Kanwar Chauhan ਕੰਵਰ ਚੌਹਾਨ

ਕਦੇ ਰਣਧੀਰ ਸਿੰਘ ਚੰਦ ਨੇ ਲਿਖਿਆ ਸੀਃ
ਕੰਵਰ ਚੌਹਾਨ ਤੇ ਨਿਰਧਨ ਵਰਗਾ ਦਰਦ ਨਾ ਮੇਰੇ ਵਿੱਚ,
ਭਾਵੇ ਸ਼ਿਅਰ ਕਹੇ ਨੇ ਮੈਂ ਵੀ ਹੰਝੂਆਂ ਵਿੱਚ ਡੁਬੋ।

ਕੰਵਰ ਚੌਹਾਨ ਨੂੰ 22 ਜੂਨ 1932 ਨੂੰ ਜਨਮਿਆ ਤੇ 27 ਅਗਸਤ 1995 ਨੂੰ ਸਦਾ ਲਈ ਵਿਛੋੜਾ ਦੇ ਗਿਆ। ਪੰਜਾਬੀ ਗ਼ਜ਼ਲ ਨੂੰ ਪੰਜਾਬੀ-ਕਾਵਿ ਦੀ ਮੁੱਖ ਧਾਰਾ ਦੀ ਸ਼ਕਤੀਸ਼ਾਲੀ ਵਿਧਾ ਵਜੋਂ ਸਥਾਪਿਤ ਕਰਨ ਵਾਲ਼ੇ ਗ਼ਜ਼ਲਕਾਰਾਂ ਵਿੱਚੋਂ ਇੱਕ ਸੀ।
ਉਹ ਸਰਕਾਰੀ ਹਸਪਤਾਲ, ਨਾਭਾ ਵਿਖੇ ਹੈਲਥ-ਵਿਜ਼ਿਟਰ ਰਹੇ। ਨੌਕਰੀ ਦੇ ਸਿਲਸਿਲੇ ਵਿੱਚ 5-6 ਸਾਲ ਸੰਗਰੂਰ ਰਹੇ ਪਰ ਉਮਰ ਦਾ ਬਾਕੀ ਸਾਰਾ ਹਿੱਸਾ ਨਾਭੇ ਹੀ ਗੁਜ਼ਾਰਿਆ।
ਕੰਵਰ ਚੌਹਾਨ ਦੀ ਕੋਈ ਵੀ ਕਿਤਾਬ ਉਨ੍ਹਾਂ ਦੇ ਜੀਵਨ ਕਾਲ ਵਿੱਚ ਨਹੀਂ ਛਪ ਸਕੀ। ਉਨ੍ਹਾਂ ਦੀ ਮੌਤ ਉਪਰੰਤ ਪਰਿਵਾਰ ਨੇ 1999 ਵਿਚ ਉਨ੍ਹਾਂ ਦਾ ਗ਼ਜ਼ਲ-ਸੰਗ੍ਰਹਿ “ਜੰਗਲ ਵਿਚ ਸ਼ਾਮ” ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਵੱਲੋਂ ਛਪਵਾਇਆ। ਹੁਣ ਇਸ ਦਾ ਦੂਸਰਾ ਐਡੀਸ਼ਨ ਸ਼ਪਰੈੱਡ ਪਬਲੀਕੇਸ਼ਨ ਰਾਮਪੁਰ(ਲੁਧਿਆਣਾ) ਵੱਲੋਂ ਛਾਪਿਆ ਗਿਆ ਹੈ।
ਉਸ ਦੀ ਪੰਜਾਬੀ ਗ਼ਜ਼ਲ ਨੂੰ ਨਿਵੇਕਲੀ ਦੇਣ ਨੂੰ ਦੇਖਦਿਆਂ ਰਚਨਾ ਵਿਚਾਰ ਮੰਚ ਨਾਭਾ ਵੱਲੋਂ “ਕੰਵਰ ਚੌਹਾਨ ਯਾਦਗਾਰੀ ਗ਼ਜ਼ਲ ਪੁਰਸਕਾਰ” ਸਥਾਪਤ ਕੀਤਾ ਗਿਆ ਹੈ। ਗ਼ਜ਼ਲਕਾਰ ਬਰਜਿੰਦਰ ਚੌਹਾਨ ਅਤੇ ਜੈਨਿੰਦਰ ਚੌਹਾਨ ਉਨ੍ਹਾਂ ਦੇ ਹੋਣਹਾਰ ਸ਼ਾਇਰ ਪੁੱਤਰ ਹਨ।
- ਗੁਰਭਜਨ ਗਿੱਲ