Punjabi Ghazals : Kais Kariyalvi (Pandit Kasturi Lal)

ਪੰਜਾਬੀ ਗ਼ਜ਼ਲਾਂ : ਕੈਸ ਕੜਿਆਲਵੀ (ਪੰਡਿਤ ਕਸਤੂਰੀ ਲਾਲ)


ਨਾ ਚਾਹਾਂ ਮੈਂ ਮਹਿਲ-ਮਾੜੀਆਂ ਨਾ ਕੁਝ ਮੈਨੂੰ ਦਾਮ ਦਿਓ

ਨਾ ਚਾਹਾਂ ਮੈਂ ਮਹਿਲ-ਮਾੜੀਆਂ ਨਾ ਕੁਝ ਮੈਨੂੰ ਦਾਮ ਦਿਓ। ਦਰਸ਼ਨ ਦਾ ਅਭਿਲਾਸ਼ੀ ਮਨਵਾ ਦਰਸ਼ਨ ਮੇਰੇ ਰਾਮ ਦਿਓ। ਯਾਰੋ ! ਜੋ ਜੀ ਆਵੇ ਭਾਵੇਂ ਭਾਂਤ-ਭਾਂਤ ਦੇ ਨਾਮ ਦਿਓ। ਕਹਿ ਕੇ ਗ਼ੈਰ, ਹਕੀਰ, ਗਦਾਗਰ ਜੋ ਚਾਹੋ ਦੁਸ਼ਨਾਮ ਨਾਮ ਦਿਓ। ਦੇਖੋ! ਕਿਤਨਾ ਆਤਰ ਹੋਇਆ ਮੈਂ ਪਾਪਾਂ ਦਾ ਪਾਤਰ ਹੋਇਆ, ਕੀ ਦੱਸਾਂ ਕਿਸ ਖ਼ਾਤਰ ਹੋਇਆ ਜੋ ਚਾਹੋ ਇਲਜ਼ਾਮ ਦਿਓ। ਹੋਇਆ ਹਾਂ ਲਾਚਾਰ ਅਗਰ ਮੈਂ, ਜੀਵਨ ਤੋਂ ਬੇਜ਼ਾਰ ਅਗਰ ਮੈਂ, ਕਾਹਨੂੰ ਟੁਰਿਆ ਪਿਆਰ ਡਗਰ ਮੈਂ, ਮੈਨੂੰ ਦੋਸ਼ ਤਮਾਮ ਦਿਓ। ਕਾਹਨੂੰ ਆਖੋ ਆਵਾਰਾ ਹਾਂ, ਬਹੁਤ ਨਿਕੰਮਾ ਨਾਕਾਰਾ ਹਾਂ, ਪਲ ਦੋ ਪਲ ਦਾ ਵਣਜਾਰਾ ਹਾਂ, ਪ੍ਰੀਤਮ ਨੂੰ ਪੈਗ਼ਾਮ ਦਿਓ। ਮੈਂ ਬਿਹਬਲ ਇੱਕ ਆਦਮ ਪ੍ਰਭ ਜੀ ਆਪਣੇ ਕੀਤੇ ਨਾਦਮ ਪ੍ਰਭ ਜੀ, ਦਾਸ ਤਿਹਾਰਾ ਖ਼ਾਦਮ ਪ੍ਰਭ ਜੀ, ਹੁਣ ਚਰਣੀ ਵਿਸ਼ਰਾਮ ਦਿਓ। ਮੰਦਰ-ਮਸਜਿਦ ਗੁਰੂਦਵਾਰੇ ਲਾਉਂਦੇ ਲਾਊਡ ਸਪੀਕਰ ਸਾਰੇ, ਲੋਕੀਂ ਮਿੰਨਤਾ ਕਰ-ਕਰ ਹਾਰੇ ਦੋ ਘੜੀਆਂ ਆਰਾਮ ਦਿਓ। ਨਾ ਮੈਂ ਨੂਰੀ ਨਾ ਮੈਂ ਨਿਆਰੀ ਨਾ ਮੈਂ ਸਿੱਖਿਆ ਦੁਨੀਆਦਾਰੀ, ਕਹਿ-ਕਹਿ ਹਾਰੀ ਖ਼ਲਕਤ ਸਾਰੀ ਮੂੰਹ ਨੂੰ 'ਕੈਸ' ਲਗਾਮ ਦਿਓ।

ਤੁਹਾਨੂੰ ਵਾਹਿਗੁਰੂ ਦਾ ਵਾਸਤਾ ਜੇ ਹੋਰ ਨਾ ਤਾਓ

ਤੁਹਾਨੂੰ ਵਾਹਿਗੁਰੂ ਦਾ ਵਾਸਤਾ ਜੇ ਹੋਰ ਨਾ ਤਾਓ। ਜਫ਼ਾ ਨੂੰ ਅਲਵਿਦਾ ਕਹਿ ਕੇ ਵਫ਼ਾ ਦੇ ਪੂਰਨੇ ਪਾਓ। ਕਰੋ ਨਾ ਚਾਰਾਜੋਈ ਦੋਸਤੋ ਨਾ ਵੈਦ ਬੁਲਵਾਓ। ਕਿਸੇ ਅਣਜਾਣੀ ਥਾਂ ਤੇ ਜਾਣ ਦਾ ਮੈਨੂੰ ਬੜਾ ਚਾਓ। ਕਿਵੇਂ ਤੇ ਕਿਸ ਤਰ੍ਹਾਂ ਆਖਾਂ ਕਿ ਅੰਤਮ ਸਫ਼ਰ ਦੇ ਵੇਲੇ, ਤੁਸੀਂ ਮੇਰੇ 'ਤੇ ਪੱਥਰ ਹੋਣ ਦਾ ਇਲਜ਼ਾਮ ਨਾ ਲਾਓ। ਬਣਾਇਆ ਜ਼ਖ਼ਮੇ-ਦਿਲ ਨਾਸੂਰ ਮੇਰਾ ਤੇਰੀਆਂ ਯਾਦਾਂ, ਭੁਲਾਵਾਂ ਗ਼ੈਰ ਮੁਮਕਿਨ ਹੈ ਭਰੇਗਾ ਕਿਸ ਤਰ੍ਹਾਂ ਘਾਓ। ਅਗਰ ਆਉਂਦੇ ਤੁਸੀਂ ਤਾਂ ਵੇਖ ਲੈਂਦਾ ਨੂਰ ਦਾ ਜਲਵਾ, ਮਿਰੀ ਘਟਦੀ ਗਈ ਉਮਰਾ ਮਿਰਾ ਵਧਦਾ ਗਿਆ ਚਾਓ। ਅਦਬ, ਇਖ਼ਲਾਕ ਅਰ ਭਲਮਾਣਸੀ ਅਥਵਾ ਵਫ਼ਾਦਾਰੀ ਅਮੁੱਲੀ ਦਾਤ ਹੈ ਸਾਰੀ ਕਿਸੇ ਦਾ ਭੋਗ ਨਾ ਪਾਓ। ਬੜੀ ਗੱਲ ਨਹੀਂ ਕਿ ਉਹ ਇੱਕ ਦਿਨ ਤੁਹਾਨੂੰ ਪਿਆਰ ਕਰ ਬੈਠੇ, ਤੁਸੀਂ ਜੇ ਨਾਲ ਦੁਸ਼ਮਣ ਦੇ ਕਰੋਗੇ ਨੇਕ ਵਰਤਾਓ। ਕਰੋ ਨਾ ਕਾਰਨਾਮਾ ਭਾਵੇਂ ਕੋਈ ਦਾਦ ਦੇ ਕਾਬਿਲ, ਕਰੋ ਨਾ ਕਾਰ ਕੋਈ ਜੋ ਕਰਨ ਤੋਂ ਬਾਅਦ ਪਛਤਾਓ। ਤੁਸੀਂ ਜੇ ਸੁਣਨਾ ਚਾਹੋ ਮੇਰੇ ਕੋਲੋਂ ਧੁਰ ਦੀਆਂ ਗੱਲਾਂ, ਸੁਰਾਹੀ ਸਾਹਮਣੇ ਰੱਖ ਕੇ ਜ਼ਰਾ ਕੁ ਖ਼ੂਨ ਗਰਮਾਓ।

ਦਾਨ ਧਿਆਨ ਭਾਵੇਂ ਨਾ ਕਰ ਤੂੰ

ਦਾਨ ਧਿਆਨ ਭਾਵੇਂ ਨਾ ਕਰ ਤੂੰ । ਨਾ ਘਰ ਮਾਲ ਪਰਾਇਆ ਧਰ ਤੂੰ। ਆਪਣੇ ਅੰਦਰ ਭਾਲ ਪ੍ਰਭੂ ਨੂੰ, ਐਵੇਂ ਭਟਕ-ਭਟਕ ਨਾ ਮਰ ਤੂੰ। ਨਿਸ-ਦਿਨ ਨੇਕ ਕਮਾਈ ਕਰਕੇ, ਉਸ ਮਾਲਕ ਨੂੰ ਅਰਪਨ ਕਰ ਤੂੰ। ਦੂਰ-ਦੂਰ ਨਾ ਕਰ ਘਰ ਆਇਆਂ ਨੂੰ, ਵੇਖ ਕਦੀ ਹੋ ਕੇ ਬੇਘਰ ਤੂੰ। ਨੈਣ ਵਿਛਾਵਾਂਗਾ ਮੈਂ ਦਰ ਤੇ, ਜੇ ਆਵੇਂਗਾ ਮੇਰੇ ਘਰ ਤੂੰ। ਤੜਫ਼-ਤੜਫ਼ ਕੇ ਮਰ ਜਾਵੇਂਗਾ, ਨਾ ਕੀਤਾ ਸੰਤੋਖ ਅਗਰ ਤੂੰ। ਰਹਿਣਾ ਪਵੇ ਤਿਹਾਇਆ ਭਾਵੇਂ, ਨਾ ਗ਼ੈਰਾਂ ਦਾ ਪਾਣੀ ਭਰ ਤੂੰ। ਨਦੀਆਂ ਨਾਲੇ ਸੁੱਕ ਜਾਂਦੇ ਨੇ, ਬਣ ਜਾ ‘ਕੈਸ’ ਮਹਾਸਾਗਰ ਤੂੰ। ਗਾਉਂਦੇ-ਗਾਉਂਦੇ ਗੀਤ ਹਿਜਰ ਦੇ, ਕੀਤਾ ਜੀਵਨ ‘ਕੈਸ’ ਬਸਰ ਤੂੰ।

ਛੈਲ-ਛਬੀਲਾ ਹੈਂ ਦਿਲਬਰ ਤੂੰ

ਛੈਲ-ਛਬੀਲਾ ਹੈਂ ਦਿਲਬਰ ਤੂੰ। ਯਾਰਾਂ ਨਾਲ ਦਗ਼ਾ ਨਾ ਕਰ ਤੂੰ। ਧਨ-ਦੌਲਤ ਹੈ ਆਣੀ-ਜਾਣੀ, ਤਾਂ ਕੀ ਹੋਇਆ, ਹੈਂ ਬੇਜ਼ਰ ਤੂੰ। ਤੂੰ ਹੀ ਸਾਕੀ ਤੂੰ ਮੈਅਖ਼ਾਨਾ, ਤੂੰ ਹੀ ਮਦਰਾ ਹੈਂ ਸਾਗ਼ਰ ਤੂੰ। ਜਾਂ ਮੈਨੂੰ ਗੁਣਵਾਨ ਬਣਾ ਦੇ, ਜਾਂ ਮੈਨੂੰ ਕਰ ਸਿਲ-ਪੱਥਰ ਤੂੰ। ਮੱਸਿਆ ਸਦਾ ਹਨੇਰਾ ਪਾਇਆ, ਹਰ ਹਿਰਦੇ ਵਿੱਚ ਚਾਨਣ ਕਰ ਤੂੰ। ਤੂੰ ਹੀ ਇਹ ਸੰਸਾਰ ਬਣਾਇਆ, ਸਭ ਦੇ ਅੰਦਰ ਜਲਵਾਗਰ ਤੂੰ।

ਦੂਰ ਕਰੇਂਗਾ ਸ਼ਰ ਜੇਕਰ ਤੂੰ

ਦੂਰ ਕਰੇਂਗਾ ਸ਼ਰ ਜੇਕਰ ਤੂੰ। ਬਣ ਜਾਵੇਂਗਾ ਨੇਕ ਬਸ਼ਰ ਤੂੰ। ਡਰਨਾ ਹੈ ਤਾਂ ਡਰ ਮਾਲਕ ਤੋਂ, ਹੋਰ ਕਿਸੇ ਕੋਲੋਂ ਨਾ ਡਰ ਤੂੰ। ਮੇਰੀ ਵੀ ਅਰਦਾਸ ਕਰੀਂ ਤੂੰ, ਜੇ ਜਾਵੇਂਗਾ ਅੰਮ੍ਰਿਤਸਰ ਤੂੰ। ਵੱਡੀ ਝੋਲੀ ਲੈ ਕੇ ਜਾਵੀਂ, ਜੇ ਜਾਵੇਂਗਾ ਉਸ ਦੇ ਦਰ ਤੂੰ। ਇੱਕ ਤਿਲ ਨਾਲ ਤੇਰੇ ਨਹੀਂ ਜਾਣਾ, ਪੰਡਾਂ ਬੰਨ੍ਹ-ਬੰਨ੍ਹ ਕੇ ਨਾ ਧਰ ਤੂੰ। ਕਦੀ-ਕਦਾਈਂ ਆ ਜਾਇਆ ਕਰ, ਕਰਦਾ ਰਵੇਂ ਹਮੇਸ਼ ਉਜ਼ਰ ਤੂੰ। ਸ਼ਿਕਵਾ ਨਾ ਕਰ ਬਦਹਾਲੀ ਦਾ, ਲੱਖਾਂ ਨਾਲੋਂ ਹੈਂ ਬੇਹਤਰ ਤੂੰ। ਮੇਰੇ ਵਰਗੇ ਬੇਚਾਰੇ ਦਾ, ਚਾਰਾ ਨਾ ਕਰ ਚਾਰਾਗਰ ਤੂੰ। ਨਾ ਪਾ ਖ਼ੈਰ ਪਰਾਤਾਂ ਭਰ-ਭਰ, ਪਾ ਦੇ ਮੈਨੂੰ ਮੁੱਠੀ ਭਰ ਤੂੰ। ਮੈਂ ਪਟਵਾਰੀ ਪ੍ਰੇਮ ਨਗਰ ਦਾ, ਯਾਰਾ ! ਬਣ ਜਾ ਗੁਰਦਾਵਰ ਤੂੰ। ਮਰ ਕੇ ਵੇਖ ਕਿਸੇ ਦੀ ਖ਼ਾਤਰ, ਹੋ ਜਾਵੇਂਗਾ ‘ਕੈਸ’ ਅਮਰ ਤੂੰ।

ਲੱਖਾਂ ਲੋਕਾਂ ਪਾਪ ਕਮਾਤੇ

ਲੱਖਾਂ ਲੋਕਾਂ ਪਾਪ ਕਮਾਤੇ। ਪਰ ਉਹ ਰੱਬ ਤੋਂ ਡਰਦੇ ਕਾਤੇ ! ਹਿੰਦੂ ਗੰਗਾ, ਮੁਸਲਿਮ ਜ਼ਮ-ਜ਼ਮ, ਸਿੱਖ ਅੰਮ੍ਰਿਤਸਰ ਜਾ ਕੇ ਨ੍ਹਾਤੇ। ਸੁਫ਼ਨੇ ਦੇ ਵਿੱਚ ਯਾਰ ਬੁਲਾਇਆ, ਮੈਂ ਉੱਠ ਤੁਰਿਆ ਰਾਤੋ-ਰਾਤੇ। ਕਹਿੰਦੇ ਕੋਈ ਪ੍ਰਾਹੁਣਾ ਆਉਂਦੈ, ਆਟਾ ਭੁੜਕੇ ਜਦੋਂ ਪ੍ਰਾਤੇ। ਭੋਗੀ ਆਖੇ ਹੋ ਜਾ ਲੰਮੀ, ਰੋਗੀ ਆਖੇ ਮੁੱਕ ਜਾ ਰਾਤੇ। ਸੁਖ ਮਿਲਦੇ ਨੇ ਕਰਮਾ ਸੇਤੀ, ਦੁਖ ਮਿਲਦੇ ਨਾ ਪਲੇ-ਪਲਾਤੇ। ਮੈਂ ਨਾ ਅਪਣਾ ਆਪ ਪਛਾਤਾ, ਦੁਨੀਆਂ ਭਰ ਦੇ ਔਗੁਣ ਜਾਤੇ। ਲਿਖ-ਲਿਖ ਭਰਦਾ ਰਿਹਾ ਬਾਣੀਆ, ਇਥੇ ਰਹਿ ਗਏ ਵਹੀਆਂ-ਖ਼ਾਤੇ। ਲੇਖਾ ਅਗਲੇ ਜਨਮ ਦਿਆਂਗੇ, ਏਨੇ ਤਾਂ ਨਹੀਂ ਗਏ-ਗੁਆਤੇ। ‘ਕੈਸ’ ਜਦੋਂ ਪਰਵਾਸੀ ਹੋਇਆ, ਤੋੜ ਗਿਆ ਸਭ ਰਿਸ਼ਤੇ-ਨਾਤੇ।

ਕਰ ਭਲਾ ਤੇਰਾ ਹੋਵੇ ਭਲਾ ਸਾਕੀਆ

ਕਰ ਭਲਾ ਤੇਰਾ ਹੋਵੇ ਭਲਾ ਸਾਕੀਆ। ਖ਼ੈਰ ਆਏ ਫ਼ਕੀਰਾਂ ਨੂੰ ਪਾ ਸਾਕੀਆ। ਦੇ ਦਿਆਂਗਾ ਅਗਰ ਜਾਨ ਦੇਣੀ ਪਈ, ਕਰਜ਼ ਤੇਰਾ ਕਰਾਂਗਾ ਅਦਾ ਸਾਕੀਆ। ਜਾਨਲੇਵਾ ਤੇਰੀ ਬੇ-ਰੁਖ਼ੀ ਹੋ ਗਈ, ਹੋ ਗਿਆ ਦਰਦ ਵੀ ਲਾ-ਦਵਾ ਸਾਕੀਆ। ਮੌਜ ਤੇਰੀ ਹੈ ਤੂੰ ਡੋਬ ਦੇ ਜਾਂ ਤਾਰ ਦੇ, ਮੇਰੀ ਕਸ਼ਤੀ ਦਾ ਤੂੰ ਨਾ-ਖ਼ੁਦਾ ਸਾਕੀਆ। ਬਾਦਸ਼ਾਹ ਬਣ ਗਿਆ ਮੈਂ ਘੜੀ ਦੀ ਘੜੀ, ਤੇਰਾ ਦਾਰੂ ਬਣ ਗਿਆ ਬਾਲੇ-ਹੁਮਾ ਸਾਕੀਆ। ਤੇਰੇ ਮਟਕੇ ਭਰੇ ਦੇ ਭਰੇ ਰਹਿਣਗੇ, ‘ਕੈਸ’ ਜੇ ਬਣ ਗਿਆ ਪਾਰਸਾ ਸਾਕੀਆ।

ਰਹਿਣ ਦੇ ਸੁੱਤੀਆਂ ਕਲਾਂ ਨੂੰ ਨਾ ਜਗਾ

ਰਹਿਣ ਦੇ ਸੁੱਤੀਆਂ ਕਲਾਂ ਨੂੰ ਨਾ ਜਗਾ। ਤੈਨੂੰ ਮੇਰੀ ਦੋਸਤੀ ਦਾ ਵਾਸਤਾ। ਦਰਦੇ-ਦਿਲ ਦੀ ਕੋਲ ਤੇਰੇ ਹੈ ਦਵਾ, ਮੈਨੂੰ ਘੁੱਟ ਕੇ ਨਾਲ ਸੀਨੇ ਦੇ ਲਗਾ। ਪਹੁੰਚ ਜਾਵੀਂ ਪਹਿਲਾਂ ਉਹਦੇ ਆਉਂਣ ਤੋਂ, ਲੈਣ ਆਵੇਗੀ ਜਦੋਂ ਮੈਨੂੰ ਕਜ਼ਾ। ਬਹਿਕ ਜਾਂਦਾ ਹਾਂ ਤੁਹਾਨੂੰ ਵੇਖ ਕੇ, ਪੀਂਦਾ ਹਾਂ ਨਸ਼ਿਆਏ ਨੈਣਾ ਦਾ ਨਸ਼ਾ। ਭਗਤੀ ਕਰਨਾ ਚਾਹੇਂ ਜੇ ਭਗਵਾਨ ਦੀ, ਦਿਲ ਕਿਸੇ ਨਾ ਜੀਵ ਜੰਤੂ ਦਾ ਦੁਖਾ। ਹੈ ਅਲਹਿਦਾ ਸੂਰਤ ਹਰ ਇਨਸਾਨ ਦੀ, ਵੱਖੋ-ਵੱਖਰਾ ਸਾਰਿਆਂ ਦਾ ਹੈ ਸੁਭਾ। ਜ਼ਿੰਦਗੀ ਮੇਰੀ ਬੜੀ ਹੀ ਬੇਨੂਰ ਹੈ, ਦੋ ਘੜੀ ਮੇਰਾ ਨਸੀਬਾ ਵੀ ਜਗਾ। ਜ਼ਾਲਮਾਂ ਤੋਂ ਡਰ ਕੇ ਰਹਿਣਾ ਠੀਕ ਨਹੀਂ, ਆਖਦੇ ਨੇ ਡਰ ਗਿਆ ਸੋ ਮਰ ਗਿਆ। ਮੁਸਕੁਰਾਉਂਦਾ ਹੈਂ ਜਦੋਂ ਤੂੰ ਦੋਸਤਾ, ਮਹਿਕ ਜਾਂਦੀ ਹੈ ਦੁਆਲੇ ਦੀ ਫ਼ਿਜ਼ਾ। ਕਰ ਸਕੇ ਜੋ ਮੇਰੇ ਦੁਖਾਂ ਦਾ ਇਲਾਜ, ਨਾ ਰਿਹਾ ਲੁਕਮਾਨ ਨਾ ਈਸਾ ਰਿਹਾ। ਪਿਆਰ ਕਰਨਾ ਖੇਡ ਨਹੀਂ ਹੈ ਦੋਸਤੋ, ਦਿਲ ਚੁਰਾ ਕੇ ਲੈ ਗਿਆ ਹੈ ਦਿਲਰੁਬਾ। ਨਾਂ ਕਰਾਂ ਪੂਜਾ ਤਾਂ ਦੱਸੋ ਕੀ ਕਰਾਂ ! ਇਨ੍ਹਾਂ ਬੁੱਤਾਂ ਨੂੰ ਬਣਾਇਆ ਹੈ ਖ਼ੁਦਾ। ਮੇਰੇ ਪ੍ਰਭ ਜੀ ਹੋ ਗਿਆ ਹਾਂ ਮੈਂ ਯਤੀਮ, ਤੂੰ ਹੀ ਮਾਤਾ ਤੂੰ ਹੀ ਮੇਰਾ ਹੈਂ ਪਿਤਾ। ਇੱਥੇ ਝੂਠੇ ਆਗੂਆਂ ਦਾ ਕਾਲ ਨਹੀਂ, ਚਾਰਸੂ ਹੈ ਡਾਕੂਆਂ ਦਾ ਦਬਦਬਾ। ਯਾਰੋ ! ਮੈਂ ਔਲਾਦ ਹਾਂ ਇਨਸਾਨ ਦੀ, ਨਾਂ ਹੀ ਮੈਂ ਇਨਸਾਨ ਹਾਂ ਨਾ ਦੇਵਤਾ। ਸੁੱਤਾ ਨਹੀਂ ਜੇ ਪਟੜੀ ਉੱਤੇ ‘ਕੈਸ’ ਤੂੰ, ਚੱਖਿਆ ਨਹੀਂ ਫ਼ਾਕਾ ਮਸਤੀ ਦਾ ਮਜ਼ਾ।

ਤੂੰ ਦਿਲਾ ਕਿਉਂ ਇੰਨਾ ਬਿਹਬਲ ਹੋ ਗਿਆ

ਤੂੰ ਦਿਲਾ ਕਿਉਂ ਇੰਨਾ ਬਿਹਬਲ ਹੋ ਗਿਆ! ਜਾਣੇ ਤੈਨੂੰ ਕੀ ਹੈ ਅੱਜ ਕਲ ਹੋ ਗਿਆ ! ਯਾਰ ਮੇਰਾ ਅੱਖੋਂ ਉਹਲੇ ਹੋ ਗਿਆ, ਵਾਹਿਗੁਰੂ ਦਾ ਕਹਿਰ ਨਾਜ਼ਿਲ ਹੋ ਗਿਆ। ਸਾਕੀਆ ਜ਼ੱਰਾਨਵਾਜ਼ੀ ਹੈ ਤੇਰੀ, ਮਹਿਕਦਾ ਹੀ ਮੇਰੀ ਮੰਜ਼ਿਲ ਹੋ ਗਿਆ। ਯਾਰ ਆਇਆ ਚਹਿਚਹਾਈਆਂ ਬੁਲਬੁਲਾਂ, ਵੇਖਦੇ ਹੀ ਜੰਗਲ ਮੰਗਲ ਹੋ ਗਿਆ। ਆਇਆ ਉਹ ਬੀਮਾਰ ਪੁਰਸੀ ਵਾਸਤੇ, ਬਿਸਤਰਾ ਬੋਰੀ ਦਾ ਮਖ਼ਮਲ ਹੋ ਗਿਆ। ਲੈਲਾ-ਲੈਲਾ ਕਰਦਾ ਮਜਨੂੰ ਦੋਸਤੋ, ਆਪੇ ਲੈਲਾ ਆਪੇ ਮਹਿਮਲ ਹੋ ਗਿਆ।

ਹੋ ਗਿਆ ਦਿਲਕਸ਼ ਨਜ਼ਾਰਾ ਹੋ ਗਿਆ

ਹੋ ਗਿਆ ਦਿਲਕਸ਼ ਨਜ਼ਾਰਾ ਹੋ ਗਿਆ। ਜ਼ੁਲਫ਼ ਤੇਰੀ ਦਾ ਇਸ਼ਾਰਾ ਹੋ ਗਿਆ। ਜਾਣੇ ਮੈਨੂੰ ਕੀ ਹੈ ਯਾਰਾ ਹੋ ਗਿਆ, ਦਿਲ ਦਾ ਸ਼ੀਸ਼ਾ ਪਾਰਾ-ਪਾਰਾ ਹੋ ਗਿਆ। ਨਿੱਕੀ ਜਿੰਨੀ ਪੋਟਲੀ ਸੀ ਪਿਆਰ ਦੀ, ਦੁੱਖਾਂ ਦਾ ਵੱਡਾ ਪਟਾਰਾ ਹੋ ਗਿਆ। ਬੇੜੀ ਨੇੜੇ ਆਉਂਦੀ-ਜਾਂਦੀ ਵੇਖ ਕੇ, ਦੂਰ ਦਰਿਆ ਦਾ ਕਿਨਾਰਾ ਹੋ ਗਿਆ। ਹੋ ਗਿਆ ਜੋ ਇਸ਼ਕ ਦੇ ਵਿੱਚ ਮੁਬਤਲਾ, ਆਖਦੇ ਨੇ ਉਹ ਨਕਾਰਾ ਹੋ ਗਿਆ। ਦਿਲ ਦੇ ਅੰਦਰ ਹੈ ਬਿਠਾਇਆ ਯਾਰ ਨੂੰ, ਦਿਲ ਮੇਰਾ ਠਾਕੁਰਦਵਾਰਾ ਹੋ ਗਿਆ। ਹੁਣ ਖ਼ੁਦਾਇਆ ਚੰਦਰਮਾ ਤੇ ਪਹੁੰਚ ਕੇ, ਬੰਦਾ ਤੇਰਾ ਵੀ ਸਿਤਾਰਾ ਹੋ ਗਿਆ। ਤੇਰਾ ਜਲਵਾ ਦੇਖਦੇ ਹੀ ਦੋਸਤਾ, ਨੂਰ ਦਾ ਮੈਨੂੰ ਨਜ਼ਾਰਾ ਹੋ ਗਿਆ। ਵੇਖ ਲਓ ਕਿ ‘ਕੈਸ’ ਵਰਗੇ ਗੰਵਾਰ ਦਾ, ਅਕਲ ਬਾਝੋਂ ਵੀ ਗੁਜ਼ਾਰਾ ਹੋ ਗਿਆ।

ਮੈਂ ਪਿਆਰ ਕਰਕੇ ਬਿਰਹਾ ਦੇ ਦੁੱਖ ਨੂੰ ਸਹੇੜਿਆ

ਮੈਂ ਪਿਆਰ ਕਰਕੇ ਬਿਰਹਾ ਦੇ ਦੁੱਖ ਨੂੰ ਸਹੇੜਿਆ। ਤੂੰ ਤੁਹਮਤਾਂ ਦਾ ਮੇਰੇ ਉੱਤੇ ਚਿੱਕੜ ਲਬੇੜਿਆ। ਕੰਡਿਆਂ ਨੇ ਲਹੂ-ਲੁਹਾਨ ਕਰ ਦਿੱਤਾ ਹੈ ਵੇਖ ਲਓ ! ਫੁੱਲਾਂ ਨੂੰ ਹੱਥ ਲਾਇਆ ਨਾ ਕਲੀਆਂ ਨੂੰ ਛੇੜਿਆ। ਦਾਮਨ ਤੇ ਖ਼ੁਦ ਬਹਾਰ ਨੇ ਕੀਤਾ ਹੈ ਤਾਰ-ਤਾਰ, ਮੇਰਾ ਗਿਰੇਬਾਂ ਸੂਲਾਂ ਨੇ ਹੱਥੀਂ ਉਧੇੜਿਆ। ਫ਼ਿਰਕਾਦਾਰੀ ਵਾਲੀਆਂ ਜਦ ਵਗੀਆਂ ਹਨੇਰੀਆਂ, ਹਰ ਬੂਟਾ ਬਾਗ਼ ਦਾ ਹੈ ਮੁੱਢੋਂ ਉਖੇੜਿਆ। ਨਾ ਮਜਨੂੰ ਨਾ ਫਰਹਾਦ ਨਾ ਰਾਂਝੇ ਦਾ ਪਾਸਕੂ, ਮੈਨੂੰ ਖ਼ੁਦਾਇਆ ਯਾਰ ਤੋਂ ਕਾਹਨੂੰ ਨਿਖੇੜਿਆ। ਕੁਦਰਤ ਦੇ ਕਾਰਖ਼ਾਨੇ ਦੇ ਮਾਲਕ ਪਰਮਾਤਮਾ, ਕਲੀਆਂ ਨੂੰ ਲਾਜ ਬਖ਼ਸ਼ੀ ਤੇ ਗੁੰਚੇ ਨੂੰ ਖੇੜਿਆ। ਸਭ ਜਾਣਦੇ ਨੇ ‘ਕੈਸ’ ਨੂੰ ਬੰਦਾ ਉਜੱਡ ਹੈ, ਤੂੰ ਜਾਣ-ਬੁੱਝ ਕੇ ਭੂੰਡਾਂ ਦੇ ਖੱਖਰ ਨੂੰ ਛੇੜਿਆ।

