Punjabi Kundalian : Trilok Singh Thakurela

Translator: Paramjeet Kaur 'Reet'

ਪੰਜਾਬੀ ਕੁੰਡਲੀਆਂ : ਤ੍ਰਿਲੋਕ ਸਿੰਘ ਠਕੁਰੇਲਾ

ਅਨੁਵਾਦਕ: ਪਰਮਜੀਤ ਕੌਰ 'ਰੀਤ'


1. ਚਲਦੇ-ਚਲਦੇ ਇੱਕ ਦਿਨ,ਕਿਸ਼ਤੀ ਲੰਘੇ ਪਾਰ। ਮਿਲ ਜਾਂਦਾ ਸਭ ਓਸਨੂੰ, ਜਿਸ ਮਨ ਚਾਅ-ਚਿਤਾਰ।। ਜਿਸ ਮਨ ਚਾਅ-ਚਿਤਾਰ, ਕੋਸ਼ਿਸ਼ਾਂ ਸਫਲ ਬਣਾਵਣ । ਚੱਲਣ ਜੋ ਅਣਥੱਕ, ਨੇਮ੍ਹਤਾਂ ਉਹ ਹੀ ਪਾਵਣ । 'ਠਕੁਰੇਲਾ' ਕਵਿਰਾਯ, ਤਲੀਆਂ ਵੇਲ੍ਹੇ ਮਲਦੇ। ਮੰਜ਼ਿਲ ਪਾਉਂਦੇ ਸਿਰਫ਼, ਸਿਆਣੇ ਚਲਦੇ-ਚਲਦੇ।। 2. ਅਸਲੀ-ਨਕਲੀ ਦੀ ਪਰਖ, ਕਸਵੱਟੀ 'ਤੇ ਕੱਸ। ਹੀਰਾ ਹੈ ਜਾਂ ਕੱਚ ਹੈ, ਸਹਿਜੇ ਦੇਵੇ ਦੱਸ ।। ਸਹਿਜੇ ਦੇਵੇ ਦੱਸ, ਛਲਾਵਾ ਬਚੇ ਨਾ ਪਲ ਦਾ। ਬੇਲੀ-ਵੈਰੀ ਕੌਣ, ਵਕ਼ਤ ਤੇ ਪਤਾ ਹੈ ਚਲਦਾ। 'ਠਕੁਰੇਲਾ' ਕਵਿਰਾਯ , 'ਜਦ ਮਨ ਡੋਰੀ ਕਸ ਲੀ' । ਲੱਗਾ ਸੁਖਾਲਾ ਫੇਰ, ਜਾਣਨਾ ਨਕਲੀ ਅਸਲੀ।। 3. ਮਿਲਦੇ ਹਨ ਹਰ ਇੱਕ ਨੂੰ, ਮੌਕੇ ਸੌ-ਸੌ ਵਾਰ। ਭਾਂਵੇ ਲਾਹਾ ਲੈ ਲਉ, ਜਾਂ ਕਰ ਦਿਉ ਬੇਕਾਰ ।। ਜਾਂ ਕਰ ਦਿਉ ਬੇਕਾਰ, ਵਕ਼ਤ ਨੂੰ ਵੇਖੋ ਜਾਂਦੇ । ਏਦਾਂ ਕਰਕੇ ਲੋਕ, ਫਿਰਨ ਪਛਤਾਵੇ ਲਾਂਦੇ ।। 'ਠਕੁਰੇਲਾ' ਕਵਿਰਾਯ, ਫੁੱਲ ਮੇਹਨਤ ਦੇ ਖਿਲਦੇ। ਜ਼ਿੰਦਗੀ 'ਚ ਅਣਿਗਣਤ, ਸਭ ਨੂੰ ਮੌਕੇ ਮਿਲਦੇ।। 4. ਰੁੱਖੀ-ਸੁੱਖੀ ਠੀਕ ਹੈ, ਜੇਕਰ ਮਿਲਦਾ ਮਾਨ। ਜੇ ਹੋਵੇ ਅਪਮਾਨ ਤਾਂ, ਚੰਗੇ ਨਾ ਪਕਵਾਨ।। ਚੰਗੇ ਨਾ ਪਕਵਾਨ, ਘੁੱਟ ਜ਼ਹਿਰੀਲੇ ਪੀਣਾ। ਜੀਉਣਾ ਉਹੀ ਯਾਰ, ਨਾਲ ਇੱਜਤ ਦੇ ਜੀਣਾ। 'ਠਕੁਰੇਲਾ' ਕਵਿਰਾਯ, ਮਾਨ ਦੀ ਦੁਨੀਆਂ ਭੁੱਖੀ। ਭਲੀ ਮਾਨ ਦੇ ਨਾਲ, ਮਿਲੇ ਜੋ ਰੋਟੀ ਰੁੱਖੀ।। 5. ਪੀੜਾਂ ਦੇ ਦਿਨ ਠੀਕ ਹਨ, ਹੋਵਣ ਜੇ ਦੋ ਚਾਰ। ਕੌਣ ਮੀਤ, ਲੱਗਦਾ ਪਤਾ, ਕੌਣ ਮਤਲਬੀ ਯਾਰ।। ਕੌਣ ਮਤਲਬੀ ਯਾਰ, ਸਮਾਂ ਪਛਾਣ ਕਰਾਉਂਦਾ। ਰਵ੍ਹੇ 'ਹਿਤੈਸ਼ੀ' ਨਾਲ, ਮਤਲਬੀ ਨੇੜ ਨ ਆਉਂਦਾ। 'ਠਕੁਰੇਲਾ' ਕਵਿਰਾਯ, ਸੱਚ ਤੋਂ ਕੰਬਣ ਭੀੜਾਂ । ਹੋਏ ਸਰਬ ਪਛਾਣ, ਰਹਿਣ ਜੇ ਕੁਛ ਦਿਨ ਪੀੜਾਂ।। 6. ਆ ਜਾਂਦੇ ਜੇਕਰ ਕਦੇ, ਮਨ 'ਚ ਮਾੜੇ ਵਿਚਾਰ। ਤੇਗ ਮਾਰ ਕੇ ਗਿਆਨ ਦੀ, ਗਿਆਨੀ ਦੇਂਦਾ ਮਾਰ।। ਗਿਆਨੀ ਦੇਂਦਾ ਮਾਰ, ਅਤੇ ਅਗਿਆਨੀ ਫਸਦੇ। ਵਿਗੜਣ ਸਾਰੇ ਕੰਮ, ਵੇਖ ਕੇ ਲੋਕੀਂ ਹਸਦੇ । 'ਠਕੁਰੇਲਾ' ਕਵਿਰਾਯ, ਅਸਰ ਆਪਣਾ ਵਿਖਾਂਦੇ। ਦੁੱਖਾਂ ਦੀ ਜੜ੍ਹ ਇਹੀ, ਵੀਚਾਰ ਮਨ 'ਚ ਆ ਜਾਂਦੇ।। 