Punjabi Ghazals : Jagir Sadhar
ਪੰਜਾਬੀ ਗ਼ਜ਼ਲਾਂ : ਜਗੀਰ ਸੱਧਰ
ਬੋਲਣ ਤੋਂ ਨਾ ਰੋਕੋ
ਬੋਲਣ ਤੋਂ ਨਾ ਰੋਕੋ, ਮੇਰਾ ਬੋਲਣ ਨੂੰ ਜੀ ਕਰਦਾ ਏ ਦਿਲ ਵਿਚ ਪਈਆਂ ਹੋਈਆਂ ਗੰਢਾਂ ਖੋਲ੍ਹਣ ਨੂੰ ਜੀ ਕਰਦਾ ਏ ! ਆਪਣੇ ਆਪ ਨੂੰ ਰੱਖਕੇ ਕਿਧਰੇ, ਭੁੱਲ ਗਿਆ ਹਾਂ ਯਾਰੋ ਮੈਂ, ਫਿਰ ਹੁਣ ਮੇਰਾ ਆਪਣਾ ਆਪਾ ਟੋਲਣ ਨੂੰ ਜੀ ਕਰਦਾ ਏ! ਸਾਂਭ ਸਾਂਭ ਕੇ ਖ਼ੁਦ ਨੂੰ ਯਾਰੋ, ਮੈਂ ਕਿੰਨਾਂ ਚਿਰ ਜੀਵਾਂਗਾ, ਮੇਰਾ ਤਾਂ ਹੁਣ ਬੜੇ ਚਿਰਾਂ ਤੋਂ ਡੋਲਣ ਨੂੰ ਜੀ ਕਰਦਾ ਏ! ਬਹੁਤ ਕੁੜੱਤਣ ਘੁਲ਼ੀ ਫਿਜ਼ਾ ਵਿਚ, ਮੇਰੇ ਕੌੜਿਆਂ ਬੋਲਾਂ ਦੀ ਹੁਣ ਤਾਂ ਪੌਣਾਂ ਵਿਚ ਸੁਗੰਧਾਂ ਘੋਲਣ ਨੂੰ ਜੀ ਕਰਦਾ ਏ! ਹਸਤੀ ਦੇ ਹੰਕਾਰ ਚ ਮੈਂ, ਗੁੱਸੇ ਕਰ ਬੈਠਾ ਯਾਰਾਂ ਨੂੰ ਰੁੱਸਿਆਂ ਯਾਰਾਂ ਨਾਲ ਮੇਰਾ, ਫਿਰ ਬੋਲਣ ਨੂੰ ਜੀ ਕਰਦਾ ਏ! ਉਸਦੀਆਂ ਸੁਣੀਆਂ, ਪਰ ਨਾ ਉਸ ਨੂੰ, ਆਪਣੇ ਦਿਲ ਦੀ ਕਹਿ ਸਕਿਆ, ਕਹਿ ਦਿਆਂ ਅੱਜ ਦਿਲ ਦੀਆਂ ਸੱਭੇ ਢੋਲਣ ਨੂੰ ਜੀ ਕਰਦਾ ਏ ! ਕੁਫ਼ਰ ਬਰਾਬਰ ਤੁੱਲਦਾ ਆਇਆ ਸੱਧਰ ਸੁਰਤ ਸੰਭਾਲਣ ਤੋਂ ਹੁਣ ਤਾਂ ਖ਼ੁਦ ਨੂੰ, ਸੱਚ ਬਰਾਬਰ ਤੋਲਣ ਨੂੰ ਜੀ ਕਰਦਾ ਏ !
