Punjabi Poetry : Atamjeet Hanspal

ਪੰਜਾਬੀ ਗ਼ਜ਼ਲਾਂ : ਆਤਮਜੀਤ ਹੰਸਪਾਲ


ਸਭ ਉੱਜੜੇ ਬਾਗ ਉਮੰਗਾਂ ਦੇ

ਸਭ ਉੱਜੜੇ ਬਾਗ ਉਮੰਗਾਂ ਦੇ। ਕਿਥੇ ਰਹੀਏ ਟੋਟੇ ਵੰਗਾਂ ਦੇ। ਮਨ ਦਾ ਕੱਜਣ ਮੈਲਾ ਮੈਲਾ, ਨਹੀਂ ਚੜ੍ਹਦੇ ਰੰਗ ਕੋਈ ਰੰਗਾਂ ਦੇ। ਨਸ਼ਾ ਧਰਮ ਦਾ ਅੰਨ੍ਹਿਆਂ ਕਰ ਦਏ, ਤੋਟੇ ਨੇ ਅਫ਼ੀਮਾਂ ਭੰਗਾਂ ਦੇ। ਦਿਲ ਬਿਨ ਹੈ ਸਭ ਕੁਝ ਕੋਲ ਉਹਨਾਂ ਦੇ, ਕੀ ਕਰਨਾ ਜਾ ਕੇ ਨੰਗਾਂ ਦੇ। ਛੁਹ ਸੰਗ ਸਰਦਲ ਟਹਿਕ ਪਏ, ਰੰਗ ਪੂਜੀਏ ਉਹਨਾਂ ਅੰਗਾਂ ਦੇ। ਸੰਗ ਸੰਗ ਵਿਚ ਡੁਬੀਏ ਜੇ ਬੇਕਾਰਨ, ਲੱਖ ਲਾਹਨਤ ਐਸੀਆਂ ਸੰਗਾਂ ਦੇ। ਕੁਈ ਪ੍ਰਵਾਜ਼ ਭਰੀ ਨਾ ਹੱਸਤੀ ਨੇ, ਕੀ ਕਰੀਏ ਰੰਗਾ-ਰੰਗ ਦੇ ਫੰਗਾਂ ਦੇ। ਵੈਰੀ ਦੇ ਡੰਗ ਤਾਂ ਓਤਰ ਗਏ, ਦਰਦ ਤਾਂ ਰਹਿਣੇਂ, ਮਿੱਤਰਾਂ ਮਾਰੇ ਡੰਗਾਂ ਦੇ। ਚੁਪ ਤੇਰੀ ਤਾਂ ਠੀਕ ਹੀ ਹੋਸੀ, ਨਹੀਂ ਮੇਚ ਮੇਰੀਆਂ ਮੰਗਾਂ ਦੇ। ਤਰੇਲ 'ਚ ਨ੍ਹਾਤੀ ਅੱਗ

ਬਹੁਤ ਵਾਰੀ ਦਿਲ ਦੇ ਪਾਏ ਪੂਰਨੇ

ਬਹੁਤ ਵਾਰੀ ਦਿਲ ਦੇ ਪਾਏ ਪੂਰਨੇ। ਪਰ ਨਾ ਤੇਰੇ ਮੇਚ ਆਏ ਪੂਰਨੇ। ਰਿਸ਼ਤਿਆਂ ਨੇ ਪਟੀ ਵਾਹੇ ਪੂਰਨੇ, ਸੁਲ ਸੇਜਾਂ ਜਿਉਂ ਹੰਢਾਏ ਪੂਰਨੇ। ਆਪਣੇ ਮਸਤਕ 'ਤੇ ਜੋ ਪੱਟੀ ਲਿਖੀ, ਹੱਥ ਦੀ ਰੇਖਾ ਮਿਟਾਏ ਪੂਰਨੇ। ਮੈਂ ਤਾਂ ਅੰਗਿਆਰਾਂ 'ਤੇ ਹਾਂ ਤੁਰਦਾ ਰਿਹਾ, ਵੇਖ ਮੈਨੂੰ ਡਗਮਗਾਏ ਪੂਰਨੇ। ਅੱਜ ਦੀ ਅਖ਼ਬਾਰ 'ਚ ਔਰਤ ਦੀ ਹਾਲਤ, ਮੇਰੇ ਗਲ ਲਗ ਰੋਣ ਆਏ ਪੂਰਨੇ। ਓਹ ਬੇਦੋਸ਼ਾ ਹੀ ਪੁਲਸ ਨੇ ਮਾਰਿਆ, ਪਰ ਹਾਕਮੀਂ ਨਾ ਘਬਰਾਏ ਪੂਰਨੇ। ਰਾਮ ਵੀ, ਰਾਵਣ ਵੀ, ਚਾਹੇ ਅਜ ਦੀ ਨਾਰ, ਦੇਖ ਉਸ ‘ਸੀਤਾ’ ਦੇ ਢਾਹੇ ਪੂਰਨੇ। ਅਜ ਤਕ ਵੀ ਠੀਕ ਨਾ ਲਿਖੇ ਗਏ, ਸੱਚੇ ਨਾਨਕ ਜੋ ਸੀ ਵਾਹੇ ਪੂਰਨੇ।