7. ਹੌਲੀ-ਹੌਲੀ ਵਕ਼ਤ ਹੀ, ਭਰ ਦੇਂਦਾ ਨਾਸੂਰ। ਮੰਜ਼ਿਲ ਤੇ ਹੈ ਪਹੁੰਚਦੀ, ਕਿਸ਼ਤੀ ਭਾਵੇਂ ਦੂਰ।। ਕਿਸ਼ਤੀ ਭਾਵੇਂ ਦੂਰ, ਕਿਨਾਰਾ ਮਿਲੇ ਸੁਖਾਲਾ। ਮਨ ਦੀ ਮਿਟਦੀ ਪੀੜ, ਨ੍ਹੇਰ ਦਾ ਟੁਟਦਾ ਤਾਲਾ । 'ਠਕੁਰੇਲਾ' ਕਵਿਰਾਯ, ਖੁਸ਼ੀ ਦੀ ਬੰਸੀ ਬੋਲੀ। ਧੀਰਜ ਰੱਖਿਆਂ ਮੀਤ, ਮਿਲੇ ਸਭ ਹੌਲੀ-ਹੌਲੀ।। 8. ਅੱਗੇ ਵੱਧਦੇ ਹਿੰਮਤੀ, ਹਾਰ ਮਿਲਣ ਜਾਂ ਹਾਰ। ਨਵੀਂ ਊਰਜਾ ਵਿਚ ਭਰਣ, ਵਾਰ-ਵਾਰ ਹਰ ਵਾਰ।। ਵਾਰ-ਵਾਰ ਹਰ ਵਾਰ, ਔਕੜਾਂ ਤੋਂ ਨਾ ਡਰਦੇ। ਖਾਈ ਜਾਂ ਕਿ ਪਹਾੜ, ਰਾਹ ਨਾ ਚਿੰਤਾ ਕਰਦੇ। 'ਠਕੁਰੇਲਾ' ਕਵਿਰਾਯ, ਵਿਜਯ ਰਥ ਚਲਦਾ ਲੱਗੇ। ਲੱਖ ਮੁਸ਼ਕਲਾਂ ਹੋਣ, ਹਿੰਮਤੀ ਵੱਧਦੇ ਅੱਗੇ। 9. ਮਕੜੀ ਤੋਂ ਕਾਰੀਗਰੀ, ਬਗੁਲੇ ਤੋਂ ਤਰਕੀਬ। ਕੀੜੀ ਤੋਂ ਮਿਹਨਤ ਸਦਾ, ਸਿੱਖਣ ਸਾਰੇ ਜੀਵ।। ਸਿੱਖਣ ਸਾਰੇ ਜੀਵ, ਸ਼ੇਰ ਤੋਂ ਸਾਹਸ ਪਾਵਣ। ਕੋਇਲ ਵਰਗੇ ਬੋਲ, ਪ੍ਰੇਰਣਾ ਨਵੀਂ ਜਗਾਵਣ। 'ਠਕੁਰੇਲਾ' ਕਵਿਰਾਯ, ਭਲਾਈ ਕਰਦੇ ਤਕੜੀ। ਸਭ ਤੋਂ ਸਿੱਖਿਆ ਮਿਲੇ, ਹੋਣ ਘੋੜਾ ਜਾਂ ਮਕੜੀ।। 10. ਹੋਣੀ ਦੇ ਹੀ ਖੇਡ ਹਨ, ਸੁਖ ਆਵਣ ਜਾਂ ਪੀੜ। ਜਸ, ਅਪਜਸ, ਜੋਬਨ-ਜਰਾ, ਰੂਪ, ਕੁਰੂਪੀ ਭੀੜ।। ਰੂਪ, ਕੁਰੂਪੀ ਭੀੜ, ਮੀਤ, ਪਿਤੁ, ਮਾਤਾ, ਭਾਈ। ਹੋਣੀ ਦੇ ਅਨੁਸਾਰ, ਏਹ ਧਨ ਦੌਲਤ ਪਾਈ। 'ਠਕੁਰੇਲਾ' ਕਵਿਰਾਯ, ਕਿਉਂ ਕੀਤੀ ਸੂਰਤ ਰੋਣੀ। ਜੀਵਨ ਦੇ ਸਭ ਖੇਡ, ਖਿਡਾਵੇ ਆਪੇ ਹੋਣੀ।। 11. ਤਪਦਾ ਹੈ ਸੋਨਾ ਜਦੋਂ, ਰੂਪ ਨਿਖਰਦਾ ਹੋਰ । ਰੁਕਣ ਕਦੇ ਨਾ ਹਿੰਮਤੀ, ਭਾਵੇਂ ਧੁੱਪਾਂ ਜੋਰ ।। ਭਾਵੇਂ ਧੁੱਪਾਂ ਜੋਰ , ਮੁਸ਼ਕਲਾਂ ਬਣ ਕੇ ਆਵਣ । ਧੀਰਜ ਦੀ ਫੜ ਬਾਂਹ, ਕਦੇ ਵੀ ਨਾ ਘਬਰਾਵਣ । 'ਠਕੁਰੇਲਾ' ਕਵਿਰਾਯ, ਕਿਉਂ ਬੰਦਾ ਰੋਂਦਾ-ਖਪਦਾ । ਕੁੰਦਨ ਬਣਦਾ ਉਹੀ, ਅੱਗ ਵਿਚ ਜਿਹੜਾ ਤਪਦਾ ।। 12. ਬੰਦੇ ਦਾ ਮੁੱਲ ਤਾਂ ਪਵੇ, ਜੇ ਚੰਗਾ ਕਿਰਦਾਰ । ਕੌਡੀ ਦਾ ਵੀ ਨਾ ਵਿਕੇ, ਅਤਰ ਮਹਿਕ ਬਿਨ ਯਾਰ ।। ਅਤਰ ਮਹਿਕ ਬਿਨ ਯਾਰ, ਗੁਣਾਂ ਨੂੰ ਪੁੱਛਣ ਸਾਰੇ। ਮੋਤੀ ਤੇ ਜੇ ਨੂਰ ਨਹੀਂ, ਕੀ ਕਦਰ ਪਿਆਰੇ । ‘ਠਕੁਰੇਲਾ’ ਕਵਿਰਾਯ, ਕਹਾਵਨ ਚੰਗੇ-ਮੰਦੇ । ਗੁਣਾਂ ਔਗੁਣਾਂ ਨਾਲ, ਦੇਵਤੇ, ਰਾਖ਼ਸ਼, ਬੰਦੇ ॥ 13. ਜਿਹੜੇ ਮਿੱਠਾ ਬੋਲਦੇ, ਬਣਨ ਉਨ੍ਹਾਂ ਦੇ ਕੰਮ । ਬੋਲਾਂ ਦੀ ਨਰਮੀ ਵਜੋਂ, ਮਿੱਤਰ ਪੈਂਦੇ ਜੰਮ ।। ਮਿੱਤਰ ਪੈਂਦੇ ਜੰਮ, ਸੁਖਾਲਾ ਹੁੰਦਾ ਜੀਵਨ । ਜਾਣ ਦੇਸ਼ ਪਰਦੇਸ਼, ਜਿੱਤ ਲੈਂਦੇ ਸਭ ਦਾ ਮਨ। ‘ਠਕੁਰੇਲਾ’ ਕਵਿਰਾਯ, ਰਾਤ ਦਿਨ ਹਾਸੇ-ਖੇੜੇ । ਸਭ ਨੂੰ ਲੈਂਦੇ ਮੋਹ, ਬੋਲਦੇ ਮਿੱਠਾ ਜਿਹੜੇ ॥ 14. ਹੋਰਾਂ ਤੋਂ ਜੋ ਚਾਹੁਨੈਂ, ਪਹਿਲਾਂ ਓਹੀ ਵੰਡ। ਲੈਣ-ਦੇਣ ਵਿਵਹਾਰ ਵਿਚ, ਲੂਣ ਵਰਤ ਜਾਂ ਖੰਡ ।। ਲੂਣ ਵਰਤ ਜਾਂ ਖੰਡ, ਜੁੜਨ ਆਪਸ ਵਿਚ ਤਾਰਾਂ । ਜੈਸੇ ਹੋਵਣ ਬੀਜ, ਹੋਣ ਰੁੱਖਾਂ ਦੀਆਂ ਡਾਰਾਂ । ‘ਠਕੁਰੇਲਾ’ ਕਵਿਰਾਯ, ਸਾਧ ਨਾ ਰਲਦੇ ਚੋਰਾਂ। ਮਿਲਣਾ ਮੁੜਕੇ ਉਹੀ, ਵੰਡਿਆ ਜੋ ਤੂੰ ਹੋਰਾਂ। 15. ਮੋਤੀ ਉਸਨੂੰ ਹੀ ਮਿਲਣ, ਜਿਸਦੀ ਡੂੰਘੀ ਭਾਲ । ਉਹਨੂੰ ਕੀ ਮਿਲਣਾ ਭਲਾ, ਖੜ੍ਹਾ ਕਿਨਾਰੇ ਨਾਲ ।। ਖੜ੍ਹਾ ਕਿਨਾਰੇ ਨਾਲ, ਝਿਜਕਦਾ ਨਾਲੇ ਡਰਦਾ । ਮੰਜ਼ਿਲ ਉਹਨੂੰ ਮਿਲੇ, ਸਦਾ ਜੋ ਕੋਸ਼ਿਸ਼ ਕਰਦਾ । ‘ਠਕੁਰੇਲਾ’ ਕਵਿਰਾਯ, ਮਿਲੇ ਉਦਮੀ ਨੂੰ ਜੋਤੀ । ਜਿਹੜੇ ਕਰਦੇ ਭਾਲ, ਮਿਲਣ ਉਹਨਾਂ ਨੂੰ ਮੋਤੀ ।। 16. ਬੋਲੀ ਹੁੰਦੀ ਜ਼ਹਿਰ ਵੀ, ਬੋਲੀ ਅੰਮ੍ਰਿਤ ਖੰਡ। ਬੋਲਾਂ ਦੇ ਗੁਣ ਦੋਸ਼ ਨੂੰ, ਕਿਵੇਂ ਸਕੇਂਗਾ ਵੰਡ।। ਕਿਵੇਂ ਸਕੇਂਗਾ ਵੰਡ, ਇਹੀ ਆਫਤ ਬਣ ਜਾਵੇ। ਕਦੇ ਇਹੀ ਧਨ, ਮਾਨ, ਸੁੱਖ ਤੇ ਨਾਮ ਕਮਾਵੇ । ‘ਠਕੁਰੇਲਾ’ ਕਵਿਰਾਯ, ਤਾਰ ਦਿੰਦੀ ਗੁਣ-ਗੋਲੀ। ਸਹਿਜ ਮਤੇ ਰਸਦਾਰ, ਸਦਾ ਜੇ ਹੋਵੇ ਬੋਲੀ ।। 17. ਭੁੱਖਾ ਬੰਦਾ ਹਾਰ ਕੇ, ਕਰ ਲੈਂਦਾ ਐ ਪਾਪ। ਮੁਹਰੇ ਢਿਡ ਦੀ ਅੱਗ ਦੇ , ਕੀ ਪੂਜਾ ਕੀ ਜਾਪ।। ਕੀ ਪੂਜਾ ਕੀ ਜਾਪ, ਕਿਸੇ ਨੂੰ ਲੱਗੇ ਚੰਗਾ । ਲੱਗਣ ਸਭ ਬੇਮੁੱਲ, ਹਿਮਾਲਾ ਭਾਵੇਂ ਗੰਗਾ। ‘ਠਕੁਰੇਲਾ’ ਕਵਿਰਾਯ, ਚੱਬ ਕੇ ਰੁੱਖਾ-ਸੁੱਕਾ। ਘਰ-ਘਰ ਹੋਵੇ ਰਿਜਕ, ਰਹੇ ਨਾ ਕੋਈ ਭੁੱਖਾ।। 18. ਕੋਸ਼ਿਸ਼ ਜੋ ਕਰਦਾ ਰਹੇ, ਸਭ ਕੁਝ ਆਵੇ ਕੋਲ। ਹਿਰਣ ਕਹੇ ਨਾ ਜਾ ਕਦੇ, ਸੁੱਤੇ ਸ਼ੇਰਾ! ਬੋਲ। ਸੁੱਤੇ ਸ਼ੇਰਾ! ਬੋਲ, ਭੁੱਖ ਨਾ ਮਿਟਦੀ ਆਕੇ। ਵਿਹਲੜ ਪੱਲੇ ਕੱਖ, ਰਹੇ ਨਾ, ਬੈਠਾ ਝਾਕੇ। ‘ਠਕੁਰੇਲਾ’ ਕਵਿਰਾਯ, ਸਮੇਂ ਦਾ ਬੱਦਲ ਵਰ੍ਹਦਾ। ਲਗਾਤਾਰ ਅਣਥੱਕ, ਰਹੇ ਕੋਸ਼ਿਸ਼ ਜੋ ਕਰਦਾ।। 19. ਪਾਣੀ ਵਿਚ ਰਹਿ ਕੇ ਕਰੇ, ਮਗਰਮਛ ਨਾਲ ਵੈਰ। ਇਹੋ ਜਿਹੇ ਮਾਸੂਮ ਦੀ, ਕਿੱਦਾਂ ਹੋਊ ਖੈਰ।। ਕਿੱਦਾਂ ਹੋਊ ਖੈਰ, ਨਾਲ ਸਿਲਤਾਂ ਦੇ ਖਹਿ ਕੇ । ਔਖਾ ਹੁੰਦਾ ਫਿਰੇ, ਦੁਖਾਂ ਨੂੰ ਬੇਲੀ ਕਹਿ ਕੇ। ‘ਠਕੁਰੇਲਾ’ ਕਵਿਰਾਯ, ਗੱਲ ਤਾਂ ਕਹੀ ਸਿਆਣੀ। ਮਗਰਮੱਛ ਜੇ ਯਾਰ, ਤਾਂ ਜੱਗ ਮਿੱਠਾ ਪਾਣੀ।। 20. ਓਹੀ ਔਖਾ ਕੰਮ ਜੋ, ਕੀਤਾ ਨਾ ਇਕ ਵਾਰ। ਜੋ ਵੀ ਹੱਥੀਂ ਕਰ ਲਿਆ, ਉਸ ਵਰਗੀ ਨਾ ਸਾਰ।। ਉਸ ਵਰਗੀ ਨਾ ਸਾਰ, ਵਗੇ ਪੱਥਰ ਚੋਂ ਪਾਣੀ। ਝੱਲਾ ਵੀ ਪਾ ਇਲਮ, ਕਦੇ ਤਾਂ ਬਣੇ ਗਿਆਨੀ। ‘ਠਕੁਰੇਲਾ’ ਕਵਿਰਾਯ, ਪੜ੍ਹੇ ਜੋ ਤੋਤਾ ਸੋਈ। ਹਰ ਇਕ ਟੀਚਾ ਫੇਰ, ਪਹੁੰਚ ਵਿਚ ਆਵੇ ਓਹੀ।। 