Punjabi Kavita
  

Punjabi Ghazals (Part-2) Sukhwinder Amrit

ਪੰਜਾਬੀ ਗ਼ਜ਼ਲਾਂ (ਭਾਗ-2) ਸੁਖਵਿੰਦਰ ਅੰਮ੍ਰਿਤ

51. ਉਹ ਪੁੱਛਦਾ ਹੈ ਕਦੋਂ ਤੀਕਰ ਕਰਾਂਗੀ ਪਿਆਰ ਮੈਂ ਉਸ ਨੂੰ

ਉਹ ਪੁੱਛਦਾ ਹੈ ਕਦੋਂ ਤੀਕਰ ਕਰਾਂਗੀ ਪਿਆਰ ਮੈਂ ਉਸ ਨੂੰ
ਕਰਾਵਾਂ ਕਿੰਜ ਵਫ਼ਾ ਦਾ ਦੋਸਤੋ ਇਤਬਾਰ ਮੈਂ ਉਸ ਨੂੰ

ਝਨਾਂ ਦੇ ਪਾਣੀਆਂ ਵਿਚ ਪਹਿਲਾਂ ਅਪਣਾ ਅਕਸ ਘੋਲ਼ਾਂਗੀ
ਤੇ ਉਸ ਵਿਚ ਰੰਗ ਕੇ ਦੇਵਾਂਗੀ ਫਿਰ ਦਸਤਾਰ ਮੈਂ ਉਸ ਨੂੰ

ਵਫ਼ਾ ਦੇ ਪਹਿਰਨਾ ਵਿਚ ਲਿਪਟਿਆ ਉਹ ਇਸ਼ਕ ਹੈ ਸੁੱਚਾ
ਕਿ ਹੋ ਕੇ ਨੇੜਿਓਂ ਤੱਕਿਆ ਅਨੇਕਾਂ ਵਾਰ ਮੈਂ ਉਸ ਨੂੰ

ਕਿਸੇ ਫੁੱਲ 'ਤੇ ਤਾਂ ਆਖਰ ਬੈਠਣਾ ਸੀ ਏਸ ਤਿਤਲੀ ਨੇ
ਚੁਕਾ ਦਿੱਤਾ ਮੁਹੱਬਤ ਦਾ ਲਉ ਅਜ ਭਾਰ ਮੈਂ ਉਸ ਨੂੰ

ਕਰੇ ਉਹ ਬਾਝ ਮੇਰੇ ਵੀ ਕਿਸੇ ਤੇ ਵਾਰ ਨਜ਼ਰਾਂ ਦੇ
ਨਹੀਂ ਦੇਣਾ, ਨਹੀਂ ਦੇਣਾ ਇਹ ਹੁਣ ਅਧਿਕਾਰ ਮੈਂ ਉਸ ਨੂੰ

ਉਹ ਉਡ ਕੇ ਡਾਲ ਤੋਂ ਸੱਯਾਦ ਦੇ ਮੋਢੇ 'ਤੇ ਜਾ ਬੈਠਾ
ਕਿਹਾ ਜਦ "ਐ ਪਰਿੰਦੇ, ਹੋ ਜ਼ਰਾ ਹੁਸਿ਼ਆਰ" ਮੈਂ ਉਸ ਨੂੰ

ਜੋ ਮੇਰੇ ਸੁਪਨਿਆਂ 'ਚ ਹਕੀਕਤਾਂ ਦਾ ਰੰਗ ਭਰਦਾ ਹੈ
ਕਹਾਂ ਦੁਨੀਆਂ ਦਾ ਸਭ ਤੋਂ ਖ਼ੂਬ ਚਿਤਰਕਾਰ ਮੈਂ ਉਸ ਨੂੰ

52. ਤੁਰ ਰਹੀ ਹਾਂ ਮੈਂ ਛੁਰੀ ਦੀ ਧਾਰ ਤੇ

ਤੁਰ ਰਹੀ ਹਾਂ ਮੈਂ ਛੁਰੀ ਦੀ ਧਾਰ ਤੇ
ਫੇਰ ਵੀ ਓਹ ਖੁਸ਼ ਨਹੀ ਰਫਤਾਰ ਤੇ

ਮੈਂ ਫ਼ਤਿਹ ਪਾਉਣੀ ਹੈ ਅੱਜ ਮੰਝਧਾਰ ਤੇ,
ਇਕ ਚੁੰਮਣ ਦੇ ਮੇਰੇ ਪਤਵਾਰ ਤੇ,

ਮਾਣ ਹੈ ਜੇਕਰ ਤੈਨੂ ਤਲਵਾਰ ਤੇ,
ਮਾਣ ਹੈ ਮੈਨੂ ਆਪਣੇ ਕਿਰਦਾਰ ਤੇ,

ਯਾਦ ਆਉਂਦੀ ਹੈ ਨਜਾਕਤ ਫੁੱਲ ਦੀ,
ਪੈਰ ਟਿਕ ਜਾਂਦਾ ਹੈ ਜਦ ਵੀ ਖਾਰ ਤੇ,

ਹਾਰ ਪਹਲਿਾ ਮੇਰੇ ਤੇ ਹਸਦੀ ਰਹੀ,
ਹੁਣ ਮੈ ਹੱਸ ਛਡਦੀ ਹਾਂ ਆਪਣੀ ਹਾਰ ਤੇ,

ਇਸ਼ਕ਼ ਵਿਚ ਘਾਟਾ-ਮੁਨਾਫਾ ਵੇਖਦੇ,
ਦਿਲ ਓਹਦਾ ਵੀ ਲੱਗ ਗਿਆ ਰੁਜਗਾਰ ਤੇ,

ਮੋਸਮਾ ਤੇ ਮਾਣ ਕਾਹਦਾ ਦੋਸਤੋ,
ਮਾਣ ਕਾਹਦਾ ਮੋਸਮੀ ਦਿਲਦਾਰ ਤੇ,

ਤੇਰੇ ਚੇਹਰੇ ਤੇ ਟਿਕੀ ਮੇਰੀ ਨਜਰ,
ਕੋਈ ਤਿਤਲੀ ਬਹ ਗਈ ਕਚਨਾਰ ਤੇ,

ਏਸ ਦੇ ਵਿਚ ਕੱਲ ਦਾ ਇਤਹਾਸ ਹੈ,
ਮਾਰ ਝਾਤੀ ਅੱਜ ਦੇ ਅਖਬਾਰ ਤੇ

53. ਸਿਹਰਾ ਕਿਉਂ ਨੀ ਸਜਦਾ, ਇਲਜ਼ਾਮ ਕਿਉਂ ਨੀ ਆਉਂਦਾ

ਸਿਹਰਾ ਕਿਉਂ ਨੀ ਸਜਦਾ, ਇਲਜ਼ਾਮ ਕਿਉਂ ਨੀ ਆਉਂਦਾ
ਤੇਰੇ ਦਿਲ ਦੇ ਵਰਕਿਆਂ 'ਤੇ ਮੇਰਾ ਨਾਮ ਕਿਉਂ ਨੀ ਆਉਂਦਾ

