Punjabi Geet : Babu Singh Maan
ਪੰਜਾਬੀ ਗੀਤ : ਬਾਬੂ ਸਿੰਘ ਮਾਨ
ਪੜ੍ਹ ਸਤਿਗੁਰ ਦੀ ਬਾਣੀ
ਜੇ ਭਵਜਲ ਲੰਘਣਾ ਨੀ ਜਿੰਦੜੀਏ ਪੜ੍ਹ ਸਤਿਗੁਰ ਦੀ ਬਾਣੀ ਇਹ ਚਾਰ ਦਿਨਾਂ ਦਾ ਮੇਲਾ ਨੀ ਤੇਰੇ ਹੱਥ ਨੲ੍ਹੀਂ ਔਣਾ ਵੇਲਾ ਨੀ ਫਿਰ ਹੋ ਜਾਊ ਤਰਨ ਦਹੇਲਾ ਨੀ ਜਦ ਗਲ ਗਲ ਚੜ੍ਹ ਗਿਆ ਪਾਣੀ ਜੇ ਭਵਜਲ... ਇਹ ਹੁਸਨ ਜਵਾਨੀ ਨੲ੍ਹੀਂ ਰਹਿਣੀ ਸੋਹਣੀ ਜ਼ਿੰਦਗਾਨੀ ਨੲ੍ਹੀਂ ਰਹਿਣੀ ਇਹ ਚੀਜ਼ ਬੇਗਾਨੀ ਨੲ੍ਹੀਂ ਰਹਿਣੀ ਇਕ ਰੋਜ਼ ਹਵਾ ਹੋ ਜਾਣੀ ਜੇ ਭਵਜਲ... ਤੈਥੋਂ ਮੌਤ ਨੇ ਸਭ ਕੁਝ ਖੋਹਣਾ ਨੀ ਬਸ ਏਸੇ ਹੀ ਗਲ ਦਾ ਰੋਣਾ ਨੀ ਇੱਕ ਤੂੰ ਨੲ੍ਹੀਂ ਜਿੰਦੜੀਏ ਹੋਣਾ ਨੀ ਸਭ ਚੀਜ਼ ਧੁਰੀ ਰਹਿ ਜਾਣੀ ਜੇ ਭਵਜਲ... ਜਪ ਨਾਮ ਬੜੇ ਸੁਖ ਪਾਵੇਂਗੀ ਭਵ-ਸਾਗਰ ਨੂੰ ਤਰ ਜਾਵੇਂਗੀ ਤੂੰ ‘ਮਾਨ’ ਵਾਂਗ ਬਣ ਜਾਵੇਂਗੀ ਨਿਰਛਲ ਨਿਰਵੈਰ ਪ੍ਰਾਣੀ ਜੇ ਭਵਜਲ...
ਨੀਲੇ ਦੇ ਸ਼ਾਹ ਅਸਵਾਰ ਨੂੰ
ਜਾਵੋ ਨੀ ਜਾਵੋ ਸਹੀਓ ਸ਼ਰਧਾ ਨਾਲ ਜਾ ਕੇ ਕਹੀਓ ਦੇਵੋ ਸੰਦੇਸ਼ਾ ਨੀਲੇ ਦੇ ਸ਼ਾਹ ਅਸਵਾਰ ਨੂੰ ਸੰਤ ਸਿਪਾਹੀ ਬਣ ਕੇ ਜਿਸਨੇ ਖੇਡੀ ਖੇਡ ਨਿਆਰੀ-ਮੈਂ ਬਲਿਹਾਰੀ ਅਜੇ ਤੀਕ ਵੀ ਝੁਕ ਝੁਕ ਸਜਦੇ ਕਰੇ ਸ੍ਰਿਸ਼ਟੀ ਸਾਰੀ-ਸੌ ਸੌ ਵਾਰੀ ਪਰਮ-ਪੁਰਖ ਗੁਰੂ-ਰੂਪ-ਖਾਲਸਾ ਪੰਥ ਦੇ ਸਿਰਜਨਹਾਰ ਨੂੰ... ਜਾਵੋ ਨੀ ਜਾਵੋ ਸਹੀਓ ... ਧਰਮ-ਹੇਤ ਪਰਿਵਾਰ ਵਾਰ ਜਿਸ ਰੱਬ ਦਾ ਸ਼ੁਕਰ ਮਨਾਇਆ-ਕਰਜ਼ ਚੁਕਾਇਆ ਸਭ ਕੁਝ ਮੌਤ ਦੇ ਮੂੰਹ ਵਿੱਚ ਦੇ ਕੇ ਮਹਾਂਬਲੀ ਮੁਸਕਾਇਆ-ਨੲ੍ਹੀਂ ਘਬਰਾਇਆ। ਨਮਸਕਾਰ ਲੱਖ ਵਾਰ ਮੇਰਾ ਉਸ ਪੂਰਨ ਗੁਰ ਅਵਤਾਰ ਨੂੰ ਜਾਵੋ ਨੀ ਜਾਵੋ ਸਹੀਓ... ਸੱਭੇ ਸਾਂਝੀਵਾਲ ਸਦਾਇਨ ਦਾ ਜਿਸ ਦਿੱਤਾ ਨਾਹਰਾ-ਬੜਾ ਪਿਆਰਾ ‘ਮਾਨ’ ਉਹਦੇ ਉਪਦੇਸ਼ਾਂ ਨੂੰ ਅੱਜ ਭੁਲਿਆ ਆਲਮ ਸਾਰਾ-ਫੇਰ ਦੋ ਬਾਰਾ ਜਗਤ ਜਲੰਦਾ ਯਾਦ ਕਰੇਂਦਾ ਦੁਸ਼ਟ-ਦਮਨ ਦਾਤਾਰ ਨੂੰ ਜਾਵੋ ਨੀ ਜਾਵੋ ਸਹੀਓ...
ਮੈਂ ਪੰਜਾਬ ਬੋਲਦਾ ਹਾਂ
ਹਿੰਦੂ ਮੁਸਲਿਮ ਸਿੰਘ ਸਰਦਾਰੋ ਭੈਣ ਭਰਾਵੋ ਬਰਖੁਰਦਾਰੋ ਮੇਰੀ ਸੁਣੋ ਕਹਾਣੀ ਯਾਰੋ ਮੈਂ ਪੰਜਾਬ ਬੋਲਦਾ ਹਾਂ ਮੇਰੀ ਗਹੁ ਨਾਲ ਗੱਲ ਵਿਚਾਰੋ ਮੈਂ ਪੰਜਾਬ ਬੋਲਦਾ ਹਾਂ ਇੱਕ ਵਾਰੀ ਮੈਂ ਉੱਨੀ ਸੌ ਸੰਤਾਲੀ ਵਿੱਚ ਸਾਂ ਰੋਇਆ ਦੂਜੀ ਵਾਰੀ ਫੇਰ ਜਦੋਂ ਮੇਰੀ ਹੋਂਦ ਤੇ ਹਮਲਾ ਹੋਇਆ ਤੀਜੀ ਵਾਰੀ ਅਖ਼ਬਾਰਾਂ ਵਿੱਚ ਪੜ੍ਹ ਪੜ੍ਹ ਅੱਖੀਆਂ ਰੋਈਆਂ ਕਿੰਨੇ ਪੁੱਤ ਮਰੇ ਅੱਜ ਕਿੰਨੀਆਂ ਧੀਆਂ ਵਿਧਵਾ ਹੋਈਆਂ ਪਹਿਲਾਂ ਚੀਰ ਦਿੱਤੇ ਪੰਜ-ਪਾਣੀ ਦੂਜੀ ਵਾਰ ਹੋਈ ਵੰਡ ਕਾਣੀ ਮੇਰੀ ਪੀੜ ਕਿਸੇ ਨਾ ਜਾਣੀ ਮੈਂ ਪੰਜਾਬ ਬੋਲਦਾ ਹਾਂ ਦਿਲ ਵਿਚ ਦਰਦ ਅੱਖਾਂ ਵਿੱਚ ਪਾਣੀ ਮੈਂ ਪੰਜਾਬ ਬੋਲਦਾ ਹਾਂ ਭਾਰਤ ਮਾਂ ਦੀ ਖੜਗ-ਭੁਜਾ ਹਾਂ ਜਾਣੇ ਕੁੱਲ ਲੋਕਾਈ ਪਰ ਇਹ ਵਤਨ-ਪ੍ਰਸਤੀ ਮੇਰੀ ਕੰਮ ਕਿਸੇ ਨਾ ਆਈ ਵੱਡੇ ਵੱਡੇ ਨਿੱਤ ਦਾਅਵੇ ਕਰਦੇ ਦੇਸ਼ ਦੇ ਭਾਗ ਵਿਧਾਤੇ ਐਧਰ ਆਤਮ-ਹੱਤਿਆ ਕਰ ਕਰ ਮਰੀ ਜਾਣ ਅੰਨਦਾਤੇ ਹੋਈਆਂ ਖ਼ਤਮ ਕੀਮਤੀ ਜਾਨਾਂ ਯਾਰ ਮਰਾੜ੍ਹਾਂ ਵਾਲਿਆ ਮਾਨਾਂ ਮੇਰਾ ਕੌਣ ਸੁਣੂ ਅਫਸਾਨਾ ਮੈਂ ਪੰਜਾਬ ਬੋਲਦਾ ਹਾਂ ਭਾਰਤ ਮਾਂ ਦਾ ਪੁੱਤ ਬੇਗਾਨਾ ਮੈਂ ਪੰਜਾਬ ਬੋਲਦਾ ਹਾਂ ਪੀਰ ਪੈਗੰਬਰ ਰਿਸ਼ੀ ਮੁਨੀ ਅਵਤਾਰਾਂ ਦੀ ਇਹ ਧਰਤੀ ਹਿੰਦੂ, ਮੁਸਲਿਮ, ਯੋਧੇ ਸਿੰਘ ਸਰਦਾਰਾਂ ਦੀ ਇਹ ਧਰਤੀ ਕਹਿੰਦੇ ਜਿਹੜੀ ਕੌਮ ਆਪਣੇ ਵਿਰਸੇ ਨੂੰ ਭੁੱਲ ਜਾਂਦੀ ਇੱਜ਼ਤ ਅਣਖ ਆਬਰੂ ਉਹਦੀ ਮਿੱਟੀ ਵਿਚ ਰੁਲ ਜਾਂਦੀ ਮੇਰੇ ਗੱਭਰੂ ਛੈਲ-ਛਬੀਲੇ ਯੋਧੇ ਸੂਰਬੀਰ ਅਣਖੀਲੇ ਵੇਖੋ ਨਸ਼ਿਆਂ ਕਰੇ ਨਸ਼ੀਲੇ ਮੈਂ ਪੰਜਾਬ ਬੋਲਦਾ ਹਾਂ ਸਾਰੇ ਸੁੱਕ ਸੁੱਕ ਹੋਏ ਤੀਲੇ ਮੈਂ ਪੰਜਾਬ ਬੋਲਦਾ ਹਾਂ ਇਹ ਪੰਜਾਬ ਦੀ ਨਵੀਂ ਜਵਾਨੀ ਵਹਿਣ ਕਿਹੜੇ ਵਿੱਚ ਵਹਿ ਗਈ ਨਾ ਕੋਈ ਲੱਜਿਆ ਨਾ ਮਰਯਾਦਾ ਸ਼ਰਮ ਹਯਾ ਨਾ ਰਹਿ ਗਈ ਸਾਂਝਾ ਸਭਿਆਚਾਰ ਸੀ ਸਾਡਾ ਸਾਂਝੀਆਂ ਧੀਆਂ ਭੈਣਾਂ ਜੇਕਰ ਸ਼ਰਮ ਹਯਾ ਨਹੀਂ ਫਿਰ ਅਸੀਂ ਜੀ ਕੇ ਵੀ ਕੀ ਲੈਣਾ ਮੈਨੂੰ ਸਮਝ ਕੋਈ ਨਾ ਆਏ ਮੇਰੀ ਅੰਦਰੋਂ ਰੂਹ ਕੁਰਲਾਏ ਕੋਈ ਜਵਾਨੀ ਨੂੰ ਸਮਝਾਏ ਮੈਂ ਪੰਜਾਬ ਬੋਲਦਾ ਹਾਂ ਕਿਧਰੋਂ ਤੁਰੀ ਕਿਧਰ ਨੂੰ ਜਾਏ ਮੈਂ ਪੰਜਾਬ ਬੋਲਦਾ ਹਾਂ
ਡੋਲੀ ਨਾ ਅੱਜ ਤੋਰ
ਬਾਬਲ ਵਿਦਾ ਕਰੇਦਿਆਂ ਮੈਨੂੰ ਰੱਖ ਲੈ ਇਕ ਦਿਨ ਹੋਰ ਵੇ ਮੇਰੀ ਡੋਲੀ ਨਾ ਅੱਜ ਤੋਰ... ਸਭ ਥੀਂ ਵੱਡਾ ਦਾਨ ਧੀਆਂ ਦਾ ਦਾਨੀ ਪੁਰਸ਼ ਕਰੇਂਦੇ ਆਇਆ ਵਕਤ ਵਿਦਾਇਗੀ ਵਾਲਾ ਨੈਣੋਂ ਨੀਰ ਵਗੇਂਦੇ ਫੇਰ ਗਈ ਸਿਰ ਤੇ ਹੱਥ ਅੰਮੜੀ ਕਰਕੇ ਚਿੱਤ ਕਠੋਰ ਵੇ ਮੇਰੀ ਡੋਲੀ ਨਾ...। ਅੱਜ ਦਾ ਦਿਨ ਮੈਂ ਵਰ੍ਹਿਆਂ ਵਰਗਾ ਜੇ ਮੰਗਿਆਂ ਮਿਲ ਜਾਵੇ ਰੱਬ ਡਾਹਢਾ ਮੇਰੀ ਉਮਰ ਵੀ ਅੱਜੇ ਸੂਰਜ ਦੇ ਨਾਂ ਲਾਵੇ ਮੈਂ ਬਾਬਲ ਦਿਆਂ ਬਚਨਾਂ ਬੱਝੀ ਡਾਹਢੇ ਦੇ ਹੱਥ ਡੋਰ । ਵੇ ਮੇਰੀ ਡੋਲੀ ਨਾ...। “ਇੱਕ ਦਿਨ ਫੁੱਲ ਕੁਮਲਾ ਕੇ ਡਿੱਗ ਪੈਂਦੇ ਵੇਹੜੇ ਵਿੱਚ ਧਰੇਕਾਂ ਜੋ ਫੁਲਦੀਆਂ ਨੇ ਚੜ੍ਹਦੇ ਸਾਲ ਹੀ ਤੀਆਂ ਤ੍ਰਿੰਞਣਾਂ ਤੇ ਹਿਜਰ ਦੀਆਂ ਹਨੇਰੀਆਂ ਝੁਲਦੀਆਂ ਨੇ ਸਮਾਂ ਪਾ ਕੇ ਜ਼ਖ਼ਮ ਭਰ ਜਾਣ ਆਪੇ ਗੱਲਾਂ ਭੁੱਲਦੀਆਂ ਭੁੱਲਦੀਆਂ ਭੁੱਲਦੀਆਂ ਨੇ ਧਰਮੀ ਬਾਬਲਾ ਵੇ ਮਮਤਾ ਮੋਹ ਦੀਆਂ ਗੰਢਾਂ ਖੁਲ੍ਹਦੀਆਂ ਖੁਲ੍ਹਦੀਆਂ ਖੁਲ੍ਹਦੀਆਂ ਨੇ ਪਰਬਤ ਵਾਂਗ ਗਿਆ ਕੰਬ ਸੁਣ ਕੇ ਧੀਆਂ ਦੀ ਅਰਜੋਈ ਮੈਂ ਵਿਰਲਾਪਾਂ ਵਰਗੀ ਬੇਬਸ ਬਾਬਲ ਦੀ ਦਿਲਜੋਈ ਹਾੜ੍ਹੀ ਵੇ ਮੈਥੋਂ ਸੁਣ ਨਹੀਂ ਹੁੰਦਾ ਸ਼ਹਿਨਾਈਆਂ ਦਾ ਸ਼ੋਰ। ਵੇ ਮੇਰੀ ਡੋਲੀ ਨਾ... ਧੀਆਂ ਸਦਾ ਸਿਕਦੀਆਂ ਮਰਸਣ ਜੁਗ ਜੁਗ ਜੀਵਣ ਮਾਪੇ ਸਿਰ ਤੋਂ ਬੋਝ ਉਤਾਰ ਸਬਰ ਦਾ ਘੁੱਟ ਭਰੀਵਣ ਮਾਪੇ ਖੜ੍ਹੇ ਖਾਮੋਸ਼ ਝੁਕੀ ਹੋਈ ਗਰਦਨ ਨਹੀਂ ਕੋਈ ਚਲਦਾ ਜ਼ੋਰ । ਵੇ ਮੇਰੀ ਨਾ...।
ਵੇ ਪੁੰਨਣਾ
ਵੇ ਪੁੰਨਣਾ, ਵੇ ਜ਼ਾਲਮਾ ਮੇਰੇ ਦਿਲਾਂ ਦਿਆ ਮਹਿਰਮਾ ਵੇ ਮਹਿਰਮਾਂ, ਵੇ ਬੱਦਲਾ ਕਿੰਨਾ ਚਿਰ ਹੋਰ ਤੇਰੀ ਛਾਂ ਕਹਿਰ ਦੀ ਦੁਪੈਹਰ ਭੈੜੀ ਮੌਤ ਨਾਲੋਂ ਚੁੱਪ ਹੋਇਆ ਟਿੱਬਿਆਂ ਦਾ ਭੂਰਾ ਭੂਰਾ ਰੰਗ ਵੇ ਦਾ ਸ਼ਾਲਾ ! ਡੁੱਬ ਜਾਣ ਤੇਰੀ ਬੇੜੀ ਦੇ ਮੁਹਾਣੇ ਗਿਉਂ ਅੱਗ ਦੇ ਸਮੁੰਦਰਾਂ ਨੂੰ ਲੰਘ ਵੇ ਕੱਚਾ ਘੜਾ ਜ਼ਿੰਦਗੀ ਦਾ ਲੋਕਾਂ ਦੇ ਤੂਫਾਨ ਠਾਠਾਂ ਮਾਰੇ ਬਾਲੂ ਰੇਤ ਦਾ ਝਨਾਂਅ... ਵੇ ਪੁੰਨਣਾਂ... ਮਲ੍ਹਿਆਂ ਕਰੀਰਾਂ ਗਲ ਲੱਗ ਲੱਗ ਰੁੰਨੀ ਤਿੱਖੇ ਕੰਡਿਆਂ ਨੇ ਪੁੱਛਿਆ ਸਰੀਰ ਨੂੰ ਆਪਣੇ ਹੀ ਜਦੋਂ ਮੁੱਖ ਫੇਰ ਜਾਣ ਦੱਸ ਕੀ ਮਨਾਵਾਂ ਰੁੱਸੀ ਹੋਈ ਤਕਦੀਰ ਨੂੰ ਮਿਟ ਚੱਲੇ ਡਾਚੀ ਦੀਆਂ ਪੈੜਾਂ ਦੇ ਨਿਸ਼ਾਨ ਕੱਕੇ ਰੇਤਿਆਂ ਨੂੰ ਚੁੰਮਦੀ ਫਿਰਾਂ... ਵੇ ਪੁੰਨਣਾਂ... ਫਿਰਦੀ ਭਟਕਦੀ ਉਜਾੜਾਂ 'ਚ ਇਕੱਲੀ ਜਿਵੇਂ ਦੋਜ਼ਕਾਂ 'ਚ ਰਿਸ਼ੀਆਂ ਦੀ ਆਤਮਾ ਸੁੱਤਿਆਂ ਯਸ਼ੋਧਰਾ ਨੂੰ ਛੱਡ ਜਾਣ ਵਾਲਿਆ ਵੇ ਧੰਨ ਤੇਰਾ ਜਿਗਰਾ ਮਹਾਤਮਾ ਹੰਝੂਆਂ ਦੀ ਆਰਤੀ ਉਤਾਰਾਂ ਡਾਚੀ ਵਾਲਿਆ ਮੈਂ ਹਾਉਕਿਆਂ ਦਾ ਜਾਪ ਕਰਾਂ... ਵੇ ਪੁੰਨਣਾਂ... ਮਹਿੰਦੀ ਰੰਗੇ ਪੈਰਾਂ ਵਿਚੋਂ ਰਿਸਦਾ ਏ ਖ਼ੂਨ ਮੋਹਰਾਂ ਰੱਤੀਆਂ ਥਲਾਂ ਦੇ ਵਿਚ ਲੱਗੀਆਂ ਹੰਭ ਗਏ ਵਰੋਲੇ ਪਰ ਮਿਟੇ ਨਾ ਕਲੰਕ ਲੱਖਾਂ ਪੌਣਾਂ ਕਹਿਰਵਾਨ ਹੋ ਹੋ ਵੱਗੀਆਂ ਠਹਿਰ ਜ਼ਰਾ ਮੌਤੇ ਪੁੱਜ ਲੈਣ ਤਾਂ ਦੇ ਪਾਪਣੇ ਨੀ ਚੰਦਰੇ ਬਲੋਚ ਦੇ ਗਿਰਾਂ ... ਵੇ ਪੁੰਨਣਾਂ...
ਆਪੇ ਗੁਰ ਚੇਲਾ
ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ਵੇਖਿਆ ਪੁਰੀ ‘ਆਨੰਦ' ਵਿੱਚ ਇੱਕ ਅਜਬ ਨਜ਼ਾਰਾ ਸੂਰਜ ਵਾਂਗੂੰ ਚਮਕਿਆ ਖੰਡਾ ਦੋ-ਧਾਰਾ ਕਹਿਣ ਲੱਗਾ ਤਲਵਾਰ ਨਾਲ ਅੱਜ ਹੋਊ ਨਿਤਾਰਾ ਆਵੇ ਕੋਈ ਨਿੱਤਰੇ ਗੁਰੂ ਘਰ ਦਾ ਪਿਆਰਾ ਬੱਦਲ ਵਾਂਗੂੰ ਗਰਜਿਆ ਯੋਧਾ ਅਲਬੇਲਾ ਵਾਹੁ ਵਾਹੁ ਗੋਬਿੰਦ ਸਿੰਘ... ਲਹੂ ਵਿੱਚ ਰੰਗੇ ਨੇਤਰੀਂ ਭਖਦੇ ਅੰਗਿਆਰੇ ਰੋਹ ਵਿੱਚ ਖੜ੍ਹ ਗਏ ਰੌਂਗਟੇ ਗੋਬਿੰਦ ਲਲਕਾਰੇ ਸੁੰਨੇ ਜੰਗਲ ਵਿੱਚ ਜਿਵੇਂ ਕੋਈ ਸ਼ੀਹ ਭਬਕਾਰੇ ਮੌਤ ਜਿਹੀ ਚੁੱਪ ਵਰਤ ਗਈ ਸੰਗਤ ਵਿੱਚ ਸਾਰੇ ਸਿੱਖੀ ਸਿੱਦਕ ਨਿਭਾਉਣ ਦਾ ਅੱਜ ਆਇਆ ਵੇਲਾ ਵਾਹੁ ਵਾਹੁ ਗੋਬਿੰਦ ਸਿੰਘ... ਆਏ ਮੇਰੀ ਤੇਗ ਦੀ ਕੋਈ ਪਿਆਸ ਬੁਝਾਏ ਭੇਟਾ ਲੈ ਕੇ ਸਿਰਾਂ ਦੀ ਪੰਜ ਸਿਦਕੀ ਆਏ ਪਲ ਵਿੱਚ ਲਾੜੀ ਮੌਤ ਨਾਲ ਉਹ ਗਏ ਪਰਨਾਏ ਬਾਦਸ਼ਾਹ ਦਰਵੇਸ਼ ਗੁਰੂ ਕੌਤਕ ਵਰਤਾਏ ਦੱਸਿਆ ਉਸਨੇ ਕੌਮ ਨੂੰ ਇੱਕ ਰਾਹ ਨਵੇਲਾ ਵਾਹੁ ਵਾਹੁ ਗੋਬਿੰਦ ਸਿੰਘ... ਪ੍ਰਿਥਮ-ਭਗੌਤੀ ਸਿਮਰ ਕੇ ਉਸ ਸੰਤ ਸਿਪਾਹੀ ਇੱਕ ਅੰਮ੍ਰਿਤ ਦੀ ਬੂੰਦ ਵਿੱਚ ਉਹ ਸ਼ਕਤੀ ਪਾਈ ਮੁਰਦਾ ਹੋਏ ਮਰਦ ਦੀ ਉਸ ਅਣਖ ਜਗਾਈ ਮਰ ਕੇ ਜਿਉਂਦੇ ਰਹਿਣ ਦੀ ਉਸ ਜਾਂਚ ਸਿਖਾਈ ‘ਮਾਨ’ ਸਦਾ ਮਰ ਜੀਵੜੇ ਦਾ ਜਨਮ ਸੁਹੇਲਾ ਵਾਹੁ ਵਾਹੁ ਗੋਬਿੰਦ ਸਿੰਘ...
ਕਿਵੇਂ ਵੰਡਾਂਗੇ...
ਲੈ ਮਾਏ ਅਸੀਂ ਵਿਹੜਾ ਵੰਡ ਲਿਆ ਐਹ ਖੁਸ਼ੀਆਂ ਦਾ ਖੇੜਾ ਵੰਡ ਲਿਆ ਘਰ ਵੀ ਵੰਡ ਲਏ ਖੇਤ ਵੀ ਵੰਡ ਲਏ ਵੰਡ ਲਈ ਹਰ ਥਾਂ ਤੈਨੂੰ ਕਿਵੇਂ ਵੰਡਾਂਗੇ-ਕਿਵੇਂ ਵੰਡਾਂਗੇ ਤੈਨੂੰ ਮਾਂ... ਕੱਠਿਆਂ ਮਿਲ ਮਿਲ ਪਾਣੀ ਪਾਇਆ। ਕੱਠਿਆਂ ਬਿਰਖ ਉਗ੍ਹਾਇਆ। ਬਚਪਨ ਬੀਤਿਆ ਆਈ ਜਵਾਨੀ। ਛਾਂ ਦੇਵਣ ਤੇ ਆਇਆ। ਕੌਣ ਦੱਸੂਗਾ ਕਿਸਦੇ ਹਿੱਸੇ ਕਿੰਨੀ ਕਿੰਨੀ ਛਾਂ ਤੈਨੂੰ ਕਿਵੇਂ ਵੰਡਾਂਗੇ... ਸਭ ਕਹਿੰਦੇ ਨੇ ਮਾਸ ਨਹੁੰਆਂ ਤੋਂ ਵੱਖ ਕਦੇ ਨਾ ਹੋਏ। ਅੱਜ ਜਦੋਂ ਗੱਲ ਪਰਖੀ ਤਾਂ ਦਿਲ ਹਾਉਕੇ ਭਰ ਭਰ ਰੋਏ। ਕੀ ਸੋਚਿਆ ਸੀ ਕੀ ਹੋਇਆ ਹੁਣ ਕਿਸਨੂੰ ਦੋਸ਼ ਦਿਆਂ ਤੈਨੂੰ ਕਿਵੇਂ ਵੰਡਾਂਗੇ... ਆ ਰੂਹਾਂ ਤੋਂ ਰੁੱਸੀਆਂ ਹੋਈਆਂ। ਖੁਸ਼ੀਆਂ ਮੋੜ ਲਿਆਈਏ। ਆ ਆਪਾਂ ਹੁਣ ਗਲ ਲਗ ਮਿਲੀਏ। ਵਿਛੜੇ ਨਾ ਮਰ ਜਾਈਏ। ਜਾਂ ਦੁਨੀਆਂ ਤੇ ਮਮਤਾ ਜਿਊਂਦੀ ਜਾਂ ਫਿਰ ਰੱਬ ਦਾ ਨਾਂ ਤੈਨੂੰ ਕਿਵੇਂ ਵੰਡਾਂਗੇ। ਕਿਵੇਂ ਵੰਡਾਗੇ ਤੈਨੂੰ ਮਾਂ ...
ਹੱਥੀਂ ਤੋਰੇ ਸੱਜਣਾਂ ਨੂੰ
ਹੱਥੀਂ ਤੋਰੇ ਸੱਜਣਾਂ ਨੂੰ ਨਾਲੇ ਯਾਦ ਕਰਾਂ ਨਾਲੇ ਰੋਵਾਂ ਗਲ ਵਿੱਚ ਪੈਣ ਮੀਢੀਆਂ ਕਿੱਲੀ ਟੰਗਿਆ ਏ ਲਾਲ ਪਰਾਂਦਾ ਵੇਖ ਕੇ ਚੌਬਾਰਾ ਸੱਖਣਾ ਰੁੱਗ ਭਰਿਆ ਕਲੇਜੇ ਵਿਚੋਂ ਜਾਂਦਾ ਲੋਕਾਂ ਭਾਣੇ ਰੋਣ ਅੱਖੀਆਂ ਗਹਿਰੇ ਦਾਗ ਮੈਂ ਹਿਜਰ ਦੇ ਧੋਵਾਂ ਹੱਥੀਂ ਤੋਰੇ ਸੱਜਣਾਂ ਨੂੰ ਕਾਲਜੇ ਚੋਂ ਹੌਲ ਉੱਠਦੇ ਗੱਲਾਂ ਗੁੱਝੀਆਂ ਦਿਲਾਂ ਤੇ ਜਰੀਆਂ ਥੰਮ੍ਹੀਆਂ ਦੇ ਗਲ ਲੱਗ ਕੇ ਰਾਤੀਂ ਉੱਠ ਕੇ ਸਿਸਕੀਆਂ ਭਰੀਆਂ ਪੱਥਰਾਂ ਨੇ ਪਾਏ ਕੀਰਨੇ ਵੱਡੇ ਤੜਕੇ ਚੱਕੀ ਜਾਂ ਝੋਵਾਂ ਹੱਥੀਂ ਤੋਰ ਸੱਜਣਾਂ ਨੂੰ ਮਿੱਠਾ ਗਮ ਦਿਲਬਰ ਦਾ ਝੱਟ-ਬਿੰਦ ਦਾ ਪ੍ਰਾਹੁਣਾ ਰਹਿੰਦਾ ਝਾਕਦੀ ਦੀ ਅੱਖ ਥੱਕ ਗਈ ਉਹਦਾ ਕਿਧਰੇ ਭੁਲੇਖਾ ਵੀ ਨਾ ਪੈਂਦਾ ਮਿਲੇ ਨਾ ਗੁਆਚੇ ਸੁਪਨੇ ਬੂਹੇ ਲੱਖ ਪਲਕਾਂ ਦੇ ਢੋਵਾਂ ਹੱਥੀਂ ਤੋਰੇ ਸੱਜਣਾਂ ਨੂੰ ਅੱਖਾਂ 'ਚ ਉਡੀਕ ਜਾਗਦੀ ਜਿੰਦ ਮੌਤ ਦੀ ਬੁੱਕਲ ਵਿੱਚ ਊਂਘੇ ਅੱਖੀਆਂ ਚੋਂ ਰੱਤ ਸਿੰਮਦੀ ਪੱਛ ਲਾ ਗਿਆ ਜਿਗਰ ਤੇ ਡੂੰਘੇ ਧਰਤੀ ਦਾ ਕੜ ਪਾਟਜੂ ਭੁੰਜੇ ਅੱਥਰੂ ਤਦੇ ਨਾ ਚੋਵਾਂ ਹੱਥੀਂ ਤੋਰੇ ...
ਕਾਲਾ ਘੱਗਰਾ
ਕਾਲਾ ਘੱਗਰਾ ਸੰਦੂਕ ਵਿੱਚ ਮੇਰਾ ਤੂੰ ਵੇਖ ਵੇਖ ਰੋਵੇਂਗਾ ਜੱਟਾ ਬਾਪੂ ਮੇਰੇ ਜ਼ੈਲਦਾਰ ਦੀ ਵੱਡੇ ਡਿਪਟੀ ਸਾਹਬ ਨਾਲ ਯਾਰੀ ਇੱਕ ਵੀਰ ਲੱਗਾ ਮੁਨਸ਼ੀ ਦੂਜਾ ਪੰਦਰਾਂ ਪਿੰਡਾਂ ਦਾ ਪਟਵਾਰੀ ਚੋਬਰਾ ਗੁਮਾਨ ਨਾ ਕਰੀਂ ਘਰ ਮਾਪਿਆਂ ਦੇ ਰਿਜ਼ਕ ਬਥੇਰਾ ਵੇਖ ਵੇਖ ਰੋਏਂਗਾ ਜੱਟਾ ... ਗੁੱਤ ਪਿੱਛੇ ਮੱਤ ਪਰਖੇਂ ਤੈਨੂੰ ਦੱਸ ਵੇ ਕੌਣ ਸਮਝਾਏ ਕੰਧਾਂ ਉੱਤੋਂ ਮਿਟ ਜਾਣਗੇ ਮੇਰੇ ਘੁੱਗੀਆਂ ਕਬੂਤਰ ਪਾਏ ਝੜੀਆਂ ’ਚ ਅਣ-ਲਿੱਪਿਆ ਖੁਰ ਜਾਣਾ ਏ ਆਖੀਰ ਬਨੇਰਾ ਵੇਖ ਵੇਖ ਰੋਏਂਗਾ ਜੱਟਾ.. ਸੋਚਦਾ ਤਾਂ ਹੋਵੇਂਗਾ ਕਦੇ ਮੇਰੀ ਵੇਖ ਕੇ ਟੰਗੀ ਫ਼ਲਕਾਰੀ ਤੇਰੇ ਪਿੱਛੇ ਬੇਦਰਦਾ ਵੇ ਮੈਂ ਕਿਵੇਂ ਕਰਦੀ ਕਮਾਈਆਂ ਹਾਰੀ ਸਿਖਰ ਦੁਪੈਹਰੇ ਤੋਰਿਆ ਕਿਵੇਂ ਕਰਕੇ ਪੱਥਰ ਜੇਹਾ ਜੇਰਾ ਵੇਖ ਵੇਖ ਰੋਏਂਗਾ ਜੱਟਾ ਮੰਗਿਆਂ ਮੁਹੱਲੇ ਵਾਲਿਆਂ ਦੇਣੀ ਅੱਗ ਵੀ ਕਿਸੇ ਨਾ ਤੈਨੂੰ ਦਰ ਦਰ ਫਿਰਦੇ ਦੀ ਪੇਕੀਂ ਬੈਠੀ ਨੂੰ ਨਮੋਸ਼ੀ ਮੈਨੂੰ ਮੁੰਡੇ-ਖੁੰਡੇ ‘ਮਾਨ’ ਵਰਗੇ ਤੇਰੇ ਘਰ ਦਾ ਬਣਾਉਣਗੇ ਡੇਰਾ ਵੇਖ ਵੇਖ ਰੋਵੇਂਗਾ ਜੱਟਾ ...
ਕਰਤਾਰੋਂ ਡਰੀਏ
ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਨਜ਼ਰ ਕਰੇ ਜੋ ਮੇਹਰ ਦੀ ਉਹਦੀ ਮਾਰੋਂ ਡਰੀਏ ਮਹਿਲ-ਮੁਨਾਰੇ ਰਾਜ-ਭਾਗ ਤੇ ਮਾਲ-ਖਜ਼ਾਨੇ ਬਖਸ਼ੇ ਬਖਸ਼ਣ-ਹਾਰ ਦੇ ਰੱਬੀ ਨਜ਼ਰਾਨੇ ਉੱਚੀ-ਸੁੱਚੀ ਸੱਚ ਦੀ ਸਰਕਾਰੋਂ ਡਰੀਏ ਉੱਚਾ ਬੋਲ ਨਾ ਬੋਲੀਏ... ਮਹਾਬਲੀ ਰਣ ਜੂਝਦੇ ਵਾਹੁੰਦੇ ਤਲਵਾਰਾਂ ਡਾਹਢੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਖੁਸ਼ੀ ਮਨਾਈਏ ਜਿੱਤ ਦੀ ਨਾ ਹਾਰੋਂ ਡਰੀਏ ਉੱਚਾ ਬੋਲ ਨਾ ਬੋਲੀਏ... ‘ਮਾਨਾਂ’ ਵੇਲਾ ਬੀਤਿਆ ਤੇਰੇ ਹੱਥ ਨਾ ਆਉਣਾ ਪਤਾ ਨਹੀਂ ਕਦ ਕਾਲ ਨੇ ਆ ਸਿਰ ਕੁਰਲਾਉਣਾ ਗਰਦਨ ਉੱਤੇ ਲਟਕਦੀ ਤਲਵਾਰੋਂ ਡਰੀਏ ਉੱਚਾ ਬੋਲ ਨਾ ਬੋਲੀਏ...
ਮਾਂ ਦੀ ਬੋਲੀ
ਮੈਂ ਪੰਜਾਬੀ ਗੁਰੂਆਂ ਪੀਰਾਂ ਅਵਤਾਰਾਂ ਦੀ ਬੋਲੀ ਮਾਂ ਦੀ ਮਮਤਾ ਵਰਗੀ ਮਿੱਠੀ ਦੁੱਧ ਵਿੱਚ ਮਿਸ਼ਰੀ ਘੋਲੀ ਰੱਜ ਰੱਜ ਲਾਡ ਲਡਾਇਆ ਤੈਨੂੰ ਲੋਰੀਆਂ ਨਾਲ ਖਿਡਾਇਆ ਤੈਨੂੰ ਮੈਂ ਹੀ ਬੋਲਣ ਲਾਇਆ ਤੈਨੂੰ ਭੁੱਲ ਗਿਉਂ ਮੇਰਾ ਪਿਆਰ ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ ਮੈਨੂੰ ਇਉਂ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ ਦੁਨੀਆਂ ਵਾਲੇ ਕਹਿੰਦੇ ਸਨ ਮੈਨੂੰ ਪੰਜ ਨਦੀਆਂ ਦੀ ਰਾਣੀ ਪਾਣੀ ਵਿੱਚ ਲਾਕੀਰਾਂ ਵਾਹ ਕੇ ਚੀਰ ਦਿੱਤੇ ਗਏ ਪਾਣੀ ਖਿੰਡ ਗਏ ਮੋਤੀ ਮੈਂ ਤੱਤੜੀ ਦੇ ਟੁੱਟ ਗਿਆ ਰਾਣੀ ਹਾਰ... ਵੇ ਮੈਂ ਤੇਰੀ... ਕਲਮ ਤੇਰੀ ਤੋਂ ਏ. ਬੀ. ਸੀ. ਨੇ ਖੋਹ ਲਿਆ ਊੜਾ ਆੜਾ ਸੁਣ ਪੁੱਤਰਾ ਮੇਰੇ ਦਿਲ 'ਚੋਂ ਨਿਕਲਿਆ ਹਾਉਕੇ ਵਰਗਾ ਹਾੜ੍ਹਾ ਕਈ ਵਰ੍ਹਿਆਂ ਤੋਂ ਵਿਲਕ ਰਹੀ ਮਾਂ ਖੜ੍ਹੀ ਦਫਤਰੋਂ ਬਾਹਰ ਵੇ ਮੈਂ ਤੇਰੀ... ਜੰਮੇ-ਜਾਏ ਗੋਦ ਖਿਡਾਏ। ਰੀਝਾਂ ਨਾਲ ਪੜ੍ਹਾਏ। ਜਿਉਂ ਜਿਉਂ ਵੱਡੇ ਬਣਦੇ ਗਏ। ਮੈਥੋਂ ਹੁੰਦੇ ਗਏ ਪਰਾਏ। ਵੇ ‘ਮਾਨਾਂ’ ਨਾ ਹੋਈਂ ਬੇਗਾਨਾ ਤੂੰ ਤੇ ਸੋਚ ਵਿਚਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ
ਖਾਲੀ ਘੋੜੀ ਹਿਣਕਦੀ
ਭੈਣ ਉਡੀਕਾਂ ਕਰੇ ਮਿਰਜ਼ਿਆ ਕੌਣ ਬੰਨ੍ਹਾਵੇ ਧੀਰ ਔਹ ਖਾਲੀ ਘੋੜੀ ਹਿਣਕ ਦੀ ਉੱਤੇ ਨਹੀਂ ਦੀਂਹਦਾ ਵੀਰ ਕੋਠੇ ਉੱਤੇ ਖੜ੍ਹੀ ਉਡੀਕਾਂ ਕਦ ਘਰ ਆਵੇ ਜੋੜੀ ਉਡਦੀ ਧੂੜ ਦਿਸੇ ਪਈ ਦੂਰੋਂ ਸੱਖਣੀ ਆ ਗਈ ਘੋੜੀ ਸਾਹ ਨਾਲ ਸਾਹ ਨਹੀਂ ਰਲਦਾ ਉਹਦੇ ਨੈਣੋਂ ਵਹਿੰਦਾ ਨੀਰ ਖਾਲੀ ਘੋੜੀ ਹਿਣਕਦੀ... ਇੱਕ ਨਾ ਮੰਨੀ ਗੱਲ ਕਿਸੇ ਦੀ ਤੁਰਿਆ ਬਾਝ ਭਰਾਵਾਂ ਤੇਰੇ ਬਾਝੋਂ ਭਾਈਆਂ ਦੀਆਂ ਡੌਲਿਉਂ ਭੱਜੀਆਂ ਬਾਹਵਾਂ ਜੋ ਹੋਣਾ ਸੀ ਹੋ ਗਿਆ ਆਖਰ ਵਰਤ ਗਈ ਤਕਦੀਰ ਖਾਲੀ ਘੋੜੀ ਹਿਣਕਦੀ... ਕੱਲ-ਮੁਕੱਲਾ ਘਿਰ ਗਿਐ ਹੋਣਾ ਸ਼ੀਂਹਣੀ ਮਾਂ ਦਾ ਦਾ ਜਾਇਆ ਸਾਹਿਬਾਂ ਆਪਣੇ ਵੀਰਾਂ ਕੋਲੋਂ ਵੀਰ ਮੇਰਾ ਮਰਵਾਇਆ ਸਿਰ ਤੇ ਆਣ ਚੜ੍ਹੇ ਜਦ ਦੁਸ਼ਮਣ ਕੰਮ ਨਾ ਆਏ ਤੀਰ ਖਾਲੀ ਘੋੜੀ ਹਿਣਕਦੀ... ਅੰਬਰ ਛਮ ਛਮ ਰੋਇਆ ਧਰਤੀ ਕੰਬਣ ਲੱਗੀ ਸਾਰੀ ਬੱਕੀ ਦੇ ਗਲ ਲੱਗ ਕੇ ਸੀ ਜਦ ਬਾਬਲ ਨੇ ਧਾਅ ਮਾਰੀ ਹਾਏ ਮੈਂ ਮਰ ਜਾਂ ਵੀਰ ਮੇਰੇ ਦਾ ਵਾਹਣੀਂ ਰੁਲੇ ਸਰੀਰ ਖਾਲੀ ਘੋੜੀ ਹਿਣਕਦੀ... ਵੇ ਵੀਰੋ ਅੰਮੀ ਦੇ ਜਾਇਓ ਕਰ ਲਓ ਹੁਣੇ ਤਿਆਰੀ ਬਦਲਾ ਲੈਣਾ ਵੀਰ ਦਾ ਮਾਂ ਨੂੰ ਮਿਲ ਲਓ ਜਾਂਦੀ ਵਾਰੀ ਕੱਢ ਭੱਥੇ 'ਚੋਂ ਤੀਰ ਮਾਨ ਨੇ ਦਿੱਤੀ ਖਿੱਚ ਲਾਕੀਰ ਖਾਲੀ ਘੋੜੀ ਹਿਣਕਦੀ...
ਮਿੱਤਰਾਂ ਨੇ ਫੁੱਲ ਮਾਰਿਆ
ਲੋਕਾਂ ਦਿਆਂ ਵੱਟਿਆ ਦੀ ਸਾਨੂੰ ਪੀੜ ਰਤਾ ਨਾ ਹੋਈ ਮਿੱਤਰਾਂ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ ਮੇਰੀ ਉਮਰੋਂ ਲੰਮੇਰੀ ਮੇਰੇ ਦੁੱਖਾਂ ਦੀ ਕਹਾਣੀ ਮੇਰੇ ਹਾਉਕਿਆਂ ਤੋਂ ਬੋਲ ਕੇ ਸੁਣਾਈ ਨਹੀਂ ਜਾਣੀ ਧੁਖੇ ਕਾਲਜੇ 'ਚ ਅੱਗ ਰਹਿੰਦਾ ਅੱਖੀਆਂ 'ਚ ਪਾਣੀ ਸਗੋਂ ਓਨੀ ਜ਼ਾਹਰ ਹੋਈ ਅਸੀਂ ਜਿੰਨੀ ਪੀੜ ਜੱਗ ਤੋਂ ਲਕੋਈ ਮਿੱਤਰਾਂ ਨੇ ਫੁੱਲ ਮਾਰਿਆ... ਬੰਨ੍ਹੇ ਉਮਰਾਂ ਦੇ ਦਾਈਏ ਕੀਤੇ ਜ਼ਿੰਦਗੀ ਦੇ ਕੌਲ ਜਦੋਂ ਯਾਦ ਔਂਦੇ ਉੱਠਦੇ ਨੇ ਕਾਲਜੇ 'ਚੋਂ ਹੌਲ ਅਸੀਂ ਚੰਗਾ ਕੀਤਾ ਆਪਣੀ ਜਵਾਨੀ ਨੂੰ ਮਖੌਲ ਸਾਡਾ ਮਨ ਮਰ ਚੁੱਕਾ ਸਾਡੇ ਤਨ ਨੂੰ ਮਿਲੇ ਨਾ ਕਿਤੇ ਢੋਈ ਮਿੱਤਰਾਂ ਨੇ ਫੁੱਲ ਮਾਰਿਆ... ਅੱਜ ਢੇਰ ਚਿਰ ਪਿਛੋਂ ਉਹਦਾ ਆਇਆ ਏ ਖਿਆਲ ਜੀਹਨੇ ਪੂੰਝੀਆਂ ਸੀ ਅੱਖਾਂ ਮਹਿੰਦੀ ਵਾਲੇ ਹੱਥਾਂ ਨਾਲ “ਚੰਨਾ ਰੱਬ ਦੀਆਂ ਲਿਖੀਆਂ ਨੂੰ ਕਿਹੜਾ ਸਕੇ ਟਾਲ" ਸਾਡੇ ਲੇਖਾਂ 'ਚ ਲਿਖੀ ਸੀ ਰੱਬਾ ਮੇਰਿਆ ਇਹ ਕਿਹੀ ਦਿਲਜੋਈ ਮਿੱਤਰਾਂ ਨੇ ਫੁੱਲ ਮਾਰਿਆ... ਫੇਰ ਵਿੱਛੜੀ ਹੋਈ ਰੂਹ ਮੇਰੇ ਸਾਹਮਣੇ ਖੜ੍ਹੀ ਹੈ ਮੇਰੇ ਤਨ ਉੱਤੇ ਲੀਰਾਂ ਤੇ ਉਹ ਸੋਨੇ 'ਚ ਮੜ੍ਹੀ ਹੈ ਉਹਦੀ ਮਾਂਗ ’ਚ ਸੰਧੂਰ ਮੇਰੇ ਨੈਣਾਂ 'ਚ ਝੜੀ ਹੈ ਕੋਈ ਦਿੱਤਾ ਨਾ ਦਿਲਾਸਾ ਮੇਰੀ ਇਕ ਵੀ ਸੁਣੀ ਨਾ ਅਰਜੋਈ ਮਿੱਤਰਾਂ ਨੇ ਫੁੱਲ ਮਾਰਿਆ...
ਬੁੱਝ ਮੇਰੀ ਮੁੱਠੀ ਵਿੱਚ
ਮੇਰੀਏ ਨੀ ਮਾਏ ਮੇਰੇ ਮਨ ਦੀਏ ਮਹਿਰਮੇ ਨੀ ਬੁੱਝ ਮੇਰੀ ਮੁੱਠੀ ਵਿੱਚ ਕੀ ਹੁਣ ਮੈਨੂੰ ਗੁੱਡੀਆਂ ਪਟੋਲਿਆਂ ਦੀ ਖੇਡ ਉੱਤੇ ਕਦੇ ਕਦੇ ਹਾਸਾ ਜਿਹਾ ਆਏ ਚੌਦਾਂ ਦਿਨ ਹੋਏ ਪੂਰੇ, ਚੰਦ ਦੇ ਆਕਾਰ ਨੂੰ ਮੈਂ ਨਿੱਤ ਵਿੰਹਦੀ ਰਹਿਨੀ ਆਂ ਨੀ ਮਾਏ ਚਿੱਤ ਕਰੇ ਰਿਸ਼ਮਾ ਦੇ ਨੂਰ ਦਾ ਸੁਨੈਹਰੀ ਕਾਸਾ ਡੀਕ ਲਾ ਕੇ ਜਾਵਾਂ ਸਾਰਾ ਪੀ ਬੁੱਝ ਮੇਰੀ ਮੁੱਠੀ ਵਿੱਚ ਕੀ... ਨਿੱਕੇ ਜੇਹੇ ਮੂੰਹ 'ਚੋ ਪਹਾੜ ਜਿੱਡੀ ਗੱਲ ਤੈਥੋਂ ਦੱਸ ਮਾਏ ਪੁੱਛਾਂ ਕਿ ਮੈਂ ਨਾ ਫੇਰ ਕੀ ਤੂੰ ਦੇਵੇਂਗੀ ਜਵਾਬ ਮਾਏ ਮੇਰੀਏ ਨੀ ਜੇ ਮੈਂ ਭਲਾ ਪੁੱਛ ਵੀ ਲਵਾਂ ਗਿੱਠ ਗਿੱਠ ਲਾਲੀਆਂ ਕੁਆਰੇ ਅੰਗਾਂ ਉੱਤੇ ਆਈਆਂ ਕੋਠੇ ਜਿੱਡੀ ਹੋਈ ਤੇਰੀ ਧੀ ਬੁੱਝ ਮੇਰੀ ਮੁੱਠੀ ਵਿੱਚ ਕੀ... ਕੂਲੇ ਕੂਲੇ ਸੁੱਚੇ ਸੁੱਚੇ ਮਹਿਕ-ਭਿੰਨੇ ਖਿਆਲ ਮੇਰੇ ਸਿਰ ਉੱਤੇ ਹੋਏ ਅਸਵਾਰ ਅੱਸੂ ਦੇ ਮਹੀਨੇ ਜਿਵੇਂ ਬਾਜਰੇ ਦੇ ਸਿੱਟਿਆਂ ਤੇ ਹਰੇ ਹਰੇ ਤੋਤਿਆਂ ਦੀ ਡਾਰ ਮਿੱਠੀ ਮਿੱਠੀ ਨਿੱਘੀ ਨਿੱਘੀ ਅੱਸੂ ਦੀ ਦੁਪੈਹਰ ਵਿੱਚ ਉਡੂੰ ਉਡੂੰ ਕਰੇ ਮੇਰਾ ਜੀ ਬੁੱਝ ਮੇਰੀ ਮੁੱਠੀ ਵਿੱਚ ਕੀ... ਚਿੱਟੀ ਚਿੱਟੀ ਪੱਗ ਮੇਰੇ ਬਾਬਲੇ ਦੇ ਸਿਰ ਉੱਤੇ ਜੁੱਗ ਜੁੱਗ ਜੀਣ ਮੇਰੇ ਵੀਰ ਮਾਏ ਤੇਰੇ ਮੱਥੇ ਦੀ ਤਿਓੜੀ ਵੇਖ ਵੇਖ ਮੇਰਾ ਪਾਣੀ ਪਾਣੀ ਹੋ ਗਿਆ ਸਰੀਰ ਵਾਸਤਾ ਈ ਮਾਏ ਸਾਡਾ ਸੁੱਚੀਆਂ ਸੁਗੰਧੀਆਂ ਦਾ ਕਲ੍ਹੀਆਂ ਦੇ ਬੁੱਲ੍ਹਾਂ ਨੂੰ ਨਾ ਸੀ ਬੁੱਝ ਮੇਰੀ ਮੁੱਠੀ ਵਿੱਚ ਕੀ...
ਕਪਾਹ ਦੀਆਂ ਫੁੱਟੀਆਂ
ਚਿੱਟੀਆਂ ਕਪਾਹ ਦੀਆਂ ਫੁੱਟੀਆਂ ਹਾਏ ਨੀ ਪੱਤ ਹਰੇ ਹਰੇ ਆਖ ਨੀ ਨਣਾਨੇ ਤੇਰੇ ਵੀਰ ਨੂੰ ਕਦੇ ਤਾਂ ਭੈੜਾ ਹੱਸਿਆ ਕਰੇ ... ਵੇਖ ਨਿੱਖਰੀ ਦੁਪੈਹਰ ਖੇਤੀਂ ਹੱਸਣ ਕਪਾਹਵਾਂ ਟੀਂਡਾ ਫੁੱਟ ਬਣ ਜਾਏ ਨੀ ਮੈਂ ਜੀਹਨੂੰ ਹੱਥ ਲਾਵਾਂ ਮੇਰੇ ਸੀਨੇ ’ਚ ਸੁਗੰਧ ਵਾਂਗੂੰ ਵੱਸਿਆ ਕਰੇ ਆਖ ਨੀ ਨਣਾਨੇ ... ਤੇਰੇ ਵੀਰ ਦਿਆਂ ਬੁੱਲ੍ਹਾਂ ਤੇ ਹਮੇਸ਼ ਰਹਿੰਦੀ ਚੁੱਪ ਜਿਵੇਂ ਹਾੜ੍ਹ ਦੇ ਮਹੀਨੇ ਵਿੱਚ ਵੱਢ-ਖਾਣੀ ਧੁੱਪ ਸਾਥੋਂ ਹੋਈ ਕੀ ਖੁਨਾਮੀ ਕੁੱਝ ਦੱਸਿਆ ਕਰੇ ਆਖ ਨੀ ਨਣਾਨੇ... ਮੇਰੀ ਟੋਰ ਵਿੱਚ ਵਹਿੰਦੇ ਦਰਿਆਵਾਂ ਦੀ ਰਵਾਨੀ ਨਿੱਤ ਔਂਦੀਆਂ ਨਾ ਰੁੱਤਾਂ ਸਦਾ ਰਹਿੰਦੀ ਨਾ ਜਵਾਨੀ ਸਾਡੀ ਪੁੰਨਿਆਂ ਦੀ ਰਾਤ ਨੂੰ ਨਾ ਮੱਸਿਆ ਕਰੇ ਆਖ ਨੀ ਨਣਾਨੇ ... ਮਾਨ ਹੱਸ ਕੇ ਨਾ ਬੋਲਦਾ ਬੁਲਾਇਆ ਬਹੁਤ ਵਾਰੀ ਉਹਦਾ ਮੱਥਾ ਕਾਹਦਾ ਨਿਰੀ ਜ਼ਹਿਰੀ ਸੱਪਾਂ ਦੀ ਪਟਾਰੀ ਉਹਨੂੰ ਆਖ ਨੀ ਤਿਓੜੀਆਂ ਨਾ ਕੱਸਿਆ ਕਰੇ ਆਖ ਨੀ ਨਣਾਨੇ...
ਮਾਹੀ ਵੇ ਲੈ ਕੇ ...
ਮਾਹੀ ਵੇ ਲੈ ਕੇ ਛੁੱਟੀਆਂ ਮਹੀਨੇ ਦੀਆਂ ਆ ਹਾੜਾ ਵੇ ਸਾਡੀ ਹੋਰ ਨਾ ਤੂੰ ਜਿੰਦ ਤੜਪਾ... ਬੋਲ ਹੰਭ ਗਏ ਬਨੇਰੇ ਉੱਤੇ ਕਾਗ ਵੇ ਬੁਝ ਜਾਣ ਨਾ ਉਮੀਦਾਂ ਦੇ ਚਰਾਗ ਵੇ ਝੂਠਾ ਲਾਰਾ ਨਈਂ ਸੀ ਲੌਣਾ ਜੇ ਤੂੰ ਆਪ ਨਈਂ ਸੀ ਔਣਾ ਕੋਈ ਚਿੱਠੀ ਚੀਰਾ ਹੀ ਚਾ ਦੇਂਦਾ ਪਾ ਮਾਹੀ ਵੇ... ਰੁੱਤ ਪਿਆਰ ਦੀ ਜਵਾਨੀਆਂ ਦੇ ਮਾਮਲੇ ਚੱਪੇ ਚੱਪੇ ਲਾਭ-ਹਾਨੀਆਂ ਦੇ ਮਾਮਲੇ ਤੂੰ ਕੀ ਜਾਣਦਾ ਜਵਾਨਾ ਉਤੋਂ ਕੇਹੜਾ ਏ ਜ਼ਮਾਨਾ ਦੇਂਦਾ ਰਾਈ ਦਾ ਪਹਾੜ ਬਣਾ ਮਾਹੀ ਵੇ ਲੈ ਕੇ... ਮੈਨੂੰ ਜਾਪਦਾ ਕੁਆਰਾ ਤੇਰਾ ਸਾਹਬ ਵੇ ਨੲ੍ਹੀਂ ਤਾਂ ਛੁੱਟੀ ਨੂੰ ਉਹ ਦੇਂਦਾ ਨਾ ਜਵਾਬ ਵੇ ਕਿਸੇ ਪੱਜ ਢੰਗ ਨਾਲ ਸਾਡਾ ਸਾਰਾ ਹਾਲ ਚਾਲ ਉਹਨੂੰ ਕਿਵੇਂ ਨਾ ਕਿਵੇਂ ਤੂੰ ਸਮਝਾ ਮਾਹੀ ਵੇ ਲੈ ਕੇ... ਕਿਤੋਂ ਮੁੱਲ ਨਾ ਥਿਆਉਂਦੀਆਂ ਜਵਾਨੀਆਂ ਵੇ ਇਹ ਲੱਖੀਂ ਨਾ ਕਰੋੜੀਂ ਦਿਲ-ਜਾਨੀਆਂ ਜਿੰਦ ਹੀਰਿਆਂ ਦੇ ਤੁੱਲ ਵੇ ਜਵਾਨੀ ਅਣ ਮੁੱਲ ਤੈਨੂੰ ਚਾਂਦੀ ਦੀਆਂ ਛਿਲੜਾਂ ਦਾ ਚਾਅ ਮਾਹੀ ਵੇ ਲੈ ਕੇ ...
ਹਿੱਸੇ ਦੀ ਲੋਰੀਆਂ
ਕੀ ਉਹਨਾਂ ਬੱਚਿਆਂ ਦਾ ਜੀਣਾ ਮਰਨ ਜਿਨ੍ਹਾਂ ਦੀਆਂ ਮਾਵਾਂ ਰੋਂਦੇ ਬਾਲ ਅੰਞਾਣਿਆਂ ਹੱਥੋਂ ਟੁਕੜੇ ਖੋਹ ਲਏ ਕਾਵਾਂ ਪਲ ਪਲ ਬਾਅਦ ਮਾਏ ਆਏ ਤੇਰੀ ਯਾਦ ਆਏ ਜਿੱਥੇ ਅਸੀਂ ਸਾਰੇ ਕਦੇ ਹੁੰਦੇ ਸਾਂ ਆਬਾਦ ਮਾਏ ਪੁੱਤਰ ਵਿਆਹੇ ਨਾ ਤੂੰ ਧੀਆਂ ਹੱਥੀਂ ਤੋਰੀਆਂ ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ ਬੱਚਿਆਂ ਨੂੰ ਮਾਵਾਂ ਉੱਤੇ ਹੁੰਦੀਆਂ ਤਸੱਲੀਆਂ ਤਾਂ ਹੀ ਕੂੰਜਾਂ ਦੇਣ ਗੇੜੇ ਦੇਸ਼ ਮੁੜ ਚੱਲੀਆਂ ਮਮਤਾ ਦੀ ਖਿੱਚ ਨਿਆਰੀ ਵਤਨਾਂ ਦੀ ਤਾਂਘ ਪਿਆਰੀ ਪੁੱਤਰ ਪ੍ਰਦੇਸੀ ਬੈਠੇ ਪਲ ਵੀ ਨਾ ਗਈ ਵਿਸਾਰੀ ਕਦੇ ਵੀ ਨਾ ਟੁੱਟੀਆਂ ਪਿਆਰ ਦੀਆਂ ਡੋਰੀਆਂ ਕਿੱਥੇ ਗਈਆਂ ਮਾਂ... ਸਿਵਿਆਂ 'ਚੋਂ ਕਿਵੇਂ ਤੇਰੀ ਖਾਕ ਨੂੰ ਪਛਾਣੀ ਏਂ ਕਦੋਂ ਤੋਂ ਸਦਾ ਦੀ ਨੀਂਦੇ ਸੁੱਤੀਏ ਨਿਮਾਣੀ ਏਂ ਏਨੀ ਸੁੰਨਸਾਨ ਵਿੱਚ ਸੁੰਨੇ ਸ਼ਮਸ਼ਾਨ ਵਿੱਚ ਕਿਹੀ ਜਗ੍ਹਾ ਲੱਭੀ ਤੈਨੂੰ ਰੱਬ ਦੇ ਜਹਾਨ ਵਿੱਚ ਹੰਝੂ ਵੀ ਨਾ ਭੇਂਟ ਹੋਏ ਹੋਈਆਂ ਅੱਖਾਂ ਕੋਰੀਆਂ ਕਿੱਥੇ ਗਈਆਂ ਮਾਂ... ਕੰਧਾਂ ਤੇ ਉਲੀਕੇ ਤੂੰ ਜੋ ਘੁੱਗੀਆਂ ਤੇ ਮੋਰ ਸਨ ਅੱਜ ਕੁੱਝ ਹੋਰ ਮਾਏ ਉਦੋਂ ਕੁੱਝ ਹੋਰ ਸਨ ਚੁਲ੍ਹੇ ਦੇ ਗਿਰਦੇ ਬਹਿਣਾ ਆਪਸ ਵਿੱਚ ਲੜਦੇ ਰਹਿਣਾ ਮਿੱਠੀ ਜਿਹੀ ਘੁਰਕੀ ਦੇਣੀ ਹੋਰ ਤੂੰ ਕੁੱਝ ਨਾ ਕਹਿਣਾ ਮਿੱਟੀ ਦੀ ਕੰਧੋਲੀ ਤੇ ਕੰਧੋਲੀ ਵਿੱਚ ਮੋਰੀਆਂ ਜਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ...
ਅੱਖੀਆਂ ਦਾ ਸਾਵਣ
ਅੱਖੀਆਂ ਦਾ ਸਾਵਣ ਪਾਉਂਦਾ ਵੈਣ-ਰੋਂਦੇ ਨੈਣ ਤੂੰ ਪਰਦੇਸ ਵੇ ਕੱਲਿਆਂ ਨਾ ਆਵੇ ਦਿਲ ਨੂੰ ਚੈਨ ਤੂੰ ਪ੍ਰਦੇਸ ਵੇ ... ਜਦੋਂ ਮੇਰੀ ਅੱਖੀਆਂ ਤੋਂ ਉਹਲੇ ਗਿਉਂ ਹੋ ਵੇ ਰੱਬ ਵੀ ਜੇ ਵੇਖ ਲੈਂਦਾ ਉਹ ਵੀ ਪੈਂਦਾ ਰੋ ਵੇ ਖਬਰੇ ਜੁਦਾਈਆਂ ਕਦ ਤਕ ਰਹਿਣ ਰੋਂਦੇ ਨੈਣ, ਤੂੰ ਪ੍ਰਦੇਸ ਵੇ... ਭੁੱਲ ਜਾਣ ਵਾਲਿਆ ਵਿਸਾਰ ਜਾਣ ਵਾਲਿਆ ਜਿਉਂਦਾ ਰਹੇ ਜਿਉਂਦਿਆਂ ਨੂੰ ਮਾਰ ਜਾਣ ਵਾਲਿਆਂ ਦਿਲ 'ਚੋਂ ਦੁਆਵਾਂ ਇਹੀਓ ਕਹਿਣ ਰੋਂਦੇ ਨੈਣ, ਤੂੰ ਪ੍ਰਦੇਸ ਵੇ... ਚਾਰ ਦਿਨ ਆਈ ਏ ਜਵਾਨੀ ਚਲੀ ਜਾਏਗੀ ਏਵੇਂ ਜਿਵੇਂ ਮਾਨਾ ਜ਼ਿੰਦਗਾਨੀ ਚਲੀ ਜਾਏਗੀ ਉਮਰੋਂ ਲੰਮੇਰੀ ਹੋ ਗਈ ਰੈਣ ਰੋਂਦੇ ਨੈਣ, ਤੂੰ ਪ੍ਰਦੇਸ ਵੇ...
ਚਰਖਾ ਦੁੱਖ ਦੱਸਦਾ
ਚੱਕਣਾ ਵੀ ਭੁੱਲ ਗਈ ਤੇ ਰੱਖਣਾ ਵੀ ਭੁੱਲ ਗਈ ਕਹਿੰਦੇ ਨੇ ਗਲੋਟੇ ਕੁੜੀ ਕੱਤਣਾ ਵੀ ਭੁੱਲ ਗਈ ਤੰਦ ਤੱਕਲੇ 'ਤੇ ਰੋਣ ਵਿਚਾਰੇ ਨੀ ਚਰਖਾ ਦੁੱਖ ਦੱਸਦਾ ਜ਼ਰਾ ਸੁਣ ਅਲ੍ਹੜੇ ਮੁਟਿਆਰੇ ਤੀਆਂ ਤੇ ਤ੍ਰਿੰਞਣਾਂ 'ਚ ਗੀਤ ਨਾ ਰਹੇ ਸੱਗੀ-ਫੁੱਲ, ਕੋਕਰੂ ਤਾਵੀਤ ਨਾ ਰਹੇ ਪਿੰਡ ਵਾਲੇ ਖੂਹ 'ਤੇ ਨਾ ਰਹੀਆਂ ਰੌਣਕਾਂ ਖੌਰੇ ਕਿਹੜੇ ਪਾਸੇ ਤੁਰ ਗਈਆਂ ਰੌਣਕਾਂ ਕਿੱਥੇ ਤੁੱਰ ਗਏ ਨੇ ਸੱਜਣ ਪਿਆਰੇ ਨੀ ਚਰਖਾ ਦੁੱਖ ਦੱਸਦਾ... ਕਦੇ ਤੂੰ ਤ੍ਰਿੰਞਣਾਂ 'ਚ ਗੀਤ ਗਾਉਂਦੀ ਸੈਂ ਲੰਮੇ ਲੰਮੇ ਤੱਕਲੇ ਤੇ ਤੰਦ ਪਾਉਂਦੀ ਸੈਂ ਭੁੱਲ ਗਏ ਸੁਹਾਗ ਭੁੱਲ ਗਈਆਂ ਲੋਰੀਆਂ ਪੱਟ ਦੇ ਪਰਾਂਦੇ ਲੱਛੇਦਾਰ ਡੋਰੀਆਂ ਲੌਣੇ ਚੁੰਨੀਆਂ ਨੂੰ ਭੁੱਲ ਗਈ ਸਿਤਾਰੇ ਨੀ ਚਰਖਾ ਦੁੱਖ ਦੱਸਦਾ... ਭੁੱਲ ਗਈ ਏਂ ਭੱਠੀ ਤੋਂ ਭੰਨਾਉਣੇ ਦਾਣੇ ਨੀ ਹੋਟਲਾਂ ਤੇ ਖਾਨੀ ਏਂ ਵਲੈਤੀ ਖਾਣੇ ਨੀ ਜਦੋਂ ਦੀ ਗੁਲਾਬੋ ਅੰਗਰੇਜ਼ੀ ਪੜ੍ਹ ਗਈ ਗਿੱਧਿਆਂ ਦੀ ਰਾਣੀ ਡਿਸਕੋ 'ਚ ਵੜ ਗਈ ਰੋਜ਼ ਸ਼ਾਮ ਨੂੰ ਕਲੱਬ ਗੇੜਾ ਮਾਰੇ ਨੀ ਚਰਖਾ ਦੁੱਖ ਦੱਸਦਾ... ਪਹਿਲਾਂ ਸੋਹਣੀ ਹੁੰਦੀ ਸੀ ਝਨਾਂ 'ਚ ਤਰਦੀ ਹੁਣ ਟੈਲੀਫੋਨ ਤੇ ਰੋਮਾਂਸ ਕਰਦੀ ਜਦੋਂ ਦੀ ਹੋ ਆਈ ਹੀਰ ਦੇਸ਼ ਬਾਹਰਲੇ ਰੋਜ਼ ਜਾਣਾ ਪੈਂਦਾ ਉਹਨੂੰ ਬਿਊਟੀ ਪਾਰਲੇ ਝੂਠੇ ਲਾਉਂਦੀ ਏ ਚਾਕ ਨੂੰ ਲਾਰੇ ਨੀ ਚਰਖਾ ਦੁੱਖ ਦੱਸਦਾ...
ਧੀਆਂ ਪ੍ਰਦੇਸਣਾਂ
ਜਾਵੀਂ ਵੇ ਜਾਵੀਂ ਕਾਵਾਂ ਏਨਾ ਕਹਿ ਆਵੀਂ ਕਾਵਾਂ ਜਾਵੀਂ ਸਮੁੰਦਰਾਂ ਤੋਂ ਪਾਰ ਵੇ ਵੇ ਲੈ ਜਾਵੀਂ ਕਾਵਾਂ ਧੀਆਂ ਪ੍ਰਦੇਸਣਾਂ ਦਾ ਪਿਆਰ ਵੇ ਬਚਪਨ ਦੀ ਯਾਦ ਪੁਰਾਣੀ ਬਾਬਲ ਤੇ ਅੰਮੜੀ ਰਾਣੀ ਵੀਰਾਂ ਨੂੰ ਚੇਤੇ ਕਰਕੇ ਅਖੀਉਂ ਭਰ ਆਇਆ ਪਾਣੀ ਵੱਸੋ ਵੇ ਵੱਸੋ ਵੀਰੋ ਖੁਸ਼ੀਆਂ ਵਿੱਚ ਹੱਸੋ ਵੀਰੋ ਭੈਣਾਂ ਨੂੰ ਦੇਣਾ ਨਾ ਵਿਸਾਰ ਵੇ ... ਵੇ ਲੈ ਜਾਵੀਂ ਕਾਵਾਂ, ਧੀਆਂ... ਖੁਸ਼ੀਆਂ ਦਾ ਖੇੜਾ ਅੜਿਆ ਉਸ ਵਰਗਾ ਕਿਹੜਾ ਅੜਿਆ ਸੁਰਗਾਂ ਤੋਂ ਸੋਹਣਾ ਹੈ ਸੀ ਅੰਮੜੀ ਦਾ ਵਿਹੜਾ ਅੜਿਆ ਜਿੱਥੇ ਮੈਂ ਮੌਜ ਮਨਾਈ। ਗਲੀਆ ਵਿੱਚ ਲੁਕਣ-ਮੀਚਾਈ। ਖੇਡੀ ਸਹੇਲੀਆਂ ਦੇ ਨਾਲ ਵੇ... ਵੇ ਲੈ ਜਾਵੀਂ ਕਾਵਾਂ, ਧੀਆਂ... ਬਾਬਲ ਦੀ ਬਹਿਕ ਪਿਆਰੀ ਮਿੱਟੀ ਦੀ ਮਹਿਕ ਪਿਆਰੀ ਚੇਤਰ ਦੇ ਚੜ੍ਹਦੇ ਸੂਰਜ ਚਿੜੀਆਂ ਦੀ ਚਹਿਕ ਪਿਆਰੀ ਕੰਧਾਂ ਤੇ ਮੋਰ ਉਲੀਕੇ। ਕਈ ਕਈ ਕੁਝ ਹੋਰ ਉਲੀਕੇ। ਆਉਂਦੇ ਨੇ ਚੇਤੇ ਕਈ ਕਈ ਵਾਰ ਵੇ... ਵੇ ਲੈ ਜਾਵੀਂ ਕਾਵਾਂ ਧੀਆਂ ਪ੍ਰਦੇਸਣਾਂ ਦਾ ਪਿਆਰ ਵੇ ।
ਜਿੱਥੇ ਸਾਡਾ ਦਿਲ ਕਰਦਾ
ਸੋਨੇ ਦਿਆ ਵੇ ਕੰਗਣਾ... ਵੇ ਸੋਨੇ ਦਿਆ ਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਏ ਓਥੇ ਮਾਪਿਆਂ ਨੇ ਨਹੀਉਂ ਮੰਗਣਾ ਝੋਲੀ ਪੈ ਗਿਆ ਰੋਣ ਉਮਰ ਦਾ ਜ਼ਖਮੀ ਹੋ ਗਏ ਹਾਸੇ ਤੁਧ ਬਾਝੋਂ ਇਸ ਦੁਖੀਏ ਦਿਲ ਨੂੰ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾਹ ਨਾ ਰਿਹਾ ਉਏ ਕੋਈ ਬੇੜੀ ਦਾ ਮਲਾਹ ਨਾ ਰਿਹਾ ਖੌਰੇ ਕਦੋਂ ਮੁੱਕ ਜਾਣਗੇ ਸਾਨੂੰ ਸਾਹਾਂ ਦਾ ਵਸਾਹ ਨਾ ਰਿਹਾ ਰੱਬ ਦੀਆਂ ਖੇਡਾਂ ਅਕਸਰ ਅਰਸ਼ੋਂ ਟੁੱਟਦੇ ਰਹਿੰਦੇ ਤਾਰੇ ਅੰਬਰ ਵੱਲੇ ਬਾਹਾਂ ਕਰ ਕਰ ਰੋਣ ਗਮਾਂ ਦੇ ਮਾਰੇ ਕੀਹਦੇ ਤੱਕਲੇ ਤੋਂ ਤੰਦ ਟੁੱਟਿਆ ਉਏ ਕੀਹਦੇ ਤੱਕਲੇ ਤੋਂ ਤੰਦ ਟੁੱਟਿਆ ਮੇਰੇ ਭਾਅ ਦਾ ਨ੍ਹੇਰ ਪਿਆ ਮੇਰਾ ਅੰਬਰਾਂ 'ਚੋਂ ਚੰਦ ਟੁੱਟਿਆ ਰੋਂਦਾ ਰਹਿ ਗਿਆ ਚਾਕ ਮੱਝਾਂ ਦਾ ਹੀਰ ਬੇਗਾਨੀ ਹੋਈ ਕਿਸਮਤ ਮੇਰੀ ਵੇਖ ਕੇ ਮੈਨੂੰ ਮਾਰ ਦੁਹੱਥੜ ਰੋਈ ਕੁੱਝ ਕਹਿਣੋਂ ਵੀ ਝਕਦਾ ਰਿਹਾ ਉਏ ਕੁੱਝ ਕਹਿਣੋਂ ਵੀ ਝਕਦਾ ਰਿਹਾ ਲੋਕਾਂ ਵਿੱਚ ਮੈਂ ਵੀ ਖੜ੍ਹਾ ਜਾਂਦੀ ਡੋਲੀ ਵੱਲੇ ਤੱਕਦਾ ਰਿਹਾ।
ਟੈਲੀਫੂਨ ਲੱਗਿਆ
ਤੁਸੀਂ ਚਿੱਠੀਆਂ ਪੌਣੀਆਂ ਭੁੱਲ ਗਏ ਜਦੋਂ ਦਾ ਟੈਲੀਫੂਨ ਲੱਗਿਆ ਲਾ ਕੇ ਲੱਗੀਆਂ ਨਿਭਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੂਨ ਲੱਗਿਆ ਇੱਕ ਇੱਕ ਚਿੱਠੀ ਨੂੰ ਅਨੇਕ ਵਾਰ ਵਾਚਣਾ ਫੇਰ ਇਕ ਦੂਜੇ ਦੇ ਖਿਆਲਾਂ 'ਚ ਗੁਆਚਣਾ ਕਿੱਥੇ ਮੁਲਾਕਾਤਾਂ ਦੀਆਂ ਮਹਿੰਗੀਆਂ ਸੁਗਾਤਾਂ ਛੱਲੇ ਮੁੰਦੀਆਂ ਵਟਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੂਨ ਲੱਗਿਆ... ਤੇਰਾ ਨਾਮ ਲਿਖ ਕੇ ਪਤੰਗ ਮੈਂ ਉਡਾਇਆ ਸੀ ਤੂੰ ਵੀ ਦੂਰੋਂ ਵੇਖ ਕੇ ਅੰਦਾਜਾ ਬੜਾ ਲਾਇਆ ਸੀ ਮਾਰ ਮਾਰ ਤੁਣਕੇ ਲੜਾਉਣੇ ਪੇਚੇ ਪਾਉਣੇ ਗੁੱਡੇ ਗੁੱਡੀਆਂ ਉਡਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੂਨ ਲੱਗਿਆ... ਅੱਖਾਂ ਅੱਗੇ ਰਹਿਣਾ ਹੋਣਾ ਇਕ ਪਲ ਦੂਰ ਨੀ ਟੈਲੀਫੂਨ ਮਾਰਕਾ ਰੋਮਾਂਸ ਮਨਜ਼ੂਰ ਨੀ ਇਕ ਰੁੱਸ ਜਾਣਾ ਦੂਜੇ ਰੁੱਸੇ ਨੂੰ ਮਨਾਣਾ ਗੱਲਾਂ ਰੁੱਸਕੇ ਮੰਨਾਉਣੀਆਂ ਭੁੱਲ ਗਏ ਜਦੋਂ ਟੈਲੀਫੂਨ ਲੱਗਿਆ... ਆਸ਼ਕ ਮਾਸ਼ੂਕ ਜਿਹੜੇ ਸਮੇਂ ਦੇ ਪਾਬੰਦ ਨੲ੍ਹੀਂ ਅੱਜ ਕਲ ਬਹੁਤੀ ਦੇਰ ਚਲਦੇ ਸਬੰਧ ਨੲ੍ਹੀਂ ਵਿੰਹਦੇ ਰਹਿੰਦੇ ਹੀਰ ਕਦੋਂ ਰੋਟੀ ਲੈ ਕੇ ਆਵੇ ਰਾਂਝੇ ਮੱਝੀਆਂ ਚਰਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੂਨ ਲੱਗਿਆ...
