Punjabi Poetry : Giani Baldev Singh Dardi
ਕਾਵਿ ਰਚਨਾਵਾਂ : ਗਿਆਨੀ ਬਲਦੇਵ ਸਿੰਘ ਦਰਦੀ
ਗੁਰਮੁਖ ਸੱਜਣਾਂ ਵੇ ਸਤਿਗੁਰ- ਸਤਿਗੁਰ ਜੱਪਣਾ
ਗੀਤ ਗੁਰੂ ਦੇ ਦੁਆਰੇ ਆਕੇ ਬਾਣੀ ਨਾਲ ਪਿਆਰ ਕਰ, ਤਨ ਮਨ ਸੀਤਲ ਹੋਵੇ । ਵਿਸ਼ਿਆਂ ਵਿਕਾਰਾਂ ਵਾਲੇ ਲੱਗੇ ਹੋਏ ਦਾਗ਼ ਤੈਨੂੰ, ਨਾਮ ਦਾ ਪੁਜਾਰੀ ਗੁਰੂ ਧੋਵੇ। ਜੁਗਤੀ ਮੁਕਤੀ ਦਾ ਭੇਤ ਸ਼ਬਦ ਗੁਰੂ ਦੱਸਣਾ ਗੁਰਮੁਖ ਸੱਜਣਾਂ ਵੇ ਸਤਿਗੁਰ -ਸਤਿਗੁਰ ਜੱਪਣਾ।। ਸਤਿ ਸੰਤੋਖ ਤੇ ਵਿਚਾਰ ਗੁਰਬਾਣੀ ਵਿੱਚ, ਸਿਦਕ ਸਬਰ ਦਾ ਗਹਿਣਾ। ਨੇਕੀਆਂ ਦੇ ਕੰਮ ਕਰ ਬਦੀਆਂ ਤੋਂ ਦੂਰ ਹਟ ਖੋਟਿਆਂ ਕੰਮਾਂ ਤੋਂ ਕੀ ਲੈਣਾ ਭਗਤੀ ਸ਼ਕਤੀ ਹੈ ਰੰਗ ਤੂੰ ਹਰੀ ਦੇ ਵਿੱਚ ਰੰਗਣਾ ਗੁਰਮੁਖ ਸੱਜਣਾਂ ਵੇ ਸਤਿਗੁਰ -ਸਤਿਗੁਰ ਜੱਪਣਾ।। ਮਿੱਟੀ ਦਾ ਬੁਰਜ਼ ਦੇਹੀ ਨਾਮ ਤੋਂ ਬਗ਼ੈਰ ਤੇਰੀ ਬੰਦਿਆ ਖ਼ਾਕ ਵਿੱਚ ਰੁਲਣੀ ਮਾਣਸ ਜਨਮੁ ਹੀਰਾ ਕੀਮਤੀ ਸਵਾਸ ਤੇਰੇ ਭਜਨ ਤੋਂ ਬਿਨਾਂ ਕੌਡੀ ਮੁੱਲ ਨੀ ਕਰਮਾਂ -ਧਰਮਾਂ ਦਾ ਪਲ ਪਲ ਲੇਖਾ ਲੱਗਣਾ ਗੁਰਮੁਖ ਸੱਜਣਾਂ ਵੇ ਸਤਿਗੁਰ -ਸਤਿਗੁਰ ਜੱਪਣਾ।। ਛੱਡਕੇ ਕੁਸੰਗ ਕਰ 'ਦਰਦੀ' ਤੂੰ ਸਤਸੰਗਿ ਖੋਜ਼ ਸ਼ਬਦ ਗੁਰਬਾਣੀ ਲੁੱਟ ਲੈ ਬਹਾਰਾਂ ਗੁਰੂ ਘਰ ਗੁਲਜ਼ਾਰਾਂ ਸਦਾ ਆਪਣਾ ਤੂੰ ਆਪ ਪਛਾਣੀ ਉਸਤਤਿ ਨਿੰਦਿਆ ਦਾ ਕੂੜ ਸਦਾ ਲਈ ਵੱਢਣਾ।। ਗੁਰਮੁਖ ਸੱਜਣਾਂ ਵੇ ਸਤਿਗੁਰ -ਸਤਿਗੁਰ ਜੱਪਣਾ।।