ਚੁੰਮ ਚੁੰਮ ਕੇ ਪੈਰ ਤੇਰੇ ਇਕ ਲਹਿਰ ਪੁੱਛ ਰਹੀ ਹੈ
ਤੇਰੀ ਪਿਆਸ ਦੀ ਕਥਾ ਵਿੱਚ ਮੇਰਾ ਨਾਮ ਕਿਉਂ ਨੀ ਆਉਂਦਾ

ਕਿੱਥੇ ਤੂੰ ਤਪ ਰਿਹਾ ਹੈਂ ਕਿੱਥੇ ਤੂੰ ਖਪ ਰਿਹਾ ਹੈਂ
ਹੁਣ ਮੇਰੀ ਛਾਂ 'ਚ ਤੈਨੂੰ ਆਰਾਮ ਕਿਉਂ ਨੀ ਆਉਂਦਾ

ਜਿੱਥੇ ਮੈਂ ਡਾਲ ਹੋਣਾ ਜਿੱਥੇ ਤੂੰ ਫੁੱਲ ਬਣਨਾ
ਮੇਰੇ ਇਸ਼ਕ ਦੇ ਸਫਰ ਵਿਚ ਉਹ ਮੁਕਾਮ ਕਿਉਂ ਨੀ ਆਉਂਦਾ

ਰੱਖਾਂ ਨੂੰ ਫੁੱਲ ਆਏ, ਨਦੀਆਂ 'ਚ ਨੀਰ ਆਇਆ
ਮੇਰੀ ਖ਼ਿਜ਼ਾਂ ਨੂੰ ਤੇਰਾ ਪੈਗ਼ਾਮ ਕਿਉਂ ਨੀ ਆਉਂਦਾ

54. ਕਿਸੇ ਸੋਨੇ ਦੇ ਕਣ ਨੂੰ ਹੀ ਜ਼ਮਾਨਾ ਅਗਨ ਵਿਚ ਪਾਵੇ

ਕਿਸੇ ਸੋਨੇ ਦੇ ਕਣ ਨੂੰ ਹੀ ਜ਼ਮਾਨਾ ਅਗਨ ਵਿਚ ਪਾਵੇ
ਕਿ ਜ਼ੱਰਾ ਖ਼ਾਕ ਦਾ ਤਾਂ ਇਮਤਿਹਾਨਾਂ ਨੂੰ ਤਰਸ ਜਾਵੇ

ਅਜੇ ਕਾਹਲਾ ਨ ਪੈ ਤੈਨੂੰ ਤਰਾਸ਼ੇਗਾ ਜ਼ਮਾਨਾ ਇਉਂ
ਕਿ ਲੱਖਾਂ ਨ੍ਹੇਰਿਆਂ ਨੂੰ ਚੀਰ ਕੇ ਤੇਰਾ ਜਲੌਅ ਆਵੇ

ਮਿਲੇ ਨਾ ਜ਼ਖ਼ਮ ਜਦ ਤਕ, ਰੁੱਖ ਨੂੰ ਵੀ ਫ਼ਲ ਨਹੀਂ ਪੈਂਦਾ
ਸਿਤਮ ਸਹਿ ਕੇ ਜ਼ਮਾਨੇ ਦੇ ਹਯਾਤੀ 'ਤੇ ਲਿਸ਼ਕ ਆਵੇ

