Punjabi Ghazals : Barjinder Chauhan

ਪੰਜਾਬੀ ਗ਼ਜ਼ਲਾਂ : ਬਰਜਿੰਦਰ ਚੌਹਾਨ


ਕੀਤਾ ਨਿਲਾਮ ਹਾਰ ਕੇ

ਕੀਤਾ ਨਿਲਾਮ ਹਾਰ ਕੇ ਉਸ ਨੇ ਜ਼ਮੀਰ ਨੂੰ। ਦੁਨੀਆ ਨੂੰ ਰਾਸ ਆ ਗਿਆ ਉਹ ਵੀ ਅਖ਼ੀਰ ਨੂੰ। ਮੰਗੇ ਦੁਆ ਜੋ ਸਾਰਿਆਂ ਦੀ ਖ਼ੈਰ ਦੇ ਲਈ, ਇਹ ਸ਼ਹਿਰ ਢੂੰਡਦਾ ਹੈ ਇੱਕ ਐਸੇ ਫ਼ਕੀਰ ਨੂੰ। ਮੈਂ ਨਾਮ ਤੇਰਾ ਦੇਖਿਆ ਜਿਸ ਦੀ ਵੀ ਨੋਕ ’ਤੇ, ਸੀਨੇ ਦੇ ਵਿੱਚ ਲੁਕੋ ਲਿਆ ਓਸੇ ਹੀ ਤੀਰ ਨੂੰ। ਅੰਦਰ ਹੀ ਅੰਦਰ ਖੋਰਦਾ ਰਹਿੰਦਾ ਹੈ ਇਹ ਸਦਾ, ਵਿਰਲਾ ਹੀ ਕੋਈ ਸਾਂਭਦੈ ਅੱਖਾਂ ’ਚ ਨੀਰ ਨੂੰ। ਸੌਖੇ ਬੜੇ ਨੇ ਮੇਟਣੇ ਰਾਹਾਂ ਦੇ ਫ਼ਾਸਲੇ, ਔਖਾ ਬੜਾ ਹੈ ਦਿਲ ਤੋਂ ਮਿਟਾਉਣਾ ਲਕੀਰ ਨੂੰ। ਤੂੰ ਦਰਦ ਸਾਰਾ ਆਪਣੀਆਂ ਗ਼ਜ਼ਲਾਂ ਨੂੰ ਸੌਂਪ ਦੇ, ਵਾਰਿਸ ਮਿਲੇਗਾ ਹੋਰ ਕਿਹੜਾ ਇਸ ਜਗੀਰ ਨੂੰ।

ਮੇਰੇ ਗੁਨਾਹ ਦੀ ਐਸੀ ਨਾ

ਮੇਰੇ ਗੁਨਾਹ ਦੀ ਐਸੀ ਨਾ ਦੇ ਸਜ਼ਾ ਮੈਨੂੰ ਖੁਦਾ ਦਾ ਵਾਸਤਾ, ਨਾ ਆਈਨਾ ਦਿਖਾ ਮੈਨੂੰ ਜਦੋਂ ਮੈਂ ਖੁਲ੍ਹ ਕੇ ਰੋਇਆ ਤਾਂ ਹੋ ਗਏ ਹੈਰਾਨ ਸ਼ਹਿਰ ਦੇ ਲੋਕ ਸਮਝਦੇ ਸੀ ਜੋ ਖੁ਼ਦਾ ਮੈਨੂੰ ਤੇਰਾ ਖਿਆਲ ਹੈ, ਥਲ ਹੈ ਸੁਲਘਦਾ ਜਿਸ ਵਿਚ ਕਦੇ ਮਿਲੀ ਨਾ ਕੋਈ ਸੰਘਣੀ ਘਟਾ ਮੈਨੂੰ ਕਿਸੇ ਵੀ ਕੰਮ ਨਾ ਸ਼ੀਸ਼ਗਰੀ ਮੇਰੇ ਆਈ ਮਿਲੇ ਹਯਾਤ 'ਚ ਪੱਥਰ ਹੀ ਹਰ ਜਗ੍ਹਾ ਮੈਨੂੰ ਕਬੂਲ ਕਰ ਲਵਾਂ ਮੈਂ ਕਿਸ ਤਰ੍ਹਾਂ ਸਜ਼ਾ ਤੇਰੀ ਜਦੋਂ ਪਤਾ ਹੀ ਨਹੀਂ ਹੈ ਮੇਰੀ ਖ਼ਤਾ ਮੈਨੂੰ ਤੇਰੇ ਯਕੀਨ ਦੀ ਖ਼ਾਤਰ ਹੀ ਪੈ ਗਿਆ ਜੀਣਾ ਕਿ ਲੰਮੀ ਉਮਰ ਦੀ ਦਿੱਤੀ ਸੀ ਤੂੰ ਦੁਆ ਮੈਨੂੰ

