Punjabi Poetry : Amrita Pritam

ਪੰਜਾਬੀ ਕਵਿਤਾ : ਅੰਮ੍ਰਿਤਾ ਪ੍ਰੀਤਮ

ਚਾਨਣ ਦੀ ਫੁਲਕਾਰੀ

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ
ਅੰਬਰ ਦਾ ਇੱਕ ਆਲਾ
ਸੂਰਜ ਬਾਲ ਦਿਆਂ
ਮਨ ਦੀ ਉੱਚੀ ਮੰਮਟੀ ਦੀਵਾ ਕੌਣ ਧਰੇ

ਅੰਬਰ ਗੰਗਾ ਹੁੰਦੀ
ਗਾਗਰ ਭਰ ਦੇਂਦੀ
ਦਰਦਾਂ ਦਾ ਦਰਿਆਓ ਕਿਹੜਾ ਘੁੱਟ ਭਰੇ

ਇਹ ਜੁ ਸਾਨੂੰ ਅੱਗ
ਰਾਖਵੀਂ ਦੇ ਚਲਿਓਂ
ਦਿਲ ਦੇ ਬੁੱਕਲ ਬਲਦੀ ਚਿਣਗਾਂ ਕੌਣ ਜਰੇ

ਆਪਣੇ ਵੱਲੋਂ
ਸਾਰੀ ਬਾਤ ਮੁਕਾ ਬੈਠੇ
ਹਾਲੇ ਵੀ ਇੱਕ ਹੌਕਾ ਤੇਰੀ ਗੱਲ ਕਰੇ
ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ

ਵੇ ਮੈਂ ਤਿੜਕੇ ਘੜੇ ਦਾ ਪਾਣੀ

ਵੇ ਮੈਂ ਤਿੜਕੇ ਘੜੇ ਦਾ ਪਾਣੀ
ਕੱਲ ਤੱਕ ਨਹੀਂ ਰਹਿਣਾ

ਏਸ ਪਾਣੀ ਦੇ ਕੰਨ ਤਿਰਹਾਏ
ਤ੍ਰੇਹ ਦੇ ਹੋਠਾਂ ਵਾਗੂੰ
ਓਹ ਮੇਰੇ ਠੰਡੇ ਘੁੱਟ ਦਿਆ ਮਿੱਤਰਾ!
ਕਹਿ ਦੇ ਜੋ ਕੁਝ ਕਹਿਣਾ

ਅੱਜ ਦਾ ਪਾਣੀ ਕੀਕਣ ਲਾਹਵੇ
ਕੱਲ ਦੀ ਤ੍ਰੇਹ ਦਾ ਕਰਜਾ
ਨਾ ਪਾਣੀ ਨੇ ਕੰਨੀ ਬੱਝਣਾ
ਨਾ ਪੱਲੇ ਵਿੱਚ ਰਹਿਣਾ

ਵੇਖ, ਕਿ ਤੇਰੀ ਤ੍ਰੇਹ ਵਰਗੀ
ਏਸ ਪਾਣੀ ਦੀ ਮਜਬੂਰੀ
ਨਾ ਏਸ ਤੇਰੀ ਤ੍ਰੇਹ, ਸੰਗ ਤੁਰਨਾ
ਨਾ ਏਸ ਏਥੇ ਬਹਿਣਾ

ਅੱਜ ਦੇ ਪਿੰਡੇ ਪਾਣੀ ਲਿਸ਼ਕੇ
ਤ੍ਰੇਹ ਦੇ ਮੋਤੀ ਵਰਗਾ
ਪਰ ਅੱਜ ਦੇ ਪਿੰਡੇ ਨਾਲੋਂ ਕੱਲ ਨੇ
ਚਿੱਪਰ ਵਾਗੁੰ ਲਹਿਣਾ

ਵੇ ਮੈਂ ਤਿੜਕੇ ਘੜੇ ਦਾ ਪਾਣੀ
ਕੱਲ ਤੱਕ ਨਹੀ ਰਹਿਣਾ

ਚੁੱਪ ਦਾ ਰੁੱਖ

ਨਹੀਂ – ਚੁੱਪ ਦੇ ਇਸ ਰੁੱਖ ਤੋਂ
ਮੈਂ ਅੱਖਰ ਨਹੀਂ ਤੋੜੇ
ਇਹ ਤਾਂ ਜੋ ਰੁੱਖ ਨਾਲੋਂ ਝੜੇ ਸੀ
ਮੈਂ ਉਹੀ ਅੱਖਰ ਚੁਣੇ ਹਨ…

ਨਹੀਂ — ਤੁਸਾਂ ਨੂੰ ਜਾਂ ਕਿਸੇ ਨੂੰ
ਮੈਂ ਕੁਝ ਨਹੀਂ ਆਖਿਆ
ਇਹ ਤਾਂ ਜੋ ਲਹੂ ਵਿਚ ਬੋਲੇ ਸੀ
ਮੈਂ ਉਹੀ ਅੱਖਰ ਸੁਣੇ ਹਨ…

ਇਕ ਬਿਜਲੀ ਦੀ ਲੰਬੀ ਲੀਕ ਸੀ
ਛਾਤੀ ਚੋਂ ਲੰਘੀ ਸੀ
ਇਹ ਤਾਂ ਕੁਝ ਉਸੇ ਦੇ ਟੋਟੇ
ਮੈਂ ਪੋਟਿਆਂ ਤੇ ਗਿਣੇ ਹਨ…

ਤੇ ਚੰਨ ਨੇ ਚਰਖੇ ਤੇ ਬਹਿ ਕੇ
ਬੱਦਲ ਦੀ ਕਪਾਹ ਕੱਤੀ
ਇਹ ਤਾਂ ਕੁਝ ਉਹੀ ਧਾਗੇ ਨੇ
ਮੈਂ ਖੱਡੀ ਤੇ ਉਣੇ ਹਨ…

ਨਹੀਂ — ਚੁੱਪ ਦੇ ਇਸ ਰੁੱਖ ਤੋਂ
ਮੈਂ ਅੱਖਰ ਨਹੀਂ ਤੋੜੇ
ਇਹ ਤਾਂ ਜੋ ਰੁਖ ਨਾਲੋਂ ਝੜੇ ਸੀ
ਮੈਂ ਉਹੀ ਅੱਖਰ ਚੁਣੇ ਹਨ…

ਰੱਬ ਖ਼ੈਰ ਕਰੇ ਮੇਰੇ ਵਿਹੜੇ ਦੀ

ਰੱਬ ਖ਼ੈਰ ਕਰੇ ਮੇਰੇ ਵਿਹੜੇ ਦੀ
ਕਿ ਜਿਸ ਥਾਂ ਰਾਂਝਣ ਡੇਰਾ ਕੀਤਾ
ਉੱਥੇ ਧਮਕੀ ਸੁਣੀਂਦੀ ਖੇੜੇ ਦੀ………

ਅੱਜ ਚਾਰੇ ਕੰਧਾਂ ਪੁੱਛਣ ਆਈਆਂ
ਕਿ ਅੱਜ ਮਲਕੀ ਦੀ ਬੁੱਕਲ ਵਿਚੋਂ
ਦੁੱਧ ਦੀਆਂ ਬੂੰਦਾਂ ਕੀਹਨੇ ਚੁਰਾਈਆਂ?………

ਅੱਜ ਬੇਲੇ ਦੀਆਂ ਮੱਝਾਂ ਰੋਈਆਂ
ਕਿ ਅੱਜ ਮੇਰੀ ਇਸ ਦੋਹਣੀ ਦੇ ਵਿਚ
ਲਹੂ ਦੀਆਂ ਧਾਰਾਂ ਕਿਸਨੇ ਚੋਈਆਂ?……….

ਅੱਜ ਹਰ ਇਕ ਬਸਤਾ ਪੁਛਣ ਆਇਆ
ਕਿ ਅੱਜ ਮੇਰੇ ਮਦਰੱਸੇ ਵਿਚੋਂ
ਸੱਚ ਦਾ ਅੱਖਰ ਕੀਹਨੇ ਛੁਪਾਇਆ?……….

ਝੁੰਮਰ

ਮੈਂ ਜੁ ਤੈਨੂੰ ਆਖਿਆ, ਖੇਤਾਂ ਦੇ ਵਿਚ ਆ ਭਲਾ
ਮੈਂ ਗੋਡਾਂਗੀ ਪੈਲੀਆਂ, ਤੂੰ ਕਿਆਰੇ ਕਢਦਾ ਜਾ ਭਲਾ……
ਮੈਂ ਜੁ ਤੈਨੂੰ ਆਖਿਆ, ਖੇਤਾਂ ਦੇ ਵਿਚ ਆ ਭਲਾ
ਕਣਕ ਜੁ ਬੀਜਾਂ ਮੈਂ ਕੁੜੇ, ਤੂੰ ਪਾਣੀ ਦੇਂਦੀ ਜਾ ਭਲਾ……
ਰਾਖੀ ਰਖ ਰਖ ਮੈਂ ਮੁਈ, ਤੇ ਹੱਡ ਲਏ ਤੂੰ ਖੋਰ ਭਲਾ
ਭਰ ਭਰ ਬੋਹਲ ਜੁ ਲਾ ਲਏ, ਉਤੋਂ ਪੈ ਗਏ ਚੋਰ ਭਲਾ……
ਭੰਨਾਂ ਭੁਖੇ ਮਹਿਲ ਨੂੰ, ਚੋਰ ਨੂੰ ਰਖਾਂ ਥਾਂ ਭਲਾ
ਮੈਂ ਧਰਤੀ ਦਾ ਲਾਲ ਜੀ, ਧਰਤੀ ਮੇਰੀ ਮਾਂ ਭਲਾ……
ਨਵੀਂ ਕਣਕ ਜੁ ਗੁੰਨ ਲਵਾਂ ਮੈਂ, ਪੇੜਾ ਮਖਣ ਦਾ ਭਲਾ
ਮੇਰਾ ਜੋਬਨ ਹਾਕਾਂ ਮਾਰਦਾ, ਮੇਰੇ ਵਿਹੜੇ ਦੇ ਵਿਚ ਆ ਭਲਾ……
ਤੂੰ ਅੰਬਾਂ ਦਾ ਬੂਰ ਨੀ, ਤੁੰ ਸਮੇਂ ਦਾ ਫੁੱਲ ਭਲਾ
ਤੇਰਾ ਜੋਬਨ ਚੜ੍ਹਿਆ ਚੰਦ ਨੀ, ਕੀਕਣ ਤਾਰਾਂ ਮੁੱਲ ਭਲਾ…….
ਮੇਰੇ ਹਥੀਂ ਮਹਿੰਦੀ ਰਾਂਗਲੀ, ਮੇਰੀ ਚੂੜੇ ਵਾਲੀ ਬਾਂਹ ਭਲਾ
ਮੈਂ ਤੇਰੀ ਵੇ ਰਾਂਝਣਾਂ, ਮੈਂ ਹੋਰ ਕਿਸੇ ਦੀ ਨਾਂਹ ਭਲਾ...