ਗੱਲ ਮੁੱਕੀ ਨਾ
ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ ਕੀ ਕਰਨੀ ਖੁਦਾਈ ਅਸੀਂ ਤੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ ਤੇਰਾ ਕੀ ਸੀ ਜਾਂਦਾ ਸਾਡਾ ਲੱਥ ਜਾਂਦਾ ਚਾਅ ਵੇ ਅੱਜ ਦੀ ਜੇ ਰਾਤ ਦੇਂਦਾ ਥੋੜੀ ਜਿਹੀ ਵਧਾ ਵੇ ਤੈਥੋਂ ਨਿੱਕੀ ਜਿੰਨੀ ਹੋਈ ਨਾ ਦਲੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ ਗੱਲ ਮੁੱਕੀ ਨਾ... ਪਹਿਲਾਂ ਜਿਹੜੀ ਹੁੰਦੀ ਸੀ ਪਹਾੜ ਜਿੱਡੀ ਰਾਤ ਵੇ ਪਲਾਂ ਵਿੱਚ ਬੀਤੀ ਜਦੋਂ ਹੋਈ ਮੁਲਾਕਾਤ ਵੇ ਕੀ ਹੋਵਾਂ ਮੈਂ ਅਹਿਸਾਨਮੰਦ ਤੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ ਗੱਲ ਮੁੱਕੀ ਨਾ... ਮਿੱਠੀ-ਮਿੱਠੀ ਆਉਂਦੀ ਸੀ ਹਵਾਵਾਂ 'ਚੋਂ ਸੁਗੰਧ ਵੇ ਚੰਗਾ ਚੰਗਾ ਲਗਦਾ ਸੀ ਪੁੰਨਿਆਂ ਦਾ ਚੰਦ ਵੇ ਰਹਿ ਗਈ ਰਾਹਾਂ ਵਿੱਚ ਚਾਨਣੀ ਖਲੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ ਗੱਲ ਮੁੱਕੀ ਨਾ...
ਵਰੌਣ ਲੱਗੇ ਰੋਏ
ਸੀਨੇ ਪੈਂਦੀਆਂ ਨੇ ਸੱਲਾਂ ਯਾਦ ਔਂਦੀਆਂ ਨੇ ਗੱਲਾਂ ਜਦੋਂ ਜੁਦਾ ਹੋਣ ਵੇਲੇ ਗਲ ਲਾਉਣ ਲੱਗੇ ਰੋਏ ਅਸੀਂ ਦੋਵੇਂ ਇੱਕ ਦੂਜੇ ਨੂੰ ਵਰੌਣ ਲੱਗੇ ਰੋਏ ਅਸੀਂ ਕਰ ਕਰ ਚੇਤੇ ਇੱਕ ਪਲ ਵੀ ਨਾ ਸੁੱਤੇ ਜ ਦੋਂ ਜਾਂਦੀ ਵਾਰੀ ਦਿੱਲੀ ਦੇ ਹਵਾਈ ਅੱਡੇ ਉੱਤੇ ਤੁਸੀਂ ਜਾਣ ਲੱਗੇ ਰੋਏ ਅਸੀਂ ਔਣ ਲੱਗੇ ਰੋਏ ਅਸੀਂ ਦੋਵੇਂ ਇੱਕ-ਦੂਜੇ ਨੂੰ... ਅਸੀਂ ਏਥੇ ਤੁਸੀਂ ਉੱਥੇ ਇੱਕ ਦੂਜੇ ਕੋਲੋਂ ਦੂਰ ਅਸੀਂ ਦੋਵੇਂ ਮਜਬੂਰ ਅਸੀਂ ਦੋਵੇਂ ਬੇਕਸੂਰ ਅਸੀਂ ਅਖੀਆਂ 'ਚ ਅੱਥਰੂ ਲੁਕੌਣ ਲੱਗੇ ਰੋਏ ਅਸੀਂ ਦੋਵੇਂ ਇਕ-ਦੂਜੇ ਨੂੰ... ਜੰਮੇ ਅੱਖੀਆਂ 'ਚ ਹੰਝੂ ਬੁੱਲ੍ਹਾਂ ਉੱਤੇ ਫਰਿਆਦਾਂ ਸਾਡੇ ਦਿਲ ਦੀ ਸਲੇਟ ਤੇ ਜੋ ਲਿਖੀਆਂ ਸੀ ਯਾਦਾਂ ਅਸੀਂ ਅੱਜ ਉਹਨਾਂ ਯਾਦਾਂ ਨੂੰ ਮਿਟਾਉਣ ਲੱਗੇ ਰੋਏ ਅਸੀਂ ਦੋਵੇਂ ਇਕ ਦੂਜੇ ਨੂੰ...
ਅੱਲ੍ਹੜ ਉਮਰ ਅੰਞਾਣੀ
ਅੱਲ੍ਹੜ ਉਮਰ ਅੰਞਾਣੀ ਬੈਠੀ ਵਿਹੜੇ ਬਾਬਲ ਦੇ ਨੀਵੀਂ ਧੌਣ ਕਸੀਦਾ ਕੱਢਦੀ ਕੁੜੀ ਕੁਆਰੀ ਧਾਗੇ ਦੇ ਫੁੱਲਾਂ ਵਿੱਚ ਮਹਿਕਾਂ ਗੁੰਦੀ ਜਾਂਦੀ ਐ ਰੀਝਾਂ ਲਾ ਲਾ ਕੱਢਦੀ ਸ਼ਗਨਾ ਦੀ ਫੁਲਕਾਰੀ ਲੰਮੀ ਬਾਂਹ ਕਰਕੇ ਜਦ ਤੱਕਲੇ ਤੇ ਤੰਦ ਪੌਂਦੀ ਐ ਲਾ ਕੇ ਹੇਕ ਰਸੀਲੀ ਗੌਂਦੀ ਲੱਗੇ ਪਿਆਰੀ ਸਾਹਿਬਾਂ, ਸੋਹਣੀ, ਹੀਰ ਸਲੇਟੀ ਵਰਗੀ ਲਗਦੀ ਐ ਨੀਲੇ ਨੈਣਾਂ ਦੇ ਵਿੱਚ ਪਾ ਸੁਰਮੇ ਦੀ ਧਾਰੀ ਗੋਰਾ ਰੰਗ, ਹੁਸਨ ਦੀ ਲਾਟ, ਪਟਾਰੀ ਮਹਿਕਾਂ ਦੀ ਮਹਿੰਗੇ ਸ਼ਰਮ ਹਯਾ ਦੇ ਗਹਿਣਿਆਂ ਨਾਲ ਸ਼ਿੰਗਾਰੀ ਸਿਰ ਤੇ ਤਿੰਨ ਤਿੰਨ ਘੜੇ ਉਸਾਰੇ ਪਾਣੀ ਭਰਦੀ ਦੇ ਤੁਰਦੀ ਹੂਰ ਨੇ ਲਹਿੰਗੇ ਨੂੰ ਠੋਹਕਰ ਮਾਰੀ ਜੀਹਨੂੰ ਵੇਖ ਵੇਖ ਵਲ ਖਾਣਾ ਸਿਖਿਆ ਨਾਗਾਂ ਨੇ ਜੀਹਤੋਂ ਮਿਰਗ ਵਿਚਾਰੇ ਮੰਗਦੇ ਤੋਰ ਉਧਾਰੀ ਸੌਣ ਮਹੀਨੇ ਤੇਰੀ ਪੀਂਘ ਹੁਲਾਰੇ ਲੈਂਦੀ ਐ ਤੀਆਂ ਦੇ ਵਿੱਚ ਤੇਰੀ ਕੁੜੀਆਂ ਤੇ ਸਰਦਾਰੀ ਚੜ੍ਹੀ ਜਵਾਨੀ, ਅੱਖ ਮਸਤਾਨੀ, ਗਲ ਵਿੱਚ ਗਾਨੀ, ਨੀ ਤੈਨੂੰ ਦੁਨੀਆਂ ਨਾਲੋਂ ਚੜ੍ਹੀ ਜਵਾਨੀ ਨਿਆਰੀ ਤੇਰੇ ਨੈਣਾਂ ਦੇ ਵਿੱਚ ਤਰਦਾ ਸੁਪਨਾ ਸੱਜਣਾਂ ਦਾ ਪਾਰੇ ਵਾਂਗ ਪਿਘਲ ਗਈ ਤੂੰ ਸਾਰੀ ਦੀ ਸਾਰੀ ਸਾਡੇ ਖੇਡਣ ਦੇ ਦਿਨ ਚਾਰ ਨੀ ਮਾਏ ਮੇਰੀਏ ਗੁੱਡੇ-ਗੁੱਡੀਆਂ ਦੀ ਸੀ ਲਗਦੀ ਖੇਡ ਪਿਆਰੀ ਰਾਜੇ ਬਾਬਲ ਦਾ ਹੋ ਜਾਣਾ ਦੇਸ਼ ਬੇਗਾਨਾ ਨੀ ਚੰਬੇ ਚਿੜੀਆਂ ਦੇ ਨੇ ਜਾਣਾ ਮਾਰ ਉਡਾਰੀ...
ਮਿਰਜ਼ੇ ਦੀ ਮੌਤ
ਜਿਹੜੇ ਮਿਰਜ਼ੇ ਨੇ ਵਰਤੇ ਹੀ ਨਾ ਉਹਨਾਂ ਤੀਰਾਂ ਦਾ ਕੀ ਕਰਨਾ ਟੰਗੇ ਰਹਿ ਗਏ ਪਤਾ ਨੲ੍ਹੀਂ ਕਿਹੜੀ ਥਾਂ ਉਹਨਾਂ ਤੀਰਾਂ ਦਾ ਕੀ ਕਰਨਾ ਉੱਠ ਸੁਤਿਆ ਜਾਗ ਜ਼ਰਾ ਧੂੜਾਂ ਉਡਦੀਆਂ ਔਣ ਪਈਆਂ ਅਣਹੋਣੀਆਂ ਵੇ ਸੱਜਣਾਂ ਤੇਰੇ ਸਿਰ ਕੁਰਲੌਣ ਪਈਆਂ ਸਾਹਿਬਾਂ ਦੀਆਂ ਅੱਖੀਆਂ ਚੋਂ ਵਹਿੰਦੇ ਨੀਰਾਂ ਦਾ ਕੀ ਕਰਨਾ ... ਜਿਹੜੇ ਸਿਰਜ਼ੇ ਨੇ ... ਸੁੱਤਾ ਮਿਰਜ਼ਾ ਜਾਗ ਪਿਆ ਹੱਥ ਤੀਰ ਕਮਾਣ ਫੜੇ ਜਦ ਵੇਖੇ ਸਾਹਿਬਾਂ ਨੇ ਦੂਜੇ ਪਾਸੇ ਵੀਰ ਖੜ੍ਹੇ ਜਿਨ੍ਹਾਂ ਤੀਰਾਂ ਤੇ ਵੀਰਾਂ ਦਾ ਨਾਂ ਉਹਨਾਂ ਤੀਰਾਂ ਨੂੰ ਕੀ ਕਰਨਾ ਜਿਹੜੇ ਮਿਰਜ਼ੇ ਨੇ ਮੇਰੀ ਅੰਮੜੀ ਦੇ ਜਾਇਓ ਵੇ ਮੇਰੇ ਬਾਬਲ ਦੇ ਚੰਨ ਤਾਰਿਓ ਜਿਹੜੀ ਤਰਲੇ ਰਹੀ ਪੌਂਦੀ ਮੇਰੇ ਮਿਰਜ਼ੇ ਨੂੰ ਨਾ ਮਾਰਿਓ ਜਿਨ੍ਹਾਂ ਵੀਰਾਂ ਨੇ ਮਾਰੀ ਸਾਹਿਬਾਂ ਉਹਨਾਂ ਵੀਰਾਂ ਦਾ ਕੀ ਕਰਨਾ... ਜਿਹੜੇ ਮਿਰਜ਼ੇ ਨੇ ਪੁੱਤ ਮਿਰਜ਼ਾ ਵੀ ਨਾ ਮੁੜਿਆ ਨਾ ਹੀ ਸ਼ਗਨਾਂ ਦੀ ਆਈ ਘੜੀ ਲੋਕੋ ਲਹੂ ਵਿੱਚ ਲਿੱਬੜੀ ਹੋਈ ਘੋੜੀ ਬੂਹੇ ਤੇ ਆਣ ਖੜ੍ਹੀ ਰੋਂਦੀ ਮਿਰਜ਼ੇ ਨੂੰ ਮਿਰਜ਼ੇ ਦੀ ਮਾਂ ਉਹਨਾਂ ਤੀਰਾਂ ਦਾ ਕੀ ਕਰਨਾ...। ਜਿਹੜੇ ਮਿਰਜ਼ੇ ਨੇ... ਏਥੇ ਮਿਰਜ਼ੇ ਦੀ ਮਾਂ ਵਿਲਕੇ। ਉਥੇ ਸਾਹਿਬਾਂ ਦਾ ਪਿਓ ਰੋਵੇ। ਜਿਹੜੀ ਸਾਡੇ ਨਾਲ ਹੋ ਗੁਜ਼ਰੀ ਵੈਰੀ ਨਾਲ ਵੀ ਨਾ ਹੋਵੇ। ਜਿਹੜੀਆਂ ਮੱਥੇ ਤੇ ਲਿਖੀਆਂ ਗਈਆਂ। ਤਕਦੀਰਾਂ ਦਾ ਕੀ ਕਰਨਾ। ਜਿਹੜੇ ਮਿਰਜ਼ੇ ਨੇ ਵਰਤੇ ਹੀ ਨਾ...
ਤਿੰਨ ਰੰਗ
ਬੇੜੀ ਦਾ ਪੂਰ ਤਿੰਞਣ ਦੀਆਂ ਕੁੜੀਆਂ ਸਦਾ ਨਾ ਬਹਿਣਾ ਰਲਕੇ ਜੋ ਪਾਣੀ ਅੱਜ ਪੱਤਣੋਂ ਲੰਘਿਆ ਉਹਨੇ ਫੇਰ ਨਾ ਔਣਾ ਭਲਕੇ ਸੱਚ ਸਿਆਣੇ ਬੋਲ ਗਏ ਰੱਬ ਵਰਗੀ ਸਚਾਈ ਜਾਪੇ ਤਿੰਨ-ਰੰਗ ਨੲ੍ਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਮਾਵਾਂ ਠੰਢੀਆਂ ਛਾਵਾਂ ਹੁੰਦੀਆਂ। ਸਾਰਾ ਆਲਮ ਕਹਿੰਦਾ ਬਾਬਲ ਹੁੰਦਿਆਂ ਬੇਪ੍ਰਵਾਹੀਆਂ। ਰੱਬ ਯਾਦ ਨਾ ਰਹਿੰਦਾ ਮਾਪਿਆਂ ਵਰਗੇ ਦੁਨੀਆਂ 'ਤੇ ਕੋਈ ਹੋਰ ਨਾ ਰਿਸ਼ਤੇ ਨਾਤੇ ਤਿੰਨ ਰੰਗ ਨੲ੍ਹੀਂ ਲੱਭਣੇ... ਸਦਾ ਨਾ ਬਾਗੀਂ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ ਸਦਾ ਨਾ ਰਹਿੰਦੀ ਚੜ੍ਹੀ ਜਵਾਨੀ। ਸਦਾ ਨਾ ਮਹਿਫਲ ਯਾਰਾਂ ਕੌਣ ਸੁੱਖਾਂ ਦੀਆਂ ਘੜੀਆਂ ਗਿਣਦਾ ਕੌਣ ਖ਼ੁਸ਼ੀ ਨੂੰ ਨਾਪੇ ਤਿੰਨ ਰੰਗ ਨੲ੍ਹੀਂ ਲੱਭਣੇ... ਖਾ ਲੈ ਪੀ ਲੈ ਮੌਜ ਉਡਾ ਲੈ। ਸਦਾ ਨਾ ਇਹ ਦਿਨ ਆਉਣੇ ਰੋਜ਼ ਰੋਜ਼ ਨਾ ਖ਼ੁਸ਼ੀ ਦੇ ਮੇਲੇ। ਰੋਜ਼ ਨਾ ਜਸ਼ਨ ਮੰਨਾਉਣੇ ਬੰਦਿਆ ਤੇਰੇ ਲੇਖ ਪਏ ਨੇ ਰੱਬ ਦੀ ਵਹੀ ’ਤੇ ਛਾਪੇ ਤਿੰਨ ਰੰਗ ਨੲ੍ਹੀਂ ਲੱਭਣੇ...
ਜਿੰਦੂਆ
ਜਿੰਦੂਆ ਤੇ ਰਸੀਬਿੰਦੂਆ ਦੋਵੇਂ ਸਕੇ ਭਰਾ। ਜਿੰਦੂਏ ਸੰਗ ਜਿੰਦ ਮੇਰੀ ਏ। ਲਏ ਨੈਣ ਮਿਲਾ। ਕੋਈ ਪਰਵਾਹ ਨਹੀਂ ਜਿੰਦੂਆ। ਵੇ ਮਖ ਮੌਜ ਮਨਾ ਮੈਂ ਕਿਹਾ ਤੀਰੀ ਰੀਰੀ। ਓ ਮਖ ਤਾਰਾ ਰਾਰਾ। ਰੱਬ ਰੌਣਕ ਲਾਈਆ ਓ ਜਿੰਦੂਆ ਵੇ ਜਿੰਦ ਮੇਲੇ 'ਚ ਆਈ ਆ ਓ ਜਿੰਦੂਆ... ਓ.ਓ.ਓ... ਚੱਲ ਜਿੰਦੂਆ ਵੇ ਚੱਲ ਚੱਲੀਏ ਬਾਜ਼ਾਰੀਂ। ਵਿਕਦੇ ਨੇ ਜਿੱਥੇ ਰੁਮਾਲ। ਸ਼ੀਸ਼ਾ ਤੇ ਸੁਰਮੇਦਾਣੀ ਦੇ ਮਿਲਦਾ। ਮੁਫਤ ਸੁਰਮਚੂ ਨਾਲ। ਵੇ ਮੁੱਲ ਢਾਈ ਆਨੇ। ਵੇ ਕੁੱਲ ਢਾਈ ਆਨੇ। ਕਿਆ ਸੁਰਮ-ਸਲਾਈ ਆ ਓ ਜਿੰਦੂਆ ਮੈਂ ਅੱਜ ਅੱਖਾਂ 'ਚ ਪਾਈ ਆ ਓ ਜਿੰਦੂਆ। ਓ.ਓ.ਓ... ਚੱਲ ਜਿੰਦੂਆ ਵੇ ਚੱਲ ਮੇਲੇ 'ਚੋਂ ਮੇਰੀ। ਬਾਂਹ 'ਤੇ ਪਵਾ ਦੇ ਮੋਰ ਠੋਡੀ ਉੱਤੇ ਮੈਂ ਪੰਜ-ਦਾਣਾ ਖੁਣਾ ਲਿਆ। ਪਿੰਡ ਵਿੱਚ ਮੱਚ ਗਿਆ ਸ਼ੋਰ। ਵੇ ਹੋ ਗਈ ਲਾ ਲਾ। ਘਰ ਘਰ ਵਿਚ ਵੇ ਚਰਚਾ ਕਰਵਾਈਆ ਓ ਜਿੰਦੂਆ ਓ ਕਿਸੇ ਲੂਤੀ ਲਾਈ ਆ ਓ ਜਿੰਦੂਆ ਓ.ਓ.ਓ ... ਚੱਲ ਜਿੰਦੂਆ ਵੇ ਮੈਂ ਤੇਰੀ ਤੂੰ ਜਿੱਥੇ ਜੀ ਕਰਦਾ ਈ ਲੈ ਜਾਹ। ਜਿੰਦੂਆ ਜਿੱਧਰ ਨੂੰ ਲੈ ਚੱਲਿਆ ਏਂ। ਇਹ ਤਾਂ ਇਸ਼ਕ ਨੂੰ ਜਾਂਦਾ ਰਾਹ। ਵੇ ਅਸੀਂ ਪਿਆਰ ਨਾਲ ਸੋਹਣੇ ਯਾਰ ਨਾਲ। ਜਿੰਦ-ਜਾਨ ਵਟਾਈ ਆ ਓ ਜਿੰਦੂਆ ਵੇ ਜੋੜੀ ਰੱਬ ਨੇ ਬਣਾਈ ਆ ਓ ਜਿੰਦੂਆ ਓ.ਓ.ਓ... ਛੱਡ ਜਿੰਦੂਆ ਵੇ ਮੈਨੂੰ ਕਿੱਥੇ ਚਲਾ ਗਿਉਂ। ਮੈਨੂੰ ਵੀ ਲੈ ਚਲ ਨਾਲ। ਹਾੜਾ ਵੇ ਜਿੰਦੂਆ ਬੁਰਾ ਵਿਛੋੜਾ | ਕਰ ਗਿਆ ਮੰਦੜਾ ਹਾਲ। ਵੇ ਕੱਲੀ ਰੋਈ ਜਾਵਾਂ। ਓ ਦੁਖੀ ਹੋਈ ਜਾਵਾਂ। ਸੱਟ ਦਿਲਾਂ ਤੇ ਲਾਈ ਆ ਓ ਜਿੰਦੂਆ ਉਏ ਜਿੰਦ ਮਾਰ ਮੁਕਾਈਆ ਓ ਜਿੰਦੂਆ। ਓ.ਓ.ਓ...
ਵਗਦੇ ਦਰਿਆਵਾਂ ਨੂੰ
ਮਿਲਕੇ ਅੱਜ ਜਸ਼ਨ ਮਨਾਉਣੇ ਜੁੰਡੀ ਦਿਆਂ ਯਾਰਾਂ ਨੇ ਇੱਕ ਤੇ ਇੱਕ ਦੋ ਨਹੀਂ ਰਹਿੰਦੇ ਬਣ ਜਾਂਦੇ ਗਿਆਰਾਂ ਨੇ ਚੱਲ ਕੇ ਖੁਦ ਆਪ ਬਣਾਉਣਾ ਪੈਂਦਾ ਹੈ ਰਾਹਵਾਂ ਨੂੰ ਕਿਹੜਾ ਬੰਨ੍ਹ ਮਾਰੂ ਯਾਰੋ ਵਗਦਿਆਂ ਦਰਿਆਵਾਂ ਨੂੰ ਜਿੰਨ੍ਹਾਂ ਉਮਰ ਗੁਜ਼ਾਰੀ ਖਤਰਿਆਂ ਦੇ ਨਾਲ ਖੇਡਦਿਆਂ ਹੁਣ ਤੱਕ ਯਾਰ ਉਹਨਾਂ ਦੀਆਂ ਦੁਨੀਆਂ ਗਾਉਂਦੀ ਵਾਰਾਂ ਜੱਗ ਤੇ ਜਿਉਣਾ ਮਿੱਤਰੋ ਜੁਹਰਤ-ਮੰਦ ਇਨਸਾਨਾਂ ਦਾ ਜੱਗ ਤੇ ਯਾਦ ਰਹਿੰਦੀਆਂ ਓ ਸ਼ੇਰਾਂ ਦੀਆਂ ਮਾਰਾਂ ਇਹ ਦੁਨੀਆਂ ਮੰਨਦੀ ਜ਼ੋਰਾਂ ਨੂੰ ਕੋਈ ਪੁੱਛਦਾ ਨਹੀਂ ਕੰਮਜ਼ੋਰਾਂ ਨੂੰ। ਮਰ ਕੇ ਵੀ ਜੱਗ ਤੇ ਜੀਉਂਦੇ ਨੇ। ਕਰ ਯਾਦ ਭਗਤ ਸਿੰਘ ਹੋਰਾਂ ਨੂੰ। ਅੱਜ ਵੀ ਜੱਗ ਕਰੇ ਸਲਾਮਾਂ। ਯੋਧਿਆਂ ਦੇ ਨਾਵਾਂ ਨੂੰ... ਕਿਹੜਾ ਬੰਨ੍ਹ ਮਾਰੂ ਯਾਰੋ ਆਪਣੀ ਮੌਤ ਸਰਾਹਣੇ ਧਰਕੇ ਜਿਹੜੇ ਸੌਂਦੇ ਸਿਰ ਤੇ ਕੱਫਨ ਬੰਨ੍ਹ ਕੇ ਵਿੱਚ ਮੈਦਾਨਾਂ ਆਉਂਦੇ ਇਜ਼ਤ, ਅਣਖ, ਆਬਰੂ, ਸਿਦਕ ਜਿੰਨ੍ਹਾਂ ਦਾ ਕਾਇਮ ਹੁੰਦਾ ਸਿਰ ਕਟਵਾ ਦੇਂਦੇ ਉਹ ਸਿਰ ਨਾ ਕਦੇ ਝੁਕਾਉਂਦੇ ਧਰ ਸੀਸ ਤਲੀ ’ਤੇ ਲੜਨ ਜਿਹੜੇ। ਹੱਸ ਹੱਸ ਕੇ ਫਾਂਸੀ ਚੜ੍ਹਨ ਜਿਹੜੇ। ਜਦ ਲੋੜ ਪਵੇ ਤਾਂ ਸ਼ਮਾਂ ਉੱਤੇ। ਆ ਵਾਂਗ ਪਤੰਗੇ ਸੜਨ ਜਿਹੜੇ। ਐਹੋ ਜਹੇ ਵਿਰਲੇ ਪੁੱਤਰ। ਜੰਮਦੇ ਨੇ ਮਾਵਾਂ ਨੂੰ ਕਿਹੜਾ ਬੰਨ੍ਹ ਮਾਰੂ ਯਾਰੋ... ਤੇਰੇ ਮਗਰ ਸ਼ਿਕਾਰੀ ਫਿਰਦੇ ਹੀਰਿਆ ਹਿਰਨਾਂ ਉਏ ਚਾਰ-ਚੌਫੇਰਿਉਂ ਤੈਨੂੰ ਮੌਤ ਨੇ ਪਾਇਆ ਘੇਰਾ ਹੋਣੀ ਆਣ ਚੜ੍ਹੀ ਸਿਰ, ਭੱਜਿਆਂ ਜਾਣ ਨਾ ਦੇਵੇਗੀ ਲੈ ਹੁਣ ਆ ਗਿਆ ਸੋਹਣਿਆਂ ਵਕਤ ਆਖਰੀ ਤੇਰਾ ਮਰ ਕੇ ਪੁੱਤ ਦਰਦ ਉਮਰ ਦਾ ਦੇ ਜਾਂਦੇ ਮਾਵਾਂ ਨੂੰ, ਕਿਹੜਾ ਬੰਨ੍ਹ ਮਾਰੂ ਯਾਰੋ ਵਗਦਿਆਂ ਦਰਿਆਵਾਂ ਨੂੰ
ਯਾਦਾਂ ਰਹਿ ਜਾਣੀਆਂ
ਕਹਿਣਾ ਕੁੱਝ ਹੋਰ ਨਾ ਲਿਖੀਆਂ ਤੇ ਜ਼ੋਰ ਨਾ ਮਰ ਗਿਆਂ ਦੇ ਮਗਰੋਂ ਲੋਕੀ ਪਾਉਂਦੇ ਕਹਾਣੀਆਂ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਹੁਣ ਤਕ ਵੀ ਲੋਕ ਜਿਨ੍ਹਾਂ ਦੇ ਪਿਆਰ ਦੀਆਂ ਬਾਤਾਂ ਪੌਂਦੇ ਉਹ ਕੈਸੇ ਲੋਕ ਸੀ ਜਿਹੜੇ ਲਾ ਕੇ ਸਨ ਤੋੜ ਨਿਭੌਂਦੇ ਵਾਪਸ ਨਹੀਂ ਆਉਣਾ ਉਹਨਾਂ ਨਦੀਆਂ ਦਿਆਂ ਪਾਣੀਆਂ... ਮਾਨਾ ਮਰ ਜਾਣਾ... ਰੱਬ ਦੇ ਸ਼ਹਿਜ਼ਾਦੇ ਬਣ ਕੇ ਦੁਨੀਆਂ ’ਤੇ ਆਉਂਦੇ ਜਿਹੜੇ ਜ਼ਿੰਦਗੀ ਦੇ ਆਸ਼ਕ ਬਣ ਕੇ ਜ਼ਿੰਦਗੀ ਨੂੰ ਜਿਉਂਦੇ ਜਿਹੜੇ ਜ਼ਿੰਦਗੀ ਦੀਆਂ ਮੌਜਾਂ ਉਹਨਾਂ ਰੱਜ ਰੱਜ ਕੇ ਮਾਣੀਆਂ... ਮਾਨਾ ਮਰ ਜਾਣਾ... ਗੁਜ਼ਰੇ ਹੋਏ ਵਕਤ ਨੂੰ ਵੇਹਲੇ ਬਹਿ ਬਹਿ ਕੇ ਰੋਈਏ ਕਾਹਨੂੰ ਆਪਣੀ ਹੀ ਨਜ਼ਰ 'ਚ ਆਪੇ ਹੌਲੇ ਜੇਹੇ ਹੋਈਏ ਕਾਹਨੂੰ ਜੋ ਕੁਝ ਵੀ ਕਰਨਾ ਹੁਣ ਹੀ ਕਰ ਜਾਈਏ ਹਾਣੀਆਂ... ਮਾਨਾ ਮਰ ਜਾਣਾ ...
ਤੈਨੂੰ ਖਤ ਕੀ ਲਿਖੀਏ
(ਪੰਜਾਬ ਦੇ ਕੁਝ ਸਰਾਪੇ ਸਾਲਾਂ ਦੀ ਗਾਥਾ) “ਅੱਜ ਮੈਂ ਫੇਰ ਉਦਾਸ ਹੋ ਗਿਆਂ ਫੇਰ ਤੇਰਾ ਖਤ ਆਇਆ ਸਿਰ-ਮੱਥੇ ਤੇਰੇ ਸ਼ਿਕਵੇ ਸੱਜਣਾ ਕਿ ਮੈਂ ਉੱਤਰ ਨਹੀਂ ਪਰਤਾਇਆ” ਮੇਰੇ ਦੂਰ ਵਸੇਂਦਿਆ ਯਾਰਾ ਉਏ ਤੈਨੂੰ ਖਤ ਕੀ ਲਿਖੀਏ ਏਥੇ ਕੁੱਝ ਨਹੀਂ ਲਿੱਖਣ ਹਾਰਾ ਉਏ ਤੈਨੂੰ ਖਤ ਕੀ ਲਿਖੀਏ ਸੱਚ ਪੁੱਛੇਂ ਤਾਂ ਜ਼ਿੰਦਗੀ ਏਥੇ। ਮੌਤ ਦੇ ਰਹਿਮ ਤੇ ਜੀਵੇ। ਅੰਨ੍ਹੀਆਂ ਅੱਖੀਆਂ ਵਰਗੇ ਲਗਦੇ। ਏਸ ਗਰਾਂ ਦੇ ਦੀਵੇ ! ਸ਼ਾਮ ਢਲੀ ਤੋਂ ਆਪਣੇ ਘਰ ਵਿੱਚ ਹਰ ਬੰਦਾ ਬੇਚਾਰਾ... ਉਏ ਤੈਨੂੰ ਖਤ ਕੀ ਲਿਖੀਏ। ਆਉਂਦੀ ਕਦੋਂ ਵਿਸਾਖੀ ਹੈ ਪਤਾ ਕੋਈ ਨਹੀਂ ਆ ਕੇ ਜਾਂਦੀਆਂ ਲੰਘ ਦੀਵਾਲੀਆਂ ਨੇ ਏਥੇ ਵੀਰਾਂ ਨੇ ਭੈਣਾਂ ਦੀਆਂ ਰਾਖੀਆਂ ਵੀ ਬੜੀਆਂ ਮੁਸ਼ਕਲਾਂ ਨਾਲ ਸੰਭਾਲੀਆ ਨੇ ਪਤਾ ਨਹੀਂ ਕਦ ਆਏ ਵਿਸਾਖੀ। ਬੀਤੇ ਕਦੋਂ ਦੀਵਾਲੀ ਵੀਰਾਂ ਨੇ ਭੈਣਾਂ ਦੀ ਰੱਖੜੀ ਮੁਸ਼ਕਲ ਨਾਲ ਸੰਭਾਲੀ ਸਮਝ ਨਹੀਂ ਪੈਂਦੀ ਕੀ ਤੋਂ ਕੀ ਬਣ ਗਿਆ ਪੰਜਾਬ ਪਿਆਰਾ... ਉਏ ਤੈਨੂੰ ਖਤ ਕੀ ਲਿਖੀਏ... ਪਿਛਲੇ ਹਫਤੇ ਕੀ ਦੱਸਾਂ ਤੈਨੂੰ ਕੀ ਅਣਹੋਣੀ ਹੋਈ ਯਾਰ ਤੇਰੀ ਮਹਿਬੂਬ ਦੇ ਘਰ ਦਾ ਜੀਅ ਨੲ੍ਹੀਂ ਬਚਿਆ ਕੋਈ ਕੱਲ੍ਹ ਅੰਤਿਮ ਅਰਦਾਸ ਹੋ ਜਾਣਾ ਖੇਲ ਸਮਾਪਤ ਸਾਰਾ... 1 ਉਏ ਤੈਨੂੰ ਖਤ ਕੀ ਲਿਖੀਏ...। ਹੋਈਆਂ ਸੰਥਾਂ ਸੁੰਨ-ਮਸੁੰਨੀਆਂ ਅਤੇ ਖਾਲੀ ਪਏ ਚੌਪਾਲ ਨਾ ਹੀ ਲੁੱਕਣਮੀਟੀ ਖੇਡਦੇ ਹੁਣ ਗਲੀਆਂ ਦੇ ਵਿੱਚ ਬਾਲ ਨਿੱਤ ਮਾਵਾਂ ਸੁੱਖਾਂ ਸੁਖਦੀਆਂ ਸ਼ਾਮੀ ਮੁੜ ਘਰ ਆਵੇ ਲਾਲ ਮੇਰੇ ਦੂਰ ਵਸੇਂਦਿਆ ਦੋਸਤਾ ਤੈਨੂੰ ਹੋਰ ਕੀ ਲਿਖੀਏ ਹਾਲ...
ਕਾਹਨੂੰ ਅੱਥਰੂ ਵਹਾਉਂਦੀ
ਤੈਂ ਜਿਹਾ ਮੈਨੂੰ ਹੋਰ ਨਾ ਕੋਈ ਤੈਨੂੰ ਚੇਤੇ ਕਰ ਕਰ ਰੋਇਆਂ ਤੇਰੇ ਨਾਲ ਕਰੇ ਜੋ ਵਾਅਦੇ ਮੈਂ ਵਾਅਦਿਉਂ ਮੁਨਕਰ ਹੋਇਆਂ ਵਤਨਾਂ ਤੋਂ ਆਇਆ ਤੇਰਾ ਖਤ ਪੜ੍ਹਕੇ ਨੀ ਮੈਨੂੰ ਨੀਂਦ ਨਾ ਆਉਂਦੀ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਨੀ ਕਾਹਨੂੰ ਅੱਥਰੂ ਵਹਾਉਂਦੀ ਯਾਦ ਹੈ ਉਹ ਵੇਲਾ ਜਦੋਂ ਅਸੀਂ ਜੁਦਾ ਹੋਏ ਸਾਂ ਰੱਬ ਦੀ ਸਹੁੰ ਭਾਦਰੋਂ ਦੇ ਮੀਂਹ ਵਾਂਗੂੰ ਰੋਏ ਸਾਂ ਬੀਤੀਆਂ ਕਹਾਣੀਆਂ ਨੂੰ ਯਾਦ ਕਰਕੇ ਨੀ ਸਾਡੀ ਰੂਹ ਕੁਰਲਾਉਂਦੀ ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ ... ਏਥੇ ਆ ਕੇ ਹੁੰਦੀ ਜਿਹੜੀ ਭੁੱਲ ਤੂੰ ਨੲ੍ਹੀਂ ਜਾਣਦੀ ਪੌਂਡਾਂ ਸਾਹਵੇਂ ਪੈਸਿਆਂ ਦਾ ਮੁੱਲ ਤੂੰ ਨੲ੍ਹੀਂ ਜਾਣਦੀ ਮੈਂ ਵੀ ਏਥੇ ਆ ਕੇ ਮਜਬੂਰ ਹੋ ਗਿਆ ਨੀ ਤੈਨੂੰ ਸਮਝ ਨਾ ਆਉਂਦੀ ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ ... ਕੀਤਾ ਸੀ ਕਰਾਰ ਤੈਨੂੰ ਜਲਦੀ ਬੁਲਾਵਾਂਗਾ ਸਾਰ ਕੀ ਸੀ ਤੈਨੂੰ ਕਿ ਮੈਂ ਖ਼ਤ ਵੀ ਨਾ ਪਾਵਾਂਗਾ ਰਹਿਣ ਵੀ ਦੇ ਕੋਠੇ ਉੱਤੋਂ ਕਿਉਂ ਝੱਲੀਏ ਨੀ ਐਵੇਂ ਕਾਗ ਉਡਾਉਂਦੀ ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ ...
ਚੌ ਮੁਖੀਆ ਦੀਵਾ
ਮੇਰੇ ਯਾਰ ਦਾ ਚੌ ਮੁਖੀਆ ਦੀਵਾ ਔਹ ਨਦੀਓਂ ਪਾਰ ਜਗਦਾ ਲੈ ਲੈਂਦੀ ਮੈਂ ਜਹਾਨਾ ਮੁਲ ਤਾਰ ਕੇ ਜੇ ਜਾਨ ਵੱਟੇ ਯਾਰ ਲੱਭਦਾ ਮੈਂ ਸ਼ਗਨਾਂ ਦੀਆਂ ਸੂਹੀਆਂ ਵੰਗਾਂ ਬਾਬਲ ਸਾਹਵੇਂ ਭੰਨੀਆਂ ਬਾਬਲ ਨੇ ਲਾਹ ਪਗੜੀ ਮੇਰੀਆਂ ਕਸ ਕਸ ਮੁਸ਼ਕਾਂ ਬੰਨ੍ਹੀਆਂ ਕਿਵੇਂ ਅਜੇ ਵੀ ਜਹਾਨਾ ਖੌਫ ਖਾਵਾਂ ਮੈਂ ਬਾਬਲੇ ਦੀ ਚਿੱਟੀ ਪੱਗ ਦਾ... ਮੇਰੇ ਯਾਰ ਦਾ... ਵੇ ਲੋਕਾਂ ਮੈਂ ਦੇਵਾਂ ਹੋਕਾ ਚਾਰ-ਚੁਫੇਰੇ ਪਹਿਰੇ ਫਰਜ਼ਾਂ ਦੀ ਫਾਂਸੀ ਤੇ ਸੋਹਣੀ ਚੜ੍ਹ ਗਈ ਸਿਖਰ ਦੁਪੈਹਰੇ ਵੈਰੀ ਹੋ ਗਏ ਤੱਤੀ ਦੇ ਮਾਪੇ ਜਹਾਨ ਬੇਈਮਾਨ ਲੱਗਦਾ... ਮੇਰੇ ਯਾਰ ਦਾ... ਦੁਨੀਆਂ ਦੀ ਛਾਤੀ ਤੇ ਪੋਲੇ ਪੋਲੇ ਪੈਰ ਟਿਕਾਉਂਦੀ ਸੋਹਲ ਮਾਲੂਕ ਜਿਹੀ ਇੱਕ ਜਿੰਦੜੀ ਨਦੀ ਕਿਨਾਰੇ ਔਂਦੀ ਮਹੀਂਵਾਲ ਨੂੰ ਮਿਲਾ ਦੇ ਮੇਰੇ ਮਾਲਕਾ ਤੇਰਾ ਕੇਹੜਾ ਮੁੱਲ ਲੱਗਦਾ... ਮੇਰੇ ਯਾਰ ਦਾ ... ਕੱਚਾ ਘੜਾ ਕਹਿਰ ਦੀ ਸਰਦੀ ਕਾਲੀ ਰਾਤ ਹਨੇਰੀ ਜਾਂਦੀ ਵਾਰ ਗਲੇ ਲਗ ਮਿਲੀਆਂ ਮੈਂ ਤੇ ਕਿਸਮਤ ਮੇਰੀ ਮੇਰੀ ਜਾਨ ਤੇ ਮਰਾੜ੍ਹਾਂਵਾਲੇ ਮਾਨ ਦੇ ਝਨਾਂਅ ਵਿਚਕਾਰ ਵੱਗਦਾ... ਮੇਰੇ ਯਾਰ ਦਾ ਚੌ ਮੁਖੀਆ ਦੀਵਾ...
ਗਲੀ ਗਲੀ ਵਣਜਾਰਾ ਫਿਰਦਾ
ਗਲੀ ਗਲੀ ਵਣਜਾਰਾ ਫਿਰਦਾ ਹਾਕ ਮਾਰ ਲਿਆ ਸੂ ਬੁਲਾ ਐਵੇਂ ਇਸ ਰੁੜ-ਜਾਣੇ ਦਿਲ ਪਿੱਛੇ ਲਗਕੇ ਮੈਂ ਪੁੱਛ ਬੈਠੀ ਚੂੜੀਆਂ ਦਾ ਭਾਅ ਨੀ ਭਾਬੋ ਮੈਨੂੰ ਤੇਰੀ ਸਹੁੰ ਵੰਗਾਂ ਵਾਲਾ ਆ ਨੀ ਗਿਆ... ਕੱਲੀ ਕਹਿਰੀ ਜਾਨ ਘਰ ਵਿੱਚ ਸੁੰਨ-ਸਾਨ ਕੋਈ ਖੌਫ ਰਹੀ ਆਂ ਵਿਚੋਂ-ਵਿੱਚ ਖਾ ਦੇਹੀ ਵਿੱਚ ਪਾਰੇ ਵਾਂਗੂੰ ਕੰਬ ਗਏ ਪ੍ਰਾਣ ਲਈਆਂ ਸੰਗਦੀ ਨੇ ਪਲਕਾਂ ਝੁਕਾ ਪਤਾ ਹੀ ਨਾ ਰਿਹਾ ਫੇਰ ਰੱਬ ਜਾਣੇ ਕਦੋਂ ਗਿਆ ਵੀਣੀਂ ਵਿੱਚ ਚੂੜੀਆਂ ਚੜ੍ਹਾ ਨੀ ਭਾਬੋ ਮੈਨੂੰ... ਟੂਣੇ ਹਾਰੇ ਨੈਣਾਂ ਵਾਲੇ ਠੱਗ ਵਣਜਾਰੇ ਕੋਲੋਂ ਮੁੱਲ ਵੀ ਨਾ ਪੁੱਛਿਆ ਗਿਆ ਵੰਗਾਂ ਵੱਲੇ ਵੇਖ ਵੇਖ ਗਈਆਂ ਮੇਰੇ ਮੱਥੇ ਉੱਤੇ ਕੱਚੀਆਂ ਤ੍ਰੇਲੀਆਂ ਆ ਬਿਨਾਂ ਮੁੱਲ ਤਾਰਿਆਂ ਚੜ੍ਹਾਈਆਂ ਹੋਈਆਂ ਚੂੜੀਆਂ ਸਾਥੋਂ ਨਹੀਂ ਜੇ ਹੁੰਦੀਆਂ ਹੰਢਾ ਨੀ ਭਾਬੋ ਮੈਨੂੰ... ਆਪੇ ਸੀ ਚੜ੍ਹਾਈਆਂ ਫੇਰ ਆਪੇ ਭੰਨ ਘੱਤੀਆਂ ਆਪੇ ਹੁਣ ਰਹੀ ਆਂ ਪਛੋਤਾਅ ਮਾਨ ਘਰੋਂ ਜਾਂਦੀ ਹੋਈ ਮਾਂ ਨੂੰ ਬੜਾ ਆਖਿਆ ਸੀ ਬੂਹਾ ਖੁਲ੍ਹਾ ਛੱਡ ਕੇ ਨਾ ਜਾਹ ਨੀ ਭਾਬੋ ਮੈਨੂੰ...
ਰੰਗ ਦੇ ਦੁਪੱਟਾ ਮੇਰਾ ਲਾਲ
ਰੰਗ ਦੇ ਦੁਪੱਟਾ ਮੇਰਾ ਲਾਲ ਵੇ ਲਲਾਰੀਆ... ਚੀਚ-ਵਹੁਟੀਆਂ ਦੇ ਰੰਗ ਨਾਲ ਵੇ ਲਲਾਰੀਆ। ਰੰਗ ਦੇ ਦੁਪੱਟਾ ਮੇਰਾ ਲਾਲ ... । ਬੁੱਲ੍ਹਾਂ ਉੱਤੇ ਖੇਡਦੇ ਨੇ ਸੁਰਖ-ਸਵੇਰੇ ਮੇਰੇ ਹਾਸਿਆਂ 'ਚ ਚਿੱਟੀਆਂ ਦੁਪੈਹਰਾਂ ਮੁੱਖੜੇ ’ਤੇ ਵੱਸਣ ਬਹਾਰਾਂ ਦੀਆਂ ਰੁੱਤਾਂ ਮੇਰੀ ਮੁੱਠੀ 'ਚ ਸਮਾਈਆਂ ਸੱਤੇ ਖੈਰਾਂ ਨੈਣਾਂ ਵਿੱਚ ਨੀਲੇ ਨੀਲੇ ਆਥਣਾਂ ਦਾ ਰੰਗ ਮੇ ਰੇ ਮੱਸਿਆ ਦੀ ਰਾਤ ਜਿਹੇ ਵਾਲ ਵੇ ਲਲਾਰੀਆ ਰੰਗ ਦੇ ਦੁਪੱਟਾ ਅੱਖਾਂ ਵਿਚੋਂ ਡੁੱਲ੍ਹਦੇ ਖੁਮਾਰ ਡੀਕ ਡੀਕ ਹੋਈਆਂ ਫਿਰਨ ਹਵਾਵਾਂ ਮਧ-ਮੱਤੀਆਂ ਸੂਹੇ ਬੁੱਲ੍ਹਾਂ ਉੱਤੇ ਵੇਖ ਹਾਸੇ ਦੀ ਲਕੀਰ ਨੀਵੀਂ ਪੌਂਦੀਆਂ ਗੁਲਾਬ ਦੀਆਂ ਪੱਤੀਆਂ ਬੋਲ ਬਣ ਜਾਣ ਰਸ ਭਿੰਨੜਾ ਸੰਗੀਤ ਪਾ ਕੇ ਜੱਫੀਆਂ ਸੁਗੰਧੀਆਂ ਦੇ ਨਾਲ। ਵੇ ਲਲਾਰੀਆ ਰੰਗ ਦੇ ਦੁਪੱਟਾ ਨੂਰ ਦੀਆਂ ਨਦੀਆਂ ਸੁਹੱਪਣਾਂ ਦੇ ਸਾਗਰਾਂ ਦਾ ਸਭ ਕੁੱਝ ਸਾਡੇ ਪੱਲੇ ਪੈ ਗਿਆ ਮਹਿਕਾਂ ਨਾਲ ਲੱਦੀ ਹੋਈ ਪੌਣ ਦੇ ਫਰ੍ਹਾਟੇ ਨਾਲ ਮੁੱਖ ਤੋਂ ਦੁਪੱਟਾ ਇੰਝ ਲਹਿ ਗਿਆ ਸੋਨੇ-ਰੰਗੇ ਸਰਘੀ ਦੇ ਥਾਲ ਤੋਂ ਸਰਕਦੇ ਜਿਉਂ ਬੱਦਲਾਂ ਦੇ ਰੇਸ਼ਮੀ ਰੁਮਾਲ... ਵੇ ਲਲਾਰੀਆ... ਰੰਗ ਦੇ ਦੁਪੱਟਾ ਸੀਨੇ ਵਿੱਚ ਲੈਂਦੇ ਅੰਗੜਾਈਆਂ ਅਰਮਾਨ ਚੜ੍ਹੀ ਹਿੱਕ ਉੱਤੇ ਜੋਬਨੇ ਦੀ ਕਾਂਗ ਵੀ ਨੈਣ ਡੁੱਬ ਜਾਣੇ ਚਾਹੁਣ ਘੁੰਡ ਦਾ ਸਹਾਰਾ ਨਾਲੇ ਮੰਗਦੀ ਸੰਧੂਰ ਮੇਰੀ ਮਾਂਗ ਵੀ ਕਿਸੇ ਨੂੰ ਕੀ ਦੱਸਾਂ ਕੱਲੀ ਬੈਠ ਬੈਠ ਹੱਸਾਂ ਡਾਹਢੇ ਮਿੱਠੇ ਮਿੱਠੇ ਔਂਦੇ ਨੇ ਖਿਆਲ... ਵੇ ਲਲਾਰੀਆ... ਰੰਗ ਦੇ ਦੁਪੱਟਾ ...
ਅੰਬੀ ਦਾ ਬੂਟਾ
ਬਾਬਲ ਦੇ ਵਿਹੜੇ ਅੰਬੀ ਦਾ ਬੂਟਾ ਅੰਬੀ ਨੂੰ ਬੂਰ ਪਿਆ ਵਸਦਾ ਰਹੇ ਮੇਰੇ ਬਾਬਲ ਦਾ ਵਿਹੜਾ ਧੀਆਂ ਦੀ ਇਹ ਹੀ ਦੁਆ... ਸਖੀਓ ਬਚਪਨ ਦੇ ਦਿਨ ਪਿਆਰੇ ਇਹਨਾਂ ਗਲੀਆਂ ਵਿੱਚ ਗੁਜ਼ਾਰੇ ਬਚਪਨ ਬੀਤਿਆ ਆਈ ਜਵਾਨੀ ਆ ਗਏ ਮਹਿਕਾਂ ਦੇ ਵਣਜਾਰੇ ਬਾਬਲ ਦੇ ਬਾਗੀਂ। ਚੰਬਾ ਸੀ ਖਿੜਿਆ ਇਕ ਫੁੱਲ ਤੋੜ ਲਿਆ... ਬਾਬਲ ਦੇ ਵਿਹੜੇ... ਵਿਹੜੇ ਗੂੰਜ ਪਈਆਂ ਸ਼ਹਿਨਾਈਆਂ ਸਖੀਆਂ ਡੋਲੀ ਪਾਵਣ ਆਈਆਂ ਬਾਬਲ ਭਾਰ ਲੱਥਾ ਤੇਰੇ ਸਿਰ ਤੋਂ ਲੋਕੀ ਆ ਕੇ ਦੇਣ ਵਧਾਈਆਂ ਰੋ ਨਾ ਨੀ ਮਾਏ। ਪੂੰਝ ਲੈ ਅੱਥਰੂ ਹੱਸ ਹੱਸ ਕਰਦੇ ਵਿਦਾ ਬਾਬਲ ਦੇ ਵਿਹੜੇ ... ਮੇਰਾ ਵੀਰ ਸੰਧਾਰਾ ਲਿਆਇਆ ਲੰਮੇ ਚੀਰ ਕੇ ਪੈਂਡੇ ਆਇਆ ਮੈਥੋਂ ਖ਼ੁਸ਼ੀ ਨਾ ਸਾਂਭੀ ਜਾਂਦੀ ਅੱਜ ਘਰ ਆਇਆ ਅੰਮੜੀ ਜਾਇਆ ਅੰਮੜੀ ਦਿਆ ਜਾਇਆ ਵੇ। ਗਲ ਲੱਗ ਮਿਲੀਏ। ਆ ਦੋਵੇਂ ਭੈਣ-ਭਰਾ ਬਾਬਲ ਦੇ ਵਿਹੜੇ...
ਗਾਨੀ ਯਾਰ ਦੀ
ਆਹ ਲੈ ਗਲ ਵਿਚ ਪਾ ਲੈ ਨੀ ਤੂੰ ਗਾਨੀ ਯਾਰ ਦੀ ਨੀ ਤੂੰ ਸਾਂਭ ਸਾਂਭ ਰੱਖੀਂ ਨਿਸ਼ਾਨੀ ਯਾਰ ਦੀ... ਗਾਨੀ ਵਿੱਚ ਪਰੋਏ ਮਣਕੇ ਇਹਨਾਂ ਮਣਕਿਆਂ ਦੇ ਵਿੱਚ ਛਣਕੇ ਨੀ ਜ਼ਿੰਦਗਾਨੀ ਯਾਰ ਦੀ ਆਹ ਲੈ ... ਆਹ ਲੈ ਮੁੰਦਰਾਂ ਦੀ ਜੋੜੀ ਨੀ ਘੜਾ ਲਈਂ ਮੁੰਦਰੀ ਜਾਂ ਤੂੰ ਛੱਲੇ ਨਾਲ ਮੇਰੇ ਵਟਾ ਲਈਂ ਮੁੰਦਰੀ ਜੜਿਆ ਮੁੰਦਰੀ ਦੇ ਵਿੱਚ ਮੋਤੀ ਤੂੰ ਗਲ ਸੁਣ ਜਾ ਖੜ੍ਹੀ-ਖੜੋਤੀ ਨੀ ਜ਼ੁਬਾਨੀ ਯਾਰ ਦੀ... ਨੀ ਆਹ ਲੈ ਗਲ ਵਿੱਚ... ਆਹ ਲੈ ਰੇਸ਼ਮੀ ਪਰਾਂਦੀ ਨੀ ਸੰਭਾਲ ਕੇ ਰੱਖੀਂ ਸੱਪ ਵਾਂਗੂੰ ਵਲ ਖਾਂਦੀ ਨੀ ਸੰਭਾਲ ਕੇ ਰੱਖੀਂ ਇਹ ਗੱਲ ਜਾਣੇ ਕੁੱਲ ਜ਼ਮਾਨਾ ਤੇਰਾ ਯਾਰ ਤੇਰਾ ਦੀਵਾਨਾ ਤੂੰ ਦੀਵਾਨੀ ਯਾਰ ਦੀ ਨੀ ਆਹ ਲੈ ਗਲ ਵਿੱਚ... ਤਾਰੇ ਅੰਬਰਾਂ ਦੇ ਲਾਹਕੇ ਨੀ ਚੁੰਨੀ ਤੇ ਲਾ ਦਿਆਂ ਟਿੱਕਾ ਚੰਨ ਦਾ ਬਣਾ ਕੇ ਨੀ ਮੱਥੇ ਤੇ ਲਾ ਦਿਆਂ ਤੇਰੀ ਖਾਤਰ ਉਮਰ ਗਵਾਈ ਤੇਰੇ ਕੰਮ ਕਿਸੇ ਨਾ ਆਈ ਨੀ ਕੁਰਬਾਨੀ ਯਾਰ ਦੀ... ਨੀ ਆਹ ਲੈ ਗਲ ਵਿੱਚ...