ਫੇਰ ਕੀ ਮਜਬੂਰ ਜੇ ਹੋਣਾ ਪਿਐ

ਫੇਰ ਕੀ ਮਜਬੂਰ ਜੇ ਹੋਣਾ ਪਿਐ ਪਰਵਾਸ 'ਤੇ ਬੇਘਰੇ ਹੋਣਾ ਵੀ ਪੈਂਦਾ ਹੈ ਕਦੇ ਘਰ ਵਾਸਤੇ ਕਿਸ਼ਤੀਆਂ ਦਾ ਡੁੱਬਣਾ ਤੇਰੇ ਲਈ ਹੈ ਹਾਦਸਾ ਰੋਜ਼ ਦਾ ਪਰ ਸ਼ੁਗਲ ਹੈ ਇਹ ਤਾਂ ਸਮੁੰਦਰ ਵਾਸਤੇ ਰਾਹ ਦਿਆਂ ਰੁੱਖਾਂ ਲਈ ਸਤਿਕਾਰ ਤਾਂ ਚਾਹੀਦਾ ਹੈ ਪਰ ਉਨ੍ਹਾਂ ਦਾ ਮੋਹ ਨਹੀਂ ਚੰਗਾ ਮੁਸਾਫ਼ਰ ਵਾਸਤੇ ਮੇਰੇ ਦੂਹਰਾ ਹੋਣ ਉੱਤੇ ਵੀ ਇਹ ਪੂਰੀ ਨਾ ਪਵੇ ਕਿਸ ਤਰਾਂ ਖ਼ੁਦ ਨੂੰ ਸਮੇਟਾਂ ਹੁਣ ਮੈਂ ਚਾਦਰ ਵਾਸਤੇ ਦਿਨ ਢਲ਼ੇ ਮੈਨੂੰ ਉਡੀਕੇ ਘਰ ਦੀ ਸਰਦਲ 'ਤੇ ਕੋਈ ਤਰਸਦੀ ਹੈ ਅੱਖ ਮੇਰੀ ਏਸ ਮੰਜ਼ਰ ਵਾਸਤੇ ਤੂੰ ਕਹੇ ਨਾ ਮੈਂ ਸੁਣੇ ਜੋ ਆਖਰੀ ਮਿਲਣੀ ਸਮੇਂ ਨਕਸ਼ ਨੇ ਉਹ ਬੋਲ ਦਿਲ 'ਤੇ ਜਿ਼ੰਦਗੀ ਭਰ ਵਾਸਤੇ

ਹਮਸਫਰਾਂ ਦੇ ਹੋਠਾਂ ਉੱਤੇ ਖ਼ਾਮੋਸ਼ੀ

ਹਮਸਫਰਾਂ ਦੇ ਹੋਠਾਂ ਉੱਤੇ ਖ਼ਾਮੋਸ਼ੀ ਦੇ ਤਾਲੇ ਸੀ ਕੌਣ ਕਿਸੇ ਦਾ ਦੁਖ ਵੰਡਾਉਂਦਾ, ਸਭ ਦੇ ਪੈਰੀਂ ਛਾਲੇ ਸੀ ਕੋਲ ਗਏ ਤਾਂ ਜ਼ਹਿਰੀ ਧੂੰਆਂ, ਕਹਿਰੀ ਅੱਗ ਨਜ਼ਰ ਆਈ ਬਾਂਸਾਂ ਦੇ ਜੰਗਲ ਵਿਚ ਦੂਰੋਂ ਦਿਸਦੇ ਬਹੁਤ ਉਜਾਲੇ ਸੀ ਅੰਨ੍ਹੇ ਦੇ ਹੱਥਾਂ ਵਿਚ ਸ਼ੀਸ਼ਾ, ਬੋਲੇ਼ ਦੇ ਹੱਥਾਂ ਵਿਚ ਸਾਜ਼ ਤੇਰੇ ਸ਼ਹਿਰ ਦਿਆਂ ਵਸਨੀਕਾਂ ਦੇ ਵੀ ਸ਼ੌਕ ਨਿਰਾਲੇ ਸੀ ਆਖ਼ਰ ਤੀਕ ਮਿਲਣ ਨਾ ਦਿੱਤਾ ਜਿਸ ਨੇ ਮੈਨੂੰ ਮੇਰੇ ਨਾਲ਼ ਉਮਰ ਗੁਆ ਕੇ ਸੋਚਾਂ ਹੁਣ ਮੈਂ ਐਸਾ ਕੌਣ ਵਿਚਾਲੇ਼ ਸੀ ਮੇਰੇ ਦਿਲ ਦਾ ਹਾਲ ਮੁਸਾਫਿਰਖਾਨੇ ਵਾਲਾ ਹੋਇਆ ਹੈ ਏਥੇ ਜੋ ਵੀ ਆਏ ਇਕ ਦੋ ਘੜੀਆਂ ਠਹਿਰਨ ਵਾਲੇ਼ ਸੀ

