Punjabi Ghazals : Kanwar Chauhan
ਪੰਜਾਬੀ ਗ਼ਜ਼ਲਾਂ : ਕੰਵਰ ਚੌਹਾਨ
ਇਸ਼ਕ ਦੀ ਰਾਹ ਵਿਚ ਬਣ ਜਾਂਦਾ ਹੈ
ਇਸ਼ਕ ਦੀ ਰਾਹ ਵਿਚ ਬਣ ਜਾਂਦਾ ਹੈ, ਅਪਣਾ ਅਤੇ ਪਰਾਇਆ ਪੱਥਰ। ਮੈਂ ਉਸ ਸ਼ਖ਼ਸ ਨੂੰ ਢੂੰਡ ਰਿਹਾ ਹਾਂ, ਜਿਹੜਾ ਚੁੱਕੇ ਪਹਿਲਾ ਪੱਥਰ। ਮਾਯੂਸੀ ਦੀ ਭੀੜ ਚ ਘਿਰ ਕੇ, ਹਰ ਕੋਈ ਤਨਹਾ ਰਹਿ ਜਾਂਦਾ ਹੈ ਤਪਦੇ ਮਾਰੂਥਲ ਦੇ ਅੰਦਰ, ਬਣ ਜਾਂਦਾ ਹੈ ਸਾਇਆ ਪੱਥਰ। ਬੀਤ ਗਏ ਤੇ ਹੁਣ ਦੇ ਯੁਗ ਵਿਚ, ਕੋਈ ਐਨਾ ਫ਼ਰਕ ਨਹੀਂ ਹੈ ਦੇਵਤਿਆਂ ਦੇ ਦੋਸ਼ ਤੇ ਬਣਦੀ ਹੈ ਨਿਰਦੋਸ਼ ਅਹੱਲਿਆ ਪੱਥਰ। ਮੈਨੂੰ ਦੂਰੋਂ ਪਰਖਣ ਵਾਲੇ, ਇਸ ਲਈ ਧੋਖਾ ਖਾ ਜਾਂਦੇ ਨੇ ਕਿਉਂ ਜੇ ਮੇਰੇ ਹਿੱਸੇ ਆਇਐ ਦਿਲ ਸ਼ੀਸ਼ੇ ਦਾ, ਚਿਹਰਾ ਪੱਥਰ। ਇਸ ਦੀ ਕਿਸਮਤ ਵਿਚ ਹੈ ਲਿਖਿਆ ਤੇਰੇ ਪੈਰਾਂ ਦਾ ਆਲਿੰਗਣ ਮੀਲ ਦੇ ਪੱਥਰ ਨਾਲੋਂ ਚੰਗੈ, ਫੁੱਟਪਾਥਾਂ ਵਿਚ ਜੜਿਆ ਪੱਥਰ। ਓਸੇ ਰਾਹ ਤੋਂ ਕੁਝ ਚਿਰ ਪਹਿਲਾਂ, ਤੇਰਾ ਦੀਵਾਨਾ ਸੀ ਲੰਘਿਆ ਹੁਣ ਜਿਸ ਰਾਹ ਵਿਚ ਲਿਸ਼ਕ ਰਿਹਾ ਹੈ,ਸੱਜਰੇ ਖ਼ੂਨ ਚ ਭਿੱਜਿਆ ਪੱਥਰ।
ਇਸ ਭਰੇ ਸ਼ਹਿਰ 'ਤੇ ਜਦ ਸ਼ਾਮ