ਬੁਝੇ ਹੋਏ ਚਰਾਗਾਂ ਨੂੰ ਕਿਸੇ ਨੇ ਪੁਛਿਆ ਤਕ ਨਾ
ਕਿ ਬਲਦੇ ਦੀਵਿਆਂ ਨੂੰ ਹਰ ਹਵਾ ਹੀ ਪਰਖ ਕੇ ਜਾਵੇ

55. ਇਹ ਗਲੀਆਂ, ਚੁਰਾਹੇ, ਇਹ ਘਰ ਖ਼ਾਲੀ ਖ਼ਾਲੀ

ਇਹ ਗਲੀਆਂ, ਚੁਰਾਹੇ, ਇਹ ਘਰ ਖ਼ਾਲੀ ਖ਼ਾਲੀ
ਉਸ ਇਕ ਸ਼ਖ਼ਸ ਬਾਝੋਂ ਨਗਰ ਖ਼ਾਲੀ ਖ਼ਾਲੀ

ਜੇ ਸੋਚਾਂ ਤਾਂ ਤੇਰੇ ਹਜ਼ਾਰਾਂ ਟਿਕਾਣੇ
ਜੇ ਢੂੰਡਾਂ ਤਾਂ ਮੇਰੀ ਨਜ਼ਰ ਖ਼ਾਲੀ ਖ਼ਾਲੀ

ਕਦੇ ਚਹਿਕਦੇ ਨੇ ਹਜ਼ਾਰਾਂ ਪਰਿੰਦੇ
ਕਦੇ ਜ਼ਿੰਦਗੀ ਦਾ ਸ਼ਜਰ ਖ਼ਾਲੀ ਖ਼ਾਲੀ

ਹੈ ਇਸ ਦੇ ਵੀ ਸੀਨੇ ਤੇ ਇਤਿਹਾਸ ਲਿਖਿਆ
ਜੋ ਵੇਖਣ ਨੂੰ ਜਾਪੇ ਨਗਰ ਖ਼ਾਲੀ ਖ਼ਾਲੀ

ਇਹ ਮੌਸਮ ਦਾ ਚਿਹਰਾ, ਇਹ ਦੁੱਖਾਂ ਦੀ ਗਾਥਾ
ਬਿਨਾ ਪਤਿਆਂ ਦੇ ਲਗਰ ਖ਼ਾਲੀ ਖ਼ਾਲੀ

ਨ ਆਹਟ, ਨ ਦਸਤਕ, ਨ ਸਰਗੋਸ਼ੀ ਕੋਈ
ਬੜੇ ਚਿਰ ਤੋਂ ਹੋਇਆ ਹੈ ਘਰ ਖ਼ਾਲੀ ਖ਼ਾਲੀ

56. ਇਕ ਨੂੰ ਤੂੰ ਨੀਰ ਦੂਜੇ ਨੂੰ ਜ਼ਮੀਨ ਕਰ ਦੇ ਸਾਹਿਬ

ਇਕ ਨੂੰ ਤੂੰ ਨੀਰ ਦੂਜੇ ਨੂੰ ਜ਼ਮੀਨ ਕਰ ਦੇ ਸਾਹਿਬ
ਦੋਹਾਂ ਨੂੰ ਇਕ ਦੂਜੇ ਵਿਚ ਲੀਨ ਕਰ ਦੇ ਸਾਹਿਬ

ਪਾਣੀ ਦੀ ਹਿੰਝ ਦੇਖਾਂ ਪੌਣਾਂ ਦੇ ਰੰਗ ਦੇਖਾਂ
ਮੇਰੀ ਨਜ਼ਰ ਨੂੰ ਏਨੀ ਤੂੰ ਮਹੀਨ ਕਰ ਦੇ ਸਾਹਿਬ

ਜਿਸ ਤੋਂ ਲਏ ਉਧਾਰੇ ਮੈਂ ਰੂਹ ਦੇ ਰੰਗ ਸਾਰੇ
ਇਸ ਰੂਹ ਨੂੰ ਓਸ ਦਰ ਦੀ ਮਸਕੀਨ ਕਰ ਦੇ ਸਾਹਿਬ

ਤੇਰੀ ਰਜ਼ਾ ’ਚ ਰਹਿੰਦੇ ਹਰ ਦਮ ਅਜ਼ੀਜ਼ ਤੇਰੇ
ਮੈਨੂੰ ਵੀ ਇਸ ਕਲਾ ਵਿਚ ਪਰਬੀਨ ਕਰ ਦੇ ਸਾਹਿਬ

ਇਸ ਦੀ ਹੀ ਲੋਅ ’ਚ ਦਿਸਦਾ ਹਰ ਰੰਗ ਜ਼ਿੰਦਗੀ ਦਾ
ਇਸ ਦਰਦ ਨੂੰ ਹੀ ਦਿਲ ਦੀ ਤਸਕੀਨ ਕਰ ਦੇ ਸਾਹਿਬ

ਜੀਕਣ ਹਨ੍ਹੇਰਿਆਂ ਵਿਚ ਦੀਵੈ ਦੀ ਲਾਟ ਕੋਈ
ਆਪਣੀ ‘ਸੁਖ਼ਨ’ ਨੂੰ ਏਨੀ ਕੁ ਹੁਸੀਨ ਕਰ ਦੇ ਸਾਹਿਬ

57. ਜ਼ਿੰਦਗੀ-ਰੇਤ ਹੈ, ਨੀਰ ਹੈ, ਜਾਂ ਹਵਾ ਜ਼ਿੰਦਗੀ

ਰੇਤ ਹੈ, ਨੀਰ ਹੈ, ਜਾਂ ਹਵਾ ਜ਼ਿੰਦਗੀ
ਹੈ ਸਵਾਲਾਂ ਦਾ ਹੀ ਸਿਲਸਿਲਾ ਜ਼ਿੰਦਗੀ

ਚੰਨ ਸੂਰਜ ਕਈ ਭਾਲਦੇ ਟੁਰ ਗਏ
ਤੇਰਾ ਲੱਗਿਆ ਨਾ ਕੋਈ ਪਤਾ ਜ਼ਿੰਦਗੀ

ਰਾਤ ਦਿਨ ਸੁਆਸ ਦਰ ਸੁਆਸ ਤੁਰਦਾ ਰਹੇ
ਧੁੱਪਾਂ ਛਾਵਾਂ ਦਾ ਹੈ ਕਾਫ਼ਲਾ ਜ਼ਿੰਦਗੀ

ਆਖ਼ਰੀ ਸੁਆਸ ਤਕ ਤੇਰੀ ਖ਼ਾਹਿਸ਼ ਰਹੇ
ਹਾਏ, ਕੈਸਾ ਹੈ ਤੇਰਾ ਨਸ਼ਾ ਜ਼ਿੰਦਗੀ

ਛੱਡ ਕੇ ਤੜਪਦੀ ਖ਼ਾਕ ਨੂੰ, ਐ ਦਿਲਾ
ਹੋ ਹੀ ਜਾਂਦੀ ਹੈ ਇਕ ਦਿਨ ਹਵਾ ਜ਼ਿੰਦਗੀ

ਆਖ਼ਰੀ ਵਕਤ ਅਪਣੀ 'ਸੁਖਨ' ਨੂੰ ਕਰੀਂ
ਲਾ ਕੇ ਆਪਣੇ ਕਲੇਜੇ ਵਿਦਾ ਜ਼ਿੰਦਗੀ

ਮੇਰੀ ਮਿੱਟੀ ’ਚੋਂ ਕੁਛ ਉਗ ਰਿਹਾ ਹੈ ਜਿਵੇਂ
ਮੈਨੂੰ ਦਿੰਦੀ ਹੈ ਕਿਧਰੇ ਸਦਾ ਜ਼ਿੰਦਗੀ

58. ਮਹਿਕ ਹਾਂ ਹਵਾ ਦਾ ਸਫ਼ਰ ਭਾਲਦੀ ਹਾਂ

ਮਹਿਕ ਹਾਂ ਹਵਾ ਦਾ ਸਫ਼ਰ ਭਾਲਦੀ ਹਾਂ
ਘਿਰੀ ਹਾਂ ਦੀਵਾਰਾਂ 'ਚ ਦਰ ਭਾਲਦੀ ਹਾਂ

ਮੈਂ ਭਾਲ਼ਾਂ ਹਨ੍ਹੇਰੇ ਦੀ ਛਾਤੀ 'ਚੋਂ ਰਸਤਾ
ਕਿ ਲੋਅ ਹਾਂ ਤੇ ਅਪਣਾ ਅਸਰ ਭਾਲਦੀ ਹਾਂ

ਕਦੋਂ ਮੇਰੇ ਪੈਰਾਂ 'ਚੋਂ ਪਿਘਲੇਗੀ ਬੇੜੀ
ਮੈਂ ਅਪਣੀ ਤਪਸ਼ ਦੀ ਸਿਖ਼ਰ ਭਾਲਦੀ ਹਾਂ

ਮੇਰੇ ਹੌਸਲੇ ਨੂੰ ਜੋ ਦੇਵੇ ਚਣੌਤੀ
ਸਮੁੰਦਰ 'ਚੋਂ ਐਸਾ ਭੰਵਰ ਭਾਲਦੀ ਹਾਂ

ਅਸੀਂ ਦੋਵੇਂ ਰਲ ਕੇ ਤਲਾਸ਼ਾਂਗੇ ਮੰਜ਼ਲ
ਮੈਂ ਰਹਿਬਰ ਨਹੀਂ ਹਮਸਫ਼ਰ ਭਾਲਦੀ ਹਾਂ

59. ਉਹ ਕਿਹੜਾ ਅਗਨ-ਪਥ ਸੀ ਜੋ ਪਾਰ ਕਰ ਨਾ ਹੋਇਆ

ਉਹ ਕਿਹੜਾ ਅਗਨ-ਪਥ ਸੀ ਜੋ ਪਾਰ ਕਰ ਨਾ ਹੋਇਆ
ਫੁੱਲਾਂ 'ਤੇ ਪੈਰ ਧਰ ਕੇ ਜਲ ਵਿਚ ਉਤਰ ਨਾ ਹੋਇਆ

ਮੈਂ ਵੀ ਨਿਭਾਅ ਰਹੀ ਸੀ ਕੰਧਾਂ ਦੇ ਨਾਲ ਵਾਅਦੇ
ਤੈਥੋਂ ਵੀ ਬੇੜੀਆਂ ਦਾ ਅਪਮਾਨ ਕਰ ਨਾ ਹੋਇਆ

ਜਿਹਨਾਂ ਨ੍ਹੇਰਿਆਂ 'ਚ ਤੇਰੀ ਆਹਟ ਗੁਆਚ ਗਈ ਸੀ
ਉਹਨਾਂ ਨ੍ਹੇਰਿਆਂ 'ਚੋਂ ਮੈਥੋਂ ਮੁੜ ਕੇ ਉਭਰ ਨਾ ਹੋਇਆ

