Punjabi Poetry : Azad Jalandhari

ਪੰਜਾਬੀ ਰਚਨਾਵਾਂ : ਆਜ਼ਾਦ ਜਲੰਧਰੀ


ਗੀਤ ਬੋਲਣਗੇ

ਗ਼ਮਾਂ ਦੇ ਮਾਰਿਆਂ ਨਾਲ ਬੈਠ ਕੇ ਦੁੱਖ ਦਰਦ ਫੋਲਣਗੇ ਜਦੋਂ ਮੈਂ ਤੁਰ ਗਿਆ ਪਿਛੋਂ ਇਹ ਮੇਰੇ ਗੀਤ ਬੋਲਣਗੇ। ਇਨ੍ਹਾਂ ਗੀਤਾਂ ਨੂੰ ਮੈਂ ਉਂਗਲੀ ਫ਼ਕੀਰਾਂ ਦੀ ਫੜਾ ਚਲਿਆਂ ਮੈਂ ਅਵਤਾਰਾਂ ਦੀਆਂ ਰੂਹਾਂ ਇਨ੍ਹਾਂ ਗੀਤਾਂ 'ਚ ਪਾ ਚਲਿਆਂ। ਇਹ ਸੋਮੇ ਪਿਆਰ ਦੇ ਫੁਟਕੇ ਇਲਾਹੀ ਰਾਜ ਖੋਲ੍ਹਣਗੇ ਜਦੋਂ ਮੈਂ ਤੁਰ ਗਿਆ ਪਿਛੋਂ ਇਹ ਮੇਰੇ ਗੀਤ ਬੋਲਣਗੇ। ਮੈਂ ਇਕ ਇਕ ਹਰਫ਼ ਦੇ ਵਿੱਚ ਦਰਦ ਲੋਕਾਂ ਦੇ ਲੁਕੋਏ ਨੇ ਇਨ੍ਹਾਂ ਗੀਤਾਂ ‘ਚ ਮਜ਼ਲੂਮਾਂ ਦੇ ਮੈਂ ਅਥਰੂ ਪਰੋਏ ਨੇ। ਸਹਾਰਾ ਦੇਣਗੇ ਇਹ ਗੀਤ ਜਦ ਮਜਬੂਰ ਡੋਲਣਗੇ ਜਦੋਂ ਮੈਂ ਤੁਰ ਗਿਆ ਪਿਛੋਂ ਇਹ ਮੇਰੇ ਗੀਤ ਬੋਲਣਗੇ। ਮੇਰੇ ਖ਼ੁਦਦਾਰ ਗੀਤਾਂ ਦੀ ਇਹ ਗੈਰਤ ਜਾਗ ਉਠੇਗੀ, ਮੇਰੀ ਮਿੱਟੀ ਦੇ ਕਣ ਕਣ ਚੋਂ ਬਗ਼ਾਵਤ ਜਾਗ ਉਠੇਗੀ। ਮੇਰੀ ਕਵਿਤਾ ਨੂੰ ਜਦ ਧੰਨਵਾਨ ਮਾਇਆ ਨਾਲ ਤੋਲਣਗੇ ਜਦੋਂ ਮੈਂ ਤੁਰ ਗਿਆ ਪਿਛੋਂ ਇਹ ਮੇਰੇ ਗੀਤ ਬੋਲਣਗੇ। ਮੇਰੇ ਨਾਜ਼ੁਕ ਜਹੇ ਇਹ ਗੀਤ ਬਣ ਜਾਵਣਗੇ ਅੰਗਾਰੇ ਵਪਾਰੀ ਜਿਉਂਦੀਆਂ ਲਾਸ਼ਾਂ ਦੇ ਮਜ਼ਲੂਮਾਂ ਦੇ ਹੱਤਿਆਰੇ। ਜਦੋਂ ਗਲੀਆਂ ਦੇ ਵਿੱਚ ਮਸੂਮ ਕਲੀਆਂ ਨੂੰ ਮਧੋਲਣਗੇ। ਜਦੋਂ ਮੈਂ ਤੁਰ ਗਿਆ ਪਿਛੋਂ ਇਹ ਮੇਰੇ ਗੀਤ ਬੋਲਣਗੇ। ਫ਼ਲਕ ਨੂੰ ਚੀਰ ਜਾਵਣਗੇ ਜਦੋਂ ਹਉਕੇ ਗਰੀਬਾਂ ਦੇ ਜਦੋਂ ਰੋਟੀ ਲਈ ਵਿੱਕ ਜਾਣਗੇ ਮਾਰੇ ਨਸੀਬਾਂ ਦੇ ਜਦੋਂ ਜ਼ਰਦਾਰ ਮੁਫਲਿਸ ਦੀ ਹਯਾ ਮਿੱਟੀ ‘ਚ ਰੋਲਣਗੇ ਜਦੋਂ ਮੈਂ ਤੁਰ ਗਿਆ ਪਿਛੋਂ ਇਹ ਮੇਰੇ ਗੀਤ ਬੋਲਣਗੇ। ਗ਼ਮਾਂ ਦੇ ਮਾਰੂਥਲ ਅੰਦਰ ਜਦੋਂ ਮੈਂ ਖੋਅ ਗਿਆ ਕਿਧਰੇ, ਜਦੋਂ ਪੱਥਰਾਂ ਦੇ ਮੈਂ ਇਹ ਸ਼ਹਿਰ ਵਿਚ ਗੁੰਮ ਹੋ ਗਿਆ ਕਿਧਰੇ, ਮੇਰੇ ਆਜ਼ਾਦ ਗੀਤਾਂ ਚੋਂ ਇਹ ਮੈਨੂੰ ਯਾਰ ਟੋਹਲਣਗੇ। ਜਦੋਂ ਮੈਂ ਤੁਰ ਗਿਆ ਪਿਛੋਂ ਇਹ ਮੇਰੇ ਗੀਤ ਬੋਲਣਗੇ।