ਮੇਰਾ ਸ਼ਹਿਰ

ਮੇਰਾ ਸ਼ਹਿਰ ਇਕ ਲੰਬੀ ਬਹਿਸ ਵਰਗਾ ਹੈ…
ਸੜਕਾਂ–ਬੇਤੁਕੀਆਂ ਦਲੀਲਾਂ ਦੀ ਤਰ੍ਹਾਂ
ਤੇ ਗਲੀਆਂ ਇਸ ਤਰ੍ਹਾਂ….
ਜਿਉਂ ਇੱਕੋ ਗੱਲ ਨੂੰ ਕੋਈ ਇੱਧਰ ਘਸੀਟਦਾ ਕੋਈ ਉੱਧਰ

ਹਰ ਮਕਾਨ ਇਕ ਮੁੱਠੀ ਵਾਂਗੂੰ ਵੱਟਿਆ ਹੋਇਆ
ਕੰਧਾਂ–ਕਚੀਚੀਆਂ ਵਾਂਗੂੰ
ਤੇ ਨਾਲੀਆਂ,ਜਿਉਂ ਮੂੰਹਾਂ ‘ਚੋਂ ਝੱਗ ਵਗਦੀ ਹੈ…

ਇਹ ਬਹਿਸ ਖ਼ੌਰੇ ਸੂਰਜ ਤੋਂ ਸ਼ੁਰੂ ਹੋਈ ਸੀ
ਜੁ ਉਸ ਨੂੰ ਵੇਖ ਕੇ ਇਹ ਹੋਰ ਗਰਮ ਹੁੰਦੀ
ਤੇ ਹਰ ਬੂਹੇ ਦੇ ਮੂੰਹ ‘ਚੋਂ….

ਫਿਰ ਸਾਈਕਲਾਂ ਤੇ ਸਕੂਟਰਾਂ ਦੇ ਪਹੀਏ
ਗਾਲ੍ਹਾਂ ਦੀ ਤਰ੍ਹਾਂ ਨਿਕਲਦੇ
ਤੇ ਘੰਟੀਆਂ ਤੇ ਹਾਰਨ ਇਕ ਦੂਜੇ ਤੇ ਝਪਟਦੇ….

ਜਿਹੜਾ ਵੀ ਬਾਲ ਇਸ ਸ਼ਹਿਰ ਵਿਚ ਜੰਮਦਾ
ਪੁੱਛਦਾ ਕਿ ਕਿਹੜੀ ਗੱਲ ਤੋਂ ਇਹ ਬਹਿਸ ਹੋ ਰਹੀ ?
ਫਿਰ ਉਸ ਦਾ ਸਵਾਲ ਵੀ ਇਕ ਬਹਿਸ ਬਣਦਾ
ਬਹਿਸ ਵਿਚੋਂ ਨਿਕਲਦਾ , ਬਹਿਸ ਵਿਚ ਰਲਦਾ….

ਸੰਖਾਂ ਘੜਿਆਲਾਂ ਦੇ ਸਾਹ ਸੁੱਕੇ
ਰਾਤ ਆਉਂਦੀ,ਸਿਰ ਖਪਾਂਦੀ ,ਤੇ ਚਲੀ ਜਾਂਦੀ
ਪਰ ਨੀਂਦਰ ਦੇ ਵਿੱਚ ਵੀ ਇਹ ਬਹਿਸ ਨਾ ਮੁੱਕੇ

ਮੇਰਾ ਸ਼ਹਿਰ ਇਕ ਲੰਬੀ ਬਹਿਸ ਵਰਗਾ ਹੈ…

ਇੱਕ ਮੁਲਾਕਾਤ

ਮੈਂ ਚੁੱਪ, ਸ਼ਾਂਤ ਤੇ ਅਡੋਲ ਖੜੀ ਸਾਂ
ਸਿਰਫ ਕੋਲ ਵਗਦੇ ਸਮੁੰਦਰ 'ਚ ਤੂਫਾਨ ਸੀ.....
ਫਿਰ
ਸਮੁੰਦਰ ਨੂੰ ਰੱਬ ਜਾਣੇ ਕੀ ਖਿਆਲ ਆਇਆ
ਉਸ ਆਪਣੇ ਤੂਫਾਨ ਦੀ ਪੋਟਲੀ ਬੰਨ੍ਹੀ
ਮੇਰੇ
ਹੱਥ 'ਚ ਫੜਾਈ ਤੇ ਹੱਸ ਕੇ ਕੁੱਝ ਪਰਾਂ ਹੋ ਗਿਆ....
ਹੈਰਾਨ ਸਾਂ-ਪਰ ਉਸਦਾ ਚਮਤਕਾਰ
ਫੜ ਲਿਆ
ਪਤਾ ਸੀ-ਅਜਿਹੀ ਘਟਨਾ ਕਦੇ ਸਦੀਆਂ 'ਚ ਹੁੰਦੀ ਹੈ...
ਲੱਖਾਂ ਖਿਆਲ ਆਏ
ਮੱਥੇ ਤੇ ਝਿਲਮਿਲਾਏ
ਪਰ ਖਲੋਤੀ ਰਹਿ ਗਈ ਕਿ ਇਸ ਨੂੰ ਚੁੱਕ ਕੇ
ਅਜ ਆਪਣੇ ਸ਼ਹਿਰ
ਵਿਚ ਮੈਂ ਕਿਵੇਂ ਜਾਵਾਂਗੀ ?
ਮੇਰੇ ਸ਼ਹਿਰ ਦੀ ਹਰ ਗਲੀ ਭੀੜੀ ਹੈ
ਮੇਰੇ ਸ਼ਹਿਰ ਦੀ
ਹਰ ਛੱਤ ਨੀਵੀਂ ਹੈ
ਮੇਰੇ ਸ਼ਹਿਰ ਦੀ ਹਰ ਕੰਧ ਚੁਗਲੀ ਹੈ..
ਮੈਂ ਸੋਚਿਆ
-ਜੇ ਕਿਤੋਂ ਤੂੰ ਲੱਭੇਂ
ਤਾਂ ਸਮੁੰਦਰ ਦੀ ਤਰਾਂ ਇਹਨੂੰ ਛਾਤੀ ਤੇ ਰੱਖ ਕੇ
ਅਸੀਂ
ਦੋ ਕਿਨਾਰਿਆਂ ਦੀ ਤਰਾਂ ਹੱਸ ਸਕਦੇ ਸਾਂ
ਤੇ ਨੀਵੀਆਂ ਛੱਤਾਂ,
ਤੇ ਭੀੜੀਆ ਗਲੀਆਂ
ਦੇ ਸ਼ਹਿਰ 'ਚ ਵੱਸ ਸਕਦੇ ਸਾਂ...
ਪਰ ਸਾਰੀ ਦੁਪਿਹਰ ਤੈਨੂੰ ਲੱਭਦਿਆ ਬੀਤੀ
ਤੇ
ਆਪਣੀ ਅੱਗ ਦਾ ਮੈਂ ਆਪੇ ਹੀ ਘੁੱਟ ਪੀਤਾ
ਤੇ ਦਿਹੁੰ ਲਹਿਣ ਵੇਲੇ-
ਸਮੁੰਦਰ ਦਾ
ਤੂਫਾਨ ਸਮੁੰਦਰ ਨੂੰ ਮੋੜ ਦਿੱਤਾ...
ਹੁਣ ਰਾਤ ਪੈਣ ਲੱਗੀ ਏ ਤਾਂ ਤੂੰ ਮਿਲਿਆ ਏਂ
ਤੂੰ ਵੀ ਉਦਾਸ, ਚੁੱਪ, ਸ਼ਾਂਤ ਤੇ ਅਡੋਲ
ਮੈਂ ਵੀ ਉਦਾਸ, ਚੁੱਪ, ਸ਼ਾਂਤ ਤੇ ਅਡੋਲ
ਸਿਰਫ - ਦੂਰ
ਵਗਦੇ ਸਮੁੰਦਰ ਦੇ ਵਿੱਚ ਤੂਫਾਨ ਹੈ..

ਦੋ ਤਿੱਤਲੀਆਂ

ਘੁੰਮਰੇ ਘੁੰਮਰੇ ਟਾਹਣਾਂ ਵਾਲੇ
ਬੋੜ੍ਹ ਪਛਾੜੀ,
ਬਣ ਗੁਲਨਾਰੀ,
ਵੱਡਾ ਗੋਲਾ ਸੂਰਜ ਦਾ ਜਦ ਮੂੰਹ ਛਪਾਵੇ,
ਆ ਮੇਰੀ ਬਾਰੀ ਦੇ ਸਾਹਵੇਂ,
ਫੁੱਲ-ਪਤੀਆਂ ਦੀ ਪਤਲੀ ਛਾਵੇਂ,
ਫੁਦਕ ਫੁਦਕ,
ਗੁਟਕ ਗੁਟਕ ਕੇ
ਬੋਲਦੀਆਂ ਦੋ ਤਿੱਤਲੀਆਂ।

ਜਲਾਵਤਨ

ਤੇਰੀਆਂ ਯਾਦਾਂ
ਬਹੁਤ ਦੇਰ ਹੋਈ ਜਲਾਵਤਨ ਹੋਈਆਂ
ਜਿਉਂਦੀਆਂ ਕਿ ਮੋਈਆਂ-
ਕੁਝ ਪਤਾ ਨਹੀਂ।

ਸਿਰਫ਼ ਇੱਕ ਵਾਰੀ ਇੱਕ ਘਟਨਾ ਵਾਪਰੀ
ਖ਼ਿਆਲਾਂ ਦੀ ਰਾਤ ਬੜੀ ਡੂੰਘੀ ਸੀ
ਤੇ ਏਨੀ ਚੁੱਪ ਸੀ
ਕਿ ਪੱਤਾ ਖੜਕਿਆਂ ਵੀ-
ਵਰ੍ਹਿਆਂ ਦੇ ਕੰਨ ਤ੍ਰਭਕਦੇ।
ਫੇਰ ਤਿੰਨ ਵਾਰਾਂ ਜਾਪਿਆ
ਛਾਤੀ ਦਾ ਬੂਹਾ ਖੜਕਦਾ
ਤੇ ਪੋਲੇ ਪੈਰ ਛੱਤ 'ਤੇ ਚੜ੍ਹਦਾ ਕੋਈ
ਤੇ ਨਹੁੰਆਂ ਦੇ ਨਾਲ ਪਿਛਲੀ ਕੰਧ ਖੁਰਚਦਾ।

ਤਿੰਨ ਵਾਰਾਂ ਉੱਠ ਕੇ ਮੈਂ ਕੁੰਡੀਆਂ ਟੋਹੀਆਂ
ਹਨੇਰੇ ਨੂੰ ਜਿਸ ਤਰਾਂ ਇੱਕ ਗਰਭ ਪੀੜ ਸੀ
ਉਹ ਕਦੇ ਕੁਝ ਕਹਿੰਦਾ
ਤੇ ਕਦੇ ਚੁੱਪ ਹੁੰਦਾ
ਜਿਉਂ ਆਪਣੀ ਆਵਾਜ਼ ਨੂੰ
ਦੰਦਾਂ ਦੇ ਵਿੱਚ ਪੀਂਹਦਾ।

ਤੇ ਫੇਰ ਜਿਉਂਦੀ-ਜਾਗਦੀ ਇੱਕ ਸ਼ੈ
ਤੇ ਜਿਉਂਦੀ-ਜਾਗਦੀ ਆਵਾਜ਼:
"ਮੈਂ ਕਾਲ਼ਿਆਂ ਕੋਹਾਂ ਤੋਂ ਆਈ ਹਾਂ
ਪਾਹਰੂਆਂ ਦੀ ਅੱਖ ਤੋਂ ਇਸ ਬਦਨ ਨੂੰ ਚੁਰਾਂਦੀ
ਬੜੀ ਮਾਂਦੀ।
ਪਤਾ ਹੈ ਮੈਨੂੰ ਕਿ ਤੇਰਾ ਦਿਲ ਆਬਾਦ ਹੈ
ਪਰ ਕਿਤੇ ਸੁੰਞੀ-ਸੱਖਣੀ ਕੋਈ ਥਾਂ ਮੇਰੇ ਲਈ?"
"ਸੁੰਞ ਸੱਖਣ ਬੜੀ ਹੈ ਪਰ ਤੂੰ......"