ਕਿਹੜਾ ਸਾਡੇ ਵਾਕਰਾਂ ਤਾਇਆ ਗਿਆ

ਕਿਹੜਾ ਸਾਡੇ ਵਾਕਰਾਂ ਤਾਇਆ ਗਿਆ। ਲਾ ਕੇ ਲਾਂਬੂ ਬਰਫ਼ 'ਚ ਲਾਇਆ ਗਿਆ। ਨਹੀਂ ਵਫ਼ਾ ਤੋਂ ਮੂੰਹ ਕਦੀ ਵੀ ਮੋੜਿਆ, ਭਾਵੇਂ ਸਾਨੂੰ ਰੱਜ ਕੇ ਉਕਸਾਇਆ ਗਿਆ। ਦਰ-ਗੁਜ਼ਰ ਕਰਕੇ ਜਫ਼ਾਵਾਂ ਤੇਰੀਆਂ, ਗੁੱਸੇ ਨੂੰ ਕੀਤਾ ਗਿਆ ਆਇਆ-ਗਿਆ। ਡੋਰੀ ਟੁੱਟੀ ਪਿਆਰ ਦੇ ਅਧਵਾਟਿਉਂ, ਭੇਤ ਨਾ ਦਿਲਦਾਰ ਦਾ ਪਾਇਆ ਗਿਆ। ਸ਼ਰਮ ਅੱਖਾਂ ਦੀ ਗਈ ਤਾਂ ਜਾਣ ਲਓ, ਜ਼ਿੰਦਗੀ ਦਾ ਸਾਰਾ ਸਰਮਾਇਆ ਗਿਆ। ਠੋਕਰਾਂ ਖਾਂਦਾ ਰਹੇਗਾ ਉਮਰ ਭਰ, ਜਿਹੜਾ ਤੇਰੇ ਦਰ ਤੋਂ ਠੁਕਰਾਇਆ ਗਿਆ। ਮਰਦਾ-ਮਰਦਾ ਜੀ ਪਿਆ ਹੈਂ ‘ਕੈਸ’ ਤੂੰ, ਨਾਲ ਸੀਨੇ ਦੇ ਜਦੋਂ ਲਾਇਆ ਗਿਆ।

ਮੇਰੇ ਪ੍ਰਭ ਜੀ ਮੇਰੇ ਕੋਲੋਂ ਜੋ ਕਰਨਾ ਸੀ ਕਰ ਨਾ ਹੋਇਆ

ਮੇਰੇ ਪ੍ਰਭ ਜੀ ਮੇਰੇ ਕੋਲੋਂ ਜੋ ਕਰਨਾ ਸੀ ਕਰ ਨਾ ਹੋਇਆ। ਮੈਂ ਵਿਭਚਾਰੀ ਮੇਰੇ ਵਰਗਾ ਮੂਰਖ ਹੋਰ ਬਸ਼ਰ ਨਾ ਹੋਇਆ। ਜੀਵਨ ਮੇਰਾ, ਘੋਰ ਹਨੇਰਾ, ਚਾਨਣ ਸਾਰੀ ਉਮਰ ਨਾ ਹੋਇਆ। ਮੈਨੂੰ ਮੱਸਿਆ ਖਾ ਜਾਏਗੀ, ਜੇ ਤੂੰ ਜਲਵਾਗਰ ਨਾ ਹੋਇਆ। ਮੇਰੇ ਸਿਰ ਇਲਜ਼ਾਮ ਹਮੇਸ਼ਾ, ਮੈਂ ਹੋਇਆ ਬਦਨਾਮ ਹਮੇਸ਼ਾ, ਮੈਂ ਨਾਖ਼ੁਸ਼ ਉਪਰਾਮ ਹਮੇਸ਼ਾ, ਤੈਨੂੰ ਮੇਰਾ ਫ਼ਿਕਰ ਨਾ ਹੋਇਆ। ਮੈਂ ਗੁੰਮਨਾਮ, ਅਨਾਮ ਘਰਾਣਾ, ਨਹੀਂ ਦਿਲਕਸ਼ ਮੇਰਾ ਅਫ਼ਸਾਨਾ, ਪਰ ਮੇਰੇ ਦੀਵਾਨੇਪਨ ਦਾ, ਕਿਹੜੀ ਥਾਂ ਜ਼ਿਕਰ ਨਾ ਹੋਇਆ। ਲਾ ਕੇ ਨਾਲ ਕਿਸੇ ਦੇ ਯਾਰੀ, ਰੋ-ਰੋ ਸਾਰੀ ਉਮਰ ਗੁਜ਼ਾਰੀ, ਸੁਣ-ਸੁਣ ਮੇਰੀ ਗਿਰਯਾ-ਜ਼ਾਰੀ, ਉਹਦੇ ਦਿਲ ਅਸਰ ਨਾ ਹੋਇਆ। ਜਦੋਂ ਜਦੋਂ ਵੀ ਪੀਲੂ ਪੱਕੀਆਂ, ਅੱਖੀਆਂ ਰਾਹ ਤੱਕ-ਤੱਕ ਕੇ ਥੱਕੀਆਂ, ਸਾਡੇ ਡੇਰੇ ਦੇ ਵੱਲ ਤੇਰਾ, ਪ੍ਰੀਤਮ ਕਦੀ ਗੁਜ਼ਰ ਨਾ ਹੋਇਆ। ਲੰਮੀ ਉਮਰਾ ਜ਼ਹਿਮਤ ਭਾਰੀ, ਜੀਵਨ ਨਹੀਂ ਫੁੱਲਾਂ ਦੀ ਖਾਰੀ, ਮੰਗਿਆਂ ਮੌਤ ਕਦੀ ਨਹੀਂ ਆਉਂਦੀ ਮਰਨਾ ਚਾਹਿਆ ਮਰ ਨਾ ਹੋਇਆ। ਕਹਿੰਦੇ ਨੇ ਨਾ-ਮੁਮਕਿਨ ਕੁਝ ਨਹੀਂ, ਯਾਨੀ ਸਭ ਕੁਝ ਹੋ ਸਕਦਾ ਹੈ, ਮੈਂ ਕੀਕਣ ਤਸਲੀਮ ਕਰਾਂਗਾ, ਤੂੰ ਮਿਰਾ ਜੇਕਰ ਨਾ ਹੋਇਆ। ਆਸਾਂ ਲਾਈ ਬੈਠਾ ਹਾਂ ਮੈਂ, ਹੋਵੇਗਾ ਇਹ ਦੂਰ ਹਨੇਰਾ, ਵਿੱਚੋਂ ਮੈਨੂੰ ਡਰ ਲੱਗਦਾ ਹੈ, ਕੀ ਹੋਵੇਗਾ ਗਰ ਨਾ ਹੋਇਆ। ਵੇਖ-ਵੇਖ ਕੇ ਹਾਲਤ ਮੇਰੀ, ਤ੍ਰਾਸ-ਤ੍ਰਾਸ ਕਰਦੇ ਨੇ ਸਾਰੇ, ਮੈਂ ਨਹੀਂ ਐਸਾ ਬੰਦਾ ਡਿੱਠਾ, ਜਿਸਦਾ ਦੀਦਾ ਤਰ ਨਾ ਹੋਇਆ। ਨਾਂ ਮੈਂ ਬੰਦ-ਬੰਦ ਕਟਵਾਏ, ਨਾ ਮੈਂ ਕਿਸੇ ਚਰਖ਼ੜੀ ਚੜ੍ਹਿਆ, ਨਾ ਮੈਂ ਤਪਦੀ ਲੋਹ ਤੇ ਬੈਠਾ, ਮੈਥੋਂ ਕੁਝ ਵੀ ਜਰ ਨਾ ਹੋਇਆ। ਨਾ ਮੈਂ ਚੜ੍ਹਿਆ ਸੂਲੀ ਉੱਤੇ, ਨਾ ਮੈਂ ਪੁੱਠੀ ਖੱਲ ਲੁਹਾਈ, ਨਾ ਮੈਂ ਧਰਮ ਹੇਤ ਲੜ ਮੋਇਆ, ਉਂਝ ਮਰਨਾ ਕੀ ਮਰਨਾ ਹੋਇਆ। ਧੰਨ-ਧੰਨ ਗੁਰੂ ਤੇਗ਼ ਬਹਾਦਰ, ਸੰਤ ਮਹਾਨ ਗਿਆਨ ਗੁਣ ਸਾਗਰ, ਉਹਨਾਂ ਵਰਗਾ ਮਰਦ-ਮੁਜਾਹਿਦ, ਕੋਈ ਪੈਗ਼ੰਬਰ ਨਾ ਹੋਇਆ। ਕੀਤਾ ਕਿਸੇ ਨੇ ਸੌਦਾ ਐਸਾ, ਲੇਖੇ ਲਾਇਆ ਇੱਕ ਇੱਕ ਪੈਸਾ, ਸਤਿਗੁਰ ਬਾਬੇ ਨਾਨਕ ਜੈਸਾ, ਕੋਈ ਸੌਦਾਗਰ ਨਾ ਹੋਇਆ। ਆਖੇ ‘ਕੈਸ’ ਕਾਸ਼ ਮੈਂ ਹੁੰਦਾ, ਦਾਸ ਗੁਰੂ ਗੋਬਿੰਦ ਦਾ ਬੰਦਾ, ਪਰ ਮੈਂ ਨਾਦਮ, ਮੈਂ ਸ਼ਰਮਿੰਦਾ, ਸੀਸ ਤਲੀ ਤੇ ਧਰ ਨਾ ਹੋਇਆ। ‘ਕੈਸ’ ਕਰੋ ਨਾ ਸ਼ਿਕਵਾ ਕੋਈ, ਨਹੀਂ ਕੋਈ ਅਣਹੋਣੀ ਹੋਈ, ਕਿਸ ਆਸ਼ਕ ਦਾ ਦਿਲ ਨਾ ਟੁੱਟਾ, ਕਿਸ ਦਾ ਚਾਕ ਜਿਗਰ ਨਾ ਹੋਇਆ।

ਜਿਸ ਕਿਸੇ ਨੇ ਨਾਦਮ ਹੋ ਕੇ ਰੋ ਲਿਆ

ਜਿਸ ਕਿਸੇ ਨੇ ਨਾਦਮ ਹੋ ਕੇ ਰੋ ਲਿਆ। ਪਾਪਾਂ ਭਿੰਨੀ ਆਤਮਾ ਨੂੰ ਧੋ ਲਿਆ। ਕੁਫ਼ਰ ਮੈਨੂੰ ਰੋਜ਼ ਭਰਮਾਉਂਦਾ ਰਿਹਾ, ਨਹੀਂ ਕਦੇ ਈਮਾਨ ਮੇਰਾ ਡੋਲਿਆ। ਕਹਿ ਲਵੋ ਬੜਬੋਲਾ ਮੈਨੂੰ ਕਹਿ ਲਵੋ, ਥੋੜ੍ਹੀ ਕੀਤੇ ਝੂਠ ਨਹੀਂ ਮੈਂ ਬੋਲਿਆ। ਅਪਣੇ ਅੰਦਰ ਰੋਜ਼ ਝਾਤੀ ਮਾਰ ਕੇ, ਹੋਰਨਾਂ ਨੂੰ ਨਹੀਂ ਕਦੇ ਪੜਚੋਲਿਆ। ਤੂੰ ਹਮੇਸ਼ਾ ਮੇਰੇ ਦਿਲ ਦੇ ਕੋਲ ਸੀ, ਐਵੇਂ ਥਾਈਂ-ਥਾਈਂ ਤੈਨੂੰ ਟੋਲਿਆ। ਨਹੀਂ ਕਦੀ ਤੂੰ ਕੋਲ ਬੈਠਾ ਦੋ ਘੜੀ, ਨਹੀਂ ਕਦੀ ਦਿਲ ਦਾ ਦਰੀਚਾ ਖੋਲ੍ਹਿਆ। ਤੂੰ ਜਦੋਂ ਵੀ ਵਾਜ ਮਾਰੀ ‘ਕੈਸ’ ਨੂੰ, ਉਹ ਹਮੇਸ਼ਾ ‘ਹਾਂ ਜੀ’ ਕਹਿ ਕੇ ਬੋਲਿਆ।

ਮੈਨੂੰ ਦਿਲ ਦੇ ਜ਼ਖ਼ਮਾਂ ਉੱਤੇ ਲੂਣ ਪਾਉਣਾ ਆ ਗਿਆ

ਮੈਨੂੰ ਦਿਲ ਦੇ ਜ਼ਖ਼ਮਾਂ ਉੱਤੇ ਲੂਣ ਪਾਉਣਾ ਆ ਗਿਆ। ਮੈਨੂੰ ਅਪਣੀ ਬੇ-ਬਸੀ ਤੇ ਮੁਸਕਰਾਉਣਾ ਆ ਗਿਆ। ਸੜ੍ਹਦਿਆਂ-ਭੁੱਜਦਿਆਂ ਅਪਣੇ ਕੰਢੇ ਲੂਹਣੇ ਆ ਗਏ, ਜਿਸ ਘੜੀ ਤੋਂ ਤੇਰੇ ਉੱਤੇ ਦਿਲ ਨਿਮਾਣਾ ਆ ਗਿਆ। ਕੀ ਜ਼ਮਾਨਾ ਆ ਗਿਆ ਹੈ ਬੰਦਾ-ਪਰਵਰ ਦੇਖ ਲਓ ! ਦੋਸਤਾਂ ਨੂੰ ਦੋਸਤਾਂ ਦਾ ਦਿਲ ਦੁਖਾਣਾ ਆ ਗਿਆ। ਜਾਪੇ ਸੱਤਵੇਂ ਆਸਮਾਂ ਤੱਕ ਪਹੁੰਚ ਜਾਏਗਾ ਕਦੀ, ਆਦਮੀ ਨੂੰ ਚੰਦਰਮਾ ਤੇ ਜਾਣਾ-ਆਣਾ ਆ ਗਿਆ। ਉੱਠਦੇ-ਬਹਿੰਦੇ ਡਿਗਦੇ-ਢਹਿੰਦੇ ਤੇਰੇ ਦਰ ਤੇ ਪਹੁੰਚ ਕੇ, ਮੇਰੀ ਮੰਜ਼ਿਲ ਆ ਗਈ ਮੇਰਾ ਟਿਕਾਣਾ ਆ ਗਿਆ। ਵੇਖੋ ਯਾਰੋ ! ਨਾ-ਤਵਾਨੀ ਦੀ ਬਦੌਲਤ ਵੇਖ ਲਓ, ‘ਕੈਸ’ ਨੂੰ ਬਿਨ ਪੀਤਿਆਂ ਹੀ ਲੜਖੜਾਣਾ ਆ ਗਿਆ।

ਮਨ ਦੇ ਮੰਦਿਰ ਨੂੰ ਸਜਾ ਕੇ ਵੇਖਿਆ

ਮਨ ਦੇ ਮੰਦਿਰ ਨੂੰ ਸਜਾ ਕੇ ਵੇਖਿਆ। ਯਾਰ ਨੂੰ ਅੰਦਰ ਬਿਠਾ ਕੇ ਵੇਖਿਆ। ਲੱਖਾਂ ਵਾਰੀ ਆਪ ਅੱਗੇ ਦੋਸਤੋ, ਸੀਸ ਅਪਣੇ ਨੂੰ ਨਿਵਾ ਕੇ ਵੇਖਿਆ। ਕਈਆਂ ਲੋਕਾਂ ਉਹਨੂੰ ਵੇਖਣ ਵਾਸਤੇ, ਅਪਣੇ ਆਪੇ ਨੂੰ ਗੁਆ ਕੇ ਵੇਖਿਆ। ਦਿਲ ਦੀ ਬਸਤੀ ਉੱਜੜ ਜਾਂਦੀ ਹੈ ਜਦੋਂ, ਦੱਸੋ ਉਹਨੂੰ ਕਿਸ ਵਸਾ ਕੇ ਵੇਖਿਆ। ਬੀਤਦੀ ਹੈ ਕੀ ਤੇਰੇ ਬੀਮਾਰ ਤੇ, ਹੈ ਕਦੀ ਯਾਰਾ! ਤੂੰ ਆ ਕੇ ਵੇਖਿਆ। ਸਾਰੀਆਂ ਪੀੜਾਂ ਨੂੰ ਨੀਂਦਰ ਆ ਗਈ, ਤੂੰ ਜਦੋਂ ਵੀ ਮੁਸਕਰਾ ਕੇ ਵੇਖਿਆ। ਆਖਦੇ ਨੇ ਵੇਖਿਆ ਨਹੀਂ ਵਾਹਿਗੁਰੂ, ਹੈ ਕਿਸੇ ਬੰਦੇ ਬਣਾ ਕੇ ਵੇਖਿਆ। ਹੈ ਕਿਸੇ ਯੱਸੂ ਮਸੀਹ ਦੇ ਵਾਕਰਾਂ, ਕੰਡਿਆਂ ਦਾ ਤਾਜ ਪਾ ਕੇ ਵੇਖਿਆ। ਯਾਰਾ ! ਕਈਆਂ ਕੋਸ਼ਿਸ਼ਾਂ ਦੇ ਬਾਵਜੂਦ, ਨਹੀਂ ਦਿਲੋਂ ਤੈਨੂੰ ਭੁਲਾ ਕੇ ਵੇਖਿਆ। ਮਣਸ ਦਿੱਤੀ ‘ਕੈਸ’ ਇੱਜ਼ਤ-ਆਬਰੂ, ਜਿਸ ਕਿਸੇ ਉਹਨੂੰ ਬਣਾ ਕੇ ਵੇਖਿਆ।

ਪੀਲੂ ਪੱਕੀਆਂ, ਮਾਖਿਉਂ ਹੋਇਆ

ਪੀਲੂ ਪੱਕੀਆਂ, ਮਾਖਿਉਂ ਹੋਇਆ। ਯਾਦਾਂ ਆਈਆਂ, ਰੱਜ ਕੇ ਰੋਇਆ। ਮੇਰੀ ਐਸੀ ਹਾਲਤ ਹੋ ਗਈ, ਨਾ ਮੈਂ ਜੀਵਤ ਨਾ ਮੈਂ ਮੋਇਆ। ਇਸ਼ਕ ਤਪਾਓ ਲਗਦਾ ਜਿਸ ਨੂੰ, ਹੋ ਨਹੀਂ ਸਕਦਾ ਕਦੀ ਨਰੋਇਆ। ਤੂੰ ਹੋਇਉਂ ਜਦ ਅੱਖੋਂ ਉਹਲੇ, ਮੈਂ ਅਣ-ਹੋਇਆਂ ਵਰਗਾ ਹੋਇਆ। ਮੈਂ ਨਾ ਫਿਰ ਪਹੁ ਫੁੱਟਦੀ ਵੇਖੀ, ਸਾਰੀ ਉਮਰ ਹਨੇਰਾ ਢੋਇਆ। ਕੀ ਹੁੰਦਾ ਜੇ ਮੈਂ ਨਾ ਹੁੰਦਾ, ਮੈਂ ਹੋਇਆ ਵੀ ਪਰ ਨਾ ਹੋਇਆ। ਮਨ ਦੀ ਮੈਲ਼ ਕਦੀ ਨਾ ਧੋਤੀ, ਪਰ ਧੋਤੀ ਨੂੰ ਮਲ-ਮਲ ਧੋਇਆ। ਘੁੱਪ ਹਨੇਰੇ ਦੇ ਵਿੱਚ ਬਹਿ ਕੇ, ਯਾਦਾਂ ਦਾ ਇੱਕ ਹਾਰ ਪ੍ਰੋਇਆ। ਕੀ ਥੁੜਿਆ ਸੀ ਮੇਰੇ ਬਾਝੋਂ, ‘ਕੈਸ’ ਕਹੇ ਪ੍ਰਭ ਮੇਰੇ ਗੋਇਆ।

ਧੰਨ-ਦੌਲਤ, ਨੌਕਰ-ਚਾਕਰ ਤੇ ਖ਼ਿਦਮਤ-ਗੁਜ਼ਾਰੀਆਂ

ਧੰਨ-ਦੌਲਤ, ਨੌਕਰ-ਚਾਕਰ ਤੇ ਖ਼ਿਦਮਤ-ਗੁਜ਼ਾਰੀਆਂ। ਇੱਕ ਯਾਰ ਬਾਝੋਂ ਨਿਅਮਤਾਂ ਸੱਭੇ ਨਕਾਰੀਆਂ। ਨਾ ਮਹਿੰਦੀ ਲੱਗੀ ਹੱਥੀਂ ਨਾ ਜ਼ੁਲਫ਼ਾਂ ਸੁਆਰੀਆਂ। ਮਾਰਾਂ ਹਜ਼ਾਰਾਂ ਹੀਰਾਂ ਨੂੰ ਕਦੋਂ ਨੇ ਮਾਰੀਆਂ। ਰੇਤਾਂ ’ਤੇ ਬਹਿ ਕੇ ਰੋਂਦੀਆਂ, ਸੱਸੀਆਂ ਵਿਚਾਰੀਆਂ। ਕਿੰਨੀਆਂ ਕੁ ਦੱਸੋ ਸੋਹਣੀਆਂ ਕੱਚਿਆਂ ਨੇ ਤਾਰੀਆਂ। ਤੂੰ ਵੇਖ ਮੈਨੂੰ ਹਾਣੀਆ, ਨਰਗਿਸ ਦੇ ਵਾਂਙ ਮੈਂ, ਤੇਰੀ ਉਡੀਕ ਕਰਦਿਆਂ, ਉਮਰਾਂ ਗੁਜ਼ਾਰੀਆਂ। ਦਿੱਤੇ ਜੋ ਗ਼ਮ ਤੂੰ ਦਾਤਿਆ ਸਾਰੇ ਅਜ਼ੀਜ਼ ਨੇ, ਹੁਣ ਮੈਨੂੰ ਦੇ-ਦੇ ਥੋੜ੍ਹੀਆਂ ਖ਼ੁਸ਼ੀਆਂ ਉਧਾਰੀਆਂ। ਜਦ ਪਹਿਲਾਂ ਹੱਦਾਂ ਬਦਲੀਆਂ, ਰੋਇਆ ਸਾਂ ਜ਼ਾਰ-ਜ਼ਾਰ, ਹੁਣ ਥਾਈਂ-ਥਾਈਂ ਬਣ ਗਏ ਵਾਹਗੇ-ਅਟਾਰੀਆਂ। ਸੱਟਾਂ ਅਖੀਰ ਸੱਟਾਂ ਨੇ ਸੱਟਾਂ ਦਾ ਕੀ ਕਸੂਰ, ਕਈਆਂ ਨੇ ਸੱਟਾਂ ਖਾਧੀਆਂ ਕਈਆਂ ਨੇ ਮਾਰੀਆਂ। ਵੀਹਵੀਂ ਸਦੀ ਦਾ ਅੰਤ ਹੈ ਕਲਜੁਗ ਦਾ ਵਾਸ ਹੈ, ਗ਼ਜ਼ਲਾਂ ਨੇ ‘ਕੈਸ’ ਤੇਰੀਆਂ ਕੁਝ ਬੇ-ਬਹਾਰੀਆਂ।

ਜਦੋਂ ਪਿਆਰ ਦੀ ਜੋਤ ਜਗਾਈ

ਜਦੋਂ ਪਿਆਰ ਦੀ ਜੋਤ ਜਗਾਈ। ਬਿਰਹੋਂ ਫੂਕਾਂ ਮਾਰ ਬੁਝਾਈ। ਤੂੰ ਯਾਰਾ! ਕਿਉਂ ਬੇ-ਮੁੱਖ ਹੋਇਆ, ਤੇਰੀ ਕਿਹੜੀ ਗੱਲ ਪਰਤਾਈ। ਚੰਗੀ-ਮੰਦੀ ਜੋ ਤੂੰ ਕੀਤੀ, ਮੈਂ ਨਹੀਂ ਅਪਣੇ ਦਿਲ ’ਤੇ ਲਾਈ। ਤੈਨੂੰ ਸਮਝ ਲਿਆ ਮੈਂ ਅਪਣਾ, ਇਹ ਮੇਰੀ ਹੈ ਮੂਰਖ਼ਤਾਈ। ਸ਼ਾਮਾਂ ਪਈਆਂ ਤੂੰ ਨਾ ਆਇਉਂ, ਹੋ ਗਈ ਪੀੜਾ ਦੂਣ-ਸਵਾਈ। ਤੇਰੇ ਪ੍ਰੇਮ-ਪਿਆਰ ਦੀ ਮੁਦਰਾ, ਮੇਰੇ ਹਿੱਸੇ ਕਿਉਂ ਨਹੀਂ ਆਈ। ਕਰ ਜਾਂਦੀ ਹੈ ਪਾਗ਼ਲ ਮੈਨੂੰ, ਅੰਮ੍ਰਿਤ ਵੇਲੇ ਦੀ ਪੁਰਵਾਈ। ਆ ਸੱਜਣਾ ! ਛੇਤੀ ਤੋਂ ਛੇਤੀ, ਅਜ਼ਲ ਹੁਣੇ ਹੀ ਆਈ ਕਿ ਆਈ। ਨਾ ਕਰ ਗੁੱਸਾ ਤੂੰ ਯਾਰਾਂ ਤੇ, ਕੌਣ ਜਾਣੇ ਹੈ ਪੀੜ ਪਰਾਈ। ਯਾਰਾ ! ਮੈਨੂੰ ਵੱਢ-ਵੱਢ ਖਾਂਦੀ, ਲੰਮੀਆਂ ਰਾਤਾਂ ਦੀ ਤਨਹਾਈ। ਤੂੰ ਮੇਰਾ ਦਿਲ ਚੋਰੀ ਕੀਤਾ, ਤੂੰ ਹੀ ਮੇਰੀ ਨੀਂਦ ਚੁਰਾਈ। ਕੀ ਹੋਇਆ ਜੇ ਤੂੰ ਨਹੀਂ ਆਇਆ, ਤੇਰੀ ਯਾਦ ਹਮੇਸ਼ਾ ਆਈ। ਉੱਚੀ-ਉੱਚੀ ਤਾਂ ਨਹੀਂ ਰੋਂਦਾ, ਤੇਰੀ ਨਾ ਹੋਵੇ ਰੁਸਵਾਈ। ਕਿੱਥੇ ਤੂੰ ਤੇ ‘ਕੈਸ’ ਨਿਮਾਣਾ, ਕਿੱਥੇ ਪਰਬਤ ਕਿੱਥੇ ਰਾਈ।

ਸੁਣ ਕੇ ਕੋਈ ਸੁਣੀ-ਸੁਣਾਈ

ਸੁਣ ਕੇ ਕੋਈ ਸੁਣੀ-ਸੁਣਾਈ। ਨਾ ਕਰ ਯਾਰਾਂ ਦੀ ਰੁਸਵਾਈ। ਸਭ ਕੁਝ ਕਰ ਲੈਂਦਾ ਤੂੰ ਚੋਰੀ, ਤੂੰ ਰਾਤਾਂ ਦੀ ਨੀਂਦ ਚੁਰਾਈ। ਤੂੰ ਮੈਨੂੰ ਦੀਵਾਨਾ ਕਰਕੇ, ਵਾਰ-ਵਾਰ ਕੰਨੀ ਕਤਰਾਈ। ਆ ਜਾ ਤੂੰ ਨਿਰਮੋਹੀ ਪ੍ਰੀਤਮ, ਮੇਰੀ ਜਾਨ ਲਬਾਂ ਤੇ ਆਈ। ਏਦੂੰ ਬੇਹਤਰ ਹੈ ਮਰ ਜਾਣਾ, ਤੋੜ-ਤੋੜ ਖਾਂਦੀ ਤਨਹਾਈ। ਠੰਡਾ ਹੁੰਦਾ ਜਾਂਦਾ ਹਾਂ ਮੈਂ, ਦੇ-ਦੇ ਸਾਹਵਾਂ ਦੀ ਗਰਮਾਈ। ਸਾਵਣ ਬੀਤ ਗਿਆ ਵੱਸ-ਵੱਸ ਕੇ, ਤਾਂ ਵੀ ਰੂਹ ਮੇਰੀ ਤਰਿਹਾਈ। ਸ਼ਿਵ ਕੁਮਾਰ ਨਾ ਮੁੜ ਕੇ ਆਇਆ, ਨਾ ਭਠਿਆਰਨ ਭੱਠੀ ਤਾਈ। ਜਾਪੇ ‘ਕੈਸ’ ਘਣਾ ਦੁੱਖ ਪਾਇਆ, ਜਾਨ ਦੇਣ ਤੱਕ ਨੌਬਤ ਆਈ।

ਯਾਰਾ ਤੂੰ ਕੀਤੀ ਦਿਲ ਆਈ

ਯਾਰਾ ਤੂੰ ਕੀਤੀ ਦਿਲ ਆਈ। ਮੈਂ ਨਹੀਂ ਅਪਣੇ ਦਿਲ 'ਤੇ ਲਾਈ। ਨਾ ਕਰ ਵੀਰਾ ਨਾ ਕਰ ਭਾਈ। ਚੰਗਿਆਂ ਲੋਕਾਂ ਦੀ ਬੁਰਿਆਈ। ਜੋ ਤੂੰ ਚਾਹਿਆ ਸੋ ਮੈਂ ਕੀਤਾ, ਨਹੀਂ ਤੇਰੀ ਕੋਈ ਗੱਲ ਪਰਤਾਈ। ਤਾਂ ਕੀ ਹੋਇਆ ਤੂੰ ਨਹੀਂ ਆਇਆ, ਤੇਰੀ ਯਾਦ ਹਮੇਸ਼ਾ ਆਈ। ਮਾਰ ਬਿਰਹੋਂ ਦੀ ਸਭ ਤੋਂ ਡਾਢੀ, ਮਾਰ-ਮਾਰ ਕੇ ਹੋਸ਼ ਭੁਲਾਈ। ਦੌਲਤ ਦਿੱਤੀ ਦੁਨੀਆਂ-ਭਰ ਦੀ, ਰੱਬਾ ! ਮੈਨੂੰ ਰਾਸ ਨਾ ਆਈ। ਮਾੜੇ ਵੇਲੇ ਚਾਰਾਗਰ ਦੀ, ਚੱਲਦੀ ਨਹੀਂ ਕੋਈ ਚਤੁਰਾਈ। ਜੇ ਤੈਨੂੰ ਜੀ-ਜੀ ਕਰ ਬੋਲੇ, ਸਮਝ ਲਵੀਂ ਹੈ ਸ਼ਾਮਤ ਆਈ। ਕੀ ਲੈਣਾ ਹੈ ਵੱਡਿਆਂ ਬਣ ਕੇ, ਕਰ ਉਸ ਮਾਲਕ ਦੀ ਵਡਿਆਈ। ਚੋਰ-ਉਚੱਕੇ ਲੀਡਰ ਬਣ ਗਏ, ਸਾਡੀ ਕੌਣ ਕਰੇ ਅਗਵਾਈ। ਅੰਮ੍ਰਿਤ ਵੇਲੇ ‘ਕੈਸ’ ਪਪੀਹੇ, ਪੀਹੂ-ਪੀਹੂ ਦੀ ਰਟ ਲਾਈ। ਭਾਂਬੜ ਬਲ੍ਹਦਾ ‘ਕੈਸ’ ਹਿਜਰ ਦਾ, ਫਿਰਦੈ ਬੁੱਕਲ ਵਿੱਚ ਲੁਕਾਈ।

