Punjabi Poetry : Amandeep Singh Aman

ਪੰਜਾਬੀ ਗ਼ਜ਼ਲਾਂ : ਅਮਨਦੀਪ ਸਿੰਘ ਅਮਨ


ਤਪਦਾ ਸੂਰਜ, ਠੰਡਾ ਚੰਨ ਤੇ,

ਤਪਦਾ ਸੂਰਜ, ਠੰਡਾ ਚੰਨ ਤੇ, ਤਾਰੇ ਵੱਸ ਚ ਕਰ ਲੈਂਦਾ ਹੈ । ਧਰਤੀ ਦਾ ਪੁੱਤ ਬਾਹਾਂ ਅੱਡ ਕੇ ਅੰਬਰ ਬਾਂਹੀ ਭਰ ਲੈਂਦਾ ਹੈ । ਚਰਚਾ ਵਿੱਚ ਦਲੀਲਾਂ ਦੇ ਕੇ, ਜਿਹੜਾ ਸਭ ਦੇ ਦਿਲ ਜਿੱਤ ਲੈਂਦੈ, ਐਪਰ ਮੇਰੀ ਬੁੱਕਲ ਦੇ ਵਿਚ ਆਪਣਾ ਆਪਾ ਹਰ ਲੈਂਦਾ ਹੈ । ਨਾਜ਼ੁਕ ਕਲੀਆਂ ਵਰਗਾ ਜੁੱਸਾ, ਬਿਰਖਾਂ ਵਰਗਾ ਸਿਦਕ ਉਹ ਦਾ, ਤੱਤੀਆਂ ਲੂਆਂ, ਠਰੀਆਂ ਪੌਣਾਂ, ਪਿੰਡੇ ਉੱਤੇ ਜਰ ਲੈਂਦਾ ਹੈ । ਫੁੱਲ ਜਿਹਾ ਅਹਿਸਾਸ ਜਿਵੇਂ ਕੋਈ, ਉਹਦੀ ਹਿੱਕ ਚ ਪਲਦਾ ਏ, ਫੁੱਲਾਂ ਉੱਤੋਂ ਗਿਰਦੀ ਸ਼ਬਨਮ, ਥੱਲੇ ਤਲੀਆਂ ਕਰ ਲੈਂਦਾ ਹੈ । ਪਹਿਲੀ ਵਾਰੀ ਮਿਲਿਆਂ ਨੂੰ ਵੀ,ਇਉਂ ਮਿਲਦੈ ਜਿਉਂ ਜਾਣੂ ਚਿਰ ਦਾ, ਪਹਿਲੀ ਤੱਕਣੀ ਵਿੱਚ ਪ੍ਦੇਸੀ,ਦਿਲ ਅੰਦਰ ਘਰ ਕਰ ਲੈਂਦਾ ਹੈ । ਤੂੰ ਪੱਥਰ ਦੀ ਲਹਿਰਾਂ ਦੇ ਨਾਲ,ਪਾਕਿ ਮੁਹੱਬਤ ਸਮਝੀ ਕਿਉਂ ਨਹੀਂ, ਮੋਹ ਵਿਚ ਆ ਕੇ ਚੁੰਮਦੀਆਂ ਲਈ, ਥੋੜਾ ਥੋੜਾ ਖਰ ਲੈਂਦਾ ਹੈ । ਜਿਹੜਾ ਸ਼ਾਇਰ ਜੀਵਨ ਜੀਣ ਦੀ, ਜਾਚ ਸਿਖਾਏ ਹੋਰਾਂ ਨੂੰ, ਉਹ ਤੂੰ ਕੀ ਜਾਣੇ, ਆਪ 'ਅਮਨ' ਹੁਣ ਥੋੜਾ ਥੋੜਾ ਮਰ‌ ਲੈਂਦਾ ਹੈ ।

ਛੁਪਾ ਕੇ ਹਿੱਕ ਵਿਚ ਸੁਫ਼ਨੇ

ਛੁਪਾ ਕੇ ਹਿੱਕ ਵਿਚ ਸੁਫ਼ਨੇ, ਸਦਾ ਮੁਸਕਾਉਦੀਆਂ ਰਹੀਆਂ । ਸਹੇੜੇ ਸਾਕ ਬਾਬਲ ਦੇ, ਧੀਆਂ ਅਪਣਾਉਂਦੀਆਂ ਰਹੀਆਂ । ਜਿਨ੍ਹਾਂ ਦੀ ਪੇਕਿਆਂ ਦੇ ਘਰ, ਕਰੀ ਹੱਤਕ ਭਰਾਵਾਂ ਨੇ, ਉਹ ਸਹੁਰੇ ਬੈਠੀਆਂ,ਵੀਰਾਂ ਦੇ ਗੁਣ ਹੀ ਗਾਉਂਦੀਆਂ ਰਹੀਆਂ । ਬਿਨਾਂ ਮਾਂ ਬਾਪ ਦੇ ਵਿਹੜਾ, ਸਦਾ ਸੁੰਨਾ ਜਿਹਾ ਲੱਗਾ, ਧੀਆਂ ਤਾਂ ਮੋਹ ਦੇ ਵਿਚ ਬੱਝੀਆਂ,ਹੀ ਫੇਰਾ ਪਾਉਂਦੀਆਂ ਰਹੀਆਂ । ਹਮੇਸ਼ਾਂ ਬਾਜ਼, ਗਿਰਝਾਂ ਦੀ, ਨਿਗਾਹ ਤੋਂ ਬਚ ਬਚਾ ਕੇ ਹੀ, ਇਹ ਚਿੜੀਆਂ ਖ਼ਾਬ ਦਾ ਅੰਬਰ, ਬਣਾ ਕੇ ਭਾਉਂਦੀਆਂ ਰਹੀਆਂ । ਕਦੇ ਖੁਲ ਕੇ ਨਹੀਂ ਦੱਸੇ, ਦਿਲਾਂ ਦੇ ਚਾਅ ਵੀ ਕੁੜੀਆਂ ਨੇ, ਤੀਆਂ ਦੇ ਦਿਨ ਜਾਂ ਤਿਉਹਾਰਾਂ,ਤੇ ਮਨ ਪਰਚਾਉਦੀਆਂ ਰਹੀਆਂ । ਜਦੋਂ ਹੱਕਾਂ ਦੀ ਗੱਲ ਛਿੜਦੀ, ਤਾਂ ਬਾਬਲ ਵੀਰ ਵੱਲ ਖੜਦੈ, ਧੀਆਂ ਬਾਬਲ ਦਿਆਂ ਹੁਕਮਾਂ,ਤੇ ਮਨ ਸਮਝਾਉਂਦੀਆਂ ਰਹੀਆਂ । 'ਅਮਨ' ਸ਼ਗਨਾਂ ਦੇ ਦਿਨ ਵੇਲੇ, ਸਮਾਂ ਐਸਾ ਵੀ ਆਉਂਦਾ ਹੈ, ਧੀਆਂ ਡੋਲੀ ਚ ਬਹਿ ਕੇ ਵੀ, ਜਦੋਂ ਕੁਰਲਾਉਂਦੀਆਂ ਰਹੀਆਂ ।

