾਂ ਸੜਦਾ ਰਹਿੰਦਾ ਬੁੱਝਦਾ ਨਾਹੀ ਹੋਰ ਕੁੱਝ ਇਹਨੂੰ ਸੁੱਝਦਾ ਨਾਹੀ ਦਿਲ ਤੇ ਚੰਦਰਾਂ ਬੋਝ ਪੈ ਗਿਆ ਲਾਹੇ ਬਿਨਾਂ ਕੁੱਝ ਪੁੱਗਦਾ ਨਾਹੀ ਸੁਣ ਮਾਏ !ਮੈਨੂੰ ਫਿਰ ਤੋਂ ਜੰਮਦੀ ਪਾ ਲੈਣ ਦੇ ਕਦਰ ਹੁਣ ਚੰਮਦੀ ਰੂਹ ਉਹਦੇ ਬਾਝੋਂ ਕਿਹੜੇ ਕੰਮ ਦੀ ਤੂੰ ਕਰੀਂ ਉਸ ਸੱਚੇ ਕੋਲ ਦੁਆਵਾਂ ਮਾਏ ਨੀ ! ਤੈਨੂੰ ਹਾਲ ਸੁਣਾਵਾਂ ਪੈੰਰੀ ਛਾਲੇ ਤੱਪਦੀਆਂ ਰਾਹਵਾਂ।
ਚਿੜੀਏ ਨੀ ਚਿੜੀਏ
ਚਿੜੀਏ ਨੀ ਚਿੜੀਏ ..... ਦੱਸ ਕਿਹੜੇ ਘਰੀਂ ਤੈਨੂੰ ਮਿਲੀਏ .... ਬਾਲਿਆ ਦੀ ਛੱਤ ਕੱਚਾ ਜਿਹਾ ਵਿਹੜਾ ਸੀ ਵਿਹੜੇ 'ਚ ਧ੍ਰੇਕ ਸੱਚੀ ਖੁਸ਼ੀਆਂ ਦਾ ਖੇੜਾ ਸੀ ਬਾਲਿਆਂ 'ਚ ਪਾਇਆ ਸੀ ਤੇਰਾ ਤੀਲਿਆਂ ਦਾ ਆਲ੍ਹਣਾਂ ਉੱਠਕੇ ਸਵੇਰੇ ਤੈਨੂੰ ਰੋਜ਼ ਅਸਾਂ ਭਾਲਣਾ ਛੋਟੇ ਛੋਟੇ ਬੋਟ ਤੇਰੇ ਚੋਰੀ ਚੋਰੀ ਤੱਕਣੇ ਗਿਰ ਨਾ ਓ ਜਾਣ ਕਿਤੇ ਸਾਂਭ ਸਾਂਭ ਰੱਖਣੇ ਉਹ ਵੇਖੋ ! ਉਹ ਵੇਖੋ !! ਕਿੱਥੋਂ ਆਈ ਬਿੱਲੀ ਏ ਚਿੜੀਏ ਨੀ ਚਿੜੀਏ ਦੱਸ ਕਿਹੜੇ ਘਰੀਂ ਤੈਨੂੰ ਮਿਲੀਏ .... ਘਰ ਦੇ ਨਾਲ ਸਾਡਾ ਟਿੰਡਾਂ ਆਲਾ ਖੂਹ ਸੀ ਖੂਹ ਤਾਂ ਉਹ ਕਾਹਦਾ ਨਿਰੀ ਸਾਡੀ ਰੂਹ ਸੀ ਹਲਟ ਦੇ ਨਾਲ ਬਾਪੂ ਬਲਦ ਜੀ ਜੋੜਦਾ ਬਾਹਲਾ ਚੰਗਾ ਲੱਗਦਾ ਸੀ ਪਾਣੀ ਜਦੋਂ ਬੋਲਦਾ ਨਿੱਕੇ ਨਿੱਕੇ ਹੱਥਾਂ ਨਾਲ ਬਲਦ ਅਸਾ ਹੱਕਣੇ ਭੱਜ ਭੱਜ ਫੇਰ ਅਸਾ ਵੱਟਾ ਬੰਨੇ ਟੱਪਣੇ ਪੁੰਗਰਦੇੰ ਬੀਜ ਵੇਖ ਰੂਹ ਜਾਦੀਂ ਖਿੜੀ ਏ ਚਿੜੀਏ ਨੀ ਚਿੜੀਏ ..... ਦੱਸ ਕਿਹੜੇ ਘਰੀਂ ਤੈਨੂੰ ਮਿਲੀਏ .... ਨਿੱਕਾ ਜਿਹਾ ਬਾਰ ਸਾਡਾ ਖੁੱਲਾ ਸਦਾ ਰਹਿੰਦਾ ਸੀ ਬਿੰਦ ਝੱਟੇ ਭੂਰੂ ਆਕੇ ਬੈਠਕ ਮੂਹਰੇ ਬਹਿੰਦਾ ਸੀ ਆਜਾ ਓ ਆਜਾ ਸ਼ੇਰਾ ਵੱਡਾ ਬਾਪੂ ਕਹਿੰਦਾ ਸੀ ਪਹਿਲੀ ਰੋਟੀ ਉਹਨੂੰ ਦਿੰਦਾ ਦੂਜੀ ਆਪ ਲੈੰਦਾ ਸੀ ਸੂਰਜ ਢਲੇ ਤੇ ਉਹਨੇ ਕਿੱਸਾ ਹੀਰ ਦਾ ਸੁਣਾਵਣਾ ਮੇਲਾ ਜੁੜ ਜਾਦਾਂ ਉਦੋਂ ਜਦੋਂ ਉਹਨੇ ਗਾਵਣਾ ਨੀਂਦ ਪੈ ਜਾਣੀ ਅੱਖੀਂ ਸੁਰ ਵੇਖ ਛਿੜੀ ਏ ਚਿੜੀਏ ਨੀ ਚਿੜੀਏ ..... ਦੱਸ ਕਿਹੜੇ ਘਰੀਂ ਤੈਨੂੰ ਮਿਲੀਏ .... ਵਿਹੜੇ 'ਚ ਮੰਜੇ ਡਾਹਕੇ ਸਾਰੇ ਸੌਂ ਜਾਂਦੇ ਸੀ ਤਾਰਿਆਂ ਦੀ ਛਾਂ ਥੱਲੇ ਗੂੜ੍ਹੀ ਨੀਂਦ ਲੈਂਦੇ ਸੀ ਸੌਣ ਤੋਂ ਪਹਿਲਾ ਅਸਾਂ ਚੱਲਦੇ ਤਾਰਿਆਂ ਨੂੰ ਵੇਖਣਾ ਉੱਡਦੇ ਜੁਗਨੂੰਆ ਨੂੰ ਫੜ੍ਹ ਲੁਕਾ ਕੇ ਅਸਾਂ ਦੇਖਣਾ ਮਾਂ ਬੁੱਕਲ 'ਚ ਲੈਕੇ ਸੁਣਾਉਂਦੀ ਸੀ ਲੋਰੀਆ ਲੋਰੀਆ ਉਹ ਕਾਹਦੀਆ ਮਿੱਠੇ ਗੰਨੇ ਦੀਆ ਪੋਰੀਆਂ ਲੋਰੀ ਪਿੱਛੇ ਭੈਣ ਨਾਲ ਕਈ ਵੇਰਾਂ ਤਿੜੀਏ ਚਿੜੀਏ ਨੀ ਚਿੜੀਏ ..... ਦੱਸ ਕਿਹੜੇ ਘਰੀਂ ਤੈਨੂੰ ਮਿਲੀਏ .... *ਭੂਰੂ = ਕੁੱਤਾ *ਕਿੱਸਾ ਹੀਰ = ਹੀਰ ਵਾਰਿਸ ਸ਼ਾਹ *ਚੱਲਦੇ ਤਾਰੇ = ਅੰਬਰੀਂ ਉੱਡਦੇ ਰੌਕਟ
ਗਰਮ ਹਵਾ ਦਾ ਬੁੱਲ੍ਹਾ ਅੰਬਰਸਰੋਂ ਆਇਆ ਏ
ਗਰਮ ਹਵਾ ਦਾ ਬੁੱਲ੍ਹਾ ਅੰਬਰਸਰੋਂ ਆਇਆ ਏ । ਬਹਿਸ਼ਤ ਉੱਤੇ ਪਾਪੀ ਨੇ ਲਸ਼ਕਰ ਚੜ੍ਹਾਇਆ ਏ। ਉੱਡਿਆ ਏ ਧੂੰਆਂ ਤੇ ਲਾਲੀ ਦੱਸਦੀ ਅੰਬਰ ਦੀ ਹਿੰਦ ਫ਼ੌਜ ਨੇ ਤਖ਼ਤ ਉੱਤੇ ਗੋਲਾ ਚਲਾਇਆ ਏ । ਜਖ਼ਮ ਅਜੇ ਅੱਲਾ ਸੀ ਪੰਜਾਬ ਸਿੰਹਾਂ ਸੰਤਾਲੀ ਦਾ ਫੇਰ ਤੋੰ ਚੌਰਾਸੀ ਨੇ ਡਾਹਢਾ ਕਹਿਰ ਢਾਹਿਆ ਏ। ਨਿੱਕੜੀ ਜਹੀ ਜਿੰਦ ਇੱਕ ਗਈ ਸੀ ਦਰਬਾਰ ਨੂੰ ਨਿੱਕਾ ਜਿਹਾ ਬਾਲ ਉਹ ਮੁੜ ਨਾ ਧਿਆਇਆ ਏ। ਦਿਨ ਵੀ ਕਾਲਾ ਚੜ੍ਹਿਆ ਰਾਤ ਕਾਲੀ ਕਰ ਗਿਆ ਬੇਦੋਸ਼ਿਆ ਤੇ ਕਾਹਤੋਂ ਐਨਾ ਜ਼ੁਲਮ ਕਮਾਇਆ ਏ। ਤੀਰ ਆਲੇ ਸੰਤਾਂ ਨਾਲ ਖੜੇ ਮੁੱਠੀ ਭਰ ਸਿੰਘਾਂ ਨੇ ਹਿੰਦ ਦੀ ਏ ਫੌਜ ਨੂੰ ਸੋਹਣਾ ਸਬਕ ਸਿਖਾਇਆ ਏ। ਗਰਮ ਹਵਾ ਦਾ ਬੁੱਲ੍ਹਾ ਅੰਬਰਸਰੋਂ ਆਇਆ ਏ । ਬਹਿਸ਼ਤ ਉੱਤੇ ਪਾਪੀ ਨੇ ਲਸ਼ਕਰ ਚੜ੍ਹਾਇਆ ਏ। *ਬਹਿਸ਼ਤ = ਜੱਨਤ , ਸਵਰਗ।
ਗਮਾਂ ਦੀ ਸਾਲਗਿਰਾਹ
ਉਦਾਸ ਆਲਮ ਹੈ ਕੌਣ ਦੇਵੇਗਾ ਦਿਲਾਸਾ ਦਿਲਾਂ ਦੇ ਮਹਿਰਮ ਬੜੀ ਦੂਰ ਹੋ ਗਏ । ਦੀਵੇ ਜੱਗਦੇ ਸੀ ਚੰਗੇ ਬੁਝਾਏ ਇਹ ਕਾਹਤੋਂ ਟੁੱਕੜੇ ਇਹ ਚਾਨਣ ਦੇ ਚਕਨਾਚੂਰ ਹੋ ਗਏ। ਜੋਬਨੇ ਦੀ ਰੁੱਤ ਆਈ ਚਾਵਾਂ ਨੂੰ ਕੀ ਹੋਇਆ ਖੁਆਬਾ ਨੇ ਵੈਣ ਪਾਏ ਕੀ ਕਸੂਰ ਹੋ ਗਏ । ਸਾਲਗਿਰਾਹ ਹੈ ਗ਼ਮਾਂ ਦੀ ਦੇ ਜਾਵੀਂ ਕੁੱਝ ਤੋਹਫੇ ਤੇਰੇ ਸਿਤਮਾਂ ਦੇ ਸਦਕੇ ਸ਼ਾਇਰ ਮਸ਼ਹੂਰ ਹੋ ਗਏ । ਘਾਇਲ ਇਹ ਨਗਮੇਂ ਅੱਪੜੇ ਨੇ ਤੇਰੇ ਤਾਈਂ ਕੁੱਝ ਰਾਹੀਂ ਵਿਦਾ ਹੋਏ ਕੁੱਝ ਮਨਜ਼ੂਰ ਹੋ ਗਏ।
ਖੁਸ਼ੀਆ ਦਾ ਸੱਦਾ
ਅੰਦਰ ਵੱਗਦੀਆ ਲੋਆ ਸਾੜਦੀਆ ਨੇ ਰੂਹਾਂ ਸਭ ਹੱਦਾ ਬੰਨੇ ਟੱਪੀਆ ਭੁੱਲ ਬੈਠੀਆ ਜੂਹਾਂ ਕੋਈ ਦੱਸੋ ਕੋਈ ਸਮਝਾਵੋ ਕੋਈ ਤਾਂ ਗਲ਼ ਨਾਲ ਲਾਵੋ ਖੌਰੇ ਕੋਈ ਹੋਜੇ ਹੀਲਾ ਬੁੱਝ ਜਾਵੇ ਮੱਚਿਆ ਤੀਲਾ ਪਿਆਰ ਦੀ ਗੱਲ ਕੋਈ ਤੁਰ ਜੇ ਕੋਈ ਸੁੱਚਾ ਰਿਸ਼ਤਾ ਜੁੜ ਜੇ ਕੋਈ ਅੰਦਰ ਫਿਰ ਮਹਿਕਾਵੇ ਕੋਈ ਖੁਸ਼ੀਆ ਦਾ ਸੱਦਾ ਆਵੇ। ਸੂਰਜ ਨੇ ਵੀ ਵੇਖੋ ਨਿੱਤ ਦਾ ਕੰਮ ਐ ਫੜਿਆ ਸ਼ਾਮੀ ਹੀ ਡੁੱਬਿਆ ਸੀ ਸਾਜਰੇ ਹੀ ਜਾ ਚੜਿਆ ਇਹੀ ਤਾਂ ਕੁਦਰਤ ਹੈ ਇਹੀ ਤਾਂ ਜ਼ਿੰਦਗੀ ਏ ਦਿਨ ਰਾਤ ਦਾ ਏ ਖੇਲ ਇਹੀ ਤਾਂ ਬੰਦਗੀ ਏ ਜੋ ਅੱਜ ਉਹ ਕੱਲ੍ਹ ਨੀ ਰਹਿਣਾ ਸੱਜਣਾ ਇਹ ਪਲ ਨੀ ਰਹਿਣਾ ਫਿਰ ਕਿਸ ਗੱਲ ਦਾ ਝੋਰਾ ਪੈੰਲਾ ਕਿਉੰ ਨੀ ਪਾਉੰਦਾ ਮੋਰਾ ਤੇਰਾ ਅੰਬਰ ਫਿਰ ਰੁਸ਼ਨਾਵੇ ਕੋਈ ਖੁਸ਼ੀਆ ਦਾ ਸੱਦਾ ਆਵੇ। ਤੇਰੇ ਮੌਸਮਾਂ ਰੰਗ ਦਿੱਤੇ ਜੀਣੇ ਦੇ ਢੰਗ ਦਿੱਤੇ ਪੱਤਿਆ ਨੂੰ ਪੁੱਛਲੋ ਜਾਕੇ ਕਿਉੰ ਰੱਖਾਂ ਨਾਲ ਮੰਗ ਦਿੱਤੇ ਗਿਲਾ ਨਾ ਕੋਈ ਸ਼ਿਕਵਾ ਨਾ ਭਾਲਿਆ ਕੋਈ ਰੁਤਬਾ ਫਿਰ ਵੀ ਵੇਖੋ ਕੈਸੀ ਹਸਤੀ ਕਰਨ ਹਵਾਵਾਂ ਦੇ ਸੰਗ ਮਸਤੀ ਕਈ ਸੱਜਣ ਨਵੇਂ ਨਵੇਲੇ ਤੁਰ ਜਾਦੇੰ ਛੱਡ ਕੇ ਮੇਲੇ ਕੋਈ ਰੋਕੋ ਰਾਹੇ ਪਾਵੋ ਖੁਆਬਾ ਦੇ ਸ਼ਹਿਰੀ ਜਾਵੋ ਰਾਹਾਂ ਦੀਆ ਪੈੜਾਂ ਤੱਕਿਉ ਕੋਈ ਜ਼ਜਬੇ ਲੈਕੇ ਆਵੋ ਖੌਰੇ ਮੰਜ਼ਿਲ ਫਿਰ ਮਿਲ ਜਾਵੇ ਕੋਈ ਖੁਸ਼ੀਆ ਦਾ ਸੱਦਾ ਆਵੇ। ਤਵਾਰੀਖ਼ ਚੇਤੇ ਰੱਖਣਾ ਨੀਹਾਂ ਵੱਲ ਵੀ ਤੱਕਣਾ ਕੰਢਿਆਂ ਦੀਆਂ ਨੇ ਸੇਜਾ ਜੰਗਲਾਂ ਦੇ ਵਿੱਚ ਵੱਸਣਾ ਲਹੂ ਸਿੰਜੀਆ ਫਸਲਾਂ ਖਾਣਗੀਆ ਜਦ ਨਸਲਾਂ ਫਿਰ ਕਿੱਥੇ ਮਿਲਣੇ ਰਾਹੀ ਕਿੱਥੇ ਹੋਣੀਆ ਵਸਲਾਂ ਬਸ ਇਹੋ ਰਾਹ ਅਲਬੇਲਾ ਸਾਂਭ ਲੈ ਇਹ ਵੇਲਾ ਪਾ ਕੇ ਤੀਰ ਕਮਾਨੀ ਚੱਲਿਆ ਪੀਰ ਦਾ ਚੇਲਾ ਉਸ ਪਾਤਸ਼ਾਹ ਨੇ ਵੀ ਵੇਖੋ ਰੱਖਿਆ ਪੰਥ ਨਿਆਰਾ ਕੋਲੇ ਬਾਕੀ ਸਭ ਵਾਰ ਦਿੱਤਾ ਸਭ ਬੋਲਦੇ ਉਹਦੇ ਬੋਲੇ ਪੀਕੇ ਜਾਮ ਸ਼ਹੀਦੀ ਸਿੰਘ ਜੈਕਾਰੇ ਗਜਾਵੇ ਸਿੱਖ ਲੈ ਤੂੰ ਅਣਜਾਣਾ ਖੌਰੇ ਚੜ੍ਹਦੀ ਕਲਾ ਹੋ ਜਾਵੇ ਤੇਰਾ ਅੰਬਰ ਫਿਰ ਰੁਸ਼ਨਾਵੇ ਕੋਈ ਖੁਸ਼ੀਆ ਦਾ ਸੱਦਾ ਆਵੇ।
ਆਖਰੀ ਮੁਹੱਬਤ
ਹਵਾਵਾਂ ਨੂੰ ਕੋਈ ਆਖੋ ਇੰਝ ਸੋਗ ਨਾ ਮਨਾਵਣ ਕੋਇਲਾ ਨੂੰ ਕੋਈ ਆਖੋ ਮੁਹੱਬਤ ਦੇ ਗੀਤ ਗਾਵਣ ਇੰਨਾ ਦਰਦਾਂ ਨੂੰ ਪੁੱਛੋ ਕਿਉੰ ਦਿਲ ਤੇ ਭਾਰ ਪਾਇਆ ਮਿੱਟੀ ਚ' ਜਾ ਮਿਲਿਆ ਮਿੱਟੀ ਦਾ ਸੀ ਜਾਇਆ। ਨੈਣੋ ਨੀਰ ਨਾ ਵਹਾਵੋ ਇਹੀ ਜਗਤ ਦੀ ਸੱਚਾਈ ਸਭ ਸਫ਼ਰਾਂ ਤੇ ਆਏ ਆਖੀਰਾਂ ਨੂੰ ਵਾਟ ਮੁਕਾਈ ਇਨਾਂ ਬੱਦਲਾਂ ਨੇ ਕਾਹਤੋਂ ਰਾਹਾਂ 'ਚ ਮੀਂਹ ਵਰਾਇਆ ਮਿੱਟੀ ਚ' ਜਾ ਮਿਲਿਆ ਮਿੱਟੀ ਦਾ ਸੀ ਜਾਇਆ। ਮੁਹੱਬਤਾਂ ਨੇ ਦਿਲ ਨੂੰ ਇਹ ਵਾਸਤਾ ਕਿਉੰ ਦਿੱਤਾ ਦੁਬਾਰਾ ਫਿਰ ਫੇਰਾ ਪਾਉਣਾ ਇਹ ਆਸਤਾਂ ਕਿਉਂ ਦਿੱਤਾ ਇਹ ਉਮੀਦਾਂ ਵੀ ਨੇ ਭੋਲੀਆ ਭਲਾ ਮੁੜ ਕੇ ਕੌਣ ਆਇਆ ਮਿੱਟੀ ਚ' ਜਾ ਮਿਲਿਆ ਮਿੱਟੀ ਦਾ ਸੀ ਜਾਇਆ। ਦੁਆਵਾਂ ਇਹੋ ਕਰਨਾ ਹੁਣ ਜਰੂਰ ਮਿਲ ਜਾਵੇ ਉਹਦੇ ਦਰ ਖਲੋਤੇ ਆ ਬਸ ਹਜੂਰ ਮਿਲ ਜਾਵੇ ਬਸ ਇੱਕ ਹੋ ਜਾਵਣ ਮੈਂ ਤੇ ਮੇਰਾ ਸਾਇਆ ਮਿੱਟੀ ਚ' ਜਾ ਮਿਲਿਆ ਮਿੱਟੀ ਦਾ ਸੀ ਜਾਇਆ।
ਇਸ਼ਕ ! ਇਸ਼ਕ ਮੱਠਾ-ਮੱਠਾ
ਇਸ਼ਕ ! ਇਸ਼ਕ ਮੱਠਾ-ਮੱਠਾ ਸੌਂਹ ਤੇਰੀ ਮਿੱਠਾ-ਮਿੱਠਾ ਹੌਲੀ ਹੌਲੀ ਮਾਰੇ ਡੰਗ ਨੀ .. ਬੀਬਾ ਕਿਉਂ ਪੁੱਛਦੀ ਏ ? ਇਸ਼ਕੇ ਦੇ ਹਜ਼ਾਰਾ ਰੰਗ ਨੀ .. ਬੀਬਾ ਕਿਉਂ ਪੁੱਛਦੀ ਏ ? ਗਿਣ ਜਿੰਨੇ ਅੰਬਰੀ ਤਾਰੇ ਉਹ ਸਾਰੇ ਸੱਜਣਾ ਦੇ ਲਾਰੇ ਵੇਖ ਬੱਦਲਾ ਉਹਲੇ ਲੁੱਕਿਆ ਕਿੰਝ ਵੇਂਹਦਾ ਏ ਚੰਦ ਨੀ ! ਬੀਬਾ ਕਿਉੰ ਪੁੱਛਦੀ ਏ ? ਪਾਵੇਂ ਚਰਖੇ ਤੇ ਤੰਦ ਨੀ ਬੀਬਾ ਕਿਉੰ ਪੁੱਛਦੀ ਏ ? ਸਾਵਣ ਦੀ ਲੱਗੀਆ ਝੜੀਆ ਪੀਘਾਂ ਵੇਖ ਅਸਮਾਨੀ ਚੜੀਆ ਸੂਹੀ ਫੁਲਕਾਰੀ ਸਿਰ ਤੇ ਲੈਕੇ ਨਾਲੇ ਛਣਕਾਵੇਂ ਵੰਗ ਨੀ ਬੀਬਾ ਕਿਉੰ ਪੁੱਛਦੀ ਏ ? ਖੰਘਦੀ ਏ ਝੂਠੀ ਖੰਘ ਨੀ ਬੀਬਾ ਕਿਉੰ ਪੁੱਛਦੀ ਏ ? ਸੱਜ ਵਿਆਹੀ ਵਿਹੜੇ ਆਈ ਮੋਰਾਂ ਨੇ ਫਿਰ ਰੌਣਕ ਲਾਈ ਕੋਇਲਾ ਮਿੱਠੜੇ ਗੀਤ ਸੁਣਾਏ ਢੋਲਾ ਰਹਿ ਗਿਆ ਦੰਗ ਨੀ ਬੀਬਾ ਕਿਉੰ ਪੁੱਛਦੀ ਏ ? ਚੋਰੀ ਚੋਰੀ ਜਾਵੀਂ ਲੰਘ ਨੀ ਬੀਬਾ ਕਿਉੰ ਪੁੱਛਦੀ ਏ ? ਇਸ਼ਕ ! ਇਸ਼ਕ ਮੱਠਾ-ਮੱਠਾ ਸੌਂਹ ਤੇਰੀ ਮਿੱਠਾ-ਮਿੱਠਾ ਹੌਲੀ ਹੌਲੀ ਮਾਰੇ ਡੰਗ ਨੀ .. ਬੀਬਾ ਕਿਉਂ ਪੁੱਛਦੀ ਏ ? ............................?
ਜ਼ਰਦ ਰੰਗੀਏ
ਜ਼ਰਦ ਰੰਗੀਏ ਨੀ ਹੋਰ ਕੀ ਮੰਗੀਏ ਦਿੱਤੀਆ ਸੌਗਾਤਾਂ ਆਣ ਕੇ। ਮੁੱਖ ਸੂਰਜੇ ਦਾ ਵੇਖ ਕਿੰਝ ਰੰਮਿਆ ਜਾਂਦਾ ਨਹੀਉ ਥੰਮਿਆ ਤੂੰ ਦੇ ਗਈ ਝਾਕਾ ਆਣ ਕੇ। ਸੱਜਰੀ ਸਵੇਰ ਪੌਣ ਕਰਦੀ ਮਖੌਲਾ ਸੂਹੇ ਫੁੱਲਾਂ ਨਾਲ ਵੇਖੋ ਤ੍ਰੇਲ ਕਰਦੀ ਕਲੋਲਾ ਰੰਗ ਜੋਬਨੇ ਦਾ ਵੇਖ ਕਿੰਝ ਚੜਿਆ ਤੂੰ ਹੱਥ ਜਦੋਂ ਫੜਿਆ ਹੋਈਆ ਬਰਸਾਤਾਂ ਆਣ ਕੇ। ਸੂਹੇ ਦਿਨ ਆਏ ਉਡੀਕਾ ਹੁਣ ਮੁੱਕੀਆ ਕੋਇਲਾ ਵਣੀ ਕੂਕੀਆ ਟਟੀਹਰੀਆ ਨੇ ਹੂਕੀਆ ਲੱਗ ਗਈਆ ਤੂਤੀਆ ਟੁੱਕ ਤੋਤਿਆ ਨੇ ਗੱਲਾਂ ਕਰ ਤੇਰੀਆ ਪਾਈਆ ਮੈਨੂੰ ਬਾਤਾ ਆਣ ਕੇ। ਸੋਨੇ ਰੰਗੀਏ ਕਣਕ ਦੀਏ ਬੱਲੀਏ ਨੀ ਗੱਲ ਸੁਣ ਝੱਲੀਏ ਸੁਨੀਹਿਰੀ ਤੇਰਾ ਮੁੱਖੜਾ ਤੋੜੇ ਮੇਰਾ ਦੁੱਖੜਾ ਤੈਨੂੰ ਚੜੇ ਜੋਬਨੇ ਨੇ ਚਾਅ ਸਾਰੇ ਪੂਰਤੇ ਰੁਸ਼ਨਾਈਆ ਤੂੰ ਰਾਤਾਂ ਆਣ ਕੇ।