ਖੇਡਦੇ ਸਨ ਜੋ ਕਦੇ ਬਚਪਨ ਦਿਆਂ ਯਾਰਾਂ ਦੇ ਨਾਲ

ਖੇਡਦੇ ਸਨ ਜੋ ਕਦੇ ਬਚਪਨ ਦਿਆਂ ਯਾਰਾਂ ਦੇ ਨਾਲ। ਆ ਗਏ ਛਡਕੇ ਵਤਨ ਘਰ ਬਾਰ ਪਰਿਵਾਰਾਂ ਦੇ ਨਾਲ। ਦਿਲ ਦੇ ਬੀਮਾਰਾਂ ਤੋਂ ਬਚਕੇ ਆਏ ਸਾਂ ਏਥੇ ਮਗਰ, ਦੋਸਤੀ ਕਰਨੀ ਪਈ ਏ ਰੂਹ ਦੇ ਬੀਮਾਰਾਂ ਦੇ ਨਾਲ। ਜਾਲ ਵਿਚ ਫਸਦੇ ਨੇ ਪੰਛੀ ਦਾਣਿਆਂ ਦੇ ਲੋਭ ਨੂੰ, ਹੋ ਰਿਹਾ ਇਹ ਖੇਲ ਸਦੀਆਂ ਤੋਂ ਹੈ ਲਾਚਾਰਾਂ ਦੇ ਨਾਲ। ਲੈ ਕੇ ਪਰਦੇਸਾਂ 'ਚ ਆਈਆਂ ਜਿਹਨਾਂ ਨੂੰ ਮਜ਼ਬੂਰੀਆਂ, ਮੈਂ ਕਈ ਦੇਖੇ ਨੇ ਰੋਂਦੇ ਲਗਕੇ ਦੀਵਾਰਾਂ ਦੇ ਨਾਲ। ਘੋਲਕੇ ਮੈਅ ਦੇ ਪਿਆਲੇ ਵਿਚ ਇਹ ਪਾ ਜਾਂਦੇ ਨੇ ਗ਼ਮ, ਰਾਤ ਦਿਨ ਪਏ ਖੇਡਦੇ ਨਾਦਾਨ ਅੰਗਿਆਰਾਂ ਦੇ ਨਾਲ। ਮਿਲ ਗਏ ਡਾਲਰ ਬੜੇ ਔਲਾਦ ਪਰ ਹੱਥੋਂ ਗਈ, ਜੂਝਦੇ ਮਾਪੇ ਨੇ ਫਿਰ ਵੀ ਅਪਣੇ ਰੁਜ਼ਗਾਰਾਂ ਦੇ ਨਾਲ। ਇਸ ਮਸ਼ੀਨਾਂ ਦੇ ਸ਼ਹਿਰ ਵਿਚ ਆ ਤੇ ਪੁੱਜੇ ਹਾਂ “ਅਜ਼ਾਦ’ ਕਿਸ ਤਰ੍ਹਾਂ ਦੌੜਾਂਗੇ ਯਾਰੋ, ਤੇਜ਼ ਰਫ਼ਤਾਰਾਂ ਦੇ ਨਾਲ। ਬਰਫ਼ ਹੇਠ ਦੱਬੇ ਹਰਫ਼