ਮੈਂ ਹਾਂ ਸ਼ਰ੍ਹਾ ਦੀ ਮੁਜਰਮ, ਮੈਂ ਹੀ ਸਜ਼ਾ ਦੇ ਕਾਬਿਲ
ਜ਼ਾਹਰ ਨੇ ਪੁਸ਼ਪ ਮੇਰੇ ਤੇਰਾ ਜਲ ਨਸ਼ਰ ਨਾ ਹੋਇਆ

ਗੱਜਿਆ ਵੀ ਚਮਕਿਆ ਵੀ, ਦਿਲ ਕੀਤਾ ਬਰਸਿਆ ਵੀ
ਕਿਸੇ ਆਸਮਾਂ ਤੋਂ ਧਰਤੀ ਦਾ ਦਰਦ ਹਰ ਨਾ ਹੋਇਆ

60. ਹਨ੍ਹੇਰਿਆਂ 'ਚ ਚਿਰਾਗ਼ ਮੇਰਾ ਤੇ ਤਪਦੇ ਸਹਿਰਾ 'ਚ ਆਬ ਤੂੰ ਹੈਂ

ਹਨ੍ਹੇਰਿਆਂ 'ਚ ਚਿਰਾਗ਼ ਮੇਰਾ ਤੇ ਤਪਦੇ ਸਹਿਰਾ 'ਚ ਆਬ ਤੂੰ ਹੈਂ
ਕਿ ਬੇਸ਼ੁਮਾਰ ਸਵਾਲ ਮੇਰੇ ਤੇ ਇੱਕੋ ਇੱਕ ਜਵਾਬ ਤੂੰ ਹੈਂ

ਮੈਂ ਜਿਸ ਦੀ ਖ਼ਾਤਰ ਅਨੇਕ ਰੁੱਤਾਂ ਦਾ ਜ਼ਹਿਰ ਪੀਤਾ ਤੇ ਖ਼ਾਰ ਮਿੱਧੇ
ਮੈਂ ਜਿਸ ਨੂੰ ਮਰ ਮਰ ਕੇ ਭਾਲ਼ਿਆ ਹੈ ਉਹ ਸਭ ਤੋਂ ਸੁਹਣਾ ਗੁਲਾਬ ਤੂੰ ਹੈਂ

ਮੁਹੱਬਤਾਂ ਦੇ ਨੇ ਹਰਫ਼ ਜਿਸ ਦੇ ਤੇ ਦਰਦ ਵੰਨੇ ਨੇ ਅਰਥ ਜਿਸ ਦੇ
ਕਿ ਜਿਸ 'ਚ ਰੂਹ ਦਾ ਵਿਯੋਗ ਲਿਖਿਆ ਉਹ ਜ਼ਿੰਦਗੀ ਦੀ ਕਿਤਾਬ ਤੂੰ ਹੈਂ

ਸੁਣੇ ਜੋ ਉਸ 'ਚੋਂ ਵੈਰਾਗ ਜਾਗੇ ਵਿਯੋਗ ਉਮੜੇ ਤੇ ਪਿਆਰ ਜਾਗੇ
ਕਿ ਦਰਦ ਜਿਸ 'ਤੇ ਅਲਾਪ ਲੈਂਦਾ ਉਹ ਆਤਮਾ ਦੀ ਰਬਾਬ ਤੂੰ ਹੈਂ

ਤੂੰ ਮੇਰੀ ਪੱਤਝੜ ਦੇ ਜ਼ਰਦ ਮੱਥੇ 'ਤੇ ਸਾਵੀ ਸੁਰਖ ਲਕੀਰ ਕੋਈ
ਮੇਰੀ ਉਦਾਸੀ ਦਾ ਸ਼ੋਖ਼ ਕੱਜਣ ਤੇ ਮੁਫ਼ਲਸੀ 'ਤੇ ਨਕਾਬ ਤੂੰ ਹੈਂ

61. ਕਿਵੇਂ ਪਰ ਸਮੇਟ ਕੇ ਬਹਿ ਰਹਾਂ ਕਿਵੇਂ ਭੁੱਲ ਜਾਵਾਂ ਉਡਾਨ ਨੂੰ

ਕਿਵੇਂ ਪਰ ਸਮੇਟ ਕੇ ਬਹਿ ਰਹਾਂ ਕਿਵੇਂ ਭੁੱਲ ਜਾਵਾਂ ਉਡਾਨ ਨੂੰ
ਇਹ ਤਾਂ ਦਾਗ਼ ਹੈ ਮੇਰੇ ਇਸ਼ਕ 'ਤੇ ਇਹ ਹੈ ਮਿਹਣਾ ਮੇਰੇ ਈਮਾਨ ਨੂੰ

ਹੋਏ ਤਬਸਰੇ ਮੇਰੀ ਜ਼ਾਤ 'ਤੇ ਮੇਰੀ ਨਸਲ ਅਕਲ ਔਕਾਤ 'ਤੇ
ਰਿਹਾ ਜ਼ਬਤ ਨਾ ਜਜ਼ਬਾਤ 'ਤੇ ਤੇ ਮੈਂ ਨਿਕਲੀ ਚੀਰ ਮਿਆਨ ਨੂੰ

ਜੇ ਤੂੰ ਰੋਕ ਸਕਦੈਂ ਤਾਂ ਰੋਕ ਲਾ ਇਸ ਰੋਹ ਦੇ ਵਹਿਣ ਨੂੰ ਮੁਨਸਫ਼ਾ
ਕਿ ਮੈਂ ਜਾ ਰਹੀ ਹਾਂ ਉਲੰਘ ਕੇ ਤੇਰੇ ਹੁਕਮ ਨੂੰ ਫ਼ੁਰਮਾਨ ਨੂੰ

ਇਹ ਹਨ੍ਹੇਰ ਗਰਦ ਗੁਬਾਰ ਹੈ ਮੇਰੇ ਰਾਹ 'ਚ ਉੱਚੀ ਦੀਵਾਰ ਹੈ
ਮੈਂ ਕਦੇ ਕਬੂਲ ਨਾ ਕਰ ਸਕਾਂ ਤੇਰੇ ਫ਼ਲਸਫ਼ੇ ਤੇਰੇ ਗਿਆਨ ਨੂੰ

ਇਸ ਅਗਨ 'ਤੇ ਇਤਬਾਰ ਕਰ ਮੇਰਾ ਨਾਂ ਉਨ੍ਹਾਂ 'ਚ ਸ਼ੁਮਾਰ ਕਰ
ਜਿਹੜੇ ਜਾਲਦੇ ਜਿੰਦ ਆਪਣੀ ਅਤੇ ਨੂਰ ਵੰਡਦੇ ਜਹਾਨ ਨੂੰ

62. ਮੈਂ ਜ਼ਰਾ ਤੁਰਨਾ ਕੀ ਸਿੱਖਿਆ ਰਾਹ ਸਮੁੰਦਰ ਹੋ ਗਏ

ਮੈਂ ਜ਼ਰਾ ਤੁਰਨਾ ਕੀ ਸਿੱਖਿਆ ਰਾਹ ਸਮੁੰਦਰ ਹੋ ਗਏ
ਫਿਰ ਪਤਾ ਨੀ ਪੈਰ ਮੇਰੇ ਕਿਸ ਤਰਾਂ ਪਰ ਹੋ ਗਏ

ਸੀ ਮੇਰੇ ਸੀਨੇ 'ਚ ਏਨੀ ਪਿਆਰ ਤੇਰੇ ਦੀ ਅਗਨ
ਢਲ ਗਏ ਸਭ ਤੀਰ ਖੰਜਰ ਢਲ ਕੇ ਬਕਤਰ ਹੋ ਗਏ

ਪਹਿਲਾਂ ਤਾਂ ਮੈਂ ਆਤਮਾ ਤਕ ਪਾਰਦਰਸ਼ੀ ਹੀ ਰਹੀ
ਫਿਰ ਤੇਰੇ ਚੁੰਮਣ ਮੇਰੀ ਕਾਇਆ ਦੇ ਬਸਤਰ ਹੋ ਗਏ

ਮੇਰੇ ਦਿਲ ਵਿਚ ਦਰਦ ਦੇ ਲੱਖਾਂ ਪਰਿੰਦੇ ਕੈਦ ਸਨ
ਬਸ ਤੇਰੀ ਇਕ ਛੁਹ ਦੇ ਸਦਕਾ ਸਭ ਸੁਤੰਤਰ ਹੋ ਗਏ

63. ਉੱਚੀਆਂ ਹਵਾਵਾਂ ਵਿਚ ਨਾ ਬਹੁਤਾ ਉਛਾਲ ਮੈਨੂੰ

ਉੱਚੀਆਂ ਹਵਾਵਾਂ ਵਿਚ ਨਾ ਬਹੁਤਾ ਉਛਾਲ ਮੈਨੂੰ
ਮੈਂ ਰੇਤ ਦੀ ਹਾਂ ਮੁੱਠੀ ਸੱਜਣਾ ਸੰਭਾਲ ਮੈਨੂੰ

ਕਦ ਤਕ ਉਠਾਈ ਰੱਖਾਂ ਇਹ ਬੋਝ ਰੌਸ਼ਨੀ ਦਾ
ਮੈਂ ਅਣਬਲੀ ਸ਼ਮ੍ਹਾ ਹਾਂ ਤੂੰ ਕਦੇ ਤਾਂ ਬਾਲ ਮੈਨੂੰ

ਐ ਰੁੱਖ ਮੈਂ ਤੇਰੀ ਛਾਂ ਵਿਚ ਆ ਕੇ ਸਕੂਨ ਪਾਉਣਾ
ਡਰ ਨਾ ਮੇਰੀ ਤਪਸ਼ ਤੋਂ ਛਾਵੇਂ ਬਹਾਲ ਮੈਨੂੰ

ਮਿੱਟੀ 'ਚ ਰੁਲਦੇ ਫੁੱਲ ਨੂੰ ਇਕ ਡਾਲ ਦੇ ਸਕਾਂ ਮੈਂ
ਆਇਆ ਨਾ ਕੋਈ ਕਰਨਾ ਐਸਾ ਕਮਾਲ ਮੈਨੂੰ

ਮੈਂ ਜਵਾਬ ਲੱਭਦੀ ਲੱਭਦੀ ਪੰਹੁਚੀ ਕਜ਼ਾ ਦੇ ਬੂਹੇ
ਐ ਜ਼ਿੰਦਗੀ ਤੂੰ ਕੀਤਾ ਕੈਸਾ ਸਵਾਲ ਮੈਨੂੰ

64. ਮਨ ਦੇ ਮਚਾਣ ਤੋਂ ਕਦੇ ਰੂਹ ਦੀ ਉਚਾਣ ਤੋਂ

ਮਨ ਦੇ ਮਚਾਣ ਤੋਂ ਕਦੇ ਰੂਹ ਦੀ ਉਚਾਣ ਤੋਂ
ਡਿਗਦੀ ਹਾਂ ਹੁਣ ਤਾਂ ਰੋਜ਼ ਹੀ ਮੈਂ ਆਸਮਾਨ ਤੋਂ

ਰੱਖੇ ਜੋ ਮੇਰੇ ਵਾਸਤੇ ਤੂੰ ਤੀਰ ਸਾਂਭ ਕੇ
ਕਿੰਨੇ ਕੁ ਮਹਿੰਗੇ ਹੋਣਗੇ ਉਹ ਮੇਰੀ ਜਾਨ ਤੋਂ

ਉਸ ਨੇ ਕਲੇਜੇ ਨਾਲ ਲਾ ਕੇ ਮੈਨੂੰ ਆਖਿਆ
ਵੱਡੀ ਨਾ ਹੁੰਦੀ ਸੁਹਣੀਏਂ ਆਇਤ ਕੁਰਾਨ ਤੋਂ

ਹੱਸੀਏ ਜਾਂ ਰੋ 'ਲੀਏ ਕਦੇ ਦਿਲ ਤਾਂ ਫ਼ਰੋਲੀਏ
ਚੁੱਪ-ਚਾਪ ਤੁਰ ਨਾ ਜਾਈਏ ਇਸ ਫ਼ਾਨੀ ਜਹਾਨ ਤੋਂ

ਇਸ ਤੋਂ ਪਰ੍ਹੇ ਤਾਂ ਸੂਲੀਆਂ 'ਤੇ ਇਸ਼ਕ ਝੂਮਦਾ
ਵਿਰਲਾ ਹੀ ਕੋਈ ਲੰਘਦਾ ਹੈ ਇਸ ਨਿਸ਼ਾਨ ਤੋਂ

65. ਸਾਂਭੇ ਹੋਏ ਨੇ ਤੇਰੇ ਸਾਰੇ ਗੁਲਾਬ ਹਾਲੇ

ਸਾਂਭੇ ਹੋਏ ਨੇ ਤੇਰੇ ਸਾਰੇ ਗੁਲਾਬ ਹਾਲੇ
ਓਵੇਂ ਹੀ ਮਹਿਕਦੀ ਹੈ ਦਿਲ ਦੀ ਕਿਤਾਬ ਹਾਲੇ

ਦੱਸਾਂ ਕੀ ਪਿਆਰ ਕੀ ਹੈ, ਫੁੱਲ ਹੈ ਜਾਂ ਖ਼ਾਰ ਕੀ ਹੈ
ਪੁੱਛਣਾ ਹੈ ਮੈਂ ਵੀ ਦਿਲ ਤੋਂ ਇਸ ਦਾ ਜਵਾਬ ਹਾਲੇ

