Anil Adam ਅਨਿਲ ਆਦਮ

ਬਹੁਤ ਪਿਆਰਾ ਸ਼ਾਇਰ ਸੀ ਅਨਿਲ ਆਦਮ। ਬਟਾਲਾ ਚ ਜੰਮਿਆ ਤੇ ਜ਼ਿੰਦਗੀ ਦੇ ਆਖ਼ਰੀ ਪੰਜਤਾਲੀ ਵਰ੍ਹੇ ਫ਼ੀਰੋਜ਼ਪੁਰ ਰਿਹਾ। ਆਪਣੇ ਬਾਪ ਦੇ ਰੁਜ਼ਗਾਰ ਕਾਰਨ ਆਇਆ ਸੀ ਏਥੇ। ਹਰਮੀਤ ਵਿਦਿਆਰਥੀ ਉਸ ਨੂੰ ਚੇਤੇ ਕਰਕੇ ਹੁਣ ਵੀ ਅੱਖਾਂ ਸਿੱਲ੍ਹੀਆਂ ਕਰ ਲੈਂਦੈ। ਹੋਰ ਵੀ ਕਿੰਨੇ ਸਨੇਹੀਆਂ ਦੀਆਂ ਯਾਦਾਂ ਚ ਹਾਜ਼ਰ ਨਾਜ਼ਰ ਹੈ।
ਬਹੁਤ ਨਿੱਕੀ ਉਮਰੇ ਚਲਾ ਗਿਆ। 6ਜੁਲਾਈ 1974 ਨੂੰ ਜਨਮਿਆ ਤੇ 15 ਦਸੰਬਰ 2022 ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਪੰਜਾਬੀ ਤੇ ਹਿੰਦੀ ਵਿੱਚ ਇੱਕੋ ਜਿੰਨੀ ਮੁਹਾਰਤ ਨਾਲ ਸ਼ਾਇਰੀ ਕਰਦਾ ਸੀ।
1993 ਚ ਉਸ ਦੀ ਪਹਿਲੀ ਕਾਵਿ ਕਿਤਾਬ “ਏਨੀ ਮੇਰੀ ਬਾਤ” ਛਪੀ। ਉਸ ਤੋਂ ਕਈ ਸਾਲ ਬਾਦ 2014 ਵਿੱਚ ਕਵਿਤਾ “ਬਾਹਰ ਉਦਾਸ ਖੜ੍ਹੀ ਹੈ” ਛਪੀ। ਹੁਣ ਛਪੀ ਹੈ ਉਸ ਦੇ ਜਾਣ ਮਗਰੋਂ ਤੀਜੀ ਕਿਤਾਬ ਕਵਿਤਾ ਦੀ”26 ਸਾਲ ਬਾਦ”। ਮੁਹੱਬਤ ਚ ਗੜਿੱਚ ਨਿਵੇਕਲੀ ਕਿਤਾਬ। ਚਿੱਠੀਆਂ ਨਹੀਂਂ ਸਿਰਫ਼, ਇਹ ਮੋਹਵੰਤੀ ਇਬਾਰਤ ਹੈ। ਪੜ੍ਹਦਿਆ ਸਾਹੀ ਸਵਾਸੀਂ ਤੁਰਦੀ। ਦੋਸਤਾਂ ਦਾ ਸ਼ੁਕਰਾਨਾ, ਜਿੰਨ੍ਹਾਂ ਇਹ ਟੈਕਸਟ ਸਾਂਭ ਲਈ ਹੈ। ਆੱਟਮ ਆਰਟ ਪਟਿਆਲਾ ਵੱਲੋਂ ਪ੍ਰੀਤੀ ਸ਼ੈਲੀ ਨੇ ਬਹੁਤ ਸੋਹਣੀ ਛਾਪੀ ਹੈ। ਹਰਮੀਤ ਵਿਦਿਆਰਥੀ ਨੇ ਉਸ ਦੀ ਜਾਣ ਪਛਾਣ ਵਜੋਂ ਕੁਝ ਸ਼ਬਦ ਲਿਖੇ ਹਨ।
