Punjabi Poetry : Anil Adam

ਪੰਜਾਬੀ ਕਵਿਤਾਵਾਂ : ਅਨਿਲ ਆਦਮ


ਐਥੇ ਤਾਂ

ਐਥੇ ਤਾਂ ਹਾਅ ਦਾ ਨਾਅਰਾ ਵੀ ਅਰਾਜਕਤਾ ਹੈ ਤੇ ਬੇਵੱਸ ਚੁੱਪ ਵੀ ਸਾਜ਼ਿਸ਼ ਰੋਟੀ ਤਾਂ ਕੀ ਰੋਟੀ ਦਾ ਖ਼ਾਬ ਵੀ ਬਗ਼ਾਵਤ ਹੈ ਤੇ ਭੁੱਖੇ ਪੇਟ ਚੁੱਪ-ਚਾਪ ਸੌਂ ਜਾਣਾ ਸੰਵਿਧਾਨ ਦੀ ਮੁੱਖ ਧਾਰਾ ਹੈ ਐਥੇ ਤਾਂ ਮੁਹੱਬਤ ਵੀ ਸ਼ਰਾਬ ਦੀ ਭੱਠੀ ਵਾਂਗ ਲੁਕ ਕੇ ਲਾਉਣੀ ਪੈਂਦੀ ਹੈ ਸੁਫ਼ਨੇ ਨਾਜਾਇਜ਼ ਬਾਲਾਂ ਦੀ ਤਰ੍ਹਾਂ ਨੇ ਜੇ ਆਪ ਜਿਉਣਾ ਹੈ ਤਾਂ ਇਨ੍ਹਾਂ ਦਾ ਗਰਭਪਾਤ ਲਾਜ਼ਮੀ ਹੈ ਦਿਲਾਂ ਦੇ ਸੌਦੇ ਐਥੇ ਹੁਣ ਕੌਣ ਕਰਦਾ ਹੈ ਐਥੇ ਤਾਂ ਦੋਵੇਂ ਗੁਰਦੇ ਵੇਚ ਕੇ ਵੀ ਲਾਡੋ ਰਾਣੀ ਦਾ ਵਿਆਹ ਨਹੀਂ ਹੋਣਾ ਐਥੇ ਤੀਆਂ ਨਹੀਂ ਲਗਦੀਆਂ ਧੀਆਂ ਬਲ਼ਦੀਆਂ ਨੇ ਤੇ ਸੰਵੇਦਨਾ ਦੀ ਗੱਲ ਕਿਸ ਨਾਲ਼ ਕਰੀਏ ਐਥੇ ਤਾਂ ਬਲਾਤਕਾਰ ਫ਼ਿਲਮ ਦਾ ਸਭ ਤੋਂ ਵਧੀਆਂ ਸੀਨ ਹੁੰਦਾ ਹੈ ਐਥੇ ਤਾਂ ਹਰ ਪਲ ਜਿਵੇਂ ਕੋਈ ਗੋਲ਼ੀ ਪੁੜਪੁੜੀ 'ਚ ਧਸ ਰਹੀ ਹੋਵੇ ਹਰ ਛਿਣ ਜਿਵੇਂ ਕੋਈ ਮੁਕੱਦਮਾ ਭੁਗਤਣਾ ਹੋਵੇ ਹਰ ਕਦਮ ਜਿਵੇਂ ਕਿਸੇ ਮੁਕਾਬਲੇ 'ਚੋਂ ਗੁਜ਼ਰਨਾ ਹੋਵੇ ਤੇ ਇਸ ਤੋਂ ਪਹਿਲਾਂ ਕਿ ਸਾਡੇ ਅੱਥਰੂਆਂ ਨੂੰ ਵੀ ਭਗੌੜਾ ਕਰਾਰ ਦੇ ਕੇ ਉਹ ਬਣਾ ਦੇਣ ਕੋਈ ਪੁਲਸ ਮੁਕਾਬਲਾ ਕੁਝ ਸੋਚੀਏ ਸਾਥੀ !!!

