Punjabi Poems : Gurmeet Kaur Sandha

ਪੰਜਾਬੀ ਕਵਿਤਾਵਾਂ : ਗੁਰਮੀਤ ਕੌਰ ਸੰਧਾ


ਹੇ ਮੇਰੇ ਮੌਲਾ

ਨਿਗਾਹ ਹਰ ਕਮੀ ਪੂਰਦੀ ਬਖਸ਼ ਮੌਲਾ , ਬਸ ਇੱਕੋ ਕਣੀ ਨੂਰ ਦੀ ਬਖਸ਼ ਮੌਲਾ , ਦੇ ਚਿੜੀਆਂ ਨੂੰ ਚੋਗਾ ਤੇ ਨਦੀਆਂ ਨੂੰ ਪਾਣੀ , ਦੇ ਬਚਪਨ ਨੂੰ ਮਾਪੇ ਜਵਾਨੀ ਨੂੰ ਹਾਣੀ , ਬੁਢਾਪੇ ਨੂੰ ਪੁੱਤਰਾਂ ਧੀਆਂ ਦੇ ਸਹਾਰੇ , ਸਦਾ ਹੀ ਸੁਖਾਲਾ ਸਿਰੇ ਲਾਉਣ ਬਖ਼ਸ਼ੀਂ । ਜਿਹੜੀ ਜੂਹ ਦੀ ਮਿੱਟੀ ਉਦਾਸੀ ਪਿਆਸੀ ; ਉਹਦੀ ਔੜ ਨੂੰ ਵੀ ਕੋਈ ਸਾਉਣ ਬਖ਼ਸ਼ੀਂ । ਜੀਹਨਾਂ ਤੇ ਖਿਜ਼ਾਵਾਂ ਦੇ ਰਹਿੰਦੇ ਨੇ ਪਹਿਰੇ , ਜਿਹੜੀ ਟਾਹਣ ਤੇ ਕੋਈ ਪੰਛੀ ਨਾ ਠਹਿਰੇ , ਬਿਰਛ ਸੈਆਂ ਪੱਤਰਾਂ ਤੋਂ ਨੰਗੇ ਖੜੇ ਨੇ , ਅੱਥਰੀਆਂ ਹਵਾਵਾਂ ਦੇ ਝੰਬੇ ਖੜੇ ਨੇ , ਯਾ ਮੇਰੇ ਖ਼ੁਦਾ ਤੂੰ ਹਰਿੱਕ ਬਾਗ਼ ਅੰਦਰ , ਰੰਗਲੀਆਂ ਬਹਾਰਾਂ ਦੇ ਵੀ ਆਉਣ ਬਖ਼ਸ਼ੀਂ । ਜਿਹੜੀ ਜੂਹ ਦੀ ਮਿੱਟੀ ਉਦਾਸੀ ਪਿਆਸੀ ; ਉਹਦੀ ਔੜ ਨੂੰ ਵੀ ਕੋਈ ਸਾਉਣ ਬਖ਼ਸ਼ੀਂ । ਕਿਸੇ ਬਾਲ ਤੋਂ ਮਾਂ ਵਿਛੋੜੀ ਨਾ ਜਾਵੇ , ਕਿ ਫ਼ਲ ਵਾਲੀ ਟਾਹਣੀ ਮਰੋੜੀ ਨਾ ਜਾਵੇ , ਤੂੰ ਭੈਣਾਂ ਤੋਂ ਰੱਖੜੀ ਦੀ ਡੋਰੀ ਨਾ ਖੋਹਵੀਂ , ਤੇ ਬਾਬਲ ਤੋਂ ਦੰਮਾਂ ਦੀ ਬੋਰੀ ਨਾ ਖੋਹਵੀਂ , ਤੂੰ ਪ੍ਰਦੇਸੀ ਪੁੱਤਰਾਂ ਨੂੰ ਮਾਵਾਂ ਦੀ ਖ਼ਾਤਰ , ਪਰਤ ਕੇ ਸਲਾਮਤ ਘਰੀਂ ਆਉਣ ਬਖਸ਼ੀਂ । ਜਿਹੜੀ ਜੂਹ ਦੀ ਮਿੱਟੀ ਉਦਾਸੀ ਪਿਆਸੀ ; ਉਹਦੀ ਔੜ ਨੂੰ ਵੀ ਕੋਈ ਸਾਉਣ ਬਖ਼ਸ਼ੀਂ । ਦੇ ਹਰ ਘਰ ਨੂੰ ਧੀਆਂ ਤੇ ਧੀਆਂ ਨੂੰ ਇੱਜ਼ਤਾਂ , ਲੈ ਸ਼ਰਮਾਂ ਸਿਰੇ ਚੜ੍ਹਨ ਸੁੱਚੀਆਂ ਮੁਹੱਬਤਾਂ , ਰਹਿਣ ਕਾਇਮ ਨੂੰਹਾਂ ਦੇ ਚੂੜੇ ਕਲੀਰੇ , ਰਹਿਣ ਹਾਰ ਸ਼ਿੰਗਾਰ ਸਭ ਨੂੰ ਸਖੀਰੇ , ਜਿਹੜੇ ਹੋਂਠ ਚੁੱਪ ਦੀ ਬਲੀ ਚੜ੍ਹ ਗਏ ਨੇ , ਉਹਨਾਂ ਨੂੰ ਖ਼ੁਦਾਇਆ ਕੋਈ ਗਾਉਣ ਬਖਸ਼ੀਂ । ਜਿਹੜੀ ਜੂਹ ਦੀ ਮਿੱਟੀ ਉਦਾਸੀ ਪਿਆਸੀ ; ਉਹਦੀ ਔੜ ਨੂੰ ਵੀ ਕੋਈ ਸਾਉਣ ਬਖ਼ਸ਼ੀਂ ।

ਪੁਆੜੇ ਵੋਟਾਂ ਦੇ

ਜਿੱਦਣ ਦਾ ਚੋਣਾਂ ਦਾ ਐਲਾਨ ਹੋ ਗਿਆ ਸਾਰਾ ਪਿੰਡ ਯੁੱਧ ਦਾ ਮੈਦਾਨ ਹੋ ਗਿਆ । ਸੱਥ ਵਿੱਚ ਹੋਇਆ ਪਿੰਡ ਦਾ ਇਕੱਠ ਸੀ , ਖੜ੍ਹ ਗਏ ਉਮੀਦਵਾਰ ਸੱਤ ਅੱਠ ਸੀ । ਜਿਹਨੂੰ ਘਰੇ ਪਾਣੀ ਨਾ ਨਿਆਣੇ ਪੁੱਛਦੇ , ਉਹ ਵੀ ਰੱਖੀ ਫਿਰਦੇ ਸੀ ਹੱਥ ਮੁੱਛ ਤੇ । ਤੂੰ ਤੂੰ , ਮੈਂ ਮੈਂ ,ਫੇਰ ਵਿੰਗ ਤੇ ਤੜਿੰਗ ਜੀ , ਮੱਲੋ ਮੱਲੀ ਕਈਆਂ ਨੇ ਫਸਾ ਲਏ ਸਿੰਗ ਜੀ । ਕਈ ਪਏ ਬਿਠਾਉਣੇ ਕਈ ਖ਼ੁਦ ਬਹਿ ਗਏ । ਅੰਤ ਨੂੰ ਮੈਦਾਨ ਵਿੱਚ ਦੋ ਹੀ ਰਹਿ ਗਏ । ਖਾਣ ਪੀਣ ਵਾਲਿਆਂ ਕਮਰ ਕੱਸ ਲਈ , ਵਧ ਗਈ ਸ਼ਰਾਬੀਆਂ ਦੀ ਪੁੱਛ ਦੱਸ ਬਈ । ਪਿੰਡ ਦੋਹਾਂ ਧੜਿਆਂ ਚ ਵੰਡਿਆ ਗਿਆ , ਇੱਕ ਦੂਸਰੇ ਨੂੰ ਪੂਰਾ ਭੰਡਿਆ ਗਿਆ । ਮਾੜੇ ਤੇ ਗਰੀਬ ਵੋਟ ਹਥਿਆਉਣ ਨੂੰ , ਹਰ ਕੋਈ ਤਿਆਰ ਬੈਠਾ ਪੱਟੂ ਪਾਉਣ ਨੂੰ । ਮੋਕਲਾ ਦਿਲਾਂ ਦਾ ਬੜਾ ਘੇਰਾ ਹੋ ਗਿਆ , ਕੰਮੀਆਂ ਦੇ ਵਿਹੜੇ ਕੌਡੀ ਫੇਰਾ ਹੋ ਗਿਆ । ਜੀਹਨਾਂ ਨਾਲ ਕੀਤੀ ਕਦੇ ਭੁੱਲ ਚੁੱਕ ਜੀ , ਉਹਨਾਂ ਦੀ ਪੁਆਂਦੀ ਬਹਿਣ ਢੁੱਕ ਢੁੱਕ ਜੀ । ਅੱਗੇ ਹੋ ਹੋ ਲੋਕਾਂ ਨੂੰ ਬੁਲਾਉਣ ਲੱਗ ਪਏ , ਬੀਬੀਆਂ ਦੇ ਗੋਡੀਂ ਹੱਥ ਲਾਉਣ ਲੱਗ ਪਏ । ਭਾਬੀ ਭਾਬੀ ਆਖ ਕੇ ਜਦੋਂ ਨੇ ਬੋਲਦੇ , ਮਰ ਜਾਣੇ ਕੰਨਾਂ ਵਿੱਚ ਸ਼ਹਿਦ ਘੋਲਦੇ । ਅੱਧੇ ਨਾਵਾਂ ਨਾਲ ਜਾਂਦੇ ਸੀ ਬੁਲਾਏ ਜੋ , ਵੋਟਾਂ ਵੇਲੇ ਹੋਏ ਭਾਊ ,ਚਾਚੇ ,ਤਾਏ ਉਹ । ਬੜੇ ਬੜੇ ਖੇਖਨ ਕਰਾਏ ਵੋਟਾਂ ਨੇ , ਉੱਚੇ ਉੱਚੇ ਨਕਬੇ ਝੁਕਾਏ ਵੋਟਾਂ ਨੇ । ਲੋੜ ਦਾ ਨਾ ਹੁੰਦਾ ਕੋਈ ਮੁੱਲ ਮਿੱਤਰੋ । ਤੂੜੀ ਪੱਠਿਆਂ ਦੀ ਹੋ ਗਈ ਖੁੱਲ੍ਹ ਮਿੱਤਰੋ । ਬੀਬੀਆਂ ਵੀ ਪਿੰਡ ਵਿੱਚ ਗੇੜਾ ਲਾਉਂਦੀਆਂ , ਧੜੇ ਦੀਆਂ ਵੋਟਾਂ ਪੱਕੀਆਂ ਕਰਾਉਂਦੀਆਂ । ਬਾਹਲੇ ਸਮਝੌਤੇ ਗੁੱਪ ਚੁੱਪ ਹੋ ਗਏ , ਪਿੰਡ ਵਿੱਚ ਪੱਕੇ ਦੋ ਗਰੁੱਪ ਹੋ ਗਏ । ਹੁੰਦੀਆਂ ਸਲਾਹਾਂ ਸਿਰ ਜੋੜ ਜੋੜ ਕੇ , ਕੌਣ ਵੋਟਾਂ ਕਿਹੜੀਆਂ ਲਿਆਊ ਤੋੜ ਕੇ । ਭਰ ਲਏ ਡਰੰਮ ਦੇਸੀ ਦਾਰੂ ਕੱਢ ਕੇ , ਸੱਦ ਕੇ ਪਿਲਾਉਣ ਜਾਣ ਘਰੀਂ ਛੱਡ ਕੇ । ਰੂੜੀ ਮਾਰਕਾ ਨਾ' ਵੈਲੀ ਰੋਜ਼ ਲੇੜ੍ਹਦੇ , ਪੀ ਕੇ ਫ਼ਰੀ ਦੀ ਤੀਵੀਆਂ ਤੇ ਖੇੜਦੇ । ਵੋਟਾਂ ਦੇ ਵਿਚਾਲੇ ਰਹਿੰਦੀ ਇੱਕੋ ਰਾਤ ਸੀ । ਏਸੇ ਰਾਤ ਹੋਣੀ ਸਾਰੀ ਕਰਾਮਾਤ ਸੀ । ਲੱਭ ਕੇ ਵਿਚੋਲੇ ਕੀਤੇ ਜੋੜ ਤੋੜ ਸੀ , ਪੈਸੇ ਲੈ ਕੇ ਕੱਟਿਆ ਕਈਆਂ ਨੇ ਮੋੜ ਸੀ । ਦਿਨੇ ਸੀ ਅਜੀਬ ਜਹੀ ਘੁਟਣ ਪਿੰਡ ਚ , ਨਵੀਆਂ ਹਵਾਈਆਂ ਕਈ ਉੱਡਣ ਪਿੰਡ ਚ । ਵਰ੍ਹੇ ਹੋਏ ਜੀ ਹਨੂੰ ਗਿਆਂ ਪਿੰਡ ਛੱਡ ਕੇ , ਉਹਦੀ ਵੋਟ ਪਾ ਗਈ ਕੋਈ ਘੁੰਡ ਕੱਢ ਕੇ । ਰੌਲੇ ਗੌਲੇ ਵਿੱਚ ਕਈ ਵੱਤਰ ਵਾਹ ਗਏ , ਸਿਵਿਆਂ ਚੋਂ ਆ ਕੇ ਭੂਤ ਵੋਟਾਂ ਪਾ ਗਏ । ਸ਼ਾਮੀਂ ਹੋਈ ਗਿਣਤੀ ਨਤੀਜਾ ਆ ਗਿਆ , ਇੱਕ ਪੰਜਾਂ ਵੋਟਾਂ ਤੇ ਦੂਏ ਨੂੰ ਢਾਹ ਗਿਆ । ਹਾਰੇ ਹੋਏ ਕਹਿਣ ਹੇਰਾਫੇਰੀ ਹੋਈ ਐ , ਟੀਮ ਵਿੱਚ ਬੰਦਾ ਬੇਈਮਾਨ ਕੋਈ ਐ । ਤਿੰਨ ਵਾਰੀ ਗਿਣਤੀ ਕਰਾਈ ਵੋਟਾਂ ਦੀ , ਚਾਲ ਪਰ ਹੱਥ ਨਾ ਕੋਈ ਆਈ ਵੋਟਾਂ ਦੀ । ਹਾਰੀ ਹੋਈ ਪਾਰਟੀ ਨੇ ਰੌਲਾ ਪਾ ਲਿਆ , ਸਾਹਮਣੇ ਥਾਣੇ ਦੇ ਧਰਨਾ ਸੀ ਲਾ ਲਿਆ । ਦੋ ਦਿਨ ਕੀਤੀ ਹਾਲ ਤੇ ਦੁਹਾਈ ਐ , ਤੀਜੇ ਦਿਨ ਹਾਈ ਕੋਰਟ ਰਿੱਟ ਪਾਈ ਐ । ਜਦੋਂ ਤੱਕ ਦੇਣੇ ਫੈਸਲੇ ਅਦਾਲਤਾਂ , ਓਦੋਂ ਤੱਕ ਟੁੱਟ ਜਾਣੀਆਂ ਵਜ਼ਾਰਤਾਂ । ਦੋਹਾਂ ਧਿਰਾਂ ਆਪਣੀ ਪੁਗਾ ਕੇ ਹਿੰਡ ਨੂੰ , ਕਰ ਕੇ ਦੁਫਾੜ ਰੱਖ ਦਿੱਤਾ ਪਿੰਡ ਨੂੰ । ਅੱਧਾ ਪਿੰਡ ਢੋਲ ਦੇ ਡਗੇ ਤੇ ਨੱਚਿਆ , ਅੱਧਿਆਂ ਦਾ ਪਿਆ ਸੀ ਕਲੇਜਾ ਮੱਚਿਆ । ਵੋਟਾਂ ਨੇ ਪਵਾਏ ਆਪੋ ਵਿੱਚ ਵੈਰ ਨੇ , ਆਪਣੇ ਸੀ ਖਾਸ ਜੋ ਬਣਾਏ ਗੈਰ ਨੇ । ਸ਼ਾਲਾ ਕੋਈ ਭਸੂੜੀ ਹੁਣ ਹੋਰ ਨਾ ਪਵੇ , ਪਿੰਡ ਮੇਰਾ ਸੁੱਖੀਂ ਸਾਂਦੀ ਵੱਸਦਾ ਰਵ੍ਹੇ ।

