ਪੰਜਾਬੀ ਗੀਤਕਾਰੀ ਵਿੱਚ ਸ. ਬਾਬੂ ਸਿੰਘ ਮਾਨ ਦਾ ਨਾਂ ਬਹੁਤ ਉਚੇਰਾ ਹੈ। ਅਦਬੀ ਮਹੱਤਵ ਵਾਲੇ ਗੀਤਾਂ ਦੀ ਥਾਂ ਉਨ੍ਹਾਂ ਦੇ ਪ੍ਰਚੱਲਤ ਤੇ ਲੋਕ ਪ੍ਰਵਾਨ ਗੀਤ ਵਧੇਰੇ ਸਾਹਮਣੇ ਆਏ ਹਨ।
ਮੁਹਾਵਰੇਦਾਰ ਪੰਜਾਬੀ ਗੀਤਕਾਰੀ ਵਿੱਚ ਉਹ ਗੁਰਦੇਵ ਸਿੰਘ ਮਾਨ ਤੇ ਦੀਦਾਰ ਸੰਧੂ ਵਾਂਗ ਪੰਜਾਬ ਦੇ ਪੇਂਡੂ ਮੁਹਾਵਰੇ ਦੇ ਸਫ਼ਲ ਪੇਸ਼ਕਾਰ ਹਨ। ਮੇਰੀ ਉਮਰ ਤੋਂ ਲੈ ਕੇ ਹੁਣ ਤੀਕ ਦੇ ਗੱਭਰੂਆਂ ਨੂੰ ਉਹ ਪਿਛਲੇ ਸੱਠ ਸਾਲ ਤੋਂ ਲੋਕ ਗੀਤਾਂ ਵਰਗੇ ਗੀਤ ਲਿਖ ਲਿਖ ਜਵਾਨ ਰੱਖਦੇ ਰਹੇ ਹਨ।
ਬਾਬੂ ਸਿੰਘ ਮਾਨ ਨੂੰ ਔਖੀ ਸ਼ਬਦਾਵਲੀ ਵਾਲੀ ਕਵਿਤਾ ਦੀ ਜਿੱਲ੍ਹਣ ਚੋਂ ਕੱਢ ਕੇ ਲੋਕ ਸੰਗੀਤ ਦੇ ਅੰਬਰ ਵਿੱਚ ਤਾਰੀਆਂ ਲਾਉਣ ਦੇ ਰਾਹ ਪਾਉਣ ਵਾਲੇ ਪ੍ਰਸਿੱਧ ਪੰਜਾਬੀ ਨਾਵਲਕਾਰ ਤੇ ਬਰਜਿੰਦਰਾ ਕਾਲਿਜ ਫ਼ਰੀਦਕੋਟ ਵਿੱਚ ਸ. ਬਾਬੂ ਸਿੰਘ ਮਾਨ ਦੇ ਅੰਗਰੇਜ਼ੀ ਅਧਿਆਪਕ ਪ੍ਰੋ. ਸੁਰਿੰਦਰ ਸਿੰਘ ਨਰੂਲਾ ਸਨ। ਉਨ੍ਹਾਂ ਹੀ ਮਾਨ ਸਾਹਿਬ ਨੂੰ ਪ੍ਰੇਰਿਆ ਕਿ ਜੇ ਤੁਸੀਂ ਪੇਂਡੂ ਮੁੰਡੇ ਵੀ ਪੰਡਤਾਊ ਕਿਤਾਬੀ ਕਵਿਤਾ ਲਿਖਣ ਲੱਗ ਪਏ ਤਾਂ ਪਿੰਡ ਦੀ ਜ਼ਬਾਨ ਕੌਣ ਸੰਭਾਲੇਗਾ।
10 ਅਕਤੂਬਰ 1942 ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਰ੍ਹਾੜ ਵਿੱਚ ਸ. ਇੰਦਰ ਸਿੰਘ ਤੇ ਮਾਤਾ ਜੀ ਆਸ ਕੌਰ ਦੇ ਘਰ ਪੈਦਾ ਹੋਏ ਬਾਬੂ ਸਿੰਘ ਮਾਨ ਨੇ ਨੇੜਲੇ ਪਿੰਡ ਜੰਡ ਸਾਹਿਬ ਤੋਂ ਮੁੱਢਲੀ ਸਿੱਖਿਆ ਹਾਸਲ ਕਰਕੇ ਉਚੇਰੀ ਸਿੱਖਿਆ ਬਰਜਿੰਦਰਾ ਕਾਲਿਜ ਫ਼ਰੀਦਕੋਟ ਤੋਂ ਹਾਸਲ ਕੀਤੀ।
