Punjabi Ghazals : Adesh Ankush
ਪੰਜਾਬੀ ਗ਼ਜ਼ਲਾਂ : ਆਦੇਸ਼ ਅੰਕੁਸ਼
ਬੇੜੀਆਂ ਨੂੰ, ਦਾਇਰਿਆਂ ਨੂੰ, ਮੈਂ ਕਿਹਾ ਕੁਝ ਵੀ ਨਹੀਂ
ਬੇੜੀਆਂ ਨੂੰ, ਦਾਇਰਿਆਂ ਨੂੰ, ਮੈਂ ਕਿਹਾ ਕੁਝ ਵੀ ਨਹੀਂ। ਫਿਰ ਭਲਾਂ ਕਾਹਤੋਂ ਕਿਤੇ ਪਹਿਲਾਂ ਜਿਹਾ ਕੁਝ ਵੀ ਨਹੀਂ। ਰੋਜ਼ ਹੀ ਪੁੱਛਦਾ ਹਾਂ ਦਿਲ ਨੂੰ ਬੈਠ ਜਾਵਣ ਦੀ ਵਜਾਹ, ਰੋਜ਼ ਉਹ ਇੱਕੋ ਹੀ ਗੱਲ ਦੁਹਰਾ ਰਿਹਾ, 'ਕੁਝ ਵੀ ਨਹੀਂ'। ਉਮਰ ਜਿੱਡਾ ਪਲ ਬਿਤਾ ਕੇ ਮੈਂ ਜਦੋਂ ਮੁੜਿਆ ਪਿਛਾਂਹ, ਆਖਿਆ ਕੁਝ ਵੀ ਨਾ ਉਸ ਨੇ, ਅਣਕਿਹਾ ਕੁਝ ਵੀ ਨਹੀਂ। ਆਪਣੇ ਅੰਦਰਲੀ ਚੁੱਪ ਦਾ ਸ਼ੋਰ ਸੁਣ ਕੇ ਜਾਪਦੈ, ਹੁਣ ਅਗੇਰਾ ਜਾਨਣੇ ਦੀ ਭੁੱਖ-ਤਿਹਾ ਕੁਝ ਵੀ ਨਹੀਂ। ਗੀਤ, ਗ਼ਜ਼ਲਾਂ, ਦਰਦ-ਕਿੱਸੇ, ਧੁੱਪ ਛਾਂ ਦੀ ਵੇਦਨਾ, ਕਾਗਜ਼ੀ ਰੌਲ਼ਾ ਹੈ 'ਅੰਕੁਸ਼' ਨੇ ਸਿਹਾ ਕੁਝ ਵੀ ਨਹੀਂ।
ਹੈ ਗਾਥਾ ਪੁਸਤਕਾਂ ਵਿੱਚ ਹੋਰ ਆਜ਼ਾਦੀ ਦਿਹਾੜੇ ਦੀ
ਹੈ ਗਾਥਾ ਪੁਸਤਕਾਂ ਵਿੱਚ ਹੋਰ ਆਜ਼ਾਦੀ ਦਿਹਾੜੇ ਦੀ। ਮੇਰੇ ਬਾਪੂ ਦੀ ਵੱਖਰੀ ਆਪਬੀਤੀ ਹੈ ਉਜਾੜੇ ਦੀ। ਜਾਂ ਮੇਰਾ ਦਰਦ ਰੋਕੋ ਜਾਂ ਜੜ੍ਹੋਂ ਪੁਟਵਾ ਦਿਓ ਮੈਨੂੰ, ਮੈਂ ਦੁਖਦੀ ਦਾੜ੍ਹ ਹਾਂ ਇਸ ਲੋਕਤੰਤਰ ਦੇ ਜਬਾੜੇ ਦੀ। ਇਹ ਕੈਸੀ ਖੇਡ, ਜਿਸ ਦੀ ਭਾਵਨਾ ਕੇਵਲ ਛਲਾਵਾ ਹੈ, ਅਤੇ ਵਿਚਕਾਰ ਹੈ ਢੇਰੀ ਜ਼ਮੀਰਾਂ ਦੇ ਕਬਾੜੇ ਦੀ। ਉਹ ਫੱਟੀਆਂ-ਬਸਤਿਆਂ ਵਾਲ਼ੇ ਪਰਿੰਦੇ ਪਰਤ ਆਉਂਦੇ ਨੇ, ਹੈ ਛਿੜਦੀ ਬਾਤ ਜਦ ਵੀ ਪਿਆਰ ਦੇ ਜੇਬੀ-ਪਹਾੜੇ ਦੀ। ਹੈ ਸਭ ਦਾ ਆਪਣਾ ਆਕਾਸ਼ ਸਭ ਦੀ ਆਪਣੀ ਧਰਤੀ, ਕਿਸੇ ਨੂ ਮੇਲ਼ ਦੀ ਚਿੰਤਾ ਕਿਸੇ ਨੂੰ ਰੇਲ ਭਾੜੇ ਦੀ। ਅਸੀਂ ਚਿੰਤਾ ਰਹੇ ਕਰਦੇ ਸਰੀਰਾਂ ਦੀ, ਜ਼ਗੀਰਾਂ ਦੀ, ਛਿੜੇਗੀ ਬਾਤ ਅਗਲੇ ਪਾਰ ਹੁਣ ਰੂਹਾਂ ਦੇ ਪਾੜੇ ਦੀ। ਤੂੰ ਨਗ਼ਮੇ ਜ਼ਿੰਦਗੀ ਦੇ ਗਾ, ਗ਼ਜ਼ਲ ਦੇ ਤਾਨ ਛੇੜੀ ਜਾਹ, ਕਰੀਂ ਚਿੰਤਾ ਕਦੇ 'ਆਦੇਸ਼'ਨਾ 'ਅੰਕੁਸ਼' ਦੇ ਸਾੜੇ ਦੀ।
