Punjabi Poetry : Aman Chahal

ਪੰਜਾਬੀ ਗ਼ਜ਼ਲਾਂ, ਗੀਤ : ਅਮਨ ਚਾਹਲ


ਸਾਂਵਲਾ ਜਿਹਾ ਓਹਦਾ ਰੰਗ ਹੈ ਭਾਅ ਜੀ

ਸਾਂਵਲਾ ਜਿਹਾ ਓਹਦਾ ਰੰਗ ਹੈ ਭਾਅ ਜੀ ਮਿਹਨਤਾਂ ਦੀ ਓਹ ਪੰਡ ਹੈ ਭਾਅ ਜੀ ਘਰ ਦੀ ਨੀਂਹ ਵੀ ਓਹਨੂੰ ਈ ਆਖੋ ਘਰ ਦੀ ਓਹ ਹਰ ਕੰਧ ਹੈ ਭਾਅ ਜੀ ਬਾਹਰੋਂ ਨਿਰਾ ਓਹ ਨਿੰਮ ਵਰਗਾ ਜੇ ਅੰਦਰੋਂ ਨਿਰੀ ਓਹ ਖੰਡ ਹੈ ਭਾਅ ਜੀ ਸਾਡੇ ਭਾਅ ਦਾ ਰੱਬ ਹੈ ਮੰਨਿਆ ਜੇ ਕਿਧਰੇ ਓਹ ਰਜ਼ਾਮੰਦ ਹੈ ਭਾਅ ਜੀ ਬਾਪੂ ਸਿਰ ਤੇ ਸਾਰੀਆਂ ਐਸ਼ਾਂ ਬਾਪੂ ਬਿਨਾਂ ਨਾ ਰੰਗ ਹੈ ਭਾਅ ਜੀ ਓਹ ਘਰ ਨਰਕ ਤੋਂ ਘੱਟ ਨਹੀਂ ਹੁੰਦੈ ਜਿੱਥੇ ਬਾਪੂ ਤੰਗ ਹੈ ਭਾਅ ਜੀ

ਓਹਦੇ ਦਿਲ ਵਿਚ ਥਾਂ ਨੀ ਬਣਿਆ

ਓਹਦੇ ਦਿਲ ਵਿਚ ਥਾਂ ਨੀ ਬਣਿਆ ਕਮੀਂ ਕੋਈ ਹੋਣੀ ਤਾਂ ਨੀ ਬਣਿਆ ਹਰ ਕੋਈ ਆਵੇ,ਠਹਿਰੇ,ਤੁਰਜੇ ਮੇਰਾ ਦਿਲ ਕੋਈ ਸਰਾਂ ਨੀ ਬਣਿਆ ਬੰਨ ਕੇ ਪੈਰ ਬਿਠਾ ਲਏ ਮੈਨੂੰ ਮੇਰੇ ਗਰਾਂ ਜਿਹਾ ਗਰਾਂ ਨੀ ਬਣਿਆ ਹੱਥੀਂ ਜਿਹਨਾਂ ਬਿਰਖ ਨੇ ਵੱਢੇ ਓਹਨਾਂ ਲਈ ਕੋਈ ਛਾਂ ਨੀ ਬਣਿਆ ਸ਼ਾਇਰੀ ਤਾਂ ਕੁਝ ਆ ਗਈ ਆਖਰ ਪਰ ਮੇਰਾ ਕੋਈ ਨਾਂ ਨੀ ਬਣਿਆ ਲਗਦੈ ਅੱਗੇ ਵੀ ਕੁਝ ਨਹੀਂ ਬਣਨਾ ਜਿਵੇਂ ਕੁਝ ਮੇਰਾ ਪਿਛਾਂਹ ਨਈਂ ਬਣਿਆ

