Punjabi Geet : Didar Sandhu

ਪੰਜਾਬੀ ਗੀਤ : ਦੀਦਾਰ ਸੰਧੂ


ਪੁੰਨਿਆਂ ਦੀ ਰਾਤ ਚਿੱਟੀ

ਪੁੰਨਿਆਂ ਦੀ ਰਾਤ ਚਿੱਟੀ ਨਨਕਾਣਾ ਯਾਦ ਆਵੇ ਅੱਖੀਆਂ ਨਿਮਾਣੀਆਂ ਚੋਂ ਛਮ ਛਮ ਨੀਰ ਜਾਵੇ ਲੋਕਾਂ ਦਿਆਂ ਖੇਤਾਂ ਵਿੱਚ ਮੱਝਾਂ ਸੀ ਤੂੰ ਚਾਰਦਾ ਕਿਸੇ ਨੂੰ ਕੀ ਪਤਾ ਤੂੰ ਸੀ ਰੂਪ ਕਰਤਾਰ ਦਾ ਤੂੰ ਸੁੱਤਾ ਬਾਂਹ ਹੇਠ, ਸੱਪ ਦੀ ਛਾਂ ਹੇਠ ਮਿੱਠੀ ਮਿੱਠੀ ਨੀਂਦ ਆਵੇ ਪੁੰਨਿਆਂ ਦੀ ਰਾਤ ਚਿੱਟੀ..... ਕੌੜੇ ਕੌੜੇ ਗੰਡਿਆਂ ਨੂੰ ਮਿੱਠੇ ਤੂੰ ਬਣਾ ਲਿਆ ਅੱਕਾਂ ਦੀਆਂ ਕੁੱਕੜੀਆਂ ਚੋਂ ਸ਼ਹਿਦ ਤੂੰ ਪਾ ਲਿਆ ਬੇਰਾਂ ਵਾਂਗੂੰ ਖਾਈ ਜਾਵੇ, ਅੰਬਾਂ ਵਾਂਗ ਚੂਪੀ ਜਾਵੇ ਤੇਰਾ ਭਾਣਾ ਮਾਤ ਪਾਵੇ ਪੁੰਨਿਆ ਦੀ ਰਾਤ ਚਿੱਟੀ ਨਨਕਾਣਾ ਯਾਦ ਆਵੇ ਰੰਗਲਾ ਪੰਜਾਬ ਮੇਰਾ ਨਿੱਕਾ ਨਿੱਕਾ ਵੰਡ ਤਾ ਲੱਖਾਂ ਹੀਰਾਂ ਰੋਦੀਆਂ ਫਕੀਰ ਹੋਇਆ ਮੰਗਤਾ ਨਨਕਾਣਾ ਦੂਰ ਹੋਇਆ, ਦਿਲ ਮੇਰਾ ਚੂਰ ਹੋਇਆ ਰੋਵੇ ਕਿ ਸੰਧੂ ਗਾਵੇ ਪੁੰਨਿਆਂ ਦੀ ਰਾਤ ਚਿੱਟੀ ਨਨਕਾਣਾ ਯਾਦ ਆਵੇ ਅੱਖੀਆਂ ਨਿਮਾਣੀਆਂ 'ਚੋਂ ਛਮ ਛਮ ਨੀਰ ਜਾਵੇ

ਦੇਸ਼ ਪਿਆਰ

ਮਾਹੀ ਚੱਲਿਆ ਲਾਮ ਨੂੰ ਮੇਰਾ, ਸ਼ਗਨ ਮਨਾਉ ਕੁੜੀਉ ਏਹਨੂੰ ਤੋਰਨਾ ਲੰਮਾ ਕਰ ਜੇਰਾ, ਕੱਠੀਆਂ ਹੋ ਆਉ ਕੁੜੀਉ ਜਾਂਦੇ ਦੀ ਬਹਾਦਰੀ ਦੀ ਧਾਂਕ ਜੰਮ ਜਾਏ ਨੀ, ਏਸ ਦੀ ਜਵਾਨੀ ਸੋਹਣੇ ਦੇਸ਼ ਕੰਮ ਆਏ ਨੀ ਬੱਲ੍ਹੇਝ੍ਹੇ ਜਿੱਤ ਦਾ ਏਹਦੇ ਸਿਰ ਸੇਹਰਾ, ਏਹੋ ਗੀਤ ਗਾਉ ਕੁੜੀਉ ਮਾਹੀ ਚੱਲਿਆ ਲਾਮ ਨੂੰ ਮੇਰਾ, ਸ਼ਗਨ ਮਨਾਉ ਕੁੜੀਉ ਮੇਨੂੰ ਮੇਰੇ ਮਾਹੀ ਉੱਤੇ ਰੱਬ ਜਿੱਡਾ ਮਾਣ ਨੀ ਵੇਖਦੇ ਹੀ ਸਾਰ ਵੈਰੀ ਲੁਕ ਛਿਪ ਜਾਣ ਨੀ ਪਾਇਆ ਵੈਰੀਆਂ ਦੇਸ਼ ਨੂੰ ਘੇਰਾ, ਜਿੰਦ ਲੇਖੇ ਲਾਉ ਕੁੜੀਉ ਮਾਹੀ ਚੱਲਿਆ ਲਾਮ ਨੂੰ ਮੇਰਾ, ਸ਼ਗਨ ਮਨਾਉ ਕੁੜੀਉ ਅੱਜ ਸਾਡੇ ਦੇਸ਼ ਨੂੰ ਜਵਾਨੀਆਂ ਦੀ ਲੋੜ ਨੀ ਕਿਸੇ ਗੱਲੋਂ ਵੀ ਨਾ ਆਵੇ ਕਦੇ ਏਹਨੂੰ ਥੋੜ ਨੀ ਆਪੇ ਸਾਂਭ ਲੂੰ ਮੈ ਘਰ ਨੂੰ ਬਥੇਰਾ, ਵਿਦਾ ਕਰ ਆਉ ਕੁੜੀਉ ਮਾਹੀ ਚੱਲਿਆ ਲਾਮ ਨੂੰ ਮੇਰਾ, ਸ਼ਗਨ ਮਨਾਉ ਕੁੜੀਉ ਸਰੂ ਜਿਹੇ ਮਾਹੀ ਦਾ ਨਾਂ ਝੱਲੇ ਕੋਈ ਵਾਰ ਨੀ, ਤਗਮੇ ਬਹਾਦਰੀ ਦੇ ਜਿੱਤਕੇ ਦੀਦਾਰ ਨੀ ਛੇਤੀ ਪਾਊਗਾ ਘਰਾਂ ਨੂੰ ਫੇਰਾ, ਤੁਸੀ ਮੰਨ ਜਾਉ ਕੁੜੀਉ ਮਾਹੀ ਚੱਲਿਆ ਲਾਮ ਨੂੰ ਮੇਰਾ ਸ਼ਗਨ ਮਨਾਉ ਕੁੜੀਉ

ਮਾਏ ਨੀ ਮਾਏ

ਮਾਏ ਨੀ ਮਾਏ ਤੇਰੀ ਲਾਡਲੀ ਨੀ ਤੇਰੀ ਬਾਲੜੀ ਚੱਲੀ ਮਾਰ ਉਡਾਈ ਚੋਗ ਚੁਗਣ ਚੱਲੀ ਉਸ ਗਰਾਂ ਨੀ ਜਿੱਥੇ ਗਈ ਖਲਾਰੀ (ਖੰਡਾਰੀ) ਬਾਬਲਾ ਵੇ ਤੇਰੀ ਆਣ ਦੀ ਵੇ ਜਿੰਦ ਜਾਨ ਦੀ ਡੋਲੀ ਗਈ ਸ਼ਿੰਗਾਰੀ ਹੱਥ ਧਰਕੇ ਉੱਤ ਕਾਲਜੇ ਦੇ ਮੇਰੀ ਕਰੀ ਤਿਆਰੀ ਮਾਏ ਨੀ ਮਾਏ ਵੀਰਾ ਵੇ ਵੀਰਾ ਖੂਹਾਂ ਵਾਲਿਆ ਵੇ ਚੂਹਾਂ ਵਾਲਿਆ ਕਿਤੇ ਭੁੱਲ ਨਾ ਜਾਵੀਂ ਆਊਂ ਪਰਾਉਣੀ ਬਣ ਘਰ ਤੇਰੇ ਵੇ ਕਦੇ ਤੂੰ ਵੀ ਆਵੀਂ ਮਾਏ ਨੀ ਮਾਏ ਜੀਣ ਤੇਰੀਆਂ ਜੋੜੀਆਂ ਵੇ ਮੱਝਾਂ ਘੋੜੀਆਂ ਬਣੀ ਰਹੇ ਸਰਦਾਰੀ ਸੁੱਖਾਂ ਮੰਗਦੀ ਵੀਰਨਾਂ ਵੇ ਤੇਰੀ ਭੈਣ ਪਿਆਰੀ ਮਾਏ ਨੀ ਮਾਏ ਆਜਾ ਨੀ ਆਜਾ ਭਾਬੋ ਮੇਰੀਏ ਨੀ ਹੰਝੂ ਕੇਰੀਏ ਤੈਨੂੰ ਕੋਲ ਬਿਠਾਵਾਂ ਮੰਦਾ ਚੰਗਾ ਜੋ ਤੈਨੂੰ ਬੋਲਿਆਂ ਉਹਦੀ ਭੁੱਲ ਬਖਸ਼ਾਵਾਂ ਮਾਏ ਨੀ ਮਾਏ ਵਿਦਾ ਕਰੋ ਨੀ ਸਈਓ ਆਣ ਕੇ ਸਾਲੂ ਤਾਣਕੇ ਕੋਈ ਦਿਉ ਨਿਸ਼ਾਨੀ ਤੁਸੀਂ ਜਾਣਾ ਘਰ ਆਪਣੇ ਆਪਾਂ ਚੀਜ਼ ਬੇਗਾਨੀ ਮਾਏ ਨੀ ਮਾਏ ਆਜਾ ਨੀ ਸੱਸੇ ਡੋਲੀ ਤਾਰ ਲੈ ਨੀ ਪਾਣੀ ਵਾਰ ਲੈ ਗੱਡੀ ਰੁਕ ਗਈ ਆਪੇ ਪਿਛਲੇ ਰਹਿ ਗਏ ਦੂਰ ਤੇ ਹੁਣ ਤੁਸੀਂ ਹੀ ਮਾਪੇ ਮਾਏ ਨੀ ਮਾਏ ਤੇਰੀ ਲਾਡਲੀ ਨੀ ਤੇਰੀ ਬਾਲੜੀ ਚੱਲੀ ਮਾਰ ਉਡਾਰੀ ਚੋਗ ਚੁਗਣ ਚੱਲੀ ਓਸ ਗਰਾਂ ਨੀ ਜਿੱਥੇ ਗਈ ਖਿਲਾਰੀ

ਮੇਰੀ ਐਸੀ ਝਾਂਜਰ ਛਣਕੇ

ਮੇਰੀ ਐਸੀ ਝਾਂਜਰ ਛਣਕੇ, ਛਣਕਾਟਾ ਪੈਂਦਾ ਗਲੀ – ੨ ਇਸ ਝਾਂਜਰ ਨੂੰ ਪਾ ਕੇ ਨੀ ਮੈਂ ਪਾਵਾਂ ਨੱਚ ਧਮਾਲਾਂ ਪੌਣ ਨੀਵੀਆਂ ਮੋਰ ਸ਼ਰਮ ਨਾਲ ਦੇਖ ਮੇਰੀਆਂ ਚਾਲਾਂ ਮੇਰੇ ਨਾਲੋਂ ਵਧਕੇ ਮੇਰੀ ਝਾਂਜਰ ਕਰੇ ਕਮਾਲਾਂ ਜੀ ਕਰਦਾ ਇਹ ਝਾਂਜਰ ਪਾ ਕੇ ਉਡਜਾਂ ਕਬੂਤਰ ਬਣਕੇ ਛਣਕਾਟਾ..... ਇਸ ਝਾਂਜਰ ਨੇ ਸਿਕਰ ਦੁਪਹਿਰੇ ਕਈ ਲੁੱਟੇ ਕਈ ਮਾਰੇ ਹੋ ਬੈਠੇ ਉਮਰਾਂ ਦੇ ਰੋਗੀ ਲੁੱਟਣ ਆਏ ਨਜਾਰੇ ਨਾਂ ਛਣਕੀ ਨਾਂ ਛਣਕੀ ਅੜੀਏ ਗੱਲ ਪੁੱਜੂ ਸਰਕਾਰੇ ਬਿਨ੍ਹਾਂ ਬਾਲਣੋ ਲਾਬੂ ਨਿਕਲਣ ਨਿਕਲਾਂ ਜਦੋਂ ਬਣ ਠਣਕੇ ਛਣਕਾਟਾ..... ਇਹ ਝਾਂਜਰ ਮੈਨੂੰ ਦੇ ਕੇ ਗਿਆ ਦੀਦਾਰ ਨਿਸ਼ਾਨੀ ਕੰਨੀ ਬੁੰਦੇ ਚੀਚੀ ਛੱਲਾ ਗਲ ਵਿੱਚ ਪਾ ਗਿਆ ਗਾਨੀ ਰੱਜ ਜਵਾਨੀਆਂ ਮਾਣੇ ਅੜੀਉ ਉਹ ਮੇਲਾ ਦਿਲ ਜਾਨੀ ਆਪਣੇ ਹੱਥੀਂ ਝਾਂਜਰ ਦੇ ਵਿੱਚ ਦੇ ਗਿਆ ਪਰੋਕੇ ਮਣਕੇ ਛਣਕਾਟਾ.....