21. ਮਤਲਬ ਦੇ ਸੰਸਾਰ ਵਿਚ, ਕੀਹਨੂੰ ਪੁੱਛੇ ਕੌਣ। ਸਿੱਧੇ ਜਿਹੇ ਸਵਾਲ ਤੋਂ, ਦੁਨੀਆਂ ਫੇਰੇ ਧੌਣ।। ਦੁਨੀਆਂ ਫੇਰੇ ਧੌਣ, ਮਤਲਬੀ ਲਗਦੇ ਸਾਰੇ। ਹਾਥੀ ਦੇ ਨੇ ਦੰਦ, ਜਿਵੇਂ ਵੱਖਰੇ ਤੇ ਨਿਆਰੇ। ‘ਠਕੁਰੇਲਾ’ ਕਵਿਰਾਯ, ਰਹਿਣ ਗਿਣਤੀਆਂ ਕਰਦੇ। ਲੋੜ ਪਵੇ ਤਾਂ ਬਨਣ, ਯਾਰ ਸਾਰੇ ਮਤਲਬ ਦੇ।। 22. ਛੇਤੀ ਸੌਂਦਾ ਰਾਤ ਨੂੰ, ਤੜਕੇ ਜਾਵੇ ਜਾਗ। ਉਸ ਦੇ ਤਨ ਮਨ ਸੁਖ ਵਸੇ, ਜਾਗਣ ਸੁੱਤੇ ਭਾਗ। ਜਾਗਣ ਸੁੱਤੇ ਭਾਗ, ਨਿਰੋਗੀ ਉਮਰ ਹੰਢਾਵੇ। ਮਿਹਰ ਕਰੇ ਕਰਤਾਰ, ਭਰੇ ਭੰਡਾਰੇ ਪਾਵੇ। ‘ਠਕੁਰੇਲਾ’ ਕਵਿਰਾਯ, ਗੁਣਾਂ ਦੀ ਕਰਦਾ ਖੇਤੀ। ਤੜਕਸਾਰ ਹੀ ਜਾਗ, ਰਾਤ ਜੋ ਸੌਂਦਾ ਛੇਤੀ।। 23. ਹੁੰਦੇ-ਸੁੰਦੇ ਰਿਜਕ ਦੇ, ਜਿਹਨੂੰ ਨਾ ਸੰਤੋਖ। ਜੀਵਨ ਦੇ ਹਰ ਮੋੜ 'ਤੇ , ਹੋਰਾਂ ਦੇਵੇ ਦੋਸ਼ ।। ਹੋਰਾਂ ਦੇਵੇ ਦੋਸ਼, ਲਾਲਸਾਵਾਂ ਵਿਚ ਮਰਦਾ। ਹੋਰ, ਹੋਰ ਫਿਰ ਮੰਗ, ਸਬਰ ਨਾ ਜਿਹੜਾ ਕਰਦਾ। ‘ਠਕੁਰੇਲਾ’ ਕਵਿਰਾਯ, ਲਾਲਚੀ ਲੀਰਾਂ ਗੁੰਦੇ। ਮਰੂੰ-ਮਰੂੰ ਉਹ ਕਰੇ, ਸਭ ਕੁੱਝ ਹੁੰਦੇ-ਸੁੰਦੇ।। 24. ਜਨਤਾ ਬਣਦੀ ਓਸਦੀ , ਜਿਹਦੇ ਸਿਰ ਤੇ ਤਾਜ। ਜਾਂ ਫਿਰ ਜੋ ਦੁਖ-ਸੁਖ ਸੁਣੇ, ਕਰੇ ਦਿਲਾਂ ਤੇ ਰਾਜ।। ਕਰੇ ਦਿਲਾਂ ਤੇ ਰਾਜ, ਕੁਵਖਤੇ ਬਣੇ ਸਹਾਰਾ। ਸੁਣਦਾ ਦਿਲ ਦੀ ਗੱਲ, ਜਿਵੇਂ ਅਰਸ਼ਾਂ 'ਤੇ ਤਾਰਾ। ‘ਠਕੁਰੇਲਾ’ ਕਵਿਰਾਯ, ਥਾਹ ਪਾ ਲੈਂਦਾ ਮਨ ਦੀ। ਜਿਹੜਾ ਵੰਡੇ ਪਿਆਰ, ਓਸਦੀ ਜਨਤਾ ਬਣਦੀ 25. ਤੀਲਾ-ਤੀਲਾ ਜੋੜਕੇ, ਬਣੇ ਆਲ੍ਹਣਾ ਵੇਖ। ਲੀਡਰ ਜੇ ਚੰਗਾ ਮਿਲੇ, ਭੀੜ ਬਦਲਦੀ ਲੇਖ ।। ਭੀੜ ਬਦਲਦੀ ਲੇਖ, ਨਵਾਂ ਇਤਿਹਾਸ ਬਣਾਵੇ। ਦੀਵਾ ਬੱਤੀ ਮਿਲਣ, ਜਿਵੇਂ ਤਾਂ ਜੋਤੀ ਆਵੇ। ‘ਠਕੁਰੇਲਾ’ ਕਵਿਰਾਯ, ਰੱਖ ਟੀਚਾ ਅਣਖੀਲਾ। ਲਿਖਣ ਇਬਾਰਤ ਨਵੀਂ, ਹੋਣ ਸੋਨਾ ਜਾਂ ਤੀਲਾ।। 26. ਉਸਦਾ ਇਸ ਸੰਸਾਰ ਵਿਚ, ਵੱਧਦਾ ਜਾਂਦਾ ਮਾਨ। ਕਸਵੱਟੀ ਤੇ ਜੋ ਸਦਾ, ਖਰਾ ਰਹੇ ਇਨਸਾਨ।। ਖਰਾ ਰਹੇ ਇਨਸਾਨ, ਚੁਫੇਰੇ ਖੁਸ਼ੀਆਂ ਘੋਲੇ । ਦਿਲ ਨੂੰ ਰੱਖੇ ਸਾਫ਼, ਕਦੇ ਨਾ ਮੰਦਾ ਬੋਲੇ । ‘ਠਕੁਰੇਲਾ’ ਕਵਿਰਾਯ, ਕਿਸੇ ਨੂੰ ਯਸ ਤਾਂ ਮਿਲਦਾ। ਲੋਕ ਭਲਾਈ ਨਾਲ, ਵਾਸਤਾ ਹੋਵੇ ਉਸਦਾ।। 27. ਬੰਦਾ ਆਪੇ ਬੀਜਦਾ, ਸੁੱਖ-ਦੁੱਖ, ਓ! ਮੀਤ। ਮਾਨ ਅਤੇ ਅਪਮਾਨ ਦੇ, ਪਾਵੇ ਆਪ ਤਵੀਤ।। ਪਾਵੇ ਆਪ ਤਵੀਤ, ਕਈ ਕਾਰੇ ਕਰ ਜਾਵੇ । ਸੁਰਗ ਨਰਕ ਦੀ ਵਾੜ, ਚੁਫੇਰੇ ਆਪ ਬਣਾਵੇ। 