ਕਦੇ ਮੈਂ ਫੁੱਲ ਹੁੰਦਾ ਹਾਂ
ਕਦੇ ਮੈਂ ਫੁੱਲ ਹੁੰਦਾ ਹਾਂ ਤੇ ਤਾਰਾ ਮੈਂ ਕਦੇ ਹੁੰਨਾਂ! ਕਿ ਸੱਤਾਂ ਆਸਮਾਨਾਂ ਦਾ ਨਜ਼ਾਰਾ ਮੈਂ ਕਦੇ ਹੁੰਨਾਂ ! ਤੂੰ ਜਾਨਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਮਿਰੇ ਮਹਿਰਮ ਕਿ ਦਿਲਬਰ ਮੈਂ ਕਦੇ ਹੁੰਨਾਂ ਪਿਆਰਾ ਮੈਂ ਕਦੇ ਹੁੰਨਾਂ! ਵਕਤ ਇਨਸਾਫ਼ ਨਹੀਂ ਕਰਦਾ ਜਿੰਨਾਂ ਦੇ ਨਾਲ ਉਨਾਂ ਦਾ ਮਸੀਹਾ ਮੈਂ ਕਦੇ ਹੁੰਨਾਂ, ਬੁਲਾਰਾ ਮੈਂ ਕਦੇ ਹੁੰਨਾਂ ! ਹਮੇਸ਼ਾਂ ਬਾਲ ਕੇ ਖ਼ੁਦ ਨੂੰ, ਮੈਂ ਕੀਤੀ ਰੌਸ਼ਨੀ ਯਾਰੋ, ਕਿ ਜੁਗਨੂੰ ਮੈਂ ਕਦੇ ਹੁੰਨਾਂ, ਸਿਤਾਰਾ ਮੈਂ ਕਦੇ ਹੁੰਨਾਂ! ਪਲ ਪਲ ਕਿਉਂ ਮੇਰੇ ਮਨ ਦੇ ਬਦਲ ਹਾਲਾਤ ਜਾਂਦੇ ਨੇ ਕਦੇ ਸ਼ਬਨਮ ਮੈਂ ਹੋ ਜਾਂਵਾਂ, ਸ਼ਰਾਰਾ ਮੈਂ ਕਦੇ ਹੁੰਨਾਂ! ਅੱਕ ਦੇ ਬੀਜ ਵਾਂਗੂੰ ਮੈਂ, ਕਦੇ ਪੌਣਾਂ ਚ ਉੱਡਦਾ ਹਾਂ ਪਏ ਧਰਤੀ ਤੇ ਪੱਥਰ ਤੋਂ ਵੀ ਭਾਰਾ ਮੈਂ ਕਦੇ ਹੁੰਨਾਂ! ਕਦੇ ਰਾਂਝਣ, ਕਦੇ ਲੁੱਡਨ, ਕਦੇ ਮੈਂ ਨਾਥ ਹੋ ਜਾਂਵਾਂ, ਸ਼ਹਿਰ ਭਬੋਰ, ਕਦੇ ਰੰਗਪੁਰ, ਹਜ਼ਾਰਾ ਮੈਂ ਕਦੇ ਹੁੰਨਾਂ! ਸ਼ਾਇਰ, ਰਿੰਦ, ਕਦੇ ਸਾਕੀ, ਕਦੇ ਮੁਜ਼ਰਿਮ ਕਦੇ ਮੁਨਸਿਫ਼ ਐ ਸੱਧਰ ਪਿਆਰ ਦਾ ਪਾਤਰ, ਵਿਚਾਰਾਂ ਮੈਂ ਕਦੇ ਹੁੰਨਾਂ!
ਨਾ ਕਿਸੇ ਸਮਝਿਆ
ਨਾ ਕਿਸੇ ਸਮਝਿਆ ਨਾ ਕਿਸੇ ਜਾਣਿਆਂ ਮੇਰਾ ਦਿਲ ਨਾ ਕਿਸੇ ਨੇ ਵੀ ਪਹਿਚਾਣਿਆਂ ਹੈ ਤਸੱਲੀ ਕਿ ਜੀਂਦਾ ਰਿਹਾ ਫੇਰ ਵੀ ਸ਼ਹਿਰ ਆਪਣੇ 'ਚ ਹੀ ਅਜ਼ਨਬੀ ਵਾਂਗਰਾਂ! ਆਏ ਰਾਹਾਂ 'ਚ ਟਿੱਬੇ ਤੇ ਟੋਏ ਬੜੇ ਉੱਚੇ ਪਰਬਤ ਸੀ ਬਣ ਬਣਕੇ ਰੋਕਾਂ ਖੜੇ ਆਪਣੀ ਮੰਜ਼ਿਲ ਦੇ ਵੱਲ ਮੈਂ ਤਾਂ ਤੁਰਦਾ ਰਿਹਾ! ਮੌਜ ਆਪਣੀ 'ਵਗਦੀ ਨਦੀ ਵਾਂਗਰਾਂ ! ਜਿੱਥੇ ਮੌਸਮ ਝੁਲਸਦੇ ਰਹੇ ਚਮਨ ਨੂੰ ਜਿੱਥੇ ਦਿਲ ਤਰਸਦੇ ਰਹੇ ਅਮਨ ਨੂੰ, ਐਸੈ ਮੌਸਮ 'ਚ ਵੀ ਅਸੀਂ ਕੱਟਿਆ ਸਮਾਂ ਜਦੋਂ ਇਕ ਪਲ ਵੀ ਸੀ ਇਕ ਸਦੀ ਵਾਂਗਰਾਂ! ਮਨਾਂ ਅੰਦਰ ਰਿਹਾ ਨਿਰਾ ਸਹਿਮ ਜਿਹਾ ਜਦੋਂ ਜੀਵਨ ਇਹ ਲੱਗਦਾ ਸੀ ਵਹਿਮ ਜਿਹਾ ਮੌਤ ਸਿਰ ਤੇ ਸਦਾ ਮੰਡਰਾਉਦੀ ਰਹੀ ਸਾਡਾ ਹਰ ਦਿਨ ਹੀ ਸੀ ਆਖ਼ਰੀ ਵਾਂਗਰਾਂ!
ਦਾਅਵਾ ਮੇਰਾ ਹੋਰ ਸੀ
ਦਾਅਵਾ ਮੇਰਾ ਹੋਰ ਸੀ ਵਤੀਰਾ ਹੈ ਤੇਰਾ ਹੋਰ ਐ ਹਮ ਸਫ਼ਰ ਸਫ਼ਰ ਦਾ ਸਲੀਕਾ ਹੈ ਤੇਰਾ ਹੋਰ! ਇਕੋ ਈ ਹੈ ਨਿਸ਼ਾਨਾ, ਮੰਜ਼ਿਲ ਵੀ ਇਕ ਹੈ ਰਸਤਾ ਅਲੱਗ ਮੇਰਾ, ਮਗਰ ਰਸਤਾ ਹੈ ਤੇਰਾ ਹੋਰ ! ਹੈ ਚੋਰ ਤੇਰੇ ਅੰਦਰ, ਤੂੰ ਕੁਝ ਲੁਕਾ ਰਿਹਾ ਏਂ, ਦਿਲ ਵਿਚ ਹੈ ਤੇਰੇ ਹੋਰ ਕੁਝ, ਚਿਹਰਾ ਹੈ ਤੇਰਾ ਹੋਰ ! ਆਉਂਦਾ ਨਹੀਂ ਯਕੀਨ ਹੁਣ, ਤੇਰੀ ਜ਼ੁਬਾਨ ਉੱਤੇ ਕਰ ਹੋਰ ਕੁਝ ਰਿਹਾ ਏਂ ਤੂੰ, ਵਾਹਦਾ ਹੈ ਤੇਰਾ ਹੋਰ ! ਜੋਂ ਕੁਝ ਤੂੰ ਨਜ਼ਰ ਆਉਣੈਂ ਉੱਕਾ ਹੀ ਉਹ ਨਹੀਂ ਤੂੰ ਰਿੰਦਾਂ ਚ ਹੁੰਦਾ ਸਾਕੀਆ, ਚਰਚਾ ਹੈ ਤੇਰਾ ਹੋਰ ! ਮੈਂ ਸੋਚਦਾ ਸਾਂ ਜੋਂ ਕੁਝ, ਉਹ ਕੁਝ ਤੂੰ ਬਣ ਨਾ ਸਕਿਆ ਮੇਰਾ ਤਕਾਜ਼ਾ ਹੋਰ ਸੀ, ਨਖ਼ਰਾ ਹੈ ਤੇਰਾ ਹੋਰ ! ਇਹ ਕਿਸ ਤਰਾਂ ਮਿਟੇਗੀ ਸੱਧਰ ਦਿਲਾਂ ਦੀ ਦੂਰੀ ਹੈ ਬਾਤ ਹੋਰ ਮੇਰੀ, ਹੁੰਗਾਰਾ ਹੈ ਤੇਰਾ ਹੋਰ !