ਨਸ਼ਤਰ ਦੇ ਨਾਲ ਕਾਹਤੋਂ ਮੇਰੇ ਜ਼ਖ਼ਮ ਗਿਣ ਰਿਹਾ ਹੈਂ
ਪੂਰਾ ਨਹੀਂ ਕੀ ਹੋਇਆ ਤੇਰਾ ਹਿਸਾਬ ਹਾਲੇ

ਰਹਿ ਰਹਿ ਕੇ ਨਾਮ ਤੇਰਾ ਮੇਰੇ ਦਿਲ 'ਚ ਗੂੰਜਦਾ ਹੈ
ਸੁਣਦੀ ਵਿਰਾਨਿਆਂ 'ਚੋਂ ਕੋਈ ਰਬਾਬ ਹਾਲੇ

ਮੇਰੇ ਵੀ ਪਿੰਡ ਕੋਲੇ ਹੁਣ ਪੁਲ਼ ਤਾਂ ਬਣ ਗਿਆ, ਪਰ
ਰਚਿਆ ਨਾ ਮਾਲਵੇ ਦੀ ਰੂਹ ਵਿਚ ਦੁਆਬ ਹਾਲੇ

66. ਮੇਰੀ ਤਾਸੀਰ ਮਿੱਟੀ ਦੀ, ਤੂੰ ਅੱਥਰਾ ਵੇਗ ਪਾਣੀ ਦਾ

ਮੇਰੀ ਤਾਸੀਰ ਮਿੱਟੀ ਦੀ, ਤੂੰ ਅੱਥਰਾ ਵੇਗ ਪਾਣੀ ਦਾ
ਇਹੋ ਅੰਜਾਮ ਹੋਣਾ ਸੀ ਤੇਰੀ ਮੇਰੀ ਕਹਾਣੀ ਦਾ

ਸਮੇਂ ਦੀ ਗਰਦ ਪੈ ਕੇ ਗਰਦ ਹੀ ਹੋ ਜਾਣ ਨਾ ਕਿਧਰੇ
ਉਹ ਜਿਹਨਾਂ ਸ਼ੀਸ਼ਿਆਂ ਵਿਚ ਵੇਖ ਕੇ ਖ਼ੁਦ ਨੂੰ ਪਛਾਣੀ ਦਾ

ਸਮੇਂ ਦੇ ਚੇਤਿਆਂ ਵਿਚ ਕੁਝ ਕੁ ਦਿਨ ਤਾਂ ਟਿਮਟਿਮਾਂਵਾਗਾ
ਮੈਂ ਜਗਦਾ ਲਫ਼ਜ਼ ਹਾਂ ਐ ਜ਼ਿੰਦਗੀ ਤੇਰੀ ਕਹਾਣੀ ਦਾ

ਸਿਤਾਰੇ ਰਸ਼ਕ ਕਰਦੇ ਨੇ ਅਜੇ ਤਕ ਖ਼ਾਕ ਮੇਰੀ 'ਤੇ
ਰਿਹਾ ਮਿਟ ਕੇ ਵੀ ਮੈਂ ਮਰਕਜ਼ ਮੁਹੱਬਤ ਦੀ ਕਹਾਣੀ ਦਾ

67. ਕਦੇ ਮਹਿਕ ਬਣ ਕੇ ਗੁਲਾਬ ਵਿਚ ਕਦੇ ਕਸ਼ਿਸ਼ ਬਣ ਕੇ ਸ਼ਬਾਬ ਵਿਚ

ਕਦੇ ਮਹਿਕ ਬਣ ਕੇ ਗੁਲਾਬ ਵਿਚ ਕਦੇ ਕਸ਼ਿਸ਼ ਬਣ ਕੇ ਸ਼ਬਾਬ ਵਿਚ
ਉਹ ਜਦੋਂ ਵੀ ਹੋਇਆ ਹੈ ਰੂਬਰੂ ਬਸ ਹੋਇਆ ਛੁਪ ਕੇ ਨਕਾਬ ਵਿਚ

ਓਨੇ ਜ਼ਖ਼ਮ ਨੇ ਮੇਰੇ ਕਾਲਜੇ ਓਨੇ ਫੁੱਲ ਨੇ ਰੂਹ ਦੀ ਡਾਲ 'ਤੇ
ਜਿੰਨੇ ਤੀਰ ਤਰਕਸ਼ ਵਿਚ ਤੇਰੇ ਜਿੰਨੇ ਸੁਰ ਨੇ ਤੇਰੀ ਰਬਾਬ ਵਿਚ

ਤੇਰੇ ਇਸ਼ਕ ਦਾ ਇਹ ਪਸਾਰ ਕੀ ਤੇਰੇ ਫ਼ਲਸਫ਼ੇ ਦਾ ਅਧਾਰ ਕੀ
ਆਪੇ ਬੋਟ ਵਿਚ ਖੰਭ ਤੋਲਦੈਂ ਆਪੇ ਸ਼ਿਸਤ ਲਾਈ ਉਕਾਬ ਵਿਚ

ਆਪੇ ਦਰਦ ਆਪੇ ਇਲਾਜ ਹੈਂ ਆਪੇ ਕਹਿਰ ਆਪੇ ਲਿਹਾਜ ਹੈਂ
ਇਹ ਤੂੰ ਕੈਸਾ ਖ਼ਲਕ-ਨਵਾਜ਼ ਹੈਂ ਤੇਰੀ ਗੱਲ ਨਾ ਆਉਂਦੀ ਹਿਸਾਬ ਵਿਚ

ਕਣ ਕਣ 'ਚ ਤੇਰਾ ਜਮਾਲ ਹੈ ਮੇਰਾ ਇਸ਼ਕ ਹਾਲੋਂ ਬੇਹਾਲ ਹੈ
ਤੈਨੂੰ ਕਿਸ ਜਗ੍ਹਾ ਨਾ ਮੈਂ ਢੂੰਡਿਆ ਕਦੇ ਅਗਨ ਵਿਚ ਕਦੇ ਆਬ ਵਿਚ

ਜਦ ਤੀਕ ਤੇਰੀ ਨਜ਼ਰ ਨਹੀਂ ਇਹਨਾਂ ਨੁਸਖ਼ਿਆਂ 'ਚ ਅਸਰ ਨਹੀਂ
ਇਹ ਤਾਂ ਦਰਦ ਤੇਰੇ ਵਿਯੋਗ ਦਾ ਕੀ ਇਲਾਜ ਭਾਲਾਂ ਕਿਤਾਬ ਵਿਚ

ਜਦ ਆਈ ਸਮਝ ਅਖ਼ੀਰ ਨੂੰ ਇਸ ਕਮਲੇ ਦਿਲ ਦਿਲਗੀਰ ਨੂੰ
ਤੇਰਾ ਪਿਆਰ ਮਿਲਿਆ ਰਬਾਬ 'ਚੋਂ ਤੇਰਾ ਦਰਸ ਹੋਇਆ ਗੁਲਾਬ ਵਿਚ