♡ ਜ਼ਰਦ ਰੰਗੀਏ ਨੀ ਹੋਰ ਕੀ ਮੰਗੀਏ ਦਿੱਤੀਆ ਸੌਗਾਤਾਂ ਆਣ ਕੇ।
ਕਲੀ ਗੁੰਮਸ਼ੁਦਾ ਹੋਈ
ਤਾਰਿਆਂ ਨੇ ਘੱਲੇ ਸੁਨੇਹੇ ਅੰਬਰਾਂ ਚੋੰ ਪੌਣਾ 'ਚ ਮਹਿਕ ਘੋਲ ਕਲੀ ਗੁੰਮਸ਼ੁਦਾ ਹੋਈ। ਲੋੜ੍ਹਿਆਂ ਦੀ ਪੀੜ ਉੱਠੀ ਸੂਰਜਾਂ ਦੀ ਤਪਸ਼ ਮੁੱਕੀ ਸਿੱਲ੍ਹ ਜਹੀਆਂ ਰਾਤਾਂ ਚ' ਚਾਂਦਨੀ ਜੁਦਾ ਹੋਈ। ਸਾਵਣੇ ਨੂੰ ਲੈਣ ਆਏ ਪੰਖੇਂਰੂਆਂ ਨੇ ਵੈਣ ਪਾਏ ਬੋਟਾਂ ਦੇ ਨੇ ਹੋਂਠ ਸੁੱਕੇ ਬੂੰਦ ਹੀ ਖੁਦਾ ਹੋਈ। ਅੰਮੜੀ ਨੇ ਦੁੱਖ ਰੋਏ ਕੁੱਖੀਂ ਮੇਰੇ ਪੁੱਤ ਮੋਏ ਜ਼ਹਿਰਾਂ ਸਾੜੇ ਕਾਲਜੇ ਪਾਪਣ ਬਸੁਧਾ ਹੋਈ। ਸੁਰਗਾ ਦੇ ਰਾਹ ਬੋਲੇ ਪਾਰ ਬਸ ਜਾਵਣ ਗੋਲੇ ਸੁਰਗਾ ਦੀ ਰਾਣੀ ਤਾਹੀਂ ਮੇਰੇ ਤੋਂ ਵਿਦਾ ਹੋਈ। * ਬਸੁਧਾ = ਪ੍ਰਿਥਵੀ , ਜ਼ਿਮੀਂ
ਸਾਡੀ ਵੇਰਾ ਰੁੱਤਾਂ ਮਰੀਆਂ
ਰੱਬ ਦਰੀਂ ਸੁੱਖਾਂ ਮਰੀਆਂ। ਰੱਜੇ ਘਰੀਂ ਭੁੱਖਾਂ ਮਰੀਆਂ। ਬੇਗ਼ੈਰਤ ਕਿਉੰ ਜੰਮ ਸੁੱਟੇ, ਸੂਰਾ ਬਾਝੋਂ ਕੁੱਖਾਂ ਮਰੀਆਂ। ਰਾਤਾ ਖਾ ਲਏ ਸੂਰਜ ਕਈ, ਸੁੰਞੇ ਵਿਹੜੇ ਧੁੱਪਾਂ ਮਰੀਆਂ। ਲੋਥ ਅੰਦਰ ਸ਼ੋਰ ਕਾਹਦਾ, ਵੇਖੋ ਕਿਧਰੇ ਚੁੱਪਾਂ ਮਰੀਆਂ। ਡੀਕ ਲਾ ਉਡੀਕਦਾ ਪਿਆਂ, ਸਾਡੀ ਵੇਰਾ ਰੁੱਤਾਂ ਮਰੀਆਂ। ਹਰਫ਼ਾਂ ਉੱਚੜੇ ਵੈਣ ਪਾਏ, ਕਵੀ ਸਮੱਖ ਤੁਕਾਂ ਮਰੀਆਂ।
ਖ਼ਤ ਜਜ਼ਬਾਤਾ ਦਾ