ਹੱਸਦਾ ਹੱਸਦਾ ਅੱਕ ਗਿਆ ਹਾਂ
ਹੱਸਦਾ ਹੱਸਦਾ ਅੱਕ ਗਿਆ ਹਾਂ ਹੁਣ ਦੋ ਘੜੀਆਂ ਰੋ ਨਾ ਲਾਂ! ਜੇ ਆਪਣੇ ਨਹੀਂ ਆਪਣੇ ਹੋਏ ਮੈਂ ਗੈਰਾਂ ਦਾ ਹੋ ਨਾ ਲਾਂ ! ਮਰ ਗਏ ਤੋਂ ਜਾਂ ਤੁਰ ਗਏ ਤੋਂ ਬੰਦੇ ਨੂੰ ਸਮਝੇ ਇਹ ਦੁਨੀਆਂ, ਕੁਝ ਚਿਰ ਲਈ ਮੈਂ ਦੁਨੀਆਂ ਕੋਲੋਂ ਆਪਣਾ ਆਪ ਲੋਕੋ ਨਾ ਲਾਂ ! ਝੂਠ ਬੋਲਕੇ ਕੁਫ਼ਰ ਤੋਲ ਕੇ ਮੈਂ ਦੁੱਖਾਂ ਤੋਂ ਬੱਚਦਾ ਆਇਆਂ, ਚਹੁੰਦਾ ਹਾਂ ਕਿ ਦੁੱਖਾਂ ਦੀ ਵੀ ਮੈਂ ਹੁਣ ਚੱਕੀ ਝੋ ਨਾ ਲਾਂ ! ਝੂਠੀ ਇੱਜ਼ਤ ਤੇ ਸ਼ੋਹਰਤ ਨੇ ਮੇਰੇ ਮਨ ਨੂੰ ਮੈਲਾ ਕੀਤੈ, ਸੋਚ ਰਿਹਾਂ ਹਾਂ, ਹੁਣ ਵਕਤ ਹੈ ਮੈਂ ਇਸ ਮਨ ਨੂੰ ਧੋ ਨਾ ਲਾਂ ? ਥਾਂ ਥਾਂ ਉੱਤੇ ਪੰਗਾ ਏਥੇ ਕੌਣ ਕਰਾਉਦੈ ਦੰਗਾ ਏਥੇ, ਜੋਂ ਕਹਿਣੋਂ ਮੈਂ ਝਿਜਕ ਰਿਹਾ ਸਾਂ ਹੁਣ ਉਹ ਕਿੱਸਾ ਛੋਹ ਨਾ ਲਾਂ ! ਕੀ ਮੈਂ ਏਦਾਂ ਕਰ ਸੱਕਦਾ ਹਾਂ ਕੀ ਮੈਂ ਜਿਉਂਦਾ ਮਰ ਸਕਦਾ ਹਾਂ ? ਆਪਣੀ ਹਿੱਮਤ ਪਰਖ ਲਵਾਂ ਮੈਂ ਆਪਣੀ ਤਾਕਤ ਜੋਹ ਨਾ ਲਾਂ !
ਇਸ ਦਿਲ ਚੋਂ ਮਿਟ ਰਹੀ ਹੈ
ਇਸ ਦਿਲ ਚੋਂ ਮਿਟ ਰਹੀ ਹੈ, ਤੇਰੀ ਯਾਦ ਹੌਲ਼ੀ ਹੌਲ਼ੀ ! ਅਸੀਂ ਹੋ ਰਹੇ ਹਾਂ ਫਿਰ ਤੋਂ। ਆਬਾਦਹੌਲੀ ਹੌਲੀ ! ਚੇਤੰਨ ਹੋ ਜਾਓ ਪੰਛੀਓ ... ਦਾਣਾ ਖਿਲਾਰ ਕੇ, ਸਾਡੇ ਵੱਲ ਵਧ ਰਿਹਾ ਹੈ, ਸੱਯਾਦ ਹੌਲੀ ਹੌਲੀ! ਨੌਸ਼ਾਦ ਤਾਂ ਹੈ ਦਿਲ ਇਹ, ਉਸ ਹਾਦਸੇ ਤੋਂ ਬਾਅਦ ਪਰ ਹੋ ਜਾਏਗਾ ਆਪੇ, ਦਿਲ ਸ਼ਾਦ ਹੌਲੀ ਹੌਲੀ! ਸੁਣਦੇ ਸਾਂ ਗੂੰਜ ਦਾ ਹੈ, ਅਣਹੋਂਦ ਜਿਹਾ ਕੋਈ ਨਾਲ, ਸਾਨੂੰ ਵੀ ਸੁਣਨ ਲੱਗੈ, ਉਹ ਨਾਦਹੌਲੀ ਹੌਲੀ! ਚਾਹਤ ਹੈ ਉਸਦੇ ਦਿਲ ਵਿਚ, ਸ਼ੀਰੀਂ ਨੂੰ ਪਾਉਣ ਦੀ, ਪਰਬਤ ਨੂੰ ਕੱਟ ਰਿਹਾ ਹੈ, ਫ਼ਰਹਾਦ ਹੌਲੀ ਹੌਲੀ!