ਛੱਡਿਆ ਤਖਤ ਹਜ਼ਾਰਾ

ਛੱਡਿਆ ਤਖ਼ਤ ਹਜ਼ਾਰਾ ਹੀਰੇ ਆਇਆ ਮੁਲਕ ਬੇਗਾਨੇ ਆਇਆ ਮੁਲਕ ਬੇਗਾਨੇ ਸੇਜ ਤੇਰੇ ਤੇ ਆ ਕੇ ਹੀਰੇ ਜਾਂ ਮੈਂ ਲਾਇਆ ਡੇਰਾ ਸੀ ਤੂੰ ਸੀ ਹੀਰ ਸਲੇਟੀ ਮੇਰੀ ਤੇ ਮੈਂ ਰਾਂਝਾ ਤੇਰਾ ਸੀ ਕੌਣ ਮੇਰਾ ਮੈਂ ਕੀਹਦਾ ਬਣਜਾਂ ਤੂੰ ਹੀ ਦੱਸ ਰਕਾਨੇ ਤੂੰ ਹੀ ਦੱਸ ਰਕਾਨੇ ਛੱਡਿਆ ਤਖ਼ਤ..... ਨਾ ਮਾਪੇ ਨਾ ਚਾਚਾ ਗੁੱਸੇ ਨਾ ਸੀ ਫੱਤੂ ਕਾਜ਼ੀ ਨੀ ਅੱਜ ਜਿੰਨ੍ਹਾਂ ਦਾ ਵੈਰੀ ਬਣਿਆਂ ਉਦੋਂ ਸੀ ਉਹ ਰਾਜ਼ੀ ਨੀ ਬਾਰਾਂ ਸਾਲ ਗੁਜ਼ਾਰੇ ਬੇਲੇ - ਲੋਕਾਂ ਮਾਰੇ ਤਾਹਨੇ ਲੋਕਾਂ ਮਾਰੇ ਤਾਹਨੇ ਛੱਡਿਆ ਤਖ਼ਤ ਹਜ਼ਾਰਾ..... ਅੱਜ ਤਾਂ ਮੈਨੂੰ ਮੇਹਣੇ ਮਾਰਨ ਇਹ ਗਲੀਆਂ ਦੇ ਕੱਖ ਕੁੜੇ ਅੱਜ ਇਹ ਸਾਰੀ ਦੁਨੀਆਂ ਹੋ ਗਈ ਮੇਰੇ ਨਾਲੋਂ ਵੱਖ ਕੁੜੇ ਲੈ-ਚੱਲੇ ਨੇ ਖੇੜੇ – ਤੈਨੂੰ ਬੰਨ੍ਹ ਸ਼ਗਨਾਂ ਦੇ ਗਾਨੇ ਬੰਨ੍ਹ ਸ਼ਗਨਾਂ ਦੇ ਗਾਨੇ ਛੱਡਿਆ ਤਖ਼ਤ ਹਜ਼ਾਰਾ ਹੀਰੇ ਆਇਆ ਮੁਲਕ ਬੇਗਾਨੇ ਆਇਆ ਮੁਲਕ ਬੇਗਾਨੇ.....