ਆ ਮੁਹੱਬਤ, ਸੰਗ ਤੈਨੂੰ ਭਰ ਦਿਆਂ

ਆ ਮੁਹੱਬਤ, ਸੰਗ ਤੈਨੂੰ ਭਰ ਦਿਆਂ। ਆ ਕੇ ਤੇਰੇ ਹੋਂਠ ਨਿੱਘੇ ਕਰ ਦਿਆਂ। ਨੈਂਣ ਤੇ ਦਰ ਖੋਲ੍ਹ ਕੇ ਬੈਠੇ ਰਹੇ, ਤੂੰ ਨਹੀਂ ਲੰਘਿਆ ਗਲੀ 'ਚੋਂ ਡਰਦਿਆਂ। ਪਰਤ ਕੇ ਨਾ ਤੂੰ ਕਦੇ ਲੀਤੀ ਖਬਰ, ਕਿਸਤਰ੍ਹਾਂ ਕਟੀ ਹੈ ਜਿਉਂਦੇ ਮਰਦਿਆਂ। ਰੱਬ ਜਿਉਂ ਖੁਲ੍ਹ ਜਾਹ ਮੇਰੇ ਸੰਗ ਦਿਲਬਰਾ, ਹੋਏ ਗੁਨਾਹ ਸਭ ਤੇਰੇ ਸ੍ਹਾਵੇਂ ਧਰਦਿਆਂ। ਤੂੰ ਜੋ ਦਿਤੀ ਦੋ ਪਲਾਂ ਦੀ ਜ਼ਿੰਦਗੀ, ਦੇਵਤਾ ਹੋਵਾਂ ਮੈਂ ‘ਤੈਨੂੰ' ਵਰ ਦਿਆਂ। ਲੋਕ ਕਹਿੰਦੇ ਰਾਤ ਗਰਮੀ ਸੀ ਬੜੀ, ਬਿਨ ਤੇਰੇ ਬੀਤੀ ਹੈ ਰਾਤ ਠੱਰਦਿਆਂ। ਤੇਰੀ ਦਿਤੀ ਚਿਣੰਗ ਦਫ਼ਨਾਈ ਹੈ ਮੈਂ, ਕਿਉਂ ਹਵਾਲੇ ਉਸਦੇ ਆਪਣਾ ਘਰ ਦਿਆਂ। ਤਰੇਲ 'ਚ ਨ੍ਹਾਤੀ ਅੱਗ

ਨਾ ਗੁੱਟਕੇ ਕਦੇ ਖੁਸ਼ੀਆਂ ਦੇ ਕਬੂਤਰ

ਨਾ ਗੁੱਟਕੇ ਕਦੇ ਖੁਸ਼ੀਆਂ ਦੇ ਕਬੂਤਰ। ਬਦਲੇ ਗਏ ਦੀਵਾਰ 'ਤੇ ਕਿੰਨੇਂ ਹੀ ਕਲੰਡਰ। ਉਮਰ ਤੋਂ ਪਹਿਲਾਂ ਹੀ ਕਿਉਂ ਆਏ ਜੁਆਨੀ ? ਮੌਤ ਤੋਂ ਪਹਿਲਾਂ ਜੇ ਜਾਂਦੇ ਸੁਪਨੇ ਮਰ। ਬੇ-ਮੁਹਾਰੀ ਜ਼ਿੰਦਗੀ ਡਿਸਕੋ ਦਾ ਨਾਚ ਹੈ, ਤਖ਼ਤ 'ਤੇ ਬੈਠਾ ਨਚਾਉਂਦਾ ਹੈ ਕਲੰਦਰ। ਬਿਨ-ਬਾਲਣੋਂ ਹੀ ਸੜ ਗਿਆ ਕਈ ਵਾਰ ਉਹ, ਲੋਕ ਕਹਿੰਦੇ ਨੇ ਕਿ ਜ਼ਿੰਦਾ ਹੈ ਬਸ਼ਰ। ਘਰ ਕੰਧਾਂ ਦਾ ਜਦੋਂ ਉਹਦੇ ਲਈ ਬਣਿਆ, ਖੰਡਰਾਤ ਹੋ ਚੁੱਕਾ ਸੀ ਅੰਦਰ ਦਾ ਨਗਰ।