ਕੌਣ ਸੁਣਦੈ ਤਾਰਿਆਂ ਦੀ ਦਾਸਤਾਂ
ਕੌਣ ਸੁਣਦੈ ਤਾਰਿਆਂ ਦੀ ਦਾਸਤਾਂ ਤੇਰੇ ਬਗੈਰ! ਕੌਣ ਸਮਝੇ ਬੇਜ਼ੁਬਾਨਾ ਦੀ ਜ਼ੁਬਾਂ ਤੇਰੇ ਬਗੈਰ ! ਬਸਤੀਆਂ ਦਾ ਚੈੱਨ-ਸੁੱਖ ਸਾਰਾ ਉੱਡਾ ਲੈਣ ਜਾ ਰਿਹੈ, ਕੌਣ ਰੋਕੇ ਸ਼ੂਕਦਾ ਹੈ ਜੋ ਤੂਫਾਂ ਤੇਰੇ ਬਗੈਰ! ਪਾਉਣ ਲਈ ਮੰਜ਼ਿਲ ਜੋਂ ਤੇਰੀ ਰਾਹ ਨੁਮਾਈ ਢੂੰਡਦੈ ਫਿਰ ਤੁਰੇਗਾ ਕਿਸ ਤਰਾਂ ਉਹ ਕਾਰਵਾਂ ਤੇਰੇ ਬਗੈਰ ! ਬੰਦੇ ਤੋਂ ਬੰਦਾ ਕੋਹਾਂ ਦੂਰ ਜਾ ਰਿਹਾ ਹੈ, ਜਿਸ ਜਗਾਂਹ ਕਿਸ ਨੂੰ ਬਣਾਵਾਂ ਆਪਣਾ ਮੈਂ ਰਾਜ਼ ਦਾਂ ਤੇਰੇ ਬਗੈਰ! ਹਿੱਜਰਾਂ ਚ ਘੁੱਟਦੈ ਦੰਮ ਮਿਰਾ ਤੇ ਤੜਪਦਾਂ, ਹੈਰਾਨ ਹਾਂ ਅੱਜ ਤੱਕ ਜਿੰਦਾ ਰਿਹਾ ਹਾਂ ਕਿਸ ਤਰਾਂ ਤੇਰੇ ਬਗੈਰ ! ਮਾਂ ਜੇ ਦੇਵੇਂ ਛਾਂ ਦੀ ਥਾਂ ਸੁਲਗਦੀ ਹੋਈ ਧੁੱਪ ਤੂੰ, ਕੌਣ ਦੇਊ ਫਿਰ ਅਸਾਨੂੰ ਠੰਢੀ ਛਾਂ ਤੇਰੇ ਬਗੈਰ! ਤੂੰ ਸੈਂ, ਤਾਂ ਲੱਗਦਾ ਸੀ, ਦੁਨੀਆਂ ਚ ਹੈ ਕੋਈ ਆਪਣਾ ਸੱਧਰ ਬੇਗਾਨਾ ਹੋ ਗਿਆ ਸਾਰਾ ਜਹਾਂ ਤੇਰੇ ਬਗੈਰ
ਮੈਂ ਹੀਰੇ ਸੁੱਟਦਾ ਫਿਰਦਾਂ
ਮੈਂ ਹੀਰੇ ਸੁੱਟਦਾ ਫਿਰਦਾਂ, ਤੇ ਕੱਚ ਸੰਭਾਲਦਾ ਫਿਰਦਾਂ ! ਬੜਾ ਹੀ ਕੀਮਤੀ ਜੀਵਨ, ਮੈਂ ਐਵੇਂ ਗਾਲਦਾ ਫਿਰਦਾਂ! ਗੋਲੋਟਾ ਸੱਚ ਦਾ ਜਿਹੜਾ, ਉਲਝਿਆ ਹੈ ਮੇਰੇ ਸਾਹਵੇਂ, ਓਹੀ ਸੁਲਝਾਉਣ ਖਾਤਰ ਮੈਂ, ਕੋਈ ਤੰਦ ਭਾਲਦਾ ਫਿਰਦਾਂ! ਉਹ ਹੋਕੇ ਹੀ ਰਹੇਗੀ ਜਦੋਂ, ਅਸਾਡੇ ਨਾਲ ਹੋਣੀ ਹੈ, ਜੋ ਕਾਲੀ ਜਾ ਨਹੀਂ ਸੱਕਦੀ, ਮੈਂ ਉਸਨੂੰ ਟਾਲਦਾ ਫਿਰਦਾਂ! ਜੋ ਆਸ਼ਿਕ ਸੱਚੇ ਦੀ ਖਾਤਰ, ਗਏ ਟੰਗੇ ਸਲੀਬਾਂ ਤੇ, ਅਜੇ ਤੀਕਰ ਮੈਂ ਇਕ ਆਸ਼ਕ, ਉਨ੍ਹਾਂ ਦੇ ਨਾਵਲਾਂ ਫਿਰਦਾਂ! ਜੇ ਮੂਰਖ ਨਾ ਕਹੋਗੇ ਤਾਂ, ...... ਕਹੋਗੇ ਹੋਰ ਕੀ ਮੈਨੂੰ, ਕਿ ਫੜਕੇ ਹੱਥ ਵਿਚ ਦੀਵਾ, ਮੈਂ ਸੂਰਜ ਭਾਲਦਾ ਫਿਰਦਾ!
ਜਿੰਨਾਂ ਕਿਸੇ ਦੇ ਪੈਰਾਂ ਥੱਲੇ
ਜਿੰਨਾਂ ਕਿਸੇ ਦੇ ਪੈਰਾਂ ਥੱਲੇ, ਆਪਣੇ ਨੈਣ ਵਿਛਾਵੋਗੇ! ਤੁਸੀਂ ਉਸ ਦੀਆਂ ਨਜ਼ਰਾਂ ਵਿਚੋਂ ਓਨਾਂ ਹੀ ਗਿਰ ਜਾਵੋਗੇ! ਮਦ-ਭਰੇ ਨੈਣਾਂ ਚੋਂ ਪੀ ਕੇ, ਜੇਕਰ ਤੁਸੀਂ ਹੀ ਬਹਿਕ ਗਏ, ਕਿਸ ਤਰਾਂ ਫਿਰ ਰਹਿਬਰ ਬਣਕੇ, ਸਾਨੂੰ ਰਾਹ ਦਿਖਲਾਵੋਗੇ ! ਯਾਦ ਰਖੋ! ਜੇ ਸਾਡੇ ਸਿਰ ਤੇ, ਬੱਦਲ ਬਣਕੇ ਗਰਜੋਗੇ, ਬੂੰਦ ਬੂੰਦ ਪਾਣੀ ਦੀ ਹੋ ਕੇ, ਧਰਤੀ ਤੇ ਵਿਛ ਜਾਵੋਗੇ ! ਸਾਡੇ ਹੱਕਾਂ ਖਾਤਰ ਜਿਹੜੇ, ਆਸ਼ਕ ਚੜ੍ਹੇ ਸਲੀਬਾਂ ਤੇ, ਤੁਸੀਂ ਉਨਾਂ ਦੀ ਕੁਰਬਾਨੀ ਦਾ, ਕੀਕਣ ਮੁੱਲ ਚੁਕਾਵੋਗੇ! ਮੰਨਿਆਂ, ਨਾਮ ਨਿਸ਼ਾਨ ਅਸਾਡਾ ਤੁਸੀਂ ਮਿਟਾ ਦੇਵੋਗੇ, ਪਰ ਸਾਡੈ ਪੈਰਾਂ ਨੇ ਦੋ ਪਾਈਆਂ, ਪੈੜਾਂ ਕਿੰਜ ਮਿਟਾਵੋਗੇ ! ਐ ਸੱਧਰ, ਦੇ ਹੱਕ ਸੱਚ ਲਈ, ਸਾਰੀ ਖ਼ਲਕਤ ਜੂਝ ਪਈ, ਕਿਹੜੇ ਕੇਹੜੇ ਈਸਾ ਨੂੰ ਫਿਰ, ਸੂਲੀ ਤੇ ਲਟਕਵੋਗੇ !