ਜ਼ਮਾਨੇ ਦਾ ਚਲਨ, ਹਰ ਸ਼ਖ਼ਸ ਦੇ

ਜ਼ਮਾਨੇ ਦਾ ਚਲਨ, ਹਰ ਸ਼ਖ਼ਸ ਦੇ ਤੇਵਰ ਬਦਲ ਜਾਂਦੇ। ਬਦਲਦੇ ਨੇ ਜਦੋਂ ਮੌਸਮ ਤਾਂ ਸਭ ਮੰਜ਼ਰ ਬਦਲ ਜਾਂਦੇ। ਬਦਲਦੀ ਸਿਰਫ਼ ਸੂਰਤ ਹੀ ਨਹੀਂ ਇੱਕ ਨਾਲ ਉਮਰਾਂ ਦੇ, ਅਨੇਕਾਂ ਰਿਸ਼ਤਿਆਂ ਦੇ ਅਰਥ ਵੀ ਅਕਸਰ ਬਦਲ ਜਾਂਦੇ। ਕਹਾਣੀ ਜ਼ਿੰਦਗੀ ਦੀ ਤਾਂ ਕਦੇ ਬਦਲੀ ਨਾ ਸਦੀਆਂ ਤੋਂ, ਸਮੇਂ ਨਾਲ ਇਸ ਨਾਟਕ ਦੇ ਬਸ ਪਾਤਰ ਬਦਲ ਜਾਂਦੇ। ਜਦੋਂ ਤੱਕ ਪਹੁੰਚਦੈ ਅਖ਼ਬਾਰ ਤੀਕਰ ਹਾਦਸਾ ਕੋਈ, ਉਦੋਂ ਤੱਕ ਇਸ ਇਬਾਰਤ ਦੇ ਕਈ ਅੱਖਰ ਬਦਲ ਜਾਂਦੇ। ਤੇਰੇ ਤੁਰ ਜਾਣ ਦੇ ਪਿੱਛੋਂ ਹੀ ਇਹ ਅਹਿਸਾਸ ਹੋਇਆ ਹੈ, ਕਿਵੇਂ ਹਾਸੇ ਅਚਾਨਕ ਹਉਕਿਆਂ ਅੰਦਰ ਬਦਲ ਜਾਂਦੇ। ਇਹੀ ਦਸਤੂਰ ਹੈ ਏਥੇ, ਹਵਾ ਦਾ ਰੁਖ਼ ਬਦਲਦੇ ਹੀ, ਕਈ ਦੁਸ਼ਮਣ ਬਦਲ ਜਾਂਦੇ, ਕਈ ਮਿੱਤਰ ਬਦਲ ਜਾਂਦੇ।