ਕਰੀਏ ਸਤਸੰਗਿ ਜਦੋਂ ਛੱਡੀਏ ਖ਼ਿਆਲ ਸਾਰੇ
ਕਰੀਏ ਸਤਸੰਗਿ ਜਦੋਂ ਛੱਡੀਏ ਖ਼ਿਆਲ ਸਾਰੇ ਭਰਮਾਂ ਤੇ ਸ਼ਰਮਾਂ ਦੀ ਹੱਦ ਤੋੜ ਬੈਠੀਏ। ਚੰਚਲ ਤਿਆਗ ਮੱਤ ਛੱਡਕੇ ਸਿਆਣਪਾਂ ਨੂੰ, ਹਿਰਦੇ ਪ੍ਰੀਤ ਗੁਰੂ ਮਨਾ ਜੋੜ ਬੈਠੀਏ । ਸਤਸੰਗਿ ਭਾਗਾਂ ਵਾਲੇ ਕਰਨ ਮਨੁੱਖ ਭਾਈ, ਭੇਖਾਂ ਅਤੇ ਮਜ਼ਬਾਂ ਦਾ ਭਾਂਡਾ ਫੋੜ ਬੈਠੀਏ । ਵੀਸੇ ਤੇ ਵਿਕਾਰਾਂ ਵਾਲੀ ਤੱਕਣੀ ਨੂੰ ਭੁੱਲ ਬੈਠੋ, ਗੁਰੂ ਦੇ ਸਰੂਪ ਵਾਲਾ ਧਿਆਨ ਲੋੜ ਬੈਠੀਏ । ਕੰਨਾਂ ਦਾ ਸ੍ਰੋਤਾ ਬਣ ਬਾਣੀ ਦਾ ਅੰਨਦ ਲਈਏ, ਝੂਠ ਦੀ ਪ੍ਰੀਤ ਜੱਗ ਮੁੱਖ ਮੋੜ ਬੈਠੀਏ। ਪੂਰੇ ਗੁਰੂ ਦਾ ਗਿਆਨ ਕਰੇਂ ਦਰਦੀ ਸੁਜਾਨ ਤੈਨੂੰ, ਨਾਮ ਦੇ ਨਸ਼ੇ ਦੇ ਵਿੱਚ ਕੁੱਲ ਨਸ਼ੇ ਛੋੜ ਬੈਠੀਏ।।
ਸੰਗਤ ਵਿੱਚ ਜਿਹੜਾ ਆਵੇ ਜੀਵਨ ਨੂੰ ਸਫ਼ਲ ਬਣਾਵੇ
ਕੱਟ ਦਾ ਚੁਰਾਸੀ ਵਾਲ਼ਾ ਫੰਦਾ ਜੀ ,ਮੰਨਦੀ ਹੈ ਸਾਰੀ ਦੁਨੀਆਂ ਜਿਹੜਾ ਨਾਮ ਦੇ ਜੱਪਣ ਵਾਲ਼ਾ ਬੰਦਾ ਮੰਨਦੀ ਹੈ ਸਾਰੀ ਦੁਨੀਆਂ। ਸੰਗਤ ਵਿੱਚ ਰੰਗਤ ਚੜ੍ਹਦੀ, ਰੰਗਤ ਵਿੱਚ ਮਸਤੀ ਚੜ੍ਹਦੀ ਮਸਤੀ ਵਿੱਚ ਮਨ ਹੈ ਖਿਲਦਾ, ਪ੍ਰੇਮ ਵਿੱਚ ਪ੍ਰੀਤਮ ਮਿਲਦਾ ਹੋਣ ਪੂਰੀਆਂ ਗੁਰੂ ਦੇ ਘਰ ਮੰਗਾਂ , ਮੰਨਦੀ ਹੈ ਸਾਰੀ ਦੁਨੀਆਂ ਜਿਹੜਾ ਨਾਮ ਦੇ ਜੱਪਣ ਵਾਲ਼ਾ ਬੰਦਾ ।। ਗਨਿਕਾ ਨੇ ਸੰਗਤ ਕੀਤੀ ,ਰੱਬ ਦੇ ਨਾਲ ਪਾਈ ਪ੍ਰੀਤੀ ਸੱਚੀ ਅਪਣਾਈ ਨੀਤੀ, ਜੀਵਨ ਵਿੱਚ ਬਾਜ਼ੀ ਜਿੱਤੀ ਛੱਡ ਗਈ ਕਰਮ ਜਿਹੜਾ ਮੰਦਾ। ਮੰਨਦੀ ਹੈ ਸਾਰੀ ਦੁਨੀਆਂ ਜਿਹੜਾ ਨਾਮ ਦੇ ਜੱਪਣ ਵਾਲ਼ਾ ਬੰਦਾ।। ਸਧਨਾ ਕਸਾਈ ਜਾਣੋਂ, ਸੈਨ ਸੀ ਨਾਈ ਜਾਣੋਂ ਅਜਾਮਲ ਪਾਪੀ ਤਰਿਆ, ਧੰਨੇ ਦੀ ਰਮਜ਼ ਪਛਾਣੋ ਕਰਦੇ ਸੀ ਕਿਹੜਾ ਕਿਹੜਾ ਧੰਦਾ ਮੰਨਦੀ ਹੈ ਸਾਰੀ ਦੁਨੀਆਂ ਜਿਹੜਾ ਨਾਮ ਦੇ ਜੱਪਣ ਵਾਲ਼ਾ ਬੰਦਾ।। ਧਰਮ ਤੇ ਕਰਮ ਹੈ ਰਹਿੰਦਾ, ਨਾਮ ਜੋ ਹਿਰਦੇ ਲੈਂਦਾ ਦਰਦੀ ਹੈ ਪ੍ਰੀਤ ਜਿਨ੍ਹਾਂ ਨੂੰ ,ਜੱਪਦਾ ਉਹ ਉੱਠਦਾ ਬਹਿੰਦਾ ਕਰੀਏ ਸੇਵਕ ਕੰਮ ਚੰਗਾ। ਮੰਨਦੀ ਏ ਸਾਰੀ ਦੁਨੀਆਂ ਜਿਹੜਾ ਨਾਮ ਦੇ ਜੱਪਣ ਵਾਲ਼ਾ ਬੰਦਾ।।
ਆਜਾ ਅੱਜ ਵੀਰ ਪਿਆਰੇ, ਭੈਣ ਪਈ ਅਰਜ਼ ਗੁਜ਼ਾਰੇ
ਕਰਦੀ ਉਡੀਕਾਂ ਚਿੱਤ ਲਾਕੇ, ਵੇ ਗੱਲ ਸੁਣ ਜਾ ਵੀਰਾ ਸੁਣ ਜਾ ਭੈਣ ਦੀ ਆਕੇ, ਵੇ ਗੱਲ ਸੁਣ ਜਾ ਵੀਰਾ।। ਚੁੱਲੇ ਵਿੱਚ ਅੱਗ ਪਈ ਬਾਲਾਂ, ਹਿਰਦੇ ਵਿੱਚ ਫੇਰਾਂ ਮਾਲਾ ਤੇਰੇ ਬਿਨ ਘੋਰ ਹਨੇਰਾ, ਕਰਦੇ ਆ ਘਰ ਉਜਾਲਾ ਫੁਲਕਾ ਪਕਾਵਾਂ ਤੇਰੇ ਨਾਂ ਤੇ, ਵੇ ਗੱਲ ਸੁਣ ਜਾ ਵੀਰਾ ਸੁਣ ਜਾ ਭੈਣ ਦੀ ਆਕੇ ਵੇ ਗੱਲ…………।। ਵਿਹੜੇ ਦੀ ਰੌਣਕ ਵੀਰਾ, ਤੇਰੇ ਨਾਲ ਸੋਂਹਦੀ ਏ ਤੇਰੇ ਅੱਜ ਬਿਰਹੋਂ ਦੇ ਅੰਦਰ, ਭਾਬੋ ਪਈ ਰੋਂਦੀ ਏ ਧੀਰਜ ਬਨਾ ਜਾ ਵੀਰਾ ਆਕੇ ਵੇ ,ਗੱਲ ਸੁਣ ਜਾ ਵੀਰਾ ਸੁਣ ਜਾ ਭੈਣ ਦੀ ਆਕੇ ਵੇ ਗੱਲ…………।। ਵੱਸਦੇ ਨੇ ਵੀਰ ਜਿਨ੍ਹਾਂ ਦੇ, ਵੀਰਾ ਪ੍ਰਦੇਸ਼ ਨੇ ਰਾਹਾਂ ਵਿੱਚ ਨੈਣ ਵਿਛਾਏ, ਭੈਣਾਂ ਹਮੇਸ਼ ਨੇ ਮਿੱਟ ਜਾਂਦੀ ਭੁੱਖ ਦੀਦ ਪਾਕੇ, ਵੇ ਗੱਲ ਸੁਣ ਜਾ ਵੀਰਾ ਸੁਣ ਜਾ ਭੈਣ ਦੀ ਆਕੇ ਵੇ ਗੱਲ………….।। ਦੁਖੀਆਂ ਦਾ ਦਰਦੀ ਦਾਰੂ, ਡੁੱਬਿਆਂ ਦਾ ਬਣਿਆ ਤਾਰੂ ਧਰਮ ਤੇ ਕਰਮ ਦਾ ਰਾਖਾ, ਮੱਝੀਆਂ ਦਾ ਹੈ ਜੋ ਚਾਰੂ ਸੇਵਕ ਬਲਾਉਂਦੀ ਬਾਣੀ ਗਾਕੇ, ਵੇ ਗੱਲ ਸੁਣ ਜਾ ਵੀਰਾ ਸੁਣ ਜਾ ਭੈਣ ਦੀ ਆਕੇ ਵੇ ਗੱਲ………….।।
ਪੂਰ ਬੇੜੀ ਦਾ ਤੇ ਕੁੜੀਆਂ ਵਿੱਚ ਤ੍ਰਿੰਞਣਾਂ ਦੇ-ਕਲੀ
ਪੂਰ ਬੇੜੀ ਦਾ ਤੇ ਕੁੜੀਆਂ ਵਿੱਚ ਤ੍ਰਿੰਞਣਾਂ ਦੇ ਰਲਕੇ ਬੈਠ ਸਦਾ ਨੀ ਕੱਠਿਆਂ ਕਿਸੇ ਨੇ ਰਹਿਣਾ। ਰੌਣਕ ਮੇਲੇ ਦੀ ਇਹ ਦੁਨੀਆਂ ਜਗਤ ਸਟੇਸ਼ਨ ਦੀ ਵਿਛੋੜਾ ਅੱਜ ਕੱਲ੍ਹ ਦੇ ਵਿੱਚ ਜਾਣ ਇਨ੍ਹਾਂ ਦਾ ਪੈਣਾ ਬੁਰਜ਼ ਮਿੱਟੀ ਦਾ ਇਹ ਦੇਹੀ ਪੰਜਾਂ ਤੱਤਾਂ ਦੀ ਲੱਗਜੂ ਠੇਸ ਏਸ ਨੂੰ ਬੰਦਿਆਂ ਪਲਾਂ ਵਿੱਚ ਢਹਿਣਾ ਸੁੰਦਰ ਮਹਿਲ ਬਗੀਚੇ ਏਥੇ ਹੀ ਸਭ ਰਹਿਣਗੇ ਘੇਰਾ ਚੌਂਹੀ ਪਾਸੀਂ ਘੱਤ ਜਮਾਂ ਨੇ ਲੈਣਾ। ਖੋਟੇ ਕਰਮਾਂ ਦਾ ਫ਼ਲ ਖੋਟਾ ਆਖਰ ਮਿਲਣਾ ਹੈ ਔਖਾ ਦੁੱਖ ਹੋਵਣਾ ਕੋਮਲ ਦੇਹੀ ਨੂੰ ਸਹਿਣਾ । ਧਰਮ - ਕਰਮ ਪਛਾਣੀ ਸੇਵਕ ਸੇਵ ਕਮਾਉਣੀ ਜੇ ਖੜਕੇ ਨਿੱਤ ਸਟੇਜੀ ਨਾ ਦਰਦੀ ਤੇ ਕਹਿਣਾ।।
ਫੌਜ ਜਿੱਤਦੀ ਕਦੇ ਨਾ ਉਹ ਵੇਖੀ