ਕੁੜੀ ਚਿੜੀ

ਦੋਸਤ ਆਖਦੇ ਨੇ ਯਾਰ ! ਕੋਈ ਕੁੜੀ ਚਿੜੀ ਦੀ ਗੱਲ ਸੁਣਾ ਮੈਂ ਮਾਂ ਦੀ ਗੱਲ ਛੋਹ ਲੈਂਦਾ ਹਾਂ ਮਾਂ ਵੀ ਤਾਂ ਕੁੜੀ ਚਿੜੀ ਸੀ ਕਦੀ ਫਿਰ ਉਸ ਦਾ ਵਿਆਹ ਹੋ ਗਿਆ ਘਰ...... ਬਾਹਰ...... ਬੱਚੇ...... ਤੇ ਰਾਸ਼ਨ ਦੀ ਲੰਮੀ ਕਤਾਰ ’ਚ ਚਿੜੀ ਦੇ ਪਰਾਂ ਦੀ ਪਰਵਾਜ਼ ਗੁੰਮ ਹੋ ਗਈ ਉਸ ਦੇ ਸ਼ੌਕ ਦੇ ਸਿਆਹ ਵਾਲ਼ਾਂ ਨੂੰ ਫ਼ਿਕਰਾਂ ਦੇ ਧੌਲ਼ੇ ਖਾ ਗਏ ਇੱਕ ਇੱਕ ਕਰਕੇ ਉਸ ਦੇ ਸਾਰੇ ਚਾਅ ਮਰ ਗਏ ਪਰ ਮਾਂ ਜਿਉਂਦੀ ਰਹੀ ਆਪਣੇ ਬਾਲ ਆਪਣੇ ਸੁਫ਼ਨੇ ਦੇ ਆਸਰੇ ਮਾਂ ਸੁਫ਼ਨੇ ਨੂੰ ਅੱਥਰੂ ਦੀ ਛਾਂ ਕਰਦੀ ਰਹੀ ਤੇ ਸੁਫ਼ਨਾ ਜੁਆਨ ਹੁੰਦਾ ਗਿਆ ਜੁਆਨ ਹੋਇਆ ਸੁਫ਼ਨਾ ਰੋਟੀ ਦੇ ਜੰਗਲ ’ਚ ਭਟਕ ਗਿਆ ਮੁੜ ਨਹੀਂ ਆਇਆ ਹੁਣ ਮਾਂ ਅੱਖੀਆਂ ’ਚ ਉਡੀਕ ਭਰ ਕੇ ਜਲਾਵਤਨ ਸੁਫ਼ਨੇ ਨੂੰ ਉਡੀਕਦੀ ਹੈ ਤੇ ਮਾਂ ਦੀਆਂ ਅੱਖੀਆਂ ’ਚ ਮੋਤੀਆ ਉਤਰ ਆਇਆ ਹੈ ਮਾਂ ਮਰ ਰਹੀ ਹੈ ਮਾਂ ਵੀ ਤਾਂ ਕੁੜੀ ਚਿੜੀ ਸੀ ਕਦੀ ਕਾਵਿ ਪੁਸਤਕ "ਕਵਿਤਾ ਬਾਹਰ ਉਦਾਸ ਖੜ੍ਹੀ ਹੈ" ਵਿੱਚੋਂ

ਤੁਰ ਜਾਵਾਂਗਾ ਮੈਂ

ਤੁਰ ਜਾਵਾਂਗਾ ਮੈਂ ਰਾਤ ਵਾਂਗ ਬੇਆਵਾਜ਼ ਪੋਲੇ ਪੈਰੀਂ ਸੁਫ਼ਨਿਆਂ ਵਾਂਗ ਮਸਾਂ ਅੱਥਰੂ ਦੇ ਕਿਰਨ ਜਿੰਨਾ ਖੜਾਕ ਹੋਵੇਗਾ - - - ਮੈਂ ਆਪਣੇ ਹਉਕੇ ਹਵਾਵਾਂ ਚ ਰਲਾ ਦਿਆਂਗਾ ਤਪਸ਼ ਸੂਰਜ ਨੂੰ ਸੌਂਪ ਦਿਆਂਗਾ ਸੁਫ਼ਨੇ ਜੁਗਨੂੰਆਂ ਤਾਰਿਆਂ ਚ ਵੰਡ ਦਿਆਂਗਾ ਤੇ ਉਹ ਅਸੀਸਾਂ ਜੋ ਮੇਰੀ ਮਾਂ ਨੇ ਦਿੱਤੀਆਂ ਸੀ ਮੈਨੂੰ ਕਦੇ ਧੁੱਪੇ ਖਲੋਤੇ ਬਿਰਖਾਂ ਨੂੰ ਅਰਪ ਦਿਆਂਗਾ ਸ਼ਾਂਤ ਹੋ ਜਾਵਾਂਗਾ ਪਾਣੀ ਜਿਵੇਂ ਨੀਵੀਂ ਥਾਂ ਟਿਕ ਜਾਂਦਾ ਹੈ ਮਲਕੜੇ ਜਿਹੇ ਜਿਵੇਂ ਆਕਾਸ਼ ਚ ਫੈਲ ਜਾਂਦੇ ਨੇ ਸੱਤੇ ਰੰਗ ਤੇ ਫਿਰ ਖਿੰਡ ਪੁੰਡ ਜਾਵਾਂਗਾ ਜਿਵੇਂ ਸੀ ਹੀ ਨਹੀਂ ਕਦੇ ਤੁਰ ਜਾਵਾਂਗਾ ਮੈਂ