ਛੰਦ ਬਹੱਤਰ ਕਲੀ

ਦਿਨ ਤਪੇ ਤੰਦੂਰ ਜਿਉਂ , ਲੱਗੀ ਬੜੀ ਔੜ , ਸੁੱਕੀ ਪਈ ਰੌੜ , ਕਿ ਸਿਖ਼ਰ ਦੁਪਹਿਰ, ਵਰਤਦਾ ਕਹਿਰ  ਧਰਤ ਦੇ ਉੱਤੇ , ਅੰਬਰ ਪਿਆ ਸੜਦਾ। ਬੰਨ੍ਹ ਪਿਆ ਹਵਾਵਾਂ ਨੂੰ ; ਪਏ ਰੋਣ ਜਵਾਕ , ਮੁੱਕੇ ਨਾ ਰਾਤ , ਉਡੀਕਣ ਮਾਵਾਂ ਕਦੋਂ ਦਿਨ ਚੜ੍ਹਦਾ। ਬਿਜਲੀ ਦੇ ਕੱਟ ਲੱਗੇ , ਕਹੇ ਸਰਕਾਰ , ਸਾਡੇ ਵੱਸੋਂ ਬਾਹਰ, ਹੋ ਗਈ ਕਹਾਣੀ , ਝੀਲ ਦਾ ਪਾਣੀ, ਦਿਨੋ ਦਿਨ ਹੋਰ ਹਿਠਾਂਅ ਨੂੰ ਜਾਵੇ। ਕੱਲ੍ਹ ਦੱਸਿਆ ਮਾਹਿਰਾਂ ਨੇ ; ਸਮੁੰਦਰੀ ਪੌਣਾਂ , ਅਜੇ ਨਾ ਆਉਣਾ, ਕਈ ਦਿਨ ਹੋਰ , ਜਾਨ ਘਬਰਾਵੇ । ਕਿਰਸਾਨ ਪੁਕਾਰ ਕਰੇ , ਵਾਹਣ ਨਾ ਵਗੇ , ਝੋਨਾ ਕਿੰਜ ਲੱਗੇ, ਪਾ ਰੱਬਾ ਕਣੀਆਂ , ਜਾਨ ਨੂੰ ਬਣੀਆਂ , ਪਾਣੀ ਕਿੰਜ ਖੜ੍ਹੂ , ਧਰਤ ਪਈ ਮੱਚਦੀ। ਪਾਣੀ ਘਟੇ ਮੋਟਰਾਂ ਦੇ ; ਬਿਜਲੀ ਦੇ ਕੱਟ , ਕੱਢਣ ਪਏ ਵੱਟ , ਨਹੀਂ ਇਸ ਹਾਲ ਕਿਸਾਨੀ ਬਚਦੀ। ਢੋਲ ਖਾਲੀ ਦੋਧੀਆਂ ਦੇ ; ਪਿੰਡਾਂ ਤੋਂ ਮੁੜਨ , ਪੱਠੇ ਨਾ ਜੁੜਨ, ਤੂੜੀਆਂ ਖਾ ਕੇ , ਤੇ ਬੁੱਟ ਛਿਲਾ ਕੇ, ਲਵੇਰੀਆਂ ਅੱਕੀਆਂ , ਕਿੱਥੋਂ ਦੁੱਧ ਆਵੇ। ਕੱਲ੍ਹ ਦੱਸਿਆ ਮਾਹਿਰਾਂ ਨੇ ; ਸਮੁੰਦਰੀ ਪੌਣਾਂ , ਅਜੇ ਨਾ ਆਉਣਾ , ਕਈ ਦਿਨ ਹੋਰ , ਜਾਨ ਘਬਰਾਵੇ । ਕੋਈ ਨਵੀਆਂ ਟਾਹਣੀਆਂ ਨਾ, ਰੁੱਖਾਂ ਤੇ ਫੁੱਟੀਆਂ , ਉਮੀਦਾਂ ਟੁੱਟੀਆਂ, ਪਾਣੀ ਦੀ ਕਮੀ , ਸੁਕਾ ਗਈ ਨਮੀ , ਸਮੇਟੀਆਂ ਛਾਵਾਂ ਬਾਬਿਆਂ ਬੋਹੜਾਂ । ਨਾ ਚਿੜੀਆਂ ਚਹਿਕਦੀਆਂ , ਤੋਤੀਆਂ ਤੋਤੇ , ਬਣਾ ਕੇ ਜੋਟੇ , ਅਜੇ ਨਾ ਦਿਸਣ ਭਾਲਦੇ ਖੋੜਾਂ। ਸੱਚ ਬੋਲ ਸਿਆਣਿਆਂ ਦੇ ; ਕਿ ਰਮਜ਼ ਪਛਾਣੋ ,ਔੜ ਪਈ ਜਾਣੋ , ਛਿੜਕ ਨਾ ਛੰਭ , ਖੋਲ੍ਹ ਕੇ ਖੰਭ, ਚਿੜੀ ਜਦ ਸੁੱਕੀ ਰੇਤ ਵਿੱਚ ਨ੍ਹਾਵੇ। ਕੱਲ੍ਹ ਦੱਸਿਆ ਮਾਹਿਰਾਂ ਨੇ ; ਸਮੁੰਦਰੀ ਪੌਣਾਂ ,ਅਜੇ ਨਾ ਆਉਣਾ , ਕਈ ਦਿਨ ਹੋਰ , ਜਾਨ ਘਬਰਾਵੇ ।

ਕੱਚ ਦਿਆ ਕੰਗਣਾ !

ਜ਼ਿੰਦਗੀ ਨੇ ਪਲ ਪਲ ਸੂਲੀਆਂ 'ਤੇ ਟੰਗਣਾ ; ਟੁੱਟ ਨਾ ਜਾਈਂ ਵੇ ਦਿਲਾ ਕੱਚ ਦਿਆ ਕੰਗਣਾ ! ਖੁੱਲ੍ਹਾ ਅਸਮਾਨ ਹੈ ਅਡੋਲ ਛੱਤ ਸਿਰਾਂ ਉੱਤੇ , ਝੁੱਗੀ ਸਾਡਾ ਘਰ ,ਸ਼ਾਮਲਾਟ ਸਾਡਾ ਅੰਗਣਾ ; ਟੁੱਟ ਨਾ ਜਾਈਂ ਵੇ ਦਿਲਾ ਕੱਚ ਦਿਆ ਕੰਗਣਾ ! ਬੜੀ ਹੀ ਨਮੋਸ਼ੀ ਮੰਨੇ ਲੋਅ ਸਾਡੇ ਦੀਵਿਆਂ ਦੀ , ਜਿੱਤ ਜਾਂਦਾ ਉਹਦੇ ਤੋਂ ਹਨੇਰਾ ਜਦੋਂ ਸੰਘਣਾ ; ਟੁੱਟ ਨਾ ਜਾਈਂ ਵੇ ਦਿਲਾ ਕੱਚ ਦਿਆ ਕੰਗਣਾ ! ਜਿਹੜੀ ਰੁੱਤੇ ਧੀਆਂ ਨੂੰ ਕਸੀਦੜੇ ਸਿਖਾਏ ਮਾਵਾਂ , ਮੈਨੂੰ ਮੇਰੀ ਅੰਮਾ ਨੇ ਸਿਖਾਇਆ ਟੁੱਕ ਮੰਗਣਾ ; ਟੁੱਟ ਨਾ ਜਾਈਂ ਵੇ ਦਿਲਾ ਕੱਚ ਦਿਆ ਕੰਗਣਾ ! ਸਾਡੀ ਤਾਂ ਹਯਾ ਨੂੰ ਡੰਗ ਗਈ ਏ ਗਰੀਬੀ ਸਾਡੀ , ਸਾਡੀਆਂ ਜਵਾਨੀਆਂ ਨੂੰ ਆਉਂਦਾ ਨਹੀਂਓਂ ਸੰਗਣਾ ; ਟੁੱਟ ਨਾ ਜਾਈਂ ਵੇ ਦਿਲਾ ਕੱਚ ਦਿਆ ਕੰਗਣਾ ! ਸਾਨੂੰ ਕੀਹਨੇ ਬੰਨ੍ਹਣੇ ਕਲੀਰੇ ਗੁੰਦ ਕੌਡੀਆਂ ਦੇ , ਕੀਹਨੇ ਸਾਡੇ ਦਾਜ਼ ਦਾ ਸੁੱਭਰ ਸੂਹਾ ਰੰਗਣਾ ; ਟੁੱਟ ਨਾ ਜਾਈਂ ਵੇ ਦਿਲਾ ਕੱਚ ਦਿਆ ਕੰਗਣਾ ! ਅੰਮਾ ਵਾਂਗੂੰ ਸਾਡਾ ਵੀ ਨਸੀਬ ਬਣ ਜਾਣਾ ਕਦੇ , ਨਿੱਕੀ ਨਿੱਕੀ ਤਾਪੜੀ ਤੇ ਨਿੱਕਾ ਨਿੱਕਾ ਖੰਘਣਾ ; ਟੁੱਟ ਨਾ ਜਾਈਂ ਵੇ ਦਿਲਾ ਕੱਚ ਦਿਆ ਕੰਗਣਾ ! ਦੌਲਤਾਂ ਨਾ ਸ਼ੁਹਰਤਾਂ ਹੈ ਏਨੀ ਕੁ ਹੀ ਰੀਝ ਸਾਡੀ ਨਿੱਕਾ ਜਿਹਾ ਘਰ ਹੋਵੇ ਸੁਹਣਾ ਜਿਹਾ ਅੰਗਣਾ ; ਟੁੱਟ ਨਾ ਜਾਈਂ ਵੇ ਦਿਲਾ ਕੱਚ ਦਿਆ ਕੰਗਣਾ !

ਗਰੀਬ ਲੋਕ

ਨਿੰਵ ਕੇ ਜਿਵੇਂ ਪਨਾਂਹ ਜਿਹੀ ਮੰਗਦੇ , ਕੋਠੀਆਂ ਕੋਲੋਂ ਡਰਦੇ ਸੰਗਦੇ , ਪਿੰਡੋਂ ਦੂਰ ਪਰ੍ਹਾਂ ਕੁਝ ਹਟਵੇਂ ; ਵਿਹੜੇ ਦਿਸਣ ਗਰੀਬਾਂ ਦੇ । ਇਹ ਵੀ ਹੋਈ ਦੁਜਾਇਗੀ ਰੱਬ ਦੀ , ਮੰਜੀ ਡਾਹੁਣ ਨੂੰ ਥਾਂ ਨਹੀਂ ਲੱਭਦੀ , ਝੜੀਆਂ ਦੇ ਵਿੱਚ ਤੁਪਕਾ ਤੁਪਕਾ ; ਕੋਠੇ ਰਿਸਣ ਗਰੀਬਾਂ ਦੇ । ਮਿਹਨਤ ਦਾ ਕੋਈ ਮੁੱਲ ਨਾ ਪੈਂਦਾ , ਸਾਰੀ ਉਮਰਾਂ ਕਰਜ਼ ਨਾ ਲਹਿੰਦਾ , ਨੱਤੀਆਂ ਬੁੱਤੀਆਂ ਕਰਦੇ ਕਰਦੇ ; ਪੋਟੇ ਘਿਸਣ ਗਰੀਬਾਂ ਦੇ । ਰੀਝਾਂ ਨੂੰ ਜਦ ਫਿਰਦੀ ਆਰੀ , ਉਮਰੋਂ ਲੰਘ ਜਾਏ ਧੀ ਕੁਆਰੀ , ਗੁਰਬਤ ਦੀ ਚੱਕੀ ਵਿੱਚ ਹਰ ਪਲ ; ਜ਼ੇਰੇ ਪਿਸਣ ਗਰੀਬਾਂ ਦੇ । ਲੇਖੇ ਸ਼ਾਇਦ ਲਕੀਰਾਂ ਦੇ ਨੇ , ਰੱਬ ਵੀ ਸਕੇ ਅਮੀਰਾਂ ਦੇ ਨੇ , ਸਾਰੀਆਂ ਲੋੜਾਂ, ਸਾਰੀਆਂ ਥੋੜਾਂ ; ਨਾਂਵੇਂ ਲਿਖਣ ਗਰੀਬਾਂ ਦੇ ।

ਦੁੱਖ ਪਹਾੜੋਂ ਭਾਰੇ

ਦੁੱਖ ਪਹਾੜੋਂ ਭਾਰੇ ਸਾਡੇ ਔਖੇ ਹੋਣ ਗੁਜ਼ਾਰੇ ਸਾਡੇ , ਸ਼ੌਂਕ ਥੁੜਾਂ ਦੇ ਮਾਰੇ ਸਾਡੇ ; ਚਿਹਰੇ ਲਿੱਸੇ ਲਿੱਸੇ ਨੇ । ਅਸੀਂ ਸਮੇਂ ਤੋਂ ਰਹਿ ਗਏ ਫਾਡੀ , ਅਜੇ ਮਿਲੀ ਨਾ ਮੰਜ਼ਿਲ ਸਾਡੀ , ਸਾਡੇ ਹੱਥੋਂ ਹੱਕ ਅਸਾਡੇ ; ਪਾਣੀ ਵਾਂਗਰ ਰਿੱਸੇ ਨੇ । ਸਾਡੇ ਹੱਕ ਨੇ ਸਹਿੰਦੇ ਡਾਕੇ , ਸਾਡੀਆਂ ਲੋੜਾਂ ਮਰਦੀਆਂ ਫ਼ਾਕੇ , ਕੁਝ ਬਦਰੰਗ ਤੇ ਫਿੱਕੇ ਹਾਸੇ ; ਆਉਂਦੇ ਸਾਡੇ ਹਿੱਸੇ ਨੇ । ਪਾਟੇ ਕੱਪੜੇ ਲਮਕਣ ਲੀਰਾਂ , ਸਾਡੇ ਘਰੀਂ ਨਾ ਜੰਮਣ ਹੀਰਾਂ , ਸਾਡੀ ਮਜ਼ਬੂਰੀ ਦੇ ਤਾਂ ਵੀ ; ਲੋਕ ਬਣਾਉਂਦੇ ਕਿੱਸੇ ਨੇ । ਡੰਗੀਆਂ ਹੋਈਆਂ ਸਾਡੀਆਂ ਛਾਵਾਂ , ਜ਼ਹਿਰਾਂ ਭਰੀਆਂ ਵਗਣ ਹਵਾਵਾਂ , ਸਾਡੇ ਵੰਡੇ ਆਉਂਦੇ ਸਾਰੇ ; ਧਰਤੀ ਅੰਬਰ ਵਿੱਸੇ ਨੇ । ਖ਼ਬਰੇ ਕੌਣ ਸਦੀ ਦੇ ਦੋਸ਼ੀ , ਸਾਡੇ ਵਿਹੜੇ ਸਹਿਣ ਨਮੋਸ਼ੀ , ਸਾਡੇ ਬਾਲ ਹਮੇਸ਼ਾਂ ਖਾਂਦੇ ; ਟੁੱਕਰ ਰੁੱਖੇ ਮਿੱਸੇ ਨੇ ।

ਅੱਖੀਆਂ

ਅੱਖੀਆਂ ਦੇ ਨਾਲ ਜਦੋਂ ਚਾਰ ਹੋਣ ਅੱਖੀਆਂ । ਜੱਗ ਨੂੰ ਭੁਲਾ ਕੇ ਪਿਆਰ ਪਿਆਰ ਹੋਣ ਅੱਖੀਆਂ । ਲੈਣ ਬੁਰਿਆਈ ਮੁੱਲ ਆਪਣੇ ਲਈ ਜਦੋਂ ਐਵੇਂ , ਦਿਲ ਪਿੱਛੇ ਲੱਗ ਕੇ ਉਲਾਰ ਹੋਣ ਅੱਖੀਆਂ । ਇਸ਼ਕੇ ਦੇ ਰੰਗ ਵਿੱਚ ਰੰਗੀਆਂ ਹੀ ਜਾਂਦੀਆਂ ਨੇ , ਕਿੰਨੀਆਂ ਵੀ ਭਾਵੇਂ ਹੁਸ਼ਿਆਰ ਹੋਣ ਅੱਖੀਆਂ । ਰਹਿਣ ਕੁਮਲਾਈਆਂ ਜਦੋਂ ਦੂਰ ਹੋਣ ਅੱਖੀਆਂ ਤੋਂ , ਸੱਜਣਾਂ ਨੂੰ ਤੱਕ ਸਰਸ਼ਾਰ ਹੋਣ ਅੱਖੀਆਂ । ਆਪਣੇ ਪਿਆਰੇ ਦੀਆਂ ਅੱਖਾਂ ਜਿਹੀ ਕੋਈ ਨਹੀਂ , ਹੋਰ ਭਾਵੇਂ ਲੱਖ ਤੇ ਹਜ਼ਾਰ ਹੋਣ ਅੱਖੀਆਂ । ਜੀਹਨਾਂ ਵਿੱਚ ਯਾਰ ਦਿਲਦਾਰ ਦਾ ਬਸੇਰਾ ਰਹੇ , ਸੁਹਣੀਆਂ ਦੇ ਵਿੱਚ ਉਹ ਸ਼ੁਮਾਰ ਹੋਣ ਅੱਖੀਆਂ । ਲੱਗੇ ਜੇ ਉਡੀਕ ਨੂੰ ਗ੍ਰਹਿਣ ਨਾ-ਉਮੀਦੀਆਂ ਦਾ , ਜਾਪਦੀਆਂ ਚਿਰਾਂ ਤੋਂ ਬੀਮਾਰ ਹੋਣ ਅੱਖੀਆਂ । ਖਾਂਦੀ ਏ ਦਿਲਾਂ ਦੇ ਰੁੱਖ ਵੇਦਨਾ ਆਕਾਸ਼ ਵੇਲ , ਬੜਾ ਦੁੱਖ ਪਾਉਣ , ਅਵਾਜ਼ਾਰ ਹੋਣ ਅੱਖੀਆਂ । ਟੁੱਟੀਆਂ ਮੁਹੱਬਤਾਂ ਤੋਂ ਰੁੜ੍ਹ ਜਾਣ ਹੰਝੂਆਂ ਚ , ਜੱਗ ਵਿੱਚ ਖੱਜਲ ਖੁਆਰ ਹੋਣ ਅੱਖੀਆਂ । ਇੱਕੋ ਵਾਰੀ ਵੇਖਿਆਂ ਹਜ਼ਾਰ ਸੱਲ ਪਾਉਂਦੀਆਂ ਨੇ , ਮੋੜ ਲੈ ਵੇ ਸਾਥੋਂ ਨਾ ਸਹਾਰ ਹੋਣ ਅੱਖੀਆਂ ।