ਤ੍ਰਭਕ ਕੇ ਮੈਂ ਆਖਿਆ-
"ਤੂੰ ਜਲਾਵਤਨ......ਨਹੀਂ ਕੋਈ ਥਾਂ ਨਹੀਂ
ਮੈਂ ਠੀਕ ਕਹਿੰਦੀ ਹਾਂ
ਕਿ ਕੋਈ ਥਾਂ ਨਹੀਂ ਤੇਰੇ ਲਈ
ਇਹ ਮੇਰੇ ਮਸਤਕ
ਮੇਰੇ ਆਕਾ ਦਾ ਹੁਕਮ ਹੈ!"
... ... ... ... ... ...

ਤੇ ਫੇਰ ਜੀਕਣ ਸਾਰਾ ਹਨੇਰਾ ਹੀ ਕੰਬ ਜਾਂਦਾ
ਉਹ ਪਿਛਾਂਹ ਨੂੰ ਪਰਤੀ
ਪਰ ਜਾਣ ਤੋਂ ਪਹਿਲਾਂ ਉਹ ਉਰਾਂਹ ਹੋਈ
ਤੇ ਮੇਰੀ ਹੋਂਦ ਨੂੰ ਉਸ ਇੱਕ ਵਾਰ ਛੋਹਿਆ
ਹੌਲੀ ਜਿਹੀ-
ਇੰਝ ਜਿਵੇਂ ਕੋਈ ਆਪਣੇ ਵਤਨ ਦੀ ਮਿੱਟੀ ਨੂੰ ਛੋਂਹਦਾ ਹੈ

ਨਿੰਮੀ ਨਿੰਮੀ ਤਾਰਿਆਂ ਦੀ ਲੋਅ

ਨਿੰਮੀ ਨਿੰਮੀ ਤਾਰਿਆਂ ਦੀ ਲੋਅ
ਚੰਨ ਪਵੇ ਨਾ ਜਾਗ ਬੱਦਲੀਏ!
ਪੋਲੀ ਜਿਹੀ ਖਲੋ,

ਪਲਕ ਨ ਝਮਕੋ ਅੱਖੀਓ!
ਕਿਤੇ ਖੜਕ ਨਾ ਜਾਵੇ ਹੋ,

ਹੌਲੀ ਹੌਲੀ ਧੜਕ ਕਲੇਜੇ!
ਮਤ ਕੋਈ ਸੁਣਦਾ ਹੋ।

ਪੀਆ ਮਿਲਣ ਨੂੰ ਮੈਂ ਚਲੀ,
ਕਿਤੇ ਕੋਈ ਕੱਢੇ ਨਾ ਕੰਸੋਅ

(ਨਹੀਂ ਤੇ) ਖਿੰਡ ਜਾਏਗੀ ਵਾ ਨਾਲ,
ਇਹ ਫੁੱਲਾਂ ਦੀ ਖੁਸ਼ਬੋ।

ਦਸ--ਮੇਰਾ ਕੀ ਦੋਸ਼

ਦਸ--ਮੇਰਾ ਕੀ ਦੋਸ਼

ਸਮਝ ਭੀ ਹੈ ਸੀ
ਸੋਚ ਭੀ ਹੈ ਸੀ
ਫੇਰ ਵੀ ਜੇ ਕੁਝ ਗ਼ਲਤ ਹੋ ਗਿਐ
ਕਾਇਮ ਹੁੰਦਿਆਂ ਹੋਸ਼
ਦਸ--ਮੇਰਾ ਕੀ ਦੋਸ਼?

ਰੱਬ ਮਿਲਾਇਆ
ਮਾਪਿਆਂ ਦਿੱਤਾ
ਫਿਰ ਭੀ ਜੇ ਸੱਸੀ ਤੋਂ ਪੁੰਨੂੰ
ਲੈ ਗਏ ਖੋਹ ਬਲੋਚ
ਸੀ--ਉਹਦਾ ਕੀ ਦੋਸ਼?

ਪਨਾਹ

ਊਜਾਂ ਦੇ ਕਿੱਸੇ ਬਹੁਤ ਲੰਬੇ
ਖਾ ਸਕੇ, ਤਾਂ ਖਾ ਲਵੀਂ, ਮੇਰਾ ਵਸਾਹ
ਤੇਰੇ ਪਿਆਰ ਦੀ ਪਨਾਹ!

ਝਨਾਵਾਂ ਨੂੰ ਇੱਕ ਆਦਤ ਹੈ ਡੋਬ ਦੇਣ ਦੀ
ਅੱਜ ਆਖ ਆਪਣੇ ਪਿਆਰ ਨੂੰ
ਬਣ ਸਕੇ, ਤਾਂ ਬਣ ਜਾਏ ਮਲਾਹ
ਤੇਰੇ ਪਿਆਰ ਦੀ ਪਨਾਹ!

ਪਿਆਰ ਦੇ ਇਤਿਹਾਸ ਵਿੱਚੋਂ ਇਕ ਵਰਕਾ ਦੇ ਦੇਈਂ!
ਵਰਕਾ ਤਾਂ ਸ਼ਾਇਦ ਬਹੁਤ ਵੱਡਾ ਹੈ
ਜੀਊਣ ਜੋਗਾ ਹਰਫ਼ ਇੱਕ ਦੇਵਾਂਗੀ ਵਾਹ।
ਤੇਰੇ ਪਿਆਰ ਦੀ ਪਨਾਹ!

ਦੇਖ ਕਬੀਰਾ ਰੋਇਆ

ਸਾਮਰਾਜ: ਇੱਕ ਟਾਵਾਂ ਸ਼ਾਹੀ ਬੂਟਾ
ਹੋਰ ਆਦਮੀ ਦੀ ਜ਼ਾਤ
ਖੱਬਲ ਦੇ ਵਾਂਗ ਉੱਗੀ
ਹਾਕਮ ਦਾ ਹੁਕਮ ਉਨਾ ਹੈ,
ਉਹ ਜਿੰਨਾ ਵੀ ਕਰ ਲਵੇ
ਤੇ ਪਰਜਾ ਦੀ ਪੀੜ ਉਨੀ ਹੈ,
ਉਹ ਜਿੰਨੀ ਵੀ ਜਰ ਲਵੇ…

ਸਮਾਜਵਾਦ: ਮਨੁੱਖ ਜ਼ਾਤ ਦਾ ਮੰਦਰ
ਤੇ ਇੱਕ ਇੱਟ ਜਿੰਨੀ
ਇਕ ਮਨੁੱਖ ਦੀ ਕੀਮਤ
ਇਹ ਮੰਦਰ ਦੀ ਲੋੜ ਹੈ,
ਜਾਂ ਠੇਕੇਦਾਰ ਦੀ ਮਰਜ਼ੀ
ਕਿ ਜਿਹੜੀ ਇੱਟ ਨੂੰ,
ਜਿੱਥੇ ਚਾਹੇ ਧਰ ਲਵੇ…

ਦਰਦ ਦਾ ਅਹਿਸਾਸ,
ਕੁਝ ਕੂਲੀਆਂ ਸੋਚਾਂ ਤੇ ਸ਼ਖ਼ਸੀ ਆਜ਼ਾਦੀ
ਬਹੁਤ ਵੱਡੇ ਐਬ ਹਨ,
ਜੇ ਬੰਦਾ ਐਬ ਦੂਰ ਕਰ ਲਵੇ
ਤੇ ਫੇਰ ਕਦੀ ਚਾਹੇ-
ਤਾਂ ਰੂਹ ਦਾ ਸੋਨਾ ਵੇਚ ਕੇ,
ਤਾਕਤ ਦਾ ਪੇਟ ਭਰ ਲਵੇ…

ਦੀਨੀ ਹਕੂਮਤ: ਰੱਬ ਦੀ ਰਹਿਮਤ
ਸਿਰਫ਼ ਤੱਕਣਾ ਵਰਜਿਤ,
ਤੇ ਬੋਲਣਾ ਵਰਜਿਤ
ਤੇ ਸੋਚਣਾ ਵਰਜਿਤ|

ਹਰ ਬੰਦੇ ਦੇ ਮੋਢਿਆਂ ‘ਤੇ
ਲੱਖਾਂ ਸਵਾਲਾਂ ਦਾ ਭਾਰ
ਮਜ਼ਹਬ ਬੜਾ ਮਿਹਰਬਾਨ ਹੈ
ਹਰ ਸਵਾਲ ਨੂੰ ਖ਼ਰੀਦਦਾ
ਪਰ ਜੇ ਕਦੇ ਬੰਦਾ
ਜਵਾਬ ਦਾ ਹੁਦਾਰ ਕਰ ਲਵੇ…

ਤੇ ਬੰਦੇ ਨੂੰ ਭੁੱਖ ਲੱਗੇ
ਤਾਂ ਬਹੀ ਰੋਟੀ “ਰੱਬ” ਦੀ
ਉਹ ਚੁੱਪ ਕਰਕੇ ਖਾ ਲਵੇ
ਸਬਰ ਸ਼ੁਕਰ ਕਰ ਲਵੇ,
ਤੇ ਉੇਰ ਜੇ ਚਾਹੇ
ਤਾਂ ਅਗਲੇ ਜਨਮ ਵਾਸਤੇ
ਕੁਝ ਆਪਣੇ ਨਾਲ ਧਰ ਲਵੇ…

ਤੇ ਲੋਕ ਰਾਜ: ਗਾਲ਼ੀ ਗਲੋਚ ਦੀ ਖੇਤੀ
ਕਿ ਬੰਦਾ ਜਦੋਂ ਮੂੰਹ ਮਾਰੇ
ਤਾਂ ਜਿੰਨੀ ਚਾਹੇ ਚਰ ਲਵੇ
ਖੁਰਲੀ ਵੀ ਭਰ ਲਵੇ,
ਤੇ ਫੇਰ ਜਦੋਂ ਚਾਹੇ
ਤਾਂ ਉਸੇ ਗਾਲ਼ੀ ਗਲੋਚ ਦੀ
ਬਹਿ ਕੇ ਜੁਗਾਲੀ ਕਰ ਲਵੇ…

('ਕਾਗਜ਼ ਤੇ ਕੈਨਵਸ' ਵਿੱਚੋਂ)

ਅੰਬਰ ਦੀ ਅੱਜ ਮੁੱਠੀ ਲਿਸ਼ਕੇ

ਇਹ ਰਾਤਾਂ ਅੱਜ ਕਿਥੋਂ ਜਾ ਕੇ ਚੰਨ-ਟਟਿਹਣਾ ਫੜ ਆਈਆਂ...