'ਠਕੁਰੇਲਾ’ ਕਵਿਰਾਯ, ਹਾਲ ਹੋ ਜਾਂਦਾ ਮੰਦਾ। ਜੰਡੀ ਜਾਂ ਫਿਰ ਅੰਬ, ਆਪ ਹੀ ਬੀਜੈ ਬੰਦਾ ।। 28. ਸਾਗਰ ਵਿਚ ਲਹਿਰਾਂ ਜਿਵੇਂ, ਨਿਤ ਆਉਣ ਤੇ ਜਾਣ। ਓਦਾਂ ਜੀਵਨ ਵਿਚ ਸਦਾ, ਸੁਖ-ਦੁਖ ਗੇੜੇ ਖਾਣ।। ਸੁਖ-ਦੁਖ ਗੇੜੇ ਖਾਣ, ਫੇਰ ਕੀ ਡਰ-ਡਰ ਜਾਣਾ । ਜਿਹੜਾ ਆਵੇ ਅੱਜ, ਤੁਰੇ ਕੱਲ੍ਹ ਮੰਨ ਕੇ ਭਾਣਾ । ‘ਠਕੁਰੇਲਾ’ ਕਵਿਰਾਯ, ਇੰਜ ਤਰਦੀ ਨਾ ਗਾਗਰ । ਤੁਰਨ ਤਸੱਲੀ ਨਾਲ, ਸੂਰਮੇ ਜਿੱਤਣ ਸਾਗਰ।। 29. ਰਹਿਣ ਕਦੇ ਨਾ ਇੱਕ ਹੀ, ਜੀਵਨ ਦੇ ਹਾਲਾਤ । ਪੱਤੇ ਸੁੱਕਣ ਟੁੱਟ ਕੇ, ਪੈਂਦੀ ਗ਼ਮ ਦੀ ਰਾਤ ।। ਪੈਂਦੀ ਗ਼ਮ ਦੀ ਰਾਤ, ਸੁਹੱਪਣ ਮਿੱਟੀ ਹੋਵੇ। ਫੁੱਲਾਂ ਵੰਨੀ ਵੇਖ, ਹਰ ਕਲੀ ਭਰ-ਭਰ ਰੋਵੇ । ‘ਠਕੁਰੇਲਾ’ ਕਵਿਰਾਯ, ਸਮੇਂ ਦੀ ਧਾਰ ਰੁਕੇ ਨਾ । ਹਾਲ ਬਦਲਦੇ ਜਾਣ, ਇੱਕ ਹੀ ਰਹਿਣ ਕਦੇ ਨਾ 30. ਤਾਕਤ ਹੀ ਸਭ ਕੁੱਝ ਨਹੀਂ, ਸਮੇਂ -ਸਮੇਂ ਦੀ ਗੱਲ । ਕੀੜੀ ਵੀ ਦਿੰਦੀ ਹਰਾ, ਹਾਥੀ ਵਰਗੇ ਮੱਲ ।। ਹਾਥੀ ਵਰਗੇ ਮੱਲ, ਗੋਡਿਆਂ ਭੂੰਜੇ ਰੋਲਣ । ਨਿੱਕੇ ਕੁਤਰਣ ਕੰਨ, ਕਸੂਤਾ ਜੇਕਰ ਬੋਲਣ। ਠਕੁਰੇਲਾ’ ਕਵਿਰਾਯ, ਸਮਝਿਆ ਨਾਲ ਲਿਆਕਤ । 'ਸਭ ਤੋਂ ਵੱਡਾ ਵਕਤ', ਕਹਿਣ ਪੈਸਾ ਤੇ ਤਾਕਤ। 31. ਤਿਤਲੀ ਆਉਂਦੀ ਐ ਸਦਾ, ਖਿੜਦੇ ਫੁੱਲਾਂ ਕੋਲ। ਚਾਹੁੰਦੇ ਹਨ ਸਾਰੇ ਇਹੀ, ਸਾਡਾ ਵੱਜੇ ਢੋਲ ।। ਸਾਡਾ ਵੱਜੇ ਢੋਲ , ਮਤਲਬਾਂ ਦੇ ਨੇ ਸੱਕੇ । ਮਨੁੱਖ ਦੇਵਤੇ ਨਾਗ, ਸੁਆਰਥਾਂ ਦੇ ਨੇ ਪੱਕੇ । ‘ਠਕੁਰੇਲਾ’ ਕਵਿਰਾਯ, ਭਲਾਈ ਸਾਡੇ ਵਿਚਲੀ । ਲੋਕੀਂ ਲਾਹਾ ਲੈਣ, ਜਿਵੇਂ ਫੁੱਲਾਂ ਤੋਂ ਤਿਤਲੀ ।। 32. ਵਕਤ ਹਮੇਸ਼ਾਂ ਮਨੁੱਖ ਨੂੰ, ਕਰਦਾ ਰਹੇ ਸੁਚੇਤ। ਕੋਈ ਤਾਂ ਜਾਂਦਾ ਸਮਝ, ਕੋਈ ਰਹੇ ਅਚੇਤ।। ਕੋਈ ਰਹੇ ਅਚੇਤ, ਵਿਚਾਰਾ ਬੁੱਧੀ ਮੋਟੀ । ਠੇਡੇ ਖਾਂਦਾ ਰੋਜ਼, ਨਾਲ ਧੋਖੇ ਦੀ ਸੋਟੀ । 'ਠਕੁਰੇਲਾ' ਕਵਿਰਾਯ, ਮੂਰਖਾਂ ਨੂੰ ਅੰਦੇਸ਼ਾ । ਫੜਨ ਸਮੇਂ ਦੀ ਵਾਗ, ਉਨ੍ਹਾਂ ਦਾ ਵਕਤ ਹਮੇਸ਼ਾ ।। 33. ਖਾਲੀ ਗੱਲਾਂ ਨਾਲ ਤਾਂ, ਲੜੇ ਜਾਣ ਨਾ ਜੁੱਧ । ਕਹਿਣੀ ਕਰਨੀ ਵਿਚ ਫਰਕ, ਕਰਨ ਕਦੇ ਨਾ ਬੁੱਧ ।। ਕਰਨ ਕਦੇ ਨਾ ਬੁੱਧ, ਉਹੀ ਇਤਿਹਾਸ ਬਣਾਵਣ । ਕੱਢ ਕੇ ਕੋਈ ਕਾਢ, ਅਮਰ ਜਗ ਤੇ ਹੋ ਜਾਵਣ। 'ਠਕੁਰੇਲਾ' ਕਵਿਰਾਯ,ਜਿਵੇਂ ਪਾਣੀ ਦੀਆਂ ਛੱਲਾਂ । ਰੂੜੀ ਅੰਦਰ ਬੀਜ, ਵਾਂਗ ਨੇ ਖਾਲੀ ਗੱਲਾਂ ।। 34. ਤਾੜੀ ਤਾਂ ਹੀਂ ਵੱਜਦੀ, ਮਿਲਦੇ ਜੇਕਰ ਹੱਥ । ਇੱਕ ਨਾਲ਼ ਇਕ ਬੈਠਦਾ, ਬਣਨ ਗਿਆਰਾਂ ਤੱਥ । ਬਣਨ ਗਿਆਰਾਂ ਤੱਥ, ਵਧੇ ਤਾਕਤ ਦੀ ਜੋਤੀ । ਬਣ ਜਾਂਦਾ ਹੈ ਹਾਰ, ਮਿਲਣ ਜੇ ਧਾਗਾ-ਮੋਤੀ । 