ਅਮਲੀ ਰਾਂਝੇ ਦੀ ਹੀਰ

ਹੀਰ ਆਖਦੀ ਝੂਠਿਆ ਜੱਗ ਦਿਆ , ਤੇਰੇ ਬੰਦਿਆਂ ਵਾਲੇ ਨਾ ਢੰਗ ਰਾਂਝਾ । ਸਬਜ਼  ਬਾਗ਼ ਵਿਖਾ ਕੇ ਲੁੱਟਿਓ ਈ , ਉਂਜ ਤੂੰ ਪਾਰਲੇ ਸਿਰੇ ਦਾ ਨੰਗ ਰਾਂਝਾ । ਮੈਂ ਤਾਂ ਲਾਇਕ ਸੀ ਹੀਰਿਆਂ ਮੋਤੀਆਂ ਦੇ , ਤੈਥੋਂ ਜੁੜੀ ਨਾ ਕੱਚ ਦੀ ਵੰਗ ਰਾਂਝਾ । ਤਾਸ਼ ਖੇਡਦਾ ਸੁਭਾਹ ਤੋਂ ਸ਼ਾਮ ਤੀਕਰ , ਗਿਓਂ ਸ਼ਰਮ ਦੀ ਲੀਕ ਉਲੰਘ ਰਾਂਝਾ । ਘਰੋਂ ਕਰਨ ਦਿਹਾੜੀ ਮੈਂ ਘੱਲਦੀ ਹਾਂ , ਕੰਢੇ ਸੜਕ ਦੇ ਮਲੇਂ ਤੂੰ ਭੰਗ ਰਾਂਝਾ । ਧੋ ਕੇ ਕੱਪੜੇ ਕਿਸੇ ਦੇ ਲਾ ਪੋਚੇ , ਮੁਸ਼ਕਲ ਨਾਲ ਟਪਾਈਦੈ  ਡੰਗ ਰਾਂਝਾ । ਖੱਟੀ ਮੇਰੀ ਤੂੰ ਬੈਠ ਕੇ ਖਾਵਣਾ ਏਂ , ਤੈਨੂੰ ਮਾਸਾ ਨਾ ਆਂਵਦੀ ਸੰਗ ਰਾਂਝਾ । ਜਦੋਂ ਝੱਸ ਉੱਠੇ  ਪੈਸੇ ਬੀੜੀਆਂ ਲਈ , ਹੱਥ ਅੱਡ ਕੇ ਲੈਨਾ ਏਂ ਮੰਗ ਰਾਂਝਾ । ਦੇ ਦਿਆਂ ਤਾਂ ਰਹਿੰਦੀ ਏ ਖੈਰ ਸੱਲਾ , ਨਾ ਦਿਆਂ ਤਾਂ ਲਾ ਲਵੇਂ ਜੰਗ ਰਾਂਝਾ ।  ਰੁੜ੍ਹ ਜਾਣਿਆਂ ਕੱਲੀ ਨੇ ਕਣਕ ਵੱਢੀ , ਕਾਲਾ ਹੋ ਗਿਆ ਤਵੇ ਤੋਂ ਰੰਗ ਰਾਂਝਾ । ਪਾਸੇ ਦਫ਼ਾ ਹੋ , ਖੜਾ ਕੀ ਘੂਰਦਾ ਏਂ ਦਰਾਂ ਵਿੱਚ ਅੜਾਇਕੇ ਟੰਗ ਰਾਂਝਾ । ਮੇਰੀ ਨਹੀਂ ਤੂੰ  ਦੁੱਕੀ ਦੀ ਕਦਰ ਪਾਈ , ਤੇਰੇ ਪਿੱਛੇ ਮੈਂ ਛੱਡਿਆ ਝੰਗ  ਰਾਂਝਾ । ਰਾਂਝਾ ਆਖਦਾ ਭੈਣੇ ਭਰਿੰਡ ਦੀਏ , ਕੌੜਾ ਬੋਲ ਨਾ ਮੇਰੀਏ ਸ਼ੈਲ ਹੀਰੇ । ਝਾਟਾ ਖੋਹਣ ਨੂੰ ਆਵੇਂ ਅਵੈੜੀਏ ਨੀ , ਮੰਦਾ ਬੋਲਦੀ ਸਦਾ ਗੁਸੈਲ ਹੀਰੇ । ਇੱਕ ਭੁੱਕੀ ਦਾ ਲਾਇਆ  ਪ੍ਰੇਮ ਆਪਾਂ , ਇਹਦੇ ਬਿਨਾਂ ਨਾ ਦੂਸਰਾ ਵੈਲ ਹੀਰੇ । ਭੁੱਕੀ ਨਾਲ ਹੀ ਮਸਤੀਆਂ ਚੜ੍ਹਦੀਆਂ ਨੇ , ਰੂਹ ਖੁਸ਼ ਹੋ ਕੇ ਪਾਵੇ ਪੈਲ ਹੀਰੇ । ਚੱਤੋ ਪਹਿਰ ਨਹੀਂ ਬੰਦੇ ਤੋਂ ਵਗ ਹੁੰਦਾ , ਬੱਗਾ ਬਣ ਕੇ ਕੋਹਲੂ ਦਾ ਬੈਲ ਹੀਰੇ । ਬੰਦਾ ਲੱਖੀਂ ਹਜ਼ਾਰੀਂ ਨਾ ਥਿਆਂਵਦਾ ਈ , ਪੈਸਾ ਹੁੰਦਾ ਏ ਹੱਥਾਂ ਦੀ ਮੈਲ ਹੀਰੇ । ਦੇ ਦੇ ਕੁੰਜੀ , ਨਹੀਂ ਜਿੰਦਰਾ ਭੰਨ ਲੈਸਾਂ, ਗੱਲੀ ਬਾਤੀਂ ਨਹੀਂ ਛੁੱਟਣੀ ਗੈਲ ਹੀਰੇ । ਹੱਥ ਰੱਖ ਕੇ ਢਾਕ ਤੇ ਹੀਰ ਗਰਜੀ, ਸਤੀ ਪਈ ਮੈਂ ਤੈਥੋਂ ਨਿਕੰਮਿਆਂ ਵੇ । ਵਿਹਲੜ ਚਾਰ ਜ਼ਮਾਨੇ ਦਾ ਪਿਆ ਪੱਲੇ , ਖੌਅ ਆਟੇ ਦਾ ਮਾਂ ਨੇ ਜੰਮਿਆਂ ਵੇ । ਆਨੇ ਕੱਢ ਕੇ ਇਓਂ ਡਰਾਵਨਾ ਏਂ , ਜਿਵੇਂ ਤੁਹੀਂਓਂ ਅਸਮਾਨ ਨੂੰ ਥੰਮਿਆਂ ਵੇ । ਬੁਰੀ ਕਰੂੰਗੀ ਪੈਸੇ ਜੇ ਹੋਰ ਮੰਗੇ , ਅਜੇ ਸੁਭਾਹ ਤੇਰਾ ਮੱਥਾ ਡੰਮ੍ਹਿਆਂ ਵੇ । ਜਿੰਦਾ ਭੰਨਣ ਦੀ ਜਿਹੜੀ ਤੂੰ ਗੱਲ ਕੀਤੀ , ਭਲੀ ਚਹੁੰਨੈ ਤਾਂ ਕਰੀ ਨਾ ਫੇਰ ਮੀਆਂ । ਕੱਖ ਭੰਨ ਕੇ ਦੋਹਰਾ ਨਹੀਂ ਕਰਨ ਜੋਗਾ , ਜਿੰਦੇ ਭੰਨਣ ਨੂੰ ਹੋ ਗਿਆ ਸ਼ੇਰ ਮੀਆਂ । ਕਿਤੇ ਹੋਰ ਨਾ ਖੁੰਬ ਠਪਾ ਬਹੀਂ ਤੂੰ , ਬਣਿਆ ਫਿਰਦਾ ਏਂ ਵੱਡਾ ਦਲੇਰ ਮੀਆਂ । ਵਿਹਲਾ ਬਹਿ ਕੇ ਬੀੜੀਆਂ ਫੂਕਦਾ ਏਂ , ਕਦੇ ਆਟਾ ਲਿਆਂਦਾ ਨਹੀਂ ਸੇਰ ਮੀਆਂ । ਨਸ਼ਾ ਕਰ ਲੈਨੈ ,ਗਲੀਆਂ ਕੱਛ ਆਉਨੈਂ , ਬਹਿ ਕੇ ਮੰਨੀਆਂ ਲਵੇਂ ਅਟੇਰ ਮੀਆਂ । ਰੂੜੀ ਮਾਰਕਾ ਪੀਣ ਨੂੰ ਜਾਏਂ ਭੱਜਾ , ਆਉਂਦਾ ਹੋ ਜਾਏਂ ਗਲੀ ਵਿੱਚ ਢੇਰ ਮੀਆਂ । ਕਿਸੇ ਦਿਨ ਨੂੰ ਬਾਹਰਲੀ ਸੜਕ ਉੱਤੋਂ , ਮੋਇਆ ਲੱਭੇਂਗਾ ਨ੍ਹੇਰ ਸਵੇਰ ਮੀਆਂ । ਬੁਰੀ ਕੀਤੀ ਊ ਕਿਸਮਤੇ ਹੀਰ ਆਖੇ , ਰੋਇਆ ਜਾਏ ਨਾ , ਨਾ ਹੀ ਹੱਸ ਹੋਵੇ । ਏਸ ਇਸ਼ਕ ਵਿੱਚ ਕਿੰਨਾ ਖ਼ੁਆਰ ਹੋਈ , ਮੂੰਹੋਂ ਬੋਲ ਨਾ ਕਿਸੇ ਨੂੰ ਦੱਸ ਹੋਵੇ । ਆਵੇ ਲਾਜ , ਪਿਛਾਂਹ ਨਾ ਜਾਏ ਮੁੜਿਆ , ਨਾ ਹੀ ਵਿੱਚ ਸ਼ਰੀਕੇ ਦੇ ਵੱਸ ਹੋਵੇ । ਪੁੱਛੇ ਬਾਝ ਨਾ ਪੁੱਟਦੀਆਂ ਪੈਰ ਕੁੜੀਆਂ , ਲਿਖਿਆ ਜੇ ਤਕਦੀਰ ਵਿੱਚ ਜੱਸ ਹੋਵੇ । ਕਦੇ ਜਾਣ ਪੇਕੇ ਕਦੇ ਆਉਣ ਸਹੁਰੀਂ , ਪਿੱਛੇ ਮਾਂ ਤੇ ਅਗਲੇ ਘਰ ਸੱਸ ਹੋਵੇ । ਫਸ ਗਈ ਤਾਂ ਫਟਕਣਾ ਕਾਸਨੂੰ ਹੁਣ , ਬਚ ਕੇ ਜਾਲ ਚੋਂ ਕਿਤੇ ਨਾ ਨੱਸ ਹੋਵੇ । ਆਈ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ , ਨਾ ਹੀ ਖਾ ਤੇ ਨਾ ਹੀ ਗਲੱਛ ਹੋਵੇ । ਕਾਲਾ ਅੱਖਰ ਜੇ ਹੋਵੇ ਤਕਦੀਰ ਅੰਦਰ , ਉਹਨੂੰ ਧੋਣਾ ਨਾ ਕਿਸੇ ਦੇ ਵੱਸ ਹੋਵੇ ।

ਅਣਜੰਮੀ ਧੀ ਦੀ ਵੇਦਨਾ

ਅਜਨਮੀ ਮਾਰ ਕੇ ਬਾਬਲ ਸੁਰਖ਼ੁਰੂ ਹੋਣ ਨੂੰ ਲੋਚੇ । ਮੇਰੀ ਮਾਂ ਨੂੰ ਕੋਈ ਪੁੱਛੋ ਮੇਰੇ ਬਾਰੇ ਉਹ ਕੀ ਸੋਚੇ । ਮੇਰੇ ਬਾਬਲ ਤੇਰੇ ਵਿਹੜੇ ਜ਼ਰਾ ਜਿਹੀ ਥਾਂ ਤਾਂ ਹੋਵੇਗੀ , ਅਗਰ ਥਾਂ ਵੀ ਨਹੀਂ ਮੇਰੇ ਲਈ ਮੇਰੀ ਮਾਂ ਤਾਂ ਹੋਵੇਗੀ । ਕੁੜੀ ਹਾਂ ਮੈਂ ਤਾਂ ਹੋਰਾਂ ਦੇ ਮਨਾਂ ਵਿੱਚ ਰੋਸ ਕੀ ਹੋਇਆ , ਮੇਰੇ ਜੰਮਣ 'ਚ ਦੱਸੋ ਮਾਂ ਮੇਰੀ ਦਾ ਦੋਸ਼ ਕੀ ਹੋਇਆ । ਉਹਦੀ ਮਿੱਟੀ ਖ਼ੁਦਾ ਬਖਸ਼ੇ ਬੜੀ ਜ਼ਰਖੇਜ਼ ਮਿੱਟੀ ਹੈ , ਤੇਰੀ ਬੀਜੀ ਫ਼ਸਲ ਦੇ ਵਾਸਤੇ ਪੁਰ-ਹੇਜ਼ ਮਿੱਟੀ ਹੈ । ਗੁਨਾਹ ਉਸਦਾ ਕਿਵੇਂ ਹੋਇਆ ਬਣੀ ਜੇਕਰ ਕੁੜੀ ਹਾਂ ਮੈਂ , ਉਹਦੇ ਲਈ ਵੀ ਤੇਰੇ ਵਾਂਗੂੰ ਕੋਈ ਕਿਸਮਤ ਪੁੜੀ ਹਾਂ ਮੈਂ । ਮੈਂ ਤੇਰਾ ਅੰਸ਼ ਹਾਂ ਮੈਨੂੰ ਤੂੰ ਸਿਰ ਤੇ ਬੋਝ ਕਿਓਂ ਸਮਝੇਂ , ਅਸਾਂ ਧੀਆਂ ਨੂੰ ਬਾਬਲ ਜ਼ਿੰਦਗੀ ਦਾ ਕੋਝ ਕਿਓਂ ਸਮਝੇਂ । ਵਿਧਾਤਾ ਨੇ ਮੁਕੱਦਰ ਵੀ ਕਿਤੇ ਘੜਿਆ ਤਾਂ ਹੋਵੇਗਾ , ਮੇਰੀ ਤਕਦੀਰ ਦਾ ਤਾਰਾ ਕਿਤੇ ਜੜਿਆ ਤਾਂ ਹੋਵੇਗਾ । ਮੇਰੇ ਖੇਡਣ ਲਈ ਘਰ ਦਾ ਕੋਈ ਕੋਨਾ ਹੀ ਕਾਫ਼ੀ ਹੈ , ਤੇ ਓੜਨ ਲਈ ਪੁਰਾਣਾ ਭੈਣ ਦਾ ਝੋਨਾ ਹੀ ਕਾਫ਼ੀ ਹੈ । ਬੜੀ ਮਹਿਫੂਜ਼ ਹੈ ਮਾਂ ਦੀ ਇਹ ਕੁੱਖ ਹਾਲੀ ਮੇਰੇ ਬਾਬਲ , ਪਿਆਰੇ ਦਿਲ 'ਚ ਵੀ ਕੁਝ ਥਾਂ ਕਰੀਂ ਖਾਲੀ ਮੇਰੇ ਬਾਬਲ । ਮੇਰਾ ਵੀ ਜੀਅ ਕਰੇ ਮੇਰੀ ਮਾਂ ਦੇਵੇ ਲੋਰੀਆਂ ਮੈਨੂੰ , ਮੇਰੀ ਦਾਦੀ ਲਿਆ ਦੇਵੇ ਫ਼ਰਾਕਾਂ ਕੋਰੀਆਂ ਮੈਨੂੰ । ਚੜ੍ਹਾਂ ਕੁੱਛੜ ਮੈਂ ਭੂਆ ਦੇ ਕਦੀ ਮੈਂ ਨਾਨਕੀਂ ਜਾਵਾਂ , ਮੇਰੇ ਸੁੱਤੀ ਦੇ ਸਿਰ ਤੇ ਮਾਂ ਕਰੇ ਸਾਲੂ ਦੀਆਂ ਛਾਵਾਂ । ਤੂੰ ਮੇਲੇ ਤੋਂ ਕਦੇ ਮੈਨੂੰ ਕੋਈ ਗਾਨੀ ਲਿਆ ਦੇਵੇਂ , ਕਦੇ ਖੇਤਾਂ 'ਚ ਟਾਹਲੀ ਤੇ ਨਿੱਕੀ ਜਿਹੀ ਪੀਂਘ ਪਾ ਦੇਵੇਂ । ਮੈਂ ਜੋ ਕੁਝ ਮੰਗਿਆ ਤੈਥੋਂ ਕੀ ਏਨਾ ਵੀ ਜ਼ਿਆਦਾ ਹੈ ? ਕਰਾਂਗੀ ਨਾਂ ਤੇਰਾ ਰੌਸ਼ਨ ਮੈਂ ਅਣਜਨਮੀ ਦਾ ਵਾਅਦਾ ਹੈ । ਅਜਨਮੀ ਮਾਰ ਕੇ ਬਾਬਲ ਸੁਰਖ਼ੁਰੂ ਹੋਣ ਦੀ ਸੋਚੇ । ਮੇਰੀ ਮਾਂ ਨੂੰ ਕੋਈ ਪੁੱਛੋ ਮੇਰੇ ਬਾਰੇ ਉਹ ਕੀ ਸੋਚੇ ।