ਪਾਰਕ ਵਿਚਲੀ ਕੁਰਸੀ
ਪਾਰਕ ਵਿਚਲੀ ਕੁਰਸੀ, ਸੁਣਕੇ ਹੁੰਦੀ ਲੋਹੇ-ਲਾਖੀ ਜਾਵੇ। ਕੀਕਣ ਉਸ ’ਤੇ ਬੈਠਾ ਬਾਪੂ ਅੱਖਾਂ ਮੁੰਦ, ਵਿਸਾਖੀ ਜਾਵੇ। ਕੁਝ ਟੱਲੀਆਂ ਕੁਝ ਘੁੰਗਰੂ ਬੰਨ੍ਹ ਕੇ ਇੱਕ ਡੰਡੇ ਨੂੰ ਤੁਰੇ ਮੁਨਾਖਾ, ਉਸਦੇ ਪਿੱਛੇ-ਪਿੱਛੇ, ਮੀਲਾਂ ਤੀਕਰ ਭੀੜ ਸੁਜਾਖੀ ਜਾਵੇ। ਸ਼ਾਮੀਂ ਪਰਛਾਵੇਂ ਤੋਂ ਪੁੱਛੇ, ਉੱਜੜੇ ਬਾਗਾਂ ਦੀ ਪਗਡੰਡੀ, ਕਮਲਾ ਪਹਿਰੇਦਾਰ ਦੁਪਹਿਰੇ, ਅਕਸਰ ਕਿਸਦੀ ਰਾਖੀ ਜਾਵੇ। ਹਰ ਕੋਈ ਅੰਦਰੀਂ ਡੱਕਣਾ ਚਾਹਵੇ, ਭਰ ਕੇ ਪੌਣ ਕਲਾਵੇ ਅੰਦਰ, ‘‘ਸਮਝ ਕਰੋ ਕੁਝ ਭਲਿਓ,’’ ਹਰ ਕੋਈ ਇੱਕ ਦੂਜੇ ਨੂੰ ਆਖੀ ਜਾਵੇ। ਮੱਥੇ ’ਤੇ ਆਦੇਸ਼ ਲਿਖਾ ਕੇ, ਪਲ ਵਿੱਚ ਲੰਘ ਜਾਂਦੀ ਹੈ ਦੁਨੀਆਂ, ਅੰਕੁਸ਼ ਵਰਗਾ ਬੰਦਾ, ਸਾਰੀ ਉਮਰਾ ਵੇਖੀ-ਚਾਖੀ ਜਾਵੇ।
ਦੋਸਤੀ ਦੀ ਦਾਸਤਾਂ ਅੱਧੀ-ਅਧੂਰੀ ਰਹਿਣ ਦਿਹ
ਦੋਸਤੀ ਦੀ ਦਾਸਤਾਂ ਅੱਧੀ-ਅਧੂਰੀ ਰਹਿਣ ਦਿਹ ! ਦੁਸ਼ਮਣਾ ਮਤਲਬ ਭਰੀ ਇਹ ਜੀ-ਹਜ਼ੂਰੀ ਰਹਿਣ ਦਿਹ! ਮਾਨਣਾ ਚਾਹੁੰਨਾਂ ਤੇਰੇ ਪੈਰੀਂ ਵਿਛੀ ਪਾਕੀਜ਼ਗੀ , ਐ ਮੇਰੀ ਕਵਿਤਾ ਅਜੇ ਜੁੱਤੀ-ਕਸੂਰੀ ਰਹਿਣ ਦਿਹ ! ਰਹਿਣ ਦਿਹ ਮਿਟਣਾ-ਮਿਟਾਉਣਾ, ਫੈਲਣਾ ਜਾਂ ਸਿਮਟਣਾ, ਤੂੰ ਨਜ਼ਰ ਆਉਂਦਾ ਰਹੇਂ, ਏਨੀ ਕੁ ਦੂਰੀ ਰਹਿਣ ਦਿਹ ! ਰੁਕ ਰਤਾ ਕੁ ਸਾਂਭ’ਲਾਂ ਰੰਗਾਂ ਦੀ ਹਰ ਇੱਕ ਭਾਵਨਾ , ਕੁਝ ਪਲਾਂ ਲਈ ਆਪਣੇ ਮੱਥੇ ‘ਤੇ ਘੂਰੀ ਰਹਿਣ ਦਿਹ ! ਮੈਂ ਅਜੇ ਰਹਿਣਾ ਹੈ ਥੋੜ੍ਹੀ ਦੇਰ ਹੋਸ਼ਾਂ ਤੋਂ ਪਰ੍ਹੇ , ਤੂੰ ਅਜੇ ਦਾਨਿਸ਼ਵਰਾ; ਗੱਲਾਂ ਜ਼ਰੂਰੀ ਰਹਿਣ ਦਿਹ ! ਆਪਣੇ ਕਮਲ਼ੇ ਜਿਹੇ ਪਾਲੀ ਨੂੰ ਮੱਝੀਆਂ ਨੇ ਕਿਹਾ , ਜਾਗ ਵੱਡਿਆ ਰਾਂਝਿਆ; ਧੋਖੇ ਦੀ ਚੂਰੀ ਰਹਿਣ ਦਿਹ ! ਚਿਤਵਦਾ ਰੋਟੀ ਮੇਰਾ 'ਆਦੇਸ਼' ਭੁੱਖਾ ਸੌਂ ਗਿਐ , ਜ਼ਿੰਦਗੀ ਬਸ ਹੁਣ ਤੂੰ ਇਹ ਹਲਵਾ ਤੇ ਪੂਰੀ ਰਹਿਣ ਦਿਹ !!!!
ਉਸਦੇ ਮਨ ਦੀ ਮੂਰਖਤਾ ਤੋਂ ਡਰ ਲੱਗਦਾ ਹੈ
ਉਸਦੇ ਮਨ ਦੀ ਮੂਰਖਤਾ ਤੋਂ ਡਰ ਲੱਗਦਾ ਹੈ। ਜਿਸਨੂੰ ਤਨ ਦੀ ਸੁੰਦਰਤਾ ਤੋਂ ਡਰ ਲੱਗਦਾ ਹੈ। ਅਕਸਰ ਬਹਿਸ ਮੁਬਾਹਿਸੇ ਤੋਂ ਉਕਤਾ ਜਾਂਦੇ ਹਾਂ, ਸ਼ਬਦਾਂ ਵਿਚਲੀ ਨੀਰਸਤਾ ਤੋਂ ਡਰ ਲੱਗਦਾ ਹੈ। ਜੇ ਭੌਰੇ ਦੀ ਤਾਨ ਭਰੇ ਫੁੱਲਾਂ ਵਿੱਚ ਮਸਤੀ, ਕਿਉਂ ਤਿਤਲੀ ਦੀ ਚੰਚਲਤਾ ਤੋਂ ਡਰ ਲੱਗਦਾ ਹੈ? ਜੰਮ ਜੰਮ ਰਾਜ ਕਰੋ ਫੱਕਰ ਨੇ ਕੀ ਲੈਣਾ ਹੈ, ਉਸਨੂੰ ਸਿਰਫ਼ ਅਰਾਜਕਤਾ ਤੋਂ ਡਰ ਲੱਗਦਾ ਹੈ। ਰੱਖੇ ਜਾਂ ਫਿਰ ਮਾਰੇ ; ਹੈ ਆਦੇਸ਼ ਮਹਾਵਤ, ਬਸ ਅੰਕੁਸ਼ ਦੀ ਬਰਬਰਤਾ ਤੋਂ ਡਰ ਲੱਗਦਾ ਹੈ
ਚੀਸ ਜੇ ਦੀਵਾਰ ਬਣ ਵਿਚਕਾਰ ਖੜ ਜਾਵੇ
ਚੀਸ ਜੇ ਦੀਵਾਰ ਬਣ ਵਿਚਕਾਰ ਖੜ ਜਾਵੇ ਤਾਂ ਫੇਰ! ਸੌ ਜਤਨ ਕਰੀਏ ਤੇ ਪਲ ਵੀ ਨੀਂਦ ਨਾ ਆਵੇ ਤਾਂ ਫੇਰ? ਕਲਪਨਾ ਸਾਕਾਰ ਹੋ ਸਕਦੀ ਹੈ ਕੈਨਵਸ ‘ਤੇ ਕਿਵੇਂ, ਬੁਰਸ਼ ਚਿੱਤਰਕਾਰ ਦਾ ਰੰਗਾਂ ਤੋਂ ਸ਼ਰਮਾਵੇ ਤਾਂ ਫੇਰ? ਕੀ ਸਵਾਂਤੀ ਬੂੰਦ ਉਸਨੂੰ ਵੀ ਮਿਲੇਗੀ ਮਾਲਕੋ, ਜੇ ਕੋਈ ਫੱਕਰ ਪਪੀਹਾ ਰਾਗ ਨਾ ਗਾਵੇ ਤਾਂ ਫੇਰ? ਇਸ ਤਰ੍ਹਾਂ ਦੇ ਸ਼ਖ਼ਸ ਲਈ ਮੁਨਸਿਫ਼ ਹੈ ਵਾਜ਼ਿਬ ਕੀ ਸਜ਼ਾ, ਉਮਰ ਭਰ ਨਾ ਜੇ ਕੋਈ ਕੀਤੇ ਤੇ ਪਛਤਾਵੇ ਤਾਂ ਫੇਰ? ਹੋਣਗੇ ਆਦੇਸ਼; ਸੁਹਣੇ ਤੇ ਸਦੀਵੀ ਸ਼ਿਅਰ ਵੀ, ਆਪਣੇ ਲਫ਼ਜ਼ਾਂ ਤੇ ਪਹਿਲਾਂ ਸੱਚ ਦੇ ਲਾਵੇ ਤਾਂ ਫੇਰ!