ਕਰਤਾਰ ਸਿੰਘ ਬਲੱਗਣ ਦੇ ਸਾਹਿੱਤਕ ਮੈਗਜ਼ੀਨ “ਕਵਿਤਾ” ਵਿੱਚ ਬਾਬੂ ਸਿੰਘ ਮਾਨ ਦਾ ਪਹਿਲਾ ਗੀਤ” ਦੁੱਧ ਕਾੜ੍ਹ ਕੇ ਜਾਗ ਨਾ ਲਾਵਾਂ, ਤੇਰੀਆਂ ਉਡੀਕਾਂ ਹਾਣੀਆਂ “ ਛਪਿਆ। ਉਨ੍ਹਾਂ ਦਾ ਪਹਿਲਾ ਗੀਤ ਸੰਗ੍ਰਹਿ “ ਗੀਤਾਂ ਦਾ ਵਣਜਾਰਾ “ 1963 ਵਿੱਚ ਛਪਿਆ।
ਹੁਣ ਤੀਕ ਪੁਸਤਕਾਂ,ਰੀਕਾਰਡਜ਼, ਸੀ ਡੀਜ਼ ਤੇ ਹੋਰ ਮਾਧਿਅਮਾਂ ਵਿੱਚ ਆਪ ਦੇ ਹਜ਼ਾਰਾਂ ਗੀਤ ਰੀਕਾਰਡ ਹੋ ਚੁਕੇ ਹਨ। ਪੰਜਾਬੀ ਫ਼ਿਲਮ ਸਾਜ਼ ਤੇ ਕਹਾਣੀਕਾਰ ਵਜੋਂ ਵੀ ਆਪ ਨੇ ਮਹੱਤਵਪੂਰਨ ਪਛਾਣ ਬਣਾਈ ਹੈ।
ਸ. ਬਾਬੂ ਸਿੰਘ ਮਾਨ ਨੂੰ ਇਸ ਗੱਲ ਦਾ ਬਹੁਤ ਹਿਰਖ ਹੈ ਕਿ ਉਨ੍ਹਾਂ ਦੇ ਗੀਤਾਂ ਦੇ ਸ਼ਬਦਾਂ ਨਾਲ ਅਰਥੋਂ ਅਨਰਥ ਕਈ ਲੋਕ ਗੀਤ ਦਾ ਹੁਲੀਆ ਤੇ ਅਰਥ ਵਿਗਾੜ ਦੇਂਦੇ ਹਨ। ਉਨ੍ਹਾਂ ਦਾ ਬਹੁਤ ਹੀ ਖ਼ੂਬਸੂਰਤ ਗੀਤ ਹੈ,-
ਪਿੱਛੇ ਪਿੱਛੇ ਆਉਂਦਾ ਮੇਰੀ ਪੈੜ ਵੇਂਹਦਾ ਆਈਂ,
ਚੀਰੇ ਵਾਲਿਆ ਢੂੰਡ ਕੇ ਲਿਆਈਂ ਵੇ।
ਮੇਰਾ ਲੌਂਗ ਗੁਆਚਾ, ਨਿਗ੍ਹਾ ਮਾਹਦਾ ਆਈਂ ਵੇ।
ਇਸ ਗੀਤ ਨੂੰ ਪਾਕਿਸਤਾਨ ਮੂਲ ਦੀ ਵਲਾਇਤ ਵੱਸਦੀ ਗਾਇਕਾ ਮੁਸੱਰਤ ਨਜ਼ੀਰ ਨੇ ਇੰਜ ਗਾ ਕੇ ਸਦਾ ਲਈ ਸਰੋਤੇ ਕੁਰਾਹੇ ਪਾ ਦਿੱਤੇ।
ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਹਦਾ ਆਈਂ,
ਚੀਰੇ ਵਾਲਿਆ ਢੂੰਡ ਕੇ ਲਿਆਈਂ ਵੇ।
ਮੇਰਾ ਲੌਂਗ ਗਵਾਚਾ ਨਿਗ੍ਹਾ ਮਾਰਦਾ ਆਈਂ ਵੇ।
ਮਾਨ ਸਾਹਿਬ ਪੁੱਛਦੇ ਹਨ ਕਿ ਭਾਈ ਬੀਬੀ! “ਪੈੜ”ਵੇਖਿਆਂ ਤਾਂ ਲੌਂਗ ਲੱਭ ਸਕਦੈ ਪਰ “ਚਾਲ” ਵੇਖਿਆਂ ਕਿਵੇਂ ਲੱਭੂ?
ਸ. ਬਾਬੂ ਸਿੰਘ ਮਾਨ ਇਸ ਵਕਤ ਮੋਹਾਲੀ ਤੇ ਆਪਣੇ ਜੱਦੀ ਪਿੰਡ ਵਿੱਚ ਆਪਣੇ ਪਰਿਵਾਰ ਨਾਲ ਵਧੇਰਾ ਵਕਤ ਗੁਜ਼ਾਰਦੇ ਹਨ। ਮੇਰੇ ਵਰਗੇ ਅਨੇਕਾਂ ਲਿਖਣ ਵਾਲਿਆਂ ਲਈ ਉਹ ਜ਼ਬਾਨ ਦਾਨੀ ਪੱਖੋਂ ਰੌਸ਼ਨ ਮੀਨਾਰ ਹਨ। ਲੰਮੀ ਤੇ ਸਿਹਤਯਾਬ ਉਮਰ ਦੀ ਅਰਦਾਸ ਹੈ।
-ਗੁਰਭਜਨ ਗਿੱਲ