ਇਸ ਭਰੇ ਸ਼ਹਿਰ 'ਤੇ ਜਦ ਸ਼ਾਮ ਉਤਰਦੀ ਹੈ ਕੰਵਰ। ਮੇਰੇ ਅਹਿਸਾਸ 'ਚੋਂ ਇਕ ਚੀਸ ਉਭਰਦੀ ਹੈ ਕੰਵਰ। ਇਕ ਭਟਕੀ ਹੋਈ ਮਾਸੂਮ ਤੇ ਆਵਾਰਾ ਹਵਾ, ਮੇਰੇ ਦਰਵਾਜ਼ੇ 'ਤੇ ਹਰ ਰੋਜ਼ ਠਹਰਦੀ ਹੈ ਕੰਵਰ। ਮਹਿਕਾਂ ਵਰਸਾਉਂਦੀ ਜਦੋਂ ਫੁੱਲਾਂ ਦੀ ਰੁੱਤ ਆਉਂਦੀ ਹੈ, ਦਿਲ ਦੇ ਵੀਰਾਨੇ 'ਚ ਤਨਹਾਈ ਸੰਵਰਦੀ ਹੈ ਕੰਵਰ। ਤੂੰ ਕਿ ਚਾਹੇ ਨੇ ਸਦਾ ਜਿਸ ਨੇ ਗੁਲਾਬੀ ਸਾਏ, ਪਰ ਤੇਰਾ ਹਿੱਸਾ ਤਾਂ ਉਡੀਕਾਂ ਦੀ ਹੀ ਜ਼ਰਦੀ ਹੈ ਕੰਵਰ। ਜਨਮਾਂ ਜਨਮਾਂ ਦਾ ਹੈ ਤੇਰਾ ਅਤੇ ਇਸਦਾ ਰਿਸ਼ਤਾ, ਇਹ ਉਦਾਸੀ ਕੋਈ ਇਸ ਇਕ ਉਮਰ ਦੀ ਹੈ ਕੰਵਰ। ਇਕ ਛਿਣ ਟੁੱਟ ਕੇ ਢਲ ਜਾਂਦਾ ਹੈ ਜਦ ਸਦੀਆਂ ਵਿਚ, ਸੰਘਣੀ ਚੁੱਪ ਉਦੋਂ ਹੋਰ ਨਿਖਰਦੀ ਹੈ ਕੰਵਰ।
ਅਪਣੇ ਸਾਏ ਦੇ ਸਮੁੰਦਰ ਵਿੱਚ
ਅਪਣੇ ਸਾਏ ਦੇ ਸਮੁੰਦਰ ਵਿੱਚ ਖਰ ਜਾਵਾਂਗਾ ਮੈਂ। ਤੇਰੇ ਮੂੰਹ ਦੀ ਧੁੱਪ ਨਾ ਚਮਕੀ ਤਾਂ ਮਰ ਜਾਵਾਂਗਾ ਮੈਂ। ਇੱਕ ਦਿਨ ਅਪਣੇ ਲਹੂ ਦੇ ਘੁੱਟ ਭਰ ਜਾਵਾਂਗਾ ਮੈਂ। ਅਜਨਬੀ ਬਣ ਕੇ ਤੇਰੇ ਅੱਗੋਂ ਗੁਜ਼ਰ ਜਾਵਾਂਗਾ ਮੈਂ। ਹੰਝੂ ਬਣ ਕੇ ਤੇਰੀਆਂ ਪਲਕਾਂ 'ਤੇ ਪਹਿਲਾਂ ਸੁਲ਼ਘ ਲਾਂ, ਤ੍ਰੇਲ ਬਣ ਫਿਰ ਫੁੱਲ ਦੀ ਪੱਤੀ 'ਤੇ ਠਰ ਜਾਵਾਂਗਾ ਮੈਂ। ਭਾਵੇਂ ਲੋਹਾ ਬਣ ਕੇ ਜੂਝਾਂਗਾ ਮੈਂ ਹਰ ਔਕੜ ਦੇ ਨਾਲ਼, ਰੇਤ ਬਣ ਕੇ ਪਰ ਤੇਰੇ ਦਰ 'ਤੇ ਬਿਖਰ ਜਾਵਾਂਗਾ ਮੈਂ। ਕਾਲ਼ੇ ਜੰਗਲਾਂ ਵਿੱਚ ਖਿੰਡ ਜਾਵਾਂਗਾ ਮਹਿਕਾਂ ਦੀ ਤਰ੍ਹਾਂ, ਮੁਸਕੁਰਾਉਂਦਾ ਦਰਦ ਬਣ ਰਗ ਰਗ 'ਚ ਭਰ ਜਾਵਾਂਗਾ ਮੈਂ। ਧਰਤ ਤੋਂ ਆਕਾਸ਼ ਤਕ ਦਾ ਮੁੱਕ ਜਾਊ ਜਦ ਸਫ਼ਰ, ਪੈਰ ਚਿੰਨ੍ਹ ਬਣ ਕੇ ਤੇਰੇ ਰਾਹ ਵਿਚ ਠਹਿਰ ਜਾਵਾਂਗਾ ਮੈਂ।
ਦਿਲ ਵਿਚ ਐਨਾ ਸੰਨਾਟਾ ਹੈ
ਦਿਲ ਵਿਚ ਐਨਾ ਸੰਨਾਟਾ ਹੈ ਕੰਬਦੀ ਹੈ ਤਨਹਾਈ ਵੀ ਤੇ ਅੱਖਾਂ ’ਚੋਂ ਝਾਕ ਰਹੀ ਹੈ ਸ਼ਬਦਾਂ ਦੀ ਗਹਿਰਾਈ ਵੀ ਇਕ ਬੇਦਰਦੀ ਨੇ ਹੁਣ ਕੀਤੈ ਏਦਾਂ ਜਜ਼ਬੇ ਨੂੰ ਪਾਗਲ ਰਾਗਾਂ ਨੂੰ ਵੀ ਸੁਰ ਨਹੀਂ ਲੱਭਦੇ ਜ਼ਖ਼ਮੀ ਹੈ ਸ਼ਹਿਨਾਈ ਵੀ ਅੱਲ੍ਹੜ ਤੇ ਮਾਸੂਮ ਹਯਾ ਦੇ ਮਨ ’ਤੇ ਖ਼ੌਫ਼ ਦਾ ਸਾਇਆ ਹੈ ਅੱਜ ਆਪਣੀ ਹੀ ਦੁਸ਼ਮਣ ਬਣ ਗਈ ਜ਼ੁਲਫ਼ਾਂ ਦੀ ਲੰਬਾਈ ਵੀ ਵਸਦੇ-ਰਸਦੇ ਸ਼ਹਿਰਾਂ ਵਿਚ ਇਓਂ ਆਦਮ-ਬੋ ਦਾ ਪਹਿਰਾ ਹੈ ਦਿਲ ਦਾ ਸ਼ੀਸ਼ਾ ਕਿਰਚਾਂ ਕਿਰਚਾਂ ਤੇ ਅੱਖ ਹੈ ਪਥਰਾਈ ਵੀ ਅੱਖਾਂ ਦੇ ਵਿਚ ਰੋਹ ਦੇ ਸ਼ੁਅਲੇ ਹੱਥਾਂ ਵਿਚ ਦੋ-ਧਾਰ ਕਟਾਰ ਅੰਗਿਆਰਾਂ ਦਾ ਰੂਪ ਵਟਾ ਕੇ ਆਈ ਹੈ ਅੰਗੜਾਈ ਵੀ ਇਕ ਦਿਨ ਆ ਕੇ ਆਪ ਸਫ਼ਲਤਾ ਪੈਰ ਉਨ੍ਹਾਂ ਦੇ ਚੁੰਮੇਗੀ ਖ਼ੰਜਰ ਨਾਲ ਜੋ ਮਾਪ ਰਹੇ ਨੇ ਜ਼ਖ਼ਮਾਂ ਦੀ ਗਹਿਰਾਈ ਵੀ
ਅੱਜ ਇਉਂ ਤੱਕਿਆ ਕਿਸੇ