ਤੂੰ ਮੇਰੇ ’ਤੇ ਤੁਹਮਤ ਲਾਈ

ਤੂੰ ਮੇਰੇ ’ਤੇ ਤੁਹਮਤ ਲਾਈ। ਮੈਂ ਨਹੀਂ ਕਰਨੀ ਪੇਸ਼ ਸਫ਼ਾਈ। ਕੌਣ ਗਿਆ ਹੈ ਨਾਲ ਕਿਸੇ ਦੇ ! ਹੋਣੀ ਜਦੋਂ ਲੈਣ ਨੂੰ ਆਈ। ਔਖੇ ਵੇਲੇ ਸਭਨਾਂ ਯਾਰਾਂ, ਯਾਰਾਂ ਤੋਂ ਕੰਨੀ ਕਤਰਾਈ। ਦੱਸੋ ਮੈਨੂੰ ਸਾਇੰਸ-ਦਾਨੋ ! ਕਿੰਨੀ ਹੈ ਦਿਲ ਦੀ ਗਹਿਰਾਈ। ਚੱਲਦੇ-ਚੱਲਦੇ ਸਿੱਧੇ ਰਾਹ 'ਤੇ, ਅਕਸਰ ਆਉਂਦੀ ਹੈ ਕਠਿਨਾਈ। ਜਿਸ ਨੇ ਇਹ ਸੰਸਾਰ ਬਣਾਇਆ, ਦੁੱਖ-ਸੁੱਖ ਦੀ ਪੈਵੰਦ ਲਗਾਈ। ਭਾਂਤ-ਭਾਂਤ ਦੇ ਦੁੱਖ ਦੁਨੀਆ ’ਤੇ, ਗੁਰਬਤ ਸੱਭ ਦੁੱਖਾਂ ਦੀ ਮਾਈ। ਮੈਂ ਨਹੀਂ ਸੁਣਿਆ-ਡਿੱਠਾ ਕੋਈ, ਕੈਦੋਂ ਵਰਗਾ ਹੋਰ ਕਸਾਈ। ਮੈਨੂੰ ਚਾਰ ਗੁਣਾ ਗ਼ਮ ਦਿੱਤੇ, ਦਿੱਤੀ ਖੁਸ਼ੀਆਂ ਦੀ ਚੌਥਾਈ। ਬਿਰਹਾ ਮੇਰਾ ਮਾਮਾ ਲੱਗਦੈ, ਮਜਨੂੰ ਮੇਰਾ ਹੈ ਗੁਰ-ਭਾਈ। ਘੋਟ-ਘੋਟ ਕੇ ਪੀਂਦਾ ਹਾਂ ਮੈਂ, ਨਿਸ ਦਿਨ ਪੀੜਾਂ ਦੀ ਸ਼ਰਦਾਈ। ਕਹਿ ਦੇ ਤੂੰ ਜੋ ਕਹਿਣਾ ਚਾਹੇਂ, ਸੱਚ ਹਮੇਸ਼ਾ ਹੈ ਦੁੱਖ-ਦਾਈ। ਤੂੰ ਮੈਨੂੰ ਇਨਸਾਨ ਬਣਾਇਆ, ਮੈਂ ਬਣਿਆ ਤੇਰਾ ਕਰਜ਼ਾਈ। ਸ਼ਿਵ ਕੁਮਾਰ ਨਾ ਆਇਆ ਮੁੜ ਕੇ, ਨਾ ਭਠਿਆਰਨ ਭੱਠੀ ਤਾਈ। ਹਰ ਇੱਕ ਨਾਲ ਮੁਹੱਬਤ ਕਰਦੈ, ਕਹਿੰਦੇ ‘ਕੈਸ’ ਬੜਾ ਹਰਜਾਈ।

ਤੈਨੂੰ ਦਿੱਤਾ ਯਾਰ ਉੱਤੋਂ ਘੋਲ ਜਿੰਦੜੀਏ

ਤੈਨੂੰ ਦਿੱਤਾ ਯਾਰ ਉੱਤੋਂ ਘੋਲ ਜਿੰਦੜੀਏ। ਕੌਣ ਕਰਦਾ ਯਾਰਾਂ ਦੀ ਪੜਚੋਲ ਜਿੰਦੜੀਏ। ਮਾਰੀ ਗਈਉਂ ਖ਼ਾਹ-ਮ-ਖ਼ਾਹ ਅਣਭੋਲ ਜਿੰਦੜੀਏ। ਤੂੰ ਬੋਲ ਮੰਦਾ ਤਾਂ ਵੀ ਨਾ ਕੋਈ ਬੋਲ ਜਿੰਦੜੀਏ। ਦਿਲ ਦਿਆਂ ਅਰਮਾਨਾਂ ਦੇ ਫਲ੍ਹਿਆਂ ਨੂੰ ਗਾਹ ਲਿਆ, ਹੁਣ ਲਾ ਲਿਆ ਹੈ ਹਸਰਤਾਂ ਦਾ ਬੋਲ ਜਿੰਦੜੀਏ। ਪੈਰਾਂ ਦੇ ਛਾਲੇ ਸੂਲਾਂ ਦੀ ਸੇਵਾ ਲਈ ਰਹਿਣ ਦੇ, ਤੂੰ ਮੇਰੇ ਦਿਲ ਦੇ ਆਬਲੇ ਨੂੰ ਫੋਲ ਜਿੰਦੜੀਏ। ਚਾਹਵੇਂ ਜੇ ਤੈਨੂੰ ਦਾਤਾ ਦੇ ਦਰ ਤੇ ਪਨਾਹ ਮਿਲੇ, ਆਪਣੇ ਗੁਨਾਹ ਦੇ ਭਾਰ ਨੂੰ ਤਾਂ ਤੋਲ ਜਿੰਦੜੀਏ। ਮੈਂ ਮਾਰ ਲਈਆਂ ਪਿਆਰ ਦੀਆਂ ਗੰਢਾਂ ਪੀਡੀਆਂ, ਮਰਨ ਤੀਕਰ ਇਹਨਾਂ ਨੂੰ ਨਾ ਖੋਲ੍ਹ ਜਿੰਦੜੀਏ। ਮੈਂ ਮਾੜੀ-ਚੰਗੀ ਜਿਸ ਤਰ੍ਹਾਂ ਗੁਜ਼ਰੀ ਗੁਜ਼ਾਰ ਲਈ, ਹੁਣ ਏਥੋਂ ਉੱਡਣ ਵਾਸਤੇ ਪਰ ਖੋਲ੍ਹ ਜਿੰਦੜੀਏ। ਸਭ ਜ਼ਹਿਰ ਤਾਂ ਸੁਕਰਾਤ ਅਰ ਮੀਰਾ ਨੇ ਪੀ ਲਿਆ, ਤੂੰ ਹੋ ਸਕੇ ਤਾਂ ਹੋਰ ਰਸਤਾ ਟੋਲ ਜਿੰਦੜੀਏ।

ਯਾਰ ਮੇਰੀ ਜਿੰਦ ਜਾਨ ਏ

ਯਾਰ ਮੇਰੀ ਜਿੰਦ ਜਾਨ ਏ। ਉਹ ਪਰੀਆਂ ਦੀ ਸੰਤਾਨ ਏ। ਕੀ ਦੱਸਾਂ ਮੈਂ ਔਗੁਣਹਾਰਾ, ਮੇਰਾ ਯਾਰ ਗੁਣਾਂ ਦੀ ਖਾਨ ਏ। ਹਰ-ਦਮ ਸਿਲ-ਸਲੂਣੀ ਚੱਟਣੀ, ਮਿਲਿਆ ਆਸ਼ਕ ਨੂੰ ਵਰਦਾਨ ਏ। ਯਾਰੋ ! ਆਸ ਪਰਾਈ ਜੀਣਾ, ਇਹ ਜੀਵਨ ਦਾ ਅਪਮਾਨ ਏ। ਕਿਸਮਤ ਮਾਰੇ ਧੋਬੀ-ਪਟੜਾ, ਮਿਟਦਾ ਪਲ ਵਿੱਚ ਮਾਨ-ਗੁਮਾਨ ਏ। ਧੰਨਾ ਭਗਤ ਬਣੇ ਜੇ ਕੋਈ, ਮਿਲਦਾ ਸਾਖ਼ਸ਼ਾਤ ਭਗਵਾਨ ਏ। ਚਿੰਤਾ, ਸੋਚ, ਵਿਚਾਰ, ਫ਼ਿਕਰ, ਗ਼ਮ, ਮੇਰਾ ਇਹੋ ਸਾਜ਼-ਸਮਾਨ ਏ। ਭੁੱਲ-ਚੁੱਕ ਮੁਆਫ਼ ਕਰੋ ਪ੍ਰਭ ਮੇਰੇ, ਬੰਦਾ ‘ਕੈਸ’ ਬੜਾ ਨਾਦਾਨ ਏ।

ਤੈਨੂੰ ਸਾਨੂੰ ਸਤਾਣ ਦੀ ਲੋੜ ਕੀ ਏ

ਤੈਨੂੰ ਸਾਨੂੰ ਸਤਾਣ ਦੀ ਲੋੜ ਕੀ ਏ। ਬੰਦਾ ਹੱਥੋਂ ਗੁਆਣ ਦੀ ਲੋੜ ਕੀ ਏ ! ਪੀਣ ਵਾਲੇ ਨਹੀਂ ਪੀਣ ਤੋਂ ਬਾਜ਼ ਆਉਂਦੇ, ਬਹੁਤਾ ਕਹਿਣ-ਕਹਾਣ ਦੀ ਲੋੜ ਕੀ ਏ ! ਦਿਲ ਖੋਲ੍ਹ ਕੇ ਕਰੋ ਬਦਨਾਮ ਸਾਨੂੰ, ਐਵੇਂ ਘਾਣੀਆਂ ਪਾਣ ਦੀ ਲੋੜ ਕੀ ਏ ! ਜਿਹਦੇ ਕੋਲੋਂ ਬੁਰਾਈ ਦੀ ਬੋਅ ਆਵੇ, ਉਹਨੂੰ ਕੋਲ ਬਿਠਾਣ ਦੀ ਲੋੜ ਕੀ ਏ ! ਹੱਥ ਹੋਣ ਜੇ ਸਿਰਾਂ 'ਤੇ ਮਾਪਿਆਂ ਦੇ, ਕਿਤੇ ਤੀਰਥੀਂ ਜਾਣ ਦੀ ਲੋੜ ਕੀ ਏ ! ਚੰਨਾ! ਚੰਦ ਸਰਕਾਰੀ ਸਹੂਲਤਾਂ ਲਈ, ਦੀਨ ਧਰਮ ਗੁਆਣ ਦੀ ਲੋੜ ਕੀ ਏ ! ਜੀਹਦੇ ਉੱਤੇ ਹੈ ਦਇਆ ਪਰਮਾਤਮਾ ਦੀ, ਉਹਨੂੰ ਪੀਰ ਮਨਾਉਣ ਦੀ ਲੋੜ ਕੀ ਏ ! ਯਾਰੋ ! ‘ਕੈਸ’ ਵਰਗੇ ਬੁੱਢੇ ਤੋਤਿਆਂ ਨੂੰ, ਨਵੇਂ ਪਾਠ ਪੜ੍ਹਾਉਣ ਦੀ ਲੋੜ ਕੀ ਏ !

ਦੱਸ ਦੋਸਤਾ ਤੈਨੂੰ ਮਲਾਲ ਕੀ ਏ !

ਦੱਸ ਦੋਸਤਾ ਤੈਨੂੰ ਮਲਾਲ ਕੀ ਏ ! ਮੈਂ ਨਹੀਂ ਜਾਣਦਾ ਰਤਾ-ਰਵਾਲ ਕੀ ਏ ! ਦੁੱਖ ਸਭ ਤੋਂ ਵੱਡਾ ਵਿਛੋੜਿਆਂ ਦਾ, ਏਦੂੰ ਵਧ ਕੇ ਹੋਰ ਬਵਾਲ ਕੀ ਏ ! ਹਰ ਪੱਖ ਜੁਦਾਈ ਦਾ ਜਾਣਦਾ ਹਾਂ, ਨਹੀਂ ਜਾਣਦਾ ਵਸਲ-ਵਸਾਲ ਕੀ ਏ! ਤੂੰ ਆਵੇਂ ਤਾਂ ਜਾਨ ਵਿੱਚ ਜਾਨ ਆਵੇ, ਯਾਰਾ ! ਇਸ ਤੋਂ ਵੱਡਾ ਕਮਾਲ ਕੀ ਏ! ਲੈਂਦਾ ਨਹੀਂ ਤੂੰ ਆਣ ਕੇ ਵਾਤ ਮੇਰੀ, ਤੇਰੇ ਵਾਸਤੇ ਯਾਰਾ ਮੁਹਾਲ ਕੀ ਏ ! ਹੈਗਾ ਆਪਣੇ ਬਾਰੇ ਯਕੀਨ ਮੈਨੂੰ, ਨਹੀਂ ਜਾਣਦਾ ਤੇਰਾ ਖ਼ਿਆਲ ਕੀ ਏ ! ਜੁੱਗ ਬੀਤਿਆ ਤੇਰੀ ਉਡੀਕ ਕਰਦੇ, ਮੇਰੇ ਵਾਸਤੇ ਮਾਹ ਤੇ ਸਾਲ ਕੀ ਏ! ਤੁਸੀਂ ਭੁੱਲ ਕੇ ਕਦੀ ਨਾ ਪਿਆਰ ਕਰਨਾ, ਅੱਖੀਂ ਵੇਖ ਲਓ ‘ਕੈਸ’ ਦਾ ਹਾਲ ਕੀ ਏ ! ‘ਕੈਸ’ ਪੇਂਡੂ ਗੰਵਾਰ ਦੀ ਗੱਲ ਛੱਡੋ, ਬੁੱਧੀਮਾਨਾਂ ਦਾ ਵੇਖ ਲਓ ਹਾਲ ਕੀ ਏ !

ਥੋੜ੍ਹਾ-ਬਹੁਤਾ ਕਰ ਅਹਿਸਾਸ

ਥੋੜ੍ਹਾ-ਬਹੁਤਾ ਕਰ ਅਹਿਸਾਸ। ਕਰ ਪੂਰੀ ਤੂੰ ਮੇਰੀ ਆਸ। ਮੈਂ ਰਹਿੰਦਾ ਹਾਂ ਸਦਾ ਉਦਾਸ, ਮੇਰਾ ਦਿਲ ਨਹੀਂ ਮੇਰੇ ਪਾਸ। ਮੰਨਣਾ ਨਾ ਮੰਨਣਾ ਇੱਕ ਪਾਸੇ, ਸੁਣ ਤਾਂ ਲਓ ਮੇਰੀ ਅਰਦਾਸ। ਪ੍ਰਭੂ ਕਰੇ ਕਿ ਰਹੇ ਹਮੇਸ਼ਾਂ, ਮੇਰੇ ਦਿਲ ਵਿੱਚ ਤੇਰਾ ਵਾਸ। ਕਰ ਦਿੱਤਾ ਦਿਲ ਟੋਟੇ-ਟੋਟੇ, ਇਸ ਬਿਰਹਾ ਦਾ ਸੱਤਿਆਨਾਸ। ਅੱਥਰੂ ਲਾ ਦਿੰਦੇ ਨੇ ਝੜੀਆਂ, ਜਦ ਆਉਂਦਾ ਹੈ ਸਾਵਨ ਮਾਸ। ਮੰਨਣਾ ਪੈਂਦਾ ਰੱਬ ਦਾ ਭਾਣਾ, ਦੁੱਖ ਸਹਿਣਾ ਮੇਰੀ ਮੀਰਾਸ। ਰਹਿ ਗਏ ਨੇ ਪੰਜਾਂ ਦੀ ਥਾਂ 'ਤੇ, ਰਾਵੀ, ਸਤਲੁਜ ਅਤੇ ਬਿਆਸ। ਕਹਿੰਦੇ ਨੇ ਕਿ ਹੋ ਨਹੀਂ ਸਕਦਾ, ਨਹੁੰਆਂ ਨਾਲੋਂ ਵੱਖਰਾ ਮਾਸ। ਕਾਲੇ-ਕਾਲੇ ਗੇਸੂ ਤੇਰੇ, ਪਿਆਰੀ-ਪਿਆਰੀ ਇਨ੍ਹਾਂ ਦੀ ਬਾਸ। ਤੂੰ ਭਾਵੇਂ ਚਾਹਵੇਂ ਨਾ ਚਾਹਵੇਂ, ‘ਕੈਸ’ ਹਮੇਸ਼ਾ ਤੁਮਰਾ ਦਾਸ।

ਯਾਦ ਤੈਨੂੰ ਹਰ ਘੜੀ ਕਰਦਾ ਰਿਹਾ

ਯਾਦ ਤੈਨੂੰ ਹਰ ਘੜੀ ਕਰਦਾ ਰਿਹਾ। ਪਰ ਮੈਂ ਤੈਨੂੰ ਕਹਿਣ ਤੋਂ ਡਰਦਾ ਰਿਹਾ। ਆਰਜ਼ੂਆਂ ਦਾ ਕਤਲ ਹੋ ਜਾਣ 'ਤੇ, ਮੈਂ ਸਮੁੰਦਰ ਖ਼ੂਨ ਦਾ ਤਰਦਾ ਰਿਹਾ। ਤੇਰਾ ਬਰਖ਼ੁਰਦਾਰ ਹਾਂ ਪਰਮਾਤਮਾ, ਮੈਂ ਨਹੀਂ ਮਨਮਾਨੀਆਂ ਕਰਦਾ ਰਿਹਾ। ਥੋੜ੍ਹਾ-ਬਹੁਤਾ ਜੋ ਤੂੰ ਦਿੱਤਾ ਮਾਲਕਾ, ਮੇਰਾ ਉੰਨੇ ਨਾਲ ਹੀ ਸਰਦਾ ਰਿਹਾ। ਪੀੜ੍ਹ ਮੇਰੀ ਹੱਦੋਂ ਬਾਹਰੀ ਹੋ ਗਈ, ਆਖ਼ਰੀ ਦਮ ਤੀਕ ਮੈਂ ਜਰਦਾ ਰਿਹਾ। ਸਿਰ ਝੁਕਾਇਆ ਨਾ ਕਿਸੇ ਦੇ ਸਾਹਮਣੇ, ਤੇਰੀ ਸਰਦਲ ’ਤੇ ਮਗਰ ਧਰਦਾ ਰਿਹਾ। ਇਸ ਤਰ੍ਹਾਂ ਬੀਤੀ ਜਵਾਨੀ ‘ਕੈਸ’ ਦੀ, ਮੌਤ ਨਾ ਆਈ ਮਗਰ ਮਰਦਾ ਰਿਹਾ।

ਕਰਦਾ ਹੋਇਆ ਮੈਂ ਉਡੀਕਾਂ ਔਂਸੀਆਂ ਪਾਉਂਦਾ ਰਿਹਾ

ਕਰਦਾ ਹੋਇਆ ਮੈਂ ਉਡੀਕਾਂ ਔਂਸੀਆਂ ਪਾਉਂਦਾ ਰਿਹਾ। ਗ਼ੈਰ ਮੈਨੂੰ ਹਰ ਬਹਾਨੇ ਲੂਤੀਆਂ ਲਾਉਂਦਾ ਰਿਹਾ। ਸੌਂ ਨਾ ਸਕਿਆ ਕੋਈ ਵੀ ਆਂਢੀ-ਗੁਆਂਢੀ ਦੋ ਘੜੀ, ਗੀਤ ਬਿਰਹੋਂ ਦੇ ਜਦੋਂ ਮੈਂ ਰਾਤ ਭਰ ਗਾਉਂਦਾ ਰਿਹਾ। ਮੇਰੀਆਂ ਨਾਕਾਮੀਆਂ ਦੀ ਦਿੱਤੀ ਜਾਂਦੀ ਹੈ ਮਿਸਾਲ, ਪਹੁੰਚ ਕੇ ਮੰਜ਼ਿਲ ਦੇ ਨੇੜੇ ਪਰਤ ਕੇ ਆਉਂਦਾ ਰਿਹਾ। ਮੇਰੀ ਮੰਨੀ ਨਾ ਕਦੀ ਤੂੰ ਨਾ ਸੁਣੀ ਅਣਮੋੜ ਨੇ, ਮੈਂ ਦਿਲੇ-ਨਾਦਾਨ ਤੈਨੂੰ ਰੋਜ਼ ਸਮਝਾਉਂਦਾ ਰਿਹਾ। ਮੈਂ ਤਾਂ ਰੱਬਾ! ਯਾਰ ਰੁੱਠੇ ਨੂੰ ਮਨਾਵਣ ਵਾਸਤੇ, ਖੁੱਡਾਂ ਉੱਤੇ ਕੀੜੀਆਂ ਨੂੰ ਚੌਲ ਵੀ ਪਾਉਂਦਾ ਰਿਹਾ। ਸੁੱਖਣਾ ਸੁੱਖਦਾ ਰਿਹਾ ਮੈਂ ਜਾਂਦਾ ਰਿਹਾ ਦਰਬਾਰ ਸਾਹਿਬ, ਤਰਨ ਤਾਰਨ ਸੋਮਵਾਰੀ ਮੱਸਿਆ ਵੀ ਨ੍ਹਾਉਂਦਾ ਰਿਹਾ। ਖ਼ੁਦ-ਫ਼ਰੇਬੀ ਦਾ ਵਿਛਾ ਕੇ ਜਾਲ਼ ਅਪਣੇ ਵਾਸਤੇ, ਦਿਲ ਨੂੰ ਝੂਠੇ ਵਾਅਦਿਆਂ ਦੇ ਨਾਲ ਪਰਚਾਉਂਦਾ ਰਿਹਾ। ਹੁਣ ਘੜੀ ਕੁ ਸੌਂ ਗਿਆ ਹੈ ‘ਕੈਸ’ ਕਰਦਾ ਇੰਤਜ਼ਾਰ, ਰਾਤ ਸਾਰੀ, ਵਾਰੀ-ਵਾਰੀ, ਪਾਸੇ ਪਰਤਾਉਂਦਾ ਰਿਹਾ।

ਹਸਤੀ ਅਪਣੀ ਮਿਟਾਈ ਬੈਠਾ ਹਾਂ

ਹਸਤੀ ਅਪਣੀ ਮਿਟਾਈ ਬੈਠਾ ਹਾਂ। ਉਹਨੂੰ ਅਪਣਾ ਬਣਾਈ ਬੈਠਾਂ ਹਾਂ। ਲੱਭਦਾ ਫਿਰਦਾ ਹਾਂ ਮੈਅਕਦੇ ਜਾ ਕੇ, ਜੋ ਜਵਾਨੀ ਲੁਟਾਈ ਬੈਠਾ ਹਾਂ। ਉਂਗਲੀ ਦੁੱਖਾਂ ਨੂੰ ਲਾ ਲਿਆ ਹੈ ਮੈਂ, ਪੰਡ ਪੀੜਾਂ ਦੀ ਚਾਈ ਬੈਠਾ ਹਾਂ। ਬੁਝਦੀ ਜਾਂਦੀ ਹੈ ਪਿਆਰ ਦੇ ਬਾਝੋਂ, ਜੋਤ ਜਿਹੜੀ ਜਗਾਈ ਬੈਠਾ ਹਾਂ। ਸ਼ੁਕਰ ਕੀਤਾ ਹੈ ਮਿਲ ਗਿਆ ਸੱਜਣ, ‘ਕੈਸ’ ਫੜ੍ਹ ਕੇ ਕਲਾਈ ਬੈਠਾ ਹਾਂ।

ਜ਼ੁਲਫ਼ ਤੇਰੀ ਸੁਆਰ ਸਕਦਾ ਹਾਂ

ਜ਼ੁਲਫ਼ ਤੇਰੀ ਸੁਆਰ ਸਕਦਾ ਹਾਂ। ਹੁਸਨ ਤੇਰਾ ਨਿਖ਼ਾਰ ਸਕਦਾ ਹਾਂ। ਖਾਣਾ-ਪੀਣਾ ਵਿਸਾਰ ਦਿੱਤਾ ਹੈ, ਕੀਕੂੰ ਤੈਨੂੰ ਵਿਸਾਰ ਸਕਦਾ ਹਾਂ। ਕੀ ਜ਼ਰੂਰਤ ਹੈ ਕਰਨ ਦੀ ਮੈਨੂੰ, ਉਜ਼ਰ ਕਰ ਮੈਂ ਹਜ਼ਾਰ ਸਕਦਾ ਹਾਂ। ਬਿਨ ਇੱਕ ਯਾਰ ਦੀ ਜੁਦਾਈ ਦੇ, ਸਿਤਮ ਸਾਰੇ ਸਹਾਰ ਸਕਦਾ ਹਾਂ। ਹੋਰ ਕੁਝ ਵੀ ਨਾ ਕਰ ਸਕਾਂ ਭਾਵੇਂ, ਜਾਨ ਤੇਰੇ ਤੋਂ ਵਾਰ ਸਕਦਾ ਹਾਂ। ਭਾਰ ਸਿਰ ਤੋਂ ਉਤਾਰ ਕੇ ਅਪਣਾ, ਪਹੁੰਚ ਤੇਰੇ ਦੁਆਰ ਸਕਦਾ ਹਾਂ। ਦਾਰੂ ਪੀਣਾ ਮੁਹਾਲ ਹੈ ਲੇਕਿਨ, ਲੈ ਮੈਂ ਹੁਣ ਵੀ ਉਧਾਰ ਸਕਦਾ ਹਾਂ। ਸੁੱਚੇ ਮੋਤੀ ਬਣਾਉਣ ਦੀ ਖ਼ਾਤਰ, ਸ਼ੀਸ਼ਾ ਦਿਲ ਦਾ ਪੰਘਾਰ ਸਕਦਾ ਹਾਂ। ‘ਕੈਸ’ ਦੱਸ ਤੂੰ ਕਿ ਬਿਨ ਸਹਾਰੇ ਦੇ, ਜੀਵਨ ਕੀਕੂੰ ਗੁਜ਼ਾਰ ਸਕਦਾ ਹਾਂ।

ਨਹੀਂ ਕੋਈ ਦਿਲਦਾਦਾ ਜਾਂ ਦਿਲਦਾਰ ਨਹੀਂ

ਨਹੀਂ ਕੋਈ ਦਿਲਦਾਦਾ ਜਾਂ ਦਿਲਦਾਰ ਨਹੀਂ। ਕੋਈ ਨਹੀਂ ਜੋ ਤਾਲਿਬੇ-ਦੀਦਾਰ ਨਹੀਂ। ਮੰਨਿਆ ਰਸਤਾ ਪਿਆਰ ਦਾ ਹਮਵਾਰ ਨਹੀਂ। ਨਹੀਂ ਮਜ਼ਾ ਆਉਂਦਾ ਅਗਰ ਦੁਸ਼ਵਾਰ ਨਹੀਂ। ਕੌਣ ਹੈ ਜਿਸ ਨਹੀਂ ਕਿਸੇ ਨੂੰ ਪਿਆਰਿਆ! ਖਾਧੀ ਜਿਸ ਨੇ ਬਿਰਹੜੇ ਦੀ ਮਾਰ ਨਹੀਂ। ਹਾਲੇ ਰੱਬਾ ਰਹਿਣ ਦੇ ਦੋ-ਚਾਰ ਦਿਨ, ਕੈਸ ਹਾਲੇ ਜਾਣ ਨੂੰ ਤਿਆਰ ਨਹੀਂ। ਮੂਰਛਾ ਵਿੱਚ ਗੁਜ਼ਰਦੀ ਹੈ ਜ਼ਿੰਦਗੀ, ਨਾ ਕਹੋ ਬਿਮਾਰ, ਮੈਂ ਬਿਮਾਰ ਨਹੀਂ। ਪਲੰਘਾਂ ਨਾਲੋਂ ਚੰਗਾ ਸੱਥਰ ਯਾਰ ਦਾ, ਮੈਨੂੰ ਬਿਸਤਰ ਮਖ਼ਮਲੀ ਦਰਕਾਰ ਨਹੀਂ। ਜ਼ਿੰਦਗੀ ਬਿਨ ਸੋਚੇ ਸਮਝੇ ਵਾਰ ਦੇ, ਚੰਗੇ ਕੰਮੀ ਮਾੜਾ ਚੰਗਾ ਵਾਰ ਨਹੀਂ। ਨਾ ਕਰੋ ਸਦਵਰਤੋਂ ਗੱਲ ਹੈ ਦੂਸਰੀ, ਇੱਥੇ ਕੋਈ ਚੀਜ਼ ਵੀ ਬੇਕਾਰ ਨਹੀਂ। ਪਿਆਰ ਕਰਨਾ ਜੇ ਗੁਨਾਹ ਹੈ ਦੋਸਤੋ ! ਮੈਂ ਗੁਨਾਹ ਕੀਤਾ ਹੈ ਮੈਨੂੰ ਆਰ ਨਹੀਂ। ਮਿਹਰਬਾਨੀ ਕਰਦਾ ਕਿਉਂ ਨਹੀਂ ਮਿਹਰਬਾਂ ! ਲੈਂਦਾ ਆਪਣੇ ਪਿਆਰਿਆਂ ਦੀ ਸਾਰ ਨਹੀਂ। ਸਾਕੀ ਬਿਨ ਮਾਤਮ-ਕਦਾ ਹੈ ਮੈਅਕਦਾ, ਮੈ ਵੀ ਹੈ ਮੀਨਾ ਵੀ ਹੈ ਮੈਖ਼ਾਰ ਨਹੀਂ। ਡਾਢਿਆਂ ਦਾ ਸੱਤੀਂ ਵੀਹੀਂ ਸੌ ਕਬੂਲ, ਮਾੜਿਆਂ ਦਾ ਦੋ ਤੇ ਦੋ ਵੀ ਚਾਰ ਨਹੀਂ। ਦੋਸਤਾ ਹੀਲੇ ਬਹਾਨੇ ਰਹਿਣ ਦੇ, ਕਹਿ ਦੇ ਸਾਡੇ ਨਾਲ ਤੈਨੂੰ ਪਿਆਰ ਨਹੀਂ। ਪਿਆਰ ਪਹਿਲੀ ਵਾਰ ਕੀਤੈ ਦੋਸਤਾ, ਠੀਕ ਹੈ ਕਿ ਮੈਂ ਤਜਰਬੇਕਾਰ ਨਹੀਂ। ਯਾਰ ਨੇ ਸਾਰੇ ਹੀ ਦਸਤਰਖ਼ਾਨ ਤੇ, ਔਖੇ ਵੇਲੇ ਕੋਈ ਮੱਦਦਗਾਰ ਨਹੀਂ। ਪਿੰਡਾਂ-ਸ਼ਹਿਰੀਂ ਬੇ-ਬਹਾ ਸਰਦਾਰ ਨੇ, ਭਗਤ ਸਿੰਘ ਵਰਗਾ ਕੋਈ ਸਰਦਾਰ ਨਹੀਂ। ਕਹਿ ਲਵੋ ਜੋ ਕਹਿਣਾ ਚਾਹੋ ਕਹਿ ਲਵੋ, ਸ਼ਿਅਰ ਕਹਿਣਾ ਮੇਰਾ ਕਾਰੋਬਾਰ ਨਹੀਂ। ਚਾਰ ਦਿਨ ਇੰਗਲੈਂਡ ਦੇ ਵਿੱਚ ਰਹਿਣ ਦੇ, ‘ਕੈਸ’ ਜੱਨਤ ਦਾ ਕੋਈ ਇਤਬਾਰ ਨਹੀਂ। ਮਾੜਾ-ਚੰਗਾ ਬੋਲਦਾ ਹਾਂ ਮੈਂ ਕਦੀ, ਇਹ ਨਾ ਸਮਝੋ ‘ਕੈਸ’ ਬਰਖ਼ੁਰਦਾਰ ਨਹੀਂ।

ਜੇ ਮੈਂ ਰਾਜਾ ਰਾਮ ਦਾ ਅਵਤਾਰ ਨਹੀਂ

ਜੇ ਮੈਂ ਰਾਜਾ ਰਾਮ ਦਾ ਅਵਤਾਰ ਨਹੀਂ, ਮੈਂ ਕਿਸੇ ਰਾਵਣ ਦਾ ਰਿਸ਼ਤੇਦਾਰ ਨਹੀਂ। ਮੈਂ ਅਗਰ ਕੀਤਾ ਕਦੀ ਇਜ਼ਹਾਰ ਨਹੀਂ, ਇਹਦਾ ਮਤਲਬ ਨਹੀਂ ਕਿ ਮੈਂ ਬਿਮਾਰ ਨਹੀਂ। ਪਿਆਰ ਕਰਦਾ ਹੈ ਜੋ ਆਪਣੇ ਆਪ ਨੂੰ, ਕੋਲ ਉਹਦੇ ਦੂਜਿਆਂ ਲਈ ਪਿਆਰ ਨਹੀਂ। ਖ਼ੁਦ-ਨੁਮਾਈ, ਖ਼ੁਦ-ਪਸੰਦੀ ਹੈ ਗੁਨਾਹ, ਖ਼ੁਦ-ਗ਼ਰਜ਼ ਬੰਦਾ ਕਿਸੇ ਦਾ ਯਾਰ ਨਹੀਂ। ਜੇ ਬਣਾਉਂਦੇ ਹੋ ਤਾਂ ਉਹ ਲਾਚਾਰ ਹੈ, ਵਰਨਾ ਔਰਤ ਕੁਦਰਤਨ ਲਾਚਾਰ ਨਹੀਂ। ਈਸ਼ਵਰ ਬਾਰੇ ਨਹੀਂ ਬੋਧੀ ਬੋਲਦਾ, ਲੇਕਨ ਉਹਦੀ ਹੋਂਦ ਤੋਂ ਇਨਕਾਰ ਨਹੀਂ। ਵਾਕਈ ਹੈ ਆਤਮਾ ਪਰਮਾਤਮਾ, ਆਖਦੇ ਨੇ ਆਤਮਾ ਨਰ-ਨਾਰ ਨਹੀਂ। ਝੂਠ ਹੈ ਯਾਰੋ ਅਗਰ ਮੈਂ ਇਹ ਕਹਾਂ, ਕੋਈ ਮੇਰਾ ਯਾਰ ਨਹੀਂ, ਗ਼ਮਖ਼ਾਰ ਨਹੀਂ। ‘ਕੈਸ’ ਨਹੀਂ ਰੱਖਦਾ ਵਿਚੋਲੇ ਦਰਮਿਆਨ, ਬਾਬਿਆਂ ਪੀਰਾਂ ਦਾ ਪੈਰੋਕਾਰ ਨਹੀਂ। ‘ਕੈਸ’ ਮੈਂ ਰਹਿੰਦਾ ਹਾਂ ਹਰ ਦਮ ਸੋਚਦਾ, ਨਾ ਕਹੋ ਮੈਨੂੰ ਕੋਈ ਕੰਮ-ਕਾਰ ਨਹੀਂ।