ਨੀਂਦਰ ਨੇ ਇਕ ਰੁੱਖ ਬੀਜਿਆ
ਉਂਗਲਾਂ ਕਿਸ ਤਰਖਾਣ ਦੀਆਂ ਅੱਜ ਸੱਤਰ ਸੁਪਨੇ ਘੜ ਆਈਆਂ...
ਨਜ਼ਰ ਤੇਰੀ ਨੇ ਹੱਥ ਫੜਾਇਆ
ਇੱਕੋ ਮੁਲਾਕਾਤ ਵਿਚ ਗੱਲਾਂ ਉਮਰ ਦੀ ਪੌੜੀ ਚੜ੍ਹ ਆਈਆਂ...
ਸਾਡਾ ਸਬਕ ਮੁਬਾਰਕ ਸਾਨੂੰ
ਪੰਜ ਨਮਾਜ਼ਾਂ ਬਸਤਾ ਲੈ ਕੇ ਇਸ਼ਕ ਮਸੀਤੇ ਵੜ ਆਈਆਂ...
ਇਹ ਜੁ ਦਿੱਸਣ ਵੇਦ ਕਤੇਬਾਂ
ਕਿਹੜੇ ਦਿਲ ਦੀ ਟਾਹਣੀ ਨਾਲੋਂ ਇਕ ਦੋ ਪੱਤੀਆਂ ਝੜ ਆਈਆਂ...
ਦਿਲ ਦੀ ਛਾਪ ਘੜੀ ਸੁਨਿਆਰੇ
ਇਕ ਦਿਨ ਇਹ ਤਕਦੀਰਾਂ ਜਾ ਕੇ ਦਰਦ ਨਗੀਨਾ ਜੜ ਆਈਆਂ...
ਉੱਖਲੀ ਇਕ ਵਿਛੋੜੇ ਵਾਲੀ
ਵੇਖ ਸਾਡੀਆਂ ਉਮਰਾਂ ਜਾ ਕੇ ਇਸ਼ਕ ਦਾ ਝੋਨਾ ਛੜ ਆਈਆਂ...
ਦੁਨੀਆਂ ਨੇ ਜਦ ਸੂਲੀ ਗੱਡੀ
ਆਸ਼ਕ ਜਿੰਦਾਂ ਕੋਲ ਖਲੋ ਕੇ ਆਪਣੀ ਕਿਸਮਤ ਪੜ੍ਹ ਆਈਆਂ...

ਕੁਆਰੀ

ਮੈਂ ਤੇਰੀ ਸੇਜ ਤੇ ਜਦ ਪੈਰ ਧਰਿਆ ਸੀ
ਮੈਂ ਇਕ ਨਹੀਂ ਸਾਂ – ਦੋ ਸਾਂ
ਇਕ ਸਾਲਮ ਵਿਆਹੀ, ਤੇ ਇਕ ਸਾਲਮ ਕੁਆਰੀ

ਸੋ ਤੇਰੇ ਭੋਗ ਦੀ ਖ਼ਾਤਿਰ
ਮੈਂ ਉਸ ਕੁਆਰੀ ਨੂੰ ਕਤਲ ਕਰਨਾ ਸੀ...

ਮੈਂ ਕਤਲ ਕੀਤਾ ਸੀ
ਇਹ ਕਤਲ, ਜੋ ਕਾਨੂੰਨਨ ਜਾਇਜ਼ ਹੁੰਦੇ ਹਨ
ਸਿਰਫ਼ ਉਹਨਾਂ ਦੀ ਜ਼ਿਲੱਤ ਨਾਜ਼ਾਇਜ਼ ਹੁੰਦੀ ਹੈ
ਤੇ ਮੈਂ ਉਸ ਜ਼ਿੱਲਤ ਦਾ ਜ਼ਹਿਰ ਪੀਤਾ ਸੀ...

ਤੇ ਫਿਰ ਪਰਭਾਤ ਵੇਲੇ
ਇਕ ਲਹੂ ਵਿਚ ਭਿੱਜੇ ਮੈਂ ਆਪਣੇ ਹੱਥ ਵੇਖੇ ਸਨ
ਹੱਥ ਧੋਤੇ ਸਨ –
ਬਿਲਕੁਲ ਉਸ ਤਰ੍ਹਾਂ, ਜਿਉਂ ਹੋਰ ਮੁਸ਼ਕੀ ਅੰਗ ਧੋਣੇ ਸੀ

ਪਰ ਜਿਉਂ ਹੀ ਮੈਂ ਸ਼ੀਸ਼ੇ ਦੇ ਸਾਹਮਣੇ ਹੋਈ
ਉਹ ਸਾਹਮਣੇ ਖਲੋਤੀ ਸੀ
ਉਹੀ, ਜੋ ਆਪਣੀ ਜਾਚੇ, ਮੈਂ ਰਾਤੀ ਕਤਲ ਕੀਤੀ ਸੀ...

ਓ ਖ਼ੁਦਾਇਆ !
ਕੀ ਸੇਜ ਦਾ ਹਨੇਰਾ ਬਹੁਤ ਗਾੜ੍ਹਾ ਸੀ ?
ਮੈਂ ਕਿਹਨੂੰ ਕਤਲ ਕਰਨਾ ਸੀ, ਤੇ ਕਿਹਨੂੰ ਕਤਲ ਕਰ ਬੈਠੀ

ਮੈਂ ਜਨਤਾ

ਰਾਣੀਆਂ ਪਟਰਾਣੀਆਂ ਮੈਂ ਰੋਜ਼ ਵੇਖਦੀ
ਹੱਥੀਂ ਸੁਹਾਗ ਦੇ ਕੰਙਣ, ਪੈਰੀਂ ਕਾਨੂੰਨ ਦੀ ਝਾਂਜਰ
ਉਹਨਾਂ ਦੀ ਤਲੀ ਵਾਸਤੇ, ਮੈਂ ਰੋਜ਼ ਮਹਿੰਦੀ ਘੋਲਦੀ
ਕਦੇ ਕੁਝ ਨਹੀਂ ਬੋਲਦੀ
ਮੈਂ ਸਦਗੁਣੀ, ਜਾਣਦੀ ਹਾਂ – ਰੀਸ ਕਰਨੀ ਬੜੀ ਔਗੁਣ ਹੈ।

ਸੇਜ ਉਹ ਨਹੀਂ, ਪਰ ਸੇਜ ਦਾ ਸਵਾਮੀ ਉਹੀ,
ਹਨੇਰੇ ਦੀ ਸੇਜ ਭੋਗਦੀ, ਜਾਂ ਸੇਜ ਦਾ ਹਨੇਰਾ ਭੋਗਦੀ
ਕੁੱਖ ਮੇਰੀ ਬਾਲ ਜੰਮਦੀ ਹੈ, ਵਾਰਿਸ ਨਹੀਂ ਜੰਮਦੀ।
ਬਾਲ ਮੇਰੇ ਬੜੇ ਬੀਬੇ
ਸਦਗੁਣੇ, ਜਾਣਦੇ ਨੇ – ਹੱਕ ਮੰਗਣਾ ਬੜਾ ਔਗੁਣ ਹੈ।
ਬਾਲ ਮੇਰੇ, ਚੁੱਪ ਕੀਤੇ ਜਵਾਨੀ ਕੱਢ ਲੈਂਦੇ ਨੇ
ਤੇ ਸੇਵਾ ਸਾਂਭ ਲੈਂਦੇ ਨੇ, ਕਿਸੇ ਨਾ ਕਿਸੇ ਦੇਸ਼ ਰਤਨ ਦੀ।
ਮੈਂ – ਜਨਤਾ, ਚੁੱਪ ਕੀਤੀ ਬੁਢੇਪਾ ਕੱਟ ਲੈਂਦੀ ਹਾਂ
ਅੱਖ ਦਾ ਇਸ਼ਾਰਾ ਸਮਝਦੀ,
ਇਕ ਚੰਗੀ ਰਖੇਲ ਆਪਣੇ ਵਤਨ ਦੀ।

ਮੈਂ ਤੈਨੂੰ ਫੇਰ ਮਿਲਾਂਗੀ

ਮੈਂ ਤੈਨੂੰ ਫੇਰ ਮਿਲਾਂਗੀ
ਕਿੱਥੇ ? ਕਿਸ ਤਰਾਂ ? ਪਤਾ ਨਹੀਂ
ਸ਼ਾਇਦ ਤੇਰੇ ਤਖ਼ਈਅਲ ਦੀ ਚਿਣਗ ਬਣਕੇ
ਤੇਰੀ ਕੈਨਵਸ ਤੇ ਉਤਰਾਂਗੀ
ਜਾਂ ਖੌਰੇ ਤੇਰੀ ਕੈਨਵਸ ਦੇ ਉੱਤੇ
ਇਕ ਰਹੱਸਮਈ ਲਕੀਰ ਬਣਕੇ
ਖਾਮੋਸ਼ ਤੈਨੂੰ ਤਕਦੀ ਰਵਾਂਗੀ

ਜਾਂ ਖੌਰੇ ਸੂਰਜ ਦੀ ਲੋਅ ਬਣਕੇ
ਤੇਰੇ ਰੰਗਾਂ ਵਿੱਚ ਘੁਲਾਂਗੀ
ਜਾਂ ਰੰਗਾਂ ਦੀਆਂ ਬਾਹਵਾਂ ਵਿੱਚ ਬੈਠ ਕੇ
ਤੇਰੀ ਕੈਨਵਸ ਨੂੰ ਵਲਾਂਗੀ
ਪਤਾ ਨਹੀ ਕਿਸ ਤਰਾਂ - ਕਿੱਥੇ
ਪਰ ਤੈਨੂੰ ਜ਼ਰੂਰ ਮਿਲਾਂਗੀ

ਜਾਂ ਖੌਰੇ ਇਕ ਚਸ਼ਮਾ ਬਣੀ ਹੋਵਾਂਗੀ
ਤੇ ਜਿਵੇ ਝਰਨਿਆਂ ਦਾ ਪਾਣੀ ਉੱਡਦਾ
ਮੈਂ ਪਾਣੀ ਦੀਆਂ ਬੂੰਦਾਂ
ਤੇਰੇ ਪਿੰਡੇ ਤੇ ਮਲਾਂਗੀ
ਤੇ ਇਕ ਠੰਢਕ ਜਿਹੀ ਬਣਕੇ
ਤੇਰੀ ਛਾਤੀ ਦੇ ਨਾਲ ਲੱਗਾਂਗੀ
ਮੈਂ ਹੋਰ ਕੁਝ ਨਹੀਂ ਜਾਣਦੀ
ਪਰ ਏਨਾ ਜਾਣਦੀ
ਕਿ ਵਕਤ ਜੋ ਵੀ ਕਰੇਗਾ
ਇਹ ਜਨਮ ਮੇਰੇ ਨਾਲ ਤੁਰੇਗਾ

ਇਹ ਜਿਸਮ ਮੁੱਕਦਾ ਹੈ
ਤਾਂ ਸਭ ਕੁੱਝ ਮੁੱਕ ਜਾਂਦਾ
ਪਰ ਚੇਤਿਆਂ ਦੇ ਧਾਗੇ
ਕਾਇਨਾਤੀ ਕਣਾਂ ਦੇ ਹੁੰਦੇ
ਮੈਂ ਉਨਾਂ ਕਣਾਂ ਨੂੰ ਚੁਣਾਂਗੀ
ਧਾਗਿਆਂ ਨੂੰ ਵਲਾਂਗੀ
ਤੇ ਤੈਨੂੰ ਮੈਂ ਫੇਰ ਮਿਲਾਂਗੀ ।

ਪੰਜਵਾਂ ਚਿਰਾਗ

ਨਾ ਕੋਈ ਵਜੂ ਤੇ ਨਾ ਕੋਈ ਸਜਦਾ
ਨਾ ਮੰਨਤ ਮੰਗਣ ਆਈ
ਚਾਰ ਚਿਰਾਗ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ...