ਫੌਜ ਜਿੱਤਦੀ ਕਦੇ ਨਾ ਉਹ ਵੇਖੀ, ਜਿਸ ਫੌਜ ਦਾ ਕੋਈ ਸਰਦਾਰ ਹੈ ਨੀ। ਭੌਰੇ, ਕੋਇਲਾਂ ਹੋ ਮਸਤ ਨਾ ਰਾਗ ਗਾਵਣ, ਸਮਝੋ ਬਾਗਾਂ ਵਿੱਚ ਖਿੜੀ ਬਹਾਰ ਹੈ ਨੀ। ਗਹਿਣਾ ਚੁੱਕ-ਚੁੱਕ ਜੇ ਨਾ ਲੋਕ ਵੇਖਣ, ਚੰਗਾ ਕਾਰੀਗਰ ਉਹ ਸੁਨਿਆਰ ਹੈ ਨੀ। ਨਾਰ ਪਤੀ ਦੇ ਨਾਲ ਜੋ ਨਿੱਤ ਲੜਦੀ, ਅਕਲਮੰਦ ਸਿਆਣੀ ਉਹ ਨਾਰ ਹੈ ਨੀ। ਚੰਗੇ ਮੋਤੀ ਪਰੋਏ ਨਾ ਹੋਣ ਜੇਕਰ , ਹਾਰ ਗਲੇ ਦਾ ਉਹ ਸ਼ਿੰਗਾਰ ਹੈ ਨੀ। ਭੁੱਲ ਦਰਦੀਆ ਜਿਨ੍ਹਾਂ ਨੂੰ ਯਾਰ ਜਾਵੇ, ਸਮਝੋ ਯਾਰ ਦੇ ਨਾਲ ਪਿਆਰ ਹੈ ਨੀ। ਬਿਨਾਂ ਰੱਬ ਤੋਂ ਇੱਕ ਬਲਦੇਵ ਸਿੰਘਾ, ਸੱਚਾ ਜੱਗ ਤੇ ਕੋਈ ਦਿਲਦਾਰ ਹੈ ਨੀ।।
ਲੱਗਿਆ ਇਸ਼ਕ ਜਿਨ੍ਹਾਂ ਨੂੰ ਯਾਰੜੇ ਦਾ
ਲੱਗਿਆ ਇਸ਼ਕ ਜਿਨ੍ਹਾਂ ਨੂੰ ਯਾਰੜੇ ਦਾ, ਸੜਕੇ ਵਾਂਗ ਪਤੰਗੇ ਦੇ ਮਰਦੇ ਨੇ ਇਸ਼ਕ ਝਨਾਂ ਵਿੱਚ ਸੋਹਣੀ ਵਾਂਗੂੰ, ਕੱਚਿਆਂ ਉਤੇ ਤਰਦੇ ਨੇ ਹੋਣ ਲੱਖ ਮੁਸੀਬਤਾਂ ਯਾਰ ਬਦਲੇ,ਹੱਸ- ਹੱਸਕੇ ਸੀਸ ਤੇ ਜ਼ਰਦੇ ਨੇ ਜੱਗ ਇੱਕ ਪਾਸੇ ਯਾਰ ਇੱਕ ਪਾਸੇ, ਆਸ਼ਕ ਮੌਤ ਤੋਂ ਮੂਲ ਨਾ ਡਰਦੇ ਨੇ ਲੋਕ ਲਾਜ ਦੀ ਨਹੀਂ ਪ੍ਰਵਾਹ ਕਰਦੇ, ਘਰੋਂ ਕੱਢ ਦੇਵਣ ਭਾਵੇਂ ਘਰਦੇ ਨੇ ਭਾਣਾ ਮੰਨਦੇ-ਮੰਨਦੇ ਕਰ ਮਿੱਠਾ, ਆਸਣ ਸੂਲਾਂ ਦੀ ਸੇਜ਼ ਤੇ ਧਰਦੇ ਨੇ ਭੁੱਖ-ਨੰਗ ਸਭ ਹੱਸਕੇ ਜ਼ਰ ਲੈਂਦੇ, ਦਰਸ਼ਨ ਚਾਹੁੰਦੇ ਜੋ ਵੇਖਣਾ ਹਰਿ ਦੇ ਨੇ ਕੀ ਉਨ੍ਹਾਂ ਦਾ ਕੋਈ ਵਿਗਾੜ ਸਕਦਾ, ਰੱਬ ਢਕਣੇ ਜਿਨ੍ਹਾਂ ਦੇ ਪਰਦੇ ਨੇ ਬੇਮੁੱਖ ਜੋ ਗੁਰੂ ਤੋਂ ਹੋਣ 'ਦਰਦੀ' ਦੁੱਖ ਉਹੀ ਜਹਾਨ ਤੇ ਭਰਦੇ ਨੇ ਬਲਦੇਵ ਸਿੰਘਾ ਤੂੰ ਜੱਗ ਤੇ ਕੰਮ ਕਰਲੈ, ਚੰਗੇ ਪੁਰਖ ਜੋ ਜੱਗ ਤੇ ਕਰਦੇ ਨੇ ।