ਘਰ ਦੇ ਅੰਦਰ ਉਸ ਦੇ ਬਾਝੋਂ

ਘਰ ਦੇ ਅੰਦਰ ਉਸ ਦੇ ਬਾਝੋਂ ਸੰਨਾਟਾ ਬੇਹਾਲ ਕਰੇ। ਘਰ ਤੋਂ ਬਾਹਰ ਉਸ ਦੇ ਬਾਰੇ ਸਾਰਾ ਸ਼ਹਿਰ ਸਵਾਲ ਕਰੇ। ਖ਼ੁਸ਼ਬੋ ਵਾਂਗ ਜੁਦਾ ਹੋਇਆ ਤੇ ਫੇਰ ਕਦੇ ਨਾ ਮਿਲਿਆ ਉਹ, ਪਰ ਮੇਰਾ ਦਿਲ ਝੱਲਾ ਹੁਣ ਵੀ ਬਹਿਸ ਹਵਾਵਾਂ ਨਾਲ ਕਰੇ। ਜਿਸ ਦੇ ਬਿਖਰਨ ਦਾ ਡਰ ਔਖਾ ਕਰ ਦੇਵੇ ਸਾਹ ਲੈਣਾ ਵੀ, ਰੇਤ ਜਿਹੇ ਉਸ ਰਿਸ਼ਤੇ ਦੀ ਵੀ ਕੀ ਕੋਈ ਸੰਭਾਲ ਕਰੇ। ਮੈਨੂੰ ਘਰ ਅੰਦਰ ਵੀ ਅਕਸਰ ਲੱਗਦਾ ਹੈ ਕੁਝ ਏਸ ਤਰ੍ਹਾਂ, ਜਿਉਂ ਮੇਲੇ ਵਿੱਚ ਗੁੰਮਿਆ ਬੱਚਾ ਆਪਣਿਆਂ ਦੀ ਭਾਲ ਕਰੇ। ਵਿਹਲ ਕਿਸੇ ਨੂੰ ਕਦ ਹੈ ਆਪਣੇ ਹੀ ਜ਼ਖ਼ਮਾਂ ਦੀ ਗਿਣਤੀ ਤੋਂ, ਤੇਰੇ ਵਗਦੇ ਅੱਥਰੂਆਂ ਦਾ ਏਥੇ ਕੌਣ ਖ਼ਿਆਲ ਕਰੇ। ਮੈਨੂੰ ਤਾਂ ਹੁਣ ਯਾਦਾਂ ਵਿੱਚ ਵੀ ਉਸ ਦੇ ਨਕਸ਼ ਨਹੀਂ ਲੱਭਦੇ, ਦੁਨੀਆਂ ਮੇਰੇ ਸ਼ਿਅਰਾਂ ਅੰਦਰ ਜਿਸ ਚਿਹਰੇ ਦੀ ਭਾਲ ਕਰੇ।

ਉਮਰ ਭਰ ਤੁਰ ਕੇ ਵੀ ਤੇਰੇ ਤੀਕ

ਉਮਰ ਭਰ ਤੁਰ ਕੇ ਵੀ ਤੇਰੇ ਤੀਕ ਨਾ ਆਇਆ ਗਿਆ। ਇਸ ਤਰ੍ਹਾਂ ਲੱਗਦੈ ਜਿਵੇਂ ਸਾਰਾ ਸਫ਼ਰ ਜ਼ਾਇਆ ਗਿਆ। ਰੂੁਹ ਮੇਰੀ ਦੇ ਜ਼ਖ਼ਮ ਆਏ ਨਾ ਕਿਸੇ ਨੂੰ ਵੀ ਨਜ਼ਰ, ਮੇਰੇ ਤੋਂ ਵੀ ਦਰਦ ਦਾ ਪਰਚਮ ਨਾ ਲਹਿਰਾਇਆ ਗਿਆ। ਹਰ ਕਦਮ ’ਤੇ ਨਾਲ ਸੀ ਤੇਰੇ ਰਿਹਾ ਜੋ ਸਾਰਾ ਦਿਨ, ਸ਼ਾਮ ਉਤਰੀ ਹੈ ਤਾਂ ਹੁਣ ਕਿੱਧਰ ਤੇਰਾ ਸਾਇਆ ਗਿਆ। ਕਿਸ ਤਰ੍ਹਾਂ ਦੀ ਪਿਆਸ ਹੈ ਇਹ ਆਦਮੀ ਦੀ ਯਾ-ਖ਼ੁਦਾ, ਇਹ ਤਾਂ ਨਦੀਆਂ ਪੀ ਕੇ ਵੀ ਆਖ਼ਰ ਨੂੰ ਤਿਰਹਾਇਆ ਗਿਆ। ਸਮਝਦਾ ਤਾਂ ਸੀ ਹਕੀਕਤ ਪੀਂਘ ਸਤੰਰਗੀ ਦੀ ਮੈਂ, ਫੇਰ ਵੀ ਮੇਰੇ ਤੋਂ ਅਪਣਾ ਦਿਲ ਨਾ ਸਮਝਾਇਆ ਗਿਆ। ਖ਼ੌਫ਼, ਲਾਚਾਰੀ, ਉਦਾਸੀ, ਨਾ-ਉਮੀਦੀ, ਬੇਵਸੀ, ਰੋਜ਼ ਹੀ ਰਹਿੰਦਾ ਹੈ ਸਾਡੇ ਘਰ ਕੋਈ ਆਇਆ ਗਿਆ।