ਦੁੱਖਾਂ ਦੀ ਘਾਣੀ ਮੈਂ ਤੇਲ ਕਢਾਇਆ
ਮੱਥੇ ਦੀ ਤੀਊੜੀ-ਇੱਕ ਰੂੰ ਦੀ ਬੱਤੀ
ਮੈਂ ਮੱਥੇ ਦੇ ਵਿਚ ਪਾਈ
ਚਾਰ ਚਿਰਾਗ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ...

ਸੋਚਾਂ ਦੇ ਸਰਵਰ ਹੱਥਾਂ ਨੂੰ ਧੋਤਾ
ਮੱਥੇ ਦਾ ਦੀਵਾ ਮੈਂ ਤਲੀਆਂ ਤੇ ਧਰਿਆ
ਤੇ ਰੂਹ ਦੀ ਅੱਗ ਛੁਹਾਈ
ਚਾਰ ਚਿਰਾਗ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ...

ਤੂੰਹੇਂ ਤਾਂ ਦਿੱਤਾ ਸੀ ਮਿੱਟੀ ਦਾ ਦੀਵਾ
ਮੈਂ ਅੱਗ ਦਾ ਸਗਣ ਉਸੇ ਨੂੰ ਪਾਇਆ
ਤੇ ਅਮਾਨਤ ਮੋੜ ਲਿਆਈ
ਚਾਰ ਚਿਰਾਗ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ !

ਵੇ ਸਾਈਂ

ਵੇ ਸਾਈਂ

ਤੇਰੇ ਚਰਖੇ ਨੇ ਅੱਜ ਕੱਤ ਲਿਆ ਕੱਤਣ ਵਾਲੀ ਨੂੰ
ਹਰ ਇੱਕ ਮੁੱਢਾ ਪੱਛੀ ਪਾਇਆ
ਨਾ ਕੋਈ ਗਿਆ ਤੇ ਨਾ ਕੋਈ ਆਇਆ
ਹਾਏ ਅੱਲ੍ਹਾ ..ਅੱਜ ਕੀ ਬਣਿਆ
ਅੱਜ ਛੋਪੇ ਕੱਤਣ ਵਾਲੀ ਨੂੰ
ਵੇ ਸਾਈਂ ......................

ਤਾਕ ਕਿਸੇ ਨਾ ਖੋਲ੍ਹੇ ਭੀੜੇ
ਨਿੱਸਲ ਪਏ ਰਾਂਗਲੇ ਪੀਹੜੇ
ਵੇਖ ਅਟੇਰਨ ਬਉਰਾ ਹੋਇਆ
ਲੱਭਦਾ ਅੱਟਣ ਵਾਲੀ ਨੂੰ
ਵੇ ਸਾਈਂ ....................

ਕਿਸੇ ਨਾ ਦਿੱਤੀ ਕਿਸੇ ਨਾ ਮੰਗੀ
ਦੂਜੇ ਕੰਨੀ 'ਵਾਜ਼ ਨਾ ਲੰਘੀ
ਅੰਬਰ ਹੱਸ ਵੇਖਣ ਲੱਗਾ
ਇਸ ਢਾਰੇ ਛੱਤਣ ਵਾਲੀ ਨੂੰ
ਵੇ ਸਾਈਂ
ਤੇਰੇ ਚਰਖੇ ਨੇ ਅੱਜ ਕੱਤ ਲਿਆ ਕੱਤਣ ਵਾਲੀ ਨੂੰ

ਆਦਿ ਰਚਨਾ

ਮੈਂ ਇੱਕ ਨਿਰਾਕਾਰ ਸਾਂ
ਇਹ ਮੈਂ ਦਾ ਸੰਕਲਪ ਸੀ, ਜੋ ਪਾਣੀ ਦਾ ਰੂਪ ਬਣਿਆ
ਤੇ ਤੂੰ ਦਾ ਸੰਕਲਪ ਸੀ, ਜੋ ਅੱਗ ਵਾਂਗ ਫੁਰਿਆ
ਤੇ ਅੱਗ ਦਾ ਜਲਵਾ ਪਾਣੀਆਂ ਤੇ ਤੁਰਿਆ
ਪਰ ਓਹ ਪਰਾ - ਇਤਿਹਾਸਿਕ ਸਮਿਆਂ ਦੀ ਗੱਲ ਹੈ
ਇਹ ਮੈਂ ਦੀ ਮਿੱਟੀ ਦੀ ਤ੍ਰੇਹ ਸੀ
ਕਿ ਉਸਨੇ ਤੂੰ ਦਾ ਦਰਿਆ ਪੀਤਾ
ਇਹ ਮੈਂ ਦੀ ਮਿੱਟੀ ਦਾ ਹਰਾ ਸੁਪਨਾ
ਕਿ ਤੂੰ ਦਾ ਜੰਗਲ ਲਭ ਲੀਤਾ
ਇਹ ਮੈਂ ਦੀ ਮਿੱਟੀ ਦੀ ਵਾਸ਼ਨਾ
ਤੇ ਤੂੰ ਦੇ ਅੰਬਰ ਦਾ ਇਸ਼ਕ ਸੀ
ਕਿ ਤੂੰ ਦਾ ਨੀਲਾ ਸੁਪਨਾ
ਮਿੱਟੀ ਦਾ ਸ ਏਕ ਸੁੱਚਾ
ਇਹ ਤੇਰੇ ਤੇ ਮੇਰੇ ਮਾਸ ਦੀ ਸੁਗੰਧ ਸੀ
ਤੇ ਇਹੋ ਹਕੀਕਤ ਦੀ ਆਦਿ ਰਚਨਾ ਸੀ
ਸੰਸਾਰ ਦੀ ਰਚਨਾ ਤਾਂ ਬਹੁਤ ਪਿਛੋਂ ਦੀ ਗੱਲ ਹੈ ।

ਸਿਆਲ

ਜਿੰਦ ਮੇਰੀ ਠੁਰਕਦੀ
ਹੋਂਠ ਨੀਲੇ ਹੋ ਗਏ
ਤੇ ਆਤਮਾ ਦੇ ਪੈਰ ਵਿਚੋਂ
ਕੰਬਣੀ ਚੜ੍ਹਦੀ ਪਈ ...

ਵਰ੍ਹਿਆਂ ਦੇ ਬੱਦਲ ਗਰਜਦੇ
ਇਸ ਉਮਰ ਦੇ ਅਸਮਾਨ 'ਤੇ
ਵੇਹੜੇ ਦੇ ਵਿਚ ਪੈਂਦੇ ਪਏ
ਕਾਨੂੰਨ, ਗੋਹੜੇ ਬਰਫ਼ ਦੇ ...

ਗਲੀਆਂ ਦੇ ਚਿਕੜ ਲੰਘ ਕੇ
ਜੇ ਅੱਜ ਤੂੰ ਆਵੇਂ ਕਿਤੇ
ਮੈਂ ਪੈਰ ਤੇਰੇ ਧੋ ਦੀਆਂ
ਬੁੱਤ ਤੇਰਾ ਸੂਰਜੀ
ਕੱਬਲ ਦੀ ਕੰਨੀ ਚੁੱਕ ਕੇ
ਮੈਂ ਹੱਡਾਂ ਦਾ ਠਾਰ ਭੰਨ ਲਾਂ।

ਇਕ ਕੌਲੀ ਧੁੱਪ ਦੀ
ਮੈਂ ਡੀਕ ਲਾ ਕੇ ਪੀ ਲਵਾਂ
ਤੇ ਇਕ ਟੋਟਾ ਧੁੱਪ ਦਾ
ਮੈਂ ਕੁੱਖ ਦੇ ਵਿਚ ਪਾ ਲਵਾਂ। ...

ਤੇ ਫੇਰ ਖ਼ੌਰੇ ਜਨਮ ਦਾ
ਇਹ ਸਿਆਲ ਗੁਜ਼ਰ ਜਾਏਗਾ। ...

ਅੱਲਾ

ਅੱਲਾ ! ਇਹ ਕੌਣ ਆਇਆ ਹੈ
ਕਿ ਤੇਰੀ ਜਗ੍ਹਾ ਜ਼ੁਬਾਨ ਤੇ ਅੱਜ ਉਸ ਦਾ ਨਾਮ ਆਇਆ ਹੈ

ਅੱਲਾ ! ਇਹ ਕੌਣ ਆਇਆ ਹੈ
ਕਿ ਲੋਕ ਕਹਿੰਦੇ ਨੇਂ --
ਮੇਰੀ ਤਕਦੀਰ ਦੇ ਘਰ ਤੋਂ ਮੇਰਾ ਪੈਗ਼ਾਮ ਆਇਆ ਹੈ

ਅੱਲਾ ! ਇਹ ਕੌਣ ਆਇਆ ਹੈ
ਇਹ ਨਸੀਬ ਧਰਤੀ ਦੇ -
ਇਹ ਉਸਦੇ ਹੁਸਨ ਨੂੰ ਖੁਦਾ ਦਾ ਇਕ ਸਲਾਮ ਆਇਆ ਹੈ

ਅੱਲਾ ! ਇਹ ਕੌਣ ਆਇਆ ਹੈ
ਅਜ ਦਿਨ ਮੁਬਾਰਕ ਹੈ --
ਕਿ ਮੇਰੀ ਜ਼ਾਤ ਤੇ ਅੱਜ ਇਸ਼ਕ ਦਾ ਇਲਜ਼ਾਮ ਆਇਆ ਹੈ

ਅੱਲਾ ! ਇਹ ਕੌਣ ਆਇਆ ਹੈ
ਨਜ਼ਰ ਵੀ ਹੈਰਾਨ ਹੈ --
ਕਿ ਅੱਜ ਮੇਰੇ ਰਾਹ ਵਿਚ ਕਿਹੋ ਜਿਹਾ ਮੁਕਾਮ ਆਇਆ ਹੈ

ਅੱਲਾ ! ਇਹ ਕੌਣ ਆਇਆ ਹੈ
ਕਿ ਤੇਰੀ ਜਗ੍ਹਾ ਜ਼ੁਬਾਨ ਤੇ ਅੱਜ ਉਸ ਦਾ ਨਾਮ ਆਇਆ ਹੈ

ਰੱਬ ਜੀ

ਰੱਬ ਜੀ ! ਤੂੰ ਮੇਰੇ ਰੁੱਖ ਤੇ ਆਕੇ
ਇਕ ਦਿਨ ਮੰਨਤ ਮੰਨੀ
ਤੇ ਚੋਲੇ ਨਾਲੋਂ ਪਾੜ ਕੇ ਕੰਨੀ
ਰੁੱਖ ਦੀ ਟਾਹਣੀ ਬੰਨੀ। ...