'ਠਕੁਰੇਲਾ' ਕਵਿਰਾਯ, ਵੇਖ ਖੇਤਾਂ ਵਿਚ ਹਾੜ੍ਹੀ । ਖਿੜਦਾ ਜਿਵੇਂ ਕਿਸਾਨ, ਖੁਸ਼ੀ ਵਿਚ ਮਾਰੇ ਤਾੜੀ ।। 35. ਜੇਕਰ ਆਲਸ ਮਾਰਿਆ, ਬੈਠਾ ਰਹੇ ਮਨੁੱਖ। ਪੈੜਾਂ ਨਾ ਫਿਰ ਬਣਦੀਆਂ, ਰੇਤ, ਸਮਾਂ ਜਾਂ ਰੁੱਖ।। ਰੇਤ, ਸਮਾਂ ਜਾਂ ਰੁੱਖ, ਗਵਾਹੀ ਦਿੰਦੇ ਸਾਰੇ । ਮੰਜ਼ਿਲ ਪਾਵਣ ਓਹ, ਤੁਰਨ ਜੋ ਆਪ ਮੁਹਾਰੇ । 'ਠਕੁਰੇਲਾ' ਕਵਿਰਾਯ, ਬੋਲਦਾ ਅਨੁਭਵ ਖ਼ਾਲਸ । ਪਵੇ ਸਮੇਂ ਦੀ ਮਾਰ, ਕਰੇ ਉਹ ਜੇਕਰ ਆਲਸ।। 36. ਰੋਣਾ ਪਿੱਟਣਾ ਕਾਹਤੋਂ, ਚੁੱਪੀ ਹੁੰਦੀ ਠੀਕ । ਇਕ ਦਿਨ ਤੇਰਾ ਕੰਮ ਹੀ, ਆਪ ਪਵੇਗਾ ਚੀਕ ।। ਆਪ ਪਵੇਗਾ ਚੀਕ, ਦੁਰਾਡੇ ਮਹਿਕਾਂ ਜਾਵਣ । ਕਰਨ ਹਨੇਰਾ ਦੂਰ, ਗੀਤ ਨਾ ਦੀਵੇ ਗਾਵਣ । 'ਠਕੁਰੇਲਾ' ਕਵਿਰਾਯ, ਆਪਦੇ ਗੁਣ ਨਾ ਧੋਣਾ । ਕਰਕੇ ਚੰਗੇ ਕੰਮ, ਭੁੱਲ ਜਾ, ਕੀ ਹੈ ਰੋਣਾ ।। 37. ਸਾਗਰ ਤਾਂ ਸਭ ਦੇ ਲਈ, ਹੁੰਦਾ ਹੈ ਇਕ ਸਾਰ । ਸਮਝਦਾਰ ਮੋਤੀ ਚੁਗੇ, ਮੂਰਖ ਸਿੱਪੀ ਗਾਰ । ਮੂਰਖ ਸਿੱਪੀ ਗਾਰ, ਸਿੱਧਰਾ ਮੂੰਗਾ ਭਾਲੇ । ਜਿਸਨੂੰ ਜੋ ਵੀ ਤਾਂਘ, ਜੇਬ੍ਹ ਦੇ ਕਰੇ ਹਵਾਲੇ । 'ਠਕੁਰੇਲਾ' ਕਵਿਰਾਯ, ਖ਼ੁਸ਼ੀ ਦੀ ਭਰਕੇ ਗਾਗਰ । ਕਰਦਾ ਫਰਕ ਮਨੁੱਖ, ਭੇਦ ਨਾ ਕਰਦਾ ਸਾਗਰ ।। 38. ਜੀਵਨ ਵਾਲੀ ਵੰਝਲੀ ਜੇਕਰ ਖਾਲੀ ਮੀਤ । ਉੱਦਮ ਕਰਕੇ ਸੋਧ ਲੈ, ਵੱਜਣ ਮਿੱਠੇ ਗੀਤ ।। ਵੱਜਣ ਮਿੱਠੇ ਗੀਤ , ਖੁਸ਼ੀਆਂ ਘਰ-ਘਰ ਆਵਣ । ਗੇੜਾ ਦਿੰਦੇ ਪੈਰ, ਦਿਲਾਂ ਦੇ ਤਾਰ ਵਜਾਵਣ । 'ਠਕੁਰੇਲਾ' ਕਵਿਰਾਯ, ਮਹਿਕਦਾ ਲੱਗੇ ਤਨ ਮਨ । ਮਿਹਨਤ ਦੇ ਫਿਰ ਫੁੱਲ, ਖਿੜਨ ਤੇ ਖਿੜਦਾ ਜੀਵਨ ।। 39. ਐਬ ਕਿਸੇ ਦੇ ਭੁੱਲਦਾ, ਉਹ ਚੰਗਾ ਇਨਸਾਨ । ਜਿਸ ਨੂੰ ਗਲਤੀ ਆਪਦੀ ਚੇਤੇ ਉਹੀ ਮਹਾਨ ।। ਚੇਤੇ ਉਹੀ ਮਹਾਨ, ਸਿੱਖਦਾ ਜੋ ਠੋਕਰ ਤੋਂ । ਜਿਤ ਦੇ ਪਾਵੇ ਹਾਰ, ਦੂਰ ਸੂਲਾਂ ਦੇ ਘਰ ਤੋਂ । 'ਠਕੁਰੇਲਾ' ਕਵਿਰਾਯ, ਰਹੇ ਮੂਹਰੇ ਸ਼ੀਸ਼ੇ ਦੇ । ਰਹੇ ਸੰਭਲ ਕੇ ਆਪ, ਵੇਖ ਕੇ ਐਬ ਕਿਸੇ ਦੇ ।। 40. ਮਨ ਰਹਿੰਦਾ ਐ ਲਾਲਚੀ, ਭਰੇ ਖ਼ਜ਼ਾਨੇ ਹੋਣ । ਜਿੰਨਾ ਨੂੰ ਸੰਤੋਖ ਉਹ, ਸੁਖ ਦੀ ਨੀਂਦਰ ਸੌਣ ।। ਸੁਖ ਦੀ ਨੀਂਦਰ ਸੌਣ, ਤਾਂਘ ਨਾ ਕੋਈ ਰਹਿੰਦੀ । ਦਿਨ ਤੇ ਰਾਤ ਅਤੁੱਟ, ਸੁੱਖ ਦੀ ਰਾਵੀ ਵਹਿੰਦੀ । 'ਠਕੁਰੇਲਾ' ਕਵਿਰਾਯ, ਰੱਜ ਸੰਤੋਖੀ ਜਾਵਣ । ਕਦੇ ਮਿਟੇ ਨਾ ਤੇਹ, ਲਾਲਚੀ ਜਿਨ੍ਹਾਂ ਦੇ ਮਨ ।। 41. ਰਾਹੀ ਤੁਰਦਾ ਆਪ ਹੀ, ਲੋਕ ਵਿਖਾਉਣ ਰਾਹ। ਕਿਰਤ ਬਿਨਾਂ ਸੰਸਾਰ ਵਿਚ, ਰਹਿਣਾ ਠੇਡੇ ਖਾਹ ।। ਰਹਿਣਾ ਠੇਡੇ ਖਾਹ , ਸੋਚ ! ਕੀ ਕਾਰਨ ਗੱਲਦਾ । ਦੁਨੀਆਂ ਦਾ ਤਾਂ ਕਿਰਤ , ਨਾਲ ਹੀ ਚੱਕਾ ਚਲਦਾ । 'ਠਕੁਰੇਲਾ' ਕਵਿਰਾਯ, ਦੁੱਖਾਂ ਦੀ ਕਿਰਤ ਦਵਾਈ । ਵੇਲ੍ਹੇ ਰਹਿਣਾ ਮੌਤ, ਕਿਰਤ ਜੀਵਨ , ਓ! ਰਾਹੀ।। 42. ਭਖਦਾ ਲੋਹਾ ਵੇਖ ਕੇ, ਕੀਤੇ ਜਾਂਦੇ ਵਾਰ । ਕੋਟ-ਸਵਾਟਰ ਠੰਢ ਵਿਚ, ਚੰਗੇ ਲੱਗਦੇ ਯਾਰ ।। ਚੰਗੇ ਲੱਗਦੇ ਯਾਰ, ਕੌਣ ਗਰਮੀ ਵਿਚ ਪਾਵੇ। ਵੇਲਾ ਖੁੰਝਣ ਬਾਅਦ, ਕੰਮ ਨਾ ਕੁਝ ਵੀ ਆਵੇ । 'ਠਕੁਰੇਲਾ' ਕਵਿਰਾਯ, ਸ਼ਬਦ ਅਣਮੁੱਲੇ ਰਖਦਾ । ਬਣਦਾ ਤਾਕਤ ਨਾਲ, ਆਦਮੀ, ਲੋਹਾ ਭਖਦਾ ।। 43. ਛਾਂਵਾਂ ਦੀ ਕੀਮਤ ਉਹੀ, ਬੰਦਾ ਸਕਦਾ ਜਾਣ। ਜਿਸਨੇ ਧੁੱਪਾਂ ਦੇ ਕਦੇ, ਵੇਖੇ ਜੀ ਨੁਕਸਾਨ ।। ਵੇਖੇ ਜੀ ਨੁਕਸਾਨ ,ਕਦੇ ਮਿੱਟੀ 'ਚ ਰੁਲਿਆ । ਔਕੜ ਸਹਿ ਕੇ ਮਨੁੱਖ, ਮੁੱਲ ਸੁੱਖਾਂ ਦਾ ਪੜ੍ਹਿਆ । 'ਠਕੁਰੇਲਾ' ਕਵਿਰਾਯ, ਦੱਸਦੇ ਰਾਹੀ ਚਾਵਾਂ । ਪਵੇ ਕਾਲਜੇ ਠੰਢ, ਮਿਲਣ ਰਾਹੀਂ ਜੇ ਛਾਂਵਾਂ ।। 44. ਕਦੇ ਪਰਤਿਆ ਹੀ ਨਹੀਂ, ਸਮਾਂ ਗਿਆ ਜੋ ਬੀਤ। ਮੱਖਣ ਤੋਂ ਬਣਿਆ ਨਹੀਂ, ਦੁੱਧ ਦੁਬਾਰਾ ਮੀਤ । ਦੁੱਧ ਦੁਬਾਰਾ ਮੀਤ!, ਕੋਸ਼ਿਸ਼ਾਂ ਕਰ ਉਹ ਹਾਰੇ। ਪਰਬਤ ਤੇ ਨਾ ਚੜ੍ਹਨ, ਕਦੇ ਦਰਿਆ ਦੇ ਧਾਰੇ । 'ਠਕੁਰੇਲਾ' ਕਵਿਰਾਯ, ਸੋਚ ਕੇ ਸਦਾ ਵਰਤਿਆ । ਹੈ ਅਣਮੁੱਲਾ ਵਕਤ, ਗਿਆ, ਨਾ ਕਦੇ ਪਰਤਿਆ ।। 45. ਹਾਲੇ ਤਕ ਮਿਲਿਆ ਨਹੀਂ, ਵਹਿਮਾਂ ਮਾਰੂ ਇਲਾਜ । ਹਾਰੇ ਪੰਡਤ ਮੌਲਵੀ, ਗਿਆਨੀ ਅਤੇ ਰਾਜ।। ਗਿਆਨੀ ਅਤੇ ਰਾਜ , ਪਿਆ ਨਾ ਕੁਝ ਵੀ ਪੱਲੇ । ਜਿਸਨੂੰ ਹੋਏ ਵਹਿਮ, ਤਬਾਹੀ ਨੂੰ ਸਦ ਘੱਲੇ । 'ਠਕੁਰੇਲਾ' ਕਵਿਰਾਯ, ਜੂਨ ਭਰਮਾਂ ਵਿਚ ਗਾਲੇ । ਝੇੜੇ ਹੁੰਦੇ ਵੇਖ, ਵਹਿਮ ਦੇ ਕਾਰਨ ਹਾਲੇ ।। 46. ਗੀਤਾ, ਵੇਦ, ਪੁਰਾਨ ਸਭ, ਇਹੀ ਸਿਖਾਉਣ ਗੱਲ । ਇੱਕ ਪਿਤਾ ਦੇ ਬਾਲ ਹਨ, ਰਲਕੇ ਸਕਦੇ ਚੱਲ ।। ਰਲਕੇ ਸਕਦੇ ਚੱਲ , ਮੀਂਹ ਪਿਆਰ ਦਾ ਆਵੇ । ਸਾਰੇ ਝੇੜੇ ਛੱਡ, ਕਿਸੇ ਨੂੰ ਹਿੱਕ ਨਾਲ ਲਾਵੇ। 'ਠਕੁਰੇਲਾ' ਕਵਿਰਾਯ, ਪਿਆਰਾਂ ਜਗ ਫ਼ਤਹਿ ਕੀਤਾ । ਇਕਮਿਕ ਰਹਿਣਾ ਸਿੱਖ, ਆਖਦੇ ਪੁਰਾਨ ਗੀਤਾ ।। 47. ਮਨ ਦੀ ਹੀ ਤਾਂ ਉਪਜ ਹੈ, ਤੇਰ-ਮੇਰ ਦਾ ਰੋਗ। ਮਾਲਕ ਦੇ ਦਰਬਾਰ ਵਿਚ, ਇੱਕ ਬਰਾਬਰ ਚੋਗ ।। ਇੱਕ ਬਰਾਬਰ ਚੋਗ, ਮਿਲੇ, ਕੀ ਉੱਚਾ ਨੀਂਵਾਂ । ਸਭਦਾ ਦਾਤਾ ਇੱਕ, ਪਾਲਦਾ ਹੈ ਸਭ ਜੀਵਾਂ । 