ਉਹ ਦਿਲਕਸ਼ ਹੈ; ਬਿਗਾਨੇ ਸ਼ਹਿਰ ਨੂੰ ਵੀ
ਉਹ ਦਿਲਕਸ਼ ਹੈ; ਬਿਗਾਨੇ ਸ਼ਹਿਰ ਨੂੰ ਵੀ ਜਚ ਗਿਆ ਹੋਣੈ। ਤੇ ਜਾਂ ਫਿਰ ਸ਼ਹਿਰ ਖ਼ਾਲੀਪਨ ‘ਚ ਉਸਦੇ ਰਚ ਗਿਆ ਹੋਣੈ।। ਜਦੋਂ ਵੀ ਪਰਤਿਆ ਵਾਪਿਸ ਕਦੇ ਤਾਂ ਪਰਖਣਾ ਪੈਣੈ, ਨਾ ਐਵੇਂ ਸਮਝ ਲੈਣਾ ਕਿ ਉਹ ਸਾਬਤ ਬਚ ਗਿਆ ਹੋਣੈ।। ਫ਼ਕੀਰੀ ਤਾਂ ਪਕਾ ਸਕਦੀ ਹੈ ਆਪਣੀ ਭੁੱਖ ਦਾ ਲਾਵਣ, ਯਕੀਨਨ ਕਾਠ ਪਰਸ਼ਾਦਾ ਵੀ ਉਸਨੂੰ ਪਚ ਗਿਆ ਹੋਣੈ।। ਜੇ ਵਿੱਥਾਂ -ਖੂੰਜਿਆਂ ‘ਚੋਂ ਭਾਲਦਾ ਰਹਿੰਦਾ ਹੈ ਮੁਸਕਣੀਆਂ, ਤਾਂ ਕਮਲੇ ਦਾ ਨਾ ਹਾਲੇ ਜੀਣ ਦਾ ਲਾਲਚ ਗਿਆ ਹੋਣੈ।। ਤੁਸੀਂ ਕੀਕਰ ਨਿਖੇੜੋਗੇ ਭਲਾ ਆਦੇਸ਼ ਤੋਂ ਅੰਕੁਸ਼, ਉਹ ਕਵਿਤਾ ਦੀ ਤਰ੍ਹਾਂ ਹੱਡਾਂ ‘ਚ ਉਸਦੇ ਰਚ ਗਿਆ ਹੋਣੈ!
