1963 ਵਿੱਚ ਜਦੋਂ ਮੈਂ ਪੰਡਿਤ ਬੈਜ ਨਾਥ ਸਕੂਲ ਅੰਮ੍ਰਿਤਸਰ ਵਿੱਚ ਪੜ੍ਹਾਉਣ ਲੱਗਿਆ ਤਾਂ ਮੇਰੀ ਵਾਕਫ਼ੀਅਤ
ਇੱਕ ਸੁਡੌਲ, ਸੁੰਦਰ, ਹਸ-ਮੁੱਖ ਅਤੇ ਬਾਹਰਮੁਖੀ ਵਿਅਕਤੀ ਕਸਤੂਰੀ ਲਾਲ ਨਾਲ ਹੋਈ ਜੋ ਉਰਦੂ ਜ਼ੁਬਾਨ
ਦਾ ਐੱਮ.ਏ. ਪਾਸ ਹੀ ਨਹੀਂ ਸੀ ਸਗੋਂ ਉਰਦੂ ਫ਼ਾਰਸੀ ਦਾ ਵਿਦਵਾਨ, ਗ਼ਾਲਿਬ, ਮੀਰ ਅਤੇ ਫ਼ੈਜ਼ ਦਾ ਸ਼ੈਦਾਈ
ਵੀ ਸੀ। ਮੈਨੂੰ ਸੰਗੀਤ ਦਾ ਸ਼ੌਕ ਸੀ ਸੋ ਇਹ ਵਾਕਫ਼ੀਅਤ ਜਲਦੀ ਹੀ ਗਹਿਰੀ ਦੋਸਤੀ ਵਿੱਚ ਬਦਲ ਗਈ।
1965 ਵਿੱਚ ਮੈਂ ਯੂ.ਕੇ. ਆ ਗਿਆ ਤੇ ਮਗਰੋਂ ਉਸੇ ਸਾਲ ਕਸਤੂਰੀ ਲਾਲ ਵੀ। ਸਾਲ ਕੁ ਛੋਟੀ-ਮੋਟੀ ਨੌਕਰੀ
ਕਰਨ ਤੋਂ ਬਾਅਦ ਉਹ ਡਾਕਖ਼ਾਨੇ ਵਿੱਚ ਇੱਕ ਵੱਡਾ ਅਫ਼ਸਰ ਲੱਗ ਗਿਆ।
ਕਈ ਸਾਲ ਸ਼ੇਅਰੋ-ਸ਼ਾਇਰੀ ਅਤੇ ਸੰਗੀਤ ਦੀਆਂ ਮਹਿਫ਼ਿਲਾਂ ਦੋ-ਤਿੰਨ ਪਰਿਵਾਰਾਂ ਵਿੱਚ ਲੱਗਦੀਆਂ ਰਹੀਆਂ।
ਇਹ ਸਰਗਰਮੀਆਂ ਜਲਦੀ ਹੀ ਮੱਠੀਆਂ ਪੈਣੀਆਂ ਸ਼ੁਰੂ ਹੋ ਗਈਆਂ ਜਦ ਕਸਤੂਰੀ ਲਾਲ ਢਿੱਲਾ-ਮੱਠਾ ਪੈਣਾ
ਸ਼ੁਰੂ ਹੋ ਗਿਆ। ਇਸ ਖ਼ਰਾਬ ਸਿਹਤ ਦਾ ਫ਼ਾਇਦਾ ਪੰਜਾਬੀ ਸਾਹਿਤ ਨੂੰ ਹੋਣਾ ਸੀ। ਉਸਨੇ ਆਪਣੀ ਬਿਮਾਰੀ
ਦੀ ਹਾਲਤ ਵਿੱਚ ਪੰਜਾਬੀ ਭਾਸ਼ਾ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਭਾਵੇਂ ਉਸਨੇ ਕਿਸੇ ਵੀ ਪੱਧਰ ਤੇ
ਪੰਜਾਬੀ ਬਿਲਕੁਲ ਨਹੀਂ ਸੀ ਪੜ੍ਹੀ ਹੋਈ ਪਰ ਜਲਦੀ ਹੀ ਉਸ ਨੇ ਆਪਣੀ ਮਾਂ-ਭਾਸ਼ਾ ਤੇ ਅਬੂਰ ਹਾਸਲ ਕਰ
ਲਿਆ। ਮੇਰੇ ਕਹਿਣ-ਕੁਹਾਣ ਤੇ ਉਸ ਨੇ ਲਿਖਣਾ ਸ਼ੁਰੂ ਕੀਤਾ। ਕੋਈ ਦੋ ਕੁ ਸੌ ਗ਼ਜ਼ਲਾਂ ਦਾ ਹੜ੍ਹ ਆ ਗਿਆ।