ਕਸੂਰ

ਤੁਰੇ ਹੋਏ ਕਾਫ਼ਲੇ ਜੇ ਮੰਜ਼ਿਲਾਂ ਤੇ ਪਹੁੰਚਦੇ ਨਹੀਂ , ਇਹਦੇ ਵਿੱਚ ਰਾਹਵਾਂ ਦਾ ਕਸੂਰ ਵੀ ਕੋਈ ਹੋਵੇਗਾ । ਕੱਲੀ ਮੰਝਧਾਰ ਨੇ ਨਹੀਂ ਬੇੜੀ ਉਲਝਾਈ ਹੋਣੀ , ਸ਼ੁਹਦੀਆਂ ਹਵਾਵਾਂ ਦਾ ਕਸੂਰ ਵੀ ਕੋਈ ਹੋਵੇਗਾ । ਵੇਖ ਨਹੀਂ ਸਖਾਉਂਦੇ ਭਾਈ ਭਾਈ ਇੱਕ ਦੂਸਰੇ ਨੂੰ , ਇਹਦੇ ਵਿੱਚ ਮਾਵਾਂ ਦਾ ਕਸੂਰ ਵੀ ਕੋਈ ਹੋਵੇਗਾ । ਤੀਸਰਾ ਤਿਹਾਕ ਕੋਈ ਵੰਡੀਆਂ ਪਵਾਉਣ ਆਇਐ , ਸੱਕਿਆਂ ਭਰਾਵਾਂ ਦਾ ਕਸੂਰ ਵੀ ਕੋਈ ਹੋਵੇਗਾ । ਲੋੜਿਆ ਜੇ ਆਸਰਾ ਬੇਗਾਨਿਆਂ ਦਾ ਲੋੜ ਵੇਲੇ , ਆਪਣੀਆਂ ਬਾਹਵਾਂ ਦਾ ਕਸੂਰ ਵੀ ਕੋਈ ਹੋਵੇਗਾ । ਤੇਰੇ ਕੀਤੇ ਫੈਸਲੇ ਜੇ ਲੋਕਾਂ ਨੇ ਨਕਾਰ ਛੱਡੇ , ਤੇਰਿਆਂ ਨਿਆਂਵਾਂ ਦਾ ਕਸੂਰ ਵੀ ਕੋਈ ਹੋਵੇਗਾ । ਐਵੇਂ ਨਹੀਂਓਂ ਬਾਜ਼ੀ ਪੁੱਠੀ ਪੈਂਦੀ ,ਉਹਦੇ ਵਿੱਚ ਤੇਰੇ , ਪੁੱਠੇ ਸਿੱਧੇ ਦਾਅਵਾਂ ਦਾ ਕਸੂਰ ਵੀ ਕੋਈ ਹੋਵੇਗਾ । ਸ਼ਹਿਰ ਆਣ ਬੈਠੇ ਨੇ ਜੇ ਪਿੰਡਾਂ ਦਿਆਂ ਮੋਢਿਆਂ ਤੇ , ਸਾਡਿਆਂ ਗਰਾਵਾਂ ਦਾ ਕਸੂਰ ਵੀ ਕੋਈ ਹੋਵੇਗਾ । ਜਾਰੀ ਹੋਏ ਫਤਵੇ ਜੇ ਹਰ ਵਾਰੀ ਸਾਡੇ ਲਈ ਹੀ , ਸਾਡੇ ਭੈੜੇ ਨਾਵਾਂ ਦਾ ਕਸੂਰ ਵੀ ਕੋਈ ਹੋਵੇਗਾ । ਐਵੇਂ ਰਾਜ ਭਾਗ ਨੂੰ ਨਹੀਂ ਨਿੰਦਦੀ ਲੋਕਾਈ ਸਾਰੀ , ਰਾਜੇ ਬਾਦਸ਼ਾਹਵਾਂ ਦਾ ਕਸੂਰ ਵੀ ਕੋਈ ਹੋਵੇਗਾ । ਰਾਂਝਣੇ ਨੇ ਐਵੇਂ ਤਾਂ ਨਹੀਂ ਕੰਨ ਪੜਵਾਏ ਹੀਰੇ , ਤੇਰੀਆਂ ਅਦਾਵਾਂ ਦਾ ਕਸੂਰ ਵੀ ਕੋਈ ਹੋਵੇਗਾ ।

ਮੈਂ ਕਿਓਂ ਜੋਗਣ ਹੋਈ

ਰਾਂਝਾ ਮੀਆਂ ਛੱਪੜ ਕੰਢੇ  ਛੱਤਣ ਲੱਗਾ ਢਾਰਾ , ਹੀਰ ਮਜਾਜਣ ਇੱਟਾਂ ਢੋਵੇ ਨਾਲੇ ਢੋਵੇ ਗਾਰਾ । ਰਾਂਝੇ ਦੇ ਗਲ ਪਾਟਾ ਝੱਗਾ ਮੰਗਿਆ ਕਿਤੋਂ ਉਤਾਰਾ , ਹੀਰ ਦੇ ਸਿਰ ਤੇ ਮੈਲੀ ਚੁੰਨੀ ਲੀਰੋ ਲੀਰ ਗਰਾਰਾ । ਰਾਂਝੇ ਨੇ ਝਲਿਆਨੀ ਛੱਤੀ ਨਾ ਬੂਹਾ ਨਾ ਬਾਰੀ , ਮੁੱਲ ਦਾ ਦੁੱਧ ਰੁੜ੍ਹਾ ਗਈ ਬਿੱਲੀ ਕਲਪੇ ਹੀਰ ਵਿਚਾਰੀ। ਸਰਦੇ ਘਰ ਦੀ ਹੀਰ ਮਜਾਜਣ ਹੋਈ ਰਾਂਝੇ ਤੇ ਲੱਟੂ , ਕਿਥੋਂ ਖਾਵੇ ਵੇਸ ਹੰਢਾਵੇ ਪੱਲੇ ਪਿਆ ਨਿਖੱਟੂ । ਹੀਰ ਕਰੇਂਦੀ ਗੋਹਾ ਕੂੜਾ ਰਾਂਝਾ ਖੇਡੇ ਪੱਤੇ। ਹੀਰ ਮਜਾਜਣ ਝਗੜਾ ਕੀਤਾ ਹੱਡ ਕਰਾ ਲਏ ਤੱਤੇ। ਰਾਂਝੇ ਦਾ ਇਹ ਰੰਗ ਵੇਖ ਕੇ ਹੀਰ ਮਜਾਜਣ ਰੋਈ। ਏਸ ਨਿਖੱਟੂ ਰਾਂਝੇ ਖਾਤਰ ਮੈਂ ਕਿਉਂ ਜੋਗਣ ਹੋਈ ।

ਊਣੀ ਜਿੰਦਗੀ ਦਾ ਗੀਤ

ਸੂਹਾ ਸੂਹਾ ਸਾਲੂ ਤੇ ਸੋਨ ਕਿਨਾਰੀ , ਬਾਹੀਂ ਨਵੇਂ ਚੂੜੇ ਰੱਤੜੇ ਵੇ ਹੋ । ਨੈਣ ਕਿਆਰੀਆਂ 'ਚ ਪੋਰੇ ਕੋਰੇ ਸੁਪਨੇ , ਪਾਣੀ ਉਮੀਦਾਂ ਦੇ ਝੱਟੜੇ ਵੇ ਹੋ । ਬੀਜੀਆਂ ਮੁਹੱਬਤਾਂ ਪੁੰਗਰ ਪਈਆਂ ਆਸਾਂ , ਰੀਝਾਂ ਪਈਆਂ ਢੋਂਦੀਆਂ ਭੱਤੜੇ ਵੇ ਹੋ । ਡਾਲੀ ਡਾਲੀ ਚੰਨ ਨਾਲੇ ਖਿੜੇ ਨੇ ਸਿਤਾਰੇ , ਰਿਸ਼ਮਾਂ ਦੇ ਦੇਨੀ ਆਂ ਛੱਟੜੇ ਵੇ ਹੋ । ਕੇਹੀ ਰੁੱਤ ਆਈ ਸਾਡਾ ਟੁੱਟ ਗਿਆ ਸੁਪਨਾ , ਪੀਹੜਿਆਂ ਦੇ ਬਣ ਗਏ ਪਟੜੇ ਵੇ ਹੋ । ਬੀਜੀਆਂ ਉਮੀਦਾਂ ਤੇ ਉੱਗ ਪਈਆਂ ਥੋੜਾਂ , ਫ਼ਿਕਰਾਂ ਦੀ ਵੱਲ ਕੱਢੇ ਪੱਤੜੇ ਵੇ ਹੋ । ਐਤਕੀਂ ਦੇ ਨਰਮੇ ਤੋਂ ਤਰੀ ਨਾ ਤਕਾਵੀ , ਚਰਖੇ ਚੜ੍ਹੇ ਪਰਛੱਤੜੇ ਵੇ ਹੋ । ਸ਼ਾਹ ਕੋਲੇ ਗਹਿਣੇ ਕੰਨਾਂ ਦੀਆਂ ਡੰਡੀਆਂ , ਹਾਲੀ ਸਾਡੇ ਚਾਅ ਵੀ ਨਾ ਲੱਥੜੇ ਵੇ ਹੋ । ਹੀਰਾਂ ਦੀਆਂ ਚੁੰਨੀਆਂ ਚੋਂ ਝਾਕਣ ਬਾਂਵਰੀਆਂ ਰਾਂਝਿਆਂ ਦੇ ਰੁੱਖੇ ਰੁੱਖੇ ਛੱਤੜੇ ਵੇ ਹੋ । ਬਲਣਾ ਨਾ ਬੁਝਣਾ ਹੌਲੀ ਹੌਲੀ ਧੁਖਣਾ , ਲੇਖ ਲਿਖਾਏ ਅਸਾਂ ਤੱਤੜੇ ਵੇ ਹੋ । ਖਾਲੀ ਖਾਲੀ ਅੱਖੀਆਂ ,ਧੁਆਂਖੇ ਹੋਏ ਮੁਖੜੇ , ਪੈਰ ਬਿਆਈਆਂ ਸੰਗ ਅੱਟੜੇ ਵੇ ਹੋ । ਲੱਥ ਗਈ ਕਿਨਾਰੀ ਲੰਗਾਰ ਹੋਇਆ ਸਾਲੂ , ਚੂੜਿਆਂ ਦੇ ਰੰਗ ਉੱਡੇ ਰੱਤੜੇ ਵੇ ਹੋ । ਅੱਧੀ ਅੱਧੀ ਰੈਣ ਤਾਈਂ ਸੌਣ ਨਹੀਂਓਂ ਦੇਂਦੇ , ਫਰਜ਼ਾਂ ਦੇ ਫ਼ਿਕਰ ਕੁਪੱਤੜੇ ਵੇ ਹੋ ।

ਮੇਰਾ ਬਚਪਨ

ਗੁੱਡੀਆਂ ਪਟੋਲਿਆਂ 'ਚ, ਢਾਰਿਆਂ ਤੇ ਖੋਲ਼ਿਆਂ 'ਚ ; ਹਾਰਿਆਂ ਦੇ ਓਹਲਿਆਂ 'ਚ ,ਪਿਆ ਮੇਰਾ ਬਚਪਨ ; ਮੋਤੀਏ ਦੇ ਰੰਗ ਜੇਹਾ , ਤਿਤਲੀ ਦੇ ਖੰਭ ਜੇਹਾ , ਮਹਿਕਦੇ ਰੰਗੀਨ ਖ਼ਾਬ ਜਿਹਾ ਮੇਰਾ ਬਚਪਨ। ਛੂਹਣ ਛੁਹਾਈਆਂ ਕਦੇ , ਲੁਕਣ ਮਿਚਾਈਆਂ ਕਦੇ , ਹੂਟੇ ਮਾਹਟੇ ਮਾਈਆਂ ਕਦੇ  ,ਗੱਡ ਦਾ ਗਡੋਰੀਆ ; ਅੱਡੀ ਤੇ ਛੜੱਪਾ ਕਦੇ , ਥਾਲ ਖਿੱਦੋ ਟੱਪਾ ਕਦੇ ਬਿੱਲੀ ਮਾਸੀ , ਕਾਣੀ ਭੇਡ , ਭੰਡਾ ਤੇ ਭੰਡੋਰੀਆ । ਇੱਕੋ ਜਿਹੇ ਆਲ਼ੇ ਭੋਲ਼ੇ , ਬਣੇ ਰਹਿਣਾ ਵ ਵਰੋਲ਼ੇ , ਕੱਛੀ ਜਾਣੇ ਕੰਧਾਂ ਕੌਲ਼ੇ , ਅੱਗੇ ਪਿੱਛੇ ਭੱਜਣਾ ; ਉੱਚੀ ਉੱਚੀ ਗਾਈ ਜਾਣਾ , ਐਵੇਂ ਰੌਲ਼ਾ ਪਾਈ ਜਾਣਾ , ਖਾਣ ਪੀਣ ਭੁੱਲ ਜਾਣਾ , ਖੇਡਦੇ ਨਾ ਰੱਜਣਾ । ਦਿਨ ਅਤੇ ਰਾਤ ਘੁੰਮੇ ,ਡਿਓੜੀ ਤੇ ਸਬਾਤ ਘੁੰਮੇ ; ਸਾਰੀ ਕਾਇਨਾਤ ਘੁੰਮੇ, ਪਾਉਣੀ ਜਦੋਂ ਕਿੱਕਲੀ ; ਖੇਤ ਚ ਛਟਾਲੇ ਦੀਆਂ ਸੀਟੀਆਂ ਵਜਾਉਂਦਿਆਂ ਨੇ , ਭੱਜ ਪੈਣਾ ਸਾਰਿਆਂ ,ਥਿਆਉਣੀ ਜਦੋਂ ਤਿੱਤਲੀ । ਮਿੱਟੀ ਦੇ ਬਣਾਉਣੇ ਘਰ ,ਪੱਤਿਆਂ ਦੇ ਲਾਉਣੇ ਦਰ, ਟੋਲਣਾ ਗੁੱਡੀ ਦਾ ਵਰ , ਡੋਲੀਆਂ ਸਜਾਉਣੀਆਂ ; ਡੰਗਰਾਂ ਦੇ ਢਾਰੇ ਹੇਠ , ਝੂਠ ਮੂਠ ਦੀ ਜਨੇਤ , ਸੱਦਣੀ ਤੇ ਮਿੱਟੀ ਦੀਆਂ ਰੋਟੀਆਂ ਪਕਾਉਣੀਆਂ । ਛੱਪੜੀ ਦੇ ਵਿੱਚ ਜੰਮੀ ,ਸਾਰੀਆਂ ਦੇ ਵਿੱਚੋਂ ਲੰਮੀ  ਤੋੜ ਕੇ ਲਿਆਉਣੀ ਕੰਮੀ  ,ਹਾਰ ਸੀ ਬਣਾਈਦੇ ; ਕਿਸੇ ਨੂੰ ਨਾ ਪਾਉਣ ਦੇਣਾ ,ਹੱਥ ਨਾ ਛੁਹਾਉਣ ਦੇਣਾ , ਕਿਸੇ ਅਣਮੁੱਲ ਚੀਜ਼ ਵਾਂਗ ਸੀ ਹੰਢਾਈਦੇ । ਚਾਨਣੀਆਂ ਰਾਤਾਂ ਵਿੱਚ , ਬੈਠ ਕੇ ਸਬਾਤਾਂ ਵਿੱਚ ਰੁੱਝੇ ਰਹਿਣਾ ਬਾਤਾਂ ਵਿੱਚ ,ਪਾਉਣੀਆਂ ਬੁਝਾਉਣੀਆਂ ; ਘਰ ਦੇ ਮਹੈਣ ਕੋਲੋਂ , ਭੂਆ ਕੋਲੋਂ ਭੈਣ ਕੋਲੋਂ ਨਿੱਤ ਨਿੱਤ ਨਵੀਆਂ ਹੀ ਲੱਭ ਕੇ ਲਿਆਉਣੀਆਂ । ਰੁੱਤ ਐਸੀ ਆਈ ਫੇਰ, ਰੰਗ ਉਹ ਗਈ ਖਿਲੇਰ ਸ਼ੌਂਕ ਜਾਗਦੇ ਨੇ ਢੇਰ, ਮਾਂ ਨਿੱਤ ਘੂਰਦੀ , ਭੀੜਾ ਭੀੜਾ ਘਰ ਲੱਗੇ , ਕੱਲੀ ਰਹਿਣੋ ਡਰ ਲੱਗੇ ਆਈ ਕਿਉਂ ਜਵਾਨੀ ਮਰਜਾਣੀ , ਰਹਾਂ ਝੂਰਦੀ। ਭਾਬੋ ਨੀ ਸਹੇਲੀਏ , ਚੰਨਣ ਦੀਏ ਗੇਲੀਏ ਨੀ , ਦੱਸੀਂ ਭਲਾ ਕਿਥੇ ਤੁਰ ਗਿਆ ਮੇਰਾ ਬਚਪਨ ; ਮੋਤੀਏ ਦੇ ਰੰਗ ਜੇਹਾ , ਤਿਤਲੀ ਦੇ ਖੰਭ ਜੇਹਾ , ਚੰਦਰੀ ਜਵਾਨੀ  ਹਰ ਲਿਆ ਮੇਰਾ ਬਚਪਨ ।