ਤੇਜ਼, ਤਿੱਖਾ, ਤੁਰਸ਼, ਰਿਹੜੀ ਤੇ ਜੜੇ ਬੱਤੇ ਜਿਹਾ
ਤੇਜ਼, ਤਿੱਖਾ, ਤੁਰਸ਼, ਰਿਹੜੀ ਤੇ ਜੜੇ ਬੱਤੇ ਜਿਹਾ। ਝੂਲਦੈ ਸੀਨੇ 'ਚ ਇਹ ਕੀ ਪਾਨ ਦੇ ਪੱਤੇ ਜਿਹਾ।। ਪ੍ਰਸ਼ਨ ਪੱਤਰ ਜ਼ਿੰਦਗੀ ਦਾ ਮੰਗਦਾ ਹੈ ਇਹਤਿਆਤ, ਹਿੱਲਦੇ ਅੱਖਰ ਤੇ ਵਰਕਾ ਭੁਰਭੁਰੇ ਗੱਤੇ ਜਿਹਾ। ਬਖ਼ਸ਼ਦੇ ਪਰਦੇ 'ਚ, ਲੈਂਦੇ ਚੌਕ ਵਿੱਚ ਖੜ੍ਹ ਕੇ ਉਤਾਰ, ਮਾਣ ਹੁੰਦਾ ਜਾ ਰਿਹਾ ਏ ਕੱਪੜੇ -ਲੱਤੇ ਜਿਹਾ। ਕੌਣ ਲਿਖ ਕੇ ਧਰ ਗਿਆ ਮਾਸੂਮ ਸ਼ਿਅਰਾਂ ਦੀ ਜਗ੍ਹਾ, ਰਾਤ ਨੂੰ ਮੇਰੇ ਸਿਰ੍ਹਾਣੇ, ਗੀਤ ਰਣਤੱਤੇ ਜਿਹਾ। ਭਰਕੇ ਸੀਨੇ ਵਿਚ ਕੁੜੱਤਣ ਭਟਕੀਆਂ ਮਧੂਮੱਖੀਆਂ, ਸਿਰਜਿਆ ਅਹਿਸਾਸ ਮਿੱਠਾ,ਸ਼ਹਿਦ ਦੇ ਛੱਤੇ ਜਿਹਾ। ਹਰ ਤਰਫ਼ ਢਾਬਾਂ, ਤਲਾਬਾਂ ਤੇ ਕਿਤਾਬਾਂ ਦਾ ਸਰੂਰ, ਧਿਆਨਪੁਰ ਖਿੜਿਐ ਗ਼ੁਲਾਬਾਂ ਦੇ ਭਰੇ ਖੱਤੇ ਜਿਹਾ। ਰੱਬ ਦਾ ਬੰਦਾ ਸੀ ਅੰਕੁਸ਼ ਬਹਿ ਗਿਆ ਬਹਿਣੀ ਕਦੋਂ, ਉਹ ਵੀ ਹੁਣ ਭਾਸ਼ਣ ਕਰੇ ਆਦੇਸ਼ ਮਨਮੱਤੇ ਜਿਹਾ!
ਸਖ਼ਤ ਕੀਤੀ ਸੀ ਤਪੱਸਿਆ
ਸਖ਼ਤ ਕੀਤੀ ਸੀ ਤਪੱਸਿਆ, ਪੱਥਰਾਂ ਦੇ ਵਰ ਮਿਲੇ। ਕਿਉਂ ਭਲਾ ਫ਼ਿਰ ਸਾਧਕਾਂ ਨੂੰ ਸ਼ੀਸ਼ਿਆਂ ਦੇ ਘਰ ਮਿਲੇ। ਰਾਤ ਮਨ-ਅੰਬਰ ਤੇ ਜਿਹੜੇ ਫੜਫੜਾਂਉਂਦੇ ਸੀ ਬੜੇ, ਦਿਨ 'ਚ ਕਾਗਜ਼ ਤੇ ਉਹ ਜਜ਼ਬੇ ਸਹਿਕਦੇ ,ਬੇਪਰ ਮਿਲੇ। ਭੀੜ ਅੰਦਰ ਵੀ ਸਦੀਵੀ ਰੰਗ ਰੱਖੋ ਸਾਂਭ ਕੇ, ਕੀ ਪਤਾ ਕਿਸ ਸ਼ਖ਼ਸ ਨੂੰ ਕਿਸ ਰੰਗ ਦਾ ਬਸਤਰ ਮਿਲੇ। ਜਦ ਮਿਲੀ ਮੰਜ਼ਿਲ ਤਾਂ ਦਿਨ ਢਲਿਆ,ਹਨੇਰਾ ਹੋ ਗਿਆ, ਰਸਤਿਆਂ ਅੰਦਰ ਸੀ ਕਿੰਨੇ ਲਿਸ਼ਕਦੇ ਮੰਜ਼ਰ ਮਿਲੇ। ਪਹਿਨ ਕੇ ਫਿਰਦੈ ,ਲਫ਼ੰਗਾ ਵੀ ਸ਼ਰਾਫ਼ਤ ਦਾ ਨਕਾਬ, ਅੱਜ ਫ਼ਿਰ ਆਦੇਸ਼ ਤੋਂ, ਅੰਕੁਸ਼ ਨਹੀ ; ਖ਼ੰਜਰ ਮਿਲੇ।