ਕੁਝ ਸੁਸਤੀ ਤੇ ਕੁਝ ਲਾਪਰਵਾਹੀ ਕਰਕੇ ਮੇਰੇ ਜ਼ੋਰ ਪਾਉਣ ਤੇ ਵੀ ਛਪਣ- ਛਪਾਉਣ ਤੱਕ ਨੌਬਤ ਨਾ ਆ
ਸਕੀ। ਪਰ ਗ਼ਜ਼ਲਾਂ ਦੀ ਲੈਲਾ ਨੇ ਕਸਤੂਰੀ ਨੂੰ ‘ਕੈਸ’ ਬਣਾ ਦਿੱਤਾ। ਪੰਜਾਬੀ ਸਾਹਿਤ ਨੂੰ ਗ਼ਜ਼ਲਾਂ ਦਾ ਭੰਡਾਰ
ਦੇ ਕੇ ਤਿੰਨ ਸਾਲ ਪਹਿਲਾਂ ਕਸਤੂਰੀ ਲਾਲ ਸਾਨੂੰ ਵਿਛੋੜਾ ਦੇ ਗਿਆ।
ਕਸਤੂਰੀ ਲਾਲ ਦੇ ਪਰਿਵਾਰ ਦੇ ਸਹਿਯੋਗ ਨਾਲ ਗ਼ਜ਼ਲਾਂ ਦੇ ਭੰਡਾਰ ਵਿੱਚੋਂ ਕੁਝ ਗ਼ਜ਼ਲਾਂ ਪੰਜਾਬੀ ਸਾਹਿਤ ਦੀ
ਝੋਲੀ ਪਾ ਰਹੇ ਹਾਂ।
ਧੰਨਵਾਦੀ ਹਾਂ ਕਸਤੂਰੀ ਲਾਲ ਦੀ ਨੂੰਹ ਰਾਣੀ, ਵਿਨੋਦ ਦਾ ਜਿਸ ਨੇ ਖਰੜਾ ਸੰਭਾਲ ਕੇ ਰੱਖਿਆ ਤੇ ਮੇਰੇ ਹਵਾਲੇ ਕੀਤਾ।
ਕਸਤੂਰੀ ਲਾਲ ਦੀ ਪੁੱਤਰੀ ਆਸ਼ਾ ਅਤੇ ਉਸਦੇ ਪਤੀ ਅਸ਼ੋਕ ਦਾ ਅਤਿ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਹਰ
ਲਿਹਾਜ਼ ਨਾਲ ਖੁੱਲ੍ਹ ਦਿੱਤੀ ਇਸ ਕਾਰਜ ਨੂੰ ਸਿਰੇ ਚਾੜ੍ਹਨ ਵਾਸਤੇ।
ਟਾਈਪ ਦੀਆਂ ਗਲਤੀਆਂ ਦੀ ਸੁਧਾਈ ਸਾਬਕਾ ਪ੍ਰਿੰਸੀਪਲ ਪਰਬਿੰਦਰ ਸਿੰਘ ਜੀ ਅਤੇ ਗ਼ਜ਼ਲਕਾਰ ਇਕਵਿੰਦਰ
ਸਿੰਘ ਜੀ ਨੇ ਬੜੀ ਮਿਹਨਤ ਅਤੇ ਲਗਨ ਨਾਲ ਕੀਤੀ ਹੈ। ਇਕਵਿੰਦਰ
ਸਿੰਘ ਜੀ ਨੇ ਮੁੱਖਬੰਦ ਲਿਖਣਾ ਸਵੀਕਾਰ ਕੀਤਾ ਹੈ, ਅਤਿ ਧੰਨਵਾਦੀ ਹਾਂ।
ਕਿਤਾਬ ਦੀ ਵਿਉਂਤ ਅਤੇ ਇਸਦਾ ਚਿਹਰਾ-ਮੁਹਰਾ ਮੇਰੇ ਅਜ਼ੀਜ਼ ਸੁਖਜਿੰਦਰ ਸਿੰਘ ਨੇ ਬੜੇ ਪਿਆਰ ਅਤੇ
ਮਿਹਨਤ ਨਾਲ ਸਿਰਜਿਆ ਹੈ, ਧੰਨਵਾਦੀ ਹਾਂ।
ਕਸਤੂਰੀ ਲਾਲ ‘ਕੈਸ’ ਕੜਿਆਲਵੀ ਦੀਆਂ ਗ਼ਜ਼ਲਾਂ ਹਾਜ਼ਰ ਹਨ, ਆਸ ਹੈ ਪਰਵਾਨ ਚੜ੍ਹਨਗੀਆਂ। - ਗੁਰਬਖ਼ਸ਼ ਸਿੰਘ