ਕੌਣ ਹੈ ਜਿਸ ਨੂੰ ਖੁਸ਼ੀ ਦੀ ਭਾਲ ਨਹੀਂ

ਕੌਣ ਹੈ ਜਿਸ ਨੂੰ ਖੁਸ਼ੀ ਦੀ ਭਾਲ ਨਹੀਂ ! ਜਨਤਾ ਹਿੰਦੁਸਤਾਨ ਦੀ ਖ਼ੁਸ਼ਹਾਲ ਨਹੀਂ। ਮੈਂ ਭਵਿੱਖ ਦੇ ਬਾਰੇ ਕੁੱਝ ਨਹੀਂ ਜਾਣਦਾ, ਹਾਲ ਜੋ ਦਿਸਦਾ ਹੈ ਚੰਗਾ ਹਾਲ ਨਹੀਂ। ਪੁੱਠੀ ਚਾਲੇ ਪੈ ਗਿਆ ਹੈ ਆਦਮੀ, ਵਰਨਾ ਪੁੱਠੀ ਤਾਰਿਆਂ ਦੀ ਚਾਲ ਨਹੀਂ। ਪਾਸ ਨਹੀਂ ਤੈਨੂੰ ਵਫ਼ਾ ਦਾ ਦੋਸਤਾ, ਤੈਨੂੰ ਸਾਡਾ ਮਾਸਾ ਰੱਤੀ ਖ਼ਿਆਲ ਨਹੀਂ। ਖਿੱਚੜੀ ਪੱਕਦੀ ਰਹਿੰਦੀ ਹੈ ਅਗਿਆਨ ਦੀ, ਯਾਰੋ ! ਮੇਰੀ ਇਥੇ ਗਲਦੀ ਦਾਲ ਨਹੀਂ। ਜਾਂਦਾ ਹੈਂ ਤਾਂ ਜਾਹ, ਸਿਤਮਗਰ ਆਖਦੈ, ਇਥੇ ਤੇਰੇ ਵਰਗਿਆਂ ਦਾ ਕਾਲ ਨਹੀਂ। ਅੰਮ੍ਰਿਤਸਰ ਤੋਂ ਹੋ ਕੇ ਵਾਪਸ ਆ ਗਿਆ, ਤੀਰਥਾਂ ਤੇ ਜਾਣ ਦਾ ਕੋਈ ਹਾਲ ਨਹੀਂ। ਆਖਦਾ ਹੈ ਜੇਬ ਖ਼ਾਲੀ ਹੋ ਗਈ, ਜੇਬ, ਆਖ਼ਿਰ ਜੇਬ ਹੈ ਟਕਸਾਲ ਨਹੀਂ। ਕਿੱਥੇ ਕਰਦਾ ਹੈਂ ਵਫ਼ਾ ਦੀ ਭਾਲ ਤੂੰ ! ‘ਕੈਸ’ ਲੰਦਨ ਸ਼ਹਿਰ ਹੈ, 'ਕੜਿਆਲ' ਨਹੀਂ। ਆਖਦੇ ਨੇ ਆਸ਼ਕਾਂ ਦੇ ਵਾਸਤੇ, ‘ਕੈਸ’ ਇਹ ਕੁਝ ਖ਼ਾਸ ਚੰਗਾ ਸਾਲ ਨਹੀਂ।

ਆਸ਼ਕਾਂ ਨੂੰ ਆਜ਼ਮਾਣਾ ਠੀਕ ਨਹੀਂ

ਆਸ਼ਕਾਂ ਨੂੰ ਆਜ਼ਮਾਣਾ ਠੀਕ ਨਹੀਂ। ਦੋਸਤਾਂ ਦਾ ਦਿਲ ਦੁਖਾਣਾ ਠੀਕ ਨਹੀਂ। ਬਾਜ਼ ਨਹੀਂ ਆਉਣਾ ਕਿਸੇ ਨੇ ਪੀਣ ਤੋਂ, ਨਾਲ ਸਾਡੇ ਸਿਰ ਖਪਾਣਾ ਠੀਕ ਨਹੀਂ। ਸਿਰ ਕਟਾਣਾ ਜੇ ਪਵੇ ਤਾਂ ਠੀਕ ਹੈ, ਵੈਰੀ ਅੱਗੇ ਸਿਰ ਝੁਕਾਣਾ ਠੀਕ ਨਹੀਂ। ਜ਼ਿਕਰੇ-ਮਾਜ਼ੀ ਨਾ ਕਰੋ ਐ ਦੋਸਤੋ, ਬਲਦੀਆਂ ਤੇ ਤੇਲ ਪਾਣਾ ਠੀਕ ਨਹੀਂ। ਚੋਰੀ-ਚੋਰੀ ਦਿਲ ਚੁਰਾ ਕੇ ਯਾਰ ਦਾ, ਹੁਣ ਤੇਰਾ ਨਜ਼ਰਾਂ ਚੁਰਾਣਾ ਠੀਕ ਨਹੀਂ। ਕੀਤੀ ਹੈ ਜੇ ਬੇਵਫ਼ਾਈ ਯਾਰ ਨੇ, ਬਖ਼ਸ਼ ਦੇ, ਉਹਨੂੰ ਜਤਾਣਾ ਠੀਕ ਨਹੀਂ। ਜੇ ਤੁਹਾਡਾ ਜੀਅ ਕਰੇ ਤਾਂ ਰੋ ਲਵੋ, ਆਸਮਾਂ ਸਿਰ ਤੇ ਉਠਾਣਾ ਠੀਕ ਨਹੀਂ। ਰੋਂਦਾ-ਰੋਂਦਾ ਸੌਂ ਗਿਆ ਹੈ ਦੋ ਘੜੀ, ‘ਕੈਸ’ ਨੂੰ ਹਾਲੇ ਜਗਾਣਾ ਠੀਕ ਨਹੀਂ।

ਮੈਨੂੰ ਆਪਣੇ ਯਾਰ ਉੱਤੇ ਮਾਨ ਹੈ

ਮੈਨੂੰ ਆਪਣੇ ਯਾਰ ਉੱਤੇ ਮਾਨ ਹੈ। ਯਾਰ ਮੇਰਾ ਹੀ ਮੇਰੀ ਜਿੰਦ ਜਾਨ ਹੈ। ਦਰਦੇ-ਦਿਲ ਜੋ ਦੇ ਗਿਆ ਹੈ ਦੋਸਤੋ! ਉਹੀ ਮੇਰੇ ਦਰਦ ਦਾ ਦਰਮਾਨ ਹੈ। ਲੋੜ ਹੈ ਮੈਨੂੰ ਤੇਰੇ ਪਤਵਾਰ ਦੀ, ਮੇਰੇ ਹਿਰਦੇ ਪਿਆਰ ਦਾ ਤੂਫ਼ਾਨ ਹੈ। ਉਹਦੇ ਉੱਤੇ ਸਾਰੀ ਦੁਨੀਆ ਮਿਹਰਬਾਂ, ਜਿਸ ਕਿਸੇ ਤੇ ਮਿਹਰਬਾਂ ਭਗਵਾਨ ਹੈ। ਮਾਤ ਦੇ ਦੇਂਦਾ ਹੈ ਉਹ ਸ਼ੈਤਾਨ ਨੂੰ, ਆਦਮੀ ਬਣਦਾ ਜਦੋਂ ਹੈਵਾਨ ਹੈ। ਸ਼ੁਕਰ ਹੈ ਤੇਰਾ ਮੇਰੇ ਪਰਮਾਤਮਾ, ਦਿੱਤਾ ਮੈਨੂੰ ਪਿਆਰ ਦਾ ਵਰਦਾਨ ਹੈ। ਕਾਲ ਦੇ ਵੱਸ ਹੈ ਜ਼ਮੀਨੋ-ਆਸਮਾਂ, ਸਾਰਿਆਂ ਤੋਂ ਕਾਲ ਹੀ ਬਲਵਾਨ ਹੈ। ਕੋਈ ਸ਼ਿਕਵਾ ਜਾਂ ਸ਼ਿਕਾਇਤ ਦਰ-ਕਿਨਾਰ, ਮੈਨੂੰ ਆਪਣੇ ਦੋਸਤਾਂ ਤੇ ਮਾਣ ਹੈ I ਹੋ ਸਕੇ ਤਾਂ ਸਾਰੇ ਰਲ਼ ਕੇ ਰੋਕ ਲਓ, ਆਉਣ ਵਾਲਾ ਨੂਹ ਦਾ ਤੂਫ਼ਾਨ ਹੈ। ਚਾਰ ਰੋਜ਼ਾ ਜ਼ਿੰਦਗੀ ਇਨਸਾਨ ਦੀ, ਦੋ ਘੜੀ ਦਾ ‘ਕੈਸ’ ਮਹਿਮਾਨ ਹੈ।

ਯਾਰ ਮੇਰਾ ਖੂਬੀਆਂ ਦੀ ਖਾਨ ਹੈ

ਯਾਰ ਮੇਰਾ ਖੂਬੀਆਂ ਦੀ ਖਾਨ ਹੈ। ਜਾਨ ਮੇਰੀ ਯਾਰ ਤੋਂ ਕੁਰਬਾਨ ਹੈ। ਪਿਆਰ ਕਰਨਾ ਹੀ ਇਬਾਦਤ ਹੈ ਮੇਰੀ, ਪਿਆਰ ਮੇਰਾ ਧਰਮ ਹੈ ਈਮਾਨ ਹੈ। ਆਤਮਾ ਹੈ ਆਪ ਹੀ ਪਰਮਾਤਮਾ, ਆਦਮੀ ਖ਼ੁਦ ਆਪ ਹੀ ਭਗਵਾਨ ਹੈ। ਆਦਮੀ ਮਜਬੂਰ ਕਿਉਂ ਹੈ ਵਾਹਿਗੁਰੂ ! ਆਦਮੀ ਜੋ ਆਪ ਦੀ ਸੰਤਾਨ ਹੈ। ਦੂਜਿਆਂ ਲੋਕਾਂ ਦੇ ਬਾਰੇ ਰਹਿਣ ਦੇ, ਕਿੰਨੇ ਕੁ ਲੋਕਾਂ ਨੂੰ ਆਤਮ ਗਿਆਨ ਹੈ। ਲਹਿਰਾਂ ਗਿਣਦਾ ਹਾਂ ਕਿਨਾਰੇ ਬੈਠ ਕੇ, ਮੈਂ ਕੀ ਜਾਣਾਂ ਕਿਸ ਕਦਰ ਤੂਫ਼ਾਨ ਹੈ ! ਯਾਰ ਹੈ ਹਰ ਕੋਈ ਦਸਤਰਖ਼ਾਨ 'ਤੇ, ਮੈਨੂੰ ਯਾਰਾਂ ਦੀ ਬੜੀ ਪਹਿਚਾਨ ਹੈ। ਦਾਨ ਮੈਨੂੰ ਚਾਹੀਦਾ ਹੈ ਪਿਆਰ ਦਾ, ਦੱਸੋ ਕੋਈ ਦੋਸਤੋ ਜਜਮਾਨ ਹੈ। ਵੇਖ ਬੈਠਾ ਹਾਂ ਹਜ਼ਾਰਾਂ ਨਾਜ਼ਨੀਂ, ਯਾਰ ਮੇਰੇ ਦੀ ਨਿਰਾਲੀ ਸ਼ਾਨ ਹੈ। ਦੁਨੀਆ ਭਰ ਦੇ ਦਰਦ ਦੇ ਕੇ ਦਾਤਿਆ, ਕੀਤਾ ਮੇਰੇ ਤੇ ਬੜਾ ਅਹਿਸਾਨ ਹੈ। ‘ਕੈਸ’ ਨੂੰ ਨਾ ਮਾੜਾ ਚੰਗਾ ਆਖ ਤੂੰ, ਦਿਲ ਦਾ ਮਾੜਾ ਨਹੀਂ ਮਗਰ ਨਾਦਾਨ ਹੈ।

ਰੋਟੀ ਟੁੱਕਰ ਮੱਨ ਹੈ ਜਾਂ ਨਾਨ ਹੈ

ਰੋਟੀ ਟੁੱਕਰ ਮੱਨ ਹੈ ਜਾਂ ਨਾਨ ਹੈ। ਅੰਨ ਦੇ ਵਿੱਚ ਸਾਰਿਆਂ ਦੀ ਜਾਨ ਹੈ। ਮੇਰੇ ਵਰਗਾ ਬੇਅਕਲ ਹੈਰਾਨ ਹੈ। ਆਖਦੇ ਨੇ ਅੰਨ ਹੀ ਭਗਵਾਨ ਹੈ। ਪਿਆਰ ਉੱਤੇ ਜ਼ਿੰਦਗੀ ਦਾ ਹੈ ਮਦਾਰ, ਪਿਆਰ ਗੀਤਾ, ਗ੍ਰੰਥ ਹੈ, ਕੁਰਾਨ ਹੈ। ਫ਼ਾਰਸੀ ਵਿੱਚ ਰੂਮੀ, ਹਾਫ਼ਿਜ਼ ਦਾ ਕਲਾਮ, ਹਿੰਦੀ ਦੇ ਵਿੱਚ ਰਹਿਨੁਮਾ ਰਸਖ਼ਾਨ ਹੈ। ਕਰ ਵਖਾਣਾ ਬਹੁਤ ਮੁਸ਼ਕਿਲ ਹੈ ਮਗਰ, ਗੱਲਾਂ ਕਰਨਾ ਬਹੁਤ ਹੀ ਆਸਾਨ ਹੈ। ਜਾਂਦਾ ਹੈ ਤਾਂ ਜਾਨ ਜਾਂਦੀ ਹੈ ਮੇਰੀ, ਤੇਰੇ ਆਇਆਂ ਜਾਨ ਦੇ ਵਿੱਚ ਜਾਨ ਹੈ। ਮੈਂ ਅਗਰ ਆਵਾਂ ਤਾਂ ਆਵਾਂ ਕਿਸ ਤਰ੍ਹਾਂ ! ਜਾਣਦਾ ਮੈਨੂੰ ਤੇਰਾ ਦਰਬਾਨ ਹੈ। ਪਿਆਰ ਕੀ ਤੇ ਫਿਰ ਨਫ਼ਾ ਨੁਕਸਾਨ ਕੀ, ਸੋਚ ਐਸੀ ਪਿਆਰ ਦਾ ਅਪਮਾਨ ਹੈ। ਪੂਰੀਆਂ ਚਾਹਾਂ ਨਾ ਹੋਈਆਂ ਪੂਰੀਆਂ, ਦਿਲ ਮਿਰਾ ਰੀਝਾਂ ਦਾ ਕਬਰਸਤਾਨ ਹੈ। ਸ਼ੁਕਰ ਕਰਦਾ ਹਾਂ ਕਿ ਮੇਰੇ ਯਾਰ ਨੂੰ, ‘ਕੈਸ’ ਮੇਰੀ ਦੋਸਤੀ ਪਰਵਾਨ ਹੈ।

ਹੁੰਦਾ ਜਾਂਦਾ ਸਾਰਿਆਂ ਨੂੰ ਗਿਆਨ ਹੈ

ਹੁੰਦਾ ਜਾਂਦਾ ਸਾਰਿਆਂ ਨੂੰ ਗਿਆਨ ਹੈ। ਆਦਮੀਅਤ ਆਦਮੀ ਦੀ ਸ਼ਾਨ ਹੈ। ਜਾਨ ਮੇਰੀ ਯਾਰ ਤੋਂ ਕੁਰਬਾਨ ਹੈ। ਯਾਰ ਜਿਹੜਾ ਮਹਿਫ਼ਿਲਾਂ ਦੀ ਸ਼ਾਨ ਹੈ। ਜ਼ੁਲਫ਼ ਉਸ ਦੀ ਹੈ ਜਿਵੇਂ ਕਾਲੀ ਘਟਾ, ਵਾਜ ਉਹਦੀ ਬਾਂਸਰੀ ਦੀ ਤਾਨ ਹੈ। ਪਾਠ-ਪੂਜਾ ਦੇ ਅਡੰਬਰ ਰਹਿਣ ਦੇ, ਵਾਹਿਗੁਰੂ ਨੂੰ ਸਾਦਗੀ ਪਰਵਾਨ ਹੈ। ਬੇ-ਜ਼ਰੀ ਤੇ ਬੇ-ਬਸੀ ਆਵਾਰਗੀ, ਇਸ਼ਕ ਨੂੰ ਦਿੱਤਾ ਗਿਆ ਵਰਦਾਨ ਹੈ। ਬੇ-ਵਫ਼ਾਈ, ਬੇ-ਨਿਆਜ਼ੀ, ਬੇ-ਰੁਖ਼ੀ, ਦੋਸਤੀ ਦਾ ਇਹ ਬੜਾ ਅਪਮਾਨ ਹੈ। ਵਾਰੇ ਫੇਰੇ ਕਰਨਾ ਮੈਂ ਨਹੀਂ ਜਾਣਦਾ, ਜਾਨ ਮੇਰੀ ਯਾਰ ਤੋਂ ਕੁਰਬਾਨ ਹੈ। ਠੀਕ ਹੈ ਮੈਂ ਬਹੁਤ ਕੁੱਝ ਨਹੀਂ ਜਾਣਦਾ, ਮੈਨੂੰ ਆਪਣੇ ਆਪ ਦੀ ਪਹਿਚਾਨ ਹੈ। ਕਿੰਨਾ ਵੱਡਾ ਵਖ਼ਤ ਪਾਇਆ ਪਿਆਰ ਨੇ, ‘ਕੈਸ’ ਮੇਰੀ ਨਿੱਕੀ ਜਿੰਨੀ ਜਾਨ ਹੈ।

ਤੌਬਾ ਕਰ ਕੇ ਤਾਂ ਪੀਤੀ ਹੈ

ਤੌਬਾ ਕਰ ਕੇ ਤਾਂ ਪੀਤੀ ਹੈ। ਪੁਰਾਣੀ ਬਹੁਤ ਇਹ ਰੀਤੀ ਹੈ। ਮੈਂ ਨਹੀਂ ਸ਼ਰਮ ਘੋਲ ਕੇ ਪੀਤੀ, ਘੁੱਟ ਦੋ ਘੁੱਟ ਮੈਂ ਪੀਤੀ ਹੈ। ਤੂੰ ਕਹਿੰਦਾ ਸੀ ਤੇਰੀ-ਮੇਰੀ, ਚੰਨ-ਚਕੋਰ ਜਿਹੀ ਪ੍ਰੀਤੀ ਹੈ। ਤੂੰ ਕੀ ਜਾਣੇ, ਤੇਰੇ ਬਾਝੋਂ, ਮੇਰੇ ਦਿਲ ਤੇ ਕੀ ਬੀਤੀ ਹੈ। ਅੱਜ-ਕੱਲ੍ਹ ਗ਼ੈਰਾਂ ਅਰ ਯਾਰਾਂ ਦੀ, ਮਿਲਦੀ-ਜੁਲਦੀ ਨੀਤੀ ਹੈ। ਦੁਸ਼ਮਨ ਨਾਲ਼ ਕਰੇ ਨਾ ਕੋਈ, ਜੋ ਮੇਰੇ ਸੰਗ ਤੂੰ ਕੀਤੀ ਹੈ। ਦੁੱਖ-ਮੁਸੀਬਤ ਸਹਿੰਦੇ-ਸਹਿੰਦੇ, ਦੱਸ ਕਦੀ ਮੈਂ ਸੀ ਕੀਤੀ ਹੈ। ‘ਕੈਸ’ ਮਲੰਗ ਦੀ ਪਾਟੀ ਚਾਦਰ, ਤਿੱਖੀਆਂ ਸੂਲ਼ਾਂ ਨੇ ਸੀਤੀ ਹੈ।

ਤੇਰੀ ਮੇਰੀ ਪਸੰਦ ਦੀ ਗੱਲ ਹੈ

ਤੇਰੀ ਮੇਰੀ ਪਸੰਦ ਦੀ ਗੱਲ ਹੈ। ਸਾਂਝੀ ਅਜ਼ਮੇ-ਬੁਲੰਦ ਦੀ ਗੱਲ ਹੈ। ਗੱਲ ਮੇਰੀ ਪਸੰਦ ਹੈ ਤੈਨੂੰ, ਤੇਰੇ ਹੁਸਨੋ-ਪਸੰਦ ਦੀ ਗੱਲ ਹੈ। ਦਾਈਆ ਹੁਣ ਵੀ ਅਕਾਸ਼ ਤੀਕਣ, ਭਾਵੇਂ ਟੁੱਟੀ ਕਮੰਦ ਦੀ ਗੱਲ ਹੈ। ਬਹੁਤ ਨਾਜ਼ੁਕ ਹੈ ਪਿਆਰ ਦਾ ਰਿਸ਼ਤਾ, ਜੀਕੂੰ ਮੌਲੀ ਦੀ ਤੰਦ ਦੀ ਗੱਲ ਹੈ। ਨਾ ਹੀ ਸ਼ਿਕਵਾ ਹੈ ਨਾ ਸ਼ਿਕਾਇਤ, ਤੇਰੀ ਝੂਠੀ ਸੁਗੰਦ ਦੀ ਗੱਲ ਹੈ। ਗੱਲ ਜਿਹੜੀ ਵੀ ਰਾਧਿਕਾ ਕੀਤੀ, ਸ਼ਾਮ ਸੁੰਦਰ ਮੁਕੰਦ ਦੀ ਗੱਲ ਹੈ। ਗੱਲ ਤਾਂ ਹੈ ਸੁਆਦਲੀ ਸੱਜਣਾ, ਤੇਰੇ ਹੋਠਾਂ ਦੀ ਕੰਦ ਦੀ ਗੱਲ ਹੈ। *ਗੱਲ ਕਰਦਾ ਹੈ ਯਾਰ ਜੋ ਮੇਰਾ, ਗ਼ਜ਼ਲ-ਗੋਈ ਜਾਂ ਛੰਦ ਦੀ ਗੱਲ ਹੈ। ਚੰਨ ਚੜ੍ਹਿਆ ਹੈ ਮਿਲ ਗਿਆ ਸੱਜਣ, ‘ਕੈਸ’ ਕਿਤਨੇ ਅਨੰਦ ਦੀ ਗੱਲ ਹੈ। (*ਮੁਰਾਦ ਮੇਰੇ ਪਿਆਰੇ ਦੋਸਤ ਗੁਰਬਖਸ਼ ਸਿੰਘ ਤੋਂ ਹੈ।)

ਭਾਵੇਂ ਅਪਣਾ ਆਪ ਗੁਆ ਕੇ

ਭਾਵੇਂ ਅਪਣਾ ਆਪ ਗੁਆ ਕੇ। ਦਮ ਲਾਂ ਗਾ ਤੈਨੂੰ ਅਪਣਾ ਕੇ। ਮਿਲ ਜਾ ਮੈਨੂੰ ਇੱਕ ਦਿਨ ਆ ਕੇ। ਅਪਣੇ ਸੀਨੇ ਨਾਲ ਲਗਾ ਕੇ। ਦਿਲ ਮੇਰੇ ਨਹੀਂ ਆਖੇ ਲੱਗਦਾ, ਥੱਕ ਗਿਆ ਸਮਝਾ-ਸਮਝਾ ਕੇ। ਕੀ ਮਿਲਦਾ ਹੈ ਤੈਨੂੰ ਯਾਰਾ ! ਅਪਣੇ ਯਾਰਾਂ ਨੂੰ ਤੜਫ਼ਾ ਕੇ। ਆ ਜਾਂਦਾ ਹੈ ਬਿਰਹੋਂ ਨੇੜੇ, ਆਸ਼ਕ ਨੂੰ ਬਹਿਲਾ-ਫੁਸਲਾ ਕੇ। ਪੂਰਾ ਮੱਟ ਪਿਲਾ ਦੇ ਮੈਨੂੰ, ਨਾ ਦੇ ਤੂੰ ਤਰਸਾ-ਤਰਸਾ ਕੇ। ਠਾਕੁਰ ਦੁਆਰੇ ਜਾਵਾਂਗਾ ਮੈਂ, ਮੈਅਖ਼ਾਨੇ ਦਾ ਚੱਕਰ ਲਾ ਕੇ। ਧੰਨ-ਦੌਲਤ ਦੀ ਮਾਇਆ ਕੈਸੀ, ਲੈ ਜਾਂਦੇ ਨੇ ਚੋਰ ਚੁਰਾ ਕੇ। ਤੇਰਾ ਕਰਜ਼ ਚੁਕਾਵਾਂਗਾ ਮੈਂ, ਜਿੰਦੜੀ ਤੇਰੇ ਨਾਮ ਲੁਆ ਕੇ। ਇੱਕ ਦਿਨ ਪੰਛੀ ਉੱਡ ਜਾਏਗਾ, ਦੋ-ਤਿੰਨ ਗੀਤ ਸੁਹਣੇ ਗਾ ਕੇ। ਲੱਭਦਾ ਫਿਰਦਾ ਹੈ ਮੈਖ਼ਾਨੇ, ‘ਕੈਸ’ ਜਵਾਨੀ ਕਿਤੇ ਗੁਆ ਕੇ।

ਵੇਖ ਲਿਆ ਮੈਂ ਦਿਲ ਨੂੰ ਲਾ ਕੇ

ਵੇਖ ਲਿਆ ਮੈਂ ਦਿਲ ਨੂੰ ਲਾ ਕੇ। ਸੱਜਣਾ ਅਪਣਾ ਆਪ ਗੁਆ ਕੇ। ਜਿਸ ਦਾ ਯਾਰ ਗਿਆ ਪਰਦੇਸੀਂ, ਨਹੀਂ ਡਿੱਠੀ ਉਸ ਈਦ ਮਨਾ ਕੇ। ਉਧੋ ਸ਼ਾਮ ਗੁਆਚਾ ਅਪਣਾ, ਕਿਸ ਬਿਧ ਢੂੰਡ ਲਿਆਈਏ ਜਾ ਕੇ। ਕੀ ਹਾਲਤ ਹੈ ਬਿੰਦਰਾਬਨ ਦੀ, ਕ੍ਰਿਸ਼ਨਾ ਵੇਖ ਕਦੀ ਆ ਕੇ। ਆ ਜਾਂਦਾ ਹਾਂ ਤੇਰੇ ਦਰ ਤੇ, ਸਾਰੀ ਦੁਨੀਆ ਘੁੰਮ-ਘੁਮਾ ਕੇ। ਆ ਮੇਰੇ ਸ਼ਰਮੀਲੇ ਪ੍ਰੀਤਮ, ਮਿਲ ਜਾ ਤੂੰ ਸੁਫ਼ਨੇ ਵਿੱਚ ਆ ਕੇ। ਅਪਣੀ ਆਈ ਤੋਂ ਨਹੀਂ ਟਲਦੇ, ਸ਼ਮਸ ਪੁੱਠੀ ਖੱਲ ਲੁਹਾ ਕੇ। ਆਖ਼ਿਰ ਤੈਨੂੰ ਕੀ ਮਿਲਦਾ ਹੈ, ਯਾਰਾ ਸਾਨੂੰ ਸੁੱਕਣੇ ਪਾ ਕੇ। ਮਦਸ਼ਾਲਾ ਵਿੱਚ ਡੇਰਾ ਲਾਇਆ, ਕੈਸ ਸ਼ਿਵਾਲਾ ਭੁੱਲ-ਭੁਲਾ ਕੇ। ‘ਕੈਸ’ ਬਿਦਰ ਨੂੰ ਰੱਬ ਨਾ ਮਿਲਿਆ, ਗੰਗਾ-ਜਲ ਵਿੱਚ ਰੋਜ਼ ਨਹਾ ਕੇ।

ਹਾਲੇ ਥੱਕਿਆ ਨਹੀਂ ਤੂੰ ਜਫ਼ਾ ਕਰ ਕੇ

ਹਾਲੇ ਥੱਕਿਆ ਨਹੀਂ ਤੂੰ ਜਫ਼ਾ ਕਰ ਕੇ। ਵੇਖ ਥੋੜ੍ਹੀ ਜਿਹੀ ਵਫ਼ਾ ਕਰ ਕੇ। ਪਿਆਰ ਕਰਦਾ ਹਾਂ ਬੇਬਹਾ ਤੈਨੂੰ, ਵੇਖ ਤੂੰ ਵੀ ਕਦੀ ਜ਼ਰਾ ਕਰ ਕੇ। ਦੱਸ ਮੈਨੂੰ ਕਿ ਕਿੱਥੇ ਚੱਲਿਆ ਹੈਂ, ਜਾਨ ਤਨ ਤੋਂ ਮੇਰੀ ਜੁਦਾ ਕਰ ਕੇ। ਤੇਰਾ-ਮੇਰਾ ਸਬੰਧ ਹੈ ਕੋਈ, ਦੱਸ ਮੈਨੂੰ ਇਹ ਫ਼ੈਸਲਾ ਕਰ ਕੇ। ਕਿਉਂ ਨਹੀਂ ਦੇਂਦਾ ਤੂੰ ਦਾਤ ਖ਼ੁਸ਼ੀਆਂ ਦੀ, ਤੈਨੂੰ ਮਿਲਦਾ ਹੈ ਕੀ ਜਫ਼ਾ ਕਰ ਕੇ। ਵੇਖੋ ਕਰ ਕੇ ਤੁਸੀਂ ਦਇਆ ਯਾਰੋ, ਮੈਂ ਵੀ ਵੇਖਾਂ ਜਰਾ ਮਜ਼ਾ ਕਰ ਕੇ। ਬਣ ਹੀ ਸਕਦਾ ਹਾਂ ਮੰਤਰੀ ਮੈਂ ਵੀ, ਕਾਸ਼ ! ਵੇਖੋ ਕਦੀ ਖੜ੍ਹਾ ਕਰ ਕੇ। ਰੱਬ ਕਿੱਥੇ ਨਿਵਾਸ ਕਰਦਾ ਹੈ, ਮੈਨੂੰ ਦੱਸੋ ਕੋਈ ਪਤਾ ਕਰ ਕੇ। ਆਣ ਬੈਠਾ ਹਾਂ ਤੇਰੇ ਦਰ ਉੱਤੇ, ਅੱਜ ਯਾਰਾ ਮੈਂ ਹੌਂਸਲਾ ਕਰ ਕੇ। ‘ਕੈਸ’ ਆਪਣੀ ਗ਼ਜ਼ਲ ਸੁਣਾ ਸਾਨੂੰ, ਲਫ਼ਜ਼ ਹਰ ਇੱਕ ਜੁਦਾ-ਜੁਦਾ ਕਰ ਕੇ।