ਕੋਈ ਨਾਅਰੇ ਲਗਾ, ਝੰਡੇ ਝੁਲਾ ਕੇ ਸੁਰਖ਼ਰੂ ਹੋਇਆ
ਕੋਈ ਨਾਅਰੇ ਲਗਾ, ਝੰਡੇ ਝੁਲਾ ਕੇ ਸੁਰਖ਼ਰੂ ਹੋਇਆ। ਕੋਈ ਮਸਤੀ 'ਚ ਬਸ ਕਵਿਤਾ ਸੁਣਾ वे ਸੁਰਖ਼ਰੂ ਹੋਇਆ। ਸੀ ਰਾਤੀਂ ਝਾਂਜਰਾਂ ਛਣਕਾ ਰਹੀ ਜਦ ਪੌਣ ਪਰਬਤ 'ਤੇ, ਤਾਂ ਬੱਦਲ ਬਾਂਸ 'ਤੇ ਹੰਝੂ ਵਹਾ ਕੇ ਸੁਰਖ਼ਰੂ ਹੋਇਆ। ਕਿਤੇ ਮਿੰਨਤਾਂ, ਕਿਤੇ ਫ਼ੁਰਮਾਇਸ਼ਾਂ ਦਾ ਦੌਰ-ਦੌਰਾ ਹੈ, ਇਹ ਬੰਦਾ ਕੌਣ ਹੈ ਜੋ ਸਿਰ ਹਿਲਾ ਕੇ ਸੁਰਖ਼ਰੂ ਹੋਇਆ! ਕੋਈ ਡੁੱਬ ਕੇ, ਕੋਈ ਤਰ ਕੇ ਨਿਭਾਉਂਦੈ ਸੁਪਨਿਆਂ ਤਾਈਂ, ਕੋਈ ਤੈਰਾਕ ਨਾ ਸੁਪਨੇ ਨਿਭਾ ਕੇ ਸੁਰਖ਼ਰੂ ਹੋਇਆ ! ਮੁਸੱਵਰ ਨੇ ਤਾਂ ਪੂਰੀ ਰਾਤ ਵਿੱਚ ਮਜ਼ਮੂਨ ਘੜਿਆ ਸੀ, ਇਹ ਦਰਸ਼ਕ ਹੈ ਜੋ ਇੱਕੋ ਨੀਝ ਲਾ ਕੇ ਸੁਰਖ਼ਰੂ ਹੋਇਆ ! ਨਫ਼ੇ-ਨੁਕਸਾਨ ਤਾਈਂ ਤੋਲਦਾ ਰਹਿੰਦਾ ਹੈ ਸਿਰ ਬਹਿ ਕੇ, ਇਹ ਦਿਲ ਝੱਲਾ ਤਾਂ ਇੱਕ ਛੱਲਾ ਵਟਾ ਕੇ ਸੁਰਖ਼ਰੂ ਹੋਇਆ। ਕੋਈ ਚੀਕੇ ਜਾਂ ਇਸਦੀ ਚੋਭ ਵਿੱਚੋਂ ਮਾਰਫ਼ਤ ਭਾਲੇ, ਸਮਾਂ ਆਦੇਸ਼ ਨੂੰ ‘ਅੰਕੁਸ਼' ਬਣਾ ਕੇ ਸੁਰਖ਼ਰੂ ਹੋਇਆ।
ਤਾਰੇ, ਫੁੱਲ, ਨਦੀ, ਰਸਤੇ ਜਾਂ ਰੇਤੇ ਵਿੱਚੋਂ
ਤਾਰੇ, ਫੁੱਲ, ਨਦੀ, ਰਸਤੇ ਜਾਂ ਰੇਤੇ ਵਿੱਚੋਂ। ਉੱਭਰ ਸਕਦੈ ਝੱਟ ਕੋਈ ਚਿਹਰਾ ਚੇਤੇ ਵਿੱਚੋਂ। ਮਜ਼ਮੂਨਾਂ ਦੇ ਅਰਥ ਪਿਛੋਕੜ ਢੂੰਡ ਰਹੇ ਨੇ, ਨਿਕਲਣ ਬਣ ਬਣ ਫਿਕਰੇ ਸ਼ਬਦ ਅਗੇਤੇ ਵਿਚੋਂ। ਬਾਪੂ ਖਿਝੇ ਸ਼ਹਿਰੀਆਂ ਉੱਤੇ; ਸੈਰ ਕਰਦਿਆਂ, ਬਾਹਰੋਂ ਕਿਉਂ ਨਈਂ ਦਿਸਦੇ ਉਹ ਨੇ ਜੇਤੇ ਵਿਚੋਂ। ਉਸਦੇ ਬਾਰੇ ਫਿਰ ਚੌਕਾਂ ਵਿੱਚ ਚੱਲੇ ਚਰਚਾ, ਚਾਹਤ ਮਰ ਜਾਂਦੀ ਹੈ ਜਦੋਂ ਚਹੇਤੇ ਵਿੱਚੋਂ। ਜੋ ਵੀ ਹੈ ਆਦੇਸ਼ ਰਹੇਗਾ 'ਤੇਰਾ ਆਪਣਾ ' ਛਾਂਟ ਲਵੀਂ ਸਭ ਸੁਹਜ -ਸਮਰਪਣ ਏਤੇ ਵਿੱਚੋਂ!