ਜ਼ਿੰਦਗੀ ਭਰ ਝੱਲੀਆਂ ਦੁਸ਼ਵਾਰੀਆਂ

ਜ਼ਿੰਦਗੀ ਭਰ ਝੱਲੀਆਂ ਦੁਸ਼ਵਾਰੀਆਂ । ਪਰ ਕਦੇ ਮੈਂ ਹਿੰਮਤਾਂ ਨਾ ਹਾਰੀਆਂ । ਮੈਂ ਸਮਾਧੀ ਲਾਉਣ ਦੀ ਸੋਚਾਂ ਜਦੋਂ, ਮਾਰ ਦੇਵਣ ਵਾਜ ਜ਼ਿੰਮੇਵਾਰੀਆਂ । ਸਾਗਰਾਂ ਦਾ ਸਾਥ ਮਾਨਣ ਵਾਲੀਆਂ, ਮਿੱਠੀਆਂ ਨਦੀਆਂ ਵੀ ਹੋਈਆਂ ਖਾਰੀਆਂ । ਭੁਖ, ਗਰੀਬੀ ਨਾ ਘਟੀ ਘਰ ਦੀ ਅਜੇ, ਆਣ ਲੱਗੀਆਂ ਮਹਿੰਗੀਆਂ ਬੀਮਾਰੀਆਂ । ਜੇ ਅਕਲ ਦਾ ਜ਼ੋਰ ਚੱਲਦਾ ਇਸ਼ਕ ਤੇ, ਲਾਉਣ ਦਿੰਦੀ ਨਾ ਝਨਾਂ ਵਿਚ ਤਾਰੀਆਂ । ਬਿਰਖ ਜੰਗਲ ਦੇ ਉਲਾਂਭਾ ਦੇ ਰਹੇ, ਮੀਂਹ ਨੇ ਸਾਡੇ ਚੋਂ ਨਾ ਅੱਗਾਂ ਠਾਰੀਆਂ । ਪਾਂਧੀਆਂ ਨੂੰ ਤਾਂ ਸਫ਼ਰ ਨੇ ਮੋਹ ਲਿਆ, ਭੁੱਲ ਗਈਆਂ ਮੰਜ਼ਿਲਾਂ ਹੀ ਸਾਰੀਆਂ । ਆਪਣੀ ਮਿੱਟੀ ਚ ਮਿੱਟੀ ਹੋ ਗਏ, ਲੋਕ ਮਿੱਟੀ ਨਾਲ ਲਾ ਕੇ ਯਾਰੀਆਂ । ਓਸ ਘਰ ਵਿਚ ਰੱਬ ਖੇਲਣ ਆ ਗਿਆ, ਗੂੰਜ ਜਿੱਥੇ ਪੈਂਦੀਆਂ ਕਿਲਕਾਰੀਆਂ । ਬਹਿ 'ਅਮਨ' ਤੋਂ ਮੁੱਲ ਪੁੱਛੀਂ ਜੰਗ ਦਾ, ਜਿਸ ਨੇ ਹੱਥੀਂ ਕੀਮਤਾਂ ਨੇ ਤਾਰੀਆਂ ।

ਕੀ ਦੱਸਾਂ ਕੀ ਸੱਲ ਜਰੇ ਨੇ

ਕੀ ਦੱਸਾਂ ਕੀ ਸੱਲ ਜਰੇ ਨੇ । ਬੁੱਲਾਂ ਉੱਤੇ ਗੀਤ ਮਰੇ ਨੇ । ਕੀ ਜ਼ਖਮਾਂ ਦੀ ਹਾਲਤ ਪੁੱਛਦੈਂ, ਉਮਰਾਂ ਗੁਜ਼ਰਨ ਬਾਦ ਹਰੇ ਨੇ । ਪਹਿਲਾਂ ਇਸ਼ਕ ਦੇ ਵਿਚ ਡੁੱਬੇ ਸੀ, ਜੋ ਸਰਸਾ ਦੇ ਵਿੱਚ ਤਰੇ ਨੇ । ਪਿੰਡੇ ਵਾਲੇ ਭਰ ਹੀ ਜਾਵਣ, ਕਦ ਰੂਹਾਂ ਦੇ ਜ਼ਖ਼ਮ ਭਰੇ ਨੇ । ਮੈਨੂੰ ਸਾੜ ਕੇ ਕੁਝ ਲੋਕਾਂ ਦੇ, ਲੱਗਦੈ, ਸੀਨੇ ਅੱਜ ਠਰੇ ਨੇ । ਜੰਗਜੂਆਂ ਦੇ ਵਾਰਿਸ ਦੇਖੋ, ਬੌਧਿਕ ਜੰਗ ਦੇ ਵਿੱਚ ਹਰੇ ਨੇ । ਕਾਹਤੋਂ ਖੁਦ ਨੂੰ ਖੋਟਾ ਸਮਝੇਂ, ਤੂੰ ਕਿਉਂ ਸਮਝੇਂ ਲੋਕ ਖਰੇ ਨੇ । ਭੀੜਾਂ ਵਿੱਚ ਇਕੱਲੇ ਹੋਵਣ ਪਰ ਨਾ ਦੇਖੇ ਸ਼ੇਰ ਡਰੇ ਨੇ । ਦਿੱਲੀ ਤੋਂ ਬੰਦੂਕਾਂ ਚੱਲੀਆਂ, ਸਾਡੇ ਵੱਜੇ ਆਣ ਸ਼ਰੇ ਨੇ । ਇਕ ਸਿੱਕਾ, ਦੋ ਪਾਸੇ ਹੋਵਣ, ਜੰਗ, ਅਮਨ ਬੱਸ ਨਾਮ ਧਰੇ ਨੇ ।

ਕੂੜ ਭਰੇ ਇਲਜ਼ਾਮ ਇਨ੍ਹਾਂ ਸਿਰ ਧਰਿਓ ਨਾ

ਕੂੜ ਭਰੇ ਇਲਜ਼ਾਮ ਇਨ੍ਹਾਂ ਸਿਰ ਧਰਿਓ ਨਾ । ਆਪਣਿਆਂ ਨੂੰ ਹੋਰ ਬਿਗਾਨੇ ਕਰਿਓ ਨਾ । ਅੱਗ ਦੇ ਜਾਇਉ ਆਪਣਾ ਸੇਕ ਭੁਲਾਇਉ ਨਾ, ਠੰਡੀ ਪੌਣ ਤੋਂ ਡਰ ਕੇ ਐਵੇਂ ਠਰਿਓ ਨਾ । ਸੋਚਣ ਦੇ ਢੰਗ ਵੱਖੋ ਵੱਖਰੇ ਹੋ ਸਕਦੇ, ਪਰ ਸੋਚਾਂ ਦੇ ਅੰਦਰ ਜ਼ਹਿਰਾਂ ਭਰਿਓ ਨਾ । ਜੰਗਜੂਆਂ ਦੇ ਜੇ ਵਾਰਿਸ ਅਖਵਾਉਂਦੇ ਹੋ, ਜੰਗਾਂ ਲੜਨੇ ਤੋਂ ਪਹਿਲਾਂ ਹੀ ਹਰਿਓ ਨਾ । ਰੋਜ਼ ਲੁਟੇਰੇ, ਹਾਕਮ ਚੜ ਚੜ ਆਵਣਗੇ, ਖੱਬੀ ਖਾਨਾਂ ਦੀ ਵੀ ਟੈਂਅ ਨੂੰ ਜਰਿਓ ਨਾ । ਮਾਵਾਂ ਦੀ ਅਰਦਾਸ ਖ਼ੁਦਾ ਦੇ ਘਰ ਅੰਦਰ, ਹਾੜ੍ਹਾ ਪੁੱਤਰੋ ਸਾਥੋਂ ਪਹਿਲਾਂ ਮਰਿਓ ਨਾ । ਨਿੱਤ ਹਨੇਰੀ ਬਿਪਤਾ ਬਣ ਕੇ ਟੁੱਟੇਗੀ, ਦੀਪ 'ਅਮਨ' ਦੇ ਬਣਿਉ, ਐ ਪਰ ਡਰਿਓ ਨਾ ।