ਧੀਆਂ

ਇਹ ਰੌਣਕ ਵਿਹੜਿਆਂ ਦੀ ਨੇ ਘਰਾਂ ਦੇ ਭਾਗ ਨੇ ਧੀਆਂ । ਸਦਾ ਤਹਿਜ਼ੀਬ ਦੇ ਦੁੱਧਾਂ ਨੂੰ ਅੰਮ੍ਰਿਤ ਜਾਗ ਨੇ ਧੀਆਂ । ਨੇ ਗੰਢਾਂ ਮੋਹ ਦੀਆਂ ਇਹਨਾਂ ਦੇ ਰਾਹੀਂ ਸਾਕ ਬਣਦੇ ਨੇ , ਧੀਆਂ ਭੈਣਾਂ ਤੋਂ ਕਈ ਰਿਸ਼ਤੇ ਪਵਿੱਤਰ ਪਾਕ ਬਣਦੇ ਨੇ । ਨੇ ਪੋਤਰੀਆਂ ਤੇ ਦੋਹਤਰੀਆਂ ਇਹ ਭੈਣਾਂ ਤੇ ਭਤੀਜੜੀਆਂ , ਇਹ ਸਾਕਾਗੀਰੀਆਂ ਦੇ ਰਾਹ ਮਿਲਾਵਣ ਵਾਲੀਆਂ ਕੜੀਆਂ । ਕਦੇ ਇਹ ਹੁੰਦੀਆਂ ਨਣਦਾਂ ਕਦੇ ਬਣ ਜਾਣ ਭਰਜਾਈਆਂ , ਕਦੇ ਇਹ ਮਾਸੀਆਂ ਭੂਆ ਕਦੇ ਨੇ ਚਾਚੀਆਂ ਤਾਈਆਂ । ਮਨਾਉਂਦੀਆਂ ਖ਼ੈਰ ਹਰ ਵੇਲੇ ਅਸੀਸਾਂ ਦੇਂਦੀਆਂ ਧੀਆਂ , ਤੇ ਜਾ ਸਹੁਰੇ ਘਰੀਂ ਬਾਬਲ ਦਾ ਰਸਤਾ ਵਿੰਹਦੀਆਂ ਧੀਆਂ । ਕਿਸੇ ਵੀਰੇ ਦੀ ਵਹੁਟੀ ਦਾ ਇਹਨਾਂ ਨੂੰ ਚਾਅ ਬੜਾ ਹੁੰਦੈ , ਤੇ ਬਾਬਲ ਦੀ ਹਵੇਲੀ ਦਾ ਇਹਨਾਂ ਨੂੰ ਭਾਅ ਬੜਾ ਹੁੰਦੈ । ਇਹਨਾਂ ਦੀ ਰੀਝ ਤੋਂ ਲੰਮੀ ਉਡਾਰੀ ਲਾ ਨਹੀਂ ਹੁੰਦੀ , ਦਿਲਾਂ ਦੀ ਵੇਦਨਾ ਅੰਮੀ ਨੂੰ ਵੀ ਸਮਝਾ ਨਹੀਂ ਹੁੰਦੀ । ਹੁਕਮ ਬਾਪੂ ਦਾ ਰੱਬ ਦਾ ਹੀ ਕੋਈ ਫ਼ੁਰਮਾਨ ਲਗਦਾ ਹੈ , ਤੇ ਵੀਰੇ ਤੋਂ ਬਿਨਾਂ ਸੁੰਨਾ ਧਰਤ ਅਸਮਾਨ ਲਗਦਾ ਹੈ । ਅਸੀਸਾਂ ਦੇਣੀਆਂ ਇਹਨਾਂ ਨੇ ,ਇਹ ਕੁਝ ਲੈਣ ਨਹੀਂ ਆਈਆਂ , ਇਹ ਪ੍ਰਦੇਸਾਂ ਦੀਆਂ ਕੂੰਜਾਂ ਸਦਾ ਲਈ ਰਹਿਣ ਨਹੀਂ ਆਈਆਂ , ਇਹਨਾਂ ਦਾ ਜੰਮਣਾ ਨੇਕੀ ਦੇ ਵਿਹੜੇ ਆਉਣ ਵਰਗਾ ਹੈ , ਧੀਆਂ ਦਾ ਆਉਣ ਸੜਦੇ ਹਾੜ੍ਹ ਮਗਰੋਂ ਸਾਉਣ ਵਰਗਾ ਹੈ । ਇਹ ਹੱਸਣ ਤਾਂ ਇਹਨਾਂ ਦੇ ਨਾਲ ਕਾਇਨਾਤ ਹੱਸਦੀ ਹੈ । ਤੇ ਹਰ ਮੁਸਕਾਨ ਵਿੱਚ ਸੈਆਂ ਗੁਲਾਂ ਦੀ ਮਹਿਕ ਵੱਸਦੀ ਹੈ । ਇਹਨਾਂ ਦੇ ਹਾਸਿਆਂ ਉੱਤੇ ਸਦਾ ਪਹਿਰੇ ਹੀ ਰਹਿੰਦੇ ਨੇ , ਇਹਨਾਂ ਦੇ ਸ਼ੌਂਕ ਸੈਆਂ ਅਗਨੀਆਂ ਦਾ ਸੇਕ ਸਹਿੰਦੇ ਨੇ । ਕਦੇ ਪੁੱਤਰਾਂ ਤਰ੍ਹਾਂ ਇਹਨਾਂ ਦੀ ਮਰਜ਼ੀ ਨੂੰ ਵੀ ਵਡਿਆਓ , ਨਾ ਹਰ ਇੱਕ ਸਾਹ ਤੇ ਹੀ ਰੋਕਾਂ ਅਤੇ ਪਾਬੰਦੀਆਂ ਲਾਓ । ਇਹ ਰੌਣਕ ਵਿਹੜਿਆਂ ਦੀ ਨੇ ਘਰਾਂ ਦੇ ਭਾਗ ਨੇ ਧੀਆਂ ਸਦਾ ਤਹਿਜ਼ੀਬ ਦੇ ਦੁੱਧਾਂ ਨੂੰ ਅੰਮ੍ਰਿਤ ਜਾਗ ਨੇ ਧੀਆਂ ।

ਪ੍ਰੇਮ ਲਤਾ

ਚੌਂਕਾ ਚੁੱਲ੍ਹਾ , ਭਾਂਡਾ ਠੀਕਰ , ਘਰ ਦੇ ਝਾੜੂ ਪੋਚੇ ਤੀਕਰ, ਬਿਨਾਂ ਰੁਕੇ ਬਿਨ ਹੰਭੇ ਹਾਰੇ ; ਸਭ ਕੁਝ ਕਰਦੀ ਪ੍ਰੇਮ ਲਤਾ । ਉੱਠ ਸਵੇਰੇ ਤੜਕੇ ਆਉਂਦੀ, ਸੁੱਤੇ ਘਰ ਨੂੰ ਆਣ ਜਗਾਉਂਦੀ, ਛੋਟੇ ਵੱਡੇ ਜਣੇ ਖਣੇ ਦਾ ; ਪਾਣੀ ਭਰਦੀ ਪ੍ਰੇਮ ਲਤਾ। ਐਧਰ ਨੱਸੇ , ਔਧਰ ਨੱਸੇ , ਹਰ ਇੱਕ ਦੇ ਹਾਸੇ ਵਿੱਚ ਹੱਸੇ , ਕੌਣ ਜਾਣਦਾ ਅੰਦਰੇ ਅੰਦਰ ; ਕਿੰਨਾ ਮਰਦੀ ਪ੍ਰੇਮ ਲਤਾ। ਕੋਠੇ ਲਿੱਪੇ ਢਾਰੇ ਲਿੱਪੇ , ਪਾਥੀਆਂ ਪੱਥ ਗੁਹਾਰੇ ਲਿੱਪੇ, ਕੌਲਿਆਂ ਉੱਤੇ ਮਿੱਟੀ ਦੇ ਫਿਰ ; ਮੋਰ ਉੱਕਰਦੀ ਪ੍ਰੇਮ ਲਤਾ। ਭਾਵੇਂ ਝਿੜਕੇ ਝਾੜੇ ਕੋਈ , ਬਿਨਾਂ ਗਲਤੀਓਂ ਤਾੜੇ ਕੋਈ , ਚੁੱਪ ਚੁਪੀਤੀ ਸਹਿ ਜਾਂਦੀ ਸੀ ; ਸੀ ਨਾ ਕਰਦੀ ਪ੍ਰੇਮ ਲਤਾ। ਕੱਜਿਆ ਸਿਰ , ਪੈਰਾਂ ਤੋਂ ਨੰਗੀ , ਗੋਡਿਆਂ ਤੀਕਰ ਸੁੱਥਣ ਟੰਗੀ , ਵਿਹੜੇ ਦੇ ਵਿੱਚ ਛੁਹਲੀ ਛੁਹਲੀ ; ਪੈੜਾਂ ਧਰਦੀ ਪ੍ਰੇਮ ਲਤਾ। ਵਸਤੂ ਡੁੱਲ੍ਹ ਵਿਗੋਅ ਜਾਂਦੀ ਜਦ , ਆ ਕੇ ਕੋਲ ਖਲੋ ਜਾਂਦੀ ਤਦ , ਊਂਧੀ ਪਾਈ ਚੁੱਪ ਚੁਪੀਤੀ ; ਡਰਦੀ ਡਰਦੀ ਪ੍ਰੇਮ ਲਤਾ। ਦੁੱਖਾਂ ਦਾ ਹੜ੍ਹ ਆਉਂਦਾ ਹੋਊ , ਸਿਰ ਤੀਕਰ ਚੜ੍ਹ ਆਉਂਦਾ ਹੋਊ , ਬਿਨਾਂ ਬੇੜੀਓਂ ਖੌਰੇ ਕਿੱਦਾਂ ; ਪਾਰ ਉੱਤਰਦੀ ਪ੍ਰੇਮ ਲਤਾ। ਕਰਕੇ ਸੌ ਸੌ ਨੱਤੀ ਬੁੱਤੀ , ਮਿਲੇ ਪੁਰਾਣਾ ਕੱਪੜਾ ਜੁੱਤੀ , ਮਤਲਬ ਦੀ ਦੁਨੀਆਂ ਵਿੱਚ ਤੇਰਾ ; ਕੋਈ ਨਾ ਦਰਦੀ ਪ੍ਰੇਮ ਲਤਾ। ਜਣੇ ਖਣੇ ਨੇ ਊਜਾਂ ਲਾਈਆਂ , ਕੀਹਨੂੰ ਕੀਹਨੂੰ ਦਵੇ ਸਫ਼ਾਈਆਂ , ਆਪਣੇ ਸੱਚ ਨੂੰ ਕੀਹਦੇ ਕੀਹਦੇ ; ਅੱਗੇ ਧਰਦੀ ਪ੍ਰੇਮ ਲਤਾ। ਜਦ ਕਿਸਮਤ ਨੂੰ ਤਾਲੇ ਪੈਂਦੇ , ਰੋਟੀ ਦੇ ਵੀ ਲਾਲੇ ਪੈਂਦੇ , ਫੇਰ 'ਪ੍ਰੇਮੋ ' ਬਣ ਜਾਂਦੀ ਏ ; ਸਰਦੇ ਘਰ ਦੀ ਪ੍ਰੇਮ ਲਤਾ। ਹੁਣ ਵੀ ਜਦੋਂ ਸਿਆਲਾ ਆਵੇ , ਪੋਹ ਮਾਘ ਦਾ ਪਾਲ਼ਾ ਆਵੇ , ਮੇਰੇ ਦਿਲ ਦੀਆਂ ਗਲ਼ੀਆਂ ਵਿੱਚੋਂ ; ਰੋਜ਼ ਗੁਜ਼ਰਦੀ ਪ੍ਰੇਮ ਲਤਾ। ਝਾੜੂ ਲਾਉਂਦੀ ,ਕੱਪੜੇ ਧੋਂਦੀ , ਠੁਰ ਠੁਰ ਕਰਦੀ ਪ੍ਰੇਮ ਲਤਾ।

ਸਾਉਣ ਦੀ ਵਰਖਾ

ਹਾੜ੍ਹ ਵਰ੍ਹਾਏ ਰੱਜ ਕੇ ਧਰਤੀ ਤੇ ਅੰਗਿਆਰ ; ਆਇਆ ਸਾਵਣ ਝੂਮ ਕੇ ਸੀਨੇ ਠੰਢੇ ਠਾਰ। ਮੋਰ ਉਡਾਉਂਦੇ ਮਸਤੀਆਂ ਰੰਗਲੇ ਖੰਭ ਖਿਲਾਰ ; ਰੀਝ ਰਿਝਾਈਆਂ ਸਾਥਣਾਂ ਸਦਕੇ ਸੌ ਸੌ ਵਾਰ। ਕਲੀਆਂ ਲਪਟਾਂ ਛੋਡੀਆਂ ਭੌਰੇ ਕਰਨ ਗੁੰਜ਼ਾਰ ; ਡੱਡਾਂ ਦੇ ਮਨ ਸ਼ਾਦੀਆਂ ਗਾਉਣ ਰਾਗ ਮਲਹਾਰ। ਵੱਸਿਆ ਬੱਦਲ ਝੂਮ ਕੇ ਠੰਢੀ ਪਈ ਫੁਹਾਰ ; ਫੁੱਲਾਂ ਕੌਲ ਭਰਾ ਲਏ ਪੀ ਪੀ ਹੋਏ ਉਲਾਰ। ਸੁੱਤੀਆਂ ਵੇਲਾਂ ਜਾਗੀਆਂ ਧੋਤੇ ਨੇ ਰੁਖ਼ਸਾਰ ; ਜਿਵੇਂ ਦਲਿੱਦਰ ਝਾੜਿਆ ਨ੍ਹਾ ਧੋ ਕੇ ਮੁਟਿਆਰ। ਮਾਣੋ ਘੁਰਨੇ ਵੜ ਗਈ ਵਿੱਚੇ ਛੱਡ ਸ਼ਿਕਾਰ ; ਡੱਬੂ ਪਿੰਡਾ ਛੰਡਿਆ ਆ ਵਿਹੜੇ ਵਿਚਕਾਰ। ਰੁੱਖਾਂ ਮਾਣਿਆ ਰੱਜ ਕੇ ਵਰਖਾ ਹੇਤ ਪਿਆਰ ; ਜਿਵੇਂ ਅੰਞਾਣੇ ਮਾਣਦੇ ਮਾਂਵਾਂ ਦੀ ਥਪਕਾਰ। ਆਲ੍ਹਣਿਆਂ ਵਿੱਚ ਪੰਖਣੂੰ ਬੈਠੇ ਖੰਭ ਖਿਲਾਰ, ਨਾਲ ਯਤਨ ਦੇ ਸਾਂਭ ਕੇ ਆਂਡੇ ਬੋਟ ਬੋਟਾਰ। ਬਾਗ਼ ਬਬੀਹੇ ਬੋਲਦੇ ਪੀਊ ਪੀਊ ਪੁਕਾਰ, ਮੇਘ ਮਿਟਾਈ ਤਿਸ਼ਨਗੀ ਦਿੱਤੀ ਔੜ ਵਿਸਾਰ। ਛਹਿਬਰ ਲੱਗੀ ਵੱਸਿਆ ਕੇ ਹੋ ਕੇ ਮੋਹਲੇਧਾਰ ; ਸੱਭੇ ਉੱਚੀਆਂ ਨੀਵੀਆਂ ਕੀਤੀਆਂ ਇੱਕੋ ਸਾਰ । ਭਰ ਪਰਨਾਲੇ ਚੱਲਦੇ ਵਗਦੀ ਜਿਵੇਂ ਚਲ੍ਹਾਰ ; ਜਾਂ ਔਲੂ ਵਿੱਚ ਡਿੱਗਦੀ ਉੱਛਲ ਭਰੀ ਨਿਸ਼ਾਰ। ਮੋਢੇ ਕਹੀਆਂ ਰੱਖ ਕੇ ਝੁੰਬ ਖੇਸਾਂ ਦੇ ਮਾਰ , ਵੱਟਾਂ ਵੇਖਣ ਤੁਰ ਪਏ ਖੇਤਾਂ ਦੇ ਸਰਦਾਰ । ਕਿਧਰੇ ਖੀਰਾਂ ਪੂੜਿਆਂ ਦੀ ਮਿੱਠੀ ਮਹਿਕਾਰ ; ਕਿਸੇ 'ਸ਼ੁਕਰ ਹੈ ' ਆਖਿਆ ਟੁੱਕ ਤੇ ਰੱਖ ਆਚਾਰ। ਇਕਨਾ ਸਾਵਣ ਮਾਣਿਆ ਡੁੱਲ੍ਹ ਡੁੱਲ੍ਹ ਪੈਣ ਖ਼ੁਮਾਰ, ਇਕਨਾ ਦੇ ਲਈ ਤੌਖਲਾ ਛੱਤ ਚੋਂ ਵਹਿੰਦੀ ਧਾਰ । ਆਖਰ ਉੱਚਾ ਹੋ ਗਿਆ ਮਨ ਦਾ ਕੱਢ ਗੁਬਾਰ ; ਕਦੇ ਕਦੇ ਲਿਸ਼ਕੋਰਦਾ ਸੂਰਜ ਬੱਦਲੋਂ ਪਾਰ। ਪੈ ਗਈ ਪੀਂਘ ਦੁਮੇਲ ਤੇ ਰੰਗਲੀ ਘੇਰੇਦਾਰ ; ਨਿੱਕਲ ਆਈਆਂ ਰੌਣਕਾਂ ਫੇਰ ਘਰਾਂ ਤੋਂ ਬਾਹਰ। ਠਿੱਲ੍ਹੀਆਂ ਕਾਗਜ਼ ਕਿਸ਼ਤੀਆਂ ਲੱਗੇ ਹੋਣ ਵਪਾਰ ; ਕਈ ਜਾ ਲੱਗੀਆਂ ਪੱਤਣੀਂ ਕਈ ਡੁੱਬੀਆਂ ਵਿਚਕਾਰ। ਮਨੂਆ ਚੜ੍ਹ ਕੇ ਬੇੜੀਏ ਪਹੁੰਚ ਗਿਆ ਉਸ ਪਾਰ ; ਲੱਭਣ ਬਾਲ ਵਰੇਸ ਦਾ ਵਿੱਸਰਿਆ ਸੰਸਾਰ ।