ਘੜਿਆ ਝਨਾਂਅ ਤੋਂ
ਇੱਕ ਪਾਸੇ ਜੱਗ ਦੂਜੇ ਪਾਸੇ ਯਾਰ ਵੇ ਘੜਿਆ ਝਨਾਂਅ ਤੋਂ ਮੈਨੂੰ ਲਾਦੇ ਪਾਰ ਵੇ ਪੱਕੇ ਦੀ ਥਾਂ ਕੱਚਾ ਰੱਖ ’ਤਾ ਨਣਾਨ ਨੇ ਰੱਬ ਨੂੰ ਧਿਆ ਕੇ ਚੁੱਕ ਲਿਆ ਰਕਾਨ ਨੇ ਜੱਗ ਉੱਤੇ ਜੰਮਣਾ ਨੲ੍ਹੀਂ ਦੂਜੀ ਵਾਰ ਵੇ ਘੜਿਆ ਝਨਾਂਅ ਤੋਂ... ਚੜ੍ਹਿਆ ਝਨਾਂਅ 'ਚ ਹੜ੍ਹ ਬੜੀ ਜ਼ੋਰ ਦਾ ਪੱਟੀ ਜਾਵੇ ਰੁੱਖ ਤੇ ਕਿਨਾਰੇ ਖੋਰ ਦਾ ਝੱਗੋ-ਝੱਗ ਲਹਿਰਾਂ ਹੁੰਦੀ ਮਾਰੋਮਾਰ ਵੇ ਘੜਿਆ ਝਨਾਂਅ ਤੋਂ ... ਬਿਜਲੀ ਕੜਕਦੀ ਹਨੇਰਾ ਸ਼ੂਕਦਾ ਸੰਘਣਾ ਹਨੇਰਾ ਮੌਤ ਮੌਤ ਕੂਕਦਾ ਕੱਚੇ ਘੜੇ ਉੱਤੇ ਠਿੱਲ੍ਹਿਆ ਪਿਆਰ ਵੇ ਘੜਿਆ ਝਨਾਂਅ ਤੋਂ... ਖੌਰੇ ਅੱਜ ਹੋਇਆ ਕੀ ਝਨਾਂ ਦੇ ਪਾਣੀ ਨੂੰ ਪਾਰ ਜਾ ਕੇ ਮਿਲਣਾ ਜ਼ਰੂਰ ਹਾਣੀ ਨੂੰ ਮੌਤ ਦੀ ਲਕੀਰ ਦੋਹਾਂ ਵਿਚਕਾਰ ਵੇ ਘੜਿਆ ਝਨਾਂਅ ਤੋਂ... ਕੱਚਾ ਘੜਾ ਛੱਲਾਂ 'ਚ ਖੁਰਨ ਡਹਿ ਗਿਆ ਪਾਰਦਾ ਕਿਨਾਰਾ ਬੜੀ ਦੂਰ ਰਹਿ ਗਿਆ ਕਿੱਥੇ ਆ ਕੇ ਕਰਮਾਂ ਨੇ ਦਿੱਤੀ ਹਾਰ ਵੇ ਘੜਿਆ ਝਨਾਂਅ ਤੋਂ ... ਲਹਿਰਾਂ 'ਚ ਸਰੀਰ ਗੋਤਾ ਖਾ ਗਿਆ ਸੋਹਣੀ ਦਾ ਮਾਨਾਂ ਲੈ ਆਖੀਰ ਵੇਲਾ ਆ ਗਿਆ ਸੋਹਣੀ ਦਾ ਕਹਿੰਦੀ ਮਹੀਂਵਾਲ ਨੂੰ ਆਵਾਜ਼ ਮਾਰ ਵੇ ਘੜਿਆ ਝਨਾਂਅ ਤੋਂ...
ਚਰਖੇ ਨੇ ਸੂਤ ਲਈਆਂ
ਗੱਭਰੂ : ਗੋਰੀਏ, ਚਰਖੇ ਨੇ ਸੂਤ ਲਈਆਂ ਵੰਗਾਂ ਵਾਲੀਆਂ ਪਤਲੀਆਂ ਬਾਹਵਾਂ ਮੁਟਿਆਰ : ਹਾਣੀਆਂ, ਚਰਖਾ ਮੈਂ ਆਪਣਾ ਕੱਤਾਂ ਤੰਦ ਤੇਰਿਆਂ ਗਮਾਂ ਦੇ ਪਾਵਾਂ ਗੱਭਰੂ : ਮੜਕ ਝੱਲੀ ਨਾ ਜਾਂਦੀ ਸੀ। ਜਦ ਤੁਰਦੀ ਸੈਂ ਹਿੱਕ ਤਣਕੇ ਠੁਮਕ-ਠੁਮਕ ਪੱਬ ਧਰਦੀ ਦੀ ਤੇਰੀ ਗਲੀ 'ਚ ਝਾਂਜਰ ਛਣਕੇ ਸਿਖਰ ਦੁਪੈਹਰੇ ਕਿਉਂ ਢਲ ਚੱਲਿਆ ਜੋਬਨ ਦਾ ਪਰਛਾਵਾਂ ਹਾਏ ਨੀ ਗੋਰੀਏ... ਮੁਟਿਆਰ : ਪੰਛੀਆਂ ਦੇ ਪ੍ਰਛਾਵੇਂ ਫੜ੍ਹਦੀ ਮੈਂ ਝੱਲੀ ਮੱਤ ਮਾਰੀ ਮੈਂ ਤਰਦੇ ਪਾਣੀ ਦੇ ਤਹਿ ਤੇ ਔਂਸੀਆਂ ਪਾ ਪਾ ਹਾਰੀ ਸਾਹਾਂ ਦੇ ਤੰਦ ਪਾਉਂਦੀ ਪਾਉਂਦੀ ਆਪ ਕੱਤੀ ਦੀ ਜਾਵਾਂ ਹਾਏ ਵੇ ਹਾਣੀਆਂ... ਗੱਭਰੂ : ਯਾਦ ਹੈ ਵੇਲਾ ਤੂੰ ਜਦ ਮੈਨੂੰ ਮਿਲੀ ਮੈਂ ਪਹਿਲੀ ਵਾਰੀ ਦੋ ਹਿਰਨੋਟੇ ਨੈਣਾਂ ਨੇ ਮੇਰੇ ਦਿਲ ਤੇ ਬਰਛੀ ਮਾਰੀ ਤਿਉਂ ਤਿਉਂ ਪਾਗਲ ਕਰਦੀ ਜਾਂਦੀ ਜਿਉਂ ਜਿਉਂ ਯਾਦ ਭੁਲਾਵਾਂ ਹਾਏ ਨੀ ਗੋਰੀਏ ਮੁਟਿਆਰ : ਮੈਂ ਉਹ ਸੂਹੀ ਲਾਟ ਹਾਂ ਜਿਹੜੀ ਰਹੀ ਉਮਰ ਭਰ ਬਲਦੀ ਮੈਂ ਸ਼ੀਸ਼ੇ ਦੇ ਵਲਗਣ ਅੰਦਰ ਬੜੇ ਚਿਰਾਂ ਤੋਂ ਜਲਦੀ ਮਾਨ ਮੈਂ ਦਿਲ ਵਿਚ ਲੈ ਕੇ ਬੁਝ ਗਈ ਆ ਸੱਜਣਾਂ ਗਲ ਲਾਵਾਂ ਹਾਏ ਵੇ ਹਾਣੀਆਂ...
ਕਲਕੱਤਿਓਂ ਪੱਖੀ
ਜਵਾਨ : ਪਏ ਤਾਰੇ ਭਰਨ ਹੁੰਗਾਰੇ ਕੋਈ ਹੋਰ ਸੁਣਾ ਗੱਲ ਬਾਤ ਮੁਟਿਆਰ : ਕਲਕੱਤਿਉਂ ਪੱਖੀ ਲਿਆ ਦੇ ਝੁੱਲੂੰਗੀ ਸਾਰੀ ਰਾਤ ਜਵਾਨ : ਸੌਣ ਦਾ ਮਹੀਨਾ ਕਿੱਥੇ ਰੁਕ ਗਈ ਏ ਪੌਣ ਨੀ ਸੌਣ ਹੀ ਨਾ ਦੇਵੇ ਭੈੜਾ ਕਿਹੋ-ਜਿਹਾ ਸੌਣ ਨੀ ਮੁਟਿਆਰ : ਤੂੰ ਤੇ ਮੈਂ ਕੱਲ-ਮੁਕੱਲੇ ਹਵਾ ਨਾ ਮੂਲ ਚੱਲੇ ਇਸ ਮੌਕੇ ਅੰਬਰ ਥੱਲੇ ਅੱਜ ਬਰਸੇਗੀ ਬਰਸਤ... ਕੱਲਕੱਤਿਉਂ ਪੱਖੀ ਲਿਆਦੇ... ਮੁਟਿਆਰ : ਵਰ੍ਹੇ ਪਿਛੋਂ ਛੁੱਟੀਆਂ ਮਹੀਨੇ ਦੀਆਂ ਆਇਆ ਤੂੰ ਐਂਤਕੀਂ ਵੀ ਹੌਲਦਾਰਾ ਪੱਖੀ ਨਾ ਲਿਆਇਆ ਤੂੰ ਜਵਾਨ ਗੱਭਰੂ : ਛੁੱਟੀ ਦਾ ਇੱਕ ਮਹੀਨਾ ਸਾਵਣ ਵਿੱਚ ਸੜਦਾ ਸੀਨਾ ਔਹ ਡਾਹਢਾ ਚੰਦ ਕਮੀਨਾਂ ਬੱਦਲਾਂ ਚੋਂ ਮਾਰੇ ਝਾਤ ਮੁਟਿਆਰ : ਕਲਕੱਤਿਉਂ ਪੱਖੀ ਲਿਆਦੇ... ਜਵਾਨ : ਉਹ ਜੋ ਪੱਖੀ ਜਿਹੜੀ ਮੁਕਲਾਵੇ ਨੂੰ ਲਿਆਂਦੀ ਸੀ ਝੱਲਦੀ ਸੈਂ ਜਦੋਂ ਜਾਣੀ ਲੋਰੀਆਂ ਸੁਣਾਂਦੀ ਸੀ ਮੁਟਿਆਰ : ਤੂੰ ਕਦੇ ਕਦਾਈ ਔਂਦਾ ਦਿਲ ਹਰਦਮ ਤੈਨੂੰ ਚਾਹੁੰਦਾ ਨਾ ਦਿਲ ਦੀ ਗੱਲ ਸੁਣਾਉਂਦਾ ਤੇ ਹੋ ਜਾਂਦੀ ਪਰਭਾਤ ਕਲਕੱਤਿਉਂ ਪੱਖੀ ਲਿਆਦੇ... ਮੁਟਿਆਰ : ਸੱਥ ਵਿੱਚ ਜੰਗ ਦਾ ਸੁਣਾਵੇਂ ਸਾਰਾ ਹਾਲ ਵੇ ਸਾਡੇ ਵਾਰੀ ਜਾਵੇਂ ਗੱਲਾਂਬਾਤਾਂ ਵਿੱਚ ਟਾਲ ਵੇ ਜਵਾਨ : ਤੈਥੋਂ ਨਹੀਂ ਜਰਿਆ ਜਾਣਾ ਦਸਦਾ ਨੲ੍ਹੀਂ ਮਾਨ ਨਿਮਾਣਾ ਮਤ ਕਦੋਂ ਵਰਤ ਜਾਏ ਭਾਣਾ ਤੇ ਪੈ ਜਾਏ ਬਾਜ਼ੀ ਮਾਤ ਮੁਟਿਆਰ : ਕੱਲਕੱਤਿਉਂ ਪੱਖੀ ਲਿਆਦੇ...
ਲੌਂਗ ਗੁਆਚਾ
ਮੁਟਿਆਰ : ਪਿੱਛੇ ਪਿੱਛੇ ਔਂਦਾ ਮੇਰੀ ਪੈੜ ਵੇਂਹਦਾ ਆਈਂ ਚੀਰੇ ਵਾਲਿਆ ਢੂੰਡਕੇ ਲਿਆਈ ਵੇ ਮੇਰਾ ਲੌਂਗ ਗੁਆਚਾ ਨਿਗ੍ਹਾ ਮਾਰਦਾ ਆਈਂ ਵੇ ... ਗੱਭਰੂ : ਧਰਤੀ ਤੇ ਪੱਬ ਨਾ ਤੂੰ ਲਾਏਂ ਉੱਡੀ ਜਾਏਂ ਮੈਨੂੰ ਕੁੱਝ ਵੀ ਨਜ਼ਰ ਨਾ ਆਏ ਨੀ ਕਾਲਾ ਘਗਰਾ ਸੂਫਦਾ ਧਰਤੀ ਸੰਬਰਦਾ ਜਾਏ ਨੀ... ਮੁਟਿਆਰ : ਨੱਕੋ-ਨੱਕ ਭਰਿਆ ਸੀ ਪਾਣੀ ਨਾਲ ਖਾਲ ਵੇ ਘੱਗਰੇ ਨੂੰ ਟੁੰਗ ਜਦੋਂ ਮਾਰੀ ਸੀ ਮੈਂ ਛਾਲ ਵੇ ਮੈਨੂੰ ਸ਼ੱਕ ਪੈਂਦੈ ਮੇਰੇ ਨੱਕ ਚੋਂ ਬੁੜਕ ਕੇ ਉਹ ਡਿੱਗ ਪਿਆ ਹੋਣਾ ਡੂੰਘੇ ਥਾਈਂ ਵੇ ਮੇਰਾ ਲੌਂਗ ਗੁਆਚਾ... ਗੱਭਰੂ : ਝੱਟ ਪਿੱਛੋਂ ਚੁੰਨੀ ਦੀਆਂ ਬੁਕਲਾਂ ਸੰਵਾਰਦੀ ਮੋਰਾਂ ਵਾਗੂੰ ਪੈਲਾਂ ਪੌਂਦੀ ਜਾਵੇਂ ਛਾਲਾਂ ਮਾਰਦੀ ਲੌਂਗ ਨੂੰ ਕੀ ਰੋਏਂ ਤੇਰੇ ਰਾਹਾਂ 'ਚ ਮਜਾਜਣੇ ਨੀ ਬੰਦਾ ਵੀ ਗੁਆਚਿਆ ਨਾ ਥਿਆਏ ਨੀ ਕਾਲਾ ਘੱਗਰਾ ਸੂਫਦਾ... ਮੁਟਿਆਰ : ਕਾਹਲੀ ਕਾਹਲੀ ਆਈ ਆਂ ਮੈਂ ਟਾਹਲੀਆਂ ਦੇ ਹੇਠ ਦੀ ਕੱਢਿਆ ਸੀ ਘੁੰਢ ਮੈਂ ਆਵਾਜ਼ ਸੁਣ ਜੇਠ ਦੀ ਘੁੰਢ ਵਿੱਚ ਅੜਕੇ ਹੈ ਡਿਗਿਆ ਫਰੋਲ ਜਾ ਕੇ ਚੰਦਰੇ ਜੇਠ ਦੀ ਨਿਆਈਂ ਵੇ ਮੇਰਾ ਲੌਂਗ ਗੁਆਚਾ... ਗੱਭਰੂ : ਪਾ ਲਿਆ ਪਝੰਤਰਾਂ ਰੁਪੱਈਆਂ ਵਿਚ ਪਾਣੀ ਨੀ ਅੱਧੇ ਤੋਲੇ ਸੋਨੇ ਲਈ ਬਥੇਰੀ ਰੇਤ ਛਾਣੀ ਨੀ ਕਰਦਾ ਮਖੌਲ ਰਾਹਾਂ ਵਿੱਚੋਂ ਲੌਂਗ ਭਾਲਦੇ ਨੂੰ ਮਾਨ ਵੀ ਟਕੋਰਾਂ ਮੈਨੂੰ ਲਾਏ ਨੀ ਕਾਲ ਘੱਗਰਾ ਸੂਫਦਾ...
ਅਲ੍ਹੜਪੁਣੇ ਵਿਚ ਐਵੇਂ
ਪੀੜ : ਅਸੀਂ ਅਲ੍ਹੜਪੁਣੇ ਵਿੱਚ ਐਵੇ ਅੱਖੀਆਂ ਲਾ ਬੈਠੇ ਦਰਦ : ਦਿਲ ਬੇ ਕਦਰਾਂ ਨਾਲ ਲਾਕੇ ਕਦਰ ਗੰਵਾ ਬੈਠੇ ਪੀੜ : ਮੇਰੀ ਸੂਰਮੇ ਵਾਲੀ ਅੱਖ ਨੇ ਅੱਜ ਅੱਗ ਦੇ ਅੱਥਰੂ ਰੋਏ ਦਰਦ : ਤੇਰੇ ਨਕਸ਼ ਗੁਆਚੇ ਚਿਰਦੇ ਮੇਰੇ ਦਿਲ ਤੇ ਹਾਵੀ ਹੋਏ ਪੀੜ : ਨਾ ਰੋ ਹੀ ਸਕੇ ਦਿਲ ਧੋ ਹੀ ਸਕੇ ਦਰਦ : ਅਸੀਂ ਛੋਟੀ ਉਮਰੇ ਬਹੁਤਾ ਦਰਦ ਹੰਢਾ ਬੈਠੇ ਦਿਲ ਬੇ-ਕਦਰਾਂ ਨਾਲ ਲਾਕੇ ... ਪੀੜ : ਕੋਈ ਮਨ ਦਾ ਮਹਿਰਮ ਬਣਕੇ ਸਾਡੇ ਤਨ ਦਾ ਖੂਨ ਨਚੋੜੇ ਦਰਦ : ਅਸੀਂ ਧੁਰੋਂ ਲਿਖਾਕੇ ਲਿਆਏ ਤਕਦੀਰਾਂ ਵਿੱਚ ਵਿਛੋੜੇ ਪੀੜ : ਮਜਬੂਰ ਹੋਏ ਦਿਲ ਚੂਰ ਹੋਏ ਦਰਦ : ਅਸੀਂ ਅਪਣੀ ਹੋਂਦ ਨੂੰ ਲਭਦੇ ਅਉਧ ਵਿਹਾ ਬੈਠੇ ਦਿਲ ਬੇ ਕਦਰਾਂ ਨਾਲ ਲਾਕੇ ... ਪੀੜ : ਪਲਕਾਂ ਦੀਆਂ ਨੋਕਾਂ ਉੱਤੇ ਹੰਝੂਆਂ ਦੇ ਦੀਪ ਜਗਾ ਕੇ ਦਰਦ : ਅੰਬਰ ਦੀ ਟਾਹਣੀ ਉੱਤੇ ਕਈ ਸੂਰਜ ਸੁਕਣੇ ਪਾਏ ਪੀੜ : ਨਾ ਕਹਿ ਹੀ ਸਕੇ ਨਾ ਰਹਿ ਹੀ ਸਕੇ ਦਰਦ : ਅਸੀਂ ਪਾਗਲਪਨ ਵਿਚ ਦਿਲ ਦੀ ਗਾਥਾ ਗਾ ਬੈਠੇ ਦਿਲ ਬੇ ਕਦਰਾਂ ਨਾਲ...
ਆ ਗਿਆ ਵਣਜਾਰਾ...
ਦਿਓਰ : ਆ ਗਿਆ ਵਣਜਾਰਾ ਨੀ ਚੜ੍ਹਾ ਲੈ ਭਾਬੀ ਚੂੜੀਆਂ ਭਾਬੀ : ਗੁੱਸਾ ਡਾਹਢਾ ਭਾਰਾ ਦਿਓਰਾ ਵੇ ਤੇਰੇ ਵੀਰ ਦਾ ਦਿਓਰ : ਫੁੱਲਾਂ ਉੱਤੇ ਕਾਟੋ ਹਰਦਮ ਨਹੀਂ ਖੇਡਦੀ ਰਹਿਣੀ ਬੱਤੀਆਂ ਦੰਦਾਂ ਵਿੱਚੋਂ ਮੰਗ ਲੈ ਜਿਹੜੀ ਵੀ ਸ਼ੈਅ ਲੈਣੀ ਪਲਟਣ ਵਿਚੋਂ ਛੁੱਟੀ ਆਇਆ ਕਹਿੰਦਾ ਦਿਓਰ ਕੁਆਰਾ ਨੀ-ਚੜ੍ਹਾ ਲੈ ਭਾਬੀ... ਭਾਬੀ : ਖੰਭਾਂ ਦੀ ਉਸ ਡਾਰ ਬਣਾਉਣੀ ਮੂੰਹ ਕਰ ਲੈਣਾ ਮੋਟਾ ਪਲ ਵਿਚ ਅੱਖੀਆਂ ਫੇਰ ਲਵੇਂਗਾ ਤੂੰ ਏਂ ਨਹੁੰ ਨਹੁੰ ਖੋਟਾ ਕੌਣ ਉਤਾਰਨ ਵਾਲਾ ਜੰਮਿਆਂ ਚੜ੍ਹ ਜਾਂਦਾ ਜਦ ਪਾਰਾ... ਦਿਓਰਾ ਵੇ ਤੇਰੇ ... ਦਿਓਰ : ਚੜ੍ਹੇ ਮਹੀਨੇ ਦਸਾਂ ਦਸਾਂ ਦੇ ਮਿਲਦੇ ਨੋਟ ਗਿਆਰਾਂ ਤੈਥੋਂ ਨਿੱਕੀਆਂ ਹੋ ਗਈਆਂ ਨੇ ਭਰ ਜੋਬਨ ਮੁਟਿਆਰਾਂ ਮੈਨੂੰ ਵੀ ਕੋਈ ਸਾਕ ਲਿਆਦੇ ਕਰਦੇ ਪਾਰ ਉਤਾਰਾ... ਨੀ ਚੜ੍ਹਾ ਲੈ ਭਾਬੀ... ਭਾਬੀ : ਸਭ 'ਤੇ ਪਾਣੀ ਫੇਰੇ ਤੇਰੇ ਵੀਰੇ ਦੀ ਅੜਬਾਈ ਸਿਫਤਾਂ ਦੇ ਪੁਲ ਬੰਨ੍ਹੇ ਬਾਪੂ ਨੂੰ ਚੋਖੀ ਵਾਹ ਲਾਈ ਕਹਿੰਦਾ ਬੀਬੀ ਵੇਖਕੇ ਮੱਖੀ ਖਾਂਦਾ ਕੌਣ ਦੋ ਬਾਰਾ... ਦਿਓਰਾ ਵੇ ਤੇਰੇ... ਦਿਓਰ : ਪੰਜੇ ਉਂਗਲਾਂ ਇੱਕੋ ਜਹੀਆਂ ਹੋਣ ਕਦੇ ਨਾ ਭਾਬੀ ਨੀਵੀਂ ਥਾਂ ਬਿਠਾ ਲਈਂ ਜੇਕਰ ਨਿਕਲੇ ਜ਼ਰਾ ਖਰਾਬੀ ਸੌ ਮਾਰੀਂ ਤੇ ਇੱਕ ਗਿਣੀ ਜੇ ਕੁਸਕੇ ਮਾਨ ਵਿਚਾਰਾ... ਨੀ ਚੜ੍ਹਾ ਲੈ ਭਾਬੀ... ਭਾਬੀ : ਪੈਰਾਂ ਹੇਠਾਂ ਹੱਥ ਦੇਂਦਿਆਂ ਉਮਰ ਲੰਘਾ ਲਈ ਸਾਰੀ ਕੱਲ੍ਹ ਗਲ ਜਾਣੇ ਨੇ ਮੌਰਾਂ ਵਿੱਚ ਸਲੰਘ ਘੁਮਾਕੇ ਮਾਰੀ ਮੇਰਾ ਈ ਜੇਰਾ ਪਾਣੀ ਵਾਂਗੂੰ ਪੀ ਗਈ ਗੁੱਸਾ ਸਾਰਾ... ਦਿਓਰਾ ਵੇ ਤੇਰੇ
ਜਿੰਦ ਗਈ ਮੁਕਲਾਵਾ
ਮੁਟਿਆਰ : ਅੱਥਰੀ ਜਵਾਨੀ ਸਾਂਭੀ ਜਾਂਵਦੀ ਨਾ ਚੰਨਾ ਮੈਨੂੰ ਮਾਂ ਝਿੜਕੇ ਪਿਓ ਘੂਰਦਾ ਵੇ ਜਿੰਦ ਗਈ ਮੁਕਲਾਵਾ ਦੂਰ ਦਾ ਵੇ ਗੱਭਰੂ : ਰਾਹੇ ਰਾਹੇ ਲੰਘੀ ਕੋਈ ਮੋਰਨੀ ਦੀ ਤੋਰ ਬੰਨੇ ਖੇਤ ਦੇ ਕੁਲੈਹਰੀ ਮੋਰ ਝੂਰਦਾ ਨੀ ਜਿੰਦ ਗਈ ਮੁਕਲਾਵਾ ਦੂਰ ਦਾ ਨੀ... ਮੁਟਿਆਰ : ਅੰਗ ਅੰਗ ਚੋਂ ਜਵਾਨੀ ਲੱਗੀ ਚੋਣ ਜ਼ਾਲਮਾਂ ਵੇ ਮੈਂ ਜਿਧਰੋਂ ਦੀ ਲੰਘਾਂ ਗੱਲਾਂ ਹੋਣ ਜ਼ਾਲਮਾ ਕਿਵੇਂ ਪੇਕੀਂ ਚਿੱਤ ਲੱਗੇ ਤੇਰੀ ਹੂਰ ਦਾ ਵੇ ਜਿੰਦ ਗਈ ਮੁਕਲਾਵਾ... ਗੱਭਰੂ : ਕਾਹਦੀ ਵਿਗੜੀ ਵਿਚੋਲਿਆਂ ਦੇ ਨਾਲ ਗੋਰੀਏ ਲਾਰੇ ਲੌਂਦਿਆਂ ਲੰਘਾਂ ’ਤੇ ਕਈ ਸਾਲ ਗੋਰੀਏ ਪਤਾ ਲਗਦਾ ਨਾ ਆਪਣੇ ਕਸੂਰ ਦਾ ਨੀ ਜਿੰਦ ਗਈ ਮੁਕਲਾਵਾ... ਮੁਟਿਆਰ : ਚਿੱਤ ਹਰ ਵੇਲੇ ਰਹਿੰਦਾ ਪਰੇਸ਼ਾਨ ਹਾਣੀਆਂ ਮੇਰੀ ਪੁੜਾਂ ਦੇ ਵਿਚਾਲੇ ਆ ਗਈ ਜਾਨ ਹਾਣੀਆਂ ਚਾਰਾ ਚਲਦਾ ਨਾ ਤੱਤੀ ਮਜਬੂਰ ਦਾ ਵੇ ਜਿੰਦ ਗਈ ਮੁਕਲਾਵਾ... ਗੱਭਰੂ : ਵਿਆਹ ਹੋ ਗਿਆ ਵਿਆਹਿਆਂ ਵਾਲੀ ਗੱਲ ਕੋਈ ਨਾ ਚੁੱਪ ਰਹਿਣ ਤੋਂ ਇਲਾਵਾ ਹੋਰ ਹੱਲ ਕੋਈ ਨਾਂ ਬੇੜਾ ਡੁੱਬੇ ਐਸੇ ਗੰਦੇ ਦਸਤੂਰ ਦਾ ਨੀ ਜਿੰਦ ਗਈ ਮੁਕਲਾਵਾ...