ਹਾਕਮ, ਕਾਤਲ, ਮੁਖਬਰ, ਫੌਜਾਂ

ਹਾਕਮ, ਕਾਤਲ, ਮੁਖਬਰ, ਫੌਜਾਂ, ਵੈਰੀ ਰਲ ਗੇ ਸਾਰੇ । ਕੰਠ ਕਰਾਇਉ ਪੁੱਤਾਂ ਨੂੰ , ਬਹਿ ਤਿੰਨੇ ਘੱਲੂਘਾਰੇ । ਟੈਲੀਵੀਜ਼ਨ ਅਖ਼ਬਾਰਾਂ ਨੇ ਕਾਤਲ 'ਦੇਵ' ਕਰੇ ਸੀ, ਦੇਵਤਿਆਂ ਦੇ ਵਰਗੇ ਲੋਕਾਂ ਨੂੰ ਆਖਣ ਹਤਿਆਰੇ । ਕਿਸ ਨੇ ਪੁੱਤਾਂ ਵਾਂਗੂ ਪਾਲ ਕੇ ਬੂਟੇ ਰੁੱਖ ਕਰੇ ਸੀ, ਕਿਹੜੇ ਲੋਕੀ ਜੰਗਲ ਦੇ ਵਿਚ ਲੈ ਕੇ ਆਏ ਆਰੇ । ਕਿਸਨੇ ਕੁੱਲ ਗਰੰਥ ਕਿਤਾਬਾਂ, ਅੱਗ ਹਵਾਲੇ ਕਰੀਆਂ, ਕਿਸਨੇ ਕਿੱਥੇ ਕਿੱਥੇ ਕਿੱਦਾਂ ਮੱਚਦੇ ਸੀਨੇ ਠਾਰੇ । ਜਿਸ ਦਿਨ ਸਾਡੇ ਸਿਵਿਆਂ ਵਿੱਚੋਂ ਲਾਟ ਉਚੇਰੀ ਉੱਠੀ, ਕਿਉਂ ਤੇਰੇ ਅਸਮਾਨਾਂ ਉੱਤੇ ਚੜਦੇ ਨੀਲੇ ਤਾਰੇ । ਂ ਦੇਖ ਸੁਨਹਿਰੀ ਅੱਖਰਾਂ ਦੇ ਵਿਚ ਨਾਮ ਲਿਖਾਈ ਬੈਠੈ, ਜਿਸ ਨੇ ਬੀਤੇ ਸਮਿਆਂ ਦੇ ਵਿਚ ਕੀਤੇ ਕਾਲ਼ੇ ਕਾਰੇ । ਮੇਰੀਆਂ ਗ਼ਜ਼ਲਾਂ ਦੇ ਵਿੱਚ ਤੈਨੂੰ,ਕੌੜ ਕੁੜੱਤਣ ਦਿਸਦੀ, ਤੇਰੇ ਜ਼ੁਲਮਾਂ ਨੇ ਕੀਤੇ, ਅਹਿਸਾਸ ਦੇ ਸਾਗਰ ਖਾਰੇ । ਤੈਨੂੰ ਉੱਚੇ ਤਖ਼ਤ ਤੇ ਬੈਠੇ ਨੂੰ ਜੋ ਅੱਜ ਸੁਣੇ ਨਾ, ਇਕ ਦਿਨ ਤੇਰੇ ਕੰਨ ਪਾੜਨਗੇ, ਕੁੱਲੀਆਂ ਦੇ ਲਲਕਾਰੇ ।

ਅਕਲੋਂ ਅੰਨੇ ਹੱਥ, ਬੰਦੂਕਾਂ

ਅਕਲੋਂ ਅੰਨੇ ਹੱਥ, ਬੰਦੂਕਾਂ, ਚੱਕ, ਨਿਸ਼ਾਨੇ ਕਰ ਦਿੱਤੇ । ਆਪਾਂ ਆਪਣੇ ਆਪ ਹੀ ਆਪਣੇ ਲੋਕ ਬਿਗਾਨੇ ਕਰ ਦਿੱਤੇ । ਇਹ ਲੋਕ ਸ਼ਮਾਂ ਦੀ ਫਿਤਰਤ ਨੂੰ, ਜਾਣਦਿਆਂ ਵੀ ਕਿਉਂ ਆਖਣ, ਇਸ ਨੇ ਕਾਹਤੋਂ ਪਲ ਵਿਚ ਸਾੜ, ਸੁਆਹ, ਪਰਵਾਨੇ ਕਰ ਦਿੱਤੇ । ਆਪਣੀ ਮਿੱਟੀ ਦੀ ਖੁਸ਼ਬੋਈ, ਲੈਣ ਲਈ ਵੀ ਤਰਸ ਦੇ ਹਨ, ਇਸ਼ਕ ਦੀ ਰੰਗਤ ਨੇ ਪਰਦੇਸੀ, ਦੇਖ ਦਿਵਾਨੇ ਕਰ ਦਿੱਤੇ । ਤੇਰੇ ਜਾਣ ਦੇ ਮਗਰੋਂ ਵੀ ਤਾਂ, ਤੇਰੀ ਚਰਚਾ ਛਿੜਦੀ ਹੈ, ਇੱਕ ਤੇਰੇ ਕਿਰਦਾਰ ਨੇ ਹੀ ਹੈਰਾਨ ਜ਼ਮਾਨੇ ਕਰ ਦਿੱਤੇ । ਅਕਲਾਂ ਵਾਲੇ ਲੋਕਾਂ ਮੈਨੂੰ, ਕਾਫ਼ਿਰ ਆਖ ਬੁਲਾਇਆ ਹੈ, ਆਸ਼ਕ ਦੇ ਲਈ, ਇਸ਼ਕ ਚ ਦੇਖੋ ਤੈਅ ਪੈਮਾਨੇ ਕਰ ਦਿੱਤੇ । ਤੇਰੀ ਹਰ ਗੱਲ ਨੂੰ ਹੀ ਮੈਥੋਂ ਸਤਿ ਬਚਨ ਕਹਿ ਹੋਣਾ ਨਹੀਂ, ਏਸੇ ਕਰਕੇ ਆਪੇ ਹੋਇਆਂ ਦੂਰ, ਬਹਾਨੇ ਕਰ ਦਿੱਤੇ । ਮੰਗਤਿਆਂ ਨੂੰ ਤੇਰੀ ਰਹਿਮਤ ਸਦਕਾ, ਰੋਟੀ ਮਿਲਦੀ ਹੈ, ਮੰਗਤਿਆਂ ਦੇ ਵਰਗੇ ਲੋਕੀਂ, ਵੀ ਤੂੰ ਦਾਨੇ ਕਰ ਦਿੱਤੇ । ਮੈਨੂੰ ਸਾਕੀ ਅਕਸਰ ਪੁੱਛੇ, ਦੱਸ ਅਮਨ ਹੁਣ ਕਿੱਥੋਂ ਰਹਿੰਨੈ, ਆਖਿਰ ਕਿਹੜੀ ਗੱਲੋ ਤੂੰ, ਵੀਰਾਨ ਮੈਖ਼ਾਨੇ ਕਰ ਦਿੱਤੇ ।