ਵਸਾਖ ਦੀ ਪਹਿਲੀ ਸਵੇਰ

ਸੁਹਣੀ ਮਾਹ ਵਸਾਖ ਦੀ , ਪਹਿਲੀ ਸੋਨ ਸਵੇਰ , ਦਸਤਕ ਦੇ ਕੇ ਕਹਿ ਗਈ , ਭਲੀਏ ਅੱਖ ਉਘੇੜ । ਪਹਿਲਾਂ ਸੁਰਮਈ ਰੰਗ ਵਿੱਚ ,ਘੁਲ਼ੀ ਜ਼ਰਾ ਕੁ ਗੇਰ , ਫਿਰ ਚੜ੍ਹਦੇ ਨੇ ਸੋਨਮਈ , ਰਿਸ਼ਮਾਂ ਦਿੱਤੀਆਂ ਕੇਰ । ਸੂਰਜ ਨੂਰ ਪਲੱਟਿਆ, ਧਰਤੀ ਉੱਪਰ ਢੇਰ , ਲੱਛੇ ਉੱਡਣ ਨੂਰ ਦੇ , ਕਿਰਨੋ ਕਿਰਨ ਅਟੇਰ । ਲੰਘਿਆ ਬੁੱਲਾ ਵਾਅ ਦਾ, ਕੋਮਲ ਕਲੀਆਂ ਛੇੜ, ਕਲੀਆਂ ਅੱਗੋਂ ਹੱਸ ਕੇ , ਦਿੱਤੀ ਮਹਿਕ ਖਿਲੇਰ। ਮਰੂਏ ਲਪਟਾਂ ਛੋਡੀਆਂ, ਫੁੱਲ ਫੁੱਲ ਬਹਿਣ ਕਨੇਰ । ਨਰਗਿਸ ਨੈਣ ਮਟੱਕਦੀ , ਗੇਂਦੇ ਹੋਏ ਪਕੇਰ । ਕਾਵਾਂ ਚਿੜੀਆਂ ਘੁੱਗੀਆਂ , ਮੱਲੀ ਆਣ ਮੰਡੇਰ , ਚੋਗਾ ਭਾਲਣ ਆਈਆਂ , ਬੱਚੜੇ ਛੱਡ ਪਿਛੇਰ । ਵਣ ਤਿਣ ਸਾਰਾ ਮੌਲਿਆ , ਫੁੱਲਾਂ ਭਰੀ ਚੰਗੇਰ , ਕਣਕਾਂ ਸਰ੍ਹੋਂਆਂ ਪੱਕੀਆਂ, ਲਾਲੀ ਫੜ ਗਏ ਬੇਰ। ਹੋ ਗਈ ਕੁੱਲ ਪਰਿੰਦਿਆਂ , ਚੋਗੇ ਦੀ ਬਹੁਤੇਰ , ਤਿੱਤਰ ਰੱਬ ਧਿਆਂਵਦੇ , ਮੌਜਾਂ ਕਰਨ ਬਟੇਰ। ਪੱਬਾਂ ਭਾਰ ਸੁਆਣੀਆਂ, ਫਿਰਦੀਆਂ ਚੱਕੀ ਘੇਰ , ਸ਼ਾਹ-ਵੇਲਾ ਲੈ ਪੁੱਜਣਾ , ਹੋ ਨਾ ਜਾਏ ਅਵੇਰ । ਬਗਲੀ ਫੜ ਕੇ ਤੁਰ ਪਏ ,ਵਿਹਲੜ ਤੇ ਟੁੱਕਟੇਰ, ਕਿਤਿਓਂ ਪਾਈਆ ਡੂਢ ਪਾ , ਕਿਤਿਓਂ ਮਿਲਿਆ ਸੇਰ । ਸੂਰਜ ਆਇਆ ਸਿਖਰ ਤੇ , ਲੱਗੀ ਧੁੱਪ ਤਿਖੇਰ , ਖੇਤ ਸੁਨਹਿਰੀ ਜਾਪਦੇ , ਜਿਓਂ ਸੋਨੇ ਦੇ ਢੇਰ । ਰੰਗ ਲਿਆਈਆਂ ਮਿਹਨਤਾਂ ,ਹੋਇਆ ਜੱਟ ਦਲੇਰ , ਨਾ ਵੇਖੇ ਹੁਣ ਧੁੱਪ ਛਾਂ , ਨਾ ਕੋਈ ਨ੍ਹੇਰ ਸੁਨ੍ਹੇਰ । ਰੱਬ ਚਾਹਿਆ ਤਾਂ ਸੁਰਖ਼ਰੂ , ਹੋ ਜਾਂ ਗੇ ਇਸ ਵੇਰ , ਜੇ ਨਾ ਤਿੱਤਰ ਖੰਭੀਆਂ, ਸੁਪਨੇ ਦੇਣ ਬਿਖੇਰ । ਉੱਦਮੀ ਲਾਹਾ ਲੈਣਗੇ , ਕਰਨ ਦਲਿੱਦਰ ਦੇਰ , ਵਕਤ ਵਹਿਣ ਦਰਿਆ ਦਾ, ਪਿਛਾਂਹ ਮੁੜੇ ਨਾ ਫੇਰ। ਵੇ ਸੋਨੇ ਦਿਆ ਸੂਰਜਾ , ਰੁਕ ਜਾ ਥੋੜ੍ਹੀ ਦੇਰ , ਛੱਲੀ ਤੇਰੇ ਰੂਪ ਦੀ , ਅੜਿਆ ਲਵਾਂ ਉਘੇਰ ।

ਇੱਕ ਖ਼ਤ -ਪੰਜਾਬ ਸਰਕਾਰ ਦੇ ਨਾਂ

ਲਿਖ਼ਤੁਮ ਰੂਹ ਦੁਖਿਆਰੇ ਪੰਜਾਬ ਦੀ ਏ , ਅੱਗੇ ਮਿਲੇ ਪੰਜਾਬ ਸਰਕਾਰ ਪਿਆਰੀ ; ਲਿਖਣਾ ਪਿਆ ਏ ਬੜੇ ਮਜ਼ਬੂਰ ਹੋ ਕੇ , ਤੈਨੂੰ ਭੁੱਲ ਗਏ ਕੌਲ ਕਰਾਰ ਪਿਆਰੀ । ਦੁਨੀਆਂ ਸਾਹਮਣੇ ਤੈਨੂੰ ਹੁਣ ਕੀ ਕਹੀਏ , ਹੱਥੀਂ ਆਪ ਸਹੇੜ ਕੇ ਲਿਆਂਦੀਏ ਨੀ ;  ਜਿਹੜੇ ਲੋਕਾਂ ਨੇ ਬਖਸ਼ਿਆ ਮਾਣ ਤੈਨੂੰ , ਵੈਰ ਉਹਨਾਂ ਦੇ ਨਾਲ ਕਮਾਂਦੀਏ ਨੀ। ਚਾਅ ਕੀਤੇ ਸੀ ਬੜੇ ਕੁਚੱਜੀਏ ਨੀ , ਸਾਰੇ ਲਹਿ ਗਏ ਵੇਖ ਕੇ ਚੱਜ ਤੇਰੇ ; ਨਿੱਜ ਹੋਣੀਏਂ ਢੰਗ ਤਰੀਕੇ ਸਾਰੇ , ਜਿਹੜੇ ਕੱਲ੍ਹ ਸੀ ਉਹੀ ਨੇ ਅੱਜ ਤੇਰੇ । ਕਤਲ , ਰੇਪ ਤੇ ਲੁੱਟ ਖੋਹ ਦਿਨ ਦੀਵੀਂ , ਤੇਰੀਆਂ ਅੱਖਾਂ ਦੇ ਸਾਹਮਣੇ ਹੋਈ ਜਾਂਦੇ ; ਲੈ ਕੇ ਨਿੱਕੇ ਤੋਂ ਵੱਡੇ ਤੱਕ ਹੋਣੀਏਂ ਨੀ , ਸਾਰੇ ਤੇਰੀ ਹੀ ਜਾਨ ਨੂੰ ਰੋਈ ਜਾਂਦੇ । ਰਾਜ ਦੇਣਾ ਸੀ ਰਾਜੇ ਰਣਜੀਤ ਵਾਲਾ , ਤੈਨੂੰ ਭੁੱਲ ਗਏ ਕੌਲ ਕਰਾਰ ਤੇਰੇ ; ਹੇੜ੍ਹਾਂ ਤੂੰ ਬਦਮਾਸ਼ਾਂ ਦੀਆਂ ਫਿਰੇਂ ਪਾਲੀ , ਲੱਛਣ ਚੰਗੇ ਨਹੀਂ ਮੇਰੀ ਸਰਕਾਰ ਤੇਰੇ । ਟੋਏ ਸੜਕਾਂ ਦੇ ਛੱਪੜ ,ਫਿਰ ਖੂਹ ਬਣਦੇ , ਸਾਲ ਸਾਲ ਇਹ ਤੈਥੋਂ ਨਹੀਂ ਪੂਰ ਹੁੰਦੇ ; ਸਭ ਕੁਝ ਹੁੰਦਿਆਂ ਸੁੰਦਿਆਂ ਵੈਰਨੇ ਨੀ , ਤੇਰੇ ਵਾਅਦੇ ਕਿਓਂ ਐਨੇ ਮਜ਼ਬੂਰ ਹੁੰਦੇ ? ਰਿਸ਼ਵਤਖੋਰੀ ਨੇ ਜੀਣਾ ਹਰਾਮ ਕੀਤਾ , ਕਲਮਾਂ ਬਾਊਆਂ ਦੀਆਂ ਨੋਟ ਚਰਦੀਆਂ ਨੇ ; ਰੇੜ੍ਹੂ ਹੋਣ ਨਾ ਲੰਗੜੀਆਂ ਰਹਿਣ ਫ਼ਾਈਲਾਂ,  ਪਈਆਂ ਮੇਜ਼ ਥੱਲੇ ਹਉਕੇ ਭਰਦੀਆਂ ਨੇ। ਭਾਅ ਰੇਤ ਦਾ ਪਹੁੰਚਾ ਅਸਮਾਨ ਉੱਤੇ , ਕਿਸੇ ਝੁੱਗੀ ਦੀ ਜਾਅ ਕੀ ਬਣੇ ਕੋਠਾ ; ਮਿਹਨਤਕਸ਼ ਦੀ ਦਿੱਲੀ ਤਾਂ ਦੂਰ ਹੀ ਸੀ , ਹੁਣ ਤਾਂ ਸੁਪਨੇ ਹੀ ਰੁੜ੍ਹ ਗਏ ਸਣ੍ਹੇ ਕੋਠਾ । ਲੁੱਟਾਂ ਹੁੰਦੀਆਂ ਦੋਸ਼ੀ ਨਹੀਂ ਫੜ ਹੁੰਦੇ , ਫੜੇ ਜਾਣ ਤਾਂ ਸ਼ਾਮ ਨੂੰ ਛੁੱਟ ਜਾਂਦੇ ; ਜਦੋਂ ਕਿਧਰੇ ਵੀ ਨਹੀਂ ਸੁਣਵਾਈ ਹੁੰਦੀ , ਵੱਡਿਆਂ ਵੱਡਿਆਂ ਦੇ ਹੌਸਲੇ ਟੁੱਟ ਜਾਂਦੇ । ਵੱਡੇ ਘਰਾਂ ਦੇ ਕਾਕਿਆਂ ਅੱਤ ਚੁੱਕੀ , ਗੁੰਡਾਗਰਦੀ ਦੀਆਂ ਖੁੱਲ੍ਹੀਆਂ ਛੁੱਟੀਆਂ ਨੇ ; ਤੈਨੂੰ ਪਤਾ ਵੀ ਹੈ ਇਹਨਾਂ ਬੁਰਸ਼ਿਆਂ ਨੇ , ਕਿਵੇਂ ਲੋਕਾਂ ਦੀਆਂ ਗੈਰਤਾਂ ਲੁੱਟੀਆਂ ਨੇ । ਥਾਣੇਦਾਰ ਦਾ ਨਿੱਕਲ ਤ੍ਰਾਹ ਜਾਂਦਾ , ਜਦੋਂ ਫ਼ੋਨ ਧੁਰ ਉੱਪਰੋਂ ਖੜਕਦੇ ਨੇ ; ਸਾਡੀ ਆਪਣੀ ਏਂ ਗੁੱਸਾ ਕਰੀਂ ਨਾ ਪਰ , ਤੇਰੇ ਐਹੋ ਜਿਹੇ ਫੈਸਲੇ ਰੜਕਦੇ ਨੇ । ਅਹੁਦੇ ਅੰਨ੍ਹੇ ਦੀ ਸ਼ੀਰਨੀ ਤੈਂ ਕੀਤੇ , ਸਾਰੇ ਆਪਣੇ ਲਾਣੇ ਨੂੰ ਵੰਡਦੀ ਏਂ ; ਕਿੰਤੂ ਕਰੀਏ ਤਾਂ ਰੁੜ੍ਹ ਪੁੜ੍ਹ ਜਾਣੀਏਂ ਨੀ , ਸਾਨੂੰ ਵਿੱਚ ਚੁਰਾਹੇ ਦੇ ਭੰਡਦੀ ਏਂ । ਭਗਤ ਸਿੰਘ ਦੇ ਬੁੱਤ ਨੂੰ ਹਾਰ ਪਾ ਕੇ , ਸਮਝ ਲਿਆ ਕਿ ਹੋ ਗਿਆ ਫ਼ਰਜ਼ ਪੂਰਾ ; ਓਦੋਂ ਤੀਕਰਾਂ ਸੂਦ ਦਰ ਸੂਦ ਲੱਗਣਾ, ਜਦੋਂ ਤੀਕ ਨਾ ਮੋੜੇਂਗੀ ਕਰਜ਼ ਪੂਰਾ । ਟੈਸਟ ਨਾਲ ਧੜੱਲੇ ਦੇ ਰੱਖਨੀਂ ਏਂ , ਪੇਪਰ ਹਰ ਵਾਰੀ ਹੁੰਦੇ ਲੀਕ ਕਿੱਦਾਂ ? ਕਦੇ ਸੋਚਣ ਦੀ ਜਹਿਮਤ ਉਠਾ ਬਹਿ ਕੇ, ਸਿਸਟਮ ਵਿਗੜਿਆ ਹੋਊਗਾ ਠੀਕ ਕਿੱਦਾਂ । ਦੋਹਤ ਪੋਤ ਵਰਾਅ ਲਿਆ ਹੋਵੇ ਜੇਕਰ , ਜਨਤਾ ਵੱਲ ਵੀ ਜ਼ਰਾ ਧਿਆਨ ਕਰ ਲੈ ; ਅਰਥਚਾਰੇ ਦੀ ਡੁੱਬਦੀ ਜਾਏ ਬੇੜੀ , ਬੰਨੇ ਲਾਉਣ ਦਾ ਕੁਝ ਸਮਿਆਨ ਕਰ ਲੈ। ਨ੍ਹੇਰੀ ਨਸ਼ੇ ਦੀ ਆਈ ਪੰਜਾਬ ਅੰਦਰ , ਅੱਖਾਂ ਮੀਚ ਕੇ ਚੁੱਪ ਤੈਂ ਧਾਰ ਲਈ ਏ ; ਸਾਂਝ ਦੋਸ਼ੀਆਂ ਨਾਲ ਜੇ ਸਿੱਧ ਹੋ ਜਾਏ , ਹੁੰਦਾ ਕਾਲਖ਼ ਦਾ ਟਿੱਕਾ ਸਰਕਾਰ ਲਈ ਏ। ਸਾਡੇ ਪੁੱਤ ਸਮੈਕੀਏ ਤੈਂ ਕੀਤੇ , ਤੇਰਾ ਕਿਹੜੇ ਯੁੱਗ ਭੈੜੀਏ ਭਲਾ ਹੋਊ ; ਏਦਾਂ ਰਿਹਾ ਤਾਂ ਮਾਂ ਦੇ ਦੁੱਧ ਵਿੱਚ ਵੀ , ਕਿਸੇ ਦਿਨ ਸਮੈਕ ਦਾ ਰਲ਼ਾ ਹੋਊ । ਇੱਕੋ ਗੱਲ ਤੇ ਬਸ ਤੂੰ ਖ਼ਰੀ ਉੱਤਰੀ , ਰਾਜ ਕਰਦੀ ਨਹੀਂ ਸੇਵਾ ਈ ਕਰੀ ਜਾਂਦੀ ; ਡਾਂਗਾਂ ਤੇਰੀਆਂ ਦੀ ਸੇਵਾ ਬੜੀ ਕਰੜੀ , ਮਾੜੇ ਧੀੜੇ ਤੋਂ ਕਿੱਥੇ ਇਹ ਜ਼ਰੀ ਜਾਂਦੀ । ਜੇਕਰ ਪਤੈ ਕਿ ਹੱਥ ਕਮਜ਼ੋਰ ਪੈ ਗਏ , ਵਾਗਡੋਰ ਫਿਰ ਸਾਂਭਣ ਦੀ ਲੋੜ ਕੀ ਏ । ਜੀਹਦੀ ਪਿੰਞਣੀ ਭਾਰ ਨਹੀਂ ਚੁੱਕ ਸਕਦੀ , ਓਸ ਗੱਡੇ ਨੂੰ ਵਾਂਙਣ ਦੀ ਲੋੜ ਕੀ ਏ । ਜਿਹੜੀ ਅੱਖੀਆਂ ਮੀਟ ਕੇ ਰਾਜ ਕਰਦੀ, ਨਜ਼ਰਸਾਨੀ ਨਾ ਕਰੇ ਵਿਓਹਾਰ ਉੱਤੇ ; ਨਬਜ਼ ਵਕਤ ਦੀ ਫੜੀ ਨਾ ਜਾਏ ਜੀਹਤੋਂ , ਲੱਖ ਲਾਹਨਤ ਹੈ ਐਸੀ ਸਰਕਾਰ ਉੱਤੇ । ਅਜੇ ਵੇਲਾ ਏ ਸੰਭਲ ਜਾ ਜਾਗ ਨੀਂਦੋਂ , ਨਹੀਂ ਤਾਂ ਛੇਤੀ ਕਰਾਵਾਂਗੇ ਭਾਂ ਤੇਰੀ ; ਅਗਲੀ ਵਾਰੀ ਨੂੰ ਸੁੱਟਾਂਗੇ ਥਾਂ ਐਸੀ, ਜਿੱਥੋਂ ਹੱਡੀ ਲਿਆਵੇ ਨਾ ਕਾਂ ਤੇਰੀ ।