ਮੈਂ ਜੋ ਤਾਰੇ ਗਿਣ ਗਿਣ ਰਾਤ ਗੁਜਾਰੀ ਏ

ਮੈਂ ਜੋ ਤਾਰੇ ਗਿਣ ਗਿਣ ਰਾਤ ਗੁਜਾਰੀ ਏ ਇਹ ਸਾਰੀ ਤੇਰੀ ਅੱਖ ਦੀ ਕਾਰਗੁਜਾਰੀ ਏ ਮੇਰੇ ਲਈ ਤਾਂ ਓਹ ਪਲ ਜੰਨਤ ਵਰਗੇ ਨੇ ਤੂੰ ਜਦੋਂ ਜਦੋਂ ਵੀ ਅੜੀਏ ਝਾਤੀ ਮਾਰੀ ਏ ਤੇਰੇ ਹਾਸੇ ਮੇਰੇ ਦਿਲ ਦੇ ਵਿਹੜੇ ਨੱਚਦੇ ਨੇ ਝੱਲੇ ਦੀ ਤਾਂ ਤੇਰੇ ਈ ਨਾਲ ਸਰਦਾਰੀ ਏ ਵੇਖ ਘਟਾਵਾਂ ਕਾਲੀਆਂ ਚੜ੍ਹਕੇ ਆਈਆਂ ਨੇ ਤੂੰ ਜੋ ਮੱਥੇ ਵਾਲੀ ਲੱਟ ਸਵਾਰੀ ਏ ਘਰੋਂ ਨਿਕਲਦੇ ਕਾਲਾ ਟਿੱਕਾ ਲਾਇਆ ਕਰ ਏਨੀ ਕੁ ਤਾਂ ਤੇਰੀ ਬਣਦੀ ਜਿੰਮੇਵਾਰੀ ਏ ਜੇ ਦਿਲ ਨਹੀਂ ਲਾਉਣਾ ਕਾਬੂ ਰੱਖ ਅਦਾਵਾਂ ਨੂੰ ਫੇਰ ਕਹੇਂਗੀ ਮੇਰੀ ਹੀ ਗਲਤੀ ਸਾਰੀ ਏ

ਮੈਂ ਕਿੰਨੀਆਂ ਤੰਗੀਆਂ ਹੰਢਾਈਆਂ

ਮੈਂ ਕਿੰਨੀਆਂ ਤੰਗੀਆਂ ਹੰਢਾਈਆਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਲਈ ਪਾਟੀਆਂ ਬੇਆਈਆਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਸੀ ਕੇ ਪਾ ਲਿਆ ਪਾਟਾ ਝੱਗਾ ਟੋਹਰ ਕਦੇ ਮੈਂ ਕੱਢਿਆ ਨਹੀਂ ਪਰ ਤਾਹਨੂੰ ਐਸ਼ਾਂ ਨਿਤ ਕਰਾਈਆਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਮਿੱਟੀ ਦੇ ਨਾਲ ਮਿੱਟੀ ਹੋ ਕੇ ਕੱਚੇ ਕੋਠੇ ਪੱਕੇ ਕਰਤੇ ਆਪਣੀਆਂ ਪੀੜ੍ਹਾ ਸਦਾ ਲੁਕਾਈਆਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਹੌਲੀ ਹੌਲੀ ਮੰਜਾ ਮੇਰਾ ਆ ਗਿਆ ਬਾਹਰ ਡਿਓੜੀ ਚ ਅਕਲਾਂ ਕਿਹੜੇ ਖੂੰਜੇ ਲਾਈਆਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਜੈਸੀ ਮਿਲਦੀ ਖਾ ਲੈਨਾਂ ਵਾਂ ਘੜੇ ਚੋਂ ਪਾਣੀ ਪੀ ਲੈਨਾਂ ਵਾਂ ਰਹਿ ਗਿਆ ਹੁਣ ਬੱਸ ਸਾਲ ਸ਼ਮਾਹੀਆਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਖਬਰੇ ਫਰਕ ਪਵੇ ਮੇਰੇ ਪਿੱਛੋਂ ਰੜਕੀ ਮੇਰੀ ਘਾਟ ਜਦੋਂ ਸੁਣਨੀਆਂ ਓਦੋਂ ਕਿੰਨੇ ਸਫਾਈਆਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ

ਚੰਨਾ ਤੇਰੀ ਚਾਨਣੀ ਦੀ ਲੱਪ ਕੁ ਉਧਾਰੀ ਦੇ ਦੇ

ਚੰਨਾ ਤੇਰੀ ਚਾਨਣੀ ਦੀ ਲੱਪ ਕੁ ਉਧਾਰੀ ਦੇ ਦੇ ਬਾਪੂ ਦਿਆਂ ਰਾਹਾਂ ਚ ਵਿਛਾਉਣ ਨੂੰ ਮੱਸਿਆ ਦੀ ਰਾਤ ਜਹੇ ਕੱਟੇ ਦਿਨ ਕਾਲੇ ਮੇਰੀ ਝੋਲੀ ਚ ਸਵੇਰ ਸੂਹੀ ਪਾਉਣ ਨੂੰ ਪੌਣੇ ਸੁਣ ਮੋੜ ਦੇ ਨੀ ਤੇਰੇ ਵਿਚ ਘੁਲ ਗਈ ਸੀ ਮੇਹਨਤੀ ਦੇ ਮੁੜ੍ਹਕੇ ਦੀ ਬਾਸ਼ਨਾ ਚਮੇਲੀ ਦਿਆਂ ਫੁੱਲਾਂ ਵਿਚੋਂ ਆਉਣ ਜੋ ਸੁਗੰਧੀਆਂ ਉਹ ਵੀ ਓਹਦੇ ਮੂਹਰੇ ਕੁਝ ਖਾਸ ਨਾ ਖਿੜੀਏ ਕਪਾਹੇ ਤੇਰੇ ਮੁਖੜੇ ਦਾ ਨੂਰ ਲਾਹਾਂ ਜੁੱਤੀ ਓਹਦੇ ਪੈਰਾਂ ਦੀ ਬਣਾਉਣ ਨੂੰ ਜੇਠ ਹਾੜ ਦੇ ਮਹੀਨੇ ਵਿਚ ਮਿੰਨਤਾਂ ਈ ਸੂਰਜਾ ਓਏ ਹਾੜਾ ਈ ਓਹਦਾ ਪਿੰਡ ਨਾ ਤਪਾਈਂ ਵੇ ਪੋਹ ਮਾਘ ਵਿਚ ਕਿਰਨਾਂ ਦਾ ਕਰਕੇ ਸ਼ਿੰਗਾਰ ਓਹਦੇ ਵੇਹੜੇ ਵਾਲਾ ਰਾਹ ਤੂੰ ਵਿਖਾਈਂ ਵੇ ਪੱਕੀਏ ਨੀ ਕਣਕੇ ਤੂੰ ਰੰਗ ਪਾ ਦੇ ਝੋਲੀ ਓਹਦੇ ਸਿਰ ਵਾਲਾ ਤਾਜ਼ ਰੰਗਾਉਣ ਨੂੰ ਟਾਹਲੀਏ ਤੇ ਨਿੰਮੇ ਤੂੰ ਵੀ ਦੇ ਦਈਂ ਦੁਵਾਂਵਾਂ ਤੇਰਾ ਮੇਰੇ ਵਾਂਗੂ ਰੱਖਿਆ ਖ਼ਿਆਲ ਨੀ ਮਿੱਟੀਏ ਨੀ ਚਿੱਤ ਕਰੇ ਪਾਲਾਂ ਗਲਵਕੜੀ ਤੂੰ ਰਹੀ ਸਦਾ ਓਹਦੇ ਨਾਲ ਨਾਲ ਨੀ 'ਅਮਨ ਚਾਹਲ' ਲਫ਼ਜ਼ਾਂ ਦਾ ਕਰੇ ਧੰਨਵਾਦ ਜਿਹਨਾਂ ਸਾਥ ਦਿੱਤਾ ਸਿਫਤ ਲਿਖਾਉਣ ਨੂੰ ਮੱਸਿਆ ਦੀ ਰਾਤ ਜਹੇ ਕੱਟੇ ਦਿਨ ਕਾਲੇ ਮੇਰੀ ਝੋਲੀ 'ਚ ਸਵੇਰ ਸੂਹੀ ਪਾਉਣ ਨੂੰ ਚੰਨਾ ਤੇਰੀ ਚਾਨਣੀ ਦੀ ....

ਚੰਗਾ ਹੋਇਆ ਫੁੱਲਾਂ ਵਾਂਗ ਮਹਿਕਣਾ ਸਿਖਾ ਗਿਆ

ਚੰਗਾ ਹੋਇਆ ਫੁੱਲਾਂ ਵਾਂਗ ਮਹਿਕਣਾ ਸਿਖਾ ਗਿਆ ਬਦਲੇ ਜਿਵੇਂ ਰੰਗ ਜ਼ਮਾਨਾ ਬਦਲਣਾ ਸਿਖਾ ਗਿਆ ਕਿਵੇਂ ਚੇਹਰੇ ਤੋਂ ਪੂੰਝੀਦੀ ਆ ਕਾਲਖ ਉਦਾਸੀਆਂ ਦੀ ਪੁੰਨਿਆਂ ਦੇ ਚੰਨ ਵਾਂਗ ਓਹ ਚਮਕਣਾ ਸਿਖਾ ਗਿਆ ਜਾਬਰ ਦੇ ਜ਼ੁਲਮ ਸਾਹਵੇਂ ਗਰਦਨ ਨਾ ਝੁਕ ਜਾਵੇ ਤੇਜ ਧਾਰ ਸ਼ਮਸ਼ੀਰ ਵਾਂਗ ਲਿਸ਼ਕਣਾ ਸਿਖਾ ਗਿਆ ਨਕਾਬ ਨੇ ਹਰ ਚੇਹਰੇ ਤੇ ਤੂੰ ਅੱਖਾਂ ਤੋਂ ਪੜਿਆ ਕਰ ਪਹਿਲੀ ਨਜ਼ਰ ਚ ਬੰਦੇ ਨੂੰ ਪਰਖਣਾ ਸਿਖਾ ਗਿਆ ਥੱਬਾ ਲਫ਼ਜ਼ਾਂ ਦਾ ਓਹ ਮੇਰੀ ਝੋਲੀ ਚ ਧਰ ਗਿਆ ਬਹਿ ਕੇ ਇਕਾਂਤ ਚ ਗ਼ਜ਼ਲ ਸਿਰਜਣਾ ਸਿਖਾ ਗਿਆ