ਮੈਂ ਤੇਰੇ ਰਾਂਹੀਂ ਤੁਰਿਆ ਨਹੀਂ

ਮੈਂ ਤੇਰੇ ਰਾਂਹੀਂ ਤੁਰਿਆ ਨਹੀਂ, ਆਪਣੇ ਆਪ ਤਲਾਸ਼ੇ ਨੇ । ਏਸੇ ਕਰਕੇ ਤੇਰੇ ਵਰਗੇ ਮੈਨੂੰ ਦੇਖ ਹਰਾਸੇ ਨੇ । ਤੇਰੀਆਂ ਸੋਚਾਂ, ਸ਼ਬਦਾਂ,ਕਦਮਾਂ,ਅੰਦਰ ਕਾਹਲਾਪਨ ਦਿਸਦੈ, ਏਸੇ ਕਰਕੇ ਤੇਰੇ ਬਣਦੇ ਲੋਕਾਂ ਵਿੱਚ ਤਮਾਸ਼ੇ ਨੇ । ਤੇਰੀ ਅੱਖ ਚੋਂ ਤੇਰੇ ਅੰਦਰ ਵਾਲਾ ਥਲ ਵੀ ਝਲਕ ਰਿਹਾ, ਕਿਉਂ ਮਾਰੂਥਲ ਲੱਖਾਂ ਨਦੀਆਂ ਪੀਵਣ ਬਾਦ ਪਿਆਸੇ ਨੇ । ਰੁੱਤਾਂ ਨੇ ਜਿਸ ਨਾਲ ਹਮੇਸ਼ਾ ਤੋਂ ਕਰੀਆਂ ਸੀ, ਬੇਰੁਖੀਆਂ, ਓਸੇ ਬਿਰਖ ਨੂੰ ਪੌਣਾਂ ਨੇ ਹੁਣ ਦਿੱਤੇ ਆਣ ਦਿਲਾਸੇ ਨੇ । ਬੱਦਲ ਨੇ ਸੱਤਰੰਗੀ ਪੀਂਘ ਨੂੰ ਇੱਕੋ ਗੱਲ ਹੀ ਪੁੱਛੀ ਸੀ, ਸੱਚੀਂ ਦੱਸ ਦੇ ਕਿਸਨੇ ਤੇਰੇ, ਕਿੱਦਾਂ ਅੰਗ ਤਰਾਸ਼ੇ ਨੇ । ਹੁਣ ਵੀ ਮੈਨੂੰ ਮੇਰਾ ਬਚਪਨ ਖ਼ਾਬਾਂ ਵਿੱਚ ਆ ਮਿਲਦਾ ਹੈ, ਹੁਣ ਵੀ ਪਿੰਡ ਚ ਲੋਈਆਂ ਵੇਚਣ ਆਉਂਦੇ ਜਾਂਦੇਂ ਰਾਸ਼ੇ ਨੇ । ਸਭ ਨੂੰ ਜ਼ਿੰਦਗੀ ਜੀਵਣ ਖਾਤਿਰ ਇੱਕ ਬਹਾਨਾ ਚਾਹੀਦਾ, ਮੇਰੇ ਕੋਲ ਤਾਂ ਤੇਰੇ ਦਿੱਤੇ, ਲੱਖ 'ਅਮਨ' 'ਧਰਵਾਸੇ ਨੇ ।

ਸੁਣਿਉ ਅਕਲਾਂ ਵਾਲਿਓ

ਸੁਣਿਉ ਅਕਲਾਂ ਵਾਲਿਓ, ਬਿਰਖਾਂ ਦਾ ਵਿਰਲਾਪ । ਜੜ੍ਹ ਤੋਂ ਪੁੱਟਣ ਵਾਸਤੇ, ਮਾਲੀ ਢੁੱਕੇ ਆਪ । ਹੁਣ ਜੰਗਲ ਦੇ ਜੰਤੂਆਂ, ਅੰਦਰ ਛਿੜਦੀ ਗੱਲ, ਬੰਦੇ ਸਾਡੀ ਧਰਤ ਦਾ ਕਿਉਂ ਲੈਂਦੇ ਨੇ ਨਾਪ । ਕਿਉਂ ਦਰਿਆਵੀਂ ਕੰਢਿਆਂ, ਤੇ ਲਾਵੇਂ ਉਦਯੋਗ, ਕਿਉਂ ਪਾਣੀ ਵਿਚ ਜ਼ਹਿਰ ਨੂੰ, ਘੋਲਣ ਲੱਗੈਂ ਆਪ । ਕੀ ਕਰਨੀ ਕਠਪੁਤਲੀਆਂ, ਨੇ ਮਰਜ਼ੀ ਤੂੰ ਦੱਸ, ਹੋਣ ਮਦਾਰੀ ਸਾਹਮਣੇ ਬੇਬੱਸ ਤੇ ਚੁਪ ਚਾਪ । ਆਪਣੇ ਹੱਕਾਂ ਵਾਸਤੇ, ਬੋਲਣ ਵਾਲੇ ਲੋਕ, ਹੁਣ ਤਾਂ ਆਪਣੇ ਆਗੂਆਂ, ਦਾ ਹੀ ਕਰਦੇ ਜਾਪ । ਹੁਣ ਬੇਬਾਕ ਬੁਲਾਰਿਆਂ, ਦੇ ਕੀ ਦੱਸਾਂ ਹਾਲ, ਕਿੰਝ ਜ਼ੁਬਾਨਾਂ ਠਾਕੀਆਂ, ਤੇ ਭੋਗਣ ਸੰਤਾਪ । ਜੰਗਲ ਦੇ ਵਿਚ ਪੱਥਰਾਂ, ਦਾ ਵਸਣਾ ਏ ਸ਼ਹਿਰ, ਸੁਣ ਕੇ ਮੱਚ ਗਈ ਪੰਛੀਆਂ, ਅੰਦਰ ਆਪੋ ਧਾਪ । ਕੁਦਰਤ ਦੇਖਣ ਮੌਲਦੀ, ਅੱਖਾਂ ਵਾਲੇ ਲੋਕ, ਐਪਰ, ਹਾਕਮ ਅੰਨ੍ਹਿਆਂ, ਨੂੰ ਬੈਠੇ ਨੇ ਥਾਪ ।

ਚੰਨ ਦੇ ਉੱਤੇ ਆਪਣੇ ਚੰਨ ਦਾ‌

ਚੰਨ ਦੇ ਉੱਤੇ ਆਪਣੇ ਚੰਨ ਦਾ‌ ਨਾਂ ਲਿਖਣਾ ਹੈ । ਮੇਰਾ, ਉਹਦੇ ਨਾਲੋਂ ਸੋਹਣਾ ਤਾਂ ਲਿਖਣਾ ਹੈ । ਸਾਰੀ ਦੁਨੀਆਂ ਨੂੰ ਮੈਂ ਹਾੜ੍ਹ ਮਹੀਨਾ ਲਿਖਣਾ, ਤੈਨੂੰ ਤੂਤਾਂ ਵਾਲੇ ਖੂਹ ਦੀ ਛਾਂ ਲਿਖਣਾ ਹੈ । ਤੇਰੇ ਨੈਣਾਂ ਵਿੱਚ ਸਵਾਲਾਂ ਉੱਠਦਿਆਂ ਦਾ, ਮੈਂ ਹਰ ਹਾਲ ਚ ਇੱਕੋ ਉੱਤਰ, 'ਹਾਂ' ਲਿਖਣਾ ਹੈ । ਤਖ਼ਤ ਹਜ਼ਾਰਾ ਛੱਡ ਕੇ ਤੁਰਦੇ ਧੀਦੋ ਨੇ, ਹੁਣ ਝੰਗ ਸਿਆਲ ਨੂੰ ਆਪਣਾ ਸ਼ਹਿਰ ਗਰਾਂ ਲਿਖਣਾ ਹੈ । ਮੇਰੇ ਪਿੰਡ ਤੋਂ ਤੇਰੇ ਸ਼ਹਿਰ ਦੀ ਦੂਰੀ ਨੂੰ ਮੈਂ, ਸਾਡੇ ਦੋਹਾਂ ਦੇ ਵਿਚਕਾਰ ਝਨਾਂ ਲਿਖਣਾ ਹੈ । ਜਿੱਥੇ ਬਹਿ ਕੇ ਸ਼ਬਦ ਨਹੀਂ, ਅਹਿਸਾਸ ਘੜੇ ਨੇ, ਤੇਰੀ ਬੁੱਕਲ ਨੂੰ ਮੈਂ ਸੁੱਚੀ ਥਾਂ ਲਿਖਣਾ ਹੈ । ਰੂਪ ਅਮਨ ਦੀ ਸ਼ਾਇਰੀ ਤਾਂਈਂ ਬਖਸ਼ਣ ਵਾਲੇ, ਮਹਿਰਮ ਨੂੰ, ਮੈਂ ਗ਼ਜ਼ਲਾਂ ਦੇ ਵਿੱਚ 'ਜਾਂ' ਲਿਖਣਾ ਹੈ ।