ਛੁੱਟੀਆਂ

ਹੋ ਗਈਆਂ ਛੁੱਟੀਆਂ ਸਕੂਲ ਬੰਦ ਨੇ , ਅੱਥਰੇ ਜਵਾਕਾਂ ਹੱਥੋਂ ਮਾਵਾਂ ਤੰਗ ਨੇ । ਬਹਿਣ ਨਾ ਨਿਚੱਲੇ ਆਪੋ ਵਿੱਚ ਲੜਦੇ , ਹਰ ਵੇਲੇ ਰਹਿੰਦੇ ਨੇ ਖ਼ਰੂਦ ਕਰਦੇ । ਜੀਹਦੇ ਨਾਲ ਪੱਕੀ ਆੜੀ ਪਾਈ ਹੁੰਦੀ ਏ , ਉਹਦੇ ਨਾਲ ਝੱਟ ਨੂੰ ਲੜਾਈ ਹੁੰਦੀ ਏ । ਗਲੀਆਂ ਚ ਦਗੜ ਦਗੜ ਭੱਜਦੇ, ਸਾਰਾ ਸਾਰਾ ਦਿਨ ਖੇਡਦੇ ਨਾ ਰੱਜਦੇ । 'ਵਾਜਾਂ ਮਾਰ ਮਾਰ ਮੰਮੀਆਂ ਬੁਲਾਉਂਦੀਆਂ , ਬੰਨ੍ਹ ਰੁੰਨ੍ਹ ਕੇ ਨੇ ਅੰਦਰ ਬਿਠਾਉਂਦੀਆਂ । ਟੀ.ਵੀ.ਵੇਖਦੇ ਵੀ ਪਾਈ ਜਾਣ ਜੱਲੀਆਂ, ਛੇੜਦੇ ਘਤੂਤਾਂ ਨਵੀਆਂ ,ਅਵੱਲੀਆਂ । ਘੁੰਮਦਾ ਰਿਮੋਟ ਆਉਣ ਦਿੰਦੇ ਟੇਕ ਨਾ , ਮਾਵਾਂ ਕੋਲੋਂ ਹੁੰਦੇ ਸੀਰੀਅਲ ਵੇਖ ਨਾ । ਮੱਛਰੇ ਜਵਾਕਾਂ ਦੇ ਅਸੂਲ ਵਿਗੜੇ , ਬੀਬੀਆਂ ਦੇ ਸਾਰੇ ਸ਼ਡਿਊਲ ਵਿਗੜੇ । ਹਰ ਵੇਲੇ ਹੋਈਆਂ ਰਹਿਣ ਰੋਣਹਾਕੀਆਂ, ਭੰਨਦੇ ਨਿਆਣੇ ਦਰਵਾਜ਼ੇ ਤਾਕੀਆਂ। ਗੇਂਦਾ ਮਾਰ ਮਾਰ ਸ਼ੀਸ਼ੇ ਤੋੜ ਛੱਡਦੇ , ਫੁੱਲਾਂ ਦੀਆਂ ਟਾਹਣੀਆਂ ਮਰੋੜ ਛੱਡਦੇ । ਪੜ੍ਹਨੇ ਬਿਠਾਉਣ ਮਾਵਾਂ ਪੁਚਕਾਰ ਕੇ, ਜਾਂਦੇ ਨੇ ਖਿਸਕ ਕਾਪੀਆਂ ਖਿਲਾਰ ਕੇ। ਨੱਚਣ ਟੱਪਣ ਨਾਲੇ ਪਾਉਣ ਲੁੱਡੀਆਂ , ਕੋਠਿਆਂ ਤੇ ਚੜ੍ਹ ਕੇ ਉਡਾਉਣ ਗੁੱਡੀਆਂ । ਖੇਡਣੇ ਦਾ ਰਹਿੰਦਾ ਸਦਾ ਝੱਲ ਮੱਚਿਆ, ਘਰ ਵਿੱਚ ਰਹਿੰਦਾ ਤਰਥੱਲ ਮੱਚਿਆ। ਮਾਵਾਂ ਸੁਖ ਰਹਿਣੀਆਂ ਦੀ ਹੋਸ਼ ਗੁੰਮ ਗਈ , ਚੌਹਾਂ ਦਿਨਾਂ ਵਿੱਚ ਹੀ ਭੰਬੀਰੀ ਘੁੰਮ ਗਈ । ਮੰਨਦੇ ਨਹੀਂ ਜਦੋਂ ਆਖਿਆ ਪਿਆਰ ਦਾ, ਪਾਰਾ ਫਿਰ ਮਾਵਾਂ ਦਾ ਉਛਾਲੇ ਮਾਰਦਾ। ਡੈਡੀ ਦਾ ਡਰਾਵਾ ਦੇ ਕੇ ਨੇ ਡਰਾਉਂਦੀਆਂ, ਗੌਲ਼ਦੇ ਨਹੀਂ ਗੱਲ ,ਫੇਰ ਤੌਣੀ ਲਾਉਂਦੀਆਂ । ਕੋਈ ਕੁੱਟ ਖਾ ਕੇ ਸੌਂ ਗਿਆ ਈ ਰੁੱਸ ਕੇ , ਕੋਈ ਮੰਜੀ ਹੇਠ ਮੂਧਾ ਪਿਆ ਬੁਸਕੇ । ਥੱਕ ਹਾਰ ਬਹਿ ਗਈ ਕੋਈ ਮੱਥਾ ਫੜਕੇ, ਕਿਸੇ ਲਾਹਿਆ ਗੁੱਸਾ ਸੱਸ ਨਾਲ ਲੜਕੇ। ਆਂਹਦੀਆਂ ਨੇ ਬੋਲਾਂ 'ਚ ਹਰਖ ਭਰ ਕੇ , ਤੁਸੀਂ ਤਾਂ ਸਕੂਲੇ ਰਹਿੰਦੇ ਰੱਬ ਕਰਕੇ । ਧੰਨ ਮੈਡਮਾਂ ਨੇ ਦਿਲਾਂ ਵਿੱਚ ਕਹਿੰਦੀਆਂ, ਐਹੋ ਜਿਹੇ ਸ਼ਤੂੰਗੜੇ ਜੋ ਸਾਂਭ ਲੈਂਦੀਆਂ । ਛੇਤੀ ਛੇਤੀ ਲੱਗਣ ਸਕੂਲ ਰੱਬ ਜੀ, ਸਾਡੇ ਤਾਂ ਜਿਊਣ ਦਾ ਰਿਹਾ ਨਾ ਢੱਬ ਜੀ। ਨੱਚਣ ਟੱਪਣ ਹੁੰਦਾ ਚਾਓ ਦਿਲਾਂ ਦਾ , ਖਿਝ ਖਿਝ ਬੋਝ ਨਾ ਵਧਾਓ ਦਿਲਾਂ ਦਾ । ਬਾਲ ਚੰਗੀ ਮਾੜੀ ਗੱਲ ਨਹੀਂ ਪਛਾਣਦੇ , ਇਹ ਤਾਂ ਰੌਲਾ ਪਾ ਕੇ ਹੀ ਅਨੰਦੁ ਮਾਣਦੇ । ਹਾਸਿਆਂ ਦੀ ਰੁੱਤ ਇਹ ਦੀਵਾਨੀ ਹੁੰਦੀ ਏ , ਖੁਸ਼ੀ ਚੰਗੀ ਸਿਹਤ ਦੀ ਨਿਸ਼ਾਨੀ ਹੁੰਦੀ ਏ। ਬਾਲ ਨੱਚੇ ਕੁੱਦੇ ਨਾ, ਬਿਮਾਰ ਹੁੰਦਾ ਏ , ਕਿਸੇ ਪਰੇਸ਼ਾਨੀ ਦਾ ਸ਼ਿਕਾਰ ਹੁੰਦਾ ਏ । ਮਾੜੀ ਮੋਟੀ ਉੰਨੀ ਇੱਕੀ ਜ਼ਰ ਲਿਆ ਕਰੋ , ਆਪਣੇ ਦਿਨਾਂ ਨੂੰ ਯਾਦ ਕਰ ਲਿਆ ਕਰੋ ।

ਸਾਧ ਬਨਾਮ ਸਾਨ੍ਹ

ਜਿਸ ਪੰਜਾਬ ਤੇ ਸਾਡੇ ਵੱਡਿਆਂ ਕੀਤਾ ਮਾਣ ਵਡੇਰਾ , ਵਾਲ ਵਾਲ ਕਰਜ਼ਾਈ ਉਹਦਾ ਦੁੱਖਾਂ ਪਾ ਲਿਆ ਘੇਰਾ । ਥੋੜ੍ਹਾ ਠੱਗ ਏਜੰਟ ਖਾ ਗਏ , ਕੁਝ ਨੂੰ ਅਫਸਰਸ਼ਾਹੀ , ਕੁਝ ਨਸ਼ਿਆਂ ਦੀ ਭੇਟ ਹੋ ਗਿਆ ਚਾਰੋ ਤਰਫ਼ ਤਬਾਹੀ । ਕੁਝ ਹਿੱਸਾ ਖਾ ਗਈ ਸਿਆਸਤ ਕਰਕੇ ਘਾਲ਼ੇ ਮਾਲ਼ੇ । ਰਹਿੰਦਾ ਖੂੰਹਦਾ ਸਾਧ ਖਾ ਗਏ ਮੋਟਿਆਂ ਢਿੱਡਾਂ ਵਾਲੇ । ਖੁੰਬਾਂ ਵਾਂਗਰ ਥਾਂ ਥਾਂ ਉੱਗ ਪਏ ਸੰਤ ਜਨਾਂ ਦੇ ਡੇਰੇ , ਮੌਕਾ ਮਿਲਦਿਆਂ ਪੈਰ ਪਸਾਰਨ ਲੱਗਦੇ ਚਾਰ ਚੁਫ਼ੇਰੇ। ਚਾਤਰ ਆਪਣੀ ਚਤੁਰਾਈ ਦਾ ਜਾਲ ਵਿਛਾਉਂਦੇ ਐਸਾ, ਸਾਵਣ ਦੇ ਮੀਂਹ ਵਾਂਗੂੰ ਵਰ੍ਹਦਾ ਡੇਰਿਆਂ ਅੰਦਰ ਪੈਸਾ। ਧੱਕੇ ਦੇ ਨਾਲ ਰੋਕੀ ਜਾਂਦੇ ਓਪਰੀਆਂ ਜਾਇਦਾਦਾਂ, ਸਰਕਾਰਾਂ ਦੇ ਬਣੇ ਪਾਲਤੂ ਕੌਣ ਸੁਣੇ ਫਰਿਆਦਾਂ । ਬੈਠ ਸਟੇਜਾਂ ਉੱਤੇ ਆਪਣੀ ਆਪ ਕਰਨ ਵਡਿਆਈ, ਮਹਾਂਪੁਰਖ ਅਖਵਾਉਂਦੇ ਚੌਰੇ ਫਿਰਨ ਕਲਗੀਆਂ ਲਾਈ। ਚਿੱਟੇ ਦੁੱਧ ਬਾਣਿਆਂ ਅੰਦਰ ਦਿਲ ਨੇ ਨੀਚ ਕਮੀਨੇ, ਬੈਠੇ ਮੁੱਛਾਂ ਜਾਣ ਮਰੋੜੀ , ਤੁਰਨ ਫੁਲਾ ਕੇ ਸੀਨੇ । ਮੈਂ ਹਾਂ ਰੱਬ ਦਾ ਸਕਾ ਸੋਦਰਾ ,ਪਾਲ ਲਈ ਖੁਸ਼ਫਹਿਮੀ, ਮਹਾਂਪੁਰਸ਼ਾਂ ਦੇ ਰੰਗ ਵੇਖ ਕੇ ਫਿਰੇ ਲੋਕਾਈ ਸਹਿਮੀ । ਚੰਗੇ ਭਲੇ ਬੰਦੇ ਦੀ ਮੱਤ ਤੇ ਐਸਾ ਪਾਉਂਦੇ ਪਰਦਾ , ਬੱਧੇ ਹੱਥੀਂ ਕਰੇ ਗੁਲਾਮੀ , ਰਹੇ ਘਾਟ ਨਾ ਘਰ ਦਾ । ਭੋਲੇ ਲੋਕੀ ਨਾ-ਸਮਝੀ ਵਿੱਚ ਸੰਤ ਜਿਹਨਾਂ ਨੂੰ ਕਹਿੰਦੇ , ਉਹ ਮੁਸ਼ਟੰਡੇ ਕਰਨ ਅਯਾਸ਼ੀ , ਪੀਂਦੇ , ਮੌਜਾਂ ਲੈਂਦੇ । ਵਿੱਚ ਮਹੱਲਾਂ ਰਹਿਣ ਬੂਬਨੇ ਰੱਖਣ ਮਹਿੰਗੀਆਂ ਕਾਰਾਂ, ਬੁੱਕਲ ਦੇ ਵਿੱਚ ਫਿਰਨ ਬਿਠਾਈ ਸ਼ੋਖ਼ ਬਾਂਕੀਆਂ ਨਾਰਾਂ। ਵਿੱਚ ਇਲਾਕੇ ਏਦਾਂ ਚੱਲਦੀ ਸਾਧਾਂ ਦੀ ਸਰਦਾਰੀ , ਜਿੱਦਾਂ ਜੂਹ ਵਿੱਚ ਖੁੱਲ੍ਹ ਮ ਖੁੱਲ੍ਹਾ ਫਿਰੇ ਸਾਨ੍ਹ ਸਰਕਾਰੀ। ਸਰਕਾਰਾਂ ਤੇ ਅਹਿਲਕਾਰ ਇਹਨਾਂ ਦਾ ਪਾਣੀ ਭਰਦੇ , ਅੰਗ ਪਾਲ ਕੇ ਬੂਬਨਿਆਂ ਦਾ ਵੋਟਾਂ ਪੱਕੀਆਂ ਕਰਦੇ । ਸਰਕਾਰਾਂ ਨੇ ਸਾਧ ਪਾਲ ਲਏ ਸਾਧਾਂ ਪਾਲੇ ਗੁੰਡੇ , ਕੌਣ ਇਹਨਾਂ ਨੂੰ ਟੋਕੇ ਵਰਜੇ ਕੌਣ ਪੁਟਾਵੇ ਜੁੰਡੇ । ਵਿਗੜੇ ਤਿਗੜੇ ਅੜੀਅਲ ਝੋਟੇ ਲੋਟ ਕਦੇ ਨਾ ਆਉਂਦੇ , ਭੜਕੇ ਅਗਨੀ ਜ਼ਾਤ ਪਾਤ ਦੀ ,ਐਸੀ ਤੀਲੀ ਲਾਉਂਦੇ। ਸਾੜ-ਫੂਕ ਤੇ ਲੁੱਟ -ਮਾਰ ਫਿਰ ਹੁੰਦੀ ਬੇ-ਤਹਾਸ਼ਾ , ਮਹਾਂ ਪੁਰਸ਼ ਜੀ ਬੈਠ ਅਟਾਰੀ ਵੇਖਣ ਰੰਗ ਤਮਾਸ਼ਾ । ਧਰਮ ਕਰਮ ਦੇ ਨਾਂ ਤੇ ਜਿਹੜੇ ਰੋਜ਼ ਕਰਾਉਂਦੇ ਦੰਗੇ , ਐਸੇ ਧਰਮੀ ਬੰਦਿਆਂ ਨਾਲੋਂ ਕੋਰੇ ਕਾਫ਼ਰ ਚੰਗੇ ।

ਮੈਂ ਤੇ ਮੈਂ

ਜਦ ਮੈਂ ਧੀ ਸਾਂ ,ਕੁਝ ਵੱਖਰੀ ਸਾਂ । ਚੰਚਲ ਕਮਲੀ ,ਸ਼ੋਖ ਨਦੀ ਸਾਂ । ਹਰਿਆਂ ਬਾਗਾਂ ਦੀ ਤਿਤਲੀ ਸਾਂ , ਕਾਲੇ ਅੰਬਰ ਦੀ ਬਿਜਲੀ ਸਾਂ । ਜੰਗਲ ਦੀ ਆਜ਼ਾਦ ਪੌਣ ਸਾਂ , ਕੀ ਆਖਾਂ ਮੈਂ ਕੌਣ ਕੌਣ ਸਾਂ । ਰੰਗਲੇ ਖ਼ਾਬ ਰੋਜ਼ ਬੁਣਦੀ ਸਾਂ ਗੀਤ ਹਵਾਵਾਂ ਦੇ ਸੁਣਦੀ ਸਾਂ । ਤਦ ਕੋਈ ਮੇਰੇ ਨਾਲ ਨਹੀਂ ਸੀ , ਰਾਹ ਦਾ ਭਾਈਵਾਲ ਨਹੀਂ ਸੀ । ਆਪਣੇ ਸਿਰਜੇ ਰਾਹੀਂ ਤੁਰਨਾ , ਪੈਂਦੇ ਟੁੱਟ ਕੇ ਕਣ ਕਣ ਭੁਰਨਾ । ਬਿਰਛ ਤੋਂ ਇੱਕ ਤਿਣਕਾ ਹੋ ਜਾਣਾ , ਭੁਰ ਭੁਰ ਕੇ ਕਿਣਕਾ ਹੋ ਜਾਣਾ । ਹੁਣ ਮੈਂ ਮਾਂ ਹਾਂ, ਵੱਖਰੀ ਥਾਂ ਹਾਂ ਸੁਪਨਿਆਂ ਕੋਲੋਂ ਦੂਰ ਪਰ੍ਹਾਂ ਹਾਂ । ਧੀ ਦੀ ਹਰ ਗੱਲ ਨੂੰ ਸੁਣਦੀ ਹਾਂ ਜੱਗ ਦੀ ਪੋਣੀ ਚੋਂ ਪੁਣਦੀ ਹਾਂ । ਊਚ ਨੀਚ ਸਭ ਸਮਝਾਉਂਦੀ ਹਾਂ ਅੰਬਰ ਛੋਹੇ ਇਹ ਚਾਹੁੰਦੀ ਹਾਂ । ਜਦ ਵੀ ਉਸਦਾ ਹੱਥ ਫੜਦੀ ਹਾਂ ਰੁੱਗ ਨਸੀਹਤਾਂ ਦਾ ਧਰਦੀ ਹਾਂ । ਪਰ ਮੈਂ ਉਹਨੂੰ ਕੈਦ ਨਹੀਂ ਕਰਦੀ ਨਾ ਮੈਂ ਉਹਦੇ ਖੰਭ ਕੁਤਰਦੀ । ਜਿਹੜੇ ਸੁਪਨੇ ਉਹ ਬੁਣਦੀ ਹੈ ਮੈਂ ਉਹਨਾਂ ਦਾ ਅੰਗ ਹੁੰਦੀ ਹਾਂ । ਔਖੇ ਬਿਖੜੇ ਰਸਤਿਆਂ ਉੱਤੇ , ਹਰ ਪਲ ਉਹਦੇ ਸੰਗ ਹੁੰਦੀ ਹਾਂ ।