ਅੱਜ ਇਉਂ ਤੱਕਿਆ ਕਿਸੇ, ਪਹਿਲਾਂ ਕਦੇ ਤੱਕਿਆ ਨ ਸੀ ਹੋਸ਼ ਵਿਚ ਅਪਣੀ ਕਦੇ ਇਹ ਹਾਦਸਾ ਹੋਇਆ ਨ ਸੀ ਅਪਣੀ ਤਨਹਾਈ ਦੇ ਮਾਰੂਥਲ 'ਚ ਹੀ ਹੈ ਭਟਕਿਆ ਹੋਰ ਦੀਵਾਨੇ ਦੀ ਕਿਸਮਤ ਵਿਚ ਕੋਈ ਸਹਿਰਾ ਨ ਸੀ ਮੇਰੇ ਹੰਝੂਆਂ ਦੇ ਸਿਤਾਰੇ, ਤੇਰੀਆਂ ਜ਼ੁਲਫ਼ਾਂ ਦੇ ਤਾਰ ਕਾਸ਼! ਕੋਈ ਆ ਕੇ ਆਖੇ ਮੈਨੂੰ, ਇਹ ਸੁਫ਼ਨਾ ਨ ਸੀ ਸੁਰਮਈ ਚਾਨਣ ਦੇ ਪੱਲੇ ਵਿਚ ਸੰਧੂਰੀ ਰੌਸ਼ਨੀ ਦਿਨ ਬੜਾ ਹੀ ਖ਼ੂਬਸੂਰਤ ਸੀ, ਤਿਰੇ ਵਰਗਾ ਨ ਸੀ ਦਾਇਰੇ ਦਾ ਕਿਸ ਨੇ ਅੱਜ ਤਕ ਦੇਖਿਆ ਹੈ ਆਦਿ-ਅੰਤ ਸੋਚ ਦੇ ਦਰਿਆ ਦਾ ਸਦੀਆਂ ਤੀਕ ਵੀ ਕੰਢਾ ਨ ਸੀ ਰੌਸ਼ਨੀ ਨੂੰ ਮਾਣ ਤਾਂ ਸਕਦੇ ਹਾਂ, ਫੜ ਸਕਦੇ ਨਹੀਂ ਉਹ ਮਿਰਾ ਅਪਣਾ ਸੀ ਭਾਵੇਂ, ਫੇਰ ਵੀ ਅਪਣਾ ਨ ਸੀ ਲੱਖ ਚਾਹਿਆ ਤੋੜਨਾ ਮੈਂ ਜਿਸਮ ਦੀ ਦੀਵਾਰ ਨੂੰ ਖ਼ਾਹਿਸ਼ਾਂ ਦੇ ਜਾਲ 'ਚੋਂ ਨਿਕਲਣ ਦਾ ਪਰ ਰਸਤਾ ਨ ਸੀ
ਜਦ ਵੀਰਾਨ ਘਰਾਂ ਦੀਆਂ ਛੱਤਾਂ
ਜਦ ਵੀਰਾਨ ਘਰਾਂ ਦੀਆਂ ਛੱਤਾਂ 'ਤੇ ਸੌਂ ਜਾਂਦੀ ਛਾਂ ਖ਼ਾਮੋਸ਼ੀ ਦੀ ਝੀਲ ਨੂੰ ਮੈਂ ਇਕਲਾਪੇ ਨਾਲ ਭਰਾਂ ਵਿਟ-ਵਿਟ ਕਿਉਂ ਤੱਕਦੇ ਹੋ ਮੈਨੂੰ ਅਜਨਬੀਆਂ ਦੇ ਵਾਂਗ ਮੇਰਾ ਵੀ ਹੁੰਦਾ ਸੀ ਥੋਡੇ ਵਰਗਾ ਇਕ ਗਰਾਂ ਕਿੰਨੀ ਵੱਡੀ ਬਣ ਗਈ, ਜੋ ਸੀ ਨਿੱਕੀ ਜੇਹੀ ਗੱਲ ਜਿਸ ਦੇ ਬਾਝੋਂ ਜੀ ਨਹੀਂ ਹੁੰਦਾ, ਉਸਨੂੰ ਕਿੰਜ ਕਹਾਂ ਲੱਗਦੈ, ਉਹ ਬੇਦਰਦੀ ਸਾਡਾ ਹੀ ਪਰਛਾਵਾਂ ਹੈ ਜਿਸ ਫੁੱਲਾਂ ਤੋਂ ਮਹਿਕ ਹੈ ਖੋਹੀ ਤੇ ਰੁੱਖਾਂ ਤੋਂ ਛਾਂ ਹੱਸ ਕੇ ਲੰਘ ਸਕਦੈ ਜੋ ਖ਼ੌਫ਼ ਦਾ ਦਰਿਆ, ਸਹਿਮ ਦਾ ਥਲ ਵਕਤ ਦੇ ਵਰਕੇ `ਤੇ ਰਹਿਣਾ ਹੈ ਬਸ ਓਸੇ ਦਾ ਨਾਂ ਆਖ਼ਰ ਕਦ ਤਕ ਸੌਵਾਂਗਾ 'ਨ੍ਹੇਰੇ ਦੀ ਚਾਦਰ ਤਾਣ ਉੱਠਾਂ, ਉੱਠ ਕੇ ਸਾਰੇ ਬੂਹੇ, ਖਿੜਕੀਆਂ ਖੋਲ੍ਹ ਦਿਆਂ ਖੌਰੇ ਕਿਸ ਵਣਜਾਰੇ ਦਾ ਹੈ ਰਾਹ ਤੱਕਦੀ ਰਹਿੰਦੀ ਖ਼ਾਲੀ ਹੈ ਕਿੰਨੀਆਂ ਸਦੀਆਂ ਤੋਂ ਇਹ ਜੋ ਇਕ ਸਰਾਂ
ਜਦ ਵੀ ਘੁਲ ਜਾਂਦੇ ਨੇ ਨਸ ਨਸ 'ਚ
ਜਦ ਵੀ ਘੁਲ ਜਾਂਦੇ ਨੇ ਨਸ ਨਸ 'ਚ ਸ਼ਰਾਬਾਂ ਵਾਂਗੂੰ । ਦਰਦ ਭੁੱਲ ਜਾਂਦੇ ਨੇ ਬੇਅਰਥ ਕਿਤਾਬਾਂ ਵਾਂਗੂੰ । ਉਹ ਕੇਹਾ ਵਕਤ ਸੀ ਸਰਮਦ ਸੀ ਖ਼ਫ਼ਾ ਯਾਰਾਂ ’ਤੇ, ਮੈਨੂੰ ਤਾਂ ਲਗਦੇ ਨੇ ਪੱਥਰ ਵੀ ਗੁਲਾਬਾਂ ਵਾਂਗੂੰ । ਵਕਤ ਉਹ ਤਪਿਆ ਹੋਇਆ ਸਹਰਾ ਹੈ ਜਿਸ ਵਿਚ ਯਾਰੋ, ਹੋਂਦ ਹਰ ਵਿਅਕਤੀ ਦੀ ਦਿਸਦੀ ਹੈ ਸੁਰਾਬਾਂ ਵਾਂਗੂੰ । ਦਿਨ ਦੀ ਭਟਕਣ ਜਦੋਂ ਘਿਰ ਜਾਂਦੀ ਹੈ ਮੁਸਕਾਨਾਂ ਵਿਚ, ਰਾਤ ਆ ਜਾਂਦੀ ਹੈ ਹਮਦਰਦ ਅਜਾਬਾਂ ਵਾਂਗੂੰ । ਦਿਲ ਦੀ ਵੇਦਨ ਨੂੰ ਕਿਹੜਾ ਪਾਲਦੈ ਉਮਰਾਂ ਤੀਕਰ, ਲੋਕ ਸੁੱਟ ਸੁੱਟ ਦਿੰਦੇ ਨੇ ਬੇਕਾਰ ਜੁਰਾਬਾਂ ਵਾਂਗੂੰ । ਸੁਰਖ਼ ਤੋਂ ਕਾਲਾ ਜਦੋਂ ਹੁੰਦਾ ਹੈ ਸੂਰਜ ਦਾ ਲਹੂ, ਫੈਲ ਜਾਂਦਾ ਹੈ ਖ਼ਸਾਰੇ ਦੇ ਹਿਸਾਬਾਂ ਵਾਗੂੰ ।