ਲੱਖ ਵਾਰੀ ਪੜ੍ਹ ਲਏ ਨੇ ਫ਼ਲਸਫ਼ੇ

ਲੱਖ ਵਾਰੀ ਪੜ੍ਹ ਲਏ ਨੇ ਫ਼ਲਸਫ਼ੇ । ਦੱਸਣੇ ਆਏ ਨਹੀਂ ਪਰ ਵਲਵਲੇ । ਤੂੰ ਪਤਾ ਨਹੀਂ ਕਦ ਮਿਲੇਂਗਾ ਆਣ ਕੇ, ਹੁਣ ਖਿਆਲਾਂ ਵਿੱਚ ਉੱਠਣ ਜ਼ਲਜ਼ਲੇ । ਜ਼ਿੰਦਗੀ ਭਰ ਕਰਨੀਆਂ ਰੂਹਦਾਰੀਆਂ, ਤਾਂ ਸ਼ੁਰੂ ਕਰ ਲੈ ਨਿਵੇਲੇ ਸਿਲਸਿਲੇ । ਜੇ ਦਿਲਾਂ ਦੇ ਵਿੱਚ ਹੋਵੇ ਨੇੜਤਾ, ਅਰਥ ਫਿਰ ਰੱਖਣ ਨਾ ਕੋਈ ਫਾਸਲੇ । ਹੱਥ ਫੜ ਕੇ ਛੱਡੀਏ ਨਾ ਯਾਰ ਦਾ, ਲੰਘਦੇ ਤਾਂ ਲੰਘ ਜਾਵਣ ਕਾਫਲੇ । ਸੋਚ ਵਿਚ ਹਵਸਾਂ ਛੁਪਾ ਕੇ ਦੋਸਤਾ, ਇਸ਼ਕ ਵਿਚ ਮਿਲਦੇ ਕਦੇ ਨਾ ਦਾਖਲੇ । ਇਹ ਅਕਲ ਤੋਂ ਹੱਲ ਹੋਣੇ ਨਾ ਕਦੀ, ਇਹ ਪੇਚੀਦਾ ਨੇ ਦਿਲਾਂ ਦੇ ਮਾਮਲੇ । ਜ਼ਿੰਦਗੀ ਦਾ ਸੱਚ ਆਖਿਰ ਮੌਤ ਹੈ, ਪਰ ਮਰਾਂ ਨਾ ਮੈਂ ਬਿਨਾਂ ਤੈਨੂੰ ਮਿਲੇ ।

ਰੁੱਤ ਬਰਫੀਲੀ ਨੇ ਇਸ ਤੇ

ਰੁੱਤ ਬਰਫੀਲੀ ਨੇ ਇਸ ਤੇ, ਜ਼ੁਲਮ ਕਰਿਆ ਜਾਪਦੈ । ਸੋਨ ਰੰਗੀ ਧੁੱਪ ਦਾ ਤਾਂ ਸੇਕ ਠਰਿਆ ਜਾਪਦੈ । ਦੂਰ ਰਹਿ ਕੇ ਵੀ ਖਿਆਲਾਂ ਮੇਰਿਆਂ ਨੂੰ ਕੀਲਦੈਂ ਮੰਨ ਚਾਹੇ ਨਾ ਮਗਰ ਜਾਦੂ ਤਾਂ ਕਰਿਆ ਜਾਪਦੈ । ਜ਼ਿੰਦਗੀ ਦੇ ਕੰਮ ਕਾਰਾਂ ਵਿੱਚ ਉਲਝੇ ਲੋਕ ਨੇ, ਸੁਹਜ ਸ਼ਾਇਰੀ ਦਾ ਤਦੇ ਸੀਨੇ ਚੋਂ ਮਰਿਆ ਜਾਪਦੈ । ਅੱਗ ਦਾ ਸੜਿਆ ਜਦੋਂ ਲੱਸੀ ਨੂੰ ਫੂਕਾਂ ਮਾਰਦਾ, ਕੀ ਕਹਾਂ ਮੈਂ ਓਸ ਨੂੰ ਕਿ, ਕਿਸ ਤੋਂ ਡਰਿਆ ਜਾਪਦੈ । ਮੇਰੀਆਂ ਅੱਖਾਂ ਚੋਂ ਛਲਕੇ, ਹੰਝ ਉਸਦੇ ਸਾਹਮਣੇ, ਬੋਲਿਆ ਸ਼ੀਸ਼ਾ ਕਿ ਨੱਕੋ ਨੱਕ ਭਰਿਆ ਜਾਪਦੈ । ਮੈਂ ਉਡੀਕਾਂ ਤੇਰੀਆਂ ਕਰਦਾ ਜ਼ਰਾ ਭਰ ਡੋਲਿਆ, ਆਖਿਆ ਲੋਕਾਂ ਨੇ, ਸਦਮਾ ਫੇਰ ਜਰਿਆ ਜਾਪਦੈ । ਇੱਕ ਬਦਲੋਟੀ ਵਰ੍ਹੀ, ਆ ਬੇਮੁਹਾਰੀ ਥਲ ਉਤੇ, ਥਲ ਦੀ ਸੁੱਚੀ ਵੇਦਨਾ ਨੇ, ਅਸਰ ਕਰਿਆ ਜਾਪਦੈ ।

ਕਲਪਨਾ ਦੇ ਘਰ ਚ ਤੇਰਾ ਨਾਮ ਹੀ

ਕਲਪਨਾ ਦੇ ਘਰ ਚ ਤੇਰਾ ਨਾਮ ਹੀ । ਗੂੰਜਦਾ ਰਹਿੰਦਾ ਸਵੇਰੇ ਸ਼ਾਮ ਹੀ । ਨਾਮ‌ ਤੇਰੇ ਤੇ ਬਣਾਏ ਕਾਫੀਏ, ਤੇ ਗ਼ਜ਼ਲ ਤੈਨੂੰ ਕਰੇ ਪਰਨਾਮ ਹੀ । ਤੇਰਿਆਂ ਖਾਬਾਂ ਚ ਆਉਣਾ ਖਾਸ ਬਣ, ਮੈਂ ਨਹੀਂ ਰਹਿਣਾ ਸਦਾ ਲਈ ਆਮ ਹੀ ‌। ਮੈਂ ਕਿਓਂ ਮੈਅਖਾਨਿਆਂ ਵਿਚ ਭਟਕਣਾ, ਤੇਰਿਆਂ ਨੈਣਾਂ ਚੋਂ ਮਿਲ ਗਏ ਜਾਮ ਹੀ ‌। ਮੈਂ ਮੁਸਾਫ਼ਿਰ ਚੱਲ ਆਇਆ ਦੂਰ ਤੋਂ, ਚੰਦ ਘੜੀਆਂ ਕਰ ਲਵਾਂ ਆਰਾਮ ਹੀ ? ਲੋਕ ਆਖਣਗੇ ਸ਼ਰਾਬੀ ਮੰਨਿਆ, ਸਾਕੀਆ ਤੂੰ ਵੀ ਧਰੇਂ ਇਲਜ਼ਾਮ ਹੀ । ਮੇਰਿਆਂ ਹੋਠਾਂ ਨੂੰ ਵਿਸਰੇ ਗੀਤ ਨੇ, ਮੂੰਹ ਤੇ ਚੜਿਆ ਬੱਸ ਤੇਰਾ ਨਾਮ ਹੀ ‌।