ਅਸੀਂ ਜੰਮੇ ਪਲੇ ਜਿੱਥੇ ਸੀ ਉਹ ਧਰਤੀ ਭੁਲਾ ਆਏ

ਅਸੀਂ ਜੰਮੇ ਪਲੇ ਜਿੱਥੇ ਸੀ ਉਹ ਧਰਤੀ ਭੁਲਾ ਆਏ। ਮੁਹੱਬਤ ਪਿਆਰ ਵਤਨਾਂ ਦਾ ਤੇ ਸਭ ਸਾਝਾਂ ਮੁਕਾ ਆਏ। ਬਸ ਐਨਾ ਰਹਿ ਗਿਆ ਸਾਡਾ ਵਤਨ ਦੇ ਨਾਲ ਹੁਣ ਰਿਸ਼ਤਾ, ਵ੍ਹਰੀਂ ਸਾਲੀਂ ਕਿਤੇ ਬਾਲਾਂ ਨੂੰ ਪਿੰਡ ਅਪਣਾ ਦਖਾ ਆਏ। ਜਿਨ੍ਹਾਂ ਵਿਚ ਮਿਹਨਤਾਂ ਕਰਕੇ ਬਜ਼ੁਰਗਾਂ ਪਾਲਿਆ ਸਾਨੂੰ, ਅਸੀਂ ਉਹ ਭੰਗ ਦੇ ਭਾੜੇ ਨਿਸ਼ਾਨੀ ਵੀ ਲੁਟਾ ਆਏ। ਬਸ ਐਨੀ ਰਹਿ ਗਈ ਸਾਡੀ ਵਤਨ ਵਿਚ ਹੁਣ ਜ਼ਮੀਂਦਾਰੀ, ਕਿਰਾਏ ਲਈ ਰਹਿਨ ਰੱਖੀਆਂ ਜ਼ਮੀਨਾਂ ਹਾਂ ਛੁੜਾ ਆਏ। ਜੇ ਡਾਲਰ ਨੇ ਤਾਂ ਜ਼ਰਬਾਂ ਨੇ ਰੁਪਈਏ ਨੇ ਤਾਂ ਤਕਸੀਮਾਂ, ਕਦੇ ਰੋਕੜ ਵਧਾ ਆਏ ਕਦੇ ਰੋਕੜ ਘਟਾ ਆਏ। ਵਤਨ ਦੇ ਦੋਸਤਾਂ ਸੰਗ ਰਹਿ ਗਈ ਹੁਣ ਦੋਸਤੀ ਐਨੀ, ਕਦੇ ਚਾਹ ਪੀ ਲਈ ਬਹਿਕੇ ਯਾ ਦੋ ਫੋਟੋ ਖਿਚਾ ਆਏ। ਖ਼ਿਆਲਾਂ ਵਿਚ ਵੀ ਹੁਣ ਸਾਡੇ ਹਨ੍ਹੇਰਾ ਈ ਹਨ੍ਹੇਰਾ ਏ, ਅਸੀਂ ਵਤਨਾਂ ਦੀਆਂ ਯਾਦਾਂ ਦੇ ਸਭ ਦੀਵੇ ਬੁਝਾ ਆਏ। ਕਦੀ ਪਰਤੇ ਵੀ ਜੇ ‘ਆਜ਼ਾਦ’ ਵਤਨੀਂ ਬਹਿਣਗੇ ਕਿੱਥੇ, ਜੋ ਰੁੱਖ ਮਮਤਾ ਦੀਆਂ ਛਾਂਵਾਂ ਦੇ ਹਾਂ ਹੱਥੀਂ ਜਲਾ ਆਏ। ਬਰਫ਼ ਹੇਠ ਦੱਬੇ ਹਰਫ਼