ਮੇਰੇ ਇਸ਼ਕ ਦੀ ਓਹ ਆਖਰ ਤੌਹੀਨ ਕਰਕੇ ਤੁਰ ਗਿਆ

ਮੇਰੇ ਇਸ਼ਕ ਦੀ ਓਹ ਆਖਰ ਤੌਹੀਨ ਕਰਕੇ ਤੁਰ ਗਿਆ ਹੱਸਦਾ ਵਸਦਾ ਵੇਹੜਾ ਮੇਰਾ ਗਮਗੀਨ ਕਰਕੇ ਤੁਰ ਗਿਆ ਓਹਦੇ ਨਾਲ ਸੀ ਮਹਿਕਦੀ ਫੁਲਵਾੜੀ ਮੇਰੇ ਦਿਲ ਦੀ ਓਹ ਪਲਾਂ ਛਿਨਾਂ ਚ ਬੰਜ਼ਰ ਜਮੀਨ ਕਰਕੇ ਤੁਰ ਗਿਆ ਖਬਰ ਨਹੀਂ ਰਹਿੰਦੀ ਹੋਈ ਦਰਵਾਜੇ ਤੇ ਦਸਤਕ ਦੀ ਆਪਣੀਆਂ ਯਾਦਾਂ ਵਿਚ ਮੈਨੂੰ ਲੀਨ ਕਰਕੇ ਤੁਰ ਗਿਆ ਖੌਰੇ ਕੌਣ ਸਿਖਾ ਗਿਆ ਇਹ ਚੰਦਰਾ ਹੁਨਰ ਓਸ ਨੂੰ ਮੈਨੂੰ ਬੇਵਸ ਤੇ ਖੁਦ ਨੂੰ ਬੇਹਤਰੀਨ ਕਰਕੇ ਤੁਰ ਗਿਆ ਓਹਦੇ ਬਾਅਦ ਜਿੰਦਗੀ ਚ ਰਿਹਾ ਕੋਈ ਵੀ ਰੰਗ ਨਾ ਮੇਰਾ ਹਰ ਸੁਪਨਾ ਓਹਦੇ ਤੇ ਯਕੀਨ ਕਰਕੇ ਤੁਰ ਗਿਆ

ਮਿਲੇ ਸਕੂਨ ਮੈਨੂੰ ਜੇ ਓਹਦੀ ਖ਼ਬਰ ਆਵੇ

ਮਿਲੇ ਸਕੂਨ ਮੈਨੂੰ ਜੇ ਓਹਦੀ ਖ਼ਬਰ ਆਵੇ ਹੋਵੇ ਈਦ ਮੇਰੀ ਜੇ ਉਹ ਕਿਤੇ ਨਜ਼ਰ ਆਵੇ ਕਿੱਥੋਂ ਲਿਆਵਾਂ ਏਦਾਂ ਦੇ ਨੈਣ ਨਕਸ਼ ਮੈਂ ਕਿ ਉਹ ਸ਼ਾਮ ਸਵੇਰੇ ਮੇਰੇ ਮਗਰ ਆਵੇ ਮੈਂ ਫੁੱਲਾਂ ਨਾਲ ਸ਼ਿੰਗਾਰ ਕੇ ਰੱਖਾਂ ਰਾਹਵਾਂ ਨੂੰ ਮਨ ਮੇਹਰ ਪਵੇ ਓਹਦੇ ਤੇ ਸਾਡੇ ਨਗਰ ਆਵੇ ਕਿ ਓਹਦੀਆਂ ਬਾਹਾਂ ਚ ਆਖਰੀ ਸਾਹ ਮੁੱਕਣ ਮੇਰੀ ਜਿੰਦਗੀ ਦਾ ਰੱਬਾ ਐਸਾ ਹਸ਼ਰ ਆਵੇ ਸਾਹ ਚਾਰ ਹੀ ਹੋਣ ਪਰ ਨਾਲ ਓਹਦੇ ਦਿਓ ਅਸੀਸ ਕੋਈ ਕਿ ਓਹਨੂੰ ਕਦਰ ਆਵੇ ਕੈਸਾ ਰੋਗ ਲਾ ਲਿਆ ਇਹਨਾਂ ਅੱਖੀਆਂ ਨੇ ਕਿ ਓਹਨੂੰ ਵੇਖੇ ਬਿਨਾਂ ਨਾ ਸਬਰ ਆਵੇ