ਮੁੰਡਾ ਨੀ ਕਿਸੇ ਨਾਗ ਦਾ ਬੱਚਾ
ਮੁਟਿਆਰ : ਕਿਸੇ ਅਣਭੋਲ ਜਿਹੀ ਮੁਟਿਆਰ ਦਾ ਜੋਬਨ ਕਰਕੇ ਬੇਅਖਤਿਆਰ ਕਈਆਂ ਨੂੰ ਨੈਣਾਂ ਦੇ ਡੰਗ ਮਾਰ ਜੀਹਨੇ ਸੀ ਮਾਰ ਮੁਕਾਇਆ ਮੁੰਡਾ ਸੀ ਕਿਸੇ ਨਾਗ ਦਾ ਬੱਚਾ ਅਸੀਂ ਕੀਲਕੇ ਪਟਾਰੀ ਵਿੱਚ ਪਾਇਆ... ਗੱਭਰੂ : ਨੀ ਤੂੰ ਲਗਰ ਜਿਹੀ ਮੁਟਿਆਰ ਤੇ ਤੁਰਦੀ ਹੋ ਹੋ ਪੱਬਾਂ ਭਾਰ ਤੇ ਕਰਦਾ ਜੋਬਨ ਮਾਰੋ-ਮਾਰ ਨੀ ਸਮਝੇ ਨਾ ਸਮਝਾਇਆ ਮੱਥਾ ਨੀ ਤੇਰਾ ਚੰਦ ਵਰਗਾ ਤੇਰੇ ਰੂਪ ਨੇ ਹਨੇਰ ਮਚਾਇਆ... ਮੁਟਿਆਰ : ਕਲੀਆਂ ਤੇ ਭੌਰ ਦਿਨ-ਦੀਵੀਂ ਡਾਕੇ ਮਾਰਦਾ ਬਣ ਗਿਆ ਕੈਦੀ ਮਨ-ਭਾਉਂਦੀ ਸਰਕਾਰ ਦਾ ਗੱਭਰੂ : ਸਾਡਾ ਮਹਿਕਾਂ ਨਾਲ ਪਿਆਰ ਨਾ ਕਰਦੇ ਜਿਸਮਾਂ ਦਾ ਵਿਉਪਾਰ ਲਭਦਾ ਫਿਰਦਾ ਏ ਗੁਲਜ਼ਾਰ ਨੀ ਮਹਿਕਾਂ ਦਾ ਤ੍ਰਿਹਾਇਆ ਮੁਟਿਆਰ : ਮੁੰਡਾ ਨੀ ਨਿਰਾ ਨਾਗ ਦਾ ਬੱਚਾ ਗੱਭਰੂ : ਤੇਰੀ ਕੈਦ 'ਚ ਆਜ਼ਾਦੀਆਂ ਨੂੰ ਕਦੇ ਰੋਵਾਂ ਨਾ ਸ਼ਾਲਾ ਮੁੱਕੇ ਨਾ ਮਿਆਦ ਮੈਂ ਆਜ਼ਾਦ ਹੋਵਾਂ ਨਾ ਮੁਟਿਆਰ : ਤੈਨੂੰ ਪਵੇ ਫੁੱਲਾਂ ਦੀ ਮਾਰ ਸੁਨੈਹਰੀ ਰਿਸ਼ਮਾਂ ਦੀ ਫਿਟਕਾਰ ਤੇ ਤੈਨੂੰ ਮਹਿਕਾਂ ਦੀ ਸਰਕਾਰ ਨੇ ਹੈ ਮੁਜਰਿਮ ਠਹਿਰਾਇਆ ਗੱਭਰੂ : ਮੱਥਾ ਨੀ ਤੇਰਾ ਚੰਦ ਵਰਗਾ ਮੁਟਿਆਰ : ਜਿੱਥੇ ਮੇਰੇ ਹਾਸਿਆਂ ਦੀ ਮਹਿਕ ਜਾਵੇ ਡੁੱਲ੍ਹ ਵੇ ਮਹਿਕਾਂ ਦੇਣ ਲਗ ਜਾਣ ਲੋਗੜੀ ਦੇ ਫੁੱਲ ਵੇ ਗੱਭਰੂ : ਨੀ ਤੂੰ ਕੋਈ ਅਰਸ਼ਾਂ ਦੀ ਅਵਤਾਰ ਤੇ ਤੇਰਾ ਫੁੱਲੋਂ ਹੌਲਾ ਭਾਰ ਵੇਹਲੇ ਬਹਿਕੇ ਸਿਰਜਨ ਹਾਰ ਹੈ ਤੈਨੂੰ ਆਪ ਬਣਾਇਆ ਮੁਟਿਆਰ : ਮੁੰਡਾ ਸੀ ਕਿਸੇ ਨਾਗ ਦਾ ਬੱਚਾ... ਗੱਭਰੂ : ਕੜੀ ਜਿਹਾ ਸੋਹਣਾ ਮੁੰਡਾ ਗੱਭਰੂ ਜਵਾਨ ਨੀ ਤੀਲਾ ਹੋਇਆ ਸੁੱਕ ਕੇ ਮਰਾੜ੍ਹਾਂਵਾਲਾ ਮਾਨ ਨੀ ਮੁਟਿਆਰ : ਮਰ ਗਏ ਰਾਂਝੇ ਮੱਝਾਂ ਚਾਰ ਵੇ ਤਖ਼ਤ-ਹਜ਼ਾਰੇ ਦੇ ਸਰਦਾਰ ਵੇ ਤੂੰ ਦੱਸ ਕੀਹਦੇ ਪਾਣੀ ਹਾਰ ਤੂੰ ਕੇਹੜੇ ਵਤਨੋਂ ਆਇਆ ਗੱਭਰੂ : ਮੱਥਾ ਨੀ ਤੇਰਾ ਚੰਦ ਵਰਗਾ..
ਖਰਬੂਜੇ ਵਰਗੀ ਜੱਟੀ
ਗੱਭਰੂ : ਮੈਂ ਤੂੰਹੀਉਂ ਤੂੰ ਇਕ ਖੱਟੀ ਮਿੱਤਰਾਂ ਦੇ ਚੰਗੇ ਭਾਗ ਨੇ ਮੁਟਿਆਰ : ਖਰਬੂਜੇ ਵਰਗੀ ਜੱਟੀ ਖਾ ਲਈ ਵੇ ਕਾਲੇ ਨਾਗ ਨੇ ਗੱਭਰੂ : ਗੋਰਾ ਰੰਗ ਮੁਤਾਬੀ ਵਰਗਾ ਸੂਹੇ ਫੁੱਲ ਗੁਲਾਬੀ ਵਰਗਾ ਮੁਟਿਆਰ : ਤੇਰਾ ਰੰਗ ਤਵੇ ਤੋਂ ਕਾਲਾ ਮੈਂ ਪਾਰਸ ਦੀ ਵੱਟੀ ਗੱਭਰੂ : ਮਿਤਰਾਂ ਦੇ ਚੰਗੇ... ਮੁਟਿਆਰ : ਮੀਂਹ ਪੈਂਦੇ ਵਿਚ ਵੇਖ ਕੇ ਤੈਨੂੰ ਬਿਜਲੀ ਤੋਂ ਡਰ ਲਗਦਾ ਮੈਨੂੰ ਗੱਭਰੂ : ਮੈਂ ਹਾਂ ਬੰਦਾ ਸਿੱਧਾ ਸਾਦਾ ਤੂੰ ਏ ਫੈਸ਼ਨ ਪੱਟੀ ਮੁਟਿਆਰ : ਖਾ ਲਈ ਵੇ ਕਾਲੇ... ਗੱਭਰੂ : ਕਾਲੇ ਭੌਰ ਫੁੱਲਾਂ ਤੇ ਰਹਿੰਦੇ ਦਿਲ ਦੀ ਗਲ ਦਿਲਬਰ ਨੂੰ ਕਹਿੰਦੇ ਮੁਟਿਆਰ : ਸ਼ਾਮ ਢਲੇ ਘਰ ਵੜਦਾ ਏ ਤੂੰ ਪੀ ਦਾਰੂ ਦੀ ਖੱਟੀ ਖਾ ਲਈ ਵੇ ਮਾਨਸਰਾਂ ਦੀ ਮੈਂ ਮੁਰਗਾਈ ਕਾਲੇ ਕਾਗ ਜਹੇ ਲੜ ਲਾਈ ਗੱਭਰੂ : ਮੈਂ ਤਾਂ ਤੇਰੀ ਸਿਫਤ ਕਰਾਂ ਤੂੰ ਕਿਉਂ ਪੋਚੇ ਮੇਰੀ ਫੱਟੀ- ਮਿੱਤਰਾਂ ਦੇ ... ਭਾਵੇ ਰੰਗ ਤਵੇ ਤੋਂ ਕਾਲਾ ਫੇਰ ਵੀ ਹਾਂ ਮੈਂ ਕਿਸਮਤ ਵਾਲਾ ਮੁਟਿਆਰ : ਤੂੰ ਲਗਦਾ ਏਂ ਜਿੱਦਾਂ ਕੌਡੇ ਰਾਖਸ਼ ਦੇਹ ਪਲੱਟੀ ... ਖਾ ਲਈ ਵੇ ਮੇਰੇ ਕੋਲ ਰਤਾ ਨਾ ਫੱਬਦਾ ਤੂੰ ਸਰਕਸ ਦਾ ਜੋਕਰ ਲੱਗਦਾ ਗੱਭਰੂ : ਮਾਨ ਮਰਾੜਾਂ ਵਾਲਾ ਕਹਿੰਦਾ ਤੂੰ ਪੌਡਰ ਦੀ ਹੱਟੀ ਮਿੱਤਰਾਂ ਦੇ ਚੰਗੇ...
ਮਿਤਰਾਂ ਦੇ ਤਿੱਤਰਾਂ ਨੂੰ
ਮੁਟਿਆਰ : ਵੇ ਮੈਂ ਆਪ ਨੲ੍ਹੀਂ ਸੀ ਲਾਈਆਂ ਗਈਆਂ ਆਪੇ ਅੱਖਾਂ ਲੱਗ ਹੁਣ ਇੱਕ ਪਾਸੇ ਮੈਂ ਦੂਜੇ ਪਾਸੇ ਸਾਰਾ ਜੱਗ ਤੇਰੇ ਪਿਆਰ ਨੇ ਬਣਾਈ ਏ ਜਵਾਨੀ ਮੇਰੀ ਅੱਗ ਮਾਰ ਚੁੰਨੀ ਦੀਆਂ ਬੁੱਕਲਾਂ ਲੁਕਾਵਾਂ ਵੇ ਮਿੱਤਰਾਂ ਦੇ ਤਿੱਤਰਾਂ ਨੂੰ ਵੇ ਮੈਂ ਤਲੀਆਂ ਤੇ ਚੋਗ ਚੁਗਾਵਾਂ... ਗੱਭਰੂ : ਨੀ ਮੈਂ ਜਦੋਂ ਦੀਆਂ ਲਾਈਆਂ ਮੇਰੀ ਲਗਦੀ ਨਾ ਅੱਖ ਕਦੇ ਪੁੱਛ ਸਾਡਾ ਹਾਲ ਹੱਥ ਕਾਲਜੇ ਤੇ ਰੱਖ ਤੇਰੇ ਵਰਗੀ ਨਾ ਕੋਈ ਹੀਰਾਂ ਹੋਣਗੀਆਂ ਲੱਖ ਤੇਰੀ ਆਈ ਤੋਂ ਬਿੱਲੋ ਮੈਂ ਮਰ ਜਾਵਾਂ ਨੀ ਲੋਗੜੀ ਦਾ ਫੁੱਲ ਬਣਕੇ ਤੇਰੀ ਹਿੱਕ ਤੇ ਲਟਕਦਾ ਆਵਾਂ ਮੁਟਿਆਰ : ਜਦ ਨੈਣ ਮਿਲੇ ਤਾਂ ਚਾਰ ਹੋਏ ਗੱਭਰੂ : ਦੋ ਦਿਲ ਮਿਲ ਗਏ ਤਾਂ ਇੱਕ ਹੋ ਗਏ ਮੁਟਿਆਰ : ਹੁਣ ਤੂੰ ਤੇ ਮੈਂ ਅਤੇ ਮੈਂ ਤੇ ਤੂੰ ਗੱਭਰੂ : ਇੱਕ-ਮਿੱਕ ਹੋ ਗਏ ਇੱਕ-ਮਿੱਕ ਹੋ ਗਏ ਮੁਟਿਆਰ : ਮੈਨੂੰ ਤਾਂ ਜਹਾਨ ਸਾਰਾ ਭੀੜਾ ਭੀੜਾ ਲੱਗੇ ਲੋਕੀ ਕਹਿੰਦੇ ਮੈਂ ਜਵਾਨ ਹੁੰਦੀ ਜਾਵਾਂ ਮਿੱਤਰਾਂ ਦੇ ਤਿੱਤਰਾਂ ਨੂੰ.... ਗੱਭਰੂ : ਆਈ ਹੈ ਰੁੱਤ ਬਹਾਰਾਂ ਦੀ ਮੁਟਿਆਰ : ਪਿਆਰਾਂ ਨੂੰ ਵਾਜਾਂ ਮਾਰ ਰਹੀ ਗੱਭਰੂ : ਆ ਕਰੀਏ ਗੱਲ ਪਿਆਰਾਂ ਦੀ ਮੁਟਿਆਰ : ਨੲ੍ਹੀਂ ਹੁਣ ਨੲ੍ਹੀਂ ਜੀ ਕਦੇ ਫੇਰ ਸਹੀ ਗੱਭਰੂ : ਅੱਜ ਦੀ ਦਿਹਾੜੀ ਫੇਰ ਆਏ ਕਿ ਨਾ ਆਏ ਮੈਨੂੰ ਛੇੜ ਛੇੜ ਲੰਘਣ ਹਵਾਵਾਂ ਮੈਂ ਲੋਗੜੀ ਦਾ ਫੁੱਲ ਬਣਕੇ ... ਮੁਟਿਆਰ : ਇਹ ਦਿਨ ਬਹਾਰ ਦਾ ਕਿਹੋ ਜਿਹਾ ਗੱਭਰੂ : ਤੇਰੇ ਨੀਮ-ਸੰਧੂਰੀ ਰੰਗ ਵਰਗਾ ਮੁਟਿਆਰ : ਇਹ ਨਸ਼ਾ ਪਿਆਰ ਦਾ ਕਿਹੋ ਜਿਹਾ ਗੱਭਰੂ : ਕਿਸੇ ਜ਼ਹਿਰੀ ਸੱਪ ਦੇ ਡੰਗ ਵਰਗਾ ਮੁਟਿਆਰ : ਬੜੇ ਚਾਵਾਂ ਨਾਲ ਤੇਰਾ ਕੱਢਦੀ ਰੁਮਾਲ ਘੁੰਢ ਕੱਢਕੇ ਬੂਟੀਆਂ ਪਾਵਾਂ ਮਿੱਤਰਾਂ ਦੇ ਤਿੱਤਰਾਂ ਨੂੰ ਗੱਭਰੂ : ਚੱਲ ਖੰਭ ਲਾ ਕੇ ਕਿਤੇ ਉੱਡ ਚੱਲੀਏ ਮੁਟਿਆਰ : ਇਸ ਜੱਗ ਦੀ ਨਜ਼ਰ ਤੋਂ ਓਹਲੇ ਵੇ ਗੱਭਰੂ : ਤੇਰੇ ਕੰਨ ਵਿੱਚ ਦੱਸਣੀ ਗੱਲ ਬੱਲੀਏ ਮੁਟਿਆਰ : ਦਿਲ ਧੜਕ ਰਿਹਾ ਮਨ ਡੋਲੇ ਵੇ ਗੱਭਰੂ : ਕਾਲੇ ਕਾਂ ਵਰਗੀ ਨਿਗਾਹ ਹੈ ਮਾਨ ਚੰਦਰੇ ਦੀ ਜੱਗ ਦਾ ਖ਼ੌਫ ਨਾ ਖਾਵਾਂ ਮੈਂ ਲੋਗੜੀ ਦਾ ਫੁੱਲ ਬਣਕੇ ...
ਤੁਰਦੀ ਸਾਂ ਢਾਕ ਮਰੋੜਕੇ
ਮੁਟਿਆਰ : ਗੱਡੀ ਜੋੜਕੇ ਲੈਣ ਆਗਿਓਂ ਕਰਨੈ ਜ਼ੋਰ ਧਿੰਗਾਣਾ ਮਰਦੀ ਮਰ ਜਾਊਂ ਸੌਣ ਮਹੀਨੇ ਮੈਂ ਸਹੁਰੀਂ ਨਹੀਂ ਜਾਣਾ ਵੇ ਕੰਨ ਝਾੜਕੇ ਵਾਪਸ ਮੁੜ ਜਾਹ ਗੱਭਰੂ : ਤੇਰੀ ਕੱਢ ਦਊਂ ਰੜਕ ਸੁਣ ਜੱਟ ਦੀ ਬੜ੍ਹਕ ਤੈਨੂੰ ਭੁੱਲ ’ਜੂ ਮੜਕ ਜਿਹੜੀ ਫਿਰਦੀ ਧੌਣ ਅਕੜਾਈ ਮੁਟਿਆਰ : ਤੁਰਦੀ ਸਾਂ ਢਾਕ ਮਰੋੜਕੇ ਮੈਂ ਬੂਝੜ੍ਹ ਦੇ ਲੜ ਲਾਈ ਤੁਰਦੀ ਸਾਂ ਢਾਕ ਮਰੋੜ ਕੇ ਗੱਭਰੂ : ਹੁਣ ਬਾਪ ਤੇਰੇ ਦਾ ਜਵਾਈ ਲੈ ਆਇਆ ਗੱਡੀ ਜੋੜਕੇ ਮੁਟਿਆਰ : ਮੇਰੇ ਚੰਦਰੇ ਕਰਮ ਤੈਨੂੰ ਪਾ ਕੇ ਭਰਮ ਤੈਨੂੰ ਕਰ ਗਈ ਗਰਮ ਤੇਰੀ ਚੁਗਲੀ ਖੋਰ ਭਰਜਾਈ ਗੱਭਰੂ : ਲੈ ਆਇਆ ਗੱਡੀ ਜੋੜਕੇ ਮੁਟਿਆਰ : ਰੁੱਤ ਗਿੱਧਿਆਂ ਦੀ ਦਿਨ ਤੀਆਂ ਦੇ ਲੈਣ ਆਗਿਓਂ ਢੋਰਾ ਵੇ ਕੁੜੀਆਂ ਮੈਨੂੰ ਮਾਰਨ ਤਾਹਨੇ ਅਕਲ ਨਾ ਤੈਨੂੰ ਭੋਰਾ ਵੇ ਗੱਭਰੂ : ਅਕਲ ਰਤਾ ਨਾ ਰਹੀ ਜਦੋਂ ਤੂੰ ਮਿੱਤਰਾਂ ਨੂੰ ਚੇਤੇ ਆਈ ਲੈ ਆਇਆ ਗੱਡੀ ਜੋੜਕੇ ਵੇਖਕੇ ਰਾਤੀਂ ਜੇਠ ਤੇਰੇ ਦੇ ਕਮਰੇ 'ਚ ਦੀਵਾ ਜਗਦਾ ਨੀ ਰਾਤ ਤਾਂ ਕੀ ਮੈਨੂੰ ਬਾਝ ਤੇਰੇ ਦਿਨ ਵਰ੍ਹੇ ਵਰ੍ਹੇ ਦਾ ਲਗਦਾ ਨੀ ਮੁਟਿਆਰ : ਫਿੱਟਣੀਆਂ ਦਾ ਫੇਟ ਨਿਰਾ ਤੇਰਾ ਬਾਰਾਂ ਤਾਲਾ ਭਾਈ ਤੁਰਦੀ ਸਾਂ ਢਾਕ ਮਰੋੜ ਕੇ ... ਜੇਠ ਜਿਠਾਣੀ ਕਰਨ ਹਕੂਮਤ ਖਾਣ ਪੀਣ ਨੂੰ ਖੁੱਲ੍ਹਾ ਵੇ ਜੇ ਮੈਨੂੰ ਘਰ ਲੈ ਕੇ ਜਾਣਾ ਵੱਖ ਬਣਾ ਲੈ ਚੁੱਲ੍ਹਾ ਵੇ ਗੱਭਰੂ : ਹੋਰ ਤਾਂ ਘਰ ਦਾ ਸਭ ਕੁਝ ਵੰਡ ਲਿਆ ਵੰਡਣੋਂ ਰਹਿ ਗਈ ਮਾਈ ਲੈ ਆਇਆ ਗੱਡੀ ਜੋੜ ਕੇ ... ਆਹ ਲੈ ਮਾਨ ਮਰਾੜ੍ਹਾਂ ਵਾਲਾ ਬਹਿ ਗਿਆ ਡੇਰੇ ਲਾ ਕੇ ਨੀ ਕੂਚ ਕਰੂੰ ਹੁਣ ਲੇਖ ਚ ਲਿੱਖੇ ਕੁੱਕੜ ਮੁਰਗੇ ਖਾਕੇ ਨੀ ਮੁਟਿਆਰ : ਲੈ ਤੁਰਿਆ ਜੱਟ ਮਚਲਾ ਰਹਿ ਗਈ ਪੀਂਘ ਪਿੱਪਲ ਤੇ ਪਾਈ ਲੈ ਆਇਆ ਗੱਡੀ ਜੋੜਕੇ ਗੱਭਰੂ : ਹੁਣ ਬਾਪ ਤੇਰੇ ਦਾ ਜਵਾਈ...
ਕਿੱਕਰ ਤੇ ਕਾਟੋ
ਡਰੂ ਜਨਾਨੀ : ਕਿੱਕਰ ਤੇ ਕਾਟੋ ਰਹਿੰਦੀ ਕੱਲਾ ਨਾ ਜਾਈਂ ਖੇਤ ਨੂੰ... ਗੱਪੀ ਆਦਮੀ : ਕਿਉਂ ਹਾਉਕੇ ਭਰ ਭਰ ਕਹਿੰਦੀ ਕੱਲਾ ਨਹੀਂ ਜਾਂਦਾ ਖੇਤ ਨੂੰ... ਜਨਾਨੀ : ਮੈਂ ਤਰਲੇ ਪਾ ਪਾ ਕਹਿੰਨੀ ਆਂ ਹਰ ਵੇਲੇ ਡਰਦੀ ਰਹਿੰਨੀ ਆਂ ਕੁਦਰਤ ਨਾ ਕਾਰਾ ਕਰ ਜਾਵੇ ਕਿਸਮਤ ਨਾ ਕਿਧਰੇ ਹਰ ਜਾਵੇ ਝੁਰਦੀ ਹਾਂ ਮਾੜੇ ਲੇਖ ਨੂੰ ਕਿੱਕਰ ਤੇ ਕਾਟੋ ਰਹਿੰਦੀ... ਆਦਮੀ : ਮੈਂ ਰਤਾ ਨਾ ਮਾਰਾਂ ਗੱਪ ਕੁੜੇ ਛੀ ਸੱਤ ਗਜ਼ ਲੰਮਾਂ ਸੱਪ ਕੁੜੇ ਮੈਂ ਕੱਲ ਮਾਰਕੇ ਆਇਆ ਹਾਂ ਤਾਂ ਹੀ ਤੇ ਕੁੱਝ ਘਬਰਾਇਆ ਹਾਂ ਜਾਵੇ ਨਾ ਛੁਪਾਇਆ ਭੇਤ ਨੂੰ ਕਿਉਂ ਹਾਉਕੇ ਭਰ ਭਰ ਕਹਿੰਦੀ... ਜਨਾਨੀ : ਤੂੰ ਸੁੱਖੀਂ-ਲੱਧਾ ਬੰਦਾ ਵੇ ਖਸਮਾਂ ਨੂੰ ਖਾਵੇ ਧੰਦਾ ਵੇ ਖੇਤਾਂ ਵਿਚ ਹਲ ਨਾ ਵਾਹਿਆ ਕਰ ਨਾ ਅੱਧੀਓਂ ਰਾਤੋਂ ਜਾਇਆ ਕਰ ਤੂੰ ਭੇਜ ਦਿਆ ਕਰ ਜੇਠ ਨੂੰ ਕਿੱਕਰ ਤੇ ਕਾਟੋ ਰਹਿੰਦੀ... ਆਦਮੀ : ਤੈਨੂੰ ਕੌਣ ਪੜ੍ਹਾ ਗਿਆ ਪੱਟੀ ਨੀ ਤੂੰ ਕੇਹੋ ਜਹੀ ਏਂ ਜੱਟੀ ਨੀ ਜੋ ਅਸਲੀ ਹੁੰਦੇ ਜੱਟ ਕੁੜੇ ਉਹ ਡਰਨ ਮੌਤ ਤੋਂ ਘੱਟ ਕੁੜੇ ਕੀ ਸਮਝਣ ਭੂਤ-ਪਰੇਤ ਨੂੰ ਕਿਓਂ ਹੌ ਕੇ ਭਰ ਭਰ ਕਹਿੰਦੀ...