ਚੰਦ੍ਰਮਾ

ਚੇਤਰ ਮਾਹ ਦੀ ਪੂਰਨਮਾਸ਼ੀ , ਗੋਲ ਜਿਵੇਂ ਸੋਨੇ ਦੀ ਤਾਸੀ , ਹਰ ਵਿਹੜੇ ਦੀ ਲਵੇ ਤਲਾਸ਼ੀ , ਵੇਖ ਨੀ ਚੜ੍ਹਿਆ ਚੰਦਰਮਾ । ਸੋਨੇ ਵਰਗੀ ਦੱਖ ਏਸ ਦੀ , ਹਰ ਦਿਨ ਸੂਰਤ ਵੱਖ ਏਸ ਦੀ , ਰਾਤ ਕੁੜੀ ਦੇ ਮੱਥੇ ਟਿੱਕਾ ; ਕਿਸਨੇ ਘੜਿਆ ਚੰਦਰਮਾ । ਰੱਬ ਦੀ ਸਹੁੰ ਇਹ ਬੜਾ ਸਤਾਵੇ , ਜਿੱਥੇ ਜਾਵਾਂ ਨਾਲ ਹੀ ਜਾਵੇ , ਵਰਜ਼ੇ ਤੋਂ ਵੀ ਪਿਛਾਂ ਮੁੜੇ ਨਾ , ਬੜਾ ਵਿਗੜਿਆ ਚੰਦ੍ਰਮਾ । ਕਿਸੇ ਹੀਰ ਨੂੰ ਹੋਊ ਸਤਾਇਆ , ਤਾਹੀਓਂ ਮੱਥੇ ਨੀਲ ਪਵਾਇਆ , ਕਿਸੇ ਸੁਭਾਅ ਦੀ ਡਾਢੀ ਦੇ ਨਾਲ ; ਹੋਊ ਝਗੜਿਆ ਚੰਦਰਮਾ । ਜਾਹ ਤੇਰਾ ਇਤਬਾਰ ਨਹੀਂ ਕਰਨਾ , ਮੈਂ ਵੀ ਤੈਨੂੰ ਪਿਆਰ ਨਹੀਂ ਕਰਨਾ , ਤੂੰ ਤਾਂ ਜਣੀ ਖਣੀ ਦੇ ਪਿੱਛੇ  ; ਫਿਰਦੈਂ ਅੜਿਆ ਚੰਦਰਮਾ । ਸੂਰਜ ਨੇ ਜਦ ਅੱਖ ਝਮੱਕੀ , ਪਰਬਤ ਚੜ੍ਹਦੀ ਲਾਲੀ ਫੱਕੀ , ਰਾਤ ਕੁੜੀ ਨੇ ਬੋਝੇ ਪਾ ਕੇ ; ਘਰ ਨੂੰ ਖੜਿਆ ਚੰਦਰਮਾ ।

ਸੱਸੀ ਦੀ ਭਟਕਣ

ਇਸ਼ਕੇ ਦੇ ਪੰਧ ਵਿੱਚ ਕਿਹੜਾ ਇਹ ਪੜਾਅ ਜਿੱਥੇ ਰਹਿ ਗਈ ਇਕੱਲੀ ਸਾਡੀ ਜਿੰਦ ਵੇ ; ਆਉਣ ਦੀ ਅਗੇਤੀ ਕਾਹਲੀ ਪੈ ਗਈ ਵਿਛੋੜਿਆਂ ਨੂੰ ਕੀਤੀ ਨਾ ਉਡੀਕ ਝੱਟ ਬਿੰਦ ਵੇ । ਅੱਜ ਸਾਨੂੰ ਬਾਗਾਂ ਚ ਬਹਾਰ ਆਈ ਭਾਂਵਦੀ ਨਾ ਅੱਜ ਸਾਡਾ ਚਿੱਤ ਏ ਉਦਾਸ ਵੇ ; ਅੱਜ ਸਾਡੇ ਹਾਸਿਆਂ ਦੇ ਸੋਹਲ ਜਿਹੇ ਪਿੰਡਿਆਂ ਤੇ ਉੱਘੜੀ ਵਿਛੋੜਿਆਂ ਦੀ ਲਾਸ ਵੇ । ਝੂਠਿਆ ਜਹਾਨ ਦਿਆ ਦਿਲ ਕਾਹਨੂੰ ਲੁੱਟਣਾ ਸੀ ਇਓਂ ਜੇ ਕਮਾਉਣੀਆਂ ਸੀ ਚੋਰੀਆਂ ; ਹੁਣ ਤੈਨੂੰ ਯਾਦ ਹੀ ਨਹੀਂ ਅੱਖਾਂ ਕਜਰਾਰੀਆਂ ਤੇ ਬੁੱਲ੍ਹੀਆਂ ਗੁਲਾਬੀ , ਗੱਲ੍ਹਾਂ ਗੋਰੀਆਂ । ਨ੍ਹੇਰੀ ਨੇ ਉਡਾ ਲਈਆਂ ਨੇ ਰੇਤੇ ਉੱਤੋਂ ਪੈੜਾਂ ਸਾਨੂੰ ਮੁੱਕਦੀ ਨਾ ਟਿੱਬਿਆਂ ਦੀ ਵਾਟ ਵੇ ; ਪੈਰਾਂ ਦੀਆਂ ਤਲੀਆਂ ਚ ਫੁੱਟ ਗਏ ਨੇ ਛਾਲੇ ਪੈ ਕੇ ਦਿਲ ਤੀਕ ਜਾਂਦੀ ਏ ਤ੍ਰਾਟ ਵੇ । ਨੈਣਾਂ ਦਿਆਂ ਪੱਤਣਾਂ ਤੇ ਹੰਝੂਆਂ ਦੀ ਚਹਿਲ ਪਹਿਲ ਹੁੰਦੀ ਰਹਿੰਦੀ ਹੁਣ ਚੱਤੋ ਪਹਿਰ ਵੇ ; ਦੁੱਖਾਂ ਦੀਆਂ ਬੇੜੀਆਂ ' ਚ ਹੋ ਗਈ ਅਸਵਾਰ ਸਾਡੇ ਜੋਬਨਾਂ ਦੀ ਤਿੱਖੜ ਦੁਪਹਿਰ ਵੇ । ਮੈਂ ਸਾਂ ਅਣਭੋਲ ਰਾਣੀ ਮਾਂ ਨੇ ਬੜਾ ਆਖਿਆ ਸੀ ਝੂਠੀਆਂ ਬਲੋਚਾਂ ਦੀਆਂ ਯਾਰੀਆਂ ; ਥਲਾਂ ਵਿੱਚ ਭਾਲਦੀਆਂ ਸਿਖ਼ਰ ਦੁਪਹਿਰੇ ਪੈੜਾਂ ਸੱਸੀਆਂ ਵਿਯੋਗ ਦੀਆਂ ਮਾਰੀਆਂ । ਮਰ ਜਾਏ ਡਾਚੀ ਜਿਹੜੀ ਕਰਕੇ ਸਵਾਰ ਤੈਨੂੰ ਉੱਡ ਗਈ ਏ ਨਦੀਆਂ ਤੋਂ ਪਾਰ ਵੇ ; ਅਸਾਂ ਮਰ ਜਾਣਾ ਪਰ ਜੁੱਗਾਂ ਤੀਕ ਜਿਊਂਦਾ ਰਹਿਣਾ ਸੱਸੀ ਦਾ ਬਲੋਚ ਨਾਲ ਪਿਆਰ ਵੇ ।

ਕੱਚ ਦੀਆਂ ਮੁੰਦਰਾਂ

ਜੋਗੀ ਦਿਆਂ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਨੇ , ਮੁੰਦਰਾਂ ਦੇ ਵਿੱਚੋਂ ਸਾਂਵਾਂ ਮੂੰਹ ਦਿਸੇ ਹੀਰ ਦਾ । ਇੱਕ ਹੱਥ ਖਾਲੀ ਕਾਸਾ ਦੂਏ ਹੱਥ ਵੰਝਲੀ ਏ , ਵੰਝਲੀ ਦਾ ਬੋਲ ਜਾਵੇ ਅੰਬਰਾਂ ਨੂੰ ਚੀਰਦਾ । ਗੋਰਾ ਤੇ ਨਿਸ਼ੋਹ ਅੱਸੂ ਕੱਤੇ ਦੀ ਜਿਓਂ ਧੁੱਪ ਹੁੰਦੀ , ਗੱਭਰੂ ਜਵਾਨ ਸੁਹਣਾ ਛਾਂਟਵੇਂ ਸਰੀਰ ਦਾ । ਸਹਿਤੀ ਕਹੇ ਜੋਗੀੜਾ ਉਦਾਸ ਐਨਾ ਭਾਬੀਏ ਨੀ , ਜਿਵੇਂ ਹੱਥੀਂ ਭੰਨ ਆਇਆ ਠੂਠਾ ਤਕਦੀਰ ਦਾ । ਲਾਟ ਵਾਂਗੂੰ ਮੱਚਦੀਆਂ ਅੱਖਾਂ ਮਰ ਜਾਣੇ ਦੀਆਂ , ਵੱਖਰਾ ਰੁਆਬ ਇਸ ਨਵੇਂ ਜਿਹੇ ਫ਼ਕੀਰ ਦਾ । ਕੰਮ ਦਾ ਸਤਾਇਆ ਜੱਟ ਹੋ ਗਿਆ ਏ ਸਾਧ ਖ਼ੌਰੇ , ਮਾਰਿਆ ਹੋਇਆ ਜਾਂ ਕੋਈ ਲੇਖ ਦੀ ਲਕੀਰ ਦਾ । ਲੰਮੇ ਪੈਂਡੇ ਮਾਰ ਆਇਆ ਪਿੰਡ ਪਿੰਡ ਭਾਲਦਾ ਏ , ਹਿੱਸਾ ਗੁੰਮ ਹੋਇਆ ਕਿਸੇ ਸੁਹਣੀ ਤਸਵੀਰ ਦਾ । ਅੱਲਾ ਜਾਣੇ ਦਰਜ਼ੀ ਉਹ ਕੌਣ ਜੋ ਲੰਗਾਰ ਭਰੇ , ਰਾਂਝਣੇ ਦੇ ਇਸ਼ਕੇ ਦੀ ਪਾਟੀ ਹੋਈ ਲੀਰ ਦਾ । ਦਰਾਂ 'ਚ ਖਲੋਤੇ ਕਿਸੇ ਜੋਗੀੜੇ ਦੇ ਮੁੱਖ ਉੱਤੋਂ , ਝੌਲਾ ਪਿਆ ਜਾਣੇ ਤੇ ਪਛਾਣੇ ਰਾਹਗੀਰ ਦਾ । ਮੇਲਦੀ ਨਿਸ਼ਾਨ ਰਾਂਝੇ ਨਾਲ ਸੁਹਣੇ ਜੋਗੀੜੇ ਦੀ , ਨੰਗੇ ਪੈਰੀਂ ਧੂੜ ਉੱਤੇ ਟੁੱਕੀ ਗਈ ਜੰਜ਼ੀਰ ਦਾ । ਕੀਹਦੇ ਪਿੱਛੇ ਕੰਨ ਪੜਵਾਈ ਫਿਰੇਂ ਜੋਗੀਆ ਵੇ , ਲੱਭਦਾ ਏਂ ਖ਼ੁਰਾ ਕਿਹੜੇ ਨੇੜਲੇ ਸਕੀਰ ਦਾ । ਸੁਣ ਕੇ ਆਵਾਜ਼ ਰਾਂਝੇ ਚੁੱਕੀਆਂ ਉਤਾਂਹ ਅੱਖਾਂ , ਟੁੱਟ ਗਿਆ ਬੰਨ੍ਹ ਨੀਲੇ ਨੈਣਾਂ ਵਿੱਚੋਂ ਨੀਰ ਦਾ । ਕਰਕੇ ਦੀਦਾਰ ਲਿੱਸੇ ਮੁੱਖ ਤੇ ਬਹਾਰ ਖਿੜੀ , ਭੁੱਲ ਗਿਆ ਚੇਤਾ ਉੱਚੇ ਟਿੱਲੇ ਵਾਲੇ ਪੀਰ ਦਾ ।

ਐਸਾ ਜੋਗ ਕਮਾ

ਭਗਵੇ ਪਹਿਨੇ ਕਹਾਵੇਂ ਜੋਗੀ , ਸਾਰ ਜੋਗ ਦੀ ਜਾਣੇ ਕੌਣ ? ਰੱਖ ਕੇ ਡੋਰ ਖ਼ੁਦਾਵੰਦ ਉੱਤੇ , ਰਹਿੰਦਾ ਏ ਵਿੱਚ ਭਾਣੇ ਕੌਣ ? ਸਬਰ ਸਬੂਰੀ ਬੰਨ੍ਹ ਕੇ ਪੱਲੇ , ਤਜਦਾ ਮਿੱਠੜੇ ਖਾਣੇ ਕੌਣ ? ਆਪਣੇ ਵਿੱਚੋਂ ਆਪ ਗਵਾ ਕੇ , ਉਹਦੀ ਨਦਰ ਪਛਾਣੇ ਕੌਣ ? ਲੱਬ ਸ਼ੈਤਾਨ ਕਿਸੇ ਵੱਸ ਨਾਹੀਂ , ਮੋਹ ਦੀਆਂ ਤੰਦਾਂ ਤੋੜੇ ਕੌਣ ? ਕਾਮ ਕ੍ਰੋਧ ਨੂੰ ਪਾ ਕੇ ਖੂਹੇ , ਸੱਚੇ ਸੰਗ ਲਿਵ ਜੋੜੇ ਕੌਣ ? ਜਦ ਹੰਕਾਰੇ ਬੜ੍ਹਕਾਂ ਮਾਰੇ , ਤਾਂ ਇਸ ਮਨ ਨੂੰ ਹੋੜੇ ਕੌਣ ? ਘੜਾ ਪਾਪ ਆਪਣੇ ਦਾ ਆਪੇ ਆਣ ਚੁਰਸਤੇ ਫੋੜੇ ਕੌਣ ? ਦੁਨੀਆਂ ਦੇ ਪੈਰਾਂ ਵਿੱਚ ਵਿਛ ਕੇ , ਧੂੜੀ ਹੋਣਾ ਲੋੜੇ ਕੌਣ ? ਜੇ ਤੂੰ ਜੋਗ ਕਮਾਉਣਾ ਲੋੜੇ , ਐਸਾ ਜੋਗ ਕਮਾ ਵੇ ਜੋਗੀ । ਫੜ ਲੈ ਸਬਰ ਸਬੂਰੀ ਕਾਸਾ , ਦਰ ਦਰ ਅਲਖ਼ ਜਗਾ ਵੇ ਜੋਗੀ । ਪਰ ਉਪਕਾਰ ਦੀ ਪਾ ਲੈ ਮਾਲਾ , ਦਿਲ ਰੱਖੀਂ ਦਰਿਆ ਵੇ ਜੋਗੀ । ਹੱਕ ਸੱਚ ਨੂਰ ਦਾ ਹੋਕਾ ਦੇਂਦਾ , ਚਾਰੇ ਕੂਟਾਂ ਗਾਹ ਵੇ ਜੋਗੀ । ਨਾਗ ਤਮ੍ਹਾਂ ਦਾ ਪਾਇ ਪਟਾਰੀ , ਬਾਹਰੋਂ ਜਿੰਦਰਾ ਲਾ ਵੇ ਜੋਗੀ । ਰਾਹ ਬਾਬੇ ਨਾਨਕ ਦਾ ਫੜ ਕੇ ਅਸਲੋਂ ਅਸਲ ਕਹਾ ਵੇ ਜੋਗੀ ।

ਚੀਚੋ ਚੀਚ ਗਨੇਰੀਆਂ

ਚੀਚੋ ਚੀਚ ਗਨੇਰੀਆਂ ਕੀਹਨੇ ਇੰਜ ਖਿਲੇਰੀਆਂ । ਕਾਟੋ ਕਿੱਕਰ ਚੜ੍ਹ ਗਈ , ਲੈ ਕੇ ਰੀਝਾਂ ਤੇਰੀਆਂ । ਚਾਤਰ ਵੇਲਾ ਛਲ਼ ਗਿਆ ਕਰ ਕੇ ਹੇਰਾ ਫੇਰੀਆਂ । ਕਾਬੂ ਵਿੱਚ ਨਾ ਆਉਂਦੀਆਂ , ਥੋੜਾਂ ਅਲ਼ਕ ਵਛੇਰੀਆਂ । ਥੰਮ੍ਹੀਆਂ ਘੁਣ ਨੇ ਖਾਧੀਆਂ , ਕੰਧਾਂ ਕੱਲਰ ਕੇਰੀਆਂ । ਪੈਰ ਲੱਗਣ ਨਾ ਦੇਂਦੀਆਂ , ਵਕਤਾਂ ਦੀਆਂ ਹਨੇਰੀਆਂ । ਸ਼ਾਹ ਦਾ ਕਰਜ਼ਾ ਲੈ ਗਿਆ ਕਿੱਲਿਓਂ ਖੋਲ੍ਹ ਲਵੇਰੀਆਂ । ਕੰਜ ਕੁਆਰੀ ਧੀ ਦੇ , ਜੋਬਨ ਅੱਖਾਂ ਫੇਰੀਆਂ । ਸੱਧਰਾਂ ਹੋਈਆਂ ਗੁੰਗੀਆਂ, ਸੋਚਾਂ ਬੁੱਢੀਆਂ ਠੇਰੀਆਂ । ਪੂਰੇ ਕਿਹੜੇ ਹੀਲੜੇ , ਰੀਝਾਂ ਆਉਣ ਬਥੇਰੀਆਂ । ਚੀਚੋ ਚੀਚ ਗਨੇਰੀਆਂ , ਕਦੋਂ ਹੋਣਗੀਆਂ ਤੇਰੀਆਂ ?

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਮੀਤ ਕੌਰ ਸੰਧਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