'ਠਕੁਰੇਲਾ' ਕਵਿਰਾਯ, ਸਮਝਿਆ ਜੋ ਹੈ ਜੀਵਨ । ਤੇਰ-ਮੇਰ ਦਾ ਫ਼ਰਕ, ਸਿਰਜਦਾ ਹੈ ਆਪੇ ਮਨ ।। 48. ਭਾਵੇਂ ਮੰਨੋ ਜਾਂ ਨਹੀਂ, ਪਰ ਇਹ ਹੀ ਹੈ ਸੱਚ । ਵਾਲ ਨਾ ਵਿੰਗਾ ਹੋ ਸਕੇ, ਸੱਚ ਬਣੇਂ ਨਾ ਕੱਚ ।। ਸੱਚ ਬਣੇਂ ਨਾ ਕੱਚ, ਜਾਣਦੀ ਦੁਨਿਆਂ ਸਾਰੀ । ਤੁਰੀਏ ਸੱਚੀ ਰਾਹ, ਮੁਸ਼ਕਲਾਂ ਭਾਵੇਂ ਭਾਰੀ । 'ਠਕੁਰੇਲਾ' ਕਵਿਰਾਯ, ਗੱਲ ਜੇ ਸਮਝੇਂ ਤਾਂ ਏਂ । ਸਦਾ ਜਿੱਤਦਾ ਸੱਚ, ਮੰਨ ਲੈ ਜਾਂ ਨਾ ਭਾਵੇਂ ।। ਮਾਨੋ ਯਾ ਮਤ ਮਾਨਿਯੇ, ਪਰ ਇਤਨਾ ਹੈ ਸਾਂਚ। ਨਹੀਂ ਆ ਸਕੀ ਜਗਤ ਮੇਂ, ਕਭੀ ਸਾਂਚ ਪਰ ਆਂਚ।। ਕਭੀ ਸਾਂਚ ਪਰ ਆਂਚ, ਜਾਨਤਾ ਸਕਲ ਜਮਾਨਾ। ਚਲੋ ਸਤਯ ਕੀ ਰਾਹ, ਭਲੇ ਹੋਂ ਦੁਵਿਧਾ ਨਾਨਾ। 'ਠਕੁਰੇਲਾ' ਕਵਿਰਾਯ, ਸਾਥਿਯੋ, ਇਤਨਾ ਜਾਨੋ। ਸਦਾ ਜੀਤਤਾ ਸਤਯ, ਮਾਨਿਯੇ ਯਾ ਮਤ ਮਾਨੋ।। 49. ਮਿੱਠੀ ਬੋਲੀ ਬੋਲ ਕੇ, ਕੋਇਲ ਪਾਵੇ ਮਾਨ । ਕਾਂ-ਕਾਂ ਕਰਦਾ ਕਾਂ ਫਿਰੇ, ਨਿੰਦੇ ਕੁੱਲ ਜਹਾਨ । ਨਿੰਦੇ ਕੁੱਲ ਜਹਾਨ , ਬੋਲ ਕੌੜੇ ਨਾ ਭੌਂਦੇ । ਮਿੱਠ ਬੋਲੜੇ ਕੋਲ, ਸੁੱਖ ਸਭ ਭੱਜੇ ਔਂਦੇ । 'ਠਕੁਰੇਲਾ' ਕਵਿਰਾਯ, ਸਹਿਜ ਬਣ ਜਾਂਦੀ ਟੋਲੀ । ਹੋਵਣ ਸਾਰੇ ਕੰਮ, ਕਰਾਵੇ ਮਿੱਠੀ ਬੋਲੀ ।। 50. ਦੁਨੀਆਂ 'ਚ ਹਰ ਆਦਮੀ, ਜੀਵੇ ਆਪਣੇ ਢੰਗ । ਕੋਈ ਖੁਸ਼ੀਆਂ ਵੰਡਦਾ, ਕੋਈ ਕਰਦਾ ਤੰਗ ।। ਕੋਈ ਕਰਦਾ ਤੰਗ, ਨਾਲ ਜਿਸਦੇ ਵੀ ਤੁਰਦਾ । ਚਲਦਾ ਰਹਿੰਦਾ ਚਾਲ, ਵੇਖ ਕੇ ਮੌਕਾ ਫੁਰਦਾ । 'ਠਕੁਰੇਲਾ' ਕਵਿਰਾਯ, ਬੋਚ ਕੇ ਤੁਰਦਾ ਗੁਣੀਆਂ । ਵੱਖਰੇ ਵੱਖਰੇ ਰੂਪ, ਵਿਖਾਵੇ ਸਭ ਨੂੰ ਦੁਨੀਆਂ ।। 51. ਤੀਲਾ-ਤੀਲਾ ਕੀਮਤੀ, ਚਿੜੀਆਂ ਲੈਣ ਪਛਾਣ । ਜੁੜ-ਜੁੜ ਬਣਦਾ ਆਲ੍ਹਣਾ, ਵੱਧਦਾ ਜਾਂਦਾ ਮਾਨ । ਵੱਧਦਾ ਜਾਂਦਾ ਮਾਨ, ਚੁਗਿਰਦੇ ਸ਼ੋਭਾ ਹੁੰਦੀ । ਚੜ੍ਹੇ ਚੜ੍ਹਾਈਆਂ ਨਿੱਤ, ਜ਼ਿੰਦ ਹੱਸਦੀ ਗਾਉਂਦੀ । 'ਠਕੁਰੇਲਾ' ਕਵਿਰਾਯ, ਮਿਹਨਤਾਂ ਦਾ ਕਰ ਹੀਲਾ । ਰਹਿ ਕੇ ਜਿਸਦੇ ਨਾਲ, ਕੀਮਤੀ ਬਣਦਾ ਤੀਲਾ ।। 52. ਮਿਲਦੀ ਹੈ ਦਿਲ ਨੂੰ ਖੁਸ਼ੀ, ਮੈਲ ਰਹੇ ਜੇ ਦੂਰ । ਸਿਰ ਦਾ ਗੀਝਾ ਨਾ ਰਹੇ, ਫ਼ਿਕਰ ਨਾਲ ਭਰਪੂਰ ।। ਫ਼ਿਕਰ ਨਾਲ ਭਰਪੂਰ, ਖੋਰ ਨਾ ਰੱਖੇ ਕੋਈ । ਘਰ ਹੈ ਜਾਂ ਸੰਸਾਰ, ਫਰਕ ਨਾ ਲੱਗੇ ਕੋਈ । 'ਠਕੁਰੇਲਾ ' ਕਵਿਰਾਯ, ਸੁੱਖਾਂ ਦੀ ਵਾੜੀ ਖਿਲਦੀ । ਖੁਸ਼ੀ ਵੰਡ ਕੇ ਵੇਖ, ਆਪ ਨੂੰ ਵੀ ਹੈ ਮਿਲਦੀ ।। **ਸਮਾਪਤ **

  • ਮੁੱਖ ਪੰਨਾ : ਕਾਵਿ ਰਚਨਾਵਾਂ, ਤ੍ਰਿਲੋਕ ਸਿੰਘ ਠਕੁਰੇਲਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