ਗੰਗਾ ਗੰਗੋਤਰੀ ਤੋਂ ਸਾਗ਼ਰ ਨੂੰ ਹੋ ਤੁਰੀ !
ਗੰਗਾ ਗੰਗੋਤਰੀ ਤੋਂ ਸਾਗ਼ਰ ਨੂੰ ਹੋ ਤੁਰੀ ! ਜਿੱਧਰ ਨੂੰ ਪੈਰ ਲ਼ੈ ਗਏ ਓਧਰ ਨੂੰ ਹੋ ਤੁਰੀ! ਗਾਹੀ ਮੈਂ ਧਰਤੀ ਸਾਰੀ ਮਿਲਿਆ ਨਾ ਤੂੰ ਜਦੋਂ, ਤਾਂ ਜਿੰਦ ਤੇਰੀ ਢੂੰਡ ਵਿਚ ਅੰਬਰ ਨੂੰ ਹੋ ਤੁਰੀ! ਰੰਗ ਪੁਰ ਨੂੰ ਛੱਡਕੇ ਤੁਰ ਗੲੀ ਜੋਗੀ ਦੇ ਨਾਲ ਜੋ ਭਟਕੀ ਹੋਈ ਸੀ ਰੂਹ ਕੋਈ ਜੋ ਘਰ ਨੂੰ ਹੋ ਤੁਰੀ ! ਸੱਸੀ ਇਹ ਖ਼ਲਕਤ ਜਦ ਕੋਈ ਡਿੱਗਿਆ ਜ਼ਮੀਨ ਤੇ ਜਦ ਸਿਰ ਉਠਾਕੇ ਤੁਰ ਪਿਆ ਖਾਤਰ ਨੂੰ ਹੋ ਤੁਰੀ ! ਮਾਰਗ ਭੁਲਾਕੇ ਇਸ਼ਕ ਦਾ ਠਿੱਕਰਾਂ ਲਈ ਦੌੜਦੀ ਸੱਧਰ ਇਹ ਦੁਨੀਆਂ ਬਾਂਵਰੀ ਕਿੱਧਰ ਨੂੰ ਹੋ ਤੁਰੀ !
ਪੁਸਤਕਾਂ ਦਾ ਮੈਂ ਦੀਵਾਨਾ
ਪੁਸਤਕਾਂ ਦਾ ਮੈਂ ਦੀਵਾਨਾ, ਹਾਂ ਬਦੌਲਤ ਪੁਸਤਕਾਂ ਦੀ ! ਵਾਚ ਲੈਂਦਾ ਹਾਂ ਇਬਾਰਤ ਬੰਦਿਆਂ ਦੇ ਚਿਹਰਿਆਂ ਦੀ ! ਮੁਫਲਿਸੀ ਮੇਰੀ ਦਾ ਅਕਸਰ, ਦੋ ਉਡਾਉਂਦੇ ਨੇ ਮਜ਼ਾਕ, ਛੱਡ ਦਿਤੀ ਹੈ ਮੈਂ ਯਾਰੀ, ਅੱਜ ਤੋਂ ਉਨਾਂ ਫੁਕਰਿਆਂ ਦੀ ! ਜਾਨ ਲੈਕੇ ਵੀ ਮੇਰੀ ਜੋ, ਖੁਸ਼ ਨਹੀਂ ਹੋਇਆ ਕਦੇ, ਸਮਝ ਮੈਨੂੰ ਪਰ ਨਾ ਆਈ, ਉਸਦੇ ਨਾਜਾ ਨਖ਼ਰਿਆਂ ਦੀ ਮਾੜਿਆਂ ਕਮਜ਼ੋਰ ਲੋਕਾਂ ਤੇ ਸਿਤਮ ਦੋ ਢਾਅ ਰਹੇ ਹਨ, ਬੰਦਿਆਂ ਵਿਚ ਵੀ ਨਾ ਮੈਨੂੰ, ਸ਼ਕਲ ਦਿਸਦੀ ਬੰਦਿਆਂ ਦੀ ! ਮਾਪਿਆਂ ਦੇ ਸਿਰ ਤੇ ਜਦ ਬੇ-ਫਿਕਰ ਘੁੰਮਦੇ ਸਾਂ ਅਸੀਂ, ਯਾਦ ਹੁਣ ਆਉਂਦੀ ਬੜੀ ਹੈ, ਸਾਨੂੰ ਉਨ੍ਹਾਂ ਵੇਲਿਆਂ ਦੀ! ਚਮਚਾਗਿਰੀ ਲੀਡਰਾਂ ਦੀ, ਕਰਨ ਵਿਚ ਦੋ ਮਾਹਰ ਨੇ, ਵੇਖਕੇ ਹੈਰਾਨ ਹਾਂ ਮੈਂ, ਚਾਲ ਉਹਨਾਂ ਚਮਚਿਆਂ ਦੀ ! ਇਕ ਮਦ- ਹੋਸੀ ਜਿਹੀ ਵਿਚ, ਜੀ ਲਈ ਮੈਂ ਜ਼ਿੰਦਗੀ, ਸਮਝ ਅੱਜ ਤੀਕਰ ਨਾ ਆਈ, ਮੰਜ਼ਲਾਂ ਦੀ ਰਸਤਿਆਂ ਦੀ,
ਆਪਣੇ ਲੋਕਾਂ 'ਚ ਰਹਿੰਨਾ
ਆਪਣੇ ਲੋਕਾਂ 'ਚ ਰਹਿੰਨਾ, ਜਿਵੇਂ ਕੋਈ ਅਜ਼ਨਬੀ ਹੋਵਾਂ! ਲੱਗਦੈ ! ਸ਼ਹਿਰ ਆਪਣਾ ਵੀ, ਨਾ ਆਪਣਾ ਸ਼ਹਿਰ ਹੋਵੇ ! ਤੂੰ ਬੁਲਾਵੇਂ, ਤੂੰ ਬਿਠਾਵੇਂ, ਤੂੰ ਪਿਲਾਵੇਂ, ਪੀ ਲਵਾਂਗਾ, ਸਮਝਕੇ ਅੰਮ੍ਰਿਤ ..., ਭਾਵੇਂ.........ਉਹ, ਜ਼ਹਿਰ ਹੋਵੇ ! ਪਤਾ ਨਹੀਂ ਕਿਉਂ, ਖੁਦ ਨੂੰ ਹੀ, ਮੈਂ ਜੁਮੇਵਾਰ ਮੰਨਦਾ ਹਾਂ, ਕਿਤੇ ਵੀ, ਜ਼ੁਲਮ ਹੋਵੇ, ਜਾਂ ਕਿਤੇ ਕੋਈ, ਕਹਿਰ ਹੋਵੇ ? ਲਾ ਲਵਾਂ ਗ਼ਲ ਨਾਲ ਮੈਂ, ਕੋਈ ਮੁਸਕਰਾਉਂਦਾ ਜੀ ਮਿਲੇ, ਹਿੰਦੂ ਹੈਵੇ, ਸਿੱਖ ਹੋਵੇ, ਆਪਣਾ ਜਾਂ ਕੋਈ ਗ਼ੈਰ ਹੋਵੇ ! ਮੁਸ਼ਕਿਲਾਂ, ਮੁਸੀਬਤਾਂ ਦੇ, ਔਖੇ ਪੈਂਡੇ ਗਾਹ ਲਏ ਮੈਂ, ਹਾਏ ਪਰ, ਤੇਰੇ ਹਿਜ਼ਰ ਦੀ, ਸਾਥੋਂ ਨਦੀ ਨਾ ਤੈਹਰ ਹੋਵੇ! ਲੰਮੀਂ ਨਦਰ ਵਾਲੇ, ਸੱਚ ਤੱਕ, ਪਹੁੰਚ ਜਾਂਦੇ ਨੇ ! ਹਜ਼ੂਰ, ਨ੍ਹੇਰ ਹੋਵੇ, ਰਸਤਿਆਂ ਵਿਚ, ਧੁੰਦ ਭਾਵੇਂ ਗਹਿਰ ਹੋਵੇ!