ਮੇਰੇ ਆਲ ਦੁਆਲੇ ਰੇਖਾ ਖਿੱਚ ਗਿਆ

ਮੇਰੇ ਆਲ ਦੁਆਲੇ ਰੇਖਾ ਖਿੱਚ ਗਿਆ ਕੋਈ ਆਣ ਏ । ਮੈਂ ਯਾਦਾਂ ਦੇ ਘੇਰੇ ਅੰਦਰ, ਖੁਦ ਫਸਿਆ ਨਹੀਂ ਜਾਣ ਕੇ । ਕਾਲੇ ਬਸਤਰ ਪਹਿਨੀ ਮੇਲੇ ਵਿਚ ਜਾਦੂਗਰ ਆਇਆ ਸੀ, ਤੇ,ਉਸਨੇ ਮੈਨੂੰ ਲੱਭ‌ ਲਿਆ ਸੀ, ਭੀੜ ਵਿਚੋਂ ਪਹਿਚਾਣ ਕੇ । ਅੱਜ ਕੱਲ ਜੋ ਵੀ ਲਿਖਣਾ, ਗਾਉਣਾ ਬਿਲਕੁਲ ਮੇਰੇ ਵੱਸ ਨਹੀਂ, ਆਪਣੇ ਆਪ ਹੀ ਲਿਖ ਹੋ ਜਾਵੇ, ਉਹ ਜੋ ਕਹਿੰਦੈ ਆਣ ਕੇ । ਇਸ਼ਕ ਦੇ ਅੰਦਰ ਸੋਚ, ਦਲੀਲਾਂ, ਅਕਲਾਂ ਦਾ ਕੋਈ ਕੰਮ ਨਹੀਂ, ਇਸ਼ਕ ਦੇ ਅੰਦਰ ਕੁਝ ਨਹੀਂ ਹੁੰਦਾ,ਪਹਿਲਾਂ ਮਨ ਵਿਚ ਠਾਣ ਕੇ । ਯਾਰ ਦੇ ਹੱਥੋਂ ਮਿਲਦੇ ਅੰਮ੍ਰਿਤ ਤੇ ਵੀ ਕਰਨੀ ਸ਼ੱਕ ਉਨ੍ਹੇ, ਜਿਹੜਾ ਪੀਂਦੈ, ਘਰ ਦਾ ਪਾਣੀ, ਵੀ, ਪਾਣੀ ਚੋਂ ਛਾਣ ਕੇ । ਮੈਨੂੰ ਆਪਣਾ ਵੀ ਆਖੇਂ, ਤੇ, ਕਰਦੈਂ ਪਰਦਾਪੋਸ਼ੀ ਵੀ, ਏਦਾਂ ਤਾਂ ਨਹੀਂ ਕਰਦੇ ਹੁੰਦੇ, ਮਹਿਰਮ ਜੀ, ਪਰਵਾਣ ਕੇ । ਮੈਂ ਤਾਂ ਇਸ਼ਕ ਦੀ ਪਰਿਭਾਸ਼ਾ ਨੂੰ, ਕੁਰਬਾਨੀ ਹੀ ਪੜਿਆ ਹੈ, ਤੇ, ਹਵਸਾਂ ਮਾਰੇ ਪੜਦੇ ਦੇਖੇ, ਨੇ, ਮੈਂ ਕਬਜ਼ਾ ਜਾਣ ਕੇ ।

ਨਾ ਪੀੜ ਦਾ ਅਹਿਸਾਸ ਵਿਸਰੇ

ਨਾ ਪੀੜ ਦਾ ਅਹਿਸਾਸ ਵਿਸਰੇ, ਤਾਂ ਭਰੇ ਰੱਖਦਾਂ । ਮੈਂ ਕੁਝ ਕੁ ਜ਼ਖਮਾਂ ਨੂੰ ਹਮੇਸ਼ਾਂ ਹੀ ਹਰੇ ਰੱਖਦਾਂ । ਜੋ ਤੇਰੀਆਂ ਯਾਦਾਂ ਚੋਂ ਕੱਢਣ ਬਾਹਰ ਵੱਲ ਮੈਨੂੰ, ਐਸੇ ਖਿਆਲਾਂ ਨੂੰ ਸਦਾ, ਖੁਦ ਤੋਂ ਪਰ੍ਹੇ ਰੱਖਦਾਂ । ਮੈਨੂੰ ਇਨ੍ਹਾਂ ਦਾ ਸੇਕ ਕਿਧਰੇ ਸਾੜ ਨਾ ਦੇਵੇ, ਕੋਸੇ ਜਿਹੇ ਮੈਂ ਹੌਕਿਆਂ ਨੂੰ ਤਾਂ ਠਰੇ ਰੱਖਦਾਂ । ਉਂਗਲਾਂ ਤੇ ਗਿਣ ਕੇ ਦੱਸ ਸਕਦਾਂ, ਕੌਣ ਹਨ ਮੇਰੇ, ਮੈਂ ਦੋਸਤੀ ਵਿੱਚ ਸਿਰਫ ਬੰਦੇ, ਜੋ ਖਰੇ, ਰੱਖਦਾਂ । ਮੈਨੂੰ ਕਦੇ ਵੀ ਹਾਰ ਆਪਣੀ ਭੁੱਲ ਨਾ ਜਾਵੇ, ਬਿਰਤੀ ਚ ਜਿਉਂਦੇ, ਕੁਝ ਸੁਫ਼ਨੇ, ਜੋ ਮਰੇ, ਰੱਖਦਾਂ । ਤੇਰੇ ਚ ਕੁਝ ਤਾਂ ਵੱਖਰਾ, ਹੈ, ਜੱਗ ਦੇ ਨਾਲੋਂ ਐਵੇਂ ਨਹੀਂ ਮੈ ਯਾਦ ਨੂੰ, ਸਾਂਭੀ ਘਰੇ ਰੱਖਦਾਂ ।

ਬਿਰਖ ਤੋਂ ਉੱਡ ਗਏ ਪਰਿੰਦੇ ਦੂਰ ਨੂੰ

ਬਿਰਖ ਤੋਂ ਉੱਡ ਗਏ ਪਰਿੰਦੇ ਦੂਰ ਨੂੰ । ਮੈਂ ਦਿਲਾਸਾ ਕੀ ਦਿਆਂ ਮਜ਼ਬੂਰ ਨੂੰ । ਦਿਲ ਮੇਰਾ ਤੇਰੇ ਤੇ ਆਸ਼ਕ ਹੋ ਗਿਆ, ਆਖਦੈ ਸ਼ੀਸ਼ਾ ਖਲੋਤੀ ਹੂਰ ਨੂੰ । ਆਪਣੇ ਬਾਰੇ ਪਵੇ ਨਾ ਦੱਸਣਾ, ਨਾਮ ਮੇਰਾ ਕੀ, ਕਦੇ ਵੀ ਨੂਰ ਨੂੰ ‌। ਕੌਣ ਕੀ ਕੀ ਆਖਦੈ ਤੂੰ ਛੱਡ ਪਰ੍ਹਾਂ, ਮੈਂ ਕਹਾਂ ਰਹਿਮਤ ਹੀ ਤੇਰੀ ਘੂਰ ਨੂੰ । ਪੁੱਠੀਆਂ ਖੱਲਾਂ ਲੁਹਾ ਕੇ ਮਾਣਿਆ, ਆਸ਼ਕਾਂ ਨੇ ਇਸ਼ਕ ਦੇ ਦਸਤੂਰ ਨੂੰ । ਤੂੰ ਗ਼ਜ਼ਲ ਤੂੰ ਗੀਤ ਸ਼ਾਇਰੀ ਸਭ ਤੁਹੀਂ ਜਾ ਕਹੋ ਮਹਿਰਮ ਮੇਰੇ ਮਗ਼ਰੂਰ ਨੂੰ । ਕਾਸ਼ ਔੜਾਂ ਮਾਰਿਆਂ ਤੇ ਰੀਝਦੀ, ਫਰਕ ਨਾ ਪੈਣਾ ਸੀ ਪੈਂਦੀ ਭੂਰ ਨੂੰ । ਕੁਝ ਕੁ ਜ਼ਖਮਾਂ ਨੂੰ ਮੈਂ ਅੱਲ੍ਹੇ ਰੱਖਣਾ, ਖੁਰਚ ਲੈਂਦਾ ਹਾਂ ਤਦੇ ਅੰਗੂਰ ਨੂੰ । ਰੂਪ ਦਾ ਕੀ ਅਰਥ ਹੁੰਦਾ ਹੈ ਅਮਨ ? ਚੁੰਮਣਾ ਅੱਖਾਂ ਨਾ' ਕੋਹੇਨੂਰ ਨੂੰ ।