ਕਰਕੇ ਸਿਰ ਤੇ ਸਵਾਰ ਫ਼ਰਜ਼ਾਂ ਨੂੰ
ਕਰਕੇ ਸਿਰ ਤੇ ਸਵਾਰ ਫ਼ਰਜ਼ਾਂ ਨੂੰ। ਕਿਉਂ ਬਣਾਉਨਾਂ ਏਂ ਭਾਰ ਫ਼ਰਜ਼ਾਂ ਨੂੰ। ਪਲ ਕੁ ਤਜ ਕੇ ਅਲਾਪ ਸਮਿਆਂ ਦਾ, ਕੋਲ ਬਹਿ ਕੇ ਦੁਲਾਰ ਫ਼ਰਜ਼ਾਂ ਨੂੰ। ਖ਼ੁਦ ਨੂੰ ਨੇੜੇ ਤੋਂ ਜਾਨਣਾ ਹੈ ਤਾਂ, ਦੂਰ ਖੜ੍ਹ ਕੇ ਨਿਹਾਰ ਫ਼ਰਜ਼ਾਂ ਨੂੰ। ਕਰ ਨਾ ਖੋਟਾ ਸਕੂਨ ਦਾ ਪੈਂਡਾ, ਕਰਕੇ ਇਉਂ ਦਰਕਿਨਾਰ ਫ਼ਰਜ਼ਾਂ ਨੂੰ। ਬੋਝ ਤਾਂ ਹੋਰ ਵੀ ਬਥੇਰੇ ਨੇ, ਐਵੇਂ ਮੇਹਣੇ ਨਾ ਮਾਰ ਫ਼ਰਜ਼ਾਂ ਨੂੰ। ਟਾਲ ਦੇਨੈਂ, ਮਹੀਨਿਆਂ ਤੀਕਰ, ਕਹਿ ਕੇ "ਇਸ ਐਤਵਾਰ" ਫ਼ਰਜ਼ਾਂ ਨੂੰ। ਆਪਣੇ ਹੱਕਾਂ ਦੇ ਖੋਭ ਕੇ ਅੰਕੁਸ਼, ਨਾ ਚੜ੍ਹਾ ਇਉਂ ਬੁਖਾਰ ਫ਼ਰਜ਼ਾਂ ਨੂੰ।
ਮਾਰੂਥਲ ਚੁੱਪ ਹੈ; ਮੱਥੇ ਤੇ ਖੁਣਕੇ
ਮਾਰੂਥਲ ਚੁੱਪ ਹੈ; ਮੱਥੇ ਤੇ ਖੁਣਕੇ ਪਾਣੀ... ਪਾਣੀ। ਪੱਥਰਬਾਜ਼ ਨਦੀ ਹੋ ਚੱਲੀ ਸੁਣਕੇ ਪਾਣੀ... ਪਾਣੀ। ਧਰ ਲੈਂਦੀ ਹੈ ਪਹਿਲਾਂ ਕਿਸਮਤ ਭਰਕੇ ਆਪਣਾ ਬਾਟਾ, ਸਾਡੀ ਕੌਲੀ ਪਾਵੇ ਡਲ਼ੀਆਂ ਚੁਣਕੇ; ਪਾਣੀ... ਪਾਣੀ। ਪੀ ਕੇ ਚੰਦਰੇ ਵਕਤ ਅਸਾਨੂੰ ਇੰਝ ਪਰ੍ਹਾਂ ਧਰ ਦਿੱਤਾ, ਹੰਸ ਜਿਵੇਂ ਦੁੱਧ 'ਚੋਂ ਛੱਡ ਦੇਵੇ ਪੁਣਕੇ ਪਾਣੀ... ਪਾਣੀ। ਗਰਮੀ ਦੇ ਵਿੱਚ ਬਣ ਜਾਂਦੀ ਹੈ ਉਸਦੀ ਪਿਆਸ ਬੁਝਾਰਤ, ਠੰਢ ਵਿੱਚ ਪਾਏ ਸਵੈਟਰ ਜਿਹੜਾ ; ਬੁਣਕੇ ਪਾਣੀ... ਪਾਣੀ। ਦਿਨ ਭਰ ਓਸ ਜ਼ੁਬਾਨ ਤੇ ਖਵਰੇ ਕਿੰਝ ਰਹਿੰਦਾ ਏ ਅੰਕੁਸ਼, ਰਾਤੀਂ ਸੁੱਤਿਆਂ ਅਕਸਰ ਹੀ ਜੋ ਟੁਣਕੇ ਪਾਣੀ... ਪਾਣੀ!