ਪੈਂਤੀ ਅੱਖਰੀ
ਊੜਾ ਉਮਰ ਅਮੋਲਕ ਪਲ ਪਲ ਕਰਕੇ ਬੀਤ ਰਹੀ ਬਹਿਕੇ ਸਤ ਸੰਗਤ ਵਿੱਚ ਖੋਟਾ ਮਨ ਸਮਝਾਈਏ ਆੜਾ ਆਉਣਾ ਜਾਣਾ ਦੁਨੀਆਂ ਖੇਡ ਮਦਾਰੀ ਦਾ ਕਰਕੇ ਕਿਰਤ ਕਮਾਈ ਜੀਵਨ ਸਫਲ ਬਣਾਈਏ ਈੜੀ ਇਲਮ ਪੜ੍ਹਾਈ ਕੁੱਲ ਵਿੱਦਿਆ ਇਕ ਅੱਖਰ ਦੀ ਰਚਨਾ ਰਚਨਹਾਰ ਦੇ ਸਦ ਬਲਿਹਾਰੇ ਜਾਈਏ ਸੱਸਾ ਸੋਚ ਸਮਝਕੇ ਕਦਮ ਉਠਾਉਣਾ ਹਰਦਮ ਤੂੰ ਰੋਟੀ ਪ੍ਰੇਮ ਪਿਆਰ ਦੀ ਸਬਰ ਸੁਕਰ ਨਾਲ ਖਾਈਏ ਹਾਹਾ ਹੋਣੀ ਹਰਦਮ ਸ਼ੀਸ਼ ਤੇਰੇ ਤੇ ਕੂਕਦੀ ਕਰਕੇ ਖਿਆਲ ਅੰਤ ਦਾ ਚੰਗੇ ਕਰਮ ਕਮਾਈਏ ਕੱਕਾ ਕਰਮ ਧਰਮ ਦੀ ਬੰਦਿਆ ਤੈਨੂੰ ਸਾਰ ਨਹੀਂ ਸੋਹਣੀ ਸ਼ਕਲ ਵੇਖਕੇ ਧੋਖਾ ਅਕਲ ਨੇ ਖਾਇਆ ਖੱਖਾ ਖਸਮ ਆਖਦਾ ਭੁੱਲਗੀ ਮੱਤ ਚੰਡਾਲਣ ਤੂੰ ਵੇਲਾ ਨਾਮ ਜੱਪਣ ਦਾ ਸੌਂ ਕੇ ਬਖਤ ਲੰਘਾਇਆ ਗੱਗਾ ਗਾਉਣ ਬਜਾਉਣਾ ਮਨ ਦੀ ਇੱਕ ਤਰੰਗ ਬਣੀ ਬਾਣੀ ਤੱਤ ਵਿਚਾਰੇ ਜਿਸਨੇ ਅਰਥ ਲਗਾਇਆ ਘੱਗਾ ਘੁੰਮਣਾ ਪੈਂਦਾ ਚੱਕਰ ਲੱਖ ਚੁਰਾਸੀ ਦਾ ਜਿਹਨੇ ਹਿਰਦੇ ਦੇ ਵਿੱਚ ਨਾਮ ਨਹੀਂ ਧਿਆਇਆ ਙਙਾ ਗਿਆਨ ਫਕੀਰੀ ਮਿਲਦੀ ਹੈ ਗੁਰ ਪੂਰੇ ਤੋਂ ਤਨ ਮਨ ਧਨ ਹੈ ਜਿਸਨੇ ਸਤਿਗੁਰ ਨੂੰ ਚੜ੍ਹਾਇਆ ਚੱਚਾ ਚਮੜਾ ਦਮੜਾ ਕੰਮ ਕਿਸੇ ਤੇਰੇ ਆਉਣਾ ਨੀ ਦੇਹੀ ਮਿੱਟੀ ਦੇ ਵਿੱਚ ਆਖਰ ਨੂੰ ਰੁੱਲ ਜਾਣੀ ਛੱਛਾ ਛੇਕ ਸਰੀਰਾ ਵਾਂਗ ਛਾਨਣੀ ਤੈਨੂੰ ਨੇ ਪੜ੍ਹ ਸੁਣ ਅਮਲ ਕਮਾਲੈ ਗੁਰ ਪੂਰੇ ਦੀ ਬਾਣੀ ਜੱਜਾ ਜਨਮ ਮਾਣਸਾ ਮਿਲਿਆ ਨਾਲ ਨਸੀਬਾਂ ਦੇਹੀ ਪੰਜ ਤੱਤ ਦੀ ਸਾਜੀ ਹੈ ਬੁੰਦ ਪਾਣੀ ਝਝਾ ਝੁਰਨਾ ਖੁਰਨਾ ਭੁਰਨਾ ਵਾਂਗ ਪਤਾਸੇ ਤੂੰ ਛੱਡਕੇ ਸਭ ਕੁੱਝ ਜਾਣਾ ਖਾਲੀ ਹੱਥ ਪ੍ਰਾਣੀ ਞੰਞਾ ਨਾਮ ਜਿਨ੍ਹਾਂ ਦੇ ਰੋਮ ਰੋਮ ਵਿੱਚ ਵਸਿਆ ਹੈ ਅਸਲੀ ਮੌਜ਼ ਉਨ੍ਹਾਂ ਨੇ ਹੈ ਜੀਵਨ ਵਿੱਚ ਮਾਣੀ ਟੈਂਕਾ ਟੂਣਾ ਟਾਮਣ ਕਰਕੇ ਭੇਖ ਪਖੰਡੀਆ ਵੇ ਧੋਖਾ ਆਪਣੇ ਆਪ ਨਾਲ ਕਿਉਂ ਕਮਾਵੇਂ ਠੱਠਾ ਠਾਠ ਅਮੀਰੀ ਸਦਾ ਸਦਾਈ ਰਹਿਣੀ ਨਾ ਹੱਕ ਪਰਾਇਆ ਬੰਦਿਆ ਜ਼ਹਿਰ ਕਾਸ ਤੋਂ ਖਾਵੇਂ ਡੱਡਾ ਡੋਲ ਗਿਆ ਚਿੱਤ ਵੇਖ ਪਰਾਏ ਮਾਲ ਨੂੰ ਫਾਹਾ ਜਾਣ ਬੁੱਝ ਕੇ ਕਿਉਂ ਗਲ ਦੇ ਵਿੱਚ ਪਾਵੇਂ ਢੱਢਾ ਢੋਲ ਵਜਾ ਕੇ ਸਾਧੂ ਸੰਤ ਪੁਕਾਰਦੇ ਕਰਲੋ ਸਤਸੰਗ ਦੋ ਪਲ ਜੇ ਵੇਲਾ ਹੱਥ ਆਵੇ ਣਾਣਾ ਨੀਵਾਂ ਹੋਕੇ ਰਹਿਣਾ ਚੰਗਾ ਦੁਨੀਆਂ ਤੇ ਉੱਚਾ ਸਿੰਬਲ ਦਾ ਰੁੱਖ ਫਲ ਪਤ ਨਾ ਕੰਮ ਆਵੇ ਤੱਤਾ ਤਮਾ ਸ਼ਰੀਰਾ ਲੱਗੀ ਬਹੁ ਪ੍ਰਕਾਰ ਦੀ ਸਤ ਸੰਤੋਖ ਵਿਚਾਰੇ ਤਾਂ ਹੋਵੇ ਛੁੱਟਕਾਰਾ ਥੱਥਾ ਥਿਰ ਨਹੀਂ ਰਹਿਣਾ ਜੋ ਦੁਨੀਆਂ ਤੇ ਆਇਆ ਹੈ ਰਹਿੰਦਾ ਅਮਰ ਜੱਗ ਤੇ ਪ੍ਰਭੁ ਭਗਤ ਪਿਆਰਾ ਦੱਦਾ ਦਿਲਬਰ ਦਰਦੀ ਮਿਲਦਾ ਆਪ ਗਵਾਇਆ ਤੋਂ ਦੱਸੇ ਘਰ ਵਿੱਚ ਘਰ ਜੋ ਸੋਈ ਗੁਰੂ ਹਮਾਰਾ ਧੱਧਾ ਧਿਆਨ ਗਿਆਨ ਦੀ ਗੁਰ ਬਿਨ ਜੁਗਤੀ ਆਉਣੀ ਨਾ ਕਰਕੇ ਯਤਨ ਵੇਖ ਲੈ ਭਾਵੇਂ ਲੱਖ ਹਜਾਰਾਂ ਨੱਨਾ ਨਕਲੀ ਅਸਲੀ ਪਰਖ ਹੈ ਬਾਣੀ ਸਤਿਗੁਰ ਦੀ ਮੰਨਕੇ ਸਬਦ ਗੁਰੂ ਨੂੰ ਦਰਦੀ ਲਿਖੇ ਨਿਮਾਣਾ ਪੱਪਾ ਪਾਉਣ ਸਰੂਪੀ ਮਾਲਕ ਹਾਜਰ ਦੁਨੀਆਂ ਤੇ ਸਰਬ ਵਿਵੇਕੀ ਪ੍ਰਗਟ ਰਹਿੰਦਾ ਚਾਰ ਚੁਫੇਰੇ ਫੱਫਾ ਫੁਰਨਾ ਫੁਰਦਾ ਸੋਚ ਸਮਝ ਕੁੱਝ ਕਰਦਾ ਨੀ ਮਨ ਦੀ ਮਰਜ਼ੀ ਕਰਕੇ ਰੋਣਾ ਬੈਠ ਹਨੇਰੇ ਬੱਬਾ ਬੰਦਗੀ ਕਰਨੀ ਹਰਜੱਸ ਗਾਉਣਾ ਸਤਿਗੁਰ ਦਾ ਨ੍ਹਾਉਣਾ ਸੁਰਤ ਸਰੋਵਰ ਤੜਕੇ ਉੱਠ ਸਵੇਰੇ ਭੱਭਾ ਭਰਮਾਂ ਨੇ ਮਤ ਤੇਰੀ ਬੰਦਿਆ ਮਾਰ ਲਈ ਹਰਜੱਸ ਸੁਣਿਆ ਨਾ ਕਦੇ ਬੈਠ ਸਾਧ ਦੇ ਡੇਰੇ ਮੱਮਾ ਮਮਤਾ ਛੱਡਕੇ ਝੂਠੀ ਵਿਸੇ ਵਿਕਾਰਾਂ ਦੀ ਸਿੱਧਾ ਮਾਰਗ ਪੁੱਛ ਲੈ ਦੱਸਦੇ ਨੇ ਗੁਰੂ ਮੇਰੇ ਯੱਯਾ ਯਾਰ ਮਿਲਣਗੇ ਖਾਣ ਪੀਣ ਤੇ ਮਤਲਬ ਦੇ ਪਈ ਮੁਸੀਬਤ ਸਿਰ ਤੇ ਹੈ ਸਭ ਨੇ ਛੱਡ ਜਾਣਾ ਰਾਰਾ ਰਮਜ਼ ਪਛਾਣੇ ਵਿਰਲਾ ਆਸ਼ਕ ਫੱਕਰਾਂ ਦੀ ਮਿੱਠਾ ਕਰਕੇ ਮੰਨੇ ਗੁਰ ਪੂਰੇ ਦਾ ਭਾਣਾ ਲੱਲਾ ਲਾਲ ਕੀਮਤੀ ਮਿਲਦਾ ਸਾਧੂ ਸੰਗਤ ਤੋਂ ਵੰਡਕੇ ਨਾਮ ਪਦਾਰਥ ਸੰਤ ਜਨਾਂ ਨੇ ਖਾਣਾਂ ਵਾਵਾ ਵਰਮਾ ਵਿਸ਼ਨੂੰ ਸ਼ਿਵਜੀ ਨੌਕਰ ਮਾਲਕ ਦੇ ਰਚਨਾ ਸਤਪੁਰਖ ਦੀ ਤਣੇ ਨਿਰੰਜਣ ਤਾਣਾ ੜਾੜਾ ਊੜਾ ਅੱਖਰ ਬਾਣੀ ਹੈ ਕੁੱਲ ਗੁਰੂਆਂ ਦੀ ਧਿਆਕੇ ਸ਼ਬਦ ਗੁਰੂ ਨੂੰ ਦਰਦੀ ਲਿਖੇ ਨਿਮਾਣਾ ਹੈ ਧਰਤੀ ਸਾਧੂ ਸੰਤਾਂ ਦੀ ਕੁੱਲ ਰਖਿਆ ਕਰਦੇ ਜੰਤਾ ਦੀ ਛੱਡਕੇ ਮਹਿਲ ਮੁਨਾਰੇ ਆਖਰ ਨੂੰ ਤੁਰ ਜਾਣਾ ।