ਚੰਨ ਦੀ ਚਾਨਣੀ 'ਚ ਕਲਮ ਡੋਬਾ ਕੇ ਢਲਦੇ ਦੀ ਲਾਲੀ ਚੋਂ ਉਮੀਦ ਜਗਾ ਕੇ ਅਸਾਂ ਲਿਖਿਆ ਏ ਖ਼ਤ ਜਜ਼ਬਾਤਾ ਦਾ । ਹਰਫ਼ਾ 'ਚ ਦਿਸੇ ਸੁੱਚੇ ਇਸ਼ਕੇ ਦੀ ਝਲਕ ਮੋਤੀਆਂ ਚੋ ਨਿਰਾ ਨੀਰ ਪਿਆ ਛਲਕ ਕੌਣ ਦੇਵੇਗਾ ਹਿਸਾਬ ਸੁੰਨੀਆ ਰਾਤਾ ਦਾ । ਪੋਟਿਆ ਤੇ ਗਿਣ ਗਿਣ ਬੀਤੇ ਪਲ-ਪਲ ਦਿਲ ਦੀ ਜ਼ਮੀਨ ਹੋਈ ਜਿਵੇਂ ਮਾਰੂਥਲ ਸੱਜਣ ਨਾ ਕੋਲੇ ਤਾਂ ਕੀ ਮੁੱਲ ਸੌਗਾਤਾ ਦਾ। ਪੌਣਾ ਨੇ ਵੀ ਘੋਲਿਆ ਪੰਖੇਰੂਆਂ 'ਚ ਸ਼ੋਕ ਜੰਗਲ 'ਚ ਅੱਗ ਲੱਗੀ ਹੰਝੂ ਰਹੇ ਰੋਕ ਹੋਇਆ ਨਾ ਅਸਰ ਕੋਈ ਬਰਸਾਤਾ ਦਾ। ਇੰਦਰ ਨੇ ਆਸ਼ਕਾ ਦੀ ਸਭਾ ਹੈ ਬੁਲਾਈ ਉਰਵਸ਼ੀਆ ਨੇ ਨਾਲੇ ਮਹਿਫ਼ਲ ਸਜਾਈ ਮੁੱਦਾ ਏ ਉਠਾਇਆ ਸੱਭੇ ਜਾਤਾ ਪਾਤਾ ਦਾ। ਬੱਦਲਾ ਨੇ ਰੋਇਆ ਸਦੀਆ ਦਾ ਰੋਣਾ ਸਾਗਰਾ ਨੇ ਫਿਰ ਕਿੰਝ ਨਦੀ ਨੂੰ ਵਿਆਹੁਣਾ ਕੌਣ ਦੇਵੇਗਾ ਜਵਾਬ ਚੰਨ ਦੀਆਂ ਬਾਤਾ ਦਾ।
ਰਿਸ਼ਮਾਂ ਅੰਬਰੋਂ ਛੇੜ ਛੇੜੀ
ਪੂਰਬ 'ਚੋ ਉੱਗੀਆਂ ਨੇ ਵਿਹੜਾ ਰੁਸ਼ਨਾਇਆ ਏ ਪੱਛਮ ਦੇ ਜਾਇਆ ਨੇ ਅੰਬਰ ਚਮਕਾਇਆ ਏ। ਬੱਦਲਾਂ ਘੂਰੀ ਵੱਟੀ ਏ ਕੋਇਲਾਂ ਰੋਲਾ ਪਾਇਆ ਏ ਰੁੱਖਾਂ ਨਾਲ ਮਿਲਕੇ ਪੌਣਾ ਗੀਤ ਸੁੱਚੜਾ ਗਾਇਆ ਏ। ਫੁੱਲ ਖਿਲੇ ਵਿੱਚ ਜੰਗਲ਼ੀ ਭੌਰਿਆਂ ਡੇਰਾ ਲਾਇਆ ਏ ਚਸ਼ਮਾਂ ਫੁੱਟਕੇ ਪ੍ਰੇਮ ਦਾ ਕੱਲਰਾਂ ਕੋਲੇ ਆਇਆ ਏ। ਨੈਨਾ ਦੇ ਬੂਹੇ ਵੱਤਰ ਹੋਏ ਹੋਠਾਂ ਮੁਸਕਰਾਇਆ ਏ ਰੂਹਾਂ ਨਾਲ ਰੂਹਾਂ ਮਿਲੀਆਂ ਬਦਨ ਮਹਿਕਾਇਆ ਏ। ਰਿਸ਼ਮਾਂ ਅੰਬਰੋਂ ਛੇੜ ਛੇੜੀ ਸਾਗਰ ਭਰ ਆਇਆ ਏ ਅੰਬਰ ਧਰਤੀ ਮੇਲ ਹੋਇਆ ਘੁੱਟ ਕਲੇਜੇ ਲਾਇਆ ਏ।