ਨਾ ਮਾਰ ਜ਼ਾਲਮਾ ਵੇ

ਉੱਡਦੀ – ਬਹਿੰਦੀ ਜੀ - ਜੀ ਕਹਿੰਦੀ ਤੈਨੂੰ ਤੇਰੀ ਹੂਰ ਵੇ ਨਾ ਮਾਰ ਜ਼ਾਲਮਾਂ ਵੇ - ਪੇਕੇ ਤੱਤੜੀ ਦੇ ਦੂਰ ਤੜਕੇ ਉੱਠ ਚੱਕੀ ਝੋਹ ਲੈਂਦੀ - ਦੁੱਧ ਰਿੜਕ ਕੇ ਧਾਰਾਂ ਚੋ ਲੈਂਦੀ ਮੱਥੇ ਵੱਟ ਪਾਏ ਬਿਨ੍ਹਾਂ ਚੰਨਾ - ਮੈ ਸਿਰ ਤੇ ਕੂੜਾ - ਢੋਹ ਲੈਂਦੀ ਡਿੱਗਦੀ - ਢਹਿੰਦੀ ਵੀ ਤੁਰ ਪੈਂਦੀ ਥੱਕ-ਟੁੱਟ ਹੋਈ - ਚੂਰ ਵੇ ਨਾ ਮਾਰ ਜ਼ਾਲਮਾ..... ਦਿਨ ਲੰਘਦਾ ਕਾਗ ਓਡਾਉਂਦੀ ਦਾ - ਲੁਕ ਛਿਪ ਕੇ ਔਸੀਆਂ ਪਾਉਂਦੀ ਦਾ ਕੋਈ ਵੇਖੇ ਹਾਲ ਨਿਮਾਣੀ ਦਾ ਛਮਕਾਂ ਨਾਲ ਰੂਪ - ਹੰਢਾਉਂਦੀ ਦਾ ਔਖੀ ਰਹਿੰਦੀ - ਪਰ ਸਹਿ ਲੈਂਦੀ - ਸਾਰੇ ਟੱਬਰ ਦੀ ਘੂਰ ਵੇ ਨਾ ਮਾਰ ਜ਼ਾਲਮਾਂ..... ਨੈਣਾਂ ਵਿੱਚ ਨੀਰ ਸੁਕਾ ਲੈਂਦੀ - ਡਰਦੀ ਨਾ ਉੱਚੀ ਸਾਹ ਲੈਂਦੀ ਦਿਨ ਭਾਗਾਂ ਭਰਿਆ ਕਦੀ - ਕਦੀ ਜਦ ਭੁੱਲਕੇ ਸੱਸ ਬੁਲਾ ਲੈਂਦੀ ਜ਼ਖਮਾਂ ਦੇ ਹੁਣ ਹੌਲੀ ਹੌਲੀ ਬਣਦੇ ਜਾਣ ਨਸੂਰ ਵੇ ਨਾ ਮਾਰ ਜ਼ਾਲਮਾ ਵੇ ਪੇਕੇ ਤੱਤੜੀ ਦੇ ਦੂਰ

ਮਾਏ ਮੈਂ ਸੌਣਾਂ ਨੀ

ਜ਼ਰਾ ਛੇਤੀ ਕੰਮ ਨੰਬੇੜ ਮਾਏ ਮੈ ਸੌਣਾਂ ਨੀ ਮੈਨੂੰ ਅੱਜ ਸੁਪਨੇ ਵਿੱਚ ਮਿਲਣ ਮਾਹੀ ਨੇ ਆਉਣਾ ਨੀ ਮੈਨੂੰ ਰਹਿ - ਰਹਿ ਯਾਦਾਂ ਓਸ ਸੱਜਣ ਦੀਆਂ ਆਈਆਂ ਨੀ ਕਿਤੇ ਮੁੜ ਨਾ ਜਾਵੇ ਦੇ ਕੇ ਚੋਰ ਭੁਲਾਈਆਂ ਨੀ ਨੀ ਮੈ ਕੀਹਤੋਂ ਸਿੱਖਾਂ ਰੁੱਸਿਆ ਚੰਨ ਮਨਾਉਣਾ ਨੀ ਮੈਨੂੰ ਅੱਜ ਸੁਪਨੇ ਵਿੱਚ..... ਜੇ ਉਹ ਮਿਲੇ ਸੁੱਤੀ ਨੂੰ ਜਾਗਾਂ ਤੇ ਤੁਰ ਜਾਏ ਨੀ ਨੀ ਮੈਂ ਸੁੱਤੀ ਰਹਿ ਜਾਂ ਨੀਦ ਸਦਾ ਦੀ ਆਏ ਨੀ ਮੈਂ ਉਸ ਲਈ ਕਰਕੇ ਪੈਣਾਂ ਜਿੰਦ ਵਿਛਾਉਣਾਂ ਨੀ ਮੈਨੂੰ ਅੱਜ ਸੁਪਨੇ..... ਮੇਰੀ ਬਾਤਾਂ ਪਾਉਂਦੀ ਫਿਰੇ ਜਵਾਨੀ - ਮਾਏ ਨੀ ਪਰ ਬੁੱਝਣ ਵਾਲਾ ਲਾਰਾ ਵੀ ਨਾਂ - ਲਾਏ ਨੀ ਮੇਰੇ ਮਨ ਚਾਵੇ ਲਈ ਉਡੀਕ ਖਿਡਾਉਣਾ ਨੀ ਮੈਨੂੰ ਅੱਜ ਸੁਪਨੇ..... ਮੈਂ ਸੂਖਮ ਜਹੀ ਮੁਟਿਆਰ ਸੋਹਲ ਜਿੰਦ - ਮੇਰੀ ਨੀ ਮੈਂ ਹੋਰ ਨਾ ਸਕਾਂ ਸਹਾਰ ਸੱਜਣ ਦੀ - ਦੇਰੀ ਨੀ ਇਹ ਦੱਸਣ ਲਈ ਮੈਂ ਮਰਨਾ ਹੈ ਕਿ - ਜਿਉਣਾ ਨੀ ਮੈਨੂੰ ਅੱਜ ਸੁਪਨੇ ਵਿੱਚ ਮਿਲਣ ਮਾਹੀ ਨੇ - ਆਉਣਾ ਨੀ