ਆਦਮੀ ਦਾ ਕੰਮ ਜਦੋਂ ਸਰਦਾ ਨਜ਼ਰ ਆਉਂਦਾ ਨਹੀਂ

ਆਦਮੀ ਦਾ ਕੰਮ ਜਦੋਂ ਸਰਦਾ ਨਜ਼ਰ ਆਉਂਦਾ ਨਹੀਂ। ਭਟਕਦਾ ਫਿਰਦਾ ਇਹ ਕੀ ਕਰਨਾ ਨਜ਼ਰ ਆਉਂਦਾ ਨਹੀਂ। ਖ਼ਿਰਦਮੰਦਾਂ ਦੀ ਕਮੀ ਕੋਈ ਨਹੀਂ ਸੰਸਾਰ 'ਤੇ, ਕੋਈ ਦੀਵਾਨਾ ਉਹਦੇ ਦਰ ਦਾ ਨਜ਼ਰ ਆਉਂਦਾ ਨਹੀਂ। ਮਿਟ ਗਏ ਸ਼ਾਇਦ ਹਕੀਕੀ ਆਸ਼ਿਕਾਂ ਦੇ ਨੇ ਵਜੂਦ, ਕੱਚਿਆਂ ਘੜਿਆਂ ਤੇ ਕੁਈ ਤਰਦਾ ਨਜ਼ਰ ਆਉਂਦਾ ਨਹੀਂ। ਕੀ ਕਰੇਗਾ ਦੂਜਿਆਂ ਖ਼ਾਤਰ ਕਿ ਜਿਸ ਇਨਸਾਨ ਨੂੰ, ਘਰ ਚਿ ਬੈਠਾ ਆਦਮੀ ਘਰ ਦਾ ਨਜ਼ਰ ਆਉਂਦਾ ਨਹੀਂ। ਜਦ ਵੀ ਮਿਲਦੈਂ ਛੇੜ ਬਹਿਨੈਂ ਦੋਸਤਾਂ ਦੇ ਤੂੰ ਗਿਲੇ, ਦੋਸਤਾਂ ਲਈ ਤੂੰ ਭੀ ਕੁਝ ਕਰਦਾ ਨਜ਼ਰ ਆਉਂਦਾ ਨਹੀਂ। ਹੋ ਸਕੇ ‘ਆਜ਼ਾਦ’ ਤਾਂ ਕੁਝ ਪਿਆਰ ਦੀ ਮਰਹਮ ਲਗਾ, ਜ਼ਖ਼ਮ ਤੇਰੇ ਦਿਲ ਦਾ ਜੇ ਭਰਦਾ ਨਜ਼ਰ ਆਉਂਦਾ ਨਹੀਂ। ਬਰਫ਼ ਹੇਠ ਦੱਬੇ ਹਰਫ਼

