Azad Jalandhari ਆਜ਼ਾਦ ਜਲੰਧਰੀ

ਆਜ਼ਾਦ ਜਲੰਧਰੀ (12 ਜਨਵਰੀ 1933 - 25 ਮਈ 2024 ) ਦਾ ਜਨਮ ਜਲੰਧਰ ਜ਼ਿਲ੍ਹੇ ਦੇ ਸ਼ਹਿਰ ਗੁਰਾਇਆ ਲਾਗੇ ਪੈਂਦੇ ਪਿੰਡ ਬੜਾ ਪਿੰਡ ਦੇ ਬਿਸ਼ਨ ਸਿੰਘ ਤੇ ਮਾਤਾ ਠਾਕੁਰ ਕੌਰ ਦੀ ਕੁੱਖ ‘ਚੋਂ ਹੋਇਆ। ਪਰਿਵਾਰ ਮਜ਼ਦੂਰੀ ਨਾਲ ਜੁੜਿਆ ਹੋਇਆ ਸੀ, ਪਰ ਕਹਿੰਦੇ ਨੇ ਧੁਰੋਂ ਲਿਖੇ ਲੇਖਾਂ ਨੇ ਚਮਕ ਮਾਰਨੀ ਹੀ ਹੁੰਦੀ ਹੈ। ਬਾਪ ਨੇ ਆਪਣੇ ਪੁੱਤਰ ਦਾ ਨਾਮ ਤਾਂ ਕਿਹਰ ਚੰਦ ਸੁਮਨ ਰੱਖਿਆ ਸੀ । ਦੇਸ਼ ਦੀ ਵੰਡ ਦੇ ਹਾਲਾਤ ਕਾਰਨ ਭਾਵੇਂ ਪੜ੍ਹਾਈ ਦਾ ਮਹੌਲ ਸਾਜ਼ਗਾਰ ਨਹੀਂ ਸੀ ਪਰ ਫਿਰ ਵੀ 1948 ‘ਚ ਰਾਮਗੜ੍ਹੀਆ ਸਕੂਲ ਫਗਵਾੜਾ ਤੋਂ ਆਜ਼ਾਦ ਨੇ ਅੱਠਵੀਂ ਪਾਸ ਕੀਤੀ ਅਤੇ 1950 ‘ਚ ਭਾਰਤ ਦੇ ਗ੍ਰਹਿ ਵਿਭਾਗ ‘ਚ ਦਿੱਲੀ ਆ ਕੇ ਨੌਕਰੀ ਕਰ ਲਈ। ਇੱਥੇ ਆ ਕੇ ਪੈਰਾਡਾਈਜ਼ ਆਰਟਸ ਕਲੱਬ ਬਣਾਇਆ, ਸਾਹਿਤਕ ਤੇ ਸੰਗੀਤਕ ਮਹਿਫਲਾਂ ਦਾ ਮਹੌਲ ਸਿਰਜਿਆ ਤੇ ਇਸ ਰੰਗਲੇ ਮਹੌਲ ਨੂੰ ਛੱਡ ਕੇ ਉਹ 1978 ‘ਚ ਕੈਲੀਫੋਰਨੀਆ ਦੇ ਸਿਲੀਕਾਨ ਵੈਲੀ ‘ਚ ਪੈਂਦੇ ਸੈਨਹੋਜ਼ੇ ਸ਼ਹਿਰ ‘ਚ ਗੁਰਮੀਤ ਕੌਰ (ਸਵ.) ਨਾਲ ਵਿਆਹ ਕਰਵਾ ਕੇ ਵਸ ਗਿਆ ਜਿਸ ਦੀ ਕੁੱਖੋਂ ਦੋ ਪੁੱਤਰਾਂ ਤੇ ਇਕ ਧੀ ਨੇ ਜਨਮ ਲਿਆ ਅਤੇ ਇਕ ਪੁੱਤਰ ਝਟਕਾ ਦੇ ਕੇ ਮੌਤ ਦੇ ਰਾਹ ਤੁਰ ਗਿਆ। ਆਜ਼ਾਦ ਸੰਭਲਿਆ ਤੇ ਉਸ ਨੇ ਅਮਰੀਕਾ ਆ ਕੇ ਵੀ ਆਪਣੇ ਅੰਦਰਲੇ ਸ਼ਾਇਰ ਨੂੰ ਮਰਨ ਨਹੀਂ ਦਿੱਤਾ। ਗੁਰੂਘਰ ‘ਚ ਕੀਰਤਨ ਕੀਤਾ, ਮੁਸ਼ਾਇਰੇ ਕਰਵਾਏ ਤੇ ਇਹ ਕਹਿਣਾ ਪਵੇਗਾ ਕਿ ਆਜ਼ਾਦ ਜਲੰਧਰੀ ਅਮਰੀਕਾ ਵਸਦੇ ਸਾਹਿਤਕਾਰਾਂ, ਕਵੀਆਂ, ਗਾਇਕਾਂ ਤੇ ਗੀਤਕਾਰਾਂ ਲਈ ਇਕ ਪੂਜਣਯੋਗ ਨਾਮ ਹੈ ਤੇ ਰਹੇਗਾ ਵੀ। ਇੱਥੇ ਐੱਚ.ਐੱਸ. ਭਜਨ, ਤਰਲੋਕ ਸਿੰਘ, ਅਨੂਪ ਚੀਮਾ, ਸਤਪਾਲ ਦਿਓਲ ਤੇ ਸੁਖਦੇਵ ਸਾਹਿਲ ਨੇ ਉਸ ਦੀਆਂ ਕਾਵਿ ਰਚਨਾਵਾਂ ਨੂੰ ਅਵਾਜ਼ ਦਿੱਤੀ।
ਉਨ੍ਹਾਂ ਨੇ ਦਸ ਪੁਸਤਕਾਂ ਸਾਹਿਤ ਜਗਤ ਦੀ ਝੋਲੀ ਪਾਈਆਂ ਹਨ, ਇਨ੍ਹਾਂ ‘ਚੋਂ ਅੱਠ ਪੰਜਾਬੀ, ਇਕ ਉਰਦੂ ਅਤੇ ਇਕ ਹਿੰਦੀ ਰੰਗ ਵਿਚ ਹੈ। ਇਨ੍ਹਾਂ ‘ਚ ਮਨੁੱਖੀ ਕਿਰਦਾਰ, ਜੀਵਨ ਉਪਦੇਸ਼, ਜੀਵਨ ਮਿਸ਼ਨ, ਅਧਿਆਤਮ ਫ਼ਿਲਾਸਫ਼ੀ ਤੇ ਮਾਨਵ ਕਲਿਆਣ ਦੀ ਪ੍ਰੇਰਨਾ ਦਾ ਨਿਵੇਕਲਾ ਰੂਪ ਜਿਵੇਂ ਕਹਿੰਦੇ ਨੇ ਅਠੌਤਰੀ ਮਾਲਾ ਦੇ 108 ਮਣਕੇ ਹੁੰਦੇ ਹਨ, ਉਵੇਂ ਉਸ ਦੀ ਪਹਿਲੀ ਪੰਜਾਬੀ ਪੁਸਤਕ ‘ਰੁਬਾਈ ਮਾਲਾ’ ‘ਚ 108 ਰੁਬਾਈਆਂ ਹਨ।