ਨੀ ਮੈਂ ਲੈ ਕੇ ਜਾਣਾ
ਜਵਾਨ : ਲੈ ਕੇ ਛੁੱਟੀਆਂ ਤਿਰੌਜਾ ਲੈਣ। ਆਇਆ ਬੱਲੀਏ। ਨੀ ਮੈਂ ਲੈ ਕੇ ਜਾਣਾ ਮੁਟਿਆਰ : ਬਿਨਾਂ ਸੱਦਿਆਂ ਬੁਲਾਇਆਂ। ਵੇ ਤੂੰ ਆਇਆ ਹਾਣੀਆਂ। ਵੇ ਮੈਂ ਨਹੀਂ ਓ ਜਾਣਾ ਜਵਾਨ : ਰਤਾ ਹੱਸਕੇ ਨਾ ਬੋਲੀ ਨੀ ਮੈਂ ਆਇਆ ਕੱਲ੍ਹ ਦਾ ਮੁਟਿਆਰ : ਵੇ ਮੈਂ ਨਹੀਂਉਂ ਹੱਸਣਾ ਜਵਾਨ : ਕੁਝ ਦੱਸ ਤਾਂ ਸਹੀ ਨੀ ਗੁੱਸਾ ਕਿਹੜੀ ਗੱਲ ਦਾ ਮੁਟਿਆਰ : ਇਹ ਵੀ ਨਹੀਂਉਂ ਦੱਸਣਾ ਜਵਾਨ : ਫੇਰ ਗੱਲ ਕੀ ਬਣੀ ਨੀ ਮੁਟਿਆਰ : ਬੱਸ ਕੁਝ ਵੀ ਨਹੀਂ ਜਵਾਨ : ਕਾਹ ਤੋਂ ਬੈਠੀ ਏਂ ਤਣੀ ਨੀ ਮੁਟਿਆਰ : ਬੱਸ ਮੇਰੀ ਮਰਜ਼ੀ ਜਵਾਨ : ਜਵਾਨ ਤੇਰੇ ਦਿਲ ਵਿਚ ਦੱਸ ਕੀ ਸਮਾਇਆ ਬੱਲੀਏ, ਨੀ ਮੈਂ ਲੈ ਕੇ ਜਾਣਾ... ਮੁਟਿਆਰ : ਵੇ ਤੂੰ ਫ਼ੌਜ ਦਾ ਸਿਪਾਹੀ ਬੇ ਮਿਸਾਲ ਹਾਣੀਆਂ ਜਵਾਨ : ਮੈਂ ਤੇਰਾ ਢੋਲ ਗੋਰੀਏ ਮੁਟਿਆਰ : ਵੇ ਮੈਂ ਕਾਹਦੀ ਗਈ ਵਿਆਹੀ ਤੇਰੇ ਨਾਲ ਹਾਣੀਆਂ ਜਵਾਨ : ਤੂੰ ਹੌਲੀ ਬੋਲ ਗੋਰੀਏ ਮੁਟਿਆਰ : ਕਿਹੜੀ ਗੱਲੋਂ ਚੁੱਪਧਾਰੀ ਜਵਾਨ : ਕੋਈ ਖਾਸ ਗੱਲ ਨਹੀਂ ਮੁਟਿਆਰ : ਵੇ ਤੂੰ ਬੰਦਾ ਸਰਕਾਰੀ ਜਵਾਨ : ਬਸ ਕੁਝ ਵੀ ਨਹੀਂ ਮੁਟਿਆਰ : ਛੁੱਟੀ ਪੰਦਰਾਂ ਦਿਨਾਂ ਦੀ ਵੀ ਨਾ ਲਿਆਇਆ ਹਾਣੀਆਂ, ਵੇ ਮੈਂ ਨਹੀਉਂ ਜਾਣਾ... ਜਵਾਨ : ਅਸੀਂ ਜੰਗ ਦੇ ਮੈਦਾਨ 'ਚ ਕਦੇ ਨਾ ਹਾਰਦੇ ਮੁਟਿਆਰ : ਵੇ ਬੱਲੇ ਬੱਲੇ ਚੋਬਰਾ ਜਵਾਨ : ਮੈਨੂੰ ਸੈਂਕੜੇ ਜਵਾਨ ਨੇ ਸਲੂਟ ਮਾਰਦੇ ਮੁਟਿਆਰ : ਵੇ ਸਾਨੂੰ ਕਾਹਦਾ ਆਸਰਾ ਜਵਾਨ : ਨੀ ਤੂੰ ਬੋਲ ਇੱਕ ਵਾਰ ਮੁਟਿਆਰ : ਮੇਰਾ ਚਿੱਤ ਨਾ ਕਰੇ ਜਵਾਨ : ਤੇਰਾ ਮਾਹੀ ਸੂਬੇਦਾਰ ਮੁਟਿਆਰ : ਬਸ ਹੋਵੇਂਗਾ ਘਰੇ ਜਵਾਨ : ਨੀ ਮੈਂ ਆਇਆ ਤੇਰੇ ਪਿਆਰ ਦਾ ਸਤਾਇਆ ਬੱਲੀਏ ਨੀ ਮੈਂ ਲੈ ਕੇ ਜਾਣਾ... ਮੁਟਿਆਰ : ਮਾਨ ਉਡਦੇ ਪਰਿੰਦੇ ਨਾਲ ਪਿਆਰ ਪਾਲਿਆ ਜਵਾਨ : ਨੀ ਬਿੱਲੋ ਗਮ ਨਾ ਕਰੀਂ ਮੁਟਿਆਰ : ਮੇਰੀ ਜਾਨ ਨੂੰ ਰੁਲਾਕੇ ਤੁਰ ਜਾਣ ਵਾਲਿਆ ਜਵਾਨ : ਨੀ ਹਟਕੋਰਾ ਨਾ ਭਰੀਂ ਮੁਟਿਆਰ : ਵੇ ਤੂੰ ਛੇਤੀ ਮੁੜ ਆਵੀਂ ਜਵਾਨ : ਐਵੇਂ ਚਿੱਤ ਨਾ ਡੁਲਾਵੀਂ ਮੁਟਿਆਰ : ਮੇਰਾ ਗੁੱਸਾ ਨਾ ਮਨਾਵੀਂ ਜਵਾਨ : ਤੂੰ ਵੀ ਕਾਗ ਨਾ ਉਡਾਵੀਂ ਮੁਟਿਆਰ : ਪਿਆਰ ਜਾਂਦਾ ਨਾ ਜਹਾਨ ਤੋਂ ਲੁਕਾਇਆ ਹਾਣੀਆਂ ਵੇ ਮੈਂ...
ਮੇਰੇ ਹਾਣਦੀਆਂ ਮੁਟਿਆਰਾਂ
ਜੱਟੀ : ਮੇਰੇ ਹਾਣਦੀਆਂ ਮੁਟਿਆਰਾ ਪਹਿਨਣ ਸਿਲਕ ਦੀਆਂ ਸਲਵਾਰਾਂ ਤੈਨੂੰ ਕਦੇ ਰੀਸ ਨਾ ਆਉਂਦੀ ਮਰ ਜਊਂ ਘਰ ਦਾ ਸੂਤ ਹੰਢਾਉਂਦੀ-ਤਰਲੇ ਪੌਂਦੀ ਵੇ ਸਰਦਾਰਾ ਲੰਬੜਦਾਰਾ ਵੱਢਕੇ ਛੋਲੇ ਬੀਜ ਗੁਆਰਾ ਹੋ ਜਾਊ ਫ਼ਸਲ ਬਥੇਰੀ ਵੇ ਸੂਟ ਸੰਵਾਦੇ ਮੈਨੂੰ ਨੲ੍ਹੀਂ ਫਿਰ ਮਰਜ਼ੀ ਤੇਰੀ ਵੇ... ਜੱਟ : ਇਹ ਜੋ ਜਾਲੀਦਾਰ ਦੁਪੱਟੇ ਇਹਨਾਂ ਜੱਟਾਂ ਦੇ ਘਰ ਪੱਟੇ ਪੱਟੇ ਕਦੇ ਰਾਸ ਨਾ ਆਉਂਦੇ ਇਹ ਨਿੱਤ ਨਵੇਂ ਪੁਆੜੇ ਪਾਉਂਦੇ-ਬਹੁਤ ਸਤੌਂਦੇ ਕਰਦੇ ਕਾਰੇ ਨੀ ਮੁਟਿਆਰੇ ਮੇਰੀਏ ਕੂੰਜ ਪਤਲੀਏ ਨਾਰੇ ਨੀ ਕਿਉਂ ਟੱਪਣ ਲੱਗੀ ਐਂ ਛੱਡ ਸੂਟ ਦਾ ਖਹਿੜਾ ਕਿਉਂ ਘਰ ਪੱਟਣ ਲੱਗੀਆਂ ਜੱਟੀ : ਕੁਲਫੀ ਖਾਂਦੀ ਵੇਖ ਜੇਠਾਣੀ ਮੇਰੇ ਮੂੰਹ ਵਿੱਚ ਆਗਿਆ ਪਾਣੀ ਮੈਂ ਵੀ ਖਾਵਾਂ ਲੱਡੂ ਪੇੜੇ ਬੂਰੀ ਮੱਝ ਲਿਆ ਬੰਨ੍ਹ ਵਿਹੜੇ-ਛੱਡਦੇ ਝੇੜੇ ਸਿਰਦਿਆ ਸਾਈਆਂ ਦਿਆਂ ਦੁਹਾਈਆਂ ਜੱਟਾਂ ਕਦੇ ਨਾ ਰੀਸਾਂ ਆਈਆਂ ਤੇਰੀ ਦੁਨੀਆਂ ਦਾਰੀ ਨੂੰ ਅੱਗ ਲੱਗੇ ਤੇਰੀ ਇਹੋ ਜੇਹੀ ਲੰਬਰਦਾਰੀ ਨੂੰ... ਜੱਟ : ਕਾਹਨੂੰ ਰੀਸ ਕਿਸੇ ਦੀ ਕਰੀਏ ਉਹਦੀ ਕੁਦਰਤ ਕੋਲੋਂ ਡਰੀਏ ਕਾਹਨੂੰ ਪੁੱਠੇ ਰਸਤੇ ਪਈਏ ਉਹਦੀ ਸਦਾ ਰਜ਼ਾ ਵਿਚ ਰਹੀਏ-ਮੌਜਾਂ ਲਈਏ ਨੀ ਅਣਜਾਣੇ ਉਹਦੇ ਭਾਣੇ ਕੋਈ ਵਿਰਲਾ-ਵਾਂਝਾ ਜਾਣੇ ਕੀ ਭਰਵਾਸਾ ਬੰਦੇ ਦਾ ਪੈਸਾ ਹੀ ਇਕ ਹੁੰਦਾ ਏ ਧਰਵਾਸਾ ਬੰਦੇ ਦਾ... ਜੱਟੀ : ਵੇ ਦੱਸ ਕੀ ਮਾਇਆ ਨੂੰ ਕਰਨਾ ਹੁੰਦੇ ਸੁੰਦੇ ਭੁੱਖਾ ਮਰਨਾ ਨਾ ਕੁਝ ਪੀਣਾ ਨਾ ਕੁਝ ਖਾਣਾ ਭੁੱਖਾ ਮਰ ਜਾਊ ਮਾਨ ਨਿਮਾਣਾ-ਭੁੱਖਣ ਭਾਣਾ ਵੇਖ ਸਿਆਣਿਆਂ ਰੁੜ੍ਹ-ਪੁੜ ਜਾਣਿਆਂ ਖਾ ਲੈ ਪੀ ਲੈ ਕਮਲਿਆ ਲਾਣਿਆਂ ਵੇ ਕਦ ਵਕਤ ਵਿਚਾਰੇਂਗਾ ਆਪਣੇ ਵਾਂਗੂੰ ਮੈਨੂੰ ਵੀ ਤੜਪਾ ਕੇ ਮਾਰੇਂਗਾ ਜੱਟ : ਯਾਰੋ ਅਨਪੜ੍ਹ ਪੇਡੂੰ ਜੱਟੀ ਬਣਦੀ ਜਾਂਦੀ ਫੈਸ਼ਨ ਪੱਟੀ ਊਂ ਨਾ ਜਾਣੇ ਅੱਖਰ ਊੜਾ ਸਿਰ ਤੇ ਕਰੇ ਜਲੇਬੀ ਜੂੜਾ-ਬਾਹੀਂ ਚੂੜਾ ਰਖਦੀ ਪਾ ਕੇ ਅੱਖ ਮਟਕਾਕੇ ਮੈਨੂੰ ਮਾਰੇਂਗੀ ਟਕਰਾਕੇ ਫੈਸ਼ਨ ਨਾ ਕਰਿਆ ਕਰ ਨੀ ਮਤ ਕੋਈ ਕਜੀਆ ਪੈ ਜਾਏ ਕ ਜੀਏ ਤੋਂ ਡਰਿਆ ਕਰ ਨੀ
ਪਾਣੀ ਦੀਆਂ ਛੱਲਾਂ
ਆ ਆਪਾਂ ਕਿਤੇ ਕੱਲੇ ਬਹਿਕੇ ਦਿਲ ਦੇ ਦਰਦ ਵੰਡਾਈਏ ਤੂੰ ਹੋਵੇਂ ਇਕ ਮੈਂ ਹੋਵਾਂ ਕੁੱਲ ਦੁਨੀਆਂ ਨੂੰ ਭੁੱਲ ਜਾਈਏ ਕੁੜੀ : ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ। ਮੁੰਡਾ : ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਕੁੜੀ : ਕੁਝ ਗੱਲਾਂ ਤੂੰ ਕਰੇਂ ਕੁਝ ਗੱਲ ਮੈਂ ਕਰਾਂ ਮੁੰਡਾ : ਮੁੱਕੇ ਨਾ ਸਾਡੀ ਮੁਲਾਕਾਤ ਪਾਣੀ ਦੀਆਂ ਛੱਲਾਂ ਹੋਵਣ ਮੁੰਡਾ : ਮੋਰਾਂ ਦੀ ਰੁਣ-ਝੁਣ ਹੋਵੇ ਚਿੜੀਆਂ ਦੀਆਂ ਚਹਿਕਾਂ ਹੋਵਣ ਕੁੜੀ : ਪੌਣਾਂ ਵਿਚ ਘੁਲੀਆਂ ਨਾਜ਼ੁਕ ਕਲੀਆਂ ਦੀਆਂ ਮਹਿਕਾਂ ਹੋਵਣ ਮੁੰਡਾ : ਰਿੰਮ-ਝਿੰਮ ਜਿਹੀ ਹੋਈ ਹੋਵੇ। ਤੂੰ ਹੋਵੇਂ ਮੈਂ ਹੋਵਾਂ ਕੁੜੀ : ਹੋਰ ਨਾ ਕੋਈ ਹੋਵੇ । ਤੂੰ ਹੋਵੇਂ ਮੈਂ ਹੋਵਾਂ ਮੁੰਡਾ : ਕੁਝ ਗੱਲਾਂ ਤੂੰ ਕਰੇਂ ਕੁਝ ਗੱਲਾਂ ਮੈਂ ਕਰਾਂ ਸੁੱਤੀ ਪਈ ਹੋਵੇ ਕਾਇਨਾਤ ਕੁੜੀ : ਪਾਣੀ ਦੀਆਂ ਛੱਲਾਂ ਹੋਵਣ... ਕੁੜੀ : ਪੁੰਨਿਆਂ ਦਾ ਚੰਨ ਵੀ ਆਪਣੇ ਜੋਬਨ ਤੇ ਆਇਆ ਹੋਵੇ ਮੁੰਡਾ : ਮਸਤੀ ਵਿਚ ਆ ਕੇ ਸਾਰਾ ਆਲਮ ਨਸ਼ਿਆਇਆ ਹੋਵੇ ਕੁੜੀ : ਮਸਤੀ ਹੀ ਮਸਤੀ ਹੋਵੇ ਤੂੰ ਹੋਵੇਂ ਮੈਂ ਹੋਵਾਂ। ਮੁੰਡਾ : ਇੱਕ ਰੱਬ ਦੀ ਹਸਤੀ ਹੋਵੇ... ਤੂੰ ਹੋਵੇਂ ਮੈਂ ਹੋਵਾਂ ਕੁੜੀ : ਕੁਝ ਗੱਲਾਂ ਤੂੰ ਕਰੇਂ ਕੁਝ ਗੱਲਾਂ ਮੈਂ ਕਰਾਂ ਉਮਰੋਂ ਲੰਮੇਰੀ ਹੋ ਜਾਏ ਰਾਤ ਮੁੰਡਾ : ਪਾਣੀ ਦੀਆ ਛੱਲਾਂ ਹੋਵਣ... ਮੁੰਡਾ : ਆਜਾ ਅੱਜ ਲਿਖ ਹੀ ਦੇਈਏ ਇਕ ਦੂਜੇ ਨਾਂ ਜ਼ਿੰਦਗਾਨੀ ਉਮਰਾਂ ਲਈ ਰਹਿ ਜਾਂਦੀ ਏ ਕੋਈ ਨਾ ਕੋਈ ਪਿਆਰ ਨਿਸ਼ਾਨੀ ਕੁੜੀ : ਐ ਮੇਰੇ ਦਿਲਬਰ ਜਾਨੀ ਤੂੰ ਹੋਵੇ ਮੈਂ ਹੋਵਾਂ ਮੁੰਡਾ : ਇਕ ਸਾਡੀ ਪਿਆਰ ਨਿਸ਼ਾਨੀ ਤੂੰ ਹੋਵੇਂ ਮੈਂ ਹੋਵਾਂ ਦੋਵੇਂ : ਕੁਝ ਗੱਲਾਂ ਤੂੰ ਕਰੇਂ ਕੁਝ ਗੱਲਾਂ ਮੈਂ ਕਰਾਂ ਮੁੱਕੇ ਨਾ ਸਾਡੀ ਮੁਲਾਕਾਤ ਪਾਣੀ ਦੀਆਂ ਛੱਲਾਂ...
ਨੈਣਾਂ ਦੇ ਭੂਝੰਗ
ਗੱਭਰੂ : ਨੈਣਾਂ ਦੇ ਭੂਝੰਗ ਡੰਗ ਮਾਰਦੇ ਨਿਸੰਗ ਹਿੱਕ ਤਣਕੇ ਤੁਰੇਂ ਜਾਂ ਸਪਣੀ ਦੀ ਤੋਰ ਨੀ ਪਾਇਲ ਪੌਣੀ ਭੁੱਲ ਗਏ ਕੁਲੈਹਰੀ ਮੋਰ ਨੀ ਮੁਟਿਆਰ : ਤੇਰੀ ਮੇਰੀ, ਮੇਰੀ ਤੇਰੀ ਅੱਖ ਨਾ ਲੜੇ ਇਹ ਗੱਲ ਸੋਲਾਂ ਆਨੇ ਐਂ ਲੋਹੇ ਉਤੇ ਲੀਕ ਵੇ ਕੁੱਟਵਾ ਪਵੇ ਨਾ ਨੲ੍ਹੀਂ ਤਾਂ ਹੋ ਜਾ ਠੀਕ ਵੇ ਗੱਭਰੂ : ਨੀਵੀਂ ਪਾਕੇ ਅੱਖ ਮਟਕਾਕੇ ਲੰਘ ਗਈ ਨੀ ਵਕਤ ਪੈ ਗਿਆ ਚੋਬਰਾਂ ਦੀ ਢਾਣੀ ਨੂੰ ਮੁਟਿਆਰ : ਛੜਾ-ਛਾਂਟ ਰਹਿੰਦਾ ਮੇਰੇ ਰਾਹਾਂ 'ਚ ਖੜ੍ਹਾ ਮੈਂ ਰੱਖ ਢਾਕ ਤੇ ਘੜਾ ਵੇ ਚਲੀ ਸਾਂ ਪਾਣੀ ਨੂੰ ਗੱਭਰੂ : ਰਾਹ ਜਾਂਦੇ ਰਾਹੀਆਂ ਨੂੰ ਬੁਲਾਉਣ ਚੰਦਰੇ ਨੀ ਸ਼ੋਰ ਪਾਉਣ ਚੰਦਰੇ ਝਾਜਰਾਂ ਦੇ ਬੋਰ ਨੀ ਪੈਲ ਪੌਣੀ ਭੁੱਲ ਗਏ... ਮੁਟਿਆਰ : ਗੁੱਝੀ ਰਹਿੰਦੀ ਹੀਰ ਨਾ ਹਜ਼ਾਰ ਦੇ ਵਿੱਚੋਂ ਮੈਂ ਤਾਰਿਆਂ 'ਚ ਚੰਦ ਵੇ ਕੁੜੀਆਂ 'ਚ ਫੱਬਦੀ ਗੱਭਰੂ : ਪਿਛਲੇ ਵਰ੍ਹੇ ਤੋਂ ਤੇਰੇ ਉੱਤੇ ਰੱਖੀ ਐ ਮਿੱਤਰਾਂ ਨੇ ਅੱਖ ਨੀ ਹੈ ਕਸਮ ਰੱਬ ਦੀ ਮੁਟਿਆਰ : ਮੈਨੂੰ ਵੀ ਪਤਾ ਏ ਅੱਖਾਂ-ਉੱਖਾਂ ਲੌਣ ਨੂੰ ਤੂੰ ਜ਼ੋਰ ਲਾਈ ਫਿਰਦਾ ਏਂ ਬੱਗੇ ਨਹੁੰਆਂ ਤੀਕ ਵੇ ਬੰਦੇ ਦਾ ਪੁੱਤਰ ਬਣ ਹੋ ਜਾ ਠੀਕ ਵੇ ਗੱਭਰੂ : ਇੱਕ ਵਾਰੀ ਹਾਂ 'ਚ ਹਿਲਾ ਦਏਂ ਸਿਰ ਜੇ ਬਸ ਮੌਜ ਲੱਗ ਜਾਏ ਤੇ ਕੰਮ ਟਿੱਚ ਹੋ ਜਾਏ ਮੁਟਿਆਰ : ਰੱਬਾ ਮੇਰੇ ਮਗਰੋਂ ਬੁਲਾ ਲੱਥ ਜਾਏ ਇਹ ਮਲੰਗ ਜੱਟ ਜੇ ਜੇਲ੍ਹ ਵਿੱਚ ਹੋ ਜਾਏ ਗੱਭਰੂ : ਕਾਹਨੂੰ ਐਵੇਂ ਦਿੰਨੀ ਐਂ ਸਰਾਪ ਜੱਟ ਨੂੰ ਕਦੇ ਕਾਵਾਂ ਦੇ ਕਹੇ ਤੋਂ ਮਰਦੇ ਨਾ ਢੋਰ ਨੀ ਪੈਲ ਪੌਣੀ ਭੁੱਲ ਗਏ... ਮੁਟਿਆਰ : ਬੋਕ ਦੇ ਸਿੰਗਾਂ ਨੂੰ ਹੱਥ ਪਾ ਲਏ ਭੁੱਲਕੇ ਕਿਉਂ ਕਸੂਤਾ ਬੋਲ ਪਈ ਮੈਂ ਜੱਟਾਂ ਦੇ ਪੁੱਤ ਨੂੰ ਗੱਭਰੂ : ਮਾਰਕੇ ਘਸੁੰਨ ਵਲਛਲ ਕੱਢ ਦੂੰਗਾ ਕਾਨੇ ਵਾਂਗ ਹੋ ਜਾਏਂਗੀ ਜਾਂ ਵਟ ਦੇ ਲਿਆ ਗੁੱਤ ਨੂੰ ਮੁਟਿਆਰ : ਹੋਸ਼ ਨਾਲ ਬੋਲ ਵੇ ਹੰਕਾਰਿਆ ਜੱਟਾ ਮੈਂ ਕਿਧਰੋਂ ਬਣਾਲਿਆ ਤੂੰ ਸੱਜਰਾ ਸ਼ਰੀਕ ਵੇ ਜੁੱਤੀਆਂ ਬਗੈਰ ਤੂੰ ਨਾ ਹੋਣਾ ਠੀਕ ਵੇ ਗੱਭਰੂ : ਆਪਣੀ ਆਈ ਤੇ ਜੱਟ ਆ ਗਿਆ ਜੱਟੀਏ ਭੱਜਣਾ ਤਾਂ ਭੱਜ ਜਾ ਨੀ ਬਚਾਕੇ ਜਾਨ ਨੂੰ ਮੁਟਿਆਰ : ਹੱਥ ਜੁੜਵਾ ਲਓ ਵੇ ਮਰਾੜ੍ਹਾਂ ਵਾਲਿਓ ਵੇ ਨਗਰ ਵਾਸੀਓ ਫੜ੍ਹਿਓ ਜੇ ਮਾਨ ਨੂੰ ਗੱਭਰੂ : ਅੱਗੇ ਅੱਗੇ ਜੱਟੀ ਪਿੱਛੇ ਜੱਟ ਭੱਜਿਆ ਸੀ ਵਟੋਵੱਟ ਭੱਜਿਆ ਗੇੜਾ ਖਾਕੇ ਡਿਗ ਪਿਆ ਜਦੋਂ ਦਾਰੂ ਲਹਿ ਗਈ ਪੈਰੀਂ ਆਕੇ ਡਿੱਗ ਪਿਆ।