68. ਤਿਹਾਈ ਮਰ ਰਹੀ ਧਰਤੀ ਦਾ ਦੁੱਖ ਕਿਸ ਨੂੰ ਸੁਣਾ ਦਿੰਦੇ

ਤਿਹਾਈ ਮਰ ਰਹੀ ਧਰਤੀ ਦਾ ਦੁੱਖ ਕਿਸ ਨੂੰ ਸੁਣਾ ਦਿੰਦੇ
ਉਹ ਦਰਿਆ-ਦਿਲ ਨਾ ਸਾਨੂੰ ਆਪਣਾ ਕੋਈ ਥਹੁ-ਪਤਾ ਦਿੰਦੇ

ਚੁਫ਼ੇਰੇ ਅੱਗ ਮੱਚਦੀ ਸੀ ਅਤੇ ਰੂਪੋਸ਼ ਸੀ ਪਾਣੀ
ਅਸੀਂ ਸਹਿਮੇ ਹੋਏ ਰੁੱਖਾਂ ਨੂੰ ਕੀਕਣ ਹੌਸਲਾ ਦਿੰਦੇ

ਉਹਨਾਂ ਨੂੰ ਕੀ ਨਜ਼ਰ ਆਉਣੇ ਬਿਖਰਦੇ ਆਲ੍ਹਣੇ ਸਾਡੇ
ਜੋ ਇਕ ਕੁਰਸੀ ਲਈ ਜੰਗਲ ਹੀ ਸਾਰਾ ਦਾਅ 'ਤੇ ਲਾ ਦਿੰਦੇ

ਉਮੀਦਾਂ 'ਤੇ ਖਰੇ ਉਤਰੇ ਬੜੇ ਹੀ ਮੋਅਤਬਰ ਸਾਡੇ
ਕਿਤੇ ਕੋਈ ਗੁਲ ਖਿਲਾ ਦਿੰਦੇ ਕਿਤੇ ਕੋਈ ਚੰਨ ਚੜ੍ਹਾ ਦਿੰਦੇ

ਜੇ ਤੱਕੀਏ ਤਾਂ ਉਨ੍ਹਾਂ ਤੋਂ ਰਾਹ ਦਾ ਇਕ ਪੱਥਰ ਨਹੀਂ ਹਟਦਾ
ਜੇ ਸੁਣੀਏ ਂ ਤਾਂ ਉਹ ਨਾਅਰੇ ਮਾਰ ਕੇ ਪਰਬਤ ਹਿਲਾ ਦਿੰਦੇ

ਖ਼ੁਦਾ ਦਾ ਸ਼ੁਕਰ ਹੈ ਦਿਲ ਨੇ ਭਰੋਸਾ ਹੀ ਨਹੀਂ ਕੀਤਾ
ਉਹ ਸੌਦਾਗਰ ਤਾਂ ਸਾਡੇ ਚੰਨ ਸੂਰਜ ਵੀ ਵਿਕਾ ਦਿੰਦੇ

ਤੁਹਡਾ ਰੌਸ਼ਨੀ ਦੇ ਨਾਲ ਜੇਕਰ ਇਸ਼ਕ ਹੈ ਸੱਚਾ
ਤਾਂ ਕਿਉ ਂ ਨੀ ਰਾਤ ਦੇ ਨ੍ਹੇਰੇ 'ਚ ਇਕ ਦੀਵਾ ਜਗਾ ਦਿੰਦੇ

ਕਿਸੇ ਵੀ ਤਖ਼ਤ ਨੂੰ ਸਾਜ਼ਾਂ ਦੇ ਸੁਰ ਜਦ ਸਮਝ ਨਾ ਆਏ
ਤਾਂ ਲਾਜ਼ਮ ਸੀ ਅਸੀਂ ਤਰਬਾਂ ਨੂੰ ਤੇਗਾਂ ਵਿਚ ਵਟਾ ਦਿੰਦੇ

ਅਸਾਥੋਂ ਅਦਬ ਨਹੀਂ ਹੁੰਦਾ ਅਜਿਹੇ ਬਾਗ਼ਬਾਨਾਂ ਦਾ
ਉਹ ਜਿਹੜੇ ਫੁੱਲ 'ਤੇ ਬੈਠੀ ਹੋਈ ਤਿਤਲੀ ਉਡਾ ਦਿੰਦੇ

69. ਸੁਬ੍ਹਾ ਤੋਂ ਸ਼ਾਮ ਹੋ ਗਈ ਹੁਣ ਤਾਂ ਘਰ ਜਾਣਾ ਹੀ ਬਣਦਾ ਸੀ

ਸੁਬ੍ਹਾ ਤੋਂ ਸ਼ਾਮ ਹੋ ਗਈ ਹੁਣ ਤਾਂ ਘਰ ਜਾਣਾ ਹੀ ਬਣਦਾ ਸੀ
ਵਫ਼ਾ ਦੀ ਲਾਟ ਤੋਂ ਭੰਵਰੇ ਦਾ ਡਰ ਜਾਣਾ ਹੀ ਬਣਦਾ ਸੀ

ਮੁਹੱਬਤ ਦੀ ਕਲੀ ਨੂੰ ਮਿੱਧ ਕੇ ਜਦ ਤੁਰ ਗਿਆ ਪੂਰਨ
ਤਾਂ ਡਿਗ ਕੇ ਮਹਿਲ ਤੋਂ ਸੁੰਦਰਾਂ ਦਾ ਮਰ ਜਾਣਾ ਹੀ ਬਣਦਾ ਸੀ

ਉਹ ਅਗਨੀ ਸੀ ਉਹਨੇ ਤਾਂ ਧਰਮ ਬਲ ਕੇ ਹੀ ਨਿਭਾਉਣਾ ਸੀ
ਉਹ ਬੁੱਤ ਸੀ ਮੋਮ ਦਾ ਉਸ ਦਾ ਪਘਰ ਜਾਣਾ ਹੀ ਬਣਦਾ

ਉਹ ਮੰਨਦਾ ਸੀ ਮੁਹੱਬਤ ਅਗਨ ਦਾ ਹੀ ਵੇਗ ਹੈ ਫਿਰ ਵੀ
ਸਿਰੋਂ ਉੱਚੀ ਲਹਿਰ ਤੱਕ ਕੇ ਤਾਂ ਡਰ ਜਾਣਾ ਹੀ ਬਣਦਾ ਸੀ

ਤੂੰ ਦੁਨੀਆਂ 'ਚੋਂ ਮਸਾਂ ਲੱਭਿਆ ਸੀ ਤਿੱਖਾ ਲਿਸ਼ਕਦਾ ਚਾਕੂ
ਤੇ ਚਾਕੂ ਦਾ ਕਲੇਜੇ ਵਿਚ ਉਤਰ ਜਾਣਾ ਹੀ ਬਣਦਾ ਸੀ