ਮੈਂ ਆਪਣੇ ਲਹੂ ਦਾ ਇਕ ਇਕ ਟੇਪਾ
ਇਕ ਇਕ ਅੱਖਰ ਘੜਿਆ
ਤੇ ਓਹੀਓ ਮੇਰਾ ਇਕ ਇਕ ਅੱਖਰ
ਜੱਗ ਦੀ ਸੂਲੀ ਚੜ੍ਹਿਆ
ਮੈਂ ਏਸ ਜਨਮ ਦੀ ਲਾਜ ਬਚਾਈ
ਅੱਖ ਕਦੇ ਨਾ ਰੁੰਨੀ। ...
ਰੱਬ ਜੀ ਤੂੰ ਮੇਰੇ ਰੁੱਖ ਤੇ ਆਕੇ
ਇਕ ਦਿਨ ਮੰਨਤ ਮੰਨੀ। ...

ਆਵੋ ਰੱਬ ਜੀ ਰੁੱਖ ਨਾਲੋਂ
ਹੁਣ ਟਾਕੀ ਖੋਲ੍ਹਣ ਆਵੋ !
ਤੇ ਰੁੱਖ ਦਾ ਇਕ ਅਖੀਰੀ ਅੱਖਰ
ਆਪਣੀ ਝੋਲੀ ਪਾਵੋ !
ਇਸ ਰੁੱਖ ਤੁਸਾਂ ਜੋ ਮੰਨਤ ਮੰਨੀ
ਓਹੀਓ ਮੰਨਤ ਪੁੰਨੀ। ...
ਰੱਬ ਜੀ ! ਤੂੰ ਮੇਰੇ ਰੁੱਖ ਤੇ ਆਕੇ
ਇਕ ਦਿਨ ਮੰਨਤ ਮੰਨੀ। ..

ਇਕ ਟੋਟਾ ਧੁੱਪ ਦਾ

ਮੈਨੂ ਉਹ ਵੇਲਾ ਯਾਦ ਹੈ
ਜਦ ਇਕ ਟੋਟਾ ਧੁੱਪ ਦਾ
ਸੂਰਜ ਦੀ ਉਂਗਲ ਪਕੜ ਕੇ
ਨ੍ਹੇਰੇ ਦਾ ਮੇਲਾ ਵੇਖਦਾ
ਭੀੜਾਂ ਦੇ ਵਿਚ ਗੁਆਚਿਆ

ਸੋਚਦੀ ਹਾਂ ਸਹਿਮ ਦਾ ਤੇ
ਸੁੰਞ ਦਾ ਵੀ ਸਾਕ ਹੁੰਦਾ ਹੈ
ਮੈਂ ਜੁ ਇਸਦੀ ਕੁਝ ਨਹੀਂ
ਪਰ ਇਸ ਗੁਆਚੇ ਬਾਲ ਨੇ
ਇਕ ਹੱਥ ਮੇਰਾ ਫੜ ਲਿਆ

ਤੂੰ ਕਿਤੇ ਲੱਭਦਾ ਨਹੀਂ
ਹੱਥ ਨੂੰ ਛੋਂਹਦਾ ਪਿਆ
ਨਿੱਕਾ ਤੇ ਤੱਤਾ ਇਕ ਸਾਹ
ਨਾ ਹੱਥ ਦੇ ਨਾਲ ਪਰਚਦਾ
ਨਾ ਹੱਥ ਦਾ ਖਾਂਦਾ ਵਸਾਹ

ਨ੍ਹੇਰਾ ਕਿਤੇ ਮੁੱਕਦਾ ਨਹੀਂ
ਮੇਲੇ ਦੇ ਰੌਲੇ ਵਿਚ ਵੀ
ਹੈ ਇਕ ਆਲਮ ਚੁੱਪ ਦਾ
ਤੇ ਯਾਦ ਤੇਰੀ ਇਸ ਤਰ੍ਹਾਂ
ਜਿਉਂ ਇਕ ਟੋਟਾ ਧੁੱਪ ਦਾ...

ਕਾਹਨੂੰ ਅੱਖੀਆਂ ਪਰਤਾਈਆਂ ਵੇ ਹੋ !

ਕਾਹਨੂੰ ਅੱਖੀਆਂ ਪਰਤਾਈਆਂ ਵੇ ਹੋ !

ਜੇਹੜੀ ਰੁੱਤੇ ਅੱਖੀਆਂ ਲੱਗੀਆਂ
ਫਿਰ ਓਹੀਓ ਰੁੱਤਾਂ ਆਈਆਂ ਵੇ ਹੋ!

ਸੁੱਕਿਆਂ ਪੌਣਾਂ ਦਾ ਮੂੰਹ ਦੇਖਣ
ਬਦਲੀਆਂ ਤਰਿਹਾਈਆਂ ਵੇ ਹੋ !
ਕਾਹਨੂੰ ਅੱਖੀਆਂ ਪਰਤਾਈਆਂ ਵੇ ਹੋ !

ਓ ਮੇਰੇ ਦੋਸਤ

ਓ ਮੇਰੇ ਦੋਸਤ ! ਮੇਰੇ ਅਜਨਬੀ !
ਇਕ ਵਾਰ ਅਚਾਨਕ ਤੂੰ ਆਇਆ !
ਤਾਂ ਵਕਤ ਅਸਲੋਂ ਹੈਰਾਨ ਮੇਰੇ ਕਮਰੇ 'ਚ ਖਲੋਤਾ ਰਹਿ ਗਿਆ ...

ਤਰਕਾਲਾਂ ਦਾ ਸੂਰਜ ਲਹਿਣ ਵਾਲਾ ਸੀ ਪਰ ਲਹਿ ਨਾ ਸਕਿਆ
ਤੇ ਘੜੀ ਕੁ ਉਸਨੇ ਡੁੱਬਣ ਦੀ ਕਿਸਮਤ ਵਿਸਾਰ ਦਿੱਤੀ
ਫਿਰ ਅਜ਼ਲਾਂ ਦੇ ਨੇਮ ਨੇਂ ਇਕ ਦੁਹਾਈ ਦਿੱਤੀ ...
ਵਕਤ ਨੇ - ਬੀਤੇ ਖਲੋਤੇ ਛਿਣਾਂ ਨੂੰ ਤੱਕਿਆ
ਤੇ ਘਾਬਰ ਕੇ ਬਾਰੀ 'ਚੋਂ ਛਾਲ ਮਾਰ ਦਿੱਤੀ ....

ਉਹ ਬੀਤੇ ਖਲੋਤੇ ਛਿਣਾਂ ਦੀ ਘਟਨਾ ---
ਹੁਣ ਤੈਨੂੰ ਵੀ ਬੜੀ ਅਸਚਰਜ ਲੱਗਦੀ ਹੈ
ਤੇ ਮੈਨੂੰ ਵੀ ਬੜੀ ਅਸਚਰਜ ਲੱਗਦੀ ਹੈ
ਤੇ ਸ਼ਾਇਦ ਵਕਤ ਨੂੰ ਵੀ ਫੇਰ ਉਹ ਗ਼ਲਤੀ ਗਵਾਰਾ ਨਹੀਂ ....

ਹੁਣ ਸੂਰਜ ਰੋਜ਼ ਵੇਲੇ ਸਿਰ ਡੁੱਬ ਜਾਂਦਾ ਹੈ
ਤੇ ਹਨੇਰਾ ਰੋਜ਼ ਮੇਰੀ ਛਾਤੀ ਵਿਚ ਖੁੱਭ ਜਾਂਦਾ ਹੈ
ਪਰ ਬੀਤੇ ਖਲੋਤੇ ਛਿਣਾਂ ਦਾ ਇਕ ਸੱਚ ਹੈ ---
ਹੁਣ ਤੂੰ ਤੇ ਮੈਂ ਉਹਨੂੰ ਮੰਨਣਾ ਚਾਹੀਏ ਜਾਂ ਨਾ
ਇਹ ਵੱਖਰੀ ਗੱਲ ਹੈ ....

ਪਰ ਉਸ ਦਿਨ ਵਕਤ ਨੇ ਜਦ ਬਾਰੀ 'ਚੋਂ ਛਾਲ਼ ਮਾਰੀ ਸੀ
ਤੇ ਉਸ ਦੇ ਗੋਡਿਆਂ ਵਿਚੋਂ ਜੋ ਲਹੂ ਸਿੰਮਿਆਂ ਸੀ
ਉਹ ਲਹੂ ---
ਮੇਰੀ ਬਾਰੀ ਦੇ ਥੱਲੇ ਅਜੇ ਵੀ ਜੰਮਿਆ ਹੋਇਐ .....

ਇਮਰੋਜ਼ ਚਿਤ੍ਰਕਾਰ

ਮੇਰੇ ਸਾਹਮਣੇ – ਈਜ਼ਲ ਦੇ ਉੱਤੇ, ਇਕ ਕੈਨਵਸ ਪਈ ਹੈ
ਕੁਝ ਇੰਜ ਜਾਪਦਾ – ਕਿ ਕੈਨਵਸ ਤੇ ਲੱਗਾ ਰੰਗ ਦਾ ਟੋਟਾ
ਇਕ ਲਾਲ ਟਾਕੀ ਬਣ ਕੇ ਹਿਲਦਾ ਹੈ
ਤੇ ਹਰ ਇਨਸਾਨ ਦੇ ਅੰਦਰ ਦਾ ਪਸ਼ੂ ਇਕ ਸਿੰਗ ਚੁੱਕਦਾ ਹੈ।
ਸਿੰਗ ਤਣਦਾ ਹੈ, ਤੇ ਹਰ ਕੂਚਾ ਗਲੀ ਬਾਜ਼ਾਰ ਇਕ ‘ਰਿੰਗ’ ਬਣਦਾ ਹੈ
ਤੇ ਮੇਰੀਆਂ ਪੰਜਾਬੀ ਰਗਾਂ ਵਿਚ ਇਕ ਸਪੇਨੀ ਰਵਾਇਤ ਖ਼ੌਲਦੀ…

ਖੁਸ਼ਬੋ

ਉਮਰਾਂ ਦੀ ਇਹ ਚਿੱਠੀ ਰੁਲਦੀ
ਕਿਸਮਤ ਸਾਡੀ ਪੜ੍ਹ ਨਾ ਸੱਕੀ
ਸਾਡੇ ਦਿਲ ਨੇ ਸੱਜਣਾਂ ਦਾ
ਸਰਨਾਵਾਂ ਲਿਖਿਆ ਜੋ...