ਦਰਦ ਵਿੱਚ ਵੀ ਅਜਬ ਖ਼ੁਮਾਰੀ ਹੈ

ਦਰਦ ਵਿੱਚ ਵੀ ਅਜਬ ਖ਼ੁਮਾਰੀ ਹੈ। ਇਹ ਨਸ਼ਾ ਹਰ ਨਸ਼ੇ ’ਤੇ ਭਾਰੀ ਹੈ। ਸ਼ਹਿਰ ਤਾਂ ਬੇਜ਼ੁਬਾਨ ਹੈ ਸਾਰਾ, ਮੈਨੂੰ ਆਵਾਜ਼ ਕਿਸ ਨੇ ਮਾਰੀ ਹੈ। ਫੇਰ ਜਾਗੀ ਹੈ ਦਿਲ ’ਚ ਰੀਝ ਨਵੀਂ, ਫਿਰ ਨਵੇਂ ਜ਼ਖ਼ਮ ਦੀ ਤਿਆਰੀ ਹੈ। ਸਭ ਨਫ਼ਾ ਸੋਚਦੇ ਵਫ਼ਾ ਦੀ ਜਗ੍ਹਾ, ਇਸ਼ਕ ਵੀ ਹੁਣ ਦੁਕਾਨਦਾਰੀ ਹੈ। ਚੋਗ ਦਿਸਦੀ ਹੈ ਸਿਰਫ਼ ਜਾਲ ਨਹੀਂ, ਭੁੱਖ ਦੀ ਵੀ ਖੇਡ ਨਿਆਰੀ ਹੈ। ਏਸ ਦੁਨੀਆਂ ’ਚ ਆਏ ਹਾਂ ਜਦ ਤੋਂ। ਜ਼ਿੰਦਗੀ ਨਾਲ ਬਹਿਸ ਜਾਰੀ ਹੈ।

ਮਿਟੀ ਪਹਿਚਾਨ ਰੰਗਾਂ ਦੀ

ਮਿਟੀ ਪਹਿਚਾਨ ਰੰਗਾਂ ਦੀ ਤੇ ਹਰ ਮੰਜ਼ਰ ਫ਼ਨਾਹ ਹੋਇਆ। ਅਜੇਹੀ ਰਾਤ ਹੈ ਉਤਰੀ ਦਿਸੇ ਸਭ ਕੁਝ ਸਿਆਹ ਹੋਇਆ। ਰਹੀ ਬੇਚੈਨ ਭਾਵੇਂ ਰੂਹ ਹਮੇਸ਼ਾ ਏਸ ਦੇ ਅੰਦਰ, ਮੇਰੇ ਤੋਂ ਫੇਰ ਵੀ ਇਹ ਜਿਸਮ ਦਾ ਚੋਲ਼ਾ ਨਾ ਲਾਹ ਹੋਇਆ। ਯਕੀਨਨ ਹਸ਼ਰ ਮੇਰਾ ਵੀ ਉਹੀ ਹੋਣਾ ਹੈ ਆਖ਼ਰ ਨੂੰ, ਕਦੇ ਚੁਣਿਆ ਸੀ ਜੋ ਸੁਕਰਾਤ ਨੇ ਹੁਣ ਮੇਰਾ ਰਾਹ ਹੋਇਆ। ਤੇਰੇ ਦਰਬਾਰ ਵਿਚ ਫ਼ਰਿਆਦ ਕੀ ਕਰੀਏ ਕਿ ਏਥੇ ਤਾਂ, ਕਦੇ ਹੱਸਣਾ ਗੁਨਾਹ ਹੋਇਆ ਕਦੇ ਰੋਣਾ ਗੁਨਾਹ ਹੋਇਆ। ਕਦੇ ਜੇ ਅਕਲ ਦੀ ਵੀ ਗੱਲ ਸੁਣੀ ਹੁੰਦੀ ਤਾਂ ਚੰਗਾ ਸੀ, ਸੁਣੀ ਪਰ ਮੈਂ ਸਦਾ ਦਿਲ ਦੀ ਤੇ ਆਖ਼ਰ ਨੂੰ ਤਬਾਹ ਹੋਇਆ। ਕਈ ਮਾਸੂਮ ਰੀਝਾਂ ਰੋਜ਼ ਇਸ ਅੰਦਰ ਜ਼ਿਬਾਹ ਹੁੰਦੀਆਂ, ਮੇਰਾ ਦਿਲ ਵੀ ਜਿਵੇਂ ਰੀਝਾਂ ਦੀ ਕੋਈ ਕ਼ਤਲਗਾਹ ਹੋਇਆ।

  • ਮੁੱਖ ਪੰਨਾ : ਪੰਜਾਬੀ ਗ਼ਜ਼ਲਾਂ : ਬਰਜਿੰਦਰ ਚੌਹਾਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