ਆਹ ਲੈ ਫੜ ਮੁੰਦਰਾਂ

ਆਹ ਲੈ ਫੜ ਮੁੰਦਰਾਂ ਤੇ ਡੰਡੀਆਂ ਘੜਾ ਲਵੀਂ ਚੰਨੋ ਸੋਹਣੇ ਰੂਪ ਨੂੰ ਤੂੰ ਚਾਰ ਚੰਨ ਲਾ ਲਵੀਂ ਸੁਪਨੇ 'ਚ ਗੁੰਦੀ ਮੈਂ ਤਾਂ ਤੇਰੀ ਤਸਵੀਰ ਨੀ ਜਾਪਦੀ ਐਂ ਮੈਨੂੰ ਤੂੰ ਸਿਆਲਾਂ ਵਾਲੀ ਹੀਰ ਨੀ ਸਾਥੋਂ ਭਾਵੇ ਬੇਲੇ ਵਿੱਚ ਮੱਝੀਆਂ ਚਰਾ ਲਵੀਂ ਆਹ ਲੈ ਫੜ ਮੁੰਦਰਾਂ ਰੱਖੀਂ ਪਰ ਚੰਨੋ ਏਸ ਗੱਲ ਦਾ ਖਿਆਲ ਨੀ ਭੁੱਲ ਕੇ ਨਾਂ ਗੱਲ ਕਰ ਬੈਠੀਂ ਕਿਸੇ ਨਾਲ ਨੀ ਐਵੇਂ ਹਾਲਾ ਲਾਲਾ ਨਾਂ ਤੂੰ ਪਿੰਡ 'ਚ ਕਰਾ ਲਵੀਂ ਆਹ ਲੈ ਫੜ ਮੁੰਦਰਾਂ ਤੇ ਡੰਡੀਆਂ ਘੜਾ ਲਵੀਂ ਮੁੰਦਰਾਂ ਭਨਾਕੇ ਨੀ ਤੂੰ ਰੀਝਾਂ ਲਾਹ ਲੀਂ ਸਾਰੀਆਂ ਖੜ੍ਹ ਖੜ੍ਹ ਪਿੰਡ ਦੀਆਂ ਵੇਖਣ ਕੁਆਰੀਆਂ ਚਾਰ ਰੱਤੀ ਸੋਨਾ ਭਾਵੇਂ ਹੋਰ ਤੂੰ ਪਵਾ ਲਵੀਂ ਆਹ ਲੈ ਫੜ ਮੁੰਦਰਾਂ ਤੇ ਡੰਡੀਆਂ ਘੜਾ ਲਵੀਂ ਮੁੰਡਾ ਸੁਨਿਆਰਿਆਂ ਦਾ ਬੜਾ ਏ ਸ਼ੈਤਾਨ ਨੀ ਮੁੰਦਰਾਂ ਦੀਦਾਰ ਦੀਆਂ ਲਵੇ ਨਾ ਪਛਾਣ ਨੀ ਮੌਕਾ ਤਾੜ ਐਵੇਂ ਉੱਥੇ ਝੂਠੀ ਸੌਂਹ ਖਾ ਲਵੀਂ ਆਹ ਲੈ ਫੜ ਮੁੰਦਰਾਂ ਤੇ ਡੰਡੀਆਂ ਘੜਾ ਲਵੀਂ ਚੰਨੋਂ ਸੋਹਣੇ ਰੂਪ ਨੂੰ ਤੂੰ ਚਾਰ ਚੰਨ ਲਾ ਲਵੀਂ