ਇਸ ਵਾਦੀ ਨੂੰ ਕੀ ਕੁਝ ਕਹੀਏ
ਇਸ਼ਕ ਦਾ ਬੂਟਾ ਜਿੱਥੇ ਉੱਗਦਾ
ਮੀਲਾਂ ਦੇ ਵਿਚ ਆਓਂਦੀ ਰਹਿੰਦੀ
ਬਿਰਹਾ ਦੀ ਖੁਸ਼ਬੋ

ਕੁਫ਼ਰ

ਅੱਜ ਅਸਾਂ ਇਕ ਦੁਨੀਆਂ ਵੇਚੀ
ਤੇ ਇਕ ਦੀਨ ਵਿਹਾਜ ਲਿਆਏ
ਗੱਲ ਕੁਫ਼ਰ ਦੀ ਕੀਤੀ

ਸੁਪਨੇ ਦਾ ਇਕ ਥਾਨ ਉਣਾਇਆ
ਗਜ਼ ਕੁ ਕੱਪੜਾ ਪਾੜ ਲਿਆ
ਤੇ ਉਮਰ ਦੀ ਚੋਲੀ ਸੀਤੀ

ਅੱਜ ਅਸਾਂ ਅੰਬਰ ਦੇ ਘੜਿਓਂ
ਬੱਦਲ ਦੀ ਇਕ ਚੱਪਣੀ ਲਾਹੀ
ਘੁੱਟ ਚਾਨਣੀ ਪੀਤੀ

ਗੀਤਾਂ ਨਾਲ ਚੁਕਾ ਜਾਵਾਂਗੇ
ਇਹ ਜੋ ਅਸਾਂ ਮੌਤ ਦੇ ਕੋਲੋਂ
ਘੜੀ ਹੁਦਾਰੀ ਲੀਤੀ

ਅੱਖਰ


ਇਕ ਪੱਥਰਾਂ ਦਾ ਨਗਰ ਸੀ -
ਸੂਰਜ ਵੰਸ਼ ਦੇ ਪੱਥਰ ਤੇ ਚੰਦਰ ਵੰਸ਼ ਦੇ ਪੱਥਰ
ਉਸ ਨਗਰ ਵਿਚ ਰਹਿੰਦੇ ਸਨ...
ਤੇ ਕਹਿੰਦੇ ਹਨ --

ਕਿ ਜ਼ੁਲਮੀ ਰਾਜਿਆਂ ਦਾ ਰਾਜ ਸੀ
ਨਾ ਰਾਜਿਆਂ ਦੇ ਕੰਨ ਸਨ, ਨਾ ਪਰਜਾ ਦੀ 'ਵਾਜ ਸੀ
ਤੇ ਤਾਹਿਓਂ - ਓਹ ਲੋਕ ਜਦ ਰੋਏ ਸਨ
ਪੱਥਰ ਦੇ ਹੋਏ ਸਨ...


ਪੱਥਰ ਦੇ ਦੇਵਤਾ, ਪੱਥਰ ਦੇ ਪੁਜਾਰੀ
ਤੇ ਵਸਲ ਅੰਗ ਨਾ ਛੁੰਹਦਾ
ਤੇ ਬਿਰਹਾ ਭੰਗ ਨਾ ਹੁੰਦਾ ...

ਤੇ ਪੱਥਰਾਂ ਦੇ ਨਗਰ ਵਿਚ, ਸੂਰਜ ਦਾ ਘੋੜਾ ਹਿਣਕਦਾ
ਪੱਥਰਾਂ ਤੇ ਪੈਰ ਪਟਕਦਾ
ਬੱਦਲਾਂ ਦੇ ਹਾਥੀ ਚਿੰਗਾੜਦੇ, ਪੱਥਰਾਂ ਨੂੰ ਪੈਰੋਂ ਉਖਾੜਦੇ
ਰਾਤਾਂ ਦਾ ਹਨੇਰਾ ਸ਼ੂਕਦਾ, ਪੱਥਰਾਂ ਤੇ ਕੁੰਡਲੀ ਮਾਰਦਾ
ਤੇ ਉੱਤੋਂ ਹਾਕਮਾਂ ਦੇ ਹੁਕਮ, ਦਫ਼ਾ ਇਕ ਸੌ ਚੁਤਾਲੀ ...


ਤੇ ਪੱਥਰ ਸਹਿਮ ਕੇ ਬਹਿੰਦੇ, ਜਦ ਦਿੱਲਾਂ ਦੀ ਗੁਠੇ
ਤਾਂ ਛਾਤੀ ਤੇ ਹਰਖ ਵਾਂਗੂੰ , ਕੋਈ ਪੀਲਾ ਫੁਲ ਪੱਤਰ
ਜਾਂ ਸਾਵੇ ਘਾਹ ਦਾ ਤੀਲਾ, ਇਕ ਪੱਥਰ 'ਚੋਂ ਫੁੱਟੇ
ਜਿਉਂ ਕੰਬ ਕੇ ਇਕ ਰਿਖੀ ਦੀ ਤੱਪਸਿਆ ਟੁੱਟੇ ...

ਜਿੰਦ ਬੁਝਦੀ ਤੇ ਜਗਦੀ ਸੀ
ਤੇ ਇੰਜ - ਪੱਥਰਾਂ ਦੇ ਨਗਰ ਵਿਚ
ਪੱਥਰਾਂ ਦੀ ਵੰਸ਼ ਵਧਦੀ ਸੀ...


ਇਕ ਸੀ ਸ਼ਿਲਾ, ਤੇ ਇਕ ਸੀ ਪੱਥਰ
ਤੇ ਓਨ੍ਹਾਂ ਦਾ ਉਸ ਨਗਰ ਵਿਚ, ਸੰਜੋਗ ਲਿਖਿਆ ਸੀ,
ਤੇ ਉਨ੍ਹਾਂ ਨੇ ਰਲ ਕੇ, ਇਕ ਵਰਜਤ ਫਲ ਚੱਖਿਆ ਸੀ...

ਮੈਂ ਹਾਲੇ ਵੀ ਬੈਠਾਂ, ਤਾਂ ਇਕ ਖਿਆਲ ਔਂਦਾ ਹੈ
ਕਿ ਮੈਂ ਵੀ ਜੇ ਹੁੰਦੀ ਇਕ ਹਰੀ ਪੱਤੀ
ਉਨ੍ਹਾ ਦੇ ਪਿੰਡੇ ਦਾ ਹਉਕਾ - ਇਕ ਸਾਵੀ ਕਰੂੰਬਲ
ਤਾਂ ਉਨ੍ਹਾ ਦੀ ਛਾਤੀ ਮੈਨੂ ਨਸੀਬ ਹੁੰਦੀ,


ਸੂਰਜ ਦਾ ਘੋੜਾ ਹਿਣਕਦਾ, ਬੱਦਲਾਂ ਦੇ ਹਾਥੀ ਚਿੰਗਾੜਦੇ
ਤੇ ਰਾਤਾਂ ਦੇ ਸੱਪ ਤੇ ਰਾਜਿਆਂ ਦੇ ਹੁਕਮ ਸ਼ੂਕਦੇ
ਪਰ ਉਨ੍ਹਾਂ ਦੇ ਓਹਲੇ , ਮੈਂ ਨਿੱਸਲ ਬੈਠ ਜਾਂਦੀ,
ਤੇ ਕਿਸੇ ਮਮਤਾ ਦੀ ਤ੍ਰੇੜ ਵਿਚ ਲੁੱਕੀ ਰਹਿੰਦੀ

ਪਰ ਓਹ ਖੌਰੇ ਚਕਮਕ ਪਥਰ ਸਨ
ਜੋ ਮੈਲੇ ਅਸਮਾਨ ਦੇ ਹੇਠ੍ਹਾਂ, ਤੇ ਮੈਲੀ ਧਰਤ ਤੇ ਉੱਤੇ,
ਇਕ ਪਥਰਾਂ ਦੀ ਸੇਜ ਤੇ ਸੁੱਤੇ
ਤੇ ਪਥਰਾਂ ਦੀ ਰਗੜ ਵਿਚੋਂ
ਮੈਂ ਅੱਗ ਵਾਂਗ ਜੰਮੀ - ਅੱਗ ਦੀ ਰੁੱਤੇ


ਪਿੰਡੇ 'ਚੋਂ ਅੱਗ ਜੰਮੀ
ਤਾਂ ਪਥਰ ਵੀ ਕੰਬਿਆ ਤੇ ਸਿਲਾ ਵੀ ਕੰਬੀ

ਫੇਰ ਪਿੰਡ ਦੀ ਅੱਗ, ਉਨ੍ਹਾਂ ਝੋਲੀ ਵਿਚ ਪਾਈ
ਤੇ ਧੂੰਏਂ ਦੀ ਗੁੜ੍ਹਤੀ, ਅੱਗ ਨੂੰ ਚਟਾਈ
ਹੱਸੇ ਤਾ ਹੱਸੇ, ਇਕ ਪੌਣਾਂ ਦੀ ਦਾਈ
ਰੋਵੇਂ ਤਾ ਰੋਵੇਂ, ਜਿਹਨੇ ਕੁਖ ਵਿਚੋਂ ਜਾਈ
ਪਥਰਾਂ ਦੀ ਝੋਲੀ ਅੱਗ ਨਾ ਖੇਡੇ
ਪਥਰਾਂ ਦੇ ਦੁਖ ਹੁੰਦੇ ਪਥਰਾਂ ਜੇਡੇ
ਪਥਰਾਂ ਦੀ ਜੀਭੇ ਪਥਰਾਂ ਦੇ ਛਾਲੇ
ਅਸੀ ਧਰਤੀ ਦੇ ਹਵਾਲੇ, ਤੂੰ ਪੌਣਾਂ ਦੇ ਹਵਾਲੇ। ..


ਫੇਰ ਸੁੰਨ ਦਾ ਆਲਮ,
ਤੇ ਉਨ੍ਹਾ ਕੁਝ ਨਾ ਆਖਿਆ
ਅੱਖੀਆਂ ਮੀਟਣ ਤੋਂ ਪਹਿਲਾਂ, ਸ਼ਾਇਦ ਇਹ ਵੀ ਨਾ ਵੇਖਿਆ
ਇਕ ਜਮਦੀ ਅੱਗ ਨੇ, ਇਕ ਲੰਬਾ ਜਿਹਾ ਹਉਕਾ ਲਿਆ। ..
....
ਅੱਗ ਦੇ ਹੋਂਠਾਂ ਤੇ ਲਿਖਿਆ, ਇਕ ਲੰਬਾ ਜਿਹਾ ਹਉਕਾ
ਤੇ ਅੱਗ ਦੇ ਹੱਡਾਂ 'ਚ ਹੁੰਦਾ ਇਕ ਧੂਆਂ ਹੀ ਧੂਆਂ
---
ਇਹ ਵਗਦੀਆਂ ਪੌਣਾਂ, ਮੈਨੂੰ ਜਿਥੇ ਵੀ ਖੜਦੀਆਂ
ਤੱਤੀਆਂ ਸੁਆਹਵਾਂ, ਮੇਰੇ ਪਿੰਡੇ ਤੋਂ ਝੜਦੀਆਂ। ...
ਤੇ ਰੋਜ਼ ਮੇਰੀ ਉਮਰ ਦਾ, ਜਿਹੜਾ ਹੀ ਦਿਹੁੰ ਚੜ੍ਹਦਾ
ਮੈਂ ਉਸਨੂੰ ਅੱਗ ਲਾਂਦੀ, ਤਾਂ ਉਹੀਓਂ ਰਾਖ ਹੁੰਦਾ। ...