ਤਲਬ

ਤੇਰੀ ਹੀ ਚੂਲ਼ੀ 'ਚੋਂ ਘੁੱਟ ਭਰਨ ਦੀ ਤਲਬ ਕਿ ਮੈਂ ਦਰਿਆਵਾਂ ਦੇ ਕੰਢੇ ਪਿਆਸਾ ਮਰ ਗਿਆ.........।

ਰਿਸ਼ਤੇ

ਰਿਸ਼ਤੇ ਡਰਾਇੰਗ ਰੂਮ ਤਰ੍ਹਾਂ ਨੇ ਮੁਹੱਬਤ ਤਾਂ ਸਾਰੇ ਦਾ ਸਾਰਾ ਘਰ ਹੁੰਦੀ ਹੈ...........।

ਮਰਦ

ਉਹ ਇੱਕੀਵੀਂ ਸਦੀ ਵਿਚ ਰਹਿੰਦਾ ਹੈ ਦੋਸਤ ਬਾਈਵੀਂ ਸਦੀ ਦੀ ਭਾਲਦਾ ਹੈ ਤੇ ਬੀਵੀ ਉੰਨੀਵੀਂ ਸਦੀ ਦੀ ਧੀ ਨੂੰ ਤਾਂ ਜੰਮਣੋਂ ਪਹਿਲਾਂ ਹੀ ਮਾਰ ਦਿੰਦਾ ਹੈ ਆਖਦਾ ਹੈ.... ਸਮਾਂ ਬਹੁਤ ਖਰਾਬ ਚਲ ਰਿਹਾ ਹੈ...

ਸਾਂਝੀ ਡਾਇਰੀ

ਮੇਰੇ ਘਰ 'ਚ ਇਕ ਡਾਇਰੀ ਪਈ ਹੈ ਸਾਂਝੀ ਜਿਹੀ ਮੈਂ ਉਸ 'ਚ ਕਵਿਤਾ ਲਿਖਦਾ ਹਾਂ ਕਦੇ ਕਦੇ ਮੇਰੀ ਬੀਵੀ ਡਾਇਰੀ ਵਰਤ ਲੈਂਦੀ ਹੈ ਪਿਛਲੇ ਪਾਸਿਉ਼ਂ ਦੀ ਜਦ ਕਦੇ ਉਸ ਦਾ ਘਰ ਦਾ ਨਕਸ਼ਾ ਬਣਾਉਣ ਨੂੰ ਜੀ ਕਰਦਾ ਹੈ ਵਿਚ ਵਿਚਾਲੇ ਨਿੱਕਾ ਅਨੀ ਵੀ ਵਾਹ ਦੇਂਦਾ ਹੈ ਕੀਚ ਮਚੋਲੇ ਡਾਇਰੀ ਅੱਗੋਂ ਵੀ ਪਿੱਛੋਂ ਵੀ ਭਰਦੀ ਜਾ ਰਹੀ ਹੈ ਨਾ ਘਰ ਬਣ ਸਕਿਆ ਅਜੇ ਤਕ ਨਾ ਹੀ ਅੱਜ--ਕੱਲ੍ਹ ਮੈਥੋਂ ਕਵਿਤਾ ਲਿਖੀ ਜਾ ਰਹੀ ਹੈ ਬਸ ਇਕ ਡਾਇਰੀ ਹੈ ਸਾਂਝੀ ਜਿਹੀ ਜੋ ਭਰਦੀ ਜਾ ਰਹੀ ਹੈ

ਕਾਲਾ ਰੰਗ

ਮੇਰਾ ਰੰਗ ਗੋਰਾ ਸੀ ਮੇਰੇ ਘਰਵਾਲੇ ਦਾ ਕਾਲਾ ਮੈਨੂੰ ਕਾਲਾ ਰੰਗ ਪਸੰਦ ਆ ਗਿਆ ਮੈਂ ਕਾਲੇ ਕੱਪੜੇ ਪਾਉਣ ਲੱਗ ਪਈ ਮੇਰਾ ਘਰਵਾਲਾ ਡਰਨ ਲੱਗ ਪਿਆ ਮੈਂ ਵੀ ਉਦਾਸ ਜਿਹੀ ਰਹਿਣ ਲੱਗ ਪਈ ਕਾਲੇ ਕੱਪੜਿਆਂ ਚ ਮੈਂ ਹੋਰ ਗੋਰੀ ਜੁ ਲੱਗਣ ਲਗ ਪਈ ਸਾਂ

ਪਾਣੀ ਪਿਤਾ

ਪਾਣੀ ਪਿਤਾ ਹੈ ਨਾਨਕ ਨੂੰ ਪਤਾ ਹੈ ਪਾਣੀ ’ਚੋਂ ਹੀ ਉਪਜਿਆ ਹੈ ਪਹਿਲੋ ਪਹਿਲ ਜੀਵਨ ਵਿਗਿਆਨ ਨੂੰ ਪਤਾ ਹੈ ਪਾਣੀ ਨਹੀਂ ਤਾਂ ਕੁਝ ਨਹੀਂ ਥਲਾਂ ’ਚ ਭਟਕਦੀ ਪਿਆਸ ਨੂੰ ਪਤਾ ਹੈ ਪਾਣੀ ਬੋਤਲ ’ਚ ਬੰਦ ਹੈ ਵਿਕਾਊ ਹੈ ਵਸਤ ਹੈ ਬਜ਼ਾਰ ਵਿਚਾਰੇ ਨੂੰ ਤਾਂ ਬਸ ਏਨਾ ਹੀ ਪਤਾ ਹੈ !

ਮੈਡਮ ਜੀ ਨਮਸਤੇ

ਮੈਡਮ ਜੀ ਨਮਸਤੇ । ਸੋਹਣੇ ਸਾਡੇ ਬਸਤੇ । ਸੋਹਣੀ ਤੁਹਾਡੀ ਸਕੂਟੀ । ਸਾਨੂੰ ਵੀ ਦੇ ਦਿਓ ਝੂਟੀ । ਰੱਜ ਰੱਜ ਕੇ ਅਸੀਂ ਪੜ੍ਹਾਂਗੇ । ਅਸੀਂ ਵੀ ਮੈਡਮ ਬਣਾਂਗੇ ।

ਚਿੜੀ

ਇਕ ਦਿਨ ਦੀ ਮੈਂ ਬਾਤ ਸੁਣਾਵਾਂ । ਘਰ ਵੱਲ ਸੀ ਮੈਂ ਤੁਰਿਆ ਜਾਵਾਂ । ਰਾਹ ਵਿਚ ਇਕ ਚਿੜੀ ਪਈ ਸੀ । ਅੱਧ-ਪਚੱਧੀ ਮਰੀ ਪਈ ਸੀ । ਚਿੜੀ ਨੂੰ ਚੁੱਕ ਮੈਂ ਘਰ ਲੈ ਆਇਆ । ਮੂੰਹ ਵਿਚ ਉਸ ਦੇ ਪਾਣੀ ਪਾਇਆ । ਚਿੜੀ ਚੀਂ - ਚੀਂ ਕਰਨ ਲੱਗ ਪਈ । ਏਧਰ ਓਧਰ ਤੁਰਨ ਲੱਗ ਪਈ । ਫੇਰ ਚਿੜੀ ਨੇ ਮਾਰੀ ਉਡਾਰੀ । ਸਾਰੇ ਬੱਚੇ ਵਜਾਓ ਤਾੜੀ ।

ਚੋਰੀ ਕਰਨਾ ਪਾਪ ਹੈ

ਟੱਕ ਟੱਕ ਕਰਦਾ ਚੌਕੀਦਾਰ । ਕਰਦਾ ਹੈ ਸਭ ਨੂੰ ਹੁਸ਼ਿਆਰ । ਹੱਥ ਵਿਚ ਉਹਦੇ ਸੋਟੀ ਏ । ਸੋਟੀ ਬੜੀ ਹੀ ਮੋਟੀ ਏ । 'ਰਹੋ ਜਾਗਦੇ' ਕਹਿੰਦਾ ਏ । ਸਾਰੀ ਰਾਤ ਨਾ ਸੌਂਦਾ ਏ । ਮੌਸਮ ਹੋਵੇ ਗਰਮ ਜਾਂ ਠੰਢਾ । ਚੋਰ ਆਵੇ ਤਾਂ ਮਾਰੇ ਡੰਡਾ । ਗੱਲ ਬੜੀ ਹੀ ਸਾਫ਼ ਏ । ਚੋਰੀ ਕਰਨਾ ਪਾਪ ਏ ।

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਅਨਿਲ ਆਦਮ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