ਕਿਸ ਨੇ ਘਰ ਬਹਾਈਆਂ ਕੁੜੀਆਂ

ਕਿਸ ਨੇ ਘਰ ਬਹਾਈਆਂ ਕੁੜੀਆਂ। ਹੋਵਣ ਸਦਾ ਪਰਾਈਆਂ ਕੁੜੀਆਂ। ਰੰਗ-ਰੰਗ ਜਿਉਂ ਫਿਰਨ ਤਿੱਤਲੀਆਂ, ਸੜਕਾਂ ਉੱਤੇ ਆਈਆਂ ਕੁੜੀਆਂ। ਜ਼ਿੰਦਗੀ ਦੀ ਘਾਣੀਂ ਵਿਚ ਫਸੀਆਂ, ਫਟੀਆਂ ਜਿਵੇਂ ਬਿਆਈਆਂ ਕੁੜੀਆਂ। ਗਲਤ ਕਾਨੂੰਨਾਂ ਦੇ ਪਰਛਾਵੇਂ, ਮੁੰਡਿਆਂ ਉਤੇ ਛਾਈਆਂ ਕੁੜੀਆਂ। ਵਿਚ ਕਚਹਿਰੀ ਕੁਫ਼ਰ ਤੋਲਕੇ, ਰਤਾ ਵੀ ਨਾ ਘਬਰਾਈਆਂ ਕੁੜੀਆਂ। ਪਿਓ ਦੀ ਪੁੱਟ ਕੇ ਦਾਹੜੀ ਰੋਲਣ, ਦੇਖੋ ! ਜਮ ਬਣ ਆਈਆਂ ਕੁੜੀਆਂ। ਐ ‘ਆਤਮ’ ਕਈ ਕਹਿਣ ਤਰੱਕੀ, ਲੋਈਆਂ ਸਾਰੀਆਂ ਲਾਹੀਆਂ ਕੁੜੀਆਂ ਤਰੇਲ 'ਚ ਨ੍ਹਾਤੀ ਅੱਗ

ਕੋਈ ਬਾਤ ਪਾਓ, ਕਿ ਜੀ ਨਹੀਂ ਲਗਦਾ

ਕੋਈ ਬਾਤ ਪਾਓ, ਕਿ ਜੀ ਨਹੀਂ ਲਗਦਾ। ਕੋਈ ਗੀਤ ਗਾਓ, ਕਿ ਜੀ ਨਹੀਂ ਲਗਦਾ। ਜ਼ਰਾ ਕੋਲ ਆਓ, ਕਿ ਜੀ ਨਹੀਂ ਲਗਦਾ, ਨਾ ਦੂਰ ਜਾਓ, ਕਿ ਜੀ ਨਹੀਂ ਲਗਦਾ। ਦਿਤਾ ਕੋਈ ਘਾਓ, ਕਿ ਜੀ ਨਹੀਂ ਲਗਦਾ, ਕੋਈ ਮਰਹਮ ਲਗਾਓ, ਕਿ ਜੀ ਨਹੀਂ ਲਗਦਾ। ਹੈ ਜੋ ਵੀ ਕਮਾਇਆ, ਉਹ ਮਿਲ ਕੇ ਹੰਢਾਓ, ਨਾ ਕੁਝ ਵੀ ਛੁਪਾਓ, ਕਿ ਜੀ ਨਹੀਂ ਲਗਦਾ। ਇਕੱਲੇ ਇਕੱਲੇ ਸਮਾਂ ਹੀ ਨਾ ਬੀਤੇ, ਮੇਰੇ ਸੰਗ ਆਓ, ਕਿ ਜੀ ਨਹੀਂ ਲਗਦਾ।