ਪੈਰਾਂ ਦੇ ਹੇਠ ਧਰਤੀ ਸਿਰ ਆਸਮਾਨ ਲੈ ਕੇ

ਪੈਰਾਂ ਦੇ ਹੇਠ ਧਰਤੀ ਸਿਰ ਆਸਮਾਨ ਲੈ ਕੇ। ਉਠਿਆ ਹਾਂ ਨਾਲ ਅਪਣੇ ਸਾਰਾ ਜਹਾਨ ਲੈ ਕੇ। ਲਾਜ਼ਿਮ ਨਹੀਂ ਮੈਂ ਲੋਕੋ ਅਪਣੀ ਜ਼ੁਬਾਨ ਖੋਲ੍ਹਾਂ, ਬੋਲਣਗੇ ਸ਼ੇਅਰ ਮੇਰੇ ਸੌ ਸੌ ਜ਼ੁਬਾਨ ਲੈ ਕੇ। ਸ਼ੱਮਾਂ ਜਲੀ ਤਾਂ ਜਲਣਾ ਪਰਵਾਨਿਆਂ ਯਕੀਕਨ, ਕਦ ਮੌਤ ਦੇ ਖਿਲਾੜੀ ਭਜਦੇ ਨੇ ਜਾਨ ਲੈ ਕੇ। ਅੱਖਾਂ 'ਚ ਦੇਖ ਵਹਿਸ਼ਤ ਮੇਰੇ ਨਾ ਮੁਸਕਰਾ ਤੂੰ, ਪਲਕਾਂ ’ਤੇ ਵੇਖ ਹੰਝੂ ਆਏ ਤੁਫ਼ਾਨ ਲੈ ਕੇ। ਈਮਾਨ ਦੇ ਮੁਹਾਫ਼ਿਜ਼ ਈਮਾਨਦਾਰ ਨੇ ਜੋ, ਕਸਮਾਂ ਨਾ ਖਾਣ ਹਥ ਵਿਚ ਗੀਤਾ ਕੁਰਾਨ ਲੈ ਕੇ। ਹਰ ਇਕ ਲਹੂ ਦਾ ਕਤਰਾ ਪੈਦਾ ਕਰੂ ਬਗ਼ਾਵਤ, ਖ਼ੁਸ਼ ਹੋ ਰਿਹਾ ਹੈ ਮੇਰੀ ‘ਆਜ਼ਾਦ’ ਜਾਨ ਲੈ ਕੇ। ਬਰਫ਼ ਹੇਠ ਦੱਬੇ ਹਰਫ਼

ਗੁਰਬਾਣੀ 'ਚੋਂ ਗਿਆਨ

ਖੁਸ਼ਕਿਸਮਤ ਹਾਂ ਗੁਰੂ ਨਾਨਕ, ਜਿਹਾ ਰਹਿਬਰ ਮਿਲਿਆ। ਗੁਰਬਾਣੀ 'ਚੋਂ ਗਿਆਨ ਦਾ, ਮੈਨੂੰ ਸਾਗਰ ਮਿਲਿਆ। ਚੜ੍ਹੀ ਰਹੇ ਦਿਨ ਰਾਤ ਖੁਮਾਰੀ, ਜਿਸਦੀ ਮੈਨੂੰ, ਗੁਰੂ ਨਾਨਕ ਤੋਂ ਰਾਮ ਨਾਮ, ਰਤਨਾਗਰ ਮਿਲਿਆ। ਜਿੱਥੇ ਬਹਿਕੇ ਗੁਰਸਿੱਖ, ਮਾਲਿਕ ਦੇ ਗੁਣ ਗਾਉਂਦੇ, ਚੰਗੇ ਭਾਗ ਨੇ ਜੀਵਨ, ਦੇ ਵਿਚ ਸੋ ਦਰ ਮਿਲਿਆ। ਜਦ ਮੈਂ ਧਿਆਨ ਲਗਾ ਕੇ, ਸੁਰਤ ਇਕਾਗਰ ਕੀਤੀ, ਜੋ ਬ੍ਰਹਿਮੰਡੇ ਸੋਈ, ਪਿੰਡੇ ਅੰਦਰ ਮਿਲਿਆ। ਹੋਰ ਬਹੁਤ ਕੁਛ ਮਿਲਿਆ, ਗਿਆਨੀ ਉਸ ਮਾਲਿਕ ਤੋਂ, ਇਕ ਪਿਆਰਾ 'ਆਜ਼ਾਦ' ਜਿਹਾ, ਏ ਮਿੱਤਰ ਮਿਲਿਆ।

