Barjinder Chauhan ਬਰਜਿੰਦਰ ਚੌਹਾਨ

ਬਰਜਿੰਦਰ ਚੌਹਾਨ (ਜਨਮ 30 ਜੁਲਾਈ 1961-) ਪੰਜਾਬੀ ਗ਼ਜ਼ਲਕਾਰ ਹਨ। ਉਨ੍ਹਾਂ ਨੂੰ ਗ਼ਜ਼ਲ ਨਾਲ ਬੇਹੱਦ ਲਗਾਅ ਹੈ ਅਤੇ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਗ਼ਜ਼ਲ ਉੱਤੇ ਹੀ ਪੀਐੱਚ.ਡੀ.ਕੀਤੀ ਹੈ। ਉਨ੍ਹਾਂ ਦੀਆਂ ਰਚਨਾਵਾਂ ਹਨ : ਪੌਣਾਂ ਉੱਤੇ ਦਸਤਖ਼ਤ ਅਤੇ ਸਫ਼ਰ ਦੀ ਖ਼ੁਸ਼ਬੋ।

"ਸਮਕਾਲੀ ਪੰਜਾਬੀ ਗ਼ਜ਼ਲ ਰਚਨਾ ਵਿੱਚ ਸ਼ਾਇਰ ਬਰਜਿੰਦਰ ਚੌਹਾਨ ਦਾ ਨਾਂ ਬੇਹੱਦ ਮਹੱਤਵਪੂਰਨ ਹੈ। ਉਸ ਦੀ ਕਾਵਿ ਭਾਸ਼ਾ ਵਿਚਲੀ ਤਰਲਤਾ, ਭਾਵ ਦੀ ਬੁਲੰਦੀ, ਚਿੰਤਨ ਦੀ ਗਹਿਰਾਈ ਅਤੇ ਬਹਿਰ ਦੀ ਪਕਿਆਈ ਰਲ ਕੇ ਅਜਿਹਾ ਮਾਹੌਲ ਸਿਰਜਦੀਆਂ ਹਨ ਕਿ ਪਾਠਕ ਦੀ ਸੰਵੇਦਨਾ ਤਰੰਗਤ ਹੋ ਜਾਂਦੀ ਹੈ। ਆਪਣੀ ਗ਼ਜ਼ਲ ਵਿੱਚ ਲਫ਼ਜ਼ਾਂ ਦੀ ਸਹਿਜ ਸੁਭਾਵਕ ਮੌਲਿਕ ਪੇਸ਼ਕਾਰੀ ਉਸ ਦੀ ਵਿਲੱਖਣਤਾ ਹੈ। ਉਸ ਦੇ ਸ਼ਿਅਰ ਚਮਤਕਾਰੀ ਸਨਸਨੀ ਨਹੀਂ ਫੈਲਾਉਂਦੇ ਸਗੋਂ ਮਾਨਵੀ ਹਾਵਾਂ ਭਾਵਾਂ ਦੀ ਕੁਦਰਤੀ ਤਰਜਮਾਨੀ ਕਰਕੇ ਚੇਤਨਾ ਨੂੰ ਅੰਦਰੋਂ ਕੁਰੇਦਦੇ ਹਨ। ਉਸ ਦਾ ਗ਼ਜ਼ਲ ਸੰਗ੍ਰਹਿ ‘ਪੌਣਾਂ ਉੱਤੇ ਦਸਤਖ਼ਤ’ ਉਸਦੀ ਬੁਲੰਦ ਸ਼ਾਇਰੀ ਦੀ ਪ੍ਰਤੱਖ ਮਿਸਾਲ ਹੈ। ਗ਼ਜ਼ਲ ਨਾਲ ਜਨੂੰਨ ਦੀ ਹੱਦ ਤਕ ਲਗਾਅ ਹੋਣ ਕਾਰਨ ਹੀ ਬਰਜਿੰਦਰ ਚੌਹਾਨ ਨੇ ਦਿੱਲੀ ਯੂਨੀਵਰਸਿਟੀ ਤੋਂ ਗ਼ਜ਼ਲ ਉੱਤੇ ਪੀ ਐੱਚ.ਡੀ.ਕੀਤੀ। ਅੱਜਕੱਲ੍ਹ ਉਹ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦਿੱਲੀ ਵਿਖੇ ਪ੍ਰਾਅਧਿਆਪਕ ਹੈ।"
- ਜਸਵਿੰਦਰ