ਇਸਨੂੰ ਆਪਣੀ ਰੂਹ ਦਾ ਹਾਣੀ

ਇਸਨੂੰ ਆਪਣੀ ਰੂਹ ਦਾ ਹਾਣੀ ਯਾਦ ਹੈ ਕਿ ਨਹੀਂ । ਤਪਦੇ ਮਾਰੂਥਲ ਨੂੰ ਪਾਣੀ ਯਾਦ ਹੈ ਕਿ ਨਹੀਂ । ਜੋ ਨਿੱਤ ਦਰੋਪਦੀਆਂ ਨੂੰ ਨਿਰ ਬਸਤਰ ਕਰਦੈ ਦੁਰਯੋਧਨ ਨੂੰ ਅੰਤ ਕਹਾਣੀ ਯਾਦ ਹੈ ਕਿ ਨਹੀਂ । ਹਾੜ੍ਹ ਮਹੀਨੇ ਵਿੱਚ ਬੱਦਲ ਨੂੰ ਪੌਣ ਨੇ ਪੁੱਛਿਆ, ਤੈਨੂੰ ਧਰਤ ਦੀ ਰੀਝ ਇਆਣੀ ਯਾਦ ਹੈ ਕਿ ਨਹੀਂ । ਮੇਰੇ ਹਾਸੇ ਸੁਣ ਕੇ ਮੈਨੂੰ ਵਕਤ ਹਲੂਣੇ, ਖੂਨ ਜੋ ਨਿਚੜੇ ਅੱਖਾਂ ਥਾਣੀ ਯਾਦ ਹੈ ਕਿ ਨਹੀਂ । ਫਰਜ਼ਾਂ, ਗਰਜ਼ਾਂ ਖਾਤਰ ਆਪ ਮਸ਼ੀਨਾਂ ਬਣਗੇ, ਮੈਂ ਰਾਜਾ ਸੀ, ਤੂੰ ਸੀ ਰਾਣੀ ਯਾਦ ਹੈ ਕਿ ਨਹੀਂ । ਤੇਰੇ ਸ਼ਹਿਰ ਦੀ ਠੰਡੀ ਸ਼ਾਮ 'ਚ ਕੋਸੇ ਵਾਅਦੇ, ਕੀਤੇ ਸੀ, ਉਹ ਬਾਤ ਪੁਰਾਣੀ ਯਾਦ ਹੈ ਕਿ ਨਹੀਂ । ਪੁੱਤਾਂ ਹੱਥੋਂ ਰੁਲਦੇ ਬਾਪ 'ਅਮਨ' ਹੁਣ ਦੱਸਣ ? ਗਰਭ 'ਚ ਮਾਰੀ ਧੀ ਮਰ ਜਾਣੀ ਯਾਦ ਹੈ ਕਿ ਨਹੀਂ ।

ਸੂਹੇ ਖ਼ਿਆਲਾਂ ਨੂੰ ਮਾਨਣ ਦੀ ਕੀਮਤ

ਸੂਹੇ ਖ਼ਿਆਲਾਂ ਨੂੰ ਮਾਨਣ ਦੀ ਕੀਮਤ । ਮਰ ਕੇ ਚੁਕਾਈ ਮੈਂ ਮਹਿਕਣ ਦੀ ਕੀਮਤ । ਸੁੱਤੇ ਰਹੇ ਵੇਚ ਘੋੜੇ ਸਦਾ ਜੋ, ਮੈਨੂੰ ਆ ਦੱਸਦੇ ਨੇ ਜਾਗਣ ਦੀ ਕੀਮਤ । ਤੇਰੀ ਮੁਹੱਬਤ ਲੁਕਾਈ ਦੁਨੀ ਤੋਂ, ਦੁਨੀਆਂ ਕੀ ਜਾਣੇ ਲੁਕਾਵਣ ਦੀ ਕੀਮਤ । ਮੈਨੂੰ ਲੁਟੇਰਾ ਘਰੇ ਆ ਕੇ ਮਿਲਿਆ, ਮੈਂ ਮੰਗ ਲਈ ਦਿਲ ਲੁਟਾਵਣ ਦੀ ਕੀਮਤ । ਬੁੱਕਲ ਤੇਰੀ ਵਿੱਚ ਨਿਕਲੇ ਜੋ ਹੰਝੂ, ਕਰ ਗਏ ਅਦਾ, ਕੁੱਲ ਹੱਸਣ ਦੀ ਕੀਮਤ । ਖਾਰਾਂ ਵਿਚਾਲੇ ਗੁਜ਼ਾਰਨ ਉਹ ਜੀਵਨ, ਫੁੱਲਾਂ ਨੂੰ ਪੁਛਿਉ ਕੀ ਟਹਿਕਣ ਦੀ ਕੀਮਤ । ਮੈਂ ਪੈੜ ਤੇਰੀ ਚ ਰੱਖਣੇ ਕਦਮ ਨੇ, ਲੈਣੀ ਕੀ ਦੱਸ ਨਾਲ ਰੱਖਣ ਦੀ ਕੀਮਤ । ਹੋਠਾਂ ਦੇ ਜ਼ਖਮਾਂ ਨੇ ਦੱਸੀ ਕਹਾਣੀ, ਤਾਰੀ ਕਿਵੇਂ ਫੁੱਲ ਚੁੰਮਣ ਦੀ ਕੀਮਤ ।

ਸ਼ੋਰ ਨੂੰ ਸੁਣ ਕੇ ਐਵੇਂ ਆਹਾਂ ਭਰਦੇ

ਸ਼ੋਰ ਨੂੰ ਸੁਣ ਕੇ ਐਵੇਂ ਆਹਾਂ ਭਰਦੇ ਨਹੀਂ ਹੁੰਦੇ । ਕਾਵਾਂਰੌਲੀ ਕੋਲੋਂ ਬਾਜ਼ ਤਾਂ ਡਰਦੇ ਨਹੀਂ ਹੁੰਦੇ । ਮੈਂ ਇਸ਼ਕ ਵਿਹੂਣੇ ਲੋਕਾਂ ਨੁੰ ਹੋਰ ਕੀ ਕਹਿਣਾ ਹੈ, ਤਰਕਾਂ ਵਾਲੇ ਕੱਚਿਆਂ ਉੱਤੇ ਤਰਦੇ ਨਹੀਂ ਹੁੰਦੇ । ਸਾਉਣ ਚ ਲੱਗੀ ਇੱਕ ਝੜੀ ਨੂੰ ਭਰਮ ਜਿਹਾ ਹੋਇਆ, ਬਰਸਾਤਾਂ ਦੇ ਵਿੱਚ ਵੀ ਸੂਰਜ ਠਰਦੇ ਨਹੀਂ ਹੁੰਦੇ । ਆਪਣੀ ਹੋਂਦ ਜਿਨ੍ਹਾਂ ਦੀ ਰੇਤ ਦੇ ਟਿੱਬਿਆਂ ਵਰਗੀ ਹੈ, ਉਹ ਮੁੱਠੀਆਂ ਵਿਚ ਪੂਰਾ ਅੰਬਰ ਭਰਦੇ ਨਹੀ ਹੁੰਦੇ । ਜਿਨ ਪਿੰਡੇ ਤੋਂ ਬ੍ਰਹਿਮੰਡੇ ਦੀ ਗਾਥਾ ਸਮਝੀ ਹੈ, ਉਹ ਫਿਰ ਵਕਤੀ ਫੇਰ ਬਦਲ ਤੋਂ ਡਰਦੇ ਨਹੀਂ ਹੁੰਦੇ । ਸਾਡੇ ਕੋਲੋਂ ਬੱਸ ਪਿੰਡਿਆਂ ਦਾ ਉਹਲਾ ਕਰਦੇ ਹਨ, ਰੂਹਾਂ ਦੇ ਵਿੱਚ ਵਸਣੇ ਵਾਲੇ ਮਰਦੇ ਨਹੀਂ ਹੁੰਦੇ । ਆਪੋ ਆਪਣੀ ਧਿਰ ਨਾ' ਅਮਨ' ਜਾ ਖੜਨਾ ਹੁੰਦਾ ਹੈ, ਮਰਦ ਵਿਚਾਲੇ ਵਰਗੀ ਕੋਈ ਗੱਲ ਕਰਦੇ ਨਹੀਂ ਹੁੰਦੇ ।