ਝੂਠੇ ਹਾਸੇ ਹਸਦੇ ਵੇਖੇ ਲੋਕੀਂ ਮੈਂ

ਝੂਠੇ ਹਾਸੇ ਹਸਦੇ ਵੇਖੇ ਲੋਕੀਂ ਮੈਂ ਖੁਦ ਨੂੰ ਦੁੱਖੜੇ ਦਸਦੇ ਵੇਖੇ ਲੋਕੀਂ ਮੈਂ ਅੰਦਰੋ ਅੰਦਰੀ ਰੋਂਦੇ ਮਹਿਲਾਂ ਵਾਲੇ ਨੇ ਕੁੱਲੀਆਂ ਵਾਲੇ ਹਸਦੇ ਵੇਖੇ ਲੋਕੀਂ ਮੈਂ ਔਖੇ ਵੇਲੇ ਕੌਣ ਕਿਸੇ ਦਾ ਬਣਦਾ ਏ ਆਪਣਿਆਂ ਕੋਲੋਂ ਨਸਦੇ ਵੇਖੇ ਲੋਕੀਂ ਮੈਂ ਭਰ ਜਾਵੇ ਜੇ ਦਿਲ ਬਹਾਨਾ ਲੱਭਦੇ ਨੇ ਐਵੇਂ ਈ ਤਾਹਨੇ ਕਸਦੇ ਵੇਖੇ ਲੋਕੀਂ ਮੈਂ 'ਚਾਹਲ' ਸੱਪਾਂ ਦਾ ਐਵੇਂ ਨਾਂ ਬਦਨਾਮ ਏਥੇ ਇਕ ਦੂਜੇ ਨੂੰ ਡਸਦੇ ਵੇਖੇ ਲੋਕੀਂ ਮੈਂ

ਤੇਰੇ ਖਿਆਲਾਂ ਚ ਰਹਿਨਾ

ਤੇਰੇ ਖਿਆਲਾਂ ਚ ਰਹਿਨਾ ਅਪਣਾ ਮੈਨੂੰ ਖਿਆਲ ਨਹੀਂ ਹੁੰਦਾ ਇਕੋ ਤੇਰੀ ਯਾਦ ਹੁੰਦੀ ਏ ਹੋਰ ਕੋਈ ਮੇਰੇ ਨਾਲ ਨਹੀਂ ਹੁੰਦਾ ਤੇਰੇ ਘਰ ਨੂੰ ਰਾਹ ਹਨੇਰੇ ਮੈਂ ਠੇਡੇ ਖਾ ਖਾ ਡਿਗਦਾ ਹਾਂ ਹੱਦੋਂ ਵੱਧ ਤੂੰ ਬੇਵਫਾ ਏਂ ਜ਼ੋ ਇਕ ਵੀ ਦੀਵਾ ਬਾਲ ਨਹੀਂ ਹੁੰਦਾ ਯਾਦਾਂ ਰੁਸਵਾਈਆਂ ਤੇ ਲਾਰੇ ਤੇਰੇ ਮੇਰਾ ਕਮਰਾ ਭਰਿਆ ਪਿਆ ਏ ਮੇਰੇ ਭਾ ਦਾ ਏਹੋ ਖਜ਼ਾਨਾ ਇਸ਼ਕ ਚ ਕੋਈ ਕੰਗਾਲ ਨਹੀਂ ਹੁੰਦਾ ਉੰਝ ਤਾਂ ਤੈਥੋਂ ਸੋਹਣਿਆਂ ਦੀ ਵੇ ਜਗ ਤੇ ਕੋਈ ਕਮੀਂ ਨਹੀਂ ਏਂ ਅਸੀਂ ਹੀ ਝੱਲੇ ਜਿੰਨਾਂ ਕੋਲੋਂ ਤੇਰੇ ਵਰਗਾ ਭਾਲ਼ ਨਹੀਂ ਹੁੰਦਾ

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਅਮਨ ਚਾਹਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