ਕਲਮ ਜਦ ਹੋ ਗਈ ਆਕੀ ਤੇ ਨਗ਼ਮੇਂ ਤੁਰ ਗਏ ਰੁਸ ਕੇ
ਫ਼ਿਜ਼ਾ ਵਿਚ ਕੂਕ ਉਸ ਦੀ ਦਾ ਬਿਖਰ ਜਾਣਾ ਹੀ ਬਣਦਾ ਸੀ

70. ਹਨ੍ਹੇਰਾ ਚੀਰਿਆ ਜਾਂਦਾ ਨਜ਼ਰ ਬਾਰੀਕ ਹੋ ਜਾਂਦੀ

ਹਨ੍ਹੇਰਾ ਚੀਰਿਆ ਜਾਂਦਾ ਨਜ਼ਰ ਬਾਰੀਕ ਹੋ ਜਾਂਦੀ
ਮੁਹੱਬਤ ਵਿਚ ਹਯਾਤੀ ਰੌਸ਼ਨੀ ਦੀ ਲੀਕ ਹੋ ਜਾਂਦੀ

ਹੈਰਾਨੀ ਕੀ ਜੇ ਮੇਰੀ ਆਤਮਾ 'ਚੋਂ ਜਗ ਪਿਆ ਚਾਨਣ
ਵਫ਼ਾ ਦੀ ਅਗਨ ਵਿਚ ਇਕ ਦਿਨ ਬੜੀ ਤੌਫ਼ੀਕ ਹੋ ਜਾਂਦੀ

ਤੂੰ ਵਹਿ ਤੁਰਨਾ ਸੀ ਪੱਥਰੋਂ ਨੀਰ ਹੋ ਕੇ ਨੀਵਿਆਂ ਵੱਲ ਨੂੰ
ਜੇ ਦੁੱਖ ਦੀ ਲਾਟ ਤੇਰੇ ਦਿਲ ਦੇ ਵੀ ਨਜ਼ਦੀਕ ਹੋ ਜਾਂਦੀ

ਕਲੇਜੇ ਨਾਲ ਲਾ ਕੇ ਜੇ ਨਾ ਤੂੰ ਮੈਨੂੰ ਰੁਆ ਦਿੰਦਾ
ਖ਼ਮੋਸ਼ੀ ਹੋਰ ਕੁਝ ਚਿਰ ਨੂੰ ਤੜਪ ਕੇ ਚੀਕ ਹੋ ਜਾਂਦੀ

ਜੇ ਮੁਰਸ਼ਦ ਮਿਲ ਜਾਏ ਪੂਰਾ ਤਾਂ ਸਭ ਸਕਤੇ ਨਿਕਲ ਜਾਂਦੇ
ਗ਼ਜ਼ਲ ਕੀ, ਜ਼ਿੰਦਗੀ ਦੀ ਬਹਿਰ ਵੀ ਫਿਰ ਠੀਕ ਹੋ ਜਾਂਦੀ

71. ਸੀਨੇ ਚੋਂ ਲੈ ਕੇ ਅਗਨੀ ਕਾਇਆ ਚੋਂ ਢਾਲ ਦੀਵੇ

ਸੀਨੇ ਚੋਂ ਲੈ ਕੇ ਅਗਨੀ ਕਾਇਆ ਚੋਂ ਢਾਲ ਦੀਵੇ
ਪਾ ਪਾ ਕੇ ਰੱਤ ਅਪਣੀ ਦੁਨੀਆਂ 'ਚ ਬਾਲ ਦੀਵੇ

ਸ਼ੁਭ ਕਰਮ ਤੇਰੇ ਦੀਵੇ, ਪਾਵਨ ਖ਼ਿਆਲ ਦੀਵੇ
ਤੇਰੇ ਮਨ 'ਚ ਜੋਤ ਜਗਦੀ ਬਾਹਰੋਂ ਨ ਭਾਲ ਦੀਵੇ

ਸੰਜੋਗ, ਹੁਸਨ, ਹਸਤੀ, ਬਿਰਹਾ, ਵੈਰਾਗ, ਮਸਤੀ
ਤੇਰੀ ਨਦਰ ਨਾਲ ਜਗਦੇ ਕਿੰਨੇ ਕਮਾਲ ਦੀਵੇ

ਜਗਣਾ ਜੋ ਭੁਲ ਗਏ ਨੇ ਮਿੱਟੀ 'ਚ ਰੁਲ ਗਏ ਨੇ
ਕਰਦੇ ਉਨ੍ਹਾਂ ਨੂੰ ਰੌਸ਼ਨ, ਡਿੱਗੇ ਉਠਾਲ ਦੀਵੇ

ਜਿਹਨਾਂ ਦਾ ਕਰਮ ਬਲਣਾ ਜਿਹਨਾਂ ਦਾ ਧਰਮ ਜਗਣਾ
ਕਰਦੇ ਹਨ੍ਹੇਰਿਆਂ ਦਾ ਕਦ ਨੇ ਮਲਾਲ ਦੀਵੇ

ਸ਼ਿੱਦਤ, ਹੁਨਰ, ਵਫ਼ਾ ਦੇ, ਸੱਚ, ਸਿਦਕ, ਆਸਥਾ ਦੇ
ਮੇਰੇ ਸਫ਼ਰ 'ਚ ਤੁਰਦੇ ਮੇਰੇ ਨਾਲ ਨਾਲ ਦੀਵੇ

72. ਬਹਿਸ ਨਿਤ ਭਖਦੀ ਹੈ ਖ਼ਾਲੀ ਮਿਆਨ 'ਤੇ

ਬਹਿਸ ਨਿਤ ਭਖਦੀ ਹੈ ਖ਼ਾਲੀ ਮਿਆਨ 'ਤੇ
ਬੋਲਦਾ ਨਾ ਕੋਈ ਵੀ ਕਿਰਪਾਨ 'ਤੇ

ਉਸ ਲਈ ਸੋਨੇ ਦਾ ਪਿੰਜਰਾ ਆ ਗਿਆ
ਦਾਅਵਾ ਕੀਤਾ ਜਿਸ ਨੇ ਵੀ ਅਸਮਾਨ 'ਤੇ

ਤੇਰਿਆਂ ਬੋਲਾਂ ਨੇ ਲੂਹ ਦਿੱਤੇ ਨੇ ਜੋ
ਖਿੜ ਵੀ ਸਕਦੇ ਸੀ ਉਹ ਤੇਰੇ ਬਿਆਨ 'ਤੇ

ਬਸਤੀਆਂ ਵਿਚ ਅੱਗ ਕਿਥੋਂ ਆ ਵੜੀ
ਮੋਹਰ ਤਾਂ ਲਾਈ ਸੀ ਫੁੱਲ ਦੇ ਨਿਸ਼ਾਨ 'ਤੇ

ਫ਼ਿਕਰ ਵਿਚ ਹੈ ਸ਼ਿਕਰਿਆਂ ਦੀ ਸਲਤਨਤ
ਛਾਅ ਗਈਆਂ ਨੇ ਘੁੱਗੀਆਂ ਅਸਮਾਨ 'ਤੇ