ਸਾਨੂੰ ਅਪਣਾ ਯਾਰ ਬਣਾ ਕੇ

ਸਾਨੂੰ ਅਪਣਾ ਯਾਰ ਬਣਾ ਕੇ। ਵੇਖ ਜ਼ਰਾ ਇੱਕ ਵਾਰ ਬਣਾ ਕੇ। ਪਿਆਰ ਬਿਨਾਂ ਹਰ ਕਾਰ ਨਿਕੰਮਾ, ਕਰ ਇਸ ਦਾ ਪਰਚਾਰ ਬਣਾ ਕੇ। ਮਾਲਿਕ ਜੋ ਸੰਸਾਰ ਬਣਾਇਆ, ਰੱਖੀਏ ਇਸ ਨੂੰ ਸੁਆਰ-ਬਣਾ ਕੇ। ਸਭ ਕੁਝ ਸਾਨੂੰ ਸੌਂਪ ਗਿਆ ਹੈ, ਹੱਥੀਂ ਉਹ ਕਰਤਾਰ ਬਣਾ ਕੇ। ਕਿੱਥੇ ਉਹ ਲੁਕਮਾਨ ਗਿਆ ਹੈ, ਯਾਰਾਂ ਨੂੰ ਬੀਮਾਰ ਬਣਾ ਕੇ। ਜੇ ਚਾਹਵੋ ਉਹ ਨਜ਼ਰੀਂ ਆਵੇ ਯਾਰਾ! ਝਾਤੀ ਮਾਰ ਬਣਾ ਕੇ। ਆ ਜਾ ਤੇਰੇ ਗਲ਼ ਵਿੱਚ ਪਾਵਾਂ, ਮੈਂ ਬਾਹਵਾਂ ਦਾ ਹਾਰ ਬਣਾ ਕੇ। ‘ਕੈਸ’ ਕਿਸੇ ਸਾਕੀ ਨੇ ਸਾਨੂੰ, ਛੱਡਿਆ ਵਾਅਦਾ-ਖ਼ਾਰ ਬਣਾ ਕੇ।

ਯਾਰਾ ! ਬਹਾਰ ਆਈ ਹੈ ਕਰ ਕੇ ਸ਼ਿੰਗਾਰ ਵੇਖ

ਯਾਰਾ ! ਬਹਾਰ ਆਈ ਹੈ ਕਰ ਕੇ ਸ਼ਿੰਗਾਰ ਵੇਖ। ਆਇਆ ਹੈ ਤੇਰੇ ਹੁਸਨ ’ਤੇ ਕਿਤਨਾ ਨਿਖ਼ਾਰ ਵੇਖ। ਨਹੀਂ ਚੰਗਾ-ਮੰਦਾ ਦੁਨੀਆ ਤੇ ਕੋਈ ਵੀ ਦਿਨ-ਦਿਹਾਰ, ਤੂੰ ਬਾਬੇ ਨਾਨਕ ਵਾਗਰਾਂ ਕਰ ਕੇ ਵਿਚਾਰ ਵੇਖ। ਲੋਕਾਂ ਦੇ ਐਬੋ-ਹੁਨਰ ਦਾ ਕਰ ਨਾ ਸ਼ੁਮਾਰ ਤੂੰ, ਖ਼ੁਦ ਤੇਰੇ ਅੰਦਰ ਲੱਖਾਂ ਨੇ, ਅਪਣੇ ਵਿਕਾਰ ਵੇਖ। ਹੈ ਸ਼ਕਲੋ-ਸੂਰਤ ਫੁੱਲਾਂ ਦੀ ਅਪਣੀ ਜੁਦਾ-ਜੁਦਾ, ਦੋ-ਚਾਰ ਵੇਖ ਭਾਵੇਂ ਤੂੰ ਦਸ-ਵੀਹ ਹਜ਼ਾਰ ਵੇਖ। ਫੁੱਲਾਂ ਦੇ ਦਿਲ ਨੂੰ ਚੀਰ ਕੇ, ਕਲੀਆਂ ਮਧੋਲ ਕੇ, ਖ਼ੁਸ਼ਬੂ ਤਿਆਰ ਕਰਦੇ ਨੇ ਜ਼ਾਲਿਮ ਅਤਾਰ ਵੇਖ। ਨਾ ਆਲੀਸ਼ਾਨ ਬਾਗ਼ਾਂ ਦੇ ਮੰਜ਼ਰ ਤਲਾਸ਼ ਕਰ, ਤੂੰ ਮੇਰੇ ਦਿਲ ਦੇ ਦਾਗ਼ਾਂ ਦੀ ਦਿਲਕਸ਼ ਕਤਾਰ ਵੇਖ। ਕੀਕਣ ਕਰਾਂ ਬਿਆਨ ਮੈਂ ਬਿਰਹੋਂ ਦੀ ਪੀੜ ਦਾ, ਲੋਹੇ ਨੂੰ ਸੱਟਾਂ ਮਾਰਦੇ, ਕੁੱਟਦੇ ਲੁਹਾਰ ਵੇਖ। ਮਿਲ ਜਾਏਗਾ ਪਰਮਾਤਮਾ ਨਜ਼ਰਾਂ ਤੋਂ ਦੂਰ ਨਹੀਂ, ਤੂੰ ‘ਕੈਸ’ ਚਸ਼ਮਾ ਦੂਈ ਦਾ ਅਪਣਾ ਉਤਾਰ ਵੇਖ।

ਨਾ ਜਾ ਕੇ ਤਾਜ ਮਹਿਲਾਂ ਦੇ ਨਕਸ਼ੇ-ਨਿਗਾਰ ਵੇਖ

ਨਾ ਜਾ ਕੇ ਤਾਜ ਮਹਿਲਾਂ ਦੇ ਨਕਸ਼ੇ-ਨਿਗਾਰ ਵੇਖ। ਪਹਿਲਾਂ ਕਿਸੇ ਗ਼ਰੀਬ ਦਾ ਆ ਕੇ ਮਜ਼ਾਰ ਵੇਖ। ਆਈ ਬਹਾਰ ਮਹਿਕਦੇ ਗੁਲ ਬੇ-ਸ਼ੁਮਾਰ ਵੇਖ। ਫੁੱਲਾਂ ਦੀ ਸ਼ਕਲ ਧਾਰ ਕੇ ਆਏ ਨੇ ਯਾਰ ਵੇਖ। ਯਾਰਾ! ਇਹ ਤੇਰੇ ਆਉਣ ਦਾ ਕਰਦਾ ਹੈ ਇੰਤਜ਼ਾਰ, ਨਹੀਂ ਐਵੇਂ ਲਹਿੰਦਾ ਜਾਪਦਾ ਮੇਰਾ ਬੁਖ਼ਾਰ ਵੇਖ। ਤੂੰ ਪੂਜਾ-ਪਾਠ ਗੁਰੂਆਂ ਦੀ ਸੇਵਾ ਨੂੰ ਰਹਿਣ ਦੇ, ਤੂੰ ਬਣ ਕੇ ਮਾਂ ਤੇ ਬਾਪ ਦਾ ਸਰਵਨ ਕੁਮਾਰ ਵੇਖ। ਤੂੰ ਇੱਕੋ ਵਾਰੀ ਵੇਖ ਕੇ ਦਿਲ ਵਿੱਚ ਉਤਾਰ ਲੈ, ਨਾ ਯਾਰ ਦੀ ਤਸਵੀਰ ਨੂੰ ਦੀਵਾਨਾ ਵਾਰ ਵੇਖ। ਕਰਦਾ ਹੈਂ ਚੁਹਲ-ਬਾਜ਼ੀਆਂ ਗ਼ੈਰਾਂ ਦੇ ਨਾਲ ਤੂੰ, ਕੁਝ ਚੰਗਾ ਸਾਡੇ ਨਾਲ ਵੀ ਕਰ ਕੇ ਵਿਹਾਰ ਵੇਖ। ਜਾਂਦਾ ਹਾਂ ਇਸ ਜਹਾਨ ਤੋਂ ਹੋ ਕੇ ਨਿਰਾਸ਼ ਮੈਂ, ਹੁਣ ਜਾਣ ਲੱਗਿਆਂ, ਪਿੱਛੋਂ ਤੂੰ ਵਾਜਾਂ ਨਾ ਮਾਰ ਵੇਖ। ਯਾਰਾਂ ਦਾ ਮਿਲਣਾ-ਵਿਛੜਨਾ ਕੁਦਰਤ ਦੀ ਖੇਡ ਹੈ, ਹਰ ਰੋਜ਼ ਮਿਲਦੇ ਵਿਛੜਦੇ ਲੈਲੋ ਨਿਹਾਰ ਵੇਖ। ਨਹੀਂ ਬਾਜ਼ ਆਉਂਣਾ ਪੀਣ ਤੋਂ ਇਸ ਮੈਅ-ਗੁਸਾਰ ਨੇ, ਆਵਾਂਗਾ ਛੇਤੀ ਮੁੜ ਕੇ, ਲੈ ਕੇ ਉਧਾਰ ਵੇਖ। ਇੱਕ ਕੱਲਾ ‘ਕੈਸ ਹੀ ਤਾਂ ਗੁਲਸ਼ਨ-ਪ੍ਰਸਤ ਨਹੀਂ, ਭੌਰਾ ਵੀ ਨਾਲ ਫੁੱਲਾਂ ਦੇ ਕਰਦਾ ਹੈ ਪਿਆਰ ਵੇਖ।

ਜ਼ਰਾ ਕਰ ਕੇ ਸੋਚ ਵਿਚਾਰ ਵੇਖੋ

ਜ਼ਰਾ ਕਰ ਕੇ ਸੋਚ ਵਿਚਾਰ ਵੇਖੋ। ਇੱਥੇ ਕੌਣ ਹੈ ਕਿਸੇ ਦਾ ਯਾਰ ਵੇਖੋ। ਵੇਖੋ ਆਪ ਨੂੰ ਅਪਣੇ ਯਾਰ ਵੇਖੋ। ਸੁਖ਼ੀ ਕੌਣ ਹੈ ਵਿੱਚ ਸੰਸਾਰ ਵੇਖੋ। ਭੁੱਖ ਮਿਟਦੀ ਨਹੀਂ ਦੀਦਾਰ ਵਾਲੀ, ਭਾਵੇਂ ਯਾਰ ਨੂੰ ਲੱਖਾਂ ਹੀ ਵਾਰ ਵੇਖੋ। ਪਰਦਾ-ਪੋਸ਼ੀਆਂ ਛੱਡ ਕੇ ਦੋ ਘੜੀਆਂ, ਕਦੀ ਕਰਕੇ ਅੱਖੀਆਂ ਚਾਰ ਵੇਖੋ। ਦਰਸ਼ਨ ਦੇਣ ਦਾ ਤੁਸਾਂ ਉਪਕਾਰ ਕੀਤਾ, ਕਿੰਨਾ ਹੁਸਨ ’ਤੇ ਆਇਆ ਨਿਖ਼ਾਰ ਵੇਖੋ। ਤੀਰ ਸੀਨੇ ਦੇ ਵਿੱਚ ਪੈਵਸਤ ਹੋਇਆ, ਸਾਡੇ ਨਾਲ ਹੈ ਕਿੰਨਾ ਕੁ ਪਿਆਰ ਵੇਖੋ। ਦੂਰੋਂ-ਦੂਰੋਂ ਨਾ ਵੇਖੋ ਪਰਵਾਨਿਆਂ ਨੂੰ, ਕੋਲ ਆਣ ਕੇ ਭਲੀ ਪ੍ਰਕਾਰ ਵੇਖੋ। ਛੱਡੋ ਦੋਸਤੋ ਅੜੇ-ਅੰਦਾਜ਼ਿਆਂ ਨੂੰ, ਮੇਰੇ ਸਿਰ ਤੋਂ ਚੁੱਕ ਕੇ ਭਾਰ ਵੇਖੋ। ਮਰਨ ਤੁਰ ਪਿਆ ਤੁਸਾਂ ਜੇ ਆਖਿਆ ਸੀ, ਬੰਦਾ ‘ਕੈਸ’ ਹੈ ਆਗਿਆਕਾਰ ਵੇਖੋ।

ਕਰਨਾ ਚੰਗਿਆਂ ਨਾਲ ਹੈ ਪਿਆਰ ਚੰਗਾ

ਕਰਨਾ ਚੰਗਿਆਂ ਨਾਲ ਹੈ ਪਿਆਰ ਚੰਗਾ। ਮਿਲੇ ਕਿਸਮਤਾਂ ਨਾਲ ਹੀ ਯਾਰ ਚੰਗਾ। ਚੰਗਾ ਸਾਰੇ ਨਹੀਂ ਆਖਦੇ ਚੰਗਿਆਂ ਨੂੰ, ਕਈਆਂ ਲੋਕਾਂ ਦਾ ਨਹੀਉਂ ਵਿਚਾਰ ਚੰਗਾ। ਕੋਈ ਆਖਦੈ ਰੁੱਤ ਬਹਾਰ ਚੰਗੀ, ਕੋਈ ਆਖਦੈ ਮੌਸਮ ਬਹਾਰ ਚੰਗਾ। ਨਹੀਂ ਮੰਨਣੀ ਕਦੀ ਵੀ ਹਾਰ ਚੰਗੀ, ਲੇਕਿਨ ਯਾਰ ਦੇ ਗਲੇ ਦਾ ਹਾਰ ਚੰਗਾ। ਕੋਈ ਚੰਗਾ ਨਹੀਂ ਜਾਣਦਾ ਕੰਡਿਆਂ ਨੂੰ, ਨਾਲ ਫੁੱਲਾਂ ਦੇ ਹੁੰਦਾ ਹੈ ਖ਼ਾਰ ਚੰਗਾ। ਚੰਗੇ ਬੰਦਿਆਂ ਦੀ ਸਾਨੂੰ ਥੋੜ੍ਹ ਡਾਢੀ, ਹੋਵੇ ਲਾਲ ਜਾਂ ਖ਼ਾਨ ਸਰਦਾਰ ਚੰਗਾ। ‘ਕੈਸ’ ਮੇਰੀ ਇਹ ਬੜੀ ਖ਼ੁਸ਼ਕਿਸਮਤੀ ਏ, ਸਾਰੇ ਲੋਕਾਂ ਤੋਂ ਮੇਰਾ ਹੀ ਯਾਰ ਚੰਗਾ। ‘ਕੈਸ’ ਠੀਕ ਹੀ ਕਿਸੇ ਨੇ ਆਖਿਆ ਹੈ, ਆਪੀ ਚੰਗੇ ਤਾਂ ਸਾਰਾ ਸੰਸਾਰ ਚੰਗਾ।

ਨਹੀਉਂ ਦੋਸਤਾਂ ਤੇ ਪਾਣਾ ਭਾਰ ਚੰਗਾ

ਨਹੀਉਂ ਦੋਸਤਾਂ ਤੇ ਪਾਣਾ ਭਾਰ ਚੰਗਾ। ਮੰਗੀ ਜਾਣਾ ਨਹੀਂ ਰੋਜ਼ ਉਧਾਰ ਚੰਗਾ। ਛੱਡੋ ਸ਼ੁੱਭ-ਅਸ਼ੁੱਭ ਦਾ ਵਹਿਮ ਸਾਰੇ, ਦੱਸੋ ਕਿਉਂ ਤੇ ਕਿਹੜਾ ਹੈ ਵਾਰ ਚੰਗਾ। ਪਤਾ ਲੈਣ ਨੂੰ ਲੋਕ ਹਜ਼ਾਰ ਆਏ, ਸਿਹਤਮੰਦ ਤੋਂ ਮੈਂ ਬਿਮਾਰ ਚੰਗਾ। ਹੋਵੇ ਕਦੀ-ਕਦਾਈਂ ਤਾਂ ਗੱਲ ਦੂਜੀ, ਚੜ੍ਹਦਾ-ਲਹਿੰਦਾ ਨਹੀਂ ਰੋਜ਼ ਬੁਖ਼ਾਰ ਚੰਗਾ। ਕੋਈ ਬੈਠਦੇ ਰਾਜ ਦਰਬਾਰ ਜਾ ਕੇ, ਕਈਆਂ ਵਾਸਤੇ ਯਾਰ ਦਾ ਦੁਆਰ ਚੰਗਾ। ਮਾਲਕੌਂਸ ਦੀ ਕੋਈ ਤਰੀਫ਼ ਕਰਦੈ, ਕੋਈ ਆਖਦੈ ਰਾਗ ਮਲਹਾਰ ਚੰਗਾ। ਨਵੇਂ ਦੌਰ ਦੇ ਯਾਰਾਂ ਦਾ ਮੰਨ ਕਹਿਣਾ, ਕਰਨਾ ਕਿਸੇ ’ਤੇ ਨਹੀਂ ਇਤਬਾਰ ਚੰਗਾ। ਵੇਖੋ ! ਦੋਸਤੋ ਕਰ ਕੇ ਕਾਰ-ਸੇਵਾ, ਏਦੂੰ ਵਧ ਕੇ ਹੋਰ ਨਹੀਂ ਕਾਰ ਚੰਗਾ। ਅੱਜ ਖੁੱਲ੍ਹ ਕੇ ਦੇ ਦਿਓ ਦਾਦ ਮੈਨੂੰ, ਸਾਰੇ ਕਹਿ ਦਿਓ ‘ਕੈਸ’ ਨੂੰ ਯਾਰ ਚੰਗਾ।

ਕਰਨਾ ਸਾਰਿਆਂ ਨਾਲ ਹੈ ਪਿਆਰ ਚੰਗਾ

ਕਰਨਾ ਸਾਰਿਆਂ ਨਾਲ ਹੈ ਪਿਆਰ ਚੰਗਾ। ਹੋਣਾ ਚਾਹੀਦੈ ਸਾਡਾ ਵਿਹਾਰ ਚੰਗਾ। ਅਸੀਂ ਆਖਦੇ ਚੰਗਾ ਪੰਜਾਬ ਸਾਡਾ, ਲਾਲੂ ਆਖਦੈ ਸਾਡਾ ਬਿਹਾਰ ਚੰਗਾ। ਕੋਈ ਅਪਣੀ ਆਪ ਤਾਰੀਫ਼ ਕਰਦੈ, ਕੋਈ ਆਖਦੈ ਸਾਡਾ ਪਰਿਵਾਰ ਚੰਗਾ। ਦਾਰੂ ਪੀਣ ਵਾਲੇ ਸਾਰੇ ਆਖਦੇ ਨੇ, ਸੜ੍ਹੇ ਸੂਫ਼ੀਆਂ ਤੋਂ ਵਾਅਦਾ-ਖ਼ਾਰ ਚੰਗਾ। ਗੱਲ ਅਪਣੀ ਅਪਣੀ ਥੋੜ੍ਹ ਦੀ ਹੈ, ਬਿਨਾਂ ਲੋੜ ਨਹੀਂ ਲੈਣਾ ਉਧਾਰ ਚੰਗਾ। ਇੱਕ ਰੋਜ਼ ਤੂੰ ਵੇਖ ਉਪਕਾਰ ਕਰ ਕੇ, ਕਰੀ ਜਾਣਾ ਨਹੀਂ ਰੋਜ਼ ਇਨਕਾਰ ਚੰਗਾ। ਰੱਬ ਸਾਰੇ ਬਣਾਏ ਨੇ ਵਾਰ ਚੰਗੇ, ਦਿਨ ਛੁੱਟੀ ਦਾ 'ਕੈਸ' ਇਤਵਾਰ ਚੰਗਾ। ਕੋਈ ਪਤਾ ਨਹੀਂ ਮੈਨੂੰ ਤਾਂ ਸੁਰਤ ਕੋਈ ਨਾ, ਲੋਕੀਂ ਆਖਦੇ 'ਕੈਸ' ਯਾਰ ਚੰਗਾ।

ਜਲਵਾ ਜਮਾਲੇ-ਯਾਰ ਦਾ ਜਲਵਾ-ਏ-ਨੂਰ ਹੈ

ਜਲਵਾ ਜਮਾਲੇ-ਯਾਰ ਦਾ ਜਲਵਾ-ਏ-ਨੂਰ ਹੈ। ਜੇ ਇਸ਼ਕ ਮੈਨੂੰ ਹੋ ਗਿਆ, ਮੇਰਾ ਕਸੂਰ ਹੈ। ਨਹੀਂ ਤੇਰੀ ਬੰਦਾ-ਪਰਵਰੀ ਤਾਂ ਕੀ ਹੈ ਵਾਹਿਗੁਰੂ ! ਨਾ ਮੈਨੂੰ ਅਕਲ, ਸਮਝ ਨਾ ਮੈਨੂੰ ਸ਼ਊਰ ਹੈ। ਸਦੀਆਂ ਤੋਂ ਬਾਅਦ ਹੋਈ ਹੈ ਰਹਿਮਤ ਹਜ਼ੂਰ ਦੀ, ਕੈਸੀ ਹੈ ਖ਼ੁਸ਼ਬੂ ਪਿਆਰ ਦੀ, ਕੈਸਾ ਸਰੂਰ ਹੈ। ਹਾਂ ਦੱਸੋ ਮੈਨੂੰ ਇਸ਼ਕ ਦੀ ਕੀ ਹੈ ਵਿਸ਼ੇਸ਼ਤਾ, ਕੀ ਇਹ ਦਿਮਾਗ਼ੀ ਖੱਲਲ ਹੈ, ਕੋਈ ਫ਼ਤੂਰ ਹੈ। ਮੂੰਹ ਪੈ ਗਿਆ ਹੈ ਪੀਲਾ ਮੇਰਾ, ਆਈਆਂ ਤਰੇਲੀਆਂ, ਜੇ ਇਸ਼ਕ ਨਹੀਂ ਤਾਂ ਕੁਝ ਨਾ ਕੁਝ ਹੋਇਆ ਜ਼ਰੂਰ ਹੈ। ਸਭ ਜ਼ਹਿਮਤਾਂ ਸਹਾਰੀਆਂ ਹੱਸ-ਹੱਸ ਕੇ ਦੋਸਤਾ, ਹੁਣ ਜ਼ਖ਼ਮ ਮੇਰੇ ਜਿਗਰ ਦਾ ਬਣਿਆ ਨਸੂਰ ਹੈ। ਵਗੀਆਂ ਨੇ ਬੇ-ਬਹਾਰੀਆਂ ਤੱਤੀਆਂ ਹਨੇਰੀਆਂ, ਕਿਉਂ ਝੜ੍ਹਦਾ ਜਾਂਦਾ ਸਾਰੀਆਂ ਅੰਬੀਆਂ ਦਾ ਬੂਰ ਹੈ। ਥੱਕਿਆ ਹਾਂ ਮੈਂ ਪਰਮਾਤਮਾ ਸਹਿ-ਸਹਿ ਕੇ ਸਖ਼ਤੀਆਂ, ਦਰਵਾਜ਼ਾ ਤੇਰੇ ਸਵਰਗ ਦਾ ਕਿੰਨੀ ਕੁ ਦੂਰ ਹੈ?

ਯਾਰ ਮੇਰਾ ਕਮਾਲ ਕਰਦਾ ਹੈ

ਯਾਰ ਮੇਰਾ ਕਮਾਲ ਕਰਦਾ ਹੈ। ਦੁੱਖ ਦੇ-ਦੇ ਨਿਹਾਲ ਕਰਦਾ ਹੈ। ਗੱਲ ਮੇਰੀ ਨੂੰ ਅਣ-ਸੁਣੀ ਕਰਕੇ, ਅੱਗੋਂ ਛੱਤੀ ਸੁਆਲ ਕਰਦਾ ਹੈ। ਨਾਲ ਗ਼ੈਰਾਂ ਦੇ ਮਹਿਫ਼ਲਾਂ ਲਾ ਕੇ, ਸਾਡਾ ਜੀਣਾ ਮੁਹਾਲ ਕਰਦਾ ਹੈ। ਕੰਮ ਜਿਹੜੇ ਉਹ ਆਪ ਨਹੀਂ ਕਰਦਾ, ਉਹਦਾ ਹੁਸਨੋ-ਜਮਾਲ ਕਰਦਾ ਹੈ। ਜ਼ਖ਼ਮੀ ਕਰਦੇ ਨੇ ਤੀਰ ਨੈਣਾਂ ਦੇ, ਕੈਦ ਜ਼ੁਲਫ਼ਾਂ ਦਾ ਜਾਲ ਕਰਦਾ ਹੈ। ਜੋ ਤੂੰ ਦਿੱਤਾ ਹੈ ਕਰਮ ਹੈ ਤੇਰਾ, ਣ ਦੁੱਖਾਂ ਦੀ ਭਾਲ ਕਰਦਾ ਹੈ ! ਤੇਰੀ ਯਾਰੀ ਦਾ ਸ਼ੁਕਰੀਆ ਯਾਰਾ! ‘ਕੈਸ’ ਦਾ ਵਾਲ-ਵਾਲ ਕਰਦਾ ਹੈ।

ਅਜੇ ਰਹਿੰਦਾ ਹੈ ਪਿਛਲੇ ਜਨਮ ਦਾ ਮੇਰਾ ਸ਼ੁਦਾ ਬਾਕੀ

ਅਜੇ ਰਹਿੰਦਾ ਹੈ ਪਿਛਲੇ ਜਨਮ ਦਾ ਮੇਰਾ ਸ਼ੁਦਾ ਬਾਕੀ। ਪਤਾ ਨਹੀਂ ਕਿੰਨੀ ਲੰਮੀ ਹੈ ਅਜੇ ਮੇਰੀ ਸਜ਼ਾ ਬਾਕੀ। ਹਕੀਕਤ ਹੈ ਕਿਸੇ ਸ਼ੈਅ ਦਾ ਕਦੀ ਵੀ ਨਾਸ਼ ਨਹੀਂ ਹੁੰਦਾ, ਅਜੇ ਵੀ ਹੈ ਗ਼ਰੀਬਾਂ ਦੇ ਘਰੀਂ ਹਯਾ ਬਾਕੀ। ਫ਼ਕਤ ਮੇਰਾ ਹੀ ਯਾਰੋ! ਆਸ਼ੀਆਂ ਬਰਬਾਦ ਨਹੀਂ ਹੋਇਆ, ਗੁਲਿਸਤਾਂ ਨਾ ਰਿਹਾ ਬਾਕੀ ਨਾ ਬੁਲਬੁਲ ਦੀ ਸਦਾ ਬਾਕੀ। ਕਿਵੇਂ ਮੈਂ ਜ਼ਖ਼ਮੇ-ਦਿਲ ਨੂੰ ਨਾ ਲਾ-ਦਵਾ ਆਖਾਂ, ਕਿ ਹੁਣ ਨਹੀਂ ਰਹਿ ਗਈ ਕੋਈ ਹਕੀਮਾਂ ਦੀ ਦਵਾ ਬਾਕੀ। ਰਿਹਾ ਇਕਬਾਲ ਨਹੀਂ ਜਿੰਦਾ, ਰਿਹਾ ਨਹੀਂ ਫ਼ੈਜ਼ ਦੁਨੀਆ ਤੇ, ਮਗਰ ਹੈ ਦੋਸਤੋ! ਬਾਲ਼ੇ-ਦਰਾ, ਦਸਤੇ-ਸਬਾ ਬਾਕੀ। ਸਹਾਰਾ ਨਹੀਂ ਰਿਹਾ ਮਾਂ-ਬਾਪ ਦਾ ਤਾਂ ਬੇਸਹਾਰਾ ਨਹੀਂ, ਅਜੇ ਵੀ ਵਾਹਿਗੁਰੂ ਦਾ ‘ਕੈਸ’ ਉੱਤੇ ਆਸਰਾ ਬਾਕੀ। ਜਦੋਂ ਦਾ ਤੂੰ ਗਿਆ ਹੈਂ ‘ਕੈਸ’ ਸਾਨੂੰ ਵਿਲਕਦਾ ਛੱਡ ਕੇ, ਰਿਹਾ ਨਹੀਂ ਏਸੇ ਥਾਂ ’ਤੇ ਸਾਡਾ ਕੋਈ ਆਸ਼ਨਾ ਬਾਕੀ।

ਅਪਣਾ ਸੀਸ ਤਲੀ ’ਤੇ ਧਰ ਕੇ

ਅਪਣਾ ਸੀਸ ਤਲੀ ’ਤੇ ਧਰ ਕੇ। ਖ਼ਬਰੇ ਯਾਰ ਮਿਲੇਗਾ ਮਰ ਕੇ। ਤੈਨੂੰ ਤਰਸ ਕਦੀ ਨਾ ਆਇਆ, ਵੇਖ ਲਿਆ ਮੈਂ ਤਰਲੇ ਕਰ ਕੇ। ਜੀਅ ਕਰਦਾ ਹੈ ਸਾੜ੍ਹ ਦਿਆਂ ਮੈਂ, ਜੀਵਨ-ਪੋਥੀ ਦੇ ਸਭ ਵਰਕੇ। ਤਾਅਨੇ-ਮਿਹਨੇ ਤੇ ਬਦਨਾਮੀ, ਲੈ ਚੱਲਿਆ ਹਾਂ ਝੋਲੀ ਭਰ ਕੇ। ਨਹੀਂ ਕੋਈ ਪਰਿਵਰਤਨ ਆਇਆ, ਹਾਰ ਗਿਆ ਮੈਂ ਸਜਦੇ ਕਰ ਕੇ। ਜੀਰਣ ਬਸਤਰ ਬਦਲਣ ਵਾਂਗੂ, ਜੰਮਦਾ ਰਹਿੰਦਾ ਹਾਂ ਮੈਂ ਮਰ ਕੇ। ਸੂਰਜ ਚੜ੍ਹਦਾ ਜਾਂਦਾ ਜਾਪੇ, ਜਦੋਂ ਦੁਪੱਟਾ ਮੂੰਹ ਤੋਂ ਸਰਕੇ। ਨਹੀਂ ਹੁਣ ਮੈਥੋਂ ਟੁਰਿਆ ਜਾਂਦਾ, ਹਰ ਪਗ ਫੂਕ-ਫੂਕ ਕੇ ਧਰ ਕੇ। ਹਰ ਜਗ ਦੇ ਵਿੱਚ ਰਾਜਾ ਰਾਵਣ, ਲੈ ਜਾਂਦਾ ਹੈ ਸੀਤਾ ਹਰ ਕੇ। ਤੇਰੇ ਦਰ 'ਤੇ ਪਹੁੰਚ ਗਿਆ ਹਾਂ, ਦੇ ਸਾਕੀ ਪੈਮਾਨਾ ਭਰ ਕੇ। ਦੂਰੋਂ ਨਜ਼ਰੀਂ ਆ ਜਾਂਦੇ ਨੇ, ‘ਕੈਸ’ ਨਿਵਾਸੀ ਅੰਮ੍ਰਿਤਸਰ ਕੇ।

ਸੁਹਣੇ ਯਾਰ ਦਾ ਹੁਸਨੋ-ਜਮਾਲ ਵੇਖੋ

ਸੁਹਣੇ ਯਾਰ ਦਾ ਹੁਸਨੋ-ਜਮਾਲ ਵੇਖੋ। ਜਿਹੜਾ ਵਾਹਿਗੁਰੂ ਕੀਤਾ ਕਮਾਲ ਵੇਖੋ। ਕਦੋਂ ਹੋਵੇਗਾ ਸਾਡਾ ਵਸਾਲ ਵੇਖੋ ! ਪੰਡਤ ਆਖਦੈ ਸਾਲ ਦੋ ਸਾਲ ਵੇਖੋ। ਭਾਗਾਂ ਵਾਲੇ ਨੇ ਯਾਰਾਂ ਦੇ ਕੋਲ ਰਹਿੰਦੇ, ਇੱਥੇ ਪੈ ਗਿਆ ਪਿਆਰ ਦਾ ਕਾਲ ਵੇਖੋ। ਸੈਰ ਕਰਨ ਲਈ ਸ਼ਾਮ ਨੂੰ ਯਾਰ ਆਇਆ, ਆਏ ਦਿਲਾਂ ਦੇ ਵਿੱਚ ਭੂਚਾਲ ਵੇਖੋ। ਹੋਰ ਨਹੀਂ ਤਾਂ ਕਦੀ ਕਰੀਬ ਆ ਕੇ, ਤੁਸੀਂ ਦੋਸਤੋ ਸਾਡਾ ਵੀ ਹਾਲ ਵੇਖੋ। ਦੋਸ਼ ਦਿੰਦੇ ਹੋ ਸਾਨੂੰ ਵਿਚਾਰਿਆਂ ਨੂੰ, ਉੱਤੋਂ ਤਾਰਿਆਂ ਦੀ ਪੁੱਠੀ ਚਾਲ ਵੇਖੋ। ਯਾਦ ਰੱਖੀ ਤੁਹਾਡੀ ਸੰਭਾਲ ਕੇ ਮੈਂ, ਆਪ ਆਣ ਕੇ ਮੇਰੀ ਸੰਭਾਲ ਵੇਖੋ। ਯਾਰੋ ! ਪਿਆਰ ਦੀਦਾਰ ਦੇ ਕਹਿਤ ਕਾਰਨ, ਹੋਏ-ਹੋਏ ਨੇ ਲੋਕ ਨਿਢਾਲ ਵੇਖੋ। ਜਿਵੇਂ ਸਭ ਨੂੰ ਮੈਂ ਸਤਿਕਾਰਿਆ ਹੈ, ਇਹਦੀ ਲੱਭ ਕੇ ਕੋਈ ਮਿਸਾਲ ਵੇਖੋ। ‘ਕੈਸ’ ਆਖਦੈ ਯਾਰ ਦੇ ਜਾਣ ਬਾਅਦੋਂ, ਜੀਣਾ ਕਿਸ ਤਰ੍ਹਾਂ ਹੋਇਆ ਮੁਹਾਲ ਵੇਖੋ। ‘ਕੈਸ’ ਜਨਮਿਆ ਬੜੀ ਜ਼ਰਖ਼ੇਜ਼ ਧਰਤੀ, ਤੁਸੀਂ ਜਾ ਕੇ ਪਿੰਡ *ਕੜਿਆਲ ਵੇਖੋ। * ਪਿੰਡ ਕੜਿਆਲ (ਪਾਕਿਸਤਾਨ) ਕਵੀ ਦਾ ਪਿੰਡ

ਜਾ ਕੇ ਵੇਖੋ ਚੀਨ ਤੇ ਜਪਾਨ ਵਿੱਚ

ਜਾ ਕੇ ਵੇਖੋ ਚੀਨ ਤੇ ਜਪਾਨ ਵਿੱਚ। ਫ਼ਰਕ ਨਹੀਂ ਇਨਸਾਨ ਤੇ ਇਨਸਾਨ ਵਿੱਚ। ਯਾਰਾ ! ਤੈਨੂੰ ਆਉਂਦਿਆਂ ਨੂੰ ਵੇਖ ਕੇ, ਜਾਨ ਪੈ ਜਾਂਦੀ ਹੈ ਮੇਰੀ ਜਾਨ ਵਿੱਚ। ਗਲਤੀਆਂ ਕਰ ਕੇ ਅਕਲ ਆਉਂਦੀ ਗਈ, ਫ਼ਾਇਦਾ ਹੁੰਦਾ ਗਿਆ ਨੁਕਸਾਨ ਵਿੱਚ। ਹੋ ਗਈ ਤਹਿਜ਼ੀਬੇ-ਮਸ਼ਰਕ ਬੇਨਕਾਬ, ਭਾਰਤ, ਪਾਕਿਸਤਾਨ ਤੇ ਈਰਾਨ ਵਿੱਚ। ਹੋ ਗਏ ਮਾਦਾ-ਪ੍ਰਸਤੀ ਦਾ ਸ਼ਿਕਾਰ, ਆਦਮੀਅਤ ਨਾ ਰਹੀ ਇਨਸਾਨ ਵਿੱਚ। ਜੇ ਕਰੇ ਹੈਵਾਨ ਵਾਂਗੂ ਹਰਕਤਾਂ, ਫ਼ਰਕ ਕੀ ਇਨਸਾਨ ਤੇ ਹੈਵਾਨ ਵਿੱਚ। ਸੇਵਾ ਕਰ ਤੂੰ ਬੁੱਢੇ ਮਾਂ ਤੇ ਬਾਪ ਦੀ, ਕੀ ਪਿਆ ਹੈ ਤੀਰਥੀਂ ਇਸ਼ਨਾਨ ਵਿੱਚ। ਤੂੰ ਸਮਝਦਾ ਹੈਂ ਚੁਰਾਇਆ ਦਿਲ ਮੇਰਾ, ‘ਕੈਸ’ ਮੈਂ ਦਿੱਤਾ ਹੈ ਤੈਨੂੰ ਦਾਨ ਵਿੱਚ। ‘ਕੈਸ’ ਹੁੰਦਾ ਸੀ ਜੋ ਤੇਰਾ ਆਸ਼ਨਾ, ਜਾਪੇ ਆਇਆ ਨਹੀਂ ਤੇਰੀ ਪਹਿਚਾਨ ਵਿੱਚ।

ਤੇਰੀ ਮੈਨੂੰ ਸਤਾਉਣ ਦੀ ਇੱਛਾ

ਤੇਰੀ ਮੈਨੂੰ ਸਤਾਉਣ ਦੀ ਇੱਛਾ। ਬੰਦਾ ਹੱਥੋਂ ਗੁਆਉਣ ਦੀ ਇੱਛਾ। ਦਿਲ ਵੀ ਤੇਰਾ, ਜਾਨ ਵੀ ਤੇਰੀ, ਤੇਰੇ ਨਾਂ ਤੇ ਲੁਆਉਣ ਦੀ ਇੱਛਾ। ਜੇ ਰਾਤਾਂ ਨੂੰ ਸੌਣ ਦੀ ਮਰਜ਼ੀ, ਨਾ ਕਰ ਦਿਲ ਨੂੰ ਲਾਉਣ ਦੀ ਇੱਛਾ। ਹਸ਼ਰ ਤੀਕਣ ਨਾ ਹੋ ਸਕੀ ਪੂਰੀ, ਤੈਨੂੰ ਅਪਣਾ ਬਣਾਉਣ ਦੀ ਇੱਛਾ। ਨਾਲ ਲੈ ਕੇ ਰਕੀਬ ਨੂੰ ਆਵੇਂ, ਤੇਰੀ ਨਸ਼ਤਰ ਚਲਾਉਣ ਦੀ ਇੱਛਾ। ‘ਕੈਸ’ ਢਾਹ ਦੇ ਗ਼ਰੂਰ ਦਾ ਮੰਦਿਰ, ਤੇਰੀ ਜੇ ਉਹਨੂੰ ਪਾਉਣ ਦੀ ਇੱਛਾ।

ਹਾਲ-ਏ-ਦਿਲ ਤੈਨੂੰ ਸੁਣਾਉਣਾ ਹੈ ਅਜੇ

ਹਾਲ-ਏ-ਦਿਲ ਤੈਨੂੰ ਸੁਣਾਉਣਾ ਹੈ ਅਜੇ। ਰਾਜ਼ਦਾਂ ਅਪਣਾ ਬਣਾਉਣਾ ਹੈ ਅਜੇ। ਤੂੰ ਨਸੀਹਤਾਂ ਕਰਕੇ ਮੈਨੂੰ ਦੋਸਤਾ, ਜ਼ਖ਼ਮਾਂ ਉੱਤੇ ਲੂਣ ਪਾਉਣਾ ਹੈ ਅਜੇ। ਰਾਮ ਜਾਣੇ ਹੋਰ ਕਿੰਨੀ ਦੇਰ ਮੈਂ, ਇਸੇ ਦੇਹੀ ਨੂੰ ਹੰਢਾਉਣਾ ਹੈ ਅਜੇ। ਹਾਲੇ ਲੱਖਾਂ ਕਰਨੇ ਰਹਿੰਦੇ ਨੇ ਗੁਨਾਹ, ਰਹਿਮਤੇ-ਹੱਕ ਨੂੰ ਜਗਾਉਣਾ ਹੈ ਅਜੇ। ਡੂੰਘੀ ਨੀਂਦ ਸੌਂ ਗਈ ਹੈ ਆਤਮਾ, ਝੂਣ ਕੇ ਇਹਨੂੰ ਜਗਾਉਣਾ ਹੈ ਅਜੇ। ਗ਼ਜ਼ਲ ਗਾ ਕੇ ਵੀ ਸੁਣਾਵਾਂ ਗਾ ਜਰੂਰ, ਗਾਉਣ ਤੇਰਾ ਗੁਣਗੁਣਾਉਣਾ ਹੈ ਅਜੇ। ਸਾਰਿਆਂ ਧਰਮਾਂ ਦੇ ਬੰਧਨ ਤੋੜ ਕੇ, ‘ਕੈਸ’ ਮੈਂ ਕਾਫ਼ਰ ਕਹਾਉਣਾ ਹੈ ਅਜੇ।

ਰਿਹਾ ਨਹੀਂ ਜ਼ਿੰਦਗੀ ਦੇ ਨਾਲ ਮੈਨੂੰ ਪਿਆਰ ਤੁੱਧ ਬਾਝੋਂ

ਰਿਹਾ ਨਹੀਂ ਜ਼ਿੰਦਗੀ ਦੇ ਨਾਲ ਮੈਨੂੰ ਪਿਆਰ ਤੁੱਧ ਬਾਝੋਂ। ਖ਼ੁਦਾ ਤੋਂ ਮੌਤ ਮੰਗੀ ਹੈ, ਹਜ਼ਾਰਾਂ ਵਾਰ ਤੁੱਧ ਬਾਝੋਂ। ਰਿਹਾ ਨਹੀਂ ਮੇਰੇ ਸਾਹਵਾਂ ਦਾ ਰਤਾ ਇਤਬਾਰ ਤੁੱਧ ਬਾਝੋਂ। ਕਦੀ ਨਹੀਂ ਮੈਂ ਜਿਉਣਾ ਵੇਖ ਲਈਂ ਦਿਨ ਚਾਰ ਤੁੱਧ ਬਾਝੋਂ। ਤੇਰੇ ਬਾਝੋਂ ਮੈਂ ਐਨੀ ਬਿਰਹੜੇ ਤੋਂ ਮਾਰ ਖਾਧੀ ਹੈ, ਭੁਲਾ ਦਿੱਤੇ ਨੇ ਮੈਨੂੰ ਮਾਰ ਨੇ ਦਿਨ-ਵਾਰ ਤੁੱਧ ਬਾਝੋਂ। ਹਰ ਪਲ ਗੁਜ਼ਰਦਾ ਹੈ ਮੇਰਾ ਮਿਰੇ ਲਈ ਸਾਲ ਬਣ-ਬਣ ਕੇ, ਬਦਲਦੀ ਵਕਤ ਦੀ ਵੇਖੀ ਗਈ ਰਫ਼ਤਾਰ ਤੁੱਧ ਬਾਝੋਂ। ਮੈਂ ਪੀ-ਪੀ ਹੋ ਗਿਆ ਆਦੀ ਤੇਰੇ ਨੈਣਾਂ ਦੀ ਮਸਤੀ ਦਾ, ਕਿਵੇਂ ਮੈਂ ਲੜਖੜਾਵਾਂਗਾ ਸਰੇ-ਬਜ਼ਾਰ ਤੁੱਧ ਬਾਝੋਂ ! ਮੈਨੂੰ ਜਾਪਦਾ ਹੈ ਨਾਕਾਮੀਆਂ ਦਾ ਮਿਲ ਗਿਆ ਠੇਕਾ, ਮੇਰੀ ਸਾਰੀ ਲਿਆਕਤ ਹੋ ਗਈ, ਬੇਕਾਰ ਤੁੱਧ ਬਾਝੋਂ। ਰਿਹਾ ਨਹੀਂ ਸ਼ੌਕ ਮੈਨੂੰ ਦੋਸਤਾ ਗੁਲਸ਼ਨ ਪ੍ਰਸਤੀ ਦਾ, ਨਜ਼ਰ ਆਉਂਦਾ ਬੜਾ ਬੇਜ਼ਾਰ ਹੈ, ਗੁਲਜ਼ਾਰ ਤੁੱਧ ਬਾਝੋਂ। ਗੁਜ਼ਰਦੀ ਕਿਸ ਤਰ੍ਹਾਂ ਹੈ, ਕੀ ਕਹਾਂ ਕਰਤਾਰ ਹੀ ਜਾਣੇ ! ਕਿਸੇ ਦਾ ‘ਕੈਸ’ ਸੁੰਞਾ ਹੋ ਗਿਆ ਸੰਸਾਰ ਤੁੱਧ ਬਾਝੋਂ।

ਮਰੀਂਦਾ ਜਾ ਰਿਹਾ ਹਾਂ ਯਾਰ ਦੇ ਦੀਦਾਰ ਦੇ ਬਾਝੋਂ

ਮਰੀਂਦਾ ਜਾ ਰਿਹਾ ਹਾਂ ਯਾਰ ਦੇ ਦੀਦਾਰ ਦੇ ਬਾਝੋਂ। ਜਿਉਣਾ ਮੌਤ ਤੋਂ ਮਾੜਾ ਕਿਸੇ ਦਾ ਯਾਰ ਦੇ ਬਾਝੋਂ। ਅੱਧਾ ਮੋਇਆ ਹੋਇਆ ਹਾਂ ਕਿਸੇ ਦੇ ਪਿਆਰ ਦੇ ਬਾਝੋਂ। ਕਿਵੇਂ ਮੈਂ ਬੇੜੀ ਬੰਨੇ ਲਾਵਾਂਗਾ, ਪਤਵਾਰ ਦੇ ਬਾਝੋਂ। ਬੜਾ ਚੰਗਾ ਸਾਂ ਰੱਬਾ ਮੈਂ ਤਾਂ ਸੱਤਵੇਂ ਆਸਮਾਂ ਰਹਿ ਕੇ, ਮੇਰਾ ਕੀ ਥੁੜ੍ਹਿਆ ਹੋਇਆ ਸੀ ਤੇਰੇ ਸੰਸਾਰ ਦੇ ਬਾਝੋਂ। ਅਦਬ, ਇਖ਼ਲਾਕ, ਤਰਜ਼ੇ-ਗੁਫ਼ਤਗੂ ਕਿਰਦਾਰ ਲਾਜ਼ਿਮ ਹੈ, ਕਿਸੇ ਨੂੰ ਪਿਆਰ ਨਹੀਂ ਕਰਦਾ, ਦਿਲੀ ਸਤਿਕਾਰ ਦੇ ਬਾਝੋਂ। ਵਖਾਵਾ ਮਾਲੋ-ਜ਼ਰ ਦਾ ਸ਼ਾਹਜਹਾਂ ਨੇ ਤਾਜ ਬਣਵਾਇਆ, ਬਣਾਇਆ ਕਿਸ ਤਰ੍ਹਾਂ ਜਾਂਦਾ ਕਿਸੇ ਫ਼ਨਕਾਰ ਦੇ ਬਾਝੋਂ। ਮੈਂ ਜਾ ਕੇ ਮਕਬਰਾ ਤੈਮੂਰ ਦਾ ਵੀ ਵੇਖ ਆਇਆ ਹਾਂ, ਬਣਾਉਣਾ ਗ਼ੈਰ-ਮੁਮਕਿਨ ਸੀ, ਕਿਸੇ ਲੁੱਟ-ਮਾਰ ਦੇ ਬਾਝੋਂ। ਜਦੋਂ ਆਇਆ ਸੁਨੇਹਾ ਕਾਲ ਦਾ ਤਾਂ ਹੁਕਮਰਾਨਾਂ ਨੇ, ਉਠਾਇਆ ਬੋਰੀਆ-ਬਿਸਤਰ ਕਿਸੇ ਤਕਰਾਰ ਦੇ ਬਾਝੋਂ। ਕਿਸੇ ਦੀ ਮਰਗ ਉੱਤੇ ‘ਕੈਸ’ ਰੋਇਆ ਆਸਮਾਂ ਰੱਜ ਕੇ, ਜ਼ਮਾਨਾ ਹੋ ਗਿਆ ਹੈ ਗ਼ਮਜਦਾ ਗ਼ਮਖ਼ਾਰ ਦੇ ਬਾਝੋਂ।

ਅਸੀਂ ਜਿੰਦੜੀ ਯਾਰ ਤੋਂ ਵਾਰ ਬੈਠੇ

ਅਸੀਂ ਜਿੰਦੜੀ ਯਾਰ ਤੋਂ ਵਾਰ ਬੈਠੇ। ਕਰੀ ਜਾਂਦੇ ਨੇ ਲੋਕ ਵਿਚਾਰ ਬੈਠੇ। ਜਿੰਨੀ ਹੈਗੀ ਸੀ ਅਸੀਂ ਗੁਜ਼ਾਰ घैठेI ਅੱਗੇ ਜਾਣ ਨੂੰ ਹੋਏ ਤਿਆਰ ਬੈਠੇ। ਬਾਦਾ-ਖ਼ਾਨੇ ਦੇ ਦਰਾਂ ਨੂੰ ਖੋਲ੍ਹ ਯਾਰਾ, ਬਾਦਾ-ਖ਼ਾਰ ਨੇ ਵਿੱਚ ਬਾਜ਼ਾਰ ਬੈਠੇ। ਕੈਸੀ ਕੰਨੀਂ ਖ਼ਿਜ਼ਾ ਨੇ ਫੂਕ ਮਾਰੀ, ਸਾਡੇ ਕੋਲ ਨਾ ਕਦੀ ਬਹਾਰ ਬੈਠੇ। ਸਾਡਾ ਲੁੱਟਿਆ ਕਿਸੇ ਕਰਾਰ ਦਿਲ ਦਾ, ਐਵੇਂ ਹੋਏ ਕੇ ਨਹੀਂ ਬੇਜ਼ਾਰ ਬੈਠੇ। ਚੰਦ ਰੋਜ਼ ਦਾ ਹੋਰ ਕਿਆਮ ਏਥੇ, ਕਾਹਨੂੰ ਦੋਸਤੋ ਪੈਰ ਪਸਾਰ ਬੈਠੇ। ਆ ਜਾ ਹਾਣੀਆ ਤੇਰੀ ਉਡੀਕ ਕਰਦੇ, ਅਸੀਂ ਥੱਕ ਗਏ ਪੱਬਾਂ ਦੇ ਭਾਰ ਬੈਠੇ। ਕਈਆਂ ਵਾਸਤੇ ਦੇਸ਼ ਆਜ਼ਾਦ ਹੋਇਆ, ਕੋਈ ਧੀਆਂ-ਧਿਆਣੀਆਂ ਮਾਰ ਬੈਠੇ। ਕਈਆਂ ਫਾਂਸੀ ਦਾ ਫੰਧ ਕਬੂਲ ਕੀਤਾ, ਕੋਈ ਪਾ ਕੇ ਫੁੱਲਾਂ ਦੇ ਹਾਰ ਬੈਠੇ। ਜਿਹੜੇ ਬੱਕਰੇ ਬਣੇ ਕੁਰਬਾਨੀਆਂ ਦੇ, ਅਸੀਂ ਉਹਨਾਂ ਨੂੰ ਦਿਲੋਂ ਵਿਸਾਰ ਬੈਠੇ। ਅਸੀਂ ਕਿੰਨੇ ਬੇ-ਅਕਲ ਜੁਆਰੀਏ ਹਾਂ, ਬਾਜ਼ੀ ਜਿੱਤ-ਜਤਾ ਕੇ ਹਾਰ ਬੈਠੇ। ‘ਕੈਸ’ ਸ਼ੁਕਰ ਹੈ ਉਸ ਪਰਮਾਤਮਾ ਦਾ, ਅਸੀਂ ਮਿਲ ਕੇ ਯਾਰ ਹਾਂ ਚਾਰ ਬੈਠੇ।

ਬਹੁਤ ਕੀਤੀ ਹੈ ਕਿਸੇ ਦੀ ਭਾਲਣਾ

ਬਹੁਤ ਕੀਤੀ ਹੈ ਕਿਸੇ ਦੀ ਭਾਲਣਾ। ਜਫ਼ਰ ਕਿਹੜਾ ਰਹਿ ਗਿਆ ਹੈ ਜਾਲਣਾ ! ਮੂੰਹ ਬਹਾਰਾਂ ਨੇ ਜਦੋਂ ਦਾ ਮੋੜਿਆ, ਤੀਲਾ-ਤੀਲਾ ਹੋ ਗਿਆ ਹੈ ਆਲ੍ਹਣਾ। ਪਿੰਡਾ ਮੇਰਾ ਤੱਪਦਾ ਰਹਿੰਦਾ ਹੈ ਸਦਾ, ਢਾਲੋ ਇਹਨੂੰ ਜਿਸ ਕੁਠਾਲੀ ਢਾਲਣਾ। ਇਸ਼ਕ ਕਰਨਾ ਤੇ ਨਿਭਾਉਣਾ ਹੈ ਅਜ਼ਾਬ, ਨਹੀਂ ਜੇ ਚੰਗਾ, ਘਰ ਕਬੀਲਾ ਗਾਲਣਾ। ਜਿੱਥੋਂ ਤੀਕਣ ਹੋਇਆ ਮੇਰੇ ਹਾਣੀਆ, ਕੀਤੀ ਤੇਰੇ ਹਰ ਹੁਕਮ ਦੀ ਪਾਲਣਾ। ਕਰਮ ਕਰਨਾ ਮੇਰੇ ਯਾਰੋ ਦੋਸਤੋ, ਦੀਵਾ ਮੇਰੀ ਕਬਰ ਤੇ ਨਾ ਬਾਲਣਾ। ਯਾਰ ਨਹੀਂ ਕੋਈ ਬਣਾਉਣੇ ਹੋਰ ਮੈਂ, ਦਰਦ ਕੋਈ ਹੋਰ ਨਹੀਂ ਮੈਂ ਪਾਲਣਾ। ਹੋਇਆ ਨਹੀਂ ਮੈਂ ‘ਕੈਸ’ ਹਾਲੇ ਸੁਰਖ਼ੁਰੂ, ਘਾਲ ਬੈਠਾ ਹਾਂ ਬਥੇਰੀ ਘਾਲਣਾ।

ਪੀ ਕੇ ਘਾਟ-ਘਾਟ ਦਾ ਪਾਣੀ

ਪੀ ਕੇ ਘਾਟ-ਘਾਟ ਦਾ ਪਾਣੀ। ਮੈਂ ਅਪਣੀ ਔਕਾਤ ਪਛਾਣੀ। ਨਹੀਂ ਮੁੱਕਦਾ ਅੱਖੀਆਂ ਦਾ ਪਾਣੀ। ਨੀਂਦਰ ਨਹੀਂ ਆਉਂਦੀ ਰੁੜ੍ਹ ਜਾਣੀ। ਕਬਰਾਂ ਵਿੱਚੋਂ ਵਾਜਾਂ ਮਾਰੇ, ਗੁਜ਼ਰ ਗਏ ਯਾਰਾਂ ਦੀ ਢਾਣੀ। ਅਪਣਾ-ਆਪ ਮਿਟਾ ਲੈਣਾ ਹੈ, ਨਹੀਂ ਯਾਰਾਂ 'ਤੇ ਤੋਹਮਤ ਲਾਈ। ਇੱਕ ਤੰਦ ਵਿਗੜੇ ਤਾਂ ਕੁਝ ਕਰੀਏ, ਸਾਰੀ ਵਿਗੜ ਗਈ ਹੈ ਤਾਣੀ। ਬੇਅਕਲਾ ਸਾਂ, ਚੰਗਾ ਸਾਂ ਮੈਂ, ਕਾਹਨੂੰ ਆ ਗਈ ਇਹ ਮਰਜਾਣੀ। ਮਨ-ਮੰਦਿਰ ਵਿੱਚ ਚਾਨਣ ਹੋਇਆ, ਪੜ੍ਹੀ ਗੁਰੂ ਗੋਬਿੰਦ ਦੀ ਬਾਣੀ। ਨਾ ਆਇਆ ਨਾ ਕਦੀ ਬੁਲਾਇਆ, ਤੜਫ਼ੇ ਮੇਰੀ ਜਿੰਦ ਨਿਮਾਣੀ। ਛੇ ਫੁੱਟ ‘ਕੈਸ’ ਜ਼ਮੀਂ ਦੇ ਅੰਦਰ, ਨਾ ਕੋ ਰਾਜਾ ਨਾ ਕੋ ਰਾਣੀ।

ਯਾਰਾ ! ਅੱਖੀਆਂ ਮਲਦੇ-ਮਲਦੇ

ਯਾਰਾ ! ਅੱਖੀਆਂ ਮਲਦੇ-ਮਲਦੇ। ਅਪਣਾ ਧਿਆਨ ਅਸਾਡੇ ਵੱਲ ਦੇ। ਯਾਰਾ ! ਤੈਨੂੰ ਮੁੱਦਤ ਹੋ ਗਈ, ਸਾਨੂੰ ਵਾਂਙ ਛਲੇਡੇ ਛਲਦੇ। ਆਸ਼ਕ ਅਪਣੇ ਤਨ ਦੇ ਉੱਤੇ, ਰਹਿੰਦੇ ਤਾਰ ਦੁੱਖਾਂ ਦੇ ਵਲਦੇ। ਝਲਕ ਝਨਾਂ ਦੇ ਵਿੱਚ ਸੋਹਣੀ ਦੀ, ਜੀਕੂੰ ਲੱਖਾਂ ਦੀਵੇ ਬਲਦੇ। ਰੱਬਾ ਕਿਉਂ ਨਹੀਂ ਸੱਚ ਦੇ ਬੂਟੇ, ਇਸ ਧਰਤੀ 'ਤੇ ਫੁਲਦੇ-ਫ਼ਲਦੇ। ਕਰਦਾ ਹੈ ਉਪਕਾਰ ਜਦੋਂ ਤੂੰ, ਦੁਰਜਨ ਵੇਖ-ਵੇਖ ਕੇ ਜਲਦੇ। ਕੁੱਝ ਨਹੀਂ ਥੱਕਦੇ ਲੈਂਦੇ-ਦਿੰਦੇ, ਕੁੱਝ ਰਹਿੰਦੇ ਖ਼ਾਲੀ ਹੱਥ ਮਲਦੇ। ਨਿੰਦਿਆ ਕਰਦੇ ਨੇ ਕੁਝ ਲੋਕੀਂ, ਕੁਝ ਸ਼ਰਧਾਲੂ ਤਾਜ ਮਹਲ ਦੇ। ਮਜਨੂੰ ਮੋਇਆ ਤੜਫ਼-ਤੜਫ਼ ਕੇ, ਰੋਏ ਪੱਥਰ ਮਾਰੂ-ਥਲ ਦੇ। ਆ ਯਾਰਾ ਛੇਤੀ ਤੋਂ ਛੇਤੀ, ਅਸੀਂ ਪ੍ਰਾਹੁਣੇ ਪਲ-ਦੋ-ਪਲ ਦੇ। ਬਣ ਜਾਂਦੇ ਨੇ ਵਿੱਚ ਮੁਸੀਬਤ, ‘ਕੈਸ’ ਮਹੀਨੇ ਇੱਕ-ਇੱਕ ਪਲ ਦੇ।

ਰੱਬਾ ! ਮੈਨੂੰ ਐਸਾ ਵਰ ਦੇ

ਰੱਬਾ ! ਮੈਨੂੰ ਐਸਾ ਵਰ ਦੇ। ਮੇਰਾ ਪਿਆਰ ਨਾਲ ਦਿਲ ਭਰ ਦੇ। ਜਿਹੜੇ ਸੀਸ ਤਲੀ 'ਤੇ ਧਰ ਦੇ। ਰਹਿੰਦੀ ਦੁਨੀਆ ਤੱਕ ਨਹੀਂ ਮਰਦੇ। ਜੋ ਡਰਦੇ ਨੇ ਛੱਲਾਂ ਕੋਲ਼ੋਂ, ਪੈਰ ਸਮੁੰਦਰ ਵਿੱਚ ਨਹੀਂ ਧਰਦੇ। ਮੇਰੇ ਮਾਲਿਕ ਮੈਂ ਚਾਹੁੰਦਾ ਹਾਂ, ਸਭ ਦੇ ਦੁੱਖ-ਦਲਿੱਦਰ ਹਰ ਦੇ। ਮੇਰੇ ਵਰਗੇ ਲੱਖਾਂ ਲੋਕੀ, ਕਾਮਦੇਵ ਦਾ ਪਾਣੀ ਭਰਦੇ। ਜਿਹੜੇ ਖਾਂਦੇ ਚੋਟ ਬਿਰਹੋਂ ਦੀ, ਨਾ ਉਹ ਜਿਉਂਦੇ ਨਾ ਉਹ ਮਰਦੇ। ਜੋ ਡਰਦੇ ਨੇ ਉਸ ਮਾਲਕ ਤੋਂ, ਸਾਰੀ ਦੁਨੀਆ ਤੋਂ ਨਹੀਂ ਡਰਦੇ। ਮੈਂ ਚਾਹੁੰਦਾ ਹਾਂ ਮੇਰੇ ਪ੍ਰੀਤਮ, ਅਪਣੇ ਦਿਲ ਵਿੱਚ ਮੈਨੂੰ ਘਰ ਦੇ। ਤੂੰ ਦਾਤਾ ਤੂੰ ਬਖ਼ਸ਼ਣਹਾਰਾ, ਅਸੀਂ ਭਿਖਾਰੀ ਤੇਰੇ ਦਰ ਦੇ।

ਸਿਮਰਨ ਕਰ ਭਾਵੇਂ ਤੂੰ ਕਰ ਨਾ

ਸਿਮਰਨ ਕਰ ਭਾਵੇਂ ਤੂੰ ਕਰ ਨਾ। ਘਰ ਵਿੱਚ ਮਾਲ ਪਰਾਇਆ ਧਰ ਨਾ। ਕਰ-ਕਰ ਨਿੰਦਿਆ ਤੇ ਬਦਖੋਈ, ਐਵੇਂ ਘਰ ਦੋਜ਼ਖ਼ ਦਾ ਭਰ ਨਾ। ਨਹੀਂ ਕੋਈ ਫ਼ਿਕਰ-ਅੰਦੇਸ਼ਾ ਕਰਦੇ, ਝੁਕਦਾ ਦਰਵੇਸ਼ਾਂ ਦਾ ਸਰ ਨਾ। ਸਤਿਗੁਰ ਤੇਗ਼ ਬਹਾਦਰ ਵਰਗਾ, ਹੋਇਆ ਨਾਰਾਇਣ ਜਾਂ ਨਰ ਨਾ। ਬਿਨ ਕਰਮਾਂ ਦੇ ਕਹਿਤ ਕਬੀਰਾ, ਮਿਲਦਾ ਉਸ ਮਾਲਿਕ ਦਾ ਦਰ ਨਾ। ਜਗ ਵਿੱਚ ਭਾਂਤ-ਭਾਂਤ ਦੇ ਮੇਵੇ, ਬੱਚਿਆਂ ਵਰਗਾ ਹੋਰ ਸਮਰ ਨਾ। ਕੀ ਆਖਾਂ ਅੰਮ੍ਰਿਤਸਰ ਵਰਗਾ, ਦੂਰ-ਦੂਰ ਤੱਕ ਹੋਰ ਨਗਰ ਨਾ। ਲੁੱਟ ਗਈ ਮੇਰੀ ਪ੍ਰੇਮ-ਨਗਰੀਆ, ਮੈਂ ਤੱਤੜੀ ਨੂੰ ਹੋਸ਼ ਖ਼ਬਰ ਨਾ। ਜਾ ਕੇ ‘ਕੈਸ’ ਮਨਾ ਲੈ ਉਹਨੂੰ, ਐਵੇਂ ਸਿਸਕ-ਸਿਸਕ ਕੇ ਮਰ ਨਾ।