ਭਾਵਨਾ ਸੀਨੇ 'ਚ ਹੋਵੇ ਤਾਂ ਕਿਤਾਬਾਂ ਵਾਸਤੇ
ਭਾਵਨਾ ਸੀਨੇ 'ਚ ਹੋਵੇ ਤਾਂ ਕਿਤਾਬਾਂ ਵਾਸਤੇ। ਖ਼ੁਦ-ਬ-ਖ਼ੁਦ ਬਣਦੀ ਹੈ ਘਰ ਵਿੱਚ ਥਾਂ ਕਿਤਾਬਾਂ ਵਾਸਤੇ। ਉਸ ਮੁਹੱਬਤ ਭੇਜ ਦਿੱਤੀ ਮੇਰਿਆਂ ਸ਼ਬਦਾਂ ਨੂੰ ਬੱਸ- ਹੱਸ ਕੇ ਕਰਵਾ ਗਿਆ ਸੀ ਹਾਂ ਕਿਤਾਬਾਂ ਵਾਸਤੇ। ਕਾਰ ਵਿੱਚ ਘੁੰਮਦੈ ਉਹ ਅੱਜਕੱਲ ਸ਼ਹਿਰ ਵਿੱਚ ਸਾਹਿਤ ਸਣੇ, ਪਿੰਡ ਵਿੱਚ ਰਹਿੰਦੀ ਹੈ ਬੁੱਢੀ ਮਾਂ ਕਿਤਾਬਾਂ ਵਾਸਤੇ। ਹੁਣ ਉਹ ਆਉਂਦੀ ਨਸਲ ਖ਼ਾਤਰ ਰੇਤ ਕੱਠੀ ਕਰ ਰਿਹੈ, ਰਹਿ ਗਿਆ ਹੈ ਪੁਰਖਿਆਂ ਦਾ ਨਾਂ ਕਿਤਾਬਾਂ ਵਾਸਤੇ। ਸਾਂਭ ਕੇ ਧੁੱਪਾਂ ਦੀ ਗਰਮੀ, ਬਾਰਿਸ਼ਾਂ ਦੀ ਕੰਬਣੀ, ਬਿਰਖ ਦੇ ਦੇਂਦੇ ਨੇ ਆਪਣੀ ਛਾਂ ਕਿਤਾਬਾਂ ਵਾਸਤੇ। ਵਿਸ਼ਵਵਿਦਿਆਲੇ ਦੇ ਬੂਹੇ ਅੱਖਰਾਂ ਲਈ ਬੰਦ ਨੇ, ਅੰਦਰੋਂ ਸੁਣਦੀ ਹੈ ਪਰ, ਕਾਂ-ਕਾਂ ਕਿਤਾਬਾਂ ਵਾਸਤੇ। ਦੁਸ਼ਟ ਇੰਟਰਨੈੱਟ ਜਦੋਂ ਸਭ ਪੁਸਤਕਾਲੇ ਖਾ ਗਿਆ, ਫਿਰ ਕਰੀਂ ਆਦੇਸ਼ ਨਾ, ਬਾਂ-ਬਾਂ ਕਿਤਾਬਾਂ ਵਾਸਤੇ।
ਤਾਣ ਬਣ ਪਰਵਾਜ਼ ਨੇ ਆਖ਼ਿਰ ਪਰਾਂ ਨੂੰ ਪਰਤਣਾ ਹੈ
ਤਾਣ ਬਣ ਪਰਵਾਜ਼ ਨੇ ਆਖ਼ਿਰ ਪਰਾਂ ਨੂੰ ਪਰਤਣਾ ਹੈ। ਪੰਛੀਆਂ ਪਰਦੇਸੀਆਂ ਨੇ ਵੀ, ਘਰਾਂ ਨੂੰ ਪਰਤਣਾ ਹੈ। ਏਨੀਆਂ ਕੰਧਾਂ 'ਤੇ ਟੰਗ ਆਏ ਹਾਂ ਸੁਪਨੇ ਸਿਰਜਣਾ ਦੇ, ਸਮਝ ਨਈਂ ਆਉਂਦਾ ਕਿ ਹੁਣ ਕਿਹੜੇ ਦਰਾਂ ਨੂੰ ਪਰਤਣਾ ਹੈ। ਸੱਟ ਖਾਧੇ ਸੱਚ ਨੂੰ ਸਰਹੱਦ ਸਵਿਕਾਰੇਗੀ, ਬੇਸ਼ਕ- ਪੀੜ ਨੇ ਪਰਵਾਨਗੀ ਲਈ ਦਫ਼ਤਰਾਂ ਨੂੰ ਪਰਤਣਾ ਹੈ। ਭੁੱਲ-ਭੁਲਾ ਜਾਣੀ ਹੈ ਓਦੋਂ ਤੀਕ ਸਾਰੀ ਬਦਕਲਾਮੀ, ਵੋਟ ਨੇ ਵਾਪਸ ਜਦੋਂ ਤੱਕ ਵੋਟਰਾਂ ਨੂੰ ਪਰਤਣਾ ਹੈ। ਪਿਆਰੇ ਪਰਬੰਧਕ! ਮੁਕਾ ਲੇਖਾ ਹੁਣੇ ਹੀ ਤੁਰਨ ਵੇਲੇ, ਕੌਣ ਕਹਿ ਸਕਦੈ, ਮੁਸਾਫ਼ਿਰ ਮੁੜ ਸਰਾਂ ਨੂੰ ਪਰਤਣਾ ਹੈ!