ਹਵਾ ਨੂੰ ਗਸ਼ ਪੈਣ

ਪਤਨੀ :- ਦਿਨ ਆਖਰੀ ਤੀਆਂ ਦੇ ਮੈਨੂੰ ਆ ਗਿਉਂ ਵੇ ਲੈਣ ਵੇਖੀ ਗਿੱਧੇ ਵਿੱਚ ਨੱਚਦੀ ਹਵਾ ਨੂੰ ਗਸ਼ ਪੈਣ ਪਤੀ :- ਦਿਨ ਆਖਰੀ ਤੀਆਂ ਦੇ ਤਾਹੀਉਂ ਆਇਆ ਤੈਨੂੰ ਲੈਣ ਨੱਚ ਗਿੱਧੇ ਵਿੱਚ ਲੋਕੀ ਤੈਨੂੰ ਵਾ ਵਰੋਲਾ ਕਹਿਣ ਪਤਨੀ :- ਜਦੋਂ ਯਾਦ ਤੇਰੀ ਆਵੇ ਸਾਨੂੰ ਭੁੱਲ ਜਾਵੇ ਜੱਗ ਸਾਨੂੰ ਟਿਕਣਾ ਹਰਾਮ ਮੱਚੇ ਪੈਰਾਂ ਥੱਲੇ ਅੱਗ ਪਾ ਕੇ ਤਿੱਤਲੀ ਵਿਖਾਈਏ ਤੈਨੂੰ ਮੈਂ ਤੇ ਮੇਰੀ ਭੈਣ ਵੇਖੀ ਗਿੱਧੇ ਵਿੱਚ ਨੱਚਦੀ ਹਵਾ ਨੂੰ ਗਸ਼ ਪੈਣ ਪਤੀ :- ਆਈਆਂ ਕਾਲੀਆਂ ਘਟਾਵਾਂ ਇਹਨਾਂ ਜਾਣਾ ਕਿਤੇ ਦੂਰ ਜੇ ਤੂੰ ਨੱਚਣਾ ਜ਼ਰੂਰ ਇਹਨਾਂ ਵੱਸਣਾ ਜ਼ਰੂਰ ਰੱਖੀਂ ਮੇਰਾ ਵੀ ਖਿਆਲ ਕਿਤੇ ਹੋ ਜੀਂ ਨਾ ਸੁਦੈਣ ਨੱਚ ਗਿੱਧੇ ਵਿੱਚ ਲੋਕੀ ਤੈਨੂੰ ਵਾ ਵਰੋਲਾ ਕਹਿਣ ਪਤਨੀ :- ਮਾਰੀ ਗਿੱਧਿਆਂ ਚੋਂ ਛਾਲ ਮੇਰੀ ਵੇਖ ਕੇ ਉਡਾਣ ਕੋਲ ਖੜੀਆਂ ਰਕਾਨਾਂ ਦੇ ਹਵਾਸ ਉਡ ਜਾਣ ਤੇਰੀ ਫੁੱਲਾਂ ਨਾਲੋਂ ਹੌਲੀ ਨੂੰ ਉਹ ਝੱਟ ਬੁੱਚ ਲੈਣ ਵੇਖੀ ਗਿੱਧੇ ਵਿੱਚ ਨੱਚਦੀ ਹਵਾ ਨੂੰ ਗਸ਼ ਪੈਣ ਪਤੀ :- ਬਿਨਾਂ ਪਰਾਂ ਤੋਂ ਪਰਿੰਦਿਆਂ 'ਚ ਉਡ ਜਾਣੀਏ ਅੱਜ ਛੇਤੀ ਘਰ ਮੁੜੀਂ ਗਿੱਧੇ ਦੀਏ ਰਾਣੀਏ ਖੜ੍ਹੇ ਕੋਠੇ ਤੇ ਦੀਦਾਰ ਨੂੰ ਭੁਲੇਖੇ ਇਹੋ ਪੈਣ ਨੱਚ ਗਿੱਧੇ ਵਿੱਚ ਲੋਕੀ ਤੈਨੂੰ ਵਾ ਵਰੋਲਾ ਕਹਿਣ