ਬੇਬਸੀ ਇੱਕ ਸਾਰ ਹੈ ਤੇਰੇ ਬਿਨਾਂ

ਬੇਬਸੀ ਇੱਕ ਸਾਰ ਹੈ ਤੇਰੇ ਬਿਨਾਂ। ਕਾਰ ਸੱਭ ਬੇਕਾਰ ਹੈ ਤੇਰੇ ਬਿਨਾਂ। ਕੌਣ ਮੇਰਾ ਯਾਰ ਹੈ ਤੇਰੇ ਬਿਨਾਂ ! ਤੂੰ ਹੈਂ ਜਾਂ ਕਰਤਾਰ ਹੈ ਤੇਰੇ ਬਿਨਾਂ। ਅਪਣੇ ਬਾਰੇ ਕੀ ਕਹਾਂ ਮੈਂ ਦੋਸਤਾ ! ਦਿਲ ਬੜਾ ਬੇਜ਼ਾਰ ਹੈ ਤੇਰੇ ਬਿਨਾਂ। ਪੀਲ਼ੀ-ਪੀਲ਼ੀ ਚੰਦਰਮਾ ਦੀ ਚਾਨਣੀ, ਜਾਪਦਾ ਬੀਮਾਰ ਹੈ ਤੇਰੇ ਬਿਨਾਂ। ਬੁਲਬੁਲਾਂ ਖ਼ਾਮੋਸ਼ ਨੇ ਤੇਰੇ ਬਗ਼ੈਰ, ਗ਼ਮਜ਼ਦਾ ਗੁਲਜ਼ਾਰ ਹੈ ਤੇਰੇ ਬਿਨਾਂ। ਯਾਰੇ-ਜਾਨੀ ਮੇਰਾ ਨਾ ਕੋ ਨਾ-ਖ਼ੁਦਾ, ਨਾ ਕੋਈ ਪਤਵਾਰ ਹੈ ਤੇਰੇ ਬਿਨਾਂ। ਨਾਲ ਚੰਨ ਤੇ ਤਾਰਿਆਂ ਦੇ ਪਿਆਰ ਸੀ, ਮਹਿਫ਼ਿਲੇ-ਅੰਗਿਆਰ ਹੈ ਤੇਰੇ ਬਿਨਾਂ। ਜੀਵਣਾ ਬੇਕਾਰ ਹੈ ਤੇਰੇ ਬਗ਼ੈਰ, ਸੀਸ ਤਨ ਤੇ ਭਾਰ ਹੈ ਤੇਰੇ ਬਿਨਾਂ। ਲੋਕੀਂ ਲੰਮੀਆਂ ਤਾਣ ਕੇ ਸਭ ਸੌਂ ਗਏ, ‘ਕੈਸ’ ਹੀ ਬੇਦਾਰ ਹੈ ਤੇਰੇ ਬਿਨਾਂ।

ਦੁੱਖ ਤੂੰ ਤੇ ਨਿਰੋਲ ਦਿੱਤੇ ਨੇ

ਦੁੱਖ ਤੂੰ ਤੇ ਨਿਰੋਲ ਦਿੱਤੇ ਨੇ। ਰੰਗ ਪੀੜਾਂ ਨੇ ਘੋਲ ਦਿੱਤੇ ਨੇ। ਬੰਦ ਕਲੀਆਂ ਤੇ ਮਹਿਕਦੇ ਗੁੰਚੇ, ਤੇਰੇ ਪੈਰਾਂ ਮਧੋਲ ਦਿੱਤੇ ਨੇ। ਸੁੱਖ ਕੰਢੇ 'ਤੇ ਤੋਲ ਕੇ ਦਿੱਤਾ, ਦੁੱਖਾਂ-ਪੀੜਾਂ ਦੇ ਬੋਲ੍ਹ ਦਿੱਤੇ ਨੇ। ਜ਼ਿੰਦਗੀ ਦੀ ਕਿਤਾਬ ਦੇ ਵਰਕੇ, ਵਿੱਚ ਕੱਖਾਂ ਦੇ ਰੋਲ ਦਿੱਤੇ ਨੇ। ਕੌੜੇ-ਫ਼ਿਕੇ ਜੋ ਕੋਲ ਸੀ ਮੇਰੇ, ਬੋਲ ਸਾਰੇ ਹੀ ਬੋਲ ਦਿੱਤੇ ਨੇ।

ਲੱਖਾਂ ਵਾਰੀ ਆਜ਼ਮਾਇਆ ਯਾਰ ਨੇ

ਲੱਖਾਂ ਵਾਰੀ ਆਜ਼ਮਾਇਆ ਯਾਰ ਨੇ। ਹਰ ਬਹਾਨੇ ਦਿਲ ਦੁਖਾਇਆ ਯਾਰ ਨੇ। ਕੀ ਕਹਾਂ ਕਿੰਨਾ ਸਤਾਇਆ ਯਾਰ ਨੇ! ਨਹੀਂ ਕਦੀ ਹੱਸ ਕੇ ਬੁਲਾਇਆ ਯਾਰ ਨੇ। ਮਲਕੜੇ ਪੜਦਾ ਹਟਾ ਕੇ ਨਹੀਂ ਕਦੀ, ਨੂਰ ਦਾ ਜਲਵਾ ਵਿਖਾਇਆ ਯਾਰ ਨੇ। ਮੈਂ ਹੁਣੇ ਆਇਆ ਕਿ ਆਇਆ ਕਹਿ ਗਿਆ, ਨਹੀਂ ਕੋਈ ਵਾਅਦਾ ਨਿਭਾਇਆ ਯਾਰ ਨੇ। ਮੇਰੀ ਕਿਸਮਤ ਦਿਨ ਦਿਹਾੜੇ ਸੌਂ ਗਈ, ਮੇਰਾ ਦਰਦੇ-ਦਿਲ ਜਗਾਇਆ ਯਾਰ ਨੇ। ਹਾਏ ਰੱਬਾ ! ਦੱਸੋ, ਵੇਖਾਂ ਕਿਸ ਤਰ੍ਹਾਂ, ਕੋਲ ਗ਼ੈਰਾਂ ਨੂੰ ਬਿਠਾਇਆ ਯਾਰ ਨੇ। ਆਖ ਨਹੀਂ ਸਕਦਾ ਕਿ ਡਾਕਾ ਮਾਰਿਆ, ਚੋਰੀ-ਚੁਪਕੇ ਦਿਲ ਚੁਰਾਇਆ ਯਾਰ ਨੇ। ਤੀਰ ਨੈਣਾਂ ਦੇ ਚਲਾਏ ਯਾਰ ਨੇ, ਜਾਲ ਜ਼ੁਲਫ਼ਾਂ ਦਾ ਵਿਛਾਇਆ ਯਾਰ ਨੇ। ਵੇਖੋ ! ਲੋਕੋ ਬਿਨ ਕਿਸੇ ਕਾਨੂੰਨ ਦੇ, ਦਿਲ 'ਤੇ ਕਬਜ਼ਾ ਆ ਜਮਾਇਆ ਯਾਰ ਨੇ। ਬੰਦਾ ਸੀ ਜੋ ਵਾਹਿਗੁਰੂ ਦੀ ਤਾਬਿਆ, ‘ਕੈਸ’ ਨੂੰ ਕਾਫ਼ਰ ਬਣਾਇਆ ਯਾਰ ਨੇ।

ਦਰਦ ਦਿੱਤਾ ਹੈ ਕਿਸੇ ਦੇ ਪਿਆਰ ਨੇ

ਦਰਦ ਦਿੱਤਾ ਹੈ ਕਿਸੇ ਦੇ ਪਿਆਰ ਨੇ। ਆਸ਼ਿਕ ਸਾਰੇ ਦਰਦ ਦੇ ਹੱਕਦਾਰ ਨੇ। ਕੀਕਣ ਬੁੱਤਾਂ ਦੀ ਪ੍ਰਸਤਸ਼ ਨਾ ਕਰਾਂ ! ਸਿਰਜਿਆ ਇਹਨਾਂ ਨੂੰ ਸਿਰਜਨਹਾਰ ਨੇ। ਨਹੀਂ ਅਗਰ ਵਿਸ਼ਵਾਸ ਆ ਕੇ ਵੇਖ ਤੂੰ, ਬੰਦੇ ਤੇਰੇ ਕਿਸ ਕਦਰ ਲਾਚਾਰ ਨੇ। ਤੰਦਰੁਸਤੀ ਜੇ ਗਈ ਤਾਂ ਜਾਣ ਲਓ ! ਦੌਲਤਾਂ ਦੇ ਢੇਰ ਸਭ ਬੇਕਾਰ ਨੇ। ਕੀ ਜ਼ਰੂਰਤ ਹੈ ਕਿਸੇ ਨੂੰ ਪਿਆਰ ਦੀ, ਥਾਈਂ-ਥਾਈਂ ਹੁਸਨ ਦੇ ਬਾਜ਼ਾਰ ਨੇ। ਵਾਰ ਦਿੱਤਾ ਕਈਆਂ ਅਪਣੇ ਆਪ ਨੂੰ, ਕਈਆਂ ਕੀਤੇ ਪੈਸਿਆਂ ਦੇ ਵਾਰਨੇ। ਮੌਜ-ਮੇਲਾ, ਦੋਸਤਾਨਾ, ਵਲਵਲੇ, ਇਹੋ ਸਾਰੇ ਜਿਉਣ ਦਾ ਆਧਾਰ ਨੇ। ਜਾਪੇ ਮੈਨੂੰ ਆ ਗਈ ਹੈ ਫਿਰ ਬਹਾਰ, ਆਸ਼ਕਾਂ ਦੇ ਦਾਮਨ ਤਾਰੋ-ਤਾਰ ਨੇ। ਸਾਰੇ ਤੇਰੇ ਯਾਰ ਦਸਤਰਖ਼ਾਨ 'ਤੇ, ਲੇਕਿਨ ਕਿੰਨੇ ਕਾਬਿਲੇ-ਇਤਬਾਰ ਨੇ। ਲੋਕਾਂ ਵਾਙੂੰ ਨਹੀਂ ਚਲਿੱਤਰ ਜਾਣਦਾ, ਭੇਖ ਨਹੀਂ ਮੈਂ ਸਾਧੂਆਂ ਦੇ ਧਾਰਨੇ। ਦਿਲ ਬਣਾਇਆ ਤੇ ਸਿਖਾਇਆ ਤੋੜ੍ਹਨਾ, ਪੁੱਛੇ ਕੋਈ, ਕੀਤਾ ਕੀ ਕਰਤਾਰ ਨੇ। ਉੱਚਾ ਸੁਣਨਾ, ਲੜਖੜਾਉਣਾ, ਹਾਂਪਣਾ, ਸਾਰੇ ਬੁੱਢਿਆਂ ਹੋਣ ਦੇ ਆਸਾਰ ਨੇ। ‘ਕੈਸ’ ਨਹੀਂ ਅਪਣੇ ਪਰਾਏ ਜਾਣਦਾ, ਖ਼ੇਸ਼ ਅਰ ਦਰਵੇਸ਼ ਸਾਰੇ ਯਾਰ ਨੇ।

ਆ ਜਾ ਦੋਸਤਾ ! ਰੁੱਤਾਂ ਸੁਹਾਣੀਆਂ ਨੇ

ਆ ਜਾ ਦੋਸਤਾ ! ਰੁੱਤਾਂ ਸੁਹਾਣੀਆਂ ਨੇ। ਮੌਜਾਂ ਕੱਲਿਆਂ ਕਿਸੇ ਨਾ ਮਾਣੀਆਂ ਨੇ। ਦਿਲੋ-ਜਾਨ ਦੇ ਨਾਲ ਸਤਿਕਾਰਿਆ ਸੀ, ਸਾਨੂੰ ਖ਼ਾਰ ਕੀਤਾ ਸਾਡੇ ਹਾਣੀਆਂ ਨੇ। ਗੱਲ ਰਹੀ ਨਾ ਪਿੰਡ ਵਿੱਚ ਰਹਿਣ ਵਾਲੀ, ਕਿੱਥੇ ਦੁੱਧ ਤੇ ਕਿੱਥੇ ਮਧਾਣੀਆਂ ਨੇ! ਪੀੜਾਂ ਬਖ਼ਸ਼ੀਆਂ ਜੋ ਪਰਮਾਤਮਾ ਨੇ, ਅਸਾਂ ਸ਼ੌਕ ਦੇ ਨਾਲ ਹੰਢਾਣੀਆਂ ਨੇ। ਵਾਂਙ ਸ਼ਿਵ ਕੁਮਾਰ ਬਟਾਲਵੀ ਦੇ, ਹੋਰ ਕਈਆਂ ਨੇ ਪੀੜਾਂ ਭੁਨਾਣੀਆਂ ਨੇ। ਕੈਦੋਂ ਵਰਗਿਆਂ ਦੀ ਨਹੀਂ ਜੇ ਥੋੜ੍ਹ ਇੱਥੇ, ਕਈਆਂ ਰਾਂਝਿਆਂ ਮੁੰਦਰਾਂ ਪਾਣੀਆਂ ਨੇ। ‘ਕੈਸ’ ਜਾਵਾਂਗੇ ਜਦੋਂ ਜਹਾਨ ਵਿੱਚੋਂ, ਕਈਆਂ ਲੋਕਾਂ ਨੇ ਗੱਲਾਂ ਬਣਾਣੀਆਂ ਨੇ।

ਜੋ ਮੇਰੇ ਸਿਰ ਤੇ ਬੀਤੀਆਂ ਝੱਲਦਾ ਰਿਹਾ ਹਾਂ ਮੈਂ

ਜੋ ਮੇਰੇ ਸਿਰ ਤੇ ਬੀਤੀਆਂ ਝੱਲਦਾ ਰਿਹਾ ਹਾਂ ਮੈਂ। ਤੈਨੂੰ ਸੁਨੇਹੜੇ ਖ਼ੈਰ ਦੇ ਘੱਲਦਾ ਰਿਹਾ ਹਾਂ ਮੈਂ। ਭਾਵੇਂ ਕਫ਼ੇ-ਅਫ਼ਸੋਸ ਵੀ ਮਲਦਾ ਰਿਹਾ ਹਾਂ ਮੈਂ। ਪੀੜਾਂ ਦੇ ਪਾਪੜ ਵੇਲ ਕੇ ਤਲਦਾ ਰਿਹਾ ਹਾਂ ਮੈਂ। ਤੂੰ ਵੇਖ ਮੈਨੂੰ ਰੇਸ਼ਮ ਦੇ ਕੀੜੇ ਦੇ ਵਾਕਰਾਂ, ਤਨ ਉੱਤੇ ਤਾਰ ਦੁੱਖਾਂ ਦੀ ਵਲਦਾ ਰਿਹਾ ਹਾਂ ਮੈਂ। ਦਿੰਦਾ ਰਿਹਾ ਹਾਂ ਝੂਠੀਆਂ, ਦਿਲ ਨੂੰ ਤਸੱਲੀਆਂ, ਬਣ ਕੇ ਛਲੇਡਾ ਆਪ ਨੂੰ ਛਲਦਾ ਰਿਹਾ ਹਾਂ ਮੈਂ। ਤੂਫ਼ਾਨ ਲੱਖਾਂ ਆਏ ਤੇ ਆਈਆਂ ਹਨੇਰੀਆਂ, ਦੀਵਾ ਮਜ਼ਾਰੇ-ਇਸ਼ਕ ’ਤੇ ਬਲਦਾ ਰਿਹਾ ਹਾਂ ਮੈਂ। ਨਹੀਂ ‘ਕੈਸ’ ਹੇਰ-ਫੇਰ ਮੈਂ ਦੁਨੀਆ ਦੇ ਜਾਣਦਾ, ਤਾਂ ਰਾਹੇ-ਮੁਸਤਕੀਮ 'ਤੇ ਚੱਲਦਾ ਰਿਹਾ ਹਾਂ ਮੈਂ।

ਕਿਤੇ ਦੂਰ-ਦੁਰੇਡੇ ਜਾਇਆ ਨਾ ਕਰ

ਕਿਤੇ ਦੂਰ-ਦੁਰੇਡੇ ਜਾਇਆ ਨਾ ਕਰ। ਸਾਨੂੰ ਚਿਖ਼ਾ ਦੇ ਉੱਤੇ ਬਿਠਾਇਆ ਨਾ ਕਰ। ਯਾਰਾ ! ਗ਼ੈਰਾਂ ਦੇ ਨਾਲ ਕਲੋਲ ਕਰ ਕੇ, ਸਾਡੇ ਜ਼ਖ਼ਮ ਨਾਸੂਰ ਬਣਾਇਆ ਨਾ ਕਰ। ਕਿਚਰ ਤੀਕ ਮੈਂ ਕਰਾਂ ਉਡੀਕ ਤੇਰੀ, ਝੂਠੇ ਵਾਅਦਿਆਂ ਨਾਲ ਪਰਚਾਇਆ ਨਾ ਕਰ। ਕਿਰਚ ਮਾਰ ਕੇ ਸੀਨੇ ਤੋਂ ਪਾਰ ਕਰ ਦੇ, ਜ਼ੁਲਮੀ ਨੈਣਾਂ ਦੇ ਤੀਰ ਚਲਾਇਆ ਨਾ ਕਰ। ਸਾਡੇ ਨਾਲ ਤੂੰ ਪਿਆਰ ਉਪਕਾਰ ਕੀਤਾ, ਗੱਲ-ਗੱਲ 'ਤੇ ਸਾਨੂੰ ਜਤਾਇਆ ਨਾ ਕਰ। ਮਜ਼ਾ ਕਿਰਕਿਰਾ ਕੀਤਾ ਈ ਗੱਲ ਕਰ ਕੇ, ਭਾਈਆ ਪਾਪ ਤੇ ਪੁੰਨ ਸਮਝਾਇਆ ਨਾ ਕਰ। ‘ਕੈਸ’ ਯਾਰ ਕਰੂੰਬਲ ਦੇ ਵਾਗੂੰ ਕੂਲ਼ਾ, ਹੱਥ ਘੁੱਟ ਕੇ ਵੀਣੀ ਨੂੰ ਪਾਇਆ ਨਾ ਕਰ।

ਲਾਰੇ-ਲੱਪੇ ਲਾਇਆ ਨਾ ਕਰ

ਲਾਰੇ-ਲੱਪੇ ਲਾਇਆ ਨਾ ਕਰ। ਤੂੰ ਸਾਨੂੰ ਤੜਫ਼ਾਇਆ ਨਾ ਕਰ। ਸਾਡੇ ਵਿਹੜੇ ਆਇਆ ਕਰ ਤੂੰ, ਭਾਵੇਂ ਫ਼ਤਿਹ ਬੁਲਾਇਆ ਨਾ ਕਰ। ਜੇਕਰ ਭੇਤ ਛੁਪਾਉਣਾ ਚਾਹਵੇਂ, ਤਾਂ ਸਾਥੋਂ ਸ਼ਰਮਾਇਆ ਨਾ ਕਰ। ਅੜਿਆ ਅੜੀਆਂ ਕਰ ਕੇ ਤੂੰ, ਸਾਨੂੰ ਸੁੱਕਣੇ ਪਾਇਆ ਨਾ ਕਰ। ਤੌਬਾ ਤੂੰ ਜੇ ਕਰਨੀ ਹੈ, ਕਸਮ ਕਿਸੇ ਦੀ ਖਾਇਆ ਨਾ ਕਰ। ਹੁਸਨ-ਜਵਾਨੀ ਚਾਰ ਦਿਹਾੜੇ, ਤੂੰ ਐਨਾ ਇਤਰਾਇਆ ਨਾ ਕਰ। ਪੁਰਵਾ, ਤੈਨੂੰ ਕੀ ਆਖਾਂ ਮੈਂ ! ਤੂੰ ਤੱਤਿਆਂ ਨੂੰ ਤਾਇਆ ਨਾ ਕਰ। ਤੂੰ ਕਹਿੰਦਾ ਹੈਂ ਮਾੜੀ-ਚੰਗੀ, ਅਪਣੇ ਦਿਲ 'ਤੇ ਲਾਇਆ ਨਾ ਕਰ। ‘ਕੈਸ’, ਕਿਵੇਂ ਮੈਂ ਤੈਨੂੰ ਆਖਾਂ! ਐਨੀ ਪੀ ਕੇ ਆਇਆ ਨਾ ਕਰ। ‘ਕੈਸ’ ਸਮਝਦਾ ਨਹੀਂ ਸਮਝਾਇਆਂ, ਤੂੰ ਉਹਨੂੰ ਸਮਝਾਇਆ ਨਾ ਕਰ।

ਤੇਰਾ ਭਲਾ ਕਰੇ ਕਰਤਾਰ

ਤੇਰਾ ਭਲਾ ਕਰੇ ਕਰਤਾਰ। ਸਾਨੂੰ ਦੇ ਦਰਸ਼ਨ ਦੀਦਾਰ। ਢਾਅ ਕੇ ਦੂਈ ਦੀ ਦੀਵਾਰ। ਆਖੋ ਸਾਰੇ ਇੱਕ ਓਂਕਾਰ। ਮੇਰਾ ਮਨੂਆ ਕਰੇ ਪੁਕਾਰ। ਮੇਰੀ ਬੇੜੀ ਲਾ ਦੇ ਪਾਰ। ਰੱਬਾ ! ਤੇਰਾ ਇਹ ਸੰਸਾਰ। ਮੇਰੀ ਅਕਲ ਸਮਝ ਤੋਂ ਬਾਰ੍ਹ। ਖਾ-ਖਾ ਕੇ ਯਾਰਾਂ ਤੋਂ ਮਾਰ। ਬਣਦਾ ਜਾਂਦਾ ਹਾਂ ਹੁਸ਼ਿਆਰ। ਮੇਰੇ ਅੰਦਰ ਦੋਸ਼ ਹਜ਼ਾਰ। ਮੈਨੂੰ ਨਹੀਂ ਇਸ ਤੋਂ ਇਨਕਾਰ। ਚੰਗਾ ਹਾਂ ਜਾਂ ਮੰਦਾ ਹਾਂ ਮੈਂ, ਮੇਰਾ ਤੂੰ ਹੈਂ ਸਿਰਜਨਹਾਰ। ਫੁੱਲਾਂ ਜਦੋਂ ਵਫ਼ਾ ਨਾ ਕੀਤੀ, ਕੀਤਾ ਕੰਡਿਆਂ ਨਾਲ ਪਿਆਰ। ਬਚ ਮੇਰੇ ਭਾਈ ਬਚ ਮੇਰੇ ਯਾਰ ! ਫਿਰਦੇ ਲੱਖਾਂ ਚੋਰ-ਚੁਕਾਰ। ਸਾਨੂੰ ਪੱਤਝੜ ਦੇ ਗਲ਼ ਲਾ ਕੇ, ਜਾਣੇ ਕਿੱਥੇ ਗਈ ਬਹਾਰ ! ਦੋਹਾਂ ਦੇ ਵਿੱਚ ਹੈ ਦਿਲ ਸਾਂਝਾ, ਮੈਂ ਦਿਲਦਾਦਾ ਤੂੰ ਦਿਲਦਾਰ। ਨਾ ਇਸ ਪਾਸੇ ਨਾ ਉਸ ਪਾਸੇ, ਬੇੜੀ ਮੇਰੀ ਵਿੱਚ ਮੰਝਧਾਰ। ਕਹਿ ਗਏ ਸਤਿਗੁਰ ਬਾਬਾ ਨਾਨਕ, 'ਨਾਨਕ ਦੁਖੀਆ ਸਭ ਸੰਸਾਰ’। ਯਾਰੋ ‘ਕੈਸ’ ਬਣੇਗਾ ਬੰਦਾ, ਇੱਕ ਨਾ ਇੱਕ ਦਿਨ ਆਖ਼ਿਰਕਾਰ।

ਜੀਅ ਕਰਦਾ ਹੈ ਉਮਰਾ ਸਾਰੀ

ਜੀਅ ਕਰਦਾ ਹੈ ਉਮਰਾ ਸਾਰੀ। ਤੇਰੀ ਕਰਾਂ ਨਾਜ਼-ਬਰਦਾਰੀ। ਮੇਰੇ ਮਨ ਵਿੱਚ ਦੁਵਿਧਾ ਭਾਰੀ। ਕਿਉਂ ਨਾ ਜਾਨ ਤੇਰੇ ਤੋਂ ਵਾਰੀ ! ਲਾ ਕੇ ਨਾਲ ਕਿਸੇ ਦੇ ਯਾਰੀ। ਬਣਿਆਂ ਪੀੜਾਂ ਦਾ ਅਧਿਕਾਰੀ। ਮੈਂ ਨਹੀਂ ਕਰਦਾ ਗਿਰਯਾ-ਜ਼ਾਰੀ। ਹੰਝੂਆਂ ਦਾ ਸੋਮਾ ਹੈ ਜਾਰੀ। ਹੌਕੇ ਲੈਂਦੇ ਹਾਵਾਂ ਭਰਦੇ, ਬਿਨ ਪ੍ਰੀਤਮ ਦੇ ਉਮਰ ਗੁਜ਼ਾਰੀ। ਤੈਨੂੰ ਗਲੇ ਲਾਣ ਦੀ ਇੱਛਿਆ, ਬੈਠੀ ਹਾਲੇ ਤੀਕ ਕੁਆਰੀ। ਗੋ ਨਹੀਂ ਕਰਦਾ ਤੂੰ-ਤੂੰ ਮੈਂ-ਮੈਂ, ਹੈ ਪਰ ਬੋਲਣ ਦੀ ਬੀਮਾਰੀ। ਹਾਰ-ਹਾਰ ਕੇ ਹਾਰ ਗਿਆ ਮੈਂ, ਤੂੰ ਹੀ ਜਿੱਤਦਾ ਹੈਂ ਹਰ ਵਾਰੀ। ਪਿੰਡੋਂ ਨਿਕਲ ਚਲਾਣਾ ਕਰ ਗਈ, ਮਾਂ ਮੇਰੀ ਦੁੱਖਾਂ ਦੀ ਮਾਰੀ। ਆਖ਼ਿਰ ਮੈਨੂੰ ਮਾਰ ਮੁਕਾਇਆ, ਮਾਰੀ ਚੋਟ ਬਿਰਹੋਂ ਨੇ ਕਾਰੀ।

ਉਠਾਏ ਜਾਣ ’ਤੇ ਮਹਿਫ਼ਿਲ ਚੋਂ, ਮਹਿਮਾਨਾਂ ’ਤੇ ਕੀ ਗੁਜ਼ਰੀ

ਉਠਾਏ ਜਾਣ ’ਤੇ ਮਹਿਫ਼ਿਲ ਚੋਂ, ਮਹਿਮਾਨਾਂ ’ਤੇ ਕੀ ਗੁਜ਼ਰੀ ! ਕਦਰ ਜੋ ਸਾਡੀ ਕਰਦੇ ਸੀ, ਕਦਰਦਾਨਾਂ ’ਤੇ ਕੀ ਗੁਜ਼ਰੀ ! ਹਜ਼ਾਰਾਂ ਕਤਲ ਕਰ ਦਿੱਤੇ ਅਨੇਕਾਂ ਨੂੰ ਦਬਾ ਦਿੱਤਾ, ਪਤਾ ਨਹੀਂ ਤੈਨੂੰ ਮੇਰੇ ਦਿਲ ਦੇ ਅਰਮਾਨਾਂ ’ਤੇ ਕੀ ਗੁਜ਼ਰੀ ! ਜਦੋਂ ਕੀਤੇ ਗਏ ਟੁੱਕੜੇ ਵਤਨ ਦੇ ਸਬਜ਼ਾ-ਜ਼ਾਰਾਂ ਦੇ, ਸ਼ਹੀਦਾਂ ਨੇ ਜੋ ਕੀਤੇ ਸੀ, ਬਲੀਦਾਨਾਂ 'ਤੇ ਕੀ ਗੁਜ਼ਰੀ ! ਕਿਵੇਂ ਦੱਸੋ ਭੁਲਾਵਾਂਗਾ ਕਿ ਟੋਟੇ ਕਰਨ ਦੇ ਵੇਲੇ, ਗ਼ਰੀਬਾਂ ਹਿੰਦੂਆਂ, ਸਿੱਖਾਂ, ਮੁਸਲਮਾਨਾਂ 'ਤੇ ਕੀ ਗੁਜ਼ਰੀ ! ਨਾ ਜਿਹੜੇ ਛਪ ਸਕੇ, ਅਖ਼ਬਾਰ ਦੇ ਪਹਿਲੇ ਸਫ਼ੇ ਉੱਤੇ, ਸਨੇ-ਗ਼ਮ ਦੀ ਇਬਾਰਤ ਉਹਨਾਂ ਉਣਵਾਨਾਂ 'ਤੇ ਕੀ ਗੁਜ਼ਰੀ ! ਹਸ਼ਰ ਤੀਕਣ ਚਿਤਾਵਾਂ ਬਲਦੀਆਂ ਰਹੀਆਂ ਦਿਨੇ-ਰਾਤੀਂ, ਨਿਮਾਣੇ ਸੜ੍ਹਦੇ-ਬਲਦੇ, ਤਪਦੇ ਸ਼ਮਸ਼ਾਨਾਂ ’ਤੇ ਕੀ ਗੁਜ਼ਰੀ ! ਜਿੰਨ੍ਹਾਂ ਦੇ ਨਾਲ ਭੁੱਖ ਦੇ ਵਿਲਵਿਲਾਉਂਦੇ ਮਰ ਗਏ ਬਚੜੇ, ਪਤਾ ਨਹੀਂ ਰੋਂਦੀਆਂ ਮਾਵਾਂ ਦੇ ਪਿਸਤਾਨਾਂ ’ਤੇ ਕੀ ਗੁਜ਼ਰੀ ! ਜਦੋਂ ਕੁਮਲਾ ਗਈਆਂ ਕਲੀਆਂ ਅਤੇ ਮੁਰਝਾ ਗਏ ਗੁੰਚੇ, ਵਿਚਾਰੇ ਗ਼ਮਜ਼ਦਾ ਹੋਏ, ਗੁਲਿਸਤਾਨਾਂ ’ਤੇ ਕੀ ਗੁਜ਼ਰੀ ! ਪਤਾ ਹੈ ਆਪ ਨੂੰ ਨਮਰੂਦ ਜਦ ਭਗਵਾਨ ਬਣ ਬੈਠਾ, ਖ਼ੁਦਾ ਨੂੰ ਪਿਆਰ ਕਰਦੇ ਨੇਕ ਇਨਸਾਨਾਂ ’ਤੇ ਕੀ ਗੁਜ਼ਰੀ ! ਜਦੋਂ ਉੱਠਿਆ ਜਨਾਜ਼ਾ ‘ਕੈਸ’ ਦਾ ਤਾਂ ਆਸਮਾਂ ਰੋਇਆ, ਵਿਚਾਰੇ ਹੋ ਗਏ ਸੁੰਞੇ, ਦਰੇ-ਜਾਨਾਂ ’ਤੇ ਕੀ ਗੁਜ਼ਰੀ !

ਕਾਹਨੂੰ ਦਾਰੂ-ਦਵਾ ਕਰੋ ਯਾਰੋ

ਕਾਹਨੂੰ ਦਾਰੂ-ਦਵਾ ਕਰੋ ਯਾਰੋ ! ਮੈਨੂੰ ਹੱਸਕੇ ਵਿਦਾ ਕਰੋ ਯਾਰੋ ! ਹੱਕ ਅਪਣਾ ਜਤਾਉਣ ਤੋਂ ਪਹਿਲਾਂ, ਫ਼ਰਜ਼ ਅਪਣਾ ਅਦਾ ਕਰੋ ਯਾਰੋ ! ਦਿਲ ਚੁਰਾਇਆ ਹੈ ਯਾਰ ਨੇ ਜੇਕਰ, ਜਾਨ ਅਪਣੀ ਫ਼ਿਦਾ ਕਰੋ ਯਾਰੋ ! ਉਹਦੀ ਰਹਿਮਤ ਜਗਾਉਣ ਦੀ ਖ਼ਾਤਰ, ਛੋਟੀ-ਮੋਟੀ ਖ਼ਤਾ ਕਰੋ ਯਾਰੋ ! ਕਰਦੇ ਕਿਉਂ ਨਹੀਂ ਜੇ ਕਰਨ ਜੋਗੇ, ਗਾਹੇ-ਗਾਹੇ ਭਲਾ ਕਰੋ ਯਾਰੋ ! ‘ਕੈਸ’ ਵਰਗੇ ਗੰਵਾਰ ਬੰਦੇ ਤੇ, ਖ਼ਾਸ ਕਰਕੇ ਦਇਆ ਕਰੋ ਯਾਰੋ !