ਕੁਛ ਲੋਗੋਂ ਕੇ ਨਾਮ ਬੜੇ ਹੈਂ

ਕੁਛ ਲੋਗੋਂ ਕੇ ਨਾਮ ਬੜੇ ਹੈਂ ਕੁਛ ਲੋਗੋਂ ਕੇ ਕਾਮ ਬੜੇ ਹੈਂ ਕੈਸੇ ਪਿਆਰ ਕਰੇ ਕੋਈ ਮੁਫ਼ਲਿਸ ਉਲਫ਼ਤ ਕੇ ਅਬ ਦਾਮ ਬੜੇ ਹੈਂ ਜਾਨੇ ਕੌਨ ਸਾ ਲਬ ਤਕ ਪਹੁੰਚੇ ਮੈਖਾਨੇ ਮੇਂ ਜਾਮ ਬੜੇ ਹੈਂ ਹਮ ਕੋ ਰੁਸਵਾ ਕਰਨੇ ਵਾਲੇ ਖ਼ੁਦ ਭੀ ਤੋ ਬਦਨਾਮ ਬੜੇ ਹੈਂ ਤੁਮ ਕੈਸੇ ‘ਆਜ਼ਾਦ' ਬਚੋਗੇ ਤੁਮ ਪਰ ਭੀ ਇਲਜ਼ਾਮ ਬੜੇ ਹੈਂ ਗ਼ਮ-ਇ-ਹੈਯਾਤ

ਯੇਹ ਦੁਨੀਆ ਹੈ ਇਸ ਦੁਨੀਆ ਮੇਂ

ਯੇਹ ਦੁਨੀਆ ਹੈ ਇਸ ਦੁਨੀਆ ਮੇਂ ਇਨਸਾਨ ਬਦਲਤੇ ਰਹਿਤੇ ਹੈਂ ਘਰਵਾਰ ਤੋ ਵੋਹੀ ਪੁਰਾਨਾ ਹੈ ਮਹਿਮਾਨ ਬਦਲਤੇ ਰਹਿਤੇ ਹੈਂ ਕੁਛ ਲੋਗ ਜਹਾਂ ਮੇਂ ਐਸੇ ਹੈਂ ਜਿਨਕੀ ਪਹਿਚਾਨ ਨਹੀਂ ਮੁਮਕਿਨ ਚਿਹਰੇ ਪੇ ਚੜ੍ਹਾ ਕਰ ਯੇਹ ਚਿਹਰਾ ਪਹਿਚਾਨ ਬਦਲਤੇ ਰਹਿਤੇ ਹੈਂ ਇਸ ਅੰਧੀ ਬਹਿਰੀ ਦੁਨੀਆ ਮੇਂ ਇਨਸਾਫ਼ ਕੀ ਹਸਰਤ ਬੇ-ਮਾਅਨੀ ਦੌਲਤ ਕੇ ਲੀਏ ਯਹਾਂ ਮੁਨਸਿਫ਼ ਕੇ ਫ਼ਰਮਾਨ ਬਦਲਤੇ ਰਹਿਤੇ ਹੈਂ ਇਸ ਖ਼ੁਦਗਰਜ਼ੋ ਕੀ ਦੁਨੀਆ ਮੇਂ ਈਮਾਨ ਕਾ ਸੌਦਾ ਹੋਤਾ ਹੈ ਮਤਲਿਬ ਕੇ ਲੀਏ ਹਰ ਰੋਜ਼ ਯਹਾਂ ਭਗਵਾਨ ਬਦਲਤੇ ਰਹਿਤੇ ਹੈਂ ਇਨਸਾਨ ਵੋਹੀ, ਫ਼ਿਤਰਤ ਭੀ ਵੋਹੀ, ਔਰ ਵੋਹੀ ਪੁਰਾਨੇ ਅਫ਼ਸਾਨੇ ‘ਆਜ਼ਾਦ’ ਮਗਰ ਅਫ਼ਸਾਨੋਂ ਕੇ ਉਨਵਾਨ ਬਦਲਤੇ ਰਹਿਤੇ ਹੈਂ ਗ਼ਮ-ਇ-ਹੈਯਾਤ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਆਜ਼ਾਦ ਜਲੰਧਰੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