ਮੇਰੀ ਮੌਤ ਕਹਿ ਮੈਨੂੰ ਯ੍ਹਮਲਾ ਬਣਾਉਂਦੇ

ਮੇਰੀ ਮੌਤ ਕਹਿ ਮੈਨੂੰ ਯ੍ਹਮਲਾ ਬਣਾਉਂਦੇ। ਆਪਣੀ ਹੀ ਦਿਖ ਲਈ ਗਮਲਾ ਬਣਾਉਂਦੇ। ਮੈਨੂੰ ਸ਼ਰਮ ਹੈ ਮੈਂ ਕਹਾਂ ਕੀ ਉਨ੍ਹਾਂ ਨੂੰ, ਉਹ ਹਰ ਹਾਲ ਮੈਨੂੰ ਹੀ ਕਮਲਾ ਬਣਾਉਂਦੇ। ਬਣਾਂ ਮੈਂ ਜੁਰਾਬ, ਇਹ ਚਾਹ ਨਾ ਸੀ ਮੇਰੀ, ਕਿਸੇ ਅਣਖੀ ਪੱਗ ਦਾ ਹੀ ਸ਼ਮ੍ਹਲਾ ਬਣਾਉਂਦੇ। ਪੂਰੇ ਪਿਆਰ ਨਾਲ ਹੀ, ਸਕਦੇ ਸਾਂ ਬਣ ਕੁਝ ਵੀ, ਭਰਪੂਰ ਪਿਆਰ ਦੇਂਦੇ ਤੇ ਰ੍ਹਮਲਾ ਬਣਾਉਂਦੇ। ਨੀਂਹ ਦਾ ਪੱਥਰ ਹੀ ਸਮਝਣ ਅਜੇ ਤਕ ਵੀ ਮੈਨੂੰ, ਕਿਸੇ ਛੱਤ ਦਾ ਵੀ, ਕੋਈ ਥ੍ਹਮਲਾ ਬਣਾਉਂਦੇ।

ਮੇਰੀ ਅਗਲੀ ਪੀੜ੍ਹੀ ਮੈਥੋਂ ਜੁਆਬ ਮੰਗਦੀ ਹੈ

ਮੇਰੀ ਅਗਲੀ ਪੀੜ੍ਹੀ ਮੈਥੋਂ ਜੁਆਬ ਮੰਗਦੀ ਹੈ। ਮਿਰੇ ਹੋਣ ਜੀਣ ਥੀਂਣ ਦਾ ਹਿਸਾਬ ਮੰਗਦੀ ਹੈ। ਸੰਗਦਾ ਮਰਦਾ ਰਿਹਾ, ਆਬ ਪਿਓ-ਦਾਦੇ ਦੀ ਤੋਂ, ਮੇਰੀ ਬੱਚੀ ਮੈਥੋਂ, ਮੇਰਾ ਖਿਤਾਬ ਮੰਗਦੀ ਹੈ। ਔਲਾਦ ਇਹ ਅੱਜ ਦੇ ਦੌਰ ਦੀ ਕਿਸਤਰ੍ਹਾਂ ਦੇਖੋ। ਸ਼ੋਖ਼ ਰੰਗਾਂ 'ਚ ਲਿਪਟੇ, ਸੱਚ ਜਿਹੇ, ਖੁਆਬ ਮੰਗਦੀ ਹੈ। ਭੁਲ ਕੇ ਆਯੂ ਨੂੰ ਬੇਸ਼ੱਕ, ਫੁਲਝੜੀ ਦੇ ਵਾਂਗ ਚਟਕੋ, ਜ਼ਿੰਦਗੀ ਤਾਂ ਸਦਾ ਅਸੂਲੀ ਕਿਤਾਬ ਮੰਗਦੀ ਹੈ। ਕਿਸੇ ਵੀ ਕੀਮਤੋਂ ਯਾ-ਰੱਬ ! ਮੋੜ ਦੇ ਮੇਰਾ ਬਚਪਨ, ਜ਼ਿੰਦਗੀ ਬੇ-ਸਾਜ਼ੀ ਬੇ-ਸੁਰੀ ਓਹੀ ਰਬਾਬ ਮੰਗਦੀ ਹੈ। ਸ਼ੋਖ਼ ਰੰਗਾਂ ਦੀ ਇਬਾਰਤ ਜੁਆਨੀ ਦਾ ਫੁੱਲ ਬੇਸ਼ੱਕ, ਲਹਿੰਦੀ ਉਮਰੇ ਵੀ ਮਹਿਬੂਬਾ ਆਫ਼ਤਾਬ ਮੰਗਦੀ ਹੈ। ਕਿਵੇਂ ਅਦਲ ਬਦਲ ਕੇ ਜ਼ਿੰਦਗੀ ਦੇ ਸ੍ਹਾਵੇਂ ਹੋਵਾਂ ! ਜੋ ਵੀ ਮੰਗਦੀ ਹੈ ‘ਆਤਮ’ ਲਾ ਜੁਆਬ ਮੰਗਦੀ ਹੈ।

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਆਤਮਜੀਤ ਹੰਸਪਾਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