ਸਾਡੇ ਯਾਰ ਦੇ ਨਾਲ ਅੰਗਿਆਰ ਯਾਰੋ

ਸਾਡੇ ਯਾਰ ਦੇ ਨਾਲ ਅੰਗਿਆਰ ਯਾਰੋ ! ਜੀਕੂੰ ਫੁੱਲਾਂ ਦੇ ਨਾਲ ਨੇ ਖ਼ਾਰ ਯਾਰੋ ! ਸਾਡੇ ਨਾਲ ਜੇ ਕਰੋਗੇ ਪਿਆਰ ਯਾਰੋ ! ਅਸੀਂ ਜਿੰਦੜੀ ਦਿਆਂਗੇ ਵਾਰ ਯਾਰੋ ! ਵੇਖੋ ਆ ਗਿਆ ਯਾਰਾਂ ਦਾ ਯਾਰ ਯਾਰੋ ! ਆਇਆ ਯਾਰ ਤਾਂ ਆਈ ਬਹਾਰ ਯਾਰੋ ! ਮੈਂ ਆਪ ਹੀ ਆਪ ਨੂੰ ਜਾਣਦਾ ਹਾਂ, ਪਰ ਨਹੀਂ ਜਾਣਦਾ ਭਲੀ ਪ੍ਰਕਾਰ ਯਾਰੋ ! ਯਾਰੀ ਫੁੱਲਾਂ ਦੇ ਨਾਲ ਨਿਭਾਣ ਖ਼ਾਤਰ, ਕੀਤਾ ਕੰਡਿਆਂ ਨਾਲ ਵੀ ਪਿਆਰ ਯਾਰੋ ! ਸੋਚ-ਸਮਝ ਕੇ ਯਾਰ ਨਹੀਂ ਪਿਆਰ ਕਰਦੇ, ਕੀਤਾ ਜਾਂਦਾ ਨਹੀਂ ਵਣਜ-ਵਪਾਰ ਯਾਰੋ ! ਯਾਰ ਸਦਾ ਨਹੀਂ ਯਾਰਾਂ ਦੇ ਨਾਲ ਰਹਿੰਦੇ, ਕਦੀ ਰਹਿੰਦੀ ਨਹੀਂ ਸਦਾ ਬਹਾਰ ਯਾਰੋ ! ਜਦੋਂ ਯਾਰਾਂ ਦੇ ਯਾਰ ਪ੍ਰਦੇਸ ਜਾਂਦੇ, ਚੀਕਾਂ ਮਾਰਦੇ ਦਰੋ-ਦੀਵਾਰ ਯਾਰੋ ! ਲੱਦ ਗਏ ਨੇ ਸ਼ਾਹ ਸੁਲਤਾਨ ਇੱਥੋਂ, ਗਏ ਚਲੇ ਨੇ ਰੂਸ ਦੇ ਜ਼ਾਰ ਯਾਰੋ ! ਛਾਲਾਂ ਮਾਰਦੇ ਦੌੜਦੇ ਯਾਰ ਆਉਂਦੇ, ਜਦੋਂ ਖੜਕਦੇ ਦਿਲਾਂ ਦੇ ਤਾਰ ਯਾਰੋ ! ਕਹਿਣਾ ਚਾਹੀਦਾ ਆਪਦਾ ਤਾਬਿਆ ਹਾਂ, ਅਸੀਂ ਆਖਦੇ ਤਾਬਿਆਦਾਰ ਯਾਰੋ ! ਯਾਰੋ ਸ਼ਾਇਰੀ ਸ਼ੁਗਲ ਕਮਾਲ ਦਾ ਹੈ, ‘ਕੈਸ’ ਦਾਸ ਦਾ ਨਹੀਂ ਰੁਜ਼ਗਾਰ ਯਾਰੋ !

ਅਸੀਂ ਨਾਮ-ਨਿਹਾਦ ਮੁਖ਼ਤਾਰ ਯਾਰੋ

ਅਸੀਂ ਨਾਮ-ਨਿਹਾਦ ਮੁਖ਼ਤਾਰ ਯਾਰੋ ! ਕਰਨ-ਕਾਰਨ ਹੈ ਆਪ ਕਰਤਾਰ ਯਾਰੋ ! ਵਾਅਦੇ ਦੋਸਤਾਂ ਕੀਤੇ ਹਜ਼ਾਰ ਯਾਰੋ ! ਕੋਈ ਕਿਸ ਤਰ੍ਹਾਂ ਕਰੇ ਇਤਬਾਰ ਯਾਰੋ ! ਕਦੀ ਝੂਠਿਆਂ ਕੋਲੋਂ ਨਹੀਂ ਮਾਰ ਖਾਂਦੇ, ਜਿਹੜੇ ਸੱਚ ਦੇ ਅਲਮਬਰਦਾਰ ਯਾਰੋ ! ਗ਼ੈਰ ਆਖਦੇ ਉਹਨਾਂ ’ਤੇ ਜ਼ੁਲਮ ਹੋਇਆ, ਯਾਰ ਕਰੇ ਜੇ ਕੋਈ ਉਪਕਾਰ ਯਾਰੋ ! ਹੋਣਾ ਚਾਹੋ ਜੇ ਸ਼ੁਕਰਗੁਜ਼ਾਰ ਹੋਣਾ, ਦਿਲ ਖੋਲ੍ਹ ਕੇ ਕਰੋ ਇਜ਼ਹਾਰ ਯਾਰੋ ! ਬੰਦਾ ਮਰਦ ਜੇ ਹਾਰੇ ਹਜ਼ਾਰ ਵਾਰੀਂ, ਤਾਂ ਵੀ ਮੰਨਦਾ ਨਹੀਂ ਏ ਹਾਰ ਯਾਰੋ ! ਭਾਵੇਂ ਫੁੱਲਾਂ ਦੇ ਨਾਲ ਹੈ ਪਿਆਰ ਮੈਨੂੰ, ਮੈਨੂੰ ਬਾਹਵਾਂ ਦਾ ਹਾਰ ਦਰਕਾਰ ਯਾਰੋ ! ਬੰਦਾ ‘ਕੈਸ’ ਜੋ ਬਹੁਤ ਮਿਲਾਪੜਾ ਹੈ, ਉਹਨੂੰ ਆਖਦੇ ਯਾਰਾਂ ਦਾ ਯਾਰ ਯਾਰੋ ! ਜ਼ੁਲਫ਼ ਯਾਰ ਦੀ ਜਦੋਂ ਵੀ ਜੀਅ ਚਾਹਵੇ, ਲੈਂਦੀ ‘ਕੈਸ’ ਨੂੰ ਸੈਨਤਾਂ ਮਾਰ ਯਾਰੋ !

ਆਓ! ਬੈਠ ਕੇ ਕਰੋ ਪਿਆਰ ਦੀ ਗੱਲ

ਆਓ! ਬੈਠ ਕੇ ਕਰੋ ਪਿਆਰ ਦੀ ਗੱਲ। ਕਿਸੇ ਸੁਹਣੇ ਸੁਨਖੜੇ ਯਾਰ ਦੀ ਗੱਲ। ਕਾਰੋਬਾਰ ਦੀ ਕਰੋ ਨਾ ਮੂਲ ਕੋਈ, ਕਰੋ ਹੋਰ ਅਨੇਕ ਪ੍ਰਕਾਰ ਦੀ ਗੱਲ। ਗੱਲ ਹੁੰਦੀ ਹੈ ਯਾਰ ਦੇ ਨਖ਼ਰਿਆਂ ਦੀ, ਕੀਤੀ ਜਾਂਦੀ ਹੈ ਤੀਰ ਤਲਵਾਰ ਦੀ ਗੱਲ। ਗੱਲਾਂ ਬੇ-ਬਹਾਰੀਆਂ ਕਰੋ ਕਾਹਨੂੰ, ਕਰੋ ਦੋਸਤੋ! ਗੁਲੋ-ਗੁਲਜ਼ਾਰ ਦੀ ਗੱਲ। ਕਰੀ ਜਾਂਦੇ ਨੇ ਫਲਸਫ਼ੀ ਗੱਲ ਅਪਣੀ, ਆਮ ਲੋਕਾਂ ਦੀ ਸਮਝ ਤੋਂ ਬਾਹਰ ਦੀ ਗੱਲ। ਮੇਰੀ ਲੇਖਣੀ ਕਰੇ ਬਿਆਨ ਕੀਕਣ ! ਕੀਤੇ ਨਾਜ਼ੀਆਂ ਦੇ ਅੱਤਿਆਚਾਰ ਦੀ ਗੱਲ। ਪਹਿਲਾਂ ਅਪਣਾ ਕਰੋ ਸੁਧਾਰ ਯਾਰੋ ! ਫੇਰ ਕਰਾਂਗੇ ਲੋਕ-ਸੁਧਾਰ ਦੀ ਗੱਲ। ਦੱਸਾਂ ਮੈਂ ਕੀ, ਤੂੰ ਕੀ ਜਾਣਦਾ ਨਹੀਂ ! ਰੱਬਾ ! ਮੇਰਿਆ ਤੇਰੇ ਸੰਸਾਰ ਦੀ ਗੱਲ। ਵਾਵਾਂ ਵੱਗੀਆਂ ਵੇਗ ਦੇ ਨਾਲ਼ ਯਾਰੋ, ਕੀਤੀ ਯਾਰ ਦੀ ਤੇਜ਼ ਰਫ਼ਤਾਰ ਦੀ ਗੱਲ। ਗੱਲ ਕਰਨ ਲੱਗਾ ਦਿਲੋਂ ਸੋਚਦਾ ਹਾਂ, ਕੌਣ ਸੁਣੇਗਾ ‘ਕੈਸ’ ਗੁਆਰ ਦੀ ਗੱਲ।

ਬੰਦਾ ਜਿਹੜਾ ਹੈ ਦਿਲ ਵਾਲਾ

ਬੰਦਾ ਜਿਹੜਾ ਹੈ ਦਿਲ ਵਾਲਾ। ਉਹ ਪੀਂਦਾ ਹੈ ਗ਼ਮ ਦੀ ਹਾਲਾ। ਸੜ੍ਹ ਜਾਂਦੇ ਅਰਮਾਨ ਦਿਲਾਂ ਦੇ, ਜਦ ਬਿਰਹੋਂ ਦੀ ਬਲੇ ਜੁਆਲਾ। ਮੇਰਾ ਯਾਰ ਜੁਦਾਈ ਅੰਦਰ, ਟੱਸ-ਟੱਸ ਕਰੇ ਜਿਗਰ ਦਾ ਛਾਲਾ। ਮੈਂਢਾ ਰੁੱਠੜਾ ਯਾਰ ਮਨਾ ਦੇ, ਕਰ ਕਿਰਪਾ ਮੁਝ ਪਰ ਨੰਦਲਾਲਾ। ਗੱਲਾਂ ਸੱਚੀਆਂ ਕਰਦਾ ਹਾਂ ਮੈਂ, ਲਾ ਕੇ ਥੋੜ੍ਹਾ ਮਿਰਚ-ਮਸਾਲਾ। ਭਗਵੇਂ ਪਾ ਕੇ, ਤਿਲਕ ਲਗਾ ਕੇ, ਮੈਂ ਨਹੀਂ ਕਰਦਾ ਕਦੀ ਵਖਾਲਾ। ਨਾ-ਮੁਮਕਿਨ ਹੈ ਮੈਂ ਬਹਿ ਜਾਵਾਂ, ਮੂੰਹ ਅਪਣੇ ਨੂੰ ਲਾ ਕੇ ਤਾਲ਼ਾ। ਝੂਠ ਬੋਲਣੋ ਡਰਦਾ ਹਾਂ ਮੈਂ, ਹੋਵੇ ਝੂਠੇ ਦਾ ਮੂੰਹ ਕਾਲਾ। ਜੇ ਤੂੰ ਦਿਲ ਵਿੱਚ ਪਿਆਰ ਵਸਾਵੇਂ, ਤੇਰਾ ਹੁਸਨ ਹੋਵੇ ਦੋਬਾਲਾ। ਤੇਰੇ ਆਇਆਂ ਹੋ ਜਾਂਦਾ ਹੈ, ਮੱਸਿਆ ਵਾਲ਼ੀ ਰਾਤ ਉਜਾਲਾ। ਰੱਬਾ! ਤੇਰੀ ਦੁਨੀਆ ਅੰਦਰ, ਡਿੱਠਾ ਹਰ ਦਸਤੂਰ ਨਿਰਾਲਾ। ਸਰਦੀ ਨਾਲ ਸੁੰਗੜਦੇ ਲੋਕੀਂ, ਕਬਰਾਂ ਉੱਤੇ ਪਾਉਣ ਦੁਸ਼ਾਲਾ। ਮਰ ਕੇ ਹੱਡੀਆਂ ਦੀ ਮੁੱਠ ਹੋਵੇ, ਨਾ ਕੋਈ ਗੋਰਾ ਨਾ ਕੋਈ ਕਾਲ਼ਾ। ਅੰਤ ਸਮੇਂ ਕੋਠੀ ਦਾ ਮਾਲਕ, ਨਾ ਘਰ ਵਾਲੀ ਨਾ ਘਰ ਵਾਲਾ। ਚੰਗੇ ਲੇਖ ਲਿਖਾਉਂਦਾ ਜੇ ਮੈਂ, ਬਣਦਾ ਮਰਦਾਨਾ ਜਾਂ ਬਾਲਾ। ਰੋਜ ਸ਼ਿਵਾਲੇ ਆਉਂਦੇ-ਜਾਂਦੇ, ਰਾਹ ਵਿੱਚ ਆਉਂਦੀ ਹੈ ਮਧੁਸ਼ਾਲਾ। ਆਖੇ ਪੰਡਤ ਦਸ਼ਾ ਸ਼ਨੀ ਦੀ, ਕਰ ਤੂੰ ‘ਕੈਸ’ ਕੋਈ ਉਪਰਾਲਾ।

ਬਜ਼ੁਰਗਾਂ ਜਾਂ ਜਵਾਨਾਂ ਨੇ ਕਿਸੇ ਨੌਜ਼ਾਦ ਨਹੀਂ ਕੀਤਾ

ਬਜ਼ੁਰਗਾਂ ਜਾਂ ਜਵਾਨਾਂ ਨੇ ਕਿਸੇ ਨੌਜ਼ਾਦ ਨਹੀਂ ਕੀਤਾ। ਮੈਂ ਖ਼ੁਦ ਬਰਬਾਦ ਹੋਇਆ ਹਾਂ ਤੁਸਾਂ ਬਰਬਾਦ ਨਹੀਂ ਕੀਤਾ। ਭਲਾ ਕੀ ਇਸ਼ਕ ਸਾਡੇ ਅੱਬਾ-ਓ-ਅਜਦਾਦ ਨਹੀਂ ਕੀਤਾ। ਕ੍ਰਿਸ਼ਨ ਭਗਵਾਨ, ਰਾਧਾ, ਸ਼ੀਰੀ ਜਾਂ ਫ਼ਰਹਾਦ ਨਹੀਂ ਕੀਤਾ। ਜ਼ਿਕਰ ਮੇਰੇ ਨਸ਼ੇਮਨ ਦਾ ਕਦੀ ਸੱਯਾਦ ਨਹੀਂ ਕੀਤਾ, ਕਿਸੇ ਸਰਵੋ-ਸਨੋਬਰ ਨੇ ਕਿਸੇ ਸ਼ਮਸ਼ਾਦ ਨਹੀਂ ਕੀਤਾ। ਤੁਹਾਡੀ ਆਸਮਾਂ ਵੱਲ ਵੇਖਦੇ ਹੀ ਯਾਦ ਆਉਂਦੀ ਹੈ, ਕਿਵੇਂ ਆਖਾਂ ਤੁਹਾਨੂੰ ਮੈਂ ਕਦੀ ਵੀ ਯਾਦ ਨਹੀਂ ਕੀਤਾ। ਹਜ਼ਾਰਾਂ ਬਸਤੀਆਂ ਹਰ ਰੋਜ਼ ਹੀ ਬਰਬਾਦ ਹੁੰਦੀਆਂ ਨੇ, ਸਿਤਮਗਰ ਨੇ ਸਿਤਮ ਹਾਲੇ ਨਵਾਂ ਈਜਾਦ ਨਹੀਂ ਕੀਤਾ। ਬਿਆਂ ਤੇਰਾ ਮੁਕੰਮਲ ਤੌਰ ਤੇ ਕਰਨਾ ਹੈ ਨਾਮੁਮਕਿਨ, ਕਿਸੇ ਪੀਰੋ-ਪੈਗੰਬਰ ਨੇ, ਕਿਸੇ ਉਸਤਾਦ ਨਹੀਂ ਕੀਤਾ। ਪ੍ਰਭੂ ਨੂੰ ਉੱਠਦਾ-ਬਹਿੰਦਾ, ਕਾਰ ਕਰਦਾ ਯਾਦ ਕਰਦਾ ਹਾਂ, ਕਦੀ ਲਾ ਕੇ ਸਮਾਧੀ ਮੈਂ ਸਮਾਂ ਬਰਬਾਦ ਨਹੀਂ ਕੀਤਾ। ਜ਼ਿਕਰ ਹੁੰਦੇ ਹੀ ਰਹਿੰਦੇ ਨੇ ਮਗਰ ਇੱਕ ਤਜਕਰਾ ਮੇਰਾ, ਕਿਸੇ ਸ਼ਾਇਰ, ਕਿਸੇ ਲੇਖਕ, ਕਿਸੇ ਨੱਕਾਦ ਨਹੀਂ ਕੀਤਾ। ਅਗਰਚਿ ਮਹਿਕਮਾ ਮੌਜੂਦ ਹੈ ਇੱਕ ਫਿਰ ਬਸਾਉ ਦਾ, ਕਿਸੇ ਨੇ ‘ਕੈਸ’ ਦੇ ਦਿਲ ਨੂੰ ਅਜੇ ਆਬਾਦ ਨਹੀਂ ਕੀਤਾ।

ਸਹਿ-ਸਹਿ ਕੇ ਰਾਹਵਾਂ ਦੀ ਸਖ਼ਤੀ

ਸਹਿ-ਸਹਿ ਕੇ ਰਾਹਵਾਂ ਦੀ ਸਖ਼ਤੀ। ਮਿਲ ਗਈ ਮਿੱਟੀ ਦੇ ਵਿੱਚ ਹਸਤੀ। ਮੇਟ ਗਿਆ ਕੋਈ ਨਾਉਂ ਲਿਖ ਕੇ, ਦਿਲ ਮੇਰੇ ਦੀ ਕੋਰੀ ਤਖ਼ਤੀ। ਸੜ੍ਹਦਾ-ਭੱਜਦਾ ਬਿਰਹਾ ਆਇਆ, ਫੂਕ ਗਿਆ ਚਾਵਾਂ ਦੀ ਬਸਤੀ। ਪੈਸਾ ਪੱਲੇ ਹੈ ਤਾਂ ਯਾਰੋ ! ਕੋਈ ਸ਼ੈਅ ਨਹੀਂ ਮਹਿੰਗੀ ਸਸਤੀ। ਮੈਂ ਤੇਰੇ ਅਰਸ਼ਾਂ ਤੋਂ ਵਾਰੀ, ਵੇਖ ਮੇਰੇ ਫ਼ਰਸ਼ਾਂ ਦੀ ਪਸਤੀ। ਮੈਂ ਗਿਣਦਾ ਹਾਂ ਰਾਤੀਂ ਤਾਰੇ, ਕੌਣ ਕਰੇ ਦੁੱਖਾਂ ਦੀ ਗਿਣਤੀ। ਲਈਏ ਨਾਮ ਖ਼ੁਦਾ ਦਾ ਗਿਣ ਕੇ, ਭਗਤੋ ! ਇਹ ਕੈਸੀ ਹੈ ਭਗਤੀ। ਫਿਰਦਾ ਰਹਿੰਦੈ ਵਾਂਙ ਜਨੌਰਾਂ, ਜੰਗਲ-ਬੇਲੇ ਬਾਨ-ਪ੍ਰਸਤੀ। ਪਾ ਸਕਦੈ ਪਰਮੇਸ਼ਰ ਅਪਣਾ, ਘਰ ਵਿੱਚ ਬਹਿ ਕੇ ਨੇਕ ਗਸਤੀ। ਹੁਣ ਨੀਂਦਰ ਦੀ ਨਾਤੀ ਆਵੇ, ‘ਕੈਸ’ ਕਰੋ ਪ੍ਰਭ ਆਗੇ ਬਿਨਤੀ।

ਲਾ ਕੇ ਨਾਲ ਕਿਸੇ ਦੇ ਪ੍ਰੀਤੀ

ਲਾ ਕੇ ਨਾਲ ਕਿਸੇ ਦੇ ਪ੍ਰੀਤੀ, ਕੀ ਦੱਸਾਂ ਕੀ ਦਿਲ 'ਤੇ ਬੀਤੀ ! ਗ਼ੈਰਾਂ ਨਾਲ ਕਰੇ ਨਾ ਕੋਈ, ਜੋ ਮੇਰੇ ਯਾਰਾਂ ਨੇ ਕੀਤੀ। ਯਾਰ ਬਣਾ ਕੇ ਦਗ਼ਾ ਕਮਾਣਾ, ਇਹ ਤਾਂ ਹੈ ਦੁਸ਼ਮਣ ਦੀ ਨੀਤੀ। ਬੇਸ਼ਕ ਦਾਰੂ ਪੀਂਦਾ ਹਾਂ ਮੈਂ, ਮੈਂ ਨਹੀਂ ਸ਼ਰਮ ਘੋਲ ਕੇ ਪੀਤੀ। ਸ਼ਮਸ ਪੁੱਠੀ ਖੱਲ ਲੁਹਾ ਕੇ, ਨਾ ਕਿੱਸਿਆ ਤੇ ਨਾ ਸੀ ਕੀਤੀ। ਪਿਆਰ ਕਰੋ ਤਾਂ ਮਰ ਮੁੱਕ ਜਾਓ, ਕਿੰਨੀ ਜ਼ਾਲਮ ਹੈ ਇਹ ਰੀਤੀ! ਕਾਹਨੂੰ ਬਹਿ ਕੇ ਚੇਤੇ ਕਰੀਏ, ਜੋ ਹੋਈ ਸੋ ਹੋਈ ਬੀਤੀ। ਪੂਰਨ ਚੰਦਰਮਾ ਦੀ ਰਾਤੇ, ਜਿੰਨੀ ਮਿਲ ਗਈ ਓਨੀ ਪੀਤੀ। ਵੈਰੀ ਹੋ ਗਿਆ ‘ਕੈਸ' ਜ਼ਮਾਨਾ, ਨਾ ਮਾੜੀ ਨਾ ਚੰਗੀ ਕੀਤੀ।

ਨਿਮਾਣੀ ਗ਼ਜ਼ਲ ਦੇ ਮਿਸਰੇ ਬੜੀ ਗੱਲ ਨਹੀਂ ਜੇ ਨਾ ਜੋੜਾਂ

ਨਿਮਾਣੀ ਗ਼ਜ਼ਲ ਦੇ ਮਿਸਰੇ ਬੜੀ ਗੱਲ ਨਹੀਂ ਜੇ ਨਾ ਜੋੜਾਂ ! ਮਗਰ ਕੋਮਲ ਖ਼ਿਆਲਾਂ ਦੇ ਦਿਲਾਂ ਨੂੰ ਕਿਸ ਤਰ੍ਹਾਂ ਤੋੜਾਂ ! ਅਗਰ ਚਾਹਵਾਂ ਤਾਂ ਹੁਣ ਵੀ ਮੰਜ਼ਿਲ ਮਾਰ ਸਕਦਾ ਹਾਂ, ਮਗਰ ਮੈਂ ਗ਼ੈਰਾਂ ਵਾਗੂੰ ਨਹੀਂ ਕਦੀ ਵੀ ਕੀਤੀਆਂ ਦੌੜਾਂ। ਕਦੀ ਹੁੰਦਾ ਸੀ ਦਿਲ ਮੇਰਾ, ਮਗਰ ਹੁਣ ਤੇਰੀ ਦੌਲਤ ਹੈ, ਤੂੰ ਮੈਨੂੰ ਬੇ-ਵਜ੍ਹਾ ਆਖੇਂ ਕਿ ਦੱਸ ਤੋੜਾਂ ਜਾਂ ਨਾ ਤੋੜਾਂ ! ਭਲਾ ਚੰਗਾ ਹਾਂ ਜੇਕਰ ਨਾ ਮੈਂ ਜਾਵਾਂ ਯਾਰ ਦੇ ਦਰ ਤੇ, ਦਿਲੇ-ਅਨਮੋੜ ਨੂੰ ਯਾਰੋ ! ਕਿਵੇਂ ਤੇ ਕਿਸ ਤਰ੍ਹਾਂ ਮੋੜਾਂ ! ਅਮੀਰੀ ਦਿਲ ਦੀ ਦੌਲਤ ਹੈ ਬੜਾ ਸ਼ਾਹਦਿਲ ਹੈ ਦਿਲ ਮੇਰਾ, ਖ਼ਜ਼ਾਨਾ ਹੈ ਮੁਹੱਬਤ ਦਾ ਮਗਰ ਯਾਰਾਂ ਦੀਆਂ ਥੋੜ੍ਹਾਂ। ਚਲੋ ! ਚੰਗਾ ਹੈ ਮੇਰੇ ਦਰਦੇ-ਦਿਲ ਦੀ ਕੋਈ ਸਾਥਣ ਹੈ, ਵਿਚਾਰੀ ਪੀੜ ਵੱਸਦੀ ਹੈ ਮੇਰੇ ਹੱਡੀਂ ਮੇਰੇ ਜੋੜਾਂ। ਜ਼ਮਾਨਾ ਗੁਜ਼ਰਿਆ ਹੈ ਤਾਂ ਵੀ ਪਿੰਡ ਦੀ ਯਾਦ ਆਉਂਦੀ ਹੈ, ਕਿਤੇ ਟਾਹਲੀ, ਕਿਤੇ ਬੇਰੀ, ਕਿਤੇ ਪਿੱਪਲ, ਕਿਤੇ ਥੋੜ੍ਹਾਂ। ਮੈਂ ਤੌਬਾ ਤੋੜ ਬੈਠਾ ਹਾਂ, ਅਤੇ ਦਮ ਤੋੜ ਸਕਦਾ ਹਾਂ, ਮਗਰ ਇਹ ਗ਼ੈਰ-ਮੁਮਕਿਨ ਹੈ, ਵਫ਼ਾ ਤੋਂ ਮੂੰਹ ਕਦੀ ਮੋੜਾਂ। ਕਦੀ ਤਾਂ ਹੋ ਹੀ ਜਾਂਦਾ ਹੈ ਕੁੜੱਤਣ ਨਾਲ ਮੂੰਹ ਕੌੜਾ, ਮਗਰ ਨਹੀਂ ‘ਕੈਸ’ ਪਾਲਦੇ ਦਿਲ ਵਿੱਚ ਕਦੀ ਕੌੜਾਂ।

ਯਾਦ ਤੇਰੀ ਆਂਵਦੀ ਹੈ ਹਰ ਘੜੀ

ਯਾਦ ਤੇਰੀ ਆਂਵਦੀ ਹੈ ਹਰ ਘੜੀ। ਯਾਦ ਤੇਰੀ ਹੈ ਬੁਢਾਪੇ ਦੀ ਛੜੀ। ਯਾਦ ਤੇਰੀ ਨੂੰ ਭੁਲਾਵਾਂ ਕਿਸ ਤਰ੍ਹਾਂ ! ਯਾਦ ਤੇਰੀ ਦਿਲ ਦੇ ਥੇਵੇ ਹੈ ਜੜੀ। ਯਾਰ ਹੈ ਸ਼ਰਮੋ-ਹਯਾ ਦੀ ਮੂਰਤੀ, ਵਾਹਿਗੁਰੂ ਨੇ ਵਿਹਲੇ ਬਹਿ ਕੇ ਹੈ ਘੜੀ। ਬਿਜਲੀਆਂ ਦੇ ਨਾਲ ਲਾਈਆਂ ਯਾਰੀਆਂ, ਕੱਖ-ਕਾਨਿਆਂ ਦੀ ਬਣਾ ਕੇ ਝੌਂਪੜੀ। ਮੂੰਹ ਵਿਖਾ ਕੇ ਦੌੜ ਜਾਂਦੀ ਹੈ ਬਹਾਰ, ਸਾਥ ਦਿੰਦੀ ਹੈ ਹਮੇਸ਼ਾ ਪੱਤਝੜੀ। ਤੋੜ ਦਿੱਤੀ ਹੈ ਕਿਸੇ ਬੇ-ਰਹਿਮ ਨੇ, ਮੇਰਿਆਂ ਕੋਮਲ ਖ਼ਿਆਲਾਂ ਦੀ ਲੜੀ। ਸੋਚਦਾ ਰਹਿੰਦਾ ਹਾਂ ਸਾਰੀ ਰਾਤ ਮੈਂ, ਅੱਖ ਮੇਰੀ ਨਾਲ ਤੇਰੇ ਕਿਉਂ ਲੜੀ। ਮਾਏ ! ਲੰਮੀ ਉਮਰ ਦੀ ਨਾ ਦੇ ਦੁਆ, ਇਹ ਸਜ਼ਾ ਮੇਰੇ ਲਈ ਏਨੀ ਬੜੀ। ਆ ਫੜੀ ਵੀਣੀ ਕਿਸੇ ਦੀ ਮੌਤ ਨੇ, ਜੋ ਕਿਸੇ ਅਪਣੇ ਬਿਗਾਨੇ ਨਾ ਫੜੀ। ਕੋਲ ਗ਼ੈਰਾਂ ਦੇ ਖ਼ਜ਼ਾਨੇ ਹੋਣਗੇ, ਹੈ ਵਫ਼ਾ ਦਾ ਲਾਲ ਮੇਰੀ ਗੋਦੜੀ। ਹੌਲ਼ੀ-ਹੌਲ਼ੀ ਕਰਕੇ ਸਾਰੀ ਭਰ ਗਈ, ਦੁਖਾਂ-ਪੀੜਾਂ ਨਾਲ ਦਿਲ ਦੀ ਕੋਠੜੀ। ਕੀ ਵਿਗੜ ਜਾਂਦਾ ਤੇਰੀ ਦਹਿਲੀਜ਼ ਦਾ, ਬੈਠ ਜਾਂਦਾ ‘ਕੈਸ’ ਜੇਕਰ ਦੋ ਘੜੀ।

ਆ ਵੰਞ ਤੂੰ ਯਾਰਾਂ ਦੇ ਵਿਹੜੇ

ਆ ਵੰਞ ਤੂੰ ਯਾਰਾਂ ਦੇ ਵਿਹੜੇ। ਤੂੰ ਆਵੇਂ ਤਾਂ ਆਵਣ ਖੇੜੇ। ਕੁਝ ਮਿਲ ਜਾਂਦੇ ਨੇ ਰਾਹ ਜਾਂਦੇ, ਕੁਝ ਦੁੱਖ ਹੱਥੀਂ ਆਪ ਸਹੇੜੇ। ਰਾਂਝੇ ਰਹਿ ਜਾਂਦੇ ਹਲ਼ ਵਾਹੁੰਦੇ, ਹੀਰਾਂ ਲੈ ਜਾਂਦੇ ਨੇ ਖੇੜੇ। ਸਾਡੇ ਝਗੜੇ ਅਤੇ ਬਖੇੜੇ, ਸੱਜਣਾਂ ਤੁਧ ਬਿਨ ਕੌਣ ਨਬੇੜੇ ! ਅੰਤਰਜਾਮੀ ਪੁਰਖ ਵਿਧਾਤਾ, ਨਦਰੋਂ ਦੂਰ ਦਿਲਾਂ ਦੇ ਨੇੜੇ। ‘ਕੈਸ’ ਭਰੋਸਾ ਜਿਨ ਪਰ ਕੀਜੈ, ਦੱਸੋ ਉਹ ਗੁਰਮੁਖ ਹਨ ਕਿਹੜੇ ?

  • ਮੁੱਖ ਪੰਨਾ : ਪੰਜਾਬੀ ਗ਼ਜ਼ਲਾਂ : ਕੈਸ ਕੜਿਆਲਵੀ (ਪੰਡਿਤ ਕਸਤੂਰੀ ਲਾਲ)
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