ਇੱਕ ਦਈਂ ਸਨੇਹੜਾ

ਕੁੜੀ - ਰਾਹੀਆ ਜਾਂਦਿਆ ਜੇ ਜਾਣਾ ਮੇਰੇ ਢੋਲ ਦੀ ਤੂੰ ਛੌਣੀ ਵੇ ਇੱਕ ਦਈਂ ਸੁਨੇਹੜਾ ਨਹੀਂ ਜੀਅ ਲੱਗਦਾ ਮੇਰਾ ਇੱਕ ਅੱਧੀ ਛੁੱਟੀ ਲੈ ਕੇ ਮਿਲ ਜਾ ਮੁੰਡਾ - ਦੱਸੀਂ-ਦੱਸੀਂ ਨੀ ਕੀ ਦੱਸੀਂ ਤੇਰੇ ਢੋਲ ਦੀ ਨਿਸ਼ਾਨੀ ਕਿਹੜਾ ਪਤਾ ਟਿਕਾਣਾ - ਮੈਂ ਉਸ ਨੂੰ ਕਿਵੇਂ ਪਛਾਣਾ ਜ਼ਰਾ ਨੇੜੇ ਹੋ ਕੇ ਗੱਲ ਸਮਝਾ ਕੁੜੀ - ਉੱਚਾ ਲੰਮਾਂ ਗੱਭਰੂ ਤੇ ਮੇਰੇ ਜਿੰਨ੍ਹਾਂ ਗੋਰਾ ਬਿੰਦੇ ਝੱਟੇ ਹੱਥ ਮੁੱਛ ਉੱਤੇ ਫੇਰਦਾ ਸੱਜਰੀ ਵਿਆਹੀ ਨੂੰ ਇੱਕਲੀ ਛੱਡ ਜਾਣ ਵਾਲਾ - ਮੁੜਿਆ ਨਾ ਗਿਆ ਬੜੀ ਦੇਰ ਦਾ ਵੇ ਆ ਦਿਲ ਚੀਰ ਵਿਖਾਵਾਂ - ਉਹਦੀ ਤਸਵੀਰ ਵਿਖਾਵਾਂ ਜੀਹਨੂੰ ਵੇਖ ਲੈਂਦੀ ਚਿੱਤ ਪਰਚਾ ਮੁੰਡਾ - ਕਿਸੇ ਦੀਆਂ ਲੱਗੀਆਂ ਕੋਈ ਜਾਣੇ ਨਾ ਰਕਾਨੇ ਦੁੱਖ ਫੌਜਣਾਂ ਦੇ ਫੌਜੀ ਹੁੰਦੇ ਜਾਣਦੇ ਬਿਨ੍ਹਾਂ ਰੁੱਤੋਂ ਰੂਪ ਦੇ ਗੁਲਾਬ ਖਿੜ ਪੈਂਦੇ ਜਦੋਂ ਹਾਨਣਾਂ ਨੂੰ ਮਿਲਦੇ ਨੇ ਹਾਣ ਦੇ ਹੋਣਾਂ ਮਜ਼ਬੂਰ ਕਿਤੇ ਉਹ, ਨੀ ਬੈਠਾ ਦੂਰ ਕਿਤੇ ਉਹ ਰਿਹਾ ਵੈਰੀਆਂ ਤੇ ਗੋਲੀਆਂ ਚਲਾ ਕੁੜੀ - ਬੜਾ ਹੀ ਮਿਲਾਪੜਾ ਤੇ ਸਾਉ ਏ ਸੁਭਾਅ ਦਾ ਤੁਰੇ ਜਾਂਦਿਆਂ ਨੂੰ ਆਪਣੇ - ਬਣਾ ਲਵੇ ਹੱਸ ਹੱਸ ਗੱਲਾਂ ਕਰੇ ਭੈੜਾ ਟੂਣੇਹਾਰੀਆਂ - ਬਦੋ ਬਦੀ ਚਿੱਤ ਭਰਮਾਂ ਲਵੇ ਉਹਨੂੰ ਜੇ ਯਾਦ ਕਰਾਂ ਨਾ ਕਦੇ ਫਰਿਆਦ ਕਰਾਂ ਨਾ ਸੁੱਤੀ ਸੁਪਨੇ ੱਚ ਲੈਂਦਾ ਆ ਜਗਾ ਮੁੰਡਾ - ਐਵੈਂ ਹਾਸੇ - ਭਾਣੇ ਤੇਰਾ ਚਿੱਤ ਮੈ ਡੁਲਾਇਆ ਕਿਹੜਾ ਬੰਦਾ ਜੋ ਦੀਦਾਰ ਨੂੰ ਨਹੀਂ ਜਾਣਦਾ ਉਹ ਏ ਮੇਰਾ ਸਾਹਿਬ ਤੇ ਮੈਂ ਉਹਦਾ ਰੰਗਰੂਟ - ਬੜਾ ਚੰਗਾ ਏ ਨਸੀਬ ਕਪਤਾਨ ਦਾ ਤੇਰੇ ਉਹ ਦਿਲ ਦਾ ਦਰਦੀ - ਪਹਿਨ ਕੇ ਖਾਕੀ ਵਰਦੀ ਕਿਤੇ ਆਉਂਦਾ ਹੋਣਾਂ ਜੀਹਦਾ ਤੈਨੂੰ ਚਾਅ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਦੀਦਾਰ ਸੰਧੂ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