ਆਪਣੇ ਹੀ ਮੂੰਹ ਨੂੰ ਖੋਲ੍ਹਣ ਤੇ ਪਬੰਦੀ ਹੈ

ਆਪਣੇ ਹੀ ਮੂੰਹ ਨੂੰ ਖੋਲ੍ਹਣ ਤੇ ਪਬੰਦੀ ਹੈ । ਗੂੰਗਿਆਂ ਵਿੱਚ ਬਹਿ ਕੇ ਬੋਲਣ ਤੇ ਪਬੰਦੀ ਹੈ । ਆਪਣੇ ਖਾਬਾਂ ਨੂੰ ਹੱਥੀਂ ਸਾੜ ਲੈ ਬੇਸ਼ੱਕ, ਰਾਖ ਠੰਡੀ ਨੂੰ ਫਰੋਲਣ ਤੇ ਪਬੰਦੀ ਹੈ । ਨਾਗ ਹਿੱਕ ਤੇ ਮੇਲਦੇ ਨੂੰ ਜਰ ਲਿਆ ਕਰ, ਤੂੰ, ਜੁੱਤੀਆਂ ਥੱਲੇ ਮਧੋਲਣ ਤੇ ਪਬੰਦੀ ਹੈ । ਜੇ ਗ਼ਜ਼ਲ ਕਹਿਣੀ ਤਾਂ ਤੁਕਬੰਦੀ ਨੂੰ ਰੱਖ ਪਾਸੇ, ਹੁਣ ਕੜ੍ਹੀ ਸ਼ਬਦਾਂ ਦੀ ਘੋਲਣ ਤੇ ਪਬੰਦੀ ਹੈ । ਕੁਝ ਕੁ ਪਰਦੇ ਰੱਖਣੇ ਵੀ ਜ਼ਰੂਰੀ ਨੇ, ਹਰ ਕਿਸੇ ਦੇ ਭੇਤ ਫੋਲਣ ਤੇ ਪਬੰਦੀ ਹੈ । ਮੈਂ ਜਦੋਂ ਗੁਜ਼ਰੇ ਸਮੇਂ ਚੋਂ ਭਾਲਦਾ ਤੈਨੂੰ, ਫਰਜ਼ ਆਖਣ,ਉਸ ਨੂੰ ਟੋਲ੍ਹਣ ਤੇ ਪਬੰਦੀ ਹੈ ।

ਜੇਕਰ ਤੈਨੂੰ ਦੋਸ਼ ਮੇਰੇ ਸਿਰ

ਜੇਕਰ ਤੈਨੂੰ ਦੋਸ਼ ਮੇਰੇ ਸਿਰ ਮੜ੍ਹਨਾ ਆਉਂਦਾ ਹੈ । ਮੈਨੂੰ ਮੇਰਾ ਸੱਚ ਹਵਾ ਵਿਚ ਜੜਨਾ ਆਉਂਦਾ ਹੈ । ਮੈਂ ਨਿਰਪੱਖਤਾ ਵਾਲੀ ਸ਼ੋਸ਼ੇਬਾਜ਼ੀ ਨਹੀਂ ਕਰਦਾ, ਮੈਨੂੰ ਆਪਣੀ ਧਿਰ ਨਾਲ ਜਾ ਕੇ ਖੜ੍ਹਨਾ ਆਉਂਦਾ ਹੈ । ਜਿਹੜੀ ਤੇਰੀ ਨੀਅਤ ਵਿਚ ਇਬਾਰਤ ਉਕਰੀ ਏ, ਮੈਨੂੰ ਉਹਦਾ ਅੱਖਰ ਅੱਖਰ ਪੜ੍ਹਨਾ ਆਉਂਦਾ ਹੈ । ਤੂੰ ਤਾਂ ਸ਼ਬਦਾਂ ਨੂੰ ਬੱਸ ਸ਼ਬਦਾਂ ਤੀਕਰ ਹੀ ਜਾਣੇ, ਮੈਂ ਜਾਣੂ ਹਾਂ, ਸ਼ਬਦ ਨੂੰ ਖੰਡਾ ਫੜਨਾ ਆਉਂਦਾ ਹੈ । ਮਿਹਨਤਕਸ਼ ਨੂੰ ਆਪਣੇ ਹੱਥੀਂ ਆਪਣੀ ਕਿਸਮਤ ਨੂੰ, ਖੂਨ ਪਸੀਨੇ ਦੇ ਸੰਦਾਂ ਨਾਲ , ਘੜਨਾ ਆਉਂਦਾ ਹੈ । ਆਪਣੀ ਮਿੱਟੀ ਦੇ ਨਾਲ ਜੁੜਿਆਂ ਹੋਇਆਂ ਬਿਰਖਾਂ ਨੂੰ, ਝੱਖੜ, ਤੇਜ਼ ਹਨੇਰੀ ਸਾਹਵੇਂ ਅੜਨਾ ਆਉਂਦਾ ਹੈ । ਕੌਣ 'ਅਮਨ' ਪਰਿਭਾਸ਼ਾ ਇਸ਼ਕ ਦੀ ਏਦਾਂ ਦੇ ਸਕਦੈ, ਜਿੱਦਾਂ ਲਾਟ ਤੇ ਪਰਵਾਨੇ ਨੂੰ ਸੜਨਾ ਆਉਂਦਾ ਹੈ ।

ਦੂਰ ਰਹਿ ਕੇ ਕੋਲ ਹੋਵਣ ਦਾ

ਦੂਰ ਰਹਿ ਕੇ ਕੋਲ ਹੋਵਣ ਦਾ ਜੋ ਇਹ ਅਹਿਸਾਸ ਹੈ । ਆਮ ਵਰਗੀ ਜ਼ਿੰਦਗੀ ਵਿਚ ਇੱਕ ਇਹ ਪਲ ਖਾਸ ਹੈ । ਸੋਚ ਵਿਚਲੀ ਭਟਕਣਾ ਜੰਮੀ ਹੀ ਮੇਰੇ ਨਾਲ ਸੀ, ਮੈਂ ਤਾਂ ਘਰ ਵਿਚ ਬੈਠਿਆਂ ਹੀ, ਭੋਗਿਆ ਪਰਵਾਸ ਹੈ ‌। ਮਨ ਉਦਾਸੀ ਦੇ ਸਫ਼ਰ ਤੇ, ਠੋਕਰਾਂ ਖਾਵੇ ਜਦੋਂ, ਓਸ ਵੇਲੇ ਇੱਕ ਤੇਰਾ ਮਹਿਰਮਾ ਧਰਵਾਸ ਹੈ । ਤੇਰਿਆਂ ਹੋਠਾਂ ਚੋਂ ਕਿਰਦੇ ਸ਼ਬਦ ਮੇਰੇ ਨਾਮ ਦੇ ਸੁਣ ਕੇ ਜਾਪੇ, ਹੋ ਗਈ, ਪੂਰੀ ਮੇਰੀ ਅਰਦਾਸ ਹੈ । ਇਸ਼ਕ ਵਾਲੀ ਲੋਰ ਵਰਗਾ, ਹੋਰ ਕੋਈ ਵੀ ਨਸ਼ਾ, ਨਾ ਮਿਲੇ ਮਹਿਖਾਨਿਆਂ ਚੋਂ, ਇਹ ਮੇਰਾ ਵਿਸ਼ਵਾਸ ਹੈ । ਹੁਣ ਕਿਸੇ ਨੂੰ ਜੰਗਲਾਂ ਦੇ ਵਿੱਚ ਕਾਹਤੋਂ ਭੇਜਣਾ, ਹੁਣ ਤਾਂ ਘਰ ਦੀ ਚਾਰਦੀਵਾਰੀ ਵੀ ਇੱਕ ਬਨਵਾਸ ਹੈ । ਜਿਸ ਤਰਾਂ ਰੋਹੀ ਨੂੰ ਮਾਨਣ, ਭੱਖੜੇ, ਥੋਰਾਂ, ਮਲ੍ਹੇ ਉਸ ਤਰਾਂ ਸ਼ਾਇਰ ਨੂੰ ਲੱਗਦੈ ,ਹਿਜਰ ਆਇਆ ਰਾਸ ਹੈ ।

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਅਮਨਦੀਪ ਸਿੰਘ ਅਮਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