ਮੈਂ ਸੋਚਦੀ -
ਕੀ ਧੂਏਂ ਦੀ ਲੀਕ ਵਾਂਗੂ, ਮੱਥੇ ਦੀ ਲੀਕ ਕੰਬਦੀ ਹੈ?
ਕੀ ਸਾਹਵਾਂ ਦੀ ਕੁੱਖ ਵਿਚੋਂ, ਸਿਵਿਆਂ ਦੀ ਅੱਗ ਜੰਮਦੀ ਹੈ ...
---
ਮੈਂ ਸਿਵਿਆਂ ਦੀ ਅੱਗ ਵਿਚ ਜਲਦੀ
ਤੇ ਸਿਵਿਆਂ ਦੀ ਅੱਗ ਵਾਂਗ ਬਲਦੀ
ਪਰ - ਨੀਂਦਰ ਦਾ ਹਨੇਰਾ ਇਸ ਤਰਾਂ ਹੁੰਦਾ
ਕਿ ਸੁਪਨਿਆਂ ਦੀ ਨੀਲੀ, ਇਕ ਲਾਟ ਜਿਹੀ ਨਿਕਲਦੀ

ਤੇ ਜਾਪਦਾ -
ਕਿ ਸਿਵਿਆਂ ਦੀ ਅੱਗ, ਅੱਗ ਦਾ ਅਪਮਾਨ ਹੈ
ਤੇ ਕਿਸੇ ਸੋਹਣੀ ਜਾਂ ਸੱਸੀ, ਜਾਂ ਹੀਰ ਵਿਚ ਜੋ ਅੱਗ ਸੀ
ਮੈਨੂੰ ਉਸ ਦੀ ਪਹਿਚਾਣ ਹੈ ...
ਤੇ ਇਕ ਸੋਚ ਜਿਹੀ ਆਉਂਦੀ
ਕਿ ਸਿਰਫ ਮੜ੍ਹੀਆਂ ਦੀ ਅੱਗ, ਅੱਗ ਨਹੀਂ ਹੁੰਦੀ
ਇਹ ਅੱਗ ਦੀ ਤੌਹੀਨ ਹੈ

ਤੇ ਜਾਪਦਾ -
ਕਿ ਪੱਥਰਾਂ ਦੇ ਨਗਰ ਵਿੱਚ
ਜੋ ਵਾਰਿਸ ਨੇ ਅੱਗ ਬਾਲੀ ਸੀ
ਇਹ ਮੇਰੀ ਅੱਗ ਵੀ, ਉਸੇ ਦੀ ਜਾ-ਨਸ਼ੀਨ ਹੈ
ਅੱਗ, ਅੱਗ ਦੀ ਵਾਰਿਸ


ਪਰ ਪੱਥਰਾਂ ਦੀ ਨਗਰੀ, ਕੋਈ ਅੱਗ ਨਾ ਪਾਲੇ
ਛਾਤੀਆਂ ਦੇ ਚੁੱਲ੍ਹੇ, ਕੋਈ ਅੱਗ ਨਾ ਬਾਲੇ
ਮੱਥਿਆਂ ਦੀ ਭੱਠੀ, ਕੋਈ ਅੱਗ ਨਾ ਸੇਕੇ
ਤੇ ਮੇਰੀ ਜੀਭ ਤੇ ਉੱਠੇ, ਉਸ ਅੱਗ ਦੇ ਛਾਲੇ

੧੦
ਉਹ ਪੱਥਰਾਂ ਦੇ ਨਗਰ ਵਾਲੇ -
ਆਂਹਦੇ ਤੇ ਆਂਹਦੇ, ਇਸ ਅੱਗ ਨੂੰ ਬੁਝਾਓ
ਪਾਵੋ ਤੇ ਪਾਵੋ, ਕਿਸੇ ਭੋਰੇ ਵਿਚ ਪਾਵੋ
ਦੇਵੋ ਤੇ ਦੇਵੋ, ਨਹੁੰ ਸੰਘੀ ਵਿਚ ਦੇਵੋ
ਜਾਵੋਂ ਤੇ ਜਾਵੋ, ਇਹਨੂੰ ਨਦੀਏ ਰੁੜ੍ਹਾਓ ...
----
ਇਕ ਪੱਥਰਾਂ ਦਾ ਨਗਰ ਸੀ, ਪੱਥਰਾਂ ਦੇ ਕੰਢੇ,
ਤੇ ਮਾਂ-ਵਾਰੀ ਅੱਗ ਦਾ, ਕੋਈ ਸੇਕ ਨਾ ਵੰਡੇ ....

੧੧
ਫੇਰ ਉਹੀਓ ਹਵਾ - ਜਿਹਨੇ ਝੋਲੀ 'ਚ ਖਿਡਾਇਆ
ਤੇ ਜਿਹਨੇ ਮੇਰੀ ਮਾਂ ਦੀ - ਮਾਂ ਦੀ, ਮਾਂ ਨੂੰ ਜਾਇਆ
ਕਿਤੋਂ ਦੌੜ ਕੇ ਆਈ
ਤੇ ਹੱਥਾਂ ਦੇ ਵਿਚ, ਕੁਝ ਅੱਖਰ ਲਿਆਈ

ਇਹ ਨਿੱਕੀਆਂ ਕਾਲੀਆਂ, ਲੀਕਾਂ ਨਾ ਜਾਣੀ
ਇਹ ਲੀਕਾਂ ਦੇ ਗੁੱਛੇ, ਤੇਰੀ ਅੱਗ ਦੇ ਹਾਣੀ
ਵੇਖ! ਅੱਖਰਾਂ ਦਾ ਹੁੰਦਾ, ਅੱਗ ਦਾ ਜੇਰਾ
ਅੱਗ ਦਾ ਜੇਰਾ - ਅੱਗ ਤੋਂ ਵਡੇਰਾ

ਤੇ ਇਸ ਤਰ੍ਹਾਂ ਕਹਿੰਦੀ, ਉਹ ਲੰਘ ਗਈ ਅੱਗੇ
'ਤੇਰੇ ਅੱਗ ਦੀ ਉਮਰਾ - ਇਨ੍ਹਾਂ ਅੱਖਰਾਂ ਨੂੰ ਲੱਗੇ'

ਮੇਰਾ ਪਤਾ

ਅੱਜ ਮੈਂ ਆਪਣੇ ਘਰ ਦਾ ਨੰਬਰ ਮਿਟਾਇਆ ਹੈ
ਤੇ ਗਲੀ ਦੀ ਮੱਥੇ ਤੇ ਲੱਗਾ ਗਲੀ ਦਾ ਨਾਉਂ ਹਟਾਇਆ ਹੈ
ਤੇ ਹਰ ਸੜਕ ਦੀ ਦਿਸ਼ਾ ਦਾ ਨਾਉ ਪੂੰਝ ਦਿੱਤਾ ਹੈ

ਪਰ ਜੇ ਤੁਸਾਂ ਮੈਨੂੰ ਜ਼ਰੂਰ ਲੱਭਣਾ ਹੈ
ਤਾਂ ਹਰ ਦੇਸ ਦੇ, ਹਰ ਸ਼ਹਿਰ ਦੀ,
ਹਰ ਗਲੀ ਦਾ ਬੂਹਾ ਠਕੋਰੋ
ਇਹ ਇਕ ਸ੍ਰਾਪ ਹੈ, ਇਕ ਵਰ ਹੈ
ਤੇ ਜਿੱਥੇ ਵੀ ਸੁਤੰਤਰ ਰੂਹ ਦੀ ਝਲਕ ਪਵੇ
ਸਮਝਣਾਂ ਓਹ ਮੇਰਾ ਘਰ ਹੈ

ਅੰਮ੍ਰਿਤਾ ਪ੍ਰੀਤਮ

ਇਕ ਦਰਦ ਸੀ --
ਜੋ ਸਿਗਰਟ ਦੀ ਤਰਾਂ ਮੈਂ ਚੁਪ ਚਾਪ ਪੀਤਾ ਹੈ

ਸਿਰਫ਼ ਕੁਝ ਨਜ਼ਮਾਂ ਹਨ --
ਜੋ ਸਿਗਰਟ ਦੇ ਨਾਲੋਂ ਮੈਂ ਰਾਖ ਵਾਂਗਣ ਝਾੜੀਆਂ

ਅਰਜ਼

ਰਾਤ - ਕੁੜੀ ਦੀ ਝੋਲੀ ਪਾਓ
ਚਿੱਟਾ ਚੰਨ ਗ਼ਰੀ ਦਾ ਖੋਪਾ,
ਨਾਲ ਸਿਤਾਰੇ - ਮੁਠ ਛੁਹਾਰੇ

ਪੀੜ - ਕੁੜੀ ਦੇ ਝੋਲੀ ਪਾਓ
ਦਿਲ ਦਾ ਜ਼ਖਮ ਨਰੇਲ ਸਬੂਤਾ,
ਨਾਲ ਛੁਆਰੇ - ਹੰਝੂ ਖਾਰੇ

ਪੂਰਬ ਨੇ ਪੰਘੂੜਾ ਡਾਹਿਆ,
ਜੱਦੀ ਪੁਸ਼ਤੀ ਇਕ ਪੰਘੂੜਾ
ਸੂਰਜ ਪਿਆ ਰਾਤ ਦੀ ਕੁਖ਼ੇ

ਹੋਠਾਂ ਨੇ ਪੰਘੂੜਾ ਡਾਹਿਆ,
ਜੱਦੀ ਪੁਸ਼ਤੀ ਇਕ ਪੰਘੂੜਾ
ਗੀਤ ਪਿਆ ਪੀੜਾ ਦੀ ਕੁੱਖੇ

ਅੰਬਰ ਵੈਦ ਸੁਵੈਦ ਸੁਣੀਦਾ
ਰਾਤ - ਕੁੜੀ ਦੀ ਨਾੜੀ ਟੋਹਵੇ,
ਪੀੜ - ਕੁੜੀ ਦੀ ਨਾੜੀ ਟੋਹਵੇ

ਅਰਜ਼ ਕਰੇ ਧਰਤੀ ਦੀ ਦਾਈ:
ਰਾਤ ਕਦੇ ਵੀ ਬਾਂਝ ਨਾ ਹੋਵੇ !
ਪੀੜ ਕਦੇ ਵੀ ਬਾਂਝ ਨਾ ਹੋਵੇ !

ਰੋਸ਼ਨੀ

ਹਿਜਰ ਦੀ ਇਸ ਰਾਤ ਵਿਚ
ਕੁਝ ਰੋਸ਼ਨੀ ਆਉਂਦੀ ਪਈ
ਕੀ ਫੇਰ ਬੱਤੀ ਯਾਦ ਦੀ
ਕੁਝ ਹੋਰ ਉੱਚੀ ਹੋ ਗਈ

ਇਕ ਹਾਦਸਾ ਇਕ ਜ਼ਖਮ ਤੇ
ਇਕ ਚੀਸ ਦਿਲ ਦੇ ਕੋਲ ਸੀ
ਰਾਤ ਨੂੰ ਇਹ ਤਾਰਿਆਂ ਦੀ
ਰਕਮ ਜ਼ਰਬਾਂ ਦੇ ਗਈ

ਨਜ਼ਰ ਤੇ ਅਸਮਾਨ ਤੋਂ ਹੈ
ਟੁਰ ਗਿਆ ਸੂਰਜ ਕੀਤੇ
ਚੰਨ ਵਿਚ ਪਰ ਉਸਦੀ
ਖੁਸ਼ਬੂ ਅਜੇ ਆਉਂਦੀ ਪਈ
ਰਲ ਗਈ ਸੀ ਏਸ ਵਿਚ
ਇਕ ਬੂੰਦ ਤੇਰੇ ਇਸ਼ਕ ਦੀ
ਇਸ ਲਈ ਮੈਂ ਉਮਰ ਦੀ
ਸਾਰੀ ਕੁੜੱਤਣ ਪੀ ਲਈ

  • ਮੁੱਖ ਪੰਨਾ : ਕਾਵਿ ਰਚਨਾਵਾਂ, ਅੰਮ੍ਰਿਤਾ ਪ੍ਰੀਤਮ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਅੰਮ੍ਰਿਤਾ ਪ੍ਰੀਤਮ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