ਨਿੱਕੇ ਬੱਚਿਆ ਨੂੰ ਪੜ੍ਹਾਉਂਦਾ ਹੋਣ ਕਾਰਨ ਉਹ ਬਾਲ ਮਾਨਸਿਕਤਾ ਨੂੰ ਸਮਝਦਾ ਸੀ। ਤਿੰਨ ਬਾਲ ਕਾਵਿ ਸੰਗ੍ਰਹਿ “ਮੈਡਮ ਜੀ ਨਮਸਤੇ”, ”ਆਟਾ ਬਾਟਾ”ਤੇ “ਬੁੱਢੀ ਮਾਂ ਦੇ ਵਾਲ”, ਇੱਕ ਬਾਲ ਕਹਾਣੀਆਂ ਦੀ ਕਿਤਾਬ “ਰੰਗਾਂ ਦਾ ਮੀਂਹ”ਤੇ ਇੱਕ ਬਾਲ ਨਾਟਕ ਵੀ ਉਸ ਸਿਰਜਿਆ “ਗੁੱਡੀ”ਨਾਮ ਹੇਠ।
ਪੰਜਾਬੀ ਕਵਿੱਤਰੀ ਨੀਤੂ ਅਰੋੜਾ ਦੀਆਂ ਕਵਿਤਾਵਾਂ ਦਾ ਹਿੰਦੀ ਅਨੁਵਾਦ”ਖ਼ਾਲੀ ਹਾਥੋਂ ਮੇਂ ਕਵਿਤਾ” ਤੇ ਦੇਵਨੀਤ ਦੀਆਂ ਕਵਿਤਾਵਾਂ ਦਾ ਸੰਗ੍ਰਹਿ “ ਦੇਵਨੀਤ ਕੇ ਮਰਨੇ ਕੀ ਅਫ਼ਵਾਹ ਕੇ ਬਾਦ” ਤੋਂ ਇਲਾਵਾ ਉਸ ਗੁਰਬਚਨ ਸਿੰਘ ਪਤੰਗਾ ਦੀ ਸ਼ਾਇਰੀ ਨੂੰ “ਸ਼ਹੀਦ ਦੇ ਬੋਲ “ ਨਾਮ ਹੇਠ ਸੰਪਾਦਿਤ ਕੀਤਾ।
ਪਾਣੀ ਦੇ ਜ਼ਿਕਰ ਤੇ ਫ਼ਿਕਰ ਬਾਰੇ ਕਵਿਤਾਵਾਂ ਦਾ ਸੰਗ੍ਰਹਿ ਉਸ ਸੱਤ ਪਾਲ ਭੀਖੀ ਨਾਲ ਮਿਲ ਕੇ “ਮੁਆਫ਼ ਕਰੀਂ ਪਾਣੀ ਪਿਤਾ” ਵੀ ਛਪਵਾਈ।
ਬਹੁਤ ਖ਼ੂਬਸੂਰਤ ਹੱਸਦਾ ਸੀ ਅਨਿਲ। ਸੱਜਣਾਂ ਦੇ ਹਾਸੇ ਵੀ ਨਾਲ ਲੈ ਗਿਆ। ਉਸ ਨੂੰ ਯਾਦ ਕਰਕੇ ਹੌਕਾ ਨਿਕਲਦਾ ਹੈ।
ਜੀਂਦੇ ਜੀਅ ਭਲੇ ਲੋਕ ਨੇ ਕਦੇ ਨਾ ਮੈਨੂੰ ਦੱਸਿਆ ਕਿ ਮੈਂ ਵੀ ਬਟਾਲੇ ਦਾ ਹਾਂ। ਇੰਦਰਜੀਤ ਪ੍ਰਭਾਕਰ ਦਾ ਪੁੱਤਰ ਤੇ ਮਾਂ ਸ਼ੁਭ ਰਾਣੀ ਦਾ ਜਾਇਆ।
ਹੁਣ ਤਾਂ ਸਿਰਫ਼ ਚਿਤਵਨ ਹੈ। ਯਾਦਾਂ ਚ ਹਾਜ਼ਰ ਅਨਿਲ ਆਦਮ ਦੇ ਮੋਹ ਭਿੱਜੇ ਚਿਹਰੇ ਨੂੰ ਸਲਾਮ। ਆਖ਼ਰੀ ਮੁਲਾਕਾਤ ਵੀ ਉਹ ਵਿੱਛੜਨ ਤੋਂ ਕੁਝ ਦਿਨ ਪਹਿਲਾਂ ਹੀ ਕਰ ਗਿਆ। ਉਹ ਵੀ ਫ਼ੀਰੋਜ਼ਪੁਰ ਵਿੱਚ ਹੀ ਮੋਹਨ ਲਾਲ ਭਾਸਕਰ ਯਾਦਗਾਰੀ ਸਮਾਗਮ ਵਾਲੀ ਸ਼ਾਮ।
ਸਲਾਮ ਪਿਆਰੇ ਨਿੱਕੇ ਵੀਰ ਨੂੰ। - ਗੁਰਭਜਨ ਗਿੱਲ